Friday, May 24, 2019

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮੁੱਦੇ ਨੇ ਬਾਦਲ ਦਲ ਦੇ ਵੋਟ ਬੈਂਕ ਨੂੰ ਕੋਈ ਫਰਕ ਨਹੀਂ ਪਾਇਆ

 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਬਰਗਾੜੀ ਵਿਚ ਮੋਰਚਾ ਲਾਕੇ ਬੈਠੀਆਂ ਸਿੱਖ ਸੰਗਤਾਂ । (ਫਾਈਲ ਫ਼ੋਟੋ)

 

 

 

 

 

 

2104 ਨਾਲੋਂ 2019 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਵਧੀ ਜਦ ਕਿ ਆਮ ਆਦਮੀ ਪਾਰਟੀ ਦੀ ਵੋਟ ਘਟੀ

ਗੁਰਨਾਮ ਸਿੰਘ ਅਕੀਦਾ      
ਪਟਿਆਲਾ : ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਘਾਟਾ ਨਹੀਂ ਪਾਇਆ,ਬਰਗਾੜੀ ਮੋਰਚੇ ਦਾ ਲੋਕ ਮਨਾ ਤੇ ਕੋਈ ਜ਼ਿਆਦਾ ਅਸਰ ਨਜ਼ਰ ਨਹੀਂ ਆਇਆ, 2014 ਅਤੇ 2019 ਦੇ ਵੋਟ ਅੰਕੜਿਆਂ ਦੇ ਕੀਤੇ ਮੁਲਾਂਕਣ ਤੋਂ ਸਪਸ਼ਟ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 2014 ਵਿਚ 10 ਹਲਕਿਆਂ ਵਿਚੋਂ ਲਈਆਂ 3636148 ਵੋਟਾਂ ਦੇ ਮੁਕਾਬਲੇ 2019 ਵਿਚ ਇਨ੍ਹਾਂ ਹੀ ਦਸ ਹਲਕਿਆਂ ਵਿਚੋਂ 3775923 ਵੋਟਾਂ ਹਾਸਲ ਕੀਤੀਆਂ ਹਨ ਜੋ 2014 ਨਾਲੋਂ 139775 ਵੱਧ ਹਨ, ਜਦ ਕਿ ਆਮ ਆਦਮੀ ਪਾਰਟੀ ਨੂੰ 2014 ਵਿਚ ਇਨ੍ਹਾਂ ਹਲਕਿਆਂ ਵਿਚੋਂ ਹੀ ਮਿਲੀਆਂ ਵੋਟਾਂ 2019 ਵਿਚ ਕਾਫ਼ੀ ਘੱਟ ਗਈਆਂ ਹਨ।
    ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 2014 ਵਿਚ ਪਟਿਆਲਾ ਤੋਂ 340109, ਖਡੂਰ ਸਾਹਿਬ ਤੋਂ 467332, ਜਲੰਧਰ ਤੋਂ 309498, ਸ੍ਰੀ ਅਨੰਦਪੁਰ ਸਾਹਿਬ ਤੋਂ 347394, ਲੁਧਿਆਣਾ ਤੋਂ 256590, ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ 312815, ਫ਼ਰੀਦਕੋਟ ਤੋਂ 278235, ਫ਼ਿਰੋਜਪੁਰ ਤੋਂ 487932, ਬਠਿੰਡਾ ਤੋਂ 514727 ਅਤੇ ਸੰਗਰੂਰ ਤੋਂ 321516 ਵੋਟਾਂ ਹਾਸਲ ਕੀਤੀਆਂ ਸਨ, ਜਦ ਕਿ ਇਸ ਵਾਰ 2019 ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਪਟਿਆਲਾ ਤੋਂ 369309, ਸੰਗਰੂਰ ਤੋਂ 263429, ਬਠਿੰਡਾ ਤੋਂ 492824, ਫ਼ਿਰੋਜਪੁਰ ਤੋਂ 633427, ਫ਼ਰੀਦਕੋਟ ਤੋਂ 334674, ਸ੍ਰੀ ਅਨੰਦਪੁਰ ਸਾਹਿਬ ਤੋਂ 381161, ਖਡੂਰ ਸਾਹਿਬ ਤੋਂ 317690, ਲੁਧਿਆਣਾ ਤੋਂ 299435, ਜਲੰਧਰ ਤੋਂ 366221 ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ 317753 ਵੋਟਾਂ ਹਾਸਲ ਕੀਤੀਆਂ ਹਨ। 2019 ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 3775923 ਵੋਟਾਂ ਇਨ੍ਹਾਂ 10 ਹਲਕਿਆਂ ਵਿਚੋਂ ਹਾਸਲ ਕੀਤੀਆਂ ਹਨ ਜਦ ਕਿ 2014 ਵਿਚ 3636148 ਵੋਟਾਂ ਹਾਸਲ ਕੀਤੀਆਂ ਸਨ। 2019 ਵਿਚ 2014 ਨਾਲੋਂ ਵੱਧ ਵੋਟਾਂ ਹਨ, ਇਸ ਤੋਂ ਸਪਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਵਿਚ ਅਧਾਰ ਖ਼ਤਮ ਨਹੀਂ ਹੋਇਆ ਸਗੋਂ ਉਹ ਆਪਣਾ ਅਧਾਰ ਦਿਨ ’ਬ ਦਿਨ ਬਣਾ ਰਿਹਾ ਹੈ, ਸਿਆਸੀ ਮਾਹਿਰ ਕਹਿ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੰਜਾਬੀਆਂ ਦੀ ਬੇਰੁਖ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਵੋਟਾਂ ਦੀ ਵੱਧ ਰਹੀ ਗਿਣਤੀ ਇਸ ਦੇ ਉਲਟ ਸੰਕੇਤ ਦੇ ਰਹੀ ਹੈ, ਬੇਸ਼ੱਕ ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਹਾਰ ਗਿਆ ਹੈ ਪਰ 2014 ਨਾਲੋਂ 2019 ਵਿਚ ਵੋਟਾਂ ਵੱਧ ਲੈ ਗਿਆ ਹੈ। ਦੂਜੇ ਪਾਸੇ ਜੇਕਰ ਆਮ ਆਦਮੀ ਪਾਰਟੀ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਇਨ੍ਹਾਂ 10 ਹਲਕਿਆਂ ਵਿਚ 2014 ਵਿਚ ਆਮ ਆਦਮੀ ਪਾਰਟੀ ਨੇ 2903765 ਵੋਟਾਂ ਹਾਸਲ ਕੀਤੀਆਂ ਸਨ ਜਦ ਕਿ 2019 ਵਿਚ ਇਨ੍ਹਾਂ ਹੀ ਦਸ ਹਲਕਿਆਂ ਵਿਚ ਆਮ ਆਦਮੀ ਪਾਰਟੀ ਸਿਰਫ਼ 921824 ਵੋਟਾਂ ਹਾਸਲ ਕਰ ਰਹੀ ਹੈ, ਜੋ 2019 ਨਾਲੋਂ 1981941 ਵੋਟਾਂ ਘੱਟ ਹਨ, ਜਿਸ ਤੋਂ ਸਹਿਜੇ ਹੀ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਗਰਾਫ਼ ਡਿੱਗਿਆ ਹੈ। ਇਨ੍ਹਾਂ 10 ਹਲਕਿਆਂ ਵਿਚ ਕਾਂਗਰਸ ਦੀ ਵੋਟ ਵਧੀ ਹੈ ਜਿਵੇਂ ਕਿ 2014 ਵਿਚ ਕਾਂਗਰਸ ਦੀ ਵੋਟ 3413752 ਸੀ ਜਦ ਕਿ 2019 ਵਿਚ 4329135 ਵੋਟ ਮਿਲੀ ਹੈ ਜੋ 2014 ਨਾਲੋਂ 915383 ਵੋਟਾਂ ਵੱਧ ਹਨ।



Tuesday, May 14, 2019

ਹਲਕਾ ਫ਼ਤਿਹਗੜ੍ਹ ਸਾਹਿਬ : ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਦੀ ਹਲਕੇ ਵਿਚ ਨਿੱਜੀ ਵਿਰੋਧਤਾ ਨਹੀਂ

ਮਨਵਿੰਦਰ ਸਿੰਘ ਗਿਆਸਪੁਰਾ ਪੰਥਕ ਵੋਟ ਲੈਣ ਵਿਚ ਹੋ ਰਿਹਾ ਹੈ ਕਾਮਯਾਬ : ਦਰਬਾਰਾ ਸਿੰਘ ਗੁਰੂ ਦੀ ਹੋ ਰਹੀ ਹੈ ਨਿੱਜੀ ਵਿਰੋਧਤਾ : ਆਪ ਉਮੀਦਵਾਰ ਦਾ ਖੰਨੇ ਵਿਚ ਕਾਫੀ ਬੋਲਬਾਲਾ


ਗੁਰਨਾਮ ਸਿੰਘ ਅਕੀਦਾ
ਸ੍ਰੀ ਫ਼ਤਿਹਗੜ੍ਹ ਸਾਹਿਬ : ਜਿਵੇਂ ਜਿਵੇਂ ਚੋਣ ਪ੍ਰਚਾਰ ਸਿਖਰ ਤੇ ਜਾ ਰਿਹਾ ਹੈ ਓਵੇਂ ਜਿਵੇਂ ਹੀ ਲੋਕ ਸਭਾ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ (ਰਿਜਰਵ ਸੀਟ) ਵਿਚ ਮੁਕਾਬਲਾ ਰੋਚਕ ਬਣਦਾ ਜਾ ਰਿਹਾ ਹੈ। ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਾਫ਼ੀ ਮਿਹਨਤ ਕਰਨੀ ਪੈ ਰਹੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕਲੰਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਘੇਰ ਰਿਹਾ ਹੈ, ਸ੍ਰੀ ਫ਼ਤਿਹਗੜ੍ਹ ਸਾਹਿਬ ਵਿਚ ਲੋਕ ਇਨਸਾਫ਼ ਪਾਰਟੀ ਦੇ ਅਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਹਲਕੇ ਵਿਚ ਗੂੰਜਣ ਲਾ ਦਿੱਤਾ ਹੈ, ਜਦ ਕਿ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਨੋਟਾ ਬਟਣ ਦਬਾਉਣ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ।ਹਲਕਾ ਰਾਏਕੋਟ ਵਿਚ ਥੋੜੀ ਵਿਰੋਧਤਾ ਨੂੰ ਛੱਡ ਕੇ ਡਾ. ਅਮਰ ਸਿੰਘ ਦੀ ਕਿਤੇ ਨਿੱਜੀ ਵਿਰੋਧਤਾ ਨਹੀਂ ਦੇਖੀ ਗਈ।
    ਸ੍ਰੀ ਫ਼ਤਿਹਗੜ੍ਹ ਸਾਹਿਬ ਦਾ ਵਿਸ਼ਲੇਸ਼ਣ ਕਰਨ ਲਈ ਸਾਨੂੰ 2014 ਲੋਕ ਸਭਾ ਦੇ ਅੰਕੜੇ ਦੇਖਣੇ ਵੀ ਲਾਜ਼ਮੀ ਹਨ। ਤਾਂ ਕਿ ਪੂਰੀ ਤਰ੍ਹਾਂ ਸਮਝ ਆ ਸਕੇ। ਇੱਥੇ 2014 ਵਿਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਰਿੰਦਰ ਸਿੰਘ ਖ਼ਾਲਸਾ ਚੋਣ ਜਿੱਤਿਆ ਸੀ ਜਿਸ ਨੂੰ ਕੁੱਲ 367293 ਵੋਟ ਪਈ ਸੀ। ਦੂਜੇ ਨੰਬਰ ਤੇ ਕਾਂਗਰਸੀ ਉਮੀਦਵਾਰ ਸਾਧੂ ਸਿੰਘ ਰਿਹਾ ਸੀ ਜਿਸ ਨੂੰ 313149 ਵੋਟ ਪਈ ਸੀ ਜਦ ਕਿ ਤੀਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਮੀਦਵਾਰ ਕੁਲਵੰਤ ਸਿੰਘ ਨੂੰ 312815 ਵੋਟ ਪਈ ਸੀ, ਬਹੁਜਨ ਸਮਾਜ ਪਾਰਟੀ ਚੌਥੇ ਨੰਬਰ ਤੇ ਆਈ ਸੀ ਜਿਸ ਦੇ ਉਮੀਦਵਾਰ ਸਰਬਜੀਤ ਸਿੰਘ ਨੂੰ 12683 ਵੋਟ ਪਈ ਸੀ। ਜਦ ਕਿ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਧਰਮ ਸਿੰਘ ਨੂੰ 3173 ਵੋਟ ਪਈ ਸੀ। ਜੇਕਰ ਅਜੋਕੀ 2019 ਦੀ ਲੋਕ ਸਭਾ ਚੋਣ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਅੱਜ ਇੱਥੇ ਚਾਰ ਉਮੀਦਵਾਰ ਅਹਿਮੀਅਤ ਨਾਲ ਚੋਣ ਲੜਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਵਿਚ ਕਾਂਗਰਸ ਦੇ ਉਮੀਦਵਾਰ ਸਾਬਕਾ ਆਈਏਐਸ ਅਤੇ ਡਾਕਟਰ ਅਮਰ ਸਿੰਘ ਹਨ, ਸ਼੍ਰੋਮਣੀ ਅਕਾਲੀ ਦਲ ਵਲ ਸਾਬਕਾ ਆਈਏਐਸ ਦਰਬਾਰਾ ਸਿੰਘ ਗੁਰੂ ਹਨ, ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਜਦ ਕਿ ਆਮ ਆਦਮੀ ਪਾਰਟੀ ਵੱਲੋਂ ਕਾਂਗਰਸੀ ਆਗੂ ਸ਼ਮਸ਼ੇਰ ਸਿੰਘ ਦੁਲੋਂ ਦੇ ਸਪੁੱਤਰ ਬਨੀ ਦੁਲੋਂ ਚੋਣ ਮੈਦਾਨ ਵਿਚ ਹਨ। 2014 ਵਿਚ ਕਾਂਗਰਸ ਨੂੰ ਸਿੱਧੇ ਤੌਰ ਤੇ 313149 ਵੋਟ ਪਈ ਸੀ, ਜਦ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਖ਼ਾਲਸਾ ਨੂੰ 367293 ਵੋਟ ਪਈ ਤੇ ਉਹ ਜਿੱਤੇ ਸਨ। ਜਿਸ ਵਿਚ 54144 ਵੋਟਾਂ ਦਾ ਅੰਤਰ ਹੈ। ਜੇਕਰ ਸਿਆਸੀ ਪੰਡਤਾਈ ਦੇ ਤੌਰ ਤੇ ਇਸ ਗਣਿਤ ਨੂੰ ਸਮਝਿਆ ਜਾਵੇ ਤਾਂ ਵੋਟਾਂ ਦੇ ਇਸ ਅੰਕੜੇ ਵਿਚ ਆਮ ਆਦਮੀ ਪਾਰਟੀ ਨੇ ਜ਼ਿਆਦਾਤਰ ਵੋਟ ਕਾਂਗਰਸ ਪਾਰਟੀ ਦੀ ਤੇ ਬਾਦਲ ਦਲ ਤੋਂ ਨਰਾਜ਼ ਵੋਟ ਹੀ ਹਾਸਲ ਕੀਤੀ ਸੀ। ਫੇਰ ਵੀ ਬਾਦਲ ਦਲ ਦਾ ਉਮੀਦਵਾਰ 312815 ਵੋਟਾਂ ਲੈ ਗਿਆ ਸੀ ਜਿਸ ਦਾ ਕਾਂਗਰਸੀ ਉਮੀਦਵਾਰ ਨਾਲੋਂ ਥੋੜ੍ਹਾ ਹੀ 334 ਵੋਟਾਂ ਦਾ ਹੀ ਅੰਤਰ ਸੀ। ਇਸ ਵਾਰ ਲੋਕ ਇਨਸਾਫ਼ ਪਾਰਟੀ ਵੱਲੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਕਾਫ਼ੀ ਅਹਿਮੀਅਤ ਨਾਲ ਲੋਕ ਮਨਾ ਵਿਚ ਘਰ ਕਰ ਰਹੇ ਹਨ। ਉਹ ਜ਼ਿਆਦਾਤਰ ਵੋਟ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਨਰਾਜ਼ ਵੋਟ ਹਾਸਲ ਕਰ ਰਹੇ ਹਨ, ਕਿਉਂਕਿ ਲੋਕ ਮਨਾ ਵਿਚ ਦਰਬਾਰਾ ਸਿੰਘ ਗੁਰੂ ਦੇ ਉੱਤੇ ਨਕੋਦਰ ਗੋਲੀ ਕਾਂਡ ਦਾ ਦੋਸ਼ ਵੀ ਘਰ ਕਰ ਗਿਆ ਹੈ ਤੇ ਬਾਦਲ ਦਲ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਵੀ ਕਾਫ਼ੀ ਪ੍ਰਭਾਵ ਦਿਖਾ ਰਿਹਾ ਹੈ, ਇਹ ਵੋਟ ਕਾਂਗਰਸੀ ਉਮੀਦਵਾਰ ਨੂੰ ਘੱਟ ਜਦ ਕਿ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਹੀ ਭੁਗਤੇਗੀ। ਜਦ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਨਦੀਪ ਸਿੰਘ ਬਨੀ ਦੂਲੋਂ ਦੇ ਪਿਤਾ ਸ਼ਮਸ਼ੇਰ ਸਿੰਘ ਦੁਲੋਂ ਦਾ ਖੰਨਾ ਹਲਕੇ ਵਿਚ ਕਾਫ਼ੀ ਪ੍ਰਭਾਵ ਹੈ। ਸ਼ਮਸ਼ੇਰ ਸਿੰਘ ਦੁਲੋਂ ਨੂੰ ਆਪਣੇ ਪੁੱਤ ਦੇ ਹੱਕ ਵਿਚ ਗੁਪਤ ਰੂਪ ਵਿਚ ਪ੍ਰਚਾਰ ਕਰਦੇ ਦੇਖਿਆ ਜਾ ਸਕਦਾ ਹੈ। ਖੰਨੇ ਹਲਕੇ ਦੇ ਕਈ ਪਿੰਡਾਂ ਵਿਚ  ਬਨਦੀਪ ਸਿੰਘ ਬਨੀ ਦੂਲੋਂ ਦੇ ਪੋਸਟਰ ਲੱਗੇ ਨਜ਼ਰ ਆਉਂਦੇ ਹਨ, ਪਰ ਆਮ ਆਦਮੀ ਪਾਰਟੀ ਦਾ ਪਹਿਲਾਂ ਵਾਲਾ ਹੇਜ ਲੋਕਾਂ ਵਿਚ ਨਜ਼ਰ ਨਹੀਂ ਆਇਆ, ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਲੋਕਾਂ ਵਿਚ ਇਹ ਗੱਲ ਘਰ ਕਰ ਗਈ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜਿੱਤ ਕੇ ਗਏ ਸ੍ਰੀ ਖ਼ਾਲਸਾ ਨੇ ਹਲਕੇ ਦਾ ਹਾਲ ਵੀ ਨਹੀਂ ਪੁੱਛਿਆ, ਇਸ ਕਰਕੇ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦੀ ਨਫ਼ਰਤ ਵੀ ਦੇਖੀ ਜਾ ਸਕਦੀ ਹੈ, ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਕਰਨ ਦੇ ਲਗਾਏ ਦੋਸ਼ ਤੇ ਬਾਅਦ ਵਿਚ ਮਾਫ਼ੀ ਮੰਗਣਾ ਵੀ ਲੋਕਾਂ ਵਿਚ ਆਪ ਪਾਰਟੀ ਪ੍ਰਤੀ ਲੋਕਾਂ ਦੀ ਨਫ਼ਰਤ ਸਹੇੜਦਾ ਹੈ। ਇਸ ਕਰਕੇ ਇਸ ਵਾਰ ਖੰਨਾ ਹਲਕੇ ਵਿਚ ਸ਼ਮਸ਼ੇਰ ਸਿੰਘ ਦੁਲੋਂ ਦੀ ਨਿੱਜੀ ਵੋਟ ਤੋਂ ਇਲਾਵਾ ਹਲਕੇ ਵਿਚ ਕੁਝ ਆਪ ਦੇ ਪੱਕੇ ਵਲੰਟੀਅਰਾਂ ਦੀ ਵੋਟ ਬਨਦੀਪ ਸਿੰਘ ਬਨੀ ਦੂਲੋਂ ਨੂੰ ਪਵੇਗੀ, ਇਹ ਆਮ ਵੋਟਰਾਂ ਵਿਚ ਗੱਲ ਘਰ ਕਰ ਗਈ ਹੈ ਕਿ ਬਨਦੀਪ ਸਿੰਘ ਬਨੀ ਦੁੱਲੋਂ ਤਾਂ ਕਾਂਗਰਸੀ ਉਮੀਦਵਾਰ ਦੇ ਵਿਰੋਧ ਵਿਚ ਹੀ ਚੋਣ ਮੈਦਾਨ ਵਿਚ ਹੈ। ਪਰ ਜੇਕਰ ਦੇਖਿਆ ਜਾਵੇ ਤਾਂ ਬਾਕੀ ਹਲਕੇ ਵਿਚੋਂ ਕਾਂਗਰਸ ਦੀ ਵੋਟ ਮੁੜ ਕਾਂਗਰਸੀ ਉਮੀਦਵਾਰ ਦੇ ਪਾਲੇ ਵਿਚ ਆਉਣ ਦੀ ਸੰਭਾਵਨਾ ਹੈ, ਖੰਨੇ ਤੇ ਮੰਡੀ ਗੋਬਿੰਦਗੜ੍ਹ ਵਿਚ ਲੋਹਾ ਮੰਡੀ ਅਤੇ ਆਮ ਹਿੰਦੂ ਵੋਟ ਕਾਂਗਰਸ ਵੱਲ ਹੀ ਭੁਗਤਦੀ ਨਜ਼ਰ ਆ ਰਹੀ ਹੈ, ਕਿਉਂਕਿ ਨਵੀਨ ਜਿੰਦਲ ਵਰਗਿਆਂ ਦਾ ਕਾਂਗਰਸੀ ਉਮੀਦਵਾਰ ਦੇ ਪੱਖ ਵਿਚ ਪ੍ਰਚਾਰ ਕਰਨਾ ਮੰਡੀ ਦੇ ਲਾਲਿਆਂ ਨੂੰ ਕਾਂਗਰਸੀ ਉਮੀਦਵਾਰ ਦੇ ਪੱਖ ਵਿਚ ਭੁਗਤਾ ਗਿਆ ਹੈ। ਬਾਕੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ 2014 ਵਿਚ 12683 ਵੋਟ ਪਈ ਸੀ ਉਹ ਵੋਟ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਪੈਣ ਦੀ ਸੰਭਾਵਨਾ ਹੈ। ਸ਼੍ਰੋਮਣੀ ਅਕਾਲੀ ਦਲ (ਅ) ਦੀ ਵੋਟ ਨੋਟਾ ਵਾਲੇ ਪਾਸੇ ਪੈਣ ਦੀ ਸੰਭਾਵਨਾ ਹੈ। ਹਾਲਾਂ ਕਿ ਸਾਰੇ ਵੋਟਰ ਨੋਟਾ ਨਹੀਂ ਦਬਾਉਣਗੇ ਪਰ ਫਿਰ ਵੀ  ਐਲਾਨ ਅਨੁਸਾਰ ਮਾਨ ਦਲ ਨੋਟਾ ਵੱਲ ਹੀ ਵੱਧ ਰਿਹਾ ਹੈ। ਬਾਦਲ ਦਲ ਦੀ ਪੱਕੀ ਵੋਟ ਦਰਬਾਰਾ ਸਿੰਘ ਗੁਰੂ ਨੂੰ ਹੀ ਪਵੇਗੀ, ਪਰ ਜੋ ਵੋਟ ਬਾਦਲ ਦਲ ਨੂੰ ਪੰਥ ਦੇ ਨਾਮ ਤੇ ਪੈਂਦੀ ਸੀ ਉਹ ਵੋਟ ਇਸ ਵਾਰ ਬਾਦਲ ਦਲ ਤੋਂ ਕਿਨਾਰਾ ਕਰ ਰਹੀ ਹੈ। ਦੇਖਿਆ ਜਾ ਸਕਦਾ ਹੈ ਕਿ ਇਸ ਹਲਕੇ ਵਿਚ ਚਾਰ ਉਮੀਦਵਾਰ ਚਰਚਾ ਵਿਚ ਹਨ, ਜਿਨ੍ਹਾਂ ਵਿਚੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਦਾ ਹੱਥ ਭਾਰੀ ਲੱਗ ਰਿਹਾ ਹੈ। ਅਗਲੇ ਦਿਨਾਂ ਵਿਚ ਕੁਝ ਵੀ ਸਮੀਕਰਨ ਬਦਲ ਸਕਦੇ ਹਨ।

ਮੋਤੀ ਮਹਿਲ ਤੇ ਧੰਨਾਢਾਂ ਨੂੰ ਚੁਣੌਤੀ ਦੇ ਰਿਹਾ ਹੈ ਜੁਤੀਆਂ ਬਣਾ ਕੇ ਗੁਜਾਰਾ ਕਰਨ ਵਾਲਾ ਮੋਚੀ ਦਾ ਪੁੱਤ

ਡਾ. ਅੰਬੇਡਕਰ ਦਾ ਸੁਪਨਾ ਪੂਰਾ ਕਰਨ ਲਈ ਲੜ ਰਿਹਾ ਹਾਂ ਚੋਣ : ਸੰਕਰ ਕੁਮਾਰ

ਗੁਰਨਾਮ ਸਿੰਘ ਅਕੀਦਾ
ਪਟਿਆਲਾ : ਇਥੇ ਤੋਪਖਾਨਾ ਮੋੜ ਜੁਤੀਆਂ ਦੇ ਬਜਾਰ ਵਿਚ ਜੁਤੀਆਂ ਬਣਾ ਕੇ ਆਪਣੇ ਪਰਿਵਾਰ ਦੀ ਆਰਜਾ ਚਲਾ ਰਹੇ ਮੋਚੀ ਦੇ ਪੁੱਤ ਸੰਕਰ ਕੁਮਾਰ ਨੇ ਮੋਤੀ ਮਹਿਲ ਨੂੰ ਲਲਕਾਰਿਆ ਹੈ। ਅਜਾਦ ਉਮੀਦਵਾਰ ਵਜੋਂ ਪਟਿਆਲਾ ਲੋਕ ਸਭਾ ਤੋਂ ਚੋਣ ਲੜ ਰਹੇ ਸੰਕਰ ਕੁਮਾਰ ਦਾ ਦਾਅਵਾ ਹੈ ਕਿ ਉਹ ਜੁਤੀਆਂ ਬਣਾਉਣ ਵਾਲੇ ਜੀਨਗਰ ਸਮਾਜ ਦੇ ਨਾਲ ਨਾਲ ਅੰਬੇਡਕਰੀ ਸਮਾਜ ਦੀਆਂ ਵੋਟਾਂ ਲਵੇਗਾ, ਉਹ ਕਹਿੰਦਾ ਹੈ ਕਿ ਬੇਸੱਕ ਇਹ ਹੋਣ ਮੁਸ਼ਕਿਲ ਹੈ ਪਰ ਜੇਕਰ ਉਹ ਜਿੱਤ ਗਿਆ ਤਾਂ ਭੀਮ ਰਾਓ ਅੰਬੇਡਕਰ ਦਾ ਸੁਪਨਾ ਪੂਰਾ ਕਰਨ ਵਿਚ ਪੂਰਾ ਜੋਰ ਲਗਾ ਦੇਵੇਗਾ।
ਸੰਕਰ ਕੁਮਾਰ ਸਵੇਰੇ ਹੀ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਦਾ ਹੈ ਤੇ ਦਿਨ ਵਿਚ ਆਪਣੇ ਘਰ ਜੁੱਤੀਆਂ ਦੇ ਪੰਨੇ ਬਣਾਉਣ ਦਾ ਕੰਮ ਕਰਦਾ ਹੈ। ਉਸ ਦੇ ਚਾਰ ਭਰਾਵਾਂ ਸਮੇਤ ਉਸ ਦੇ ਪਰਿਵਾਰ ਦੀਆਂ 14 ਵੋਟਾਂ ਹਨ ਜੋ ਇਕ ਹੀ ਇਮਾਰਤ ਵਿਚ ਰਹਿੰਦੇ ਹਨ। ਤਿੰਨ ਗਰੈਜੁਏਟ ਧੀਆਂ ਦੇ ਬਾਪ ਸੰਕਰ ਕੁਮਾਰ ਦਾ ਇਕੋ ਇਕ ਪੁੱਤਰ ਵਿਦੇਸ਼ ਵਿਚ ਜੁਤੀਆਂ ਦੀਆਂ ਪ੍ਰਦਰਸ਼ਨੀਆਂ ਲਗਾ ਕੇ ਪਟਿਆਲਾ ਦੀ ਪੰਜਾਬੀ ਜੁੱਤੀ ਦੀਆਂ ਧੂੰਮਾ ਪਾਉਂਦਾ ਹੈ। ਪਤਨੀ ਸਮੇਤ ਸਾਰੇ ਪਰਿਵਾਰ ਵਲੋਂ ਦਿਨ ਰਾਤ ਕੰਮ ਕਰਨ ਦੇ ਬਾਵਜੂਦ ਸੰਕਰ ਕੁਮਾਰ ਕਹਿੰਦਾ ਹੈ ਕਿ ਉਸ ਦੇ ਪਰਿਵਾਰ ਦਾ ਗੁਜਾਰਾ ਹੀ ਹੋ ਰਿਹਾ ਹੈ, ਪਰਿਵਾਰ ਦੇ ਕੰਮ ਕਰਦਾ ਹੋਇਆ ਉਹ ਕਰਜਾਈ ਵੀ ਹੋਗਿਆ ਹੈ। ਪਟਿਆਲਾ ਦੇ ਤੋਪਖਾਨਾ ਮੁਹੱਲੇ ਦੀ ਬਣੀ ਸ੍ਰੀ ਰਾਮਦੇਵ ਜੀਨਗਰ ਸਭਾ ਦਾ ਸੰਕਰ ਕੁਮਾਰ ਪ੍ਰਧਾਨ ਹੈ ਉਹ ਕਹਿੰਦਾ ਹੈ ਸਾਡੀ ਬਰਾਦਰੀ ਦੀਆਂ 9 ਹਜਾਰ ਦੇ ਕਰੀਬ ਵੋਟਾਂ ਉਸ ਨੂੰ ਸਾਰੀਆਂ ਨਹੀਂ ਪੈਣੀਆਂ ਪਰ ਉਹ ਡਾ. ਅੰਬੇਡਕਰ ਵਲੋਂ ਦਿੱਤੇ ਸਿਆਸਤ ਵਿਚ ਸ਼ਾਮਲ ਹੋਣ ਦੇ ਅਧਿਕਾਰ ਦੀ ਵਰਤੋਂ ਕਰਨਾ ਚਾਹੁੰਦਾ ਹੈ, ਉਹ 2012 ਵਿਚ ਬਹੁਜਨ ਸਮਾਜ ਪਾਰਟੀ ਦੀ ਟਿਕਟ ਤੇ ਵਿਧਾਨ ਸਭਾ ਦੀ ਚੋਣ ਲੜ ਕੇ 1388 ਵੋਟਾਂ ਲੈ ਗਿਆ ਸੀ। ਜਦੋਂ ਉਹ ਬਰਾਦਰੀ ਦੀ ਸਭਾ ਦੀ ਚੋਣ ਲੜਿਆ ਤਾਂ ਉਸ ਨੂੰ ਪੋਲ ਹੋਈਆਂ 1284 ਵੋਟਾਂ ਵਿਚੋਂ 650 ਵੋਟਾਂ ਪੈ ਗਈਆਂ ਸਨ, ਉਸ ਨੇ ਆਪਣੀ ਧੀ ਦੀਪੀਕਾ ਨੂੰ ਵੀ ਐਮ ਸੀ ਦੀ ਚੋਣ ਲੜਾਈ ਸੀ ਜਿਸ ਨੇ ਰਾਜਨੀਤੀ ਵਿਚ ਗਰੈਜੁਏਸ਼ਨ ਕੀਤੀ ਹੈ। ਉਸ ਨੂੰ ਚਿੰਤਾ ਹੈ ਕਿ ਉਨ੍ਹਾਂ ਦੇ ਰਾਜਸਥਾਨ ਪਿਛੋਕੜ ਵਾਲੇ ਜੀਨਗਰ ਸਮਾਜ ਨੂੰ ਰਵੀਦਾਸੀਆਂ ਵਿਚ ਹੀ ਸ਼ਾਮਲ ਕਰਕੇ ਐਸ ਸੀ ਦਾ ਪ੍ਰਮਾਣ ਪੱਤਰ ਦਿੱਤਾ ਜਾਂਦਾ ਹੈ ਪਰ ਉਸ ਦੀ ਮੰਗ ਹੈ ਕਿ ਉਨ੍ਹਾਂ ਦੇ ਜੀਨਗਰ ਸਮਾਜ ਨੂੰ ਵੀ ਐਸਸੀ ਦੇ ਗਜਟ ਵਿਚ ਸ਼ਾਮਲ ਕੀਤਾ ਜਾਵੇ। ਉਹ ਕਹਿੰਦਾ ਹੈ ਕਿ ਉਹ ਜੁਤੀਆਂ ਕਰਦੇ ਹਨ ਤੇ ਰਵੀਦਾਸ ਨੂੰ ਗੁਰੂ ਮੰਨਦੇ ਹਨ ਤੇ ਭੀਮ ਰਾਓ ਨੂੰ ਆਪਣਾ ਸਿਆਸੀ ਗੁਰੂ ਮੰਨਦੇ ਹਨ, ਉਹ ਇਸ ਗੱਲ ਤੇ ਹੋਰ ਵੀ ਦੁਖੀ ਹੋ ਜਾਂਦਾ ਹੈ ਕਿ ਉਸ ਦਾ ਸਾਰਾ ਅੰਬੇਡਕਰੀ ਸਮਾਜ ਟੁੱਕੜਿਆਂ ਵਿਚ ਵੰਡਿਆ ਪਿਆ ਹੈ, ਜਿਸ ਕਰਕੇ ਉਨ੍ਹਾਂ ਦੇ ਰਾਜ ਕੋਈ ਹੋਰ ਕਰ ਰਿਹਾ ਹੈ।

Monday, May 13, 2019

ਡਾ. ਧਰਮਵੀਰ ਗਾਂਧੀ ਪਟਿਆਲਾ ਦਾ ਚਰਚਿਤ ਉਮੀਦਵਾਰ

ਪ੍ਰਨੀਤ ਕੌਰ ਤੇ ਗਾਂਧੀ ਦੇ ਮੁਕਾਬਲੇ ਵਿਚ ਕਿਤੇ ਰੱਖੜਾ ਨਾ ਬਾਜ਼ੀ ਮਾਰ ਜਾਵੇ ?




ਬਿਨ੍ਹਾਂ ਕੋਈ ਵੱਡੀ ਪਾਰਟੀ ਦੇ ਸਟਾਰ ਪ੍ਰਚਾਰਕ ਦੇ ਸਹਿਯੋਗ ਦੇ ਏਨਾ ਚਰਚਿਤ ਹੋਣ ਵਾਲਾ ਉਮੀਦਵਾਰ ਹੈ ਡਾ. ਗਾਂਧੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ : ਲੋਕ ਪਟਿਆਲਾ ਹਲਕੇ ਵਿਚ ਚੋਣਾਂ ਦੇ ਪ੍ਰਚਾਰ ਦਾ ਸਿਖਰ ਹੋ ਗਿਆ ਹੈ। ਇਸ ਵੇਲੇ ਹਰੇਕ ਵੋਟਰ ਸੋਚ ਰਿਹਾ ਹੈ ਕਿ ਆਖ਼ਿਰ ਪਟਿਆਲਾ ਵਰਗੀ ਅਹਿਮ ਸੀਟ ਉੱਤੇ ਕੌਣ ਬਾਜ਼ੀ ਮਾਰ ਰਿਹਾ ਹੈ। ਇਸ ਸਬੰਧੀ ਸਾਡੀ ਟੀਮ ਨੇ ਵੱਖ ਵੱਖ ਖੇਤਰਾਂ ਵਿਚ ਪੜਤਾਲ ਕੀਤੀ ਗਈ ਜਿਸ ਦੌਰਾਨ ਪਤਾ ਲੱਗਾ ਕਿ ਕਾਂਗਰਸੀ ਉਮੀਦਵਾਰ ਸ੍ਰੀਮਤੀ ਪ੍ਰਨੀਤ ਕੌਰ ਦਾ ਹੱਥ ਉੱਤੇ ਹੈ, ਇੱਕ ਅਜਿਹਾ ਅੰਕੜਾ ਵੀ ਸਾਹਮਣੇ ਆਇਆ ਕਿ ਸ੍ਰੀ ਮਤੀ ਪ੍ਰਨੀਤ ਕੌਰ ਤੇ ਡਾ. ਧਰਮਵੀਰ ਗਾਂਧੀ ਦੀ ਆਪਣੀ ਟੱਕਰ ਚਰਮ ਸੀਮਾ ਤੇ ਹੈ ਪਰ ਇਨ੍ਹਾਂ ਦੋਵਾਂ ਦੀ ਟੱਕਰ ਵਿਚ ਕਿਧਰੇ ਬਾਦਲ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨਾ ਬਾਜ਼ੀ ਮਾਰ ਜਾਣ।
2014 ਦੇ ਨਤੀਜੇ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜੇ ਡਾ. ਧਰਮਵੀਰ ਗਾਂਧੀ ਨੇ 365671 ਵੋਟਾਂ ਹਾਸਲ ਕੀਤੀਆਂ ਸਨ ਜਦ ਕਿ ਕਾਂਗਰਸ ਦੀ ਸ੍ਰੀ ਮਤੀ ਪ੍ਰਨੀਤ ਕੌਰ ਨੇ 344729 ਵੋਟਾਂ ਹਾਸਲ ਕਰਕੇ ਦੂਜਾ ਨੰਬਰ ਹਾਸਲ ਕੀਤਾ ਸੀ, ਜਦ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੇ 3401019 ਵੋਟਾਂ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਸੀ। ਬਹੁਜਨ ਸਮਾਜ ਪਾਰਟੀ ਦੇ ਰਾਮ ਸਿੰਘ ਧੀਮਾਨ ਨੇ 13014 ਵੋਟਾਂ ਹਾਸਲ ਕੀਤੀਆਂ ਸਨ, ਰਾਮ ਸਿੰਘ ਧੀਮਾਨ ਕਾਂਗਰਸ ਪਾਰਟੀ ਵਿਚ ਚਲੇ ਗਏ ਹਨ ਪਰ ਬਸਪਾ ਦਾ ਸਮਰਥਨ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਕੋਲ ਹੈ। ਇਸੇ ਤਰ੍ਹਾਂ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀਪੀਆਈ) ਦੇ ਉਮੀਦਵਾਰ ਨਿਰਮਲ ਸਿੰਘ ਧਾਲੀਵਾਲ ਨੇ 2014 ਵਿਚ 8537 ਵੋਟਾਂ ਹਾਸਲ ਕੀਤੀਆਂ ਸਨ, ਇਸ ਵਾਰ ਸੀਪੀਆਈ ਦਾ ਸਮਰਥਨ ਵੀ ਡਾ. ਗਾਂਧੀ ਦੇ ਪੱਖ ਵਿਚ ਭੁਗਤ ਰਿਹਾ ਹੈ। ਇਸੇ ਤਰ੍ਹਾਂ ਫਾਸੀ ਦੀ ਸਜਾ ਵਿਚ ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਵਾਲੀ ਕਮਲਦੀਪ ਕੌਰ ਰਾਜੋਆਣਾ ਨੇ 15313 ਵੋਟਾਂ ਹਾਸਲ ਕੀਤੀਆਂ ਸਨ, ਇਸ ਵਾਰ ਰਾਜੋਆਣਾ ਦਾ ਸਮਰਥਨ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰਾਂ ਨੂੰ ਦਿੱਤਾ ਹੋਇਆ ਹੈ। ਜੇਕਰ ਅੰਕੜਿਆਂ ਦੇ ਨਜ਼ਰ ਮਾਰੀਏ ਤਾਂ ਸੀਪੀਆਈ ਦੀ ਵੋਟ ਨੂੰ ਘੱਟ ਨਹੀਂ ਕਿਹਾ ਜਾ ਸਕਦਾ, ਇਸੇ ਤਰ੍ਹਾਂ ਬਸਪਾ ਦੀ ਵੋਟ ਵੀ ਇਸ ਵਾਰ 2014 ਨਾਲੋਂ ਵੱਧ ਹੀ ਹੋਵੇਗੀ। ਸ. ਰਾਜੋਆਣਾ ਦੀ ਭੈਣ ਦੀ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ ਸਾਰੀ ਨਹੀਂ ਪਵੇਗੀ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਣ ਵਾਲਾ ਵੋਟਰ ਕੱਟੜ ਸਿੱਖ ਹੈ ਤੇ ਕੱਟੜ ਸਿੱਖਾਂ ਨੇ ਹੀ ਬੀਬੀ ਰਾਜੋਆਣਾ ਨੂੰ ਵੋਟ ਪਾਈ ਸੀ ਉਹ ਬਾਦਲ ਦਲ ਨੂੰ ਵੋਟ ਨਹੀਂ ਪਾਉਣਗੇ।
ਦੂਜੇ ਪਾਸੇ ਜੇਕਰ ਇਸ ਸਮੇਂ ਦੀ ਗੱਲ ਕਰਦੇ ਹਾਂ ਤਾਂ ਟਰੱਕ ਯੂਨੀਅਨ ਤੇ ਸ਼ਰੇਆਮ ਡਾ. ਗਾਂਧੀ ਨੂੰ ਵੋਟ ਪਾਉਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਨਾਭਾ ਵਿਚ ਵੀ ਵੱਡਾ ਇਕੱਠ ਕਰਕੇ ਟਕਸਾਲੀ ਕਾਂਗਰਸੀਆਂ ਨੇ ਡਾ. ਗਾਂਧੀ ਨੂੰ ਵੋਟ ਪਾਉਣ ਦਾ ਐਲਾਨ ਕੀਤਾ ਹੈ। ਇਸ ਕਰਕੇ ਪਟਿਆਲਾ ਤੋਂ ਡਾ. ਗਾਂਧੀ ਨੂੰ ਸ੍ਰੀ ਮਤੀ ਪ੍ਰਨੀਤ ਕੌਰ ਤੋਂ ਕਮਜ਼ੋਰ ਉਮੀਦਵਾਰ ਸਮਝਣਾ ਸਮੇਂ ਦੀ  ਭੁੱਲ ਹੋਵੇਗੀ। ਡਾ. ਗਾਂਧੀ ਦੇ ਖ਼ਿਲਾਫ਼ਤ ਇੱਕ ਹੀ ਗੱਲ ਜਾਂਦੀ ਹੈ ਕਿ ਉਸ ਨੂੰ ਜੇਕਰ ਝਾੜੂ ਚੋਣ ਨਿਸ਼ਾਨ ਮਿਲ ਜਾਂਦਾ ਤਾਂ ਉਸ ਨੂੰ ਹਰਾਉਣ ਵਾਲਾ ਕੋਈ ਨਹੀਂ ਸੀ, ਪਰ ਇੱਥੇ ਸ੍ਰੀ ਮਤੀ ਪ੍ਰਨੀਤ ਕੌਰ ਦੇ ਪੱਖ ਵਿਚ ਇੱਕ ਹੀ ਗੱਲ ਜਾਂਦੀ ਹੈ ਕਿ ਪੰਜਾਬ ਵਿਚ ਸਰਕਾਰ ਕਾਂਗਰਸ ਦੀ ਹੈ। ਲੋਕ ਆਪਣੇ ਕੰਮਾਂ ਦੇ ਮੱਦੇਨਜ਼ਰ ਸ੍ਰੀਮਤੀ ਪ੍ਰਨੀਤ ਕੌਰ ਨੂੰ ਵੋਟ ਪਾ ਦੇ ਪਵਾ ਸਕਦੇ ਹਨ। ਪਰ ਲੋਕ ਸ੍ਰੀਮਤੀ ਪ੍ਰਨੀਤ ਕੌਰ ਨਾਲ ਇਸ ਕਰਕੇ ਖ਼ਫ਼ਾ ਚੱਲ ਰਹੇ ਹਨ ਕਿਉਂਕਿ ਉਸ ਨੂੰ ਚੋਣਾਂ ਤੋਂ ਬਾਅਦ ਮਿਲਣਾ ਮੁਸ਼ਕਿਲ ਹੁੰਦਾ ਹੈ, ਉਸ ਦੇ ਚੌਗਿਰਦੇ ਵਿਚ ਰਹਿਣ ਵਾਲੇ ਲੋਕ ਉਸ ਨੂੰ ਲੋਕਾਂ ਤੋਂ ਦੂਰ ਹੀ ਰੱਖਦੇ ਹਨ। ਸੁਰਜੀਤ ਸਿੰਘ ਰੱਖੜਾ ਦਾ ਸਾਊਪੁਣਾ ਉਸ ਦਾ ਪੱਖ ਪੂਰ ਰਿਹਾ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਸ ਲਈ ਕਾਫ਼ੀ ਖ਼ਤਰਨਾਕ ਕਰਕੇ ਭੁਗਤ ਰਹੀ ਹੈ। ਹਾਲਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਪਟਿਆਲਾ ਵਿਚ ਵੱਡਾ ਨਹੀਂ ਬਣ ਸਕਿਆ, ਪਰ ਫਿਰ ਵੀ ਮੁੱਦੇ ਚੁੱਕਣ ਦੇ ਮਾਮਲੇ ਵਿਚ ਸ੍ਰੀ ਰੱਖੜਾ ਕਾਫ਼ੀ ਪਛੜ ਰਹੇ ਹਨ, ਉਨ੍ਹਾਂ ਇੱਕ ਲਾਭ ਮਿਲ ਸਕਦਾ ਹੈ ਜੋ ਕਾਫ਼ੀ ਅਹਿਮੀਅਤ ਵਾਲਾ ਹੈ, ਕਿ ਡਾ. ਗਾਂਧੀ ਜੇਕਰ ਵੋਟਾਂ ਕਾਫ਼ੀ ਲੈ ਜਾਂਦਾ ਹੈ ਤੇ ਉਹ ਜਿੱਤ ਵੱਲ ਨਹੀਂ ਵਧਦਾ ਤਾਂ ਉਸ ਦਾ ਨੁਕਸਾਨ ਸਿੱਧਾ ਹੀ ਕਾਂਗਰਸੀ ਉਮੀਦਵਾਰ ਨੂੰ ਹੋਣ ਦੀ ਸੰਭਾਵਨਾ ਹੈ, ਪਰ ਜੇਕਰ ਡਾ. ਗਾਂਧੀ ਵੋਟਾਂ ਘੱਟ ਲੈ ਜਾਂਦਾ ਹੈ ਤਾਂ ਉਸ ਦਾ ਨੁਕਸਾਨ ਸਿੱਧਾ ਹੀ ਬਾਦਲ ਦਲ ਦੇ ਉਮੀਦਵਾਰ ਨੂੰ ਹੈ। ਇਹ ਹੀ ਇੱਕ ਕਾਰਨ ਬਣ ਸਕਦਾ ਹੈ ਕਿ ਸ.ਰੱਖੜਾ ਵੀ ਬਾਜ਼ੀ ਮਾਰ ਜਾਣ।