Friday, March 27, 2020

ਕੋਰੋਨਾ ਕਹਿਰ : ਬਲੱਡ ਬੈਂਕ ਵਿਚ ਆਈ ਖ਼ੂਨ ਦੀ ਭਾਰੀ ਕਮੀ

ਕੈਂਸਰ, ਗਰਭਵਤੀ, ਥੈਲਾਸੀਮੀਆ, ਸਰਜਰੀ ਮਰੀਜ਼ਾਂ ਦੀ ਜਾਨ ਨੂੰ ਖ਼ਤਰਾ ਬਣਿਆ
ਗੁਰਨਾਮ ਸਿੰਘ ਅਕੀਦਾ
ਕੋਰੋਨਾਵਾਇਰਸ ਦੇ ਕਹਿਰ ਕਾਰਨ ਬਲੱਡ ਬੈਂਕ ਖ਼ੂਨ ਦੀ ਭਾਰੀ ਕਾਰਨ ਕਈ ਮਜਬੂਰੀਆਂ ਵਿਚ ਫਸ ਗਏ ਹਨ, ਥੈਲਾਸੀਮੀਆ ਦੇ ਮਰੀਜ਼ਾਂ ਨੂੰ ਖ਼ੂਨ ਨਹੀਂ ਮਿਲ ਰਿਹਾ ਕਿਉਂਕਿ ਖ਼ੂਨਦਾਨੀਆਂ ਨੂੰ ਬਲੱਡ ਬੈਂਕ ਲਿਆਉਣ ਦੀ ਅਜੇ ਤੱਕ ਵੀ ਪ੍ਰਸ਼ਾਸਨ ਨੇ ਕੋਈ ਅਜਿਹੀ ਸੁਵਿਧਾ ਨਹੀਂ ਦਿੱਤੀ ਜਿਸ ਨਾਲ ਖ਼ੂਨ ਦਾਨੀ ਦੂਰੀਆਂ ਰੱਖ ਕੇ ਬਲੱਡ ਬੈਂਕ ਤੱਕ ਪੁੱਜ ਜਾਣ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਰੋਜ਼ਾਨਾ ਖ਼ੂਨਦਾਨ ਦੇ ਕੈਂਪ ਲੱਗਦੇ ਹਨ ਤਾਂ ਕਿਤੇ ਜਾ ਕੇ ਖ਼ੂਨ ਪੂਰਾ ਹੁੰਦਾ ਹੈ ਪਰ ਹੁਣ ਇਹ ਕੈਂਪ ਲੱਗਣੇ ਬੰਦ ਹੋ ਗਏ ਹਨ, ਇੱਥੇ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੁਖੀ ਹਰਦੀਪ ਸਿੰਘ ਨੇ ਕਿਹਾ ਹੈ ਕਿ ਪਿਛਲੇ ਕਰੀਬ ਇਕ ਹਫ਼ਤੇ ਤੋਂ ਬਲੱਡ ਬੈਂਕਾਂ ਵਿਚ ਖ਼ੂਨ ਦੀ ਭਾਰੀ ਕਮੀ ਚੱਲ ਰਹੀ ਹੈ, ਹਸਪਤਾਲਾਂ ਵਿਚ ਐਕਸੀਡੈਂਟ, ਡਿਲਿਵਰੀ, ਥੈਲਾਸਿਮਕ ਬੱਚੇ, ਕੈਂਸਰ ਦੇ ਮਰੀਜ਼ਾਂ ਅਤੇ ਹੋਰ ਜ਼ਰੂਰੀ ਅਪਰੇਸ਼ਨ ਵਾਲੇ ਮਰੀਜ਼ਾਂ ਲਈ ਖ਼ੂਨ ਬਹੁਤ ਜ਼ਰੂਰੀ ਹੈ ਜੋ ਬਲੱਡ ਬੈਂਕਾਂ ਵਿਚ ਹੋਣਾ ਲਾਜ਼ਮੀ ਹੈ, ਖ਼ੂਨ ਦੇਣ ਲਈ ਖ਼ੂਨਦਾਨੀ ਵਿਅਕਤੀ ਤਿਆਰ ਹਨ ਪਰ ਕਰਫ਼ਿਊ ਕਾਰਨ ਇਨ੍ਹਾਂ ਨੂੰ ਪਿੰਡਾਂ, ਕਸ‌ਬਿਆਂ ਤੇ ਸ਼ਹਿਰ ਤੋਂ ਬਲੱਡ ਬੈਂਕ ਤੱਕ ਜਾਣ ਤੋਂ ਰੋਕਿਆ ਜਾ ਰਿਹਾ ਹੈ। ਜਿਸ ਕਾਰਨ ਹਸਪਤਾਲ ਵਿਚ ਮਰੀਜ਼ਾਂ ਦੀ ਜਾਨ ਨੂੰ ਬਣਿਆ ਖ਼ਤਰਾ ਹੋ ਵੱਧ ਗਿਆ ਹੈ। ਇਸੇ ਤਰ੍ਹਾਂ ਇੱਥੇ ਦੇ ਬਲੱਡ ਬੈਂਕ ਦਾ ਕੰਮ ਸੰਭਾਲ ਰਹੇ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਸਾਡੇ ਕੋਲ 90 ਫ਼ੀਸਦੀ ਖ਼ੂਨ ਖ਼ੂਨਦਾਨ ਕੈਂਪਾਂ ਵਿਚੋਂ ਆਉਂਦਾ ਸੀ, ਗਰਭਵਤੀ ਔਰਤਾਂ ਵਿਚ 4-5 ਗਰਾਮ ਖ਼ੂਨ ਰਹਿ ਜਾਂਦਾ ਹੈ ਉਨ੍ਹਾਂ ਲਈ ਖ਼ੂਨ ਦੀ ਮੰਗ ਵਧੀ ਹੈ, ਸਾਨੂੰ ਖ਼ੂਨ ਦੀ ਤੁਰੰਤ ਲੋੜ ਹੈ, ਪਹਿਲਾਂ ਸਾਡੇ ਕੋਲ 60-70 ਯੂਨਿਟ ਖ਼ੂਨ ਬਲੱਡ ਬੈਂਕ ਤੱਕ ਰੋਜ਼ਾਨਾ ਪੁੱਜ ਜਾਂਦਾ ਸੀ ਪਰ ਹੁਣ ਸਾਡੇ ਕੋਲ ਖ਼ੂਨ ਨਹੀਂ ਆ ਰਿਹਾ, ਪਰਸੋਂ ਖ਼ੂਨਦਾਨੀਆਂ ਨੂੰ ਅਪੀਲ ਕੀਤੀ ਸੀ ਤਾਂ 27-28 ਖ਼ੂਨਦਾਨੀ ਆ ਗਏ ਸਨ, ਪਰ ਸਾਨੂੰ ਰੋਜ਼ਾਨਾ ਕਰੀਬ 30 ਯੂਨਿਟ ਖ਼ੂਨ ਦੀ ਲੋੜ ਹੈ। ਅਜੇ ਤਾਂ ਲਾਕ ਡਾਊਨ ਨੂੰ ਸਿਰਫ਼ ਦੋ ਦਿਨ ਹੀ ਹੋਏ ਹਨ ਪਰ ਅਗਲੇ ਦਿਨ ਗੁਜ਼ਾਰਨੇ ਬੜੇ ਮੁਸ਼ਕਿਲ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਸੀ ਪਰ ਸਾਨੂੰ ਕੋਈ ਵੀ ਹਾਂ ਪੱਖੀ ਨਤੀਜਾ ਨਹੀਂ ਮਿਲਿਆ। ਇਸੇ ਤਰ੍ਹਾਂ ਥੈਲਾਸੀਮੀਆ ਸੁਸਾਇਟੀ ਦੇ ਸਕੱਤਰ ਇੰਜ. ਰਾਜੀਵ ਅਰੋੜਾ ਨੇ ਕਿਹਾ ਕਿ ਸਾਡੇ ਕੋਲ ਸਿਰਫ਼ ਪਟਿਆਲਾ 230 ਬੱਚੇ ਥੈਲਾਸੀਮੀਆ ਦੇ ਰਜਿਸਟਰਡ ਹਨ, ਰੋਜ਼ਾਨਾ ਸਾਨੂੰ 20-22 ਯੂਨਿਟ ਖ਼ੂਨ ਦੀ ਲੋੜ ਹੈ, ਪਰ ਪੰਜਾਬ ਭਰ ਵਿਚ 1200 ਤੋਂ ਵੱਧ ਬੱਚੇ ਥੈਲਾਸੀਮੀਆ ਨਾਲ ਪੀੜਤ ਹਨ, ਜਿਸ ਲਈ ਖ਼ੂਨ ਦੀ ਭਾਰੀ ਲੋੜ ਹੈ, ਹੁਣ ਸਾਡੇ ਕੋਲ 5 ਜਾਂ 7 ਖ਼ੂਨ ਦਾਨ ਕਰਨ ਵਾਲੇ ਹੀ ਆ ਰਹੇ ਹਨ ਜਿਸ ਨਾਲ ਸਾਡੇ ਬੱਚਿਆਂ ਦਾ ਨਹੀਂ ਸਰ ਸਕਦਾ, ਥੈਲਾਸੀਮਿਕ ਬੱਚੇ ਵਿਚ ਘੱਟੋ ਘੱਟ 9 ਗਰਾਮ ਖ਼ੂਨ ਲੋੜੀਂਦਾ ਹੈ ਪਰ ਜੇਕਰ ਖ਼ੂਨ ਘਟ ਜਾਂਦਾ ਹੈ ਤਾਂ ਉਸ ਨਾਲ ਬੱਚੇ ਦੇ ਕਿਸੇ ਵੀ ਆਰਗਨ ਤੇ ਅਸਰ ਪੈ ਸਕਦਾ ਹੈ। ਸਾਡੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲ ਹੋਈ ਸੀ, ਉਨ੍ਹਾਂ ਕਿਹਾ ਕਿ ਜੇਕਰ ਕੋਈ ਖ਼ੂਨਦਾਨ ਕਰਨ ਲਈ ਆਉਂਦਾ ਹੈ ਤਾਂ ਅਸੀਂ ਗੱਡੀ ਉਪਲਬਧ ਕਰਾ ਦਿਆਂਗੇ ਪਰ ਫੇਰ ਵੀ ਦੂਰੀ ਦੀ ਉਲੰਘਣਾ ਹੋਵੇਗੀ। ਇਸ ਕਰਕੇ ਸਰਕਾਰ ਨੂੰ ਜ਼ਰੂਰੀ ਕਰਕੇ ਖ਼ੂਨ ਦਾਨ ਦੇ ਕੈਂਪ ਲਗਾਉਣੇ ਚਾਹੀਦੇ ਹਨ ਜਾਂ ਫਿਰ ਖ਼ੂਨ ਦਾਨ ਕਰਨ ਵਾਲੇ ਖ਼ੂਨਦਾਨੀਆਂ ਨੂੰ ਕਰਫ਼ਿਊ ਵਿਚ ਬਲੱਡ ਬੈਂਕਾਂ ਤੱਕ ਪੁੱਜਣ ਦੀ ਕਿਸੇ ਵੀ ਹਾਲਤ ਵਿਚ ਛੋਟ ਹੋਣੀ ਚਾਹੀਦੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੇ ਬੁਲਾਰੇ ਇਸ਼ਵਿੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਬਲੱਡ ਬੈਂਕ ਵਾਲੇ ਸਾਨੂੰ ਖ਼ੂਨਦਾਨ ਕਰਨ ਵਾਲੇ ਕਲੱਬਾਂ ਅਤੇ ਖ਼ੂਨਦਾਨੀਆਂ ਦੀ ਲਿਸਟ ਦੇ ਦੇਣ ਅਸੀਂ ਉਨ੍ਹਾਂ ਲਈ ਪਾਸ ਜਾਰੀ ਕਰ‌ ਦਿਆਂਗੇ। ਪਰ ਇਸ ਇਲਾਵਾ ਅਜੇ ਤੱਕ ਕੋਈ ਵੀ ਪ੍ਰਬੰਧ ਨਹੀਂ ਹੋ ਸਕਦਾ।
Contact To Blood Bank Patiala :9876433279