Sunday, December 14, 2025

‘ਪਟਿਆਲਾ ਮੀਡੀਆ ਕਲੱਬ’ ਹੋਂਦ ਵਿਚ ਆਇਆ : ਵਿਸ਼ਾਲ ਰੰਬਾਨੀ ਦੀ ਪੱਤਰਕਾਰਾਂ ’ਤੇ ਚੜ੍ਹਤ

ਪੱਤਰਕਾਰੀ ਦਾ ਇਤਿਹਾਸ ਭਾਗ-12

ਲੇਖਕ : ਗੁਰਨਾਮ ਸਿੰਘ ਅਕੀਦਾ

    ਪ੍ਰਵੀਨ ਕੋਮਲ ਦਾ ਪ੍ਰੈੱਸ ਕਲੱਬ ਪਟਿਆਲਾ ਤੇ ਕਬਜ਼ਾ ਹੋ ਚੁੱਕਿਆ ਸੀ, ਉਹ ਆਰਟੀਏ ਦੀ ਇਮਾਰਤ ਵਿਚ ਆਮ ਤੌਰ ਤੇ ਆਪਣੇ ਸਾਥੀ ਕੁਝ ਪੱਤਰਕਾਰਾਂ ਕੁਝ ਕਥਿਤ ਅਖੌਤੀ ਪੱਤਰਕਾਰਾਂ ਨਾਲ ਮੀਟਿੰਗਾਂ ਕਰਦਾ ਸੀ। ਪ੍ਰੈੱਸ ਕਲੱਬ ’ਤੇ ਉਸ ਦੀ ਇਜਾਰੇਦਾਰੀ ਹੋ ਗਈ ਸੀ, ਉਹ ਹੁਣ ਸੰਤੁਸ਼ਟ ਸੀ ਭਾਵੇਂ ਉਸ ਨੂੰ ਇਹ ਇਲਮ ਬਿਲਕੁਲ ਵੀ ਨਹੀਂ ਸੀ ਕਿ ਉਸ ਨੇ ਪਟਿਆਲਾ ਦੇ ਪੱਤਰਕਾਰਾਂ ਦਾ ਕਿੰਨਾ ਵੱਡਾ ਨੁਕਸਾਨ ਕੀਤਾ ਸੀ। ਮੇਰੇ ਵਿਰੁੱਧ ਕੀਤੀਆਂ ਸਾਜ਼ਿਸ਼ਾਂ ਸ਼ਾਇਦ ਉਸ ਨੂੰ ਜੇਤੂ ਕਰਾਰ ਦੇ ਰਹੀਆਂ ਸਨ ਪਰ ਅਸਲ ਵਿਚ ਉਹ ਅਜਿਹੀ ਹਾਰ ਦਾ ਸ਼ਿਕਾਰ ਸੀ ਜੋ ਸ਼ਾਇਦ ਅੱਜ ਵੀ ਉਸ ਨੂੰ ਪ੍ਰੇਸ਼ਾਨ ਕਰਦੀ ਹੋਵੇਗੀ। ਇਹ ਉਸ ਦੀ ਮਾਮੂਲੀ ਗ਼ਲਤੀ ਨਹੀਂ ਸੀ, ਇਹ ਉਸ ਦੀ ਬੱਜਰ ਗ਼ਲਤੀ ਸੀ ਜਿਸ ਲਈ ਇਤਿਹਾਸ ਉਸ ਨੂੰ ਮਾਫ਼ ਨਹੀਂ ਕਰੇਗਾ। ਉਸ ਨੇ ਪਟਿਆਲਾ ਦੇ ਮੁੱਖ ਧਾਰਾ ਦੇ ਪੱਤਰਕਾਰਾਂ ਨਾਲ ਆਪਣੀ ਤਾਕਤ ਵਰਤਦਿਆਂ, ਆਪਣੇ ਡਰਾਵੇ ਨਾਲ, ਆਪਣੇ ਨਿੱਜ ਪੱਖੀ ਰਵੱਈਏ ਕਾਰਨ ਸਿਰਫ਼ ਧੋਖਾ ਨਹੀਂ ਕੀਤਾ ਸੀ ਸਗੋਂ ਇਕ ਵੱਡੀ ਗ਼ੱਦਾਰੀ ਕੀਤੀ ਸੀ, ਬੇਸ਼ੱਕ ਪ੍ਰਵੀਨ ਕੋਮਲ ਮੇਰਾ ਅੱਜ ਵੀ ਮਿੱਤਰ ਹੈ ਪਰ ਮੇਰੇ ਮਿੱਤਰ ਤੇ ਇਹ ਵਕਤ ਦਾ ਇਲਜ਼ਾਮ ਹੈ ਕਿ ਉਸ ਨੂੰ ਇਸ ਇਲਜ਼ਾਮ ਬਾਰੇ ਆਪਣੀ ਸਪਸ਼ਟਤਾ ਜ਼ਾਹਿਰ ਕਰਨੀ ਚਾਹੀਦੀ ਹੈ, ਭਾਈਚਾਰੇ ਵਿਚ ਨਾ ਕਿ  ਆਪਣੇ ਆਪ ਨਾਲ ਹੀ। ਮੈ ਉਸ ਦਾ ਸਤਿਕਾਰ ਕਰਦਾ ਹਾਂ ਪਰ ਬਿਨਾ ਸੋਚੇ ਸਮਝੇ ਉਸ ਦੀ ਮਦਦ ਕਰਨ ਵਾਲੇ ਕੁਝ ਪੱਤਰਕਾਰਾਂ ਵਾਂਗ ਉਸ ਦੇ ਨਾਲ ਖੜਕੇ ਆਪਣੇ ਖ਼ਿਲਾਫ਼ ਹੀ ਸਿਰਫ਼ ਪ੍ਰਧਾਨਗੀ ਕਰਕੇ ਪਟਿਆਲਾ ਦੇ ਸਮੁੱਚੇ ਪੱਤਰਕਾਰਾਂ ਦੇ ਭਵਿੱਖ ਦੇ ਰਸਤੇ ਵਿਚ ਟੋਏ ਪੁੱਟਣ ਵਾਲੇ ਗ਼ਲਤ ਕੰਮ ਕਰਨ ਕਰਕੇ ਉਸ ਦੀ ਪਿੱਠ ਨਹੀਂ ਥਾਪੜ ਸਕਦਾ। 

ਹੁਣ ਪਟਿਆਲਾ ਵਿਚ ਦੋ ਵਿਅਕਤੀਆਂ ਦੀ ਐਂਟਰੀ ਹੁੰਦੀ ਹੈ ਪੱਤਰਕਾਰਤਾ ਵਿਚ, ਹਿੰਦੁਸਤਾਨ ਟਾਈਮਜ਼ ਦੇ ਸਟਾਫ਼ ਰਿਪੋਰਟਰ ਵਿਸ਼ਾਲ ਰੰਬਾਣੀ ਦੀ ਤੇ ਅਜੀਤ ਦੇ ਪੱਤਰਕਾਰ ਧਾਲੀਵਾਲ ਦੀ, ਧਾਲੀਵਾਲ ਜਿਸ ਨੂੰ ਪੱਤਰਕਾਰ ਫੁਕਰਾ ਵੀ ਕਹਿੰਦੇ ਹਨ, ਪਰ ਆਪਾਂ ਗੰਭੀਰਤਾ ਨਾਲ ਇਹ ਸਭ ਲਿਖ ਰਹੇ ਹਾਂ ਇਸ ਕਰਕੇ ਉਸ ਨਾਲ ਮੇਰੀ ਨਿੱਜੀ ਤਮੰਨਾ ਤਾਂ ਇਹ ਸੀ ਕਿ ਉਸ ਨੂੰ ਫੁਕਰਾ ਧਾਲੀਵਾਲ ਹੀ ਲਿਖਾਂ ਪਰ ਅੰਦਰਲਾ ਜ਼ਮੀਰ ਇਸ ਤਰ੍ਹਾਂ ਕਰਨ ਤੋਂ ਰੋਕ ਰਿਹਾ ਹੈ ਇਸ ਕਰਕੇ ਆਪਾਂ ਉਸ ਨੂੰ ਧਾਲੀਵਾਲ ਨਾਮ ਨਾਲ ਹੀ ਇੱਥੇ ਲਿਖਾਂਗੇ.. ਧਾਲੀਵਾਲ ਉਂਜ ਮੇਰੇ ਬਹੁਤ ਸਾਰੇ ਦੋਸਤ ਮਿੱਤਰ ਹਨ,  ਕਿਸੇ ਵੀ ਧਾਲੀਵਾਲ ਨਾਲ ਮੇਰੀ ਕੋਈ ਦੁਸ਼ਮਣੀ ਜਾਂ ਰੰਜਸ਼ ਨਹੀਂ ਹੈ ਪਰ ਇਹ ਧਾਲੀਵਾਲ ਦੀ ਇਕ ਕਹਾਣੀ ਹੈ ਜਿਸ ਤੋਂ ਤੁਸੀਂ ਇਸ ਬਾਰੇ ਸਮਝ ਜਾਵੋਗੇ। ਫੁਕਰਾ ਨਾਮ ਇਸ ਦਾ ਪਟਿਆਲਾ ਵਿਚ ਕਿਉਂ ਪ੍ਰਚਲਿਤ ਹੋਇਆ ਕਿਉਂਕਿ ਜਦੋਂ ਕੋਈ ਵੀ ਵੀ ਆਈ ਪੀ ਦੀ ਪ੍ਰੈੱਸ ਕਾਨਫ਼ਰੰਸ ਹੁੰਦੀ ਤਾਂ ਇਸ ਦਾ ਕੰਮ ਹੁੰਦਾ ਸੀ ਕਿ ਵੀ ਆਈ ਪੀ ਦਾ ਤੋਤਾ-ਚਸ਼ਮ ਬਣ ਜਾਂਦਾ ਸੀ, ਜੇਕਰ ਕੋਈ ਪੱਤਰਕਾਰ ਉਸ ਵੀ ਆਈ ਪੀ ਨੂੰ ਸਖ਼ਤ  ਸਵਾਲ ਪੁੱਛਦਾ ਤਾਂ ਇਹ ਵਿਚ ਨੂੰ ਟੋਕ ਦਿੰਦਾ ਤੇ ਕਹਿੰਦਾ ਕਿ  ‘ਨਹੀਂ ਇੰਜ ਨਹੀਂ..’ ਤੇ ਆਪਣਾ ਸਵਾਲ ਪੁੱਛ ਬਹਿੰਦਾ, ਇਸ ਨਾਲ ਵੀ ਆਈ ਪੀ ਖ਼ੁਸ਼ ਹੁੰਦਾ ਤੇ ਇਹ ਆਪਣਾ ਪੱਤਰਕਾਰ ਵਿਰੋਧੀ ਕੰਮ ਵੀ ਕਰ ਜਾਂਦਾ.. ਹੋਰ ਬਹੁਤ ਸਾਰੀਆਂ ਅਜਿਹੀਆਂ ਫੁਕਰਾ ਪੰਥੀ ਵਾਲੀਆਂ ਕਹਾਣੀਆਂ ਹਨ.. ਅੱਗੇ ਚੱਲ ਕੇ ਸਾਂਝੀਆਂ ਕਰਾਂਗੇ..ਇਕ ਹੇਠ ਲਿਖੀ ਕਹਾਣੀ ਪੜ੍ਹ ਲਓ..  

ਕਹਾਣੀ ਇੰਜ ਹੈ : ਪਟਿਆਲਾ ਦੇ ਸਿਊਣਾ ਰੋਡ ਤੇ ਰਣਜੀਤ ਨਗਰ ਹੈ, ਜਿੱਥੇ ਇਕ ਬੀਬੀ ਵੱਲੋਂ ਆਪਣੇ ਪਤੀ ਦੇ ਨਾਮ ’ਤੇ ਜਗ੍ਹਾ ਦਾਨ ਕਰਕੇ ਗੁਰਦੁਆਰਾ ਸਾਹਿਬ ਉਸਾਰੇ ਸਨ। ਬੜੀ ਹੀ ਸ਼ਰਧਾ ਸਹਿਤ ਰਣਜੀਤ ਨਗਰ ਵਾਸੀਆਂ ਨੇ ਇੱਥੇ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਨਾ ਜਾਰੀ ਕੀਤਾ ਹੋਇਆ ਸੀ, ਤੇ ਗੁਰਦੁਆਰਾ ਸਾਹਿਬ ਉਸਾਰ ਦਿੱਤੇ ਗਏ ਸਨ, ਇੱਥੇ ਹੀ ਸਿਊਣਾ ਰੋਡ ਤੇ ਰਣਜੀਤ ਨਗਰ ਵਿਚ ਸਿਆਣੇ ਸਮਝਦਾਰ ਬੰਦਿਆਂ ਨੇ ਕਰੀਬ 1000 ਵਰਗ ਗਜ਼ ਥਾਂ ਸਰਕਾਰੀ ਪ੍ਰਾਇਮਰੀ ਸਕੂਲ ਲਈ ਛੱਡੀ ਸੀ ਤਾਂ ਕਿ ਇੱਥੇ ਦੇ ਆਮ ਪਰਿਵਾਰਾਂ ਦੇ ਬੱਚੇ ਮੁਢਲੀ ਸਿੱਖਿਆ ਹਾਸਲ ਕਰ ਸਕਣ। ਇਸ ਥਾਂ ਨੂੰ ਦੋ ਸੜਕ ਲੱਗਦੀਆਂ ਸਨ, ਸਕੂਲ ਲਈ ਢੁਕਵੀਂ ਥਾਂ ਸੀ। 

ਇੱਥੇ ਜੋ ਮੌਜੂਦ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਨਤਮਸਤਕ ਹਨ ਉਸ ਵਿਚ ਪ੍ਰਬੰਧਕ ਕਮੇਟੀ ਵਿਚ ਕੁਝ ‘ਸਰਮਾਏਦਾਰ ਸਿੱਖ ਸਮਾਜ’ ਦੇ ਬੰਦੇ ਵੀ ਸ਼ੁਮਾਰ ਸਨ। ਅਚਾਨਕ ‘ਸਰਮਾਏਦਾਰ ਸਿੱਖ ਸਮਾਜ’ ਦੇ ਕੁਝ ਲੋਕਾਂ ਨੇ ਇਹ ਫ਼ੈਸਲਾ ਕੀਤਾ ਕਿ ਗੁਰਦੁਆਰਾ ਸਾਹਿਬ ਸੜਕ ’ਤੇ ਸਕੂਲ ਵਾਲੀ ਥਾਂ ਵਿਚ ਬਣਾਇਆ ਜਾਵੇ, ਤੇ ਜੋ ਇਹ ਗੁਰਦੁਆਰਾ ਚੱਲ ਰਿਹਾ ਹੈ, ਉੱਥੇ ਸਕੂਲ ਬਣਾ ਦਿੱਤਾ ਜਾਵੇ। ਪਰ ਇਸ ਤੇ ਜਗ੍ਹਾ ਦਾਨ ਕਰਕੇ ਆਪਣੇ ਪਤੀ ਦੇ ਨਾਮ ’ਤੇ ਗੁਰੂ ਘਰ ਬਣਾਉਣ ਵਾਲੀ ਬੀਬੀ ਨੇ ਇਤਰਾਜ਼ ਕਰ ਦਿੱਤਾ। ‘ਸਰਮਾਏਦਾਰ ਸਿੱਖ ਸਮਾਜ’ ਨੇ ਇਸ ਦੀ ਪ੍ਰਵਾਹ ਨਾ ਕਰਦਿਆਂ ਸੜਕ ’ਤੇ ਸਕੂਲ ਲਈ ਛੱਡੀ ਗਈ ਥਾਂ ਦੇ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ੁਸ਼ੋ‌ਭਿਤ ਕਰ ਦਿੱਤੇ। ਕਰੀਬ 90 ਫ਼ੀਸਦੀ ਲੋਕ ਇਸ ਦੇ ਵਿਰੋਧ ਵਿਚ ਖੜ ਗਏ। 90 ਫ਼ੀਸਦੀ ਲੋਕ ਸਕੂਲ ਵਾਲੀ ਥਾਂ ਤੇ ਸਕੂਲ ਬਣਾਉਣਾ ਚਾਹੁੰਦੇ ਸਨ। ਤੇ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੈ ਉੱਥੇ ਗੁਰਦੁਆਰਾ ਸਾਹਿਬ ਹੀ ਚਾਹੁੰਦੇ ਸਨ। ਮੈਂ (ਇਨ੍ਹਾਂ ਸਤਰਾਂ ਦਾ ਲੇਖਕ) ਵੀ 90 ਫ਼ੀਸਦੀ ਲੋਕਾਂ ਵਿਚ ਸੀ। ਇੱਥੇ ਰਹਿਣ ਵਾਲਾ ਇਕ ਕਾਂਗਰਸੀ ਵੀ 90 ਫ਼ੀਸਦੀ ਲੋਕਾਂ ਦੇ ਭਾਵ ਸਾਡੇ ਨਾਲ ਸੀ ਜਿਸ ਦੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨਾਲ ਕਾਫ਼ੀ ਨੇੜਤਾ ਸੀ  ਪਤਾ ਨਹੀਂ ਕੀ ਹੋਇਆ ਸਾਡੇ ਸੰਘਰਸ਼ ਨਾਲ ਚੱਲ ਰਿਹਾ ਉਹ ਕਾਂਗਰਸੀ ਸਾਡੇ ਸੰਘਰਸ਼ ਵਿਚੋਂ ਅਚਾਨਕ ਗ਼ਾਇਬ ਹੋ ਗਿਆ। ਮੈਂ ਇਕ ਦਿਨ ਸੰਘਰਸ਼ ਦੇ ਚੱਲ ਰਹੇ ਪ੍ਰੋਗਰਾਮ ਵਿਚ ਬੋਲ ਰਿਹਾ ਸੀ ਮੈਂ ਬੋਲ ਦਿੱਤਾ ਕਿ ‘ਹੁਣ ਉਹ ਵੀ (ਕਾਂਗਰਸੀ ਦਾ ਨਾਮ ਲੈ ਕੇ) ਸਾਡੇ ਕੋਲੋਂ ਗ਼ਾਇਬ ਹੋ ਗਿਆ ਹੈ। ਸ਼ਾਇਦ (ਪੱਕਾ ਨਹੀਂ) ਧਾਲੀਵਾਲ ਉਸ ਦੇ ਸੰਪਰਕ ਵਿਚ ਸੀ, ਮੈਨੂੰ ਨਹੀਂ ਪਤਾ ਕਿ ਉਸ ਕਾਂਗਰਸੀ ਨੂੰ ਮੇਰੇ ਬਾਰੇ ਕਿਸੇ ਨੇ ਕੀ ਕੀ ਲੂਤੀਆਂ ਲਾਈਆਂ ਕਿ ਇਕ ਦਿਨ ਜਦੋਂ ਮੈਂ ਡਿਊਟੀ ਤੋਂ ਸ਼ਾਮ ਵਕਤ ਸਕੂਟਰ ਤੇ ਘਰ ਆ ਰਿਹਾ ਸੀ ਤਾਂ ਕੁਝ ਮੁੰਡੇ ਨਾਲ ਲੈ ਕੇ ਉਹ ਕਾਂਗਰਸੀ ਮੈਨੂੰ ਕੁੱਟਣ ਦੇ ਇਰਾਦੇ ਨਾਲ ਸਿਊਣਾ ਚੌਂਕ ਤੇ ਖੜ ਗਿਆ। ਕਿਉਂਕਿ ਉਹ ਵੀ ‘ਸਰਮਾਏਦਾਰ ਜੱਟ ਸਮਾਜ’ ਵਿਚੋਂ ਹੀ ਸੀ, ਉਸ ਨਾਲ ਧਾਲੀਵਾਲ ਵੀ ਸੀ ਜਾਂ ਨਹੀਂ ਮੈਨੂੰ ਨਹੀਂ ਪਤਾ, ਮੈਂ ਡਿਊਟੀ ਤੋਂ ਘਰ ਆ ਰਿਹਾ ਸੀ ਤਾਂ ਸਿਉਣਾ ਚੌਂਕ ਤੇ ਮੈਂ ਉਹ ਕਾਂਗਰਸੀ ਤੇ ਕੁਝ ਹੋਰਾਂ ਮੁੰਡਿਆਂ ਨੂੰ ਖੜੇ ਦੇਖਿਆ ਤੇ ਮੈਂ ਸਮਝ ਗਿਆ ਸੀ ਕਿ ਕੁਝ ਗ਼ਲਤ ਹੈ, ਇਸ ਕਰਕੇ ਮੈਂ ਝਕਾਨੀ ਦੇ ਕੇ ਉੱਥੋਂ ਸਕੂਟਰ ਭਜਾ ਕੇ ਲੈ ਗਿਆ, ਮੇਰੇ ਤੇ ਹਮਲਾ ਕਰਨ ਤੇ ਇਹ ਗਰੁੱਪ ਕਾਮਯਾਬ ਨਹੀਂ ਹੋਇਆ, ਇਸ ਗੱਲ ਦਾ ਉਹ ਕਾਂਗਰਸੀ ਵੀ ਗਵਾਹ ਹੈ, ਮੈਂ ਤੇ ਉਹ ਕਾਂਗਰਸੀ ਅੱਜ ਤੱਕ ਮੁੜ ਕੇ ਇਕੱਠੇ ਨਹੀਂ ਹੋਏ। ਬੇਸ਼ੱਕ ਅਸੀਂ ਕਈ ਵਾਰੀ ਆਹਮੋ ਸਾਹਮਣੇ ਵੀ ਆਏ ਪਰ ਨਾ ਕਦੇ ਮੈਂ ਨਾ ਕਦੇ ਉਸ ਨੇ , ਸਾਡੀ ਕਦੇ ਮੁਲਾਕਾਤ ਨਹੀਂ ਹੋਈ,  ਸਾਡੀ ਮੁੜ ਕੇ ਨਾ ਕਦੇ ਮਿੱਤਰਤਾ ਹੋਈ ਨਾ ਮੁੜ ਕੇ ਉਸ ਨੇ ਕਦੇ ਮੇਰੇ ਤੇ ਅਟੈਕ ਕੀਤਾ, ਧਾਲੀਵਾਲ ਵੀ ਮੁੜ ਕੇ ਕਦੇ ਪਿਕਚਰ ਵਿਚ ਨਹੀਂ ਆਇਆ, ਅੱਜ ਵੀ ਉਸ ਕਾਂਗਰਸੀ ਮੁੰਡੇ ਨੂੰ ਪੁੱਛਿਆ ਜਾ ਸਕਦਾ ਹੈ ਕਿ ਅਸਲ ਵਿਚ ਕੀ ਕਹਾਣੀ ਵਾਪਰੀ ਸੀ। 

ਪਰ ਧਾਲੀਵਾਲ ਨੇ ਇਸ ਗੱਲ ਨੂੰ ਪਟਿਆਲਾ ਦੇ ਪੱਤਰਕਾਰਾਂ ਕੋਲ ਆਪਣੇ ਤਰੀਕੇ ਫੁਕਰੇ ਪਣ ਵਿਚ ਬਣਾ ਕੇ ਪੇਸ਼ ਕੀਤਾ, ਉਸ ਨੇ ਪੱਤਰਕਾਰਾਂ ਨੂੰ ਕਿਹਾ ਕਿ ‘‘ਮੈਂ -ਅਸੀਂ ਅਕੀਦੇ ਨੂੰ ਕੁੱਟਿਆ ਸੀ, ਉਸ ਦੀ ਪਗੜੀ ਉਤਾਰੀ ਸੀ, ਉਸ ਦੀ ਬੇਇੱਜ਼ਤੀ ਕੀਤੀ ਸੀ, ਉਸ ਦੀ ਪੱਗ ਅੱਜ ਤੱਕ ਵੀ ਸਾਡੇ ਕੋਲ ਪਈ ਹੈ’’ ਇਹ ਝੂਠ ਉਹ ਪਟਿਆਲਾ ਦੇ ਕੁਝ ਪੱਤਰਕਾਰਾਂ ਨੂੰ ਬੜੇ ਹੁੱਬ ਕੇ ਸੁਣਾਉਂਦੇ ਰਿਹਾ। ਇਸ ਬਾਰੇ ਪੱਤਰਕਾਰ ਮੈਨੂੰ ਵੀ ਦੱਸ ਦਿੰਦੇ ਸਨ। ਇਸੇ ਕਰਕੇ ਉਸ ਨੂੰ ਫੁਕਰਾ ਕਿਹਾ ਜਾਂਦਾ ਹੈ, ਉਸ ਕਰਕੇ ਅਜੀਤ ਅਖ਼ਬਾਰ ਦਾ ਸਟਾਫ਼ ਵੀ ਕਥਿਤ ਦੋ ਫਾੜ ਹੋ ਗਿਆ ਸੀ। ਉਸ ਦੀ ਆਦਤ ਸੀ ਕਿ ਵੀ ਆਈ ਪੀ ਨੂੰ ਸਵਾਲ ਪੁੱਛਣ ਤੋਂ ਪਹਿਲਾਂ ਉਸ ਦੇ ਗੋਡੇ ਹੱਥ ਲਾਉਂਦਾ ਸੀ, ਜੇਕਰ ਕੋਈ ਪੱਤਰਕਾਰ ਵੀ ਆਈ ਪੀ ਤੋਂ ਸਖ਼ਤ ਸਵਾਲ ਪੁੱਛਦਾ ਤਾਂ ਇਹ ਵੀ ਆਈ ਪੀ ਦੀ ਢਾਲ ਬਣ ਜਾਂਦਾ ਸੀ। 

ਹਾਂ ਗੱਲ ਸਾਡੇ ਸਕੂਲ ਤੇ ਗੁਰਦੁਆਰੇ ਦੀ ਵੀ ਕੁਝ ਸ਼ਬਦਾਂ ਵਿਚ ਪੂਰੀ ਕਰ ਦਿੰਦੇ ਹਾਂ, ਜਥੇਦਾਰ ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦੇ ਸਨ ਤੇ ਸਾਡੇ ‘ਸਰਮਾਏਦਾਰ ਸਿੱਖ ਸਮਾਜ’ ਦੇ ਆਗੂ ਟੌਹੜਾ ਸਾਹਿਬ ਨਾਲ ਨੇੜਤਾ ਰੱਖਦੇ ਸਨ, ਰਣਜੀਤ ਨਗਰ ਦੇ  ‘ਸਰਮਾਏਦਾਰ ਸਿੱਖ ਸਮਾਜ’ ਨੇ ਸਾਜ਼ਿਸ਼ ਰਚੀ ਜਿਸ ਵਿਚ ਸਾਡੇ ’ਤੇ ਦੋਸ਼ ਸੀ ਕਿ ਅਸੀਂ ਸਕੂਲ ਵਿਚ ਸੁਸ਼ੋਭਿਤ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚਾਰਦੀਵਾਰੀ ਢਾਹੀ ਹੈ, ਜਿਸ ਦੀ ਸ਼ਿਕਾਇਤ ਥਾਣੇ ਵਿਚ ਦੇ ਦਿੱਤੀ ਗਈ, ਜੋ ਕਿ ਬਿਲਕੁਲ ਝੂਠੀ ਸੀ, ਪਰ ‘ਸਰਮਾਏਦਾਰ ਸਿੱਖ ਸਮਾਜ’ ਦੀ ਚੱਲਦੀ ਸੀ, ਹਮੇਸ਼ਾ ਚੱਲਦੀ ਹੁੰਦੀ ਹੈ, ਜੋ ਸਰਕਾਰੀ ਦਬਦਬੇ ਹੇਠ ਝੂਠੇ ਕੇਸ ਬਣਾ ਕੇ ਆਮ ਲੋਕਾਂ ਨੂੰ ਇੰਜ ਹੀ ਡਰਾਉਂਦੇ ਹਨ ਤੇ ਜ਼ੁਲਮ ਕਰਦੇ ਹਨ, ਮੈਂ ਘਰ ਬੈਠਾ ਸੀ ਤਾਂ ਧਾਲੀਵਾਲ ਦਾ ਭਰਾ ਗਿੱਲ... (ਧਾਲੀਵਾਲ ਦਾ  ਭਰਾ ਗਿੱਲ ਕਿਵੇਂ ਇਹ ਵੀ ਕਹਾਣੀ ਹੈ ਉਸ ਬਾਰੇ ਇੱਥੇ ਸਪਸ਼ਟ ਕਰਨ ਦੀ ਲੋੜ ਨਹੀਂ ਹੈ) ਪੁਲੀਸ ਨੂੰ ਮੇਰੇ ਘਰ ਲੈ ਕੇ ਆਉਂਦਾ ਹੈ, ਜਦ ਕਿ ਮੈਨੂੰ ਪਤਾ ਵੀ ਨਹੀਂ ਕਿ ਮੇਰਾ ਨਾਮ ਵੀ ਪੁਲੀਸ ਕੋਲ ਲਿਖਾਇਆ ਜਾ ਚੁੱਕਾ ਹੈ। ਪਰ ਕੌਣ ਜਾਣੇ ਗਿੱਲ ਦੀ ਸ਼ਨਾਖ਼ਤ ਤੇ ਮੈਨੂੰ ਪੁਲੀਸ ਨੇ ਫੜ ਲਿਆ ਸੀ ਤੇ 17 ਹੋਰ ਬੰਦੇ ਫੜ ਲਏ ਸਨ ਸਾਨੂੰ ਸਾਰਿਆਂ ਨੂੰ ਐਸਡੀਐਮ ਮੈਡਮ ਰਿਆੜ ਨੇ ਪਟਿਆਲਾ ਦੀ ਸੈਂਟਰਲ ਜੇਲ੍ਹ ਵਿਚ ਭੇਜ ਦਿੱਤਾ ਸੀ, ‘ਸਰਮਾਏਦਾਰ ਸਿੱਖ ਸਮਾਜ’ ਦੀ ਹਉਮੈ ਦੇਖੋ ਕਿ ਅਸੀਂ ਪੁਲੀਸ ਦੀ ਗੱਡੀ ਵਿਚ ਜੇਲ੍ਹ ਵੱਲ ਲੈ ਜਾਏ ਜਾ ਰਹੇ ਸਾਂ ਤੇ ਸਾਡੇ ਪਿੱਛੇ ਪਿੱਛੇ ‘ਸਰਮਾਏਦਾਰ ਸਿੱਖ ਸਮਾਜ’ ਦੇ ਹਉਮੈ ਵਿਚ ਗ੍ਰਸਤ ਕੁਝ ਬੰਦੇ ਸਾਨੂੰ ਜੇਲ੍ਹ ਤੱਕ  ਛੱਡਣ ਆਏ ਸਨ, ਉਹਨਾਂ ਦੇ ਖਿੜੇ ਹੋਏ ਚਿਹਰੇ ਮੈਨੂੰ ਅੱਜ ਵੀ ਯਾਦ ਹਨ ਤੇ ਸਾਡੇ ਸਮਾਜਕ ਭਲਾਈ ਕਾਰਨ ਕੁਰਬਾਨੀ ਦੇਣ ਵਾਲੇ ਚਿਹਰੇ ਵੀ ਖਿੜੇ ਹੋਏ ਸਨ। ‘ਸਰਮਾਏਦਾਰ ਸਿੱਖ ਸਮਾਜ’ ਜਿੱਤ ਗਿਆ ਸੀ ਤੇ ਅਸੀਂ ਹਾਰ ਗਏ ਸੀ, ਅੱਜ ਤੁਸੀਂ ਸਿਉਣਾ ਰੋਡ ਤੇ ਰਣਜੀਤ ਨਗਰ ਵਿਚ ਆਓ ਤਾਂ ਦੇਖਣਾ ਕਿ ਜਮਾਂ ਥੋੜ੍ਹੀ ਦੂਰੀ ਤੇ ਦੋ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ, ਸਵੇਰੇ ਸ਼ਾਮ ਜਦੋਂ ਸਤਿਕਾਰਯੋਗ ਗੁਰਬਾਣੀ ਦਾ ਪਾਠ ਹੁੰਦਾ ਹੈ ਤਾਂ ਇਸ ਇਲਾਕੇ ਦੇ ਲੋਕਾਂ ਵਿਚ ਬੇਚੈਨੀ ਫੈਲਦੀ ਹੈ। (ਫ਼ੋਟੋ ਨਾਲ ਅਟੈਚ ਹੈ)



ਹੁਣ ਤੁਸੀਂ ਸਮਝੋ ਕਿ ਜਿੱਥੇ ਪਹਿਲਾਂ ਹੀ ਗੁਰਦੁਆਰਾ ਸਾਹਿਬ ਹੋਣ ਤੇ ਉਸ ਦੇ ਨਾਲ ਹੀ ਸਕੂਲ ਦੀ ਥਾਂ ਹੋਵੇ ਤੇ ਕੀ ਉਸ ਥਾਂ ਵਿਚ ਸਕੂਲ ਬਣਨਾ ਜ਼ਰੂਰੀ ਸੀ? ਜਾਂ ਫਿਰ ਗੁਰਦੁਆਰਾ ਸਾਹਿਬ ਬਣਨਾ ਜ਼ਰੂਰੀ ਸੀ? ਅਸੀਂ ਚਾਹੁੰਦੇ ਸੀ ਕਿ ਪਹਿਲਾਂ ਗੁਰਦੁਆਰਾ ਸਾਹਿਬ ਇੱਥੇ ਹਨ ਜਿੱਥੇ ਸਕੂਲ ਦੀ ਥਾਂ ਹੈ ਉੱਥੇ ਸਕੂਲ ਹੀ ਬਣੇ ਪਰ ‘ਸਰਮਾਏਦਾਰ ਸਿੱਖ ਸਮਾਜ’ ਜਿਸ ਦਾ ਹਮਾਇਤੀ ਧਾਲੀਵਾਲ ਵੀ ਸੀ ਨੇ ਸਕੂਲ ਦੀ ਥਾਂ ਗੁਰਦੁਆਰਾ ਸਾਹਿਬ ਬਣਾ ਦਿੱਤਾ ਜੋ ਅੱਜ ਇਕ ਵੱਡੇ ਗੁਰਦੁਆਰਾ ਸਾਹਿਬ ਵਜੋਂ ਸੁਸ਼ੋਭਿਤ ਹੈ, ਬੇਸ਼ੱਕ ਹੁਣ ਵੀ ਬਹੁਤ ਸਾਰੇ ਲੋਕ ਅੱਜ ਵੀ ਵੰਡੇ ਹੋਏ ਹਨ ਕੁਝ ਲੋਕ ਪਹਿਲਾਂ ਵਾਲੇ ਗੁਰਦੁਆਰਾ ਸਾਹਿਬ ਵਿਚ ਹੀ ਜਾਂਦੇ ਹਨ ਤੇ ਕੁਝ ਲੋਕ ਨਵੇਂ ਬਣੇ ਗੁਰਦੁਆਰੇ ਵਿਚ ਹੀ ਜਾਂਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਧਾਰਨਾ ਮਨੁੱਖਤਾ ਨੂੰ ਇਕ ਸੰਗਤ ਵਿਚ ਬੈਠਣ ਦਾ ਸੰਦੇਸ਼ ਦੇਣ ਵਾਲੀ ਹੈ ਪਰ ਇੱਥੇ ਕੁਝ ਲੋਕ ਇੰਜ ਹੀ ਕਰਕੇ ਹਨ, ਪਰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦਾ ਹੋਇਆ ਦੋਵੇਂ ਗੁਰਦੁਆਰਾ ਸਾਹਿਬਾਨ ਵਿਚ ਜਾ ਕੇ ਨਤਮਸਤਕ ਹੋ ਆਉਂਦਾ ਹਾਂ, ਹਾਂ ਕੀ ਸਕੂਲ ਵਾਲੀ ਥਾਂ ਤੇ ਗੁਰਦੁਆਰਾ ਸਾਹਿਬ ਬਣਨਾ ਚਾਹੀਦਾ ਸੀ ਜਾਂ ਨਹੀਂ? ਕੀ ਸਹੀ ਹੈ ਕੀ ਗ਼ਲਤ ਹੈ ਸੰਵੇਦਨਸ਼ੀਲ ਲੋਕ ਸਮਝ ਜਾਣਗੇ।

ਜਦੋਂ ਧਾਲੀਵਾਲ ਪਹਿਲੀ ਵਾਰ ਡੀਪੀਆਰਓ ਦਫ਼ਤਰ ਦੇ ‘ਪ੍ਰੈੱਸ ਰੂਮ’ ਵਿਚ ਸਾਡੀ ਪੱਤਰਕਾਰਾਂ ਦੀ ਚੱਲ ਰਹੀ ਮੀਟਿੰਗ ਵਿਚ ਸ਼ਾਮਲ ਹੋਇਆ ਸੀ ਤਾਂ ਮੈਂ ਖ਼ਾਸ ਕਰਕੇ ਖੜੇ ਹੋਕੇ ਉਸ ਦਾ ਸਵਾਗਤ ਕੀਤਾ ਸੀ, ਉਸ ਦਾ ਸਾਰੇ ਪੱਤਰਕਾਰਾਂ ਨਾਲ ਤੁਆਰਫ਼ ਕਰਾਇਆ ਸੀ। ਪਰ ਉਸ ਨੇ ਮੇਰੇ ਵਿਰੋਧ ਵਿਚ ਪ‌ਟਿਆਲਾ ਦੇ ਪੱਤਰਕਾਰਾਂ ਵਿਚ ਕੀ ਸਿਰਜਿਆ ਉਹਨਾਂ ਘਟਨਾਵਾਂ ਦਾ ਅੱਗੇ ਜ਼ਿਕਰ ਕਰਾਂਗੇ। ਉਹ ਸ਼ਾਇਦ ਪੱਤਰਕਾਰੀ ਘੱਟ ਮੇਰੇ ਖ਼ਿਲਾਫ਼ ਹਰ ਥਾਂ ਤੇ ਸਾਜਿਸ਼ ਕਰਕੇ ਮੈਨੂੰ ਪੱਤਰਕਾਰਾਂ ਵਿਚ ਬਦਨਾਮ ਕਰਨ ਲਈ ਹੀ ਆਇਆ ਸੀ। ਜਦੋਂ ਮੈਂ ਘਰੋਂ ਬਾਹਰ ਜਾਂਦਾ ਸਾਂ ਤਾਂ ਰਸਤੇ ਵਿਚ ਸੜਕ ਤੇ ਹੀ ਉਸ ਦਾ ਘਰ ਪੈਦਾ ਹੈ, ਜੇਕਰ ਉਹ ਆਪਣੇ ਘਰ ਦੇ ਬਾਹਰ ਗੇਟ ਤੇ ਖੜ੍ਹਾ ਹੁੰਦਾ ਜੋ ਅਕਸਰ ਖੜ੍ਹਾ ਹੁੰਦਾ ਸੀ, ਜਦੋਂ ਮੈਂ ਉੱਥੋਂ ਲੰਘਣਾ ਤਾਂ ਉਸ ਨੇ ਅੱਖਾਂ ਕੱਢ ਲੈਣੀਆਂ ਤੇ ਡਰਾਉਣ ਦੇ ਤਰੀਕੇ ਨਾਲ ਮੇਰੇ ਵੱਲ ਟਿਕ ਟਿਕੀ ਲਾਕੇ ਦੇਖਣਾ, ਜਿੱਦਾਂ ਬਚਪਨ ਵਿਚ ਬੱਚੇ ਕਰਦੇ ਹੁੰਦੇ ਹਨ। ਮੇਰੀ ਸਰਮਾਏਦਾਰ ਸਿੱਖ ਸਮਾਜ ਦੇ ਲੋਕਾਂ ਨਾਲ ਵੀ ਪੱਤਰਕਾਰਤਾ ਕਰਕੇ ਚੰਗੀ ਬਣ ਗਈ ਸੀ, ਜਿਸ ਕਰਕੇ ਮੈਂ ਉਨ੍ਹਾਂ ਨੂੰ ਵੀ ਕਿਹਾ ਸੀ  ਕਿ ਇਹ ਕੀ ਬਚਿਆਂ ਵਾਲੀਆਂ ਗੱਲਾਂ ਕਰਦਾ ਹੈ, .. ਪਰ..  

ਪਟਿਆਲਾ ਦੇ ਪੱਤਰਕਾਰਾਂ ਵਿਚ ਹੁਣ ਵਿਸ਼ਾਲ ਰੰਬਾਨੀ ਦੀ ਐਂਟਰੀ ਹੋ ਚੁੱਕੀ ਸੀ। ਉਸ ਤੋਂ ਪਹਿਲਾਂ ਪਟਿਆਲਾ ਦੇ ਕੁਝ ਪੱਤਰਕਾਰਾਂ ਨੇ ਪਟਿਆਲਾ ਦੇ ਪੱਤਰਕਾਰਾਂ ਦੀ ਇਕ ਹੋਰ ਜਥੇਬੰਦੀ ਬਣਾਉਣ ਦਾ ਫ਼ੈਸਲਾ ਕੀਤਾ, ਪਟਿਆਲਾ ਪ੍ਰੈੱਸ ਕਲੱਬ, ਪ੍ਰੈੱਸ ਕਲੱਬ ਪ‌ਟਿਆਲਾ ਤਾਂ ਪਹਿਲਾਂ ਹੀ ਹੋਂਦ ਵਿਚ ਆ ਚੁੱਕੇ ਸਨ। ਹੁਣ ਨਵੀਂ ਜਥੇਬੰਦੀ ਬਣਾਉਣ ਲਈ ਨਾਮ ਵੀ ਚੰਗਾ ਜਿਹਾ ਸੋਚਣਾ ਬਣਦਾ ਸੀ। ਉੱਧਰ ਵਿਸ਼ਾਲ ਰੰਬਾਨੀ ਅੰਮ੍ਰਿਤਸਰ ਵਾਇਆ ਚੰਡੀਗੜ੍ਹ ਪਟਿਆਲਾ ਵਿਚ ਆਇਆ ਸੀ, ਉਂਜ ਉਸ ਦੀਆਂ ਅੰਮ੍ਰਿਤਸਰ ਦੀਆਂ ਕਹਾਣੀਆਂ ਵੀ ਕੁਝ ਸੁਣੀਆਂ ਹਨ, ਜਿਸ ਦੇ ਤੱਥ ਸਾਡੇ ਕੋਲ ਮੌਜੂਦ ਹਨ, ਜਿਨ੍ਹਾਂ ਦਾ ਜ਼ਿਕਰ ਇੱਥੇ ਕਰਨਾ ਬਣਦਾ ਨਹੀਂ ਹੈ, (ਅਸੀਂ ਰੰਬਾਨੀ ਦੀ ਤਰ੍ਹਾਂ ਨਹੀਂ ਹਾਂ ਕਿ ਵਿਰੋਧਤਾ ਸਾਡੀ ਕਰ ਰਿਹਾ ਸੀ ਤੇ ਹਮਲੇ ਨਿੱਜੀ ਕਰ ਰਿਹਾ ਸੀ ਤੇ ਸਾਡੇ ਪਰਿਵਾਰ ਨੂੰ ਵੀ ਤਬਾਹ ਕਰਨ ਲਈ ਸਾਰੇ ਸਿਧਾਂਤ ਛਿੱਕੇ ਟੰਗੇ.. ਪਰ ਅਸੀਂ ਉਸ ਵਰਗੇ ਨਹੀਂ ਹਾਂ, ਸਾਡਾ ਇਨਸਾਨੀਅਤ ਵਾਲਾ ਕਿਰਦਾਰ ਹੈ, ਇਸ ਕਰਕੇ ਉਸ ਨਾਲ ਜੋ ਅੰਮ੍ਰਿਤਸਰ ਵਿਚ ਵਾਪਰਿਆ ਸੀ ਉਹ ਇੱਥੇ ਨਹੀਂ ਲਿਖਾਂਗੇ ਨਾ ਹੀ ਉਸ ਦੇ ਤੱਥ ਹੀ ਇੱਥੇ ਦੇਵਾਂਗੇ) ਉਹ ਪਟਿਆਲਾ ਵਿਚ ਆਕੇ ਪਟਿਆਲਾ ਦੇ ਪੱਤਰਕਾਰਾਂ ਦੀ ਨਬਜ਼ ਫੜ ਰਿਹਾ ਸੀ, ਪੱਤਰਕਾਰਾਂ ਦੀ ਮੰਨੂ ਸਿਮ੍ਰਿਤੀ ਤੇ ਸਿਮ੍ਰਿਤੀ ਪੜ੍ਹ ਰਿਹਾ ਸੀ, ਬੜੇ ਹੀ ਦਿਮਾਗ਼ੀ ਤਰੀਕੇ ਨਾਲ ਪੱਤਰਕਾਰਾਂ ਵਿਚ ਪਈਆਂ ਤਰੇੜਾਂ ਨੂੰ ਉਹ ਸਮਝ ਰਿਹਾ ਸੀ। ਉਸ ਦੇ ਦਿਮਾਗ਼ ਦੀ ਦਾਦ ਦੇਣੀ ਬਣਦੀ ਹੈ ਕਿ ਉਹ ਹਰੇਕ ਪੱਤਰਕਾਰ ਨੂੰ ਆਪਣਾ ਬਣਾਉਣ ਦਾ ਤਰੀਕਾ ਜਾਣਦਾ ਸੀ, ਪਟਿਆਲਾ ਦੇ ਪੱਤਰਕਾਰ ਤਾਂ ਨਵੇਂ ਨਵੇਂ ਫੱਟ ਖਾ ਕੇ ਅਜੇ ਪੈਰਾਂ ਸਿਰ ਵੀ ਨਹੀਂ ਹੋਏ ਸਨ ਉਹ ਤਾਂ ਅਜੇ ਤੱਕ ਆਪਣਾ ਆਪ ਹੀ ਨਹੀਂ ਸੰਭਾਲ ਪਾ ਰਹੇ ਸਨ ਪਰ ਇੱਥੇ ਰੰਬਾਨੀ ਹੋਰੀਂ ਆ ਗਏ ਸਨ, ਜੋ ਹਮੇਸ਼ਾ ਆਪਣੀ ਜੇਬ ਵਿਚ 5-7 ਮੰਤਰੀ ਰੱਖਦੇ ਸਨ। ਜਿਸ ਬਾਰੇ ਅੱਗੇ ਜਾ ਕੇ ਚਾਨਣਾ ਪਾਵਾਂਗੇ।

ਪਰ ਇਸ ਵੇਲੇ ਪਟਿਆਲਾ ਵਿਚ ਇਕ ਜਥੇਬੰਦੀ ਦੀ ਲੋੜ ਸੀ, ਪੱਤਰਕਾਰਾਂ ਦੀ ਆਪਣੀ ਜਥੇਬੰਦੀ, ਜਿਸ ਵਿਚ ਪੱਤਰਕਾਰਾਂ ਦੇ ਹੱਕਾਂ ਦੀ ਗੱਲ ਹੋ ਸਕੇ, ਵਿਚ ਪੱਤਰਕਾਰਾਂ ਲਈ ਚੰਗਾ ਕੀਤਾ ਜਾ ਸਕੇ, ਕੁਝ ਸਿਆਣੇ ਤੇ ਚੰਗੇ ਪੱਤਰਕਾਰ ਇਸ ਸਬੰਧੀ ਚਿੰਤਤ ਸਨ ਕਿ ਪ੍ਰੈੱਸ ਕਲੱਬ ਪਟਿਆਲਾ ਦੇ ਪ੍ਰਵੀਨ ਕੋਮਲ ਦਾ ਕਬਜ਼ਾ ਹੋ ਹੀ ਗਿਆ ਹੈ ਪਰ ਹੁਣ ਉੱਧਰ ਕੋਈ ਲੜਾਈ ਲੜਨ ਦੀ ਥਾਂ ਤੇ ਹੁਣ ਕੋਈ ਹੋਰ ਜਥੇਬੰਦੀ ਬਣਾ ਲੈਣੀ ਚਾਹੀਦੀ ਹੈ। ਮੈਂ ਦੇਸ ਸੇਵਕ ਤੋਂ ਅਸਤੀਫ਼ਾ ਦੇ ਕੇ ਸਪੋਕਸਮੈਨ ਅਖ਼ਬਾਰ ਦਾ ਸੂਬਾ ਬਿਊਰੋ ਚੀਫ਼ ਬਣ ਗਿਆ ਸੀ, ਬੇਸ਼ੱਕ ਸਪੋਕਸਮੈਨ ਦਾ ਸੂਬਾ ਬਿਊਰੋ ਚੀਫ਼ ਜਾਂ ਜ਼ਿਲ੍ਹਾ ਬਿਊਰੋ ਚੀਫ਼ ਉੱਥੇ ਕਿਸੇ ਬਿਊਰੋ ਚੀਫ਼ ਦੀ ਕੋਈ ਪ੍ਰਵਾਹ ਨਹੀਂ ਕਰਦੇ ਪ੍ਰਬੰਧਕ ਜਿਸ ਬਾਰੇ ਮੈਂ ਆਪਣੀ ਛਪੀ ਕਿਤਾਬ ‘ਪੱਤਰਕਾਰ ਦੀ ਮੌਤ’ ਵਿਚ ਸਪਸ਼ਟ ਕਰ ਦਿੱਤਾ ਹੈ। ਉਹ ਕਿਤਾਬ ਵੀ ਇਸੇ ਬਲਾਗ ਵਿਚ ਆਨ ਲਾਈਨ ਪਈ ਹੈ ਪੱਤਰਕਾਰਾਂ ਵਿਚ ਆਏ ਗੈਰ ਮਾਮੂਲੀ ਨਿਘਾਰ ਦੀ ਬਾਤ ਪਾਉਂਦੀ ਹੈ ਇਹ ਕਿਤਾਬ। ਉਸ ਤੋਂ ਬਾਅਦ ਮੈਂ ਆਪਣਾ ਮੈਗਜ਼ੀਨ ‘ਇੰਡੋ ਪੰਜਾਬ’ ਪ੍ਰਕਾਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ‘ਇੰਡੋ ਪੰਜਾਬ’ ਮੈਗਜ਼ੀਨ ਪ੍ਰਕਾਸ਼ਿਤ ਹੋਣ ਸਮੇਂ ਮੈਂ ਕੁਝ ਸਮਾਂ ਪਟਿਆਲਾ ਦੇ ਮੀਡੀਆ ਵਿਚ ਸਰਗਰਮੀ ਘਟਾ ਦਿੱਤੀ ਸੀ, ਉਸੇ ਸਮੇਂ ਕੁਝ ਚੰਗੇ ਤੇ ਸਿਆਣੇ ਪੱਤਰਕਾਰ ਜੋ ਪਟਿਆਲਾ ਦੇ ਪੱਤਰਕਾਰਾਂ ਦੀ ਜਥੇਬੰਦੀ ਚਾਹੁੰਦੇ ਸਨ ਜੋ ਨਿਰੋਲ ਪੱਤਰਕਾਰਾਂ ਦੀ ਜਥੇਬੰਦੀ ਹੋਵੇ, ਜਿਸ ਵਿਚ ਗੈਰ ਪੱਤਰਕਾਰ ਨਾ ਹੋਣ। ਕੁਝ ਪੱਤਰਕਾਰਾਂ ਦੀ 25 ਜੂਨ 2012 ਨੂੰ ਸਾਂਝੀ ਥਾਂ ਬਾਰਾਂਦਰੀ ਪਾਰਕ ਵਿਚ ਰਵੇਲ ਸਿੰਘ ਭਿੰਡਰ ਦੀ ਪ੍ਰਧਾਨਗੀ ਵਿਚ ਮੀਟਿੰਗ ਹੁੰਦੀ ਹੈ, ਜਿਸ ਵਿਚ ਵਿਸ਼ੇਸ਼ ਕਰਕੇ ਰਵੇਲ ਸਿੰਘ ਭਿੰਡਰ (ਪੰਜਾਬੀ ਟ੍ਰਿਬਿਊਨ), ਗੁਰਮੁਖ ਸਿੰਘ ਰੁਪਾਣਾ (ਚੜ੍ਹਦੀਕਲਾ ਟਾਈਮ ਟੀਵੀ), ਤੇਜਿੰਦਰ ਫ਼ਤਿਹਪੁਰੀ (ਦੇਸ਼ ਸੇਵਕ), ਰਾਣਾ ਰਣਬੀਰ (ਦੈਨਿਕ ਭਾਸਕਰ), ਸੁਖਦੀਪ ਸਿੰਘ ਮਾਨ, ਇੰਦਰਪ੍ਰੀਤ ਸਿੰਘ ਬਾਰਨ (ਜਗਬਾਣੀ ਪੰਜਾਬ ਕੇਸਰੀ), ਭੁਪੇਸ਼ ਚੱਠਾ (ਪੀਟੀਸੀ) ਤੇ ਕੁਝ ਹੋਰ ਪੱਤਰਕਾਰ ਵੀ ਸਨ। ਸਰਬ ਸੰਮਤੀ ਨਾਲ 3 ਮਤੇ ਪਾਸ ਕੀਤੇ ਗਏ, ਜਿਨ੍ਹਾਂ ਵਿਚ ਪਹਿਲਾ ਮਤਾ ਜਥੇਬੰਦੀ ਦਾ ਨਾਮ ‘ਪਟਿਆਲਾ ਮੀਡੀਆ ਕਲੱਬ’ ਰੱਖਣ ਦਾ ਮਤਾ ਪ੍ਰਵਾਨ ਕੀਤਾ ਗਿਆ। ਦੂਜਾ ਮਤਾ ਜਥੇਬੰਦੀ ਦੇ ਪ੍ਰਧਾਨ ਨੂੰ ਜਥੇਬੰਦੀ ਸੁਸਾਇਟੀ ਐਕਟ 1860 ਤਹਿਤ ਰਜਿਸਟਰਡ ਕਰਾਉਣ ਦਾ ਮਤਾ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਤੀਜਾ ਮਤਾ ਖਾਤਾ ਸਟੇਟ ਬੈਂਕ ਆਫ਼ ਪਟਿਆਲਾ ਵਿਚ ਖੁਲ੍ਹਵਾਉਣ ਦਾ ਪਾਸ ਕੀਤਾ ਗਿਆ ਜਿਸ ਨੂੰ ਪ੍ਰਧਾਨ, ਜਨਰਲ ਸਕੱਤਰ ਤੇ ਖ਼ਜ਼ਾਨਚੀ ਤਿੰਨਾਂ ਵਿਚੋਂ ਕੋਈ ਦੋ ਅਪਰੇਟ ਕਰ ਸਕਣਗੇ। 

ਇਸ ਮੀਟਿੰਗ ਵਿਚ ਚੋਣ ਕਰ ਲਈ ਗਈ, ਜਿੰਨੇ ਵੀ ਮੀਟਿੰਗ ਵਿਚ ਹਾਜ਼ਰ ਸਨ ਓਨੇ ਹੀ ਅਹੁਦੇਦਾਰ ਬਣਾ ਦਿੱਤੇ ਗਏ, ਜਿਸ ਵਿਚ ਪ੍ਰਧਾਨ ਰਵੇਲ ਸਿੰਘ ਭਿੰਡਰ, ਸੀਨੀਅਰ ਮੀਤ ਪ੍ਰਧਾਨ ਭੁਪੇਸ਼ ਚੱਠਾ, ਮੀਤ ਪ੍ਰਧਾਨ ਰਣਧੀਰ ਸਿੰਘ ਰਾਣਾ, ਜਨਰਲ ਸਕੱਤਰ ਤੇਜਿੰਦਰ ਫ਼ਤਿਹਪੁਰ, ਜੁਆਇੰਟ ਸਕੱਤਰ ਸੁਖਦੀਪ ਸਿੰਘ ਮਾਨ, ਪ੍ਰਾਪੇਗੰਡਾ ਸੈਕਟਰੀ ਇੰਦਰਪ੍ਰੀਤ ਸਿੰਘ ਬਾਰਨ, ਖ਼ਜ਼ਾਨਚੀ ਗੁਰਮੁਖ ਸਿੰਘ ਰੁਪਾਣਾ ਨੂੰ ਚੁਣ ਲਿਆ ਗਿਆ। ਇਹ ਸਾਰੇ ਹੀ ਇਸ ਪਟਿਆਲਾ ਮੀਡੀਆ ਕਲੱਬ ਦੇ ਫਾਊਂਡਰ ਅਹੁਦੇਦਾਰ ਬਣੇ। ਅਜੇ ਤੱਕ ਇਸ ਕਲੱਬ ਵਿਚ ਲਿਖਤੀ ਤੌਰ ਤੇ ਮਨਦੀਪ ਸਿੰਘ ਜੋਸਨ, ਪਰਮੀਤ ਸਿੰਘ, ਗੁਰਨਾਮ ਸਿੰਘ ਅਕੀਦਾ ਸ਼ਾਮਲ ਨਹੀਂ ਸਨ। (ਕਾਪੀ ਨਾਲ ਅਟੈਚ ਹੈ)



ਸੰਵਿਧਾਨ ਵਿਚ ਗਵਰਨਿੰਗ ਬਾਡੀ ਨੂੰ ਪੂਰੀਆਂ ਤਾਕਤਾਂ ਦਿੱਤੀਆਂ ਗਈਆਂ, ਗਵਰਨਿੰਗ ਬਾਡੀ ਕੋਈ ਹੋਰ ਨਹੀਂ ਬਣਾਈ ਗਈ ਸਗੋਂ ਗਵਰਨਿੰਗ ਬਾਡੀ ਵਿਚ ਉਕਤ ਸਾਰੇ ਅਹੁਦੇਦਾਰ ਹੀ ਰੱਖੇ ਗਏ। 3/4 ਦੇ ਬਹੁਮਤ ਨਾਲ ਹਰ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਪ੍ਰਧਾਨ ਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ, ਇਕ ਇਸ ਕਲੱਬ ਦੇ ਸੰਵਿਧਾਨ ਵਿਚ ਮੱਦ ਪਾਈ ਗਈ ਜੋ ਪੱਤਰਕਾਰਾਂ ਵਿਚ ਨੇੜਤਾ ਤੇ ਪ੍ਰੇਮ ਭਾਵਨਾ ਬਣਾਉਣ ਦੀ ਕਾਰਵਾਈ ਕਰਾਰ ਦਿੱਤੀ ਜਾਵੇ ਤਾਂ ਕੋਈ ਗ਼ਲਤ ਨਹੀਂ ਹੋਵੇਗਾ। ਵਿਕਲਪ ਖੁੱਲ੍ਹੇ ਰੱਖੇ ਗਏ। ਇਹ ਇਸ ਫਾਊਂਡਰ ਟੀਮ ਦਾ ਚੰਗਾ ਤੇ ਅਗਾਂਹ ਵਧੂ ਤੇ ਪੱਤਰਕਾਰਾਂ ਵਿਚ ਪਿਆਰ ਭਾਵਨਾ ਬਣਾਉਣ ਦਾ ਬੜਾ ਹੀ ਚੰਗਾ ਉਪਰਾਲਾ ਮੰਨਿਆ ਜਾ ਸਕਦਾ ਹੈ। ਉਨ੍ਹਾਂ ਦੀ ਸ਼ਾਇਦ ਇਹ ਸੋਚ ਸੀ ਕਿ ਕਲੱਬ ਬਣਾ ਲਿਆ ਜਾਵੇ ਇਹ ਜ਼ਰੂਰੀ ਹੈ ਪਰ ਇਹ ਵਿਕਲਪ ਵੀ ਰੱਖਿਆ ਜਾਵੇ ਕਿ ਪਟਿਆਲਾ ਦੇ ਪੱਤਰਕਾਰਾਂ ਦੀ ਭਲਾਈ ਲਈ ਕੋਈ ਹੋਰ ਕਲੱਬ ਸਾਡੇ ਕਲੱਬ ਵਿਚ ਮਰਜ਼ ਹੁੰਦਾ ਹੈ ਜਾਂ ਸਾਨੂੰ ਮਰਜ਼ ਹੋਣਾ ਪੈਂਦਾ ਹੈ ਤਾਂ ਸੰਵਿਧਾਨ ਕੋਈ ਅੜਿੱਕਾ ਨਾ ਬਣੇ। ਮੈਨੂੰ ਇੰਜ ਲੱਗਦਾ ਹੈ ਕਿ ਇਸ ਫਾਊਂਡਰ ਟੀਮ ਵਿਚ ਇਹ ਆਸ ਸੀ ਕਿ ਪ੍ਰੈੱਸ ਕਲੱਬ ਪਟਿਆਲਾ ਵਿਚ ਮਰਜ਼ ਹੋਇਆ ਜਾ ਸਕਦਾ ਹੈ ਜਾਂ ਉਸ ਨੂੰ ਮਰਜ਼ ਕੀਤਾ ਜਾ ਸਕਦਾ ਹੈ। ਪਟਿਆਲਾ ਮੀਡੀਆ ਕਲੱਬ ਨੂੰ ਬਣਾਉਣ ਵਾਲੀ ਇਸ ਟੀਮ ਨੂੰ ਸ਼ਾਇਦ ਇਹ ਆਸ ਵੀ ਨਹੀਂ ਸੀ ਕਿ  ਭਵਿੱਖ ਵਿਚ ਇਸ ਕਲੱਬ ਦਾ ਪਟਿਆਲਾ ਵਿਚ ਪੱਤਰਕਾਰਾਂ ਤੇ ਪੂਰਾ ਦਬਦਬਾ ਹੋ ਜਾਵੇਗਾ। ਉਨ੍ਹਾਂ ਦੀ ਇਹ ਮਨਸਾ ਸੀ ਕਿ ਪਟਿਆਲਾ ਵਿਚ ਪੱਤਰਕਾਰਾਂ ਦੀ ਇਕ ਜਥੇਬੰਦੀ  ਬਣਾਈ ਜਾਵੇ ਜੋ ਪੱਤਰਕਾਰਾਂ ਦੀ ਭਲਾਈ ਕਰੇ, ਉਸ ਵਿਚ ਮੁਢਲੇ ਰੂਪ ਵਿਚ ਮੈਂਬਰਾਂ ਦੀ ਕਿੰਨੀ ਗਿਣਤੀ ਹੈ ਇਹ ਕੋਈ ਮਾਅਨੇ ਨਹੀਂ ਰੱਖਦਾ। ਇਹ ਸੱਤ ਮੈਂਬਰ ਸੱਚ ਦੇ ਰਾਹ ਚੱਲਣਗੇ ਤਾਂ ਇਹ ਟੀਮ  ਵੱਡੀ ਬਣ ਸਕਦੀ ਹੈ। ਤੇ ਪਟਿਆਲਾ ਦੇ ਪੱਤਰਕਾਰਾਂ ਲਈ ਚੰਗੀ ਰਾਹ ਦਸੇਰੀ ਬਣ ਸਕਦੀ ਹੈ। ਜਥੇਬੰਦੀ ਦੀ ਲੋੜ ਸੀ ਇਹ ਫਾਊਂਡਰ ਮੈਂਬਰਾਂ ਨੂੰ ਪਤਾ ਵੀ ਸੀ, ਜਿਸ ਕਰਕੇ ਉਨ੍ਹਾਂ ਸੰਵਿਧਾਨ ਵਿਚ ਲਚਕਤਾ ਰੱਖੀ। ਜਿਸ ਤੋਂ ਉਨ੍ਹਾਂ ਦੇ ਅਗਾਂਹਵਧੂ ਦਿਮਾਗ਼ ਦੀ ਝਲਕ ਪੈਂਦੀ ਨਜ਼ਰ ਆਉਂਦੀ ਹੈ।







ਕਲੱਬ ਦੀ ਧਾਰਾ 4 ਦੇ ਵਿਚ ਕਲੱਬ ਨੂੰ ਖ਼ਾਰਜ ਕਰਨ ਦੀ ਮੱਦ ਰੱਖੀ ਗਈ ਹੈ 3/4 ਦੇ ਜਨਰਲ ਹਾਊਸ ਦੀ ਸਹਿਮਤੀ ਨਾਲ ਕਲੱਬ ਖ਼ਾਰਜ/ਖ਼ਤਮ ਕੀਤਾ ਜਾ ਸਕਦਾ ਹੈ ਜਾਂ ਇਸ ਕਲੱਬ ਨੂੰ ਦੂਸਰੀ ਇਸ ਵਰਗੀ ਕਿਸੇ ਹੋਰ ਕਲੱਬ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।

ਸੰਵਿਧਾਨ ਵਿਚ ਸੋਧ ਦੀ ਮੱਦ ਵਿਚ : 2/3 ਦੇ ਬਹੁਮਤ ਨਾਲ ਕਲੱਬ ਦਾ ਸੰਵਿਧਾਨ ਸੋਧਿਆ ਜਾ ਸਕਦਾ ਹੈ, 

ਪ੍ਰਾਪਰਟੀ ਨੂੰ ਖ਼ਤਮ ਕਰਨ ਸਬੰਧੀ  ਮੱਦ ਵਿਚ : ਕਲੱਬ ਨੂੰ ਭੰਗ ਕਰਨ ਉਪਰੰਤ ਕਲੱਬ ਦੀ ਚੱਲ ਵਾ ਅਚੱਲ ਜਾਇਦਾਦ ਨੂੰ ਇਸ ਕਲੱਬ ਵਰਗੇ ਕਿਸੇ ਹੋਰ ਕਲੱਬ ਨੂੰ ਦਿੱਤਾ ਜਾ ਸਕਦਾ ਹੈ।


ਇਸ ਟੀਮ ਨੇ ਇਕ ਕਮਾਲ ਕੀਤੀ ਉਹ ਖ਼ੁਦ-ਬ-ਖ਼ੁਦ ਹੋ ਗਈ ਜਾਂ ਫਿਰ ਜਾਣ ਬੁੱਝ ਕੇ ਕੀਤੀ ਇਹ ਤਾਂ ਖ਼ੈਰ ਉਹ ਹੀ ਜਾਣਦੇ ਹਨ, ਜੋ ਇਸ ਬਾਰੇ ਬਹੁਤਾ ਗੱਲ ਵੀ ਨਹੀਂ ਕਰਦੇ ਪਰ ਇਸ ਟੀਮ ਨੇ ਅੰਗਰੇਜ਼ੀ ਦੇ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਇਸ ਕਲੱਬ ਵਿਚ ਨਹੀਂ ਪਾਇਆ ਨਾਲ ਹੀ ਇਕ ਹੋਰ ਵੀ ਕੀਤਾ ਗਿਆ ਕਿ ਜੋ ਪਹਿਲਾਂ ਪ੍ਰੈੱਸ ਕਲੱਬ ਪਟਿਆਲਾ ਦੀ ਟੀਮ ਵਿਚ ਅਹੁਦੇਦਾਰ ਸਨ ਉਨ੍ਹਾਂ ਨੂੰ ਵੀ ਦੂਰ ਰੱਖਿਆ ਗਿਆ। ਪਟਿਆਲਾ ਮੀਡੀਆ ਕਲੱਬ ਬਣਾਉਣਾ ਇਕ ਚੰਗੀ ਸ਼ੁਰੂਆਤ ਸੀ। ਇਸ ਨਵੀਂ ਟੀਮ ਦੀ ਕੋਈ ਸੋਚ ਹੀ ਹੋਵੇਗੀ ਕਿ ਅੰਗਰੇਜ਼ੀ ਦੇ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਦੂਰ ਰੱਖਿਆ ਜਾਵੇ ਤੇ ਪਹਿਲਾਂ ਵਾਲੇ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਨੂੰ ਦੂਰ ਰਚਿਆ ਜਾਵੇ। ਇਸ ਟੀਮ ਦੀ ਸੋਚ ਵਿਚ ਇਹ ਬਿਲਕੁਲ ਨਹੀਂ ਸੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਲੱਬ ਦੀ ਇਮਾਰਤ ਬਣਾਉਣ ਲਈ ਰੱਖੇ ਨੀਂਹ ਪੱਥਰ ਰੱਖਣ ਵਾਲੀ ਥਾਂ ਤੇ ਕੋਈ ਵੀ ਦਾਅਵਾ ਠੋਕਿਆ ਜਾਵੇ। ਇਹ ਟੀਮ ਬਿਲਕੁਲ ਹੀ ਝਗੜੇ ਰਹਿਤ ਜਥੇਬੰਦੀ ਬਣਾ ਰਹੀ ਸੀ। ਇਹ ਟੀਮ ਸਿਰਫ਼ ਪੱਤਰਕਾਰਾਂ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੀ ਸੀ। ਉੱਧਰ ਪ੍ਰਵੀਨ ਕੋਮਲ ਦੀਆਂ ਮੀਟਿੰਗਾਂ ਵੀ ਜਾਰੀ ਸਨ ਪਰ ਦੋਵਾਂ ਦਾ ਆਪਸ ਵਿਚ ਕੋਈ ਕਲੇਸ਼ ਨਹੀਂ ਸੀ। ਪ੍ਰਵੀਨ ਕੋਮਲ ਆਪਣੇ ਤਰੀਕੇ ਨਾਲ ਚੱਲ ਰਿਹਾ ਸੀ ਤੇ ਇਹ ਨਵੀਂ ਟੀਮ ਆਪਣੇ ਤਰੀਕੇ ਨਾਲ ਚੱਲ ਰਹੀ ਸੀ। 

ਹੁਣ ਇਸ ਜਥੇਬੰਦੀ ਨੇ ਜਥੇਬੰਦੀ ਨੂੰ ਰਜਿਸਟਰਡ ਕਰਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ, ਜਿਸ ਲਈ ਇਕ ਸੰਵਿਧਾਨ ਤਿਆਰ ਕੀਤਾ ਗਿਆ, ਜਿਸ ਦੀ ਪ੍ਰਵਾਨਗੀ ਹੋਈ, ਮੈਮੋਰੰਡਮ ਤਿਆਰ ਕੀਤਾ ਗਿਆ। ਨਿਯਮ ਅਤੇ ਅਧਿਨਿਯਮ ਤਿਆਰ ਕੀਤੇ ਗਏ, ਪਟਿਆਲਾ ਮੀਡੀਆ ਕਲੱਬ ਦੇ ਦਫ਼ਤਰ ਦਾ ਪਤਾ 130-ਬੀ, ਗਲੀ ਨੰਬਰ 8-ਬੀ, ਸਰਾਭਾ ਨਗਰ ਪਟਿਆਲਾ ਰੱਖਿਆ ਗਿਆ ਜੋ ਮੇਰੇ ਖ਼ਿਆਲ ਵਿਚ ਜਥੇਬੰਦੀ ਦੇ ਜਨਰਲ ਸਕੱਤਰ ਤੇਜਿੰਦਰ ਫ਼ਤਿਹਪੁਰ ਦੇ ਘਰ ਦਾ ਪਤਾ ਸੀ। ਨਿਯਮਾਂ ਦੀ ਪਹਿਲੀ ਲਾਇਨ ਸੀ ਕਿ ‘ਇਸ ਕਲੱਬ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੋਵੇਗਾ’



(ਸੰਵਿਧਾਨ ਤੇ ਮੈਮੋਰੰਡਮ ਦੀ ਕਾਪੀਆਂ ਅਟੈਚ ਹਨ ਲਾਰਜ ਕਰਕੇ ਪੜ੍ਹ ਸਕਦੇ ਹੋ)




ਫਾਊਂਡਰ ਪ੍ਰਧਾਨ ਬਣੇ ਰਵੇਲ ਸਿੰਘ ਭਿੰਡਰ ਨੇ  ਅਲਫੀਆ ਬਿਆਨ ਦਿੱਤਾ, ਆਪਣਾ ਨਿੱਜੀ ਸਰਟੀਫਿਕੇਟ ਦਿੱਤਾ। 

(ਨਾਲ ਅਟੈਚ ਹੈ)



ਇਸੇ ਤਰ੍ਹਾਂ ਹਲਫ਼ੀਆ ਬਿਆਨ ਫਾਊਂਡਰ ਜਨਰਲ ਸਕੱਤਰ ਤੇਜਿੰਦਰ ਫ਼ਤਿਹਪੁਰ ਨੇ ਵੀ ਦਿੱਤਾ 

(ਨਾਲ ਅਟੈਚ ਹੈ)



ਫਾਊਂਡਰ ਖ਼ਜ਼ਾਨਚੀ ਗੁਰਮੁਖ ਸਿੰਘ ਰੁਪਾਣਾ ਵੱਲੋਂ ਕਲੱਬ ਦੇ ਖ਼ਜ਼ਾਨੇ ਵਿਚੋਂ ਕਲੱਬ ਰਜਿਸਟਰਡ ਕਰਾਉਣ ਲਈ 500 ਰੁਪਏ ਫ਼ੀਸ ਵੀ ਭਰੀ ਦਿੱਤੀ। (ਰਸੀਦ ਨਾਲ ਅਟੈਚ ਹੈ, ਸਾਰੇ ਡਾਕੂਮੈਂਟਸ ਲਾਰਜ ਕਰਕੇ ਪੜ੍ਹੇ ਜਾ ਸਕਦੇ ਹਨ)



ਆਖ਼ਿਰ ਚੰਗੀ ਨੀਅਤ ਨਾਲ ਕਰਾਇਆ ਕੰਮ ਪੂਰਾ ਹੋਇਆ ਤੇ ਕਲੱਬ 3 ਅਗਸਤ 2012 ਨੂੰ ਸੁਸਾਇਟੀ ਐਕਟ ਤਹਿਤ ਰਜਿਸਟਰਡ ਹੋ ਗਿਆ ਜਿਸ ਨੂੰ ਨੰਬਰ 744/2012-2013 ਮਿਲਿਆ। 7 ਮੈਂਬਰੀ ਟੀਮ ਨੂੰ ਮੁਬਾਰਕਬਾਦ...(ਸਰਟੀਫਿਕੇਟ ਨਾਲ ਅਟੈਚ ਹੈ)


ਬਾਕੀ ਅਗਲੇ ਭਾਗ ਵਿਚ

(ਨੋਟ : ਜੇਕਰ ਕਿਸੇ ਨੂੰ ਉਕਤ ਲਿਖਤ ਵਿਚ ਕੋਈ ਸ਼ੰਕਾ ਹੋਵੇ ਤਾਂ ਉਹ ਬਲਾਗ ਦੇ ਹੇਠਾਂ ਟਿੱਪਣੀ ਕਰ ਸਕਦਾ ਹੈ, ਖੋਜ ਕਰਕੇ ਦਰਿਆਫ਼ਤ ਕਰਕੇ ਸੋਧ ਕਰ ਦਿੱਤੀ ਜਾਵੇਗੀ , ਜਾਂ ਮੇਰੇ ਨਾਲ ਮੇਰੇ ਨਿੱਜੀ ਫ਼ੋਨ ਨੰਬਰ ਦੇ ਸੰਪਰਕ ਕਰਕੇ ਵੀ ਸਾਂਝ ਪਾ ਸਕਦਾ ਹੈ। ) 

ਸੰਪਰਕ ਨੰਬਰ : 8146001100









No comments:

Post a Comment

‘ਪਟਿਆਲਾ ਮੀਡੀਆ ਕਲੱਬ’ ਹੋਂਦ ਵਿਚ ਆਇਆ : ਵਿਸ਼ਾਲ ਰੰਬਾਨੀ ਦੀ ਪੱਤਰਕਾਰਾਂ ’ਤੇ ਚੜ੍ਹਤ

ਪੱਤਰਕਾਰੀ ਦਾ ਇਤਿਹਾਸ ਭਾਗ-12 ਲੇਖਕ : ਗੁਰਨਾਮ ਸਿੰਘ ਅਕੀਦਾ      ਪ੍ਰਵੀਨ ਕੋਮਲ ਦਾ ਪ੍ਰੈੱਸ ਕਲੱਬ ਪਟਿਆਲਾ ਤੇ ਕਬਜ਼ਾ ਹੋ ਚੁੱਕਿਆ ਸੀ, ਉਹ ਆਰਟੀਏ ਦੀ ਇਮਾਰਤ ਵਿਚ ਆਮ ਤੌਰ...