Wednesday, August 28, 2019

ਹੇ ਅਫਸਾਰੀ! ਤੇਰੇ ਜੇਲ੍ਹ ਜਾਣ ਤੋਂ ਬਾਅਦ ਕਿਤੇ ਬੰਦ ਨਾ ਹੋ ਜਾਵੇ ਹਵਾ ‘ਹਿਜਾਬ’ ਵਿਰੁੱਧ

20 ਸਾਲਾ ਇਰਾਨੀ ਕੁੜੀ ਨੂੰ ‘ਵਾਈਟ ਵੈਡਨਸਡੇ’ ਮੁਹਿੰਮ ਕਰਕੇ 19 ਦਿਨਾਂ ਅਦਾਲਤੀ ਕਾਰਵਾਈ ਤਹਿਤ 24 ਸਾਲ ਲਈ ਜੇਲ੍ਹ ਭੇਜਿਆ  
ਗੁਰਨਾਮ ਸਿੰਘ ਅਕੀਦਾ
ਮਹਿਜ਼ 19 ਦਿਨਾਂ ਦੀ ਅਦਾਲਤੀ ਸੁਣਵਾਈ, ਉਸ ਤੋਂ ਬਾਅਦ 24 ਸਾਲ ਦੀ ਜੇਲ੍ਹ, ਇਹ ਹੈ ਈਰਾਨ ਦਾ ਕਾਨੂੰਨ!
‘ਹਿਜਾਬ’ ਦੇ ਵਿਰੁੱਧ ਬੋਲ ਰਹੀ ਹੈ ਸਬਾ ਕੋਰਡ ਅਫਸ਼ਾਰੀ, ਮਸਾਂ 20 ਸਾਲ ਦੀ ਬਾਲੜੀ ਇਰਾਨੀ ਕੁੜੀ। ਉਹ ਕਹਿੰਦੀ ਹੈ ਕਿ ‘ਹਿਜਾਬ’ ਔਰਤ ਦੇ ਮੌਲਿਕ ਅਧਿਕਾਰਾਂ ਨੂੰ ਖ਼ਤਮ ਕਰਦਾ ਹੈ, ਔਰਤ ਨੂੰ ਗ਼ੁਲਾਮੀ ਦਾ ਅਹਿਸਾਸ ਕਰਾਉਂਦਾ ਹੈ। ਇਸ ਕਰਕੇ ‘ਹਿਜਾਬ’ ਪਹਿਨਣਾ ਔਰਤ ਲਈ ਜ਼ਰੂਰੀ ਨਹੀਂ ਹੈ। ਇਹ ਉਸ ਦਾ ਆਪਣਾ ਨਿੱਜੀ ਫ਼ੈਸਲਾ ਹੈ ਉਹ ਪਹਿਨੇ ਭਾਵੇਂ ਨਾ ਪਹਿਨੇ। ਪਰ ਇਰਾਨੀ ਸਰਕਾਰ ਦਾ ਇਹ ਫ਼ਰਮਾਨ ਹੈ ਕਿ ਹਿਜਾਬ ਔਰਤਾਂ ਨੂੰ ਪਹਿਨਣਾ ਹੀ ਪਵੇਗਾ, ਸ਼ਰੀਅਤ ਦਾ ਇਹ ਕਾਨੂੰਨ ਹੈ ਤੇ ਇਸ ਕਾਨੂੰਨ ਨੂੰ ਕੋਈ ਵੀ ਔਰਤ ਭੰਗ ਨਹੀਂ ਕਰ ਸਕਦੀ। ‘ਹਿਜਾਬ’ਵਿਰੁੱਧ  ਸੰਘਰਸ਼ ਕਰਨਾ ਈਰਾਨ ਵਿਚ ਏਨਾ ਵੱਡਾ ਜੁਰਮ ਹੈ ਕਿ ਇਕ 20 ਸਾਲਾ ਕੁੜੀ ਨੂੰ 24 ਸਾਲ ਜੇਲ੍ਹ ਵਿਚ ਰਹਿਣਾ ਪਵੇਗਾ।  
ਕਈ ਮੁਲਕਾਂ ਦੇ ਕਾਨੂੰਨ ਮਨੁੱਖੀ ਅਧਿਕਾਰਾਂ ਦੇ ਕਿੰਨੇ ਖ਼ਿਲਾਫ਼ ਹੁੰਦੇ ਹਨ, ਖ਼ਾਸ ਕਰਕੇ ਔਰਤ ਦੇ ਖ਼ਿਲਾਫ਼ ਤਾਂ ਕਈ ਇਸਲਾਮੀ ਮੁਲਕਾਂ ਨੇ ਪੂਰਾ ਜ਼ੋਰ ਲਗਾ ਰੱਖਿਆ ਹੈ। ਜਿਵੇਂ ਕਿ ਈਰਾਨ ਵਿਚ ‘ਹਿਜਾਬ’ ਦੇ ਵਿਰੁੱਧ ਔਰਤਾਂ ਨੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ। ‘ਹਿਜਾਬ’ ਇਕ ਅਜਿਹਾ ਪਹਿਰਾਵਾ ਹੈ ਜਿਸ ਨਾਲ ਔਰਤ ਦਾ ਸਿਰ ਤੇ ਛਾਤੀਆਂ ਢਕੀਆਂ ਜਾਂਦੀਆਂ ਹਨ। ਇਸ ਵਿਰੁੱਧ ਇਕ ਮੁਹਿੰਮ ਇਰਾਨੀ ਔਰਤਾਂ ਨੇ ‘ਵਾਈਟ ਵੈਡਨਸਡੇ’ ਦੇ ਨਾਮ ਤੇ ਚਲਾ ਰੱਖੀ ਹੈ। ਸਬਾ ਕੋਰਡ ਅਫਸਾਰੀ ਤੇ ਉਸ ਦੀ ਮਾਂ ਰਾਹੀਲਾ ਅਹਿਮਦੀ ਇਸ ਮੁਹਿੰਮ ਦੇ ਵੱਡੇ ਚਿਹਰੇ ਹਨ। ਰਾਹਿਲਾ ਅਹਿਮਦੀ ਕਹਿੰਦੀ ਹੈ ਕਿ ਉਸ ਦੀ ਪੁੱਤਰੀ ਜੇਲ੍ਹ ਵਿਚ ਚਲੀ ਗਈ ਹੈ ਪਰ ਅਸੀਂ ਉਸ ਦੀ ਅਵਾਜ਼ ਬਣ ਕੇ ਅੱਗੇ ਵਧਾਂਗੇ। ਸਾਨੂੰ ਧਮਕੀਆਂ ਆ ਰਹੀਆਂ ਹਨ, ਪਰ ਇਸ ਤਰ੍ਹਾਂ ਹੁੰਦਾ ਹੈ। 
ਈਰਾਨ ਦੇ ਕਾਨੂੰਨ ਨੂੰ ਲੈ ਕੇ ਬੜਾ ਦੁੱਖ ਹੁੰਦਾ ਹੈ ਕਿ ‘ਹਿਜਾਬ’ ਦੇ ਵਿਰੁੱਧ ਸੰਘਰਸ਼ ਨੂੰ ਦਬਾਉਣ ਲਈ ਸਰਕਾਰ ਨੇ ਸਖ਼ਤ ਫ਼ੈਸਲੇ ਕੀਤੇ ਹਨ। ‘ਹਿਜਾਬ’ ਇਸਲਾਮੀ ਮੁਲਕਾਂ ਵਿਚ ਵੱਖੋ ਵੱਖਰੀਆਂ ਧਾਰਨਾਵਾਂ ਪੈਦਾ ਕਰਦਾ ਹੈ, ਕੁਝ ਸਰਕਾਰਾਂ ਇਸਲਾਮੀ ਮਹਿਲਾਵਾਂ ਨੂੰ ‘ਹਿਜਾਬ’ ਪਾਉਣ ਤੇ ਪਾਬੰਦੀਆਂ ਲਾਉਂਦੀਆਂ ਹਨ ਤੇ ਕੁਝ ਸਰਕਾਰਾਂ ਸਖ਼ਤੀ ਨਾਲ ‘ਹਿਜਾਬ’ ਪਾਉਣ ਲਈ ਕਹਿੰਦੀਆਂ ਹਨ। ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਹੁਕਮ ਜਾਰੀ ਕਰਕੇ ਮਹਿਲਾਵਾਂ ਦਾ ਹਿਜਾਬ ਪਾਉਣਾ ਜ਼ਰੂਰੀ ਕਰ ਰੱਖਿਆ ਹੈ। ਸਾਉਦੀ ਅਰਬ ਵਿੱਚ ਵੀ ਨਕਾਬ ਪਾਕੇ ਮੂੰਹ ਨੂੰ ਢਕਣਾ ਲਾਜ਼ਮੀ ਹੈ। ਤੁਰਕੀ , ਟਿਊਨੀਸ਼ੀਆ , ਅਤੇ ਤਜ਼ਾਕਿਸਤਾਨ ਦੇਸ਼ਾਂ ਵਿੱਚ ਕਾਨੂੰਨ ਨੇ ਸਕੂਲ, ਯੂਨੀਵਰਸਿਟੀ ਆਦਿ ਵਿੱਚ ਨਕਾਬ ਪਾਉਣ ਤੇ ਰੋਕ ਲਗਾਈ ਹੋਈ ਹੈ। ਈਰਾਨ ਤੇ ਇੰਡੋਨੇਸ਼ੀਆ  ਨੇ ਮਹਿਲਾਵਾਂ ਲਈ ‘ਹਿਜਾਬ’ ਪਾਉਣਾ ਲਾਜ਼ਮੀ ਕਰ ਰੱਖਿਆ ਹੈ। 
ਸਬਾ ਅਫਸਾਰੀ ਨੇ ‘ਵਾਈਟ ਵੈਡਨਸਡੇ’ ਦੀ ਮੁਹਿੰਮ ਵਿਚ ਆਪਣਾ ਪ੍ਰਚਾਰ ਜ਼ੋਰਦਾਰ ਤਰੀਕੇ ਨਾਲ ਕੀਤਾ, ਉਹ ਡਰੀ ਨਹੀਂ ਨਾ ਹੀ ਘਬਰਾਈ, ਉਸ ਨੇ ਕਿਹਾ ਕਿ ਬੁੱਧਵਾਰ ਵਾਲੇ ਦਿਨ ‘ਹਿਜਾਬ’ ਤੋਂ ਬਿਨਾਂ ਫ਼ੋਟੋਆਂ ਅੱਪਲੋਡ ਕਰੋ ਤੇ ਵੀਡੀਓ ਅੱਪਲੋਡ ਕਰੋ। ਇਸ ਮੁਹਿੰਮ ਤਹਿਤ 200 ਤੋਂ ਵੱਧ ਵੀਡੀਓ ਅੱਪਲੋਡ ਹੋਈਆਂ, 5 ਲੱਖ ਤੋਂ ਵੱਧ ਲੋਕਾਂ ਨੇ ਦੇਖੀਆਂ, ਇਸ ਤਹਿਤ ਬਹੁਤ ਸਾਰੀਆਂ ਇਰਾਨੀ ਔਰਤਾਂ ਖ਼ਿਲਾਫ਼ ਮੁਕੱਦਮੇ ਚਲਾਏ ਗਏ, ਕਈਆਂ ਨੂੰ ਇਕ ਸਾਲ ਤੇ ਕਈਆਂ 10 ਸਾਲ ਤੱਕ ਦੀ ਸਜਾ ਸੁਣਾਈ ਗਈ, ਪਰ ਇਹ ਮੁਹਿੰਮ ਫਿਰ ਵੀ ਚਲਦੀ ਰਹੀ। ਇਸ ਮੁਹਿੰਮ ਤਹਿਤ ਸਬਾ ਅਫਸਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਪਰ ਇਕ ਸਾਲ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਉਸ ਨੇ ਆਪਣੀ ਮੁਹਿੰਮ ਜਾਰੀ ਰੱਖੀ, ਮੁੜ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਬਾ ਅਫਸਾਰੀ ਦਾ ਇਰਾਨੀ ਸਰਕਾਰ ਨੇ ਬੜਾ ਗੁਨਾਹ ਮੰਨਿਆ, ਜਿਸ ਤਹਿਤ ਉਸ ਦੇ ਖ਼ਿਲਾਫ਼ ਮੁਕੱਦਮਾ ਚੱਲਿਆ ਤੇ 19 ਦਿਨ ਅਦਾਲਤ ਵਿਚ ਸੁਣਵਾਈ ਕੀਤੀ ਗਈ। 19ਵੇਂ ਦਿਨ ਅਫਸਾਰੀ ਨੂੰ 24 ਸਾਲਾਂ ਦੀ ਜੇਲ੍ਹ ਦੀ ਸਜਾ ਦਿੱਤੀ ਗਈ। ਉਸ ਨੂੰ ਕਿਹਾ ਗਿਆ ਕਿ ਤੇਰੀ ਇਸ ਮੁਹਿੰਮ ਨਾਲ ਭ੍ਰਿਸ਼ਟਾਚਾਰ ਤੇ ਵੇਸਵਾਗਮਨੀ ਨੂੰ ਹੁਲਾਰਾ ਮਿਲਿਆ ਹੈ,ਇਸ  ਕਰਕੇ ਇਨ੍ਹਾਂ ਦੋ ਜੁਰਮਾਂ ਲਈ 15 ਸਾਲ ਦੀ ਸਜਾ ਸੁਣਾਈ ਗਈ ਹੈ ਜਦ ਕਿ ਉਸ ਨੇ ਆਪਣਾ ਗੁਨਾਹ ਕਬੂਲ ਨਹੀਂ ਕੀਤਾ, ਇਸ ਕਰਕੇ 9 ਸਾਲ ਦੀ ਸਜਾ ਹੋਰ ਸੁਣਾਈ ਗਈ ਹੈ।
ਸੰਪਰਕ
8146001100

Friday, August 23, 2019

ਸੈਕਸ ਦੀ ਗੁਲਾਮੀ ਲਈ ਚੁਣੀਆਂ ਜਾਂਦੀਆਂ ਬੱਚੀਆਂ ਦੀ ਉਮਰ ਵੱਧ ਤੋਂ ਵੱਧ ਤੇਰਾਂ ਸਾਲ

ਅਮਰੀਕਾ ਦੀ ਚਕਾਚੌਂਧ ਦੇ ਪਰਦੇ ਹੇਠ ਔਰਤਾਂ ਦੀ ਹਨੇਰਮਈ ਜ਼ਿੰਦਗੀ : ਸ਼ਿਵਾਨੀ

ਸੈਕਸ ਦੀ ਗੁਲਾਮੀ ਲਈ ਚੁਣੀਆਂ ਜਾਂਦੀਆਂ ਬੱਚੀਆਂ ਦੀ ਉਮਰ ਵੱਧ ਤੋਂ ਵੱਧ ਤੇਰਾਂ ਸਾਲ ਰੱਖੀ ਗਈ ਹੈ

ਮੁੱਢ ਕਦੀਮੀ ਸਮਾਜ, ਜਿੱਥੇ ਮਨੁੱਖ ਜੰਗਲ ਵਿੱਚ ਰਹਿੰਦਿਆਂ ਪੱਤਿਆਂ ਨੂੰ ਆਪਣਾ ਸਰੀਰ ਢੱਕਣ ਲਈ ਵਰਤਦਾ ਸੀ, ਤੋਂ ਬਾਅਦ ਕਈ ਪੜਾਵਾਂ ਨੂੰ ਪਾਰ ਕਰਦਿਆਂ ਅੱਜ ਆਧੁਨਿਕ ਸਰਮਾਏਦਾਰੀ ਯੁੱਗ ਵਿੱਚ ਪਹੁੰਚਿਆ ਹੈ, ਜਿੱਥੇ ਮਨੁੱਖ ਨੇ ਆਪਣੀ ਸਮਝ ਅਤੇ ਤਜ਼ਰਬੇ ਦੇ ਅਧਾਰ ’ਤੇ ਆਪਣੀ ਜ਼ਿੰਦਗੀ ਨੂੰ ਹਰ ਪੱਖੋਂ ਸਹੂਲਤ ਭਰਪੂਰ ਬਣਾ ਲਿਆ ਹੈ, ਆਪਣੀ ਲੋੜ ਅਨੁਸਾਰ ਉਹ ਕੋਈ ਵੀ ਚੀਜ਼ ਖਰੀਦਦਾ ਹੈ ਤੇ ਲੋੜ ਪੂਰੀ ਹੋਣ ’ਤੇ ਜਾਂ ਮਨ ਭਰ ਜਾਣ ’ਤੇ ਵੇਚ ਵੀ ਦਿੰਦਾ ਹੈ। ਪਰ ਜ਼ਰਾ ਸੋਚ ਕੇ ਵੇਖੋ, ਕਿੰਨਾ ਭਿਆਨਕ ਹੈ, ਜੇ ਉਸ ਚੀਜ਼ ਦੀ ਥਾਂ ’ਤੇ ਤੁਸੀਂ ਖੁਦ ਹੋਵੇ, ਖਰੀਦੋ ਫਰੋਖਤ ਕਿਸੇ ਚੀਜ਼ ਦੀ ਨਹੀਂ, ਤੁਹਾਡੀ… ਤੁਹਾਡੀ ਆਪਣੀ, ਮਨੁੱਖੀ ਹੱਡ ਮਾਸ ਦੀ ਹੁੰਦੀ ਹੋਵੇ …ਪਰ ਅਫਸੋਸ, ਇਹ ਕਲਪਨਾ ਬੇਸ਼ੱਕ ਭਿਆਨਕ ਹੈ, ਪਰ ਕੋਰੀ ਕਲਪਨਾ ਨਹੀਂ! ਇਹ ਕਲਪਨਾ ਸੱਚ ਦੇ ਬਹੁਤ ਨੇੜੇ ਹੈ, ਅਜੋਕੇ ਸਮੇਂ ਦਾ ਕੌੜਾ ਭਿਆਨਕ ਤੇ ਬਰਬਰ ਸੱਚ!!
ਕੁਰਸੀ, ਮੇਜ, ਪੱਖਾ, ਟੀ ਵੀ, ਮੋਬਾਈਲ, ਔਰਤ… ਕੀ ਹੋਇਆ, ਤੁਹਾਨੂੰ ਹੈਰਾਨੀ ਹੋ ਰਹੀ ਹੈ ਕਿ ਮੈਂ ਇੰਨਾ ਖਪਤ ਦੀ ਵਸਤੂਆਂ ਨਾਲ਼ ਔਰਤ ਸ਼ਬਦ ਕਿਉਂ ਵਰਤਿਆ? ਪਰ ਜਨਾਬ ਜਾਂ ਤਾਂ ਤੁਸੀਂ ਬਹੁਤ ਭੋਲੇ ਹੋ ਜਾਂ ਫਿਰ ਸੱਚ ਨੂੰ ਆਪਣੀ ਜੀਭ ਦੀ ਨੋਕ ’ਤੇ ਲਿਆਉਂਦਿਆਂ ਤੁਹਾਨੂੰ ਸ਼ਰਮ ਆ ਰਹੀ ਹੈ। ਇਹੀ ਹੈ ਅਜੋਕੇ ਸਮੇਂ ਦਾ ਸੱਚ – ਜਿੱਥੇ ਔਰਤ ਮਨੁੱਖ ਨਹੀਂ, ਇੱਕ ਵਸਤੂ ਹੈ, ਗੁਲਾਮ ਹੈ – ਮਰਦ ਦੀ, ਜਿੱਥੇ ਹੋਰਨਾਂ ਚੀਜ਼ਾਂ ਵਾਂਗ ਉਹਦੀ, ਮੁਆਫ ਕਰਨਾ, ਉਹਦੇ ਸਰੀਰ ਦੀ ਮੰਡੀ ਵਿੱਚ ਬੋਲੀ ਲੱਗਦੀ ਹੈ, ਜਿੱਥੇ ਵੱਧ ਤੇ ਘੱਟ ਉਮਰ ਔਰਤਾਂ ਦੀ ਕੀਮਤ ਦਾ ਪੈਮਾਨਾ ਬਣਦੀਆਂ ਹਨ।
ਸਰਮਾਏਦਾਰੀ ਚੀਕ ਚਿਹਾੜਾ ਪਾਉਂਦੀ ਹੈ- ਕਿ ਔਰਤਾਂ ਨੂੰ ਉਨ੍ਹਾਂ ਦੇ ਮਨੁੱਖੀ ਹੱਕ ਦੁਆਏ, ਉਨ੍ਹਾਂ ਨੂੰ ਚੁੱਲ੍ਹੇ ਚੌਂਕੇ ’ਚੋਂ ਬਾਹਰ ਕੱਢ ਕੇ ਬਾਹਰ ਕੰਮ ਕਰਨ ਦਾ ਹੱਕ ਦੁਆਇਆ, ਆਰਥਿਕ ਤੌਰ ’ਤੇ ਨਿਰਭਰ ਕੀਤਾ। ਹਾਂ ਕੀਤਾ… ਪਰ ਸਿਰਫ਼ ਆਪਣੇ ਮੁਨਾਫ਼ੇ ਲਈ, ਔਰਤਾਂ ਨੂੰ ਘਰਾਂ ’ਚੋਂ ਕੱਢ ਕੇ ਬਾਹਰ ਮੰਡੀ ਵਿੱਚ ਖੜ੍ਹਾ ਕਰ ਦਿੱਤਾ ਜਿੱਥੇ ਉਹ ਅਖੌਤੀ “ਅਜ਼ਾਦੀ” ਦਾ ਹੱਕ ਵਰਤਦਿਆਂ ਆਪਣਾ ਸਰੀਰ ਵੇਚ ਸਕਣ।
ਅਮਰੀਕਾ, ਅਖੌਤੀ ਸਰਮਾਏਦਾਰੀ ਦਾ ਨੁਮਾਇੰਦਾ ਦੇਸ਼, ਜਿਹੜਾ ਦੁਨੀਆਂ ਭਰ ਦੇ ਦੇਸ਼ਾਂ ਨੂੰ ਹਥਿਆਰ ਮੁਹੱਈਆ ਕਰਵਾਉਂਦਾ ਹੈ, ਮਨੁੱਖੀ ਤਸਕਰੀ ਤੇ ਵੇਸਵਾਗਮਨੀ ਦੇ ਕਾਰੋਬਾਰ ਵਿੱਚ ਦਿਨੋਂ-ਦਿਨ ਤਰੱਕੀ ਕਰ ਰਿਹਾ ਹੈ। ਨਸ਼ਿਆਂ ਤੇ ਹਥਿਆਰਾਂ ਦੇ ਕਾਰੋਬਾਰ ਤੋਂ ਬਾਅਦ ਵੇਸਵਾਗਮਨੀ ਦੇ ਧੰਦੇ ਵਿੱਚ ਧੱਕਣ ਲਈ ਛੋਟੇ ਬੱਚਿਆਂ ਦੀ ਖਰੀਦੋ- ਫਰੋਖਤ ਦਾ ਕਾਰੋਬਾਰ ਅਮਰੀਕਾ ਵਿੱਚ ਦੂਜਾ ਵੱਡਾ ਕਾਰੋਬਾਰ ਬਣ ਚੁੱਕਾ ਹੈ। ਇਸ ਧੰਦੇ ਦੀ ਜਾਂਚ ਪੜਤਾਲ ਵਿੱਚ ਲੱਗੀ ਪੱਤਰਕਾਰ ਐਮੀ ਕੋਲਿਨਜ਼ ਦਾ ਕਹਿਣਾ ਹੈ – “ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨਾਲ਼ੋਂ ਬੱਚਿਆਂ ਦੀ ਤਸਕਰੀ ਕਿਤੇ ਜ਼ਿਆਦਾ ਮੁਨਾਫਾ – ਭਰਪੂਰ ਹੈ ਕਿਉਂਕਿ ਇੱਕ ਪੌਂਡ ਹੀਰੋਇਨ ਜਾਂ ਇੱਕ ਏ.ਕੇ 47 ਨੂੰ ਤੁਸੀਂ ਸਿਰਫ ਇੱਕ ਵਾਰ ਵੇਚ ਸਕਦੇ ਹੋ ਪਰ ਇੱਕ ਛੋਟੀ ਬੱਚੀ ਨੂੰ ਤੁਸੀਂ ਇੱਕ ਦਿਨ ਵਿੱਚ ਦਸ ਤੋਂ ਪੰਦਰਾਂ ਵਾਰ ਵੇਚ ਸਕਦੇ ਹੋ ਤੇ ਇਹ ਉਦੋਂ, ਜਦ ਸਾਰੇ ਦੇ ਸਾਰੇ ਪੈਸੇ ਦਲਾਲ ਕੋਲ ਜਾਂਦੇ ਹੋਣ।
ਸੈਕਸ ਦੀ ਗੁਲਾਮੀ ਲਈ ਚੁਣੀਆਂ ਜਾਂਦੀਆਂ ਬੱਚੀਆਂ ਦੀ ਉਮਰ ਵੱਧ ਤੋਂ ਵੱਧ ਤੇਰਾਂ ਸਾਲ ਰੱਖੀ ਗਈ ਹੈ। ਇਸ ਤੋਂ ਵੱਧ ਉਮਰ ਦੀਆਂ ਕੁੜੀਆਂ ਦੀ ਤਸਕਰੀ ਨਹੀਂ ਕੀਤੀ ਜਾਂਦੀ। ਮੁਨਾਫ਼ੇ ਦੀ ਅੰਨ੍ਹੀ ਭੁੱਖ ਇੰਨੀ ਜ਼ਿਆਦਾ ਹੈ ਕਿ ਇੱਕ ਕੁੜੀ ਨੂੰ ਇੱਕ ਦਿਨ ਵਿੱਚ ਦਸ ਤੋਂ ਪੰਦਰਾਂ ਮਰਦਾਂ ਨੂੰ ਵੇਚਿਆ ਜਾਂਦਾ ਹੈ ਜਿਸ ਅਨੁਸਾਰ ਪੰਜਾਂ ਸਾਲਾਂ ਦੇ ਵਕਫੇ ਵਿੱਚ ਇੱਕ ਕੁੜੀ ਨਾਲ਼ ਛੇ ਹਜ਼ਾਰ ਵਾਰ ਬਲਾਤਕਾਰ ਹੁੰਦਾ ਹੈ ਅਮਰੀਕਾ ਵਿੱਚ ਲਗਭਗ ਇੱਕ ਲੱਖ ਬੱਚੇ ਹਰ ਸਾਲ ਮਨੁੱਖੀ ਤਸਕਰੀ ਤੇ ਦੇਹ ਵਪਾਰ ਦਾ ਸ਼ਿਕਾਰ ਹੁੰਦੇ ਹਨ ਤੇ ਤਿੰਨ ਲੱਖ ਬੱਚੇ ਹਮੇਸ਼ਾ ਸ਼ਿਕਾਰ ਹੋ ਜਾਣ ਦੇ ਡਰ ਹੇਠ ਰਹਿੰਦੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਜਾਂ ਜਾਣ – ਪਛਾਣ ਦੇ ਲੋਕਾਂ ਵੱਲੋਂ ਦਲਾਲਾਂ ਨੂੰ ਵੇਚ ਦਿੱਤਾ ਜਾਂਦਾ ਹੈ। ਇੱਕ ਬੱਚੇ ਤੋਂ ਦਲਾਲਾਂ ਦੀ ਇਕ ਸਾਲ ਦੀ ਕਮਾਈ ਡੇਢ ਤੋਂ ਦੋ ਲੱਖ ਡਾਲਰ ਬਣਦੀ ਹੈ।
ਕੰਮ ਦੀ ਭਾਲ ਵਿਚ ਵਿਦੇਸ਼ਾਂ ਨੂੰ ਭੱਜਦੇ ਲੋਕਾਂ ਦਾ ਵੱਡਾ ਹਿੱਸਾ ਮਨੁੱਖੀ ਤਸਕਰੀ ਤੇ ਵੇਸਵਾਗਮਨੀ ਦਾ ਸ਼ਿਕਾਰ ਹੁੰਦਾ ਹੈ ਪਰ ਅਸੀਂ ਅਮਰੀਕਾ ਦੇ ਉਨ੍ਹਾਂ ਵਸਨੀਕਾਂ ਦੀ ਗੱਲ ਕਰ ਰਹੇ ਹਾਂ ਜਿੰਨਾਂ ਨੂੰ ਜ਼ਬਰਦਸਤੀ ਵੇਸਵਾਗਮਨੀ ਦੇ ਇਸ ਧੰਦੇ ਵਿੱਚ ਧੱਕਿਆ ਗਿਆ ਹੈ। ਲੱਗਭੱਗ ਇੱਕ ਤੋਂ ਦੋ ਲੱਖ ਦੀ ਗਿਣਤੀ ਵਿੱਚ ਅਜਿਹੀਆਂ ਛੋਟੀ ਉਮਰ ਦੀਆਂ ਬੱਚੀਆਂ ਦੇਹ- ਵਪਾਰ ਦੇ ਇਸ ਧੰਦੇ ਵਿੱਚ ਫਸੀਆਂ ਹੋਈਆਂ ਹਨ ਜਿਨ੍ਹਾਂ ਨੇ ਕੋਈ ਮਜ਼ਬੂਰੀ ਵਜੋਂ ਸੈਕਸ ਗੁਲਾਮੀ ਦਾ ਪੇਸ਼ਾ ਨਹੀਂ ਚੁਣਿਆ ਸਗੋਂ ਜਬਰਦਸਤੀ ਤੇ ਧੋਖੇ ਰਾਹੀਂ ਉਨ੍ਹਾਂ ਨੂੰ ਇਸ ਧੰਦੇ ਵਿੱਚ ਫਸਾਇਆ ਗਿਆ ਹੈ।
ਪਰ ਇੱਥੇ ਇੱਕ ਸਵਾਲ ਖੜ੍ਹਾ ਹੁੰਦਾ ਹੈ, ਆਖਰ ਕੀ ਕਾਰਨ ਹੈ ਕਿ ਮਨੁੱਖ ਇੰਨਾ ਵਹਿਸ਼ੀ ਹੁੰਦਾ ਜਾ ਰਿਹਾ ਹੈ? ਕਿਉਂ ਸੈਕਸ ਲਈ ਮਰਦਾਂ ਦੀ ਪਸੰਦ ਹੁਣ ਅੱਠ ਨੌਂ ਸਾਲ ਦੀਆਂ ਬੱਚੀਆਂ ਬਣਦੀਆਂ ਜਾ ਰਹੀਆਂ ਹਨ? ਕਿਉਂ ਮਨੁੱਖ ਦੇ ਅੰਦਰਲੀ ਸਾਰੀ ਨੈਤਿਕਤਾ ਤੇ ਮਨੁੱਖਤਾ ਦਾ ਘਾਣ ਹੁੰਦਾ ਜਾ ਰਿਹਾ ਹੈ ਕਿ ਉਹ ਦਸ ਬਾਰਾਂ ਸਾਲ ਦੇ ਬੱਚੇ ਉੱਤੇ ਆਪਣੀ ਸਰੀਰਕ ਭੁੱਖ ਮਿਟਾਉਣ ਲਈ ਵੀ ਤਿਆਰ ਹੋ ਜਾਂਦਾ ਹੈ?
ਇਸ ਦਾ ਜਵਾਬ ਦੇਣ ਲਈ ਕੋਈ ਖਾਸ ਦਿਮਾਗੀ ਕਸਰਤ ਦੀ ਲੋੜ ਨਹੀਂ। ਇਸ ਦਾ ਜਵਾਬ ਸਾਡੇ ਆਲ਼ੇ-ਦੁਆਲ਼ੇ ਹਰ ਕਿਤੇ ਪਸਰਿਆ ਹੋਇਆ ਹੈ । ਗੀਤਾਂ, ਹਾਲੀਵੁੱਡ ਫਿਲਮਾਂ, ਟੀ.ਵੀ. ਮਸ਼ਹੂਰੀਆਂ ਵਿੱਚ ਜਿਸ ਤਰ੍ਹਾਂ ਕੁੜੀਆਂ ਨੂੰ ਦਿਖਾਇਆ ਜਾਂਦਾ ਹੈ- ਅੱਧੇ ਕੱਪੜਿਆਂ ਵਿੱਚ, ਆਪਣੇ ਅੰਗਾਂ ਦੀ ਨੁਮਾਇਸ਼ ਕਰਦਿਆਂ, ਮਰਦਾਂ ਨੂੰ ਸਰੀਰਕ ਸੁੱਖ ਪਹੁੰਚਾਉਂਦਿਆਂ, ਜਿਸ ਰਾਹੀਂ ਮਰਦਾਂ ਦੀ ਤੇ ਖੁਦ ਔਰਤਾਂ ਦੀ ਸੋਚ ਇਹ ਬਣਾ ਦਿੱਤੀ ਜਾਂਦੀ ਹੈ ਕਿ ਔਰਤਾਂ ਦੀ ਹੋਂਦ ਸਿਰਫ਼ ਇੱਕ ਸਰੀਰ ਵਜੋਂ ਹੈ, ਸਿਰਫ਼ ਮਰਦ ਨੂੰ ਖੁਸ਼ ਰੱਖਣ ਲਈ। ਅਮਰੀਕਾ ਵਿੱਚ ਖੁਦ ਕੁੜੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਆਪਣੇ ਫੇਸਬੁੱਕ, ਟਵਿੱਟਰ ਅਕਾਊਂਟਾਂ ’ਤੇ ਪੋਰਨ ਦੀ ਨਕਲ ਕਰਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਸਰਮਾਏਦਾਰਾ ਮੰਡੀ ਔਰਤਾਂ ਅੱਗੇ ਮਰਦਾਂ ਨੂੰ ਉਤੇਜਿਤ ਕਰਨ ਵਾਲ਼ੇ ਮਾਲ ਵਜੋਂ ਪੇਸ਼ ਕਰਦੀ ਹੈ ਅਤੇ ਮੀਡੀਆ ’ਤੇ ਮਰਦਾਂ ਵੱਲੋਂ ਥੋਪੀ ਗਈ ਪਸੰਦ ਉਨ੍ਹਾਂ ਦੀ ਖੁਦ ਦੀ ਪਸੰਦ ਬਣ ਜਾਂਦੀ ਹੈ।
ਮੋਬਾਈਲਾਂ ਦੀ ਵਧਦੀ ਵਰਤੋਂ ਨਾਲ਼ ਪੋਰਨੋਗ੍ਰਾਫੀ ਸਾਡੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਘੁਸਪੈਠ ਕਰ ਚੁੱਕੀ ਹੈ, ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗ ਸਭ ਪੋਰਨ ਵੇਖਣ ਦੇ ਆਦੀ ਹੁੰਦੇ ਹਨ। ਪੋਰਨ ਦੇਖਣ ਮਗਰੋਂ ਉਹੀ ਜ਼ੋਰ – ਅਜਮਾਇਸ਼ ਮਰਦ ਹਕੀਕੀ ਤੌਰ ’ਤੇ ਕਰਨਾ ਲੋਚਦੇ ਹਨ ਜਿਸ ਦੀ ਭੁੱਖ ਉਹ ਇਸ ਤਰ੍ਹਾਂ ਭਾੜੇ ਤੇ ਖਰੀਦੀ ਹੋਈ ਔਰਤਾਂ ’ਤੇ ਮਿਟਾਉਂਦੇ ਹਨ। ਜੋ ਭਾੜੇ ’ਤੇ ਔਰਤਾਂ ਨੂੰ ਨਹੀਂ ਖਰੀਦ ਸਕਦੇ ਉਹ ਮੌਕਾ ਲੱਗਣ ’ਤੇ ਕਿਸੇ ਵੀ ਬੱਚੀ ਜਾਂ ਔਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹਨ (ਬਲਾਤਕਾਰਾਂ ਦੀ ਗਿਣਤੀ ਵਿੱਚ ਵਾਧੇ ਦਾ ਕਾਰਨ ਵੀ ਇਹੀ ਹੈ) ਵੇਸਵਾਗਮਨੀ ਦੇ ਜਾਲ ਵਿੱਚ ਫਸੀਆਂ ਹੋਈਆਂ ਔਰਤਾਂ ਦਾ ਕਹਿਣਾ ਹੈ ਕਿ ਮਰਦ ਉਨ੍ਹਾਂ ਤੋਂ ਉਸੇ ਤਰ੍ਹਾਂ ਦੇ ਸੈਕਸ ਦੀ ਮੰਗ ਕਰਦੇ ਹਨ ਜਿਸ ਤਰ੍ਹਾਂ ਉਹ ਪੋਰਨ ਵਿੱਚ ਵੇਖਦੇ ਹਨ।
ਦੇਹ ਵਪਾਰ ਦੇ ਜੰਜਾਲ ਵਿੱਚ ਫਸੀਆਂ ਔਰਤਾਂ ਦੀ ਜ਼ਿੰਦਗੀ ਵੱਧ ਤੋਂ ਵੱਧ ਸੱਤ-ਅੱਠ ਸਾਲ ਹੀ ਹੁੰਦੀ ਹੈ ਤੇ ਇਹ ਸਾਲ ਭਰੇ ਹੁੰਦੇ ਹਨ- ਅੰਤਹੀਣ ਬਲਾਤਕਾਰਾਂ, ਜਾਨ ਦਾ ਖਤਰਾ, ਬਿਮਾਰੀਆਂ, ਮਾਰਕੁੱਟ, ਨਸ਼ੇਖੋਰੀ, ਗਰਭ ਧਾਰਨ, ਜਬਰਨ ਗਰਭਪਾਤ ਤੇ ਮਾਨਸਿਕ ਪ੍ਰੇਸ਼ਾਨੀਆਂ ਨਾਲ਼।
ਵੇਸਵਾਗਮਨੀ ਦੇ ਧੰਦੇ ਵਿੱਚ ਫਸੀ ਇੱਕ ਔਰਤ ਐਂਡਰੀਆ ਦਾ ਕਹਿਣਾ ਸੀ, “ਉਸ ਨੂੰ ਤੇ ਹੋਰਾਂ ਬੱਚਿਆਂ ਨੂੰ ਘੰਟਿਆਂ ਬੱਧੀ ਕੁੱਟਿਆ ਜਾਂਦਾ ਸੀ ਤਾਂ ਕਿ ਉਹ ਸਾਰੇ ਉਨ੍ਹਾਂ ਦੇ ਆਗਿਆਕਾਰੀ ਬਣੇ ਰਹਿਣ। ਸ਼ੁਰੂਆਤ ਵਿੱਚ ਫੜੀ ਗਈ ਕਿਸੇ ਵੀ ਕੁੜੀ ਨਾਲ਼ ਬਲਾਤਕਾਰ ਹੁੰਦਿਆਂ ਦੀ ਵੀਡੀਓ ਬਣਾਈ ਜਾਂਦੀ ਸੀ ਤਾਂ ਕਿ ਜੇ ਕੋਈ ਇਸ ਨਰਕ ਤੋਂ ਭੱਜਣ ਦੀ ਕੋਸ਼ਿਸ਼ ਵੀ ਕਰੇ ਤਾਂ ਉਸ ਨੂੰ ਵੀਡੀਓ ਟੇਪ ਦੀਆਂ ਧਮਕੀਆਂ ਦੇ ਕੇ ਮੁੜ ਤੋਂ ਇਸ ਧੰਦੇ ਵਿੱਚ ਫਸਾਇਆ ਜਾ ਸਕੇ।
ਇੱਕ ਔਰਤ ਦੇ ਦੱਸਣ ਅਨੁਸਾਰ, “ਉਨ੍ਹਾਂ ਨੂੰ ਤਦ ਤੱਕ ਨਾ ਖਾਣਾ ਦਿੱਤਾ ਜਾਂਦਾ ਸੀ ਤੇ ਨਾ ਸੌਣ ਦਿੱਤਾ ਜਾਂਦਾ ਸੀ ਜਦ ਤੱਕ ਉਹ ਆਪਣੇ ਇੱਕ ਦਿਨ ਦਾ ‘ਸੈਕਸ ਕੋਟਾ’ ਪੂਰਾ ਨਾ ਕਰ ਲੈਣ, ਇੱਕ ਦਿਨ ਦਾ ਕੋਟਾ ਮਤਲਬ ਘੱਟੋ ਘੱਟ ਚਾਲੀ ਆਦਮੀ।”
ਇੱਕ ਔਰਤ ਯਾਦ ਕਰਦੀ ਹੋਈ ਦੱਸਦੀ ਹੈ, “ਉਸ ਨੂੰ ਯਾਦ ਹੈ ਕਿ ਕਿਵੇਂ ਉਸ ਦੇ ਗਰਭਵਤੀ ਹੋ ਜਾਣ ਤੇ ਉਸ ਨੂੰ ਫਰਸ਼ ’ਤੇ ਉਲਟਾ ਲਿਟਾ ਕੇ ਲੱਤਾਂ ਨਾਲ਼ ਕੁੱਟਿਆ ਜਾਂਦਾ ਸੀ ਤਾਂ ਕਿ ਉਸਦਾ ਗਰਭਪਾਤ ਹੋ ਜਾਏ।”
ਬਾਰਬਰਾ, ਜੋ ਅਠਾਰਾਂ ਸਾਲ ਦੀ ਉਮਰ ਤੋਂ ਪਹਿਲਾਂ ਕਈ ਤਸਕਰਾਂ ਦੇ ਹੱਥੋਂ ਵੇਚੀ ਗਈ, ਨੇ ਦੱਸਿਆ- ਸੈਕਸ ਕੋਟਾ ਪੂਰਾ ਨਾ ਕਰ ਪਾਉਣ ’ਤੇ ਮੈਨੂੰ ਕੁੱਟਿਆ ਜਾਂਦਾ ਸੀ, ਪੌੜੀਆਂ ਤੋਂ ਹੇਠਾਂ ਸੁਟ ਦਿੱਤਾ ਜਾਂਦਾ ਸੀ। ਇੱਕ ਵਾਰ ਮੈਨੂੰ ਲੋਹੇ ਦੀ ਤਾਰ ਨਾਲ਼ ਕੁੱਟਿਆ ਗਿਆ, ਮੇਰੀ ਪੂਰੀ ਪਿੱਠ ਲਹੂਲੁਹਾਨ ਹੋ ਗਈ ਸੀ।
ਪੋਰਨ ਸਨਅਤ, ਜੋ ਇਸ ਸਮੇਂ ਐਮਾਜਾਨ, ਮਾਈਕ੍ਰੋਸਾਫਟ, ਗੂਗਲ, ਐਪਲ ਆਦਿ ਕੰਪਨੀਆਂ ਤੋਂ ਵੀ ਵੱਧ ਮੁਨਾਫਾ ਕਮਾ ਰਹੀ ਹੈ, ਨੇ ਔਰਤਾਂ ਤੋਂ ਉਨ੍ਹਾਂ ਦੇ ਮਨੁੱਖ ਹੋਣ ਦਾ ਹੀ ਹੱਕ ਖੋਹ ਲਿਆ ਹੈ। ਜ਼ਰਾ ਕਲਪਨਾ ਕਰਕੇ ਵੇਖੋ, ਉਸ ਔਰਤ ਦੀ ਪੀੜਾ ਨੂੰ…. ਜਿਸ ਨੂੰ ਮਰਨ ਦਾ ਹੱਕ ਨਹੀਂ ਤੇ ਜਿਹੜੇ ਸਾਹ ਉਹ ਲੈ ਰਹੀ ਹੈ ਉਸ ਨੂੰ ਜ਼ਿੰਦਗੀ ਕਹਿਣਾ ਜ਼ਿੰਦਗੀ ਦਾ ਅਪਮਾਨ ਹੈ। ਜਿੱਥੇ ਉਨ੍ਹਾਂ ਦੀ ਹੋਂਦ ਇਕ ਮਾਸ ਦੇ ਟੁੱਕੜੇ ਤੋਂ ਵੱਧ ਕੁਝ ਵੀ ਨਹੀਂ। ਪੋਰਨ ਸੱਨਅਤ ਜਾਂ ਵੇਸਵਾਗਮਨੀ ਦੀ ਦਲਦਲ ’ਚੋਂ ਬਚ ਕੇ ਨਿੱਕਲਣ ਦੀ ਕੋਸ਼ਿਸ਼ ਜ਼ਮੀਨ ਤੇ ਖੜ੍ਹ ਕੇ ਅਸਮਾਨ ਵੱਲ ਪੱਥਰ ਸੁੱਟਣ ਬਰਾਬਰ ਹੈ ਕਿਉਂਕਿ ਜੋ ਕੋਈ ਵੀ ਅਜਿਹੀ ਕੋਸ਼ਿਸ਼ ਕਰਦਾ ਹੈ, ਉਸ ਨਾਲ਼ ਮਾਰਕੁੱਟ ਤੋਂ ਇਲਾਵਾ ਸਮੂਹਿਕ ਬਲਾਤਕਾਰ, ਮਾਨਸਿਕ ਤੇ ਸਰੀਰਕ ਤਸੀਹੇ ਦਿੱਤੇ ਜਾਂਦੇ ਹਨ। ਦੂਜਾ, ਜੇ ਕੋਈ ਅਜਿਹੀ ਦਲਦਲ ਚੋਂ ਬੱਚ ਕੇ ਨਿੱਕਲ ਵੀ ਜਾਵੇ ਤਾਂ ਦਲਦਲ ਦਾ ਚਿੱਕੜ ਉਨ੍ਹਾਂ ਦੇ ਕੱਪੜੇ ’ਤੇ ਇਸ ਤਰ੍ਹਾਂ ਲੱਗ ਜਾਂਦਾ ਹੈ ਕਿ ਉਹ ਸਮਾਜ ਵਿੱਚ ਆਮ ਜ਼ਿੰਦਗੀ ਜਿਉਂ ਹੀ ਨਹੀਂ ਸਕਦੀਆਂ।
ਸਰਮਾਏਦਾਰੀ ਢਾਂਚੇ ਨੇ ਪੋਰਨ ਸੱਨਅਤ ਤੇ ਵੇਸਵਾਗਮਨੀ ਦਾ ਕੰਮ ਕਰਦੇ ਮਰਦ – ਔਰਤਾਂ ਨੂੰ ਆਪਣੀ “ਅਜ਼ਾਦੀ ਤੇ ਜਮਹੂਰੀਅਤ” ਦੇ ਪਰਦੇ ਹੇਠ ਸੈਕਸ ਕਾਮਿਆਂ ਦਾ ਨਾਮ ਦਿੱਤਾ ਹੈ ਤੇ ਕਈ ਨਾਰੀਵਾਦੀ ਧਾਰਾਵਾਂ ਇਨ੍ਹਾਂ ਸੈਕਸ ਕਾਮਿਆਂ ਦੀ ਲੁੱਟ ਨੂੰ ਘਟਾਉਣ ਲਈ ਤਨਖਾਹ ਵਿੱਚ ਵਾਧੇ ਦੀ ਗੱਲ ਕਰਦੀਆਂ ਹਨ, ਜੋ ਬੇਹੱਦ ਬੇਤੁਕਾ ਹੈ। ਕਿਉਂਕਿ ਅਸਲ ’ਚ ਇਹ ਸੈਕਸ ਕਾਮੇ ਨਹੀਂ “ਸੈਕਸ ਗੁਲਾਮ” ਹਨ ਜਿਨ੍ਹਾਂ ਨੂੰ ਉਨ੍ਹਾਂ ਦੀ ਗੁਲਾਮੀ ਦੇ ਜੂਲੇ ਤੋਂ ਬਚਾਉਣ ਦੀ ਲੋੜ ਹੈ, ਨਾ ਕਿ ਮੌਜੂਦਾ ਢਾਂਚੇ ਵਿੱਚ ਤਨਖ਼ਾਹ ਵਾਧੇ ਵਰਗੀਆਂ ਰਿਆਇਤਾਂ ਦੇਣ ਦੀ। ਅਸਲ ’ਚ ਇਹ ਕੋਈ ਰਿਆਇਤ ਵੀ ਨਹੀਂ ਇਹ ਤਾਂ ਉਨ੍ਹਾਂ ਦੀ ਗੁਲਾਮੀ ਨੂੰ ਹੋਰ ਪੱਕੇ ਪੈਰੀਂ ਕਰਨਾ ਹੋਵੇਗਾ। ਮੌਜੂਦਾ ਸਰਮਾਏਦਾਰੀ ਢਾਂਚਾ ਉਸ ਸੱਨਅਤ ਜਾਂ ਵਪਾਰ ਨੂੰ ਕਦੇ ਵੀ ਬੰਦ ਨਹੀਂ ਹੋਣ ਦੇਵੇਗਾ ਜਿਸ ਤੋਂ ਉਸ ਨੂੰ ਮੁਨਾਫਾ ਆਉਂਦਾ ਹੋਵੇ ਫਿਰ ਪੋਰਨ ਸੱਨਅਤ ਤੋਂ ਤਾਂ ਹਰ ਸਾਲ ਕਰੋੜਾਂ ਡਾਲਰਾਂ ਦਾ ਮੁਨਾਫਾ ਹੈ।
ਔਰਤਾਂ ਦੀ ਗੁਲਾਮੀ ਦੇ ਕਈ ਰੂਪ ਹਨ ਪਰ ਵੇਸਵਾਗਮਨੀ ਸਭ ਤੋਂ ਭਿਆਨਕ ਤੇ ਬਰਬਰ ਰੂਪ ਹੈ, ਜਿਸ ਦਾ ਖ਼ਾਤਮਾ ਵੀ ਔਰਤ ਮੁਕਤੀ ਸਵਾਲ ਨਾਲ਼ ਹੀ ਜੁੜਿਆ ਹੋਇਆ ਹੈ। ਔਰਤਾਂ ਦੀ ਮੁਕਤੀ ਦਾ ਇੱਕ ਹੀ ਹੱਲ ਹੈ – ਔਰਤਾਂ ਦੀ ਮਰਦਾਂ ਦੇ ਬਰਾਬਰ ਆਰਥਿਕਤਾ ਵਿੱਚ ਸ਼ਮੂਲੀਅਤ। ਜੋ ਮੌਜੂਦਾ ਮੁਨਾਫੇਖੋਰ ਸਰਮਾਏਦਾਰੀ ਢਾਂਚਾ ਕਦੇ ਵੀ ਨਹੀਂ ਹੋਣ ਦੇਵੇਗਾ ਇਸ ਲਈ ਲੜਾਈ ਸਾਂਝੀ ਹੈ – ਸਰਮਾਏਦਾਰੀ ਢਾਂਚੇ ਨੂੰ ਢਹਿ ਢੇਰੀ ਕਰਕੇ ਸਮਾਜਵਾਦੀ ਨਿਜ਼ਾਮ ਦਾ ਝੰਡਾ ਬੁਲੰਦ ਕਰਨਾ।
“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, ਅੰਕ 12-13, ਅਗਸਤ 2019 ਵਿੱਚ ਪ੍ਰਕਾਸ਼ਿਤ

Friday, August 02, 2019

ਐਨਡੀਟੀਵੀ ਦੇ ਰਵੀਸ਼ ਕੁਮਾਰ ਨੂੰ ਮੈਗਸੇਸੇ ਐਵਾਰਡ ਦੇਣ ਦਾ ਐਲਾਨ

ਐਨਡੀਟੀਵੀ ਦੇ ਸੀਨੀਅਰ ਕਾਰਜਕਾਰੀ ਸੰਪਾਦਕ ਨੂੰ ਐਵਾਰਡ ਮਿਲਣ ਦੇ ਸਮੁੱਚਾ ਪੱਤਰਕਾਰ ਭਾਈਚਾਰਾ ਕਰ ਰਿਹਾ ਹੈ ਗੌਰਵ ਮਹਿਸੂਸ
ਨਵੀਂ ਦਿਲੀ : ਐਨਡੀਟੀਵੀ ਇੰਡੀਆ ਦੇ ਬੇਬਾਕ ਪੱਤਰਕਾਰ ਰਵੀਸ਼ ਕੁਮਾਰ ਨੂੰ ਸਾਲ 2019 ਦਾ ਰੇਮਨ ਮੈਗਸੇਸੇ ਪੁਰਸਕਾਰ ਮਿਲ ਰਿਹਾ ਹੈ। ਬਿਹਾਰੀ ਮੂਲ ਦੇ ਰਵੀਸ਼ ਕੁਮਾਰ ਨੇ ਆਪਣੇ ਸੋ਼ਅ ‘ ਪ੍ਰਾਈਮ ਟਾਈਮ’ ਦੇ ਜ਼ਰੀਏ ਜਿੱਥੇ ਮੋਦੀ ਸਰਕਾਰ ਦੀਆਂ ਆਪ-ਹੁਦਰੀਆਂ ਨੀਤੀਆਂ ਦੇ ਪਾਜ ਪੱਟੇ ਹਨ ਉੱਥੇ ਮਨੁੱਖਤਾ ਨਾਲ ਜੁੜੀਆਂ ਬਹੁਤ ਸਾਰੀਆਂ ਸਪੈਸ਼ਲ ਸਟੋਰੀਜ਼ ਸੋ਼ਅ ਰਾਹੀ ਪੇਸ਼ ਕੀਤੀਆਂ ਹਨ।ਇਸ ਤੋਂ ਪਹਿਲਾਂ ਇਹ ਪ੍ਰਮੁੱਖ ਐਵਾਰਡ ਕਿਰਨ ਬੇਦੀ, ਅਰਵਿੰਦ ਕੇਜਰੀਵਾਲ ਨੂੰ ਵੀ ਮਿਲ ਚੁੱਕਿਆ ਹੈ।
ਰਵੀਸ਼ ਕੁਮਾਰ ਐਨਡੀਟੀਵੀ ਦੇ ਸੀਨੀਅਰ ਕਾਰਜਕਾਰੀ ਸੰਪਾਦਕ ਹਨ। ਜੋ 44 ਵਰ੍ਹਿਆਂ ਦੇ ਹੋ ਚੁੱਕੇ ਹਨ, ਸਨਮਾਨ ਦੇਣ ਵਾਲੀ ਸੰਸਥਾ ਨੇ ਲਿਖਿਆ ਹੈ ਕਿ ਰਵੀਸ਼ ਕੁਮਾਰ ਭਾਰਤ ਦੇ ਪ੍ਰਭਾਵਸ਼ਾਲੀ ਪੱਤਰਕਾਰ ਹਨ। ਰਵੀਸ਼ ਕੁਮਾਰ ਦਾ ਪ੍ਰਾਈਮ ਟਾਈਮ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਮੁੱਦੇ ਪ੍ਰਕਾਸ਼ਵਾਨ ਕਰਦਾ ਹੈ। ਆਮ ਲੋਕਾਂ ਦੀਆਂ ਮੁਸ਼ਕਲਾਂ ਉਜਾਗਰ ਕਰਦਾ ਹੈ। ਸੰਸਥਾ ਨੇ ਲਿਖਿਆ ਹੈ ਕਿ ਜੇਕਰ ਤੁਸੀਂ ਲੋਕ ਅਵਾਜ਼ ਬਣ ਸਕਦੇ ਹੋ ਤਾਂ ਤੁਸੀਂ ਪੱਤਰਕਾਰ ਹੋ। ਜ਼ਿਕਰਯੋਗ ਹੈ ਕਿ ਇਹ ਐਵਾਰਡ 1957 ਵਿਚ ਸਥਾਪਤ ਏਸ਼ੀਆ ਦਾ ਸਭ ਤੋਂ ਵੱਡਾ ਐਵਾਰਡ ਹੈ। ਜੋ ਫਿਲੀਪਾਈਨ ਦੇ ਤੀਜੇ ਰਾਸ਼ਟਰਪਤੀ ਦੀ ਯਾਦ ਵਿਚ ਦਿੱਤਾ ਜਾਂਦਾ ਹੈ।
ਰੇਮਨ ਮੈਗਸਾਸੇ ਪੁਰਸਕਾਰ ਕਮੇਟੀ ਨੇ ਕਿਹਾ ਕਿ ਰਵੀਸ ਕੁਮਾਰ ਦਾ ਪ੍ਰੋਗਰਾਮ ਆਮ ਲੋਕਾਂ ਦੀ ਅਣਕਹੀ ਅਤੇ ਅਸਲੀ ਸਮੱਸਿਆ ਨੂੰ ਚੁੱਕਦਾ ਹੈ।
ਇਸ ਸਾਲ 31 ਅਗਸਤ ਨੂੰ ਇਹ ਪੁਰਸਕਾਰ ਚਾਰ ਹੋਰ ਏਸ਼ੀਆਈ ਸਖਸ਼ੀਅਤਾਂ ਨੂੰ ਦਿੱਤਾ ਜਾ ਰਿਹਾ ਹੈ ਜਿੰਨ੍ਹਾਂ ਵਿੱਚ ਮਿਆਂਮਾਰ ਦੇ ਕੋ ਸਵੀ ਵਿਨ , ਥਾਈਲੈਂਡ ਦੀ ਅੰਗਖਾਨਾ ਨੀਲਾਪਾਏਜਤ , ਫਿਲੀਪੀਨਜ ਦੇ ਰਾਯੇਮੰਡੋ ਪੁਜਤੇ ਕਾੲਾਬਾਏਐਬ ਅਤੇ ਦੱਖਣੀ ਕੋਰੀਆਂ ਦੇ ਕਿਮ ਜੋਂਗ ਕੀ ਸ਼ਾਮਿਲ ਹੈ ।
ਰੇਮਨ ਮੈਗਸੇਸੇ ਪੁਰਸਕਾਰ ਨੂੰ ਏਸ਼ੀਆ ਦਾ ਨੋਬਲ ਪੁਰਸਕਾਰ ਕਿਹਾ ਜਾਂਦਾ ਹੈ। ਇਸ ਤੋਂ ਪਹਿਲਾ ਦਰਜਨ ਤੋਂ ਵੱਧ ਭਾਰਤੀਆਂ ਨੂੰ ਪੁਰਸਕਾਰ ਮਿਲ ਚੁੱਕਾ । ਕਿਰਨਬੇਦੀ ਅਤੇ ਅਰਵਿੰਦ ਕੇਜਰੀਵਾਲ ਨੂੰ ਵੀ ਇਹ ਪੁਰਸਕਾਰ ਨਾਲ ਨਿਵਾਜਿਆ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਰਵੀਸ਼ ਕੁਮਾਰ ਨੂੰ ਭਾਰਤ ਦੇ ਰਾਸਟਰਪਤੀ ਪ੍ਰਣਬ ਮੁਕਰਜੀ ਵਲੋਂ ਗਨੇਸ਼ ਸੰਕਰ ਵਿਦਿਆਰਥੀ ਪੁਰਸਕਾਰ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ।
ਰਵੀਸ ਕੁਮਾਰ ਨੂੰ ਐਵਾਰਡ ਮਿਲਣ ਦੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੀਡੀਪੀ ਚੇਅਰਪਰਸ਼ਨ ਮਹਿਬੂਬਾ ਮੁਫਤੀ, ਕਾਂਗਰਸੀ ਆਗੂ ਪ੍ਰਿਅੰਕਾਂ ਗਾਂਧੀ, ਰਣਦੀਪ ਸੁਰਜੇਵਾਲਾ, ਸਵਰਾਜ ਅਭਿਆਨ ਦੇ ਆਗੂ ਪ੍ਰਸ਼ਾਤ ਭੂਸਣ, ਜਿੳਤਿਰਦਿੱਸ਼ਤਿਆ ਸਿੰਧਿਆ, ਵਧਾਈ ਦਿੱਤੀ ਹੈ।
ਇਹ ਐਵਾਰਡ ਮਿਲਣ ਦੇ ਮੀਡੀਆ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਅਕੀਦਾ, ਜਨਰਲ ਸਕੱਤਰ ਬਲਿੰਦਰ ਬਿੰਨੀ, ਸੀਨੀਅਰ ਮੀਤ ਪ੍ਰਧਾਨ ਇੰਦਰਪਾਲ ਸਿੰਘ, ਮੀਤ ਪ੍ਰਧਾਨ ਲਾਲੀ ਫਾਸਟਵੇ, ਗੁਰਮੁੱਖ ਸਿੰਘ ਰੁਪਾਣਾ, ਮਨਦੀਪ ਸਿੰਘ ਜੋਸਨ, ਧਰਮਿੰਦਰ ਸਿੰਘ, ਆਦਿ ਹੋਰ ਮੈਂਬਰਾਂ ਨੇ ਕਿਹਾ ਕਿ ਇਹ ਐਵਾਰਡ ਸਮੁੱਚੀ ਪੱਤਰਕਾਰਤਾ ਦਾ ਮਾਣ ਹੈ।


ਯਾਦਾਂ ਕਲਮੀ ਸ਼ੇਰਾਂ ਦੀਆਂ....


ਪੈਪਸੂ ਸਟੇਟ ਜਰਨਲਿਸਟ ਐਸੋਸੀਏਸ਼ਨ ਦੀ ਹੋਂਦ ਨੂੰ ਸਾਬਤ ਕਰਦੀ ਇਹ ਤਸਵੀਰ ਅਜੋਕੇ ਪੱਤਰਕਾਰਾਂ ਨੂੰ ਕੋਈ ਸੰਦੇਸ਼ ਦੇ ਰਹੀ ਹੈ। ਇਹ ਤਸਵੀਰ ਪਟਿਆਲਾ ਵਿਚ 18 ਫਰਵਰੀ 1951 ਨੂੰ ਖਿੱਚੀ ਗਈ ਹੈ। ਉਸ ਵੇਲੇ ਬਹੁਤ ਘੱਟ ਅਖ਼ਬਾਰ ਹੁੰਦੇ ਸਨ ਤੇ ਉਨ੍ਹਾਂ ਘੱਟ ਅਖ਼ਬਾਰਾਂ ਦੇ ਪੱਤਰਕਾਰਾਂ ਵਿਚ ਏਕਤਾ ਸੀ। ਇਸ ਤਸਵੀਰ ਵਿਚ ਭਾਈ ਰਤਨ ਸਿੰਘ ਅਜ਼ਾਦ (ਸਟੇਟਮੈਨ), ਕੰਵਰ ਰਵੇਲ ਸਿੰਘ (ਸੰਗੀਤ ਦਰਪਣ), ਇੰਦਰ ਸਿੰਘ ਅਕਾਲੀ (ਜੰਤਾਗਗ  ਸਰਹਿੰਦ), ਭੂਸ਼ਨ ਸਰਹਿੰਦੀ (ਟਾਈਮਜ਼ ਆਫ਼ ਇੰਡੀਆ), ਹਰੀ ਸਿੰਘ (ਖ਼ਾਲਸਾ ਸੇਵਕ), ਰਿਪੁਦਮਨ ਸਿੰਘ ਰਿਹਾਈ (ਨਵਾਂ ਵਕਤ), ਮੋਹਰ ਸਿੰਘ (ਰੰਗ ਪ੍ਰਭਾਤ), ਕੁਲਵੰਤ ਰਾਏ ਗੁਪਤਾ ਬਠਿੰਡਾ, ਰਾਮ ਮੂਰਤੀ ਸ਼ਰਮਾ (ਨਇਆ ਸੰਸਾਰ), ਗੁਰਚਰਨ ਸਿੰਘ (ਪ੍ਰਕਾਸ਼), ਕੁਲਵੰਤ ਰਾਏ ਭਾਰਤੀ ਬਠਿੰਡਾ, ਗਗਜੀਤ ਸਿੰਘ (ਖ਼ਾਲਸਾ ਸਵੇਰ), ਗਿਆਨੀ ਗੁਰਦਿੱਤ ਸਿੰਘ (ਪ੍ਰਕਾਸ਼), ਕਿਰਪਾਲ ਸਿੰਘ (ਆਰਸੀ), ਵਿੱਦਿਆ ਸਾਗਰ (ਟ੍ਰਿਬਿਊਨ), ਹਰਦੀਪ ਸਿੰਘ (ਪ੍ਰਕਾਸ਼), ਰਾਜਿੰਦਰ ਸਿੰਘ (ਪੀਟੀਆਈ), ਸੁਦਰਸ਼ਨ ਸਿੰਘ ਭਾਟੀਆ (ਜੁਆਇੰਟ ਐਡੀਟਰ ਮਿਲਾਪ), ਬਜਰੰਗ ਬਲੀ ਦੁੱਗਲ (ਟ੍ਰਿਬਿਊਨ), ਜੀ ਐੱਸ ਸ਼ੇਡਾ (ਬਾਲ ਸੰਸਾਰ) ਨਜ਼ਰ ਆ ਰਹੇ ਹਨ। (ਵੇਰਵਾ : ਗੁਰਨਾਮ ਸਿੰਘ ਅਕੀਦਾ ਸੀਨੀਅਰ ਜਰਨਲਿਸਟ ਪਟਿਆਲਾ)