Saturday, April 22, 2023

ਸਾਦੇ ਜਿਹੇ ਮਿਲਾਪੜੇ ਸੁਭਾਅ ਦੇ ਮਾਲਕ ਸੀ ਡਾ. ਸੁਰਜੀਤ ਲੀ

ਭੋਗ ਤੇ ਵਿਸ਼ੇਸ਼
ਗੁਰਨਾਮ ਸਿੰਘ ਅਕੀਦਾ ਆਪਣੇ ਵਿਦਿਆਰਥੀਆਂ ਨੂੰ ਦੋਸਤਾਂ ਵਾਂਗ ਪੜਾਉਣ ਵਾਲੇ ਸਾਦੇ ਜਿਹੇ ਮਿਲਾਪੜੇ ਸੁਭਾਅ ਦੇ ਡਾ. ਸੁਰਜੀਤ ਲੀ ਸਾਡੇ ਵਿਚ ਨਹੀਂ ਰਹੇ। ਪਰ ਉਨ੍ਹਾਂ ਵੱਲੋਂ ਪਾਏ ਪੂਰਨੇ ਸਾਡੇ ਵਿਚ ਸਦਾ ਜਿੰਦਾ ਰਹਿਣਗੇ। ਉਨ੍ਹਾਂ ਨੂੰ ਜਦੋਂ ਕੋਈ ਪੁਰਾਣਾ ਦੋਸਤ ਮਿਲਦਾ ਤਾਂ ਹਰ ਇਕ ਯਾਦ ਨੂੰ ਸਾਂਝੀ ਕਰਦਿਆਂ ਸੁਰਜੀਤ ਲੀ ਅਜਿਹਾ ਮਾਹੌਲ ਸਿਰਜ ਦਿੰਦੇ ਸਨ ਜਿਵੇਂ ਵਿਅਕਤੀ ਬਚਪਨ ਵਿਚ ਚਲਾ ਗਿਆ ਹੋਵੇ। ਜ਼ਿਲ੍ਹਾ ਪਟਿਆਲਾ ਦੇ ਪਿੰਡ ਧਰੇੜੀ ਜੱਟਾਂ ਤੋਂ ਬਚਪਨ ਗੁਜਾਰ‌ਦਿਆਂ ਡਾ. ਲੀ ਨੇ ਪੀਐੱਚ ਤੱਕ ਦਾ ਸਫ਼ਰ ਤਹਿ ਕਰਦਿਆਂ ਆਪਣਾ ਪੇਂਡੂ ਸਭਿਆਚਾਰ ਆਪਣੇ ਤੋਂ ਦੂਰ ਨਹੀਂ ਹੋਣ ਦਿੱਤਾ। ਔਰਤਾਂ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਐਨਾ ਭਾਵੁਕ ਸੀ ਜਿਸ ਦਾ ਅੰਦਾਜ਼ਾ ਇਸ ਗੱਲੋਂ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਪੀਐੱਚ ਵੀ ‘ਸਾਂਝੀ’ ਤੇ ਕੀਤੀ, ਜੋ ਸਾਡੇ ਪੰਜਾਬੀ ਸਭਿਆਚਾਰ ਦਾ ਇਸਤਰੀ ਪੱਖ ਉਜਾਗਰ ਕਰਦਾ ਹੈ। ਇਹ ਥੀਸਿਸ ਵਿਦੇਸ਼ ਵਿਚ ਗਿਆ ਤਾਂ ਉਸ ਵੇਲੇ ਵਿਦਵਾਨਾਂ ਨੂੰ ਇਹ ਲਿਖਣਾ ਪਿਆ ਕਿ ਲੋਕਯਾਨ ਦਾ ਇਹ ਸੰਦਰਭ ਭਾਰਤ ਵਿਚ ਪਹਿਲਾਂ ਇਸ ਤਰੀਕੇ ਨਾਲ ਕਦੇ ਵੀ ਕਿਸੇ ਨੇ ਪੇਸ਼ ਨਹੀਂ ਕੀਤਾ। ਡਾ. ਲੀ ਨੇ ਪੰਜਾਬੀ ਸਾਹਿਤ, ਸਭਿਆਚਾਰ, ਸਭਿਆਚਾਰਕ ਪਰੰਪਰਾਵਾਂ, ਮੌਖਿਕ ਪਰੰਪਰਾਵਾਂ ਅਤੇ ਭਾਸ਼ਾ ਸਰੋਕਾਰਾਂ ਤੇ ਉੱਚ ਕੋਟੀ ਪੱਧਰ ਤੇ ਕੰਮ ਕੀਤਾ। ਪ੍ਰੋ. ਲੀ ਦੀ ਇਕ ਕਿਤਾਬ “oral Treditions and Cultural Heritage of Punjab” ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਨੇ ਪਬਲਿਸ਼ ਕੀਤੀ। ਇਸ ਕਿਤਾਬ ਨੂੰ ਸਭਿਆਚਾਰਕ ਵਿਦਵਾਨਾਂ ਨੇ ਸਭਿਆਚਾਰ ਦਾ ਇਨਸਾਈਕਲੋਪੀਡੀਆ ਕਿਹਾ। ਇਹ ਕਿਤਾਬ ਉਨ੍ਹਾਂ ਦੀ ਪੰਜਾਬ ਸਭਿਆਚਾਰ ਪ੍ਰਤੀ ਵਿਸ਼ਵ ਪੱਧਰ ਤੇ ਵਿਲੱਖਣ ਪਹਿਚਾਣ ਬਣਾਉਣ ਵਾਲਾ ਮੀਲ ਪੱਥਰ ਸਾਬਤ ਹੁੰਦੀ ਹੈ। ਪ੍ਰੋ. ਲੀ ਦੀ ਇਸ ਕਿਤਾਬ ਵਿਚ ਪੰਜਾਬ ਦੀਆਂ ਲੋਕ ਮਾਨਤਾਵਾਂ, ਸਭਿਆਚਾਰਕ ਪਰੰਪਰਾਵਾਂ, ਜਨਮ ਮੌਤ ਦੀਆਂ ਰਹੁ ਰੀਤਾਂ, ਭਗਤੀ ਲਹਿਰ, ਸੂਫ਼ੀ ਪਰੰਪਰਾ, ਪੰਜਾਬ ਦੀ ਭਾਰਤ ਦੇ ਸਭਿਆਚਾਰ ਚ ਭੂਮਿਕਾ ਅਤੇ ਧਾਰਮਿਕ ਪਰੰਪਰਾਵਾਂ ਨੂੰ ਉਜਾਗਰ ਕਰਦੀ ਹੈ, ਇਸ ਕਿਤਾਬ ਵਿਚ ਡਾ. ਲੀ ਦਾ ਕੀਤਾ ਕੰਮ ਉੱਚ ਕੋਟੀ ਦੇ ਵਿਸ਼ਵ ਪੱਧਰੀ ਪਹੁੰਚ ਰੱਖਦਾ ਹੈ। ਜਿਸ ਕਰਕੇ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਡਾ. ਲੀ ਨੇ 35 ਖੋਜਾਰਥੀਆਂ ਨੂੰ ਪੀਐੱਚਡੀ ਕਰਵਾਈ ਜਦ ਕਿ 150 ਖੋਜਾਰਥੀਆਂ ਨੂੰ ਐਮਫਿਲ ਦੇ ਖੋਜ ਕਾਰਜ ਕਰਵਾਏ, ਉਨ੍ਹਾਂ ਦੇ ਵਿਸ਼ਿਆਂ ਵਿਚ ਖ਼ਾਸ ਕਰਕੇ ਲੋਕ ਮਾਨਤਾਵਾਂ, ਰੁਮਾਂਸਵਾਦ ਵਿਚ ਜਿਵੇਂ ਹੀਰ ਰਾਂਝਾ, ਸੱਸੀ ਪੰਨੂ ਆਦਿ ਦਾ ਜ਼ਿਕਰ ਆਉਂਦਾ ਹੈ। ਉਹ ਖ਼ਾਸ ਕਰਕੇ ਪੰਜਾਬ, ਭਾਰਤ ਦੇ ਪਿੰਡ , ਜਿਊਂਣਾ ਮੌੜ, ਦੁੱਲਾ ਭੱਟੀ ਦੀ ਗੱਲ ਵੀ ਖੋਜ ਕਾਰਜਾਂ ਦਾ ਹਿੱਸਾ ਬਣਾਉਂਦਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਸਧਾਰਨ ਬੰਦੇ ਵਿਚ ਬਹੁਤ ਸੁਹਜ ਅਤੇ ਕਲਾਤਮਿਕਤਾ ਹੁੰਦੀ ਹੈ ਇਹ ਕਲਾਤਮਿਕਤਾ ਸਹਿਜੇ ਹੀ ਉਸ ਦੀਆਂ ਮੌਖਿਕ ਪਰੰਪਰਾਵਾਂ ਵਿਚ ਝਲਕਦੀ ਹੈ, ਜਿਸ ਨੂੰ ਵਕਤ ਹੋਰ ਵੀ ਨਿਖਾਰਦਾ ਹੈ। ਉਹ ਆਮ ਕਹਿੰਦੇ ਸੁਣਾ ਜਾ ਸਕਦੇ ਸਨ ਕਿ ‘ਫੁੱਲ ਖਿੜਨ ਦਿਓ ਤੇ ਵਿਚਾਰ ਭਿੜਨ ਦਿਓ’। ਉਹ ਮੰਨਦੇ ਸਨ ਕਿ ਵਿਦਵਾਨ ਉਹੀ ਹੈ ਜੋ ਆਪਣੀ ਵਿਦਵਤਾ ਰਾਹੀਂ ਲੁਕਾਈ ਦਾ ਭਲਾ ਕਰੇ। ਉਨ੍ਹਾਂ ਦੇ ਵਿਦਿਆਰਥੀ ਅੱਜ ਵੀ ਕਹਿੰਦੇ ਸੁਣੇ ਜਾ ਸਕਦੇ ਹਨ ਕਿ 40 ਸਾਲਾਂ ਤੋਂ ਵੇਖ ਰਹੇ ਹਾਂ ਪ੍ਰੋ. ਲੀ ਨੇ ਯੂਨੀਵਰਸਿਟੀ ਦੇ ‘ਕੌਫ਼ੀ ਹੋਮ’ ਵਿਚ ਆਪਣੇ ਵਿਦਿਆਰਥੀਆਂ ਨਾਲ ਦੁਨੀਆ ਦੀ ਰਾਜਨੀਤੀ ਤੋਂ ਲੈ ਕੇ ਸਾਹਿਤ ਤੱਕ ਦੀਆਂ ਗੱਲਾਂ ਕਰਨੀਆਂ, ਜਿਸ ਨਾਲ ਵਿਦਿਆਰਥੀਆਂ ਦੀ ਸਮਝ ਵਿਦਵਤਾ ਦੇ ਅੰਬਰ ਤੇ ਉਡਾਰੀਆਂ ਮਾਰਨ ਲੱਗ ਜਾਂਦੀ ਸੀ। ਪ੍ਰੋ. ਲੀ ਦੀ ਪਤਨੀ ਪ੍ਰੋ. ਹਰਿੰਦਰ ਸੋਹੀ ਅੰਗਰੇਜ਼ੀ ਦੇ ਅਧਿਆਪਕ ਰਹੇ ਹਨ। ਦੋਵਾਂ ਦੀ ਸਮਝ ਦਾ ਦੋਵੇਂ ਧੀਆਂ ਸ਼ਹੀਨਾ ਸੋਹੀ ਤੇ ਨਿਲੋਫਰ ਸੋਹੀ ਤੇ ਅਸਰ ਦੇਖਿਆ ਜਾ ਸਕਦਾ ਹੈ। ਗੁਰਨਾਮ ਸਿੰਘ ਅਕੀਦਾ ਲੇਖਕ ਤੇ ਪੱਤਰਕਾਰ 8146001100