Tuesday, October 01, 2019

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ਸਰਬ ਸੰਮਤੀ ਨਾਲ ਹੋਣ ਦੀ ਸੰਭਾਵਨਾ ਬਣੀ

ਚੰਡੀਗੜ੍ਹ ਦੇ ਸੈਕਟਰ 16 ਵਿਚ ਸੱਦ ਲਈ ਹੈ ਹੰਗਾਮੀ ਮੀਟਿੰਗ

ਗੁਰਨਾਮ ਸਿੰਘ ਅਕੀਦਾ
ਪਟਿਆਲਾ : ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਦੀ ਸਰਬ ਸੰਮਤੀ ਨਾਲ ਚੋਣ ਹੋਣ ਦੀ ਸੰਭਾਵਨਾ ਬਣ ਗਈ ਹੈ, ਜਿਸ ਕਰਕੇ ਮੌਜੂਦਾ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਹੰਗਾਮੀ ਮੀਟਿੰਗ 2 ਅਕਤੂਬਰ ਨੂੰ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਸੈਕਟਰ 16 ਵਿਚ 11 ਵਜੇ ਦੀ ਸੱਦੀ ਹੈ। ਦੋਵਾਂ ਗਰੁੱਪਾਂ ਨੂੰ ਚੋਣਾਂ ਸਬੰਧੀ ਕੋਈ ਵੀ ਬਿਆਨ ਦੇਣ ਜਾਂ ਕੋਈ ਪੋਸਟ ਪਾਉਣ ਤੇ ਮਨਾਹੀ ਕੀਤੀ ਗਈ ਹੈ। 
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮੌਜੂਦਾ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਇਕ ਪੱਤਰ ਜਾਰੀ ਕਰਦਿਆਂ ਲਿਖਿਆ ਹੈ ਕਿ ਸਾਡੀ ਗੁਜ਼ਾਰਿਸ਼ ਹੈ ਕਿ ਚੋਣ ਸਬੰਧੀ ਕਿਸੇ ਵੀ ਕਿਸਮ ਦੀ ਕੋਈ ਪੋਸਟ ਹੁਣ ਨਾ ਪਾਈ ਜਾਵੇ। ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰਨੀ ਦੀ ਹੰਗਾਮੀ ਮੀਟਿੰਗ 2 ਅਕਤੂਬਰ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਪੰਜਾਬ ਕਲਾ ਭਵਨ ਸੈਕਟਰ  16 ਚੰਡੀਗੜ੍ਹ ਵਿਖੇ ਬੁਲਾ ਲਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੀ‌‌ਟਿੰਗ ਵਿਚ ਮੌਜੂਦਾ ਸਮੇਂ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ਲੜ ਰਹੇ ਸਾਰੇ 24 ਲੇਖਕ ਅਤੇ ਸਾਰੀ ਕਾਰਜਕਾਰਨੀ ਸ਼ਾਮਲ ਹੋਵੇਗੀ। ਸੂਤਰਾਂ ਨੇ ਦੱਸਿਆ ਹੈ ਕਿ ਲੇਖਕਾਂ ਵਿਚ ਏਕਤਾ ਬਣਾਈ ਰੱਖਣ ਦੇ ਇਮਾਨਦਾਰ ਚਾਹਵਾਨ ਲੇਖਕਾਂ ਨੇ ਸੁਹਿਰਦ ਯਤਨਾਂ ਸਦਕਾ ਇਹ ਮੀਟਿੰਗ ਸੱਦੀ ਗਈ ਹੈ। ਹਾਲਾਂ ਕਿ 28 ਸਤੰਬਰ ਸ਼ਾਮ 4 ਵਜੇ ਤੱਕ ਕਾਗ਼ਜ਼ ਵਾਪਸ ਕਰਨ ਦਾ ਸਮਾਂ ਵੀ ਬੀਤ ਗਿਆ ਹੈ। ਹੁਣ ਜੇਕਰ ਸਰਬ ਸੰਮਤੀ ਨਾਲ ਚੋਣ ਹੁੰਦੀ ਹੈ ਤਾਂ ਕਾਰਜਕਾਰਨੀ ਵਿਚ ਮਤਾ ਪਾਉਣਾ ਪਵੇਗਾ, ਸਾਰਿਆਂ ਦੇ ਕਾਗ਼ਜ਼ ਵਾਪਸ ਕਰਾਉਣ ਦੀ ਪ੍ਰਕ੍ਰਿਆ ਵੀ ਪੂਰੀ ਕਰਨੀ ਹੋਵੇਗੀ। ਉਸ ਤੋਂ ਬਾਅਦ ਪ੍ਰਜਾਈਡਿੰਗ ਅਫ਼ਸਰ ਨੂੰ ਸਾਰੇ ਕਾਗ਼ਜ਼ਾਤ ਦੇਣੇ ਹੋਣਗੇ। ਜ਼ਿਕਰਯੋਗ ਹੈ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਇਸ ਚੋਣ ਵਿਚ ਖੱਬੇ ਪੱਖੀਆਂ ਦਾ ਕਾਫ਼ੀ ਬੋਲਬਾਲਾ ਸੀ, ਡਾ. ਸਰਬਜੀਤ ਸਿੰਘ ਗਰੁੱਪ ਨੂੰ ਸੀਪੀਆਈ ਦਾ ਸਮਰਥਨ ਹਾਸਲ ਸੀ ਜਦ ਕਿ ਦਰਸ਼ਨ ਬੁੱਟਰ ਗਰੁੱਪ ਨੂੰ ਸੀਪੀਐਮ ਤੇ ਪਾਸਲਾ ਗਰੁੱਪ ਦਾ ਸਮਰਥਨ ਹਾਸਲ ਸੀ। ਇਹ ਚੋਣ ਵੋਟਰਾਂ ਦੇ ਘਰੋ ਘਰੀ ਵੋਟਾਂ ਮੰਗਣ ਤੱਕ ਪੁੱਜ ਗਈ ਸੀ। ਪਰ ਅਚਾਨਕ ਕੁਝ ਅਹਿਮ ਹਸਤੀਆਂ ਦੇ ਪਏ ਦਬਾਅ ਕਾਰਨ ਸਰਬ ਸੰਮਤੀ ਹੋਣ ਦੀ ਸੰਭਾਵਨਾ ਬਣੀ ਹੈ, ਜਿਸ ਕਰਕੇ ਸਭਾ ਪੱਖੀ ਲੇਖਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ। 

ਨੀਲਮ ਤੇ ਸੋਨੇ ਨਾਲ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਦਰਸ਼ਨ ਕਰਨ ਸਕਣਗੀਆਂ ਸੰਗਤਾਂ

ਪੰਜਾਬੀ ਯੂਨੀਵਰਸਿਟੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਿਆ ਹੈ ਅਨਮੋਲ ਖਜਾਨਾ

ਪਹਿਲੀ ਸੰਸਾਰ ਜੰਗ ਮੌਕੇ ਤਿਆਰ ਕੀਤੀਆਂ ਸਵਾ ਇੰਚ ਬਾਇ ਸਵਾ ਇੰਚ ਦੀਆਂ ਬੀੜਾਂ ਵੀ ਹਨ ਮੌਜੂਦ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਨੂੰ ਅੱਜ ਪੁਰਾਤਨ ਦੁਰਲਭ ਬੀੜਾਂ ਦੇ ਦਰਸ਼ਨ ਵਾਸਤੇ ਸਮੂਹ ਸਾਧ ਸੰਗਤਾਂ ਲਈ ਖੋਲ ਦਿੱਤਾ ਗਿਆ ਹੈ। ਜਿਸ ਵਿਚ ਕਰਤਾਰਪੁਰੀ ਬੀੜਾਂ, ਦਮਦਮੀ ਬੀੜਾਂ, ਚਿਤਰਕਾਰੀ ਬੀੜਾਂ ਅਤੇ ਅੰਗਰੇਜਾਂ ਦੁਆਰਾ ਪਹਿਲੀ ਵੱਡੀ ਜੰਗ ਵੇਲੇ ਸਿੱਖ ਫੌਜੀਆਂ ਲਈ ਤਿਆਰ ਕੀਤੀਆਂ ਬੀੜਾਂ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹਨ, ਵਿਭਾਗ ਦੇ ਮੁਖੀ ਡਾ. ਸਰਬਜਿੰਦਰ ਸਿੰਘ ਦੀ ਦੇਖ-ਰੇਖ ਵਿਚ ਇਹ ਸਮਾਗਮ ਲਗਾਤਾਰ ਸੱਤ ਦਿਨ ਚੱਲੇਗਾ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ ਘੁੰਮਣ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਵਿਸ਼ੇਸ਼ ਕਾਰਜ ਕੀਤੇ ਗਏ ਹਨ ਤਾਂ ਜੋ ਸਰਬਤਰ ਸਾਧ ਸੰਗਤ ਆਪਣੀ ਵਿਰਾਸਤ ਦੇ ਫਖ਼ਰ ਨਾਲ ਇਕਸੁਰ ਹੋ ਗੁਰੂ ਨਾਨਕ ਪਾਤਸ਼ਾਹ ਦੀਆਂ ਰਹਿਮਤਾਂ ਦਾ ਪਾਤਰ ਬਣ ਸਕਣ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਪਿਛਲੇ ਸਮੇਂ ਵਿਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਨੇਕਾਂ ਪ੍ਰੋਗਰਾਮ ਕੀਤੇ ਹਨ ਪਰ ਇਹ ਅਦਭੁਤ ਸਮਾਗਮ ਸਦਾ ਲਈ ਆਪਣੀ ਛਾਪ  ਲੋਕਾਂ ਦੇ ਮਨ ਵਿਚ ਛੱਡ ਕੇ ਯੂਨੀਵਰਸਿਟੀ ਦਾ ਨਾਮ ਰੋਸ਼ਨ ਕਰੇਗਾ।
ਵਿਭਾਗ ਦੇ ਮੁਖੀ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ
ਪੁਰਾਤਨ ਦੁਰਲਭ ਬੀੜਾਂ ਦਾ ਅਨਮੋਲ ਖ਼ਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਸਸ਼ੋਭਿਤ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਬਹੁਤੀਆਂ ਬੀੜਾਂ ਲੱਗਭਗ ਚਾਰ ਸਦੀਆਂ ਪੁਰਾਣੀਆਂ ਹਨ। ਕੁੱਝ ਬੀੜਾਂ ਮਿਸਲ ਪੀਰੀਅਡ ਦੀਆਂ ਹਨ ਅਤੇ ਕੁੱਝ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੀਆਂ ਹਨ । ਉਨ੍ਹਾਂ ਦੱਸਿਆ ਕਿ 1604 ਈ: ਨੂੰ ਸ੍ਰੀ ਗੁਰੂ ਅਰਜਰਨ ਪਾਤਸ਼ਾਹ ਦੀ ਦੇਖ-ਰੇਖ ਵਿਚ ਸੰਪਾਦਨ ਕੀਤੀ ਅਤੇ ਭਾਈ ਗੁਰਦਾਸ ਦੁਆਰਾ ਲਿਖਤ ਆਦਿ ਬੀੜ ਜਿਸ ਨੂੰ ਕਰਤਾਰਪੁਰੀ ਬੀੜ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਦੇ ਲੱਗਭਗ ਅੱਠ ਉਤਾਰੇ ਸਾਧ ਸੰਗਤ ਦੇ ਸਨਮੁੱਖ ਕੀਤੇ ਜਾਣੇ ਹਨ। ਇਸੇ ਤਰ੍ਹਾਂ ਹੀ ਦਸਮ ਪਾਤਸ਼ਾਹ ਵਲੋਂ ਤਲਵੰਡੀ ਸਾਬੋ ਵਿਚ ਸੰਪਾਦਨ ਕੀਤੀ ਤੇ ਭਾਈ ਮਨੀ ਸਿੰਘ ਦੁਆਰਾ ਲਿਖੀ ਬੀੜ ਜਿਸਨੂੰ ਦਮਦਮੀ ਬੀੜ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਦੇ ਉਤਾਰਿਆਂ ਦੀ ਪੰਜ ਬੀੜਾਂ ਦਰਸ਼ਨਾਂ ਲਈ ਸੁਭਾਏਮਾਨ ਹੋਣਗੀਆਂ। ਇਸਤੋਂ ਇਲਾਵਾ ਸੋਨੇ ਅਤੇ ਹੀਰਿਆਂ ਦੀ ਸਿਆਹੀ ਨਾਲ ਲਿਖੀਆਂ ਗਈਆਂ ਬੀੜਾਂ ਜੋ ਮਿਸਲ ਕਾਲ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੀਆਂ ਹਨ ਦੇ ਦਰਸ਼ਨ ਸੰਗਤਾਂ ਕਰ ਸਕਣਗੀਆਂ। ਬਹੁਤ ਹੀ ਅਦਭੁਤ ਅਤੇ ਛੋਟੇ ਆਕਾਰ ਦੀਆਂ ਬੀੜਾਂ ਜੋ ਕਿ ਪਹਿਲੀ ਸੰਸਾਰ ਜੰਗ ਵੇਲੇ ਅੰਗਰੇਜ਼ਾਂ ਦੁਆਰਾ ਸਿੱਖ ਰੇਜਮੈਂਟਸ ਲਈ ਤਿਆਰ ਕੀਤੀਆਂ ਗਈਆਂ ਸਨ ਜਿਨ੍ਹਾਂ ਨੂੰ ਇਕ ਸਿਪਾਹੀ ਆਪਣੇ ਸਿਰ ਵਿਚ ਦੁਮਾਲੇ ਹੇਠ ਸੁਸ਼ੋਭਿਤ ਨਿਸ਼ਾਨ ਸਾਹਿਬ ਲੈ ਕੇ ਚੱਲਦਾ ਸੀ ਤੇ ਪਿੱਛੇ ਪੂਰੀ ਰੈਜਮੈਂਟ ਉਨ੍ਹਾਂ ਦੇ ਦੀਦਾਰੇ ਕਰਦੀ ਸੀ। ਉਨ੍ਹਾਂ ਦੱਸਿਆ ਕਿ ਇਹ ਅਨਮੋਲ ਖ਼ਜ਼ਾਨਾ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਿੱਖਾਂ ਦੇ ਘਰ ਬਹੁਤ ਹੀ ਸ਼ਰਧਾਪੂਰਵਕ ਰੱਖੀਆਂ ਹੋਇਆ ਸੀ। ਜਿਨ੍ਹਾਂ ਨੂੰ ਪ੍ਰੇਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਲਈ ਪ੍ਰਾਪਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਰੂਪ ਇਕੱਤਰ ਕਰਨ ਦਾ ਕਾਰਜ ਬਹੁਤ ਹੀ ਕਠਿਨ ਸੀ ਪਰ ਗੁਰੂ ਬਖਸ਼ਿਸ ਸਦਕਾ ਅਸੀਂ ਸਫਲ ਹੋਏ। ਰਜਿਸਟਰਾਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਡਾ. ਮਨਜੀਤ ਸਿੰਘ ਨਿੱਜਰ ਨੇ ਕਿਹਾ ਕਿ ਯੂਨੀਵਰਸਿਟੀ ਸਮੂਹ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਵੇਜੀ। ਸਮੇਂ ਨੂੰ ਧਿਆਨ ਵਿਚ ਰਖਕੇ ਜਾਂ ਸੁਵਿਧਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਜਾ ਸਕਦੇ ਹਨ। ਡਾ. ਜੀ.ਐੱਸ ਬੱਤਰਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਇਸ ਕਾਰਜ ਨੂੰ ਅਸੀਂ ਨਮੋ ਕਰਦੇ ਹਾਂ ਤੇ ਹਰ ਤਰ੍ਹਾਂ ਦਾ ਸਹਿਯੋਗ ਵਿਭਾਗ ਨੂੰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਦਰਸ਼ਨ ਦੀਦਾਰੀਆਂ ਦੇ ਨਾਲ-ਨਾਲ ਸੱਤ ਦਿਨ ਵਿਸ਼ੇਸ਼ ਬੁਲਾਰੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਵਿਚਾਰ ਬਾਰੇ ਸੰਗਤਾਂ ਦੇ ਸਨਮੁਖ ਹੋਣਗੇ। ਅੱਜ ਲਗਭਗ ਇਕ ਹਜ਼ਾਰ ਤੋਂ ਉਪਰ ਸੰਗਤਾਂ ਨੇ ਪੁਰਾਤਨ ਸਰੂਪਾਂ ਦੇ ਦਰਸ਼ਨ ਕਰਕੇ, ਇਸ ਇਤਿਹਾਸਕ ਪ੍ਰਸੰਗ ਨੂੰ ਜਾਣਿਆ। ਡਾ. ਮਲਕਿੰਦਰ ਕੌਰ ਤੇ ਡਾ.ਗੁੰਜਨਜੋਤ ਕੌਰ ਦੀ ਨਿਗਰਾਨੀ ਵਿਚ ਖੋਜਾਰਥੀ ਸੰਗਤ ਨੂੰ ਬੀੜਾਂ ਦੇ ਇਤਿਹਾਸ ਤੋਂ ਜਾਣੂ ਕਰਵਾ ਰਹੇ ਹਨ।
ਸੰਪਰਕ : ਡਾ. ਸਰਬਜਿੰਦਰ ਸਿੰਘ ਮੁਖੀ ਭਾਈ ਗੁਰਦਾਸ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ। 8146380294