Saturday, September 28, 2019

ਵੱਡਾ ਖੁਲਾਸਾ : ਅੱਜ ਕੱਲ੍ਹ ਡਾਕਟਰ ਬਣ ਰਹੇ ਹਨ ਫਰਜੀ... ਸਿਖਿਆ ਰੋ ਪਈ

ਪੀਐਚ. ਡੀ. ਦੀ ਘਪਲੇਬਾਜ਼ੀ- ਬੁੱਧ ਸਿੰਘ ਨੀਲੋਂ

ਪੰਜਾਬੀ ਸਾਹਿਤ ਦੇ ਵਿਚ ਅੱਜਕੱਲ ਸਾਹਿਤ ਦੇ ਡਾਕਟਰਾਂ ਦੀ ਬਹੁਤ ਹੀ ਭਰਮਾਰ ਹੋ ਰਹੀ ਹੈ। ਯੂ ਜੀ ਸੀ ਨੇ ਡਾਕਟਰ ਦੀ ਡਿਗਰੀ, ਕਿਤਾਬ ਤੇ ਰਸਾਲਿਆਂ ਦੇ ਵਿਚ ਖੋਜ ਪੱਤਰ ਲਿਖਣੇ ਤਾਂ ਲਾਜ਼ਮੀ ਕਰ ਦਿੱਤੇ ਹਨ ਪਰ ਇਹ ਖੋਜਕਾਰ ਕਿਵੇਂ ਸਾਹਿਤ ਦੇ ਡਾਕਟਰ ਬਣਦੇ ਹਨ, ਇਹਨਾਂ 'ਤੇ ਖੋਜ ਕੀਤੀ ਹੈ। ਇਹਨਾਂ ਦੇ ਵਿਚੋਂ  ਕੁੱਝ ' ਸਾਹਿਤ ਦੇ ਡਾਕਟਰ" ਤੁਹਾਡੀ ਨਜ਼ਰ ਕਰ ਰਿਹਾ ਹਾਂ। 
          ਇਉਂ ਬਣਦੇ ਨੇ ਸਾਹਿਤ ਦੇ ਡਾਕਟਰ!
ਪਿਛਲੇ ਦਿਨੀਂ ਇਕ ਖ਼ਬਰ ਛਪੀ ਸੀ ਕਿ ਇਕ ਡਾਕਟਰ ਨੇ ਜ਼ਖਮੀ ਦੇ ਸਿਰ ਦਾ ਅਪ੍ਰੇਸ਼ਨ ਕਰਨ ਦੀ ਬਜਾਏ ਉਸਦੀ ਲੱਤ ਦਾ ਅਪ੍ਰੇਰਸ਼ਨ ਕਰ ਦਿੱਤਾ, ਜਿਸ ਕਾਰਨ ਉਸ ਵਿਅਕਤੀ ਦੀ ਮੌਤ ਹੋ ਗਈ। ਮੈਡੀਕਲ ਖੇਤਰ ਵਿਚ ਇਸ ਤਰਾਂ ਦੀਆਂ ਅਨੇਕਾਂ ਘਟਨਾਵਾਂ ਸਮੇਂ ਸਿਰ ਸਾਹਮਣੇ ਆਉਂਦੀਆਂ ਹਨ ਤੇ ਡਾਕਟਰ ਨੇ ਅਪ੍ਰਰੇਸ਼ਨ ਦੌਰਾਨ ਕੈਂਚੀ ਅੰਦਰ ਛੱਡ ਦਿੱਤੀ। ਕੈਂਚੀ ਦਾ ਪਤਾ ਫੁੱਲ ਚੁੱਗਣ ਦੌਰਾਨ ਲੱਗਿਆ ਸੀ। ਉਸ ਕੈਂਚੀ ਦੇ ਕਾਰਨ ਹੀ ਵਿਅਕਤੀ ਦੀ ਮੌਤ ਹੋ ਗਈ ਸੀ, ਇਸੇ ਤਰਾਂ ਹੀ ਪੰਜਾਬੀ ਸਾਹਿਤ ਵਿਚ ਇਸ ਤਰਾਂ ਬਣੇ ਡਾਕਟਰਾਂ ਨੇ ਜਿਹੜਾ ਪੰਜਾਬੀ ਭਾਸ਼ਾ, ਸਾਹਿਤ ਤੇ ਅਸਭਿਆਚਾਰ ਦਾ ਨੁਕਸਾਨ ਕੀਤਾ ਹੈ, ਇਸ ਦੇ ਨਤੀਜੇ ਹੁਣ ਪ੍ਰਤੱਖ ਤੌਰ ਤੇ ਸਾਹਮਣੇ ਆਉਣ ਲੱਗ ਪਏ, ਪੰਜਾਬੀ ਸਾਹਿਤ ਵਿਚ ਜਿਹੜੀ ਖੋੜਤ ਆਈ ਹੈ, ਉਸ ਦਾ ਮੁੱਖ ਕਾਰਨ ਇਹ ਹੈਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਅਜਿਹੇ ਅਖੌਤੀ ਡਾਕਟਰ ਹਨ, ਜਿਹੜੇ ਨਕਲ ਮਾਰ ਕੇ ਪੜੇ ਹਨ ਤੇ ਵਿਦਿਆਰਥੀਆਂ ਨੂੰ ਨਕਲ ਮਾਰਨ ਦੀ ਸਿੱਖਿਆ ਦਿੰਦੇ ਹਨ। 
  ਹੁਣ ਤੱਕ ਪੰਜਾਬੀ ਸਾਹਿਤ, ਭਾਸ਼ਾ ਤੇ ਸਭਿਆਚਾਰ ਵਿਚ 22 ਸੋ ਤੋਂ ਉਪਰ ਪੀਐਚ ਡੀ ਕਰ ਚੁੱਕੇ ਹਨ। ਇਹਨਾਂ ਵਿਚੋਂ 1980 ਤੱਕ ਦੀਆਂ ਪੀਐਚ ਡੀ 789 ਬਣਦੀਆਂ ਹਨ। ਇਹਨਾਂ ਵਿਚ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਸਮੇਤ ਲੰਡਨ ਤੇ ਪਾਕਿਸਤਾਨ ਦੀਆਂ ਯੂਨੀਵਰਸਿਟੀਆਂ ਵੀ ਸ਼ਾਮਿਲ ਹਨ। ਅੱਜ ਪੰਜਾਬੀ ਸਾਹਿਤ ਵਿਚ ਧੜਾਧੜ ਛਪ ਰਹੀਆਂ ਹਨ, ਪਰ ਉਹਨਾਂ ਨੂੰ ਪੜਨ ਵਾਲਾ ਕੋਈ ਪਾਠਕ ਨਹੀ। ਪਹਿਲੇ ਸਮਿਆਂ ਵਿਚ ਕਿਤਾਬਾਂ ਦੇ ਐਡੀਸ਼ਨ ਹਜ਼ਾਰਾਂ ਦੀ ਗਿਣਤੀ ਵਿਚ ਛਪਦੇ ਸਨ, ਹੁਣ 150 ਤੋਂ ਵੱਧ ਕੋਈ ਕਿਤਾਬ ਨਹੀਂ ਛਪਦੀ। ਹੁਣ ਲੇਖਕਾਂ ਨੂੰ ਖੁਦ ਹੀ ਪੱਲਿਓ ਖਰਚ ਕਰਕੇ ਕਿਤਾਬ ਛਪਾਉਣੀ ਤੇ ਰਿਲੀਜ਼ ਕਰਨੀ ਪੈਂਦੀ ਹੈ ਤੇ ਕਿਤਾਬਾਂ ਵੀ ਮੰਰੂਡਿਆ ਵਾਂਗ ਵੰਡਣੀਆਂ ਪੈਂਦੀਆਂ ਹਨ। ਪੰਜਾਬੀ ਖੋਜ ਵਿਚ ਵੀ ਖੋੜਤ ਆ ਗਈ ਹੈ। ਹਾਲਤ ਤਾਂ ਇਹ ਬਣ ਗਏ ਹਨ ਕਿ ਮੱਧ ਕਾਲ ਦੇ ਸਾਹਿਤ ਦਾ ਨਾਂ ਤਾਂ ਕੋਈ ਮੁਲਾਂਕਣ ਕਰਨ ਵਾਲਾ ਵਿਦਵਾਨ ਬਚਿਆ ਹੈ ਤੇ ਨਾ ਹੀ ਕੋਈ ਖੋਜਾਰਥੀ ਇਸ ਵਿਸ਼ੇ ਤੇ ਖੋਜ ਕਰਦਾ ਹੈ। 
ਪੰਜਾਬੀ ਸਾਹਿਤ ਦੀ ਵਿਚਾਰ ਧਾਰਾ ਇਕ ਦੁੱਕਾ ਥੀਸਿਸ਼ਾਂ ਤੋਂ ਬਿਨਾ ਬਾਕੀ ਸਭ ਥੀਸਿਸ਼ 1980 ਤੋਂ ਪਹਿਲਾਂ ਹੋਏ ਥੀਸਿਸ਼ਾਂ ਦੀ ਸਿੱਧੀ ਤੇ ਅਸਿੱਧੀ ਨਕਲ ਹਨ। ਅਸੀ ਇਹਨਾਂ ਨਕਲਾਂ ਦਾ ਖੁਲਾਸਾ ਕਈ ਵਾਰ ਕਰ ਚੁੱਕੇ ਹਾਂ ਤੇ ਇਸ ਦਾ ਨਾ ਤਾਂ ਯੂਜੀਸੀ ਦੇ ਚੇਅਰਮੈਨ ਤੇ ਨਾ ਹੀ ਯੂਨੀਵਰਸਿਟੀਆਂ ਦੇ ਉਪ-ਕੁੱਲਪਤੀਆਂ ਨੇ ਕੋਈ ਨੋਟਿਸ ਲਿਆ ਹੈ। ਹੁਣ ਤੱਕ ਦੀ ਹੋਈ ਖੋਜ ਨੂੰ ਪੜਦਿਆਂ ਇਹ ਗੱਲ ਸਪਸ਼ੱਟ ਰੂਪ ਵਿਚ ਸਾਹਮਣੇ ਆਉਂਦੀ ਹੈ ਕਿ ਇਸ ਵਿਚ ਸਾਰੀਆਂ ਹੀ ਯੂਨੀਵਰਸਿਟੀਆਂ ਦੇ ਕੁਝ ਉਹ ਵਿਦਵਾਨ ਹਨ ਜਿਹਨਾਂ ਨੇ ਇਹ ਨਕਲ ਕਰਵਾਈ ਹੈ। ਜਿਹੜੇ ਵਿਦਵਾਨ ਕੋਈ ਖੋਜ ਦਾ ਕਾਰਜ ਕਰਦੇ ਵੀ ਹਨ ਉਹਨਾਂ ਦਾ ਕੋਈ ਗੰਭੀਰ ਨੋਟਿਸ ਨਹੀਂ ਲੈਂਂਦਾ। ਇਸ ਨਕਲ ਦੇ ਰੁਝਾਨ ਦੇ ਵਿਚ ਜੋ ਕੁਝ ਵੀ ਹੁਣ ਤੱਕ ਸਾਹਮਣੇ ਆਇਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਸ਼ਾਇਦ ਕੋਈ ਇਸ ਦਾ ਨੋਟਿਸ ਲਵੇ।   
           ਚਲੋ, ਕੋਈ ਗੱਲ ਨਹੀਂ । ਜੇਕਰ ਇਹ ਲੋਕ ਚੁੱਪ ਦੀ ਮਾਰ ਮਾਰਨ ਲਈ ਤਿਆਰ ਬੈਠੇ ਹਨ ਤਾਂ ਅਸੀਂ ਵੀ ਇੱਕ ਇੱਕ ਕਰਕੇ ਇਨਾਂ ਦੀਆਂ ਕਰਤੂਤਾਂ ਜਾਂ ਸਾਜਿਸ਼ਾਂ ਦੇ ਭਾਂਡੇ ਚੌਰਾਹੇ 'ਚ ਭੰਨਦੇ ਜਾਣੇ ਹਨ। ਕਦੇ ਤਾਂ ਕੋਈ ਸਾਡੀ ਗੱਲ ਸੁਣੇਗਾ ਹੀ। ਕਦੇ ਕੋਈ ਵਿਦਿਆਰਥੀ ਸੰਗਠਨ ਹੀ ਇਸ ਆਵਾਜ਼ ਨੂੰ ਬੁਲੰਦ ਕਰੇਗਾ। ਚਲੋ ਜੇ ਕੁੱਝ ਵੀ ਨਹੀਂ ਹੁੰਦਾ ਤਾਂ ਘੱਟੋ ਘੱਟ ਸਾਡੇ 'ਜ਼ਿਹਨ 'ਚ ਤਾਂ ਥੋੜੀ ਜਿਹੀ ਨਾਰਾਜ਼ਗੀ' ਰਹਿਣੀ ਹੀ ਚਾਹੀਦੀ ਹੈ। ਉਚੇਰੀ ਸਿੱਖਿਆ ਐਮ ਫਿਲ ਅਤੇ ਪੀਐਚ ਡੀ ਵਿੱਚ ਕਿਸ ਤਰਾਂ ਨਕਲ ਹੁੰਦੀ ਹੈ ਤੇ ਸਾਡੇ ਯੂਨੀਵਰਸਿਟੀਆਂ ਵਿੱਚ ਬੈਠੇ 'ਵਿਦਵਾਨ ' ਕਿਵੇਂ ਮੱਖੀ ਤੇ ਮੱਖੀ ਮਾਰੀ ਜਾ ਰਹੇ ਹਨ ਅਤੇ ਇੱਕੋ ਵਿਸ਼ੇ ਤੇ ਖੋਜ ਕਰਵਾਈ ਜਾ ਰਹੇ ਹਨ। ਖੋਜ ਦਾ ਵਿਸ਼ਾ ਇੱਕੋ ਹੁੰਦਾ ਹੈ, ਯੂਨੀਵਰਸਿਟੀ , ਗਾਇਡ ਤੇ ਖੋਜਾਰਥੀ ਬਦਲਦਾ ਹੈ। ਪੰਜਾਬੀ ਖੋਜ ਦਾ ਕੋਈ ਲੰਮਾ ਇਤਿਹਾਸ ਨਹੀਂ, ਕੋਈ 40 ਕੁ ਵਰਿ•ਆਂ ਦਾ ਹੀ ਹੈ। 1980 ਤੱਕ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਤੇ ਜਿੰਨੀ ਕੁ ਖੋਜ ਹੋਈ ਹੈ, ਉਸ ਨੂੰ ਹੀ ਆਧਾਰ ਬਣਾ ਕੇ ਹੁਣ ਤੱਕ ਕੰਮ ਸਾਰਿਆ ਜਾ ਰਿਹਾ ਹੈ। ਹੁਣ ਤੱਕ ਹੋਈ ਖੋਜ ਦੇ 2 ਹਜਾਰ ਤੋਂ ਉੱਤੇ ਖੋਜ ਪ੍ਰਬੰਧ ਮਿਲਦੇ ਹਨ। ਜਿੰਨਾਂ ਬਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਇੱਕ ਸੈਮੀਨਾਰ ਦੌਰਾਨ ਪੰਜਾਬੀ ਦੇ ਇੱਕ ਪ੍ਰਸਿੱਧ ਆਲੋਚਕ ਡਾ. ਸੁਤਿੰਦਰ ਸਿੰਘ ਨੂਰ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਸੀ ਕਿ 2 ਹਜ਼ਾਰ ਥੀਸਿਸਾਂ ਵਿੱਚੋਂ 200 ਥੀਸਿਸ ਹੀ ਚੰਗੇ ਹਨ ਬਾਕੀ ਸਭ ਇੱਧਰੋਂ ਉੱਧਰੋਂ ਨਕਲ ਨਾਲ ਤਿਆਰ ਕੀਤੇ ਗਏ ਹਨ। ਆਓ ਦਿਖਾਈਏ ਤੁਹਾਨੂੰ ਕੁੱਝ ਥੀਸਿਸਾਂ ਦੇ ਨਮੂਨੇ ਜਿੰਨ•ਾਂ ਨੇ ਆਪਣੇ ਤੋਂ ਪਹਿਲਾਂ ਹੋਏ ਥੀਸਿਸਾਂ ਵਿੱਚੋਂ ਕਿਵੇਂ ਨਕਲ ਮਾਰੀ ਹੈ।
੧. ਆਧੁਨਿਕ ਪੰਜਾਬੀ ਇਸਤਰੀ ਕਵੀਆਂ ਦੀ ਕਾਵਿ-ਰਚਨਾ ਨਾਰੀ-ਸੰਵੇਦਨਾ, ਅਰਵਿੰਦਰ ਕੌਰ, ਨਿਗਰਾਨ ਡਾ. ਬਲਜੀਤ ਕੌਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ (1990)
੨. ਪੰਜਾਬੀ ਇਸਤਰੀ ਨਾਵਲਕਾਰਾਂ ਦੇ ਨਾਵਲਾਂ ਵਿੱਚ ਨਾਰੀ ਚੇਤਨਾ-ਚਰਨਜੀਤ ਕੌਰ, ਨਿਗਰਾਨ ਡਾ. ਬਲਵਿੰਦਰ ਕੌਰ ਬਰਾੜ, ਪੰਜਾਬੀ ਯੂਨੀਵਰਸਿਟੀ , ਪਟਿਆਲਾ (1992)। ਇਹ ਦੋਵੇਂ ਥੀਸਿਸ ਵਿੱਚੋਂ ਗੁਰਪ੍ਰੀਤ ਕੌਰ ਕਿਵੇਂ ਨਕਲ ਮਾਰਦੀ ਹੈ। 
੩. ਪੰਜਾਬੀ ਇਸਤਰੀ ਨਾਵਲਕਾਰਾਂ ਦੇ ਨਾਵਲਾਂ ਵਿੱਚ ਨਾਰੀ ਸੰਵੇਦਨਾ, ਗੁਰਪ੍ਰੀਤ ਕੌਰ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (2002) ਇਨਾਂ ਥੀਸਿਸਾਂ ਵਿਚੋਂ ਕੁਰੂਕਸ਼ੇਤਰ ਯੂਨੀਵਰਸਿਟੀ ਵਾਲੇ ਥੀਸਿਸ ਵਿੱਚ ਉਪਰੋਕਤ ਦੋਵਾਂ ਥੀਸਿਸਾਂ ਵਿੱਚ ਬਹੁਤ ਸਾਰਾ ਮਸਾਲਾ ਚੋਰੀ ਕਰਕੇ ਹੂ-ਬ-ਹੂ ਉਤਾਰ ਦਿੱਤਾ ਗਿਆ ਹੈ। ਅਰਵਿੰਦਰ ਕੌਰ (1990) ਵਾਲੇ ਥੀਸਿਸ ਦੇ ਪੰਨਾ ਨੰਬਰ 27, 28, 29, 31, 33, 35, 36, 37, 38, 40, 3, 5, 6, 7 ਨੂੰ ਗੁਰਪ੍ਰੀਤ ਕੌਰ (2002) ਨੇ ਆਪਣੇ ਥੀਸਿਸ ਦੇ ਪੰਨਾ ਨੰਬਰ 116, 117, 118, 120, 124, 125, 126, 127, 128, 129, 130, 131, 132 ਤੱਕ ਸ਼ਬਦ-ਸ਼ਬਦ ਉਤਾਰਿਆ ਹੋਇਆ ਹੈ। ਗੁਰਪ੍ਰੀਤ ਕੌਰ ਨੇ ਚਰਨਜੀਤ ਕੌਰ (1992) ਦੇ ਥੀਸਿਸ ਦੇ ਪੰਨਾ ਨੰਬਰ 198, 199, 200, 201, 202, 203, 206, 207, 208, 209, 210, 212, 213, 215, 108, 148, 149 ਸਫੇ ਨੂੰ ਗੁਰਪ੍ਰੀਤ ਕੌਰ ਨੇ ਆਪਦੇ ਥੀਸਿਸ ਦੇ ਸਫਾ ਨੰਬਰ 263, 264, 265, 266, 267, 268, 269, 270, 271, 272, 273, 274, 275 ਅਤੇ 65, 96, 97 ਪੰਨਿਆ ਉੱਤੇ ਉਤਾਰਿਆ ਹੈ।
੪. ਸ਼ਿਵ ਕੁਮਾਰ ਦੇ ਕਾਵਿ ਦਾ ਲੋਕ ਯਾਨਿਕ ਅਧਿਐਨ-ਅਮਰਪਾਲ ਕੌਰ ਨੇ ਡਾ. ਤ੍ਰਿਲੋਕ ਸਿੰਘ ਆਨੰਦ ਦੀ ਨਿਗਰਾਨੀ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐਚ ਡੀ ਕੀਤੀ। 
੫. ਸ਼ਿਵ ਕੁਮਾਰ ਦੇ ਕਾਵਿ ਦਾ ਲੋਕ ਯਾਨਿਕ ਅਧਿਐਨ- ਪ੍ਰੇਮ ਲਤਾ ਸ਼ਰਮਾ ਨੇ ਡਾ. ਨਰਵਿੰਦਰ ਕੌਸ਼ਲ ਦੀ ਨਿਗਰਾਨੀ ਹੇਠ ਕੁਰਕਸ਼ੇਤਰ ਯੂਨੀਵਰਸਿਟੀ ਕੁਰਕਸ਼ੇਤਰ ਤੋਂ ਪੀਐਚ ਡੀ ਕੀਤੀ। 
ਪ੍ਰੇਮ ਲਤਾ ਸ਼ਰਮਾ ਨੇ ਆਪਣੇ ਤੋਂ ਪਹਿਲਾਂ ਹੋਏ ਥੀਸਿਸ ਦੇ ਪੂਰੇ ਦੇ ਪੂਰੇ ਤਿੰਨ ਅਧਿਆਏ ਆਪਣੇ ਥੀਸਿਸ ਦਾ ਸ਼ਿੰਗਾਰ ਬਣਾ ਲਏ। ਉਸ ਨੇ ਜਿਹੜੇ ਦੋ ਹੋਰ ਅਧਿਆਏ ਬਣਾਏ ਹਨ , ਉਹ ਵੀ ਪੀਐਚ. ਡੀ ਅਤੇ ਐਮ ਫਿਲ ਦੇ ਥੀਸਿਸਾਂ ਵਿੱਚੋਂ ਹਨ। ਬੀਬੀ ਪ੍ਰੇਮ ਲਤਾ ਸ਼ਰਮਾ ਨੇ ਭਾਵੇਂ ਆਪਣੇ ਖੋਜ ਪ੍ਰਬੰਧ ਵਿੱਚ ਵਾਧਾ ਤਾਂ ਕੋਈ ਕੀਤਾ ਨਹੀਂ ਪਰ ਅਮਰਪਾਲ ਕੌਰ ਦੇ ਥੀਸਿਸ ਵਿੱਚ ਦਿੱਤੀਆਂ ਸ਼ਿਵ ਕੁਮਾਰ ਕਾਵਿ ਦੀਆਂ ਤੁਕਾਂ ਕੱਟ ਦਿੱਤੀਆਂ ਹਨ। 
  ਇਸੇ ਤਰਾਂ 'ਡਾ. ਗੁਰਨਾਮ ਸਿੰਘ ਤੀਰ ਦੀ ਹਾਸ ਵਿਅੰਗ ਕਲਾ' ਤੇ 1993 ਵਿੱਚ ਸੁਰਿੰਦਰ ਕੌਰ ਨੇ ਪੰਜਾਬ ਯੁਨੀਵਰਸਿਟੀ ਤੋਂ ਡਾ. ਆਤਮ ਹਮਰਾਹੀ ਦੀ ਅਗਵਾਈ ਹੇਠ ਪੀਐਚ ਡੀ ਕੀਤੀ ਤੇ ਪੰਜਾਬੀ ਯੁਨੀਵਰਸਿਟੀ ਪਟਿਆਲਾ ਤੋਂ ਬੀਬੀ ਸੁਖਦੀਪ ਕੌਰ ਨੇ ਡਾ. ਬਲਵਿੰਦਰ ਕੌਰ ਬਰਾੜ ਦੀ ਅਗਵਾਈ ਹੇਠ 'ਡਾ. ਗੁਰਨਾਮ ਸਿੰਘ ਤੀਰ ਦੀ ਪੰਜਾਬੀ ਹਾਸ ਵਿਅੰਗ ਸਾਹਿਤ ਨੂੰ ਦੇਣ-ਇੱਕ ਆਲੋਚਨਾਤਮਕ ਅਧਿਐਨ' 2001 ਵਿੱਚ ਪੀਐਚ ਡੀ ਕੀਤੀ। ਇਸ ਥੀਸਿਸ ਵਿੱਚ ਖੋਜਾਰਥੀ, ਗਾਇਡ ਅਤੇ ਯੂਨੀਵਰਸਿਟੀ ਬਦਲਦੀ ਹੈ ਤੇ ਬਾਕੀ ਸੁਰਿੰਦਰ ਕੌਰ ਦੇ ਥੀਸਿਸ ਨੂੰ ਹੀ ਪੇਸ਼ ਕੀਤਾ ਗਿਆ ਹੈ।
        ਹੁਣ ਦੋਸ਼ ਅਸੀਂ ਨਾ ਤਾਂ ਦਿੰਦੇ ਹਾਂ ਨਿਗਰਾਨ ਸਾਹਿਬਾਨ ਨੂੰ ਅਤੇ ਨਾ ਹੀ ਉਸ ਬੀਬੀਆਂ ਨੂੰ ਜਿਹੜੀਆਂ ਹੁਣ 'ਡਾਕਟਰ' ਬਣ ਕੇ ਪਤਾ ਨਹੀਂ ਕਿੱਥੇ-ਕਿਥੇ 'ਚਾਨਣ ਵੰਡ' ਰਹੀਆਂ ਹੋਣਗੀਆਂ। ਦੋਸ਼ ਤਾਂ ਸਿਸਟਮ ਦਾ ਹੈ। ਜਿਹੜਾ ਇਹ ਕੁੱਝ ਕਰਨ ਅਤੇ ਕਰਵਾਉਣ ਦੀ ਸਰਕਾਰੀ ਪ੍ਰਵਾਨਗੀ ਦਿੰਦਾ ਹੈ। ਜੇਕਰ ਸਿਸਟਮ ਹੀ ਅਜਿਹਾ ਹੋਵੇਗਾ ਤਾਂ ਇਨਾਂ ਬੀਬੀਆਂ ਨੇ ਕੋਈ ਜੱਗੋਂ ਤੇਰ•ਵੀਂ ਨਹੀਂ ਕੀਤੀ। ਹੁਣ ਜੇਕਰ ਅਸੀਂ ਪੰਜਾਬੀ ਵਿਦਵਾਨਾਂ ਦੇ ਸਾਹਿਤ ਦੀ ਇਤਿਹਾਸਕਾਰੀ ਜਾਂ ਸਮੀਖਿਆ ਦ੍ਰਿਸ਼ਟੀਆਂ ਵਿੱਚ ਮਨੋ ਵਿਸ਼ਲੇਸ਼ਣ ਬਾਰੇ ਲਿਖਦਿਆਂ ਕਿਹੜੇ ਕਿਹੜੇ ਪੱਛਮੀ ਵਿਦਵਾਨਾਂ ਦੀਆਂ ਸਿੱਧੀਆਂ ਨਕਲਾਂ ਮਾਰੀਆਂ ਹਨ, ਨੂੰ ਨਸ਼ਰ ਕਰਨ ਤੁਰ ਪਈਏ ਤਾਂ ਪੰਜਾਬੀ ਵਿੱਚ ਕੋਈ ਵੀ 'ਆਲੋਚਨਾ ਦਾ ਸੈਮੀਨਾਰ' ਜਿੰਨਾਂ ਵਿਦਵਾਨਾਂ ਬਿਨਾਂ ਫਿੱਕਾ ਲੱਗਦਾ ਹੈ। ਉਹ ਵਿਦਵਾਨ ਸੈਮੀਨਾਰਾਂ ਵਿੱਚ ਜਾਣ ਤੋਂ ਕੰਨੀ ਕਤਰਾਉਣ ਲੱਗ ਪੈਣਗੇ। ਉਹ ਸਟੇਜਾਂ ਉੱਪਰ ਜਿਵੇਂ ਬੋਲਦੇ ਹਨ, ਨਸ਼ਰ ਹੋਣ 'ਤੇ ਨਾ ਬੁੱਲਾਂ 'ਤੇ ਪੇਪੜੀ ਆ ਗਈ ਤਾਂ ਸਾਨੂੰ ਕਹਿਓ। 
ਹੁਣ ਤੁਸੀਂ ਸਵਾਲ ਇਹ ਤਾਂ ਕਰ ਸਕਦੇ ਹੋ ਕਿ ਫੇਰ ਭਾਈ ਤੁਸੀਂ ਉਨਾਂ ਨੂੰ ਨਸ਼ਰ ਕਰਦੇ ਕਿਉਂ ਨਹੀਂ? ਇਸ ਦਾ ਵੀ ਜਵਾਬ ਬੜਾ ਵਧੀਆ ਹੈ। ਅਸੀਂ ਨਸ਼ਰ ਕਾਹਨੂੰ ਕਰੀਏ? ਮੈਟਾਕ੍ਰਿਟੀਸਜ਼ਮ ਵਾਲੇ ਕਰਨ ਇਹ ਕੰਮ ਕਰਨ। ਪੀਐਚ ਡੀ 'ਚ ਹੁੰਦੀ ਨਕਲ ਬਾਰੇ ਸਿਰਫ ਇੱਕ ਹੀ ਵਿਦਵਾਨ ਬੋਲਿਆ ਸੀ ਅਸੀਂ ਸੋਚਿਆ ਕਿਸੇ ਵਿਦਵਾਨ ਨੇ ਬੋਲਣ ਦੀ ਜੁਰਅਤ ਕੀਤੀ ਹੈ। ਉਨ•ਾਂ ਨੇ ਅਜਿਹੇ ਸਵਾਲ ਪੈਦਾ ਕੀਤੇ ਸਨ, ਜਿੰਨਾਂ ਦਾ ਜਵਾਬ ਲੱਭੇ ਬਿਨਾਂ ਪੰਜਾਬੀ ਭਾਸ਼ਾ ਦਾ ਵਿਕਾਸ ਸੰਭਵ ਨਹੀਂ ਹੈ ਅਤੇ ਜੇਕਰ ਭਾਸ਼ਾ ਦਾ ਵਿਕਾਸ ਨਹੀਂ ਹੋ ਸਕੇਗਾ ਤਾਂ ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਦੀ ਤੁਸੀਂ ਉਮੀਦ ਨਹੀਂ ਕਰ ਸਕਦੇ ਅਤੇ ਜੇਕਰ ਲੋਕਾਂ ਦੀ ਸੱਭਿਆਚਾਰਕ ਤੌਰ ਤੇ ਮਾਨਸਿਕਤਾ ਵਿਕਾਸ ਨਹੀਂ ਕਰਦੀ, ਉਨਾਂ ਦੇ ਸਮਾਜਿਕ ਮਨੋਵਿਗਿਆਨ ਵਿੱਚ ਕ੍ਰਾਂਤੀਕਾਰੀ ਤਬਦੀਲੀ ਨਹੀਂ ਆਉਂਦੀ, ਉਦੋਂ ਤੱਕ ਮਨੁੱਖ ਦੇ ਉਤਪਾਦਨ ਦੇ ਵਿਕਾਸ ਦੀ ਵੀ ਕਲਪਨਾ ਕਰਨੀ ਅਸੰਭਵ ਹੈ। ਮਨੁੱਖ ਵੱਲੋਂ ਕੀਤੇ ਜਾਣ ਵਾਲੇ ਉਤਪਾਦਨ ਵਿੱਚ ਵਾਧਾ ਬਹੁਤ ਸਾਰੀਆਂ ਗੱਲਾਂ 'ਤੇ ਨਿਰਭਰ ਕਰਦਾ ਹੈ। ਇਸ ਲਈ ਇਹ ਸਾਰੇ ਨੁਕਤੇ ਆਪੋ-ਵਿੱਚੀ ਏਨੇ ਪੀਡੇ ਬੱਝੇ ਹੋਏ ਹਨ ਕਿ ਇੱਕ ਨਾਲੋਂ ਦੂਸਰੇ ਨੂੰ ਨਖੇੜ ਕੇ ਵੇਖਿਆ ਨਹੀਂ ਜਾ ਸਕਦਾ।
     ਗੱਲ ਆਪਾਂ ਥੀਸਿਸਾਂ ਬਾਰੇ ਕਰ ਰਹੇ ਹਾਂ। ਇੱਕ ਹੋਰ ਨਕਲਚੀ ਦੀ ਮਿੱਟੀ ਉੱਡਦੀ ਵੇਖੋ। ਇਹ ਪੰਜਾਬੀ ਯੁਨੀਵਰਸਿਟੀ ਵਿੱਚ ਪਹਿਲਾਂ 1990 ਤੇ ਫਿਰ ਦੋ ਸਾਲ ਬਾਅਦ ਵਿਸ਼ਾ ਬਦਲ ਕੇ ਕਰਵਾਇਆ ਜਾਂਦਾ ਹੈ। ਪੰਜਾਬ ਯੁਨੀਵਰਸਿਟੀ ਚੰਡੀਗੜ• ਤੋਂ ਆਧੁਨਿਕ ਪੰਜਾਬੀ ਕਾਵਿ ਵਿੱਚ ਨਵ-ਰਹੱਸਵਾਦੀ ਪ੍ਰਵਿਰਤੀਆਂ-1990 ਵਿੱਚ ਗੁਰਮੀਤ ਸਿੰਘ, ਡਾ. ਅੱਛਰਾ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਰਦਾ ਹੈ। 
    ਫਿਰ ਪ੍ਰੋ: ਪੂਰਨ ਸਿੰਘ ਤੇ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਕਾਵਿ-ਰਚਨਾ ਵਿੱਚ ਰਹੱਸਵਾਦ ਦਾ ਤੁਲਨਾਤਮਕ ਅਧਿਐਨ-1992 ਵਿੱਚ ਡਾ. ਨਰੇਸ਼ ਜੀ ਦਾ ਰੱਹਸਵਾਦ, ਡਾ. ਰਜਿੰਦਰਜੀਤ ਕੌਰ ਢੀਂਡਸਾ ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ 1975 ਤੋਂ ਡਾ. ਸੁਰਿੰਦਰ ਸਿੰਘ ਕੋਹਲੀ ਦੀ ਅਗਵਾਈ ਹੇਠ ਕਰਦੀ ਹੈ। ਸਿੱਖ ਰਹੱਸਵਾਦ, ਡਾ. ਬਲਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, 1988 ਵਿੱਚ ਪੀ.ਐਚ.ਡੀ ਕਰਦੇ ਹਨ। ਹੁਣ ਇਨਾਂ ਥੀਸਿਸਾਂ ਦਾ ਰਹੱਸਵਾਦ ਸੰਬੰਧੀ ਸਿਧਾਂਤਕ ਅਧਿਆਇ ਇੱਕ-ਦੂਜੇ ਨਾਲ ਮਿਲਣਾ ਸੁਭਾਵਿਕ ਹੀ ਹੈ। ਪਰ ਸਿਤਮ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ ਵਾਲਿਆਂ ਇਹ ਖੋਜਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਉਹ ਜਿਸ ਥੀਸਿਸ ਉੱਪਰ ਕੰਮ ਕਰਨ ਦੀ ਮਨਜੂਰੀ ਦੇ ਰਹੇ ਹਨ, ਉਹ ਉਨ•ਾਂ ਦੀ ਹੀ ਯੂਨੀਵਰਸਿਟੀ ਵਿੱਚ ਦੋ ਸਾਲ ਪਹਿਲਾਂ ਹੋ ਚੁੱਕਾ ਹੈ।
ਹੁਣ ਹੋਰ ਕੀ ਹੋਇਆ ਹੈ? ਰਣਜੀਤ ਕੌਰ ਨੇ ਗੁਰਮੀਤ ਸਿੰਘ ਦੇ ਥੀਸਿਸ ਦੇ 7, 15, 13, 8, 11, 12, 16, 15, 17, 18, 19, 20, 23, 27, 28 ਨੂੰ ਆਪਣੇ ਥੀਸਿਸ ਦੇ ਪੰਨਿਆ 1,2,3, 4, 5, 6, 7, 8, 9, 10, 12, 13, 14, 15, 16, 17, 19, 20 ਉੱਤੇ ਉਤਾਰਿਆ ਹੈ। ਇੱਥੇ ਗੱਲ ਸਿਧਾਂਤਕ ਅਧਿਆਇ ਦੇ ਇੱਕ ਦੂਰਸੇ ਨਾਲ ਮਿਲਣ ਦੀ ਨਹੀਂ ਸਗੋਂ ਸ਼ਬਦ-ਸ਼ਬਦ ਦੂਸਰੇ ਥੀਸਿਸ ਦਾ ਚੇਪਣ ਦੀ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਉਤਾਰਾ ਕਰਨ ਵੇਲੇ ਜੇਕਰ ਪਹਿਲੇ ਥੀਸਿਸ ਦੀ ਕੋਈ ਸ਼ਾਬਦਿਕ ਉਕਾਈ ਰਹਿ ਗਈ ਹੈ ਤਾਂ ਦੂਸਰੇ ਥੀਸਿਸ ਵਾਲੇ ਮੱਖੀ ਉੱਤੇ ਮੱਖੀ ਐਸੀ ਮਾਰੀ ਹੈ ਕਿ ਉਹ ਸ਼ਾਬਦਿਕ ਉਕਾਈ ਵੀ ਉਸੇ ਤਰ•ਾਂ ਹੀ ਉਤਾਰ ਲਈ ਗਈ ਹੈ। ਹੁਣ ਜੇਕਰ ਮੈਂ ਕਹਾਂ ਕਿ 'ਸ਼ਰਮ ਮਗਰ ਇਨਕੋ ਆਤੀ ਨਹੀਂ' ਤਾਂ ਤੁਸੀ ਗੁੱਸਾ ਕਰੋਗੇ। ਇਹ ਨਕਲਚੀ ਸਿਰਫ ਪੰਨਾ ਪੰਨਾ ਨਕਲ ਹੀ  ਨਹੀਂ ਮਾਰਦੇ ਪੂਰੇ ਥੀਸਿਸ ਦੀ ਵਿਧੀ ਵੀ ਉਹੀ ਅਪਣਾਉਂਦੇ ਹਨ। ਪੀਐਚ ਡੀ  ਦੇ ਵਿਦਵਾਨ ਕਿਵੇਂ ਮੱਖੀ 'ਤੇ ਮੱਖੀ ਮਾਰ ਰਹੇ ਹਨ, ਇਸ ਦਾ ਕੁਝ ਦਿਨ ਪਹਿਲਾ ਖੁਲਾਸਾ ਕੀਤਾ ਸੀ, ਜਿਸ ਵਿਚ ਕੁਝ ਅਖੌਤੀ ਵਿਦਵਾਨਾਂ ਦੇ ਖੋਜ ਪ੍ਰਬੰਧਾਂ ਵਿਚ ਕੀਤੀਆਂ ਗਈਆਂ ਘਪਲੇਬਾਜ਼ੀਆਂ ਨੂੰ ਤੱਥਾਂ ਸਮੇਤ ਸਿੱਧ ਕੀਤਾ ਸੀ  ਇਹ ਵਿਦਵਾਨ ਆਪਣੇ ਸਮੇਂ ਤੋਂ ਪਹਿਲਾਂ ਹੋਏ ਖੋਜ ਪ੍ਰਬੰਧਾਂ ਨੂੰ ਕਿਵੇਂ ਜਿਉਂ ਤੇ ਤਿਉਂ ਚੇਪ ਰਹੇ ਹਨ। ਪੀਐਚ.ਡੀ. ਨਕਲਚੀ ਖੋਜ ਭਰਪੂਰ ਲੇਖ ਨੇ ਪੰਜਾਬੀ, ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿਚ ਖਲਬਲੀ ਮਚਾ ਦਿੱਤੀ। ਉਸ ਦਿਨ ਤੋਂ ਲਗਾਤਾਰ ਫੋਨ ਤੇ ਵਿਦਵਾਨਾਂ ਵੱਲੋਂ ਇਸ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ, ਭਾਵੇਂ ਯੂਜੀਸੀ ਨੇ 30 ਪ੍ਰਤੀਸ਼ਤ ਨਕਲ ਨੂੰ ਮਾਨਤਾ ਦੇ ਦਿੱਤੀ ਹੈ, ਪਰ ਖੋਜਾਰਥੀ ਅਕਲ ਤੋਂ ਬਿਨਾਂ ਨਕਲ ਮਾਰ ਰਹੇ ਹਨ। ਇਸ ਦਾ ਖੁਲਾਸਾ ਕੁਝ ਦੇਰ ਪਹਿਲਾਂ ਡਾ. ਧਰਮ ਸਿੰਘ ਦੀ ਪੁਸਤਕ ਖੋਜ ਸੰਦਰਭ ਦੇ ਵਿਚ ਕੀਤਾ ਸੀ, ਭਾਵੇਂ ਉਹਨਾਂ ਨੇ ਕੁੱਝ ਥੀਸਿਸਾਂ ਦੇ ਸਿਰਲੇਖ ਲਿਖ ਕੇ ਇਸ ਹਨੇਰ ਦਾ ਥੋੜਾ ਜਿਹਾ ਸੱਚ ਪੇਸ਼ ਕੀਤਾ ਸੀ, ਬਹੁਤ ਸਾਰੇ ਵਿਦਵਾਨਾਂ ਤੇ ਪੰਜਾਬੀ ਹਿਤੈਸ਼ੀਆਂ ਨੇ ਇਹ ਵੀ ਆਖਿਆ ਸੀ ਕਿ ਵਿਦਵਾਨ ਕਿਵੇਂ ਆਪਣੇ ਚਹੇਤੇ ਚੇਹਤੀਆ ਨੂੰ ਪੀਐਚ ਡੀ ਦੇ ਥੀਸਿਸ ਲਿਖ ਕੇ ਦੇ ਰਹੇ ਹਨ ਤੇ ਫਿਰ ਉਹਨਾਂ ਨੂੰ ਪੱਕੇ ਤੌਰ ਤੇ ਕਾਲਜਾਂ ਵਿਚ ਅਧਿਆਪਕ ਭਰਤੀ ਕਰ ਰਹੇ ਹਨ। ਇਸ ਵਿਚ ਯੂਨੀਵਰਸਿਟੀਆਂ ਦਾ ਵਿਦਵਾਨ ਦੁੱਧ ਧੋਤਾ ਨਹੀਂ ਜਿਹੜੇ ਚੰਗੇ ਹਨ ਉਹ ਚੁਪ ਹਨ। ਉਝ ਸਭ ਦੇ ਇਸ ਕਾਰੋਬਾਰ ਵਿਚ ਹੱਥ ਰੰਗੇ ਹੋਏ ਹਨ। 
ਡਾ. ਤੇਜਿੰਦਰ ਕੌਰ ਨੇ 1988 ਵਿਚ ਨਿਗਰਾਨ ਡਾ. ਕਰਨੈਲ ਸਿੰਘ ਥਿੰਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ 'ਪੰਜਾਬ ਦੇ ਗਹਿਣੇ : ਸਮਾਜ, ਸਭਿਆਚਾਰਕ ਅਧਿਐਨ' ਵਿਸ਼ੇ ਤੇ ਖੋਜ ਪ੍ਰਬੰਧ ਲਿਖਿਆ ਸੀ ਤੇ ਡਾ. ਤੇਜਿੰਦਰ ਕੌਰ ਦੇ ਖੋਜ ਪ੍ਰਬੰਧ ਦੇ ਪੰਨਾ ਨੰਬਰ 1 ਤੋਂ 10, 59, 61, 68 ਤੋਂ 113, 134, 156, 159 ਤੋਂ 173, 179 ਤੋਂ 194, 226, 227, 231, 232 ਦੇ ਪੰਨੇ ਰਜਿੰਦਰ ਕੌਰ 2012 (ਨਿਗਰਾਨ ਡਾ. ਬਲਜੀਤ ਕੌਰ ਸੇਖੋ ਪੰਜਾਬੀ ਭਾਸ਼ਾ Îਵਿਕਾਸ ਪਟਿਆਲਾ) ਨੇ 01 ਤੋਂ 10, 87 ਤੋਂ 89, 164 ਤੋਂ 219, 223 ਤੋਂ 250 ਨੇ ਡਾਕਟਰ ਤੇਜਿੰਦਰ ਕੌਰ ਦੇ ਥੀਸਿਸ ਦੇ ਪੰਨੇ ਪੰਨੇ ਆਪਣੇ ਥੀਸਿਸ ਵਿਚ ਚੇਪੇ ਹਨ।  ਪਰ ਜਿਸ ਵਿਸ਼ੇ ਤੇ ਇਹ ਖੋਜ ਪ੍ਰਬੰਧ ਹੈ ਉਸ ਬਾਰੇ ਖਾਨਾ ਪੂਰਤੀ ਹੈ। ਹਰ ਥੀਸਿਸ ਨੂੰ ਚੈਕ ਕਰਨ ਵਾਲੇ ਦੋ ਪ੍ਰੀਖਿਅਕ ਹੁੰਦੇ ਹਨ ਤੇ ਨਿਗਰਾਨ ਆਪਣੇ ਵੱਲੋਂ ਖੋਜਾਰਥੀ ਨੂੰ ਸਰਟੀਫਿਕੇਟ ਵੀ ਦਿੰਦਾ ਹੈ ਕਿ ਇਸ ਤੋਂ ਪਹਿਲਾ ਇਸ ਵਿਸ਼ੇ ਤੇ ਖੋਜ ਕਾਰਜ ਨਹੀਂ ਹੋਇਆ, ਜਦਕਿ ਇਹ ਸੱਚ ਤੁਹਾਡੇ ਸਾਹਮਣੇ ਹੈ। ਬਹੁਤ ਸਾਰੇ ਵਿਦਵਾਨਾਂ ਨੇ ਤਾਂ ਇਹ ਵੀ ਮੰਗ ਕੀਤੀ ਹੈ ਕਿ ਇਹਨਾਂ ਥੀਸਿਸਾਂ ਦੀ ਜਾਂਚ ਕਰਵਾ ਕੇ ਇਹ ਥੀਸਿਸਾਂ ਨੂੰ ਰੱਦ ਕੀਤਾ ਜਾਵੇ ਤੇ ਸਬੰਧਤ ਨਿਗਰਾਨ, ਪ੍ਰੀਖਿਅਕ ਤੇ ਖੋਜਾਰਥੀ ਨੂੰ ਬਣਦੀ ਸਜ਼ਾ ਦਿੱਤੀ ਜਾਵੇ, ਪਰ ਸਵਾਲ ਤਾਂ ਇਹ ਹੈ 'ਕੌਣ ਆਖੇ ਰਾਣੀਏ ਅੱਗਾ ਢੱਕ' ਕਿਉਂਕਿ ਇਸ ਹਮਾਮ ਵਿਚ ਸਭ ਨੰਗੇ ਹਨ। ਜਿਵੇਂ ਕਹਿੰਦੇ ਹਨ ਕਿ ' ਕੀ ਗੰਜੀ ਨਾਹੂ ਤੇ ਕੀ ਨਚੋੜੂ'। ਉਚੇਰੀ ਸਿੱਖਿਆ ਵਿਚ ਵੱਧ ਰਿਹਾ ਹਨੇਰ ਕੇਵਲ ਪੰਜਾਬੀ ਭਾਸ਼ਾ ਵਿਚ ਹੀ ਨਹੀਂ ਬਲਕਿ ਹੋਰਨਾਂ ਵਿਸ਼ਿਆਂ ਵਿਚ ਵੀ ਇਹੀ ਕੁਝ ਹੁੰਦਾ ਹੈ। ਜੇ ਕੋਈ ਆਪਣੇ ਨਾਲ ਵਾਪਰੀਆਂ ਧੱਕੇਸ਼ਾਹੀਆਂ ਨੂੰ ਮੇਰੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹੈ, ਊਹ ਕਰ ਸਕਦਾ ਹੈ। ਜਿਵੇਂ ਕੁਝ ਦੇਰ ਪਹਿਲਾਂ ਸਾਵਲ ਧਾਮੀ ਨੇ  ਕਹਾਣੀ 'ਗਾਇਡ' ਲਿਖੀ ਸੀ ਤੇ ਡਾ. ਬਲਵੰਤ ਸਿੰਘ ਸੰਧੂ ਨੇ 'ਆਓ ਪੀਐਚ ਡੀ ਕਰੀਏ' ਲਿਖ ਕੇ ਇਸ ਹਨੇਰ ਦਾ ਕੁਝ ਪੱਖ ਪਾਠਕਾਂ ਸਾਹਮਣੇ ਰੱਖਿਆ ਸੀ, ਪਰ ਢੱਕੀ ਰਿਝੱਣ ਦੇਓ ਵਾਲੀ ਗੱਲ ਹੈ। ਕਿਹੜੇ ਕਿਹੜੇ ਵਿਦਵਾਨ ਨੇ ਕਿਸ ਕਿਸ ਦਾ ਥੀਸਿਸ ਲਿਖੇ ਹਨ ਤੇ ਉਹਨਾਂ ਨੇ ਆਪਣੇ ਥੀਸਿਸਾਂ ਦੇ ਨਾਮ ਬਦਲ ਇਸ ਹਨੇਰ ਨੂੰ ਵਧਾਇਆ ਹੈ। ਸਭ ਤੋਂ ਵੱਧ ਕਿਸ ਨੇ ਬੀਬੀਆਂ ਨੂੰ ਪੀਐਚ ਡੀ ਕਰਵਾਈਆਂ ਤੇ ਕਿਸ ਕਿਸ ਨੂੰ ਕੀ ਕੀ ਕੀਤਾ ਕਰ ਰਹੇ ਹਨ ਇਸ ਸਬੰਧੀ ਖੋਜ ਜਾਰੀ ਹੈ। 
ਗੱਲ ਕਰਨੋ ਰਿਹਾ ਨਹੀਂ ਜਾਂਦਾ ਕਿਉਂਕਿ ਕੁੱਝ ਸੰਵੇਦਨਸ਼ੀਲ ਵਿਅਕਤੀ ਆ ਕੇ ਸਾਣ ਲਾਉਂਦੇ ਰਹਿੰਦੇ ਹਨ। ਅਸੀਂ ਡਾ. ਸੇਵਾ ਸਿੰਘ ਜੀ ਨਾਲ ਗੱਲਬਾਤ ਕਰ ਰਹੇ ਸਾਂ। ਗੱਲਬਾਤ ਕਰਦਿਆਂ ਉਨ•ਾਂ ਸੂਫ਼ੀਮਤ ਬਾਰੇ ਤਾਂ ਜੋ ਗੱਲਾਂ ਕੀਤੀਆਂ, ਸੋ ਕੀਤੀਆਂ ਹੀ, ਜਿਹੜੀਆਂ ਗੱਲਾਂ ਉਨਾਂ ਸਾਡੀ ਮਿਡਲ ਕਲਾਸ ਬਾਰੇ ਕੀਤੀਆਂ, ਉਨਾਂ ਨੂੰ ਸੁਣ ਕੇ ਡਰ ਲਗਦਾ ਸੀ। 
  ਕੋਈ ਸੰਵੇਦਨਸ਼ੀਲ ਵਿਅਕਤੀ ਬਚਿਆ ਹੀ ਨਹੀਂ ਹੈ। ਹੁਣ ਆਹ ਪ੍ਰੋਫੈਸਰ ਲੋਕ ਹੀ ਕਿੰਨੀ ਤਨਖਾਹ ਲੈਂਦੇ ਹਨ। ਸਹੂਲਤਾਂ ਕਿੰਨੀਆਂ ਹਨ, ਇੱਜ਼ਤ ਕਿੰਨੀ ਹੈ, ਹੋਰ ਤਾਂ ਹੋਰ ਜੋ ਸਮਝਣ ਤਾਂ ਜਿੰਮੇਵਾਰੀ ਕਿੱਡੀ ਵੱਡੀ ਹੈ, ਪਰ ਜੇਕਰ ਇਨ•ਾਂ ਦੇ ਕਿਰਦਾਰ ਦੇਖੋ ਤਾਂ ਕੰਬ ਜਾਵੇਗੇ ਤੁਸੀਂ। ਹੁਣ ਆਹ ਡਿਗਰੀਆਂ ਕਰਦਿਆਂ , ਕਰਵਾਉਂਦਿਆਂ ਥੀਸਿਸਾਂ ਉੱਪਰ ਦਸਤਖ਼ਤ ਕਰਦਿਆਂ ਕਦੇ ਇਨਾਂ ਦੇ ਮਨ 'ਚ ਖਿਆਲ ਆਇਆ ਹੀ ਨਹੀਂ ਕਿ ਇਸ ਦਾ ਮਾੜਾ ਅਸਰ ਜੇਕਰ ਦੂਜਿਆਂ ਦੇ ਬੱਚਿਆਂ ਉੱਪਰ ਪੈਂਦਾ ਹੈ ਤਾਂ ਕਦੇ ਵਾਰੀ ਸਾਡੇ ਬੱਚਿਆਂ ਦੀ ਵੀ ਆ ਜਾਵੇਗੀ ਪਰ ਨਹੀਂ ਅਸੀਂ ਤਾਂ ਭ੍ਰਿਸ਼ਟਾਚਾਰ ਅਤੇ ਆਲਸੀਪੁਣੇ ਦੀ ਦਲਦਲ ਵਿੱਚ ਫਸੇ ਹੋਏ ਹਾਂ। ਸਾਨੂੰ ਹੁਣ ਕੱਢਣ ਵਾਲਾ ਕੋਣ ਹੈ?
       ਵੈਸੇ ਤੁਹਾਡਾ ਤਾਂ ਸਾਨੂੰ ਪਤਾ ਨਹੀਂ, ਪਰ ਇਸ ਤਰਾਂ ਦੀਆਂ ਨਕਲਾਂ ਮਾਰ ਕੇ ਲਈਆਂ ਪੀਐਚ ਡੀ ਦੀਆਂ ਡਿਗਰੀਆਂ ਅਤੇ ਵੱਡੇ ਵੱਡੇ ਪੰਜਾਬੀ ਵਿਦਵਾਨਾਂ ਦੀਆਂ ਭਾਰੇ ਭਾਰੇ ਸ਼ਬਦਾਂ ਵਾਲੀਆਂ ਆਲੋਚਨਾ/ਮੈਟਾ ਆਲੋਚਨਾ ਦੀਆਂ ਪੁਸਤਕਾਂ 'ਚ ਕੀਤੇ ਪੱਛਮੀ ਵਿਦਵਾਨਾਂ ਦੇ ਵਿਚਾਰਾਂ ਨੂੰ ਹੂ-ਬ-ਹੂ ਉਤਾਰੇ ਪੜ• ਕੇ ਪੰਜਾਬੀ ਅਧਿਐਨ ਖੇਤਰ ਅਤੇ ਆਲੋਚਨਾ ਤੋਂ ਏਨੀ ਨਫ਼ਰਤ ਹੋ ਗਈ ਹੈ ਕਿਸੇ ਸੈਮੀਨਾਰ ਉੱਤੇ ਜਾਣ ਤੋਂ ਮਨ ਅੱਕ ਗਿਆ ਹੈ। ਜਦੋਂ ਇਹ ਨਕਲਚੀ ਵਿਦਵਾਨ ਸਟੇਜ ਉੱਪਰ ਬੋਲ ਰਹੇ ਹੁੰਦੇ ਹਨ ਅਤੇ ਲੋਕਾਂ ਨੂੰ ਜਾਦੂਗਰ ਵਾਂਗ ਭੈਅ-ਭੀਤ ਕਰ ਰਹੇ ਹੁੰਦੇ ਹਨ ਤਾਂ ਦਿਮਾਗ ਨੂੰ ਇਨਾਂ ਦੇ ਵਿਚਾਰ ਝੂਠੇ ਤੇ ਚੋਰੀ ਕੀਤੇ ਹੋਣ ਦੀਆਂ ਅੜਾਉਣੀਆਂ ਪ੍ਰੇਸ਼ਾਨ ਕਰਨ ਲੱਗਦੀਆਂ ਹਨ। ਇਨ•ਾਂ ਦੇ ਚਿਹਰੇ ਭਿਆਨਕ ਦਿਸਣ ਲੱਗਦੇ ਹਨ, ਸਾਡੇ ਭਵਿੱਖ ਨੂੰ ਨਿਗਲ ਰਹੇ ਬਘਿਆੜਾਂ ਦੇ ਚਿਹਰੇ। ਤਦੇ ਅਸੀਂ ਕਹਿੰਦੇ ਹਾਂ ਕਿ ਅਜਿਹੇ ਘਾਗਾਂ ਸਾਹਮਣੇ ਉਹ ਵਿਚਾਰਾਂ ਪਟਿਆਲੇ ਦਾ 'ਮਸਕੀਨ' ਜਿਹਾ ਕਵੀ ਕੀ ਚੀਜ਼ ਹੈ,  ਜਿਹੜਾ ਕਦੇ ਕਦੇ ਨਹੀਂ ਸਗੋਂ ਅਕਸਰ ਹੀ ਹਿੰਦੀ ਜਾਂ ਹੋਰ ਭਾਸ਼ਾਵਾਂ ਦੇ ਸਾਹਿਤ ਵਿਚੋਂ ਚੋਰੀ ਕਰਕੇ ਕਵਿਤਾਵਾਂ ਆਪਣੇ ਨਾਂਅ ਛਪਵਾ ਲੈਂਦਾ ਹੈ।
ਅਖੀਰ 'ਚ ਇੱਕ ਪੈਰਾ ਉਸ ਵਿਦਵਾਨ ਦੇ ਨਾਂ ਕਹਿਣਾ ਚਾਹੁੰਦੇ ਹਾਂ, ਜਿਸ ਨੂੰ 'ਸਿਰਜਣਾ' ਮੈਗਜ਼ੀਨ ਵਿੱਚ ਇੱਕ ਹਿੰਦੀ ਲੇਖ ਦੀ ਨਕਲ ਕਰਕੇ ਆਪਣੇ ਨਾਂਅ ਹੇਠ ਛਪਵਾਈ ਸੀ। ਉਸ ਦਾ ਬਹੁਤ ਰੌਲਾ-ਰੱਪਾ ਵੀ ਪਿਆ ਪ੍ਰੰਤੂ ਸਾਜਿਸ਼ੀ ਤਾਣੇ ਵਿੱਚੋਂ ਅਜਿਹੇ ਵਿਦਵਾਨਾਂ ਨੂੰ ਗੱਫੇ ਹੀ ਮਿਲਦੇ ਹਨ। ਇਸ ਲਈ ਸਾਡਾ ਉਸ ਵਿਦਵਾਨ ਨੂੰ ਵੀ ਪ੍ਰਣਾਮ। ਕਿਉਂਕਿ ਕੰਮ ਬਹੁਤ ਲੰਮਾ ਹੈ ਤੇ ਸਮੇਂ ਦੀ ਮੰਗ ਕਰਦਾ ਹੈ, ਇਸ ਲਈ ਦਰਜਾ-ਬ-ਦਰਜਾ ਬਹੁਤ ਸਾਰਿਆਂ ਨੂੰ ਪ੍ਰਣਾਮ। ਪਰ ਇਹ ਸਿਲਸਿਲਾ ਅਜੇ ਰੁਕਿਆ ਨਹੀਂ। ਪੰਜਾਬ ਦੀਆਂ ਨਿੱਜੀ ਯੂਨੀਵਰਸਿਟੀਆਂ ਦੇ ਵਿਚ ਕੀ ਹੋ ਰਿਹਾ ਹੈ,ਇਸ ਬਾਰੇ ਜਲਦੀ ਹੀ ਕਰਦੇ ਹਾਂ ਖੁਲਾਸਾ। ਪਰ ਸਿੱਖਿਆ ਦੇ ਖੇਤਰ ਵਿਚ ਆਏ ਇਸ ਨਿਘਾਰ ਦਾ ਜੁੰਮੇਵਾਰ ਕੌਣ ਹੈ? ਜੇ ਕੋਈ ਦੱਸ ਸਕਦਾ ਤਾਂ ਉਸ ਦਾ ਅਗੇਤਾ ਹੀ ਸ਼ੁਕਰੀਆ ਕਰਦਾ ਹਾਂ।  (ਸ਼ੋਸਲ ਮੀਡੀਆ ਤੋਂ)

ਬੁੱਧ ਸਿੰਘ ਨੀਲੋਂ
9464370823

ਕਰਨੈਲ ਸਿੰਘ ਮਾਂਗਟ ਦਾ ਕਾਵਿ ਸੰਗ੍ਰਹਿ ‘ਬੇਪ੍ਰਵਾਹੀਆਂ’ ਗੁਰਭਜਨ ਗਿੱਲ ਵੱਲੋਂ ਲੋਕ ਅਰਪਣ

ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਮਰਪਿਤ ਹੋਇਆ ਕਵੀ ਦਰਬਾਰ

ਲੁਧਿਆਣਾ: ਪੰਜਾਬੀ ਲੇਖਕ ਸਭਾ ਲੁਧਿਆਣਾ ਵੱਲੋਂ  ਸ਼ਹੀਦ ਭਗਤ ਸਿੰਘ ਜੀ ਦੇ 115ਵੇਂ ਜਨਮ ਦਿਹਾੜੇ ਮੌਕੇ ਪੰਜਾਬੀ ਭਵਨ ਲੁਧਿਆਣਾ ’ਚ ਕਰਨੈਲ ਸਿੰਘ ਮਾਂਗਟ ਦੇ ਵੇ ਜੋਗੀਆ, ਮਹਿਕ ਪੁਰੇ ਦੀਆਂ ਵਾਵਾਂ,ਤੇ ਹੱਥੀਂ ਮਹਿੰਦੀ ਬਾਹੀਂ ਚੂੜਾ ਤੋਂ ਬਾਦ ਚੌਥੇ ਗੀਤ  ਸੰਗ੍ਰਹਿ ‘ਬੇ-ਪ੍ਰਵਾਹੀਆਂ’ ਨੂੰ ਲੋਕ ਅਰਪਣ ਕਰਦਿਆਂ ਪੰਜਾਬੀ ਸਾਹਿੱਤ ਅਕਾਦਮੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਪੰਜਾਬੀ ਕਵੀ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਭਾਸ਼ਾ ਸਾਹਿੱਤ ਤੇ ਸਭਿਆਚਾਰ ਦੇ ਵਿਕਾਸ ਲਈ ਸਿਰਜਣਾ ਦੇ ਨਾਲ ਨਾਲ ਲੋਕ ਸੰਘਰਸ਼ਾਂ ਦਾ ਸਾਥ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਰਨੈਲ ਸਿੰਘ ਮਾਂਗਟ ਨੇ ਆਪਣੇ ਵੱਡੇ ਵੀਰ ਦਲਬਾਰਾ ਸਿੰਘ ਮਾਂਗਟ ਪਾਸੋਂ ਸੁਰ ਸ਼ਬਦ ਸਾਧਨਾ ਗਿਆਨ ਲੈ ਕੇ ਗੀਤਕਾਰੀ ਨੂੰ ਚਾਰ ਗੀਤ ਸੰਗ੍ਰਿਹ ਦੇ ਕੇ ਪੰਜਾਬੀ ਸਰੋਦੀ ਕਾਵਿ ਨੂੰ ਅਮੀਰੀ ਪ੍ਰਦਾਨ ਕੀਤੀ ਹੈ। ਇਕਬਾਲ  ਮਾਹਲ ਨਾਲ ਛੇਵੇਂ ਦਹਾਕੇ ਦੇ ਆਰੰਭ ਵਿੱਚ ਜਸਪਾਲੋਂ ਸਕੂਲ ’ਚ ਪੜ੍ਹਦਿਆਂ ਆਪ ਨੇ ਸਿਰਜਣਾਤਮਕ ਪ੍ਰਤਿਭਾ ਦੇ ਦਰਸ਼ਨ ਕਰਵਾਏ ਸਨ। 
ਪੁਸਤਕ ਲੋਕ ਅਰਪਣ ਵਿੱਚ ਡਾ: ਜੋਗਾ ਸਿੰਘ ਪੰਜਾਬੀ ਯੂਨੀ: ਪਟਿਆਲਾ, ਪ੍ਰੋ: ਰਵਿੰਦਰ ਭੱਠਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਗੁਰਚਰਨ ਕੌਰ ਕੋਚਰ, ਸਹਿਜਪ੍ਰੀਤ ਸਿੰਘ ਮਾਂਗਟ, ਸੁਸ਼ੀਲ ਦੋਸਾਂਝ ਸੰਪਾਦਕ ਹੁਣ, ਪ੍ਰੋ: ਅਨੂਪ ਵਿਰਕ, ਦਰਸ਼ਨ ਬੁੱਟਰ, ਡਾ: ਗੁਰਇਕਬਾਲ ਸਿੰਘ ਤੇ ਮਨਜਿੰਦਰ ਧਨੋਆ ਸ਼ਾਮਿਲ ਹੋਏ। ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕਿ ਕਰਨੈਲ ਸਿੰਘ ਮਾਂਗਟ ਦੇ ਗੀਤ ਤਰਲ ਮਨ ਦਾ ਸਹਿਜ ਪ੍ਰਗਟਾਵਾ ਹਨ। ਡਾ: ਗੁਰਇਕਬਾਲ ਸਿੰਘ ਨੇ  ਇਸ ਗੀਤ ਸੰਗ੍ਰਹਿ ਨੂੰ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਹਮਲਾਵਰ ਸਿਰਜਣਾ ਕਿਹਾ।  ਦਰਸ਼ਨ ਬੁੱਟਰ ਮੁਤਾਬਕ ਇਹ ਗੀਤ ਸਮਾਜਿਕ ਵਰਤਾਰੇ ਤੇ ਰਿਸ਼ਤਾ ਨਾਤਾ ਪ੍ਰਬੰਧ ਦਾ ਜ਼ਿਕਰ ਤੇ ਫ਼ਿਕਰ ਕਰਦੇ ਹਨ। ਪ੍ਰੋ: ਅਨੂਪ ਸਿੰਘ ਵਿਰਕ ਨੇ ਕਿਹਾ ਕਿ ਕਿਸੇ ਵੀ ਗੀਤ ਸੰਗ੍ਰਹਿ ਦੀ ਪ੍ਰਕਾਸ਼ਨਾ ਮੇਰੇ ਲਈ ਹਮੇਸ਼ਾਂ ਹੀ ਸ਼ੁਭ ਯਤਨ ਰਿਹਾ ਹੈ। ਮਾਂਗਟ ਕੋਲ ਸੁਰ ਵੀ ਹੈ ਤੇ ਸੰਵੇਦਨਾ ਵੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ: ਜੋਗਾ ਸਿੰਘ ਨੇ ਕਿਹਾ ਕਿ ਕਰਨੈਲ ਸਿੰਘ ਮਾਂਗਟ ਨੇ ਗੀਤ ਨੂੰ ਸਤਿਕਾਰਯੋਗਤਾ ਬਖ਼ਸ਼ੀ ਹੈ। ਉਨ੍ਹਾਂ ਕਿਹਾ ਕਿ ਮਾਂਗਟ ਦੀ ਗੀਤਕਾਰੀ ਰੂਹਦਾਰੀ ਹੈ। ਇਸ ਮੌਕੇ ਬੋਲਦਿਆਂ ਗੁਰਚਰਨ ਕੌਰ ਕੋਚਰ  ਨੇ ਕਿਹਾ ਕਿ ਕਰਨੈਲ ਸਿੰਘ ਮਾਂਗਟ ਨੇ ਪੰਜਾਬੋਂ ਬਾਹਰ ਰਹਿ ਕੇ ਵੀ ਪੰਜਾਬ ਦੀ ਮਿੱਟੀ ਨੂੰ ਬੋਲਣ ਲਾਇਆ ਹੈ। ਇਸ ਮੌਕੇ ਪ੍ਰੋ: ਸੰਤੋਖ ਸਿੰਘ ਔਜਲਾ, ਉੱਘੇ ਲੋਕ ਗਾਇਕ ਕੇ ਦੀਪ, ਕੁਲਦੀਪ ਤੂਰ, ਪਰਮਜੀਤ ਸਿੰਘ ਧਾਲੀਵਾਲ, ਸੁਮਿਤ ਗੁਲਾਟੀ, ਸਰਬਜੀਤ ਵਿਰਦੀ, ਨੀਲੂ ਬੱਗਾ,ਜਸਪ੍ਰੀਤ ਫਲਕ, ਸਿਮਰਨ ਧੁੱਗਾ, ਦੀਪ ਦੇਵਿੰਦਰ ਸਿੰਘ ਅੰਮ੍ਰਿਤਸਰ, ਪ੍ਰੋ: ਜਸਬੀਰ ਸਿੰਘ ਵਿਰਕ, ਪ੍ਰਿੰ: ਸੇਵਾ ਸਿੰਘ ਕੌੜਾ, ਜਗਦੀਪ ਸਿੱਧੂ ਮੋਹਾਲੀ, ਰਾਮ ਸਿੰਘ ਅਲਬੇਲਾ, ਗੁਰਦਰਸ਼ਨ ਧੂਰੀ,ਹਰਪ੍ਰੀਤ ਸਿੰਘ, ਰਵਿੰਦਰ ਦੀਵਾਨਾ, ਪਰਮਜੀਤ ਮਹਿਕ, ਅਮਨਦੀਪ ਫੱਲੜ,ਤ੍ਰੈਲੋਚਨ ਲੋਚੀ, ਬੁੱਧ ਸਿੰਘ ਨੀਲੋਂ, ਤਰਲੋਚਨ ਝਾਂਡੇ, ਪਰਮਿੰਦਰ ਅਲਬੇਲਾ ਸ਼ਾਮਿਲ ਹੋਏ। ਸ਼ਹੀਦ ਭਗਤ ਸਿੰਘ ਜਨਮ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਵੀ ਕੀਤਾ ਗਿਆ ਜਿਸ ਚ ਪੰਦਰਾਂ ਕਵੀਆਂ ਨੇ ਹਿੱਸਾ ਲਿਆ।

Friday, September 27, 2019

ਪੁਆਧੀ ਬੋਲੀ ਦੀ ਖੋਜ ਦੇ ਪਹਿਲੇ ਸਾਹ ਅਸਵਾਰ ‘ਡਾ. ਬਲਬੀਰ ਸਿੰਘ ਸੰਧੂ’

28 ਸਤੰਬਰ ਨੂੰ ਜਨਮ ਦਿਨ ’ਤੇ ਵਿਸ਼ੇਸ਼

ਗਿਆਨੀ ਲਾਲ ਸਿੰਘ ਨੇ ਕਿਹਾ ਸੀ ਕਿ ਡਾ. ਬਲਬੀਰ ਸਿੰਘ ਦੀਆਂ ਖੁੱਚਾਂ ਵਿਚ ਬੜਾ ਦਮ ਹੈ

ਭਾਰਤ ਵਿਚੋਂ ਪੀਐੱਚਡੀ ਕਰਨ ਤੋਂ ਬਾਅਦ  ਰੂਸ ਵਿਚ ਡੀਐਸਸੀ ਦੀ ਡਿਗਰੀ ਕਰਕੇ ਪੁਆਧ ਤੇ ਪਹਿਲੀ ਵਾਰ ਕੰਮ ਕੀਤਾ ਸੀ ਡਾ. ਸੰਧੂ ਨੇ
ਗੁਰਨਾਮ ਸਿੰਘ ਅਕੀਦਾ

ਭਾਸ਼ਾ ਵਿਗਿਆਨ ਦੇ ਖੇਤਰ ਵਿੱਚ ‘ਇੰਸਟਰੂਮੈਂਟ ਫੋਨੈਟਿਕਸ’ ਦਾ ਸ਼ਾਹ ਅਸਵਾਰ ਅਤੇ ਪੁਆਧੀ ਬੋਲੀ ’ਤੇ ਪਹਿਲੀ ਵਾਰ ਪੀਐੱਚ.ਡੀ. ਕਰਨ ਵਾਲਾ ਡਾ. ਬਲਬੀਰ ਸਿੰਘ ਸੰਧੂ ਉੱਚ ਵਿੱਦਿਅਕ ਸੰਸਥਾਵਾਂ ਅਤੇ ਵਿਦਵਾਨਾਂ ਦੇ ਚੇਤਿਆਂ ਵਿੱਚੋਂ ਵਿਸਰ ਗਿਆ ਜਾਪਦਾ ਹੈ। ਉਹ ਪਟਿਆਲਾ ਤੋਂ ਰਾਜਪੁਰਾ ਸੜਕ ’ਤੇ ਪੈਂਦੇ ਪੁਆਧ ਦੇ ਨਿੱਕੇ ਜਿਹੇ ਪਿੰਡ ਨਰੜੂ ਦੇ ਸਾਧਾਰਨ ਕਿਸਾਨ ਪਰਿਵਾਰ ਵਿੱਚ 28 ਸਤੰਬਰ 1934 ਨੂੰ ਜਨਮੇ। ਵੱਖ ਵੱਖ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਾਈ ਕਰਨ ਤੋਂ ਬਾਅਦ 1956 ਵਿੱਚ ਉਨ੍ਹਾਂ ਭਾਸ਼ਾ ਵਿਭਾਗ ਪੰਜਾਬ ਵਿੱਚ ਬਤੌਰ ਖੋਜ ਸਹਾਇਕ ਦੀ ਨੌਕਰੀ ਕੀਤੀ। ਉਦੋਂ ਦੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਗਿਆਨੀ ਲਾਲ ਸਿੰਘ ਨੇ ਬਲਬੀਰ ਸਿੰਘ ਸੰਧੂ ਦੀ ਖੋਜ ਘਾਲਣਾ ਬਾਰੇ ਜਾਣ ਕੇ ਕਿਹਾ ਸੀ ਕਿ ਬਲਬੀਰ ਸੰਧੂ ਦੀਆਂ ਖੁੱਚਾਂ ਵਿੱਚ ਬੜਾ ਦਮ ਹੈ। ਇਹ ਉਹ ਸਮਾਂ ਸੀ ਕਿ ਡਾ. ਸੰਧੂ ਭਾਸ਼ਾ ਵਿਗਿਆਨ ਦੀਆਂ ਖੋਜਾਂ ਵੱਲ ਅੱਗੇ ਵਧਦੇ ਗਏ।

ਐਮ.ਏ. ਕਰਨ ਤੋਂ ਬਾਅਦ ਡਾ. ਸੰਧੂ ਦਾ ਸੰਪਰਕ ਲਿੰਗੁਇਸਟਿਕ ਸੁਸਾਇਟੀ ਆਫ ਇੰਡੀਆ ਨਾਲ ਹੋਇਆ। ਇਸ ਦੌਰਾਨ ਉਹ ਪੰਜਾਬ ਯੂਨੀਵਰਸਿਟੀ ਦੇ ਈਵਨਿੰਗ ਕਾਲਜ ਵਿੱਚ ਬਤੌਰ ਲੈਕਚਰਾਰ ਪੜ੍ਹਾਉਣ ਵੀ ਲੱਗ ਗਏ ਸਨ। ਇਸੇ ਦੌਰਾਨ 1960 ਤੋਂ ਲੈ ਕੇ 1964 ਤਕ ਡਾ. ਸੰਧੂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ‘ਏ ਡਿਸਕ੍ਰਿਪਟਿਵ ਗਰਾਮਰ ਆਫ ਪੁਆਧੀ’ (ਪੁਆਧੀ ’ਤੇ ਪਹਿਲੀ ਵਾਰ) ਵਿਸ਼ੇ ’ਤੇ ਪੀਐੱਚ.ਡੀ. ਦੀ ਡਿਗਰੀ ਵੀ ਪ੍ਰਾਪਤ ਕਰ ਲਈ। ਡਾ. ਸੰਧੂ 1964 ਵਿੱਚ ਸੋਵੀਅਤ ਯੂਨੀਅਨ ਵੱਲੋਂ ਭਾਸ਼ਾ ਵਿਗਿਆਨ ਵਿੱਚ ਖੋਜ ਕਰਨ ਲਈ ਸਰਬ ਭਾਰਤੀ ਪੱਧਰ ਉੱਤੇ ਭਾਸ਼ਾ ਵਿਗਿਆਨ ਦੇ ਕਰਵਾਏ ਗਏ ਇੱਕ ਖੁੱਲ੍ਹੇ ਮੁਕਾਬਲੇ ਵਿੱਚ ਫੈਲੋਸ਼ਿਪ ਲਈ ਚੁਣੇ ਗਏ। ਸੋਵੀਅਤ ਯੂਨੀਅਨ ਦੀ ਲੈਨਿਨਗਰਾਦ ਯੂਨੀਵਰਸਿਟੀ ਵਿੱਚ ਸਖ਼ਤ ਮਿਹਨਤ ਨਾਲ ਕੀਤੀ ਖੋਜ ਸਦਕਾ ਉਨ੍ਹਾਂ ਨੂੰ ਇੰਸਟਰੂਮੈਂਟਲ ਫੋਨੈਟਿਕਸ ਦੇ ਖੇਤਰ ਵਿੱਚ ਖੋਜ ਦੀ ਸਭ ਤੋਂ ਵੱਡੀ ਡਿਗਰੀ ਡੀਐਸਸੀ ਪ੍ਰਾਪਤ ਹੋਈ। ਇਸ ਦੌਰਾਨ ਉਹ ਸੰਸਾਰ ਦੀਆਂ ਵਿਸ਼ਵ ਪ੍ਰਸਿੱਧ ਭਾਸ਼ਾ ਲੈਬਾਰਟਰੀਆਂ- ਮਾਸਕੋ, ਕੀਵ, ਬਰਲਿਨ, ਸਟਾਕਹੋਮ, ਲੰਡਨ ਤੇ ਹੈਲਿੰਸਕੀ ਆਦਿ ਨਾਲ ਭਾਸ਼ਾ ਵਿਗਿਆਨ ’ਤੇ ਖੋਜ ਕਰਦੇ ਰਹੇ। ਉਨ੍ਹਾਂ ਭਾਰਤ ਵਿੱਚ ਵੀ ਭਾਸ਼ਾ ਵਿਗਿਆਨ ਦੇ ਵੱਖ ਵੱਖ ਪਹਿਲੂਆਂ ’ਤੇ ਖੋਜਾਂ ਕੀਤੀਆਂ ਅਤੇ ਕਈ ਕੋਰਸ ਪਾਸ ਕੀਤੇ।
ਡਾ. ਸੰਧੂ ਨੇ 1971 ਤੋਂ 1985 ਤਕ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਵਿਭਾਗ ਵਿੱਚ ਪੜ੍ਹਾਇਆ ਅਤੇ ਨਾਲੋ-ਨਾਲ ਭਾਸ਼ਾ ਵਿਗਿਆਨ ’ਤੇ ਹੋਰ ਡੂੰਘਾਈ ਨਾਲ ਖੋਜ ਵੀ ਕਰਦੇ ਰਹੇ। ਡਾ. ਸੰਧੂ ਨੂੰ ਸੋਵੀਅਤ ਯੂਨੀਅਨ ਦੀ ਅਕਾਦਮੀ ਆਫ ਸਾਇੰਸ ਦੇ ਡੀਐਸਸੀ ਪੇਪਰਾਂ ਦੇ ਥੀਸਿਸ ਦਾ ਨਿਰੀਖਕ ਹੋਣ ਦਾ ਮਾਣ ਵੀ ਹਾਸਲ ਹੋਇਆ। ਉਨ੍ਹਾਂ ਵਿਸ਼ਵ ਪੱਧਰ ’ਤੇ ਭਾਸ਼ਾ ਵਿਗਿਆਨ ਵਿੱਚ ਹੋਈਆਂ ਖੋਜਾਂ ਦੇ ਕਈ ਥੀਸਿਸਾਂ ਦਾ ਨਿਰੀਖਣ ਕੀਤਾ। 1980 ਵਿੱਚ ਸੈਂਟਰਲ ਇੰਸਟੀਚਿਊਟ ਆਫ ਇੰਡੀਅਨ ਲੈਂਗੂਏਜਿਜ਼ ਪੋਸਟ ਗਰੈਜੂਏਟ ਤੇ ਪੋਸਟ ਡਾਕਟਰਲ ਪੇਪਰ ਦੇ ਭਾਸ਼ਾ ਸਕਾਲਰਾਂ ਨੂੰ ਪੜ੍ਹਾਉਣ ਲਈ ਡਾ. ਬਲਬੀਰ ਸਿੰਘ ਸੰਧੂ ਨੂੰ ਵਿਜ਼ਟਿੰਗ ਪ੍ਰੋਫੈਸਰ ਨਿਯੁਕਤ ਕੀਤਾ ਗਿਆ। 1983 ਵਿੱਚ ਉਨ੍ਹਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਭਾਸ਼ਾ ਵਿਗਿਆਨ ਵਿਭਾਗ ਵਿੱਚ ਇੱਕ ਸਾਲ ਲਈ ਵਿਜ਼ਟਿੰਗ ਪ੍ਰੋਫੈਸਰ ਵਜੋਂ ਵੀ ਸੇਵਾ ਨਿਭਾਈ। ਇੱਥੇ ਹੀ ਬੱਚਿਆਂ ਨੂੰ ਭਾਸ਼ਾ ਵਿਗਿਆਨ ਦੇ ਮਾਹਿਰ ਕਰਨ ਲਈ ਉਨ੍ਹਾਂ ਵਿਸ਼ੇਸ਼ ਪਾਠਕ੍ਰਮ ਬਣਾਉਣ ਲਈ ਕਾਰਜ ਵੀ ਆਰੰਭਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ‘ਕਰਾਸ ਡਾਇਲੈਕਟ ਫ਼ੀਚਰ ਆਫ ਪੰਜਾਬੀ’ ਪ੍ਰਾਜੈਕਟ ਅਧੀਨ ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਪਿੰਡਾਂ ਦੇ ਭਾਸ਼ਾ ਅਧਿਐਨ ਅਤੇ ਪੰਜਾਬੀ ਬੋਲਦੇ ਪਿੰਡਾਂ ਦਾ ਜਾਇਜ਼ਾ ਲੈਣ ਉਪਰੰਤ ਇੱਕ ਪੁਆਧੀ ਸ਼ਬਦ ਕੋਸ਼ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਉਹ 16 ਅਕਤੂਬਰ 1985 ਨੂੰ ਇਹ ਕਾਰਜ ਅਧੂਰਾ ਛੱਡ ਕੇ ਅਚਾਨਕ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਤੀਬਰ ਇੱਛਾ ਸੀ ਕਿ ਪਿੰਡਾਂ ਵਿੱਚ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣ। ਪੰਜਾਬ ਸਾਹਿਤ ਅਕਾਦਮੀ ਦਾ ਸਕੱਤਰ ਬਣ ਕੇ ਉਨ੍ਹਾਂ ਇਹ ਕੰਮ ਆਰੰਭ ਕੀਤਾ। ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਲੇਖਕਾਂ ਦੀਆਂ ਕਿਤਾਬਾਂ ਖ਼੍ਰੀਦਣ ਦੀ ਇੱਕ ਵਿਸ਼ੇਸ਼ ਯੋਜਨਾ ਬਣਾਈ ਸੀ ਜੋ ਪੰਜਾਬ ਆਰਟਸ ਕੌਂਸਲ ਰਾਹੀਂ ਉਨ੍ਹਾਂ ਪੰਜਾਬ ਸਰਕਾਰ ਤੋਂ ਪ੍ਰਵਾਨ ਕਰਵਾ ਲਈ ਸੀ। ਡਾ. ਸੰਧੂ ਦੀਆਂ ਅੰਤਿਮ ਰਸਮਾਂ ਮੌਕੇ ਡਾ. ਮਹਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ, ‘ਪਿੰਡਾਂ ਵਿੱਚ ਲਾਇਬ੍ਰੇਰੀਆਂ ਉਸਾਰਨ ਵਾਲਾ ਵਿਦਵਾਨ ਤੁਰ ਗਿਆ ਹੈ।’
ਡਾ. ਬਲਬੀਰ ਸਿੰਘ ਨੇ ਭਾਸ਼ਾ ਵਿਗਿਆਨ (ਧੁਨੀ ਤੋਂ ਲੈ ਕੇ ਸ਼ਬਦਾਂ ਦੀ ਬਣਤਰ ਤਕ) ਤੇ ਕੋਸ਼ਕਾਰੀ ’ਤੇ ਸੈਂਕੜੇ ਪਰਚੇ ਅਤੇ ਦਰਜਨਾਂ ਪੁਸਤਕਾਂ ਲਿਖੀਆਂ। ਉਨ੍ਹਾਂ ਕੋਲ ਪੜ੍ਹਨ ਵਾਲਿਆਂ ਦੀ ਕਤਾਰ ਵੀ ਲੰਬੀ ਹੈ ਪਰ 1985 ਤੋਂ ਬਾਅਦ ਡਾ. ਬਲਬੀਰ ਸਿੰਘ ਸੰਧੂ ਬਾਰੇ ਕੋਈ ਖੋਜ ਨਹੀਂ ਹੋਈ। ਪੰਜਾਬੀ ਅਤੇ ਪੰਜਾਬ ਯੂਨੀਵਰਸਿਟੀ ਵੱਲੋਂ ਕੋਈ ਯਾਦਗਾਰ ਬਣਾਉਣਾ ਤਾਂ ਦੂਰ ਦੀ ਗੱਲ, ਉਨ੍ਹਾਂ ਨਮਿੱਤ ਕਦੇ ਯਾਦਗਾਰੀ ਭਾਸ਼ਣ ਵੀ ਨਹੀਂ ਕਰਾਇਆ ਗਿਆ। ਪਿੰਡ ਨਰੜੂ ਵਿੱਚ ਉਨ੍ਹਾਂ ਦਾ ਘਰ ਵੀ ਖੰਡਰ ਹੋ ਗਿਆ ਹੈ। ਉਨ੍ਹਾਂ ਦੀ ਪਤਨੀ ਅਜਮੇਰ ਕੌਰ ਨੇ 1985 ਵਿੱਚ ਉਨ੍ਹਾਂ ਸਬੰਧੀ ਇੱਕ ਯਾਦਗਾਰੀ ਕਿਤਾਬ ਆਪਣੀ ਸੰਪਾਦਨਾ ਹੇਠ ਛਪਾਈ ਸੀ ਪਰ ਉਸ ਤੋਂ ਬਾਅਦ ਪੰਜਾਬ ਦਾ ਇਹ ਵੱਡਾ ਭਾਸ਼ਾ ਵਿਗਿਆਨੀ ਸਾਡੇ ਚੇਤਿਆਂ ਵਿੱਚੋਂ ਮਨਫ਼ੀ ਹੋ ਗਿਆ।
ਸੰਪਰਕ : 8146001100
https://aqidaonline.blogspot.com/2016/09/blog-post.html

ਪੁਆਧੀ ਦਾ ਖੋਜੀ-ਵਿਦਵਾਨ ਸੀ ਬਲਬੀਰ ਸਿੰਘ ਸੰਧੂ

ਉੱਘੇ ਅੰਗਰੇਜ਼ ਵਿਦਵਾਨ, ਭਾਸ਼ਾ ਵਿਗਿਆਨੀ ਅਤੇ ਖੋਜੀ ਡਾ. ਗਰੀਅਰਸਨ ਨੇ ਜਿਵੇਂ ਭਾਰਤ ਦੀਆਂ ਭਾਸ਼ਾਵਾਂ ਦੇ ਨਾਲ-ਨਾਲ ਪੰਜਾਬੀ ਭਾਸ਼ਾ ਉੱਤੇ ਬੜਾ ਮੁੱਲਵਾਨ ਕੰਮ ਕੀਤਾ ਹੈ ਉੱਥੇ ਪੁਆਧੀ ਉਪ-ਭਾਸ਼ਾ ਬਾਰੇ ਡਾ. ਬਲਬੀਰ ਸਿੰਘ ਸੰਧੂ ਦਾ ਖੋਜ-ਕਾਰਜ ਬਹੁਤ ਨਿਆਰਾ ਤੇ ਸ਼ਲਾਘਾਯੋਗ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਡਾ. ਸੰਧੂ ਭਾਰਤ ਦੇ ਤਿੰਨ ਉਤਕ੍ਰਿਸ਼ਟ ਭਾਸ਼ਾ ਵਿਗਿਆਨੀਆਂ ’ਚੋਂ ਇੱਕ ਸਨ। ਇਹ ਅਫ਼ਸੋਸ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਵੱਡੇ ਖੋਜ-ਕਾਰਜ ਨੂੰ ਉਤਨਾ ਚਰਚਿਤ ਨਹੀੱ ਕੀਤਾ ਗਿਆ, ਜਿੰਨਾ ਉਨ੍ਹਾਂ ਨੇ ਪੁਆਧੀ ਭਾਸ਼ਾ ਬਾਰੇ ਬਹੁਤ ਸਿਦਕਦਿਲੀ ਨਾਲ ਨਿੱ9 ਕੇ ਕੰਮ ਕੀਤਾ। ਉਹ ਪਹਿਲਾ ਖੋਜਾਰਥੀ ਸੀ ਜਿਸ ਨੇ ਪੁਆਧੀ ਬੋਲੀ ’ਤੇ ਪੀ. ਐਚਡੀ. ਕੀਤੀ।
ਡਾ. ਬਲਬੀਰ ਸਿੰਘ ਸੰਧੂ ਦਾ ਜਨਮ ਪੁਆਧ ਦੇ ਪਿੰਡ ਨਰੜੂ ਵਿੱਚ ਸਾਧਾਰਨ ਕਿਸਾਨ ਪਰਿਵਾਰ ’ਚ 28 ਸਤੰਬਰ, 1934 ਨੂੰ ਹੋਇਆ। ਇਹ ਪਿੰਡ ਪਟਿਆਲਾ ਤੋਂ ਰਾਜਪੁਰਾ ਸੜਕ ’ਤੇ ਪੈਂਦਾ ਹੈ। ਉਨ੍ਹਾਂ ਦੀ ਮਾਤਾ ਸ੍ਰੀਮਤੀ ਸਾਹਿਬ ਕੌਰ ਅਤੇ ਪਿਤਾ ਬਸੇਸਰ ਸਿੰਘ ਸਨ। ਬਚਪਨ ਕੌਲੀ ਦੇ ਬੀੜ ਵਿੱਚ ਡੰਗਰ ਚਾਰਦਿਆਂ ਤੇ ਸ਼ਿਕਾਰ ਖੇਡਦਿਆਂ ਗੁਜ਼ਰਿਆ। ਦਸਵੀਂ ਦੀ ਪ੍ਰੀਖਿਆ 1959 ’ਚ ਸਿਟੀ ਹਾਈ ਸਕੂਲ ਪਟਿਆਲਾ ਤੋਂ ਪਾਸ ਕੀਤੀ। ਇਸ ਉਪਰੰਤ ਗਿਆਨੀ ਦੀ ਪ੍ਰੀਖਿਆ ਪ੍ਰਾਈਵੇਟ ਵਿਦਿਆਰਥੀ ਦੇ ਤੌਰ ’ਤੇ ਕੀਤੀ। ਬਾਰ੍ਹਵੀਂ ਜਮਾਤ ਪੰਜਾਬ ਯੂਨੀਵਰਸਿਟੀ ਤੋਂ 1953 ’ਚ ਕੀਤੀ ਅਤੇ ਫਿਰ ਅਕਾਲ ਡਿਗਰੀ ਕਾਲਜ ਮਸਤੂਆਣਾ (ਸੰਗਰੂਰ) ’ਚ ਦਾਖਲ ਹੋ ਗਏ। ਉੱਥੇ ਦੋ ਸਾਲ ਹੋਸਟਲ ’ਚ ਰਹਿ ਕੇ ਬੀ.ਏ. ਪਾਸ ਕੀਤੀ। ਇਸ ਅਦਾਰੇ ਦਾ ਡਾ. ਸੰਧੂ ਦੀ ਸ਼ਖ਼ਸੀਅਤ ’ਤੇ ਗੂੜ੍ਹਾ ਪ੍ਰਭਾਵ ਪਿਆ। ਮਹਿੰਦਰਾ ਕਾਲਜ ਪਟਿਆਲਾ ਵਿਚ ਦੋ ਸਾਲ ਪ੍ਰੋ. ਪ੍ਰੀਤਮ ਸਿੰਘ ਦੀ ਸ਼ਾਗਿਰਦੀ ’ਚ ਰਹਿ ਕੇ 1955 ’ਚ ਐਮ.ਏ. ਪੰਜਾਬੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਫਸਟ ਕਲਾਸ ਫਸਟ ਰਹਿ ਕੇ ਪਾਸ ਕੀਤੀ। 20 ਮਾਰਚ, 1955 ਨੂੰ ਉਨ੍ਹਾਂਦਾ ਵਿਆਹ ਸ੍ਰੀਮਤੀ ਅਜਮੇਰ ਕੌਰ ਨਾਲ ਹੋਇਆ ਜਿਸ ਦੀ ਕੁੱਖੋਂ ਅਜੈਬੀਰ ਸਿੰਘ (ਪੁੱਤਰ) ਨੇ ਜਨਮ ਲਿਆ।
ਆਪ ਨੇ 1956 ’ਚ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵਿੱਚ ਬਤੌਰ ਰਿਸਰਚ ਅਸਿਸਟੈਂਟ ਨੌਕਰੀ ਆਰੰਭ ਕੀਤੀ। ਉਦੋਂ ਇਸ ਵਿਭਾਗ ਦੇ ਡਾਇਰੈਕਟਰ ਗਿਆਨੀ ਲਾਲ ਸਿੰਘ ਸਨ ਜਿਨ੍ਹਾਂ ਨੇ ਡਾ. ਸੰਧੂ ਦੀ ਪ੍ਰਤਿਭਾ ਦੀ ਕਦਰ ਕਰਦਿਆਂ ਖੋਜ-ਕਾਰਜ ਕਰਨ ਲਈ ਉਤਸ਼ਾਹਤ ਕੀਤਾ। ਇਸ ਵਿਭਾਗ ’ਚ ਆਪ ਨੇ ਪੰਜ ਸਾਲ ਨੌਕਰੀ ਕੀਤੀ। ਇਸ ਤੋਂ ਬਾਅਦ ਆਪ ਦੀ ਨਿਯੁਕਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਈਵਨਿੰਗ ਕਾਲਜ ਵਿਚ ਲੈਕਚਰਾਰ ਵਜੋਂ ਹੋ ਗਈ। ਭਾਸ਼ਾ ਵਿਗਿਆਨ ਦੇ ਖੇਤਰ ਵਿੱਚ ਆਪ ਦੀ ਰੁਚੀ ਤੇ ਸ਼ੌਕ ਵਧਦਾ ਗਿਆ, ਇਸ ਨਾਲ ਆਪ ਦਾ ਸੰਪਰਕ ਲਿੰਗੁਇਸਟਿਕ ਸੁਸਾਇਟੀ ਆਫ਼ ਇੰਡੀਆ ਨਾਲ ਹੋ ਗਿਆ ਤੇ ਆਪਦੇ ਅਧਿਆਪਨ ਦੇ ਤੌਰ-ਤਰੀਕੇ ਦੀ ਪ੍ਰਸੰਸਾ ਹੋਣ ਲੱਗੀ। 1960 ਦੇ ਨੇੜੇ-ਤੇੜੇ ਆਪ ਨੇ ਕੁਰੂਕਸ਼ੇਤਰ ਯੂਨੀਵਰਸਿਟੀ (ਹਰਿਆਣਾ) ਤੋਂ ਡਾ. ਜੇ.ਡੀ. ਸਿੰਘ ਦੀ ਨਿਗਰਾਨੀ ਹੇਠ ਪੀ. ਐਚਡੀ. ਕੀਤੀ। ਉਨ੍ਹਾਂ ਨੇ ਭਾਸ਼ਾਈ ਖੋਜ ਲਈ ਪੁਆਧੀ ਉਪ ਭਾਸ਼ਾ ਨੂੰ ਚੁਣਿਆ ਤੇ ਇਸ ਉਪ ਭਾਸ਼ਾ ਦੇ ਧੁਨੀ-ਪ੍ਰਬੰਧ ਦਾ ਅਧਿਐਨ ਕੀਤਾ ਤੇ ਇਸ ਦੀ ਵਿਆਕਰਣ ਤਿਆਰ ਕੀਤੀ। ਪੰਜਾਬੀ ਦੀ ਕਿਸੇ ਇੱਕ ਉਪ ਭਾਸ਼ਾ (ਪੁਆਧੀ) ਉੱਤੇ ਵਿਗਿਆਪਨ ਵਿਧੀ ਨਾਲ ਵਿਊਂਤਬੱਧ ਕੰਮ ਹੋਇਆ ਤਾਂ ਉਹ ਪੁਆਧੀ ਉਪ ਭਾਸ਼ਾ ਹੀ ਹੈ ਜਿਸ ਦਾ ਸਿਹਰਾ ਡਾ. ਸੰਧੂ ਨੂੰ ਜਾਂਦਾ ਹੈ।
ਡਾ. ਸੰਧੂ ਪਹਿਲਾ ਪੁਆਧੀ ਵਿਦਵਾਨ-ਖੋਜੀ ਸੀ ਜਿਸ ਨੂੰ ਸੋਵੀਅਤ ਯੂਨੀਅਨ (ਰੂਸ) ਦੇ ਸੱਦੇ ’ਤੇ ਲੈਨਿਨਗ੍ਰਾਦ ਵਿਚ 1964 ’ਚ ਫੈਲੋਸ਼ਿਪ ਲਈ ਚੁਣਿਆ ਗਿਆ। ਉੱਥੇ ਆਪ ਨੇ ਸਟੇਟ ਯੂਨੀਵਰਸਿਟੀ ਲੈਨਿਨਗ੍ਰਾਦ ਦੀ ਭਾਸ਼ਾ ਵਿਗਿਆਨੀ ਦੀ ਫੈਕਲਟੀ ਵਿੱਚ ਪੋਸਟ ਡਾਕਟਰੇਟ ਦੀ ਡਿਗਰੀ ਲਈ ਖੋਜ ਕਾਰਜ ਆਰੰਭ ਕੀਤਾ। ਇੱਥੇ ਆਪ ਨੇ ਸੱਤ ਸਾਲ ਖੋਜ ਕਾਰਜ ’ਚ ਲੇਖੇ ਲਾਏ। ਸਿੱਟੇ ਵੱਜੋਂ ਡਾ. ਸੰਧੂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਜਾਣੇ ਜਾਂਦੇ ਭਾਸ਼ਾ ਵਿਗਿਆਨੀ ਵਜੋਂ ਇੱਕ ਸਨ। ਲੈਨਿਨਗ੍ਰਾਦ ਯੂਨੀਵਰਸਿਟੀ ਦੇ ਵਿਸ਼ਵ ਪ੍ਰਸਿੱਧ ਭਾਸ਼ਾ ਸਕੂਲ ਤੋਂ ਇੰਸਟਰੂਮੈਂਟਲ ਫਾਨੇਟਿਕਸ ਦੇ ਖੇਤਰ ਵਿੱਚ ਡੀ.ਐਸਸੀ. ਦੀ ਡਿਗਰੀ ਵੀ ਪ੍ਰਾਪਤ ਕੀਤੀ। ਜਿਸ ਕਾਰਨ ਆਪ ਨੂੰ ਮਾਸਕੋ, ਕੀਵ, ਬਰਲਿਨ ਸਟਾਕਹੋਮ, ਲੰਡਨ, ਹੈਲਿੰਸਕੀ ਆਦਿ ਵਿਚਲੀਆਂ ਭਾਸ਼ਾ ਲੈਬਾਟਰੀਆਂ ’ਚ ਅਧਿਐਨ ਕਰਨ ਦਾ ਮੌਕਾ ਨਸੀਬ ਹੋਇਆ। ਇੱਥੋਂ ਤੱਕ ਹੀ ਨਹੀਂ ਸਗੋਂ ਡਾ. ਸੰਧੂ ਨੇ ਦੇਸ ਅਤੇ ਵਿਦੇਸ਼ਾਂ ਵਿੱਚੋਂ ਬਹੁਤ ਸਾਰੇ ਭਾਸ਼ਾ ਸਿਖਲਾਈ ਕੋਰਸ ਪਾਸ ਕੀਤੇ।
ਸੱਤ ਸਾਲ ਦੀ ਖੋਜ ਉਪਰੰਤ 1971 ’ਚ ਡਾ. ਸੰਧੂ ਨੇ ਡੀ. ਐਸਸੀ.ਦੇ ਥੀਸਿਸ ਤਿਆਰ ਕਰਕੇ ਪਬਲਿਕ ਡਿਫੈਂਸ ਪਾਸ ਕੀਤੀ। ਆਪ ਪਹਿਲੇ ਵਿਦੇਸ਼ੀ ਵਿਦਵਾਨ ਸਨ ਜਿਸ ਨੇ ਇਹ ਵਿਲੱਖਣ ਖੋਜ ਕਾਰਜ ਕੀਤਾ।
ਸਾਲ 1971 ’ਚ ਮੁੜ ਡਾ. ਸੰਧੂ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਗਏ ਜਿੱਥੇ ਉਹ 1985 ਤੱਕ ਵਿਦਿਆਰਥੀਆਂ ਨੂੰ ਭਾਸ਼ਾ-ਵਿਗਿਆਨ ਦਾ ਵਿਸ਼ਾ ਪੜ੍ਹਾਉਂਦੇ ਰਹੇ। ਇਸ ਦੌਰਾਨ ਆਪ ਨੇ ਸੋਵੀਅਤ-ਯੂਨੀਅਨ ਦੇ ਪ੍ਰਾਪਤ ਕੀਤੇ ਗਿਆਨ ਦੇ ਆਧਾਰ ’ਤੇ ਪੁਸਤਕ ਤਿਆਰ ਕੀਤੀ। ਆਪ ਦੀ ਵਿਦਵਤਾ ਦੀ ਉਸਤੱਤ ਦੇ ਫਲ-ਸਰੂਪ ਆਪ ਨੂੰ ਭਾਸ਼ਾ ਵਿਗਿਆਨੀ ਦੇ ਮਾਹਿਰ ਵੱਜੋਂ ਸੋਵੀਅਤ ਯੂਨੀਅਨ ਤੋਂ ਬਿਨਾਂ ਫਿਨਲੈਂਡ, ਸਵੀਡਨ, ਡੈਨਮਾਰਕ, ਪੋਲੈਂਡ, ਪੂਰਵੀ ਜਰਮਨੀ, ਪੱਛਮੀ ਜਰਮਨੀ, ਨੀਦਰਲੈਂਡ, ਇੰਗਲੈਂਡ, ਫਰਾਂਸ, ਇਟਲੀ ਤੇ ਕੋਪਨਹੈਗਨ ਆਦਿ ਮੁਲਕਾਂ ਵਿੱਚ ਜਾਣ ਦੇ ਮੌਕੇ ਉਪਲਬਧ ਹੋਏ।
1976 ’ਚ ਆਪ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੋਸ਼ਕਾਰੀ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਜਿੱਥੇ ਆਪ ਚੀਫ਼ ਐਡੀਟਰ ਦੇ ਤੌਰ ’ਤੇ ਆਪਣੇ ਅੰਤਿਮ ਸਮੇਂ ਤੱਕ ਕੰਮ ਕਰਦੇ ਰਹੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਵੀ ਆਪ ਨੂੰ 1983-84 ਤੱਕ ਭਾਸ਼ਾ-ਵਿਗਿਆਨ ਵਿਭਾਗ ’ਚ ਵਿਜ਼ਟਿੰਗ ਪ੍ਰੋਫੈਸਰ ਦੇ ਤੌਰ ’ਤੇ ਬੁਲਾਇਆ ਜਾਂਦਾ ਰਿਹਾ। ਇਸ ਦੌਰਾਨ ਆਪ ਨੇ ਪੰਜਾਬੀ ਯੂਨੀਵਰਸਿਟੀ ਦੇ ਪ੍ਰਾਜੈਕਟ ਅਧੀਨ ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਪਿੰਡਾਂ ਦਾ ਭਾਸ਼ਾ ਅਧਿਐਨ ਕਰਨਾ ਸੀ। ਡਾ. ਸੰਧੂ ਦਾ ਇੱਕ ਉਪਰਾਲਾ ਪੰਜਾਬ ਦੇ ਪਿੰਡ-ਪਿੰਡ ਲਾਇਬਰੇਰੀਆਂ ਖੋਲ੍ਹਣ ਦਾ ਵੀ ਸੀ ਜਿਸ ਲਈ ਉਨ੍ਹਾਂ ਨੇ ਲਗਪਗ 40 ਪਿੰਡਾਂ ਦੀਆਂ ਪੰਚਾਇਤਾਂ ਦਾ ਸਹਿਯੋਗ ਵੀ ਲੈ ਲਿਆ ਸੀ। ਦੁਖ ਦੀ ਗੱਲ ਇਹ ਹੋਈ ਕਿ ਡਾ. ਸੰਧੂ 16 ਅਕਤੂਬਰ, 1985 ਨੂੰ ਇੱਕ ਸੜਕ  ਦੁਰਘਟਨਾ ਕਾਰਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਕਈ ਯੋਜਨਾਵਾਂ ਧਰੀਆਂ ਧਰਾਈਆਂ ਰਹਿ ਗਈਆਂ। ਭਾਸ਼ਾ ਵਿਗਿਆਨ ਦੇ ਖੇਤਰ ਨੂੰ ਵੱਡਾ ਘਾਟਾ ਪਿਆ। ਡਾ. ਸੰਧੂ ਬਹੁਤ ਹਰਮਨਪਿਆਰੀ ਤੇ ਖ਼ੂਬਸੂਰਤ ਸ਼ਖ਼ਸੀਅਤ ਦੇ ਮਾਲਕ ਸਨ। ਡਾ. ਸੰਧੂ ਵਰਗਾ ਸਿਆਣਾ ਤੇ ਖੋਜੀ ਵਿਦਵਾਨ ਸ਼ਾਇਦ ਹੀ ਕੋਈ ਹੋ ਸਕੇ। ਉਨ੍ਹਾਂ ਦੀ ਆਤਮਾ ਵਿੱਚੋਂ ਪੰਜਾਬ ਦੇ ਪਿੰਡਾਂ ਦੀ ਮਿੱਟੀ ਬੋਲਦੀ ਸੀ। ਪੁਆਧੀ ਭਾਸ਼ਾ ਦਾ ਸਿਰਮੌਰ ਗਿਆਤਾ ਡਾ. ਬਲਬੀਰ ਸਿੰਘ ਸੰਧੂ ਭੁਲਾਇਆ ਨਹੀਂ ਜਾ ਸਕਦਾ। ਉਸ ਦਾ ਵੱਡਮੁੱਲਾ ਖੋਜ-ਕਾਰਜ ਭਾਸ਼ਾ-ਵਿਗਿਆਨੀਆਂ ਲਈ ਮਾਰਗ ਦਰਸ਼ਨ ਵਾਲਾ ਹੈ। (ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ)

Thursday, September 26, 2019

ਲੋਕ ਖੇਡ ਮੇਲਾ ਬਣ ਗਿਆ ਹੈ ‘ਟੌਹੜਾ ਕਬੱਡੀ ਕੱਪ’ ਟੂਰਨਾਮੈਂਟ

'ਟੌਹੜਾ ਕਬੱਡੀ ਕੱਪ' ਖੇਡਾਂ ਵਿਚ ਪਾ ਰਿਹਾ ਹੈ ਅਜ਼ੀਮ ਪੈੜਾਂ : ਗੋਬਿੰਦ ਸਿੰਘ ਲੌਂਗੋਵਾਲ

ਟੌਹੜਾ ਕਬੱਡੀ ਕੱਪ ਦਾ ਪਹਿਲਾ ਇਕ ਲੱਖ ਦਾ ਇਨਾਮ ਜਿੱਤਿਆ ਧਨੌਲਾ ਟੀਮ ਨੇ

ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਪੰਥ ਰਤਨ ਜਥੇ. ਗੁਰਚਰਨ ਸਿੰਘ ਟੌਹੜਾ ਦੀ ਯਾਦ ਵਿਚ ਹੁੰਦਾ 'ਟੌਹੜਾ ਕਬੱਡੀ ਕੱਪ' ਖੇਡਾਂ ਵਿਚ ਅਜ਼ੀਮ ਪੈੜਾ ਪਾਉਂਦਾ ਹੋਇਆ ਨੌਜਵਾਨਾ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਕਰ ਰਿਹਾ ਹੈ, ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਪੰਜਾਬ ਦਾ ਮਾਣ ਮੰਨੀ ਜਾਂਦੀ ਕਬੱਡੀ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਉਤਸ਼ਾਹਿਤ ਕਰ ਰਿਹਾ ਹੈ। ਭਾਈ ਲੌਂਗੋਵਾਲ ਪਿੰਡ ਟੌਹੜਾ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਾਏ ਗਏ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ ਵਿਚ 11ਵੇਂ ਟੌਹੜਾ ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਵਿਚ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ ਵੱਲੋਂ ਇਹ ਕਾਰਜ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ। 
ਕਬੱਡੀ ਕੱਪ ਦੇ ਇਨਾਮ ਵੰਡ ਸਮਾਰੋਹ ਵਿਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਜੰਗਬੀਰ ਨੇ ਸ਼ਮੂਲੀਅਤ ਕਰਦਿਆਂ ਕਿਹਾ ਕਿ ਕਬੱਡੀ ਕੱਪ ਕਰਾਉਣੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਸ਼ੁਰੂ ਕੀਤੇ ਗਏ ਸੀ ਪਰ ਮੌਜੂਦਾ ਸਰਕਾਰ ਜਦੋਂ ਕਬੱਡੀ ਕੱਪ ਕਰਾਉਣ ਤੋਂ ਭੱਜ ਚੁੱਕੀ ਹੈ ਤਾਂ ਅਜਿਹੇ ਕਲੱਬਾਂ ਤੇ ਟਰੱਸਟਾਂ ਨੇ ਕਬੱਡੀ ਖੇਡ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਇਹ ਰਵਾਇਤ ਜਿੰਦਾ ਰੱਖੀ ਹੈ। 
ਇਹ ਕਬੱਡੀ ਕੱਪ ਧਨੌਲਾ ਦੀ ਕਬੱਡੀ ਟੀਮ ਨੇ ਜਿੱਤ ਕੇ ਪਹਿਲਾ ਸਥਾਨ ਹਾਸਲ ਕਰਦਿਆਂ ਇਕ ਲੱਖ ਰੁਪਏ ਜਿੱਤੇ ਹਨ
ਜਦ ਕਿ ਦੂਜਾ ਇਨਾਮ ਸ਼ਾਂਧਰਾਂ (ਹੁਸ਼ਿਆਰਪੁਰ) ਨੇ ਜਿੱਤ ਕੇ 75 ਹਜਾਰ ਰੁਪਏ ਹਾਸਲ ਕੀਤੇ। ਬੈੱਸਟ ਰੇਡਰ ਕਾਲਾ ਧਨੌਲਾ ਤੇ ਬੈੱਸਟ ਜਾਫੀ ਇੰਦਰਜੀਤ ਕਲਸੀਆਂ ਨੇ ਹਾਸਲ ਕਰਕੇ 21-21 ਹਜਾਰ ਰੁਪਏ ਜਿੱਤੇ। ਟੌਹੜਾ ਕਬੱਡੀ ਦੇ ਇਸ ਟੂਰਨਾਮੈਂਟ ਵਿਚ ਇਕ ਪਿੰਡ ਓਪਨ ਦੀਆਂ ਦੇਸ਼ਾਂ ਵਿਦੇਸ਼ਾਂ ਵਿਚੋਂ 46 ਟੀਮਾਂ ਨੇ ਭਾਗ ਲਿਆ। 75 ਕਿੱਲੋ ਵਜ਼ਨੀ ਕਬੱਡੀ ਵਿਚ ਜੀਂਦ (ਹਰਿਆਣਾ) ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਦੂਜੇ ਨੰਬਰ ਤੇ ਭਾਦਸੋਂ (ਪੰਜਾਬ) ਦੀ ਟੀਮ ਰਹੀ। ਇਨਾਮ ਵੰਡ ਸਮਾਰੋਹ ਵਿਚ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਤਵੀਰ ਸਿੰਘ ਖੱਟੜਾ, ਕਬੀਰ ਦਾਸ, ਹਰੀ ਸਿੰਘ ਪ੍ਰੀਤ ਕੰਬਾਈਨ, ਦੀਦਾਰ ਸਿੰਘ ਭੱਟੀ, ਅਮਰਿੰਦਰ ਸਿੰਘ ਲਿਬੜਾ, ਸੰਤ ਬਾਬਾ ਰੌਸ਼ਨ ਸਿੰਘ ਧਬਲਾਨ, ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ, ਸਰਬਤ ਦਾ ਭਲਾ ਟਰੱਸਟ ਵੱਲੋਂ ਸ੍ਰੀ ਗਰੇਵਾਲ, ਪ੍ਰਿੰ. ਨਿਰਪਿੰਦਰ ਸਿੰਘ ਢਿੱਲੋਂ, ਬਘੇਲ ਸਿੰਘ ਜਾਤੀਵਾਲ, ਬਲਕਾਰ ਸਿੰਘ ਬਾਰਨ ਪੀਏ ਭੁੰਦੜ ਸਾਹਿਬ, ਜੀਤ ਸਿੰਘ ਜ਼ੀਰਕਪੁਰ, ਅਮਰਜੀਤ ਸਿੰਘ ਗੱਗੀ ਚਹਿਲ, ਮਲਕੀਤ ਸਿੰਘ ਟਿਵਾਣਾ, ਮੱਖਣ ਸਿੰਘ ਲਾਲਕਾ, ਜਸਤੇਜ ਸਿੰਘ ਟਿਵਾਣਾ ਐਕਸੀਅਨ, ਮਨਜੀਤ ਸਿੰਘ ਟਿਵਾਣਾ ਜੇਲ ਸੁਪਰਡੰਟ, ਲਖਬੀਰ ਸਿੰਘ ਲੌਟ ਤੇ ਬਲਜਿੰਦਰ ਸਿੰਘ ਬੱਬੂ ਹਾਜ਼ਰ ਰਹੇ।
ਇਸ ਮੌਕੇ ਵਿਸ਼ੇਸ਼ ਤੌਰ ਤੇ ਜਰਮਨ ਤੋਂ ਪੁੱਜੇ ਟੌਹੜਾ ਕਬੱਡੀ ਕੱਪ ਦੇ ਯੂਰਪ ਯੂਨਿਟ ਦੇ ਪ੍ਰਧਾਨ ਇਕਬਾਲ ਸਿੰਘ ਟਿਵਾਣਾ ਨੇ ਕਬੱਡੀ ਕੱਪ ਦਾ ਪਹਿਲਾ ਇਨਾਮ (ਇਕ ਲੱਖ ਰੁਪਏ) ਸਪਾਂਸਰ ਕੀਤਾ। ਟੌਹੜਾ ਕਬੱਡੀ ਕੱਪ ਦੇ ਸਰਪ੍ਰਸਤ ਜਰਨੈਲ ਸਿੰਘ ਅਕਾਲਗੜ੍ਹ ਯੂਐਸਏ ਅਤੇ ਵਿਦੇਸ਼ੀ ਯੂਨਿਟਾਂ ਸਤਵਿੰਦਰ ਸਿੰਘ ਸ਼ੇਰਗਿੱਲ ਪ੍ਰਧਾਨ ਯੂ ਕੇ, ਰੁਪਿੰਦਰ ਸਿੰਘ ਗਿੱਲ ਪ੍ਰਧਾਨ ਤੇ ਜਗਵਿੰਦਰ ਸਿੰਘ ਸ਼ੇਰਗਿੱਲ ਸੀਨੀਅਰ ਮੀਤ ਪ੍ਰਧਾਨ ਕੈਨੇਡਾ ਯੂਨਿਟ, ਸੁਖਵਿੰਦਰ ਸਿੰਘ ਦੁਲੱਦੀ ਪ੍ਰਧਾਨ ਯੂਐਸਏ ਯੂਨਿਟ, ਫਤਿਹ ਸਿੰਘ ਮਾਨ ਪ੍ਰਧਾਨ ਆਸਟ੍ਰੇਲੀਆ ਯੂਨਿਟ, ਅਰਪਨਦੀਪ ਸਿੰਘ ਪ੍ਰਧਾਨ ਨਿਊਜ਼ੀਲੈਂਡ ਯੂਨਿਟ ਅਤੇ ਜਸਪ੍ਰੀਤ ਸਿੰਘ ਪ੍ਰਧਾਨ ਇਟਲੀ ਯੂਨਿਟ ਅਤੇ ਉਨ੍ਹਾਂ ਦੇ ਸਾਥੀਆਂ ਦਾ ਅਹਿਮ ਯੋਗਦਾਨ ਰਿਹਾ। ਇਸ ਮੌਕੇ ਟੌਹੜਾ ਕਬੱਡੀ ਕੱਪ ਦੇ ਪ੍ਰਧਾਨ ਦਰਸ਼ਨ ਸਿੰਘ ਖੋਖ,ਸੀ. ਮੀ. ਪ੍ਰਧਾਨ ਸੁੱਖੀ ਇਛੇਵਾਲ, ਜਨਰਲ ਸਕੱਤਰ ਗੁਰਕੀਰਤ ਸਿੰਘ ਕਾਲਸਣਾ, ਕੈਸ਼ੀਅਰ ਲਖਵਿੰਦਰ ਸਿੰਘ ਖੱਟੜਾ, ਗੁਰਿੰਦਰ ਸਿੰਘ ਗੁਰੀ ਨਲੀਨਾ ਮੀਤ ਪ੍ਰਧਾਨ, ਮੀਤ ਪ੍ਰਧਾਨ ਪ੍ਰੀਤ ਬਤਰਾ, ਜਥੇਬੰਦਕ ਸਕੱਤਰ ਦਲੇਰ ਸਿੰਘ ਬੋਪਾਰਾਏ, ਬਿਕਰ ਸਿੰਘ ਸਹੌਲੀ, ਮਹਿੰਗਾ ਸਿੰਘ ਭੜੀ, ਗੁਰਜੀਤ ਸਿੰਘ ਚੌਧਰੀ ਮਾਜਰਾ, ਮਾਸਟਰ ਜਸਪਾਲ ਸਿੰਘ ਧਾਰੋਂਕੀ, ਦਲਜੀਤ ਸਿੰਘ ਸੰਧੂ, ਬਚਿੱਤਰ ਸਿੰਘ ਬੋਪਾਰਾਏ, ਸੁਰਿੰਦਰ ਸਿੰਘ ਜਿੰਦਲਪੁਰ, ਜਗਜੀਤ ਸਿੰਘ ਜਾਤੀਵਾਲ, ਸ਼ਰਨਜੀਤ ਸਿੰਘ ਰਜਵਾੜਾ, ਬਲਜਿੰਦਰ ਸਿੰਘ ਸਰਪੰਚ ਟੌਹੜਾ, ਹਰਭਜਨ ਸਿੰਘ ਟੌਹੜਾ, ਮਾਸਟਰ ਸੁਖਜਿੰਦਰ ਸਿੰਘ, ਰਾਜਿੰਦਰ ਸਿੰਘ ਮੈਨੇਜਰ, ਜਗਜੀਤ ਸਿੰਘ ਧੂਰੀ, ਸੁਖਜਿੰਦਰ ਸਿੰਘ ਟੌਹੜਾ, ਜਸਵੰਤ ਸਿੰਘ ਅਕੌਤ, ਜਗਤਾਰ ਸਿੰਘ ਬੌਬੀ ਮਾਜਰੀ ਅਕਾਲੀਆਂ,  ਸੰਤ ਸਿੰਘ ਟੌਹੜਾ, ਮਨਮੋਹਨ ਸਿੰਘ ਟੌਹੜਾ, ਬਾਬਾ ਸੁਰਜੀਤ ਸਿੰਘ, ਦਵਿੰਦਰ ਸ਼ਰਮਾ ਆਦਿ ਹਾਜ਼ਰ ਸਨ। ਇਸ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਕਬੱਡੀ ਖਿਡਾਰੀ ਬਬਲੀ ਨਾਭਾ, ਕਾਕਾ ਘਣੀਵਾਲ, ਸੋਨੀ ਘਣੀਵਾਲ ਤੇ ਨੰਨੀ ਕੋਚ ਦਾ ਵੱਡਾ ਯੋਗਦਾਨ ਰਿਹਾ। ਕਮੈਂਟਰੀ ਦੀ ਸੇਵਾ ਸਤਪਾਲ ਖਡਿਆਲ, ਸੰਧੂ ਬ੍ਰਦਰਜ਼ ਤੇ ਕੁਲਬੀਰ ਥੂਹੀ ਨੇ ਨਿਭਾਈ। 


ਸਪੈਸ਼ਲ ਬੱਚਿਆਂ ਦੀਆਂ ਖੇਡਾਂ ਰਹੀਆਂ ਵਿਸ਼ੇਸ਼ ਆਕਰਸ਼ਨ

ਟੌਹੜਾ ਕੱਬਡੀ ਕੱਪ ਵਿਚ ਪਹਿਲੇ ਦਿਨ ਸਪੈਸ਼ਲ ਬੱਚਿਆਂ ਦੀਆਂ ਖੇਡਾਂ ਵਿਸ਼ੇਸ਼ ਆਕਰਸ਼ਨ ਰਹੀਆਂ, ਜਿਸ ਵਿੱਚ ਬਹੁਤ ਸਾਰੇ ਬੱਚਿਆਂ ਨੇ ਭਾਗ ਲਿਆ. ਟੂਰਨਾਮੈਂਟ ਵਿਚ ਵਿਸ਼ੇਸ਼ ਆਕਰਸ਼ਣ ਬਣੀਆਂ ਸਪੈਸ਼ਲ ਬੱਚਿਆਂ ਦੀਆਂ ਖੇਡਾਂ ਵਿਚ ਭਾਗ ਲੈਣ ਲਈ ਆਏ ਹਰੇਕ ਸਪੈਸ਼ਲ ਬੱਚੇ ਲਈ 650 ਟੀ ਸ਼ਰਟਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀਆਂ ਗਈਆਂ ਜਦ ਕਿ 650 ਬੂਟਾਂ ਦੇ ਜੋੜੇ ਟਿਵਾਣਾ ਸੌਲਵੈਕਸ ਖਰੋੜੀ ਨੇ ਦਿੱਤੇ ਅਤੇ ਪਿੰਡ ਟੌਹੜਾ ਦੇ ਵਿਕਾਸ ਲਈ ਬਲਕਾਰ ਸਿੰਘ ਬਾਰਨ ਪੀਏ ਮੈਂਬਰ ਰਾਜ ਸਭਾ ਸ. ਬਲਵਿੰਦਰ ਸਿੰਘ ਭੁੰਦੜ ਦੇ ਅਖਤਿਆਰੀ ਕੋਟੇ ਵਿਚੋਂ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ।



Tuesday, September 24, 2019

ਗੁਰਦਾਸ ਮਾਨ ਹੁਣ ਦਸਮ ਗ੍ਰੰਥ ਦੇ ਮਹਾਂਵਾਕ ਦੀ ਬੇਅਦਬੀ ਕਰਨ ਕਾਰਨ ਉਲਝੇ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦਾਸ ਮਾਨ ਵਿਰੁੱਧ ਕਰੇਗੀ ਕਾਰਵਾਈ : ਭਾਈ ਲੋਂਗੋਵਾਲ

ਗੁਰਦਾਸ ਮਾਨ ਮਾਫੀ ਮੰਗੇ : ਪੰਡਤ ਰਾਓ ਧਰੇਨਵਰ

ਪਟਿਆਲਾ : ਪੰਜਾਬੀ ਗਾਇਕ ਗੁਰਦਾਸ ਮਾਨ ਇਕ ਤੋਂ ਇਕ ਨਵੇਂ ਵਿਵਾਦ ਵਿੱਚ ਉਲਝਦੇ ਜਾ ਰਹੇ ਹਨ, ਅੱਜ ਉਨ੍ਹਾਂ ਦੀ ਇਕ ਹੋਰ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਉਨ੍ਹਾਂ ਨੇ ਦਸਮ ਗ੍ਰੰਥ ਵਿਚਲੇ ਮਹਾਂਵਾਕ ਦੀ ਬੇਅਦਬੀ ਕਰ ਦਿੱਤੀ ਹੈ। ਉਹ ਸਟੇਜ਼ ਤੇ ਗਾ ਰਹੇ ਹਨ, ‘‘ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ।  ਡਰੋ ਅਰਿ ਸੋ ਜਬ ਜਾਇ ਲਰੇ ਨਿਸਚੈ ਕਰਿ ਅਪੁਨੀ ਜੀਤ ਕਰੋ। ਦੇਹ ਸ਼ਿਵਾ... ਓਮ ਨਮੋ ਸ਼ਿਵਾਏ.. ਓਮ ਨਮੋ ਸ਼ਿਵਾਏ..ਬਮ ਬਮ....’’
ਦਸਮ ਗ੍ਰੰਥ ਵਲੋਂ ਲਏ ਇਸ ਮਹਾਵਾਕ ਨੂੰ ਸਨਾਤਨ ਧਰਮ ਦੇ ਦੇਵਤੇ ਨਾਲ ਸਿੱਧਾ ਜੋੜਨ ਦਾ ਕਾਰਨ ਕਈ ਵਿਦਵਾਨ ਸਿੱਧੇ ਤੌਰ ਤੇ ਹੀ ਕਹਿੰਦੇ ਹਨ ਕਿ ਇਹ ਸਿਵਜੀ ਤੋ਼ ਵਰਦਾਨ ਮੰਗਿਆ ਗਿਆ ਹੈ।  ਜਿਵੇਂ ਡਾ. ਰਤਨ ਸਿੰਘ ਜੱਗੀ ਇਸ ਸ਼ਬਦ ਦੀ ਵਿਆਖਿਆ ਇੰਜ ਕਰਕੇ ਹਨ ‘ਹੇ ਸ਼ਿਵਾ! ਮੈਨੂੰ ਇਹ ਵਰ ਦੇ ਕਿ (ਮੈਂ) ਸ਼ੁਭ ਕੰਮਾਂ (ਨੂੰ ਕਰਨੋ) ਨ ਟਲਾਂ। ਜਦੋਂ ਵੈਰੀ ਨਾਲ (ਰਣ-ਭੂਮੀ ਵਿੱਚ ਜਾ ਕੇ) ਲੜਾਂ ਤਾਂ (ਜ਼ਰਾ) ਨ ਡਰਾਂ ਅਤੇ ਨਿਸ਼ਚੇ ਹੀ ਆਪਣੀ ਜਿਤ ਪ੍ਰਾਪਤ ਕਰਾਂ।’
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿਵ ਸ਼ਬਦ ਕਈ ਵਾਰੀ ਆਇਆ ਹੈ ਪਰ ਇਨ੍ਹਾਂ ਸ਼ਬਦਾਂ ਦਾ ਭਾਵ ਕੀ ਹੈ ਇਸ ਬਾਰੇ ਹੇਠਾਂ ਕੁਝ ਪੰਕਤੀਆਂ ਦਿੱਤੀਆਂ ਹਨ
1. ਸਿਵ ਸਿਵ ਕਰਤੇ ਜੋ ਨਰੁ ਧਿਆਵੈ॥ਬਰਦ ਚਢੇ ਡਉਰੂ ਢਮਕਾਵੈ॥ ਪੰਨਾ 874॥
ਇਹਨਾ ਪੰਗਤੀਆ ਦਾ ਅਰਥ ਹੈ ਕਿ ਜੋ ਵੀ ਆਦਮੀ ਸ਼ਿਵਜੀ ਨੂੰ ਧਿਆੳਂਦਾ ਹੈ ਉੱਹ ਜ਼ਿਆਦਾ ਤੋਂ ਜ਼ਿਆਦਾ ਬਲਦ ਤੇ ਚੜ੍ਹ ਕੇ ਡਉਰੂ ਹੀ ਵਜਾ ਸਕਦਾ ਹੈ।
2. ਹੈ ਨਾਹੀ ਕੋਊ ਬੂਝਨਹਾਰੈ ਜਾਨੈ ਕਵਨ ਭਤਾ॥  ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ॥ ਮ:5,ਪੰਨਾ 498॥
ਇਨ੍ਹਾਂ ਪੰਗਤੀਆ ਵਿੱਚ ਵੀ ਗੁਰੂ ਸਾਹਿਬਾਂ ਇਹ ਬਿਆਨ ਕੀਤਾ ਹੈ ਕਿ ਸ਼ਿਵਜੀ ਤੇ ਬ੍ਰਹਮਾ ਵੀ ਪ੍ਰਮਾਤਮਾ ਦੇ ਸਹੀ ਸਰੂਪ ਨੂੰ ਨਹੀ ਸਮਝ ਸਕੇ।
3.  ਕਰਣ ਪਲਾਹ ਕਰਹਿ ਸਿਵ ਦੇਵ॥ ਤਿਲੁ ਨਹੀ ਬੂਝਹਿ ਅਲਖ ਅਭੇਵ॥ਪੰਨਾ 867,ਮ:5॥
ਸ਼ਿਵਜੀ ਅਤੇ ਹੋਰ ਅਨੇਕਾਂ ਦੇਵਤੇ ਪ੍ਰਮਾਤਮਾ ਦੇ ਅਸਲੀ ਸਰੂਪ ਨੂੰ ਬਿਆਨ ਕਰਨ ਲਈ ਤਰਲੇ ਲੈਂਦੇ ਹਨ ਪਰ ਇੱਕ ਤਿਲ ਜਿਨ੍ਹਾ ਵੀ ਪ੍ਰਮਾਤਮਾ ਦਾ ਸਰੂਪ ਬਿਆਨ ਨਹੀ ਕਰ ਸਕੇ।
4.  ਇਸ ਧਨ ਕਾਰਣਿ ਸਿਵ ਸਨਕਾਦਿਕ ਖੋਜਤ ਭਏ ਉਦਾਸੀ॥ ਮਨਿ ਮੁਕੰਦੁ ਜਿਹਬਾ ਨਾਰਾਇਨੁ ਪਰੈ ਨ ਜਮ ਕੀ ਫਾਸੀ॥ ਕਬੀਰ,ਪੰਨਾ 336॥
ਇਸ ਮਾਇਆ ਦੀ ਖਾਤਰ ਸ਼ਿਵ ਜੀ ਤੇ ਸਨਕਾਦਿਕ (ਬ੍ਰਹਮਾ ਦੇ ਚਾਰੇ ਪੁਤਰ) ਵਿਰੱਕਤ ਹੋ ਗਏ। ਜਿਸ ਦੇ ਮਨ ਔਰ ਜੀਭਾ ਤੇ ਪ੍ਰਮਾਤਮਾ ਦਾ ਨਾਮ ਹੋਵੇ ਉੱਸਨੂੰ ਜਮ (ਮਾਇਆ ਦਾ ਮੋਹ) ਦੀ ਫਾਂਸੀ ਨਹੀਂ ਪੈ ਸਕਦੀ।
5.  ਅੰਤੁ ਨ ਪਾਵਤ ਦੇਵ ਸਬੈ ਮੁਨਿ ਇਦ੍ਰ ਮਹਾ ਸਿਵ ਜੋਗ ਕਰੀ॥ ਫੁਨਿ ਬੇਦ ਬਿਰੰਚਿ ਰਹਿਓ ਹਰਿ ਜਾਪ ਨ ਛਾਡਯਓ ਏਕ ਘਰੀ॥ਭੱਟ,ਪੰਨਾ 1409॥ ਇੰਦਰ ਤੇ ਸ਼ਿਵਜੀ ਨੇ ਯੋਗ ਸਾਧਨਾ ਕੀਤੀ, ਬ੍ਰਹਮਾ ਵੇਦ ਵਿਚਾਰ ਕੇ ਥੱਕ ਗਿਆ, ਉੱਸਨੇ ਹਰੀ ਦਾ ਜਾਪ ਇੱਕ ਘੜੀ ਨਹੀਂ ਛੱਡਿਆ, ਪਰ ਇਨ੍ਹਾਂ ਸਾਰਿਆਂ ਦੇਵਤਿਆਂ ਤੇ ਮੁਨੀਆਂ ਨੇ (ਗੁਰੂ ਅਰਜਨੁ ਦਾ) ਅੰਤ ਨਹੀ ਪਾਇਆ। ਪ੍ਰੋ: ਸਾਹਿਬ ਸਿੰਘ ਵਿਆਖਿਆਕਾਰ।
ਇਸ ਕਰਕੇ ਸਿੱਖਾਂ ਨੇ ਗੁਰਦਾਸ ਮਾਨ ਨੂੰ ਘੇਰਿਆ ਹੈ। ਸਿੱਖ ਵਿਦਵਾਨ ਬਲਵਿੰਦਰ ਜਾਤੀਵਾਲ ਕਹਿ ਰਹੇ ਹਨ ਕਿ ਗੁਰਦਾਸ ਮਾਨ ਨੇ ਪਹਿਲਾਂ ਪੰਜਾਬੀ ਮਾਂ ਬੋਲੀ ਨਾਲ ਧੋਖਾ ਕੀਤਾ ਹੁਣ ਇਹ ਸਾਡੇ ਧਾਰਮਿਕ ਮੁੱਦਿਆਂ ਤੇ ਵੀ ਦਖਲ ਅੰਦਾਜੀ ਕਰ ਰਿਹਾ ਹੈ, ਜੋ ਬਰਦਾਸਤ ਨਹੀਂ ਹੁੰਦੇ।
ਉਧਰ ਅੱਜ ਪਿੰਡ ਟੌਹੜਾ ਵਿਚ ਆਏ ‌ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦਾਸ ਮਾਨ ਵਿਰੁੱਧ ਕਾਰਵਾਈ ਕਰੇਗੀ।
ਉਧਰ ਪੰਜਾਬੀ ਅਤੇ ਪੰਜਾਬੀਅਤ ਤੇ ਪਹਿਰੇਦਾਰ ਪੰਡਿਤਰਾਓ ਧਰੇਨਵਰ ਨੇ ਪਟਿਆਲਾ ਦੇ ਬੱਸ ਸਟੈਂਡ ਤੋਂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਤੱਕ ਮਾਰਚ ਕੀਤਾ ਤੇ ਗੁਰਦੁਆਰਾ ਸਾਹਿਬ ਵਿਚ ਆਕੇ ਕਿਹਾ ਕਿ ਗੁਰਦਾਸ ਮਾਨ ਨੂੰ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ।


Monday, September 23, 2019

ਗੁਰਦਾਸ ਮਾਨ ਭਾਸ਼ਾ ਵਿਗਿਆਨੀ ਨਹੀਂ ਉਹ ਸਿਰਫ ਪੈਸੇ ਦਾ ਪੁੱਤ : 300 ਪੰਜਾਬੀ ਲੇਖਕ

-ਆਉਂਦੇ ਦਿਨਾ ਵਿਚ ਹੰਸ ਰਾਜ ਹੰਸ ਵਾਂਗ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ

-ਪੰਜਾਬੀ ਬੋਲੀ ਤੋਂ ਕਰੋੜਾਂ ਰੁਪਏ ਕਮਾਉਣ ਵਾਲੇ ਗੈਕ ਗੁਰਦਾਸ ਮਾਨ ਨੇ ਆਪਣੀ ਮਾਂ ਬੋਲੀ ਨੂੰ ਪਿੱਠ ਦਿਖਾਈ 

ਬਰਨਾਲਾ :ਬਰਨਾਲਾ ਵਿਖੇ ਹੋਈ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਪੰਜਾਬੀ ਬਚਾਓ ਕਾਨਫਰੰਸ ਵਿੱਚ ਹਾਜ਼ਰ ਤਿੰਨ ਸੌ ਲੇਖਕਾਂ ਨੇ
ਗੁਰਦਾਸ ਮਾਨ ਵੱਲੋਂ ਪੰਜਾਬੀ ਮਾਂ ਮਾਂ ਦੇ ਵਿਰੁੱਧ ਜਾਕੇ ਹਿੰਦੀ ਨੂੰ ਸਮੁੱਚੇ ਭਾਰਤ ਦੀ ਭਾਸ਼ਾ ਬਣਾਉਣ ਦਾ ਵਿਰੋਧ ਕੀਤਾ ਹੈ, ਇੱਥੇ ਕਿਹਾ ਗਿਆ ਕਿ ਗੁਰਦਾਸ ਮਾਨ ਕੋਈ ਭਾਸ਼ਾ ਵਿਗਿਆਨੀ ਨਹੀਂ ਹੈ ਉਹ ਤਾਂ ਸਿਰਫ਼ ਪੈਸੇ ਦਾ ਪੁੱਤ ਹੈ, ਪੰਜਾਬੀ ਮਾਂ ਦੇ ਨਾਂ ਤੇ ਖਾਣ
ਵਾਲੇ ਹੰਸ ਰਾਜ ਹੰਸ ਭਾਜਪਾ ਵਿਚ ਸ਼ਾਮਲ ਹੋਕੇ ਐਮ ਪੀ ਬਣ ਗਏ ਹਨ ਆਉਂਦੇ ਦਿਨਾਂ ਵਿੱਚ ਗੁਰਦਾਸ ਮਾਨ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਚਰਚੇ ਸ਼ੁਰੂ ਹੋ ਗਏ ਹਨ, ਕਿਉਂਕਿ ਉਸ ਨੇ ਭਾਜਪਾ ਦੇ ਗ੍ਰਹਿ ਮੰਤਰੀ ਦੀ ਬੋਲੀ ਵਿਚ ਆਪਣਾ ਬੋਲ ਮਿਲਾਇਆ ਹੈ।
          ਪਿਛਲੇ ਦਿਨੀਂ ਭਾਰਤ ਉਤੇ ਰਾਜ ਕਰ ਰਹੀ ਆਰ.ਐਸ.ਐਸ. ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਇੱਕ ਰਾਸ਼ਟਰ, ਇੱਕ ਭਾਸ਼ਾ ਅਤੇ ਇੱਕ ਸੰਸਕ੍ਰਿਤੀ ਸ਼੍ਰੀ ਅਮਿਤ ਸ਼ਾਹ ਹੋਮ ਮਨਿਸਟਰ ਭਾਰਤ ਸਰਕਾਰ ਅਤੇ ਸਮੁੱਚੀ ਆਰ.ਐਸ.ਐਸ. ਦੇ ਨਾਹਰੇ ਦਾ ਸਮਰਥਨ ਕਰਦਿਆਂ ਪ੍ਰਸਿੱਧ ਡਫ਼ਲੀਬਾਜ ਗੈਕ (ਗਾਇਕ ਨਹੀਂ) ਗੁਰਦਾਸ ਮਾਨ ਨੇ ਕਿਹਾ ਕਿ ਜੇ ਜਰਮਨ, ਫਰਾਂਸ, ਜਪਾਨ ਦੀ ਇੱਕ ਭਾਸ਼ਾ, ਇੱਕ ਦੇਸ਼ ਹੋ ਸਕਦੀ ਹੈ ਤਾਂ ਭਾਰਤ ਦੀ ਇੱਕ ਭਾਸ਼ਾ ਹਿੰਦੀ ਹੋਣ ਵਿੱਚ ਕੀ ਇਤਰਾਜ ਹੈ। ਭਾਰਤ ਦੀ ਇੱਕੋ ਇੱਕ ਭਾਸ਼ਾ ਹਿੰਦੀ ਹੀ ਹੋਣੀ ਚਾਹੀਦੀ ਹੈ। ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਗੁਰਦਾਸ ਮਾਨ ਵੱਲੋਂ ਉਪਰੋਕਤ ਕਹੇ ਗਏ ਸ਼ਬਦਾਂ ਦਾ ਸਖਤ ਸ਼ਬਦਾਂ ਵਿੱਚ ਖੰਡਨ ਕਰਦਿਆਂ ਕਿਹਾ ਕਿ ਗੁਰਦਾਸ ਮਾਨ ਕੋਈ ਭਾਸ਼ਾ ਵਿਗਿਆਨੀ ਨਹੀਂ, ਸਗੋਂ ਪੈਸੇ ਦਾ ਪੁੱਤ ਹੈ। ਪੈਸਾ ਉਸਦੇ ਦਮਾਗ ਨੂੰ ਚੜ੍ਹ ਗਿਆ। ਇੱਕ ਗਿਆਨਹੀਣ ਗੈਕ ਜਿਨ੍ਹਾਂ ਪੰਜਾਬੀ ਭਾਸ਼ਾ ਨਾਲ ਪਿਆਰ ਕਰਨ ਵਾਲਿਆਂ ਨੂੰ ਵਿਹਲੜ ਰੌਲਾ ਪਾਊ ਦੱਸਦਾ ਹੈ, ਉਨ੍ਹਾਂ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਸਮੂਹ ਮੈਂਬਰ, ਦਮਦਮੀ ਟਕਸਾਲ ਦੇ ਚਿੰਤਕ, ਸਮੁੱਚੀਆਂ ਸਮਾਜਵਾਦੀ ਮਾਰਕਸਵਾਦੀ ਧਿਰਾਂ ਦੇ ਵਿਦਵਾਨ ਆਗੂ, ਕਿਸਾਨ ਜਥੇਬੰਦੀਆਂ ਦੇ ਆਗੂ, ਵਿਦਿਆਰਥੀ ਜਥੇਬੰਦੀਆਂ ਦੇ ਮੈਂਬਰ ਅਤੇ ਪੰਜਾਬ ਦੇ ਪ੍ਰਸਿੱਧ ਲੇਖਕ, ਵਿਦਵਾਨ, ਬੁੱਧੀਜੀਵੀ, ਪੰਜਾਬ ਵਿੱਚ ਕੰਮ ਕਰ ਰਹੀਆਂ ਜਥੇਬੰਦੀਆਂ, ਸਾਹਿਤ ਸਭਾਵਾਂ, ਕੇਂਦਰੀ ਪੰਜਾਬੀ ਲੇਖਕ ਸਭਾਵਾਂ, ਸੱਭਿਆਚਾਰ ਨਾਟ ਮੰਡਲੀਆਂ ਦੇ ਮੈਂਬਰ ਆਦਿ ਸ਼ਾਮਲ ਹਨ। ਗੁਰਦਾਸ ਮਾਨ ਦੀ ਗੈਕੀ ਸਮਝ ਇਹ ਹੈ ਕਿ ਸਾਰੇ ਵਿਹਲੜ ਹਨ। ਡਾ. ਮਾਨ ਨੇ ਸਪੱਸ਼ਟ ਕੀਤਾ ਕਿ ਇੱਕ ਅਨਪੜ੍ਹ ਨੂੰ ਇਹ ਵੀ ਨਹੀਂ ਪਤਾ ਜਰਮਨੀ, ਫਰਾਂਸ, ਜਪਾਨ ਅੰਦਰ ਕੋਈ ਰਾਸ਼ਟਰ ਵੱਖਰਾ ਨਹੀਂ। ਉਹ ਜਰਮਨ, ਫਰਾਂਸੀਸੀ ਜਾਂ ਜਾਪਾਨੀ ਹਨ ਪਰ ਭਾਰਤ ਦਾ ਸੰਵਿਧਾਨ ਮੰਨਦਾ ਹੈ ਕਿ ਭਾਰਤ ਇੱਕ ਸੰਘੀ ਦੇਸ਼ ਹੈ। ਇਸ ਵਿੱਚ ਬਾਈ ਰਾਸ਼ਟਰੀ ਭਾਸ਼ਾਵਾਂ ਹਨ। ਜੇਕਰ ਬਾਈ ਰਾਸ਼ਟਰੀ ਭਾਸ਼ਾਵਾਂ ਤਾਂ  ਭਾਰਤ ਘੱਟੋ ਘੱਟ ਬਾਈ ਰਾਸ਼ਟਰਾਂ ਦਾ ਸੰਘ ਤਾਂ ਹੈ ਹੀ। ਹਕੀਕਤ ਵਿੱਚ ਭਾਰਤ ਇੱਕ ਰਾਸ਼ਟਰੀ, ਇੱਕ ਭਾਸ਼ਾ, ਇੱਕ ਸੱਭਿਆਚਾਰੀ ਕਦੇ ਰਿਹਾ ਹੀ ਨਹੀਂ ਅਤੇ ਨਾ ਹੈ। ਇਹ ਬਹੁਵਾਦ ਸਿਧਾਂਤ ਅਨੁਸਾਰ ਬਹੁਰਾਸ਼ਟਰੀ, ਬਹੁਭਾਸ਼ੀ, ਬਹੁਸੱਭਿਆਚਾਰੀ ਦੇਸ਼ ਹੈ, ਆਰ.ਐਸ.ਐਸ. ਅਤੇ ਰਾਜ ਸੱਤਾ ਪ੍ਰਾਪਤ ਧਿਰ ਇਸੇ ਦੇਸ਼ ਨੂੰ ਹਿੰਦੂਮੁਸਲਿਮ ਵਜੋਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਸਾਜਿਸ਼ ਕਰ ਰਹੀ ਹੈ, ਜਿਸਦਾ ਸਮਰਥਨ ਗੁਰਦਾਸ ਮਾਨ ਅਤੇ ਇਸ ਇੱਕ ਹੋਰ ਸਾਥੀ ਹੰਸ ਰਾਜ ਹੰਸ ਕਰ ਰਹੇ ਹਨ। ਹੰਸ ਰਾਜ ਹੰਸ ਤਾਂ ਐਮ.ਪੀ ਬਣ ਗਿਆ। ਗੁਰਦਾਸ ਮਾਨ ਵੱਲੋਂ ਕੀਤੀ ਜਾ ਰਹੀ ਸ਼੍ਰੀ ਅਮਿਤ ਸ਼ਾਹ ਦੀ ਚਮਚਾਗਿਰੀ ਦਾ ਅਰਥ ਉਸਦਾ ਨਿਕਟ ਭਵਿੱਚ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਦਾ ਹੈ।
ਬਰਨਾਲਾ ਵਿਖੇ ਹੋਈ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਪੰਜਾਬੀ ਬਚਾਓ ਕਾਨਫਰੰਸ ਵਿੱਚ ਹਾਜ਼ਰ ਤਿੰਨ ਸੌ ਲੇਖਕਾਂ ਨੇ ਡਾ. ਮਾਨ ਦੀ ਹਾਮੀ ਭਰੀ। ਇੰਨ੍ਹਾਂ ਲੇਖਕਾਂ ਵਿੱਚ ਓਮ ਪ੍ਰਕਾਸ਼ ਗਾਸੋ, ਡਾ. ਨਰਵਿੰਦਰ ਸਿੰਘ ਕੌਸ਼ਲ, ਜਗੀਰ ਸਿੰਘ ਜਗਾਤਾਰ, ਡਾ. ਭਗਵੰਤ ਸਿੰਘ, ਭਾਰਤੀ ਸਾਹਿਤ ਅਕਾਡਮੀ ਪੁਰਸਕਾਰ ਜੇਤੂ ਪਵਨ ਹਰਚੰਦਪੁਰੀ, ਡਾ. ਜ਼ੋਗਿੰਦਰ ਸਿੰਘ ਨਿਰਾਲਾ, ਪ੍ਰੋ. ਸੰਧੂ ਵਰਿਅਣਵੀ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਪ੍ਰਸਿੱਧ ਲੋਕ ਗਾਇਕ ਜਗਰਾਜ ਧੌਲਾ, ਡਾ. ਤੇਜਾ ਸਿੰਘ ਤਿਲਕ, ਗੁਲਜ਼ਾਰ ਸਿੰਘ ਸ਼ੌਂਕੀ, ਡਾ. ਸੁਰਿੰਦਰ ਭੱਠਲ, ਮਿੰਦਰ ਪਾਲ ਭੱਠਲ, ਡਾ. ਤਰਸਪਾਲ ਕੌਰ, ਕਹਾਣੀਕਾਰ ਅਤਰਜੀਤ, ਗੁਰਚਰਨ ਕੌਰ ਕੋਚਰ, ਡਾ. ਭੁਪਿੰਦਰ ਸਿੰਘ ਬੇਦੀ, ਜਗਤਾਰ ਕੱਟੂ, ਅਮਨਦੀਪ ਸਿੰਘ ਟੱਲੇਵਾਲੀਆ, ਸੁਖਦੇਵ ਔਲਖ, ਨਿਰਪਾਲ ਸਿੰਘ, ਨਵਰਾਹੀ ਘੁਗਿਆਣਵੀ, ਮਿੰਠਾ ਸਿੰਘ ਸੇਖੋਂ, ਜਗਦੀਸ਼ ਕੂਲਰੀਆਂ, ਸੁਰਿੰਦਰ ਕੌਰ ਰਸੀਆ, ਬਿੱਕਰ ਸਿੰਘ ਸਿੱਧੂ, ਕਰਤਾਰ ਠੁੱਲੀਵਾਲ, ਸੁਰਜੀਤ ਦਿਹੜ, ਸਾਗਰ ਸਿੰਘ ਸਗਾਰ, ਭਗਤੂ ਬੋਲੀਆਂ ਵਾਲਾ, ਭੋਲਾ ਸਿੰਘ ਸੰਘੇੜਾ, ਬਲਵੀਰ ਬੱਲੀ, ਅਵਤਾਰ, ਸੰਧੂ ਆਦਿ ਸ਼ਾਮਲ ਸਨ। ਇਸ ਦੌਰਾਨ ਮਾਲਵਾ ਰਿਸਰਚ ਸੈਂਟਰ ਦੇ ਸਰਪ੍ਰਸਤ ਤੇ ਵਿਸ਼ਵ ਚਿੰਤਕ ਦਾ ਡਾ. ਸਵਰਾਜ ਸਿੰਘ ਨੇ ਗੁਰਦਾਸ ਮਾਨ ਵੱਲੋਂ ਕੈਨੇਡਾ ਵਿਖੇ ਸ਼ੋਅ ਦੌਰਾਨ ਪੰਜਾਬੀ ਔਰਤਾਂ ਬੱਚਿਆਂ ਦੀ ਮੌਜੂਦਗੀ ਵਿੱਚ ਵਰਤੀ ਭੈੜੀ ਸ਼ਬਦਾਵਲੀ ਨੂੰ ਅਸੱਭਿਅਕ ਕਰਾਰ ਦਿੱਤਾ, ਅਤੇ ਇੱਕ ਭਾਸ਼ਾ ਇੱਕ ਰਾਸ਼ਟਰ ਦੀ ਵਕਾਲਤ ਕਰਕੇ ਸਮੁੱਚੇ ਪੰਜਾਬੀ ਪਿਆਰਿਆਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਈ ਹੈ। ਇਹ ਕਾਰਵਾਈ
ਅਤਿ ਨਿੰਦਣਯੋਗ ਹੈ।
ਜਾਰੀ ਕਰਤਾ: ਡਾ. ਭਗਵੰਤ ਸਿੰਘ ਬੁਲਾਰਾ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ।ਫੋਨ 9814851500

Saturday, September 21, 2019

ਗੁਰਦਾਸ ਮਾਨ ਮਾਂ ਬੋਲੀ ਦਾ ‘ਗ਼ੱਦਾਰ’

ਗੁਰਦਾਸ ਮਾਨ ਦਾ ਪੰਜਾਬੀ ਜਗਤ ਵੱਲੋਂ ਬਾਈਕਾਟ ਦਾ ਸੱਦਾ

ਪਟਿਆਲਾ : ਗੁਰਦਾਸ ਮਾਨ ਦੇ ਐਬਟਸਫੋਰਡ ਵਿਖੇ ਹੋ ਰਹੇ ਸ਼ੋਅ ਦੇ ਬਾਹਰ
ਸੈਂਕੜਿਆਂ ਦੀ ਗਿਣਤੀ’ ਚ ਪੰਜਾਬੀਆਂ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਤਖ਼ਤੀਆਂ ਤੇ ਲਿਖ ਕੇ ਗੁਰਦਾਸ ਮਾਨ ਨੂੰ ਲਾਹਣਤਾ ਪਾਈਆਂ ਗਈਆਂ, ਪੰਜਾਬੀ ਜਗਤ ਦੇ ਲੇਖਕ ਡਾ. ਭਗਵੰਤ ਮਾਨ ਵੱਲੋਂ ਗੁਰਦਾਸ ਮਾਨ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ। ਗੁਰਦਾਸ ਮਾਨ ਨੂੰ ਪੰਜਾਬੀ ਮਾਂ ਦਾ ‘ਗ਼ੱਦਾਰ’ ਕਰਾਰ ਦਿੱਤਾ ਗਿਆ।  ਜ਼ਿਕਰਯੋਗ ਹੈ ਕਿ ਇਕ ਵੀਡੀਓ ਰਾਹੀਂ ਗੁਰਦਾਸ ਮਾਨ ਨੇ ਕਿਹਾ ਸੀ ਕਿ ਸਾਰੇ ਹਿੰਦੁਸਤਾਨ ਦੀ ਭਾਸ਼ਾ ਇਕ ਹੋਣੀ ਚਾਹੀਦੀ ਹੈ, ਜਿਸ ਨਾਲ ਪੰਜਾਬੀ ਭਰਾਵਾਂ ਨੂੰ ਗ਼ੁੱਸਾ ਆਗਿਆ, ਉਨ੍ਹਾਂ ਕਹਿ ਦਿੱਤਾ ਕਿ ਗੁਰਦਾਸ ਮਾਨ ਨੇ ਆਰਐਸਐਸ ਦੇ ਹਿੰਦੂ ਹਿੰਦੀ ਹਿੰਦੁਸਤਾਨ ਤੇ ਏਜੰਡੇ ਤੇ ਹਾਮੀ ਭਰੀ ਹੈ। ਪੰਜਾਬ ਵਿਚ ਤੇ ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀਆਂ ਵਿਚ ਗ਼ੁੱਸਾ ਭੜਕ ਉੱਠਿਆ। ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਕਿਹਾ ਹੈ ਕਿ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਭਾਰਤ ’ਚ ਇੱਕ ਭਾਸ਼ਾ ਹਿੰਦੀ, ਇਕ ਰਾਸ਼ਟਰ ਅਤੇ ਇੱਕ ਸੱਭਿਆਚਾਰ ਦੇ ਹੱਕ ’ਚ ਖੜ੍ਹ ਕੇ ਪੰਜਾਬ ਤੇ ਪੰਜਾਬੀ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਸਭਾ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਅਜਿਹੇ ਅਖੌਤੀ ਪੰਜਾਬੀ ਗਾਇਕਾਂ ਦੇ ਮੁਕੰਮਲ ਬਾਈਕਾਟ ਦਾ ਸੱਦਾ ਦਿੱਤਾ ਹੈ। ਡਾ. ਤੇਜਵੰਤ ਮਾਨ ਨੇ ਕਿਹਾ ਕਿ ਜਿਸ ਵਿਅਕਤੀ ਨੇ 40 ਸਾਲ ਮਾਂ ਬੋਲੀ ਦੀ ਸੇਵਾ ਦੇ ਨਾਂ ਹੇਠ ਪੈਸਾ ਅਤੇ ਸ਼ੋਹਰਤ ਹਾਸਲ ਕੀਤੀ ਹੋਵੇ, ਉਸ ਵੱਲੋਂ ਆਰਐੱਸਐਸ ਦੇ ਹਿੰਦੂਤਵੀ ਏਜੰਡੇ- ਇੱਕ ਭਾਸ਼ਾ ਇੱਕ ਰਾਸ਼ਟਰ ਅਤੇ ਇੱਕ ਸੱਭਿਆਚਾਰ ਦੀ ਵਕਾਲਤ ਕਰਕੇ ਮਾਂ ਬੋਲੀ ਪੰਜਾਬੀ ਨਾਲ ਧ੍ਰੋਹ ਕਮਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਨੇ ਗਾਇਕੀ ਜਿਹੀ ਸੂਖ਼ਮ ਕਲਾ ਦੀ ਪਵਿੱਤਰਤਾ ਨੂੰ ਵੀ ਭੰਗ ਕਰ ਕੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਅਜਿਹਾ ਕਰ ਕੇ ਉਸ ਨੇ ਪੰਜਾਬੀ ਗਾਇਕੀ ਦੀਆਂ ਸ਼ਾਨਦਾਰ ਰਵਾਇਤਾਂ
ਨੂੰ ਤੋੜਿਆ ਹੈ। ਇਸ ਨਾਲ ਗਾਇਕ ਹੁਣ ਅਖੌਤੀ ਪੰਜਾਬੀ ਗਾਇਕਾਂ ਦੀ ਕਤਾਰ ਵਿਚ ਖੜ੍ਹਾ ਹੋ ਗਿਆ ਹੈ। ਡਾ. ਮਾਨ ਨੇ ਕਿਹਾ ਕਿ ਭਾਰਤ ਦੀ ਬਹੁਕੌਮੀ, ਬਹੁ-ਭਾਸ਼ਾਈ ਤੇ ਬਹੁ-ਸੱਭਿਆਚਾਰਕ ਪਛਾਣ ਨੂੰ ਖ਼ਤਮ ਕਰਨ ਵਾਲੀਆਂ ਤਾਕਤਾਂ ਦੇ ਹੱਥਾਂ ਵਿਚ ਖੇਡਣ ਵਾਲੇ ਗੁਰਦਾਸ ਮਾਨ ਨੇ ਕਾਫ਼ੀ ਕੁਟਿਲਤਾ ਨਾਲ ਪੰਜਾਬੀ ਭਾਸ਼ਾ ਦੇ ਹਿਤੈਸ਼ੀਆਂ ਨੂੰ ਵਿਹਲੜ ਗਰਦਾਨ ਕੇ ਆਪਣੀ ਗੁਲਾਮ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਡਾ. ਤੇਜਵੰਤ ਮਾਨ ਨੇ ਕਿਹਾ ਕਿ ਗੁਰਦਾਸ ਮਾਨ ਨੂੰ ਭਾਰਤ ਦੀ ਵੰਨ-ਸੁਵੰਨਤਾ ਅਤੇ ਬਹੁਕੌਮੀ ਸਰੂਪ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ।
ਅੱਜ ਜਦੋਂ ਐਬਟਸਫੋਰਡ ਵਿਚ ਗੁਰਦਾਸ ਮਾਨ ਆਪਣਾ ਸਟੇਜ ਪ੍ਰੋਗਰਾਮ ਕਰ ਰਹੇ ਸਨ ਤਾਂ ਉਨ੍ਹਾਂ ਨੇ ਬੋਲਾਂ ਤੇ ਵੀ ਚਰਚਾ ਸ਼ੁਰੂ ਹੋਈ ਗੁਰਦਾਸ ਮਾਨ ਨੂੰ ਲਾਹਣਤਾ ਪੈਣ ਲੱਗੀਆਂ, ਉੱਘੇ ਬਰਾਡਕਾਸਟਰ ਬਲਤੇਜ ਪੰਨੂ ਅਨੁਸਾਰ 'ਬਾਬਾ ਬੋਹੜ ਗਾਇਕ' ਨੇ ਸਟੇਜ ਤੇ ਕਿਹਾ ਹੈ ਬੱਤੀ ਬਣਾ ਕੇ ਮੋੜ ਕੇ-----ਲੈ ਲਾ! ਸੁਣਿਆ ਸੀ ਬੰਦਾ ਬਹੱਤਰ ਜਾਂਦਾ ਪਰ ਹੁਣ ਤਾਂ ਸਾਹਮਣੇ ਹੈ! ਕੁਝ ਬੋਲਿਆ ਸੀ ਤਾਂ ਵਿਰੋਧ ਵੀ ਹੋਣਾ ਸੀ ਪਰ ਆਹ ਭਾਸ਼ਾ-----!!!!!! "ਹੁਣ ਤੈਨੂੰ ਕੀ ਆਖਾਂ ਫੇਲ ਕਹਾਂ ਜਾਂ ਤੈਨੂੰ ਪਾਸ"। ਬਲਤੇਜ ਪੰਨੂ ਵਰਗੇ ਹੋਰ ਬਹੁਤ ਸਾਰੇ ਪੰਜਾਬੀ ਚਿੰਤਕਾਂ ਨੇ ਗੁਰਦਾਸ ਮਾਨ ਦਾ ਵਿਰੋਧ ਕੀਤਾ ਹੈ।  ਸੋਸ਼ਲ ਮੀਡੀਆ ਤੇ ਮਾਨ ਵਿਰੁੱਧ ਬਹੁਤ ਵੱਡੀ ਚਰਚਾ ਚੱਲ ਰਹੀ ਹੈ ਜਿਵੇਂ ਪੰਜਾਬੀਆਂ ਨੇ ਜੋ "ਇਕ ਰਾਸ਼ਟਰ ਇਕ ਭਾਸ਼ਾ" ਤੇ ਇਸ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ ਉਸ ਤੋਂ ਬੁਖਲਾ ਗਿਆ ਹੈ ਸ਼ਾਇਦ ਮਾਨ। ਜੋ ਵੀਡੀਓ ਸੋਸ਼ਲ ਮੀਡੀਆ ਤੇ ਮਾਨ ਵੱਲੋਂ ਬੋਲੇ ਹੋਏ ਦੀ
ਘੁੰਮ ਰਹੀ ਹੈ, ਉਸ ਨੂੰ ਕੁਝ ਨੇ ਐਡਿਟ ਕੀਤੀ ਹੋਈ ਕਿਹਾ, ਪਰ ਉਸ ਦੇ ਜਵਾਬ ਵਿਚ ਕਿਹਾ ਕਿ ਹੁਣੇ ਹੀ ਸ਼ੋਅ ਚੱਲ ਰਿਹਾ ਸੀ ਜਿਸ ਨੂੰ ਤੁਰੰਤ ਸੋਸ਼ਲ ਮੀਡੀਆ ਤੇ ਪਾਇਆ ਗਿਆ ਹੈ, ਐਡਿਟ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਇਕ ਹੋਰ ਚਿੰਤਕ ਮਹਿੰਦਰਪਾਲ ਬੱਬੀ ਨੇ ਕਿਹਾ ਹੈ ਕਿ ਮਾਂ ਬੋਲੀ ਪੰਜਾਬੀ ਲਈ ਹਰੇਕ ਪੰਜਾਬੀ ਦੇ ਅੰਦਰ ਦਰਦ ਜ਼ਰੂਰੀ ਹੈ । ਜਿੱਥੇ ਕਿਤੇ ਪੰਜਾਬੀ ਖ਼ਿਲਾਫ਼ ਕੋਈ ਸਾਜ਼ਿਸ਼ ਹੁੰਦੀ ਹੈ ਉੱਥੇ ਵਿਰੋਧ ਵੀ ਕੀਤਾ ਜਾਣਾ ਜਾਇਜ਼ ਹੈ । ਪਰ ਖ਼ਦਸ਼ਾ ਇਹ ਹੈ ਕਿ ਕਿਤੇ ਧਰਮ ਦੇ ਠੇਕੇਦਾਰਾਂ ਵਾਂਗ ਗ਼ਲਤ ਬੰਦੇ ਮਾਂ ਬੋਲੀ ਪੰਜਾਬੀ ਦੇ ਵੀ ਠੇਕੇਦਾਰ ਨਾ ਬਣ ਬੈਠਣ ਜੋ ਇਸੇ ਗੱਲ ਦੇ ਨਾਂ ਤੇ ਕਲਾਕਾਰਾਂ, ਕਾਰੋਬਾਰੀਆਂ,ਸੰਸਥਾਵਾਂ  ਨੂੰ ਬਲੈਕ ਮੇਲ ਕਰਨ ਦਾ ਧੰਦਾ ਸ਼ੁਰੂ ਕਰ ਲੈਣ ।
ਉੱਘੇ ਪੰਜਾਬੀ ਚਿੰਤਕ ਤੇ ਲੇਖਕ ਡਾ. ਰਾਜਿੰਦਰਪਾਲ ਬਰਾੜ ਨੇ ਕਿਹਾ ਹੈ ਕਿ ‘ਡਾਂਗ ਤੇ ਦੰਦੀ ਨਾ ਵੱਢੋ ਡਾਂਗ ਵਾਲੇ ਹੱਥ ਦੀ ਪਛਾਣ ਕਰਕੇ ਬਾਂਹ ਤੋੜੋ’ 
ਇਸ ਸਮੇਂ ਪੰਜਾਬ,ਪੰਜਾਬੀ,ਪੰਜਾਬੀਅਤ ਉੱਪਰ ਚੁਤਰਫ਼ਾ ਹਮਲੇ ਹੋ ਰਹੇ ਹਨ ਕਿਤੇ ਪਾਣੀ ਖੋਹਿਆ ਜਾ ਰਿਹਾ ਹੈ, ਕਿਤੇ ਭਾਸ਼ਾ ਤੇ ਹਮਲਾ ਹੋ ਰਿਹਾ ਹੈ, ਆਵਾਰਾ ਪਸ਼ੂਆਂ ਨੇ ਅੱਡ ਤੰਗ ਕੀਤੇ ਹੋਏ ਹਾਂ ਫ਼ਸਲਾਂ ਦੇ ਭਾਅ ਨਹੀਂ ਮਿਲ ਰਹੇ, ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ ਅਤੇ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ । ਅਜਿਹੇ ਸਮੇਂ ਬਹੁਤ ਗ਼ਲਤ ਗੱਲਾਂ ਵਾਪਰ ਰਹੀਆਂ ਹਨ ਪਰ ਸਾਨੂੰ ਗ਼ਲਤ ਗੱਲਾਂ ਦਾ ਵਿਰੋਧ ਕਰਨ ਸਮੇਂ ਵੀ ਆਪਣੀ ਭਾਸ਼ਾ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਗਾਲ਼ੀ ਗਲੋਚ ਅਤੇ ਕਤਲ ਕਰਨ ਦੀਆਂ ਧਮਕੀਆਂ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ।ਸਰਦਾਰ ਪੰਛੀ, ਹੁਕਮ ਚੰਦ ਰਾਜਪਾਲ, ਸਿੱਧੂ ਮੂਸੇਵਾਲਾ ,ਗੁਰਦਾਸ ਮਾਨ, ਗੁਰਦਾਸਪੁਰ ਦਾ ਡੀ ਸੀ ਵਗ਼ੈਰਾ ਨੇ ਗ਼ਲਤੀਆਂ
ਕੀਤੀਆਂ ਹੋਣਗੀਆਂ ਪਰ ਇਹ ਸਾਡੇ ਪੰਜਾਬੀ ਭਰਾ ਹਨ ਜਾਂ ਪੰਜਾਬ ਵਿੱਚ ਹੀ ਰਹਿ ਰਹੇ ਹਨ ਇਨ੍ਹਾਂ ਨੂੰ ਗਾਲ਼ਾਂ ਕੱਢ ਕੇ ਮਾਰਨ ਦੀਆਂ ਧਮਕੀਆਂ ਦੇਣ ਦੀ ਥਾਵੇਂ ਜੜ੍ਹ ਤੱਕ ਪਹੁੰਚਣਾ ਚਾਹੀਦਾ ਹੈ। ਪਿਆਦਿਆਂ ਦੀ ਥਾਂ  ਪਿਆਦਿਆਂ ਦੇ ਮਾਲਕਾਂ ਜਰਨੈਲਾਂ ਬਾਦਸ਼ਾਹਾਂ ਤੱਕ ਅਤੇ ਪੁਤਲੀਆਂ ਦੀ ਥਾਂ ਪੁਤਲੀਆਂ ਦੇ ਉਸਤਾਦ ਤੱਕ ਪਹੁੰਚਣਾ ਹੈ ।ਕੁੱਤਾ ਡਾਂਗ ਤੇ ਦੰਦੀ ਵੱਢਦਾ ਹੈ ਤੇ ਬੰਦਾ ਡਾਂਗ ਵਾਲੇ ਦੀ ਪਛਾਣ ਕਰਕੇ ਬਾਂਹ ਭੰਨਦਾ ਹੈ । ਦੋਸਤੋ ਅਸਲ ਦੁਸ਼ਮਣਾਂ ਨੂੰ ਪਛਾਣੋ  ।
ਗੁਰਦਾਸ ਮਾਨ ਖ਼ਿਲਾਫ਼ ਕਿਸੇ ਸਾਜ਼ਿਸ਼ ਤਹਿਤ ਕੀਤਾ ਜਾ ਰਿਹੈ ਪ੍ਰਾਪੇਗੰਡਾ : ਫਤਿਹਪੁਰੀ
ਪੰਜਾਬੀ ਸਭਿਆਚਾਰ ਸੱਥ ਤੇ ਪ੍ਰਧਾਨ ਤੇਜਿੰਦਰ ਫਤਿਹਪੁਰੀ ਨੇ ਕਿਹਾ ਹੈ ਕਿ ਗੁਰਦਾਸ ਮਾਨ ਨੇ ਕਦੀ ਕਿਸੇ ਬੋਲੀ ਦਾ ਨਿਰਾਦਰ ਨਹੀਂ ਕੀਤਾ ਤਾਂ ਫਿਰ ਉਹ ਆਪਣੀ ਪੰਜਾਬੀ ਮਾਂ ਬੋਲੀ ਦਾ ਕਿਵੇਂ ਕਰ ਸਕਦਾ ਹੈ? ਦਰਅਸਲ ਉਸ ਦੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਲਿਆ ਜਾ ਰਿਹਾ ਹੈ, ਗੁਰਦਾਸ ਹੂਰਾਂ ਦੇ ਕਹਿਣ ਦਾ ਮਤਲਬ ਸੀ ਕਿ ਸਾਡੇ ਦੇਸ਼ ਵਿੱਚ ਵੀ ਘੱਟੋ ਘੱਟ ਇੱਕ ਅਜਿਹੀ ਭਾਸ਼ਾ ਸਭ ਨੂੰ ਆਉਣੀ ਚਾਹੀਦੀ ਹੈ ਜਿਸ ਨਾਲ ਅਸੀਂ ਆਪਣੀ ਗੱਲ ਕਿਸੇ ਵੀ ਸੂਬੇ ਦੇ ਵਿਅਕਤੀ ਨੂੰ ਸਮਝਾ ਸਕੀਏ ਜਾਂ ਸਮਝ ਸਕੀਏ। ਜਦਕਿ ਗੁਰਦਾਸ ਹੂਰਾਂ ਨੇ ਇੱਕ ਵਾਰ ਵੀ ਆਪਣੀ ਮਾਂ ਬੋਲੀ ਛੱਡਣ ਬਾਰੇ ਜਾਂ ਉਸ ਨੂੰ ਅੱਖੋਂ ਪਰੋਖੇ ਕਰਨ ਦੀ ਗੱਲ ਨਹੀਂ ਕਹੀ। ਮਾਂ ਬੋਲੀ ਦੀ ਸੇਵਾ
ਕਰਨ ਵਾਲੇ ਨੂੰ ਬਿਨਾਂ ਗੱਲੋਂ ਭੰਡਣ ਨਾਲੋਂ ਚੰਗਾ ਹੈ ਅਸੀਂ ਉਨ੍ਹਾਂ ਗਾਇਕਾਂ ਖ਼ਿਲਾਫ਼ ਕੋਈ ਠੋਸ ਮੁਹਿੰਮ ਚਲਾਈਏ ਜਿਨ੍ਹਾਂ ਨੇ ਸਾਡੀ ਭਾਸ਼ਾ, ਸਭਿਆਚਾਰ ਅਤੇ ਵਿਰਸੇ ਨੂੰ ਗੰਧਲਾ ਕਰਕੇ ਢਾਅ ਲਾਈ ਹੈ,  ਪਰ ਅਫ਼ਸੋਸ ਅਜਿਹੇ ਲੱਚਰ ਗਾਇਕਾਂ ਨੂੰ ਭੰਡਣ ਦੀ ਬਜਾਏ ਅਸੀਂ ਉਨ੍ਹਾਂ ਦੇ ਸੁਰੀਲੇ ਅਤੇ ਨੀਵੇਂ ਦਰਜੇ ਦੇ ਗੀਤਾਂ ਉੱਤੇ ਨੱਚਦੇ ਹਾਂ। ਅਗਰ ਅਸੀਂ ਅਜਿਹੇ ਲੱਚਰ ਗਾਇਕਾਂ ਦੇ ਗੀਤ ਨਹੀਂ ਵੀ ਸੁਣਦੇ ਤਾਂ ਇਮਾਨਦਾਰੀ ਨਾਲ ਦੱਸੋ ਕਿ ਕੀ ਤੁਹਾਡੇ ਬੱਚੇ ਕਿਸੇ ਲੱਚਰ ਗਾਇਕ ਨੂੰ ਨਹੀਂ ਸੁਣਦੇ ਜਾਂ ਪਸੰਦ ਕਰਦੇ। ਮੈਂ ਗੁਰਦਾਸ ਮਾਨ ਖ਼ਿਲਾਫ਼ ਕੀਤੇ ਜਾ ਰਹੇ ਪ੍ਰਾਪੇਗੰਡਾ ਦੀ ਸਖ਼ਤ ਨਿੰਦਾ ਕਰਦਾ ਹਾਂ!
ਆਮ ਤੌਰ ਤੇ ਹੁਣ ਤੱਕ ਇਹ ਸਾਹਮਣੇ ਆਇਆ ਹੈ ਕਿ ਗੁਰਦਾਸ ਮਾਨ ਵਿਰੁੱਧ ਪੰਜਾਬੀ ਜਗਤ ਵਿਚ ਕਾਫ਼ੀ ਰੌਲਾ ਪੈ ਰਿਹਾ ਹੈ। ਪੰਜਾਬੀ ਗੁਰਦਾਸ ਮਾਨ ਦੇ ਬਾਈਕਾਟ ਦਾ ਸੱਦਾ ਦੇ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਪੰਜਾਬੀਆਂ ਨੂੰ ਭਾਵਨਾਵਾਂ ਵਿਚ ਬਹਾ ਕੇ ਗੁਰਦਾਸ ਮਾਨ ਨੇ ਪੰਜਾਬੀਆਂ ਨੂੰ ਬਥੇਰਾ ਲੁੱਟਿਆ ਹੈ। ਹੁਣ ਉਸ ਨੂੰ ਪੰਜਾਬੀ ਦੇ ਪੱਖ ਵਿੱਚ ਖੜਨਾ ਚਾਹੀਦਾ ਸੀ।


ਸਿਰਕੱਢ ਲੋਕ ਆਗੂ ਮਨਜੀਤ ਧਨੇਰ ਦੀ ਉਮਰਕੈਦ ਸਜ਼ਾ ਰੱਦ ਕਰਾਉਣ ਲਈ ਲੱਗਾ ਪੱਕਾ ਮੋਰਚਾ ਦੂਜੇ ਦਿਨ ’ਚ ਦਾਖ਼ਲ

ਪੱਕੇ ਮੋਰਚੇ ਦੇ ਤੀਸਰੇ ਦਿਨ 22 ਸਤੰਬਰ ਨੂੰ ਕਾਫ਼ਲਾ ਮੋਤੀ ਮਹਿਲ ਵੱਲ ਕੂਚ ਕਰੇਗਾ – ਬੂਟਾ ਸਿੰਘ ਬੁਰਜਗਿੱਲ 


ਅਸੀਂ ਉਨ੍ਹਾਂ ਰਾਹਾਂ ਤੇ ਚਲਣ ਦੀ ਕਸਮ ਖਾਈ ਆ ਜਿਨ੍ਹਾਂ ਰਾਹਾਂ ਤੇ ਹਾਕਮ ਨੇ ਕੰਡੇ ਬਖੇਰੇ ਹਨ, 
ਗਗਨ ਦਮਾਮਾ ਬਾਜਿਓ ਪਰਿਓ ਨਿਸਾਨੈ ਘਾਉ ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥੧੧੦੫॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੧੧੦੫॥
ਪਟਿਆਲਾ : 22 ਸਾਲ ਪਹਿਲਾਂ ਮਹਿਲਕਲਾਂ ਦੀ ਧਰਤੀ ਉੱਤੇ ਵਾਪਰੇ ਘਿਨਾਉਣੇ ਕਿਰਨਜੀਤ ਕੌਰ ਮਹਿਲਕਲਾਂ ਕਾਂਡ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਕਿਸਾਨਾਂ ਮਜ਼ਦੂਰਾਂ ਸਮੇਤ ਹੋਰ ਮਿਹਨਤਕਸ਼ ਤਬਕਿਆਂ ਲਈ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਆਗੂ ਰੋਲ ਨਿਭਾਉਣ ਵਾਲੇ ਮਨਜੀਤ ਧਨੇਰ ਨੂੰ ਅਦਾਲਤੀ ਪ੍ਰਬੰਧ ਦੀ ਸਿਖ਼ਰਲੀ ਪੌੜੀ ਵੱਲੋਂ 3 ਸਤੰਬਰ 2019 ਨੂੰ ਉਮਰਕੈਦ ਸਜ਼ਾ ਬਹਾਲ ਰੱਖਕੇ ਜੂਝਣ ਵਾਲੇ ਕਾਫ਼ਲਿਆਂ ਲਈ ਵੱਡੀ ਚੁਣੌਤੀ ਸੁੱਟੀ ਹੈ। ਇਸ ਵਡੇਰੀ ਚੁਣੌਤੀ ਦਾ ਪੂਰੀ ਸਿਦਕਦਿਲੀ ਨਾਲ ਵਿਸ਼ਾਲ ਸਾਂਝੇ ਜਥੇਬੰਦਕ ਏਕੇ ਨਾਲ ਟਾਕਰਾ ਕਰਨਾ ਸਮੇਂ ਦੀ ਭਖਵੀਂ ਅਤੇ ਵੱਡੀ ਮੰਗ ਹੈ। ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਜਿਹਨਾਂ ਲੋਕ ਆਗੂਆਂ ਨੇ ਔਰਤਾਂ ਸਮੇਤ ਦੱਬੇ ਕੁਚਲੇ ਲੋਕਾਂ, ਆਦਿਵਾਸੀਆਂ, ਦਲਿਤਾਂ ਘੱਟ ਗਿਣਤੀ ਕੌਮਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ, ਹਾਕਮਾਂ ਵੱਲੋਂ ਉਹਨਾਂ ਨੂੰ ਜੇਲ੍ਹਾਂ ’ਚ ਸੁੱਟਣਾਂ, ਸਜ਼ਾਵਾਂ ਦੇਣਾ ਇਸ ਲੋਕ ਦੋਖੀ ਢਾਂਚੇ ਦਾ ਦਸਤੂਰ ਰਿਹਾ ਹੈ। ਪਰ ਦੂਸਰੇ ਪਾਸੇ ਲੋਕਤਾ ਦਾ ਸੰਘਰਸ਼ਾਂ ਦਾ ਸ਼ਾਨਾਂਮੱਤਾ ਇਤਿਹਾਸ ਵੀ ਹੈ ਜੋ ਲੱਖ ਜ਼ਬਰ ਜ਼ੁਲਮ ਦੀ ਚੁਣੌਤੀ ਦੇ ਬਾਵਾਜੂਦ ਸੰਘਰਸ਼ ਦੇ ਸੂਹੇ ਪਰਚਮ ਨੂੰ ਬੁਲੰਦ ਕਰ ਰਹੇ ਹਨ ਅਤੇ ਹੁਣ ਵੀ ਇਹੀ ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਸੁਖਦੇਵ ਸਿੰਘ ਕੋਕਰੀਕਲਾਂ, ਨਿਰਭੈ ਸਿੰਘ ਢੁੱਡੀਕੇ,
ਗੁਰਦੀਪ ਸਿੰਘ ਰਾਮਪੁਰਾ, ਹਰਿੰਦਰ ਕੌਰ ਬਿੰਦੂ, ਪ੍ਰੇਮਪਾਲ ਕੌਰ, ਨਰਾਇਣ ਦੱਤ, ਰਮਿੰਦਰ ਪਟਿਆਲਾ ਆਦਿ ਬੁਲਾਰਿਆਂ ਨੇ ਕੀਤਾ। ਬੁਲਾਰਿਆਂ ਐਲਾਨ ਕੀਤਾ ਕਿ ਪੰਜਾਬ ਦੀਆਂ ਜਨਤਕ ਜਮਹੂਰੀ ਸ਼ਕਤੀਆਂ ਨੇ ਪੰਜਾਬ ਸਰਕਾਰ ਵੱਲੋਂ ਧਾਰੇ ਹੋਏ ਹਠੀ ਰਵੱਈਏ ਅਤੇ ਪੰਜਾਬ ਦੇ ਲੋਕਾਂ ਦੀ, ਮਨਜੀਤ ਧਨੇਰ ਦੀ ਉਮਰਕੈਦ ਸਜ਼ਾ ਰੱਦ ਕਰਨ ਦੀ ਮੰਗ ਨੂੰ ਅਣਗੌਲਿਆਂ ਕਰਨ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਸਮੇਂ ਪੰਜਾਬ ਦੇ ਹਾਕਮ, ਲੋਕ ਸੰਘਰਸ਼ ਦੀ ਤਾਬ ਝੱਲ ਨਹੀਂ ਸਕਣਗੇ ਅਤੇ ਸਰਕਾਰਾਂ ਨੂੰ ਇਸ ਦੀ ਕੀਮਤ ਚੁਕਾਉਣ ਲਈ ਤਿਆਰ ਰਹਿਣਾ ਪਵੇਗਾ। ਲੋਕਾਂ ਦਾ ਰੋਹ ਹਾਕਮਾਂ ਦੀ ਨੀਂਦ ਹਰਾਮ ਕਰੇਗਾ। ਇੱਕ ਨਾ ਇੱਕ ਦਿਨ ਪੰਜਾਬ ਸਰਕਾਰ ਤੇ ਗਵਰਨਰ ਨੂੰ ਇਹ ਸਜ਼ਾ ਰੱਦ ਕਰਨ ਦਾ 24.07.2007 ਵਾਂਗ ਹੀ ਕੌੜਾ ਘੁੱਟ ਭਰਨ ਲਈ ਲੋਕਾਂ ਦਾ ਸੰਘਰਸ਼ ਮਜ਼ਬੂਰ ਕਰ ਦੇਵੇਗਾ। ਇਸ ਇਕੱਠ ਨੂੰ ਗੁਰਮੀਤ ਸੁਖਪੁਰ, ਗੁਰਮੇਲ ਠੁੱਲੀਵਾਲ, ਬੂਟਾ ਸਿੰਘ ਚਕਰ, ਨਿਰਵੈਲ ਸਿੰਘ ਡਾਲੇਕੇ, ਵਿਜੈ ਦੇਵ, ਹਰਭਗਵਾਨ ਮੂਨਕ, ਅਮਨਦੀਪ ਕੌਰ ਦਿਉਲ, ਮਨਪ੍ਰੀਤ ਭੱਟੀਵਾਲ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਲੰਮੇ ਸਮੇਂ  ਦੇ ਸੰਘਰਸ਼ ਦੀ ਤਿਆਰੀ ਕਰ ਲਈ ਹੈ। ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ ਨੇ ਪ੍ਰਸ਼ਾਸ਼ਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਕੱਲ੍ਹ ਨੂੰ ਇਹ ਕਾਫ਼ਲਾ ਕਈ ਗੁਣਾਂ ਵਿਸ਼ਾਲ ਹੋਵੇਗਾ, ਹਾਕਮਾਂ ਦਾ ਭਰਮ ਕਿ ਅਸੀਂ ਮਹਿਮਦਪੁਰ ਦੀ ਮੰਡੀ ਬੈਠਕੇ ਵਾਪਸ ਮੁੜ ਜਾਵਾਂਗੇ। ਇਹ ਕਾਫ਼ਲਾ ਕੱਲ੍ਹ ਮੋਤੀ ਮਹਿਲ ਵੱਲ ਕੂਚ ਕਰੇਗਾ।


ਸਟੇਜ ਸਕੱਤਰ ਦੇ ਫ਼ਰਜ਼ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਨਿਭਾਏ ਅਤੇ ਬਹੁਤ ਸਾਰੇ ਗੀਤਕਾਰਾਂ ਨੇ ਇਨਕਲਾਬੀ ਅਤੇ ਲੋਕ ਪੱਖੀ ਗੀਤ ਪੇਸ਼ ਕੀਤੇ। ਅੱਜ ਦੇ ਇਕੱਠ ਵਿੱਚ ਐਕਸ਼ਨ ਕਮੇਟੀ ਮਹਿਲਕਲਾਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਔਰਤਾਂ ਸ਼ਾਮਲ ਹੋਈਆਂ।
------------------------------------------------------------------
ਜਾਰੀ ਕਰਤਾ:- ਜਗਮੋਹਨ ਸਿੰਘ ਪਟਿਆਲਾ :– 94173-54165

Friday, September 20, 2019

ਨਵਾਬ ਸੈਫੂਦੀਨ ਨਾਲ ਬਹਾਦਰਗੜ੍ਹ ਵਿਚ ਮਿਲੇ ਸਨ ਗੁਰੂ ਤੇਗਬਹਾਦਰ ਸਾਹਿਬ ਨੂੰ

ਇਸ ਸਥਾਨ ਦੇ ਬਣੇ ਵਿਲੱਖਣ ਕਿਲੇ ਦੀ ਅਨੋਖੀ ਜਾਣਕਾਰੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ ਦੀ ਵਿਰਾਸਤ ਵਿੱਚ ਕਿਲ੍ਹਾ ਬਹਾਦਰਗੜ੍ਹ ਇੱਕ ਮੀਲ ਪੱਥਰ ਹੈ। ਇਸ ਦੀ ਬਣਤਰ ਸਪਸ਼ਟ ਕਰਦੀ ਹੈ ਕਿ ਸਾਡੇ ਪੂਰਵਜ ਬਹੁਤ ਹੀ ਅਕਲਮੰਦ ਸਨ। ਕਿਲ੍ਹੇ ਅੰਦਰ ਘੁੰਮਣ-ਘੇਰੀਆਂ ਪੈਦਾ ਕਰਦੇ ਮੋੜਦਾਰ ਰਸਤੇ, ਛੋਟੀ ਇੱਟ ਨਾਲ ਬਣੀਆਂ ਕਿਲ੍ਹੇ ਦੀਆਂ ਮਜ਼ਬੂਤ ਦੀਵਾਰਾਂ ਆਦਿ ਸਮੇਤ ਹੋਰ ਬਹੁਤ ਸਾਰੇ ਅਹਿਮ ਕਾਰਨ ਹਨ ਜਿਨ੍ਹਾਂ ਕਰ ਕੇ ਪੂਰਵਜਾਂ ਦੀ ਸਮਝ ਨੂੰ ਸਿਜਦਾ ਕਰਨਾ ਬਣਦਾ ਹੈ।
ਬਾਦਸ਼ਾਹ ਔਰੰਗਜ਼ੇਬ ਦੇ ਰਿਸ਼ਤੇਦਾਰਾਂ ਵਿੱਚੋਂ ਨਵਾਬ ਸੈਫ਼ੂਦੀਨ ਮਹਿਮੂਦ ਦੇ ਨਾਂ ’ਤੇ ਬਹਾਦਰਗੜ੍ਹ ਕਿਲ੍ਹੇ ਨੂੰ ਪਹਿਲਾਂ ਸੈਫ਼ਾਬਾਦ ਕਿਹਾ ਜਾਂਦਾ ਸੀ। ਔਰੰਗਜ਼ੇਬ ਵੱਲੋਂ ਦਿੱਤੇ ਕਈ ਅਹੁਦਿਆਂ ਤੋਂ ਫਾਰਗ ਹੋਣ ਤੋਂ ਬਾਅਦ ਸੈਫ਼ੂਦੀਨ ਆਪਣੀ ਜਾਤੀ ਜਾਗੀਰ ਸੈਫ਼ਾਬਾਦ ਵਿਖੇ ਰਹਿਣ ਲੱਗ ਪਿਆ। ਇੱਥੇ ਉਸ ਨੇ 1688 ਈ. ਵਿੱਚ ਇੱਕ ਕਿਲ੍ਹਾਨੁਮਾ ਕੋਠੀ ਉਸਾਰੀ ਤੇ ਨਾਲ ਮਸਜਿਦ ਵੀ, ਜਿਸ ਦਾ ਜ਼ਿਕਰ ਮਆਸਿਰਿ ਆਲਮਗੀਰੀ ਵਿੱਚ ਆਉਂਦਾ ਹੈ। ਇਸ ਸਥਾਨ ’ਤੇ ਸਾਰੇ ਘਰ ਇੱਕ ਕੋਟ ਦੇ ਅੰਦਰ ਹੀ ਉਸਾਰੇ ਗਏ ਸਨ। ਇੱਥੇ ਨਵਾਬ ਸੈਫ਼ੂਦੀਨ ਦੇ ਕੰਮ ਕਰਨ ਵਾਲੇ ਮੁਜ਼ਾਰੇ ਵੀ ਰਹਿੰਦੇ ਸਨ। ਅਠਾਰ੍ਹਵੀਂ ਸਦੀ ਦੇ ਸੱਤਰਵਿਆਂ ਤਕ ਨਵਾਬ ਦੇ ਵੰਸ਼ਜ ਇੱਥੇ ਰਹਿੰਦੇ ਰਹੇ। ਘੜਾਮ ਦੇ ਪੀਰ ਭੀਖਣ ਸਾਹ ਦਾ ਨਜ਼ਦੀਕੀ ਹੋਣ ਕਰ ਕੇ ਨਵਾਬ ਦਾ ਸਬੰਧ ਸਮਕਾਲੀ ਹੋਣ ਕਰ ਕੇ ਸਿੱਖਾਂ ਦੇ ਨੌਵੇਂ ਗੁਰੂ ਤੇਗ਼ ਬਹਾਦਰ ਜੀ ਨਾਲ ਹੋ ਗਿਆ। ਜਦੋਂ ਵੀ ਗੁਰੂ ਜੀ ਪ੍ਰਚਾਰ ਲਈ ਇਸ ਪਾਸੇ ਆਉਂਦੇ ਤਾਂ ਨਵਾਬ ਸੈਫ਼ੂਦੀਨ ਕੋਲ ਹੀ ਠਹਿਰਦੇ ਸਨ।
ਜਦੋਂ ਗੁਰੂ ਤੇਗ਼ ਬਹਾਦਰ ਜੀ ਸੈਫ਼ੂਦੀਨ ਨੂੰ ਮਿਲੇ ਤਾਂ ਗੁਰੂ ਜੀ ਨੇ ਇਹ ਜਗ੍ਹਾ ਹੋਰ ਵੀ ਵੱਡੀ ਕਰਨ ਦਾ ਬਚਨ ਕੀਤਾ। ਜਦੋਂ ਗੁਰੂ ਜੀ ਜਾਣ ਲੱਗੇ ਤਾਂ ਨਵਾਬ ਨੇ ਕਈ ਸਾਰੀਆਂ ਜ਼ਰੂਰਤ ਦੀਆਂ ਵਸਤਾਂ ਜਿਵੇਂ ਲੰਗਰ ਲਈ ਭਾਂਡੇ, ਤੰਬੂ, ਭਾਰ ਬਰਦਾਰੀ ਲਈ ਸੂਤਰ ਦਿੱਤੇ, ਵਧੀਆ ਘੋੜਾ ਦਿੱਤਾ ਅਤੇ ਮਾਤਾ ਗੁਜਰੀ ਦੀ ਸਵਾਰੀ ਲਈ ਰਥ ਦਿੱਤਾ। ਗੁਰੂ ਜੀ ਇੱਥੇ ਦੁਬਾਰਾ ਆਉਣ ਦਾ ਵਾਅਦਾ ਕਰ ਕੇ ਲੰਗ ਪਿੰਡ ਵੱਲ ਚਲੇ ਗਏ। ਗੁਰੂ ਤੇਗ਼ ਬਹਾਦਰ ਜੀ ਨੇ ਬਾਦਸ਼ਾਹ ਔਰੰਗਜ਼ੇਬ ਵੱਲੋਂ ਕਸ਼ਮੀਰੀ ਪੰਡਤਾਂ ਦੇ ਜਬਰੀ ਧਰਮ ਪਰਿਵਰਤਨ ਦਾ ਵਿਰੋਧ ਕੀਤਾ। ਇਸ ’ਤੇ ਔਰੰਗਜ਼ੇਬ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਕਿ ਜੋ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਵਾਏਗਾ, ਉਸ ਨੂੰ 1000 ਰੁਪਏ ਇਨਾਮ ਮਿਲੇਗਾ। ਗੁਰੂ ਜੀ ਆਪਣੇ ਆਪ ਹੀ ਦਿੱਲੀ ਗ੍ਰਿਫ਼ਤਾਰੀ ਦੇਣ ਸਮੇਂ ਸੈਫ਼ੂਦੀਨ ਕੋਲ ਫਿਰ 3 ਮਹੀਨੇ 9 ਦਿਨ ਠਹਿਰੇ। ਪਟਿਆਲਾ ਦੇ ਆਲ਼ੇ-ਦੁਆਲੇ ਕਈ ਥਾਵਾਂ ’ਤੇ ਇਤਿਹਾਸਕ ਗੁਰਦੁਆਰੇ ਹੋਣ ਕਾਰਨ ਇਹ ਪੱਕਾ ਹੋ ਜਾਂਦਾ ਹੈ ਕਿ ਗੁਰੂ ਜੀ ਇੱਥੇ ਕਾਫ਼ੀ ਸਮਾਂ ਠਹਿਰੇ।
ਅਠਾਰ੍ਹਵੀਂ ਸਦੀ ਦੇ ਸੱਠਵਿਆਂ ਪਿੱਛੋਂ ਪਟਿਆਲਾ ਰਿਆਸਤ ’ਤੇ ਸਿੱਖ ਮਿਸਲਾਂ ਦਾ ਰਾਜ ਹੋ ਗਿਆ। ਬਾਬਾ ਆਲਾ ਸਿੰਘ ਦੇ ਪੋਤਰੇ ਰਾਜਾ ਅਮਰ ਸਿੰਘ ਨੇ ਫ਼ੌਜ ਲੈ ਕੇ ਅਚਾਨਕ ਸੈਫ਼ਾਬਾਦ ਕਿਲ੍ਹਾਨੁਮਾ ਕੋਠੀ ਨੂੰ ਘੇਰਾ ਪਾ ਲਿਆ। ਹਮਲੇ ਤੋਂ ਪਹਿਲਾਂ ਰਾਜਾ ਅਮਰ ਸਿੰਘ ਨੇ ਇਸ ਜਾਗੀਰ ਦੇ ਤਤਕਾਲੀ ਇੰਚਾਰਜ ਗੱੁਲ ਖ਼ਾਨ ਨਾਲ ਗੱਲ ਕੀਤੀ। ਸੈਫ਼ੂਦੀਨ ਦੀ ਔਲਾਦ ਸੌਦੇ ਲਈ ਤਿਆਰ ਹੋ ਗਈ ਜਿਸ ਤਹਿਤ ਉਨ੍ਹਾਂ ਨੂੰ ਛੋਟਾ ਰਸੂਲਪੁਰ ਦਾ ਪਿੰਡ ਜਾਗੀਰ ਵਜੋਂ ਦਿੱਤਾ ਗਿਆ ਤੇ ਹੋਰ ਕਈ ਪਿੰਡਾਂ ਦੀ ਜਾਗੀਰ ਦਿੱਤੀ ਗਈ। ਬਹਾਦਰਗੜ੍ਹ ਨੇੜਲੇ ਜਿਨ੍ਹਾਂ ਪਿੰਡਾਂ ਦੇ ਨਾਂ ਨਾਲ ਪੁਰ ਲੱਗਦਾ ਹੈ ਉਹ ਨਵਾਬ ਦੇ ਵੰਸ਼ਜਾਂ ਦੀ ਜਾਗੀਰ ਸਨ।
ਪਟਿਆਲੇ ਦੀ ਦੁਸ਼ਮਣਾਂ ਤੋਂ ਸੁਰੱਖਿਅਤ ਕਰਨ ਲਈ ਚਾਰੇ ਪਾਸੇ ਕਿਲ੍ਹਿਆਂ ਦਾ ਹੋਣਾ ਲਾਜ਼ਮੀ ਸੀ। ਮਿਸਾਲ ਵਜੋਂ ਪੂਰਬ ਵਾਲੇ ਪਾਸੇ ਪੁਰਾਤਨ ਕਸਬਾ ਸਨੌਰ ਸਥਿਤ ਹੋਣ ਕਰ ਕੇ ਕਿਲ੍ਹੇਬੰਦੀ ਕੀਤੀ ਹੋਈ ਸੀ, ਪਟਿਆਲਾ ਦੇ ਦੱਖਣ-ਪੂਰਬ ਵੱਲ ਘੜਾਮ ਦਾ ਕਿਲ੍ਹਾ ਸੀ, ਦੱਖਣ-ਪੱਛਮ ਵੱਲ ਭਵਾਨੀਗੜ੍ਹ ਦਾ ਕਿਲ੍ਹਾ ਸੀ, ਪੱਛਮ ਵੱਲ ਮਾਲੇਰਕੋਟਲਾ ਦੇ ਨਜ਼ਦੀਕ ਅਮਰਗੜ੍ਹ ਦਾ ਕਿਲ੍ਹਾ ਸੀ। ਸੈਫ਼ਾਬਾਦ ’ਤੇ ਕਬਜ਼ਾ ਹੋਣ ਕਰ ਕੇ ਪਟਿਆਲਾ ਦਾ ਉੱਤਰੀ ਹਿੱਸਾ ਵੀ ਸੁਰੱਖਿਅਤ ਹੋ ਗਿਆ ਸੀ।
ਸੈਫ਼ਾਬਾਦ ਤੋਂ ਗੁਰੂ ਤੇਗ਼ ਬਹਾਦਰ ਹੋਰਾਂ ਦੇ ਨਾਂ ’ਤੇ ਬਣੇ ਕਿਲ੍ਹਾ ਬਹਾਦਰਗੜ੍ਹ ਦੀ ਉਸਾਰੀ ਤਿੰਨ ਪੜਾਵਾਂ ਵਿੱਚ ਹੋਈ। ਪਹਿਲਾ ਪੜਾਅ ਸੈਫ਼ੂਦੀਨ ਨੇ ਬਣਵਾਇਆ, ਦੂਜਾ ਰਾਜਾ ਅਮਰ ਸਿੰਘ ਅਤੇ ਤੀਜਾ ਪੜਾਅ ਰਾਜਾ ਕਰਮ ਸਿੰਘ ਨੇ ਪੂਰਾ ਕੀਤਾ। ਇਸ ਨੂੰ ਮੁਕੰਮਲ ਹੋਣ ਵਿੱਚ ਤਕਰੀਬਨ 8 ਸਾਲਾਂ ਦਾ ਸਮਾਂ ਅਤੇ 10 ਲੱਖ ਰੁਪਏ ਦਾ ਖ਼ਰਚਾ ਆਇਆ। ਇਸ ਕਿਲ੍ਹੇ ਦਾ ਕੁੱਲ ਘੇਰਾ 6890 ਫੁੱਟ ਜਾਂ ਫਿਰ ਇੱਕ ਮੀਲ ਪੰਜ ਸੌ ਛੱਤੀ ਗਜ਼ ਅਤੇ ਦੋ ਫੁੱਟ ਹੈ। ਕਿਲ੍ਹੇ ਦੀ ਅੰਦਰਲੀ ਫ਼ਸੀਲ (ਦੀਵਾਰ) ਤਕਰੀਬਨ 60 ਫੁੱਟ ਚੌੜੀ ਹੈ। ਅਜਿਹੀ ਦੀਵਾਰ ਭਾਰਤ ਦੇ ਕਿਸੇ ਵੀ ਕਿਲ੍ਹੇ ਦੀ ਨਹੀਂ ਹੋਵੇਗੀ। ਕਿਲ੍ਹੇ ਦਾ ਅੰਦਰਲਾ ਪਾਸਾ ਸੈਫ਼ੂਦੀਨ ਵੇਲੇ ਦਾ ਹੀ ਹੈ। ਰਾਜਾ ਅਮਰ ਸਿੰਘ ਤੇ ਕਰਮ ਸਿੰਘ ਨੇ ਦੀਵਾਰ ਨੂੰੂ ਹੋਰ ਚੌੜੀ ਅਤੇ ਮਜ਼ਬੂਤ ਬਣਾਇਆ। ਦੀਵਾਰ ਦੇ ਅੰਦਰਲੇ ਪਾਸੇ ਪਹਿਰੇਦਾਰਾਂ ਲਈ ਛੋਟੇ-ਛੋਟੇ ਡਾਟਦਾਰ ਬਰਾਂਡੇ ਬਣੇ ਹਨ ਜਿਨ੍ਹਾਂ ਵਿੱਚੋਂ ਕੁਝ ਢਹਿ ਢੇਰੀ ਵੀ ਹੋ ਚੁੱਕੇ ਹਨ। ਵੱਡੀ ਦੀਵਾਰ ਦੇ ਨਾਲ ਬਣੇ ਗੁਰਦੁਆਰੇ ਨੇੜਲੇ ਖੂਹ ਤੋਂ ਹਰੇਕ ਕਮਰੇ ਅਤੇ ਦੀਵਾਰ ਨੂੰ ਪਾਣੀ ਭੇਜਿਆ ਜਾਂਦਾ ਸੀ। ਦੀਵਾਰ ਦੇ ਆਲ਼ੇ-ਦੁਆਲੇ 14 ਉੱਚੇ ਬੁਰਜ ਉਸਾਰੇ ਗਏ, ਬੰਦੂਕਾਂ ਅਤੇ ਤੋਪਾਂ ਦੇ ਫਾਇਰ ਕਰਨ ਲਈ ਮਘੋਰੇ ਬਣਾਏ ਗਏ, ਮਘੋਰਿਆਂ ਲਈ ਬਣਾਈਆਂ ਡਾਟਾਂ ਵਿੱਚ ਸਰੀਏ ਨਹੀਂ ਸਗੋਂ ਇਹ ਮਿੱਟੀ ਦੀਆਂ ਬਣੀਆਂ ਹਨ। ਮੁੱਖ ਦਰਵਾਜ਼ੇ ਦੇ ਸਾਹਮਣੇ ਇੱਕ ਮਜ਼ਬੂਤ ਬੁਰਜ ਬਣਾਇਆ ਗਿਆ। ਦਰਵਾਜ਼ੇ ਮਜ਼ਬੂਤ ਲੱਕੜ ਦੇ ਹਨ। ਦਰਵਾਜ਼ੇ ਦੇ ਅੰਦਰਲੇ ਪਾਸੇ ਵੱਡੀ ਦੀਵਾਰ ਤੇ ਉੱਚੀਆਂ ਮੰਜ਼ਿਲਾਂ ਵੱਲ ਜਾਣ ਲਈ ਦੋ ਪੌੜੀਆਂ ਬਣਾਈਆਂ ਗਈਆਂ। ਦੋ-ਦੋ ਦਰਵਾਜ਼ੇ ਦੁਸ਼ਮਣ ਨੂੰ ਧੋਖਾ ਦੇਣ ਲਈ ਬਣਾਏ ਗਏ ਸਨ ਪਰ ਹੁਣ ਇਹ ਦਰਵਾਜ਼ੇ ਨਜ਼ਰ ਨਹੀਂ ਆਉਂਦੇ। ਰਾਜਾ ਕਰਮ ਸਿੰਘ ਨੇ ਵੀ ਦੀਵਾਰਾਂ ਨੂੰ ਹੋਰ ਮਜ਼ਬੂਤ ਕੀਤਾ।
ਰਾਜਾ ਅਮਰ ਸਿੰਘ ਵੇਲੇ ਮੁਗ਼ਲ ਸ਼ਾਸਕਾਂ ਨੇ ਪਟਿਆਲਾ ਤੋਂ ਇੱਕ ਸਾਜ਼ਿਸ਼ ਅਧੀਨ 30 ਲੱਖ ਰੁਪਏ ਦੀ ਮੰਗ ਕੀਤੀ। ਰੁਪਏ ਨਾ ਦੇਣ ਦੀ ਸੂਰਤ ਵਿੱਚ ਉਨ੍ਹਾਂ ਨੇ ਹਮਲਾ ਕਰ ਕੇ ਬਹਾਦਰਗੜ੍ਹ ਕਿਲ੍ਹੇ ’ਤੇ ਕਬਜ਼ਾ ਕਰ ਲਿਆ ਜਿੱਥੇ ਪਹਿਲਾਂ ਹੀ ਪਏ ਬਾਰੂਦੀ ਜ਼ਖੀਰੇ ਫਟ ਜਾਣ ਕਰ ਕੇ ਮੁਗ਼ਲ ਫ਼ੌਜ ਦੇ 300 ਸੈਨਿਕ ਮਾਰੇ ਗਏ ਤਾਂ ਹਮਲੇ ਦੀ ਅਗਵਾਈ ਕਰ ਰਹੇ ਅਬਦੁਲ ਅਹਿਦ ਖਾਂ ਨੇ ਕਿਲ੍ਹਾ ਮੁਬਾਰਕ ’ਤੇ ਵੀ ਕਬਜ਼ਾ ਕਰਨਾ ਚਾਹਿਆ ਪਰ ਉਹ ਨਕਾਮ ਰਿਹਾ। ਫਰਵਰੀ 1781 ਵਿੱਚ ਰਾਜਾ ਅਮਰ ਸਿੰਘ ਦਾ ਦੇਹਾਂਤ ਹੋਣ ਤੋਂ ਬਾਅਦ ਰਾਜਗੱਦੀ ’ਤੇ ਛੇ ਸਾਲ ਦਾ ਰਾਜਕੁਮਾਰ, ਸਾਹਿਬ ਸਿੰਘ ਬੈਠਿਆ। ਉਸ ਤੋਂ ਬਾਅਦ ਕਈ ਅੰਦਰੂਨੀ ਬਗ਼ਾਵਤਾਂ ਹੋਈਆਂ ਤੇ ਬਾਹਰੀ ਹਮਲੇ ਹੋਏ। ਸੰਨ 1790 ਵਿੱਚ ਮਰਹੱਟਿਆਂ ਵੱਲੋਂ ਰਾਣਾ ਖ਼ਾਨ ਦਾਦਾ ਜੀ ਤੇ ਅਲੀ ਬਹਾਦਰ ਪੇਸ਼ਵਾ ਦੀ ਅਗਵਾਈ ਵਿੱਚ ਭਿਆਨਕ ਹਮਲਾ ਕੀਤਾ ਗਿਆ। ਪਟਿਆਲਾ ਦੇ ਦੀਵਾਨ ਨਾਨੂੰ ਮੱਲ ਦੀ ਅੰਦਰਗਤੀ ਮਰਹੱਟਿਆਂ ਨਾਲ ਮਿਲੀਭੁਗਤ ਸੀ। ਰਾਜਾ ਸਾਹਿਬ ਸਿੰਘ ਦੀ ਭੂਆ ਬੀਬੀ ਰਾਜਿੰਦਰ ਕੌਰ (ਸਾਹਿਬ ਕੌਰ) ਦੇ ਮਰਹੱਟਿਆਂ ਖ਼ਿਲਾਫ਼ ਡੱਟ ਕੇ ਲੜਾਈ ਕਰਨ ਦਾ ਜ਼ਿਕਰ ਵੀ ਆਉਂਦਾ ਹੈ। ਇਸ ਦੇ ਬਾਵਜੂਦ ਦੀਵਾਨ ਨਨੂੰ ਮੱਲ ਦੀ ਮਿਲੀਭੁਗਤ ਕਾਰਨ ਬਹਾਦਰਗੜ੍ਹ ਕਿਲ੍ਹੇ ’ਤੇ ਮਰਹੱਟਿਆਂ ਦਾ ਕਬਜ਼ਾ ਹੋ ਗਿਆ। ਬੀਬੀ ਰਾਜਿੰਦਰ ਕੌਰ ਨੇ ਮਰਹੱਟਾ ਹਾਕਮ ਸਿੰਧੀਆ ਨਾਲ ਮਥੁਰਾ ਜਾ ਕੇ ਗੱਲਬਾਤ ਕੀਤੀ ਤਾਂ ਜਾ ਕੇ ਮਰਹੱਟਿਆਂ ਨੂੰ ਕਿਲ੍ਹੇ ਵਿੱਚੋਂ ਬਾਹਰ ਕਢਾਇਆ।
ਬਹਾਦਰਗੜ੍ਹ ਕਿਲ੍ਹੇ ਅੰਦਰ ਬਣੇ ਇਤਿਹਾਸਕ ਗੁਰਦੁਆਰੇ ਦੇ ਉੱਪਰਲੇ ਹਿੱਸੇ ਤੋਂ ਬਾਹਰਲਾ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਸਾਫ਼ ਨਜ਼ਰ ਆਉਂਦਾ ਹੈ। ਇਸ ਕਰ ਕੇ ਸੰਗਤ ਦੀ ਮੰਗ ਹੈ ਕਿ ਅੰਦਰਲੇ ਗੁਰੂ ਘਰ ਨੂੰ ਰਾਜਪੁਰਾ ਸੜਕ ਵੱਲ ਮਿਲਾਉਣ ਲਈ ਲਾਂਘਾ ਦਿੱਤਾ ਜਾਵੇ। ਹੁਣ ਇਸ ਕਿਲ੍ਹੇ ਵਿਖੇ ਕਮਾਂਡੋ ਟਰੇਨਿੰਗ ਸੈਂਟਰ ਹੈ ਜੋ ਇਸ ਕਿਲ੍ਹੇ ਦੀ ਸਾਂਭ-ਸੰਭਾਲ ਕਰਨ ਵਿੱਚ ਕੋਈ ਜ਼ਿਆਦਾ ਕੰਮ ਨਹੀਂ ਕਰ ਰਿਹਾ। ਅੰਦਰ ਬਣਿਆ ਇਤਿਹਾਸਕ ਖੂਹ ਵੀ ਕੂੜੇ ਆਦਿ ਨਾਲ ਬੰਦ ਕੀਤਾ ਜਾ ਰਿਹਾ ਹੈ। ਰਿਹਾਇਸ਼ ਲਈ ਅੰਦਰ ਬਣੇ ਪੁਰਾਤਨ ਕਮਰੇ ਢਹਿ ਰਹੇ ਹਨ, ਦਰਵਾਜ਼ਿਆਂ ਦੀ ਹਾਲਤ ਮਾੜੀ ਹੈ। ਮਸਜਿਦ ਨੂੰ ਲੋਕ ਦੇਖਣ ਲਈ ਆਉਂਦੇ ਹਨ। ਕਿਲ੍ਹੇ ਦੀ ਬਾਹਰੀ ਸੁਰੱਖਿਆ ਖਾਈ ਮਿੱਟੀ ਨਾਲ ਭਰ ਦਿੱਤੀ ਗਈ ਹੈ ਜਿਸ ’ਤੇ ਨਜਾਇਜ਼ ਕਬਜ਼ੇ ਹੋ ਗਏ ਹਨ, ਤੀਜਾ ਕੁ ਹਿੱਸਾ ਰਹਿੰਦੀ ਖਾਈ ਦੇ ਅਵਸ਼ੇਸ਼ ਮੌਜੂਦ ਹਨ। ਇਸ ਕਿਲ੍ਹੇ ਨੂੰ ਸੰਭਾਲ ਕੇ ਇਸ ਨੂੰ ਸੈਰ ਸਪਾਟੇ ਲਈ ਵਿਕਸਤ ਕੀਤਾ ਜਾ ਸਕਦਾ ਹੈ।

ਪਟਿਆਲਾ ਵਿਚ ਹਜ਼ਾਰਾਂ ਸੰਘਰਸ਼ਕਾਰੀਆਂ ਨੇ ਬਜਾਇਆ ਸੰਘਰਸ਼ ਦਾ ਬਿਗਲ

ਅਦਾਲਤ ਵਿਰੁੱਧ ਖੜੇ ਹੋਏ ਇਨਸਾਫ਼ ਨੂੰ ਕਬਜ਼ੇ ਵਿਚ ਕਰਨ ਲਈ ਲੋਕ

‘ਝੋਰਾ ਕਰੀਂ ਨਾ ਕਿਲ੍ਹੇ ਅਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ’ 
ਜਦੋਂ ਅਦਾਲਤਾਂ ਵੱਲੋਂ ਕੀਤੇ ਫ਼ੈਸਲਿਆਂ ਦੇ ਖ਼ਿਲਾਫ਼ ਲੋਕ ਖੜੇ ਹੋਕੇ ਸੰਘਰਸ਼ ਕਰਨਾ ਸ਼ੁਰੂ ਕਰ ਦੇਣ, ਤਾਂ ਸਮਝ ਲੈਣਾ ਚਾਹੀਦਾ ਹੈ ਕਿ ਲੋਕਤੰਤਰ ਖ਼ਤਰੇ ਵਿਚ ਹੈ, ਜਦੋਂ ਆਪੋ ਆਪਣੀ ਪਾਰਟੀ ਦੇ ਬਲਾਤਕਾਰੀ ਸਾਧੂਆਂ ਨੂੰ ਬਚਾਉਣ ਲਈ ਸਰਕਾਰ ਆਪਣੇ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਦੇਵੇ ਤਾਂ ਸਮਝ ਲੈਣਾ ਚਾਹੀਦਾ ਹੈ ਤਾਂ ਜੰਗਲ ਰਾਜ ਚੱਲ ਰਿਹਾ ਹੈ। ਜਦੋਂ ਲੋਕ ਰੋਹ ਨੂੰ ਦੇਸ਼ ਧਰੋਹ ਦਾ ਨਾਮ ਦਿੱਤਾ ਜਾਂਦਾ ਹੋਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਦੇਸ਼ ਵਿਚ ਕਾਤਲਾਂ ਦਾ ਬੋਲ ਬਾਲਾ ਹੈ। ਜਦੋਂ ਕਤਲ ਕਰਨ ਵਾਲੇ ਲੋਕ ਇਨਸਾਫ਼ ਦੇਣ ਵਾਲਿਆਂ ਦੀ ਕੁਰਸੀ ਤੇ ਬੈਠ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਨਸਾਫ਼ ਮੌਤ ਵੱਲ ਵੱਧ ਰਿਹਾ ਹੈ। 

ਪਟਿਆਲਾ : ਮੁੱਖ ਮੰਤਰੀ ਦੇ ਸ਼ਹਿਰ ਵਿਚ ਜਦੋਂ ਲੋਕ ਇਕੱਠੇ ਹੋਕੇ ਇਕ ਲੋਕ ਆਗੂ ਨੂੰ ਜੇਲ੍ਹ ਦੀਆਂ ਸਲਾਖ਼ਾਂ ਵਿਚੋਂ ਕਢਾਉਣ ਲਈ ਜੱਦੋ ਜਹਿਦ ਕਰ ਰਹੇ ਹਨ ਤਾਂ ਵਕਤ ਨੂੰ ਇਨਸਾਫ਼ ਦੇ ਹੱਕ ਵਿੱਚ ਖੜਨ ਦਾ ਜੇਰਾ ਕਰ ਲੈਣਾ ਚਾਹੀਦਾ। ਲੋਕ ਆਗੂ ਮਨਜੀਤ ਧਨੇਰ ਦੀ ਉਮਰ-ਕੈਦ ਸਜ਼ਾ ਰੱਦ ਕਰਾਉਣ ਸਬੰਧੀ ਸੰਘਰਸ਼ ਕਮੇਟੀ, ਪੰਜਾਬ ਦੇ ਸੱਦੇ ’ਤੇ ਅੱਜ ਹਜ਼ਾਰਾਂ ਦੀ ਤਾਦਾਦ ’ਚ ਪਟਿਆਲਾ ਆ ਰਹੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਔਰਤਾਂ ਦੇ ਕਾਫ਼ਲੇ ਨੂੰ ਪ੍ਰਸ਼ਾਸਨ ਵੱਲੋਂ ਪਟਿਆਲਾ ਸ਼ਹਿਰ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਾ ਦਿੱਤੀ ਗਈ। ਜਿਸ ਕਰਕੇ ਹਜ਼ਾਰਾਂ ਮਰਦ-ਔਰਤਾਂ ਦੇ ਕਾਫ਼ਲੇ ਨੇ ਜੀ ਟੀ ਰੋਡ ਉੱਪਰ ਹੀ ਤਪਦੀ ਦੁਪਹਿਰ ਦੇ ਬਾਵਜੂਦ ਘੰਟਿਆਂ ਬੱਧੀ ਰੋਸ-ਪ੍ਰਦਰਸ਼ਨ ਕਰਕੇ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ। ਬੁਲਾਰਿਆਂ ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਜੋਗਿੰਦਰ ਸਿੰਘ ਉਗਰਾਹਾਂ, ਜਗਮੋਹਨ ਸਿੰਘ ਪਟਿਆਲਾ, ਨਿਰਭੈ ਸਿੰਘ ਢੁੱਡੀਕੇ, ਗੁਰਨਾਮ ਸਿੰਘ ਭੀਖੀ, ਨਰੈਣ ਦੱਤ, ਸੁਖਦੇਵ ਸਿੰਘ ਕੋਕਰੀਕਲਾਂ, ਅਮਨਦੀਪ ਕੌਰ, ਹਰਿੰਦਰ ਕੌਰ ਬਿੰਦੂ, ਪ੍ਰੇਮਪਾਲ ਕੌਰ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੇ ਇਸ਼ਾਰਿਆਂ ’ਤੇ ਪਟਿਆਲਾ ਪ੍ਰਸ਼ਾਸ਼ਨ ਵੱਲੋਂ ਧਾਰੇ ਹੱਠੀ ਰਵੱਈਏ ਦੀ ਨਿਖੇਧੀ ਕਰਦਿਆਂ ਕਿਹਾ ਕਿ 29 ਜੁਲਾਈ 1997 ਤੋਂ ਬਹੁ-ਚਰਚਿਤ ਕਿਰਨਜੀਤ ਕੌਰ ਮਹਿਲਕਲਾਂ ਲੋਕ ਘੋਲ ਦੀ ਅਗਵਾਈ ਕਰਨ ਵਾਲੇ ਇੱਕ ਸਿਰਕੱਢ ਆਗੂ ਮਨਜੀਤ ਧਨੇਰ ਨੂੰ 3 ਮਾਰਚ 2001 ਨੂੰ ਕਿਰਨਜੀਤ ਦੇ ਕਾਤਲਾਂ ਦੇ ਬੁੱਢੇ ਸਰਗਨੇ ਦਲੀਪੇ ਨਾਲ ਕੁੱਝ ਵਿਅਕਤੀਆਂ ਦੇ ਝਗੜੇ ਵਿੱਚ ਮਨਜੀਤ ਧਨੇਰ ਸਮੇਤ ਦੋ ਹੋਰ ਐਕਸ਼ਨ ਕਮੇਟੀ ਮੈਂਬਰਾਂ ਨੂੰ, ਗੁੰਡਾ-ਪੁਲਿਸ-ਸਿਆਸੀ ਗੱਠਜੋੜ ਨੇ ਸਾਜ਼ਿਸ਼ ਤਹਿਤ ਸ਼ਾਮਲ ਕਰ ਲਿਆ ਸੀ। ਜਨਤਕ ਜਥੇਬੰਦੀਆਂ ਦੇ ਵੱਡੇ ਵਿਸ਼ਾਲ ਸਾਂਝੇ ਸੰਘਰਸ਼ ਦੀ ਬਦੌਲਤ 24.7.2007 ਨੂੰ ਗਵਰਨਰ ਪੰਜਾਬ ਨੂੰ ਇਹ ਸਜ਼ਾ ਪਾਰਡਨ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ। ਹਾਈਕੋਰਟ ਅਤੇ ਸੁਪਰੀਮ
ਕੋਰਟ ਨੇ ਗਵਰਨਰ ਦਾ ਇਹ ਹੁਕਮ ਰੱਦ ਕਰਕੇ 24.2.2011 ਗਵਰਨਰ ਪੰਜਾਬ ਨੂੰ ਇਹ ਹੁਕਮ ਮੁੜ-ਵਿਚਾਰ ਕਰਨ ਲਈ ਭੇਜਿਆ ਸੀ। ਅੱਠ ਸਾਲ ਤੋਂ ਮਨਜੀਤ ਧਨੇਰ ਦੀ ਉਮਰ-ਕੈਦ ਸਜ਼ਾ ਪਾਰਡਨ ਕਰਨ ਵਾਲੀ ਫ਼ਾਈਲ ਗਵਰਨਰ ਦੇ ਦਫ਼ਤਰਾਂ ਦੀ ਧੂੜ੍ਹ ਚੱਟ ਰਹੀ ਹੈ। ਜਦਕਿ ਸੁਪਰੀਮ ਕੋਰਟ ਨੇ 3 ਸਤੰਬਰ 2019 ਨੂੰ ਮਨਜੀਤ ਧਨੇਰ ਦੀ ਅਪੀਲ ਨੂੰ ਖ਼ਾਰਜ ਕਰਦਿਆਂ ਹਾਈਕੋਰਟ ਵੱਲੋਂ ਸੁਣਾਈ ਉਮਰ-ਕੈਦ ਸਜ਼ਾ ਬਹਾਲ ਰੱਖ ਕੇ ਆਪਣਾ ਲੋਕ ਵਿਰੋਧੀ ਕਿਰਦਾਰ ਨੰਗਾ ਕਰ ਲਿਆ ਹੈ। ਆਗੂਆਂ ਕਿਹਾ ਇਹ ਸੱਚ ਨੂੰ ਫ਼ਾਂਸੀ ਹੈ, ਵਡੇਰਾ ਚੈਲੰਜ ਹੈ। ਇਸ ਚੈਲੰਜ ਨੂੰ ਸਵੀਕਾਰ ਕਰਕੇ ਸੰਘਰਸ਼ ਦਾ ਘੇਰਾ ਵਿਸ਼ਾਲ ਅਤੇ ਹੋਰ ਤਿੱਖਾ ਕੀਤਾ ਜਾਵੇਗਾ ਤੇ ਇਹ ਪੱਕਾ ਮੋਰਚਾ ਅਣਮਿਥੇ ਸਮੇਂ ਲਈ ਜਾਰੀ ਰੱਖਿਆ ਜਾਵੇਗਾ। ਕਿਉਂਕਿ ਇਹ ਸਜ਼ਾ ਮਨਜੀਤ ਧਨੇਰ ਨੂੰ ਹੀ ਨਹੀਂ ਹੈ ਸਗੋਂ ਹੱਕ-ਸੱਚ ਇਨਸਾਫ਼ ਲਈ ਜੂਝਣ ਵਾਲੇ ਵਿਚਾਰ ਨੂੰ ਸਜ਼ਾ ਹੈ। ਸੰਘਰਸ਼ਸ਼ੀਲ ਲੋਕਾਂ ਕੋਲ ਅਜਿਹੀਆਂ ਨਿਹੱਕੀਆਂ ਸਜ਼ਾਵਾਂ ਰੱਦ ਕਰਾਉਣ ਲਈ ਸੰਘਰਸ਼ ਤੋਂ ਸਿਵਾ ਕੋਈ ਚਾਰਾ ਨਹੀਂ। ਆਗੂਆਂ ਕਿਹਾ ਸਜ਼ਾ ਰੱਦ ਕਰਾਉਣ ਵਾਲੇ ਮਸਲੇ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਜਿੰਮੇਵਾਰ ਹੈ ਜਿਸ ਨੇ ਪਹਿਲਾਂ ਪਾਰਡਨ ਕਰਨ ਵੇਲੇ ਜਾਣ-ਬੁੱਝ ਕੇ ਅਜਿਹੀਆਂ ਕਮਜ਼ੋਰੀਆਂ ਰੱਖੀਆਂ, ਜਿਸ ਨੂੰ ਵਰਤ ਕੇ ਅਦਾਲਤ ਨੇ ਪਾਰਡਨ ਦਾ ਹੁਕਮ ਰੱਦ ਕਰ ਦਿੱਤਾ। ਹੁਣ ਵੀ ਗਵਰਨਰ ਪੰਜਾਬ ਕੋਲ ਸੰਵਿਧਾਨ ਦੀ ਧਾਰਾ 161 ਤਹਿਤ ਇਹ ਸਜ਼ਾ ਰੱਦ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਇਹ ਸਜ਼ਾ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਸਮੇਂ ਧੰਨਾ ਮੱਲ ਗੋਇਲ, ਅਮਨਦੀਪ, ਮਨਜੀਤ ਧਨੇਰ, ਗੁਰਮੇਲ ਠੁੱਲੀਵਾਲ, ਅਤਿੰਦਰ ਪਾਲ ਸਿੰਘ ਘੱਗਾ, ਨਾਮਦੇਵ ਸਿੰਘ ਭੁਟਾਲ, ਵਿਧੂ ਸ਼ੇਖ਼ਰ ਭਾਰਦਵਾਜ, ਰੁਪਿੰਦਰ ਚੌਂਦਾ, ਗੁਰਮੁਖ ਮਾਨ, ਰਮੇਸ਼ ਕੁਮਾਰ ਬਾਲੀ ਆਦਿ ਬੁਲਾਰਿਆਂ ਨੇ ਕਿਹਾ ਕਿ ਇੱਕ ਪਾਸੇ ਔਰਤਾਂ ਉੱਪਰ ਜ਼ਬਰ ਸਾਰੇ ਹੱਦਾਂ ਬੰਨੇ ਪਾਰ ਕਰ ਰਿਹਾ ਹੈ। ਬੁਲਾਰਿਆਂ ਨੇ ਕਿਰਨਜੀਤ ਕਾਂਡ ਤੋਂ ਇਲਾਵਾ, ਸ਼ਰੂਤੀ ਕਾਂਡ, ਨਿਰਭੈਆ ਕਾਂਡ, ਕਠੂਆ ਕਾਂਡ, ਉਨਾਓ ਕਾਂਡ ਅਤੇ ਸਾਬਕਾ ਕੇਂਦਰੀ ਮੰਤਰੀ
ਚਿਨਮਿਆਨੰਦ ਬਲਾਤਕਾਰ ਕੇਸ ਦੀਆਂ ਉਦਾਹਰਨਾਂ ਪੇਸ਼ ਕੀਤੀਆਂ ਅਤੇ ਕਿਹਾ ਕਿ ਮਨਜੀਤ ਧਨੇਰ ਦਹਾਕਿਆਂ ਬੱਧੀ ਸਮੇਂ ਤੋਂ ਔਰਤ-ਹੱਕਾਂ ਸਮੇਤ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਤਬਕਿਆਂ ਲਈ ਜੂਝਣ ਵਾਲੇ ਮਨਜੀਤ ਧਨੇਰ ਨੂੰ ਉਮਰ-ਕੈਦ ਜਿਹੀਆਂ ਸਜ਼ਾਵਾਂ ਦੇ ਇਨਾਮ ਨਾਲ ਨਿਵਾਜਿਆ ਜਾ ਰਿਹਾ ਹੈ। ਇਸ ਲਈ ਹੱਕੀ ਸੰਘਰਸ਼ਾਂ ਨੂੰ ਜਾਰੀ ਰੱਖਣ ਲਈ, ਨਿਹੱਕੀ ਉਮਰ-ਕੈਦ ਸਜ਼ਾ ਰੱਦ ਕਰਾਉਣ ਲਈ ਚੱਲ ਰਹੇ ਸੰਘਰਸ਼ ਨੂੰ ਵਿਸ਼ਾਲ ਅਤੇ ਤੇਜ਼ ਕਰਨਾ ਸਮੇਂ ਦੀ ਲੋੜ ਹੈ। ਸਟੇਜ ਸਕੱਤਰ ਦੇ ਫ਼ਰਜ਼ ਰਮਿੰਦਰ ਸਿੰਘ ਪਟਿਆਲਾ ਨੇ ਨਿਭਾਏ। ਇਸ ਸੰਘਰਸ਼ ਨੂੰ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ ਅਤੇ ਡੀਸੀਡਬਲਿਊ ਕਾਮਿਆਂ ਦੀ ਜਥੇਬੰਦੀ ਨੇ ਵੀ ਸਮਰਥਨ ਦਿੱਤਾ।
ਜਾਰੀ ਕਰਤਾ:- ਜਗਮੋਹਨ ਸਿੰਘ ਪਟਿਆਲਾ :– 94173-54165

Thursday, September 19, 2019

ਹੁਣ ਖਾਲਿਸਤਾਨ ਦਾ ਮੁੱਦਾ ਖੱਬੇ ਪੱਖੀਆਂ ਦੇ ਏਕੇ ਵਿਚ ਅੜਿਕਾ ਬਣਿਆ

ਸੀਪੀਐਮ ਤੇ ਪਾਸਲਾ ਦੀ ਲੜਾਈ ਨਿੱਜੀ ਦੌਰ ਵਿੱਚ ਪੁੱਜੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ : ਪੰਜਾਬ ਦੀਆਂ ਖੱਬੇ ਪੱਖੀ ਧਿਰਾਂ ਏਕਾ ਕਰਨ ਲਈ ਅੱਗੇ ਵਧ ਰਹੀਆਂ ਹਨ, ਸਾਰੇ ਖੱਬੇ ਪੱਖੀ ਆਗੂ ਇਹ ਸਪਸ਼ਟ ਤੌਰ ਤੇ ਕਹਿ ਰਹੇ ਹਨ ਕਿ ਇਸ ਵੇਲੇ ਚੱਲ ਰਹੀ ਫ਼ਿਰਕਾਪ੍ਰਸਤੀ ਦੀ ਹਨੇਰੀ ਨੂੰ ਥੰਮ੍ਹਣ ਲਈ ਏਕਾ ਹੋਣਾ ਜ਼ਰੂਰੀ ਹੈ ਪਰ ਇਕ ਮੁੱਦੇ ਨੂੰ ਲੈ ਕੇ ਸੀਪੀਐਮ ਅਜੇ ਇਸ ਏਕੇ ਤੋਂ ਦੂਰ ਜਾਪ ਰਹੀ ਹੈ।
ਸੀਪੀਐਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਇਸ ਗੱਲ ਤੋਂ ਏਕੇ ਤੋਂ ਇਨਕਾਰ ਕਰ ਦਿੱਤਾ ਕਿ ਜਿਨ੍ਹਾਂ ਖੱਬੇ ਪੱਖੀ
ਧਿਰਾਂ ਨੇ ਲੋਕ ਸਭਾ ਚੋਣਾਂ ਵਿਚ ਖਾਲਸਤਾਨੀਆਂ ਦੀ ਮਦਦ ਕੀਤੀ ਹੈ ਉਹ ਆਪਣਾ ਸਪਸ਼ਟੀਕਰਨ ਦੇਣ, ਕਿਉਂਕਿ ਅਸੀਂ ਤਾਂ ਅੱਤਵਾਦ ਸਮੇਂ ਆਪਣੇ 300 ਤੋਂ ਵੱਧ ਲੀਡਰ ਸ਼ਹੀਦ ਕਰਵਾ ਚੁੱਕੇ ਹਾਂ ਪਰ ਹੁਣ ਇਹ ਧਿਰਾਂ ਉਨ੍ਹਾਂ ਲੋਕਾਂ ਦੀ ਮਦਦ ਕਰ ਰਹੀਆਂ ਹਨ। ਕਾਮ. ਸੇਖੋਂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੰਗਤ ਰਾਮ ਪਾਸਲਾ ਤਾਂ ਕਾਮਰੇਡ ਹੀ ਨਹੀਂ, ਉਹ ਏਕੇ ਦੀ ਗੱਲ ਹੀ ਨਹੀਂ ਕਰ ਸਕਦਾ। ਇਕ ਪਾਸੇ ਖਾਲਿਸਤਾਨੀ ਲੋਕ ਰਿਫਰੈ਼ਡ 20-20 ਦੀ ਗੱਲ ਕਰ ਰਹੇ ਹਨ ਪਰ ਸਾਡੇ ਕਾਮਰੇਡ ਭਰਾ ਉਨ੍ਹਾਂ ਦੀ ਹਮਾਇਤ ਕਰ ਰਹੇ ਹਨ, ਇਸ ਦਾ ਜਵਾਬ ਜੇਕਰ ਕਿਸੇ ਕੋਲ ਹੈ ਤਾਂ ਦੱਸੇ।
ਸੀਪੀਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਤੇ ਸਾਬਕਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪਰਮਜੀਤ ਕੌਰ ਖਾਲੜਾ ਦੇ ਪਤੀ ਮਨੁੱਖੀ ਅਧਿਕਾਰਾਂ ਦੀ ਹਮਾਇਤ ਕਰਕੇ ਸ਼ਹੀਦ ਹੋਏ ਸਨ ਜਿਸ ਕਰਕੇ ਕਾਨੂੰਨ ਅਨੁਸਾਰ ਉਸ ਨੂੰ ਸ਼ਹੀਦ ਕਰਨ ਵਾਲੇ ਪੁਲੀਸ ਵਾਲਿਆਂ ਨੂੰ ਸਜਾਵਾਂ ਵੀ ਹੋ ਗਈਆਂ ਹਨ। ਮਨੁੱਖੀ ਅਧਿਕਾਰਾਂ ਦੇ ਹਾਮੀ ਨੂੰ ਖ਼ਾਲਿਸਤਾਨ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ। ਅਜਿਹੀਆਂ ਗੱਲਾਂ ਕਰਕੇ ਏਕਾ ਹੋਣ ਵਿਚ ਅੜਿੱਕਾ ਨਹੀਂ ਪਾਉਣਾ ਚਾਹੀਦਾ
ਸਗੋਂ ਸਾਨੂੰ ਇਸ ਵੇਲੇ ਇਕ ਹੋਕੇ ਲੜਾਈ ਲੜਨ ਲਈ ਤਿਆਰ ਹੋਣਾ ਚਾਹੀਦਾ ਹੈ। ਇਹ ਜੋ 20-20 ਰਿਫਰੈਂਡਮ ਦੀ ਗੱਲ ਕਰ ਰਹੇ ਹਨ ਇਹ ਇਥੇ ਕਰਨ ਵਾਲੀ ਹੀ ਨਹੀਂ ਹੈ, ਇਥੇ ਖਾਲਿਸਤਾਨੀ ਰਹਿ ਹੀ ਕਿੰਨੇ ਗਏ ਹਨ। ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੀ ਗੱਲ ਕਰਦੇ ਹਨ ਪਰ ਉਹ ਹੁਣ ਕਿਨਾ ਕੁ ਪ੍ਰਭਾਵ ਰੱਖਦੇ ਹਨ, ਬੰਤ ਸਿੰਘ ਬਰਾੜ ਨੇ ਕਿਹਾ ਕਿ ਸਾਡੀ ਲਿਬਰੇਸ਼ਨ ਨਾਲ, ਨਿਊ ਡੈਮੋਕ੍ਰੇਸੀ ਨਾਲ ਮੀਟਿੰਗ ਹੋਈ ਹੈ, ਇੱਥੋਂ ਤੱਕ ਕੇ ਸਾਡੀ ਸੀਪੀਐਮ ਦੇ ਸਕੱਤਰ ਕਾਮ. ਸੇਖੋਂ, ਮੰਗਤ ਰਾਮ ਪਾਸਲਾ ਨਾਲ ਵੀ ਮੀਟਿੰਗ ਹੋਈ ਹੈ, ਅਸੀਂ ਏਕਾ ਕਰਨਾ ਚਾਹੁੰਦੇ ਹਾਂ, ਹੁਣ ਮੁੱਦਾ ਖ਼ਾਲਿਸਤਾਨ ਦਾ ਨਹੀਂ ਰਹਿ ਗਿਆ ਹੁਣ ਫਾਸੀਵਾਦੀ ਤਾਕਤਾਂ ਵਿਰੁੱਧ ਲੜਾਈ ਲੜਨ ਦਾ ਮੁੱਦਾ ਹੈ। ਸਾਡੀ ਜਮਹੂਰੀਅਤ ਖ਼ਤਰੇ ਵਿਚ ਹੈ। ਇਸੇ ਤਰ੍ਹਾਂ ਆਰਐਮਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਅੱਜ ਨਿੱਜੀ ਲੜਾਈਆਂ ਦਾ ਮੁੱਦਾ ਮਨਫ਼ੀ ਹੋਣਾ ਚਾਹੀਦਾ ਹੈ, ਸਿਰਫ਼ ਸਾਨੂੰ ਇੱਕਮੁੱਠ ਹੋਣ ਲਈ ਕੰਮ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਸਾਡੀ ਖੱਬੇ ਪੱਖੀ ਜਥੇਬੰਦੀਆਂ ਦੀ ਮੀਟਿੰਗ ਅਗਲੇ ਦਿਨਾਂ ਵਿੱਚ ਹੋ ਰਹੀ ਹੈ, ਜਿਸ ਵਿੱਚ ਅਸੀਂ ਇਕ ਹੋਣ ਲਈ ਸਾਰਾ ਜ਼ੋਰ ਲਗਾ ਦਿਆਂਗੇ। ਉਨ੍ਹਾਂ ਕਿਹਾ ਕਿ ਅੱਜ ਖ਼ਾਲਿਸਤਾਨ ਦਾ ਕੋਈ ਮੁੱਦਾ ਨਹੀਂ ਹੈ ਸਗੋਂ ਵੱਡਾ ਮੁੱਦਾ ਹੈ ਕਿ ਸਾਡਾ ਸੰਵਿਧਾਨ ਖ਼ਤਰੇ ਵਿਚ ਹੈ। ਫ਼ਿਰਕਾਪ੍ਰਸਤੀ ਦਾ ਵਿਕਰਾਲ ਰੂਪ ਦੇਖਣ ਨੂੰ ਮਿਲ ਰਿਹਾ ਹੈ, ਦੇਸ਼ ਦੀ
ਆਰਥਿਕਤਾ ਖ਼ਤਮ ਕੀਤੀ ਜਾ ਰਹੀ ਹੈ। ਦੇਸ਼ ਦੀ ਵਿਭਿੰਨਤਾ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ ਜੇਕਰ ਅੱਜ ਵੀ ਨਾ ਅਸੀਂ ਇਕੱਠੇ ਨਾ ਹੋਏ ਤਾਂ ਫਿਰ ਸਾਡੀ ਵਿਰੋਧੀ ਤਾਕਤ ਹੋਰ ਵੀ ਖ਼ਤਰਨਾਕ ਹੈ ਸਾਨੂੰ ਜੇਲ੍ਹਾਂ ਵਿਚ ਇਕੱਠੇ ਹੋਣ ਲਈ ਤਿਆਰ ਰਹਿਣਾ ਚਾਹੀਦਾ ਹੈ, ਉਸ ਨੇ ਕਿਸੇ ਦਾ ਨਾਮ ਲਏ ਬਗੈਰ ਕਿਹਾ ਕਿ ਕੁਝ ਪਾਰਟੀਆਂ ਕਾਂਗਰਸ ਨਾਲ ਦੋਸਤੀ ਨਿਭਾਉਣ ਖ਼ਾਤਰ ਏਕਾ ਨਹੀਂ ਹੋਣ ਦੇ ਰਹੀਆਂ। ਕਾਮ. ਸੇਖੋਂ ਵਲੋਂ ਉਠਾਏ ਸਵਾਲ ਕਿ ਮੰਗਤ ਰਾਮ ਪਾਸਲਾ ਤਾਂ ਕਾਮਰੇਡ ਹੀ ਨਹੀਂ ਹੈ ਬਾਰੇ ਕਾਮ. ਪਾਸਲਾ ਨੇ ਕਿਹਾ ਕਿ ਹੋਰ ਕਾਮਰੇਡ ਕਿਹੋ ਜਿਹੇ ਹੁੰਦੇ ਹਨ, ਲੋਕ ਪੱਖ ਵਿਚ ਖੜਨ ਵਾਲੇ ਕੀ ਕਾਮਰੇਡ ਨਹੀਂ ਹੁੰਦੇ? ਮੈਂ ਦੋਂ ਸੀਪੀਐਮ ਦਾ ਸਕੱਤਰ ਸੀ ਤਾਂ ਉਸ ਵੇਲੇ 300 ਦੇ ਕਰੀਬ ਖੱਬੇ ਪੱਖੀ ਆਗੂ ਸ਼ਹੀਦ ਹੋਏ,ਇਹ ਕਹਿੰਦੇ ਹਨ ਕਿ ਸਾਡੀ ਪਾਰਟੀ ਦੇ ਸ਼ਹੀਦ ਹੋਏ, ਪਰ ਮੈਂ ਉਸ ਵੇਲੇ ਸੀਪੀਐਮ ਵਿੱਚ ਹੀ ਸੀ,ਕਾਮ. ਪਾਸਲਾ ਨੇ ਅੱਗੇ ਕਿਹਾ ਕਿ 300 ਕਾਮਰੇਡਾਂ ਦਾ ਸ਼ਹੀਦ ਹੋਣਾ ਅੱਜ ਕਿਵੇਂ ਸਾਹਮਣੇ ਲਿਆਂਦਾ ਜਾ ਰਿਹਾ ਹੈ ਜਦ ਕਿ ਮੈਂ ਹੀ ਸੀ ਉਸ ਵੇਲੇ ਬਚ ਗਿਆ ਸੀ। ਪੁਰਾਣੇ ਕਾਮਰੇਡ ਮਦਨਜੀਤ ਸਿੰਘ ਡਕਾਲਾ ਨੇ ਕਿਹਾ ਕਿ ਇਸ ਇਨ੍ਹਾਂ ਦੀ ਨਿੱਜੀ ਲੜਾਈ ਕਈ ਸਾਰੀਆਂ ਲਹਿਰਾਂ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਕਰ ਦਿੰਦੀ ਹੈ। ਅੱਜ ਇਨ੍ਹਾਂ ਨੂੰ ਇਕੱਠੇ ਹੋਣ ਲਈ ਸਾਰੇ ਮਤਭੇਦ ਭੁਲਾਉਣੇ ਚਾਹੀਦੇ ਹਨ।

Wednesday, September 18, 2019

ਮਾਂ ਬੋਲੀ ਦੇ ਪੱਖ ਵਿਚ 120 ਸਭਾਵਾਂ ਵਲੋਂ ਅੰਦੋਲਨ ਹੋਵੇਗਾ : ਡਾ. ਤੇਜਵੰਤ ਮਾਨ

ਇੱਕ ਰਾਸ਼ਟਰ, ਇੱਕ ਭਾਸ਼ਾ ਅਤੇ ਇੱਕ ਸੰਸਕ੍ਰਿਤੀ ਦੇ ਸਿਧਾਂਤ ਦਾ ਵਿਰੋਧ ਕਰਨਾ ਜਰੂਰੀ

ਸੰਗਰੂਰ : ਕੇਂਦਰੀ ਪੰਜਾਬੀ ਲੇਖਕ ਸਭਾ (ਸੇ਼ਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਉਹ ਆਪਣੀਆਂ ਸਹਿਯੋਗੀ 120 ਸਭਾਵਾਂ ਨੂੰ ਨਾਲ ਲੈਕੇ ਪੰਜਾਬੀ ਮਾਂ ਬੋਲੀ ਦੇ ਪੱਖ ਵਿਚ ਇਕ ਅੰਦੋਲਨ ਸ਼ੁਰੂ ਕਰਨਗੇ। ਇਸੇ ਤਹਿਤ ਉਹ ਪੰਜਾਬ ਵਿਚ ਸੱਤ ਕਾਨਫਰੰਸਾਂ ਵੀ ਕਰਨ ਜਾ ਰਹੇ ਹਨ।
ਬਿਆਨ ਜਾਰੀ ਕਰਦਿਆਂ ਸਭਾ ਦੇ ਸਕੱਤਰ ਡਾ. ਭਗਵੰਤ ਸਿੰਘ ਨੇ ਦਸਿਆ ਕਿ ਭਾਰਤ ਦੇ ਸੰਘੀ ਢਾਂਚੇ ਅਤੇ ਬਹੁਰਾਸ਼ਟਰੀ, ਬਹੁਭਾਸ਼ੀ ਅਤੇ ਬਹੁਸਭਿਆਚਾਰੀ ਸਰੂਪ ਨੂੰ ਬਚਾਉਣ ਲਈ ਜਰੂਰੀ ਹੈ ਕਿ ਆਰ.ਐਸ.ਐਸ. ਦੀ ਇਸ ਨਿਰੰਕੁਸ਼ ਤਾਨਾਸ਼ਾਹ ਸੋਚ ਨੂੰ ਨਕਾਰਣ ਲਈ ਲੋਕਜਾਗਰਤੀ ਪੈਦਾ ਕੀਤੀ ਜਾਵੇ। ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਨੇ ਅਪੀਲ ਕੀਤੀ ਕਿ ਪੰਜਾਬ ਦੇਲੋਕ ਇਸ ਵਿਰੋਧ ਦੀ ਅਗਵਾਈ ਕਰਨ। ਸਾਡਾ ਸੁਨਹਿਰੀ ਇਤਿਹਾਸ ਗਵਾਹ ਹੈ ਕਿ ਕਿਵੇਂ ਮਨੁੱਖੀ ਭਾਵਨਾਵਾਂ ਕਦਰਾਂਕੀਮਤਾਂ ਦੀ ਰਾਖ ਲਈ ਸਾਡੇ ਗੁਰੂਆਂ, ਸੰਗਰਾਮੀ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਹਨ। ਡਾ. ਮਾਨ ਨੇ ਸਪੱਸ਼ਟ ਕੀਤਾ ਕਿ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਪਹਿਚਾਣ ਦਾ ਮਸਲਾ ਕਿਸੇ ਦੀ ਨਿੱਜੀ ਹਊਮੈ ਦਾ ਮਸਲਾ ਨਹੀਂ ਸਗੋਂ ਸਮੁੱਚੀ ਪੰਜਾਬੀ ਕੌਮੀਅਤ ਦਾ ਮਸਲਾ ਹੈ। ਸਿੱਖ ਸੱਭਿਆਚਾਰ ਦੀ ਪਹਿਚਾਣ ਦਾ ਮਸਲਾ ਹੈ। ਪੰਜਾਬੀ ਭਾਸ਼ਾ ਅਤੇ ਪੰਜਾਬੀ ਕੌਮੀਅਤ ਦੇ ਬਚਾਓ ਲਈ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਪੰਜਾਬ, ਹਰਿਆਣਾ, ਅਤੇ ਦਿੱਲੀ ਵਿਚ ਸੱਤ ਕਾਨਫਰੰਸਾਂ ਕਰਨ ਜਾ ਰਹੀ ਹੈ।
ਬਰਨਾਲਾ, ਪਟਿਆਲਾ, ਗੜਸ਼ੰਕਰ, ਅੰਮ੍ਰਿਤਸਰ, ਜ਼ੀਰਾ, ਸਿਰਸਾ ਅਤੇ ਦਿੱਲੀ ਵਿੱਚ ਹੋ ਰਹੀਆਂ ਇਨ੍ਹਾਂ ਕਾਨਫਰੰਸਾਂ ਦਾ ਮੁੱਖ ਏਜੰਡਾ ਭਾਰਤ ਦੇ ਫੈਡਰਲ ਢਾਂਚੇ ਵਿੱਚ ਆਰ.ਐਸ.ਐਸ. ਦੇ ਸਿਧਾਂਤ ਅਨੁਸਾਰ ਖੇਤਰੀ ਭਾਸ਼ਾਵਾਂ ਅਤੇ ਸੱਭਿਆਚਾਰਾਂ ਨੂੰ ਖਤਮ ਕਰ ਦੇਣ ਦੀ ਸਾਜਿਸ਼ ਨੂੰ ਨੰਗਾ ਕਰਨਾ ਅਤੇ ਪੰਜਾਬੀ ਭਾਸ਼ਾ ਨੂੰ ਬਚਾਉਣਾ ਹੋਵੇਗਾ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਆਪਣੇ ਨਾਲ ਸੰਬੰਧਤ ਇੱਕ ਸੌ ਵੀਹ ਸਭਾਵਾਂ ਦੇ ਸਹਿਯੋਗ ਨਾਲ ਇੱਕ ਅੰਦੋਲਨ ਸ਼ੁਰੂ ਕਰਨ ਦਾ ਪ੍ਰੋਗਰਾਮ ਉਲੀਕੇਗੀ। ਸਮੂਹ ਪੰਜਾਬੀ ਪਿਆਰਿਆਂ ਨੂੰ ਇਸ ਅੰਦੋਲਨ ਦਾ ਭਾਗ ਬਣਨ ਲਈ ਅਪੀਲ ਕੀਤੀ ਜਾਂਦੀ ਹੈ। ਹੁਣ ਤੱਕ ਦਿੱਤੇ ਜਾ ਰਹੇ ਸਹਿਯੋਗ ਲਈ ਸਾਰੀਆਂ ਪੰਜਾਬੀ ਭਾਸ਼ਾ ਅਤੇ ਕੌਮ ਨਾਲ ਪਿਆਰ ਕਰਨ ਵਾਲੀਆਂ ਧਿਰਾਂ ਦਾ ਬਹੁਤ ਬਹੁਤ ਧੰਨਵਾਦ ।
ਜਾਰੀ ਕਰਤਾ: ਡਾ. ਭਗਵੰਤ ਸਿੰਘ (ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਫੋਨ 9814851500

Tuesday, September 17, 2019

ਡਾ. ਹੁਕਮ ਚੰਦ ਰਾਜਪਾਲ ਨੇ ਪੰਜਾਬੀਆਂ ਤੋਂ ਮਾਫ਼ੀ ਮੰਗੀ

ਮੇਰੇ ਵਰਗੇ ਅਕਾਦਮਿਸ਼ਨਾ ਨੂੰ ਭਾਸ਼ਾ ਦੀ ਸਿਆਸਤ ਵਿਚ ਨਾ ਘੜੀਸਿਆ ਜਾਵੇ: ਡਾ. ਰਾਜਪਾਲ

ਪਟਿਆਲਾ : ਹਿੰਦੀ ਦਿਵਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਹਿੰਦੀ ਦੇ ਵਿਦਵਾਨ ਡਾ. ਹੁਕਮ ਚੰਦ ਰਾਜਪਾਲ ਨੇ ਹਿੰਦੀ ਦਿਵਸ ਮੌਕੇ ਹੋਏ ਝਗੜ ਸਬੰਧੀ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ‘ਮੇਰੇ ਵਰਗੇ ਅਕਾਦਮਿਸ਼ਨ ਨੂੰ ਭਾਸ਼ਾ ਦੀ ਸਿਆਸਤ ਵਿਚ ਨਾ ਘੜੀਸਿਆ ਜਾਵੇ।
ਉਨ੍ਹਾਂ ਆਪਣਾ ਸਪਸ਼ਟੀਕਰਨ ਪੰਜਾਬੀ ਵਿਚ ਟਾਈਪ ਕੀਤੀ ਇਬਾਰਤ ਰਾਹੀਂ ਦਿੱਤਾ ਹੈ ਅਤੇ ਹੇਠਾਂ ਹਿੰਦੀ ਵਿਚ ਦਸਤਖ਼ਤ ਵੀ ਕੀਤੇ ਹਨ, ਉਨ੍ਹਾਂ ਕਿਹਾ ਹੈ ਕਿ ਜਿਸ ਫੰਕਸ਼ਨ ਵਿਚ ਕੀਤੀ ਗਈ ਟਿੱਪਣੀ ਨਾਲ ਪੰਜਾਬੀ ਪਿਆਰਿਆਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ, ਉਸ ਫੰਕਸ਼ਨ ਦੀ ਮੈਂ ਪ੍ਰਧਾਨਗੀ ਕਰ ਰਿਹਾ ਸੀ। ਅਕਾਦਮਿਕ ਖੇਤਰ ਵਿਖੇ ਮੇਰੀ ਪੰਜਾਬੀ ਪਹੁੰਚ ਬਾਰੇ ਮੇਰੇ ਸਹਿਯੋਗੀ ਜਾਣਦੇ ਹਨ, ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਜਾਣਨ ਵਾਲਿਆਂ ਦੀ ਲਿਸਟ ਬਹੁਤ ਲੰਮੀ ਹੈ। ਉਨ੍ਹਾਂ ਅੱਗੇ ਲਿਖਿਆ ਹੈ ਕਿ ਮੈਂ ਕਹਿਣਾ ਚਾਹੁੰਦਾ ਹਾਂ ਕ ਹਿੰਦੀ ਰਾਹੀਂ ਪੰਜਾਬੀ ਦੀ ਸੇਵਾ ਕਰਦਾ ਰਿਹਾ ਹਾਂ ਅਤੇ ਉਮਰ ਦੇ ਇਸ ਪੜਾਅ ਤੇ ਵੀ ਸਮਰੱਥਾ ਮੁਤਾਬਿਕ ਕਰੀ ਜਾ ਰਿਹਾ ਹਾਂ।ਇਸ ਦਾ ਪ੍ਰਗਟਾਵਾ ਭਾਸ਼ਾ ਵਿਭਾਗ ਅਤੇ ਵਰਲਡ ਪੰਜਾਬੀ ਸੈਂਟਰ ਦੇ ਪਲੇਟਫ਼ਾਰਮ ਤੋਂ ਹੁੰਦਾ ਰਹਿੰਦਾ ਹੈ। ਮੈਂ ਸੁਪਨੇ ਵਿਚ ਵੀ ਪੰਜਾਬੀ ਬੋਲੀ ਦੇ ਵਿਰੁੱਧ ਨਹੀਂ ਸੋਚ ਸਕਦਾ। ਮੈਂ ਹਿੰਦੀ ਵਿਚ ਜਿਹੜਾ ਮੈਗਜ਼ੀਨ ਕੱਢ ਰਿਹਾ ਹਾਂ ਉਸ ਵਿੱਚ ਪੰਜਾਬੀ ਅਤੇ ਬਾਣੀ ਨਾਲ ਜੁੜੇ ਹੋਏ ਮਸਲਿਆ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਸ ਹਾਲਤ ਵਿਚ ਮੇਰੀ ਪ੍ਰਧਾਨਗੀ ਸਮੇਂ ਕੀਤੀ ਗਈ ਕਿਸੇ ਵੀ ਟਿੱਪਣੀ ਨਾਲ ਜੇ ਕਿਸੇ ਦੇ ਵੀ ਮਨ ਨੂੰ ਠੇਸ ਪਹੁੰਚੀ ਹੈ ਤਾਂ ਇਸ ਵਾਸਤੇ ਮੈਂ ਤਹਿ ਦਿਲੋਂ ਮਾਫ਼ੀ ਮੰਗਦਾ ਹੋਇਆ ਬੇਨਤੀ ਕਰਦਾ ਹਾਂ ਕਿ ਮੇਰੇ ਵਰਗੇ ਅਕਾਮਿਸ਼ਨਾਂ ਨੂੰ ਭਾਸ਼ਾ ਦੀ ਸਿਆਸਤ ਵਿਚ ਘੜੀਸਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਡਾ. ਹੁਕਮ ਚੰਦ ਰਾਜਪਾਲ ਉੱਤੇ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਡਾ. ਤੇਜਵੰਤ ਮਾਨ ਦਾ ਵੱਡਾ ਦੋਸ਼ ਹੈ ਕਿ ਡਾ. ਰਾਜਪਾਲ ਨੇ ਉਸ ਨੂੰ ਧਮਕੀ ਦਿੱਤੀ ਹੈ ਕਿ ‘ਦੋ ਸਾਲ ਠਹਿਰ ਜਾਓ ਉਸ ਤੋਂ ਬਾਅਦ ਦੱਸਾਂਗੇ ਹਿੰਦੀ ਕੀ ਹੈ’ ਹਾਲਾਂ ਕਿ ਇਸੇ ਬਲਾਗ ਵਿਚ ਪਹਿਲਾਂ ਡਾ. ਰਾਜਪਾਲ ਦਾ ਸਪਸ਼ਟੀਕਰਨ ਆਇਆ ਹੈ ਉਸ ਨੇ ਇਹ ਦੋਸ਼ ਨਕਾਰੇ ਸੀ। ਪਰ ਡਾ. ਤੇਜਵੰਤ ਮਾਨ ਇਸ ਗੱਲ ਤੇ ਅੜੇ ਹੋਏ ਹਨ ਕਿ ਡਾ. ਰਾਜਪਾਲ ਨੇ ਉਸ ਨੂੰ ਧਮਕੀ ਦਿੱਤੀ ਹੈ, ਇਸ ਸਮਾਗਮ ਵਿਚ ਆਰਐਸਐਸ ਦੇ ਕਾਰਕੁਨ ਵੀ ਬੁਲਾਏ ਹੋਏ ਸਨ। ਇਸ ਪੂਰੇ ਮੁੱਦੇ ਤੇ ਪਹਿਲਾਂ ਹੀ ਬਲਾਗ ਵਿੱਚ ਲਿਖਿਆ ਜਾ ਚੁੱਕਾ ਹੈ।

Monday, September 16, 2019

‘ਸਰਦਾਰ ਪੰਛੀ‘ ਨੇ ਪੰਜਾਬੀ ਜਗਤ ਤੋਂ ਮਾਫ਼ੀ ਮੰਗੀ

ਮੈਂ ਉਰਦੂ, ਹਿੰਦੀ ਸਾਹਿਤ  ਵੱਲ ਤੁਰਨ ਤੋਂ ਪਹਿਲਾਂ ਪੰਜਾਬੀ ਲੇਖਕ ਹੀ ਸਾਂ : ਪੰਛੀ

ਲੁਧਿਆਣਾ : ਉਰਦੂ ਤੇ ਹਿੰਦੀ ਦੇ ਸ਼ਾਇਰ ‘ਸਰਦਾਰ ਪੰਛੀ’ ਨੇ ਪੰਜਾਬੀਆਂ ਤੋਂ ਮਾਫ਼ੀ ਮੰਗੀ ਹੈ ਤੇ ਕਿਹਾ ਹੈ ਕਿ ਉਹ ਉਰਦੂ ਤੇ ਹਿੰਦੀ ਸਾਹਿਤ ਵੱਲ ਤੁਰਨ ਤੋਂ ਪਹਿਲਾਂ ਪੰਜਾਬੀ ਲੇਖਕ ਹੀ ਸੀ।
ਉਸ ਵੱਲੋਂ ਪੰਜਾਬੀ ਵਿਚ ਹੱਥ ਲਿਖਤ ਮਾਫ਼ੀ ਪੱਤਰ ਵਿਚ ਲਿਖਿਆ ਹੈ ਕਿ 13 ਸਤੰਬਰ 2019 ਨੂੰ ਭਾਸ਼ਾ ਭਵਨ ਪਟਿਆਲਾ ਵਿਖੇ ਭਾਸ਼ਾ ਵਿਭਾਗ ਵੱਲੋਂ ਹਿੰਦੀ ਦਿਵਸ ਮੌਕੇ ਮੇਰੇ ਵੱਲੋਂ ਬੋਲੇ ਕੁਝ ਸ਼ਬਦਾਂ ਨੂੰ ਸੁਣ ਕੇ ਮੇਰੇ ਕੁਝ ਪੰਜਾਬੀ ਲੇਖਕ ਦੋਸਤਾਂ ਦੇ ਮਨਾਂ ਨੂੰ ਠੇਸ ਪੁੱਜੀ ਹੈ, ਜਿਸ ਦਾ ਮੈਨੂੰ ਅਫ਼ਸੋਸ ਹੈ। ਉਰਦੂ ਹਿੰਦੀ ਸਾਹਿੱਤ ਵੱਲ ਤੁਰਨ ਤੋਂ ਪਹਿਲਾਂ ਮੈਂ ਪੰਜਾਬੀ ਲੇਖਕ ਹੀ ਸਾਂ ਅਤੇ ਪੰਜਾਬੀ ਦੀ ਸ਼ਕਤੀ, ਸਮਰਥਾ, ਸੰਵੇਦਨਾ ਅਤੇ ਸੰਚਾਰ ਯੋਗਤਾ ਦਾ ਮੈਂ ਬਚਪਨ ਤੋਂ ਹੀ ਕਾਇਲ ਹਾਂ,। ਭਿੱਖੀ ਵਿਰਕਾਂ (ਸੇਖਪੁਰਾ, ਪਾਸਿਤਾਨ) ਵਿਖੇਂ ਜਨਮ ਲੈਣ ਤੋਂ ਲੈਕੇ ਅੱਜ ਤੀਕ ਇਸ ਭਾਸ਼ਾ ਦੇ ਲੇਖਕਾਂ, ਸੰਸਥਾਵਾਂ ਅਤੇ ਅਦਾਰਿਆਂ ਵਿਚ ਮੇਰੀ ਪਛਾਣ ਪੰਜਾਬੀ ਨੇ ਹੀ ਕਰਵਾਈ ਹੈ।
ਮੈਂ ਪੰਜਾਬੀ ਮਾਂ ਬੋਲੀ ਦੇ ਲੇਖਕਾਂ, ਸੰਸਥਾਵਾਂ ਦਾ ਮਰਦੇ ਦਮ ਤਕ ਦੇਣਦਾਰ ਰਹਾਂ ਗਾ। 13 ਸਤੰਬਰ ਨੂੰ ਪਟਿਆਲਾ ਵਿਚ ਮੇਰੇ ਬੋਲਾਂ ਨਾਲ ਜੇਕਰ ਪੰਜਾਬ ਪਿਆਰਿਆਂ ਦੇ ਦਿਲਾਂ ਨੂੰ ਠੇਸ ਪੁੱਜੀ ਹੈ ਤਾਂ ਮੈਂ ਇਸ ਲਈ ਸਭ ਸੱਜਣਾ ਤੋ ਖਿਮਾ ਦਾ ਜਾਚਕ ਹਾਂ।
ਮੇਰੀ ਜਾਤ ਸੰਬੰਧੀ ਕੌੜਾ ਕਸੈਲਾ ਲਿਖਣ ਵਾਲੇ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਤਲਖੀ ਵਿਚ ਮੇਰੀ ਉਮਰ, ਸਿਹਤ, ਅਤੇਪੰਜਾਬੀ ਵਿਚ ਕੀਤੇ ਕੰਮ ਨੂੰ ਜਰੂਰ ਧਿਆਨ ਗੋਚਰੇ ਕਰਨ।
ਇਸ ਵਿਵਾਦ ਨੂੰ ਹੋਰ ਅੱਗੇ ਨਾ ਵਧਾਇਆ ਜਾਵੇ, ਮੇਰੀ ਸਨਿਮਰ ਗੁਜ਼ਾਰਸ ਹੈ।
ਜ਼ਿਕਰਯੋਗ ਹੈ ਕਿ ਸਰਦਾਰ ਪੰਛੀ ਨੇ 13 ਅਕਤੂਬਰ ਨੂੰ ਆਪਣੀ ਕਵਿਤਾ ਵਿਚ ਪੰਜਾਬੀਆਂ ਨੂੰ ਝਗੜਾਲੂ ਤੇ ਲੜਾਈ ਕਰਨ ਵਾਲੇ ਦਸਿਆ ਸੀ। ਇੱਕ ਹੋਰ ਗੱਲ ਹੋ ਇਸ ਪੰਛੀ ਨੇ ਕਹੀ ਉਹ ਬਹੁਤ ਹੀ ਭੈੜੀ ਲੱਗੀ ।ਉਸ ਨੇ ਕਿਹਾ ਕਿ ਮੇਰੀ ਨਿਗਾਹ ਘੱਟ ਕਰਕੇ ਦੂਰ ਬੈਠੀਆਂ ਬੀਬੀਆਂ ਆਪਣੀ ਬੀਵੀ ਲੱਗਦੀਆਂ ਹਨ । ਉਸ ਵੇਲੇ ਪਿੱਛੇ ਬੈਠੀਆਂ ਬੀਬੀਆਂ ਵਿੱਚ ਕੁਝ ਛੋਟੀ ਉਮਰ ਦੀਆਂ ਬੱਚੀਆਂ ਵੀ ਸਨ । ਇਸ ਗੱਲ ਦਾ ਬਹੁਤ ਸਾਰੇ ਪੰਜਾਬੀ ਲੇਖਕਾਂ ਨੇ ਬੁਰਾ ਮਨਾਇਆ ਸੀ ਤੇ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਸਟੇਜ਼ ਤੋਂ ਬੋਲਦਿਆਂ ਪੰਜਾਬੀ ਪ੍ਰਤੀ ਕਈ ਨੁਕਤੇ ਸਪਸ਼ਟ ਕੀਤੇ ਸਨ ਜੋ ਇਸ ਬਲਾਗ ਵਿਚ ਪਹਿਲਾਂ ਹੀ ਲਿਖੇ ਜਾ ਚੁੱਕੇ ਹਨ।

ਮਾਤ ਭਾਸ਼ਾਵਾਂ ਨੂੰ ਖਤਮ ਕਰਨ ਲਈ ਤਿਆਰ ਹੋਈ ਭਾਜਪਾ ਸਰਕਾਰ

ਸਾਹ, ਸੁਲਤਾਨ ਤੇ ਸਮਰਾਟ ਮਾਤ ਭਾਸ਼ਾਵਾਂ ਨੂੰ ਖਤਮ ਨਹੀਂ ਕਰ ਸਕਦੇ : ਕਮਲ ਹਸਨ

ਮੇਰਾ ਸਰਦਾਰ ਪੰਛੀ ਨੂੰ ਹੁਣ ‘ਸਰਦਾਰ’ ਕਹਿਣ ਨੂੰ ਦਿਲ ਨਹੀਂ ਕਰਦਾ : ਗੁਰਚਰਨ ਸਿੰਘ ਪੱਬਾਰਾਲੀ

ਗੁਰਨਾਮ ਸਿੰਘ ਅਕੀਦਾ
ਅਮਿਤ ਸ਼ਾਹ ਵਲੋਂ ਭਾਰਤ ਵਿਚ ਹਿੰਦੀ ਨੂੰ ਰਾਸਟਰ ਭਾਸ਼ਾ ਬਣਾਉਣ ਦੀ ਗੱਲ ਕਰਨ ਤੋਂ ਬਾਅਦ ਇਕ ਤਰ੍ਹਾਂ ਨਾਲ ਭਾਰਤ ਵਿਚ ਹੜਕੰਪ ਜਿਹਾ ਮੱਚ ਗਿਆ ਹੈ, ਹਰੇਕ ਸੂਬੇ ਨੂੰ ਆਪੋ ਆਪਣੀ ਮਾਂ ਬੋਲੀ ਦਾ ਫਿਕਰ ਪੈ ਗਿਆ ਹੈ। ਕਮਲ ਹਸਨ ਵਰਗੇ ਵੱਡੇ ਫਿਲਮੀ ਸਟਾਰ ਤੇ ਸਿਆਸਤਦਾਨ ਕਹਿ ਰਹੇ ਹਨ ਕਿ ਸਾਡੀ ਮਾਂ ਬੋਲੀ ਤਮਿਲ ਨੂੰ ਕੋਈ ਵੀ ਠੇਸ ਨਹੀਂ ਪਹੁੰਚਾ ਸਕਦਾ, ਅਸੀਂ ਰਾਸਟਰ ਗਾਨ ਵੀ ਆਪਣੀ ਤਮਿਲ ਵਿਚ ਗਾਂਦੇ ਹਾਂ ਤਾਂ ਸਾਨੂੰ ਮਾਣ ਮਹਿਸੂਸ ਹੁੰਦਾ ਹੈ। ਉਨ੍ਹਾਂ ਕਿਹਾ ਕਿ 1950 ਵਿਚ ਦੇਸ਼ ਵਾਸੀਆਂ ਨਾਲ ਵਾਅਦਾ ਕੀਤਾ ਗਿਆ  ਸੀ ਕਿ ਭਾਰਤ ਦੇ ਹਰੇਕ ਨਾਗਰਿਕ ਦੀ ਹਰੇਕ ਖੇਤਰ ਦੀ ਭਾਸ਼ਾ ਤੇ ਸਭਿਆਚਾਰ ਦੀ ਰੱਖਿਆ ਕੀਤੀ ਜਾਵੇਗੀ ਅਤੇ ਸਾਹ, ਸੁਲਤਾਨ ਤੇ ਸਮਰਾਟ ਇਸ ਵਾਅਦੇ ਨੂੰ ਅਚਾਨਕ ਖਤਮ ਨਹੀਂ ਕਰ ਸਕਦਾ। ਕਈ ਰਾਜਿਆਂ ਨੇ ਭਾਰਤ ਨੂੰ ਸੰਘ ਬਣਾਉਣ ਲਈ ਆਪਣਾ ਰਾਜਪਾਠ ਛੱਡ ਦਿੱਤਾ ਪਰ ਸਾਡੇ ਦੇਸ਼ ਵਾਸੀਆਂ ਨੇ ਆਪਣੀ ਭਾਸ਼ਾ ਨਹੀਂ ਛੱਡੀ, ਰਾਸਟਰ ਗਾਨ ਲਿਖਣ ਵਾਲੇ ਲੇਖਕ ਨੇ ਰਾਸਟਰ ਗਾਨ ਵਿਚ ਸਾਰੀਆਂ ਭਾਸ਼ਾਵਾਂ ਦਾ ਮਾਣ ਸਤਿਕਾਰ ਰੱਖਿਆ ਹੈ ਇਸ ਕਰਕੇ ਉਹ ਰਾਸਟਰ ਗਾਨ ਬਣ ਗਿਆ, ਜਿਸ ਨੂੰ ਬੰਗਾਲੀ, ਤਮਿਲ ਤੇ ਹੋਰ ਭਾਸ਼ਾਵਾਂ ਵਾਲੇ ਮਾਣ ਨਾਲ ਗਾਉਂਦੇ ਹਨ। ਉਸ ਨੇ ਕਿਹਾ ਕਿ ਤਮਿਲ ਨੂੰ ਹਮੇਸ਼ਾਂ ਜਿੰਦਾ ਰਹਿਣ ਦਿਓ ਤੇ ਦੇਸ਼ ਨੂੰ ਮਹਾਨ ਬਣਾਓ। ਇਸੇ ਤਰ੍ਹਾਂ ਦ੍ਰਮੁਕ ਮੁਖੀ ਐਮ ਕੇ ਸਟਾਲਿਨ ਨੇ ਕਿਹਾ ਹੈ ਕਿ 20 ਸਤੰਬਰ ਤੋਂ ਉਹ ਅਮਿੱਤ ਸ਼ਾਹ ਵਲੋਂ ਦਿੱਤੇ ਬਿਆਨ ਵਿਰੁੱਧ ਸੰਘਰਸ਼ ਕਰਨਗੇ। ਇਸ ਦੇ ਨਾਲ ਹੀ ਕੇਰਲ, ਕਰਨਾਟਕ, ਬੰਗਾਲ ਆਦਿ ਸੂਬ‌ਿਆਂ ਵਿਚੋਂ ਅਮਿੱਤ ਸ਼ਾਹ ਦੇ ਬਿਆਨ ਦਾ ਵਿਰੋਧ ਆਇਆ ਹੈ। ਬਾਕੀ ਸੂਬੇ ਅਜੇ ਚੁਪ ਚਾਪ ਮਾਹੌਲ ਦੇਖ ਰਹੇ ਹਨ। 

https://twitter.com/i/status/1173499856255508480 

ਮੇਰਾ ਸਰਦਾਰ ਪੰਛੀ ਨੂੰ ਹੁਣ ‘ਸਰਦਾਰ’ਕਹਿਣ ਨੂੰ ਦਿਲ ਨਹੀਂ ਕਰਦਾ : ਗੁਰਚਰਨ ਸਿੰਘ ਪੱਬਾਰਾਲੀ
ਸੁਭਾ -ਸੁਭਾ ਦਿਲ ਕੀਤਾ ਕਿ ਆਪ ਸਭ ਪਿਆਰਿਆਂ ਨਾਲ ਇੱਕ ਗੱਲ ਸਾਂਝੀ ਕੀਤੀ ਜਾਵੇ। ਭਾਸ਼ਾ ਵਿਭਾਗ ਪੰਜਾਬ ਵੱਲੋਂ ਮਿਤੀ
13/1019 ਨੂੰ ਹਿੰਦੀ ਦਿਵਸ ਦੇ ਸਬੰਧ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਥਾਵਾਂ ਤੋਂ ਕਵੀ ਵੀ ਬੁਲਾਏ ਗਏ ਸਨ। ਲੁਧਿਆਣਾ ਤੋਂ ਆਏ ਬਜ਼ੁਰਗ ਕਵੀ 'ਪੰਛੀ' ਜਿਸ ਅੱਗੇ ਮੇਰਾ ਹੁਣ ਸਰਦਾਰ ਲਾਉਣ ਨੂੰ ਦਿਲ ਨਹੀਂ ਕਰਦਾ ਵੀ ਆਏ ਸਨ ।ਉਹਨਾ ਨੇ ਆਪਣੇ ਇੱਕ ਗੀਤ ਦਾ ਬੰਦ ਸੁਣਾਇਆ ਜਿਸ ਵਿੱਚ ਪੰਜਾਬੀ ਭਾਸ਼ਾ ਨੂੰ ਰਗੜੇ-ਝਗੜੇ ਵਾਲੀ ਭਾਸ਼ਾ ਕਿਹਾ , ਇੱਕ ਹੋਰ ਗੱਲ ਹੋ ਇਸ ਪੰਛੀ ਨੇ ਕਹੀ ਉਹ ਬਹੁਤ ਹੀ ਭੈੜੀ ਲੱਗੀ ।ਉਸ ਨੇ ਕਿਹਾ ਕਿ ਮੇਰੀ ਨਿਗਾਹ ਘੱਟ ਕਰਕੇ ਦੂਰ ਬੈਠੀਆਂ ਬੀਬੀਆਂ ਆਪਣੀ ਬੀਵੀ ਲੱਗਦੀਆਂ ਹਨ । ਮੈਂ ਹਾਲ ਵਿੱਚ ਪਿੱਛੇ ਨਿਗਾਹ ਮਾਰੀ ਤਾਂ ਪਿੱਛੇ ਬੈਠੀਆਂ ਬੀਬੀਆਂ ਵਿੱਚ ਕੁਝ ਛੋਟੀ ਉਮਰ ਦੀਆਂ ਬੱਚੀਆਂ ਵੀ ਸਨ ।ਇਸ ਪੰਛੀ ਦੀ ਇਸ ਹਰਕਤ ਕਰਕੇ ਬਾਅਦ ਵਿੱਚ ਮੰਚ ਉੱਤੇ ਕਾਫ਼ੀ ਬਖੇੜਾ ਖੜਾ ਹੋਇਆ। ਮੈਂ ਮਹਿਸੂਸ ਕਰਦਾ ਹਾਂ ਕਿ ਜਿਸ ਪੰਜਾਬੀ ਜੋ ਸਿਰ 'ਤੇ ਪੱਗ ਵੀ ਬੰਨ੍ਹਦਾ ਹੈ,ਉਸ ਦੀ ਉਮਰ ਵੀ ਸ਼ਾਇਦ 85 ਸਾਲ ਦੇ ਕਰੀਬ ਹੋਵੇ ,ਦੇ ਉਸ ਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਨਹੀਂ , ਵਿਹਾਰ ਤੇ ਬੋਲਚਾਲ ਵਿੱਚ ਅਸ਼ਲੀਲਤਾ ਹੈ ਤਾਂ ਇਸ 'ਤੇ ਗੰਭੀਰ ਵਿਚਾਰ ਕਰਨਾ ਚਾਹੀਦਾ ਹੈ । ਅਜਿਹੇ ਬੋਲਾਂ ਤੇ ਵਿਹਾਰ ਨੂੰ ਹਾਸੇ ਦੀ ਭੇਟ ਚੜ੍ਹਾ ਦੇਣਾ ਮੇਰੀ ਨਜ਼ਰ ਵਿੱਚ ਬਿੱਲਕੁਲ ਠੀਕ ਨਹੀਂ।ਸੋ ਮੇਰੀ ਹੱਥ ਜੋੜ ਕੇ ਸਾਰੇ ਸਰਕਾਰੀ ਅਦਾਰਿਆਂ , ਸਾਰੀਆਂ ਸਾਹਿਤਕ ਜਥੇਬੰਦੀਆਂ,ਸਾਹਿਤ ਸਭਾਵਾਂ ਨੂੰ ਬੇਨਤੀ ਹੈ ਕਿ ਇਸ ਪੰਛੀ ਨੂੰ ਸਮਾਗਮਾਂ ਵਿੱਚ ਸ਼ਾਮਲ ਕਰਨ ਤੋਂ ਗੁਰੇਜ਼ ਕਰੋ ।ਬਥੇਰਾ ਉੱਡ ਲਿਆ ਹੈ ਇਸ ਪੰਛੀ ਨੇ ।ਜਿਸ ਨੂੰ ਆਪਣੀਆਂ ਪੋਤੀਆਂ-ਦੋਹਤੀਆਂ ਤੇ ਧੀਆਂ ਦੀ ਉਮਰ ਦੀਆਂ ਔਰਤਾਂ , ਆਪਣੀਆਂ ਬੀਵੀਆਂ ਨਜ਼ਰ ਆਉਣ,ਉਸ ਨੂੰ ਹੁਣ ਉੱਡਣ ਤੋਂ ਰੋਕਣਾ ਚਾਹੀਦਾ ਹੈ ।ਇਹ ਵਿਚਾਰ ਮੈਂ ਉਸ ਦਿਨ ਮੰਚ 'ਤੇ ਹੋਏ ਹੰਗਾਮੇ ਬਾਰੇ ਬੜੇ ਠਰੰਮੇ ਨਾਲ 2/3 ਦਿਨ ਸੋਚ -ਵਿਚਾਰ ਕਰਨ ਤੋਂ ਬਾਅਦ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ ਜੀ ।ਆਸ ਕਰਦਾ ਹਾਂ, ਜ਼ਿੰਮੇਵਾਰ ਸੱਜਣ ਮੇਰੀ ਬੇਨਤੀ ਵੱਲ ਧਿਆਨ ਕਰਕੇ ਉੱਚਿਤ ਫੈਸਲਾ ਲੈਣਗੇ ।

ਗੁਰਚਰਨ ਸਿੰਘ ' ਪੱਬਾਰਾਲੀ ' ਪਟਿਆਲਾ ।
' ਉਡੀਕ ' 41 ਗੁਰਮਤਿ ਕਲੋਨੀ
ਪਟਿਆਲਾ।
ਮੋਬਾਈਲ  9530583078

ਸਰਦਾਰ ਪੰਛੀ ਨੂੰ ਬੇਸ਼ਰਮ ਕਿਰਾ ਦਰਸ਼ਨ ਬੁੱਟਰ ਨੇ
ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਕਿਹਾ ਬੜਾ ਬੇਸ਼ਰਮ ਬੰਦਾ। ਐਨੀ ਅਕਲ ਤਾਂ ਪੰਛੀਆਂ ਨੂੰ ਵੀ ਹੈ, ਇਹ ਤਾਂ ਜਾਨਵਰ ਪੰਛੀਆਂ ਤੋਂ ਵੀ ਗਿਆ ਗੁਜ਼ਰਿਆ। ਅਸਲ ਵਿੱਚ ਤਾਂ ਇਹ ਘਟੀਆ ਕਿਸਮ ਦਾ ਬੰਦਾ ਕਵੀ ਕਹਾਉਣ ਦੇ ਵੀ ਲਾਇਕ ਨਹੀਂ।

ਗੁਰਚਰਨ ਸਿੰਘ ਧਾਲੀਵਾਲ ਦਾ ਕਾਵਿ ਸੰਗ੍ਰਹਿ ‘ਕਾਗ਼ਜ਼ ਦੀ ਦਹਿਲੀਜ਼’ਲੋਕ ਅਰਪਣ

ਸੁੱਖੀ ਬਾਠ, ਜਰਨੈਲ ਸਿੰਘ ਸੇਖਾ ਤੇ ਮੋਹਨ ਗਿੱਲ ਵਲੋਂ ਕੈਨੇਡਾ ’ਚ ਕੀਤਾ ਪਾਠਕਾਂ ਦੇ ਹਵਾਲੇ 

ਲੁਧਿਆਣਾ : ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਕੈਨੇਡਾ ਵੱਸਦੇ ਸਰਪ੍ਰਸਤਾਂ ਤੇ ਲੇਖਕ ਮੈਂਬਰਾਂ ਦੇ ਸਹਿਯੋਗ ਨਾਲ ਵੈਨਕੁਵਰ ਵਿਚਾਰ ਮੰਚ ਵੱਲੋਂ ਸਰੀ (ਕੈਨੇਡਾ) ਸਥਿਤ ਪੰਜਾਬ ਭਵਨ ਵਿਚ ਬੀਤੀ ਸ਼ਾਮ ਚੰਡੀਗੜ੍ਹ ਵੱਸਦੇ ਪ੍ਰਸਿੱਧ ਪੰਜਾਬੀ ਕਵੀ ਤੇ ਪੰਜਾਬ-ਹਰਿਆਣਾ ਹਾਈਕੋਰਟ ਦੇ ਐਡਵੋਕੇਟ ਸ. ਗੁਰਚਰਨ ਸਿੰਘ ਧਾਲੀਵਾਲ ਦਾ ਪਲੇਠਾ ਕਾਵਿ ਸੰਗ੍ਰਹਿ ‘ਕਾਗ਼ਜ਼ ਦੀ ਦਹਿਲੀਜ਼ ਤੇ’ ਲੋਕ ਅਰਪਣ ਕਰਦਿਆਂ ਉੱਘੇ ਸਨਮਾਨਿਤ ਬਜ਼ੁਰਗ ਲੇਖਕ ਸ. ਜਰਨੈਲ ਸਿੰਘ ਸੇਖਾ ਨੇ ਕਿਹਾ ਹੈ ਕਿ ਸਾਹਿਤ ਨੂੰ ਹਮੇਸ਼ਾ ਵੰਨ ਸੁਵੰਨੇ ਖੇਤਰਾਂ ’ਚ ਕੰਮ ਕਰਦੇ ਸਿਰਜਕਾਂ ਨੇ ਅਮੀਰ ਕੀਤਾ ਹੈ। ਵਿਗਿਆਨ, ਕਾਨੂੰਨ, ਮਨੋਵਿਗਿਆਨ, ਇੰਜਨੀਅਰਿੰਗ ਤੇ ਹੋਰ ਖੇਤਰਾਂ ਦੇ ਪ੍ਰਮੁੱਖ ਵਿਅਕਤੀਆਂ ਨੇ ਸਾਹਿਤ ਨੂੰ ਹਮੇਸ਼ਾ ਨਵਾਂ ਸ਼ਬਦ ਭੰਡਾਰ ਤੇ ਅਨੁਭਵ ਦਿੱਤਾ ਹੈ। ਚੰਗੀ ਗੱਲ ਹੈ ਕਿ ਮੁਕਤਸਰ ਜ਼ਿਲ੍ਹੇ ਦੇ ਜੰਮਪਲ ਉੱਘੇ ਕਾਨੂੰਨਦਾਨ ਗੁਰਚਰਨ ਸਿੰਘ ਧਾਲੀਵਾਲ ਨੇ ਆਪਣੀ ਲਗਪਗ 40 ਸਾਲ ਲੰਮੀ ਸ਼ਾਇਰੀ-ਸਾਧਨਾਂ ਨੂੰ ਇਕ ਪੁਸਤਕ ਵਿਚ ਸੰਭਾਲਿਆ ਹੈ। ਇਹ ਸਾਡਾ ਸੁਭਾਗ ਹੈ ਕਿ ਪੰਜਾਬ ਭਵਨ ਅਤੇ ਵੈਨਕੁਵਰ ਵਿਚਾਰ ਮੰਚ ਨੇ ਪੰਜਾਬ ਵੱਸਦੇ ਪੰਜਾਬੀ ਕਵੀ ਦੀ ਕਿਤਾਬ ਨੂੰ ਕੈਨੇਡਾ ’ਚ ਲੋਕ ਅਰਪਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਸ. ਧਾਲੀਵਾਲ ਨੂੰ ਮਿਲਕੇ ਇੰਜ ਮਹਿਸੂਸ ਹੋ ਰਿਹਾ ਹੈ ਕਿ ਦਹਾਕਿਆਂ ਤੋਂ ਜਾਣਦੇ ਪਛਾਣਦੇ ਹਾਂ।
ਪੰਜਾਬ ਭਵਨ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਨੇ ਕਿਹਾ ਕਿ ਤਿੰਨ ਸਾਲਾਂ ਦੇ ਸਫ਼ਰ ਦੌਰਾਨ ਪੰਜਾਬ ਭਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਇਹੀ ਹੈ ਕਿ ਵਿਸ਼ਵ ’ਚ ਵੱਸਦਾ ਹਰ ਲੇਖਕ ਇਸ ਨੂੰ ਆਪਣਾ ਘਰ ਮਹਿਸੂਸ ਕਰਦਾ ਹੈ ਅਤੇ ਕੈਨੇਡਾ ਫੇਰੀ ਦੌਰਾਨ ਏਥੇ
ਆਉਣਾ ਨਹੀਂ ਭੁੱਲਦਾ। ਉਨ੍ਹਾਂ ਕਿਹਾ ਕਿ ਗੁਰਚਰਨ ਸਿੰਘ ਧਾਲੀਵਾਲ ਦੀ ਲਿਖਤ ’ਚ ਪੰਜਾਬ ਬੋਲਦਾ ਹੈ। ਜਿਸ ਦੀ ਸ਼ਾਇਰੀ ਨੂੰ ਅੰਮਿ੍ਰਤਾ ਪ੍ਰੀਤਮ, ਡਾ. ਜਗਤਾਰ, ਪ੍ਰੋ. ਰਵਿੰਦਰ ਸਿੰਘ ਭੱਠਲ, ਪ੍ਰੋ.ਗੁਰਭਜਨ ਸਿੰਘ ਗਿੱਲ ਤੇ ਤ੍ਰੈਲੋਚਨ ਲੋਚੀ ਦਾ ਸਨੇਹ ਪ੍ਰਾਪਤ ਹੋਵੇ, ਉਸ ਨੂੰ ਕਿਸੇ ਹੋਰ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰੀ ਤਾਂ ਇੱਛਾ ਸੀ ਕਿ ਪੰਜਾਬ ਭਵਨ ਵਿਚ 21, 22 ਸਤੰਬਰ ਨੂੰ ਹੋ ਰਹੀ ਵਿਸ਼ਵ ਕਾਨਫ਼ਰੰਸ ’ਚ ਸ. ਗੁਰਚਰਨ ਸਿੰਘ ਧਾਲੀਵਾਲ ਸ਼ਾਮਲ ਹੁੰਦੇ, ਪਰ ਇਨ੍ਹਾਂ ਦੇ ਨਿਸ਼ਚਤ ਰੁਝੇਵਿਆਂ ਕਾਰਨ ਉਹ ਵਾਪਸ ਪੰਜਾਬ ਪਰਤ ਰਹੇ ਹਨ। ਵੈਨਕੁਵਰ ਵਿਚਾਰ ਮੰਚ ਦੇ ਪ੍ਰਧਾਨ ਅੰਗਰੇਜ਼ ਸਿੰਘ ਬਰਾੜ ਨੇ ਗੁਰਚਰਨ ਸਿੰਘ ਧਾਲੀਵਾਲ ਦਾ ਸਵਾਗਤ ਕਰਦਿਆਂ ਕਿਹਾ ਕਿ ਧਰਤੀ ਦੀ ਜ਼ਬਾਨ ਵਰਤਦੇ ਸ਼ਾਇਰ ਦੋਸਤ ਦੀ ਕਿਤਾਬ ਲੋਕ ਅਰਪਣ ਕਰਕੇ ਅਸੀਂ ਮਾਣ ਮਹਿਸੂਸ ਕਰਦੇ ਹਾਂ। ਪੁਸਤਕ ਦੀ ਜਾਣ-ਪਛਾਣ ਵੈਨਕੁਵਰ ਵਿਚਾਰ ਮੰਚ ਦੇ ਮੁੱਖ ਸਲਾਹਕਾਰ ਤੇ ਪੰਜਾਬੀ ਕਵੀ ਮੋਹਨ ਗਿੱਲ ਨੇ ਕਿਹਾ ਕਿ ਕਾਗ਼ਜ਼ ਦੀ ਦਹਿਲੀਜ਼ ਤੇ ਕਾਵਿ ਸੰਗ੍ਰਹਿ ਸਾਨੂੰ ਪੰਜਾਬ, ਪੰਜਾਬੀ, ਪੰਜਾਬੀਅਤ ਤੇ ਰਿਸ਼ਤਾ ਨਾਤਾ ਪ੍ਰਬੰਧ ਦੀ ਸ਼ਕਤੀ ਨਾਲ ਜੋੜਦਾ ਹੈ। ਇਹ ਪੁਸਤਕ ਸਿਰਫ਼ ਕਾਵਿ ਸੰਗ੍ਰਹਿ ਨਹੀਂ ਸਗੋਂ ਸਹਿਜ, ਸਬਰ ਸੰਤੋਖ ਨਾਲ ਕੀਤੀ ਕਾਵਿ-ਘਾਲਣਾ ਦਾ ਅਰਕ ਹੈ। ਉਸ ਲਈ ਕਵਿਤਾ ਲਿਖਣਾ ਮਜਬੂਰੀ ਨਹੀਂ ਸਗੋਂ ਸ੍ਵੈ-ਪ੍ਰਗਟਾਵੇ ਦਾ ਹਥਿਆਰ ਹੈ। ਗੁਰਚਰਨ ਸਿੰਘ ਧਾਲੀਵਾਲ ਨੇ ਇਸ ਪੁਸਤਕ ਰਾਹੀਂ ਅੰਮਿ੍ਰਤਾ ਪ੍ਰੀਤਮ ਤੇ ਡਾ. ਜਗਤਾਰ ਵੱਲੋਂ ਪ੍ਰਗਟਾਏ ਵਿਸ਼ਵਾਸ ਨੂੰ ਪੁਗਾਇਆ ਹੈ। ਇਸ ਕਿਤਾਬ ਦਾ ਮੁੱਖ ਬੰਦ ਪ੍ਰੋ. ਰਵਿੰਦਰ ਸਿੰਘ ਭੱਠਲ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਲਿਖਦਿਆਂ ਗੁਰਬਚਨ ਸਿੰਘ ਧਾਲੀਵਾਲ ਦੀ ਸ਼ਬਦ ਸ਼ਕਤੀ ਨੂੰ ਸਤਿਕਾਰਿਆ ਹੈ।
ਸਮਾਗਮ ਵਿਚ ਬੋਲਦਿਆਂ ਵਿਸ਼ਵ ਪ੍ਰਸਿੱਧ ਚਿਤਰਕਾਰ ਤੇ ਲੇਖਕ ਜਰਨੈਲ ਸਿੰਘ ਆਰਟਿਸਟ ਨੇ ਕਿਹਾ ਕਿ ਗੁਰਚਰਨ ਸਿੰਘ
ਧਾਲੀਵਾਲ ਦੀਂਆਂ ਕੁਝ ਕਵਿਤਾਵਾਂ ਤਾਂ ਲੋਕ ਚਿਤਰਕਾਰੀ ਵਰਗੀਆਂ ਹਨ। ਧੰਨਵਾਦ ਦੇ ਸ਼ਬਦ ਬੋਲਦਿਆਂ ਗੁਰਚਰਨ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਭਵਨ ਪਰਦੇਸਾਂ ਚ ਸਰਬ ਸਾਂਝਾ ਘਰ ਹੈ ਜਿੱਥੇ ਹਰ ਪੰਜਾਬੀ ਲੇਖਕ ਹੀ ਨਹੀਂ ਸਗੋਂ ਸਮੂਹ ਪੰਜਾਬੀ ਪਹੁੰਚ ਕੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਸ਼ਾਇਰੀ ਜ਼ਰੂਰ ਕਰਦਾ ਹਾਂ ਪਰ ਇਸ ਵੱਲ ਜ਼ਿੰਮੇਵਾਰ ਰਿਸ਼ਤਾ ਨਹੀਂ ਨਿਭਾ ਸਕਿਆ। ਹੁਣ ਵੀ ਮੈਂ ਉਨ੍ਹਾਂ ਸਭ ਸੱਜਣਾਂ ਤੇ ਲੋਕ ਗੀਤ ਪ੍ਰਕਾਸ਼ਨ ਦਾ ਧੰਨਵਾਦੀ ਹਾਂ ਜਿੰਨ੍ਹਾਂ ਨੇ ਮੈਨੂੰ ਲੇਖਕਾਂ ਵਿੱਚ ਬਹਿਣ ਖਲੋਣ ਜੋਗਾ ਕੀਤਾ ਹੈ। ਪੰਜਾਬ ਭਵਨ ਵੱਲੋਂ ਗੁਰਚਰਨ ਸਿੰਘ ਧਾਲੀਵਾਲ ਨੂੰ ਸੁਖੀ ਬਾਠ, ਜਰਨੈਲ ਸਿੰਘ ਸੇਖਾ, ਮੋਹਨ ਗਿੱਲ ਤੇ ਕੁਝ ਹੋਰ ਸੱਜਣਾਂ ਨੇ ਸਨਮਾਨਿਤ ਕੀਤਾ। ਇਸ ਮੌਕੇ ਰਣਧੀਰ ਸਿੰਘ ਢਿੱਲੋਂ ਤੇ ਹਰਦਮ ਸਿੰਘ ਮਾਨ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਸੁਖਵਿੰਦਰ ਸਿੰਘ ਚੋਹਲਾ ਮੁੱਖ ਸੰਪਾਦਕ ਐੱਨ ਆਰ ਆਈ ਸਰੋਕਾਰ ਤੇ (ਦੇਸ ਪਰਦੇਸ ਟਾਈਮਜ਼ ਦੇ ਵੈਨਕੁਵਰ ਇੰਚਾਰਜ)ਪਰਮਜੀਤ ਸਿੰਘ ਬਾਜਵਾ ਕਪੂਰਥਲਾ, ਪਿ੍ਰੰਸੀਪਲ ਗੁਰਬਚਨ ਸਿੰਘ ਗਰੇਵਾਲ ਲੁਧਿਆਣਾ, ਗੁਰਜੰਟ ਸਿੰਘ ਬਰਾੜ ਤੇ ਜੱਗਾ ਸਿੰਘ ਗਿੱਲ ਐਬਟਸਫੋਰਡ (ਕੈਨੇਡਾ) ਹਰਿੰਦਰਜੀਤ ਕੌਰ ਤੋਂ ਇਲਾਵਾ ਕਈ ਹੋਰ ਪ੍ਰਮੁੱਖ ਸਾਹਿੱਤਕ, ਸਭਿਆਚਾਰਕ ਤੇ ਸਮਾਜਿਕ ਹਸਤੀਆਂ ਸ਼ਾਮਲ ਸਨ।
ਡਾ. ਗੁਰਭਜਨ ਗਿੱਲ ਵਲੋਂ ਭੇਜੀ ਰਿਪੋਰਟ ਅਨੁਸਾਰ