Saturday, February 18, 2023

ਲੋਕ ਹਿਤ ਦਾ ਬੇਬਾਕ ਪੱਤਰਕਾਰ 'ਦਿਲਬਾਗ ਚਾਵਲਾ'

25 ਸਾਲਾਂ ਤੋਂ ਕੈਨੇਡਾ ਦੇ ਪੰਜਾਬੀਆਂ ਦੀ ਆਵਾਜ਼ ਹੈ 'ਰੰਗਲਾ ਪੰਜਾਬ'
ਇਕ ਉਹ ਸਮਾਂ ਸੀ ਜਦੋਂ ਪੱਤਰਕਾਰਤਾ ਮਿਸ਼ਨ ਹੁੰਦੀ ਸੀ। ਪਰ ਪਦਾਰਥਵਾਦੀ ਯੁੱਗ ਦਾ ਪੱਤਰਕਾਰਤਾ ਦੇ ਮਿਸ਼ਨ 'ਤੇ ਅਜਿਹਾ ਕੁਹਾੜਾ ਚੱਲਿਆ ਕਿ ਇਸ 'ਤੇ ਬਿਜ਼ਨਸ ਦਾ ਰੰਗ ਆਪਣਾ ਝਲਕਾਰਾ ਪਾਉਣ ਲੱਗ ਪਿਆ। ਕੁੱਝ ਪੱਤਰਕਾਰ ਅਜਿਹੇ ਵੀ ਹਨ ਜਿਹੜੇ ਅੱਜ ਵੀ ਪੱਤਰਕਾਰਤਾ ਨੂੰ ਮਿਸ਼ਨ ਵਜੋਂ ਹੀ ਲੈ ਰਹੇ ਹਨ, ਬੇਸ਼ੱਕ ਉਹ ਸਹਿਕ ਰਹੇ ਹਨ ਪਰ ਇਹ ਵੀ ਨਹੀਂ ਕਿ ਉਹ ਮਰ ਰਹੇ ਹਨ, ਉਨ੍ਹਾਂ ਦਾ ਸਤਿਕਾਰ ਜਗਤ ਵਿਚ ਬਣਿਆ ਹੋਇਆ ਹੈ, ਪਦਾਰਥਵਾਦੀ ਲੋਕ ਉਨ੍ਹਾਂ ਨੂੰ ਪਾਗਲ ਜਾਂ ਮੂਰਖਾਂ ਵਾਲੀ ਸੰਗਿਆ ਦਿੰਦੇ ਹੋਣਗੇ ਪਰ ਸਮਾਂ ਉਨ੍ਹਾਂ ਦੀ ਬਾਤ ਜ਼ਰੂਰ ਪਾਵੇਗਾ। ਬੇਸ਼ੱਕ ਉਨ੍ਹਾਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਫਿਰ ਵੀ ਉਹ ਆਪਣੀ ਚਾਲੇ ਚਲਦੇ ਹੋਏ ਆਪਣੇ ਮਿਸ਼ਨ ਨੂੰ ਅੱਗੇ ਵਧਾ ਰਹੇ ਹਨ। ਗੱਲ ਕਰਨ ਜਾ ਰਹੇ ਹਾਂ ਅਜਿਹੇ ਹੀ ਪੱਤਰਕਾਰ ਦੀ ਜੋ ਹੁਣ ਕੈਨੇਡਾ ਦਾ ਵਸਨੀਕ ਹੈ, ਦਿਲਬਾਗ ਸਿੰਘ ਚਾਵਲਾ। ਜਿਸ ਨੇ ਕੈਨੇਡਾ ਜਿਹੇ ਮੁਲਕ 'ਤੇ ਰੰਗਲਾ ਪੰਜਾਬ ਰੇਡੀਉ ਅਤੇ ਟੀ.ਵੀ. ਨਾਲ ਪੱਤਰਕਾਰਤਾ ਦੇ ਮਿਸ਼ਨ ਨੂੰ ਜਿਉਂਦਾ ਰੱਖਿਆ ਹੈ। -ਮੁੱਢ ਅਤੇ ਜਨਮ :
ਅੰਮ੍ਰਿਤਸਰ ਦੇ ਕੋਲ ਗੋਇੰਦਵਾਲ ਸਾਹਿਬ ਦੇ ਨਜ਼ਦੀਕ ਪਿਤਾ ਸ੍ਰ. ਪ੍ਰੀਤਮ ਸਿੰਘ ਮਾਤਾ ਦਲੀਪ ਕੌਰ ਦੇ ਘਰ 29 ਅਪ੍ਰੈਲ 1965 ਨੂੰ ਜਨਮੇ ਦਿਲਬਾਗ ਸਿੰਘ ਚਾਵਲਾ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡ ਤੋਂ ਹੀ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਆਈ.ਟੀ. ਇਲੈਕਟ੍ਰੋਨਿਕਸ ਦੀ ਕਰਨ ਤੋਂ ਬਾਅਦ ਜ਼ਿੰਦਗੀ ਦਾ ਪਹੀਆ ਅੱਗੇ ਤੋਰਿਆ। ਆਪਣੀ ਇਲੈਕਟ੍ਰੋਨਿਕਸ ਦੀ ਦੁਕਾਨ ਇਮਾਨਦਾਰੀ ਨਾਲ ਚਲਾਈ ਜਿਸ ਕਰ ਕੇ ਦਿਲਬਾਗ ਚਾਵਲਾ ਸਫਲ ਇਲੈਕਟ੍ਰੋਨਿਕ ਮਾਹਿਰ ਬਣ ਗਿਆ। -ਵਿਆਹ :
ਕਿਸੇ ਵਿਆਹ ਵਿਚ ਆਇਆ ਸੀ ਵਿਚੋਲਾ, ਕੁੱਝ ਅਜਿਹਾ ਕਾਰਨ ਬਣਿਆ ਕਿ ਦਿਲਬਾਗ ਚਾਵਲਾ ਹੋਰਾਂ ਦੇ ਘਰ ਹੀ ਰਾਤ ਨੂੰ ਠਹਿਰ ਗਿਆ। ਸਵੇਰੇ ਉੱਠਿਆ ਤੇ ਦਿਲਬਾਗ ਦੀ ਫ਼ੋਟੋ ਵੀ ਨਾਲ ਲੈ ਗਿਆ। ਲੈ ਕਿਸੇ ਹੋਰ ਕੁੜੀ ਵਾਸਤੇ ਗਿਆ ਸੀ ਪਰ ਸੰਪਰਕ ਰੀਨਾ ਦੇ ਪਰਿਵਾਰ ਨਾਲ ਹੋ ਗਿਆ। ਮੰਗਣੀ ਹੋ ਚੁੱਕੀ ਸੀ ਉਸ ਤੋਂ ਬਾਅਦ ਰੀਨਾ ਕੈਨੇਡਾ ਪੀ.ਆਰ. ਬਣ ਕੇ ਚਲੇ ਗਏ। ਵਿਆਹ ਨੂੰ ਕਾਫ਼ੀ ਸਮਾਂ ਹੋ ਗਿਆ। 26 ਨਵੰਬਰ 1991 ਨੂੰ ਆਖਿਰ ਰੀਨਾ ਨਾਲ ਦਿਲਬਾਗ ਦਾ ਵਿਆਹ ਹੋਇਆ ਜੋ ਕਿ ਹੁਣ ਰੀਨਾ ਚਾਵਲਾ ਬਣ ਚੁੱਕੀ ਸੀ। ਦਿਲਬਾਗ ਚਾਵਲਾ ਫ਼ਤਿਆਬਾਦ ਤੋਂ ਹੀ ਕੈਨੇਡਾ ਦਾ ਪੀ.ਆਰ. ਬਣ ਚੁੱਕਿਆ ਸੀ। 2 ਫਰਵਰੀ 1992 ਨੂੰ ਕੈਨੇਡਾ ਪਹੁੰਚ ਗਿਆ। -ਕੈਨੇਡਾ ਵਿਚ ਜੀਵਨ ਦੀ ਸ਼ੁਰੂਆਤ:
ਕੈਨੇਡਾ ਵਿਚ ਪਹੁੰਚ ਕੇ ਦਿਲਬਾਗ ਨੇ ਵੱਖ-ਵੱਖ ਤਰ੍ਹਾਂ ਦੇ ਕੰਮ ਕਰਨੇ ਸ਼ੁਰੂ ਕੀਤੇ ਪਰ ਮਨ ਨਹੀਂ ਲੱਗ ਰਿਹਾ ਸੀ। ਇਲੈਕਟ੍ਰੋਨਿਕ ਦਾ ਮਾਹਿਰ ਇੱਥੇ ਮਜ਼ਦੂਰੀ ਕਰਨ ਲਈ ਮਜਬੂਰ ਸੀ। ਕਦੇ ਕੰਮ ਮਿਲਣਾ ਕਦੇ ਕੰਮ ਨਾ ਮਿਲਣਾ। ਪਹਿਲਾਂ ਤਾਂ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਸੀ ਪਰ ਇੱਥੇ ਹੀ ਪੰਜਾਬ ਵਿਚੋਂ ਇਕ ਜ਼ਮੀਨ ਦਾ ਮਾਲਕ ਮੁੰਡਾ ਲੇਬਰ ਕਰਦਾ ਦੇਖਿਆ, ਹੈਰਾਨੀ ਵੀ ਹੋਈ ਤੇ ਦੁੱਖ ਵੀ ਹੋਇਆ, ਕਿ ਜ਼ਮੀਨਾਂ ਦੇ ਮਾਲਕ ਡਾਲਰਾਂ ਨੇ 'ਬਈਏ' ਬਣਾ ਦਿੱਤੇ। ਦਿਲਬਾਗ ਨੇ ਸੋਚਿਆ ਕਿ ਪੰਜਾਬ ਦੇ ਜ਼ਿਮੀਂਦਾਰ ਇੱਥੇ ਮਜ਼ਦੂਰੀ ਕਰ ਰਹੇ ਹਨ ਤਾਂ ਮੇਰੇ ਲਈ ਕੀ ਮਿਹਣਾ। ਵੱਖ ਵੱਖ ਥਾਵਾਂ ਤੇ ਕੰਮ ਕਰਨ ਤੋਂ ਬਾਅਦ ਇਕ ਫ਼ੈਕਟਰੀ ਵਿਚ ਕੰਮ ਮਿਲ ਗਿਆ, ਫ਼ੈਕਟਰੀ ਵਿਚ ਕੰਮ ਕਰਦਾ ਰਿਹਾ, ਜਦੋਂ ਫ਼ੈਕਟਰੀ ਵਿਚ ਕੰਮ ਮਿਲਿਆ ਤਾਂ ਹਫ਼ਤੇ ਵਿਚ 40 ਤੋਂ 80 ਘੰਟੇ ਤੱਕ ਕੰਮ ਕੀਤਾ। ਇਕ ਦਿਨ ਫ਼ੈਕਟਰੀ ਵਿਚ ਕੰਮ ਕਰਦਿਆਂ ਸੱਟ ਲੱਗ ਗਈ। ਇੱਥੇ ਇਕ ਮਿੱਤਰ ਸੀ ਅਰੁਣ ਗੋਗਨਾ, ਇਹ ਉਦੋਂ ਮਿੱਤਰ ਬਣਿਆ ਜਦੋਂ ਇਨ੍ਹਾਂ ਦੇ ਵਿਆਹ ਦੀ ਰਜਿਸਟ੍ਰੇਸ਼ਨ ਹੋਈ ਸੀ। ਸੱਟ ਲੱਗਣ ਤੋਂ ਬਾਅਦ ਅਰੁਣ ਗੋਗਨਾ ਨੇ ਦਿਲਬਾਗ ਦੀ ਟਹਿਲ ਸੇਵਾ ਕੀਤੀ। ਇੱਥੇ ਹੀ ਇਕ ਰੇਡੀਉ ਦਾ ਆਰ.ਜੇ. ਇਨ੍ਹਾਂ ਨੇ ਰੇਡੀਉ ਦੇ ਗੱਲਾਂ ਕਰਦਾ ਸੁਣਿਆ, ਟੁੱਟਵੇਂ ਬੋਲ, ਤੋਤਲੀ ਜਿਹੀ ਆਵਾਜ਼, ਬੋਲੀ ਵਿਚ ਖਰ੍ਹਵਾਪਣ, ਭਾਵ ਬੋਲਾਂ ਵਿਚ ਮਿਠਾਸ ਨਹੀਂ ਸੀ। -ਪੱਤਰਕਾਰ ਬਣਨਾ :
ਬੇਤਰਤੀਬੇ ਸ਼ਬਦਾਂ ਦਾ ਰੇਡੀਉ ਸੁਣਨ ਤੋਂ ਬਾਅਦ ਦਿਲਬਾਗ ਅਤੇ ਅਰੁਣ ਗੋਗਨਾ ਦਾ ਇਕ ਵਿਚਾਰ ਬਣਿਆ ਕਿ ਪੱਤਰਕਾਰੀ ਵਿਚ ਹੱਥ ਕਿਉਂ ਨਾ ਅਜ਼ਮਾਇਆ ਜਾਵੇ। ਦਿਲਬਾਗ ਚਾਵਲਾ ਗੀਤ ਬਹੁਤ ਸੁਰੀਲੇ ਗਾਉਂਦਾ ਸੀ। ਆਵਾਜ਼ ਵੀ ਦਿਲ ਖਿੱਚਦੀ ਸੀ। ਸਬੱਬ ਬਣਿਆ ਕਿ ਇਕ ਹੋਰ ਰੇਡੀਉ ਵਾਲਾ ਮਿੱਤਰ ਉਨ੍ਹਾਂ ਨੂੰ ਮਿਲਿਆ। ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ। ਲੋਕ ਫ਼ੋਨ ਕਰਦੇ ਸਨ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿਚ ਬਾਣੀ ਦੇ ਸ਼ਬਦ ਲਗਾਓ ਜਾਂ ਗੁਰੂਆਂ ਬਾਰੇ ਜਾਣਕਾਰੀ ਦਿਓ ਪਰ ਉਹ ਸੱਜਣ ਰੇਡੀਉ 'ਤੇ ਆਪਣੇ ਹੀ ਤਰ੍ਹਾਂ ਦੇ ਗੀਤ ਚਲਾ ਰਿਹਾ ਸੀ। ਦਿਲਬਾਗ ਨੇ ਕਿਹਾ ਕਿ ਜਦੋਂ ਲੋਕਾਂ ਦੀ ਮੰਗ ਹੈ ਕਿਉਂਕਿ ਲੋਕਾਂ ਨੇ ਸੁਣਨਾ ਹੈ ਤਾਂ ਫਿਰ ਲੋਕਾਂ ਅਨੁਸਾਰ ਕਿਉਂ ਨਾ ਰੇਡੀਉ 'ਤੇ ਪ੍ਰੋਗਰਾਮ ਚਲਾਏ ਜਾਂਦੇ। ਇਸ 'ਤੇ ਉਹ ਸੱਜਣ ਕਹਿਣ ਲੱਗਿਆ ਕਿ ਮੈਂ ਤਾਂ ਅਗਲੇ ਹਫ਼ਤੇ ਰੇਡੀਉ ਬੰਦ ਕਰ ਦੇਣਾ ਹੈ। ਇੱਥੋਂ ਹੀ ਦਿਲਬਾਗ ਅਤੇ ਅਰੁਣ ਗੋਗਨਾ ਦੇ ਮਨ ਵਿਚ ਆਇਆ ਕਿ ਕਿਉਂ ਨਾ ਆਪਾਂ ਇਹ ਰੇਡੀਉ ਸਟੇਸ਼ਨ ਸ਼ੁਰੂ ਕਰ ਲਈਏ। ਉਹ ਸਟੇਸ਼ਨ ਦੇ ਮੁੱਖ ਦਫ਼ਤਰ ਵਿਚ ਗਏ। ਸਟੇਸ਼ਨ ਵਾਲੇ ਇਕ ਘੰਟੇ ਦਾ 300 ਡਾਲਰ ਲੈਂਦੇ ਸੀ। ਅੰਗਰੇਜ਼ ਸਟੇਸ਼ਨ ਵਾਲੇ ਨਾਲ ਗੱਲਬਾਤ ਕੀਤੀ। ਗੱਲਾਂ ਬਾਤਾਂ ਵਿਚ ਅਜਿਹਾ ਪ੍ਰਭਾਵ ਬਣਿਆ ਕਿ ਅੰਗਰੇਜ਼ ਨੇ ਕਹਿ ਦਿੱਤਾ ਕਿ ਤੁਹਾਨੂੰ ਇਕ ਹਫ਼ਤਾ ਫ਼ਰੀ ਦਿੱਤਾ ਤਾਂ 29 ਮਾਰਚ 1997 ਨੂੰ ਰੇਡੀਉ 'ਰੰਗਲਾ ਪੰਜਾਬ' ਸ਼ੁਰੂ ਹੋ ਗਿਆ। ਦਿਲਬਾਗ ਦੀ ਆਵਾਜ਼ ਬੜਾ ਦਿਲਖਿੱਚਵੀਂ ਸੀ ਤਾਂ ਲੋਕਾਂ ਨੇ ਵਾਹਵਾ ਪਸੰਦ ਕੀਤਾ। ਪਹਿਲਾਂ ਪਹਿਲ ਤਾਂ ਬੜੀ ਮੁਸ਼ਕਿਲ ਹੋਈ, ਕਿਤੋਂ ਇਸ਼ਤਿਹਾਰ ਮਿਲਣ ਦੀ ਸੰਭਾਵਨਾ ਜਾਂ ਕਿਸੇ ਦੀ ਮਦਦ ਵੀ ਨਹੀਂ ਸੀ, ਆਪਣੇ ਪੱਲਿਓਂ ਡਾਲਰ ਖ਼ਰਚ ਕੇ ਰੇਡੀਉ ਚਲਾਉਂਦੇ ਸੀ ਪਰ ਸਮਾਂ ਲੰਘ ਗਿਆ, ਲੋਕਾਂ ਨੇ ਅਜਿਹਾ ਪਸੰਦ ਕੀਤਾ ਕਿ ਲੋਕ ਆਪਣੇ ਆਪ ਹੀ ਦਿਲਬਾਗ ਅਤੇ ਅਰੁਣ ਗੋਗਨਾ ਦੀ ਮਦਦ ਕਰਨ ਲੱਗ ਪਏ, ਹੁਣ ਇਸ਼ਤਿਹਾਰ ਵੀ ਆਉਣ ਲੱਗ ਪਏ ਸਨ। ਅਰੁਣ ਗੋਗਨਾ ਪੂਰੀ ਤਰ੍ਹਾਂ ਸਮਾਂ ਦੇਣ ਵਿਚ ਅਸਮਰਥ ਸੀ, ਆਖਿਰ ਉਸ ਨੇ ਦਿਲਬਾਗ ਨਾਲ ਦਿਲ ਦੀ ਸਾਂਝ ਪਾਈ 'ਉਹ ਪ੍ਰੋਗਰਾਮ ਅੱਗੇ ਨਹੀਂ ਕਰ ਸਕਦਾ' ਕਈ ਵਿਚਾਰ ਚਰਚਾ ਕਰਨ ਤੋਂ ਬਾਅਦ ਉਹ ਪ੍ਰੋਗਰਾਮ ਕਰਨਾ ਛੱਡ ਗਿਆ। ਹੁਣ ਅਰੁਣ ਗੋਗਨਾ ਦਾ ਸਮਾਂ ਵੀ ਦਿਲਬਾਗ ਨੇ ਹੀ ਲੈ ਲਿਆ ਸੀ, ਸੋਮਵਾਰ ਤੋਂ ਵੀਰਵਾਰ 10.00 ਤੋਂ 11.00 ਵਜੇ ਤੱਕ ਇਹ ਪ੍ਰੋਗਰਾਮ ਚਲਦਾ ਸੀ, ਜਿਸ ਦਾ ਖਰਚਾ ਹਫ਼ਤੇ ਦਾ 1200 ਡਾਲਰ ਪੈਣ ਲੱਗ ਪਿਆ। ਇਸੇ ਸਟੇਸ਼ਨ 'ਤੇ ਸੁਖਵਿੰਦਰ ਹੰਸਰਾ ਪ੍ਰੋਗਰਾਮ ਕਰਦਾ ਸੀ 'ਅਣਖੀਲਾ ਪੰਜਾਬ'। ਖਾਲਿਸਤਾਨੀ ਵਿਚਾਰਧਾਰਾ ਦਾ ਪ੍ਰੋਗਰਾਮ ਸੀ, ਇਹ ਵੀ ਕੁੱਝ ਦਿਨ ਬਾਅਦ ਛੱਡ ਗਿਆ। ਇਸ ਪ੍ਰੋਗਰਾਮ ਦਾ ਟਾਈਮ ਵੀ ਦਿਲਬਾਗ ਕੋਲ ਆ ਗਿਆ। -ਕੈਨੇਡਾ ਵਿਚ ਰੇਡੀਉ 'ਤੇ ਖ਼ਬਰਾਂ ਦਾ ਸ਼ੁਰੂਆਤ :
ਕੁੱਝ ਸਮਾਂ ਬਾਅਦ ਚੜ੍ਹਦੀ ਕਲਾ ਦੇ ਮਾਲਕ ਜਗਜੀਤ ਸਿੰਘ ਦਰਦੀ ਕੈਨੇਡਾ ਆਏ। ਉਹ ਚੜ੍ਹਦੀਕਲਾ ਮੈਗਜ਼ੀਨ ਵੀ ਕੱਢਦੇ ਹੁੰਦੇ ਸੀ। ਉਨ੍ਹਾਂ ਨਾਲ ਗੱਲ ਹੋਈ, ਵਿਚਾਰ ਚਰਚਾ ਤੋਂ ਬਾਅਦ ਤਹਿ ਹੋਇਆ, ਹੁਣ ਉਨ੍ਹਾਂ ਦੀ ਬੇਟੀ ਡਾ. ਇੰਦਰਪ੍ਰੀਤ ਕੌਰ ਖ਼ਬਰਾਂ ਤਿਆਰ ਕਰ ਕੇ ਪੜ੍ਹ ਦਿੰਦੀ ਸੀ। ਕੈਨੇਡਾ ਵਿਚ ਰੇਡੀਉ 'ਤੇ ਖ਼ਬਰਾਂ ਚਲਾਉਣ ਦਾ ਇਹ ਪਹਿਲਾ ਪ੍ਰੋਗਰਾਮ ਸੀ, ਬਹੁਤ ਮਕਬੂਲ ਹੋਇਆ। ਕੈਨੇਡਾ ਦੇ ਪੰਜਾਬੀ ਆਪਣੇ ਪੰਜਾਬ, ਭਾਰਤ ਦੀਆਂ ਖ਼ਬਰਾਂ ਸੁਣਨ ਲਈ ਪ੍ਰੋਗਰਾਮ ਦੀ ਉਡੀਕ ਕਰਦੇ ਸਨ। ਲੋਕਾਂ ਦੇ ਪਿਆਰ ਨੇ ਦਿਲਬਾਗ ਨੂੰ ਹੌਸਲਾ ਦਿੱਤਾ। -ਸਿੱਖ ਇਤਿਹਾਸ ਦੇ ਪੰਨੇ ਸ਼ੁਰੂ ਕਰਨਾ :
ਦਿਲਬਾਗ ਰੇਡੀਉ ਦੇ ਕੰਨਸੋਲ 'ਤੇ ਬੈਠਾ ਸੱਚੀਆਂ ਦੇ ਸਿੱਧੀਆਂ ਗੱਲਾਂ ਕਰਦਾ ਸੀ। ਲੋਕਾਂ ਨੂੰ ਚੰਗੀਆਂ ਵੀ ਲੱਗੀਆਂ, ਕਹਿੰਦੇ ਸੱਚੀਆਂ ਗੱਲਾਂ ਨੂੰ ਯਾਦ ਰੱਖਣ ਦੀ ਲੋੜ ਨਹੀਂ ਹੁੰਦੀ। ਦਿਲਬਾਗ ਚਾਵਲਾ ਨੇ ਇਕ ਪ੍ਰੋਗਰਾਮ ਸ਼ੁਰੂ ਕੀਤਾ 'ਸਿੱਖ ਇਤਿਹਾਸ ਦੇ ਪੰਨੇ'। ਇਹ ਪ੍ਰੋਗਰਾਮ ਕੌਣ ਬਣੇਗਾ ਕਰੋੜਪਤੀ ਵਰਗਾ ਸੀ। ਇਸ ਪ੍ਰੋਗਰਾਮ ਵਿਚ ਇਕ ਕਾਰ ਤੇ ਇਕ ਲੱਖ ਡਾਲਰ ਦਾ ਇਨਾਮ ਰੱਖਿਆ ਸੀ। ਸਰੋਤੇ ਪ੍ਰੋਗਰਾਮ ਵਿਚ ਸਵਾਲਾਂ ਦੇ ਜਵਾਬ ਦਿੰਦੇ ਤੇ ਇਨਾਮ ਜਿੱਤ ਲੈਂਦੇ ਪਰ ਆਖ਼ਰੀ ਸਵਾਲ ਤੱਕ ਸਿਰਫ਼ ਮਾਤਾ ਕਪੂਰ ਕੌਰ ਹੀ ਪੁੱਜੇ, ਉਨ੍ਹਾਂ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਹੁਣ ਉਹ ਇਕ ਕਾਰ ਤੇ ਇਕ ਲੱਖ ਡਾਲਰ ਦੇ ਇਨਾਮ ਦੀ ਹੱਕਦਾਰ ਬਣ ਗਈ ਸੀ, ਪਰ ਮਾਤਾ ਕਪੂਰ ਕੌਰ ਨੇ ਕਿਹਾ ਕਿ ਮੈਂ ਇਨਾਮ ਨਹੀਂ ਲੈਣਾ ਪਰ ਮੇਰੀ ਇਕ ਸ਼ਰਤ ਹੈ ਕਿ ਤੁਸੀਂ ਇਹ ਪ੍ਰੋਗਰਾਮ ਬੰਦ ਨਹੀਂ ਕਰਨਾ। ਇਹ ਵਾਅਦਾ ਔਖਾ ਸੀ ਪਰ ਫਿਰ ਵੀ ਦਿਲਬਾਗ ਨੇ ਕਿਹਾ ਕਿ ਅਸੀਂ ਕੋਸ਼ਿਸ਼ ਜਾਰੀ ਰੱਖਾਂਗੇ। ਪਰ ਇਕ ਵੱਡਾ ਸਮਾਗਮ ਡਿਸਕੀ ਗੁਰਦੁਆਰਾ ਸਾਹਿਬ ਵਿਚ ਕੀਤਾ ਗਿਆ ਮਾਤਾ ਕਪੂਰ ਕੌਰ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਹੁਣ ਰੰਗਲਾ ਪੰਜਾਬ ਰੇਡੀਉ ਕਨੈਡਾ ਦਾ ਚਰਚਿਤ ਰੇਡੀਉ ਬਣ ਚੁੱਕਿਆ ਸੀ। -ਸਮਾਜ ਸੇਵਾ ਵਿਚ ਕੰਮ ਕਰਨਾ :
ਸਮਾਜ ਸੇਵਾ ਲਈ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਰੇਡੀਉ 'ਤੇ ਕਈ ਵਾਰੀ ਫ਼ੰਡ ਇਕੱਠੇ ਕੀਤੇ। ਇਕ ਵਾਰ ਕੀ ਹੋਇਆ, ਜੰਮੂ ਕਸ਼ਮੀਰ ਵਿਚ ਛੱਤੀਸਿੰਘ ਪੁਰਾ ਵਿਚ ਛੱਤੀ ਸਿੱਖ ਕਤਲ ਕੀਤੇ ਗਏ। ਉਸ ਵੇਲੇ ਸਿੱਖਾਂ ਦੇ ਪਰਿਵਾਰ ਨੂੰ ਫ਼ੰਡ ਦੀ ਲੋੜ ਸੀ। ਰੰਗਲਾ ਪੰਜਾਬ ਰੇਡੀਉ 'ਤੇ ਐਲਾਨ ਹੋਇਆ, ਦਿਲਬਾਗ ਨੇ ਰੇਡੀਉ ਤੇ ਫ਼ੰਡ ਲਈ ਆਪਣੇ ਪਿਆਰੇ ਸਰੋਤਿਆਂ ਨੂੰ ਇਕ ਹਾਕ ਮਾਰੀ ਕਿ ਕੈਨੇਡਾ ਵਿਚ ਰਹਿੰਦੇ ਪੰਜਾਬੀਆਂ ਨੇ ਦਿਲ ਖੋਲ੍ਹ ਲਿਆ। ਕੈਨੇਡਾ ਵਾਸੀਆਂ ਨੇ ਇੰਨੀ ਮਦਦ ਕੀਤੀ ਕਿ 45 ਮਿੰਟ ਵਿਚ 36 ਲੱਖ ਰੁਪਏ ਇਕੱਠੇ ਹੋਏ। ਜੰਮੂ ਕਸ਼ਮੀਰ ਦੇ ਕਤਲ ਹੋਏ ਸਿੱਖਾਂ ਦੇ ਹਰੇਕ ਪਰਿਵਾਰ ਨੂੰ 86-86 ਲੱਖ ਰੁਪਏ ਭੇਜਿਆ ਗਿਆ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ‘ਸੇਵਾ ਫੂਡ ਬੈਂਕ’ ਦੇ ਨਾਮ ਤੇ ਲੱਖਾਂ ਡਾਲਰ ਇਕੱਠੇ ਕੀਤੇ ਜਾਂਦੇ ਹਨ ਤੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ। -ਜਾਸੂਸ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦੀ ਮਦਦ ਕਰਨੀ :
ਇਕ ਦਿਨ ਰੇਡੀਉ 'ਤੇ ਸਰਬਜੀਤ ਸਿੰਘ ਕਥਿਤ ਜਾਸੂਸ ਜੋ ਕਿ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਸੀ ਉਸ ਦੀ ਭੈਣ ਦਲਬੀਰ ਕੌਰ ਅਤੇ ਉਸ ਦੀ ਧਰਮ ਪਤਨੀ ਨਾਲ ਸਰਬਜੀਤ ਦਾ ਮੁੱਦਾ ਚੁੱਕਿਆ। ਸਰਬਜੀਤ ਨੂੰ ਕਿਹਾ ਕਿ ਕਿ ਤੁਸੀਂ ਇਹ ਮਾਮਲਾ ਦਿੱਲੀ ਵਿਚ ਕੇਂਦਰ ਸਰਕਾਰ ਤੱਕ ਲੈ ਕੇ ਜਾਓ। ਪਰ ਦਲਬੀਰ ਕੌਰ ਕਹਿੰਦੀ ਮੇਰੇ ਕੋਲ ਤਾਂ ਰੁਪਏ ਨਹੀਂ ਹਨ ਤਾਂ ਕੈਨੇਡਾ ਵਾਸੀਆਂ ਨੇ ਆਪਣੇ ਆਪ ਹੀ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੁੱਝ ਮਿੰਟਾਂ ਵਿਚ ਹੀ ਢਾਈ ਲੱਖ ਰੁਪਿਆ ਇਕੱਠਾ ਹੋ ਗਿਆ। ਉਹ ਡਰਾਫ਼ਟ ਬਣਾ ਕੇ ਦਲਬੀਰ ਕੌਰ ਨੂੰ ਭੇਜ ਦਿੱਤਾ। -ਰੰਗਲਾ ਪੰਜਾਬ ਰੇਡੀਉ ਦਾ ਇਸ਼ਤਿਹਾਰ ਵਿੰਗ ਨਹੀਂ:
ਜਦੋਂ ਕੋਈ ਮੀਡੀਆ ਚੱਲਦਾ ਹੈ, ਭਾਵੇਂ ਉਹ ਯੂ ਟਿਊਬ ਤੇ ਵੀ ਕਿਉਂ ਨਾ ਹੋਵੇ ਤਾਂ ਵੀ ਇਸ਼ਤਿਹਾਰ ਇਕੱਤਰ ਕਰਨ ਲਈ ਵੱਖਰਾ ਵਿੰਗ ਬਣਦਾ ਹੈ, ਇਹ ਲਾਜ਼ਮੀ ਹੁੰਦਾ ਹੈ ਕਿਉਂਕਿ ਇਹ ਵਿੰਗ ਅਸਲ ਵਿਚ ਮੀਡੀਆ ਨੂੰ ਜਿਉਂਦਾ ਰੱਖਣ ਲਈ ਆਕਸੀਜਨ ਦਾ ਕੰਮ ਕਰਦਾ ਹੈ, ਪਰ ਦਿਲਬਾਗ ਚਾਵਲਾ ਨੇ ਰੰਗਲਾ ਪੰਜਾਬ ਰੇਡੀਉ ਚਲਾਇਆ। ਪਰ ਉਸ ਨੇ ਆਪਣਾ ਇਸ਼ਤਿਹਾਰ ਵਿੰਗ ਨਹੀਂ ਬਣਾਇਆ, ਬਿਜ਼ਨਸਮੈਨ ਅਜਿਹੇ ਪਿਆਰੇ ਸੱਜਣ ਹਨ ਕਿ ਆਪਣੇ ਆਪ ਹੀ ਇਸ਼ਤਿਹਾਰ ਦੇ ਜਾਂਦੇ ਹਨ। ਕਈ ਸੱਜਣ ਤਾਂ ਲਗਾਤਾਰ ਮਦਦ ਕਰਦੇ ਆ ਰਹੇ ਹਨ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਰੇਡੀਉ ਰੰਗਲਾ ਪੰਜਾਬ ਜੋ ਕਿ ਅੱਜ ਕੱਲ੍ਹ ਟੀਵੀ ਚੈਨਲ ਵੀ ਨਾਲ ਚਲਾ ਰਿਹਾ ਹੈ, ਕੈਨੇਡਾ ਵਿਚ ਏਨਾ ਮਕਬੂਲ ਹੈ ਕਿ ਸਰੋਤੇ ਅਤੇ ਦਰਸ਼ਕ ਇਸ ਨੂੰ ਚੱਲਦਾ ਰੱਖਣ ਲਈ ਖੂਬ ਪਿਆਰ ਦਿੰਦੇ ਹਨ। -ਅਦਾਲਤੀ ਕੇਸ ਧਮਕੀਆਂ :
ਦਿਲਬਾਗ ਨੇ ਵਰਲਡ ਕਬੱਡੀ ਕੱਪ ਵਿਚ ਯੋਗਦਾਨ ਪਾਇਆ। ਕਈ ਸ਼ੋਅ ਪ੍ਰਮੋਟ ਕੀਤੇ। ਇਸ ਦੇ ਨਾਲ ਕੁੱਝ ਚੰਗੇ ਪੱਖ ਤੇ ਕੁੱਝ ਮਾੜੇ ਪੱਖ ਵੀ ਨਾਲ ਜੁੜਦੇ ਗਏ। ਕਈ ਸਾਰੇ ਅਦਾਲਤੀ ਕੇਸ ਭੁਗਤਣੇ ਪਏ ਜਿਸ 'ਤੇ ਹਜ਼ਾਰਾਂ ਡਾਲਰ ਖ਼ਰਚ ਆਇਆ। ਇਸ ਤੋਂ ਇਲਾਵਾ ਮਾਰਨ ਦੀਆਂ ਧਮਕੀਆਂ ਆਉਂਦੀਆਂ ਰਹੀਆਂ ਜੋ ਅੱਜ ਵੀ ਜਾਰੀ ਹਨ। -ਬਲਤੇਜ ਪੰਨੂ ਵੀ ਨਾਲ ਜੁੜੇ :
ਅੱਜ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਡਾਇਰੈਕਟਰ ਮੀਡੀਆ ਰਿਲੇਸ਼ਨ ਬਲਤੇਜ ਪੰਨੂ ਨੇ ਵੀ ਦਿਲਬਾਗ ਚਾਵਲਾ ਦੇ ਰੇਡੀਉ 'ਤੇ ਵਲੰਟੀਅਰੀ ਕੰਮ ਕੀਤਾ। ਰੇਡੀਉ ਤੇ ਟਾਕ ਸ਼ੋਅ 20ਵੀਂ ਸਦੀ ਦੇ ਮਹਾਨ ਸੰਤ ਕੌਣ? ਭਗਤ ਪੂਰਨ ਸਿੰਘ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ। ਇਸ ਵਿਚ ਭਗਤ ਪੂਰਨ ਸਿੰਘ ਨੂੰ 90 ਵੋਟਾਂ ਪਈਆਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ 110 ਵੋਟਾਂ ਪਈਆਂ। -ਪਰਿਵਾਰ :
ਪਰਿਵਾਰ ਵਿਚ ਦਿਲਬਾਗ ਚਾਵਲਾ, ਉਨ੍ਹਾਂ ਦੀ ਧਰਮ ਪਤਨੀ ਰੀਨਾ ਚਾਵਲਾ, ਸਪੁੱਤਰ ਅਰਸ਼ ਚਾਵਲਾ ਅਤੇ ਨੂੰਹ ਰਾਣੀ ਅਮਨਦੀਪ ਕੌਰ ਚਾਵਲਾ ਹਨ। ਅਰਸ਼ ਚਾਵਲਾ ਨੇ ਦੋ ਫ਼ਿਲਮ 'ਢੋਲ ਰੱਤੀ' ਅਤੇ 'ਉਡੀਕ ਭਗਤ ਸਿੰਘ' ਦੀ ਬਤੌਰ ਹੀਰੋ ਕੀਤੀਆਂ। ਅੱਜ ਕੱਲ੍ਹ ਉਹ ਰੇਡੀਉ ਤੇ ਟੀ.ਵੀ. ਦੇ ਨਾਲ ਨਾਲ ਰੀਅਲ ਅਸਟੇਟ ਵਿਚ ਵੀ ਚੰਗਾ ਨਾਮਣਾ ਖੱਟ ਚੁੱਕਿਆ ਹੈ। -ਭਗਵੰਤ ਮਾਨ ਨੇ ਵੀ ਰੰਗਲਾ ਪੰਜਾਬ ਹੋਸਟ ਕੀਤਾ :
ਦਿਲਬਾਗ ਚਾਵਲਾ ਖ਼ੁਸ਼ੀ ਮਹਿਸੂਸ ਕਰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਦੇ ਰੇਡੀਉ ਅਤੇ ਟੀ.ਵੀ. ਤੇ 25 ਸਾਲਾਂ ਦੇ ਸਫ਼ਰ ਵਿਚ ਕੈਪਟਨ ਅਮਰਿੰਦਰ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਲੈ ਕੇ ਪੰਜਾਬ ਦੇ ਬਹੁਤ ਸਾਰੇ ਲੀਡਰਾਂ ਨਾਲ ਇੰਟਰਵਿਊਜ਼ ਕੀਤੀਆਂ ਹਨ। ਅੱਜ ਦੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਰੰਗਲਾ ਪੰਜਾਬ ਹੋਸਟ ਕੀਤਾ ਹੈ। ਐਮ.ਪੀ. ਬਣਨ ਤੱਕ ਵੀ ਉਹ ਰੰਗਲਾ ਪੰਜਾਬ ਨਾਲ ਜੁੜੇ ਰਹੇ। -ਮੀਡੀਆ ਟੀਮ :
ਕੈਨੇਡਾ ਤੋਂ ਅਰਸ਼ ਚਾਵਲਾ, ਕਰਨ ਧੁੰਨਾ ਤਕਨੀਸ਼ੀਅਨ, ਸਤਪਾਲ ਜੌਹਲ, ਅੰਜੂ ਸਿੱਕਾ, ਅਮਨ ਹਾਂਸ, ਜਸਬੀਰ ਸਿੰਘ ਪੱਟੀ, ਗੁਰਨਾਮ ਸਿੰਘ ਅਕੀਦਾ, ਮਿੰਟੂ ਗੁਰੂਸਰੀਆ ਆਦਿ ਅੱਜ ਕੱਲ੍ਹ ਮੀਡੀਆ ਟੀਮ ਵਿਚ ਸ਼ਾਮਲ ਹਨ।
ਦਿਲਬਾਗ ਚਾਵਲਾ ਕੈਨੇਡਾ ਵਿਚ ਰਹਿ ਕੇ ਮੀਡੀਆ ਵਿਚ 25 ਸਾਲਾਂ ਦਾ ਸਫ਼ਰ ਪੂਰਾ ਕਰ ਚੁੱਕਿਆ ਹੈ, ਮੀਡੀਆ ਨੂੰ ਇਕ ਮਿਸ਼ਨ ਲੈ ਕੇ ਚੱਲਦਾ ਹੈ, ਕਿਸੇ ਦੀ ਗੁਲਾਮੀ ਨਹੀਂ ਕਬੂਲਦਾ, ਜੋ ਸੱਚ ਹੈ ਉਹ ਹੀ ਦਰਸ਼ਕਾਂ ਤੇ ਸਰੋਤਿਆਂ ਤੱਕ ਪੁੱਜਦਾ ਕਰਦਾ ਹੈ, ਅਜਿਹੇ ਮੀਡੀਆ ਕਰਮੀ ਬਣੇ ਰਹਿਣੇ ਚਾਹੀਦੇ ਹਨ, ਵਾਹਿਗੁਰੂ ਅਜਿਹੇ ਸ਼ਬਦ ਗੁਰੂ ਨੂੰ ਪ੍ਰਣਾਏ ਮੀਡੀਆ ਕਰਮੀ ਦੀ ਲੰਬੀ ਉਮਰ ਦੇ ਬੁਲੰਦ ਆਵਾਜ਼ ਦੀ ਮੈਂ ਕਾਮਨਾ ਕਰਦਾ ਹਾਂ.. ਆਮੀਨ! -ਗੁਰਨਾਮ ਸਿੰਘ ਅਕੀਦਾ 8146001100