Wednesday, November 30, 2022

ਪੰਜਾਬੀ ਪੱਤਰਕਾਰੀ ਦੇ ‘ਪਿਤਾਮਾ’ ਪਲੇਠੇ ਪੰਜਾਬੀ ਪੱਤਰਕਾਰ ‘ਗਿਆਨੀ ਦਿੱਤ ਸਿੰਘ’

ਸਿੰਘ ਸਭਾ ਲਹਿਰ ਦੇ ਮੋਢੀ ਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਬਣਾਉਣ ਵਿਚ ਅਹਿਮ ਰੋਲ ਨਿਭਾਉਣ ਵਾਲੇ ‘ਗਿਆਨੀ ਜੀ’
ਜਦੋਂ ਲਟ-ਲਟ ਮੱਚਦੀ ਅੱਗ ਦੀਆਂ ਤੱਤੀਆਂ ਹਵਾਵਾਂ ਚੱਲਦੀਆਂ ਹੋਣ ਤੇ ਉਨ੍ਹਾਂ ਹਵਾਵਾਂ ਦੇ ਵਿਰੁੱਧ ਆਪਣੀ ਭਰਵੀਂ ਹਾਜ਼ਰੀ ਲਵਾਉਣੀ ਕਿਸੇ ਆਮ ਵਿਅਕਤੀ ਦਾ ਕੰਮ ਨਹੀਂ ਹੋ ਸਕਦਾ। ਜਾਤ-ਪਾਤ ਦਾ ਕਹਿਰ ਸੀ, ਅੰਗਰੇਜ਼ਾਂ ਨੇ ਇਤਿਹਾਸਕ ਗੁਰਦੁਆਰਿਆਂ ਤੇ ਮਹੰਤ ਬਿਠਾ ਦਿੱਤੇ ਸਨ, ਸਿੰਘਾਂ ਦੀਆਂ ਠਾਹਰਾਂ ਜੰਗਲਾਂ ਵਿਚ ਜਾਂ ਹਮੇਸ਼ਾ ਘੋੜਿਆਂ ਤੇ ਹੀ ਹੁੰਦੀਆਂ ਸਨ। ਅੰਗਰੇਜ਼ ਆਪਣਾ ਸਭ ਤੋਂ ਵੱਡਾ ਦੁਸ਼ਮਣ ਸਿੱਖਾਂ ਨੂੰ ਹੀ ਮੰਨਦੇ ਸਨ, ਉਸ ਵੇਲੇ ਉਨ੍ਹਾਂ ਵਿਰੁੱਧ ਲਿਖਣਾ ਕੋਈ ਆਮ ਗੱਲ ਨਹੀਂ ਹੋ ਸਕਦੀ। ਸਿੱਖੀ ਦਾ ਪ੍ਰਚਾਰ ਕਰਨਾ ਤਾਂ ਹੋਰ ਵੀ ਔਖਾ ਸੀ। ਉਨ੍ਹਾਂ ਸਮਿਆਂ ਵਿਚ ਅਖ਼ਬਾਰ ਛਾਪ ਕੇ ਲੋਕਾਂ ਤੱਕ ਪਹੁੰਚਾਉਣਾ ਜੋਖ਼ਮ ਭਰਿਆ ਕੰਮ ਸੀ। ਪਰ ਇਹ ਜੋਖ਼ਮ ਭਰਿਆ ਕੰਮ ਕਰਨ ਵਾਲੇ ਲੋਕਾਂ ਨੂੰ ਜੇਕਰ ਅਸੀਂ ਵਿਸਾਰ ਦੇਵਾਂਗੇ ਤਾਂ ਪੱਤਰਕਾਰਤਾ ਦੀ ਕਲਮ ਨਾਲ ਇਨਸਾਫ਼ ਨਹੀਂ ਹੋਵੇਗਾ। ਅੱਜ ਆਪਾਂ ਗੱਲ ਕਰਾਂਗੇ ਅਜਿਹੇ ਮਹਾਨ ਪੱਤਰਕਾਰ ਦੀ ਜਿਸ ਨੇ ਅੰਗਰੇਜ਼ਾਂ ਦੀ ਕਰੂਰਤਾ ਭਰੇ ਪ੍ਰਸ਼ਾਸਨ ਦੌਰਾਨ ‘ਖ਼ਾਲਸਾ ਅਖ਼ਬਾਰ ਲਾਹੌਰ’ ਕੱਢਣਾ ਸ਼ੁਰੂ ਕੀਤਾ। ਅੱਜ ਮੇਰਾ ਹੀਰੋ ਤੇ ਹੀਰਾ ਪੱਤਰਕਾਰ ਹੈ ‘ਗਿਆਨੀ ਦਿੱਤ ਸਿੰਘ’। -ਮੁੱਢਲਾ ਜੀਵਨ, ਪੜ੍ਹਾਈ ਤੇ ਵਿਆਹ-
ਗਿਆਨੀ ਦਿੱਤ ਸਿੰਘ ਦਾ ਜਨਮ 21 ਅਪ੍ਰੈਲ 1850 ਨੂੰ ਪਿੰਡ ਨੰਦਪੁਰ ਕਲੌੜ ਰਿਆਸਤ ਪਟਿਆਲਾ (ਹੁਣ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ) ਵਿਖੇ ਪਿਤਾ ਬਾਬਾ ਦੀਵਾਨ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ ਰਵਿਦਾਸੀਆ ਜਾਤੀ ਵਿੱਚ ਹੋਇਆ। ਪਰ ਬੁਣਾਈ ਦਾ ਕੰਮ ਕਰਨ ਕਰਕੇ ਇਨ੍ਹਾਂ ਦੇ ਪਰਿਵਾਰ ਨੂੰ ਜੁਲਾਹਾ ਵਜੋਂ ਵੀ ਮਾਨਤਾ ਮਿਲੀ। ਗਿਆਨੀ ਜੀ ਦਾ ਮੁੱਢਲਾ ਨਾਂ ਦਿੱਤਾ ਰਾਮ ਰੱਖਿਆ ਗਿਆ। ਨਿੱਕੀ ਉਮਰੇ ਦਿੱਤਾ ਰਾਮ ਨੇ ਗੁਲਾਬਦਾਸੀ ਮਹਾਤਮਾ ਸੰਤ ਗੁਰਬਖ਼ਸ਼ ਦੇ ਡੇਰੇ ਤੋਂ ਸਵੈ ਅਧਿਐਨ ਸਦਕਾ ਵੱਧ ਤੋਂ ਵੱਧ ਗਿਆਨ ਹਾਸਲ ਕੀਤਾ। 8 ਜਾਂ 9 ਸਾਲ ਦੀ ਉਮਰ ਵਿੱਚ ਗੁਰਬਖ਼ਸ਼ ਸਿੰਘ ਅਤੇ ਲਾਲਾ ਦਯਾਨੰਦ ਦੁਆਰਾ ਜ਼ਿਲ੍ਹਾ ਅੰਬਾਲਾ ਦੇ ਪਿੰਡ ਤਿਉੜ ਵਿੱਚ ਪੜ੍ਹਾਉਣ ਲਈ ਭੇਜਿਆ ਗਿਆ ਸੀ। ਉੱਥੇ ਉਸ ਨੇ ਗੁਰਮੁਖੀ, ਉਰਦੂ ਅਤੇ ਫ਼ਾਰਸੀ ਦੇ ਨਾਲ-ਨਾਲ 16 ਸਾਲ ਦੀ ਉਮਰ ਤੱਕ ਵੀ ਦੀਆਂ ਨੀਤੀ ਸ਼ਾਸਤਰ ਅਤੇ ਵੇਦਾਂਤ ਦਾ ਅਧਿਐਨ ਕੀਤਾ। ਇਹਨਾਂ ਦਾ ਵਿਆਹ 1872 ਵਿੱਚ ਸਿੱਖ ਪਰੰਪਰਾ ਅਨੁਸਾਰ ਸੰਤ ਭਾਗ ਸਿੰਘ ਦੀ ਸਪੁੱਤਰੀ ਬਿਸ਼ਨ ਕੌਰ ਨਾਲ ਹੋਇਆ। ਪਤਨੀ ਸਮੇਤ ਪਿੰਡ ਚੱਠਾ ਜ਼ਿਲ੍ਹਾ ਲਾਹੌਰ ਰਹਿੰਦਿਆਂ ਸੰਤ ਦੇਸਾ ਸਿੰਘ ਪਾਸੋਂ ਵੀ ਦੀਆਂ ਪ੍ਰਾਪਤ ਕੀਤੀ। ਲਹੌਰ ਦੇ ਪ੍ਰੋ. ਗੁਰਮੁਖ ਸਿੰਘ ਦੀ ਪ੍ਰੇਰਣਾ ਸਦਕਾ ਅੰਮ੍ਰਿਤ ਛਕ ਕੇ ਸਿੰਘ ਸਜੇ ਤੇ ਇੱਕ ਸਾਲ ਵਿੱਚ ਪੰਜਾਬ ਯੂਨੀਵਰਸਿਟੀ ਲਹੌਰ ਤੋਂ ਗਿਆਨੀ ਦਾ ਇਮਤਿਹਾਨ ਪਾਸ ਕੀਤਾ। ਇਹਨਾਂ ਦੇ ਘਰ ਇੱਕ ਪੁੱਤਰ ਬਲਦੇਵ ਸਿੰਘ ਅਤੇ ਇੱਕ ਧੀ ਬੀਬਾ ਵਿਦਿਆਵਤੀ ਕੌਰ ਨੇ ਜਨਮ ਲਿਆ। ਭਾਵੇਂ ਗਿਆਨੀ ਦਿੱਤ ਸਿੰਘ ਇੱਕ ਵੀ ਦਿਨ ਸਕੂਲ ਨਹੀਂ ਗਏ ਸਨ ਪਰ ਇਹ ਦੁਨੀਆ ਦੇ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਬਣੇ। -ਸਿੰਘ ਸਭਾ ਲਹਿਰ ਦੀ ਸਥਾਪਨਾ-
ਸਿੱਖੀ ਵਿਚ ਆ ਰਹੇ ਨਿਘਾਰ ਨੂੰ ਦੇਖਦਿਆਂ ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ, ਠਾਕਰ ਸਿੰਘ ਸੰਧਾਵਾਲੀਆ, ਭਾਈ ਮਈਆ ਸਿੰਘ, ਭਾਈ ਜਵਾਹਰ ਸਿੰਘ ਵਰਗੇ ਸਿੱਖ ਕਾਫ਼ੀ ਚਿੰਤਤ ਹੁੰਦੇ ਸਨ। ਗੁਰਦੁਆਰਿਆਂ ਵਿਚ ਮੂਰਤਾਂ ਸਜਾਇਆ ਦੇਖ ਕੇ ਮਨ ਬੜਾ ਉਦਾਸ ਹੁੰਦਾ ਸੀ। ਸਿੱਖੀ ਨਿਘਾਰ ਵੱਲ ਜਾ ਰਹੀ ਸੀ। ਲੰਬੀ ਵਿਚਾਰ ਚਰਚਾ ਤੋਂ ਬਾਅਦ ਭਾਈ ਮਇਆ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ, ਅਤੇ ਗੁਰੂ ਗ੍ਰੰਥ ਸਾਹਿਬ ਦਾ ‘ਵਾਕ’‌ ਲਿਆ ਗਿਆ ਤਾਂ ਅੱਖਰ ‘ਸ’ ਨਿਕਲਿਆ। ਜਿਸ ਕਰਕੇ ਸਰਬ ਸੰਮਤੀ ਨਾਲ ‘ਸਿੰਘ ਸਭਾ’ ਨਾਂ ਪ੍ਰਵਾਨ ਕਰ ਲਿਆ ਗਿਆ। ‌ਜਿਸ ਨੂੰ ਬਾ-ਕਾਇਦਾ ਰਜਿਸਟਰ ਕਰਵਾਇਆ। ਉਸ ਦੇ ਪਹਿਲੇ ਪ੍ਰਧਾਨ ਬਣੇ ਠਾਕੁਰ ਸਿੰਘ, ਸਕੱਤਰ ਪ੍ਰੋ. ਭਾਈ ਗੁਰਮੁਖ ਸਿੰਘ, ਦਫ਼ਤਰ ਦੇ ਸਾਰੇ ਕੰਮ ਕਾਜ ਦੀ ਜ਼ਿੰਮੇਵਾਰੀ ਗਿਆਨੀ ਦਿੱਤ ਸਿੰਘ ਤੇ ਮੈਂਬਰਾਂ ਵਿਚ ਭਾਈ ਮਈਆ ਸਿੰਘ ਤੇ ਭਾਈ ਜਵਾਹਰ ਸਿੰਘ ਲਏ ਗਏ। ਜਿਸ ਦੇ 10 ਮੁੱਖ ਮਨੋਰਥ ਰੱਖੇ ਗਏ, ਜਿਨ੍ਹਾਂ ਵਿਚ ਸਿੱਖ ਪੰਥ ਵਿਚ ਆ ਰਹੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਪ੍ਰਚਾਰ ਕਰਨਾ ਸੀ। ਉਸ ਵੇਲੇ ਕੋਈ ਅਖ਼ਬਾਰ ਨਹੀਂ ਛਪਦਾ ਸੀ ਇਸ ਕਰਕੇ ਸੰਗਤਾਂ ਨੂੰ ਜਾਗਰੂਕ ਕਰਨ ਲਈ ਚਿੱਠੀ ਪੱਤਰ ਗਿਆਨੀ ਦਿੱਤ ਸਿੰਘ ਹੀ ਕਰਦੇ ਸਨ। ਬਾਬਾ ਖੇਮ ਸਿੰਘ ਬੇਦੀ ਦੀਆਂ ਸਿੱਖ ਵਿਰੋਧੀ ਕਾਰਵਾਈਆਂ (ਅੱਗੇ ਦੱਸਾਂਗੇ) ਕਰਕੇ ਦੂਜੀ ਵਾਰ ਸਿੰਘ ਸਭਾ ਦੀ ਸਥਾਪਨਾ ਕਰਨੀ ਪਈ, ਜਿਸ ਦੇ ਪ੍ਰਧਾਨ ਦੀਵਾਨ ਬੂਟਾ ਸਿੰਘ ਬਣੇ ਤੇ ਸਕੱਤਰ ਪ੍ਰੋ. ਗੁਰਮੁਖ ਸਿੰਘ, ਸਾਰਾ ਕੰਮ ਕਾਜ ਗਿਆਨੀ ਦਿੱਤ ਸਿੰਘ ਹੀ ਕਰਦੇ ਸਨ, ਮੈਂਬਰਾਂ ਵਿਚ ਭਾਈ ਜਵਾਹਰ ਸਿੰਘ, ਭਾਈ ਬਸੰਤ ਸਿੰਘ ਬਣਾਏ ਸਨ। -ਆਰੀਆ ਸਮਾਜ ਦੇ ਮੁਖੀ ਸਾਧੂ ਦਯਾ ਨੰਦ ਦਾ ਪੰਜਾਬ ਆਉਣਾ ਤੇ ਗਿਆਨੀ ਦਿੱਤ ਸਿੰਘ ਨਾਲ ਸੰਵਾਦ-
ਸਿੰਘ ਸਭਾ ਲਾਹੌਰ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਮੋਢੀ ਬਣਨ ਦੇ ਨਾਲ-ਨਾਲ ਉਹਨਾਂ ਆਪਣੀ ਵਿਦਵਤਾ ਦੇ ਬਲਬੂਤੇ ਆਰੀਆ ਸਮਾਜ ਦੇ ਮੁਖੀ ਸਵਾਮੀ ਦਯਾਨੰਦ ਨੂੰ ਲਗਾਤਾਰ ਤਿੰਨ ਧਾਰਮਿਕ ਬਹਿਸਾਂ ਵਿੱਚ ਮਾਤ ਦਿੱਤੀ ਸੀ। ਆਰੀਆ ਸਮਾਜ ਦੇ ਮੁਖੀ ਸਾਧੂ ਦਯਾ ਨੰਦ ਨਾਲ ਗਿਆਨੀ ਦਿੱਤ ਸਿੰਘ ਦਾ ਸਿੱਧਾ ਸੰਵਾਦ ਹੋਇਆ ਪਰ ਉਹ ਗਿਆਨੀ ਜੀ ਦੇ ਕਿਸੇ ਵੀ ਸਵਾਲ ਦਾ ਸਹੀ ਜਵਾਬ ਨਹੀਂ ਦੇ ਸਕੇ। ਇਕ ਫ਼ੋਟੋ ਹੈ ਜੋ ਦਯਾ ਨੰਦ ਦੀ ਬੇਬਸੀ ਦਿਖਾ ਰਹੀ ਹੈ। ਉਹ ਗਿਆਨੀ ਜੀ ਕੋਲੋਂ ਆਪਣੀ ਹਾਰ ਸਵੀਕਾਰ ਕੇ ਚੱਲਦੇ ਬਣੇ।ਸਵਾਮੀ ਦਯਾਨੰਦ ਆਰੀਆ ਸਮਾਜ ਲਹਿਰ ਦੇ ਮੋਢੀ ਸਨ, ਪਰ ਗਿਆਨੀ ਦਿੱਤ ਸਿੰਘ ਨੇ ਵੇਦਾਂ ਦੀ ਸਰਵਉੱਚਤਾ ਅਤੇ ਹਿੰਦੂ ਧਰਮ ਦੀ ਭੂਮਿਕਾ ਸੱਕੀ ਪਾਇਆ। ਦਿੱਤ ਸਿੰਘ ਨੇ ਠੀਕ ਕਰਨ ਦੀ ਯੋਜਨਾ ਬਣਾਈ। ਲਾਹੌਰ ਵਿਖੇ 1877 ਵਿੱਚ ਇੱਕ ਧਾਰਮਿਕ ਇਕੱਠ ਦੌਰਾਨ ਦਿੱਤ ਸਿੰਘ ਦਯਾਨੰਦ ਨੂੰ ਉਸ ਦੇ ਮਨ ਨੂੰ ਜਾਣਨ ਅਤੇ ਉਸ ਦੇ ਆਦਰਸ਼ਾਂ ਨੂੰ ਜਾਣਨ ਲਈ ਮਿਲਣ ਗਏ। ਸਿੰਘ ਨੇ ਇਹ ਸੰਵਾਦ ਆਪਣੀ ਪੁਸਤਕ ਸਾਧੂ ਦਇਆ ਨੰਦ ਨਾਲ ਮੇਰਾ ਸੰਵਾਦ ਵਿੱਚ ਪ੍ਰਕਾਸ਼ਿਤ ਕੀਤੇ ਹਨ। ਚਰਚਾ ਦੇ ਦੌਰਾਨ, ਸਿੰਘ ਦਯਾਨੰਦ ਦੇ ਵਿਸ਼ਵਾਸਾਂ ਦਾ ਮੁੱਦਾ ਉਠਾਉਂਦੇ ਹਨ, ਅਤੇ ਇਸ ਵਿਚਲੀਆਂ ਗ਼ਲਤੀਆਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦੇ ਹਨ। -ਖ਼ਾਲਸਾ ਅਖ਼ਬਾਰ ਲਾਹੌਰ ਸ਼ੁਰੂ ਕਰਨਾ-
12 ਜੂਨ 1886 ਵਿੱਚ ਭਾਈ ਗੁਰਮੁਖ ਸਿੰਘ ਦੁਆਰਾ ਸਥਾਪਿਤ ਕੀਤੇ ਗਏ ਹਫ਼ਤਾਵਾਰੀ ਖ਼ਾਲਸਾ ਅਖ਼ਬਾਰ ਲਾਹੌਰ ਦਾ ਇੱਕ ਪ੍ਰਮੁੱਖ ਯੋਗਦਾਨ ਪਾਉਣ ਵਾਲਾ ਗਿਆਨੀ ਦਿੱਤ ਸਿੰਘ ਹੀ ਸੀ, ਬਾਅਦ ਵਿੱਚ ਦੂਜਾ ਸੰਪਾਦਕ ਬਣ ਗਿਆ, ਇਹ ਅਖ਼ਬਾਰ ਪੱਥਰ ਤੇ ਛਾਪੇ ਤੇ ਛਪਣਾ ਸ਼ੁਰੂ ਹੋਇਆ ਦੱਸਿਆ ਜਾਂਦਾ ਹੈ। ਖ਼ਾਲਸਾ ਅਖ਼ਬਾਰ ਲਾਹੌਰ ਤੇ ਪਹਿਲੇ ਸੰਪਾਦਕ ਸ. ਝੰਡਾ ਸਿੰਘ ਬਣੇ ਪਰ ਉਨ੍ਹਾਂ ਸਾਰੇ ਅੰਕਾਂ ਵਿਚ ਗਿਆਨੀ ਦਿੱਤ ਸਿੰਘ ਵੱਲੋਂ ਲਿਖੀ ਸਮਗਰੀ ਹੀ ਛਪਦੀ ਸੀ। ਪਰ ਬਾਅਦ ਵਿਚ ਪੱਤਰਕਾਰ ਤੌਰ ਤੇ ਉੱਭਰੇ ਤੇ ਖ਼ਾਲਸਾ ਅਖ਼ਬਾਰ ਲਾਹੌਰ ਤੇ ਸੰਪਾਦਕ ਵਜੋਂ ਗਿਆਨੀ ਦਿੱਤ ਸਿੰਘ ਜੀ ਸੇਵਾ ਕਰਨ ਲੱਗੇ ਸਨ। ਉਸ ਨੇ ਖ਼ਾਲਸਾ ਅਖ਼ਬਾਰ ਨੂੰ ਸਿੰਘ ਸਭਾ ਦੀ ਵਿਚਾਰਧਾਰਾ ਦੇ ਪ੍ਰਸਾਰ ਲਈ ਇੱਕ ਹਥਿਆਰ ਵਜੋਂ ਵਰਤਿਆ। ਇਸ ਅਖ਼ਬਾਰ ਦੇ ਮੁੱਖ ਆਸ਼ੇ ਵਜੋਂ ਦਸਾਂ ਗੁਰੂਆਂ ਦੇ ਜੀਵਨ ਚਰਿਤ੍ਰਾਂ ਵਿਚੋਂ ਪ੍ਰਸੰਗ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਤ ਉਪਦੇਸ਼ਾਂ ਨੂੰ ਪ੍ਰਗਟ ਕਰਨਾ, ਵੀ ਦੀਆਂ ਦੀ ਉਨਤੀ, ਖ਼ਾਲਸਾ ਧਰਮ ਵਿਚ ਪਈਆਂ ਕੁਰੀਤੀਆਂ ਨੂੰ ਦੂਰ ਕਰਨਾ ਆਦਿ ਸਨ। ਅਖ਼ਬਾਰ ਦੀ ਪਹਿਲੀ ਮਦਦ ਕੰਵਰ ਬਿਕਰਮਾ ਸਿੰਘ ਜੀ ਆਹਲੂਵਾਲੀਆ ਸੀਐਸਆਈ ਰਈਸ ਆਜ਼ਮ ਜਲੰਧਰ ਨੇ ਕੀਤੀ। ਇਹ ਅਖ਼ਬਾਰ 1889 ਵਿਚ ਬੰਦ ਹੋ ਗਿਆ। ਦੁਬਾਰਾ ਸ਼ੁਰੂ ਕਰਨ ਲਈ ਨਾਭਾ ਦੇ ਮਹਾਰਾਜੇ ਹੀਰਾ ਸਿੰਘ 7 ਹਜਾਰੀ ਦੀ ਮਦਦ ਕੀਤੀ ਤਾਂ ਅਖ਼ਬਾਰ 1893 ਵਿਚ ਦੁਬਾਰਾ ਸ਼ੁਰੂ ਹੋਇਆ, ਸੰਪਾਦਕ ਵਜੋਂ ਅਤੇ ਸਾਰੇ ਖਰਚੇ ਓਟਣ ਲਈ ਫੇਰ ਗਿਆਨੀ ਦਿੱਤ ਸਿੰਘ ਨੇ ਹੀ ਕੰਮ ਕਰਨਾ ਸ਼ੁਰੂ ਕੀਤਾ। ਉਸ ਵੇਲੇ ਅਖਬਾਰ ਦਾ ਛਪਾਈ ਦਾ ਖਰਚਾ 40 ਰੁਪਏ ਆਉਂਦਾ ਸੀ। ਇਸ ਦੇ ਨਾਲ ਹੀ ਇੱਕ ਅੰਗਰੇਜ਼ੀ ਭਾਸ਼ਾ ਦਾ ਹਫ਼ਤਾਵਾਰ ਸ਼ੁਰੂ ਹੋਇਆ, ਜਿਸ ਦਾ ਸਿਰਲੇਖ ਸਿਰਫ਼ ‘ਦ ਖ਼ਾਲਸਾ’ ਸੀ। -ਖ਼ਾਲਸਾ ਅਖ਼ਬਾਰ ਵਿਚ ਛਪੀਆਂ ਕੁਝ ਝਲਕਾਂ-
ਗਿਆਨੀ ਦਿੱਤ ਸਿੰਘ ਜੀ ਖ਼ਾਲਸਾ ਅਖ਼ਬਾਰ ਨੂੰ ਇਕ ‘ਜੰਗ ਦੀ ਤਲਵਾਰ’ ਵੀ ਕਹਿੰਦੇ ਹਨ। ਉਨ੍ਹਾਂ ਨੇ ਖ਼ਾਲਸਾ ਅਖ਼ਬਾਰ ਵਿਚ ਜੋ ਲਿਖਿਆ ਉਹ ਸੱਚੀ ਹੀ ਇਕ ਸੱਚੇ ਪੱਤਰਕਾਰ ਦੀ ਨਿਸ਼ਾਨੀ ਹੈ। ਉਹ ਲਿਖਦੇ ਹਨ :- ‘ਖ਼ਾਲਸਾ ਕੌਮ ਦੇ ਪਿਯਾਰਿਆਂ ਸਿੰਘਾਂ ਨੂੰ ਵਿਦਤ ਹੋਵੇ ਕਿ ਜੋ ਖ਼ਾਲਸਾ ਅਖ਼ਬਾਰ ਦਾ ਅਸਲੀ ਸਿਧਾਂਤ ਇਹਿ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਸਾਰੀ ਦੁਨੀਆ ਪਰ ਫੈਲ ਜਾਣ ਤੇ ਦਸਮੇ ਪਾਤਿ ਸਾਹਿ ਦੀ ਮਹਿਮਾ ਸਭ ਪ੍ਰਾਣੀ ਮਾਤ੍ਰ ਦੇ ਚਿਤਿ ਪ੍ਰਵੇਸ਼ ਕਰ ਜਾਵੇ’ (14 ਮਈ 1887 ਅੰਕ 49) ਖ਼ਾਲਸਾ ਅਖ਼ਬਾਰ ਦੀ ਪ੍ਰਸ਼ਿਧੀ ਬਾਰੇ ‘ਸੁਬੇਗ ਸਿੰਘ ਦੀ ਸ਼ਹੀਦੀ’ ਪੁਸਤਕ ਵਿਚ ਛਪਿਆ ਮਿਲਦਾ ਹੈ :- ‘ਖ਼ਾਲਸਾ ਕੌਮ ਤੇ ਹਿਤੈਸ਼ੀਆਂ ਨੂੰ ਵਿੱਦਤ ਹੋਵੇ ਕਿ ਲਾਹੌਰ ਵਿਚ ਖ਼ਾਲਸਾ ਪਰੇਸ (ਪ੍ਰੈਸ) ਜੁਲਾਈ 1895 ਤੋਂ ਜਾਰੀ ਕੀਤਾ ਗਿਆ, ਤਾਂ ਕਿ ਇਸ ਵਿਚ ਕੌਮ ਦੀ ਉੱਨਤੀ ਲਈ ਅਤੇ ਖ਼ਾਲਸਾ ਧਰਮ ਦੇ ਪ੍ਰਚਾਰ ਲਈ ਖ਼ਾਲਸਾ ਅਖ਼ਬਾਰ ਛਾਪਿਆ ਕਰੇ। ਇਹ ਅਖ਼ਬਾਰ ਦੂਰ 2 ਤੱਕ ਜਾਂਦਾ ਹੈ ਅਤੇ ਧਰਮ ਦੇ ਅਭਲਾਖੀ ਲੋਗ ਇਸ ਨੂੰ ਬਹੁਤ ਪਸੰਦ ਕਰਦੇ ਹਨ।’ 4 ਜੂਨ 1887 ਵਿਚ ਖ਼ਾਲਸਾ ਅਖ਼ਬਾਰ ਦਾ ਸਾਲ ਪੂਰਾ ਹੋਇਆ ਤਾਂ ਉਸ ਦੇ ਪੂਰਾ ਹੋਣ ਤੇ ਇਕ ਲੇਖ ਖ਼ਾਲਸਾ ਅਖ਼ਬਾਰ ਵਿਚ ਛਾਪਿਆ ਗਿਆ ਕਿ ਖ਼ਾਲਸਾ ਅਖ਼ਬਾਰ ਨੂੰ ਕਿੰਨੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ, ਸੰਖੇਪ ਇਸ ਪ੍ਰਕਾਰ ਹੈ,:- ‘ਖ਼ਾਲਸਾ ਅਖ਼ਬਾਰ ਦੇ ਪਾਠਕ ਗਣਾ ਨੂੰ ਵਿਦਤ ਹੋਵੇ ਕਿ ਜੋ ਅੱਜ ਇਸ ਅਖ਼ਬਾਰ ਦੀ ਉਮਰ ਇਕ ਬਰਸ ਹੋਈ ਹੈ ਅਤੇ ਇਨ੍ਹਾਂ ਬਾਰਾਂ ਮਹੀਨਿਆਂ ਵਿਚਿ ਇਸ ਪੱਤ੍ਰ ਰੂਪੀ ਬਾਲਕ ਨੇ ਆਪਣੀ ਖ਼ਾਲਸਾ ਕੌਮ ਦੀ ਗੋਦ ਵਿਚਿ ਖੇਲ ਕੇ ਆਪਣੀ ਮਾਤਾ ਕੌਮ ਦੇ ਚਿਤਿ ਨੂੰ ਤਸੱਲੀ ਅਤੇ ਅਨੰਦ ਦਿੱਤਾ ਹੈ -ਪ੍ਰੰਤੂ ਜਿਸ ਪ੍ਰਕਾਰ ਕ੍ਰਿਸ਼ਨ ਜੀ ਮਹਾਰਾਜ ਜਦ ਆਪਣੀ ਮਾਈ ਦੀ ਗੋਦ ਵਿਚਿ ਖੇਲਦੇ ਹੁੰਦੇ ਸਨ ਤਦ ਕੰਸ ਨੂੰ ਡਰ ਪੈ ਗਿਆ ਸੀ ਕਿ ਇਸ ਬਾਲਕ ਦੇ ਹੱਥੋਂ ਮੇਰਾ ਕਾਲ ਹੈ ਤਦ ਕ੍ਰਿਸ਼ਨ ਜੀ ਦੇ ਮਾਰਨ ਲਈ ਕੰਸ ਨੈਂ ਕਈ ਪ੍ਰਕਾਰ ਦੇ ਉਦਮ ਕੀਤੇ ਸਨ- ਜੈਸਾ ਕਿ ਪੂਦਨਾ ਨਾਮੇ ਇਕ ਕੁਟਨੀ ਨੂੰ ਆਗਿਯਾ ਦਿੱਤੀ ਸੀ ਕਿ ਤੂੰ ਜਾਹ ਉਸ ਬਾਲਕ ਨੂੰ ਮਾਰ ਆਉ ਅਤੇ ਕਿਸ਼ਨ ਜੀ ਨੂੰ ਗੋਦ ਵਿਚਿ ਲੈ ਕੇ ਚੁੰਘਾਉਣ ਲੱਗੀ ਤਦ ਕ੍ਰਿਸ਼ਨ ਜੀ ਨੇ ਉਸ ਦੇ ਦੋਨੋ ਸਥਨ ਦੋਨਾ ਹੱਥਾਂ ਵਿਚਿ ਲੈ ਕੇ ਚੁੰਘਾਉਣ ਲੱਗੀ ਤਦ ਕ੍ਰਿਸ਼ਨ ਜੀ ਨੇ ਉਸ ਦੇ ਦੋਨੋਂ ਸਥਲ ਦੋਨਾ ਹੱਥਾਂ ਵਿਚਿ ਪਕੜ ਕਰਕੇ ਛਾਤਿਓਂ ਉਖੇੜ ਕਰਕੇ ਦੂਰ ਮਾਰੇ- ਜਿਸ ਦੇ ਦੁਖ ਤੋਂ ਦੁਖੀ ਹੋ ਕਰਕੇ ਉਸ ਦੇ ਪ੍ਰਾਣ ਨਾਲ ਹੀ ਨਿਕਲ ਗਏ। ਇਸੀ ਪ੍ਰਕਾਰ ਖ਼ਾਲਸਾ ਅਖ਼ਬਾਰ ਰੂਪੀ ਬਾਲਕ ਨੂੰ ਵੀ ਜੋ ਲੋਕ ਜਾਨਦੇ ਹਨ ਕਿ ਸਾਡਾ ਕਪਟ ਅਤੇ ਛਲ ਦੇ ਨਾਸ ਕਰਨ ਨੂੰ ਇਹਿ ਉਤਪਤਿ ਹੋਇਆ ਹੈ ਉਨ੍ਹਾਂ ਆਦਮੀਆਂ ਨੇ ਇਸ ਬਾਲਕ ਦੇ ਵਿਨਾਸ ਲਈ ਕਈ ਪ੍ਰਕਾਰ ਦੇ ਉਦਮ ਕੀਤੇ ਪਰ ਇਸ ਨੇ ਉਨ੍ਹਾਂ ਦੇ ਸਾਰੇ ਪੁਰਖਾਰਥਾਂ ਨੂੰ ਨਿਰਮੂਲ ਕੀਤਾ- ਅਤੇ ਅਕਾਲ ਪੁਰਖ ਅੱਗੇ ਇਸ ਪ੍ਰਕਾਰ ਜੋੜ ਕਰਕੇ ਪ੍ਰਾਰਥਨਾ ਕਰਦਾ ਰਿਹਾ। (ਖੜਕ ਕੇਤ ਮੈਂ ਸਰਨ ਤੁਮਾਹਰੀ।। ਦਾਸ ਜਾਨ ਮੁਹਿ ਲੇਹੁ ਉਬਾਰੀ) (ਸ਼ੁਧ ਪਾਠ ਵਿਚ ‘ਸ਼ਰਨਿ ਤਿਹਾਰੀ ਤੇ ਜਾਨਿ ਸ਼ਬਦ ਜੋੜੇ ਹਨ।) ਸੋ ਉਸ ਅਕਾਲ ਪੁਰਖ ਨੇ ਇਸ ਪਹਿਲੇ ਸਾਲ ਵਿਚਿ ਇਸ ਨੂੰ ਸਭ ਪ੍ਰਕਾਰ ਦੀਯਾਂ ਬੀਮਾਰੀਆਂ ਤੋਂ ਬਚਾ ਰਖਿਆ ਹੈ।’ ਇਸੇ ਤਰ੍ਹਾਂ ਅਖ਼ਬਾਰ ਨੇ ਪਹਿਲੀ ਅਕਤੂਬਰ 1887 ਵਿਚ ਕੁਰੀਤੀਆਂ ਖਿਲਾਫ ਲੜਨ ਨੂੰ ਜੰਗ ਆਖਦਿਆਂ ਸਿੱਖ ਪੰਥ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਕਿਹਾ ਗਿਆ : - ‘ਖ਼ਾਲਸਾ ਅਖ਼ਬਾਰ ਭੀ ਖ਼ਾਲਸਾ ਪੰਥ ਦੀ ਇਕ ਜੰਗੀ ਫੌਜ ਹੈ ਜੋ ਦਿਨ ਰਾਤ ਪੰਥ ਦੀ ਕੁਰੀਤੀਯਾਂ ਰੂਪੀ ਸੜੂਆਂ ਨਾਲ ਜੰਗ ਕਰ ਰਿਹਾ ਹੈ। ਇਸ ਵਾਸਤੇ ਅਜੇਹੇ ਜੰਗ ਦੇ ਮੌਕੇ ਪਰ ਇਸ ਦੇ ਸੁਆਮੀ ਪੰਥ ਨੂੰ ਭੀ ਚਾਹੀਦਾ ਹੈ ਜੋ ਇਸ ਦੀ ਤਨਖਾਹ ਵੱਲ ਖਯਾਲ ਰਖੇ ਜਿਸ ਦੇ ਹੌਸਲੇ ਪਰ ਏ ਅਪਨੇ ਦੁਸਮਣ ਨਾਲ ਜੰਗ ਕਰਨ ਨੂੰ ਤਤਪਰ ਰਹੈ ਅਰਥਾਤ ਕੁਰੀਤੀਯਾਂ ਦੇ ਨਾਸ ਕਰਨ ਲਈ ਸਾਵਧਾਨ ਰਹੈ- ਆਸ ਹੈ ਖਾਲਸਾਪੰਥ ਦੇ ਸਹਾਇਕ ਭਾਈ ਇਸ ਪ੍ਰਾਰਥਨਾ ਨੂੰ ਸੁਵੀਈਯਾਕਾਰ ਕ੍ਰਨਗੇ।’ ਖ਼ਾਲਸਾ ਅਖ਼ਬਾਰ ਦੇ 7 ਸਾਲ ਪੂਰੇ ਹੋਣ ਤੇ 27 ਅਪਰੈਲ 1900 ਦੇ ਅੰਕ ਵਿਚ ਐਡੀਟੋਰੀਅਲ ਨੋਟ ਵਿਚ ਇਸ ਤਰ੍ਹਾਂ ਬਿਆਨੀ ਗਈ ਹੈ :- ‘ਖ਼ਾਲਸਾ ਅਖ਼ਬਾਰ ਦਾ ਸੱਤਵਾਂ ਸਾਲ ਖਤਮ ਹੋ ਗਿਆ ਅਤੇ ਇਸ ਦੇ ਅੱਗੇ ਅੱਠਵੇ ਸਾਲ ਪੈਰ ਧਰੇਗੀ। ਪਿਛਲੇ ਸਾਲ ਵਿਚ ਇਸ ਪੰਥ ਸੇਵਕ ਪੱਤ੍ਰ ਨੇ ਅੰਨਮਤੀ ਭਾਰੀ ਜੋਧਯਾਂ ਨਾਲ ਵੱਡੀ ਬਹਾਦ੍ਰੀ ਨਾਲ ਜੰਗ ਕਰਕੇ ਫਤੇ ਪਾਈ। ਅੱਗੇ ਦੇਖੀਏ ਜੋ ਇਸ ਪੰਥ ਦੇ ਸੇਵਕ ਸੂਰਬੀਰ ਪੱਤ੍ਰ ਨਾਲ ਕੋਈ ਬਾਹਰਲਾ ਗੁਨੀਮ ਲੜਾਈ ਕਰਦਾ ਹੈ ਕਿ ਕੋਈ ਘਰ ਦਾ ਹੀ ਵਿਰੋਧੀ ਸ਼ਾਮਲ ਹੁੰਦਾ ਹੈ।.. ’ ਅਗਲੇ ਭਾਵ 4 ਮਈ 1900 ਦੇ ਅੰਕ ਵਿਚ ਇਸੇ ਤਰ੍ਹਾਂ ਦੇ ਭਾਵ ਪ੍ਰਗਟ ਕੀਤੇ ਹਨ:- ‘ਪਿਯਾਰੇ ਪਾਠਕਾਂ ਨੂੰ ਖ਼ਾਲਸਾ ਅਖ਼ਬਾਰ ਲਈ ਅੱਠਵਾਂ ਸਾਲ ਚੜ੍ਹਨ ਦੀ ਵਧਾਈ ਦਿੱਤੀ ਜਾਂਦੀ ਹੈ, ਇਨ੍ਹਾਂ ਪਿਛਲੇ ਸੱਤਾਂ ਸਾਲਾਂ ਵਿਚ ਇਸ ਪੰਥ ਸੇਵਕ ਅਖ਼ਬਾਰ ਨੇ ਕਈ ਤਰ੍ਹਾਂ ਦੀਆ ਤਕਲੀਫਾਂ ਸਹਾਰ ਕੇ ਪੰਥ ਨੂੰ ਖ਼ਾਲਸਾ ਪੰਥ ਹੋਨ ਲਈ ਬਹੁਤ ਯਤਨ ਕੀਤਾ ਹੈ ਜਿਸ ਦਾ ਫਲ਼ ਕੁਝ 2 ਦਿਖਾਈ ਦੇਨ ਲੱਗਾ ਹੈ, ਜਿਸ ਪਰ ਆਸ਼ਾ ਹੈ ਕਿ ਅੱਠਵੇਂ ਸਾਲ ਵਿਚ ਭੀ ਇਸ ਦੀ ਸੇਵਾ ਕੁਝ ਘਟ ਨਹੀਂ ਹੋਵੇਗੀ’। ਭਾਵ ਕਿ ਗਿਆਨੀ ਦਿੱਤ ਸਿੰਘ ਜੀ ਅਖ਼ਬਾਰ ਨੂੰ ਇਕ ਜੰਗੀ ਘੋੜਾ ਮੰਨਦੇ ਸਨ। -ਪੰਜਾਬੀ ਪੱਤਰਕਾਰ ਵਜੋਂ ਗਿਆਨੀ ਦਿੱਤ ਸਿੰਘ ਬਾਰੇ ਡਾ. ਨਰਿੰਦਰ ਸਿੰਘ ਕਪੂਰ ਦਾ ਅਨੁਮਾਨ-
‘ਖ਼ਾਲਸਾ ਅਖ਼ਬਾਰ ਦੇ ਤੀਜੇ ਪੰਨੇ ਉਤੇ ਛਪਣ ਵਾਲੇ ਸੰਪਾਦਕੀ ਲੇਖ ਗਿਆਨੀ ਦਿੱਤ ਸਿੰਘ ਦੀ ਕਲਮ ਦੀ ਸ਼ਕਤੀ ਦਾ ਪ੍ਰਗਟਾਵਾ ਸਨ। ਇਨ੍ਹਾਂ ਲੇਖਾਂ ਵਿਚ ਉਹ ਆਮ ਕਰਕੇ ਕਿਸੇ ਭੱਖਵੀਂ ਸਮੱਖਿਆ ਨੂੰ ਵਿਸ਼ਾ ਬਣਾ ਕੇ , ਉਸ ਦੇ ਸਾਰੇ ਪਹਿਲੂਆਂ ਨੂੰ ਵਿਚਾਰ ਕੇ ਅਤੇ ਵਿਰੋਧੀਆਂ ਵੱਲੋਂ ਉਠਾਏ ਪ੍ਰਸ਼ਨਾਂ ਦਾ ਉਤਰ ਦੇ ਕੇ ਆਪਣਾ ਮੱਤ ਪ੍ਰਗਟਾਉਂਦੇ ਹਨ। ਇਹ ਲੇਖ ਗਿਆਨੀ ਦਿੱਤ ਸਿੰਘ ਦੀ ਪੰਥ ਪੱਖੀ ਸੋਚ, ਸਪਸ਼ਟ ਕਥਨ-ਸ਼ਕਤੀ-ਤਰਕ ਦੇ ਅਧਾਰ ਉਤੇ ਵਿਰੋਧੀਆਂ ਦੀਆਂ ਦਲੀਲਾਂ ਦਾ ਖੰਡਨ ਅਤੇ ਗਰਮਤਿ ਦੇ ਮੰਡਨ ਦੀਆਂ ਉੱਘੜਵੀਆਂ ਉਦਾਹਰਨਾ ਹੁੰਦੇ ਸਨ।’ ਡਾ. ਨਰਿੰਦਰ ਸਿੰਘ ਕਪੂਰ ਨੇ ਇਕ ਥਾਂ ਫੇਰ ਲਿਖਿਆ ‘ਗਿਆਨੀ ਦਿੱਤ ਸਿੰਘ ਇਕ ਸਰਬ ਪੱਖੀ ਵਿਦਵਾਨ ਸਨ। ਉਹ ਧਰਮ ਦਰਸ਼ਨ ਨੈਤਿਕਤਾ ਆਦਿ ਵਿਸ਼ਿਆਂ ਉਤੇ ਹੀ ਨਹੀਂ, ਸਗੋਂ ਰੁੱਖਾਂ, ਜਾਨਵਰਾਂ, ਖੇਤੀ, ਗ੍ਰਹਿ ਪ੍ਰਬੰਧ ਆਦ‌ਿ ਜਿਹੇ ਵਿਸ਼ਿਆਂ ਉਤੇ ਵੀ ਉਨੀ ਹੀ ਨਿਪੁੰਨਤਾ ਨਾਲ ਲਿਖ ਸਕਦੇ ਸਨ। ਉਨ੍ਹਾਂ ਦੀ ਵਿਦਵਤਾ ਦਾ ਕਮਾਲ ਇਹ ਸੀ ਕਿ ਉਹ ਹਰ ਇਕ ਵਿਸ਼ੇ ਨੂੰ ਉਸ ਦੀ ਪੂਰੀ ਡੁੰਘਾਈ ਤੱਕ ਪੇਸ਼ ਕਰਦੇ ਸਨ।’ ਪੰਜਾਬੀ ਪੱਤਰਕਾਰੀ ਵਿਚ ਭਾਈ ਦਿੱਤ ਸਿੰਘ ਦੀ ਥਾਂ ਨਿਸਚਿਤ ਕਰਦਿਆਂ ਡਾ. ਕਪੂਰ ਲਿਖਦੇ ਹਨ ‘ਇਹ ਉਲੇਖ ਕਰਨਾ ਜਰੂਰੀ ਹੈ ਕਿ ਗਿਆਨੀ ਦਿੱਤ ਸਿੰਘ ਦੀ ਸੰਪਾਦਨ ਹੇਠ ਛਪਣ ਵਾਲੇ ਖ਼ਾਲਸਾ ਅਖ਼ਬਾਰ ਨੇ ਪੰਜਾਬੀ ਪੱਤਰਕਾਰੀ ਦੀਆਂ ਜਿਹੜੀਆਂ ਪਿਰਤਾਂ ਪਾਈਆਂ ਉਹ ਗੁਰਦੁਆਰਾ ਸੁਧਾਰ ਲਹਿਰ ਤੱਕ ਪੰਜਾਬੀ ਪੱਤਰਕਾਰੀ ਦਾ ਮਾਰਗ ਦਰਸ਼ਨ ਕਰਦੀਆਂ ਰਹੀਆਂ’ -ਭਾਈ ਵੀਰ ਸਿੰਘ ਨੇ ਗਿਆਨੀ ਦਿੱਤ ਸਿੰਘ ਬਾਰੇ ਲਿਖਿਆ- ‘ਭਾਈ ਵੀਰ ਸਿੰਘ ਗਿਆਨ ਦਿੱਤ ਸਿੰਘ ਦੀ ਪੱਤਰਕਾਰੀ ਬਾਰੇ ਲਿਖਦੇ ਹਨ ਕਿ ਜਿਹੋ ਜਿਹਾ ਸੰਪਾਦਕ ਗਿਆਨੀ ਦਿੱਤ ਸਿੰਘ ਬਣਿਆ ਤੇ ਜਿਵੇਂ ਉਸ ਨੇ ਅਖ਼ਬਾਰ ਚਲਾਇਆ, ਜਿਵੇਂ ਅਖ਼ਬਾਰ ਦੀਆਂ ਸੰਪਾਦਕੀਆਂ ਲਿਖੀਆਂ ਜਾਂਦੀਆਂ ਸਨ ਅਜਿਹਾ ਸੰਪਾਦਕ ਮੁੜ ਪੈਦਾ ਨਹੀਂ ਹੋਵੇਗਾ’ -ਗਿਆਨੀ ਜੀ ਵਿਰੋਧੀਆਂ ਨੂੰ ਅਖ਼ਬਾਰ ਵਿਚ ਕਵਿਤਾ ਨਾਲ ਵੀ ਜਵਾਬ ਦਿੰਦੇ ਸਨ- ‘ਆਪਨਾ ਅਤੇ ਬਿਗਾਨਾ ਕੋਈ ਜਦ ਹੈ ਗਲਤੀ ਕਰਦਾ। ਇਹ ਅਖ਼ਬਾਰ ਤਦੋਂ ਹੀ ਉਸ ਨੂੰ ਫੜ ਕੇ ਸਿੱਧਾ ਕਰਦਾ। ਕਹੁ ਖਾਂ ਇਸ ਨੇ ਕਦੋਂ ਕਿਸੇ ਨੂੰ ਲੈਕੇ ਨਹੀਂ ਸੁਧਾਰਾ। ਪੜ੍ਹ ਕੇ ਦੇਖੋ ਕਾਲਮ ਇਸ ਦੇ ਚੁੱਕ ਦੇ ਝਗੜਾ ਸਾਰਾ।’ ਇਹ ਪੰਕਤੀਆਂ ਗਿਆਨੀ ਜੀ ਨੇ ‘ਖ਼ਾਲਸਾ ਬਹਾਦ੍ਰ’ ਅਖ਼ਬਾਰ ਦੇ ਸੰਪਾਦਕ ਬਾਬੂ ਰਾਜਿੰਦਰ ਸਿੰਘ ਨੇ ਲਿਖਿਆ ਸੀ ਕਿ ‘ਗੁਰੂ ਗੋਬਿੰਦ ਸਿੰਘ ਨੇ ਹਿੰਦੂ ਧਰਮ ਨੂੰ ਕਾਇਮ ਰੱਖਣ ਲਈ ਪਟਨਾ ਸ਼ਹਿਰ ਵਿਖੇ ਗੰਗਾ ਕਿਨਾਰੇ ਅਵਤਾਰ ਧਾਰਿਆ ਸੀ। ਪਰ ਇਸ ਦਾ ਠੋਕਵਾਂ ਜਵਾਬ ਗਿਆਨੀ ਜੀ ਨੇ ਦਿੱਤਾ ਸੀ ਕਿ ਇਹ ਲੋਕ ਭੁੱਲ ਕਰਦੇ ਹਨ ਤੇ ਵਿਸਥਾਰ ਵਿਚ ਉਸ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਗੁਰੂ ਜੀ ਨੇ ਇਨਸਾਨੀਅਤ ਤੇ ਲੋਕਾਈ ਦੇ ਭਲੇ ਲਈ ਆਪਣਾ ਸਾਰਾ ਜੀਵਨ ਬਤੀਤ ਕੀਤਾ। ਤੇ ਇਹ ਪੰਕਤੀਆਂ ਲਿਖੀਆਂ ਸਨ। ਹਿੰਦੂ ਭਾਈ ਖ਼ਾਲਸਾ ਅਖ਼ਬਾਰ ਲਾਹੌਰ ਦੀ ਨੁਕਤਾਚਿਨੀ ਕਰਦੇ ਸਨ। ਉਨ੍ਹਾਂ ਦੇ ਵਿਰੋਧ ਦਾ ਜਵਾਬ ਦਿੰਦੇ ਹੋਏ ਗਿਆਨੀ ਦਿੱਤ ਸਿੰਘ ਕਹਿੰਦੇ ਹਨ ‘ਸੋ ਮੈਂ ਦਿੱਤ ਸਿੰਘ ਹਾਂ ਗਿਯਾਨੀ ਐਡੀਟਰ ਅਖਬਾਰੇ। ਆਖ ਬਾਤ ਜੋ ਆਖਨ ਚਾਹੇਂ ਹੈ ਮਨ ਵਿਚ ਤੁਮਾਰੇ।’ - ਗਿਆਨੀ ਦਿੱਤ ਸਿੰਘ ਦੀਆਂ ਮੁਸ਼ਕਲਾਂ ਤੇ ਔਕੜਾ-
ਬਾਬਾ ਖੇਮ ਸਿੰਘ ਬੇਦੀ ਅੰਗਰੇਜ਼ਾਂ ਵਿਚ ਬਹੁਤ ਅਸਰ ਰਸੂਖ਼ ਵਾਲਾ ਵਿਅਕਤੀ ਸੀ, ਬੇਹੱਦ ਅਮੀਰ ਸੀ, ਉਹ ਮੈਜਿਸਟ੍ਰੇਟ ਵੀ ਰਿਹਾ, ‘ਸਰ’ ਦੀ ਉਪਾਧੀ ਵੀ ਲਈ ਸੀ। ਜ਼ਮੀਨ ਵੀ ਕਾਫ਼ੀ ਸੀ। ਗੁਰੂ ਨਾਨਕ ਦੇਵ ਜੀ ਦੀ 13ਵੀਂ ਕੁੱਲ ਵਿਚੋਂ ਵੰਸ਼ਜ ਵੀ ਕਹਾਉਂਦਾ ਸੀ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗਦੇਲਾ ਲਾਕੇ ਬਹਿੰਦਾ ਸੀ, ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਪੈਰੀਂ ਹੱਥ ਲਵਾਉਂਦਾ ਸੀ। ਗੁਰੂ ਗ੍ਰੰਥ ਸਾਹਿਬ ਕੋਲ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵੀ ਸਜਾਉਂਦਾ ਸੀ। ‘ਜਨੇਊ’ ਵੀ ਪਾਉਂਦਾ ਸੀ ਤੇ ‘ਕਿਰਪਾਨ’ ਵੀ ਪਾਉਂਦਾ ਸੀ। ਇਕ ਅੰਮ੍ਰਿਤਸਰੀ ਧੜਾ ਵੀ ਗਿਆਨੀ ਦਿੱਤ ਸਿੰਘ ਦੇ ਪ੍ਰੋ. ਗੁਰਮੁਖ ਸਿੰਘ ਤੇ ਖ਼ਾਰ ਖਾਂਦਾ ਸੀ, ਉਹ ਤਾਂ ਗਿਆਨੀ ਦਿੱਤ ਸਿੰਘ ਨੂੰ ‘ਚਮਾਰ ਦਾ ਪੁੱਤ’ ਤੇ ਪ੍ਰੋ. ਗੁਰਮੁਖ ਸਿੰਘ ਨੂੰ ‘ਲਾਂਗਰੀ ਦਾ ਪੁੱਤ’ ਕਹਿ ਕੇ ਉਨ੍ਹਾਂ ਨੂੰ ਜ਼ਲੀਲ ਵੀ ਕਰਦੇ ਸਨ। ਬਾਬਾ ਬੇਦੀ ਅੰਗਰੇਜ਼ਾਂ ਦੀ ਸ਼ਹਿ ਤੇ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਚੁਣੌਤੀ ਦਿੰਦਾ ਸੀ। ਉਸ ਨੂੰ ਕਈ ਵਾਰੀ ਸਮਝਾਇਆ ਗਿਆ ਪਰ ਉਹ ਹੰਕਾਰੀ ਸੀ ਨਾ ਸਮਝਿਆ, ਇਕ ਦਿਨ ਭਾਈ ਗੁਰਮੁਖ ਸਿੰਘ ਦੇ ਗਿਆਨੀ ਦਿੱਤ ਸਿੰਘ ਨੇ ਉਸ ਦੇ ਹੇਠਾਂ ਗਦੇਲਾ ਖਿੱਚ ਲਿਆ, ਮੂਰਤੀਆਂ ਚੁੱਕ ਕੇ ਬਾਹਰ ਮਾਰੀਆਂ, ਬੇਦੀ ਹੇਠਾਂ ਡਿੱਗ ਗਿਆ, ਬੁਰਾ ਹਾਲ ਹੋਇਆ, ਉਦੋਂ ਬੇਦੀ ਨੇ ਆਪਣਾ ਅਸਰ ਰਸੂਖ਼ ਵਰਤਦਿਆਂ ਭਾਈ ਗੁਰਮੁਖ ਸਿੰਘ ਨੂੰ ਪੰਥ ਵਿਚੋਂ ਛੇਕ ਦਿੱਤਾ। ਉਸ ਵਿਰੁੱਧ ਗਿਆਨੀ ਦਿੱਤ ਸਿੰਘ ਨੇ ਇਕ ‘ਸਵਪਨ ਨਾਟਕ’ ਨਾਮ ਦੀ ਕਿਤਾਬ ਲਿਖੀ, ਜਿਸ ਵਿਚ ਪੰਥ ਵਿਰੋਧੀ ਕਾਰਵਾਈਆਂ ਕਰਨ ਵਾਲਿਆਂ ਖਿਲਾਫ ਵਿਅੰਗ ਸੀ। ਇਸ ਕਿਤਾਬ ਤੇ ਮੁਕੱਦਮਾ ਹੋ ਗਿਆ। ਪਹਿਲਾਂ ਜੁਰਮਾਨਾ ਹੋਇਆ ਪਰ ਉਤਲੀ ਅਦਾਲਤ ਨੇ ਬਰੀ ਕਰ ਦਿੱਤਾ। ਪਰ ਇਸ ਮੁਕੱਦਮੇ ਕਰਕੇ ਅਖ਼ਬਾਰ ਨੂੰ ਬਹੁਤ ਵੱਡੀ ਰੁਪਿਆਂ ਵਜੋਂ ਕੀਮਤ ਉਤਾਰਨੀ ਪਈ। ਇਸ ਤੋਂ ਇਲਾਵਾ ਦੁਸ਼ਵਾਰੀਆਂ ਹੋਰ ਵੀ ਕਾਫ਼ੀ ਆਈਆਂ। ਜਿਵੇਂ ਕਿ ਜਾਤ-ਪਾਤ ਦਾ ਕੋਹੜ ਹਮੇਸ਼ਾ ਨਾਲ ਰਹਿੰਦਾ ਸੀ। ਸਿੱਖ ਪੰਥ ਲਈ ਏਨਾ ਵੱਡਾ ਕੰਮ ਕਰਨ ਵਾਲੇ ਗਿਆਨੀ ਦਿੱਤ ਸਿੰਘ ਨੂੰ ਕਈ ਥਾਵਾਂ ਤੇ ਜ਼ਲੀਲ ਹੋਣਾ ਪੈਂਦਾ ਸੀ। ਕੁਝ ਗੁਰਦੁਆਰਿਆਂ ਵਿਚ ਪੰਥ ਪ੍ਰਤੀ ਬੋਲਣ ਲਈ ਗਿਆਨੀ ਦਿੱਤ ਸਿੰਘ ਨੂੰ ਬੁਲਾਇਆ ਜਾਂਦਾ ਪਰ ਪ੍ਰਸ਼ਾਦ ਉਸ ਨੂੰ ਦੂਰ ਬੈਠਾ ਕੇ ਹੀ ਦਿੱਤਾ ਜਾਂਦਾ, ਕਈ ਚਰਚਾਵਾਂ ਤਾਂ ਇਹ ਵੀ ਹਨ ਕਿ ਉਨ੍ਹਾਂ ਨੂੰ ਕਈ ਵਾਰ ਜੁਤੀਆਂ ਵਿਚ ਬੈਠਕੇ ਪ੍ਰਸ਼ਾਦ ਲੈਣਾ ਪੈਂਦਾ। -ਖ਼ਾਲਸਾ ਕਾਲਜ ਅੰਮ੍ਰਿਤਸਰ ਸ਼ੁਰੂ ਕਰਨਾ-
ਖ਼ਾਲਸਾ ਅਖ਼ਬਾਰ ਲਾਹੌਰ ਵਿਚ ਆਪਣੀਆਂ ਸੰਪਾਦਕੀਆਂ ਵਿਚ ਗਿਆਨੀ ਦਿੱਤ ਸਿੰਘ ਵੀ ਦੀਆਂ ਨੂੰ ਵੱਡੀ ਕਰਾਮਾਤ ਕਹਿੰਦੇ ਸਨ ਕਿ ਸਿੱਖ ਕੌਮ ਦਾ ਇਕ ਕਾਲਜ ਹੋਣ ਦੀ ਗੱਲ ਕਰਦੇ ਰਹਿੰਦੇ ਸਨ। ਉਸ ਵੇਲੇ ਇਹ ਗੱਲ ਵੀ ਉੱਠੀ ਕਿ ਕਾਲਜ ਲਾਹੌਰ ਵਿਚ ਖੋਲ੍ਹਿਆ ਜਾਵੇ। ਪਰ ਗਿਆਨੀ ਦਿੱਤ ਸਿੰਘ ਨੇ ਸਾਰਿਆਂ ਨੂੰ ਕਾਲਜ ਅੰਮ੍ਰਿਤਸਰ ਵਿਚ ਖੋਲ੍ਹਣ ਲਈ ਮਨਾ ਲਿਆ। ਅੰਮ੍ਰਿਤਸਰ ਸ਼ਹਿਰ ਦੇ ਬਾਹਰ ਸ਼ਾਹ ਮਾਰਗ ਤੇ ਕੋਈ ਤਿੰਨ ਕਿੱਲੋਮੀਟਰ ਦੂਰ ਕਾਲਜ ਲਈ ਜ਼ਮੀਨ ਦਾ ਪ੍ਰਬੰਧ ਲੋਕਾਂ ਨੇ ਆਪ ਹੀ ਆਪਣੀ ਜ਼ਮੀਨ ਦਾਨ ਕਰਕੇ ਕਰ ਦਿੱਤਾ ਸੀ। ਹੁਣ ਸਵਾਲ ਮਾਇਆ ਇਕੱਤਰ ਕਰਨ ਦਾ ਸਾਹਮਣੇ ਖੜ੍ਹਾ ਸੀ। ਇਸ ਸਬੰਧੀ ਮੀਟਿੰਗ ਸੱਦੀ ਗਈ। ਮਹਾਰਾਜਾ ਫ਼ਰੀਦਕੋਟ ਨੇ ਮਾਲੀ ਮਦਦ ਦੇਣ ਦੀ ਸ਼ਰਤ ਰੱਖੀ ਕਿ ਕਾਲਜ ਦਾ ਨਾਮ ਉਸ ਦੇ ਨਾਮ ਦੇ ਰੱਖੋ, ਇਹੀ ਮੰਗ ਕਈ ਰਾਜਿਆਂ ਮਹਾਰਾਜਿਆਂ ਨੇ ਰੱਖੀ ਪਰ ਗਿਆਨੀ ਦਿੱਤ ਸਿੰਘ ਨੇ ਕਾਲਜ ਦਾ ਨਾਮ ਪਹਿਲਾਂ ਹੀ ‘ਖ਼ਾਲਸਾ’ ਦੇ ਨਾਮ ਤੇ ਤਹਿ ਕਰ ਲਿਆ ਸੀ। ਸਾਰਿਆਂ ਦੀਆਂ ਸ਼ਰਤਾਂ ਠੁਕਰਾ ਦਿੱਤੀਆਂ ਗਈਆਂ। ਉਸ ਵੇਲੇ ਮੀਟਿੰਗ ਇਕ ਧਨਾਢ ਦਿਆਲ ਸਿੰਘ ਮਜੀਠੀਆ ਵੀ ਮੌਜੂਦ ਸੀ। ਉਸ ਕੋਲ ਕੋਈ ਸੰਤਾਨ ਨਹੀਂ ਸੀ। ਉਸ ਨੇ ਵੀ ਕਾਲਜ ਦੀ ਇਮਾਰਤ ਬਣਾਉਣ ਲਈ ਸਾਰਾ ਖਰਚਾ ਦੇਣ ਲਈ ਹਾਮੀ ਭਰੀ ਪਰ ਸ਼ਰਤ ਉਹੀ ਸੀ ਕਿ ਕਾਲਜ ਦਾ ਨਾਮ ਉਸ ਦੇ ਨਾਮ ਤੇ ਰੱਖਿਆ ਜਾਵੇ। ਪਰ ਇਹ ਸ਼ਰਤ ਵੀ ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ, ਭਾਈ ਜਵਾਹਰ ਸਿੰਘ, ਭਾਈ ਮਈਆ ਸਿੰਘ ਨੇ ਠੁਕਰਾ ਦਿੱਤੀ। ਤਾਂ ਦਿਆਲ ਸਿੰਘ ਮਜੀਠੀਆ ਨੇ ਆਪਣਾ ਕਾਲਜ ਆਰੀਆ ਸਮਾਜੀਆਂ ਨਾਲ ਗੰਢ ਤੁੱਪ ਕਰਕੇ ਆਪਣੇ ਨਾਮ ਤੇ ‘ਦਿਆਲ ਸਿੰਘ ਆਰੀਆ ਕਾਲਜ ਲਾਹੌਰ’ ਬਣਵਾ ਦਿੱਤਾ ਜੋ ਅੱਜ ਤੱਕ ਚੱਲ ਰਿਹਾ ਹੈ। ਅੰਮ੍ਰਿਤਸਰ ਵਿਚ ਖ਼ਾਲਸਾ ਕਾਲਜ ਸ਼ੁਰੂ ਕਰਨ ਲਈ ਇਮਾਰਤ ਬਣਾਉਣ ਲਈ ‌ਗਿਆਨੀ ਦਿੱਤ ਸਿੰਘ ਬਾਕੀ ਸਾਰਿਆਂ ਨੇ ਮੰਗਣਾ ਸ਼ੁਰੂ ਕੀਤਾ ਤਾਂ ਫਲ਼ ਮਿਲਣੇ ਸ਼ੁਰੂ ਹੋਏ ਤੇ ਮਹਾਰਾਜਾ ਪਟਿਆਲਾ ਨੇ 1.50 ਲੱਖ ਦੀ ਵੱਡੀ ਰਕਮ ਦੇ ਦਿੱਤੀ। ਮਹਾਰਾਜਾ ਨਾਭਾ ਨੇ 1.05 ਲੱਖ ਦਿੱਤੇ। ਕੈਥਲ ਤੇ ਜੀਂਦ ਦੇ ਰਾਜਿਆਂ ਨੇ 75-75 ਹਜ਼ਾਰ ਰੁਪਏ ਦਿੱਤੇ। ਕਪੂਰਥਲਾ ਦੇ ਮਹਾਰਾਜਾ ਨੇ ਇਕ ਲੱਖ ਰੁਪਿਆ ਦਿੱਤਾ। ਹੋਰ ਵੀ ਕਈ ਸਾਰੇ ਅੰਗਰੇਜ਼ਾਂ ਦੇ ਖ਼ਿੱਤੇ ਵਿਚ ਆਉਂਦੇ ਅਮੀਰ ਲੋਕਾਂ ਨੇ ਰੁਪਏ ਦਿੱਤੇ। 5 ਮਾਰਚ 1892 ਨੂੰ ਲੈ. ਗਵਰਨਰ ਸਰ ਜੇਮਜ਼ ਬ੍ਰਾਹਵੁਡ ਲਾਇਲ ਸਾਹਿਬ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਨੀਂਹ ਪੱਥਰ ਰੱਖਿਆ। 22 ਅਕਤੂਬਰ 1893 ਨੂੰ ਖ਼ਾਲਸਾ ਕਾਲਜ ਦੀ ਸ਼ੁਰੂਆਤ ਮਿਡਲ ਸਕੂਲ ਦੇ ਰੂਪ ਵਿਚ ਹੋਈ। ਇਸ ਬਾਰੇ ਗਿਆਨੀ ਦਿੱਤ ਸਿੰਘ ਨੇ ਖ਼ਾਲਸਾ ਅਖ਼ਬਾਰ ਦੀ 23 ਅਕਤੂਬਰ 1893 ਦੀ ਸੰਪਾਦਕੀ ਵਿਚ ਵਿਸਥਾਰ ਪੂਰਵਕ ਲਿਖਿਆ ਹੈ। ਗਿਆਨੀ ਦਿੱਤ ਸਿੰਘ ਖ਼ਾਲਸਾ ਕਾਲਜ ਕਮੇਟੀ ਦੇ ਉਮਰ ਭਰ ਲਈ ਮੈਂਬਰ ਨਿਯੁਕਤ ਕਰ ਦਿੱਤੇ ਗਏ। ਗਿਆਨੀ ਜੀ ਨੇ ਪੰਜਾਬੀ ਦੀਆਂ ਧਾਰਮਿਕ ਪਾਠ ਪੁਸਤਕਾਂ ਲਿਖੀਆਂ ਸਨ ਜੋ ਕਾਲਜ ਦੇ ਸ਼ੁਰੂਆਤ ਵੇਲੇ ਸਿਲੇਬਸ ਵਜੋਂ ਲਾਈਆਂ ਗਈਆਂ। -72 ਪੁਸਤਕਾਂ ਦੇ ਰਚੇਤਾ ਗਿਆਨੀ ਦਿੱਤ ਸਿੰਘ-
ਗਿਆਨੀ ਦਿੱਤ ਸਿੰਘ ਉੱਚ ਕੋਟੀ ਦੇ ਵਿਦਵਾਨ ਤੇ ਸਾਹਿਤਕਾਰ ਵੀ ਸਨ। ਉਨ੍ਹਾਂ ਪੰਜਾਬੀ ਸਾਹਿਤ ਦੇ ਖ਼ਜ਼ਾਨਾ ਵਿਚ 72 ਪੁਸਤਕਾਂ ਦਾ ਯੋਗਦਾਨ ਪਾਇਆ, ਉਹ ਕਵਿਤਾ, ਵਾਰਤਕ ਦੋਨੋਂ ਲਿਖਦੇ ਸਨ। ਗਿਆਨੀ ਜੀ ਉਰਦੂ, ਫ਼ਾਰਸੀ, ਅਰਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਦੇ ਮਾਹਿਰ ਸਨ। ਲਿਖਦੇ ਭਾਵੇਂ ਉਹ ਗੁਰਮੁਖੀ ਵਿਚ ਸਨ ਪਰ ਆਪਣੀਆਂ ਲਿਖਤਾਂ ਵਿਚ ਹੋਰ ਭਾਸ਼ਾਵਾਂ ਦੇ ਸ਼ਬਦ ਵੀ ਵਰਤ ਲੈਂਦੇ ਸਨ। ਗਿਆਨੀ ਦਿੱਤ ਸਿੰਘ ਦੀ ਵਹਿਮਾਂ ਭਰਮਾ ਨੂੰ ਦੂਰ ਕਰਨ ਵਾਲੀ ਬਹੁ ਚਰਚਿਤ ਕਿਤਾਬ ‘ਗੁੱਗਾ ਗਪੌੜਾ’ ਹੈ, ਜਿਸ ਬਾਰੇ ਬਹੁਤ ਚਰਚਾਵਾਂ ਹੋਈਆਂ। ਜਿਸ ਵਿਚ ਉਸ ਨੇ ਲਿਖਿਆ ‘ਦੇਖੋ ਮੂਰਖ ਦੇਸ ਅਸਾਡਾ ਕਿਕੁਰ ਡੁਬਦਾ ਜਾਂਦਾ। ਸੱਪਾਂ ਕੁੱਤਿਆਂ ਬਿਲਯਾਂ ਕਾਵਾਂ ਆਪਨੇ ਪੀਰ ਬਨਾਂਦਾ। ਕਰਨ ਚੂਰਮੇ ਸੁਖ ਕੜਾਹੀ ਮੋਟੇ ਰੋਟ ਪਕਾਵਨ। ਰਿੰਨ ਸੇਵੀਆਂ ਗੁੱਗੇ ਮਾੜੀ ਘਰ ਦੀ ਨਾਰਾਂ ਜਾਵਨ। ਅੱਗੇ ਲਿਖਦੇ ਹਨ ‘ਗੁਰੂ ਗ੍ਰੰਥ ਦੀ ਪੜ ਲੈ ਬਾਣੀ। ਜਿਸ ਨੇ ਤਾਰੇ ਲਾਖ ਪਰਾਣੀ। ਦਸਮ ਗੁਰੂ ਦਾ ਹੋਕੇ ਦਾਸ। ਛੜ ਦਈਂ ਗੁੱਗੇ ਦੀ ਆਸ। -ਪਰਿਵਾਰ-
ਗਿਆਨੀ ਦਿੱਤ ਸਿੰਘ ਦੀ ਪਤਨੀ ਬਿਸ਼ਨ ਦੇਵੀ ਸੀ। ਉਨ੍ਹਾ ਦੇ ਸਪੁੱਤਰ ਡਾ. ਬਲਦੇਵ ਸਿੰਘ ਸ਼ੇਰ ਹੋਏ, ਜਦ ਕਿ ਸਪੁੱਤਰੀ ਬੀਬੀ ਵਿਦਿਆਵੰਤ ਕੌਰ ਹੋਈ। ਪੋਤਰਾ ਦਿਲਾਵਰ ਨਿਪੋਲੀਅਨ ਹੋਇਆ। ਅਤੇ ਪੋਤਰੀ ਉਸ਼ਾ ਰਾਣੀ ‘ਸ਼ੇਰ’ ਹੋਈ। ਉਸ਼ਾ ਰਾਣੀ ‘ਸ਼ੇਰ’ ਇਸ ਵੇਲੇ ਉਮਰ 83 ਸਾਲ ਹੈ, ਉਹ ਆਪਣੇ ਪਤੀ ਪ੍ਰੋ. ਐਸ ਕੇ ਲਖਨਪਾਲ, ਇਕ ਪੁੱਤਰ ਤੇ ਇਕ ਪੁੱਤਰੀ, ਨੂੰਹ ਤੇ ਦੋ ਪੋਤਰਿਆਂ ਸਮੇਤ ਕਨੇਡਾ ਦੇ ਸ਼ਹਿਰ ਸਸਕਾਤੂਨ ਵਿਖੇ ਰਹਿ ਰਹੇ ਹਨ।
- ਅਕਾਲ ਚਲਾਣਾ ਕਰ ਗਏ-
17 ਜੂਨ 1901 ਨੂੰ ਸਿੰਘ ਦੀ ਧੀ ਦੀ ਮੌਤ ਸਿੰਘ ਲਈ ਬਹੁਤ ਵੱਡਾ ਝਟਕਾ ਸੀ, ਗਿਆਨੀ ਜੀ ਪਹਿਲਾਂ ਹੀ ਸਿੰਘ ਸਭਾ ਲਹਿਰ ਦੇ ਆਗੂ ਵਜੋਂ ਆਪਣੇ ਕੰਮ ਦੇ ਬੋਝ ਤੋਂ ਥਕਾਵਟ ਦਾ ਸਾਹਮਣਾ ਕਰ ਰਿਹਾ ਸੀ। ਉਹ ਕੰਮ ਕਰਦਾ ਰਿਹਾ, ਪਰ ਉਸ ਦੀ ਸਿਹਤ ਤੇਜ਼ੀ ਨਾਲ ਵਿਗੜ ਗਈ ਅਤੇ ਉਹ ਗੰਭੀਰ ਰੂਪ ਵਿੱਚ ਬਿਮਾਰ ਹੋ ਗਿਆ। ਉਸ ਦੇ ਲੀਵਰ ਵਿਚ ਖ਼ਰਾਬੀ ਆ ਗਈ ਸੀ, ਲੀਵਰ ਵਧ ਗਿਆ ਸੀ, ਯੂਨਾਨੀ ਦਵਾਈ ਵਿਚ ਵਿਸ਼ਵਾਸ ਕਰਦੇ ਸਨ। ਦਵਾਈ ਠੀਕ ਵੀ ਕਰ ਦਿੰਦੀ ਸੀ ਪਰ ਬੁਖ਼ਾਰ ਨਾ ਉੱਤਰਦਾ। ਪਰ ਮਹਿਜ਼ 51 ਸਾਲ ਦੀ ਬੜੀ ਛੋਟੀ ਉਮਰ ਵਿਚ ਗਿਆਨੀ ਦਿੱਤ ਸਿੰਘ ਜੀ 6 ਸਤੰਬਰ 1901 ਨੂੰ ਲਾਹੌਰ ਵਿਖੇ ਅਕਾਲ ਚਲਾਣਾ ਕਰ ਗਏ। -ਲਗਾਤਾਰ ਛਪ ਰਿਹਾ ਹੈ ‘ਭਾਈ ਦਿੱਤ ਸਿੰਘ ਪੱਤ੍ਰਿਕਾ’-
ਗਿਆਨੀ ਦਿੱਤ ਸਿੰਘ ਦੇ ਨਾਮ ਤੇ ਮੁੱਖ ਸੰਪਾਦਕ ‌‌ਪ੍ਰਿ. ਨਸੀਬ ਸਿੰਘ ਸੇਵਕ ਵੱਲੋਂ ਹਰ ਮਹੀਨੇ ਮੈਗਜ਼ੀਨ ਛਾਪਿਆ ਜਾ ਰਿਹਾ ਹੈ। ਇਸ ਦੇ ਮੁੱਖ ਸਲਾਹਕਾਰ ਇੰਜ ਸੁਖਦੇਵ ਸਿੰਘ ਲਾਜ ਹਨ। ਸੰਪਾਦਕ ਜਸਪਾਲ ਸਿੰਘ ਕੰਵਲ ਤੇ ਅਵਤਾਰ ਸਿੰਘ ਮਹਿਤਪੁਰੀ ਹਨ। ਸਹਿ ਸੰਪਾਦਕ ਅਮਰਜੀਤ ਜੋਸ਼ੀ ਨਾਹਨ ਕਲੌੜ ਹਨ। ਸੋ ਗਿਆਨੀ ਦਿੱਤ ਸਿੰਘ ਬਾਰੇ ਬਹੁਤ ਵਿਦਵਾਨਾਂ ਵੱਲੋਂ ਲਿਖਿਆ ਜਾ ਚੁੱਕਾ ਹੈ, ਇਨ੍ਹਾਂ ਤੇ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਪੀਐੱਚਡੀ ਕੀਤੀ ਹੈ। ਗਿਆਨੀ ਦਿੱਤ ਸਿੰਘ ਬਹੁਤ ਵੱਡੇ ਵਿਦਵਾਨ, ਲਹਿਰਾਂ ਚਲਾਉਣ ਵਾਲੇ ਮੋਢੀ ਸਨ ਤੇ ਬਹੁਤ ਕਾਬਲ ਪੱਤਰਕਾਰ ਸਨ। ਉਨ੍ਹਾਂ ਦੀ ਸੰਖੇਪ ਜੀਵਨੀ ਨੇ ਪੱਤਰਕਾਰਤਾ ਬਾਰੇ ਥੋੜ੍ਹਾ ਲਿਖ ਸਕਿਆਂ ਹਾਂ, ਏਨਾ ਹੀ ਸਵੀਕਾਰ ਕਰਨਾ.. ਗ਼ਲਤੀਆਂ ਲਈ ਮਾਫ਼ੀ ਚਾਹੁੰਦਾ ਹਾਂ... ਆਓ ਆਪਾਂ ਪ੍ਰਣ ਕਰੀਏ ਕਿ ਆਦਰਸ਼ਵਾਦੀ ਪੱਤਰਕਾਰ ਬਣੀਏ ਤਾਂ ਕਿ ਲੋਕਤੰਤਰ ਜਿੰਦਾ ਰਹਿ ਸਕੇ...। (ਨੋਟ : ਇਹ ਰੇਖਾ ਚਿੱਤਰ ਲਿਖਣ ਲਈ ਮੈਂ ਨਰਿੰਦਰ ਸਿੰਘ ਕਪੂਰ, ਕਰਨੈਲ ਸਿੰਘ ਸੋਮਲ, ਨਸੀਬ ਸਿੰਘ ਸੇਵਕ ਆਦਿ ਕਿਤਾਬਾਂ ਤੋਂ ਕਾਫ਼ੀ ਮਦਦ ਲਈ ਹੈ)
ਗੁਰਨਾਮ ਸਿੰਘ ਅਕੀਦਾ 8146001100

Monday, November 28, 2022

ਪੱਤਰਕਾਰਤਾ ਦੀ ‘ਰੂਹ’ ਅਤੇ ਗੁਆਚ ਰਹੀ ਪੱਤਰਕਾਰਤਾ ਦਾ ਪਹਿਰੇਦਾਰ ਪੱਤਰਕਾਰ ‘ਹਮੀਰ ਸਿੰਘ’

ਪੱਤਰਕਾਰਤਾ ਜ਼ਿੰਦਾ ਰੱਖਣ ਲਈ ਪ੍ਰਿੰਟ ਮੀਡੀਆ ਦਾ ਆਦਰਸ਼ਵਾਦ ਬਚਣਾ ਜ਼ਰੂਰੀ : ਹਮੀਰ ਸਿੰਘ
ਪ੍ਰਿੰਟ ਮੀਡੀਆ ਹਾਸ਼ੀਏ ਤੇ ਜਾ ਰਿਹਾ ਹੈ, ਇਸ ਦਾ ਇਹ ਵੱਡਾ ਕਾਰਨ ਨਹੀਂ ਹੈ ਕਿ ਇਲੈਕਟ੍ਰੋਨਿਕ ਮੀਡੀਆ ਜਾਂ ਫਿਰ ਸੋਸ਼ਲ ਮੀਡੀਆ ਆ ਗਿਆ ਹੈ, ਇਸ ਦਾ ਇਕ ਵੱਡਾ ਕਾਰਨ ਇਹ ਹੈ ਕਿ ਪ੍ਰਿੰਟ ਮੀਡੀਆ ਖ਼ਾਸ ਕਰਕੇ ਪੰਜਾਬੀ ਅਖ਼ਬਾਰਾਂ ਵਿਚ ‘ਕਲਰਕ ਪੱਤਰਕਾਰੀ’ ਦਾ ਰੁਝਾਨ ਹੋ ਗਿਆ ਹੈ ਜਿਸ ਨੂੰ ‘ਪ੍ਰੈੱਸ ਨੋਟ’ ਪੱਤਰਕਾਰੀ ਕਿਹਾ ਜਾਂਦਾ ਹੈ। ਇਲੈਕਟ੍ਰੋਨਿਕ ਮੀਡੀਆ ਦੀ ਤਰਜ਼ ਤੇ ਪ੍ਰਿੰਟ ਮੀਡੀਆ ਵਿਚ ਵੱਡੇ ਅਖ਼ਬਾਰ ਖ਼ਾਸ ਕਰਕੇ ਜਾਂ ਤਾਂ ਮੰਤਰੀਆਂ ਦੇ ਬਿਆਨਾਂ ਤੱਕ ਸੀਮਤ ਹਨ ਜਾਂ ਫਿਰ ਕ੍ਰਾਈਮ ਪੱਤਰਕਾਰੀ ਨੂੰ ਜ਼ਿਆਦਾ ਸਥਾਨ ਦਿੰਦੇ ਹਨ, ਦਿਹਾਤੀ ਪੱਤਰਕਾਰੀ ਦਾ ਕਰੀਬ ਕਰੀਬ ਅੰਤ ਹੋ ਗਿਆ ਹੈ, ਖੇਤੀਬਾੜੀ ਦੀ ਬੀਟ ਦਾ ਭਾਵ ਇਹ ਨਹੀਂ ਹੈ ਕਿ ਖੇਤੀ ਮੰਤਰੀ ਦਾ ਬਿਆਨ ਹੀ ਅਹਿਮ ਹੈ, ਖੇਤੀ ਪੱਤਰਕਾਰੀ ਦਾ ਭਾਵ ਹੈ ਕਿ ਖੇਤੀਬਾੜੀ ਵਿਚ ਅੰਦਰੂਨੀ ਰੂਪ ਵਿਚ ਕੀ ਹੋ ਰਿਹਾ ਹੈ, ਕ੍ਰਾਈਮ ਪੱਤਰਕਾਰੀ ਦਾ ਭਾਵ ਹੈ ਨਹੀਂ ਹੈ ‌ਕਿ ਐਸਐਸਪੀ, ਡੀਜੀਪੀ ਦੀ ਪ੍ਰੈੱਸ ਕਾਨਫ਼ਰੰਸ ਹੀ ਪੱਤਰਕਾਰੀ ਹੈ, ਕ੍ਰਾਈਮ ਪੱਤਰਕਾਰੀ ਦਾ ਭਾਵ ਹੈ ਕਿ ਆਮ ਲੋਕਾਂ ਤੋਂ ਇਨਸਾਫ਼ ਦੂਰ ਕਿਉਂ ਜਾ ਰਿਹਾ ਹੈ, ਪੁਲੀਸ ਅੰਦਰੂਨੀ ਰੂਪ ਵਿਚ ਕੀ ਕਰ ਰਹੀ ਹੈ? ਕਿਸੇ ਬੀਟ ਦਾ ਭਾਵ ਸਿਰਫ਼ ਬਿਆਨ, ਪ੍ਰੈੱਸ ਨੋਟ ਜਾਂ ਫਿਰ ਸਭ ਨੂੰ ਨਜ਼ਰ ਆਉਣ ਵਾਲੀਆਂ ਖ਼ਬਰਾਂ ਨਹੀਂ ਹਨ, ਬੀਟ ਦਾ ਭਾਵ ਹੈ ਕਿ ਜੋ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ ਉਹ ਕੀ ਹੈ? ਖ਼ਾਸ ਕਰਕੇ ਪੰਜਾਬੀ ਅਖ਼ਬਾਰਾਂ ਵਿਚ ਖ਼ਬਰਾਂ ਦੀ ਡਾਈਵਰਸੀਫਿਕੇਸਨ (Diversification) (ਖ਼ਬਰਾਂ ਦੀ ਵਿਭਿੰਨਤਾ) ਖ਼ਤਮ ਹੋ ਰਹੀ ਹੈ। ਵੱਖ ਵੱਖ ਖੇਤਰ ਵਿਚੋਂ ਆਉਂਦੀਆਂ ਰਿਪੋਰਟਾਂ ਅਸਲ ਵਿਚ ਅਖ਼ਬਾਰ ਦੀ ਰੂਹ ਹੁੰਦੀਆਂ ਹਨ, ਅਜੋਕੇ ਸਮੇਂ ਦੀ ਪੱਤਰਕਾਰੀ ਦੇ ਡੈਸਕ ਤੇ ਤਿੰਨ ਬੰਦੇ ਬੈਠ ਕੇ ਵੀ ਪੱਤਰਕਾਰਾਂ ਤੋਂ ਬਿਨਾਂ ਵੀ ਅੱਠ ਪੇਜ ਅਖ਼ਬਾਰ ਦੇ ਰੋਜ਼ ਛਾਪ ਸਕਦੇ ਹਨ ਪਰ ਇਸ ਨਾਲ ਖ਼ਬਰਾਂ ਦੀ ਵਿਭਿੰਨਤਾ ਨਹੀਂ ਹੋਵੇਗੀ, ਸਾਰੇ ਅਖ਼ਬਾਰਾਂ ਦੀਆਂ ਖ਼ਬਰਾਂ ਇਕਸਾਰ ਹੀ ਹੋਣਗੀਆਂ। ਇਸ ਕਰਕੇ ਵੱਖੋ ਵੱਖਰੇ ਖੇਤਰਾਂ ਤੋਂ ਆਈਆਂ ਖ਼ਬਰਾਂ ਨਾਲ ਹੀ ਅਖ਼ਬਾਰ ਦੀ ਮੌਲਿਕਤਾ ਬਣਦੀ ਹੈ, ਪਰ ਅੱਜ ਪੱਤਰਕਾਰ ਦਾ ਚਿਹਰਾ ਦੇਖ ਕੇ, ਪੱਤਰਕਾਰ ਵੱਲੋਂ ਮਿਲਦੇ ਇਸ਼ਤਿਹਾਰ ਦੇਖ ਕੇ ਡੈਸਕ ਖ਼ਬਰਾਂ ਦੀ ਚੋਣ ਕਰਦਾ ਹੈ। ਇਹ ਪ੍ਰਿੰਟ ਮੀਡੀਆ ਵਿਚ ਲੰਬਾ ਸਮਾਂ ਚਲਣ ਵਾਲੀ ਪੱਤਰਕਾਰੀ ਨਹੀਂ ਹੋ ਸਕਦੀ। ਮੈਂ ਅੱਜ ਤੁਹਾਨੂੰ ਅਜਿਹੇ ਹੀ ਪੱਤਰਕਾਰ ਨਾਲ ਰੂਬਰੂ ਕਰਵਾ ਰਿਹਾ ਹਾਂ ਜਿਸ ਨੇ ਚੰਡੀਗੜ੍ਹ ਵਰਗੇ ਸ਼ਹਿਰ ਵਿਚ ਬੈਠ ਕੇ ਖ਼ਾਸ ਕਰਕੇ ਦਿਹਾਤੀ ਪੱਤਰਕਾਰੀ ਵੱਲ ਜ਼ਿਆਦਾ ਤਵੱਜੋ ਦਿੱਤੀ। ਅਖ਼ਬਾਰਾਂ ਵਿਚ ਖ਼ਬਰਾਂ ਦੀ ਵਿਭਿੰਨਤਾ ਬਣਾਈ ਰੱਖੀ। ਅੱਜ ਆਪਾਂ ਗੱਲ ਕਰਾਂਗੇ ਪੱਤਰਕਾਰਤਾ ਦੀ ਰੂਹ ਜਾਣੇ ਜਾਂਦੇ ਮਸਤ ਮਲੰਗ ਪੱਤਰਕਾਰ ‘ਹਮੀਰ ਸਿੰਘ’ ਦੀ।
-ਮੁੱਢਲਾ ਜੀਵਨ ਤੇ ਪੜਾਈ- ਜ਼ਿਲ੍ਹਾ ਪਟਿਆਲਾ ਤੇ ਤਹਿਸੀਲ ਨਾਭਾ ਵਿਚ ਪੈਂਦੇ ਪਿੰਡ ਲੁਬਾਣਾ ਟੇਕੂ ਵਿਚ ਇਕ ਆਮ ਕਿਸਾਨ ਪਰਿਵਾਰ ਵਿਚ ਜਨਮੇ ਹਮੀਰ ਸਿੰਘ ਦਾ ਬਚਪਨ ਆਮ ਪੇਂਡੂ ਬੱਚਿਆਂ ਵਰਗਾ ਹੀ ਸੀ, ਪਿਤਾ ਸ. ਹਰਨੇਕ ਸਿੰਘ ਤੇ ਮਾਤਾ ਸ੍ਰੀਮਤੀ ਮਹਿੰਦਰ ਕੌਰ ਦੇ ਦੋ ਹੀ ਪੁੱਤਰ ਹਨ ਹਮੀਰ ਸਿੰਘ ਤੇ ਰਾਮ ਸਿੰਘ। ਛੋਟੀ ਕਿਸਾਨੀ ਦਾ ਕੰਮ ਸੀ। ਬਾਪੂ ਫ਼ੌਜੀ ਹੋਣ ਕਰਕੇ ਇਰਾਕ 1980-81 ਵਿਚ ਚੱਲੀ ਪਹਿਲੀ ਖਾੜੀ ਜੰਗ ਵਿਚ ਲੜਾਈ ਲੜਨ ਲਈ ਗਿਆ। ਫ਼ੌਜੀ ਦਾ ਪਰਿਵਾਰ ਕੁਝ ਜ਼ਿਆਦਾ ਹੀ ਅਨੁਸ਼ਾਸਨੀ ਹੋ ਜਾਂਦਾ ਹੈ, ਇਹ ਪਰਵਾਰ ਵੀ ਅਨੁਸ਼ਾਸਨੀ ਤੇ ਲੋਕ ਹਿਤ ਵਿਚ ਕੰਮ ਕਰਨ ਵਾਲਾ ਪਰਿਵਾਰ ਹੀ ਸੀ। ਪਿੰਡ ਦੀ ਮਿੱਟੀ ਵਿਚ ਤੱਪੜਾਂ ਵਾਲੇ ਸਕੂਲ ਵਿਚ ਪ੍ਰਾਇਮਰੀ ਪਾਸ ਕੀਤੀ। ਮਿਡਲ ਸਕੂਲ ਵੀ ਪਿੰਡ ਵਿਚ ਹੀ ਸੀ, ਪਰ ਜਦੋਂ ਨੌਵੀਂ ਕਲਾਸ ਵਿਚ ਦਾਖਲ ਹੋਣਾ ਸੀ ਤਾਂ ਪਿੰਡ ਆਲੋਆਲ ਵਿਚ ਦਾਖਲਾ ਲੈ ਲਿਆ ਪਰ ਏਨੇ ਨੂੰ ਲੁਬਾਣਾ, ਧੰਗੇੜਾ ਤੇ ਕੈਦੂਪੁਰ ਦਾ ਸਕੂਲ ਪਿੰਡ ਦੇ ਨਾਲ ਹੀ ਦਸਵੀਂ ਦਾ ਬਣ ਗਿਆ ਸੀ, ਦਸਵੀਂ ਆਪਣੇ ਹੀ ਪਿੰਡ ਵਾਲੇ ਸਕੂਲ ਤੋਂ ਕੀਤੀ। ਇਕ ਸਾਲ ਰਿਪੁਦਮਨ ਕਾਲਜ ਨਾਭਾ ਵਿਚ ਲਗਾਇਆ, ਉਸ ਵੇਲੇ ਪ੍ਰੇੱਪ ਦੀ ਪੜਾਈ ਹੁੰਦੀ ਸੀ, ਉਸ ਤੋਂ ਬਾਅਦ ਹੀ ਨਾਭਾ ਆਈ ਟੀ ਆਈ ਕਰਨ ਲੱਗ ਪਏ, ਪਰ ਨਾਲ ਹੀ ਬੀਏ ਵੀ ਪ੍ਰਾਈਵੇਟ ਤੌਰ ਤੇ ਜਾਰੀ ਰੱਖੀ। ਸਰਕਾਰੀ ਨੌਕਰੀ ਕਰਨ ਦਾ ਮਨ ਬਿਲਕੁਲ ਨਹੀਂ ਸੀ, ਇਸ ਕਰਕੇ ਆਈ ਟੀ ਆਈ ਦਾ ਸਰਟੀਫਿਕੇਟ ਅੱਜ ਵੀ ਨਹੀਂ ਹਾਸਲ ਕੀਤਾ। ਜਦ ਕਿ ਉਸ ਵੇਲੇ ਆਈ ਟੀ ਆਈ ਕਰਕੇ ਨੌਕਰੀਆਂ ਬੜੀਆਂ ਸੁਖਾਲ਼ੀਆਂ ਮਿਲ ਜਾਂਦੀਆਂ ਸਨ, ਕਿਸੇ ਬਿਜਲੀ ਬੋਰਡ ਵਿਚ ਨੌਕਰੀ ਦੇ ਲੱਗੇ ਹੋਣਾ ਸੀ ਪਰ ਅਗਲੀ ਪੜ੍ਹਾਈ ਜਾਰੀ ਰੱਖੀ, ਰਾਜਨੀਤਿਕ ਸ਼ਾਸਤਰ, ਇਕਨਾਮਿਕ‌ਸ਼ ਦੀ ਐਮਏ ਅਤੇ ਜਰਨਲਿਜ਼ਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਕੀਤੀ। ਕਾਲਜ ਵਿਚ ਪੜ੍ਹਦਿਆਂ ਹੀ ਪੰਜਾਬ ਸਟੂਡੈਂਟਸ ਯੂਨੀਅਨ (ਪੀਐਸਯੂ) ਦੇ ਬਲਵਾਨ ਗਰੁੱਪ ਦੇ ਨਾਲ ਕਈ ਸੰਘਰਸ਼ ਵੀ ਕੀਤੇ, ਜੋ ਬਾਅਦ ਵਿਚ ਇੰਟਰਨੈਸ਼ਨਲ ਨੈਸ਼ਨਲਿਸਟ ਡੈਮੋਕ੍ਰੇਟਿਕ ਸਟੂਡੈਂਟਸ ਫ਼ਰੰਟ ਬਣਿਆ। ਉਸ ਗਰੁੱਪ ਵਿਚ 5-6 ਸਾਲ ਕੰਮ ਕੀਤਾ। ਖ਼ਬਰਾਂ ਲਿਖਣੀਆਂ ਪੜ੍ਹਨੀਆਂ ਇਨ੍ਹਾਂ ਸਰਗਰਮੀਆਂ ਤੋਂ ਹੀ ਸ਼ੁਰੂ ਹੋ ਗਈਆਂ ਸਨ। ਜਦੋਂ ਖ਼ਬਰਾਂ ਲਿਖਣ ਪੜ੍ਹਨ ਦਾ ਨਜ਼ਾਰਾ ਆਉਣ ਲੱਗ ਜਾਵੇ ਤਾਂ ਦਿਮਾਗ਼ ਵੀ ਖੁੱਲ ਜਾਂਦਾ ਹੈ। ਇਹੀ ਹਾਲ ਹੋਇਆ ਹਮੀਰ ਸਿੰਘ ਦਾ ਵੀ। ਦਿਮਾਗ਼ ਖੁੱਲ ਗਿਆ ਸੀ, ਜਿਵੇਂ ਦੁਨੀਆ ਸੋਚਦੀ ਹੈ, ਉਸ ਤਰ੍ਹਾਂ ਨਹੀਂ ਜਿਵੇਂ ਦੁਨੀਆ ਹੋਣੀ ਚਾਹੀਦੀ ਹੈ, ਉਸ ਤਰ੍ਹਾਂ ਦਿਮਾਗ਼ ਸੋਚਣ ਲੱਗ ਪਿਆ। ਬੇਇਨਸਾਫ਼ੀਆਂ ਕਿਉਂ ਹੁੰਦੀਆਂ ਹਨ? ਕੌਣ ਲੋਕ ਹਨ ਜੋ ਆਮ ਲੋਕਾਂ ਨੂੰ ਠਗਦੇ ਹਨ। ਕੌਣ ਲੋਕ ਹਨ ਜੋ ਸਾਰੇ ਦੇਸ਼ ਦਾ ਸਰਮਾਇਆ ਲੁੱਟ ਕੇ ਲੈ ਜਾਂਦੇ ਹਨ? ਅਜਿਹੇ ਵਿਚਾਰਾਂ ਵਿਚ ਇਕ ਪੱਤਰਕਾਰ ਲੁਕਿਆ ਹੋਇਆ ਸੀ।
-ਪੱਤਰਕਾਰੀ ਵਿਚ ਪ੍ਰਵੇਸ਼ ਕਰਨਾ- ਹਮੀਰ ਸਿੰਘ ਨੇ 1995 ਤੋਂ 1997 ਵਿਚ ਪੱਤਰਕਾਰਤਾ ਦੀ ਡਿੱਗਰੀ ਹਾਸਲ ਕਰ ਲਈ ਸੀ। ਸਰਕਾਰੀ ਨੌਕਰੀ ਵਿਚ ਜਾਣ ਦੀ ਤਮੰਨਾ ਇਕ ਫ਼ੀਸਦੀ ਵੀ ਨਹੀਂ ਸੀ। ‘ਅੱਜ ਦੀ ਅਵਾਜ਼’ ਦੀ ਉਸ ਵੇਲੇ ਕਾਫ਼ੀ ਚੜ੍ਹਤ ਸੀ, ਇਹ ਅਖ਼ਬਾਰ ਜਲੰਧਰ ਤੋਂ ਛਪਣ ਵਾਲਾ ਅਖ਼ਬਾਰ ਹੈ ਜਿਸ ਨੂੰ ਜਸਬੀਰ ਸਿੰਘ ਰੋਡੇ ਚਲਾਉਂਦੇ ਹਨ ਉਸ ਵੇਲੇ ਇਸ ਦੇ ਸੰਪਾਦਕ ਗੁਰਦੀਪ ਸਿੰਘ ਸਨ, ਜੋ ਅੱਜ ਕੱਲ੍ਹ ਗੁਰਦੀਪ ਸਿੰਘ ਬਠਿੰਡਾ ਦੇ ਨਾਮ ਨਾਲ ਮਸ਼ਹੂਰ ਹਨ। ਅੱਜ ਦੀ ਅਵਾਜ਼ ਵਿਚ ਬਤੌਰ ਨਿਊਜ਼ ਐਡੀਟਰ ਹਮੀਰ ਸਿੰਘ ਨੇ ਜੁਆਇਨ ਕਰ ਲਿਆ। ਇਕ ਸਾਲ ਇੱਥੇ ਕੰਮ ਕੀਤਾ। ਪਰ ਉਸ ਵੇਲੇ ਟੀਵੀ ਮੀਡੀਆ ਵੀ ਆ ਗਿਆ ਸੀ, ਬਹੁਤ ਹੀ ਚੰਗੇ ਗਰੁੱਪ ਦਾ ਪੰਜਾਬੀ ਟੀਵੀ ਚੈਨਲ ‘ਪੰਜਾਬੀ ਵਰਲਡ’ ਨੇ ਪੰਜਾਬੀ ਜਗਤ ਦੇ ਇਲੈਕਟ੍ਰੋਨਿਕ ਮੀਡੀਆ ਵਿਚ ਪ੍ਰਵੇਸ਼ ਕਰ ਲਿਆ ਸੀ। ਉਸ ਨੂੰ ਚਲਾਉਣ ਵਾਲੇ ਰਵਿੰਦਰ ਨਰਾਇਣ ਦਾ ਖ਼ਾਸ ਰੋਲ ਸੀ, ਪਰ ਨਿਊਜ਼ ਦਾ ਕੰਮ ਵਿਸ਼ੇਸ਼ ਕਰਕੇ ਪੀ ਟੀ ਆਈ ਤੋਂ ਆਏ ਵਿਪਨ ਧੁਲੀਆ ਕਰਦੇ ਸਨ। ਹਮੀਰ ਸਿੰਘ ਨੇ ਪੰਜਾਬੀ ਵਰਲਡ ਵਿਚ ਇਕ ਸਾਲ 1999 ਤੱਕ ਕੰਮ ਕੀਤਾ। ਪਰ ਉਹ ਬੰਦ ਹੋ ਗਿਆ ਸੀ। ਪੰਜਾਬੀ ਵਰਲਡ ਬੰਦ ਹੋਣ ਨਾਲ ਹੋਰਾਂ ਕਈਆਂ ਦੇ ਨਾਲ ਨਾਲ ਹਮੀਰ ਸਿੰਘ ਵੀ ਵਿਹਲੇ ਹੋ ਗਏ ਸਨ। ਪਰ ਪੰਜਾਬ ਵਿਚ ਉਸ ਵੇਲੇ ਹਿੰਦੀ ਦੇ ਅਖ਼ਬਾਰ ‘ਅਮਰ ਉਜਾਲਾ’ ਨੇ ਵੀ ਪ੍ਰਵੇਸ਼ ਕਰ ਲਿਆ ਸੀ। ਦਿਲੀ ਵਿਚ ‘ਪੰਜਾਬੀ ਵਰਲਡ’ ਵਿਚ ਹੋਣ ਕੰਮ ਕਰਨ ਕਰਕੇ ਦਿਲੀ ਦੇ ਮੀਡੀਆ ਵਿਚ ਕੰਮ ਕਰਨ ਵਾਲੇ ਲੋਕਾਂ ਨਾਲ ਜਾਣ ਪਹਿਚਾਣ ਬਣ ਗਈ ਸੀ, ਇਸ ਕਰਕੇ ਜਦੋਂ ਅਮਰ ਉਜਾਲਾ ਸ਼ੁਰੂ ਹੋਇਆ ਤਾਂ ਹਮੀਰ ਸਿੰਘ ਨਾਲ ਗਰੁੱਪ ਨੇ ਸੰਪਰਕ ਕੀਤਾ ਤਾਂ ਹਮੀਰ ਸਿੰਘ ਨੇ ਅਮਰ ਉਜਾਲਾ ਵਿਚ 1 ਜਨਵਰੀ 2000 ਨੂੰ ਜੁਆਇਨ ਕਰ ਲਿਆ। ਅਮਰ ਉਜਾਲਾ ਵਿਚ 13 ਸਾਲ ਪੱਤਰਕਾਰੀ ਕੀਤੀ, ਜਿਸ ਦੇ ਤਜਰਬੇ ਬਹੁਤ ਸਾਰੇ ਹਨ, ਕਿਤਾਬ ਬਣ ਸਕਦੀ ਹੈ, ਜਿਸ ਵਿਚ ਇਹ ਸਪਸ਼ਟ ਹੁੰਦਾ ਹੈ ਕਿ ਆਦਰਸ਼ਵਾਦੀ ਪੱਤਰਕਾਰੀ ਵੀ ਖੁੱਲ ਕੇ ਕੀਤੀ ਜਾ ਸਕਦੀ ਹੈ, ਇਹ ਹਮੀਰ ਸਿੰਘ ਨਾਲ ਗੱਲਾਂ ਕਰਕੇ ਸਪਸ਼ਟ ਹੋ ਜਾਂਦਾ ਹੈ। ਹਮੀਰ ਸਿੰਘ ਨੇ ਹਿੰਦੀ ਮੀਡੀਆ ਦੀ ਥਾਂ ਹੁਣ ਪੰਜਾਬੀ ਮੀਡੀਆ ਵਿਚ ਆਉਣ ਲਈ ਤਿਆਰੀ ਕੀਤੀ, ਪੰਜਾਬੀ ਟ੍ਰਿਬਿਊਨ ਵਿਚ ਸੰਪਾਦਕ ਵਰਿੰਦਰ ਵਾਲੀਆ ਹੁੰਦੇ ਸਨ। ਮੇਘਾ ਸਿੰਘ ਨੇ ਹਮੀਰ ਸਿੰਘ ਨਾਲ ਸੰਪਰਕ ਕੀਤਾ ਅਤੇ ਪੰਜਾਬੀ ਟ੍ਰਿਬਿਊਨ ਵਿਚ ਇੰਟਰਵਿਊ ਦੇਣ ਲਈ ਹਮੀਰ ਸਿੰਘ ਨੂੰ ਸੱਦਿਆ ਗਿਆ। ਉਸੇ ਦਿਨ ਭਾਵ ਕਿ 14 ਦਸੰਬਰ 2013 ਨੂੰ ‘ਪੰਜਾਬੀ ਟ੍ਰਿਬਿਊਨ’ ਬਤੌਰ ‘ਨਿਊਜ਼ ਕੋਆਰਡੀਨੇਟਰ’ ਜੁਆਇਨ ਕਰ ਲਿਆ।
-ਅਮਰ ਉਜਾਲਾ ਵਿਚ ਹੁੰਦਿਆਂ ਪੱਤਰਕਾਰੀ ਦੇ ਕੁਝ ਤਜਰਬੇ- ਹਮੀਰ ਸਿੰਘ ਦੱਸਦੇ ਹਨ ਕਿ ਅਮਰ ਉਜਾਲਾ ਵਿਚ ਸੰਪਾਦਕ ਉਦੇ ਸਿਨਹਾ ਹੁੰਦੇ ਸਨ। ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ। ਭਰਤ ਇੰਦਰ ਸਿੰਘ ਚਾਹਲ ਲੋਕ ਸੰਪਰਕ ਵਿਭਾਗ ਤੋਂ ਅਸਤੀਫ਼ਾ ਦੇ ਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਣ ਗਏ ਸਨ। ਮੀਡੀਆ ਸਲਾਹਕਾਰ ਬਣਨ ਦੀ ਕਹਾਣੀ ਚਮਤਕਾਰੀ ਹੈ, ਕੈਪਟਨ ਅਮਰਿੰਦਰ ਸਿੰਘ ਵਿਰੁੱਧ ਇਲੈੱਕਸ਼ਨ ਪਟੀਸ਼ਨ ਪੈ ਗਈ ਸੀ, ਜਿਸ ਦਾ ਮੁੱਖ ਕਾਰਨ ਭਰਤ ਇੰਦਰ ਸਿੰਘ ਚਾਹਲ ਸੀ ਜਿਸ ਨੇ ਚੋਣਾ ਦੌਰਾਨ ਲੋਕ ਸੰਪਰਕ ਦਾ ਵੱਡਾ ਅਧਿਕਾਰੀ ਹੋਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦਾ ਮੀਡੀਆ ਸੰਭਾਲਿਆ ਹੋਇਆ ਸੀ, ਉਹ ਸਾਰੇ ਸਬੂਤਾਂ ਨਾਲ ਇਲੈੱਕਸ਼ਨ ਪਟੀਸ਼ਨ ਪੈ ਗਈ ਸੀ, ਜਿਸ ਕਰਕੇ ਭਰਤ ਇੰਦਰ ਸਿੰਘ ਚਾਹਲ ਨੂੰ ਲੋਕ ਸੰਪਰਕ ਵਿਭਾਗ ਤੋਂ ਅਸਤੀਫ਼ਾ ਦਵਾ ਕੇ ‘ਅਲਾਦੀਨ ਦੇ ਚਿਰਾਗ਼ ਦੇ ਜਿੰਨ’ ਵੱਲੋਂ ਕੀਤੇ ਜਾਂਦੇ ਚਮਤਕਾਰ ਵਾਂਗ ਸਾਰੇ ਸਰਕਾਰੀ ਲਾਭ ਇਕ ਦਿਨ ਵਿਚ ਹੀ ਦਿੱਤੇ ਗਏ ਤੇ ਉਸੇ ਦਿਨ ਮੁੱਖ ਮੰਤਰੀ ਦਾ ਮੀਡੀਆ ਸਲਾਹਕਾਰ ਬਣਾ ਦਿੱਤਾ ਗਿਆ ਸੀ। ਇਸ ਚਮਤਕਾਰ ਤੋਂ ਸੋਚਿਆ ਜਾ ਸਕਦਾ ਹੈ ਕਿ ਭਰਤਇੰਦਰ ਸਿੰਘ ਚਾਹਲ ਦੀ ਸਰਕਾਰ ਵਿਚ ਕਿੰਨੀ ਕੁ ਤਾਕਤ ਹੋਵੇਗੀ। ਹਮੀਰ ਸਿੰਘ ਮਸਤ ਮੌਲਾ ਪੱਤਰਕਾਰ, ਉਹ ਥੋੜ੍ਹੇ ਕੀਤਿਆਂ ਸੱਤਾ ਤੋਂ ਦੂਰ ਰਹਿਣ ਵਾਲਾ ਮਸਤ ਮਲੰਗ ਪੱਤਰਕਾਰ। ਭਰਤਇੰਦਰ ਸਿੰਘ ਚਾਹਲ ਨੇ ਅਮਰ ਉਜਾਲਾ ਦੇ ਸੰਪਾਦਕ ਉਦੇ ਸਿਨਹਾ ਨੂੰ ਹਮੀਰ ਸਿੰਘ ਦੀ ਸ਼ਿਕਾਇਤ ਕਰ ਦਿੱਤੀ। ਪਰ ਉਦੇ ਸਿਨਹਾ ਨੇ ਉਸ ਸ਼ਿਕਾਇਤ ਦੀ ਗੱਲ ਹਮੀਰ ਸਿੰਘ ਨਾਲ ਨਾ ਕੀਤੀ, ਜਦੋਂ ਸਰਕਾਰ ਚਲੀ ਗਈ ਤਾਂ ਉਦੇ ਸਿਨਹਾ ਨੇ ਹਮੀਰ ਸਿੰਘ ਨੂੰ ਸ਼ਿਕਾਇਤ ਦੀ ਕਾਪੀ ਦਿਖਾ ਕੇ ਕਿਹਾ ਕਿ ‘ਇਹ ਸ਼ਿਕਾਇਤ ਭਰਤਇੰਦਰ ਸਿੰਘ ਚਾਹਲ ਨੇ ਕੀਤੀ ਸੀ ਮੈਂ ਸੋਚਿਆ ਕਿ ਇਹ ਸ਼ਿਕਾਇਤ ਹਮੀਰ ਸਿੰਘ ਨੂੰ ਦਿਖਾਉਣ ਦੀ ਅਜੇ ਲੋੜ ਨਹੀਂ ਹੈ, ਮੈਨੂੰ ਇੰਜ ਲੱਗਦਾ ਸੀ ਕਿ ਉਹ ਚਾਹੁੰਦਾ ਹੋਵੇਗਾ ਕਿ ਹਮੀਰ ਸਿੰਘ ਉਸ ਨਾਲ ਚਾਹ ਦਾ ਕੱਪ ਸਾਂਝਾ ਕਰੇ, ਉਸ ਨੂੰ ਸਲੂਟ ਮਾਰੇ, ਪਰ ਹਮੀਰ ਸਿੰਘ ਨਹੀਂ ਕਰਦਾ ਹੋਵੇਗਾ। ਇਸ ਕਰਕੇ ਹਮੀਰ ਸਿੰਘ ਨੂੰ ਇਹ ਸ਼ਿਕਾਇਤ ਦਿਖਾ ਕੇ ਉਂਜ ਹੀ ਡਿਸਟਰਬ ਕਰਨ ਦੀ ਲੋੜ ਨਹੀਂ ਸੀ, ਪਰ ਅੱਜ ਇਹ ਸ਼ਿਕਾਇਤ ਦੀ ਕਾਪੀ ਤੁਹਾਡੇ ਹਵਾਲੇ ਕਰਕੇ ਇਹ ਸਮਸ਼ਟ ਕਰਨਾ ਵੀ ਜਰੂਰੀ ਹੈ’ ਇਹ ਗੱਲ ਬੜੀ ਵੱਡੀ ਹੈ, ਇਸੇ ਕਰਕੇ ਕਈ ਅਦਾਰੇ ਵੱਡੇ ਹੋਣ ਦਾ ਦਮ ਭਰ ਲੈਂਦੇ ਹਨ। ਜੋ ਸ਼ਿਕਾਇਤਾਂ ਤੋਂ ਵੱਡਾ ਪੱਤਰਕਾਰ ਨੂੰ ਸਮਝਦੇ ਹਨ। ਇਸੇ ਤਰ੍ਹਾਂ ਸ਼ਰਾਬ ਫ਼ੈਕਟਰੀ ਮੈਣ ਵੱਲੋਂ ਛੱਡੇ ਜਾ ਰਹੇ ਗੰਦੇ ਪਾਣੀ ਕਰਕੇ ਖੇਤਾਂ ਵਿਚ ਪੈਂਦੇ ਮਾੜੇ ਪ੍ਰਭਾਵ ਦੀ ਰਿਪੋਰਟ ਹਮੀਰ ਸਿੰਘ ਨੇ ਤਿਆਰ ਕੀਤੀ ਤੇ ਅਮਰ ਉਜਾਲਾ ਨੇ ਪ੍ਰਮੁੱਖਤਾ ਨਾਲ ਛਾਪੀ। ਸ਼ਰਾਬ ਫ਼ੈਕਟਰੀ ਦੇ ਮਾਲਕਾਂ ਨੇ ਇਲਾਕੇ ਦੇ ਕਥਿਤ ਸ਼ਰਾਬੀ ਸਰਪੰਚਾਂ ਦੇ ਦਸਤਖ਼ਤ ਕਰਵਾ ਕੇ ਇਕ ਸ਼ਿਕਾਇਤ ਅਖ਼ਬਾਰ ਦੇ ਸੰਪਾਦਕ ਤੱਕ ਪੁੱਜਦੀ ਕੀਤੀ। ਸੰਪਾਦਕ ਨੇ ਸ਼ਿਕਾਇਤ ਨੂੰ ਬੜੀ ਗ਼ੌਰ ਨਾਲ ਦੇਖਿਆ ਤੇ ਸ਼ਿਕਾਇਤ ਦੇਣ ਆਇਆਂ ਨੂੰ ਸੰਪਾਦਕ ਨੇ ਕਿਹਾ ਕਿ ‘ਆਪਾਂ ਤਿੰਨ ਪੱਤਰਕਾਰਾਂ ਦੀ ਟੀਮ ਬਣਾ ਦਿੰਦੇ ਹਾਂ, ਉਹ ਖੋਜ ਕਰਕੇ ਆਉਣਗੇ, ਜੇਕਰ ਪਾਣੀ ਖੇਤਾਂ ਨੂੰ ਨਾ ਖ਼ਰਾਬ ਕਰਦਾ ਹੋਇਆ ਤਾਂ ਆਪਾਂ ਪੱਤਰਕਾਰ ਦੇ ਖ਼ਿਲਾਫ਼ ਐਕਸ਼ਨ ਲਵਾਂਗੇ, ਪਰ ਜੇਕਰ ਪਾਣੀ ਖ਼ਰਾਬ ਕਰਦਾ ਹੋਇਆ ਤਾਂ ਇਹ ਰਿਪੋਰਟਾਂ ਹੋਰ ਵੀ ਪ੍ਰਮੁੱਖਤਾ ਨਾਲ ਛਾਪੀਆਂ ਜਾਣਗੀਆਂ।’ ਇਹ ਸੁਣ ਕੇ ਫੈਕਟਰੀ ਮਾਲਕਾਂ ਨੇ ਕਿਹਾ ਕਿ ‘ਇਹ ‌ਸ਼ਿਕਾਇਤ ਨਹੀਂ ਹੈ ਸਾਡਾ ਤਾਂ ਕਹਿਣਾ ਹੈ ਕਿ ਸਾਡਾ ਪੱਖ ਵੀ ਪੂਰਾ ਛਾਪਿਆ ਜਾਵੇ’ ਤਾਂ ਸੰਪਾਦਕ ਨੇ ਕਿਹਾ ਕਿ ‘ਫੇਰ ਤੁਸੀਂ ਦੁਬਾਰਾ ਹਮੀਰ ਸਿੰਘ ਨਾਲ ਹੀ ਸੰਪਰਕ ਕਰੋ।’ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਕਹਾਣੀਆਂ ਦੀ ਤਰ੍ਹਾਂ ਇਕ ਹੋਰ ਕਹਾਣੀ ਹੈ ਜਿਵੇਂ ਕਿ ਇਕ ਆਈਏਐਸ ਹੁੰਦਾ ਸੀ ਸਰਵਣ ਸਿੰਘ ਚੰਨੀ। ਅੱਜ ਕੱਲ੍ਹ ਉਹ ਭਾਰਤੀ ਜਨਤਾ ਪਾਰਟੀ ਵਿਚ ਹੈ। ਉਸ ਵੇਲੇ ਉਹ ਮਾਰਕਫੈੱਡ ਦਾ ਐਮਡੀ ਸੀ। ਉਸ ਦੀ ਕੁੜੀ ਨਾਲ ਸਬੰਧਿਤ ਇਕ ਰਿਪੋਰਟ ਤਿਆਰ ਕੀਤੀ ਗਈ, ਜਿਸ ਦਾ ਮੂਲ ਤੱਥ ਸੀ ਕਿ ਐਮਬੀਬੀਐਸ ਦੀ ਮੈਰਿਟ ਤੋੜ ਕੇ ਉਸ ਨੂੰ ਐਡਮਿਸ਼ਨ ਦਿੱਤੀ ਗਈ ਹੈ, ਪਰ ਡੈਸਕ ਨੇ ਹਮੀਰ ਸਿੰਘ ਦੀ ਗ਼ੈਰਹਾਜ਼ਰੀ ਵਿਚ ਹੈਡਿੰਗ ਕੱਢ ਦਿੱਤਾ ‘ਮੁੰਨੀ ਬਾਈ ਚਲੀ ਐਮਬੀਬੀਐਸ ਬਣਨੇ’। ਖ਼ਬਰ ਅੰਦਰ ਤੱਥਾਂ ਅਧਾਰਿਤ ਸੀ ਪਰ ਹੈਡਿੰਗ ਵਿਚ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਲੱਗ ਰਹੀ ਸੀ। ਸ. ਚੰਨੀ ਨੇ ਸ਼ਿਕਾਇਤ ਕੀਤੀ ਕਿ ‘ਹਮੀਰ ਸਿੰਘ ਆਪਣੇ ਕਿਸੇ ਵਿਅਕਤੀ ਨੂੰ ਐਕਸ਼ਨ ਪ੍ਰਮੋਟ ਕਰਾਉਣਾ ਚਾਹੁੰਦਾ ਸੀ, ਉਹ ਅਸੀਂ ਨਹੀਂ ਕੀਤਾ ਤਾਂ ਮੇਰੀ ਖ਼ਬਰ ਲਗਾ ਦਿੱਤੀ’ ਇਹ ਗੱਲ ਸੰਪਾਦਕ ਕੋਲ ਜਦੋਂ ਗਈ ਤਾਂ ਉਨ੍ਹਾਂ ਸਰਸਰੀ ਹਮੀਰ ਸਿੰਘ ਨਾਲ ਗੱਲ ਕਰ ਲਈ ਤਾਂ ਹਮੀਰ ਸਿੰਘ ਨੇ ਕਿਹਾ ‘ਮੈਂ ਐਮਡੀ ਦੇ ਸਾਹਮਣੇ ਜਾਂਦਾ ਹਾਂ, ਜੇਕਰ ਮੈਨੂੰ ਉਹ ਪਹਿਚਾਣ ਵੀ ਲਵੇ ਤਾਂ ਕੁਝ ਵੀ ਕੀਤਾ ਜਾ ਸਕਦਾ ਹੈ, ਭਾਵ ਕਿ ਉਹ ਤਾਂ ਕਦੇ ਫਿਜ਼ੀਕਲੀ ਉਸ ਨੂੰ ਮਿਲਿਆ ਵੀ ਨਹੀਂ ਹੈ’ ਪਰ ਬਾਅਦ ਵਿਚ ਸ.ਚੰਨੀ ਵੀ ਪਿੱਛੇ ਹਟ ਗਿਆ। ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਹਮੀਰ ਸਿੰਘ ਨਾਲ ਵਾਪਰੀਆਂ ਹੋਈਆਂ ਹਨ।
-ਪੱਤਰਕਾਰਾਂ ਦੀ ਤਿੱਕੜੀ- ਹਮੀਰ ਸਿੰਘ ਅਮਰ ਉਜਾਲਾ ਵਿਚ ਹੁੰਦੇ ਸਨ ਨਾਲ ਹੀ ਪੱਤਰਕਾਰ ਐਸਪੀ ਸਿੰਘ ਐਕਸਪ੍ਰੈੱਸ ਵਿਚ ਤੇ ਰਮਨਿੰਦਰ ਭਾਟੀਆ ਟਾਈਮਜ਼ ਆਫ਼ ਇੰਡੀਆ ਵਿਚ ਹੁੰਦੀ ਸੀ ਤੇ ਨਾਲ ਹੀ ਦਵਿੰਦਰ ਪਾਲ ਪੰਜਾਬੀ ਟ੍ਰਿਬਿਊਨ ਵਿਚ ਕੰਮ ਕਰਦੇ ਸਨ। ਜਦੋਂ ਵੀ ਕੋਈ ਪ੍ਰੈੱਸ ਕਾਨਫ਼ਰੰਸ ਹੁੰਦੀ ਸੀ ਤਾਂ ਇਹ ਕਦੇ ਤਿੰਨ ਕਦੇ ਚਾਰ ਪੱਤਰਕਾਰ ਉੱਥੇ ਹੁੰਦੇ ਸਨ, ਸਿਆਸੀ ਖ਼ਾਸ ਕਰਕੇ ਸੱਤਾਧਾਰੀ ਲੋਕ ਖ਼ਬਰਾਂ ਨੂੰ ਦਬਾਉਂਦੇ ਹਨ। ਪਰ ਇਹ ਤਿੱਕੜੀ ਖ਼ਬਰਾਂ ਉਗਲਾਉਣ ਦਾ ਕੰਮ ਕਰਾਉਂਦੀ ਸੀ। ਇਹ ਸਲਾਹ ਕਰਕੇ ਜਾਂਦੇ ਸਨ ਕਿ ਇਕ ਪੱਤਰਕਾਰ ਜੇਕਰ ਸਵਾਲ ਪੁੱਛੇ ਤਾਂ ਜੇਕਰ ਉਹ ਸਵਾਲ ਨੂੰ ਅਣਗੌਲ਼ਿਆ ਕੀਤਾ ਜਾਵੇ ਤਾਂ ਦੂਜਾ ਪੱਤਰਕਾਰ ਉਸ ਨੂੰ ਦੁਬਾਰਾ ਪੁੱਛੇਗਾ। ਫੇਰ ਵੀ ਜੇਕਰ ਅਣਗੌਲ਼ਿਆ ਹੋਵੇ ਤਾਂ ਤੀਜਾ ਪੱਤਰਕਾਰ ਉਸੇ ਸਵਾਲ ਤੇ ਜ਼ੋਰ ਦੇਵੇਗਾ ਜਾਂ ਉਸ ਨਾਲ ਮਿਲਦਾ ਜੁਲਦਾ ਸਵਾਲ ਪੁੱਛੇਗਾ। ਇਸ ਕਰਕੇ ਸਿਆਸੀ ਵਿਅਕਤੀ ਜਾਂ ਖ਼ਾਸ ਕਰਕੇ ਸੱਤਾਧਾਰੀ ਵਿਅਕਤੀ ਸਵਾਲ ਦਾ ਜਵਾਬ ਦੇਣ ਤੋਂ ਬਿਨਾਂ ਜਾ ਹੀ ਨਹੀਂ ਸਕਦਾ ਸੀ, ਉਸ ਨੂੰ ਜਵਾਬ ਦੇਣਾ ਹੀ ਪੈਂਦਾ ਸੀ। ਪਰ ਅਜੋਕੇ ਪੱਤਰਕਾਰਾਂ ਦਾ ਹਾਲ ਬਿਲਕੁਲ ਇਸ ਦੇ ਉਲਟ ਹੈ। ਉਹ ਮੰਤਰੀਆਂ ਖ਼ਾਸ ਕਰਕੇ ਸੱਤਾਧਾਰੀਆਂ ਨੂੰ ਕਿਸੇ ਆਦਰਸ਼ਵਾਦੀ ਪੱਤਰਕਾਰ ਵੱਲੋਂ ਪੁੱਛੇ ਜਾਂਦੇ ਸਵਾਲਾਂ ਨੂੰ ਨਜ਼ਰ ਅੰਦਾਜ਼ ਕਰਾਉਣ ਲਈ ਰੋਲ ਨਿਭਾਉਂਦੇ ਹਨ।
-ਗਿਫ਼ਟ ਕਲਚਰ- ਪੱਤਰਕਾਰਾਂ ਨੂੰ ਗਿਫ਼ਟ ਦੇਣ ਦਾ ਕਲਚਰ ਕਾਫ਼ੀ ਮਸ਼ਹੂਰ ਹੋਇਆ, ਜੋ ਅੱਜ ਵੀ ਚੱਲ ਰਿਹਾ ਹੈ, ਅਜੋਕੇ ਕੁਝ ਪੱਤਰਕਾਰਾਂ ਦੀਆਂ ਕੁਝ ਜਥੇਬੰਦੀਆਂ ਤਾਂ ਦੀਵਾਲੀ ਮੌਕੇ ਤੇ ਹੀ ਸਰਗਰਮ ਹੁੰਦੀਆਂ ਹਨ, ਅਦਾਰਿਆਂ ਨੂੰ ਲਿਸਟਾਂ ਦੇ ਕੇ ਆਉਂਦੇ ਹਨ ਦੇਖੇ ਹਨ ਤਾਂ ਕਿ ਗਿਫ਼ਟ ਮਿਲ ਸਕਣ। ਹਮੀਰ ਸਿੰਘ ਕੋਲ ਵੀ ਗਿਫ਼ਟ ਆਉਂਦੇ ਸਨ ਪਰ ਜਦੋਂ ਵਾਰ ਵਾਰ ਹਮੀਰ ਸਿੰਘ ਨੇ ਗਿਫ਼ਟ ਮੋੜ ਦਿੱਤੇ ਤਾਂ ਸਿਆਸੀ ਗੈਰ ਸਿਆਸੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਸ ਪੱਤਰਕਾਰ ਕੋਲ ਗਿਫ਼ਟ ਲੈ ਕੇ ਜਾਣ ਦੀ ਲੋੜ ਨਹੀਂ ਹੈ। ਉਸ ਤੋਂ ਬਾਅਦ ਹਮੀਰ ਸਿੰਘ ਕੋਲ ਗਿਫ਼ਟ ਆਉਣੇ ਬੰਦ ਹੋ ਗਏ।
-ਪੰਜਾਬੀ ਪੱਤਰਕਾਰੀ ਵਿਚ ਪ੍ਰਵੇਸ਼- ਜਦੋਂ ਵਰਿੰਦਰ ਵਾਲੀਆ ਸੰਪਾਦਕ ਹੁੰਦੇ ਸਨ ਤਾਂ ਬਤੌਰ ਨਿਊਜ਼ ਕੋਆਰਡੀਨੇਟਰ ਹਮੀਰ ਸਿੰਘ ਨੇ ਪੰਜਾਬੀ ਟ੍ਰਿਬਿਊਨ ਵਿਚ ਜੁਆਇਨ ਕਰ ਲਿਆ। ਵਰਿੰਦਰ ਵਾਲੀਆ ਨੂੰ ਪੱਤਰਕਾਰ ਦੀ ਕਾਬਲੀਅਤ ਪਤਾ ਹੁੰਦੀ ਸੀ, ਫ਼ੀਲਡ ਪੱਤਰਕਾਰੀ ਵਿਚੋਂ ਨਿਕਲ ਕੇ ਸੰਪਾਦਕ ਦੀ ਕੁਰਸੀ ਤੇ ਬੈਠੇ ਸਨ ਤਾਂ ਇਹ ਵਾਧੂ ਦਾ ਲਾਭ ਤਾਂ ਅਖ਼ਬਾਰ ਨੂੰ ਮਿਲ ਹੀ ਜਾਂਦਾ ਹੈ, ਉਨ੍ਹਾਂ ਨੇ ਹਮੀਰ ਸਿੰਘ ਦੀ ਲਿਖਣ ਦੀ ਕਾਬਲੀਅਤ ਪਰਖ ਲਈ ਸੀ ਤੇ ਉਨ੍ਹਾਂ ਨੇ ਆਮ ਦਿਨਾਂ ਵਿਚ ਸੰਪਾਦਕੀਆਂ ਲਿਖਣ ਦਾ ਜ਼ਿੰਮਾ ਹਮੀਰ ਸਿੰਘ ਦੇ ਹਵਾਲੇ ਕੀਤਾ। ਮੁੱਖ ਸੰਪਾਦਕ ਰਾਜ ਚਿੰਗੱਪਾ ਹੋਰੀਂ ਹੁੰਦੇ ਸਨ ਤਾਂ ਨਿੱਤ ਮੀਟਿੰਗ ਹੁੰਦੀ, ਮੀਟਿੰਗ ਵਿਚ ਹਿੰਦੀ, ਪੰਜਾਬੀ ਦੇ ਅੰਗਰੇਜ਼ੀ ਟ੍ਰਿਬਿਊਨ ਸਾਂਝ ਹੁੰਦੀ ਸੀ। ਤਿੰਨੇ ਅਖ਼ਬਾਰਾਂ ਦੀ ਸਾਂਝੀ ਮੀਟਿੰਗ ਹੋਣ ਕਰਕੇ ਲਾਭ ਇਹ ਹੋਇਆ ਕਿ ਪੰਜਾਬੀ ਦੇ ਪੱਤਰਕਾਰਾਂ ਦੀਆਂ ਵਿਸ਼ੇਸ਼ ਰਿਪੋਰਟਾਂ ਅੰਗਰੇਜ਼ੀ ਵਿਚ ਵੀ ਛਪਦੀਆਂ ਸਨ। ਭਾਵੇਂ ਕਿ ਬਾਅਦ ਵਿਚ ਉਹ ਬੰਦ ਹੋ ਗਈਆਂ ਸਨ। ਉਸ ਵੇਲੇ ਦੇ ਬਹੁਤ ਤਜਰਬੇ ਸਾਂਝੇ ਕੀਤੇ ਹਮੀਰ ਸਿੰਘ ਨੇ ਪਰ ਉਹ ਕਿਤੇ ਫੇਰ ਕਿਸੇ ਵਿਸ਼ੇਸ਼ ਕਿਤਾਬ ਵਿਚ ਲਿਖੇ ਜਾ ਸਕਦੇ ਹਨ ਪਰ ਇਸ ਵੇਲੇ ਕੁਝ ਖ਼ਾਸ ਦੀ ਹੀ ਸਾਂਝ ਪਾ ਰਹੇ ਹਾਂ। ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਐਡੀਟਰ ਸੁਰਿੰਦਰ ਸਿੰਘ ਤੇਜ਼ ਹੁੰਦੇ ਸਨ, ਵਰਿੰਦਰ ਵਾਲੀਆ ਤੋਂ ਬਾਅਦ ਹੀ ਸੁਰਿੰਦਰ ਤੇਜ਼ ਹੋਰੀਂ ਸੰਪਾਦਕ ਬਣ ਗਏ। ਹਮੀਰ ਸਿੰਘ ਹੋਰੀਂ ਕਹਿੰਦੇ ਹਨ ਕਿ..... (ਨੋਟ : ਪੰਜਾਬੀ ਟ੍ਰਿਬਿਊਨ ਦੇ ਅਗਲੇ ਸਫਰ, ਪੰਜਾਬੀ ਟ੍ਰਿਬਿਊਨ ਵਰਗਾ ਵੱਡਾ ਅਦਾਰਾ ਛੱਡਣ ਦਾ ਕੀ ਕਾਰਨ ਬਣਿਆ, ਬਾਰੇ ਹਮੀਰ ਸਿੰਘ ਨੇ ਕਾਫੀ ਕੁਝ ਸਾਂਝਾ ਕੀਤਾ, ਪਰ ਅਜੇ ਉਹ ਪਬਲਿਸ਼ ਨਹੀਂ ਕੀਤਾ ਜਾ ਰਿਹਾ, ਉਹ ਚੈਪਟਰ ਤਿਆਰ ਹੈ, ਪਰ ਉਹ ਪਾਠਕ ਵਰਗ ਕਿਤਾਬ ਵਿਚ ਪੜ੍ਹ ਸਕਣਗੇ। ਪਾਠਕ ਵਰਗ ਨੂੰ ਇਹ ਨਾ ਲੱਗੇ ਕਿ ਮੈਂ ਉਹ ਛੱਡ ਗਿਆ ਹਾਂ, ਕੁਝ ਸੱਚ ਸਾਹਮਣੇ ਆਉਣ ਲਈ ਵਕਤ ਦੀ ਮੰਗ ਕਰਦੇ ਹਨ, ਅਜੇ ਵਕਤ ਅਨੁਕੂਲ ਨਹੀਂ ਹੈ, ਪਰ ਕਿਤਾਬ ਵਿਚ ਪੜ੍ਹਨ ਨੂੰ ਜਰੂਰ ਮਿਲੇਗਾ।.. ਅਜੇ ਪਾਠਕਾਂ ਤੋਂ ਮਾਫੀ ਚਾਹੁੰਦਾ ਹਾਂ।)
-ਪੰਜਾਬੀ ਟ੍ਰਿਬਿਊਨ ਵਿਚ ਪੱਤਰਕਾਰੀ- ਪੰਜਾਬੀ ਟ੍ਰਿਬਿਊਨ ਵਿਚ ਰਹਿੰਦਿਆਂ ਹਮੀਰ ਸਿੰਘ ਨੇ ਕਈ ਸਾਰੇ ਮੁੱਦੇ ਚੁੱਕੇ ਜੋ ਪੰਜਾਬ ਦੇ ਪੀੜਤ ਲੋਕਾਂ ਲਈ ਸੰਜੀਵਨੀ ਬਣ ਕੇ ਸਾਹਮਣੇ ਆਏ। ਮਨਰੇਗਾ ਵਿਚ ਪੱਤਰਕਾਰੀ ਹੀ ਨਹੀਂ ਸਗੋਂ ਨਿੱਜੀ ਮੈਦਾਨ ਵਿਚ ਕੁੱਦ ਕੇ ਕੰਮ ਕੀਤਾ, ਹੁਣ ਪੰਜਾਬ ਦੇ ਛੇ ਜ਼ਿਲ੍ਹੇ ਪਟਿਆਲਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ, ਬਰਨਾਲਾ, ਮਾਨਸਾ, ਮਲੇਰਕੋਟਲਾ ਆਦਿ ਵਿਚ ਅੱਜ ਮਨਰੇਗਾ ਦੇ ਮਜ਼ਦੂਰ ਹਰ ਤਰ੍ਹਾਂ ਦਾ ਕਾਨੂੰਨ ਜਾਣਦੇ ਹਨ।
‘ਪਿੰਡ ਬਚਾਓ ਪੰਜਾਬ ਬਚਾਓ’ ਮੂਵਮੈਂਟ ਤਹਿਤ ਲੋਕਾਂ ਦੀ ਸਸ਼ਕਤੀਕਰਨ ਦਾ ਕੰਮ ਕੀਤਾ। ਪੇਂਡੂ ਪੱਤਰਕਾਰੀ ਹੋਣੀ ਚਾਹੀਦੀ ਹੈ। ਜੇਕਰ ਪਿੰਡਾਂ ਵਿਚ ਕੰਮ ਕਰਨ ਵਾਲੇ ਪੱਤਰਕਾਰ ਪੇਂਡੂ ਪੱਤਰਕਾਰੀ ਨਹੀਂ ਕਰਦੇ ਤਾਂ ਲਾਜ਼ਮੀ ਹੈ ਕਿ ਕਿਸੇ ਨਾ ਕਿਸੇ ਪੱਤਰਕਾਰ ਨੂੰ ਮੈਦਾਨ ਵਿਚ ਉਤਰ ਕੇ ਐਕ‌ਟਿਵ ਰੋਲ ਨਿਭਾਉਣਾ ਪਵੇਗਾ। ਹੁਣ ਜਦੋਂ ਮਜ਼ਦੂਰਾਂ ਵਿਚ ਜਾਗਰੂਕਤਾ ਆਈ ਹੈ ਤਾਂ ਸੰਗਰੂਰ ਵਰਗੇ ਸ਼ਹਿਰ ਵਿਚ ਮਜ਼ਦੂਰਾਂ ਦਾ 10 ਹਜ਼ਾਰ ਦਾ ਇਕੱਠ ਵੀ ਹੋ ਜਾਂਦਾ ਹੈ। ਬੇਸ਼ੱਕ ਮਜ਼ਦੂਰ ਘੱਟ ਪੜ੍ਹੇ ਲਿਖੇ ਹਨ ਪਰ ਛੇ ਜ਼ਿਲਿਆਂ ਵਿਚ ਮਜ਼ਦੂਰ ਹੁਣ ਨਾਅਰੇ ਮਾਰਨ ਜੋਗੇ ਨਹੀਂ ਰਹਿ ਗਏ ਪਰ ਉਹ ਹੁਣ ਸਭ ਜਾਣਦੇ ਹਨ। ਇਸ ਕਰਕੇ ਪਿੰਡ ਪੱਧਰ ਤੇ ਮਜ਼ਦੂਰ ਵਰਗ ਨੂੰ ਸਿੱਖਿਅਤ ਕਰਨ ਦੀ ਲੋੜ ਹੈ। ਇੱਥੇ ਆਕੇ ਪੀ ਸਾਈਨਾਥ ਵਰਗੇ ਦੋ ਰਿਪੋਰਟਾਂ ਪਿੰਡਾਂ ਦੀਆਂ ਕਰ ਕੇ ਕਹਿੰਦਾ ਹੈ ਕਿ ਪੰਜਾਬ ਦੇ ਪੇਂਡੂ ਪੱਤਰਕਾਰ ਦੀ ਭੂਮਿਕਾ ਨਿਭਾ ਰਹੇ ਹਾਂ ਪਰ ਸਾਡਾ ਪੰਜਾਬ ਦਾ ਪੱਤਰਕਾਰ ਇਹ ਕਿਉਂ ਨਹੀਂ ਲਿਖ ਸਕਦਾ? ਸੋ ਹਮੀਰ ਸਿੰਘ ਨੇ ਕਿਸਾਨੀ ਖੁਦਕੁਸ਼ੀਆਂ ਤੇ ਪੰਜਾਬੀ ਟ੍ਰਿਬਿਊਨ ਵਿਚ ਵਿਸ਼ੇਸ਼ ਲੜੀ ਚਲਾਈ। ਜਿਵੇਂ ਕਿ ‘ਖੇਤ ਬਣੇ ਜਾਨ ਦਾ ਖੌ’। ਉਸ ਵੇਲੇ ਪਰਿਵਾਰਾਂ ਵਿਚ ਜਾ ਕੇ ਕੇ ਕੰਮ ਕੀਤਾ।
ਸੰਸਥਾਵਾਂ ਬਣ ਗਈਆਂ, ਟਰੱਸਟ ਬਣਿਆ ਜਿਸ ਨੇ ਕਿਸਾਨਾਂ ਦੇ 300 ਬੱਚੇ ਪੜਾਉਣ ਲਈ ਕੰਮ ਕੀਤਾ, ਉਹ ਉਨ੍ਹਾਂ ਪੀੜਤ ਕਿਸਾਨਾਂ ਦੇ ਪਤੇ ਪੰਜਾਬੀ ਟ੍ਰਿਬਿਊਨ ਤੋਂ ਹਾਸਲ ਕਰਦੇ ਸਨ। ਇਹ ਪੰਜਾਬੀ ‌ਟ੍ਰਿਬਿਊਨ ਦੇ ਹਿੱਸੇ ਹੀ ਆਇਆ ਸੀ, ਤਿੰਨ ਸਾਲ ਲੜੀਆਂ ਚੱਲੀਆਂ ਜਿਨ੍ਹਾਂ ਵਿਚ ਨਸ਼ਿਆਂ ਤੇ ਲੜੀ ਪ੍ਰਕਾਸ਼ਿਤ ਕੀਤੀ ਜਿਸ ਦਾ ਪ੍ਰਭਾਵ ਪੰਜਾਬ ਵਿਚ ਦੇਖਣ ਨੂੰ ਮਿਲਿਆ।
-ਕਿਸਾਨ ਅੰਦੋਲਨ ਵਿਚ ਪੱਤਰਕਾਰੀ- ਹਮੀਰ ਸਿੰਘ ਕਹਿੰਦੇ ਹਨ ‌ਕਿ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਡਾ. ਸਵਰਾਜ ਬੀਰ ਨੇ ਖ਼ਾਸ ਕਰਕੇ ਕਿਸਾਨ ਅੰਦੋਲਨ ਵਿਚ ਬਹੁਤ ਅਹਿਮ ਪੱਤਰਕਾਰੀ ਕਰਵਾਈ, ਇਸੇ ਕਰਕੇ ਪੰਜਾਬੀ ਟ੍ਰਿਬਿਊਨ ਕਿਸਾਨ ਅੰਦੋਲਨ ਵਿਚ ਹਰਮਨ ਪਿਆਰਾ ਅਖ਼ਬਾਰ ਬਣਿਆ। ਸਵਰਾਜ ਬੀਰ ਹੋਰਾਂ ਨੇ ਆਪ ਵੀ ਬਹੁਤ ਜ਼ਿਆਦਾ ਲਿਖਿਆ, ਤੇ ਪੱਤਰਕਾਰਾਂ ਨੂੰ ਲਿਖਣ ਦੀ ਪੂਰੀ ਖੁੱਲ ਦਿੱਤੀ। ਸਿਰਫ਼ ਕਿਸਾਨ ਅੰਦੋਲਨ ਵਿਚ ਕਿਸਾਨਾਂ ਦੇ ਪੱਖ ਵਿਚ ਹੀ ਨਹੀਂ ਲਿਖਿਆ ਸਗੋਂ ਜਿੱਥੇ ਅਲੋਚਨਾ ਕਰਨੀ ਬਣਦੀ ਸੀ ਅਲੋਚਨਾ ਵੀ ਕੀਤੀ। ਜਿਵੇਂ ਕਿ ਦਲਿਤਾਂ ਦੀ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕਿਉਂ ਘੱਟ ਰਹੀ? ਔਰਤਾਂ ਦਾ ਕਿਸਾਨ ਅੰਦੋਲਨ ਵਿਚ ਭਰਵਾਂ ਸਹਿਯੋਗ ਕਿਉਂ ਨਹੀਂ ਮਿਲਿਆ? ਇਹ ਬਹੁਤ ਸਾਰੇ ਮੁੱਦੇ ਵੀ ਕਿਸਾਨਾਂ ਦੇ ਦਿਮਾਗ਼ ਵਿਚ ਪਾਏ। ਇਹ ਪਤਾ ਹੋਣ ਕਰਕੇ ਕਿਸਾਨਾਂ ਨੇ ਇਸ ਗੱਲ ਨੂੰ ਸਵੀਕਾਰਿਆ ਵੀ। ਇਹ ਆਮ ਮੁੱਦੇ ਹਨ ਕਿ ਅਸਲ ਵਿਚ ਕਿਸਾਨਾਂ ਤੋਂ ਖੇਤ ਮਜ਼ਦੂਰ ਤੇ ਮਜ਼ਦੂਰ ਵਰਗ ਦੂਰ ਕਿਉਂ ਜਾ ਰਿਹਾ ਹੈ। ਇਸ ਮਾਮਲੇ ਵਿਚ ਹਮੀਰ ਸਿੰਘ ਨਿੱਜੀ ਤੌਰ ਤੇ ਵੀ ਕਿਸਾਨ ਅੰਦੋਲਨ ਵਿਚ ਬੋਲੇ ਤੇ ਕਿਸਾਨਾਂ ਨੂੰ ਇਹ ਗੱਲਾਂ ਸਹੀ ਵੀ ਲੱਗੀਆਂ, ਇਸ ਤੇ ਨਾਭਾ ਵਿਚ ‘ਮਜ਼ਦੂਰਾਂ ਦੀ ਪੰਚਾਇਤ’ ਰੱਖੀ ਗਈ ਸੀ, ਸਾਰੇ ਕਿਸਾਨ ਜਥੇਬੰਦੀਆਂ ਵਾਲਿਆਂ ਨੂੰ ਸੱਦਾ ਦਿੱਤਾ, ਹਮੀਰ ਸਿੰਘ ਕਹਿੰਦੇ ਹਨ ਕਿ ‘ਸਿਰਫ਼ ਬਲਬੀਰ ਸਿੰਘ ਰਾਜੇਵਾਲ ਹੀ ਇਸ ਮਜ਼ਦੂਰ ਪੰਚਾਇਤ ਵਿਚ ਪੁੱਜੇ, ਬਾਕੀ ਕੋਈ ਵੀ ਕਿਸਾਨ ਜਥੇਬੰਦੀ ਦਾ ਆਗੂ ਨਹੀਂ ਆਇਆ’।
-ਧਮਕੀਆਂ ਕੋਰਟ ਕੇਸ- ਹਮੀਰ ਸਿੰਘ ਕਹਿੰਦੇ ਹਨ ਕਿ ਉਸ ਤਰ੍ਹਾਂ ਦੀਆਂ ਸਿੱਧੀਆਂ ਧਮਕੀਆਂ ਤਾਂ ਨਹੀਂ ਆਈਆਂ ਪਰ ਇਕ ਵਾਰ ਸਿਕੰਦਰ ਮਲੂਕਾ ਦੇ ਓਐਸਡੀ ਜਾਂ ਪੀਏ ਦੀ ਧਮਕੀ ਕਿਸੇ ਰਾਹੀਂ ਆਈ ਸੀ। ਸਿਕੰਦਰ ਸਿੰਘ ਮਲੂਕਾ ਦੀ ਨੂੰਹ ਦੀ ਕਿਸੇ ਵਿਭਾਗ ਵਿਚ ਲੱਗਣ ਦੀ ਕੰਟਰੋਵਰਸੀ ਸੀ ਜਿਸ ਸਾਰੇ ਖ਼ਬਰ ਲਗਾ ਦਿੱਤੀ ਗਈ ਤਾਂ ਉਸ ਦੇ ਓਐਸਡੀ ਨੇ ਕਿਸੇ ਰਾਹੀਂ ਧਮਕਾਇਆ ਸੀ ਕਿ ‘ਹਮੀਰ ਸਿੰਘ ਨੂੰ ਕਹਿ ਦੇਣਾ ਕਿ ਉਹ ਪੱਤਰਕਾਰਾਂ ਵਾਂਗ ਕੰਮ ਕਰੇ ਰਾਜਨੀਤੀ ਨਾ ਖੇਡੇ’ ਤਾਂ ਹਮੀਰ ਸਿੰਘ ਨੇ ਕਿਹਾ ਕਿ ‘ਮੈਂ ਤਾਂ ਰਾਜਨੀਤੀ ਸ਼ਾਸਤਰ ਦਾ ਵਿਦਿਆਰਥੀ ਵੀ ਰਿਹਾ ਹਾਂ, ਉਸ ਨੂੰ ਕਹਿ ਦੇਈਂ ਕਿ ਪੱਤਰਕਾਰਤਾ ਨੇ ਉਸ ਨੂੰ ਖ਼ੁਦ ਚੁਣਿਆ ਹੈ।’ ਉਸ ਤੋਂ ਇਲਾਵਾ ਕਿਸੇ ਦੀ ਧਮਕੀ ਸਿੱਧੀ ਨਹੀਂ ਆਈ।
-ਬਿਊਰੋਕਰੇਸੀ, ਸੱਤਾਧਾਰੀਆਂ ਤੋਂ ਦੂਰੀ ਬਣਾ ਕੇ ਰੱਖੀ- ਇਕ ਸਹੀ ਪੱਤਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਅਫ਼ਸਰਸ਼ਾਹੀ ਤੇ ਸੱਤਾਧਾਰੀਆਂ ਤੋਂ ਦੂਰੀ ਬਣਾ ਕੇ ਰੱਖੇ, ਭਾਵ ਇਹ ਨਹੀਂ ਹੈ ਕਿ ਉਨ੍ਹਾਂ ਨਾਲ ਬੋਲਣਾ ਮਿਲਣਾ ਜੁਲਣਾ ਬੰਦ ਕਰ ਦੇਵੇ ਪਰ ਮਿੱਤਰਤਾ ਵਾਲੀ ਡੋਰ ਕਿਸੇ ਤੇ ਨਾ ਪਾਵੇ, ਕਿਉਂਕਿ ਜਦੋਂ ਪੱਤਰਕਾਰ ਲਿਖਦਾ ਹੈ ਤਾਂ ਲਿਹਾਜ਼ ਕਈ ਵਾਰੀ ਪੱਤਰਕਾਰ ਦਾ ਕਲਮ ਚਲਾਉਣ ਵਾਲਾ ਹੱਥ ਫੜ ਲੈਂਦੀ ਹੈ। ਹਮੀਰ ਸਿੰਘ ਦਾ ਇਹ ਲਹਿਜ਼ਾ ਕਈਆਂ ਨੂੰ ਚੁੱਭਦਾ ਵੀ ਰਿਹਾ। ਪਰ ਉਨ੍ਹਾਂ ਕਿਸੇ ਸੱਤਾਧਾਰੀ, ਬਿਊਰੋਕਰੇਟਸ, ਪੁਲੀਸ ‌ਅਧਿਕਾਰੀ ਨਾਲ ਯਾਰੀ ਨਹੀਂ ਪਾਈ। ਇਕ ਵਾਰ ਕੀ ਹੋਇਆ ਕਿ ਜਦੋਂ 2007 ਵਿਚ ਪੰਜਾਬ ਵਿਚ ਅਕਾਲੀ ਸਰਕਾਰ ਬਣੀ ਤਾਂ ਸੁਖਬੀਰ ਬਾਦਲ ਨੇ ਹਮੀਰ ਸਿੰਘ ਨੂੰ ਇਕ ਐਡਵਾਈਜ਼ਰੀ ਕਮੇਟੀ ਵਿਚ ਪਾ ਲਿਆ। ਉੱਥੇ ਹਮੀਰ ਸਿੰਘ ਨੂੰ ਜਾਣਾ ਬਣਦਾ ਸੀ, ਪਰ ਉਹ ਉੱਥੇ ਆਪ ਨਹੀਂ ਗਏ ਸਗੋਂ ਆਪਣੇ ਅਮਰ ਉਜਾਲਾ ਦੇ ਸਾਥੀ ਸੰਜੀਵ ਪਾਂਡੇ ਨੂੰ ਭੇਜ ਦਿੱਤਾ। ਇਸੇ ਕਰਕੇ ਕਦੇ ਰਾਜਨੀਤੀ ਤੇ ਕ੍ਰਾਈਮ ਦੀ ਬੀਟ ਤੇ ਕੰਮ ਨਹੀਂ ਕੀਤਾ। ਹਮੀਰ ਸਿੰਘ ਕਹਿੰਦੇ ਹਨ ‘ਇਹ ਬੀਟਾਂ ਸਮਾਂ ਖ਼ਰਾਬ ਕਰਦੀਆਂ ਹਨ। ਅਜੋਕੇ ਸਮੇਂ ਦੀ ਕ੍ਰਾਈਮ ਪੱਤਰਕਾਰੀ ਪੁਲੀਸ ਅਨੁਸਾਰ ਹੀ ਹੋ ਰਹੀ ਹੈ, ਲੋਕਾਂ ਅਨੁਸਾਰ ਨਹੀਂ’ ਗੱਲ ਵੀ ਸਹੀ ਲੱਗ ਰਹੀ ਹੈ ਪੱਤਰਕਾਰ ਦਾ ਪੁਲੀਸ ਅਧਿਕਾਰੀਆਂ ਨਾਲ ਫ਼ੋਟੋਆਂ ਖਿਚਵਾ ਕੇ ਸੋਸ਼ਲ ਮੀਡੀਆ ਤੇ ਪਾਉਣਾ ਭਾਵ ਕਿ ਪੱਤਰਕਾਰ ਪੁਲੀਸ ਦਾ ਹੈ ਨਾ ਕਿ ਲੋਕਾਂ ਦਾ। ਇਸ ਦਾ ਭਾਵ ਹੈ ਕਿ ਪੁਲੀਸ ਲੋਕਾਂ ਵਿਰੁੱਧ ਮਨਮਰਜ਼ੀ ਕਰੇ, ਪੱਤਰਕਾਰ ਉਸ ਨੂੰ ਖੁੱਲ ਦੇ ਰਿਹਾ ਹੈ। ਅਜੋਕਾ ਪੱਤਰਕਾਰ ਪ੍ਰੈੱਸ ਕਾਨਫ਼ਰੰਸ ਵਿਚ ਜੋ ਪੁਲੀਸ ਨੇ ਦੱਸਿਆ, ਉਹ ਹੀ ਲਿਖਦਾ ਹੈ, ਪਰ ਮੁਲਜ਼ਮ ਦਾ ਪੱਖ ਮੀਡੀਆ ਵਿਚੋਂ ਗ਼ਾਇਬ ਹੈ। ਜਿਸ ਨੂੰ ਪੁਲੀਸ ਨੇ ‘ਦੋਸ਼ੀ’ ਲਿਖ ਦਿੱਤਾ ਤਾਂ ਅਜੋਕੇ ਮੀਡੀਆ ਦੀ ਨਜ਼ਰ ਵਿਚ ਉਹ ‘ਦੋਸ਼ੀ’ ਹੀ ਹੈ। ਪੁਲੀਸ ਵੱਲੋਂ ਬਣਾਈਆਂ ਜਾਂਦੀਆਂ ਕਹਾਣੀਆਂ ਵਿਚ ਬਹੁਤ ਸਵਾਲ ਹੁੰਦੇ ਹਨ ਪਰ ਪੱਤਰਕਾਰ ਉਹ ਸਵਾਲ ਕਦੇ ਨਹੀਂ ਪੁੱਛਦਾ। ਹੁਣ ਤਾਂ ਪੱਤਰਕਾਰਾਂ ਦੀਆਂ ਯਾਰੀਆਂ ਵੀ ਅਖ਼ਬਾਰਾਂ ਵਿਚ ਸ਼ਰੇਆਮ ਛਪ ਰਹੀਆਂ ਹਨ।
-ਜਿਨ੍ਹਾਂ ਸੰਪਾਦਕਾਂ ਨਾਲ ਕੰਮ ਕੀਤਾ- ਉਹ ਕਹਿੰਦੇ ਹਨ ‌ਕਿ ਉਸ ਨੇ ਅੱਜ ਦੀ ਅਵਾਜ਼ ਦੇ ਸੰਪਾਦਕ ਗੁਰਦੀਪ ਸਿੰਘ ਨਾਲ ਕੰਮ ਕੀਤਾ, ਪੰਜਾਬੀ ਵਰਲਡ ਦੇ ਰਵਿੰਦਰ ਨਰਾਇਣ ਤੇ ਵਿਪਨ ਧੁਲੀਆ ਨਾਲ ਕੰਮ ਕੀਤਾ। ਅਮਰ ਉਜਾਲਾ ਵਿਚ ਓਂਕਾਰ ਚੌਧਰੀ, ਰਾਮੇਸ਼ਵਰ ਪਾਂਡੇ, ਉਦੇ ਸਿਨਹਾ ਨਾਲ ਕੰਮ ਕੀਤਾ, ਪੰਜਾਬੀ ਟ੍ਰਿਬਿਊਨ ਵਿਚ ਵਰਿੰਦਰ ਵਾਲੀਆ, ਸੁਰਿੰਦਰ ਤੇਜ਼, ਡਾ. ਸਵਰਾਜ ਬੀਰ ਨਾਲ ਕੰਮ ਕੀਤਾ ਤੇ ਸਭ ਨਾਲ ਤਜਰਬਾ ਵੱਖੋ ਵੱਖਰਾ ਰਿਹਾ।
-ਪੰਜਾਬ ਟੈਲੀਵਿਜ਼ਨ ਵਿਚ ਪ੍ਰਵੇਸ਼- ਪੰਜਾਬੀ ਟ੍ਰਿਬਿਊਨ ਛੱਡਣ ਤੋਂ ਬਾਅਦ ਹਮੀਰ ਸਿੰਘ ਨੇ ਹਰਜਿੰਦਰ ਸਿੰਘ ਰੰਧਾਵਾ ਵੱਲੋਂ ਚਲਾਇਆ ਜਾ ਰਿਹਾ ‘ਪੰਜਾਬ ਟੈਲੀਵਿਜ਼ਨ’ ਵਿਚ ਜੁਆਇਨ ਕਰ ਲਿਆ। ਇੱਥੇ ਕਈ ਡਿਬੇਟ ਪ੍ਰੋਗਰਾਮਾਂ ਦਾ ਹਿੱਸਾ ਬਣੇ ਰਹਿੰਦੇ ਹਨ।
-ਪਰਿਵਾਰ- ਹਮੀਰ ਸਿੰਘ ਦਾ ਧਰਮ ਪਤਨੀ ਚਰਨਜੀਤ ਕੌਰ ਨਾਲ ਵਿਆਹ 1999 ਵਿਚ ਹੋਇਆ ਸੀ। ਨਾਭਾ ਵਿਚ ਹੀ ਹਮੀਰ ਸਿੰਘ ਸਹੁਰੇ ਹਨ। ਇਕ ਦੂਜੇ ਦੇ ਪੂਰਕ ਹਨ। ਵਾਹਿਗੁਰੂ ਜੋੜੀ ਬਣਾਈ ਰੱਖੇ।
-ਪੱਤਰਕਾਰਾਂ ਲਈ ਸੰਦੇਸ਼- ਪੱਤਰਕਾਰਤਾ ਦਾ ਜਨਮ ਹੀ ਲੋਕ ਹਿਤ ਲਈ ਹੋਇਆ ਸੀ। ਸੱਤਾ ਵੱਲੋਂ ਸਥਾਪਤੀ ਵੱਲੋਂ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਨੂੰ ਬੇਪਰਦ ਕਰਨਾ, ਇਹ ਕੰਮ ਲਈ ਪੱਤਰਕਾਰਤਾ ਜਨਮੀ ਸੀ। ਪ੍ਰਿੰਟ ਮੀਡੀਆ ’ਤੇ ਕਾਫ਼ੀ ਆਸਾਂ ਹਨ। ਟੀਵੀ ਮੀਡੀਆ ਤੇ ਇਹ ਆਸ ਨਹੀਂ ਰੱਖੀ ਜਾ ਸਕਦੀ, ਕਿਉਂਕਿ ਟੀਵੀ ਮੀਡੀਆ ਕਿਹੜਾ 12-16 ਪੇਜ ਅਖ਼ਬਾਰ ਦੇ ਪੂਰੇ ਕਰਨ ਲਈ ਮੁੱਦਿਆਂ ਦੀ ਤਲਾਸ਼ ਕਰੇਗਾ, ਉਹ ਤਾਂ ਸ਼ਾਮ ਨੂੰ ਹੁੰਦੀਆਂ ਬਹਿਸਾਂ ਵਿਚ ਡੰਗ ਟਪਾਊ ਪੱਤਰਕਾਰੀ ਕਰਦਾ ਹੈ। ਸੋਸ਼ਲ ਮੀਡੀਆ ਤੇ ਆਸ ਕੀਤੀ ਜਾ ਸਕਦੀ ਸੀ ਇਹ ਵੀ ਕਾਰਪੋਰੇਟ ਨੇ ਕਬਜ਼ੇ ਵਿਚ ਕਰ ਲਿਆ ਹੈ, ਸੱਤਾਧਾਰੀ ਧਿਰਾਂ ਜਾਂ ਸਿਆਸੀ ਪਾਰਟੀਆਂ ਆਪਣੇ ਮੁੱਦੇ ਵਾਇਰਲ ਕਰਦੇ ਲੋਕਾਂ ਦੇ ਮਨਾਂ ਵਿਚ ਗ਼ਲਤ ਜਾਣਕਾਰੀ ਵੀ ਵਾੜ ਰਹੀਆਂ ਹਨ। ਸੋ ਹੁਣ ਪ੍ਰਿੰਟ ਮੀਡੀਆ ਵਿਚ ਕੰਮ ਕਰਦੇ ਪੱਤਰਕਾਰਾਂ ਦੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ। ਪੱਤਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਸੋ ਹਮੀਰ ਸਿੰਘ ਇਕ ਬੇਧੜਕ ਤੇ ਬੇਬਾਕ ਆਦਰਸ਼ਵਾਦੀ ਪੱਤਰਕਾਰ ਹੈ, ਜਿਸ ਦੀ ਕਹਾਣੀ ਪੜ੍ਹ ਕੇ ਉਨ੍ਹਾਂ ਪੱਤਰਕਾਰਾਂ ਨੂੰ ਸੋਚਣਾ ਪਵੇਗਾ ਜੋ ਸਮਾਜ ਲਈ ਕੁਝ ਕਰਨਾ ਚਾਹੁੰਦੇ ਹਨ, ਮੈਂ ਹਮੀਰ ਸਿੰਘ ਦੀ ਇਸ ਪੱਤਰਕਾਰੀ ਦੀ ਕਦਰ ਕਰਦਾ ਹਾਂ, ਮੈਨੂੰ ਆਸ ਵੀ ਹੈ ਕਿ ਹਮੀਰ ਸਿੰਘ ਇਸੇ ਤਰ੍ਹਾਂ ਦੀ ਪੱਤਰਕਾਰੀ ਕਰਦੇ ਰਹਿਣਗੇ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਹਮੀਰ ਸਿੰਘ ਵਰਗਾ ਪੱਤਰਕਾਰ ਹਮੇਸ਼ਾਂ ਚੜਦੀਕਲਾ ਵਿਚ ਰਹੇ.... ਆਮੀਨ
-ਗੁਰਨਾਮ ਸਿੰਘ ਅਕੀਦਾ 8146001100

Sunday, November 27, 2022

-ਅਨੇਕਾਂ ਤੰਗੀਆਂ ਤੁਰਸ਼ੀਆਂ ਨੂੰ ਦਰੜਦਾ ਹੋਇਆ ਆਪਣੀ ਚਾਲੇ ਚੱਲਣ ਵਾਲਾ ਪੱਤਰਕਾਰ ‘ਜਗਜੀਤ ਸਿੰਘ ਦਰਦੀ’

-ਇੰਟੈਰੋਗੇਸ਼ਨ ਸੈਂਟਰ ਅੰਮ੍ਰਿਤਸਰ ਵਿਚ ਪੁੱਠਾ ਲਟਕਣ ਦੇ ਸਫ਼ਰ ਤੋਂ ਲੈ ਕੇ ‘ਪਦਮ ਸ੍ਰੀ’ ਤੱਕ ਪੁੱਜਣ ਵਾਲਾ ਪੱਤਰਕਾਰ ‘ਦਰਦੀ’
ਕਈ ਵਿਅਕਤੀ ਤੰਗੀਆਂ ਤੁਰਸ਼ੀਆਂ ਵਿਚ ਆਪਣੇ ਰਾਹ ਬਣਾਉਂਦੇ ਹਨ, ਵੱਖਰੇ ਰਾਹ ਤੇ ਚੱਲਣ ਲਈ ਕਈ ਵਾਰੀ ਸਮਾਜ ਦੀਆਂ ਕਹਿਰੀਆਂ ਨਜ਼ਰਾਂ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਸਮਾਜ ਵਿਚ ਰਹਿ ਕੇ ਸਮਾਜ ਤੋਂ ਵੱਖਰਾ ਰਾਹ ਚੁਣ ਕੇ ਤਰੱਕੀ ਕਰਨ ਵਾਲਾ ਅਨੋਖਾ ਇਨਸਾਨ ਹੁੰਦਾ ਹੈ, ਉਸ ਇਨਸਾਨ ਪ੍ਰਤੀ ਲੋਕਾਂ ਦੀਆਂ ਰਾਏ ਆਪੋ ਆਪਣੀ ਬਣ ਜਾਂਦੀ ਹੈ, ਪਰ ਜੇਕਰ ਉਸ ਵਿਅਕਤੀ ਦੇ ਅੰਦਰਲੇ ਸੱਚ ਨੂੰ ਜਾਣਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਉਸ ਦੀ ਤਰੱਕੀ ਪਿੱਛੇ ਉਸ ਨੇ ਆਪਣਾ ਕੀ ਕੁਝ ਵਾਰਿਆ ਤੇ ਉਸ ਨੇ ਜ਼ਿੰਦਗੀ ਦੇ ਕਿੰਨੇ ਸਕੂਨ ਦਾਅ ਦੇ ਲਾਏ, ਪੱਤਰਕਾਰ ਖੇਤਰ ਇਕ ਅਜਿਹਾ ਖੇਤਰ ਹੈ ਜਿਸ ਖੇਤਰ ਦੀ ਚਕਾਚੌਂਧ ਤਾਂ ਹਰੇਕ ਨੂੰ ਭਾਉਂਦੀ ਹੈ ਪਰ ਇਸ ਚਕਾਚੌਂਧ ਦੇ ਅੰਦਰ ਕੀ ਹੈ ਇਸ ਬਾਰੇ ਅਖੌਤੀ ਪੱਤਰਕਾਰ ਕੀ ਜਾਣੇ। ਇਕ ਮੁਕੰਮਲ ਅਦਾਰਾ ਖੜ੍ਹਾ ਕਰ ਦੇਣਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ, ਬਾਹਰ ਬੈਠ ਕੇ ਬਹੁਤ ਸਾਰੇ ਲੋਕ ਚੰਗੀਆਂ ਮਾੜੀਆਂ ਧਾਰਨਾਵਾਂ ਬਣਾ ਲੈਂਦੇ ਹਨ ਪਰ ਇਕ ਮੁਕੰਮਲ ਅਦਾਰਾ ਖੜ੍ਹਾ ਕਰਕੇ ਹਜ਼ਾਰਾਂ ਲੋਕਾਂ ਲਈ ਰੋਜ਼ਗਾਰ ਪੈਦਾ ਕਰ ਦੇਣਾ ਕੋਈ ਛੋਟੀ ਗੱਲ ਨਹੀਂ ਹੈ, ਅੱਜ ਅਸੀਂ ਅਜਿਹੇ ਹੀ ਵਿਅਕਤੀ ਦੀ ਗੱਲ ਕਰਾਂਗੇ, ਜਿਸ ਨੂੰ ਆਪਾਂ ‘ਜਗਜੀਤ ਸਿੰਘ ਦਰਦੀ’ ਦੇ ਨਾਮ ਨਾਲ ਜਾਣਦੇ ਹਾਂ। ਪੱਤਰਕਾਰਾਂ ਦੀ ਨਰਸਰੀ ਬਣੇ ਚੜ੍ਹਦੀਕਲਾ ਅਖ਼ਬਾਰ ਨੂੰ ਚਲਾਉਣ ਦੇ ਨਾਲ ਨਾਲ ਟਾਈਮ ਟੀਵੀ ਚੈਨਲ ਖੜ੍ਹਾ ਕਰ ਦੇਣਾ ਕੋਈ ਆਮ ਗੱਲ ਨਹੀਂ ਹੋ ਸਕਦੀ। -ਮੁੱਢ ਦੇ ਪੜਾਈ-
ਪਾਕਿਸਤਾਨ ਵਿਚ ਸਾਹੁਕਾਰੀ ਸ਼ਾਹੀ ਖ਼ਾਨਦਾਨ ਦੇ ਤੌਰ ਤੇ ਮਕਬੂਲ ਪਰਿਵਾਰ। ਪਾਕਿਸਤਾਨ ਦੇ ਰਾਵਲਪਿੰਡੀ ਨਜ਼ਦੀਕ ਕਹੂਟਾ ਤਹਿਸੀਲ ਵਿਚ ਮੈਜਿਸਟ੍ਰੇਟ ਪਦਵੀ ਤੱਕ ਪੁੱਜੇ ਵੱਡੇ ਬਜ਼ੁਰਗ ਸੇਵਾ ਸਿੰਘ ਸ਼ਾਹੂਕਾਰ ਦੇ ਸਪੁੱਤਰ ਭਾਈ ਸਾਧੂ ਸਿੰਘ। 1866 ਵਿਚ ਜਨਮੇ ਤੇ 110 ਸਾਲ ਦੀ ਲੰਬੀ ਉਮਰ ਭੋਗ ਕੇ ਦੁਨੀਆ ਤੋਂ ਰੁਖ਼ਸਤ ਹੋਏ, ਜਿਨ੍ਹਾਂ ਗ਼ੁਲਾਮ ਭਾਰਤ ਦੀ ਹਵਾ ਵਿਚ ਵੀ ਸਾਹ ਲਏ ਤੇ ਅਜ਼ਾਦ ਭਾਰਤ ਦਾ ਅਨੰਦ ਵੀ ਕਾਫ਼ੀ ਸਮਾਂ ਮਾਣਿਆ। ਅਮੀਰ ਐਨੇ ਸੀ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਭਾਈ ਸਾਧੂ ਸਿੰਘ ‘ਸ਼ਾਹੂਕਾਰ’, ਸਾਧੂ ਸਿੰਘ ‘ਮਹਾਜਨ’ ਦੇ ਤੌਰ ਤੇ ਦੇਸ਼ ਕੌਮ ਲਈ ਕੀਤੇ ਕੰਮਾਂ ਦੇ ਪ੍ਰਮਾਣ ਪੱਤਰ ਦਿੰਦੀ ਸੀ।
ਇਹ ਸ਼ਾਹੂਕਾਰ ਹੀ ਸਨ ਜਿਨ੍ਹਾਂ ਤੋਂ ਭਾਰਤ ਸਰਕਾਰ ਨੇ ਸੰਸਾਰ ਜੰਗ ਵੇਲੇ ਕਰਜ਼ਾ ਲਿਆ ਸੀ। ਜਿਸ ਨੇ ਪਲੇਗ ਵਰਗੀ ਭਿਆਨਕ ਬਿਮਾਰੀ ਵਿਚ ਅਹਿਮ ਰੋਲ ਨਿਭਾਇਆ। ਜਿਸ ਦੇ ਪ੍ਰਮਾਣ ਮੌਜੂਦ ਹਨ।
ਅਜ਼ਾਦੀ ਨੇ ਆਪਣਾ ਰੰਗ ਵਿਖਾ ਦਿੱਤਾ, ਆਪਣੀ ਬਾਦਸ਼ਾਹਤ ਪਾਕਿਸਤਾਨ ਛੱਡ ਆਏ, ਅਨੇਕਾਂ ਰੰਗਾਂ ਵਿਚ ਖੇਡਦਾ ਪਰਿਵਾਰ ਗ਼ਰੀਬੀ ਦੀ ਦਲ-ਦਲ ਵਿਚ ਧੱਸ ਗਿਆ। ਸਾਧੂ ਸਿੰਘ ਸ਼ਾਹੂਕਾਰ ਆਪਣੇ ਪੁੱਤਰ ਹਰਨਾਮ ਸਿੰਘ ਤੇ ਨੂੰਹ ਹਰਬੰਸ ਕੌਰ ਨਾਲ ਕੁਰੂਕਸ਼ੇਤਰ ਦੇ ਰਿਫ਼ਿਊਜੀ ਕੈਂਪ ਵਿਚ ਰਿਹਾ। ਭਾਈ ਸਾਧੂ ਸਿੰਘ ਦੇ ਸਪੁੱਤਰ ਸ. ਹਰਨਾਮ ਸਿੰਘ ਦਰਦੀ ਨੇ ਗ਼ੁਲਾਮ ਭਾਰਤ ਸਮੇਂ ਜਦੋਂ ਉਹ ਏਅਰ ਫੋਰਸ ਵਿਚ ਸਨ ਤਾਂ ਉਨ੍ਹਾਂ ਨੇ ਅੰਗਰੇਜ਼ਾਂ ਨਾਲ ਬਗ਼ਾਵਤ ਕਰ ਦਿੱਤੀ ਤੇ ਅੰਡਰ ਗਰਾਊਂਡ ਰਹੇ, ਅਜਾਦੀ ਘੁਲਾਟੀਏ। ਅਜ਼ਾਦੀ ਤੋਂ ਬਾਅਦ ਵੀ ਆਪਣਾ ਸੁਭਾਅ ਨਹੀਂ ਛੱਡਿਆ। ਪੰਜਾਬੀ ਸੂਬੇ ਦੀ ਲੜਾਈ ਵਿਚ ਕੁੱਦ ਪਏ। 1951 ਵਿਚ ਗ੍ਰਿਫ਼ਤਾਰੀਆਂ ਹੋਈਆਂ ਤਾਂ ਮੈਂਬਰ ਰਾਜ ਸਭਾ ਰਹੇ ਤਰਲੋਚਨ ਸਿੰਘ ਹੋਰਾਂ ਦੇ ਗਰੁੱਪ ਨਾਲ ਨਾਭਾ ਜੇਲ੍ਹ ਵਿਚ ਕਾਫ਼ੀ ਸਮਾਂ ਬੰਦ ਰਹੇ। 1960 ਵਿਚ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਲਾਲ ਕਿਲ੍ਹੇ ਤੋਂ ਬੋਲ ਰਹੇ ਸਨ ਤਾਂ ਉਸ ਵੇਲੇ ਲਾਲ ਕਿਲ੍ਹੇ ਵਿਚ ਜਾ ਕੇ 30 ਨੌਜਵਾਨਾਂ ਨਾਲ ਪ੍ਰਦਰਸ਼ਨ ਕਰਦਿਆਂ ਪੰਜਾਬੀ ਸੂਬੇ ਦੇ ਪੱਖ ਵਿਚ ਨਾਅਰੇਬਾਜ਼ੀ ਕੀਤੀ ਤਾਂ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਤਿਹਾੜ ਜੇਲ੍ਹ ਵਿਚ ਬੰਦ ਕਰ ਦਿੱਤੇ। ਹਰਨਾਮ ਸਿੰਘ ਦਰਦੀ ਦੀਆਂ ਪੰਜਾਬੀ ਸੂਬੇ ਵਿਚ ਨਿਭਾਈਆਂ ਸੇਵਾਵਾਂ ਬਦਲੇ ਉਸ ਨੂੰ ਪ੍ਰਮਾਣ ਪੱਤਰ ਦਿੱਤਾ ਗਿਆ।
ਸ. ਹਰਨਾਮ ਸਿੰਘ ਦੀਆਂ ਸਿੱਖ ਕੌਮ ਪ੍ਰਤੀ ਮਹਾਨ ਪ੍ਰਾਪਤੀਆਂ ਬਦਲੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਦੇ ਕੇਂਦਰੀ ਅਜਾਇਬ ਘਰ ਵਿਚ ਉਨ੍ਹਾਂ ਦੀ ਤਸਵੀਰ ਲਗਾਈ ਗਈ ਹੈ।
19 ਜਨਵਰੀ 1949 ਨੂੰ ਜਨਮੇ ਉਸੇ ਵੇਲੇ ਜਵਾਨੀ ਦੀ ਦਹਿਲੀਜ਼ ਦੇ ਜਗਜੀਤ ਸਿੰਘ ਦਰਦੀ ਨੇ 22 ਜੂਨ 1960 ਨੂੰ ਇਕ ਵਿਦਿਆਰਥੀਆਂ ਦਾ ਜਥਾ ਲਿਆ ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਗ੍ਰਿਫ਼ਤਾਰੀ ਦਿੱਤੀ। 1966 ਤੱਕ ਜਦੋਂ ਤੱਕ ਪੰਜਾਬੀ ਸੂਬਾ ਨਹੀਂ ਬਣ ਗਿਆ ਉਦੋਂ ਤੱਕ ਸੰਘਰਸ਼ ਕਰਦੇ ਰਹੇ ਤੇ ਜੇਲ੍ਹਾਂ ਵਿਚ ਜਾਂਦੇ ਰਹੇ। ਇਸੇ ਸਮੇਂ ਦੌਰਾਨ ਪਟਿਆਲਾ ਦੇ ਸਿਆਸੀ ਪਰਿਵਾਰ ਦੇ ਮੁਖੀ ਸਰਦਾਰਾ ਸਿੰਘ ਕੋਹਲੀ ਨਾਲ ਅੰਮ੍ਰਿਤਸਰ ਦੇ ਇੰਟੈਰੋਗੇਸ਼ਨ ਸੈਂਟਰ ਵਿਚ 22 ਦਿਨ ਪੁਲੀਸ ਦਾ ਤਸ਼ੱਦਦ ਝੱਲਿਆ। ਉੱਥੇ ਜਾਸੂਸਾਂ ਨਾਲ ਬੰਦ ਰੱਖਿਆ। ਪੁੱਠਾ ਲਟਕਾਉਣ ਤੋਂ ਲੈ ਕੇ ਹਰ ਤਰ੍ਹਾਂ ਦਾ ਤਸ਼ੱਦਦ ਝੱਲਿਆ। ਪੰਜ ਬਾਣੀਆਂ ਦਾ ਪਾਠ ਕਰਦੇ ਸਨ ਇਸ ਕਰਕੇ ਅੰਦਰੋਂ ਤਾਕਤ ਮਿਲਦੀ ਸੀ ਤਾਂ ਡੋਲੇ ਨਹੀਂ ਤੇ ਘਬਰਾਏ ਨਹੀਂ। ਗੱਲ ਪੜ੍ਹਾਈ ਦੀ ਕਰਦੇ ਹਾਂ, ਜਗਜੀਤ ਸਿੰਘ ਦਰਦੀ ਨੇ ਪ੍ਰਾਇਮਰੀ ਦੀ ਪੜਾਈ ਪਟਿਆਲਾ ਦੇ ਪ੍ਰੈੱਸ ਰੋਡ ਤੇ ਸਥਿਤ ਕੈਂਬਰਿਜ ਸਕੂਲ ਵਿਚ ਕੀਤੀ। ਦਸਵੀਂ ਤੱਕ ਦੀ ਪੜਾਈ ਸ਼ੇਰਾਵਾਲਾ ਗੇਟ ਕੋਲ ਇਕ ਸੀਟੀਆਈ ਸਕੂਲ ਹੁੰਦਾ ਸੀ ਜੋ ਕਿ ਅੱਜ ਕੱਲ੍ਹ ਮਲਟੀਪਰਪਜ਼ ਦੇ ਨਾਮ ਨਾਲ ਚੱਲ ਰਿਹਾ ਹੈ ਉੱਥੋਂ ਹੀ ਕੀਤੀ। ਪ੍ਰੀ ਇੰਜੀਨੀਅਰ ਦੀ ਪੜਾਈ ਮਹਿੰਦਰਾ ਕਾਲਜ ਵਿਚੋਂ ਤੇ ਇੰਜੀਨੀਅਰਿੰਗ ਦੀ ਪੜਾਈ 1969 ਵਿਚ ਥਾਪਰ ਕਾਲਜ ਤੋਂ ਕੀਤੀ ਜੋ ਕਿ ਅੱਜ ਕੱਲ੍ਹ ਯੂਨੀਵਰਸਿਟੀ ਬਣ ਚੁੱਕਿਆ ਹੈ। ਉਸ ਤੋਂ ਬਾਅਦ ਐਸਕਾਰਟ ਵਿਚ ਇੰਜੀਨੀਅਰ ਦੀ ਨੌਕਰੀ ਦੋ ਸਾਲਾਂ ਤੱਕ ਕੀਤੀ।
-ਅਖ਼ਬਾਰ ਸ਼ੁਰੂ ਕਰਨਾ-
ਜਗਜੀਤ ਸਿੰਘ ਦਰਦੀ ਨੇ ਪ੍ਰੈੱਸ ਨੋਟ ਜਾਰੀ ਕਰਨੇ ਤੇ ਖ਼ਬਰਾਂ ਲਿਖਣੀਆਂ ਤਾਂ ਸੰਘਰਸ਼ ਮੌਕੇ ਤੋਂ ਹੀ ਸ਼ੁਰੂ ਕਰ ਚੁੱਕੇ ਸਨ। 1960 ਤੋਂ ਲੈ ਕੇ ਮੋਰਚੇ ਦੀਆਂ ਖ਼ਬਰਾਂ ਲਿਖਣੀਆਂ ਤੇ ਅਖ਼ਬਾਰਾਂ ਨੂੰ ਭੇਜਣੀਆਂ, ਬਾਬਾ ਨਛੱਤਰ ਸਿੰਘ ਹੋਰਾਂ ਦਾ ਇਕ ਅਖ਼ਬਾਰ ਹੁੰਦਾ ਸੀ ‘ਹਮਦਰਦ’ ਜੋ ਸ਼ਾਮ ਵੇਲੇ ਛਪਦਾ ਸੀ, ਇਸੇ ਤਰ੍ਹਾਂ ਰਣਜੀਤ ਅਖ਼ਬਾਰ ਵੀ ਰੋਜ਼ਾਨਾ ਸਵੇਰੇ ਛਪਦਾ ਸੀ। ਜਲੰਧਰ ਤੋਂ ਅਕਾਲੀ ਅਖ਼ਬਾਰ ਵੀ ਕਾਫ਼ੀ ਮਸ਼ਹੂਰ ਸੀ, ਇਨ੍ਹਾਂ ਅਖ਼ਬਾਰਾਂ ਵਿਚ ਲੇਖ ਆਦਿ ਭੇਜਣੇ ਤੇ ਛਪ ਜਾਣੇ। ਇਹ ਕਾਰਵਾਂ ਸਕੂਲ ਵੇਲੇ ਤੋਂ ਹੀ ਸ਼ੁਰੂ ਹੋਇਆ ਸੀ ਜਦੋਂ ਜਗਜੀਤ ਸਿੰਘ ਦਰਦੀ ਤੋਂ ਸਕੂਲ ਵਿਚ ਸਵੇਰੇ ਹੁੰਦੀ ਪਰੇਅਰ ਵਿਚ ਖ਼ਬਰਾਂ ਸੁਣੀਆਂ ਜਾਂਦੀਆਂ ਸਨ, ਉਹ ਖ਼ਬਰਾਂ ਬੋਰਡ ਦੇ ਵੀ ਲਿਖਵਾਈਆਂ ਜਾਂਦੀਆਂ ਸਨ। 1965 ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਪ੍ਰਧਾਨ ਬਣ ਗਏ। ਪੰਜਾਬ ਵਿਚ ਵੱਖ ਵੱਖ ਥਾਵਾਂ ਤੇ ਕੈਂਪ ਲਗਾਏ ਤੇ 500 ਤੋਂ ਵੱਧ ਮੈਂਬਰ ਫੈਡਰੇਸ਼ਨ ਤੇ ਜਗਜੀਤ ਸਿੰਘ ਨਾਲ ਜੁੜ ਗਏ। ਨਵਜੋਤ ਸਿੱਧੂ ਦੇ ਪਿਤਾ ਐਡਵੋਕੇਟ ਭਗਵੰਤ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਸਨ। ਉਨ੍ਹਾਂ ਦੀ ਪਤਨੀ ਨਿਰਮਲ ਕੌਰ ਟੀਵੀ ਹਸਪਤਾਲ ਵਿਚ ਨਰਸ ਸੀ ਜਿਨ੍ਹਾਂ ਦਾ ਜਗਜੀਤ ਸਿੰਘ ਦਰਦੀ ਹੋਰਾਂ ਦੇ ਟੀਵੀ ਹਸਪਤਾਲ ਦੇ ਸਾਹਮਣੇ ਘਰ ਵਿਚ ਆਮ ਬੈਠਣਾ ਹੁੰਦਾ ਸੀ। ਸ਼ੇਰ ਸਿੰਘ ਗੁਪਤਾ ਅੰਗਰੇਜ਼ੀ ਟ੍ਰਿਬਿਊਨ ਦੇ ਪੱਤਰਕਾਰ ਹੁੰਦੇ ਸੀ, ਜਿਸ ਦੀ ਮੰਤਰੀਆਂ ਤੋਂ ਵੱਧ ਤਾਕਤ ਸਮਝੀ ਜਾਂਦੀ ਸੀ। ਭਾਸ਼ਾ ਵਿਭਾਗ ਦੇ ਡਾਇਰੈਕਟਰ ਰਣਜੀਤ ਸਿੰਘ ਗਿੱਲ ਹੋਇਆ ਕਰਦੇ ਸਨ। ਇਹ ਇਕੱਠੇ ਹੀ ਹੁੰਦੇ ਸੀ, ਇਹ ਦਰਦੀ ਹੋਰਾਂ ਦੀ ਖ਼ਬਰਾਂ ਲਿਖਣ ਦੀ ਕਾਬਲੀਅਤ ਜਾਣਦੇ ਸਨ। ਜਗਜੀਤ ਸਿੰਘ ਦਰਦੀ ਤੇ ਪੁਲੀਸ ਅਨੇਕਾਂ ਕੇਸ ਦਰਜ ਕਰ ਦਿੰਦੀ ਤੇ ਪ੍ਰੇਸ਼ਾਨ ਕਰਦੀ ਰਹਿੰਦੀ, ਇਸ ਕਰਕੇ ਨਵਜੋਤ ਸਿੱਧੂ ਦੇ ਪਿਤਾ ਭਗਵੰਤ ਸਿੰਘ ਜੋ ਕਿ ਪੇਸ਼ੇ ਵਜੋਂ ਵਕੀਲ ਸਨ ਨੇ ਜਗਜੀਤ ਸਿੰਘ ਦਰਦੀ ਨੂੰ ਕਈ ਸਾਰੇ ਕੇਸਾਂ ਤੋਂ ਅਦਾਲਤ ਵਿਚ ਬਚਾਇਆ। ਉਹ ਕਹਿਣ ਲੱਗੇ ਕਿ ‘ਗਰ ਤੋਪ ਮੁਕਾਬਲ ਹੋ, ਅਖ਼ਬਾਰ ਨਿਕਾਲੋ’ ਉਨ੍ਹਾਂ ਵੱਲੋਂ ਅਖ਼ਬਾਰ ਕੱਢਣ ਦੇ ਕੀਤੇ ਇਸ਼ਾਰੇ ਤੋਂ ਬਾਅਦ ਮਨ ਉਸਲ ਵੱਟੇ ਲੈਣ ਲੱਗ ਪਿਆ, ਪਰ ਗ਼ਰੀਬੀ ਏਨੀ ਸੀ ਕਿ ਜਗਜੀਤ ਸਿੰਘ ਟੀਵੀ ਹਸਪਤਾਲ ਸਾਹਮਣੇ ਆਪਣੇ ਘਰ ਵਿਚ ਹੀ ਪਹਿਲਾਂ ਕੁਹਾੜਿਆਂ ਨਾਲ ਲੱਕੜਾਂ ਪਾੜਦੇ ਤੇ ਬਾਅਦ ਵਿਚ ਲੱਕੜਾਂ ਵੇਚਦੇ ਸਨ। ਰੁਪਏ ਨਹੀਂ ਸਨ ਬਣ ਰਹੇ। 1969 ਵੇਲੇ ਜਦੋਂ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਦਿਹਾੜਾ ਸੀ, ਉਸ ਵੇਲੇ ਜਗਜੀਤ ਸਿੰਘ ਦਰਦੀ ਦੇ ਪਿਤਾ ਹਰਨਾਮ ਸਿੰਘ ਦਰਦੀ ਨੇ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਸੋਵੀਨਰ ਪ੍ਰਕਾਸ਼ਿਤ ਕੀਤੇ। ਇੱਥੋਂ ਹੀ ਅਖ਼ਬਾਰ ਦਾ ਮੁੱਢ ਬੰਨ੍ਹਿਆ ਗਿਆ। ਉਸ ਤੋਂ ਬਾਅਦ 1970 ਵਿਚ ਪੰਦਰ੍ਹਵਾੜਾ ਅਖ਼ਬਾਰ ‘ਚੜ੍ਹਦੀਕਲਾ’ ਦੇ ਨਾਮ ਤੇ ਸ਼ੁਰੂ ਕਰ ਲਿਆ ਗਿਆ। ਇਹ ਅਖ਼ਬਾਰ ਬਹੁਤ ਜਲਦੀ ਅਗਲੇ ਸਾਲ ਹੀ 1971 ਵਿਚ ਹਫ਼ਤਾਵਾਰੀ ਬਣ ਗਿਆ। ਲਗਾਤਾਰ ਹਫ਼ਤਾਵਾਰੀ ਅਖ਼ਬਾਰ ਛਪਦਾ ਰਿਹਾ ਤਾਂ 1977 ਵਿਚ ਚੜ੍ਹਦੀਕਲਾ ਰੋਜ਼ਾਨਾ ਹੋ ਗਿਆ। ਉੱਧਰ ਸ. ਹਰਨਾਮ ਸਿੰਘ ਸਵਰਗਵਾਸ ਹੋ ਗਏ ਤਾਂ ਜਗਜੀਤ ਸਿੰਘ ਇਸ ਅਖ਼ਬਾਰ ਦੇ ਮੁੱਖ ਸੰਪਾਦਕ ਬਣ ਗਏ। ਅਖ਼ਬਾਰ ਨੂੰ ਕਾਮਯਾਬ ਕਰਨ ਲਈ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਬਣੇ 500 ਜਣਿਆ ਨੇ ਕਾਫ਼ੀ ਮਦਦ ਕੀਤੀ। ਉਨ੍ਹਾਂ ਕਰਕੇ ਅਖ਼ਬਾਰ ਪੰਜਾਬ ਵਿਚ ਮਕਬੂਲ ਹੋ ਗਿਆ। -ਅਖ਼ਬਾਰ ਚਲਾਉਣ ਲਈ ਪ੍ਰੈੱਸ ਲਗਾਉਣੀ-
ਪੰਜਾਬ ਵਿਚ ਕੁਝ ਕੁ ਅਖ਼ਬਾਰ ਛਪਦੇ ਸਨ ਜਿਵੇਂ ਕਿ ਜਲੰਧਰ ਤੋਂ ਅਕਾਲੀ ਪਤ੍ਰਿਕਾ, ਰੋਜ਼ਾਨਾ ਅਜੀਤ, ਕੌਮੀ ਦਰਦ, ਜਗਬਾਣੀ, ਪਟਿਆਲਾ ਤੋਂ ਰਣਜੀਤ ਅਖ਼ਬਾਰ (ਮੁੱਖ ਸੰਪਾਦਕ ਮਿਹਰ ਸਿੰਘ), ਸੱਚਾ ਹਮਦਰਦ (ਮੁੱਖ ਸੰਪਾਦਕ ਨਛੱਤਰ ਸਿੰਘ), ਇੰਤਕਾਮ (ਮੁੱਖ ਸੰਪਾਦਕ ਹਰਦੀਪ ਸਿੰਘ ਸਾਹਨੀ), ਰੂਪ (ਮੁੱਖ ਸੰਪਾਦਕ ਹਰਦੀਪ ਸਿੰਘ), ਦਲੇਰ ਪੰਜਾਬ (ਮੁੱਖ ਸੰਪਾਦਕ ਗਿਆਨੀ ਮਨਸਾ ਸਿੰਘ), ਪਹੁ ਫੁੱਟੀ (ਮੁੱਖ ਸੰਪਾਦਕ ਮੋਹਨ ਸਿੰਘ ਪ੍ਰੇਮ), ਖੇਤੀ ਦੁਨੀਆ (ਮੁੱਖ ਸੰਪਾਦਕ ਹਰਜੀਤ ਸਿੰਘ ਨੰਦਾ), ਪੇਂਡੂ ਦਰਪਣ ( ਮੁੱਖ ਸੰਪਾਦਕ ਬਲਜੀਤ ਸਿੰਘ ਬੱਲੋ) ਛਪਦੇ ਸਨ। ਚੜ੍ਹਦੀਕਲਾ ਅਖ਼ਬਾਰ ਹਫ਼ਤਾਵਾਰੀ ਛਪਦਾ ਸੀ ਤਾਂ 1972 ਵਿਚ ਸ. ਹਰਨਾਮ ਸਿੰਘ ਨੇ ਲੁਧਿਆਣਾ ਤੋਂ ਟਰੈਡਲ ਮਸ਼ੀਨ 10 ਹਜ਼ਾਰ ਵਿਚ ਲਿਆਂਦੀ। ਇਹ ਲਿਥੋ (ਚਰਬਾ) ਬਣਦਾ ਸੀ ਤੇ ਇਹ ਛਾਪਾ ਪੱਥਰ ਨਾਲ ਹੁੰਦਾ ਸੀ। ਟੀਵੀ ਹਸਪਤਾਲ ਪਟਿਆਲਾ ਦੇ ਸਾਹਮਣੇ ਟੀਨਾਂ ਹੇਠ ਹੀ ਇਹ ਮਸ਼ੀਨ ਲਗਾ ਦਿੱਤੀ ਗਈ। ਟਰੈਡਲ ਮਸ਼ੀਨ ਤੇ ਰੋਜ਼ਾਨਾ ਚੜ੍ਹਦੀਕਲਾ ਅਖ਼ਬਾਰ ਵੀ 1982 ਤੱਕ ਛਪਦਾ ਰਿਹਾ। ਉਸ ਤੋਂ ਬਾਅਦ ਸਿਲੰਡਰ ਮਸ਼ੀਨਾਂ ਆ ਗਈਆਂ, ਇਹ ਸਿੱਕਿਆਂ ਵਾਲੀ ਮਸ਼ੀਨ ਹੁੰਦੀ ਸੀ, ਅੱਖਰ ਸਿੱਕਿਆਂ ਤੇ ਹੁੰਦੇ ਸਨ ਵਿਸ਼ੇਸ਼ ਤੌਰ ਤੇ ਇਹ ਸਿੱਕਿਆਂ ਦੇ ਅੱਖਰ ਜੋੜ ਕੇ ਬਲਾਕ ਬਣਦਾ ਸੀ, ਇਹ ਮਸ਼ੀਨ 1982 ਵਿਚ ਸਹਾਰਨਪੁਰ (ਯੂ ਪੀ) ਤੋਂ 30 ਹਜ਼ਾਰ ਵਿਚ ਲਿਆਂਦੀ। ਇਹ ਮਸ਼ੀਨ ਰੇਲ ਦੇ ਇੰਜਣ ਵਰਗੀ ਸੀ, ਇਸ ਵੱਡੀ ਮਸ਼ੀਨ ਦਾ ਵਜ਼ਨ 100 ਕੁਵਿੰਟਲ ਦੇ ਨੇੜੇ ਤੇੜੇ ਸੀ। 1988 ਤੱਕ ਚੜ੍ਹਦੀਕਲਾ ਰੋਜ਼ਾਨਾ ਸਿਲੰਡਰ ਮਸ਼ੀਨ ਤੇ ਹੀ ਛਪਦਾ ਰਿਹਾ। 1990 ਵਿੱਚ ਵੈੱਬ ਆਫਸੈੱਟ ਮਸ਼ੀਨ ਮਲਿਆਲਮ ਮਨੋਰਮਾ ਦੀ ਮਸ਼ੀਨ ਕੋਚੀਨ ਤੋਂ ਲਿਆਂਦੀ ਗਈ। ਇਸ ਤੋਂ ਪਹਿਲਾਂ ਅਜੀਤ, ਪੰਜਾਬ ਕੇਸਰੀ ਆਦਿ ਅਖ਼ਬਾਰ ਬੰਧੂ ਦੀਆਂ ਮਸ਼ੀਨਾਂ ਤੇ ਹੀ ਛਪਦੇ ਸਨ। 50 ਲੱਖ ਦੀ ਇਹ ਮਸ਼ੀਨ ਜਗਜੀਤ ਸਿੰਘ ਦਰਦੀ ਨੂੰ ਬਹੁਤ ਘੱਟ ਰੁਪਿਆਂ ਵਿਚ ਹੀ ਮਿਲ ਗਈ। -ਪੰਜਾਬ ਦਾ ਸਭ ਤੋਂ ਪਹਿਲਾ ਅਖ਼ਬਾਰ ਚੜ੍ਹਦੀਕਲਾ ਕੰਪਿਊਟਰ ਤੇ ਹੋਇਆ-
ਜਦੋਂ ਮਸ਼ੀਨਾਂ ਆਫਸੈੱਟ ਆ ਗਈਆਂ ਸਨ ਤਾਂ ਉਸ ਵੇਲੇ ਕੰਪਿਊਟਰ ਵੀ ਜ਼ਰੂਰੀ ਸੀ ਤੇ ਨਾਲ ਹੀ ਲੇਜ਼ਰ ਪ੍ਰਿੰਟਰ ਵੀ ਲਾਜ਼ਮੀ ਸੀ ਪਰ ਆਮ ਗੱਲ ਨਹੀਂ ਸੀ ਕੰਪਿਊਟਰ ਖ਼ਰੀਦ ਲੈਣਾ, ਜਗਜੀਤ ਸਿੰਘ ਦਰਦੀ ਨੇ ਅਖ਼ਬਾਰੀ ਬਿਜ਼ਨਸ ਨੂੰ ਹੋਰ ਹੁਲਾਰਾ ਦੇਣ ਲਈ 1989 ਵਿਚ ਹੀ ਤਿੰਨ ਕੰਪਿਊਟਰ ਲੈ ਆਉਂਦੇ ਸਨ, ਉਸ ਵੇਲੇ ਦੋ ਲੱਖ ਦਾ ਇਕ ਕੰਪਿਊਟਰ ਆਉਂਦਾ ਸੀ, ਤਿੰਨ ਕੰਪਿਊਟਰ 6 ਲੱਖ ਦੇ ਆਏ। ਲੇਜ਼ਰ ਪ੍ਰਿੰਟਰ ਵੀ ਚਾਰ ਲੱਖ ਦਾ ਲਿਆਂਦਾ ਗਿਆ। ਅਖ਼ਬਾਰ ਆਫਸੈੱਟ ਮਸ਼ੀਨ ਤੇ ਛਪਣਾ ਸ਼ੁਰੂ ਹੋਇਆ। 1999 ਵਿਚ ਚੜ੍ਹਦੀਕਲਾ ਦਾ ਦਫ਼ਤਰ ਐਸਐਸਟੀ ਨਗਰ ਵਿਚ ਰਾਜਪੁਰਾ ਰੋਡ ਤੇ ਆ ਗਿਆ, ਇੱਥੇ ਹੀ ਪ੍ਰੈੱਸ ਲਗਾ ਦਿੱਤੀ ਗਈ। 150 ਪੱਤਰਕਾਰ ਚੜ੍ਹਦੀਕਲਾ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਕੰਮ ਕਰ ਰਿਹਾ ਹੈ। -ਚੜ੍ਹਦੀਕਲਾ ਪੱਤਰਕਾਰਾਂ ਦੀ ਨਰਸਰੀ-
1991 ਤੋਂ ਲਗਾਤਾਰ ਦਰਸ਼ਨ ਸਿੰਘ ਦਰਸ਼ਕ ਚੜ੍ਹਦੀਕਲਾ ਅਖ਼ਬਾਰ ਦੇ ਨਿਊਜ਼ ਐਡੀਟਰ ਤੇ ਸੰਪਾਦਕ ਦੇ ਤੌਰ ਤੇ ਕੰਮ ਕਰਦੇ ਆ ਰਹੇ ਹਨ ਦਰਸ਼ਕ ਹੋਰਾਂ ਨੇ ਕੁਝ ਸਮਾਂ ਸ਼ਾਮ ਦਾ ਅਖ਼ਬਾਰ ਕੱ‌ਢਿਆ ਸੀ ਜਿਸ ਨੇ ਕਾਫ਼ੀ ਚਰਚਾ ਬਟੋਰੀ ਪਰ ਬੰਦ ਹੋ ਗਿਆ। ਉਸ ਤੋਂ ਬਾਅਦ ਲਗਾਤਾਰ ਚੜ੍ਹਦੀਕਲਾ ਵਿਚ ਕੰਮ ਕਰਦੇ ਆ ਰਹੇ ਹਨ, ਪ੍ਰੋ. ਅਜਾਇਬ ਸਿੰਘ, ਪ੍ਰਿ. ਸਤਵੀਰ ਸਿੰਘ ਵਰਗਿਆਂ ਨੇ ਚੜ੍ਹਦੀਕਲਾ ਵਿਚ ਕੰਮ ਕੀਤਾ। ਇੱਥੇ ਹੀ ਬੱਸ ਨਹੀਂ ਚੜ੍ਹਦੀਕਲਾ ਵਿਚ ਕੰਮ ਕਰਨ ਵਾਲੇ ਅੱਗੇ ਵੱਡੀਆਂ ਬੁਲੰਦੀਆਂ ਤੇ ਪੁੱਜੇ, ਜਿਵੇਂ ਕਿ ਚੜ੍ਹਦੀਕਲਾ ਵਿਚ ਕੰਮ ਕਰਨ ਵਾਲੇ ਮਹਿੰਦਰ ਸਿੰਘ ਗਿੱਲ ਐੱਮ ਪੀ ਬਣੇ, ਹਰਚਰਨ ਬੈਂਸ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਬਣੇ, ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਰਹੇ ਵਰਿੰਦਰ ਸਿੰਘ ਵਾਲੀਆ ਅੱਜ ਕੱਲ੍ਹ ਪੰਜਾਬੀ ਜਾਗਰਣ ਦੇ ਸੰਪਾਦਕ ਹਨ। ਇਸ਼ਵਿੰਦਰ ਸਿੰਘ ਗਰੇਵਾਲ, ਹਰਜੀਤ ਗਰੇਵਾਲ, ਸ਼ਮੀਲ, ਜਸਵਿੰਦਰ ਸਿੰਘ ਦਾਖਾ, ਚਰਨਜੀਤ ਸਿੰਘ ਭੁੱਲਰ, ਬਲਵਿੰਦਰ ਜੰਮੂ, ਗੁਰਉਦੇਸ਼ ਸਿੰਘ ਭੁੱਲਰ, ਬਿੰਦਰਾ, ਅਮਰਜੀਤ ਸਿੰਘ ਵੜੈਚ, ਕ੍ਰਿਸ਼ਨ ਚੰਦ ਰੱਤੂ, ਖ਼ਾਲਿਦ ਹੁਸੈਨ ਪੀਆਰਓ ਜੰਮੂ ਬਣੇ, ਜਸਪਾਲ ਸਿੰਘ ਢਿੱਲੋਂ, ਗੁਲਸ਼ਨ ਕੁਮਾਰ, ਭੁਪੇਸ਼ ਚੱਠਾ, ਗੁਰਨਾਮ ਸਿੰਘ ਅਕੀਦਾ ਆਦਿ ਆਦਿ ਬਹੁਤ ਸਾਰੇ ਨਾਮ ਹਨ ਜਿਨ੍ਹਾਂ ਨੇ ਮੁਢਲੇ ਰੂਪ ਵਿਚ ਚੜ੍ਹਦੀਕਲਾ ਵਿਚ ਕੰਮ ਕੀਤਾ। -ਬੇਅੰਤ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਵਿਚ ਰੋਲ-
ਜਗਜੀਤ ਸਿੰਘ ਦਰਦੀ ਆਪਣੀ ਜ਼ੁਬਾਨੀ ਦੱਸਦੇ ਹਨ ਕਿ ਕੇਂਦਰ ਸਰਕਾਰ ਦੀਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਜਥੇਦਾਰ ਗੁਰਚਰਨ ਸਿੰਘ ਟੌਹੜਾ ਰਾਹੀਂ ਉਹ ਮੀ‌ਟਿੰਗਾਂ ਕਰਵਾਇਆ ਕਰਦੇ ਸਨ। ਰਾਜੀਵ ਗਾਂਧੀ ਨਾਲ ਨੇੜਤਾ ਬਣੀ ਹੋਈ ਸੀ। ਬੇਅੰਤ ਸਿੰਘ ਜਦੋਂ 1981 ਵਿਚ ਪੰਜਾਬ ਸਰਕਾਰ ਦੇ ਮਾਲ ਮੰਤਰੀ ਸਨ ਤਾਂ ਉਸ ਵੇਲੇ ਜਗਜੀਤ ਸਿੰਘ ਦਰਦੀ ਨੂੰ ਸਿਟੀਜ਼ਨ ਵੈੱਲਫੇਅਰ ਕੌਂਸਲ ਪਟਿਆਲਾ ਵੱਲੋਂ ‘ਸ਼ੇਰ-ਏ-ਪਟਿਆਲਾ’ ਦਾ ਖ਼ਿਤਾਬ ਦਿੱਤਾ ਗਿਆ ਸੀ। ਇਹ ਖ਼ਿਤਾਬ ਦੇਣ ਲਈ ਤਤਕਾਲੀ ਮਾਲ ਮੰਤਰੀ ਬੇਅੰਤ ਸਿੰਘ ਆਏ ਸਨ। ਇਸ ਖ਼ਿਤਾਬ ਦੇ ਨਾਲ 21 ਹਜ਼ਾਰ ਦੀ ਥੈਲੀ ਵੀ ਦਰਦੀ ਹੋਰਾਂ ਨੂੰ ਭੇਂਟ ਕੀਤੀ ਗਈ। 1991-92 ਦੌਰਾਨ ਬੇਅੰਤ ਸਿੰਘ ਦੀ ਹਾਈਕਮਾਂਡ ਨਾਲ ਕਾਫ਼ੀ ਵਿਗੜ ਗਈ ਸੀ ਤਾਂ ਉਸ ਨੂੰ ਕਾਂਗਰਸ ਵਿਚੋਂ ਕੱਢ ਦਿੱਤਾ ਗਿਆ ਸੀ। ਬੇਅੰਤ ਸਿੰਘ ਨੇ ਜਗਜੀਤ ਸਿੰਘ ਦਰਦੀ ਨਾਲ ਸੰਪਰਕ ਕੀਤਾ, ਦਰਦੀ ਪਹਿਲਾਂ ਦਿਲੀ ਜਾ ਕੇ ਰਾਜੀਵ ਗਾਂਧੀ ਨੂੰ ਮਿਲਣ ਚਲੇ ਗਏ, ਬਾਅਦ ਵਿਚ ਜਦੋਂ ਬੇਅੰਤ ਸਿੰਘ ਪੰਜਾਬ ਭਵਨ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਦਰਦੀ ਤਾਂ ਪਹਿਲਾਂ ਹੀ ਰਾਜੀਵ ਗਾਂਧੀ ਨੂੰ ਮਿਲਣ ਚਲੇ ਗਏ ਹਨ। ਜਦੋਂ ਜਗਜੀਤ ਸਿੰਘ ਦਰਦੀ ਵਾਪਸ ਆਏ ਤਾਂ ਬੇਅੰਤ ਸਿੰਘ ਨੇ ਦਰਦੀ ਨਾਲ ਕਾਫ਼ੀ ਗ਼ੁੱਸਾ ਕੀਤਾ। ਪਰ ਜਗਜੀਤ ਸਿੰਘ ਦਰਦੀ ਨੇ ਉਸ ਨੂੰ ਕਿਹਾ ਕਿ ਤੁਸੀਂ ਕੱਲ੍ਹ ਕਾਂਗਰਸ ਭਵਨ ਜਾਓ ਤੁਹਾਨੂੰ ਪੰਜਾਬ ਕਾਂਗਰਸ ਪ੍ਰਧਾਨ ਦਾ ਪੱਤਰ ਮਿਲੇਗਾ। ਇਹ ਗੱਲ ਸੱਚੀ ਹੋਈ। ਇੱਥੋਂ ਹੀ ਬੇਅੰਤ ਸਿੰਘ ਦੇ ਮੁੱਖ ਮੰਤਰੀ ਬਣਨ ਦਾ ਮੁੱਢ ਬੱਝਾ। ਇਹ ਗੱਲ ਜਸਜੀਤ ਸਿੰਘ ਰੰਧਾਵਾ ਦੇ ਭਰਾ ਨੂੰ ਚੰਗੀ ਤਰ੍ਹਾਂ ਪਤਾ ਹੈ। -ਐੱਸ ਐੱਸ ਟੀ ਨਗਰ ਵਿਚ ਪਲਾਟ ਲੈਣਾ- ਜਦੋਂ ਬੇਅੰਤ ਸਿੰਘ ਮੁੱਖ ਮੰਤਰੀ ਬਣੇ ਤਾਂ ਐਸਐਸਟੀ ਨਗਰ ਦੀ ਥਾਂ ਤੇ ਵੱਡੇ ਵੱਡੇ ਟੋਏ ਹੁੰਦੇ ਸਨ, ਉਜਾੜ ਹੁੰਦਾ ਸੀ ਕੋਈ ਇਸ ਪਾਸੇ ਪਲਾਟ ਤਾਂ ਕੀ ਖ਼ਰੀਦਣਾ ਸੀ, ਰਹਿਣ ਦਾ ਸੋਚਦਾ ਵੀ ਨਹੀਂ ਸੀ, ਉਸ ਵੇਲੇ ਸਕੂਲ ਲਈ ਬੇਅੰਤ ਸਿੰਘ ਨੇ ਜਗਜੀਤ ਸਿੰਘ ਦਰਦੀ ਨੂੰ ਰਿਜ਼ਰਵ ਰੇਟ ਤੇ ਐਸਐਸਟੀ ਨਗਰ ਵਿਚ ਪਲਾਟ ਦਿੱਤੇ, ਉਸੇ ਵੇਲੇ ਰਾਜਪੁਰਾ ਰੋਡ ਤੇ ਐਸਐਸਟੀ ਨਗਰ ਵਿਚ ਰਿਜ਼ਰਵ ਰੇਟ ਭਾਵ ਕਿ 250 ਰੁਪਏ ਵਰਗ ਗਜ਼ ਦੇ ਹਿਸਾਬ ਨਾਲ ਬੇਅੰਤ ਸਿੰਘ ਨੇ ਇਹ ਪਲਾਟ 1992 ਵਿਚ ਦੇ ਦਿੱਤਾ ਜਿੱਥੇ ਕਿ ਅੱਜ ਕੱਲ੍ਹ ਚੜ੍ਹਦੀਕਲਾ ਟਾਈਮ ਟੀਵੀ ਦਾ ਦਫ਼ਤਰ ਚੱਲਦਾ ਹੈ। 1993 ਵਿਚ ਹੜ੍ਹ ਆ ਗਏ ਸਨ, ਉਸ ਵੇਲੇ ਕਈ ਵਿਅਕਤੀ ਦਰਦੀ ਨੂੰ ਪਾਗਲ ਵੀ ਕਹਿੰਦੇ ਸੁਣੇ ਗਏ ਸਨ ਪਰ ਅੱਜ ਇਹ ਥਾਂ ਸੋਨਾ ਬਣ ਗਈ ਹੈ। -ਟਾਈਮ ਟੀਵੀ ਸ਼ੁਰੂ ਕਰਨਾ-
ਜਗਜੀਤ ਸਿੰਘ ਦਰਦੀ ਦੇ ਦੋ ਸਪੁੱਤਰ ਹਰਪ੍ਰੀਤ ਸਿੰਘ ਦਰਦੀ ਤੇ ਸਤਬੀਰ ਸਿੰਘ ਦਰਦੀ ਵਿਦੇਸ਼ ਤੋਂ ਟੀਵੀ ਦੀ ਐਮਬੀਏ ਕਰਕੇ ਆਏ ਸਨ। ਇਨ੍ਹਾਂ ਦਾ ਮਨ ਸੀ ਕਿ ਟੀਵੀ ਚੈਨਲ ਸ਼ੁਰੂ ਕੀਤਾ ਜਾਵੇ, ਜਗਜੀਤ ਸਿੰਘ ਦਰਦੀ ਵੀ ਸਮੇਂ ਦੀ ਪੈੜ ਚਾਲ ਨੂੰ ਸਮਝ ਰਹੇ ਸਨ। ਇਕ ਦਿਨ ਜਦੋਂ ਦਰਦੀ ਪਰਿਵਾਰ ਦਿਲੀ ਵਿਖੇ ਬੰਗਲਾ ਸਾਹਿਬ ਦੇ ਦਰਸ਼ਨ ਕਰਨ ਲਈ ਗਿਆ ਸੀ ਤਾਂ ਉੱਥੇ ਪਰਮਜੀਤ ਸਿੰਘ ਸਰਨਾ ਨਾਲ ਮੁਲਾਕਾਤ ਹੋ ਗਈ, ਇੱਥੋਂ ਇਹ ਵਿਚਾਰ ਹੋਇਆ ਕਿ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਸਿੱਧਾ ਪ੍ਰਸਾਰਨ ਚਲਾਉਣ ਲਈ ਟੀਵੀ ਚੈਨਲ ਸ਼ੁਰੂ ਕੀਤਾ ਜਾਵੇ। ਪਰਮਜੀਤ ਸਿੰਘ ਸਰਨਾ ਨੇ ਹਾਮੀ ਭਰ ਦਿੱਤੀ। ਉਸ ਵੇਲੇ ਪਰਮਜੀਤ ਸਿੰਘ ਸਰਨਾ ਨੇ ਜਗਜੀਤ ਸਿੰਘ ਦਰਦੀ ਨੂੰ 10 ਲੱਖ ਰੁਪਏ ਉਧਾਰੀ ਦੇ ਤੌਰ ਤੇ ਦਿੱਤੇ। ਸਮਾਂ ਦਰਦੀ ਹੋਰਾਂ ਦੇ ਵੱਲ ਹੋ ਗਿਆ ਸੀ ਕਿ ਪ੍ਰਗਤੀ ਮੈਦਾਨ ਵਿਚ ਇਲੈਕਟ੍ਰੋਨਿਕ ਮੇਲਾ ਲੱਗਾ ਸੀ, ਉਸ ਦਿਨ ਮੇਲੇ ਦਾ ਆਖ਼ਰੀ ਦਿਨ ਸੀ ਟੀਵੀ ਚੈਨਲ ਚਲਾਉਣ ਲਈ ਸਮਾਨ ਲੈਣਾ ਸੀ, ਮੇਲੇ ਦਾ ਆਖ਼ਰੀ ਦਿਨ ਹੋਣ ਕਰਕੇ ਟੀਵੀ ਚੈਨਲ ਦਾ ਸਮਾਨ ਬਹੁਤ ਸਸਤੇ ਰੇਟਾਂ ਵਿਚ ਮਿਲ ਗਿਆ। ਪ੍ਰਸਾਰ ਭਾਰਤੀ ਦੇ ਸੀਈਓ ਆਈਏਐਸ ਬੀਐਸ ਲਾਲੀ ਹੋਇਆ ਕਰਦੇ ਸਨ। ਸ. ਦਰਦੀ ਉਸ ਕੋਲ ਗਏ ਤੇ ਉਨ੍ਹਾਂ ਕੋਲ ‘ਫ਼ਰੀ ਡਿਸ਼’ ਵਿਚ ਚੜ੍ਹਦੀ ਕਲਾ ਟਾਈਮ ਟੀਵੀ ਪਾਉਣ ਦੀ ਬੇਨਤੀ ਕੀਤੀ ਤਾਂ ਸ. ਲਾਲੀ ਕਹਿਣ ਲੱਗੇ ਕਿ ‘ਤੇਰੇ ਟੀਵੀ ਵਿਚ ਕੀ ਹੈ?’ ਤਾਂ ਸ. ਦਰਦੀ ਨੇ ਕਿਹਾ ਕਿ ‘ਮੇਰੇ ਟੀਵੀ ਚੈਨਲ ਵਿਚ ਬੰਗਲਾ ਸਾਹਿਬ ਦਾ ਸਿੱਧਾਂ ਪ੍ਰਸਾਰਨ ਹੈ’। ਇਸ ਗੱਲੋਂ ਹੀ ਖ਼ੁਸ਼ ਹੋਕੇ ਸ. ਲਾਲੀ ਕਹਿਣ ਲੱਗੇ ‘20 ਲੱਖ ਦਾ ਇੰਤਜ਼ਾਮ ਕਰ ਸਕਦੈਂ’ ਤਾਂ ਸ. ਦਰਦੀ ਨੇ ਉਥੇ ਹਾਂ ਕਰ ਦਿੱਤੀ, ਦੂਜੇ ਦਿਨ ਹੀ ਬੈਂਕ ਤੋਂ 20 ਲੱਖ ਦਾ ਲੋਨ ਲੈ ਕੇ ਪ੍ਰਸਾਰ ਭਾਰਤੀ ਕੋਲ ਜਮਾਂ ਕਰਵਾ ਆਏ ਤੇ ਟਾਈਮ ਟੀਵੀ ‘ਫ਼ਰੀ ਡਿਸ਼’ ਤੇ ਪੈ ਗਿਆ। ਜੋ ਕਿ ਅੱਜ ਤੱਕ ਚੱਲ ਰਿਹਾ ਹੈ, ਬੇਸ਼ੱਕ ਅੱਜ ਤਾਂ ਸਵਾ ਕਰੋੜ ਤੱਕ ਫ਼ਰੀ ਡਿਸ਼ ਵਿਚ ਪੈਣ ਲਈ ਸਲਾਨਾ ਦਿੱਤਾ ਜਾ ਰਿਹਾ ਹੈ। ਉਸ ਤੋਂ ਬਾਅਦ ਤਾਂ ਚੜ੍ਹਦੀਕਲਾ ਟਾਈਮ ਟੀਵੀ ਟਾਟਾ ਸਕਾਈ ਤੋਂ ਲੈ ਕੇ ਏਅਰ ਟੈੱਲ ਤੱਕ ਹਰ ਇਕ ਡਿਸ਼ ਵਿਚ ਚੱਲਦਾ ਰਿਹਾ, ਹੁਣ ਤਾਂ ਯੂਐਸਏ ਤੇ ਕੈਨੇਡਾ ਦੀਆਂ ਡਿਸ਼ਾਂ ਵਿਚ ਵੀ ਚੱਲ ਰਿਹਾ ਹੈ। ਇਸ ਸਮੇਂ ਟਾਈਮ ਟੀਵੀ ਵਿਚ 250 ਦੇ ਕਰੀਬ ਦੇਸ਼ਾਂ ਵਿਦੇਸ਼ਾਂ ਵਿਚ ਟੀਵੀ ਰਿਪੋਰਟਰ ਕੰਮ ਕਰਦੇ ਹਨ। ਦਫ਼ਤਰ ਵਿਚ ਵੀ 100 ਤੋਂ 125 ਵਿਅਕਤੀ ਕੰਮ ਕਰਦੇ ਹਨ। -ਵੱਡੀਆਂ ਸੰਸਥਾਵਾਂ ਦੇ ਮੈਂਬਰ ਤੇ ਕਈ ਅਹੁਦਿਆਂ ਤੇ ਰਹੇ-
1982 ਵਿਚ ਜਗਜੀਤ ਸਿੰਘ ਦਰਦੀ ਆਲ ਇੰਡੀਆ ਨਿਊਜ਼ ਪੇਪਰ ਐਡੀਟਰ ਕਾਨਫ਼ਰੰਸ ਦੇ ਸਟੈਂਡਿੰਗ ਕਮੇਟੀ ਦੇ ਮੈਂਬਰ ਬਣੇ। 1982 ਵਿਚ ਪੰਜਾਬ ਸਰਕਾਰ ਦੀ ਪ੍ਰੈੱਸ ਰੀਲੇਸ਼ਨਲ ਕਮੇਟੀ ਦੇ ਮੈਂਬਰ ਬਣੇ। 1986 ਵਿਚ ਇੰਡੀਅਨ ਨਿਊਜ਼ ਪੇਪਰ ਸੁਸਾਇਟੀ (ਆਈਐਨਐਸ) ਦੇ ਐਗਜ਼ੈਕਟਿਵ ਮੈਂਬਰ ਡਾਇਰੈਕਟ ਬਣੇ ਜੋ ਅੱਜ ਤੱਕ ਚਲੇ ਆ ਰਹੇ ਹਨ। 1983 ਵਿਚ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਦੇ ਮੀਡੀਆ ਡੈਲੀਗੇਸ਼ਨ ਮੈਂਬਰ ਬਣੇ।
ਸਟੇਟ ਗੈੱਸਟ ਬਣਾਇਆ, ਉਸ ਤੋਂ ਬਾਅਦ ਬਣੇ ਸਾਰੇ ਹੀ ਪ੍ਰਧਾਨ ਮੰਤਰੀਆਂ ਜਿਵੇਂ ਕਿ ਅਟੱਲ ਬਿਹਾਰੀ ਵਾਜਪਾਈ, ਰਾਜੀਵ ਗਾਂਧੀ, ਮਨਮੋਹਨ ਸਿੰਘ ਆਦਿ ਸਾਰਿਆਂ ਦੇ ਹੀ ਨਾਲ ਜਹਾਜ਼ ਵਿਚ ਬੈਠ ਕੇ ਵਿਦੇਸ਼ਾਂ ਵਿਚ ਜਾਂਦੇ ਰਹੇ। ਹਾਲਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਹਾਜ਼ ਵਿਚ ਲੈ ਜਾਣਾ ਪੱਤਰਕਾਰਾਂ ਨੂੰ ਬੰਦ ਕਰ ਦਿੱਤਾ ਹੈ, ਹੁਣ ਜੇਕਰ ਕੋਈ ਪੱਤਰਕਾਰ ਜਾਣਾ ਚਾਹੇ ਤਾਂ ਦੂਜੇ ਜਹਾਜ਼ ਵਿਚ ਜਾ ਸਕਦਾ ਹੈ।
1994 ਵਿਚ ਪੰਜਾਬ ਸਰਕਾਰ ਦੀ ਪ੍ਰੈੱਸ ਐਕਰੀਡੇਸ਼ਨ ਕਮੇਟੀ ਦੇ ਮੈਂਬਰ ਬਣੇ ਜੋ ਅੱਜ ਤੱਕ ਵੀ ਚਲੇ ਆ ਰਹੇ ਹਨ। 2000 ਵਿਚ ਹਰਿਆਣਾ ਪ੍ਰੈੱਸ ਐਕਰੀਡੇਸ਼ਨ ਕਮੇਟੀ ਦੇ ਮੈਂਬਰ ਵੀ ਬਣ ਗਏ। 1996 ਵਿਚ ਲੋਕ ਸਭਾ ਪ੍ਰੈੱਸ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਬਣੇ ਅੱਜ ਤੱਕ ਚਲੇ ਆ ਰਹੇ ਹਨ। 2014 ਵਿਚ ਰਾਜ ਸਭਾ ਵਿਚ ਮੀਡੀਆ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਬਣੇ। ਜਿੱਥੇ ਕਿ ਸ. ਦਰਦੀ ਸੈਂਟਰ ਹਾਲ ਵਿਚ ਬੈਠਦੇ ਹਨ ਉੱਥੇ ਬੈਠਣਾ ਹਰੇਕ ਦੇ ਹਿੱਸੇ ਨਹੀਂ ਆਉਂਦਾ। ਇਸ ਸਮੇਂ ਜਗਜੀਤ ਸਿੰਘ ਦਰਦੀ ਨੂੰ ਲੰਬੀਆਂ ਤੇ ਸ਼ਾਨਦਾਰ ਸੇਵਾਵਾਂ ਬਦਲੇ ਐੱਲ ਐਂਡ ਡੀ ਦਾ ਸ਼ਨਾਖ਼ਤੀ ਕਾਰਡ ਪ੍ਰਾਪਤ ਹੈ। 2001 ਵਿਚ ਪ੍ਰੈੱਸ ਕੌਂਸਲ ਆਫ਼ ਇੰਡੀਆ ਤੇ ਮੈਂਬਰ ਬਣੇ ਤੇ 2007 ਤੱਕ ਰਹੇ ਉਸ ਤੋਂ ਬਾਅਦ ਤੀਜੀ ਟਰਮ ਵਿਚ 2014 ਤੱਕ ਰਹੇ। ਸ. ਦਰਦੀ ਨੇ ਧਾਕੜ ਵਿਅਕਤੀ ਜਸਟਿਸ ਕਾਟਜੂ ਨਾਲ ਵੀ ਕੰਮ ਕੀਤਾ।
-ਇਨਾਮ ਸਨਮਾਨ-
ਪਟਿਆਲਾ ਸਿਟੀਜ਼ਨ ਵੈੱਲਫੇਅਰ ਕੌਂਸਲ ਵੱਲੋਂ ‘ਸ਼ੇਰ-ਏ-ਪਟਿਆਲਾ ਦਾ ਐਵਾਰਡ 1981 ਵਿਚ ਮਿਲਿਆ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਦਾ ਐਵਾਰਡ 1992 ਵਿੱਚ ਮਿਲਿਆ। ਪੰਜਾਬ ਰਤਨ ਗਵਰਨਰ ਪੰਜਾਬ ਵੱਲੋਂ 2000 ਵਿਚ ਦਿੱਤਾ ਗਿਆ। ਸ਼੍ਰੋਮਣੀ ਪੰਜਾਬੀ ਐਵਾਰਡ ਮਾਨਯੋਗ ਰਾਸ਼ਟਰਪਤੀ ਵੱਲੋਂ 1998 ਵਿਚ, ਸ਼੍ਰੋਮਣੀ ਪੰਜਾਬੀ ਐਵਾਰਡ ਵਿਸ਼ਵ ਪੰਜਾਬੀ ਕਾਨਫ਼ਰੰਸ ਯੂਐਸਏ ਮਿਲਵਾਕੀ ਵਿਚ ਮਿਲਿਆ। ਭਾਰਤੀ ਉਦਯੋਗ ਰਤਨ ਐਵਾਰਡ ਇੰਡੀਅਨ ‌ਇਕਨਾਮਿਕ ਰਿਸਰਚ ਐਸੋਸੀਏਸ਼ਨ ਵੱਲੋਂ ਲੋਕ ਸਭਾ ਸਪੀਕਰ ਬਲਰਾਮ ਜਾਖੜ ਵੱਲੋਂ 1996 ਵਿਚ ਦਿੱਤਾ ਗਿਆ। ਫੇਸ ਆਫ਼ ਸਕਸੈੱਸ ਐਵਾਰਡ ਹਿੰਦੁਸਤਾਨ ਟਾਈਮਜ਼, ਐਜਪ੍ਰੀਨਿਓਰ ਐਵਾਰਡ ਟਾਈਮਜ਼ ਆਫ਼ ਇੰਡੀਆ, ਭਾਈ ਸਾਹਿਬ ਦੀ ਪਦਵੀ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਤੋਂ, ਉੱਘਾ ਪੱਤਰਕਾਰ ਐਵਾਰਡ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ, ਫ਼ਖਰ ਏ ਕੌਮ ਐਵਾਰਡ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ, ਮੈਲਬਾਰਨ ਆਸਟ੍ਰੇਲੀਆ ਵੱਲੋਂ ਦਿੱਤਾ ਗਿਆ। ਭਾਰਤ ਦਾ ਸਭ ਤੋਂ ਵੱਡਾ ਸਨਮਾਨ ‘ਪਦਮ ਸ਼੍ਰੀ’ ਮਾਨਯੋਗ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਜੀ ਵੱਲੋਂ ਦਿੱਤਾ ਗਿਆ।
ਇਸ ਤੋਂ ਇਲਾਵਾ ਮਾਨ ਸਨਮਾਨਾਂ ਦੀ ਲਿਸਟ ਬਹੁਤ ਲੰਬੀ ਹੈ। -ਕੋਰਟ ਕੇਸ ਧਮਕੀਆਂ- ਉਂਜ ਤਾਂ ਜਗਜੀਤ ਸਿੰਘ ਦਰਦੀ ਦਾ ਸ਼ੁਰੂ ਤੋਂ ਹੀ ਕੋਰਟ ਕੇਸਾਂ ਧਮਕੀਆਂ ਨਾਲ ਵਾਹ ਪੈਂਦਾ ਰਿਹਾ ਪਰ ਅਖ਼ਬਾਰ ਵਿਚ ਵੀ ਧਮਕੀਆਂ ਆਮ ਆਉਂਦੀਆਂ ਸਨ, ਖਾੜਕੂਵਾਦ ਵੇਲੇ ਖਾੜਕੂ ਖ਼ਬਰਾਂ ਦਿੰਦੇ ਸਨ, ਲਾਉਣੀਆਂ ਪੈਂਦੀਆਂ ਸਨ, ਉਸ ਵੇਲੇ ਮੁੱਖ ਮੰਤਰੀ ਬੇਅੰਤ ਸਿੰਘ ਕੋਲ ਸ਼ਿਕਾਇਤਾਂ ਗਈਆਂ ਪਰ ਉਸ ਨੇ ਕੋਈ ‌ਸ਼ਿਕਾਇਤ ਦੀ ਪ੍ਰਵਾਹ ਨਹੀਂ ਕੀਤੀ। ਗੁਰਦੇਵ ਸਿੰਘ ਐਮਐਲਏ ਤੋਂ ਲੈ ਕੇ ਕੋਰਟ ਕੇਸ ਕਈ ਸਾਰੇ ਭੁਗਤੇ ਤੇ ਕੋਰਟ ਨੋਟਿਸ ਤਾਂ ਫੁੱਲਾਂ ਦੀ ਮਾਲਾ ਵਾਂਗ ਅੱਜ ਵੀ ਆਉਂਦੇ ਰਹਿੰਦੇ ਹਨ। -ਸਿੱਖਿਆ ਸੰਸਥਾਵਾਂ ਵਿਚ ਕਾਮਯਾਬ ਸ਼ਮੂਲੀਅਤ- ਸ੍ਰੀ ਗੁਰੂ ਹਰਕਿਸ਼ਨ ਪਬਲਿਕ 4 ਸਕੂਲ ਚਲਾਏ ਜਾ ਰਹੇ ਹਨ। ਇਕ ਗੁਰੂ ਹਰਕਿਸ਼ਨ ਕਾਲਜ ਚਲਾਇਆ ਜਾ ਰਿਹਾ ਹੈ। ਨਿਊ ਦਿਲੀ ਪਬਲਿਕ ਸਕੂਲ ਚੱਲ ਰਿਹਾ ਹੈ। ਤਿੰਨ ਸਕੂਲ ਲਿਟਲ ਮਿਲੇਨੀਅਮ ਸਕੂਲ ਨਿੱਕੇ ਬੱਚਿਆਂ ਲਈ ਚੱਲੇ ਰਹੇ ਹਨ। ਦੋ ਸਕਿੱਲ ਡਿਵੈਲਪਮੈਂਟ ਦੇ ਨਰਸਿੰਗ ਤੇ ਕੰਪਿਊਟਰ ਆਦਿ ਕਾਲਜ ਚੱਲ ਰਹੇ ਹਨ। -ਪਰਿਵਾਰ-
ਜਗਜੀਤ ਸਿੰਘ ਦਰਦੀ ਹੋਰੀਂ ਦੋ ਭਰਾ ਹਨ, ਦੂਜਾ ਭਰਾ ਚੌਧਰੀ ਪ੍ਰਭਜੀਤ ਸਿੰਘ ਹੈ ਜਿਸ ਦੀ ਸਪਤਾਹਿਕ ਸ਼ਹੀਦ-ਏ-ਆਜ਼ਮ ਅਖ਼ਬਾਰ ਅਤੇ ਰਾਜਨੀਤੀ ਯੁੱਗ ਮੈਗਜ਼ੀਨ ਚੱਲ ਰਿਹਾ ਹੈ। ਚੌਧਰੀ ਪ੍ਰਭਜੀਤ ਸਿੰਘ ਦੀ ਸ਼ਹੀਦ-ਏ-ਆਜ਼ਮ ਨਾਲ ਨਾਲ ਪ੍ਰਿੰਟਿੰਗ ਪ੍ਰੈੱਸ ਚੱਲ ਰਹੀ ਹੈ, ਇਸ ਵੇਲੇ ਉਨ੍ਹਾਂ ਦਾ ਵੱਡਾ ਹੋਟਲ ਵੀ ਚੱਲ ਰਿਹਾ ਹੈ। ਚੌਧਰੀ ਪ੍ਰਭਜੀਤ ਸਿੰਘ ਦੇ ਦੋ ਪੁੱਤਰ ਛਤਰਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਹੁਣ ਅੱਗੇ ਕੰਮ ਸੰਭਾਲ ਰਹੇ ਹਨ, ਜਗਜੀਤ ਸਿੰਘ ਦਰਦੀ ਦੀ ਮਾਂ ਹਰਬੰਸ ਕੌਰ (96) ਅੱਜ ਕੱਲ੍ਹ ਚੌਧਰੀ ਪ੍ਰਭਜੀਤ ਕੋਲ ਹੀ ਰਹਿੰਦੇ ਹਨ। ਜਗਜੀਤ ਸਿੰਘ ਦਰਦੀ ਦੀ ਧਰਮ ਪਤਨੀ ਜਸਵਿੰਦਰ ਕੌਰ, ਦੋ ਪੁੱਤਰ ਹਰਪ੍ਰੀਤ ਸਿੰਘ ਦਰਦੀ ਅਤੇ ਸਤਬੀਰ ਸਿੰਘ ਦਰਦੀ। ਸਤਬੀਰ ਸਿੰਘ ਦਰਦੀ ਇਸ ਦੁਨੀਆ ਵਿਚ ਨਹੀਂ ਰਹੇ। ਦੋਵਾਂ ਦੇ ਇਕ ਇਕ ਬੇਟਾ ਤੇ ਇਕ ਇਕ ਬੇਟੀ ਹੈ।
-ਕਮੀਆਂ ਤੇ ਅਫ਼ਵਾਹਾਂ-
ਜਗਜੀਤ ਸਿੰਘ ਦਰਦੀ ਨੇ ਟੀਵੀ ਹਸਪਤਾਲ ਦੇ ਸਾਹਮਣੇ ਤੋਂ ਲੱਕੜਾਂ ਕੱਟ ਕੇ ਵੇਚਦਿਆਂ ਇਸ ਤਰੀਕੇ ਨਾਲ ਕੰਮ ਕੀਤਾ ਕਿ ਅੱਜ ਇਕ ਵੱਡੇ ਅਦਾਰੇ ਦੇ ਮਾਲਕ ਹਨ। ਉਨ੍ਹਾਂ ਵਿਚ ਇਕ ਪੱਤਰਕਾਰ ਵਜੋਂ ਕੰਮ ਕਰਨ ਵਿਚ ਕਈ ਕਮੀਆਂ ਹੋਣਗੀਆਂ, ਕਿਉਂਕਿ ਇਕ ਅਦਾਰਾ ਚਲਾਉਣਾ ਇਕ ਬਿਜ਼ਨਸਮੈਨ ਬਣ ਕੇ ਹੀ ਚਲਾਇਆ ਜਾ ਸਕਦਾ ਹੈ। ਆਮ ਤੌਰ ਤੇ ਇੰਪਲਾਈਜ਼ ਤੇ ਇੰਪਲਾਇਰ ਦਾ ਤਨਖ਼ਾਹਾਂ ਪਿੱਛੇ ਰੌਲਾ ਰਹਿੰਦਾ ਹੈ, ਬਿਜ਼ਨਸਮੈਨ ਹੁੰਦਿਆਂ ਜਗਜੀਤ ਸਿੰਘ ਦਰਦੀ ਨੇ ਕਿਤੇ ਕਿਤੇ ਪੱਤਰਕਾਰਤਾ ਦੇ ਆਦਰਸ਼ ਵੀ ਅਣਗੌਲੇ ਕੀਤੇ ਹੋਣਗੇ ਪਰ ਉਨ੍ਹਾਂ ਇਕ ਅਦਾਰਾ ਖੜ੍ਹਾ ਕਰਨ ਲਈ ਸਖ਼ਤ ਮਿਹਨਤ ਕੀਤੀ। ਜਿਸ ਕਰਕੇ ਅੱਜ ਉਨ੍ਹਾਂ ਦੇ ਅਦਾਰੇ ਤੋਂ ਬਹੁਤ ਸਾਰੇ ਲੋਕ ਆਪਣੇ ਪਰਿਵਾਰ ਪਾਲ ਰਹੇ ਹਨ। ਕਈ ਸਾਰੀਆਂ ਅਫ਼ਵਾਹਾਂ ਜਗਜੀਤ ਸਿੰਘ ਦਰਦੀ ਬਾਰੇ ਮਾਰਕਿਟ ਵਿਚ ਚੱਲਦੀਆਂ ਹਨ ਪਰ ਉਹ ਅਫ਼ਵਾਹਾਂ ਇਕ ਕਾਮਯਾਬ ਵਿਅਕਤੀ ਲਈ ਕੋਈ ਵੀ ਤਿਆਰ ਕਰ ਸਕਦਾ ਹੈ। ਜਿਸ ਵਿਅਕਤੀ ਨੂੰ ਸਿੱਖ ਸੰਸਥਾਵਾਂ ਤੋਂ ਲੈ ਕੇ ਰਾਜਨੀਤਿਕ ਤੌਰ ਤੇ ਅਤੇ ਸਮਾਜਕ ਤੌਰ ਸਨਮਾਨਿਆ ਗਿਆ ਹੋਵੇ ਉਸ ਬਾਰੇ ਕੁਝ ਲੋਕ ਚਿੜਦੇ ਹੋਏ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਨੂੰ ਜਨਮ ਦਿੰਦੇ ਹਨ। ਮੈਨੂੰ ਉਹ ਅਫ਼ਵਾਹਾਂ ਹੀ ਲੱਗੀਆਂ ਜਿਨ੍ਹਾਂ ਵਿਚ ਕੋਈ ਸਚਾਈ ਨਜ਼ਰ ਨਹੀਂ ਆਈ ਕਿਉਂਕਿ ਤੱਥਾਂ ਰਹਿਤ ਹਨ। ਵੱਡੇ ਲੋਕਾਂ ਨਾਲ ਮਿਲਣਾ, ਸਿਆਸੀ ਲੋਕਾਂ ਨਾਲ ਬਣਾ ਕੇ ਰੱਖਣਾ, ਆਪਣੇ ਬਿਜ਼ਨੈੱਸ ਨੂੰ ਬੁਲੰਦੀ ਤੇ ਲੈ ਜਾਣ ਲਈ ਦਰਦੀ ਹੋਰਾਂ ਨੇ ਵੱਡੇ ਲੋਕਾਂ ਨਾਲ ਸੰਪਰਕ ਪੈਦਾ ਕੀਤੇ ਹੋਣਗੇ ਉਨ੍ਹਾਂ ਨੂੰ ਵਰਤਿਆ ਵੀ ਹੋਵੇਗਾ, ਪਰ ਇਹ ਹਰ ਬਿਜ਼ਨਸਮੈਨ ਕਰਦਾ ਹੈ। ਜਗਜੀਤ ਸਿੰਘ ਦਰਦੀ ਦੇ ਜਿਊਣ ਦਾ ਲਹਿਜ਼ਾ ਖੁੱਲ੍ਹੀ ਕਿਤਾਬ ਵਰਗਾ ਹੈ। ਦੂਰੋਂ ਜਗਜੀਤ ਸਿੰਘ ਦਰਦੀ ਦੀ ਅਲੋਚਨਾ ਕਰਨ ਵਾਲੇ ਲੋਕ ਉਸ ਦੇ ਸਾਹਮਣੇ ਆਕੇ ਉਸ ਦੀ ਜੀ-ਹਜੂਰੀ ਵੀ ਕਰਦੇ ਦੇਖੇ ਹਨ। ਜਗਜੀਤ ਸਿੰਘ ਦਰਦੀ, ਬਿਜ਼ਨਸਮੈਨ ਦਰਦੀ ਹੈ। ਇਕ ਚੰਗਾ ਬਿਜ਼ਨਸਮੈਨ ਉਦਯੋਗਪਤੀ ਅਤੇ ਇਕ ਚੰਗੇ ਇਨਸਾਨ ਕਰਕੇ ਉਸ ਨੂੰ ਪਦਮ ਸ੍ਰੀ ਪ੍ਰਦਾਨ ਕੀਤਾ ਗਿਆ। ਇਕ ਮਿਹਨਤਕਸ਼ ਵਿਅਕਤੀ ਹੈ ਜਗਜੀਤ ਸਿੰਘ ਦਰਦੀ, ਅੱਜ ਵੀ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਨੂੰ ਹੀ ਆਪਣਾ ਮੁੱਢਲਾ ਫ਼ਰਜ਼ ਸਮਝਦੇ ਹਨ ਅਜਿਹੇ ਵਿਅਕਤੀ ਤੋਂ ਸਮਾਜ ਦੀ ਸੇਧ ਦੀਆਂ ਵੱਡੀਆਂ ਆਸਾਂ ਰੱਖੀਆਂ ਜਾ ਸਕਦੀਆਂ ਹਨ। ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਜਗਜੀਤ ਸਿੰਘ ਦਰਦੀ ਨੂੰ ਹੋਰ ਬੁਲੰਦੀਆਂ ਬਖ਼ਸ਼ੇ, ਤੇ ਉਸ ਨੂੰ ਦੇਸ਼ ਕੌਮ ਲਈ ਚੰਗੇ ਕੰਮ ਕਰਨ ਬਲ ਬਖਸ਼ੇ... ਆਮੀਨ।
-ਗੁਰਨਾਮ ਸਿੰਘ ਅਕੀਦਾ 8146001100