Tuesday, October 01, 2019

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ਸਰਬ ਸੰਮਤੀ ਨਾਲ ਹੋਣ ਦੀ ਸੰਭਾਵਨਾ ਬਣੀ

ਚੰਡੀਗੜ੍ਹ ਦੇ ਸੈਕਟਰ 16 ਵਿਚ ਸੱਦ ਲਈ ਹੈ ਹੰਗਾਮੀ ਮੀਟਿੰਗ

ਗੁਰਨਾਮ ਸਿੰਘ ਅਕੀਦਾ
ਪਟਿਆਲਾ : ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਦੀ ਸਰਬ ਸੰਮਤੀ ਨਾਲ ਚੋਣ ਹੋਣ ਦੀ ਸੰਭਾਵਨਾ ਬਣ ਗਈ ਹੈ, ਜਿਸ ਕਰਕੇ ਮੌਜੂਦਾ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਹੰਗਾਮੀ ਮੀਟਿੰਗ 2 ਅਕਤੂਬਰ ਨੂੰ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਸੈਕਟਰ 16 ਵਿਚ 11 ਵਜੇ ਦੀ ਸੱਦੀ ਹੈ। ਦੋਵਾਂ ਗਰੁੱਪਾਂ ਨੂੰ ਚੋਣਾਂ ਸਬੰਧੀ ਕੋਈ ਵੀ ਬਿਆਨ ਦੇਣ ਜਾਂ ਕੋਈ ਪੋਸਟ ਪਾਉਣ ਤੇ ਮਨਾਹੀ ਕੀਤੀ ਗਈ ਹੈ। 
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮੌਜੂਦਾ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਇਕ ਪੱਤਰ ਜਾਰੀ ਕਰਦਿਆਂ ਲਿਖਿਆ ਹੈ ਕਿ ਸਾਡੀ ਗੁਜ਼ਾਰਿਸ਼ ਹੈ ਕਿ ਚੋਣ ਸਬੰਧੀ ਕਿਸੇ ਵੀ ਕਿਸਮ ਦੀ ਕੋਈ ਪੋਸਟ ਹੁਣ ਨਾ ਪਾਈ ਜਾਵੇ। ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰਨੀ ਦੀ ਹੰਗਾਮੀ ਮੀਟਿੰਗ 2 ਅਕਤੂਬਰ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਪੰਜਾਬ ਕਲਾ ਭਵਨ ਸੈਕਟਰ  16 ਚੰਡੀਗੜ੍ਹ ਵਿਖੇ ਬੁਲਾ ਲਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੀ‌‌ਟਿੰਗ ਵਿਚ ਮੌਜੂਦਾ ਸਮੇਂ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ਲੜ ਰਹੇ ਸਾਰੇ 24 ਲੇਖਕ ਅਤੇ ਸਾਰੀ ਕਾਰਜਕਾਰਨੀ ਸ਼ਾਮਲ ਹੋਵੇਗੀ। ਸੂਤਰਾਂ ਨੇ ਦੱਸਿਆ ਹੈ ਕਿ ਲੇਖਕਾਂ ਵਿਚ ਏਕਤਾ ਬਣਾਈ ਰੱਖਣ ਦੇ ਇਮਾਨਦਾਰ ਚਾਹਵਾਨ ਲੇਖਕਾਂ ਨੇ ਸੁਹਿਰਦ ਯਤਨਾਂ ਸਦਕਾ ਇਹ ਮੀਟਿੰਗ ਸੱਦੀ ਗਈ ਹੈ। ਹਾਲਾਂ ਕਿ 28 ਸਤੰਬਰ ਸ਼ਾਮ 4 ਵਜੇ ਤੱਕ ਕਾਗ਼ਜ਼ ਵਾਪਸ ਕਰਨ ਦਾ ਸਮਾਂ ਵੀ ਬੀਤ ਗਿਆ ਹੈ। ਹੁਣ ਜੇਕਰ ਸਰਬ ਸੰਮਤੀ ਨਾਲ ਚੋਣ ਹੁੰਦੀ ਹੈ ਤਾਂ ਕਾਰਜਕਾਰਨੀ ਵਿਚ ਮਤਾ ਪਾਉਣਾ ਪਵੇਗਾ, ਸਾਰਿਆਂ ਦੇ ਕਾਗ਼ਜ਼ ਵਾਪਸ ਕਰਾਉਣ ਦੀ ਪ੍ਰਕ੍ਰਿਆ ਵੀ ਪੂਰੀ ਕਰਨੀ ਹੋਵੇਗੀ। ਉਸ ਤੋਂ ਬਾਅਦ ਪ੍ਰਜਾਈਡਿੰਗ ਅਫ਼ਸਰ ਨੂੰ ਸਾਰੇ ਕਾਗ਼ਜ਼ਾਤ ਦੇਣੇ ਹੋਣਗੇ। ਜ਼ਿਕਰਯੋਗ ਹੈ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਇਸ ਚੋਣ ਵਿਚ ਖੱਬੇ ਪੱਖੀਆਂ ਦਾ ਕਾਫ਼ੀ ਬੋਲਬਾਲਾ ਸੀ, ਡਾ. ਸਰਬਜੀਤ ਸਿੰਘ ਗਰੁੱਪ ਨੂੰ ਸੀਪੀਆਈ ਦਾ ਸਮਰਥਨ ਹਾਸਲ ਸੀ ਜਦ ਕਿ ਦਰਸ਼ਨ ਬੁੱਟਰ ਗਰੁੱਪ ਨੂੰ ਸੀਪੀਐਮ ਤੇ ਪਾਸਲਾ ਗਰੁੱਪ ਦਾ ਸਮਰਥਨ ਹਾਸਲ ਸੀ। ਇਹ ਚੋਣ ਵੋਟਰਾਂ ਦੇ ਘਰੋ ਘਰੀ ਵੋਟਾਂ ਮੰਗਣ ਤੱਕ ਪੁੱਜ ਗਈ ਸੀ। ਪਰ ਅਚਾਨਕ ਕੁਝ ਅਹਿਮ ਹਸਤੀਆਂ ਦੇ ਪਏ ਦਬਾਅ ਕਾਰਨ ਸਰਬ ਸੰਮਤੀ ਹੋਣ ਦੀ ਸੰਭਾਵਨਾ ਬਣੀ ਹੈ, ਜਿਸ ਕਰਕੇ ਸਭਾ ਪੱਖੀ ਲੇਖਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ। 

1 comment: