Sunday, August 27, 2023

ਇਕ ਔਰਤ ਦਾ ਜਿਸਮ ਮੰਗਦੇ ਪਟਵਾਰੀ ਨੂੰ ਕੀਤਾ ਸੀ ਨੰਗਾ

ਮੇਰਾ ਸਟਿੰਗ ਅਪਰੇਸ਼ਨ ਪਾਤੜਾਂ : -
ਗੁਰਨਾਮ ਸਿੰਘ ਅਕੀਦਾ ਮੇਰੇ ਕਈ ਸਾਰੇ ਸਟਿੰਗ ਆਪ੍ਰੇਸ਼ਨਾਂ ਵਿਚੋਂ ਪਾਤੜਾਂ ਦੇ ਇਕ ਪਟਵਾਰੀ ਦਾ ਕੀਤਾ ਗਿਆ ਸ‌ਟਿੰਗ ਅਪਰੇਸ਼ਨ ਵੀ ਕਾਫ਼ੀ ਚਰਚਾ ਵਿਚ ਰਿਹਾ ਹੈ। ਅੱਜ ਆਪਾਂ ਇਸ ਦੀ ਗੱਲ ਕਰਦੇ ਹਾਂ : - ਦੇਸ਼ ਸੇਵਕ ਅਖ਼ਬਾਰ : ਲੋਕ ਮੁੱਦਿਆਂ ਨੂੰ ਪ੍ਰਣਾਇਆ ਹੋਇਆ ਅਖ਼ਬਾਰ ਸੀ ਉਸ ਵੇਲੇ : ਮੈਂ ਦੇਸ਼ ਸੇਵਕ ਵਿਚ ਬਤੌਰ ਸਟਾਫ਼ ਰਿਪੋਰਟਰ ਕੰਮ ਕਰਦਾ ਸੀ, ਮੇਰਾ ਦਫ਼ਤਰ ਪਟਿਆਲਾ ਦੇ ਬੰਗ ਮੀਡੀਆ ਸੈਂਟਰ ਵਿਚ ਹੁੰਦਾ ਸੀ। ਬੰਗ ਮੀਡੀਆ ਸੈਂਟਰ ਦੀ ਇਮਾਰਤ ਬਣਾਉਣ ਲੱਗਿਆਂ ਮੈਂ ਬੜੀ ਮਿਹਨਤ ਕੀਤੀ ਸੀ। ਉਹ ਤਾਂ ਖ਼ੈਰ ਇਸ ਇਮਾਰਤ ਦੇ ਮਾਲਕ ਰਾਮ ਸਿੰਘ ਬੰਗ ਨੂੰ ਜ਼ਿਆਦਾ ਪਤਾ ਹੈ। ਚਲੋ ਅੱਜ ਦਾ ਮੁੱਦਾ ਬੰਗ ਮੀਡੀਆ ਸੈਂਟਰ ਨਹੀਂ ਹੈ ਅੱਜ ਦਾ ਮੁੱਦਾ ਤਾਂ ਪਾਤੜਾਂ ਵਿਚ ਕੀਤੇ ਗਏ ਇਕ ਪਟਵਾਰੀ ਦੇ ਸਟਿੰਗ ਅਪਰੇਸ਼ਨ ਨਾਲ ਸਬੰਧਤ ਹੈ। ਬਲਵਿੰਦਰ ਸਿੰਘ ਸੈਫਦੀਪੁਰ (ਕਈਆਂ ਦੇ ਬਾਬਾ ਜੀ)
: ਮੇਰੇ ਬਹੁਤ ਹੀ ਨੇੜਲੇ ਦੋਸਤਾਂ ਵਿਚੋਂ ਇਕ, ਅਸੀਂ ਭਾਊ ਭਾਈਚਾਰਾ ਸੰਗਠਨ ਬਣਾਇਆ ਸੀ। ਇਕ ਦਿਨ ਬਲਵਿੰਦਰ ਸਿੰਘ ਸੈਫਦੀਪੁਰ ਮੇਰੇ ਦਫ਼ਤਰ ਵਿਚ ਆਇਆ ਜਿਸ ਨਾਲ ਇਕ ਲੰਬੀ ਲੰਙੀ ਔਰਤ ਬਲਬੀਰ ਕੌਰ (ਨਕਲੀ ਨਾਂ) ਸੀ, ਦੇਖਣ ਨੂੰ ਸੋਹਣੀ ਦੇ ਜਵਾਨ ਲੱਗ ਰਹੀ ਸੀ, ਪਰ ਉਸ ਔਰਤ ਦਾ ਦਰਦ ਸਿਰਫ਼ ਉਹ ਔਰਤ ਹੀ ਜਾਣਦੀ ਸੀ, ਜਾਂ ਫਿਰ ਉਸ ਦਾ ਰੱਬ, ਉਹ ਚੜ੍ਹਦੀ ਉਮਰੇ ਵਿਧਵਾ ਹੋ ਗਈ ਸੀ, ਵਿਧਵਾ ਔਰਤ ਤੇ ਉੱਪਰੋਂ ਸੋਹਣੀ ਸੁਨੱਖੀ ਵੀ ਹੋਵੇ ਤੇ ਜਵਾਨ ਤਾਂ ਸਮਝ ਲਿਆ ਜਾਵੇ ਕਿ ਲੋਕਾਂ ਦੀਆਂ ਨਜ਼ਰਾਂ ਉਸ ਲਈ ਕਹਿਰੀਆਂ ਹੋ ਜਾਂਦੀਆਂ ਹਨ। ਪਰ ਫਿਰ ਵੀ ਜਦੋਂ ਅਜਿਹੀਆਂ ਔਰਤਾਂ ਲੋਕਾਂ ਦੀਆਂ ਕਹਿਰ ਭਰੀਆਂ ਨਜ਼ਰਾਂ ਤੋਂ ਬਚ ਕੇ ਆਪਣੇ ਨਿੱਤ ਦਿਨ ਦੇ ਕੰਮ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਸਾਡਾ ਸਮਾਜ ਬਹਾਦਰ ਔਰਤਾਂ ਕਹਿੰਦਾ ਹੈ। ਪਾਕਿਸਤਾਨੋਂ ਦੇਸ਼ ਦੀ ਵੰਡ ਵੇਲੇ ਇੱਧਰ ਆਏ ਇਕ ਪਰਿਵਾਰ ਦੀ ਨੂੰਹ ਸੀ ਬਲਬੀਰ ਕੌਰ, ਜਦੋਂ ਉਸ ਦਾ ਪਤੀ ਦੁਨੀਆ ਛੱਡ ਕੇ ਗਿਆ ਤਾਂ ਉਹ ਆਪਣੇ ਸਾਰੇ ਦਿਓਰ ਜੇਠਾਂ ਤੋਂ ਅਲੱਗ ਸੀ, ਬੱਚੇ ਵੀ ਪਾਲਣੇ ਸਨ ਤੇ ਹੋਰ ਵੀ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸਨ। ਸ਼ੁਤਰਾਣਾ ਦੇ ਨੇੜਲੇ ਇਕ ਡੇਰੇ ਵਿਚ ਰਹਿਣ ਵਾਲੀ ਬਲਬੀਰ ਕੌਰ ਨੂੰ ਪਟਵਾਰੀ ਤੱਕ ਜ਼ਮੀਨ ਦੀ ਵੰਡ, ਨਾਂ ਕਰਾਉਣ ਨੂੰ ਲੈ ਕੇ ਕੰਮ ਸੀ, ਕੁਝ ਕਾਗ਼ਜ਼ ਤ‌ਿਆਰ ਕਰ ਰਹੀ ਸੀ, ਜਿਸ ਲਈ ਜ਼ਮੀਨ ਦੀ ਫ਼ਰਦ ਤੇ ਹੋਰ ਕਾਗਜ਼ਾਤਾਂ ਦੀ ਲੋੜ ਸੀ, ਜਿਸ ਕਰਕੇ ਪਾਤੜਾਂ ਵਿਚ ਉਸ ਨੂੰ ਪਟਵਾਰੀ ਕੋਲ ਜਾਣਾ ਪੈਂਦਾ ਸੀ, ਪਟਵਾਰੀ ਉਸ ਦਾ ਕੰਮ ਕਰਨ ਤੋਂ ਉਸ ਨੂੰ ਟਾਲਦਾ ਰਹਿੰਦਾ। ਇਕ ਦਿਨ ਪਟਵਾਰੀ ਨੇ ਬਲਬੀਰ ਕੌਰ ਨਾਲ ਆਪਣੀ ਮਨਸਾ ਸਾਂਝੀ ਕੀਤੀ, ਪਟਵਾਰੀ ਦੇ ਮਨ ਵਿਚ ਗੰਦਗੀ ਆ ਗਈ ਸੀ। ਉਹ ਕਹਿੰਦਾ ‘‘ਮੈਂ ਤੇਰਾ ਕੰਮ ਕਰ ਦਿਆਂਗਾ ਪਰ ਤੂੰ ਮੇਰਾ ਕੰਮ ਕਰਦੇ, ਮੇਰੇ ਨਾਲ ਇਕ ਦਿਨ ਰਹਿ, ਮੇਰੀਆਂ ਲੋੜਾਂ ਪੂਰੀਆਂ ਕਰ, ਮੈਂ ਤੇਰਾ ਕੰਮ ਕਰ ਦਿਆਂਗਾ’’ ਬਲਬੀਰ ਕੌਰ ਸਮਝ ਗਈ ਸੀ, ਉਸ ਨੂੰ ਪਟਵਾਰੀ ਨਾਲ ਬੜੇ ਕੰਮ ਸਨ ਇਸ ਕਰਕੇ ਉਹ ਚਾਹੁੰਦੇ ਹੋਏ ਵੀ ਪਟਵਾਰੀ ਦੇ ਮੂੰਹ ਦੇ ਪੰਜ ਉਂਗਲਾਂ ਨਹੀਂ ਛਾਪ ਸਕੀ, ਉਹ ਦੰਦ ਪੀਹ ਕੇ ਰਹਿ ਗਈ। ਦਿਲ ਤਾਂ ਕਰਦਾ ਸੀ ਉਹ ਪਟਵਾਰੀ ਨੂੰ ਉਸ ਦੇ ਦਫ਼ਤਰ ਵਿਚ ਫੜ ਕੇ ਝੰਜੋੜ ਦੇਵੇ, ਤਕੜੀ ਸੀ, ਚੰਗੇ ਗੁੰਦਵੇਂ ਸਰੀਰ ਵਾਲੀ, ਜਵਾਨ, ਮਾੜਾ ਧੂੜਾ ਬੰਦਾ ਤਾਂ ਬਲਬੀਰ ਕੌਰ ਦੇ ਹੱਥ ਵਿਚੋਂ ਆਪਣੀ ਬਾਂਹ ਨਾ ਛੁਡਾ ਸਕਦਾ। ਰਫ਼ਿਊਜੀਆਂ ਦੀ ਨੂੰਹ ਧੀ ਸੀ, ਪਰ ਉਸ ਨੂੰ ਆਪਣੀ ਜ਼ਮੀਨ ਦੀ ਵੰਡ ਨੂੰ ਲੈ ਕੇ ਪਟਵਾਰੀ ਤੱਕ ਕਈ ਕੰਮ ਸਨ ਉਹ ਪਟਵਾਰੀ ਨੂੰ ਅਜੇ ਕੁਝ ਵੀ ਕਹਿਣ ਦੇ ਹੱਕ ਵਿਚ ਨਹੀਂ ਸੀ। ਜਦੋਂ ਵੀ ਉਹ ਪਟਵਾਰੀ ਕੋਲ ਜਾਂਦੀ, ਉਹ ਉਸ ਕੋਲ ਇੱਕੋ ਸਵਾਲ ਪਾਉਂਦਾ, ਹੁਣ ਤਾਂ ਖੁੱਲ੍ਹੇਆਮ ਹੀ ਕਹਿਣ ਲੱਗ ਪਿਆ ਸੀ। ‘ਇਕ ਦਿਨ ਮੇਰੇ ਨਾਲ ਰਹਿ’
ਪਰ ਬਲਬੀਰ ਕੌਰ ਹੁਣ ਕੀ ਕਰਦੀ, ਉਹ ਆਪਣੀ ਜ਼ਮੀਨ ਦੇ ਸਾਰੇ ਮਸਲੇ ਨਿਬੇੜਨਾ ਚਾਹੁੰਦੀ ਸੀ, ਉਹ ਚਾਹੁੰਦੀ ਸੀ ਕਿ ਉਸ ਦੀ ਜ਼ਮੀਨ ਦਾ ਝਮੇਲਾ ਉਸ ਦੇ ਬੱਚਿਆਂ ਨੂੰ ਕੋਈ ਮੁਸੀਬਤ ਵਿਚ ਨਾ ਪਾਵੇ। ਪਰ ਉਹ ਕੀ ਕਰਦੀ, ਪਟਵਾਰੀ ਦੀ ਕੀਮਤ ਹੀ ਵੱਡੀ ਸੀ, ਚਾਰ ਛਿੱਲੜ ਰਿਸ਼ਵਤ ਦੇ ਦੇਣ ਲਈ ਉਹ ਤਿਆਰ ਸੀ, ਪਰ ਪਟਵਾਰੀ ਤਾਂ ਉਸ ਦਾ ਸਰੀਰ ਮੰਗ ਰਿਹਾ ਸੀ, ਹਵਸ ਦਾ ਭੁੱਖਾ! ਬਲਬੀਰ ਕੌਰ ਉਲਝੀ ਹੋਈ ਸੀ, ਝਾੜ ਵਿਚ ਫਸੀ ਸ਼ੇਰਨੀ ਵਾਂਗ, ਉਹ ਬਹੁਤ ਜ਼ਿਆਦਾ ਅਸਮਜਸ ਵਿਚ ਸੀ। ਇਕ ਦਿਨ ਪਟਵਾਰੀ ਕੋਲ ਗਈ , ਪਟਵਾਰੀ ਦਫ਼ਤਰ ਵਿਚ ਇਕੱਲਾ ਹੀ ਸੀ, ਬਲਬੀਰ ਕੌਰ ਘਬਰਾਈ, ਪਰ ਫੇਰ ਵੀ ਉਸ ਨੇ ਬਲਬੀਰ ਕੌਰ ਦਾ ਹੱਥ ਫੜ ਪਿਆ ਤੇ ਕਿਹਾ ‘ਕਰ ਦੇ ਮੇਰਾ ਕੰਮ, ਚੱਲ ਚੱਲੀਏ ਪਟਿਆਲੇ, ਉੱਥੇ ਚੱਲਦੇ ਹਾਂ, ਕੀ ਫ਼ਰਕ ਪੈਣ ਲੱਗਾ,’ ਬਲਬੀਰ ਕੌਰ ਘਬਰਾ ਗਈ ਸੀ, ਪਰ ਅਡੋਲ ਰਹੀ, ਉਸ ਨੇ ਕਿਹਾ ‘ਮੇਰਾ ਕੰਮ ਤੇ ਕਰਦੇ ਨਾ, ਮੇਰੇ ਤੇ ਘਰ ਚ ਬੱਚੇ ਈ ਨਿਆਣੇ ਆਂ’ ਬਲਬੀਰ ਤਰਲੇ ਪਾ ਰਹੀ ਸੀ, ਪਰ ਪਟਵਾਰੀ ਜਮਾਂ ਵੀ ਨਹੀਂ ਘਬਰਾ ਰਿਹਾ ਸੀ, ਉਹ ਸ਼ੈਤਾਨ ਬਿਰਤੀ ਵਾਲਾ ਬਣ ਗਿਆ ਸੀ। ਪਰ ਬਲਬੀਰ ਕੌਰ ਉਸ ਦਿਨ ਉਸ ਵੱਲ ਹਾਂ ਪੱਖੀ ਇਸ਼ਾਰਾ ਕਰਕੇ ਵਾਪਸ ਆ ਗਈ ਸੀ, ਪਰ ਅੱਜ ਬਲਬੀਰ ਕੌਰ ਨੂੰ ਬਹੁਤ ਗ਼ੁੱਸਾ ਸੀ, ਉਹ ਆਪਣੇ ਆਪ ਦੇ ਗਿਲਾਨੀ ਕਰ ਰਹੀ ਸੀ, ਪਟਵਾਰੀ ਪ੍ਰਤੀ ਉਸ ਦੀ ਨਫ਼ਰਤ ਭਰ ਗਈ ਸੀ। ਬਲਬੀਰ ਕੌਰ ਦਾ ਸੰਪਰਕ ਭਾਊ ਭਾਈਚਾਰਾ ਦੇ ਪ੍ਰਧਾਨ ਭਾਊ ਬਲਵਿੰਦਰ ਸਿੰਘ ਸੈਫਦੀਪੁਰ ਨਾਲ ਹੋ ਗਿਆ। ਬਾਬਾ ਸੈਫਦੀਪੁਰ ਅਜਿਹੇ ਮੁੱਦਿਆਂ ਤੇ ਮੇਰੇ ਨਾਲ ਗੱਲ ਕਰ ਲੈਂਦਾ ਸੀ, ਉਹ ਬਲਬੀਰ ਕੌਰ ਨੂੰ ਨਾਲ ਲੈ ਕੇ ਮੇਰੇ ਬੰਗ ਮੀਡੀਆ ਵਾਲੇ ਦਫ਼ਤਰ ਵਿਚ ਆ ਗਿਆ, ਸਾਰੀ ਕਹਾਣੀ ਬਲਬੀਰ ਕੌਰ ਨੇ ਆਪਣੀ ਜ਼ੁਬਾਨੀ ਮੈਨੂੰ ਸੁਣਾਈ, ਬਲਵਿੰਦਰ ਸਿੰਘ ਸੈਫਦੀਪੁਰ ਨੂੰ ਏਨਾ ਗ਼ੁੱਸਾ ਸੀ ਕਿ ਉਹ ਆਪਣੇ ਸੁਭਾਅ ਅਨੁਸਾਰ ਪਟਵਾਰੀ ਦੀਆਂ ਟੰਗਾਂ ਤੋੜਨਾ ਚਾਹੁੰਦਾ ਸੀ, ਉਹ ਚਾਹੁੰਦਾ ਸੀ ਕਿ ਮੇਰੇ ਵੱਲੋਂ ਇਕ ਇਸ਼ਾਰਾ ਮਿਲ ਜਾਵੇ ਤੇ ਬੱਸ ਉਹ ਸਿੱਧਾ ਪਾਤੜਾਂ ਜਾਵੇ ਤੇ ਪਟਵਾਰੀ ਦੇ ਦਫ਼ਤਰ ਵਿਚ ਉਸ ਦੀਆਂ ਟੰਗਾਂ ਉਸ ਦੇ ਸਰੀਰ ਨਾਲੋਂ ਅੱਡ ਕਰ ਦੇਵੇ, ਪਰ ਮੈਂ ਉਸ ਨੂੰ ਸਮਝਾਇਆ। ਬਲਬੀਰ ਕੌਰ ਕਹਿੰਦੀ ਕਿ ‘ਮੈਨੂੰ ਉਹ ਹੁਣ ਕਈ ਕਈ ਵਾਰੀ ਫ਼ੋਨ ਕਰਦਾ ਹੈ’ ਮੈਂ ਕਿਹਾ ‘ਹੁਣ ਵੀ ਤੇਰਾ ਫ਼ੋਨ ਚੁੱਕ ਲਵੇਗਾ ਉਹ?’ ਤਾਂ ਉਸ ਨੇ ਇਸ ਪ੍ਰਤੀ ਕਿਹਾ ‘ਹਾਂ ਉਹ ਤਾਂ ਜ਼ਾਲਮ ਬਣਿਆ ਪਿਆ’ ਮੈਂ ਬਲਬੀਰ ਕੌਰ ਦੇ ਫ਼ੋਨ ਵਿਚੋਂ ਉਸ ਦਾ ‘ਸਿੰਮ’ ਕੱਢ ਕੇ ਮੇਰੇ ਵਾਲੇ ਫ਼ੋਨ ਵਿਚ ਪਾਇਆ ਕਿਉਂਕਿ ਉਸ ਦੇ ਮੋਬਾਇਲ ਵਿਚ ਕਾਲ ਰਿਕਾਰਡਿੰਗ ਨਹੀਂ ਹੁੰਦੀ ਸੀ। ਮੇਰੇ ਮੋਬਾਇਲ ਵਿਚ ਸਿੰਮ ਪਾਕੇ ਪਟਵਾਰੀ ਨੂੰ ਫ਼ੋਨ ਕੀਤਾ ਗਿਆ। ਫ਼ੋਨ ਤੇ ਹੋਈ ਸਾਰੀ ਗੱਲਬਾਤ ਰਿਕਾਰਡ ਹੋ ਗਈ ਸੀ। ਪਟਵਾਰੀ ਦੀ ਗੱਲਬਾਤ ਦੇ ਅੰਸ਼ ਇਸ ਤਰ੍ਹਾਂ ਦੇ ਸਨ ਕਿ ਉਹ ਬਲਬੀਰ ਕੌਰ ਦੇ ਜਿਸਮ ਦਾ ਭੁੱਖਾ ਸੀ ਉਸ ਵਿਚ ਇਕ ਬੜੀ ਹੀ ਅਹਿਮ ਗੱਲ ਇਹ ਸਾਹਮਣੇ ਆਈ ਕਿ ਉਸ ਨੇ ਕਿਹਾ ਕਿ ‘‘ਆਪਾਂ ਗੁਰਦੁਆਰਾ ਦੁੱਖ-ਨਿਵਾਰਨ ਸਾਹਿਬ ਜਾਵਾਂਗੇ, ਉੱਥੇ ਕਮਰਾ ਬੁੱਕ ਹੋ ਜਾਂਦਾ ਹੈ, ਉੱਥੇ ਹੀ ਆਪਾਂ ਇਕੱਠੇ ਰਹਾਂਗੇ’’ ਇਸ ਤੋਂ ਇਲਾਵਾ ਉਸ ਦੀ ਬਕਵਾਸ ਕਾਫ਼ੀ ਭਿਆਨਕ ਸੀ। ਸਾਰੀ ਗੱਲਬਾਤ ਹੋਈ, ਪਰ ਪਟਵਾਰੀ ਨੂੰ ਸ਼ਾਂਤੀ ਨਹੀਂ ਆ ਰਹੀ ਸੀ, ਉਸ ਨੇ ਫੇਰ ਫ਼ੋਨ ਕਰ ਲਿਆ, ਫੇਰ ਕਾਫ਼ੀ ਗੱਲਾਂ ਕੀਤੀਆਂ, ਪਟਵਾਰੀ ਨੂੰ ਇਹ ਪਤਾ ਨਹੀਂ ਸੀ ਕਿ ਉਹ ਜਾਲ ਵਿਚ ਫਸ ਚੁੱਕਿਆ ਹੈ, ਪਰ ਉਸ ਨੂੰ ਜਾਲ ਵਿਚ ਫਸਿਆ ਅਜੇ ਵੀ ਨਾ ਜਾਣੀਏ, ਪਰ ਮੈਂ ਇਸ ਸ‌ਟਿੰਗ ਨੂੰ ਇਕੱਲਾ ਨਹੀਂ ਕਰਨਾ ਚਾਹੁੰਦਾ ਸੀ, ਮੈਂ ਸੋਚਿਆ ਕਿ ਪਾਤੜਾਂ ਦੇ ਕਿਸੇ ਪੱਤਰਕਾਰ ਨੂੰ ਨਾਲ ਲੈ ਲਿਆ ਜਾਵੇ, ਪਰ ਵਿਸ਼ਵਾਸ ਕਰਨਾ ਮੁਸ਼ਕਲ ਸੀ। ਪਟਿਆਲਾ ਵਿਚ ਐਸਪੀ ਸਿਟੀ ਹੁੰਦੇ ਸਨ ਮਨਦੀਪ ਸਿੰਘ ਸਿੱਧੂ:
ਮਨਦੀਪ ਸਿੰਘ ਸਿੱਧੂ ਜੋ ਅੱਜ ਕੱਲ੍ਹ ਪੁਲੀਸ ਕਮਿਸ਼ਨਰ ਲੁਧਿਆਣਾ ਹਨ, ਮੇਰੀ ਉਨ੍ਹਾਂ ਨਾਲ ਚੰਗੀ ਬਣਦੀ ਸੀ, ਉਨ੍ਹਾਂ ਨਾਲ ਗੱਲ ਕੀਤੀ, ਉਨ੍ਹਾਂ ਨੇ ਸਾਰੀ ਰਿਕਾਰਡਿੰਗ ਸੁਣ ਕੇ ਡੀਐਸਪੀ ਪਾਤੜਾਂ ਸੁਖਦੇਵ ਸਿੰਘ ਵਿਰਕ ਦੀ ਡਿਊਟੀ ਲਗਾ ਦਿੱਤੀ,
ਡੀਐਸਪੀ ਸੁਖਦੇਵ ਸਿੰਘ ਵਿਰਕ ਨੇ ਸਾਰੀ ਰਿਕਾਰਡਿੰਗ ਸੁਣੀ ਤੇ ਕਿਹਾ ‘‘ਪਟਵਾਰੀ ਸਾਲਾ ਜਮਾਂ ਹੀ ਸ਼ਰਮ ਨਹੀਂ ਕਰ ਰਿਹਾ?’’ ਮੈਂ ਤੇ ਡੀਐਸਪੀ ਪਾਤੜਾਂ ਨੇ ਪੂਰਾ ਪ੍ਰੋਗਰਾਮ ਤਹਿ ਕਰ ਲਿਆ। ਡੀਐਸਪੀ ਵਿਰਕ ਨੇ ਪਾਤੜਾਂ ਥਾਣੇ ਦੇ ਐਸਐਚਓ ਜਸਵਿੰਦਰ ਸਿੰਘ ਟਿਵਾਣਾ ਜੋ ਅੱਜ ਕੱਲ੍ਹ ਡੀਐਸਪੀ ਪਟਿਆਲਾ ਹਨ,
ਜਸਵਿੰਦਰ ਸਿੰਘ ਟਿਵਾਣ ਦੀ ਡਿਊਟੀ ਵੀ ਨਾਲ ਲਗਾ ਦਿੱਤੀ ਗਈ, ਬਲਬੀਰ ਕੌਰ ਨੇ ਸਮਾਂ ਤਹਿ ਕਰ ਲਿਆ ਸੀ, ਪਾਤੜਾਂ ਵਿਚ ਅਸੀਂ ਪਹੁੰਚ ਗਏ ਸੀ, ਪਟਵਾਰੀ ਨੇ ਬਲਬੀਰ ਕੌਰ ਵੱਲੋਂ ਦਿੱਤੇ ਸਮੇਂ ਅਨੁਸਾਰ ਕਾਰ ਲੈ ਕੇ ਭਵਾਨੀਗੜ੍ਹ ਵੱਲ ਜਾਂਦੀ ਸੜਕ ਦੇ ਚੌਂਕ ਤੇ ਆਉਣਾ ਸੀ। ਮੈਂ ਤੇੜ ਚਾਦਰਾ ਪਾਇਆ ਹੋਇਆ ਸੀ ਤੇ ਪੂਰਾ ਡਰਾਮਾ ਕਰ ਲਿਆ ਸੀ ਜਿਵੇਂ ਕੋਈ ਝੱਲਾ ਜਿਹਾ ਵਿਅਕਤੀ ਹੁੰਦਾ ਹੈ, ਦੂਰ ਖੜੀ ਬਲਬੀਰ ਕੌਰ ਪਟਵਾਰੀ ਦਾ ਇੰਤਜ਼ਾਰ ਕਰ ਰਹੀ ਸੀ, ਪਰ ਪਟਵਾਰੀ ਨਹੀਂ ਆ ਰਿਹਾ ਸੀ, ਉੱਧਰ ਪੁਲੀਸ ਵੀ ਪੂਰੀ ਸ਼ਿਸਤ ਬੰਨ੍ਹ ਕੇ ਮੁਸਤੈਦੀ ਨਾਲ ਪਟਵਾਰੀ ਦਾ ਇੰਤਜ਼ਾਰ ਕਰ ਰਹੀ ਸੀ, ਪਟਵਾਰੀ ਨੂੰ ਬਲਬੀਰ ਕੌਰ ਫ਼ੋਨ ਕਰਦੀ ਤੇ ਬੁਲਾਉਂਦੀ ਪਰ ਪਟਵਾਰੀ ਕਹਿੰਦਾ ਥੋੜ੍ਹਾ ਕੰਮ ਬਾਕੀ ਹੈ ਮੈਂ ਆ ਰਿਹਾ ਹਾਂ। ਪੁਲੀਸ ਵੀ ਅੱਕ ਗਈ ਸੀ, ਕਰੀਬ ਦੋ ਘੰਟਿਆਂ ਦੀ ਉਡੀਕ ਤੋਂ ਬਾਅਦ ਪੁਲੀਸ ਨਾਲ ਗੱਲ ਹੋਈ, ਇਕ ਏਐਸਆਈ ਨੇ ਕਿਹਾ ਆਪਣੇ ਕੋਲ ਸਾਰੇ ਸਬੂਤ ਹਨ, ਤੇ ਆਪਾਂ ਪਟਵਾਰੀ ਨੂੰ ਉਸ ਦੇ ਦਫ਼ਤਰ ਵਿਚ ਹੀ ਫੜ ਸਕਦੇ ਹਾਂ, ਪਰ ਐਸਐੱਚਓ ਜਸਵਿੰਦਰ ਸਿੰਘ ਟਿਵਾਣਾ ਇਸ ਗੱਲ ਤੇ ਰਾਜ਼ੀ ਨਾ ਹੋਏ, ਫੇਰ ਇਹ ਤਹਿ ਹੋਇਆ ਕਿ ਬਲਬੀਰ ਕੌਰ ਨੂੰ ਉਸ ਦੇ ਦਫ਼ਤਰ ਵਿਚ ਭੇਜਿਆ ਜਾਵੇ। ਜੇਕਰ ਉਸ ਨੇ ਬਲਬੀਰ ਕੌਰ ਨਾਲ ਕੋਈ ਹਰਕਤ ਕੀਤੀ ਤਾਂ ਉਸ ਨੂੰ ਦਬੋਚ ਲਿਆ ਜਾਵੇ। ਪਟਵਾਰੀ ਨੂੰ ਸ਼ਾਇਦ ਕੁਦਰਤ ਬਚਾ ਰਹੀ ਸੀ ਜਾਂ ਸਾਡੀ ਸ਼ਿਸਤ ਸਹੀ ਨਹੀਂ ਸੀ ਪਰ ਪਟਵਾਰੀ ਹੁਣ ਤੱਕ ਨਹੀਂ ਆਇਆ। ਆਖ਼ਿਰ ਬਲਬੀਰ ਕੌਰ ਨੂੰ ਹੀ ਪਟਵਾਰੀ ਦੇ ਦਫ਼ਤਰ ਭੇਜਿਆ ਗਿਆ।
ਪੁਲੀਸ, ਮੈਂ ਤੇ ਕੈਮਰੇ ਵਾਲਾ ਸਾਡਾ ਸਾਥੀ ਉਸ ਤੋਂ ਕੁਝ ਕਦਮਾਂ ਦੀ ਦੂਰੀ ਤੇ ਸਾਂ। ਪਟਵਾਰੀ ਦੀ ਕਿਸਮਤ ਐਨਾ ਸਾਥ ਨਹੀਂ ਦੇ ਸਕਦੀ ਸੀ ਜਿੰਨਾ ਉਸ ਨੂੰ ਸਾਥ ਦਿੱਤਾ ਗਿਆ ਸੀ, ਬਲਬੀਰ ਕੌਰ ਪਟਵਾਰੀ ਦੇ ਦਫ਼ਤਰ ਅੰਦਰ ਗਈ, ਪਟਵਾਰੀ ਦਫ਼ਤਰ ਵਿਚ ਇਕੱਲਾ ਹੀ ਕੰਮ ਕਰ ਰਿਹਾ ਸੀ। ਜਦੋਂ ਹੀ ਬਲਬੀਰ ਕੌਰ ਅੰਦਰ ਗਈ ਤਾਂ ਪਟਵਾਰੀ ਨੇ ਕੁਝ ਇੱਧਰ ਉੱਧਰ ਦੇਖਿਆ ਕਿ ਬਲਬੀਰ ਕੌਰ ਦੇ ਸਲਵਾਰ ਦੇ ਨਾੜੇ ਨੂੰ ਹੱਥ ਪਾ ਲਿਆ, ਬਲਬੀਰ ਕੌਰ ਨੇ ਵੀ ਕੋਈ ਹੁੱਜਤ ਨਾ ਕੀਤੀ। ਪਰ ਉਸ ਨੇ ਉੱਚੀ ਦੇ ਕੇ ਕਿਹਾ ‘ਇੱਥੇ ਨਾ ਕਰੋ’.. ਇਹ ਬਲਬੀਰ ਕੌਰ ਵੱਲੋਂ ਪੁਲੀਸ ਨੂੰ ਤੇ ਕੈਮਰੇ ਵਾਲੀ ਨੂੰ ਦਿੱਤਾ ਸਿਗਨਲ ਸੀ। ਨਾਲ ਹੀ ਕੈਮਰੇ ਵਾਲਾ ਕੈਮਰਾ ਚਲਾਉਂਦਾ ਹੋਇਆ ਅੰਦਰ ਦਾਖਲ ਹੋਇਆ, ਕੈਮਰੇ ਵਿਚ ਬਲਬੀਰ ਕੋਲ ਨਾਲ ਪਟਵਾਰੀ ਵੱਲੋਂ ਕੀਤੀ ਜਾ ਰਹੀ ਹਰਕਤ ਕੈਦ ਹੋ ਗਈ ਸੀ। ਉਹ ਉਸ ਨਾਲ ਲਿਪਟ ਰਿਹਾ ਸੀ, ਪਟਵਾਰੀ ਦੀ ਕਿਸਮਤ ਉਸ ਤੋਂ ਦੂਰ ਚਲੀ ਗਈ ਸੀ, ਪਿੱਛੋਂ ਪੁਲੀਸ ਨੇ ਵੀ ਦਬਿੱਸ਼ ਦਿੱਤੀ, ਤੇ ਪਟਵਾਰੀ ਨੂੰ ਗਲ਼ਾਵੇਂ ਤੋਂ ਫੜ ਲਿਆ। ਰੌਲਾ ਪੈ ਗਿਆ ਸੀ। ਉਹ ਸਮਾਂ ਪਟਵਾਰੀ ਲਈ ਬੜਾ ਹੀ ਖ਼ਤਰਨਾਕ ਸੀ। ਪਟਵਾਰੀ ਨੂੰ ਪਾਤੜਾਂ ਦੇ ਥਾਣੇ ਵਿਚ ਲਿਆਂਦਾ ਗਿਆ।
ਪਤਾ ਨਹੀਂ ਪੱਤਰਕਾਰ ਭਾਈਚਾਰੇ ਨੂੰ ਕਿੱਥੋਂ ਭਿਣਕ ਪੈ ਗਈ ਝੱਟ ਪੱਟ ਥਾਣੇ ਵਿਚ ਆ ਗਏ, ਪੱਤਰਕਾਰ ਭਾਈਚਾਰਾ ਪਟਵਾਰੀ ਦੇ ਪੱਖ ਵਿਚ ਸ਼ਰੇਆਮ ਖੜ ਗਿਆ ਸੀ, ਇੰਸਪੈਕਟਰ ਜਸਵਿੰਦਰ ਸਿੰਘ ‌ਟਿਵਾਣਾ ਨੇ ਪੱਤਰਕਾਰ ਭਾਈਚਾਰੇ ਨੂੰ ਰਿਕਾਰਡਿੰਗ ਸੁਣਾਈ ਪਰ ਪੱਤਰਕਾਰ ਭਾਈਚਾਰਾ ਪਟਵਾਰੀ ਨਾਲ ਖੜ੍ਹਾ ਨਜ਼ਰ ਆਇਆ, ਪੱਤਰਕਾਰਾਂ ਨੇ ਪੂਰਾ ਜ਼ੋਰ ਲਗਾ ਰੱਖਿਆ ਸੀ ‘ਇਹ ਗੁਰਨਾਮ ਅਕੀਦਾ ਸਾਡੇ ਇਲਾਕੇ ਵਿਚ ਪੱਤਰਕਾਰੀ ਕਿਵੇਂ ਕਰ ਸਕਦਾ ਹੈ?, ਇਸ ਦੇ ਖ਼ਿਲਾਫ਼ ਕੇਸ ਦਰਜ ਕਰੋ, ਇਹ ਇੱਥੋਂ ਬਚ ਕੇ ਨਾ ਜਾਵੇ, ਸਾਡਾ ਇਲਾਕਾ ਹੈ ਪਾਤੜਾਂ, ਸਾਡੇ ਪਟਵਾਰੀ ਦੇ ਖ਼ਿਲਾਫ਼ ਸਟਿੰਗ ਅਪਰੇਸ਼ਨ ਕਰਨ ਵਾਲਾ ਇਹ ਕੌਣ ਹੁੰਦਾ ਹੈ?’ ਭਾਵ ਕਿ ਪੱਤਰਕਾਰ ਭਾਈਚਾਰਾ (ਸਾਰੇ ਨਹੀਂ) ਮੇਰੇ ਖ਼ਿਲਾਫ਼ ਡਟ ਕੇ ਖੜ ਗਿਆ ਸੀ। ਇੰਸਪੈਕਟਰ ਟਿਵਾਣਾ ਨੇ ਮੈਨੂੰ ਕਿਹਾ ‘ਅਕੀਦਾ ਸਾਹਿਬ ਤੁਸੀਂ ਹੁਣ ਇੱਥੋਂ ਜਾਓ, ਬਾਕੀ ਕੰਮ ਹੁਣ ਸਾਡਾ ਹੈ’ ਮੈਂ ਟਿਵਾਣਾ ਸਾਹਿਬ ਦਾ ਇਸ਼ਾਰਾ ਸਮਝ ਗਿਆ ਸੀ। ਮੈਂ ਅੱਖ ਬਚਾ ਕੇ ਉੱਥੋਂ ਨਿਕਲ ਗਿਆ ਤੇ ਪਟਿਆਲਾ ਵੱਲ ਰਵਾਨਾ ਹੋ ਗਿਆ। ਰਸਤੇ ਵਿਚ ਮੈਂ ਸਾਡੇ ਦੇਸ਼ ਸੇਵਕ ਦੇ ਸੰਪਾਦਕ ਸ਼ਮੀਲ ਨੂੰ ਫ਼ੋਨ ਕੀਤਾ ਮੈਂ ਕਿਹਾ ‘ਸਟਿੰਗ ਅਪਰੇਸ਼ਨ ਕੀਤਾ ਹੈ ਜੀ, ਪਟਵਾਰੀ ਫੜਿਆ ਹੈ...’ ਸਾਰੀ ਕਹਾਣੀ ਸ਼ਮੀਲ ਨੂੰ ਸੁਣਾ ਦਿੱਤੀ, ਉਸ ਨੇ ਕਿਹਾ ‘ਸਾਰਾ ਸ‌ਟਿੰਗ ਅਪਰੇਸ਼ਨ ਹੂਬਹੂ ਭੇਜ ਦਿਓ’ ਸਮਾਣਾ ਲੰਘੇ ਸੀ ਕਿ ਪਾਤੜਾਂ ਤੋਂ ਪੱਤਰਕਾਰਾਂ ਦੇ ਫ਼ੋਨ ਆਉਣ ਲੱਗ ਪਏ, ਜੋ ਪੱਤਰਕਾਰ ਮੈਨੂੰ ਆਪਣੇ ਇਲਾਕੇ ਦੀਆਂ ਦੁਹਾਈਆਂ ਦੇ ਰਹੇ ਸਨ ਉਹ ਪੱਤਰਕਾਰ ਹੁਣ ਕਹਿ ਰਹੇ ਸਨ ਕਿ ‘ਕਿਸੇ ਤਰੀਕੇ ਨਾਲ ਇਹ ਸ‌ਟਿੰਗ ਅਪਰੇਸ਼ਨ ਅਖ਼ਬਾਰ ਵਿਚ ਨਾ ਛਾਪਿਆ ਜਾਵੇ’ ਮੈਂ ਕਹਿ ਰਿਹਾ ਸੀ ‘ਮੈਂ ਅਖ਼ਬਾਰ ਲਈ ਇਹ ਕੀਤਾ ਹੈ ਤੇ ਅਖ਼ਬਾਰ ਵਿਚ ਤਾਂ ਛਪੇਗਾ ਹੀ’ ਪਰ ਪੱਤਰਕਾਰ ਭਾਈਚਾਰੇ ਦੇ ਕੁਝ ਲੋਕ ਪੂਰਾ ਜ਼ੋਰ ਲਗਾ ਰਹੇ ਸਨ ਕਿ ‘ਦੱਸੋ ਜੋ ਕੁਝ ਵੀ ਲੈਣਾ ਹੈ, ਅਸੀਂ ਦੇਣ ਲਈ ਤਿਆਰ ਹਾਂ, ਪਟਵਾਰੀ ਦੇਣ ਲਈ ਤਿਆਰ ਹੈ, ਪਟਵਾਰੀ ਦਾ ਸਾਰਾ ਜ਼ਿੰਮਾ ਸਾਡਾ, ਪਰ ਤੁਸੀਂ ਇਹ ਅਖ਼ਬਾਰ ਵਿਚ ਨਾ ਛਾਪਣਾ’ ਮੈਂ ਕੁਝ ਪੱਤਰਕਾਰਾਂ ਦੀ ਗਿਰੀ ਹੋਈ ਮਾਨਸਿਕਤਾ ਤੋਂ ਦੰਗ ਰਹਿ ਗਿਆ ਸੀ। ਪੱਤਰਕਾਰਾਂ ਦਾ ਕੰਮ ਪੱਤਰਕਾਰੀ ਕਰਨਾ ਹੁੰਦਾ ਹੈ ਦਲਾਲੀ ਕਰਨਾ ਨਹੀਂ, ਇਹ ਜਮਾਂ ਹੀ ਦਲਾਲ ਬਣ ਗਏ ਸਨ। ਪਰ ਮੈਂ ਇਹ ਸਮਝਦਾ ਸੀ ਕਿ ਛੋਟੇ ਸਟੇਸ਼ਨਾਂ ਤੇ ਪੱਤਰਕਾਰਾਂ ਦਾ ਬਹੁਤਾ ਕਸੂਰ ਨਹੀਂ ਹੁੰਦਾ, ਉਨ੍ਹਾਂ ਦੇ ਨਿੱਕੇ ਮੋਟੇ ਲਾਲਚ ਹੁੰਦੇ ਹਨ। ਉਹ ਵਿਚਾਰੇ ਕੀ ਕਰ ਸਕਦੇ ਹਨ। ਜਿਨ੍ਹਾਂ ਨੂੰ ਇਹ ਪਤਾ ਨਹੀਂ ਕਿ ਪੱਤਰਕਾਰ ਦਾ ਕੋਈ ਇਲਾਕਾ ਨਹੀਂ ਹੁੰਦਾ, ਉਹ ਗੱਲ ਵੱਖ ਹੈ ਕਿ ਅਖ਼ਬਾਰ ਪੱਤਰਕਾਰ ਨਾਲ ਕਿੱਥੇ ਤੱਕ ਖੜਦਾ ਹੈ।
ਮੈਂ ਉਹ ਸਟਿੰਗ ਅਪਰੇਸ਼ਨ ਦੇਸ਼ ਸੇਵਕ ਵਿਚ ਭੇਜਿਆ ਤਾਂ ਸ਼ਮੀਲ ਨੇ ਉਹ ਸਟਿੰਗ ਅਪਰੇਸ਼ਨ ਦੇਸ਼ ਸੇਵਕ ਤੇ ਫ਼ਰੰਟ ਪੇਜ ਤੇ ਛਾ‌ਪਿਆ। ਤੇ ਨਾਲ ਹੀ ਪੁਲੀਸ ਅਫ਼ਸਰਾਂ ਮਨਦੀਪ ਸਿੰਘ ਸਿੱਧ, ਸੁਖਦੇਵ ਸਿੰਘ ਵਿਰਕ ਤੇ ਜਸਵਿੰਦਰ ਸਿੰਘ ਟਿਵਾਣਾ ਦਾ ਧੰਨਵਾਦ ਵੀ ਕੀਤਾ। ਬਾਅਦ ਵਿਚ ਬਲਬੀਰ ਕੌਰ ਤੇ ਸਾਰੇ ਕੰਮ ਹੋਏ ਤੇ ਪਟਵਾਰੀ ਮੁਅੱਤਲ ਹੋਇਆ। (ਮੇਰੀ ਪੱਤਰਕਾਰਤਾ ਦੀ ਜ਼ਿੰਦਗੀ ਬਾਰੇ ਛਪ ਰਹੀ ਕਿਤਾਬ ਵਿਚੋਂ..) 8146001100