Saturday, September 14, 2019

ਹਿੰਦੀ ਦਿਵਸ ਵਿਚ ਪੰਜਾਬੀ ਨੂੰ ਤਾਹਨੇ.. ਭੜਕੇ ਪੰਜਾਬੀ ਲੇਖਕ

ਪੰਜਾਬੀ ਨੂੰ ਦਰਕਿਨਾਰ ਕਰਨ ਦੀਆਂ ਚਾਲਾਂ ਚੱਲ ਰਹੇ ਹਨ ਆਰਐਸਐਸ ਦੀ ਸੋਚ ਦੇ ਲੇਖਕ : ਡਾ. ਤੇਜਵੰਤ ਮਾਨ

ਗੁਰਨਾਮ ਸਿੰਘ ਅਕੀਦਾ
13 ਸਤੰਬਰ 2019 ਨੂੰ ਪਟਿਆਲਾ ਦੇ ਭਾਸ਼ਾ ਵਿਭਾਗ ਵਿਚ ਮਨਾਏ ਗਏ ਹਿੰਦੀ ਦਿਵਸ ਵਿਚ ਹਿੰਦੀ ਵਿਦਵਾਨਾਂ ਨੇ ਪੰਜਾਬੀ ਨੂੰ ਤਾਹਨੇ ਮਾਰਨੇ ਸ਼ੁਰੂ ਕੀਤੇ ਤਾਂ ਪੰਜਾਬੀ ਲੇਖਕ ਭੜਕ ਪਏ। ਹਾਲਾਂ ਕਿ ਹਿੰਦੀ ਦੇ ਵਿਦਵਾਨਾਂ ਨੇ ਬਾਅਦ ਵਿਚ ਇਹ ਕਹਿ ਕੇ ਗੱਲ ਮੁਕਾਉਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬੀ ਦੇ ਹਿੰਦੀ ਦੋਵੇਂ ਭਾਸ਼ਾਵਾਂ ਸਤਿਕਾਰਯੋਗ ਹਨ ਤੇ ਦੋਵਾਂ ਭਾਸ਼ਾਵਾਂ ਇਕ ਦੂਜੀ ਨਾਲ ਇੱਕ-ਮਿੱਕ ਹੋਕੇ ਸੰਪਰਕ ਦਾ ਕੰਮ ਕਰਦੀਆਂ ਹਨ। ਪਰ ਇਹ ਮਾਮਲਾ ਪੰਜਾਬੀ ਲੇਖਕਾਂ ਵਿੱਚ ਹਾਲੇ ਵੀ ਸੁਲਗ ਰਿਹਾ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਿੰਦੀ ਵਿਦਵਾਨ ਡਾ. ਹੁਕਮ ਚੰਦ ਰਾਜਪਾਲ ਦੀ ਪ੍ਰਧਾਨਗੀ ਵਿਚ ਮਨਾਏ ਜਾ ਰਹੇ ਹਿੰਦੀ ਦਿਵਸ ਵਿੱਚ ਉੱਘੇ ਵਿਦਵਾਨ ਡਾ. ਰਤਨ ਸਿੰਘ ਜੱਗੀ ਮੁੱਖ ਮਹਿਮਾਨ ਸੀ ਤੇ ਡਾ. ਦਰਸ਼ਨ ਸਿੰਘ ਆਸਟ, ਡਾ. ਮਨਮੋਹਨ ਸਹਿਗਲ, ਡਾ. ਤੇਜਵੰਤ ਮਾਨ ਤੋਂ ਇਲਾਵਾ ਹੋਰ ਵੀ ਕਈ ਸਾਰੇ ਪੰਜਾਬੀ ਤੇ ਹਿੰਦੀ ਦੇ ਵਿਦਵਾਨ ਮੌਜੂਦ ਸਨ,ਇਸ  ਮੌਕੇ ਪ੍ਰਿੰਸੀਪਲ ਡਾ. ਮੰਜੂ ਵਾਲੀਆ ਵਾਲੀਆ ਨੇ ਹਿੰਦੀ ਬਾਰੇ ਆਪਣਾ ਪਰਚਾ ਪੇਸ਼ ਕੀਤਾ ਜਿਸ ਵਿੱਚ ਕੁਝ ਭਗਤੀ ਯੁੱਗ ਦੀ ਗੱਲ ਵੀ ਕੀਤੀ ਗਈ, ਇਸ ਮੌਕੇ ਆਪਣੀ ਕਵਿਤਾ ਬੋਲਦਿਆਂ ਸਰਦਾਰ ਪੰਛੀ ਨੇ ਕਿਹਾ ‘ਬੰਗਾਲੀ ਮੇ ਪਿਆਰ ਕਰੇਂਗੇ, ਪੰਜਾਬੀ ਮੇਂ ਲੜਾਈ ਕਰੇਂਗੇ’ ਆਦਿ ਇਸ ਕਵਿਤਾ ਵਿੱਚ ਦੇਵਨਾਗਰੀ ਬਾਰੇ ਵੀ ਬੋਲਿਆ, ਹੋਰ ਵਿਦਵਾਨਾਂ ਨੇ ਵੀ ਪੰਜਾਬੀ ਤੇ ਹਿੰਦੀ ਦੀ ਤੁਲਨਾ ਕੀਤੀ, ਉਸ ਤੋਂ ਬਾਅਦ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਕਿਹਾ ਕਿ ਹਿੰਦੀ ਨੂੰ ਲੋਕ ਸੰਪਰਕ ਭਾਸ਼ਾ
ਬਣਾਉਣੀ ਚਾਹੀਦੀ ਹੈ, ਜੇਕਰ ਪੰਜਾਬ ਵਿਚ ਕੋਈ ਹਿੰਦੀ ਲੇਖਕ ਹਿੰਦੀ ਵਿਚ ਸਾਹਿਤ ਲਿਖਦਾ ਹੈ ਤਾਂ ਉਸ ਨੂੰ ਆਪਣੇ ਹਿੰਦੀ ਸਾਹਿਤ ਵਿਚ ਪੰਜਾਬੀ ਰੰਗਤ ਦੇਣੀ ਚਾਹੀਦੀ ਹੈ ਜੇਕਰ ਕੋਈ ਪੰਜਾਬੀ ਲੇਖਕ ਪੰਜਾਬ ਤੋਂ ਬਾਹਰ ਪੰਜਾਬੀ ਸਾਹਿਤ ਲਿਖਦਾ ਹੈ ਤਾਂ ਉਸ ਨੂੰ ਹਿੰਦੀ ਰੰਗਤ ਵਿਚ ਪੰਜਾਬੀ ਸਾਹਿਤ ਲਿਖਣਾ ਚਾਹੀਦਾ ਹੈ, ਹਿੰਦੀ ਤੇ ਪੰਜਾਬੀ ਦੀ ਤੁਲਨਾਤਮਿਕ ਗੱਲ ਕਰਨੀ ਗ਼ਲਤ ਹੈ। ਪੰਜਾਬੀ ਵਾਂਗ 23 ਭਾਸ਼ਾਵਾਂ ਭਾਰਤ ਦੀਆਂ ਰਾਸ਼ਟਰੀ ਭਾਸ਼ਾਵਾਂ ਹਨ। ਇਸ ਬਾਰੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਡਾ. ਤੇਜਵੰਤ  ਮਾਨ ਨੇ ਕਿਹਾ ਕਿ ਜਦੋਂ ਮੈਂ ਬੋਲ ਰਿਹਾ ਸੀ ਤਾਂ ਚੰਡੀਗੜ੍ਹ ਤੋਂ ਆਏ ਹਿੰਦੀ ਵਿਦਵਾਨਾਂ ਨੇ ਡਾ. ਰਾਜਪਾਲ ਨੂੰ ਭੜਕਾ ਦਿੱਤਾ ਕਿ ਤੇਰੀ ਪ੍ਰਧਾਨਗੀ ਵਿਚ ਚੱਲ ਰਹੇ ਸਮਾਗਮ ਵਿਚ ਡਾ. ਤੇਜਵੰਤ ਮਾਨ ਕਿਵੇਂ ਬੋਲ ਰਿਹਾ ਹੈ ਤੇ ਡਾ.ਰਾਜਪਾਲ ਨੇ ਫੇਰ ਮੈਨੂੰ ਹਿੰਦੀ ਵਿਰੋਧੀ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਡਾ. ਰਾਜਪਾਲ ਨੇ ਮੈਨੂੰ ਧਮਕੀ ਦਿੱਤੀ ਤੇ ਕਿਹਾ ‘ਤੁਸੀਂ ਦੋ ਸਾਲ ਠਹਿਰੋ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਹਿੰਦੀ ਕਿਸ ਦੀ ਭਾਸ਼ਾ ਹੈ’ ਡਾ. ਮਾਨ ਨੇ ਕਿਹਾ ਕਿ ਜਦੋਂ ਮੈਨੂੰ ਧਮਕੀ ਦਿੱਤੀ ਗਈ ਤਾਂ ਮੈਂ ਕਿਹਾ ਤੁਸੀਂ ਖੇਤਰੀ ਭਾਸ਼ਾਵਾਂ ਨੂੰ ਕਿਉਂ ਖ਼ਤਮ ਕਰਨਾ ਚਾਹੁੰਦੇ ਹੋ, ਪੰਜਾਬੀ ਰਾਸ਼ਟਰੀ ਭਾਸ਼ਾ ਹੈ ਤੇ ਹਿੰਦੀ ਸੰਪਰਕ ਭਾਸ਼ਾ ਹੈ ਤੇ ਕਈ ਸਾਰੇ ਸੂਬਿਆਂ ਵਿਚ ਦਫ਼ਤਰੀ ਭਾਸ਼ਾ ਵੀ ਹੈ ਪਰ ਪੰਜਾਬ ਵਿਚ ਹਿੰਦੀ ਦਫ਼ਤਰੀ ਭਾਸ਼ਾ ਨਹੀਂ ਹੈ, ਇਸ ਕਰਕੇ ਪੰਜਾਬ ਵਿਚ ਪੰਜਾਬੀ ਵਿਰੋਧੀ ਗੱਲ ਕਰਨੀ ਹੀ ਗ਼ਲਤ ਹੈ ਤੇ ਬਰਦਾਸ਼ਤ ਵੀ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਆਰਐਸਐਸ ਦੀਆਂ ਸ਼ਾਤਰ ਚਾਲਾਂ ਤੋਂ ਅਸੀਂ ਭਲੀਭਾਂਤ ਵਾਕਫ਼ ਹਾਂ, ਸਾਨੂੰ ਪਤਾ ਹੈ ਕਿ ਆਰਐਸਐਸ ਸੂਬ‌ਿਆਂ ਵਿਚ ਹਿੰਦੀ ਦਾ ਰਾਜ ਸਥਾਪਤ ਕਰਨਾ ਚਾਹੁੰਦੀ ਹੈ ਉਹ ਅਸੀਂ ਨਹੀਂ ਹੋਣ ਦਿਆਂਗੇ। ਜੋ ਆਰਐਸਐਸ ਦੀ ਮਨਸਾ ਹੈ ਕਿ ਹਿੰਦੀ, ਹਿੰਦੂ, ਹਿੰਦੁਸਤਾਨ ਲਾਗੂ ਕਰਾਂਗੇ ਤਾਂ ਇਹ ਕਿਵੇਂ ਹੋਣ ਦਿੱਤਾ ਜਾ ਸਕਦਾ ਹੈ। ਹਿੰਦੀ ਦੀ ਲੜਾਈ ਅੰਗਰੇਜ਼ੀ ਭਾਸ਼ਾ ਨਾਲ  ਹੈ ਉਹ ਅੰਗਰੇਜ਼ੀ ਨਾਲ ਲੜਨ ਨਾ ਕਿ ਖੇਤਰੀ ਭਾਸ਼ਾਵਾਂ ਦੇ ਵਿਰੋਧ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਣ।

ਡਾ. ਤੇਜਵੰਤ ਮਾਨ ਨੇ ਨਹੀਂ ਲਿਆ ਸਨਮਾਨ
ਸਟੇਜ ਤੋਂ ਕਾਫ਼ੀ ਬੋਲ ਕੁਬੋਲ ਹੋਣ ਤੋਂ ਬਾਅਦ ਡਾ. ਤੇਜਵੰਤ ਮਾਨ ਸਰੋਤਿਆਂ ਵਿਚ ਜਾ ਕੇ ਬੈਠ ਗਏ ਜਦੋਂ ਉਨ੍ਹਾਂ ਨੂੰ ਸਨਮਾਨ ਦੇਣ ਲਈ ਬੁਲਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਮੈਨੂੰ ਹਿੰਦੀ ਵਿਰੋਧੀ ਗਰਦਾਨ ਰਹੇ ਹੋ ਤਾਂ ਫਿਰ ਮੈਂ ਤੁਹਾਡੇ ਵੱਲੋਂ ਦਿੱਤਾ ਗਿਆ ਸਨਮਾਨ ਕਿਵੇਂ ਹਾਸਲ ਕਰ ਸਕਦਾ ਹਾਂ। ਉਨ੍ਹਾਂ ਸਨਮਾਨ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਪੰਜਾਬੀ ਬਚਾਓ ਕਨਵੈੱਨਸ਼ਨ ਕਰਾਵਾਂਗੇ : ਡਾ. ਤੇਜਵੰਤ ਮਾਨ
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਕਿਹਾ ਹੈ ਕਿ ਅਸੀਂ ਸਭਾ ਵੱਲੋਂ ਪੰਜਾਬੀ ਬਚਾਓ ਕਨਵੈਂਸਨ ਕਰਵਾ ਰਹੇ ਹਾਂ। ਜੋ ਪਟਿਆਲਾ ਤੇ ਪੰਜਾਬ ਦੇ ਹੋਰ ਖੇਤਰਾਂ ਵਿਚ ਵੀ ਕਰਾਈ ਜਾਵੇਗੀ।


ਮੈਂ ਪੰਜਾਬੀ ਵਿਰੋਧੀ ਕੋਈ ਗੱਲ ਨਹੀਂ ਆਖੀ : ਡਾ. ਹੁਕਮ ਚੰਦ ਰਾਜਪਾਲ
ਹਿੰਦੀ ਵਿਦਵਾਨ ਡਾ. ਹੁਕਮ ਚੰਦ ਰਾਜਪਾਲ ਨੇ ਕਿਹਾ ਹੈ ਕਿ ਹਿੰਦੀ ਦਿਵਸ ਦਾ ਸਾਰਾ ਸਮਾਗਮ ਬੜੇ ਹੀ ਸਾਦੇ ਢੰਗ ਨਾਲ ਪੂਰਾ ਹੋਇਆ, ਕੁਝ ਵਿਦਵਾਨਾਂ ਨੇ ਕੁਝ ਭਾਸ਼ਾਵਾਂ ਬਾਰੇ ‌ਟਿੱਪਣੀਆਂ ਕੀਤੀਆਂ ਸਨ ਤਾਂ ਮੈਂ ਵੀ ਉਸ ਬਾਰੇ ਕਹਿ ਦਿੱਤਾ ਸੀ ਕਿ ਹਿੰਦੀ ਤੇ ਪੰਜਾਬੀ ਦੋਵੇਂ ਸਤਿਕਾਰਯੋਗ ਭਾਸ਼ਾਵਾਂ ਹਨ। ਦੋਵੇਂ ਭਾਸ਼ਾਵਾਂ ਇਕ ਦੂਜੀ ਦੀਆਂ ਪੂਰਕ ਹਨ। ਉਨ੍ਹਾਂ ਕਿਹਾ ਕਿ ਮੈਂ ਡਾ. ਤੇਜਵੰਤ ਮਾਨ ਨੂੰ ਕੋਈ ਧਮਕੀ ਨਹੀਂ ਦਿੱਤੀ। ਇਹ ਦੋਸ਼ ਮੇਰੇ ਤੇ ਗ਼ਲਤ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਨੂੰ ਤੂਲ ਨਹੀਂ ਦੇਣੀ ਚਾਹੀਦੀ। 

ਪੰਜਾਬੀ ਭਾਸ਼ਾ ਨੂੰ ਇਕ ਭਾਵ ਵਿੱਚ ਲੈਣਾ ਸਰਾਸਰ ਗ਼ਲਤ : ਡਾ. ਸੁਰਜੀਤ ਸਿੰਘ ਤੇ ਰਵਿੰਦਰ ਭੱਠਲ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਰਵਿੰਦਰ ਭੱਠਲ ਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਹੈ ਕਿ ਪੰਜਾਬੀ ਨੂੰ ਇਕ ਭਾਵ ਵਿਚ ਲੈਣਾ ਗ਼ਲਤ ਹੈ ਜਿਵੇਂ ਕਿਹਾ ਗਿਆ ਹੈ ਕਿ ਪੰਜਾਬੀ ਲੜਾਕੇ ਹੁੰਦੇ ਹਨ, ਪੰਜਾਬੀ ਇਹ ਨਹੀਂ ਕਰ ਸਕਦੇ, ਪੰਜਾਬੀ ਉਹ ਨਹੀਂ ਕਰ ਸਕਦੇ, ਜਦ ਕਿ ਪੰਜਾਬੀ ਹਰ ਉਹ ਕੁਝ ਕਰ ਸਕਦੇ ਹਨ ਜੋ ਹੋਰ ਭਾਸ਼ਾਵਾਂ ਵਾਲੇ ਕਰਦੇ ਹਨ। ਉਨ੍ਹਾਂ ਕਿਹਾ ਕਿ ਹਿੰਦੀ ਦਿਵਸ ਮਨਾਓ ਭਾਵੇਂ ਕੋਈ ਭਾਸ਼ਾ ਦਾ ਦਿਵਸ ਵੀ ਮਨਾਓ, ਹਿੰਦੀ ਦਿਵਸ ਮੌਕੇ ਹਿੰਦੀ ਵਿਦਵਾਨਾਂ ਨੂੰ ਹਿੰਦੀ ਦੀਆਂ ਉਪਲਬਧੀਆਂ ਦੀ ਗੱਲ ਕਰਨੀ ਚਾਹੀਦੀ ਹੈ, ਉਹ ਆਪਣੀ ਭਾਸ਼ਾ ਬਾਰੇ ਗੱਲ ਕਰਨ ਨਾ ਕੇ ਦੂਜੀਆਂ ਭਾਸ਼ਾਵਾਂ ਨਾਲ ਕਿਸੇ ਖੇਤਰੀ ਭਾਸ਼ਾ ਨੂੰ ਜੋੜ ਕੇ ਉਸ ਦਾ ਅਪਮਾਨ ਕਰਨ। ਡਾ. ਸੁਰਜੀਤ ਨੇ ਕਿਹਾ ਕਿ ਹਰ ਇਕ ਭਾਸ਼ਾ ਦਾ ਆਪਣਾ ਸਤਿਕਾਰ ਹੈ ਤੇ ਪੰਜਾਬੀ ਦਾ ਸਾਡੇ ਅੰਦਰ ਵਿਸ਼ੇਸ਼ ਸਤਿਕਾਰ ਹੈ, ਇਸ ਕਰਕੇ ਪੰਜਾਬੀ ਵਿਰੋਧੀ ਕੋਈ ਵੀ ਕਾਰਵਾਈ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। 

ਭਾਸ਼ਾ ਵਿਭਾਗ ਪੰਜਾਬੀ ਭਾਸ਼ਾ ਦਾ ਵਿਕਾਸ ਕਰਨ ਲਈ ਬਣਿਆ : ਡਾ. ਗੁਰਭਜਨ ਗਿੱਲ
ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਡਾ. ਗੁਰਭਜਨ ਗਿੱਲ ਨੇ ਕਿਹਾ ਕਿ ਹਿੰਦੀ ਦਿਵਸ ਤੇ ਪੰਜਾਬੀ ਦੇ ਖ਼ਿਲਾਫ਼ ਗੱਲ
ਕਰਨੀ ਸਹੀ ਨਹੀਂ ਹੈ, ਭਾਸ਼ਾ ਵਿਭਾਗ ਪੰਜਾਬ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਣਿਆ ਹੈ, ਪਰ ਇੱਥੇ ਪੰਜਾਬੀ ਵਿਰੋਧੀ ਗੱਲਾਂ ਹੋਣਗੀਆਂ ਤਾਂ ਠੀਕ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੱਡੇ ਲੇਖਕ ਨੂੰ ਧਮਕੀਆਂ ਦੇਣੀਆਂ ਵੀ ਗ਼ਲਤ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਸ ਸਬੰਧੀ ਸੋਚਣਾ ਚਾਹੀਦਾ ਹੈ।

ਮੈਂ ਮਾਮਲਾ ਠੰਢਾ ਕਰਵਾ ਦਿੱਤਾ ਸੀ : ਡਾ. ਰਤਨ ਸਿੰਘ ਜੱਗੀ
ਵਿਦਵਾਨ ਡਾ. ਰਤਨ ਸਿੰਘ ਜੱਗੀ ਨੇ ਕਿਹਾ ਹੈ ਕਿ ਮੈਂ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਸੀ, ਕੁਝ ਨੇ ਇੱਥੇ ਤਲਖ਼ੀ ਭਰੇ ਲਹਿਜ਼ੇ‌ ਵਿੱਚ ਬੋਲਿਆ ਸੀ ਪਰ ਅਸੀਂ ਉਨ੍ਹਾਂ ਨੂੰ ਸ਼ਾਂਤ ਕਰਵਾ ਦਿੱਤਾ ਸੀ। ਕਿਉਂਕਿ ਪੰਜਾਬੀ ਤੇ ਹਿੰਦੀ ਇਕ ਦੂਜੀ ਦੀਆਂ ਪੂਰਕ ਭਾਸ਼ਾਵਾਂ ਹਨ। 

ਜੇਕਰ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਤਾਂ ਮਾੜੀ ਗੱਲ ਹੈ : ਡਾ. ਦਰਸ਼ਨ ਸਿੰਘ ਆਸਟ
ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸਟ ਨੇ ਕਿਹਾ ਹੈ ਕਿ ਮੈਂ ਇਸ ਸਮਾਗਮ ਵਿਚ ਮੌਜੂਦ ਸੀ ਪਰ ਮੈਂ ਪੰਜਾਬੀ ਯੂਨੀਵਰਸਿਟੀ ਵਿਚ ਪੁਟਾ ਦੀਆਂ ਚੋਣਾ ਹੋਣ ਕਰਕੇ ਉੱਥੋਂ ਚਲਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੁਝ ਉੱਥੇ ਮੇਰੇ ਬਾਅਦ ਵਿਚ ਹੋਇਆ ਹੈ ਤਾਂ ਮਾੜੀ ਗੱਲ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। 

ਤੇਜਵੰਤ ਮਾਨ ਨੂੰ ਸਟੇਜ ਤੇ ਇੰਜ ਨਹੀਂ ਬੋਲਣਾ ਚਾਹੀਦਾ ਸੀ : ਡਾ. ਇੰਦਰਮੋਹਨ ਸਿੰਘ
ਪੰਜਾਬੀ ਯੂਨੀਵਰਸਿਟੀ ਵਿਚ ਸੰਸਕ੍ਰਿਤ ਦੇ ਵਿਦਵਾਨ ਤੇ ਮਹਾਂਰਿਸ਼ੀ ਵਾਲਮੀਕੀ ਚੇਅਰ ਦੇ ਮੁਖੀ ਡਾ. ਇੰਦਰਮੋਹਨ ਸਿੰਘ ਨੇ ਕਿਹਾ ਕਿ ਹਿੰਦੀ ਦਿਵਸ ਦੇ ਪ੍ਰੋਗਰਾਮ ਵਿਚ ਮੈਂ ਹਾਜ਼ਰ ਸੀ ਉਸ ਵੇਲੇ ਠੀਕ ਹੈ ਕਿ ਸਰਦਾਰ ਪੰਛੀ ਨੇ ਕੁਝ ਅਜਿਹਾ ਬੋਲ ਦਿੱਤਾ ਸੀ, ਪਰ ਉਹ ਵਿਅੰਗ ਵਿਚ ਸੀ, ਪਰ ਉਸ ਤੋਂ ਬਾਅਦ ਡਾ. ਤੇਜਵੰਤ ਮਾਨ ਨੇ ਕਾਫ਼ੀ ਕੁਝ ਬੋਲਿਆ ਜੋ ਉਸ ਨੂੰ ਨਹੀਂ ਬੋਲਣਾ ਚਾਹੀਦਾ ਸੀ। ਉਸ ਨੇ ਕਿਹਾ ਕਿ ਉੱਥੇ ਕੋਈ ਵੀ ਹਿੰਦੀ ਦਾ ਵਿਦਵਾਨ ਕਿਸੇ ਭਾਸ਼ਾ ਦੇ ਵਿਰੋਧ ਵਿੱਚ ਨਹੀਂ ਬੋਲਿਆ। 

No comments:

Post a Comment