Sunday, September 15, 2019

ਪੰਜਾਬੀ ਲੇਖਕਾਂ ਨੇ ਸਰਕਾਰ ਨੂੰ ਦਿੱਤੀ ਚੇਤਾਵਨੀ ਪੰਜਾਬੀ ਭਾਸ਼ਾ ਦੀ ਤੌਹੀਨ ਬਰਦਾਸ਼ਤ ਨਹੀਂ ਕਰਨਗੇ

ਆਰ.ਐੱਸ.ਐੱਸ. ਦੇ ਹਿੰਦੀਹਿੰਦੂਹਿੰਦੂਸਤਾਨ ਦੇ ਪ੍ਰਚਾਰ ਪ੍ਰਸਾਰ ਨੂੰ ਤੁਰੰਤ ਰੋਕੇ ਸਰਕਾਰ 

ਪੰਜਾਬੀ ਵਿਰੋਧੀ ਕਾਰਵਾਈਆਂ ਵਿਰੁੱਧ ਸੁਲਗਦੀ ਅੱਗ ਭਾਂਬੜ ਬਣਨ ਲੱਗੀ

ਭਾਸ਼ਾ ਵਿਭਾਗ ਪੰਜਾਬ ਵੱਲੋਂ 13 ਸਤੰਬਰ 2019 ਨੂੰ ਹਿੰਦੀ ਭਾਸ਼ਾ ਦਿਵਸ ਬਾਰੇ ਸਮਾਗਮ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਡਾ. ਹੁਕਮ ਚੰਦ ਰਾਜਪਾਲ ਨੇ ਕੀਤੀ। ਉਨ੍ਹਾਂ ਦੇ ਨਾਲ ਡਾ. ਰਤਨ ਸਿੰਘ ਜੱਗੀ, ਕਰਮਜੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ, ਡਾ. ਸਹਿਗਲ ਅਤੇ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸ਼ਾਮਲ ਸਨ। ਇਸ ਸਮਾਗਮ ਵਿੱਚ ਹਿੰਦੀ-ਹਿੰਦੂ-ਹਿੰਦੁਸਤਾਨ ਦੇ ਏਜੰਡੇ ਨੂੰ ਲਾਗੂ ਕਰਨ ਲਈ ਪੰਜਾਬੀ ਭਾਸ਼ਾ ਨੂੰ ਗਾਲ਼ੀ ਗਲੋਚ ਅਤੇ ਝਗੜਾਲੂ ਭਾਸ਼ਾ ਵਜੋਂ ਪੇਸ਼ ਕੀਤਾ ਗਿਆ। ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਡਾ. ਤੇਜਵੰਤ ਮਾਨ ਨੇ ਆਪਣੇ ਭਾਸ਼ਣ ਵਿੱਚ ਜ਼ੋਰਦਾਰ ਖੰਡਨ ਕੀਤਾ। ਡਾ. ਮਾਨ ਨੇ ਕਿਹਾ ਕਿ ਹਰ ਭਾਸ਼ਾ ਦਾ ਆਪਣਾ ਰੰਗ ਆਪਣਾ ਮੁਹਾਵਰਾ ਹੁੰਦਾ ਹੈ। ਪੰਜਾਬੀ ਭਾਸ਼ਾ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਗੀ ਮਹਾਨ ਰਚਨਾ ਹੋਈ ਹੋਵੇ ਅਤੇ ਵਾਰਸ ਸ਼ਾਹ ਦੀ ਹੀਰ ਵਰਗੀ ਸਭਿਆਚਾਰਕ ਕਿੱਸਾਕਾਰੀ ਹੋਈ ਹੋਵੇ, ਸ਼ਾਹ ਹੁਸੈਨ, ਬੁੱਲ੍ਹੇਸ਼ਾਹ ਵਰਗੀ ਸੂਫ਼ੀਆਨਾ ਸ਼ਾਇਰੀ ਹੋਈ ਹੋਵੇ, “ਲੰਘ ਆਜਾ ਪੱਤਣ ਝਨਾਂ ਦਾ ਯਾਰ” ਵਰਗੇ ਗੀਤ ਲਿਖੇ ਹੋਣ, ਕਿਸ ਤਰ੍ਹਾਂ ਗਾਲ਼ੀ ਗਲੋਚ ਦੀ ਭਾਸ਼ਾ ਕਹੀ ਜਾ ਸਕਦੀ ਹੈ। ਡਾ. ਮਾਨ ਨੇ ਹਿੰਦੀ ਭਾਸ਼ਾ ਦੇ ਵਿਕਾਸ ਲਈ ਇਸ ਦੇ ਲੋਕਭਾਸ਼ਾਈ ਸਰੂਪ ਨੂੰ ਉਜਾਗਰ ਕਰਨ ਤੇ ਜ਼ੋਰ ਦਿੱਤਾ। ਆਮ ਲੋਕਾਂ ਦੀ ਭਾਸ਼ਾ ਪ੍ਰਕਿਰਤ ਅਤੇ ਅਪਭਰੰਸ ਨੂੰ ਜਦੋਂ ਕੁਲੀਨ ਵਰਗ ਲਈ ਰਾਖਵੀਂ ਕਰਨ ਲਈ ਮਿਆਰੀ ਸੁਧਾਰ ਦੇ ਨਾਂ ਉੱਤੇ ਸੰਸਕ੍ਰਿਤ ਨਾਂ ਹੇਠ ਪ੍ਰਚਾਰਿਆ ਗਿਆ ਤਾਂ ਲੋਕਾਂ ਨੇ ਆਧੁਨਿਕ ਲੋਕਾਇਤੀ ਭਾਸ਼ਾਵਾਂ ਨੂੰ ਉਜਾਗਰ ਕੀਤਾ, ਜਿਨ੍ਹਾਂ ਵਿੱਚੋਂ ਇੱਕ ਭਾਸ਼ਾ ਹਿੰਦੀ ਹੈ। ਸੰਸਕ੍ਰਿਤ ਆਪਣੇ ਆਪ ਵਿੱਚ ਕੋਈ ਸੁਤੰਤਰ ਭਾਸ਼ਾ ਵਜੋਂ ਹੋਂਦ ਨਹੀਂ ਰੱਖਦੀ ਅਤੇ ਨਾ ਹੀ ਇਹ ਭਾਰਤ ਦੇ ਕਿਸੇ ਹਿੱਸੇ ਦੀ ਭਾਸ਼ਾ ਹੈ। ਡਾ. ਤੇਜਵੰਤ ਮਾਨ ਹਾਲਾਂ ਆਪਦੀ ਗੱਲ ਡਾ. ਇੰਦੂ ਵਾਲੀਆ ਦੇ ਪੜ੍ਹੇ ਗਏ ਪਰਚੇ ਬਾਰੇ ਸ਼ੁਰੂ ਹੀ ਕਰਨ ਲੱਗੇ ਸਨ ਤਾਂ ਚੰਡੀਗੜ੍ਹ ਤੋਂ ਆਏ ਕੁੱਝ ਆਰ.ਐੱਸ.ਐੱਸ. ਕਾਰਕੁੰਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਪ੍ਰਧਾਨਗੀ ਮੰਡੀ ਦੇ ਡਾ. ਹੁਕਮ ਚੰਦ, ਰਾਜਾਪਲ ਅਤੇ ਡਾ. ਸਹਿਗਲ ਨੂੰ ਵੀ ਉਕਸਾਇਆ ਗਿਆ। ਡਾ. ਹੁਕਮ ਚੰਦ ਰਾਜਪਾਲ ਨੇ ਤਾਂ ਧਮਕੀ ਦੇ ਦਿੱਤੀ ਕਿ ਦੋ ਸਾਲ ਰੁਕੋ ਫੇਰ ਦੱਸਾਂਗੇ ਕਿ ਹਿੰਦੀ ਕੀ ਹੈ। ਭਾਸ਼ਾ ਵਿਭਾਗ ਨੇ ਡਾ. ਮਾਨ ਨੂੰ ਰੋਕਣ ਲਈ ਮਾਈਕ ਹੀ ਬੰਦ ਕਰ ਦਿੱਤਾ ਅਤੇ ਆਪਣੀ ਗੱਲ ਪੂਰੀ ਨਹੀਂ ਕਰਨ ਦਿੱਤੀ ।
ਡਾ. ਤੇਜਵੰਤ ਮਾਨ ਜੋ ਸ਼੍ਰੋਮਣੀ ਸਾਹਿਤਕਾਰ ਹਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਹਨ, ਨਾਲ ਕੀਤੇ ਇਸ ਤਰ੍ਹਾਂ ਦੇ ਦੁਰਵਿਵਹਾਰ ਦਾ ਪੰਡਾਲ ਵਿੱਚ ਬੈਠੇ ਪੰਜਾਬੀ ਲੇਖਕਾਂ ਨੇ ਬੁਰਾ ਮਨਾਇਆ ਅਤੇ ਸੀਟਾਂ ਉੱਤੇ ਖੜੇ ਹੋ ਗਏ। ਡਾ. ਤੇਜਵੰਤ ਮਾਨ ਭਾਸ਼ਾ ਵਿਭਾਗ ਵੱਲੋਂ ਦਿੱਤੇ ਜਾਣ ਵਾਲੇ ਸਨਮਾਨ ਨੂੰ ਲੈਣ ਤੋਂ ਇਨਕਾਰ ਕਰਦਿਆਂ ਸਟੇਜ ਤੋਂ ਉਤਰ ਕੇ ਹੇਠਾਂ ਆ ਬੈਠੇ। ਪੰਜਾਬੀਆਂ ਦੇ ਹਰਮਨ ਪਿਆਰੇ ਲੇਖਕ ਸ਼੍ਰੋਮਣੀ ਸਾਹਿਤਕਾਰ ਨਾਲ ਕੀਤੇ ਗਏ ਇਸ ਦੁਰਵਿਵਹਾਰ ਲਈ ਪੰਜਾਬੀ ਦੇ ਪ੍ਰਸਿੱਧ ਲੇਖਕਾਂ ਜਸਵੰਤ ਸਿੰਘ ਕੰਵਲ, ਡਾ. ਸਵਰਾਜ ਸਿੰਘ, ਅਨੂਪ ਵਿਰਕ, ਗੁਰਭਜਨ ਗਿੱਲ, ਰਵਿੰਦਰ ਭੱਠਲ, ਡਾ. ਸੁਰਜੀਤ ਸਿੰਘ ਡਾ. ਜੋਗਿੰਦਰ ਸਿੰਘ ਨਿਰਾਲਾ, ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਨਵਰਾਹੀ ਘੁਗਿਆਣਵੀ, ਸੰਧੂ ਵਰਿਆਣਵੀ, ਡਾ. ਤੇਜਾ ਸਿੰਘ ਤਿਲਕ, ਜੋਗਿੰਦਰ ਕੌਰ ਅਗਨੀਹੋਤਰੀ, ਜਸਵਿੰਦਰ ਸਿੰਘ ਬਰਸਟ, ਗੁਰਨਾਮ ਸਿੰਘ, ਕ੍ਰਿਸ਼ਨ ਬੇਤਾਬ, ਜੰਗੀਰ ਸਿੰਘ ਰਤਨ ਆਦਿ ਨੇ ਰੋਸ ਪ੍ਰਗਟ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਉਹ ਪੰਜਾਬੀ ਭਾਸ਼ਾ ਦੀ ਤੌਹੀਨ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਏ। ਆਰ.ਐੱਸ.ਐੱਸ. ਦੇ ਹਿੰਦੀਹਿੰਦੂਹਿੰਦੂਸਤਾਨ ਦੇ ਪ੍ਰਚਾਰ ਪ੍ਰਸਾਰ ਨੂੰ ਤੁਰੰਤ ਰੋਕੇ। ਸਰਕਾਰੀ ਅਦਾਰਿਆਂ, ਵਿੱਦਿਅਕ ਸੰਸਥਾਵਾਂ, ਯੂਨੀਵਰਸਿਟੀਆਂ, ਸਭਿਆਚਾਰਕ ਅਦਾਰਿਆਂ ਵਿੱਚ ਕੀਤੀ ਜਾ ਰਹੀ ਇਸ ਤਰ੍ਹਾਂ ਦੀ ਫ਼ਿਰਕੂ ਸੋਚ ਦੀ ਘੁਸਪੈਠ ਬਾਰੇ ਸਖ਼ਤ ਨੀਤੀ ਅਪਣਾਈ ਜਾਵੇ।
ਜਾਰੀ ਕਰਤਾ: ਭਗਵੰਤ ਸਿੰਘ (ਡਾ.)
ਸਕੱਤਰ/ਸਪੋਕਸਮੈਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਮੋ. 9814851500

ਪੰਜਾਬੀ ਯੂਨੀਵਰਸਿਟੀ ਦਾ ਖਾਂਦੇ ਰਹੇ ਰਾਜਪਾਲ ਨੂੰ ਲੱਖ ਲਾਹਣਤ : ਡਾ. ਸੁਰਜੀਤ ਸਿੰਘ
ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਹੈ ਕਿ ਇਹ ਜਿਹੜੇ ਕਹਿੰਦੇ ਨੇ ਕਿ ਤੁਹਾਨੂੰ ਦੋ ਸਾਲ ਬਾਅਦ ਦੱਸਾਂਗੇ ਕਿ ਹਿੰਦੀ ਕੀ ਹੈ, ਹੁਣ ਤੱਕ ਪੰਜਾਬੀ ਯੂਨੀਵਰਸਿਟੀ ਦਾ ਦਿੱਤਾ ਅੰਨ ਖਾਂਦੇ ਰਹੇ ਹਨ, ਜਿਹੜੀ ਪੰਜਾਬੀ ਦੇ ਵਿਕਾਸ ਲਈ ਬਣੀ ਹੈ। ਹੁਣ ਤੱਕ ਇਨ੍ਹਾਂ ਵੱਖ ਵੱਖ ਵਿਚਾਰਧਾਰਾਈ ਧਿਰਾਂ ਦੇ ਉਹਲੇ ਰਹਿ ਕੇ ਆਪਣੇ ਨਿੱਜੀ ਹਿੱਤ ਪਾਲੇ ਹਨ ਅਤੇ ਹੁਣ ਜਦੋਂ ਆਰਅੇੱਸਐੱਸ ਦਾ ਬੋਲਬਾਲਾ ਹੋ ਗਿਆ ਹੈ ਤਾਂ ਇਨ੍ਹਾਂ ਦੀ ਭਾਸ਼ਾ, ਸੁਰ ਅਤੇ ਤੇਵਰ ਬਦਲ ਗਏ ਹਨ। ਜੇ ਡਾ. ਹੁਕਮ ਚੰਦ ਰਾਜਪਾਲ ਨੇ ਸੱਚਮੁੱਚ ਅਜਿਹਾ ਕਿਹਾ ਹੈ ਕਿ ਅਸੀੰ ਦੋ ਸਾਲ ਬਾਅਦ ਦੱਸ ਦਵਾਂਗੇ ਕਿ ਹਿੰਦੀ ਕੀ ਚੀਜ਼ ਹੈ ਤਾਂ ਮੈਂ ਉਨ੍ਹਾਂ ਨੂੰ ਲੱਖ ਲਾਹਣਤ ਪਾਉਂਦਾ ਹਾਂ।

4 comments:

  1. ਇਹ ਜਿਹੜੇ ਕਹਿੰਦੇ ਨੇ ਕਿ ਤੁਹਾਨੂੰ ਦੋ ਸਾਲ ਬਾਅਦ ਦੱਸਾਂਗੇ ਕਿ ਹਿੰਦੀ ਕੀ ਹੈ, ਹੁਣ ਤੱਕ ਪੰਜਾਬੀ ਯੂਨੀਵਰਸਿਟੀ ਦਾ ਦਿੱਤਾ ਅੰਨ ਖਾਂਦੇ ਰਹੇ ਹਨ, ਜਿਹੜੀ ਪੰਜਾਬੀ ਦੇ ਵਿਕਾਸ ਲਈ ਬਣੀ ਹੈ। ਹੁਣ ਤੱਕ ਇਨ੍ਹਾਂ ਵੱਖ ਵੱਖ ਵਿਚਾਰਧਾਰਾਈ ਧਿਰਾਂ ਦੇ ਉਹਲੇ ਰਹਿ ਕੇ ਆਪਣੇ ਨਿੱਜੀ ਹਿੱਤ ਪਾਲੇ ਹਨ ਅਤੇ ਹੁਣ ਜਦੋਂ ਆਰਅੇੱਸਐੱਸ ਦਾ ਬੋਲਬਾਲਾ ਹੋ ਗਿਆ ਹੈ ਤਾਂ ਇਨ੍ਹਾਂ ਦੀ ਭਾਸ਼ਾ, ਸੁਰ ਅਤੇ ਤੇਵਰ ਬਦਲ ਗਏ ਹਨ। ਜੇ ਡਾ. ਹੁਕਮ ਚੰਦ ਰਾਜਪਾਲ ਨੇ ਸੱਚਮੁੱਚ ਅਜਿਹਾ ਕਿਹਾ ਹੈ ਕਿ ਅਸੀੰ ਦੋ ਸਾਲ ਬਾਅਦ ਦੱਸ ਦਵਾਂਗੇ ਕਿ ਹਿੰਦੀ ਕੀ ਚੀਜ਼ ਹੈ ਤਾਂ ਮੈਂ ਉਨ੍ਹਾਂ ਨੂੰ ਲੱਖ ਲਾਹਣਤ ਪਾਉਂਦਾ ਹਾਂ।

    ReplyDelete
  2. ਤੁਸੀਂ ਸੱਚ ਕਿਹਾ ਡਾ.ਸੁਰਜੀਤ ਸਿੰਘ ਜੀ

    ReplyDelete
  3. All Languages are important in the respective region and are only to convey the message not more than that good fair society building is more important thanlanguage and region etc

    ReplyDelete