Wednesday, November 30, 2022

ਪੰਜਾਬੀ ਪੱਤਰਕਾਰੀ ਦੇ ‘ਪਿਤਾਮਾ’ ਪਲੇਠੇ ਪੰਜਾਬੀ ਪੱਤਰਕਾਰ ‘ਗਿਆਨੀ ਦਿੱਤ ਸਿੰਘ’

ਸਿੰਘ ਸਭਾ ਲਹਿਰ ਦੇ ਮੋਢੀ ਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਬਣਾਉਣ ਵਿਚ ਅਹਿਮ ਰੋਲ ਨਿਭਾਉਣ ਵਾਲੇ ‘ਗਿਆਨੀ ਜੀ’
ਜਦੋਂ ਲਟ-ਲਟ ਮੱਚਦੀ ਅੱਗ ਦੀਆਂ ਤੱਤੀਆਂ ਹਵਾਵਾਂ ਚੱਲਦੀਆਂ ਹੋਣ ਤੇ ਉਨ੍ਹਾਂ ਹਵਾਵਾਂ ਦੇ ਵਿਰੁੱਧ ਆਪਣੀ ਭਰਵੀਂ ਹਾਜ਼ਰੀ ਲਵਾਉਣੀ ਕਿਸੇ ਆਮ ਵਿਅਕਤੀ ਦਾ ਕੰਮ ਨਹੀਂ ਹੋ ਸਕਦਾ। ਜਾਤ-ਪਾਤ ਦਾ ਕਹਿਰ ਸੀ, ਅੰਗਰੇਜ਼ਾਂ ਨੇ ਇਤਿਹਾਸਕ ਗੁਰਦੁਆਰਿਆਂ ਤੇ ਮਹੰਤ ਬਿਠਾ ਦਿੱਤੇ ਸਨ, ਸਿੰਘਾਂ ਦੀਆਂ ਠਾਹਰਾਂ ਜੰਗਲਾਂ ਵਿਚ ਜਾਂ ਹਮੇਸ਼ਾ ਘੋੜਿਆਂ ਤੇ ਹੀ ਹੁੰਦੀਆਂ ਸਨ। ਅੰਗਰੇਜ਼ ਆਪਣਾ ਸਭ ਤੋਂ ਵੱਡਾ ਦੁਸ਼ਮਣ ਸਿੱਖਾਂ ਨੂੰ ਹੀ ਮੰਨਦੇ ਸਨ, ਉਸ ਵੇਲੇ ਉਨ੍ਹਾਂ ਵਿਰੁੱਧ ਲਿਖਣਾ ਕੋਈ ਆਮ ਗੱਲ ਨਹੀਂ ਹੋ ਸਕਦੀ। ਸਿੱਖੀ ਦਾ ਪ੍ਰਚਾਰ ਕਰਨਾ ਤਾਂ ਹੋਰ ਵੀ ਔਖਾ ਸੀ। ਉਨ੍ਹਾਂ ਸਮਿਆਂ ਵਿਚ ਅਖ਼ਬਾਰ ਛਾਪ ਕੇ ਲੋਕਾਂ ਤੱਕ ਪਹੁੰਚਾਉਣਾ ਜੋਖ਼ਮ ਭਰਿਆ ਕੰਮ ਸੀ। ਪਰ ਇਹ ਜੋਖ਼ਮ ਭਰਿਆ ਕੰਮ ਕਰਨ ਵਾਲੇ ਲੋਕਾਂ ਨੂੰ ਜੇਕਰ ਅਸੀਂ ਵਿਸਾਰ ਦੇਵਾਂਗੇ ਤਾਂ ਪੱਤਰਕਾਰਤਾ ਦੀ ਕਲਮ ਨਾਲ ਇਨਸਾਫ਼ ਨਹੀਂ ਹੋਵੇਗਾ। ਅੱਜ ਆਪਾਂ ਗੱਲ ਕਰਾਂਗੇ ਅਜਿਹੇ ਮਹਾਨ ਪੱਤਰਕਾਰ ਦੀ ਜਿਸ ਨੇ ਅੰਗਰੇਜ਼ਾਂ ਦੀ ਕਰੂਰਤਾ ਭਰੇ ਪ੍ਰਸ਼ਾਸਨ ਦੌਰਾਨ ‘ਖ਼ਾਲਸਾ ਅਖ਼ਬਾਰ ਲਾਹੌਰ’ ਕੱਢਣਾ ਸ਼ੁਰੂ ਕੀਤਾ। ਅੱਜ ਮੇਰਾ ਹੀਰੋ ਤੇ ਹੀਰਾ ਪੱਤਰਕਾਰ ਹੈ ‘ਗਿਆਨੀ ਦਿੱਤ ਸਿੰਘ’। -ਮੁੱਢਲਾ ਜੀਵਨ, ਪੜ੍ਹਾਈ ਤੇ ਵਿਆਹ-
ਗਿਆਨੀ ਦਿੱਤ ਸਿੰਘ ਦਾ ਜਨਮ 21 ਅਪ੍ਰੈਲ 1850 ਨੂੰ ਪਿੰਡ ਨੰਦਪੁਰ ਕਲੌੜ ਰਿਆਸਤ ਪਟਿਆਲਾ (ਹੁਣ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ) ਵਿਖੇ ਪਿਤਾ ਬਾਬਾ ਦੀਵਾਨ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ ਰਵਿਦਾਸੀਆ ਜਾਤੀ ਵਿੱਚ ਹੋਇਆ। ਪਰ ਬੁਣਾਈ ਦਾ ਕੰਮ ਕਰਨ ਕਰਕੇ ਇਨ੍ਹਾਂ ਦੇ ਪਰਿਵਾਰ ਨੂੰ ਜੁਲਾਹਾ ਵਜੋਂ ਵੀ ਮਾਨਤਾ ਮਿਲੀ। ਗਿਆਨੀ ਜੀ ਦਾ ਮੁੱਢਲਾ ਨਾਂ ਦਿੱਤਾ ਰਾਮ ਰੱਖਿਆ ਗਿਆ। ਨਿੱਕੀ ਉਮਰੇ ਦਿੱਤਾ ਰਾਮ ਨੇ ਗੁਲਾਬਦਾਸੀ ਮਹਾਤਮਾ ਸੰਤ ਗੁਰਬਖ਼ਸ਼ ਦੇ ਡੇਰੇ ਤੋਂ ਸਵੈ ਅਧਿਐਨ ਸਦਕਾ ਵੱਧ ਤੋਂ ਵੱਧ ਗਿਆਨ ਹਾਸਲ ਕੀਤਾ। 8 ਜਾਂ 9 ਸਾਲ ਦੀ ਉਮਰ ਵਿੱਚ ਗੁਰਬਖ਼ਸ਼ ਸਿੰਘ ਅਤੇ ਲਾਲਾ ਦਯਾਨੰਦ ਦੁਆਰਾ ਜ਼ਿਲ੍ਹਾ ਅੰਬਾਲਾ ਦੇ ਪਿੰਡ ਤਿਉੜ ਵਿੱਚ ਪੜ੍ਹਾਉਣ ਲਈ ਭੇਜਿਆ ਗਿਆ ਸੀ। ਉੱਥੇ ਉਸ ਨੇ ਗੁਰਮੁਖੀ, ਉਰਦੂ ਅਤੇ ਫ਼ਾਰਸੀ ਦੇ ਨਾਲ-ਨਾਲ 16 ਸਾਲ ਦੀ ਉਮਰ ਤੱਕ ਵੀ ਦੀਆਂ ਨੀਤੀ ਸ਼ਾਸਤਰ ਅਤੇ ਵੇਦਾਂਤ ਦਾ ਅਧਿਐਨ ਕੀਤਾ। ਇਹਨਾਂ ਦਾ ਵਿਆਹ 1872 ਵਿੱਚ ਸਿੱਖ ਪਰੰਪਰਾ ਅਨੁਸਾਰ ਸੰਤ ਭਾਗ ਸਿੰਘ ਦੀ ਸਪੁੱਤਰੀ ਬਿਸ਼ਨ ਕੌਰ ਨਾਲ ਹੋਇਆ। ਪਤਨੀ ਸਮੇਤ ਪਿੰਡ ਚੱਠਾ ਜ਼ਿਲ੍ਹਾ ਲਾਹੌਰ ਰਹਿੰਦਿਆਂ ਸੰਤ ਦੇਸਾ ਸਿੰਘ ਪਾਸੋਂ ਵੀ ਦੀਆਂ ਪ੍ਰਾਪਤ ਕੀਤੀ। ਲਹੌਰ ਦੇ ਪ੍ਰੋ. ਗੁਰਮੁਖ ਸਿੰਘ ਦੀ ਪ੍ਰੇਰਣਾ ਸਦਕਾ ਅੰਮ੍ਰਿਤ ਛਕ ਕੇ ਸਿੰਘ ਸਜੇ ਤੇ ਇੱਕ ਸਾਲ ਵਿੱਚ ਪੰਜਾਬ ਯੂਨੀਵਰਸਿਟੀ ਲਹੌਰ ਤੋਂ ਗਿਆਨੀ ਦਾ ਇਮਤਿਹਾਨ ਪਾਸ ਕੀਤਾ। ਇਹਨਾਂ ਦੇ ਘਰ ਇੱਕ ਪੁੱਤਰ ਬਲਦੇਵ ਸਿੰਘ ਅਤੇ ਇੱਕ ਧੀ ਬੀਬਾ ਵਿਦਿਆਵਤੀ ਕੌਰ ਨੇ ਜਨਮ ਲਿਆ। ਭਾਵੇਂ ਗਿਆਨੀ ਦਿੱਤ ਸਿੰਘ ਇੱਕ ਵੀ ਦਿਨ ਸਕੂਲ ਨਹੀਂ ਗਏ ਸਨ ਪਰ ਇਹ ਦੁਨੀਆ ਦੇ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਬਣੇ। -ਸਿੰਘ ਸਭਾ ਲਹਿਰ ਦੀ ਸਥਾਪਨਾ-
ਸਿੱਖੀ ਵਿਚ ਆ ਰਹੇ ਨਿਘਾਰ ਨੂੰ ਦੇਖਦਿਆਂ ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ, ਠਾਕਰ ਸਿੰਘ ਸੰਧਾਵਾਲੀਆ, ਭਾਈ ਮਈਆ ਸਿੰਘ, ਭਾਈ ਜਵਾਹਰ ਸਿੰਘ ਵਰਗੇ ਸਿੱਖ ਕਾਫ਼ੀ ਚਿੰਤਤ ਹੁੰਦੇ ਸਨ। ਗੁਰਦੁਆਰਿਆਂ ਵਿਚ ਮੂਰਤਾਂ ਸਜਾਇਆ ਦੇਖ ਕੇ ਮਨ ਬੜਾ ਉਦਾਸ ਹੁੰਦਾ ਸੀ। ਸਿੱਖੀ ਨਿਘਾਰ ਵੱਲ ਜਾ ਰਹੀ ਸੀ। ਲੰਬੀ ਵਿਚਾਰ ਚਰਚਾ ਤੋਂ ਬਾਅਦ ਭਾਈ ਮਇਆ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ, ਅਤੇ ਗੁਰੂ ਗ੍ਰੰਥ ਸਾਹਿਬ ਦਾ ‘ਵਾਕ’‌ ਲਿਆ ਗਿਆ ਤਾਂ ਅੱਖਰ ‘ਸ’ ਨਿਕਲਿਆ। ਜਿਸ ਕਰਕੇ ਸਰਬ ਸੰਮਤੀ ਨਾਲ ‘ਸਿੰਘ ਸਭਾ’ ਨਾਂ ਪ੍ਰਵਾਨ ਕਰ ਲਿਆ ਗਿਆ। ‌ਜਿਸ ਨੂੰ ਬਾ-ਕਾਇਦਾ ਰਜਿਸਟਰ ਕਰਵਾਇਆ। ਉਸ ਦੇ ਪਹਿਲੇ ਪ੍ਰਧਾਨ ਬਣੇ ਠਾਕੁਰ ਸਿੰਘ, ਸਕੱਤਰ ਪ੍ਰੋ. ਭਾਈ ਗੁਰਮੁਖ ਸਿੰਘ, ਦਫ਼ਤਰ ਦੇ ਸਾਰੇ ਕੰਮ ਕਾਜ ਦੀ ਜ਼ਿੰਮੇਵਾਰੀ ਗਿਆਨੀ ਦਿੱਤ ਸਿੰਘ ਤੇ ਮੈਂਬਰਾਂ ਵਿਚ ਭਾਈ ਮਈਆ ਸਿੰਘ ਤੇ ਭਾਈ ਜਵਾਹਰ ਸਿੰਘ ਲਏ ਗਏ। ਜਿਸ ਦੇ 10 ਮੁੱਖ ਮਨੋਰਥ ਰੱਖੇ ਗਏ, ਜਿਨ੍ਹਾਂ ਵਿਚ ਸਿੱਖ ਪੰਥ ਵਿਚ ਆ ਰਹੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਪ੍ਰਚਾਰ ਕਰਨਾ ਸੀ। ਉਸ ਵੇਲੇ ਕੋਈ ਅਖ਼ਬਾਰ ਨਹੀਂ ਛਪਦਾ ਸੀ ਇਸ ਕਰਕੇ ਸੰਗਤਾਂ ਨੂੰ ਜਾਗਰੂਕ ਕਰਨ ਲਈ ਚਿੱਠੀ ਪੱਤਰ ਗਿਆਨੀ ਦਿੱਤ ਸਿੰਘ ਹੀ ਕਰਦੇ ਸਨ। ਬਾਬਾ ਖੇਮ ਸਿੰਘ ਬੇਦੀ ਦੀਆਂ ਸਿੱਖ ਵਿਰੋਧੀ ਕਾਰਵਾਈਆਂ (ਅੱਗੇ ਦੱਸਾਂਗੇ) ਕਰਕੇ ਦੂਜੀ ਵਾਰ ਸਿੰਘ ਸਭਾ ਦੀ ਸਥਾਪਨਾ ਕਰਨੀ ਪਈ, ਜਿਸ ਦੇ ਪ੍ਰਧਾਨ ਦੀਵਾਨ ਬੂਟਾ ਸਿੰਘ ਬਣੇ ਤੇ ਸਕੱਤਰ ਪ੍ਰੋ. ਗੁਰਮੁਖ ਸਿੰਘ, ਸਾਰਾ ਕੰਮ ਕਾਜ ਗਿਆਨੀ ਦਿੱਤ ਸਿੰਘ ਹੀ ਕਰਦੇ ਸਨ, ਮੈਂਬਰਾਂ ਵਿਚ ਭਾਈ ਜਵਾਹਰ ਸਿੰਘ, ਭਾਈ ਬਸੰਤ ਸਿੰਘ ਬਣਾਏ ਸਨ। -ਆਰੀਆ ਸਮਾਜ ਦੇ ਮੁਖੀ ਸਾਧੂ ਦਯਾ ਨੰਦ ਦਾ ਪੰਜਾਬ ਆਉਣਾ ਤੇ ਗਿਆਨੀ ਦਿੱਤ ਸਿੰਘ ਨਾਲ ਸੰਵਾਦ-
ਸਿੰਘ ਸਭਾ ਲਾਹੌਰ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਮੋਢੀ ਬਣਨ ਦੇ ਨਾਲ-ਨਾਲ ਉਹਨਾਂ ਆਪਣੀ ਵਿਦਵਤਾ ਦੇ ਬਲਬੂਤੇ ਆਰੀਆ ਸਮਾਜ ਦੇ ਮੁਖੀ ਸਵਾਮੀ ਦਯਾਨੰਦ ਨੂੰ ਲਗਾਤਾਰ ਤਿੰਨ ਧਾਰਮਿਕ ਬਹਿਸਾਂ ਵਿੱਚ ਮਾਤ ਦਿੱਤੀ ਸੀ। ਆਰੀਆ ਸਮਾਜ ਦੇ ਮੁਖੀ ਸਾਧੂ ਦਯਾ ਨੰਦ ਨਾਲ ਗਿਆਨੀ ਦਿੱਤ ਸਿੰਘ ਦਾ ਸਿੱਧਾ ਸੰਵਾਦ ਹੋਇਆ ਪਰ ਉਹ ਗਿਆਨੀ ਜੀ ਦੇ ਕਿਸੇ ਵੀ ਸਵਾਲ ਦਾ ਸਹੀ ਜਵਾਬ ਨਹੀਂ ਦੇ ਸਕੇ। ਇਕ ਫ਼ੋਟੋ ਹੈ ਜੋ ਦਯਾ ਨੰਦ ਦੀ ਬੇਬਸੀ ਦਿਖਾ ਰਹੀ ਹੈ। ਉਹ ਗਿਆਨੀ ਜੀ ਕੋਲੋਂ ਆਪਣੀ ਹਾਰ ਸਵੀਕਾਰ ਕੇ ਚੱਲਦੇ ਬਣੇ।ਸਵਾਮੀ ਦਯਾਨੰਦ ਆਰੀਆ ਸਮਾਜ ਲਹਿਰ ਦੇ ਮੋਢੀ ਸਨ, ਪਰ ਗਿਆਨੀ ਦਿੱਤ ਸਿੰਘ ਨੇ ਵੇਦਾਂ ਦੀ ਸਰਵਉੱਚਤਾ ਅਤੇ ਹਿੰਦੂ ਧਰਮ ਦੀ ਭੂਮਿਕਾ ਸੱਕੀ ਪਾਇਆ। ਦਿੱਤ ਸਿੰਘ ਨੇ ਠੀਕ ਕਰਨ ਦੀ ਯੋਜਨਾ ਬਣਾਈ। ਲਾਹੌਰ ਵਿਖੇ 1877 ਵਿੱਚ ਇੱਕ ਧਾਰਮਿਕ ਇਕੱਠ ਦੌਰਾਨ ਦਿੱਤ ਸਿੰਘ ਦਯਾਨੰਦ ਨੂੰ ਉਸ ਦੇ ਮਨ ਨੂੰ ਜਾਣਨ ਅਤੇ ਉਸ ਦੇ ਆਦਰਸ਼ਾਂ ਨੂੰ ਜਾਣਨ ਲਈ ਮਿਲਣ ਗਏ। ਸਿੰਘ ਨੇ ਇਹ ਸੰਵਾਦ ਆਪਣੀ ਪੁਸਤਕ ਸਾਧੂ ਦਇਆ ਨੰਦ ਨਾਲ ਮੇਰਾ ਸੰਵਾਦ ਵਿੱਚ ਪ੍ਰਕਾਸ਼ਿਤ ਕੀਤੇ ਹਨ। ਚਰਚਾ ਦੇ ਦੌਰਾਨ, ਸਿੰਘ ਦਯਾਨੰਦ ਦੇ ਵਿਸ਼ਵਾਸਾਂ ਦਾ ਮੁੱਦਾ ਉਠਾਉਂਦੇ ਹਨ, ਅਤੇ ਇਸ ਵਿਚਲੀਆਂ ਗ਼ਲਤੀਆਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦੇ ਹਨ। -ਖ਼ਾਲਸਾ ਅਖ਼ਬਾਰ ਲਾਹੌਰ ਸ਼ੁਰੂ ਕਰਨਾ-
12 ਜੂਨ 1886 ਵਿੱਚ ਭਾਈ ਗੁਰਮੁਖ ਸਿੰਘ ਦੁਆਰਾ ਸਥਾਪਿਤ ਕੀਤੇ ਗਏ ਹਫ਼ਤਾਵਾਰੀ ਖ਼ਾਲਸਾ ਅਖ਼ਬਾਰ ਲਾਹੌਰ ਦਾ ਇੱਕ ਪ੍ਰਮੁੱਖ ਯੋਗਦਾਨ ਪਾਉਣ ਵਾਲਾ ਗਿਆਨੀ ਦਿੱਤ ਸਿੰਘ ਹੀ ਸੀ, ਬਾਅਦ ਵਿੱਚ ਦੂਜਾ ਸੰਪਾਦਕ ਬਣ ਗਿਆ, ਇਹ ਅਖ਼ਬਾਰ ਪੱਥਰ ਤੇ ਛਾਪੇ ਤੇ ਛਪਣਾ ਸ਼ੁਰੂ ਹੋਇਆ ਦੱਸਿਆ ਜਾਂਦਾ ਹੈ। ਖ਼ਾਲਸਾ ਅਖ਼ਬਾਰ ਲਾਹੌਰ ਤੇ ਪਹਿਲੇ ਸੰਪਾਦਕ ਸ. ਝੰਡਾ ਸਿੰਘ ਬਣੇ ਪਰ ਉਨ੍ਹਾਂ ਸਾਰੇ ਅੰਕਾਂ ਵਿਚ ਗਿਆਨੀ ਦਿੱਤ ਸਿੰਘ ਵੱਲੋਂ ਲਿਖੀ ਸਮਗਰੀ ਹੀ ਛਪਦੀ ਸੀ। ਪਰ ਬਾਅਦ ਵਿਚ ਪੱਤਰਕਾਰ ਤੌਰ ਤੇ ਉੱਭਰੇ ਤੇ ਖ਼ਾਲਸਾ ਅਖ਼ਬਾਰ ਲਾਹੌਰ ਤੇ ਸੰਪਾਦਕ ਵਜੋਂ ਗਿਆਨੀ ਦਿੱਤ ਸਿੰਘ ਜੀ ਸੇਵਾ ਕਰਨ ਲੱਗੇ ਸਨ। ਉਸ ਨੇ ਖ਼ਾਲਸਾ ਅਖ਼ਬਾਰ ਨੂੰ ਸਿੰਘ ਸਭਾ ਦੀ ਵਿਚਾਰਧਾਰਾ ਦੇ ਪ੍ਰਸਾਰ ਲਈ ਇੱਕ ਹਥਿਆਰ ਵਜੋਂ ਵਰਤਿਆ। ਇਸ ਅਖ਼ਬਾਰ ਦੇ ਮੁੱਖ ਆਸ਼ੇ ਵਜੋਂ ਦਸਾਂ ਗੁਰੂਆਂ ਦੇ ਜੀਵਨ ਚਰਿਤ੍ਰਾਂ ਵਿਚੋਂ ਪ੍ਰਸੰਗ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਤ ਉਪਦੇਸ਼ਾਂ ਨੂੰ ਪ੍ਰਗਟ ਕਰਨਾ, ਵੀ ਦੀਆਂ ਦੀ ਉਨਤੀ, ਖ਼ਾਲਸਾ ਧਰਮ ਵਿਚ ਪਈਆਂ ਕੁਰੀਤੀਆਂ ਨੂੰ ਦੂਰ ਕਰਨਾ ਆਦਿ ਸਨ। ਅਖ਼ਬਾਰ ਦੀ ਪਹਿਲੀ ਮਦਦ ਕੰਵਰ ਬਿਕਰਮਾ ਸਿੰਘ ਜੀ ਆਹਲੂਵਾਲੀਆ ਸੀਐਸਆਈ ਰਈਸ ਆਜ਼ਮ ਜਲੰਧਰ ਨੇ ਕੀਤੀ। ਇਹ ਅਖ਼ਬਾਰ 1889 ਵਿਚ ਬੰਦ ਹੋ ਗਿਆ। ਦੁਬਾਰਾ ਸ਼ੁਰੂ ਕਰਨ ਲਈ ਨਾਭਾ ਦੇ ਮਹਾਰਾਜੇ ਹੀਰਾ ਸਿੰਘ 7 ਹਜਾਰੀ ਦੀ ਮਦਦ ਕੀਤੀ ਤਾਂ ਅਖ਼ਬਾਰ 1893 ਵਿਚ ਦੁਬਾਰਾ ਸ਼ੁਰੂ ਹੋਇਆ, ਸੰਪਾਦਕ ਵਜੋਂ ਅਤੇ ਸਾਰੇ ਖਰਚੇ ਓਟਣ ਲਈ ਫੇਰ ਗਿਆਨੀ ਦਿੱਤ ਸਿੰਘ ਨੇ ਹੀ ਕੰਮ ਕਰਨਾ ਸ਼ੁਰੂ ਕੀਤਾ। ਉਸ ਵੇਲੇ ਅਖਬਾਰ ਦਾ ਛਪਾਈ ਦਾ ਖਰਚਾ 40 ਰੁਪਏ ਆਉਂਦਾ ਸੀ। ਇਸ ਦੇ ਨਾਲ ਹੀ ਇੱਕ ਅੰਗਰੇਜ਼ੀ ਭਾਸ਼ਾ ਦਾ ਹਫ਼ਤਾਵਾਰ ਸ਼ੁਰੂ ਹੋਇਆ, ਜਿਸ ਦਾ ਸਿਰਲੇਖ ਸਿਰਫ਼ ‘ਦ ਖ਼ਾਲਸਾ’ ਸੀ। -ਖ਼ਾਲਸਾ ਅਖ਼ਬਾਰ ਵਿਚ ਛਪੀਆਂ ਕੁਝ ਝਲਕਾਂ-
ਗਿਆਨੀ ਦਿੱਤ ਸਿੰਘ ਜੀ ਖ਼ਾਲਸਾ ਅਖ਼ਬਾਰ ਨੂੰ ਇਕ ‘ਜੰਗ ਦੀ ਤਲਵਾਰ’ ਵੀ ਕਹਿੰਦੇ ਹਨ। ਉਨ੍ਹਾਂ ਨੇ ਖ਼ਾਲਸਾ ਅਖ਼ਬਾਰ ਵਿਚ ਜੋ ਲਿਖਿਆ ਉਹ ਸੱਚੀ ਹੀ ਇਕ ਸੱਚੇ ਪੱਤਰਕਾਰ ਦੀ ਨਿਸ਼ਾਨੀ ਹੈ। ਉਹ ਲਿਖਦੇ ਹਨ :- ‘ਖ਼ਾਲਸਾ ਕੌਮ ਦੇ ਪਿਯਾਰਿਆਂ ਸਿੰਘਾਂ ਨੂੰ ਵਿਦਤ ਹੋਵੇ ਕਿ ਜੋ ਖ਼ਾਲਸਾ ਅਖ਼ਬਾਰ ਦਾ ਅਸਲੀ ਸਿਧਾਂਤ ਇਹਿ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਸਾਰੀ ਦੁਨੀਆ ਪਰ ਫੈਲ ਜਾਣ ਤੇ ਦਸਮੇ ਪਾਤਿ ਸਾਹਿ ਦੀ ਮਹਿਮਾ ਸਭ ਪ੍ਰਾਣੀ ਮਾਤ੍ਰ ਦੇ ਚਿਤਿ ਪ੍ਰਵੇਸ਼ ਕਰ ਜਾਵੇ’ (14 ਮਈ 1887 ਅੰਕ 49) ਖ਼ਾਲਸਾ ਅਖ਼ਬਾਰ ਦੀ ਪ੍ਰਸ਼ਿਧੀ ਬਾਰੇ ‘ਸੁਬੇਗ ਸਿੰਘ ਦੀ ਸ਼ਹੀਦੀ’ ਪੁਸਤਕ ਵਿਚ ਛਪਿਆ ਮਿਲਦਾ ਹੈ :- ‘ਖ਼ਾਲਸਾ ਕੌਮ ਤੇ ਹਿਤੈਸ਼ੀਆਂ ਨੂੰ ਵਿੱਦਤ ਹੋਵੇ ਕਿ ਲਾਹੌਰ ਵਿਚ ਖ਼ਾਲਸਾ ਪਰੇਸ (ਪ੍ਰੈਸ) ਜੁਲਾਈ 1895 ਤੋਂ ਜਾਰੀ ਕੀਤਾ ਗਿਆ, ਤਾਂ ਕਿ ਇਸ ਵਿਚ ਕੌਮ ਦੀ ਉੱਨਤੀ ਲਈ ਅਤੇ ਖ਼ਾਲਸਾ ਧਰਮ ਦੇ ਪ੍ਰਚਾਰ ਲਈ ਖ਼ਾਲਸਾ ਅਖ਼ਬਾਰ ਛਾਪਿਆ ਕਰੇ। ਇਹ ਅਖ਼ਬਾਰ ਦੂਰ 2 ਤੱਕ ਜਾਂਦਾ ਹੈ ਅਤੇ ਧਰਮ ਦੇ ਅਭਲਾਖੀ ਲੋਗ ਇਸ ਨੂੰ ਬਹੁਤ ਪਸੰਦ ਕਰਦੇ ਹਨ।’ 4 ਜੂਨ 1887 ਵਿਚ ਖ਼ਾਲਸਾ ਅਖ਼ਬਾਰ ਦਾ ਸਾਲ ਪੂਰਾ ਹੋਇਆ ਤਾਂ ਉਸ ਦੇ ਪੂਰਾ ਹੋਣ ਤੇ ਇਕ ਲੇਖ ਖ਼ਾਲਸਾ ਅਖ਼ਬਾਰ ਵਿਚ ਛਾਪਿਆ ਗਿਆ ਕਿ ਖ਼ਾਲਸਾ ਅਖ਼ਬਾਰ ਨੂੰ ਕਿੰਨੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ, ਸੰਖੇਪ ਇਸ ਪ੍ਰਕਾਰ ਹੈ,:- ‘ਖ਼ਾਲਸਾ ਅਖ਼ਬਾਰ ਦੇ ਪਾਠਕ ਗਣਾ ਨੂੰ ਵਿਦਤ ਹੋਵੇ ਕਿ ਜੋ ਅੱਜ ਇਸ ਅਖ਼ਬਾਰ ਦੀ ਉਮਰ ਇਕ ਬਰਸ ਹੋਈ ਹੈ ਅਤੇ ਇਨ੍ਹਾਂ ਬਾਰਾਂ ਮਹੀਨਿਆਂ ਵਿਚਿ ਇਸ ਪੱਤ੍ਰ ਰੂਪੀ ਬਾਲਕ ਨੇ ਆਪਣੀ ਖ਼ਾਲਸਾ ਕੌਮ ਦੀ ਗੋਦ ਵਿਚਿ ਖੇਲ ਕੇ ਆਪਣੀ ਮਾਤਾ ਕੌਮ ਦੇ ਚਿਤਿ ਨੂੰ ਤਸੱਲੀ ਅਤੇ ਅਨੰਦ ਦਿੱਤਾ ਹੈ -ਪ੍ਰੰਤੂ ਜਿਸ ਪ੍ਰਕਾਰ ਕ੍ਰਿਸ਼ਨ ਜੀ ਮਹਾਰਾਜ ਜਦ ਆਪਣੀ ਮਾਈ ਦੀ ਗੋਦ ਵਿਚਿ ਖੇਲਦੇ ਹੁੰਦੇ ਸਨ ਤਦ ਕੰਸ ਨੂੰ ਡਰ ਪੈ ਗਿਆ ਸੀ ਕਿ ਇਸ ਬਾਲਕ ਦੇ ਹੱਥੋਂ ਮੇਰਾ ਕਾਲ ਹੈ ਤਦ ਕ੍ਰਿਸ਼ਨ ਜੀ ਦੇ ਮਾਰਨ ਲਈ ਕੰਸ ਨੈਂ ਕਈ ਪ੍ਰਕਾਰ ਦੇ ਉਦਮ ਕੀਤੇ ਸਨ- ਜੈਸਾ ਕਿ ਪੂਦਨਾ ਨਾਮੇ ਇਕ ਕੁਟਨੀ ਨੂੰ ਆਗਿਯਾ ਦਿੱਤੀ ਸੀ ਕਿ ਤੂੰ ਜਾਹ ਉਸ ਬਾਲਕ ਨੂੰ ਮਾਰ ਆਉ ਅਤੇ ਕਿਸ਼ਨ ਜੀ ਨੂੰ ਗੋਦ ਵਿਚਿ ਲੈ ਕੇ ਚੁੰਘਾਉਣ ਲੱਗੀ ਤਦ ਕ੍ਰਿਸ਼ਨ ਜੀ ਨੇ ਉਸ ਦੇ ਦੋਨੋ ਸਥਨ ਦੋਨਾ ਹੱਥਾਂ ਵਿਚਿ ਲੈ ਕੇ ਚੁੰਘਾਉਣ ਲੱਗੀ ਤਦ ਕ੍ਰਿਸ਼ਨ ਜੀ ਨੇ ਉਸ ਦੇ ਦੋਨੋਂ ਸਥਲ ਦੋਨਾ ਹੱਥਾਂ ਵਿਚਿ ਪਕੜ ਕਰਕੇ ਛਾਤਿਓਂ ਉਖੇੜ ਕਰਕੇ ਦੂਰ ਮਾਰੇ- ਜਿਸ ਦੇ ਦੁਖ ਤੋਂ ਦੁਖੀ ਹੋ ਕਰਕੇ ਉਸ ਦੇ ਪ੍ਰਾਣ ਨਾਲ ਹੀ ਨਿਕਲ ਗਏ। ਇਸੀ ਪ੍ਰਕਾਰ ਖ਼ਾਲਸਾ ਅਖ਼ਬਾਰ ਰੂਪੀ ਬਾਲਕ ਨੂੰ ਵੀ ਜੋ ਲੋਕ ਜਾਨਦੇ ਹਨ ਕਿ ਸਾਡਾ ਕਪਟ ਅਤੇ ਛਲ ਦੇ ਨਾਸ ਕਰਨ ਨੂੰ ਇਹਿ ਉਤਪਤਿ ਹੋਇਆ ਹੈ ਉਨ੍ਹਾਂ ਆਦਮੀਆਂ ਨੇ ਇਸ ਬਾਲਕ ਦੇ ਵਿਨਾਸ ਲਈ ਕਈ ਪ੍ਰਕਾਰ ਦੇ ਉਦਮ ਕੀਤੇ ਪਰ ਇਸ ਨੇ ਉਨ੍ਹਾਂ ਦੇ ਸਾਰੇ ਪੁਰਖਾਰਥਾਂ ਨੂੰ ਨਿਰਮੂਲ ਕੀਤਾ- ਅਤੇ ਅਕਾਲ ਪੁਰਖ ਅੱਗੇ ਇਸ ਪ੍ਰਕਾਰ ਜੋੜ ਕਰਕੇ ਪ੍ਰਾਰਥਨਾ ਕਰਦਾ ਰਿਹਾ। (ਖੜਕ ਕੇਤ ਮੈਂ ਸਰਨ ਤੁਮਾਹਰੀ।। ਦਾਸ ਜਾਨ ਮੁਹਿ ਲੇਹੁ ਉਬਾਰੀ) (ਸ਼ੁਧ ਪਾਠ ਵਿਚ ‘ਸ਼ਰਨਿ ਤਿਹਾਰੀ ਤੇ ਜਾਨਿ ਸ਼ਬਦ ਜੋੜੇ ਹਨ।) ਸੋ ਉਸ ਅਕਾਲ ਪੁਰਖ ਨੇ ਇਸ ਪਹਿਲੇ ਸਾਲ ਵਿਚਿ ਇਸ ਨੂੰ ਸਭ ਪ੍ਰਕਾਰ ਦੀਯਾਂ ਬੀਮਾਰੀਆਂ ਤੋਂ ਬਚਾ ਰਖਿਆ ਹੈ।’ ਇਸੇ ਤਰ੍ਹਾਂ ਅਖ਼ਬਾਰ ਨੇ ਪਹਿਲੀ ਅਕਤੂਬਰ 1887 ਵਿਚ ਕੁਰੀਤੀਆਂ ਖਿਲਾਫ ਲੜਨ ਨੂੰ ਜੰਗ ਆਖਦਿਆਂ ਸਿੱਖ ਪੰਥ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਕਿਹਾ ਗਿਆ : - ‘ਖ਼ਾਲਸਾ ਅਖ਼ਬਾਰ ਭੀ ਖ਼ਾਲਸਾ ਪੰਥ ਦੀ ਇਕ ਜੰਗੀ ਫੌਜ ਹੈ ਜੋ ਦਿਨ ਰਾਤ ਪੰਥ ਦੀ ਕੁਰੀਤੀਯਾਂ ਰੂਪੀ ਸੜੂਆਂ ਨਾਲ ਜੰਗ ਕਰ ਰਿਹਾ ਹੈ। ਇਸ ਵਾਸਤੇ ਅਜੇਹੇ ਜੰਗ ਦੇ ਮੌਕੇ ਪਰ ਇਸ ਦੇ ਸੁਆਮੀ ਪੰਥ ਨੂੰ ਭੀ ਚਾਹੀਦਾ ਹੈ ਜੋ ਇਸ ਦੀ ਤਨਖਾਹ ਵੱਲ ਖਯਾਲ ਰਖੇ ਜਿਸ ਦੇ ਹੌਸਲੇ ਪਰ ਏ ਅਪਨੇ ਦੁਸਮਣ ਨਾਲ ਜੰਗ ਕਰਨ ਨੂੰ ਤਤਪਰ ਰਹੈ ਅਰਥਾਤ ਕੁਰੀਤੀਯਾਂ ਦੇ ਨਾਸ ਕਰਨ ਲਈ ਸਾਵਧਾਨ ਰਹੈ- ਆਸ ਹੈ ਖਾਲਸਾਪੰਥ ਦੇ ਸਹਾਇਕ ਭਾਈ ਇਸ ਪ੍ਰਾਰਥਨਾ ਨੂੰ ਸੁਵੀਈਯਾਕਾਰ ਕ੍ਰਨਗੇ।’ ਖ਼ਾਲਸਾ ਅਖ਼ਬਾਰ ਦੇ 7 ਸਾਲ ਪੂਰੇ ਹੋਣ ਤੇ 27 ਅਪਰੈਲ 1900 ਦੇ ਅੰਕ ਵਿਚ ਐਡੀਟੋਰੀਅਲ ਨੋਟ ਵਿਚ ਇਸ ਤਰ੍ਹਾਂ ਬਿਆਨੀ ਗਈ ਹੈ :- ‘ਖ਼ਾਲਸਾ ਅਖ਼ਬਾਰ ਦਾ ਸੱਤਵਾਂ ਸਾਲ ਖਤਮ ਹੋ ਗਿਆ ਅਤੇ ਇਸ ਦੇ ਅੱਗੇ ਅੱਠਵੇ ਸਾਲ ਪੈਰ ਧਰੇਗੀ। ਪਿਛਲੇ ਸਾਲ ਵਿਚ ਇਸ ਪੰਥ ਸੇਵਕ ਪੱਤ੍ਰ ਨੇ ਅੰਨਮਤੀ ਭਾਰੀ ਜੋਧਯਾਂ ਨਾਲ ਵੱਡੀ ਬਹਾਦ੍ਰੀ ਨਾਲ ਜੰਗ ਕਰਕੇ ਫਤੇ ਪਾਈ। ਅੱਗੇ ਦੇਖੀਏ ਜੋ ਇਸ ਪੰਥ ਦੇ ਸੇਵਕ ਸੂਰਬੀਰ ਪੱਤ੍ਰ ਨਾਲ ਕੋਈ ਬਾਹਰਲਾ ਗੁਨੀਮ ਲੜਾਈ ਕਰਦਾ ਹੈ ਕਿ ਕੋਈ ਘਰ ਦਾ ਹੀ ਵਿਰੋਧੀ ਸ਼ਾਮਲ ਹੁੰਦਾ ਹੈ।.. ’ ਅਗਲੇ ਭਾਵ 4 ਮਈ 1900 ਦੇ ਅੰਕ ਵਿਚ ਇਸੇ ਤਰ੍ਹਾਂ ਦੇ ਭਾਵ ਪ੍ਰਗਟ ਕੀਤੇ ਹਨ:- ‘ਪਿਯਾਰੇ ਪਾਠਕਾਂ ਨੂੰ ਖ਼ਾਲਸਾ ਅਖ਼ਬਾਰ ਲਈ ਅੱਠਵਾਂ ਸਾਲ ਚੜ੍ਹਨ ਦੀ ਵਧਾਈ ਦਿੱਤੀ ਜਾਂਦੀ ਹੈ, ਇਨ੍ਹਾਂ ਪਿਛਲੇ ਸੱਤਾਂ ਸਾਲਾਂ ਵਿਚ ਇਸ ਪੰਥ ਸੇਵਕ ਅਖ਼ਬਾਰ ਨੇ ਕਈ ਤਰ੍ਹਾਂ ਦੀਆ ਤਕਲੀਫਾਂ ਸਹਾਰ ਕੇ ਪੰਥ ਨੂੰ ਖ਼ਾਲਸਾ ਪੰਥ ਹੋਨ ਲਈ ਬਹੁਤ ਯਤਨ ਕੀਤਾ ਹੈ ਜਿਸ ਦਾ ਫਲ਼ ਕੁਝ 2 ਦਿਖਾਈ ਦੇਨ ਲੱਗਾ ਹੈ, ਜਿਸ ਪਰ ਆਸ਼ਾ ਹੈ ਕਿ ਅੱਠਵੇਂ ਸਾਲ ਵਿਚ ਭੀ ਇਸ ਦੀ ਸੇਵਾ ਕੁਝ ਘਟ ਨਹੀਂ ਹੋਵੇਗੀ’। ਭਾਵ ਕਿ ਗਿਆਨੀ ਦਿੱਤ ਸਿੰਘ ਜੀ ਅਖ਼ਬਾਰ ਨੂੰ ਇਕ ਜੰਗੀ ਘੋੜਾ ਮੰਨਦੇ ਸਨ। -ਪੰਜਾਬੀ ਪੱਤਰਕਾਰ ਵਜੋਂ ਗਿਆਨੀ ਦਿੱਤ ਸਿੰਘ ਬਾਰੇ ਡਾ. ਨਰਿੰਦਰ ਸਿੰਘ ਕਪੂਰ ਦਾ ਅਨੁਮਾਨ-
‘ਖ਼ਾਲਸਾ ਅਖ਼ਬਾਰ ਦੇ ਤੀਜੇ ਪੰਨੇ ਉਤੇ ਛਪਣ ਵਾਲੇ ਸੰਪਾਦਕੀ ਲੇਖ ਗਿਆਨੀ ਦਿੱਤ ਸਿੰਘ ਦੀ ਕਲਮ ਦੀ ਸ਼ਕਤੀ ਦਾ ਪ੍ਰਗਟਾਵਾ ਸਨ। ਇਨ੍ਹਾਂ ਲੇਖਾਂ ਵਿਚ ਉਹ ਆਮ ਕਰਕੇ ਕਿਸੇ ਭੱਖਵੀਂ ਸਮੱਖਿਆ ਨੂੰ ਵਿਸ਼ਾ ਬਣਾ ਕੇ , ਉਸ ਦੇ ਸਾਰੇ ਪਹਿਲੂਆਂ ਨੂੰ ਵਿਚਾਰ ਕੇ ਅਤੇ ਵਿਰੋਧੀਆਂ ਵੱਲੋਂ ਉਠਾਏ ਪ੍ਰਸ਼ਨਾਂ ਦਾ ਉਤਰ ਦੇ ਕੇ ਆਪਣਾ ਮੱਤ ਪ੍ਰਗਟਾਉਂਦੇ ਹਨ। ਇਹ ਲੇਖ ਗਿਆਨੀ ਦਿੱਤ ਸਿੰਘ ਦੀ ਪੰਥ ਪੱਖੀ ਸੋਚ, ਸਪਸ਼ਟ ਕਥਨ-ਸ਼ਕਤੀ-ਤਰਕ ਦੇ ਅਧਾਰ ਉਤੇ ਵਿਰੋਧੀਆਂ ਦੀਆਂ ਦਲੀਲਾਂ ਦਾ ਖੰਡਨ ਅਤੇ ਗਰਮਤਿ ਦੇ ਮੰਡਨ ਦੀਆਂ ਉੱਘੜਵੀਆਂ ਉਦਾਹਰਨਾ ਹੁੰਦੇ ਸਨ।’ ਡਾ. ਨਰਿੰਦਰ ਸਿੰਘ ਕਪੂਰ ਨੇ ਇਕ ਥਾਂ ਫੇਰ ਲਿਖਿਆ ‘ਗਿਆਨੀ ਦਿੱਤ ਸਿੰਘ ਇਕ ਸਰਬ ਪੱਖੀ ਵਿਦਵਾਨ ਸਨ। ਉਹ ਧਰਮ ਦਰਸ਼ਨ ਨੈਤਿਕਤਾ ਆਦਿ ਵਿਸ਼ਿਆਂ ਉਤੇ ਹੀ ਨਹੀਂ, ਸਗੋਂ ਰੁੱਖਾਂ, ਜਾਨਵਰਾਂ, ਖੇਤੀ, ਗ੍ਰਹਿ ਪ੍ਰਬੰਧ ਆਦ‌ਿ ਜਿਹੇ ਵਿਸ਼ਿਆਂ ਉਤੇ ਵੀ ਉਨੀ ਹੀ ਨਿਪੁੰਨਤਾ ਨਾਲ ਲਿਖ ਸਕਦੇ ਸਨ। ਉਨ੍ਹਾਂ ਦੀ ਵਿਦਵਤਾ ਦਾ ਕਮਾਲ ਇਹ ਸੀ ਕਿ ਉਹ ਹਰ ਇਕ ਵਿਸ਼ੇ ਨੂੰ ਉਸ ਦੀ ਪੂਰੀ ਡੁੰਘਾਈ ਤੱਕ ਪੇਸ਼ ਕਰਦੇ ਸਨ।’ ਪੰਜਾਬੀ ਪੱਤਰਕਾਰੀ ਵਿਚ ਭਾਈ ਦਿੱਤ ਸਿੰਘ ਦੀ ਥਾਂ ਨਿਸਚਿਤ ਕਰਦਿਆਂ ਡਾ. ਕਪੂਰ ਲਿਖਦੇ ਹਨ ‘ਇਹ ਉਲੇਖ ਕਰਨਾ ਜਰੂਰੀ ਹੈ ਕਿ ਗਿਆਨੀ ਦਿੱਤ ਸਿੰਘ ਦੀ ਸੰਪਾਦਨ ਹੇਠ ਛਪਣ ਵਾਲੇ ਖ਼ਾਲਸਾ ਅਖ਼ਬਾਰ ਨੇ ਪੰਜਾਬੀ ਪੱਤਰਕਾਰੀ ਦੀਆਂ ਜਿਹੜੀਆਂ ਪਿਰਤਾਂ ਪਾਈਆਂ ਉਹ ਗੁਰਦੁਆਰਾ ਸੁਧਾਰ ਲਹਿਰ ਤੱਕ ਪੰਜਾਬੀ ਪੱਤਰਕਾਰੀ ਦਾ ਮਾਰਗ ਦਰਸ਼ਨ ਕਰਦੀਆਂ ਰਹੀਆਂ’ -ਭਾਈ ਵੀਰ ਸਿੰਘ ਨੇ ਗਿਆਨੀ ਦਿੱਤ ਸਿੰਘ ਬਾਰੇ ਲਿਖਿਆ- ‘ਭਾਈ ਵੀਰ ਸਿੰਘ ਗਿਆਨ ਦਿੱਤ ਸਿੰਘ ਦੀ ਪੱਤਰਕਾਰੀ ਬਾਰੇ ਲਿਖਦੇ ਹਨ ਕਿ ਜਿਹੋ ਜਿਹਾ ਸੰਪਾਦਕ ਗਿਆਨੀ ਦਿੱਤ ਸਿੰਘ ਬਣਿਆ ਤੇ ਜਿਵੇਂ ਉਸ ਨੇ ਅਖ਼ਬਾਰ ਚਲਾਇਆ, ਜਿਵੇਂ ਅਖ਼ਬਾਰ ਦੀਆਂ ਸੰਪਾਦਕੀਆਂ ਲਿਖੀਆਂ ਜਾਂਦੀਆਂ ਸਨ ਅਜਿਹਾ ਸੰਪਾਦਕ ਮੁੜ ਪੈਦਾ ਨਹੀਂ ਹੋਵੇਗਾ’ -ਗਿਆਨੀ ਜੀ ਵਿਰੋਧੀਆਂ ਨੂੰ ਅਖ਼ਬਾਰ ਵਿਚ ਕਵਿਤਾ ਨਾਲ ਵੀ ਜਵਾਬ ਦਿੰਦੇ ਸਨ- ‘ਆਪਨਾ ਅਤੇ ਬਿਗਾਨਾ ਕੋਈ ਜਦ ਹੈ ਗਲਤੀ ਕਰਦਾ। ਇਹ ਅਖ਼ਬਾਰ ਤਦੋਂ ਹੀ ਉਸ ਨੂੰ ਫੜ ਕੇ ਸਿੱਧਾ ਕਰਦਾ। ਕਹੁ ਖਾਂ ਇਸ ਨੇ ਕਦੋਂ ਕਿਸੇ ਨੂੰ ਲੈਕੇ ਨਹੀਂ ਸੁਧਾਰਾ। ਪੜ੍ਹ ਕੇ ਦੇਖੋ ਕਾਲਮ ਇਸ ਦੇ ਚੁੱਕ ਦੇ ਝਗੜਾ ਸਾਰਾ।’ ਇਹ ਪੰਕਤੀਆਂ ਗਿਆਨੀ ਜੀ ਨੇ ‘ਖ਼ਾਲਸਾ ਬਹਾਦ੍ਰ’ ਅਖ਼ਬਾਰ ਦੇ ਸੰਪਾਦਕ ਬਾਬੂ ਰਾਜਿੰਦਰ ਸਿੰਘ ਨੇ ਲਿਖਿਆ ਸੀ ਕਿ ‘ਗੁਰੂ ਗੋਬਿੰਦ ਸਿੰਘ ਨੇ ਹਿੰਦੂ ਧਰਮ ਨੂੰ ਕਾਇਮ ਰੱਖਣ ਲਈ ਪਟਨਾ ਸ਼ਹਿਰ ਵਿਖੇ ਗੰਗਾ ਕਿਨਾਰੇ ਅਵਤਾਰ ਧਾਰਿਆ ਸੀ। ਪਰ ਇਸ ਦਾ ਠੋਕਵਾਂ ਜਵਾਬ ਗਿਆਨੀ ਜੀ ਨੇ ਦਿੱਤਾ ਸੀ ਕਿ ਇਹ ਲੋਕ ਭੁੱਲ ਕਰਦੇ ਹਨ ਤੇ ਵਿਸਥਾਰ ਵਿਚ ਉਸ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਗੁਰੂ ਜੀ ਨੇ ਇਨਸਾਨੀਅਤ ਤੇ ਲੋਕਾਈ ਦੇ ਭਲੇ ਲਈ ਆਪਣਾ ਸਾਰਾ ਜੀਵਨ ਬਤੀਤ ਕੀਤਾ। ਤੇ ਇਹ ਪੰਕਤੀਆਂ ਲਿਖੀਆਂ ਸਨ। ਹਿੰਦੂ ਭਾਈ ਖ਼ਾਲਸਾ ਅਖ਼ਬਾਰ ਲਾਹੌਰ ਦੀ ਨੁਕਤਾਚਿਨੀ ਕਰਦੇ ਸਨ। ਉਨ੍ਹਾਂ ਦੇ ਵਿਰੋਧ ਦਾ ਜਵਾਬ ਦਿੰਦੇ ਹੋਏ ਗਿਆਨੀ ਦਿੱਤ ਸਿੰਘ ਕਹਿੰਦੇ ਹਨ ‘ਸੋ ਮੈਂ ਦਿੱਤ ਸਿੰਘ ਹਾਂ ਗਿਯਾਨੀ ਐਡੀਟਰ ਅਖਬਾਰੇ। ਆਖ ਬਾਤ ਜੋ ਆਖਨ ਚਾਹੇਂ ਹੈ ਮਨ ਵਿਚ ਤੁਮਾਰੇ।’ - ਗਿਆਨੀ ਦਿੱਤ ਸਿੰਘ ਦੀਆਂ ਮੁਸ਼ਕਲਾਂ ਤੇ ਔਕੜਾ-
ਬਾਬਾ ਖੇਮ ਸਿੰਘ ਬੇਦੀ ਅੰਗਰੇਜ਼ਾਂ ਵਿਚ ਬਹੁਤ ਅਸਰ ਰਸੂਖ਼ ਵਾਲਾ ਵਿਅਕਤੀ ਸੀ, ਬੇਹੱਦ ਅਮੀਰ ਸੀ, ਉਹ ਮੈਜਿਸਟ੍ਰੇਟ ਵੀ ਰਿਹਾ, ‘ਸਰ’ ਦੀ ਉਪਾਧੀ ਵੀ ਲਈ ਸੀ। ਜ਼ਮੀਨ ਵੀ ਕਾਫ਼ੀ ਸੀ। ਗੁਰੂ ਨਾਨਕ ਦੇਵ ਜੀ ਦੀ 13ਵੀਂ ਕੁੱਲ ਵਿਚੋਂ ਵੰਸ਼ਜ ਵੀ ਕਹਾਉਂਦਾ ਸੀ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗਦੇਲਾ ਲਾਕੇ ਬਹਿੰਦਾ ਸੀ, ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਪੈਰੀਂ ਹੱਥ ਲਵਾਉਂਦਾ ਸੀ। ਗੁਰੂ ਗ੍ਰੰਥ ਸਾਹਿਬ ਕੋਲ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵੀ ਸਜਾਉਂਦਾ ਸੀ। ‘ਜਨੇਊ’ ਵੀ ਪਾਉਂਦਾ ਸੀ ਤੇ ‘ਕਿਰਪਾਨ’ ਵੀ ਪਾਉਂਦਾ ਸੀ। ਇਕ ਅੰਮ੍ਰਿਤਸਰੀ ਧੜਾ ਵੀ ਗਿਆਨੀ ਦਿੱਤ ਸਿੰਘ ਦੇ ਪ੍ਰੋ. ਗੁਰਮੁਖ ਸਿੰਘ ਤੇ ਖ਼ਾਰ ਖਾਂਦਾ ਸੀ, ਉਹ ਤਾਂ ਗਿਆਨੀ ਦਿੱਤ ਸਿੰਘ ਨੂੰ ‘ਚਮਾਰ ਦਾ ਪੁੱਤ’ ਤੇ ਪ੍ਰੋ. ਗੁਰਮੁਖ ਸਿੰਘ ਨੂੰ ‘ਲਾਂਗਰੀ ਦਾ ਪੁੱਤ’ ਕਹਿ ਕੇ ਉਨ੍ਹਾਂ ਨੂੰ ਜ਼ਲੀਲ ਵੀ ਕਰਦੇ ਸਨ। ਬਾਬਾ ਬੇਦੀ ਅੰਗਰੇਜ਼ਾਂ ਦੀ ਸ਼ਹਿ ਤੇ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਚੁਣੌਤੀ ਦਿੰਦਾ ਸੀ। ਉਸ ਨੂੰ ਕਈ ਵਾਰੀ ਸਮਝਾਇਆ ਗਿਆ ਪਰ ਉਹ ਹੰਕਾਰੀ ਸੀ ਨਾ ਸਮਝਿਆ, ਇਕ ਦਿਨ ਭਾਈ ਗੁਰਮੁਖ ਸਿੰਘ ਦੇ ਗਿਆਨੀ ਦਿੱਤ ਸਿੰਘ ਨੇ ਉਸ ਦੇ ਹੇਠਾਂ ਗਦੇਲਾ ਖਿੱਚ ਲਿਆ, ਮੂਰਤੀਆਂ ਚੁੱਕ ਕੇ ਬਾਹਰ ਮਾਰੀਆਂ, ਬੇਦੀ ਹੇਠਾਂ ਡਿੱਗ ਗਿਆ, ਬੁਰਾ ਹਾਲ ਹੋਇਆ, ਉਦੋਂ ਬੇਦੀ ਨੇ ਆਪਣਾ ਅਸਰ ਰਸੂਖ਼ ਵਰਤਦਿਆਂ ਭਾਈ ਗੁਰਮੁਖ ਸਿੰਘ ਨੂੰ ਪੰਥ ਵਿਚੋਂ ਛੇਕ ਦਿੱਤਾ। ਉਸ ਵਿਰੁੱਧ ਗਿਆਨੀ ਦਿੱਤ ਸਿੰਘ ਨੇ ਇਕ ‘ਸਵਪਨ ਨਾਟਕ’ ਨਾਮ ਦੀ ਕਿਤਾਬ ਲਿਖੀ, ਜਿਸ ਵਿਚ ਪੰਥ ਵਿਰੋਧੀ ਕਾਰਵਾਈਆਂ ਕਰਨ ਵਾਲਿਆਂ ਖਿਲਾਫ ਵਿਅੰਗ ਸੀ। ਇਸ ਕਿਤਾਬ ਤੇ ਮੁਕੱਦਮਾ ਹੋ ਗਿਆ। ਪਹਿਲਾਂ ਜੁਰਮਾਨਾ ਹੋਇਆ ਪਰ ਉਤਲੀ ਅਦਾਲਤ ਨੇ ਬਰੀ ਕਰ ਦਿੱਤਾ। ਪਰ ਇਸ ਮੁਕੱਦਮੇ ਕਰਕੇ ਅਖ਼ਬਾਰ ਨੂੰ ਬਹੁਤ ਵੱਡੀ ਰੁਪਿਆਂ ਵਜੋਂ ਕੀਮਤ ਉਤਾਰਨੀ ਪਈ। ਇਸ ਤੋਂ ਇਲਾਵਾ ਦੁਸ਼ਵਾਰੀਆਂ ਹੋਰ ਵੀ ਕਾਫ਼ੀ ਆਈਆਂ। ਜਿਵੇਂ ਕਿ ਜਾਤ-ਪਾਤ ਦਾ ਕੋਹੜ ਹਮੇਸ਼ਾ ਨਾਲ ਰਹਿੰਦਾ ਸੀ। ਸਿੱਖ ਪੰਥ ਲਈ ਏਨਾ ਵੱਡਾ ਕੰਮ ਕਰਨ ਵਾਲੇ ਗਿਆਨੀ ਦਿੱਤ ਸਿੰਘ ਨੂੰ ਕਈ ਥਾਵਾਂ ਤੇ ਜ਼ਲੀਲ ਹੋਣਾ ਪੈਂਦਾ ਸੀ। ਕੁਝ ਗੁਰਦੁਆਰਿਆਂ ਵਿਚ ਪੰਥ ਪ੍ਰਤੀ ਬੋਲਣ ਲਈ ਗਿਆਨੀ ਦਿੱਤ ਸਿੰਘ ਨੂੰ ਬੁਲਾਇਆ ਜਾਂਦਾ ਪਰ ਪ੍ਰਸ਼ਾਦ ਉਸ ਨੂੰ ਦੂਰ ਬੈਠਾ ਕੇ ਹੀ ਦਿੱਤਾ ਜਾਂਦਾ, ਕਈ ਚਰਚਾਵਾਂ ਤਾਂ ਇਹ ਵੀ ਹਨ ਕਿ ਉਨ੍ਹਾਂ ਨੂੰ ਕਈ ਵਾਰ ਜੁਤੀਆਂ ਵਿਚ ਬੈਠਕੇ ਪ੍ਰਸ਼ਾਦ ਲੈਣਾ ਪੈਂਦਾ। -ਖ਼ਾਲਸਾ ਕਾਲਜ ਅੰਮ੍ਰਿਤਸਰ ਸ਼ੁਰੂ ਕਰਨਾ-
ਖ਼ਾਲਸਾ ਅਖ਼ਬਾਰ ਲਾਹੌਰ ਵਿਚ ਆਪਣੀਆਂ ਸੰਪਾਦਕੀਆਂ ਵਿਚ ਗਿਆਨੀ ਦਿੱਤ ਸਿੰਘ ਵੀ ਦੀਆਂ ਨੂੰ ਵੱਡੀ ਕਰਾਮਾਤ ਕਹਿੰਦੇ ਸਨ ਕਿ ਸਿੱਖ ਕੌਮ ਦਾ ਇਕ ਕਾਲਜ ਹੋਣ ਦੀ ਗੱਲ ਕਰਦੇ ਰਹਿੰਦੇ ਸਨ। ਉਸ ਵੇਲੇ ਇਹ ਗੱਲ ਵੀ ਉੱਠੀ ਕਿ ਕਾਲਜ ਲਾਹੌਰ ਵਿਚ ਖੋਲ੍ਹਿਆ ਜਾਵੇ। ਪਰ ਗਿਆਨੀ ਦਿੱਤ ਸਿੰਘ ਨੇ ਸਾਰਿਆਂ ਨੂੰ ਕਾਲਜ ਅੰਮ੍ਰਿਤਸਰ ਵਿਚ ਖੋਲ੍ਹਣ ਲਈ ਮਨਾ ਲਿਆ। ਅੰਮ੍ਰਿਤਸਰ ਸ਼ਹਿਰ ਦੇ ਬਾਹਰ ਸ਼ਾਹ ਮਾਰਗ ਤੇ ਕੋਈ ਤਿੰਨ ਕਿੱਲੋਮੀਟਰ ਦੂਰ ਕਾਲਜ ਲਈ ਜ਼ਮੀਨ ਦਾ ਪ੍ਰਬੰਧ ਲੋਕਾਂ ਨੇ ਆਪ ਹੀ ਆਪਣੀ ਜ਼ਮੀਨ ਦਾਨ ਕਰਕੇ ਕਰ ਦਿੱਤਾ ਸੀ। ਹੁਣ ਸਵਾਲ ਮਾਇਆ ਇਕੱਤਰ ਕਰਨ ਦਾ ਸਾਹਮਣੇ ਖੜ੍ਹਾ ਸੀ। ਇਸ ਸਬੰਧੀ ਮੀਟਿੰਗ ਸੱਦੀ ਗਈ। ਮਹਾਰਾਜਾ ਫ਼ਰੀਦਕੋਟ ਨੇ ਮਾਲੀ ਮਦਦ ਦੇਣ ਦੀ ਸ਼ਰਤ ਰੱਖੀ ਕਿ ਕਾਲਜ ਦਾ ਨਾਮ ਉਸ ਦੇ ਨਾਮ ਦੇ ਰੱਖੋ, ਇਹੀ ਮੰਗ ਕਈ ਰਾਜਿਆਂ ਮਹਾਰਾਜਿਆਂ ਨੇ ਰੱਖੀ ਪਰ ਗਿਆਨੀ ਦਿੱਤ ਸਿੰਘ ਨੇ ਕਾਲਜ ਦਾ ਨਾਮ ਪਹਿਲਾਂ ਹੀ ‘ਖ਼ਾਲਸਾ’ ਦੇ ਨਾਮ ਤੇ ਤਹਿ ਕਰ ਲਿਆ ਸੀ। ਸਾਰਿਆਂ ਦੀਆਂ ਸ਼ਰਤਾਂ ਠੁਕਰਾ ਦਿੱਤੀਆਂ ਗਈਆਂ। ਉਸ ਵੇਲੇ ਮੀਟਿੰਗ ਇਕ ਧਨਾਢ ਦਿਆਲ ਸਿੰਘ ਮਜੀਠੀਆ ਵੀ ਮੌਜੂਦ ਸੀ। ਉਸ ਕੋਲ ਕੋਈ ਸੰਤਾਨ ਨਹੀਂ ਸੀ। ਉਸ ਨੇ ਵੀ ਕਾਲਜ ਦੀ ਇਮਾਰਤ ਬਣਾਉਣ ਲਈ ਸਾਰਾ ਖਰਚਾ ਦੇਣ ਲਈ ਹਾਮੀ ਭਰੀ ਪਰ ਸ਼ਰਤ ਉਹੀ ਸੀ ਕਿ ਕਾਲਜ ਦਾ ਨਾਮ ਉਸ ਦੇ ਨਾਮ ਤੇ ਰੱਖਿਆ ਜਾਵੇ। ਪਰ ਇਹ ਸ਼ਰਤ ਵੀ ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ, ਭਾਈ ਜਵਾਹਰ ਸਿੰਘ, ਭਾਈ ਮਈਆ ਸਿੰਘ ਨੇ ਠੁਕਰਾ ਦਿੱਤੀ। ਤਾਂ ਦਿਆਲ ਸਿੰਘ ਮਜੀਠੀਆ ਨੇ ਆਪਣਾ ਕਾਲਜ ਆਰੀਆ ਸਮਾਜੀਆਂ ਨਾਲ ਗੰਢ ਤੁੱਪ ਕਰਕੇ ਆਪਣੇ ਨਾਮ ਤੇ ‘ਦਿਆਲ ਸਿੰਘ ਆਰੀਆ ਕਾਲਜ ਲਾਹੌਰ’ ਬਣਵਾ ਦਿੱਤਾ ਜੋ ਅੱਜ ਤੱਕ ਚੱਲ ਰਿਹਾ ਹੈ। ਅੰਮ੍ਰਿਤਸਰ ਵਿਚ ਖ਼ਾਲਸਾ ਕਾਲਜ ਸ਼ੁਰੂ ਕਰਨ ਲਈ ਇਮਾਰਤ ਬਣਾਉਣ ਲਈ ‌ਗਿਆਨੀ ਦਿੱਤ ਸਿੰਘ ਬਾਕੀ ਸਾਰਿਆਂ ਨੇ ਮੰਗਣਾ ਸ਼ੁਰੂ ਕੀਤਾ ਤਾਂ ਫਲ਼ ਮਿਲਣੇ ਸ਼ੁਰੂ ਹੋਏ ਤੇ ਮਹਾਰਾਜਾ ਪਟਿਆਲਾ ਨੇ 1.50 ਲੱਖ ਦੀ ਵੱਡੀ ਰਕਮ ਦੇ ਦਿੱਤੀ। ਮਹਾਰਾਜਾ ਨਾਭਾ ਨੇ 1.05 ਲੱਖ ਦਿੱਤੇ। ਕੈਥਲ ਤੇ ਜੀਂਦ ਦੇ ਰਾਜਿਆਂ ਨੇ 75-75 ਹਜ਼ਾਰ ਰੁਪਏ ਦਿੱਤੇ। ਕਪੂਰਥਲਾ ਦੇ ਮਹਾਰਾਜਾ ਨੇ ਇਕ ਲੱਖ ਰੁਪਿਆ ਦਿੱਤਾ। ਹੋਰ ਵੀ ਕਈ ਸਾਰੇ ਅੰਗਰੇਜ਼ਾਂ ਦੇ ਖ਼ਿੱਤੇ ਵਿਚ ਆਉਂਦੇ ਅਮੀਰ ਲੋਕਾਂ ਨੇ ਰੁਪਏ ਦਿੱਤੇ। 5 ਮਾਰਚ 1892 ਨੂੰ ਲੈ. ਗਵਰਨਰ ਸਰ ਜੇਮਜ਼ ਬ੍ਰਾਹਵੁਡ ਲਾਇਲ ਸਾਹਿਬ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਨੀਂਹ ਪੱਥਰ ਰੱਖਿਆ। 22 ਅਕਤੂਬਰ 1893 ਨੂੰ ਖ਼ਾਲਸਾ ਕਾਲਜ ਦੀ ਸ਼ੁਰੂਆਤ ਮਿਡਲ ਸਕੂਲ ਦੇ ਰੂਪ ਵਿਚ ਹੋਈ। ਇਸ ਬਾਰੇ ਗਿਆਨੀ ਦਿੱਤ ਸਿੰਘ ਨੇ ਖ਼ਾਲਸਾ ਅਖ਼ਬਾਰ ਦੀ 23 ਅਕਤੂਬਰ 1893 ਦੀ ਸੰਪਾਦਕੀ ਵਿਚ ਵਿਸਥਾਰ ਪੂਰਵਕ ਲਿਖਿਆ ਹੈ। ਗਿਆਨੀ ਦਿੱਤ ਸਿੰਘ ਖ਼ਾਲਸਾ ਕਾਲਜ ਕਮੇਟੀ ਦੇ ਉਮਰ ਭਰ ਲਈ ਮੈਂਬਰ ਨਿਯੁਕਤ ਕਰ ਦਿੱਤੇ ਗਏ। ਗਿਆਨੀ ਜੀ ਨੇ ਪੰਜਾਬੀ ਦੀਆਂ ਧਾਰਮਿਕ ਪਾਠ ਪੁਸਤਕਾਂ ਲਿਖੀਆਂ ਸਨ ਜੋ ਕਾਲਜ ਦੇ ਸ਼ੁਰੂਆਤ ਵੇਲੇ ਸਿਲੇਬਸ ਵਜੋਂ ਲਾਈਆਂ ਗਈਆਂ। -72 ਪੁਸਤਕਾਂ ਦੇ ਰਚੇਤਾ ਗਿਆਨੀ ਦਿੱਤ ਸਿੰਘ-
ਗਿਆਨੀ ਦਿੱਤ ਸਿੰਘ ਉੱਚ ਕੋਟੀ ਦੇ ਵਿਦਵਾਨ ਤੇ ਸਾਹਿਤਕਾਰ ਵੀ ਸਨ। ਉਨ੍ਹਾਂ ਪੰਜਾਬੀ ਸਾਹਿਤ ਦੇ ਖ਼ਜ਼ਾਨਾ ਵਿਚ 72 ਪੁਸਤਕਾਂ ਦਾ ਯੋਗਦਾਨ ਪਾਇਆ, ਉਹ ਕਵਿਤਾ, ਵਾਰਤਕ ਦੋਨੋਂ ਲਿਖਦੇ ਸਨ। ਗਿਆਨੀ ਜੀ ਉਰਦੂ, ਫ਼ਾਰਸੀ, ਅਰਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਦੇ ਮਾਹਿਰ ਸਨ। ਲਿਖਦੇ ਭਾਵੇਂ ਉਹ ਗੁਰਮੁਖੀ ਵਿਚ ਸਨ ਪਰ ਆਪਣੀਆਂ ਲਿਖਤਾਂ ਵਿਚ ਹੋਰ ਭਾਸ਼ਾਵਾਂ ਦੇ ਸ਼ਬਦ ਵੀ ਵਰਤ ਲੈਂਦੇ ਸਨ। ਗਿਆਨੀ ਦਿੱਤ ਸਿੰਘ ਦੀ ਵਹਿਮਾਂ ਭਰਮਾ ਨੂੰ ਦੂਰ ਕਰਨ ਵਾਲੀ ਬਹੁ ਚਰਚਿਤ ਕਿਤਾਬ ‘ਗੁੱਗਾ ਗਪੌੜਾ’ ਹੈ, ਜਿਸ ਬਾਰੇ ਬਹੁਤ ਚਰਚਾਵਾਂ ਹੋਈਆਂ। ਜਿਸ ਵਿਚ ਉਸ ਨੇ ਲਿਖਿਆ ‘ਦੇਖੋ ਮੂਰਖ ਦੇਸ ਅਸਾਡਾ ਕਿਕੁਰ ਡੁਬਦਾ ਜਾਂਦਾ। ਸੱਪਾਂ ਕੁੱਤਿਆਂ ਬਿਲਯਾਂ ਕਾਵਾਂ ਆਪਨੇ ਪੀਰ ਬਨਾਂਦਾ। ਕਰਨ ਚੂਰਮੇ ਸੁਖ ਕੜਾਹੀ ਮੋਟੇ ਰੋਟ ਪਕਾਵਨ। ਰਿੰਨ ਸੇਵੀਆਂ ਗੁੱਗੇ ਮਾੜੀ ਘਰ ਦੀ ਨਾਰਾਂ ਜਾਵਨ। ਅੱਗੇ ਲਿਖਦੇ ਹਨ ‘ਗੁਰੂ ਗ੍ਰੰਥ ਦੀ ਪੜ ਲੈ ਬਾਣੀ। ਜਿਸ ਨੇ ਤਾਰੇ ਲਾਖ ਪਰਾਣੀ। ਦਸਮ ਗੁਰੂ ਦਾ ਹੋਕੇ ਦਾਸ। ਛੜ ਦਈਂ ਗੁੱਗੇ ਦੀ ਆਸ। -ਪਰਿਵਾਰ-
ਗਿਆਨੀ ਦਿੱਤ ਸਿੰਘ ਦੀ ਪਤਨੀ ਬਿਸ਼ਨ ਦੇਵੀ ਸੀ। ਉਨ੍ਹਾ ਦੇ ਸਪੁੱਤਰ ਡਾ. ਬਲਦੇਵ ਸਿੰਘ ਸ਼ੇਰ ਹੋਏ, ਜਦ ਕਿ ਸਪੁੱਤਰੀ ਬੀਬੀ ਵਿਦਿਆਵੰਤ ਕੌਰ ਹੋਈ। ਪੋਤਰਾ ਦਿਲਾਵਰ ਨਿਪੋਲੀਅਨ ਹੋਇਆ। ਅਤੇ ਪੋਤਰੀ ਉਸ਼ਾ ਰਾਣੀ ‘ਸ਼ੇਰ’ ਹੋਈ। ਉਸ਼ਾ ਰਾਣੀ ‘ਸ਼ੇਰ’ ਇਸ ਵੇਲੇ ਉਮਰ 83 ਸਾਲ ਹੈ, ਉਹ ਆਪਣੇ ਪਤੀ ਪ੍ਰੋ. ਐਸ ਕੇ ਲਖਨਪਾਲ, ਇਕ ਪੁੱਤਰ ਤੇ ਇਕ ਪੁੱਤਰੀ, ਨੂੰਹ ਤੇ ਦੋ ਪੋਤਰਿਆਂ ਸਮੇਤ ਕਨੇਡਾ ਦੇ ਸ਼ਹਿਰ ਸਸਕਾਤੂਨ ਵਿਖੇ ਰਹਿ ਰਹੇ ਹਨ।
- ਅਕਾਲ ਚਲਾਣਾ ਕਰ ਗਏ-
17 ਜੂਨ 1901 ਨੂੰ ਸਿੰਘ ਦੀ ਧੀ ਦੀ ਮੌਤ ਸਿੰਘ ਲਈ ਬਹੁਤ ਵੱਡਾ ਝਟਕਾ ਸੀ, ਗਿਆਨੀ ਜੀ ਪਹਿਲਾਂ ਹੀ ਸਿੰਘ ਸਭਾ ਲਹਿਰ ਦੇ ਆਗੂ ਵਜੋਂ ਆਪਣੇ ਕੰਮ ਦੇ ਬੋਝ ਤੋਂ ਥਕਾਵਟ ਦਾ ਸਾਹਮਣਾ ਕਰ ਰਿਹਾ ਸੀ। ਉਹ ਕੰਮ ਕਰਦਾ ਰਿਹਾ, ਪਰ ਉਸ ਦੀ ਸਿਹਤ ਤੇਜ਼ੀ ਨਾਲ ਵਿਗੜ ਗਈ ਅਤੇ ਉਹ ਗੰਭੀਰ ਰੂਪ ਵਿੱਚ ਬਿਮਾਰ ਹੋ ਗਿਆ। ਉਸ ਦੇ ਲੀਵਰ ਵਿਚ ਖ਼ਰਾਬੀ ਆ ਗਈ ਸੀ, ਲੀਵਰ ਵਧ ਗਿਆ ਸੀ, ਯੂਨਾਨੀ ਦਵਾਈ ਵਿਚ ਵਿਸ਼ਵਾਸ ਕਰਦੇ ਸਨ। ਦਵਾਈ ਠੀਕ ਵੀ ਕਰ ਦਿੰਦੀ ਸੀ ਪਰ ਬੁਖ਼ਾਰ ਨਾ ਉੱਤਰਦਾ। ਪਰ ਮਹਿਜ਼ 51 ਸਾਲ ਦੀ ਬੜੀ ਛੋਟੀ ਉਮਰ ਵਿਚ ਗਿਆਨੀ ਦਿੱਤ ਸਿੰਘ ਜੀ 6 ਸਤੰਬਰ 1901 ਨੂੰ ਲਾਹੌਰ ਵਿਖੇ ਅਕਾਲ ਚਲਾਣਾ ਕਰ ਗਏ। -ਲਗਾਤਾਰ ਛਪ ਰਿਹਾ ਹੈ ‘ਭਾਈ ਦਿੱਤ ਸਿੰਘ ਪੱਤ੍ਰਿਕਾ’-
ਗਿਆਨੀ ਦਿੱਤ ਸਿੰਘ ਦੇ ਨਾਮ ਤੇ ਮੁੱਖ ਸੰਪਾਦਕ ‌‌ਪ੍ਰਿ. ਨਸੀਬ ਸਿੰਘ ਸੇਵਕ ਵੱਲੋਂ ਹਰ ਮਹੀਨੇ ਮੈਗਜ਼ੀਨ ਛਾਪਿਆ ਜਾ ਰਿਹਾ ਹੈ। ਇਸ ਦੇ ਮੁੱਖ ਸਲਾਹਕਾਰ ਇੰਜ ਸੁਖਦੇਵ ਸਿੰਘ ਲਾਜ ਹਨ। ਸੰਪਾਦਕ ਜਸਪਾਲ ਸਿੰਘ ਕੰਵਲ ਤੇ ਅਵਤਾਰ ਸਿੰਘ ਮਹਿਤਪੁਰੀ ਹਨ। ਸਹਿ ਸੰਪਾਦਕ ਅਮਰਜੀਤ ਜੋਸ਼ੀ ਨਾਹਨ ਕਲੌੜ ਹਨ। ਸੋ ਗਿਆਨੀ ਦਿੱਤ ਸਿੰਘ ਬਾਰੇ ਬਹੁਤ ਵਿਦਵਾਨਾਂ ਵੱਲੋਂ ਲਿਖਿਆ ਜਾ ਚੁੱਕਾ ਹੈ, ਇਨ੍ਹਾਂ ਤੇ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਪੀਐੱਚਡੀ ਕੀਤੀ ਹੈ। ਗਿਆਨੀ ਦਿੱਤ ਸਿੰਘ ਬਹੁਤ ਵੱਡੇ ਵਿਦਵਾਨ, ਲਹਿਰਾਂ ਚਲਾਉਣ ਵਾਲੇ ਮੋਢੀ ਸਨ ਤੇ ਬਹੁਤ ਕਾਬਲ ਪੱਤਰਕਾਰ ਸਨ। ਉਨ੍ਹਾਂ ਦੀ ਸੰਖੇਪ ਜੀਵਨੀ ਨੇ ਪੱਤਰਕਾਰਤਾ ਬਾਰੇ ਥੋੜ੍ਹਾ ਲਿਖ ਸਕਿਆਂ ਹਾਂ, ਏਨਾ ਹੀ ਸਵੀਕਾਰ ਕਰਨਾ.. ਗ਼ਲਤੀਆਂ ਲਈ ਮਾਫ਼ੀ ਚਾਹੁੰਦਾ ਹਾਂ... ਆਓ ਆਪਾਂ ਪ੍ਰਣ ਕਰੀਏ ਕਿ ਆਦਰਸ਼ਵਾਦੀ ਪੱਤਰਕਾਰ ਬਣੀਏ ਤਾਂ ਕਿ ਲੋਕਤੰਤਰ ਜਿੰਦਾ ਰਹਿ ਸਕੇ...। (ਨੋਟ : ਇਹ ਰੇਖਾ ਚਿੱਤਰ ਲਿਖਣ ਲਈ ਮੈਂ ਨਰਿੰਦਰ ਸਿੰਘ ਕਪੂਰ, ਕਰਨੈਲ ਸਿੰਘ ਸੋਮਲ, ਨਸੀਬ ਸਿੰਘ ਸੇਵਕ ਆਦਿ ਕਿਤਾਬਾਂ ਤੋਂ ਕਾਫ਼ੀ ਮਦਦ ਲਈ ਹੈ)
ਗੁਰਨਾਮ ਸਿੰਘ ਅਕੀਦਾ 8146001100

No comments:

Post a Comment