Monday, December 08, 2025

ਪਟਿਆਲਾ ਦਾ ਪੱਤਰਕਾਰ ਭਾਈਚਾਰਾ ਹਾਰ ਗਿਆ ਤੇ ਫਸ ਗਿਆ ਇਕ ਗ਼ਰੀਬ ਪੱਤਰਕਾਰ!

ਪੱਤਰਕਾਰੀ ਦਾ ਇਤਿਹਾਸ ਭਾਗ -11

ਲੇਖਕ ਗੁਰਨਾਮ ਸਿੰਘ ਅਕੀਦਾ



29 ਮਾਰਚ 2007 ਨੂੰ ਕਲੱਬ ਦੇ ਜਨਰਲ ਹਾਊਸ ਦੀ ਮੀਟਿੰਗ ਵਿਚ ਹੋਏ ਪੱਤਰਕਾਰਾਂ ਦੇ ਵੱਡੇ ‌ਇਕੱਠ ਦੌਰਾਨ ਪ੍ਰੈੱਸ ਕਲੱਬ ਪਟਿਆਲਾ ਭੰਗ ਕਰ ਦਿੱਤਾ ਗਿਆ ਸੀ।ਕਲੱਬ ਭੰਗ ਕਰਨ ਦੇ ਜਨਰਲ ਹਾਊਸ ਵਿਚ ਦਸਤਖ਼ਤ ਮਨਦੀਪ ਸਿੰਘ ਜੋਸਨ ਨੇ ਵੀ ਕੀਤੇ ਜਿਸ ਦਾ ਨਾਮ ਪ੍ਰਵੀਨ ਕੋਮਲ ਦੀ ਟੀਮ ਵਿਚ ਪਹਿਲਾਂ ਸ਼ਾਮਲ ਸੀ, ਜਸਵਿੰਦਰ ਸਿੰਘ ਦਾਖਾ ਪਹਿਲਾਂ ਸਰਗਰਮ ਘੱਟ ਹੁੰਦੇ ਸਨ ਪਰ ਇਸ ਕਲੱਬ ਭੰਗ ਕਰਨ ਦੀ ਕਾਰਵਾਈ ਤੇ ਜਸਵਿੰਦਰ ਸਿੰਘ ਦਾਖਾ ਨੇ ਵੀ ਦਸਤਖ਼ਤ ਕੀਤੇ, ਭਾਵ ਕਿ ਹਰ ਇਕ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ, ਇਕਾ ਦੁੱਕਾ ਨੂੰ ਛੱਡ ਕੇ ਹਰੇਕ ਪੰਜਾਬੀ ਤੇ ਹਿੰਦੀ ਅਖ਼ਬਾਰ ਦੇ ਪੱਤਰਕਾਰਾਂ ਨੇ ਇਸ ਕਾਰਵਾਈ ਤੇ ਦਸਤਖ਼ਤ ਕੀਤੇ। ਪ੍ਰਵੀਨ ਕੋਮਲ ਦੀ ਟੀਮ ਵਿਚ ਹੁਣ ਕੋਈ ਬਹੁਤੇ ਪੱਤਰਕਾਰ ਨਹੀਂ ਰਹਿ ਗਏ ਸਨ, ਪਰ ਪ੍ਰਵੀਨ ਕੋਮਲ ਹਾਰਿਆ ਨਹੀਂ ਸੀ। ਉਹ ਜਿਵੇਂ ਦਿਨ ਰਾਤ ਕਲੱਬ ’ਤੇ ਕਬਜ਼ਾ ਕਰਨ ਬਾਰੇ ਹੀ ਸੋਚ ਰਿਹਾ ਸੀ। ਕਲੱਬ ਭੰਗ ਕਰਨ ਤੋਂ ਬਾਅਦ ਸਾਰੇ ਪੱਤਰਕਾਰ ਆਪੋ ਆਪਣੇ ਕੰਮਾਂ ਵਿਚ ਰੁੱਝ ਗਏ ਤੇ ਆਮ ਤੌਰ ਤੇ ਗੱਲਾਂ ਹੁੰਦੀਆਂ ਰਹਿੰਦੀਆਂ ਸਨ ਕਿ ਹੁਣ ਕਲੱਬ ਦਾ ਅੱਗੇ ਕੀ ਬਣੇਗਾ? ਕਿਉਂਕਿ ‌25 ਲੱਖ ਰੁਪਏ ਪੰਜਾਬ ਦੀ ਅਮਰਿੰਦਰ ਸਰਕਾਰ ਨੇ ਕਲੱਬ ਦੀ ਇਮਾਰਤ ਬਣਾਉਣ ਲਈ ਭੇਜ ਦਿੱਤੇ ਸਨ।ਅਗਲੀ ਕਾਰਵਾਈ ਸਰਗਰਮੀ ਨਾਲ ਹੋਣੀ ਚਾਹੀਦੀ ਸੀ ਪਰ ਪਟਿਆਲਾ ਦੇ ਮੁੱਖ ਧਾਰਾ ਦੇ ਪੱਤਰਕਾਰ ਸੁਸਤੀ ਵਿਚ ਸਨ। ਪਰ ਕਦੇ ਕਦੇ ਇਸ ਬਾਰੇ ਗੱਲ ਕਰ ਲੈਂਦੇ ਸਨ। ਇਕ ਦੁੱਕਾ ਪੱਤਰਕਾਰਾਂ ਦੀਆਂ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਸਨ, ਕਿਉਂਕਿ ਡੀਪੀਆਰਓ ਉਜਾਗਰ ਸਿੰਘ ਇਸ ਮੁੱਦੇ ਵਿਚ ਨਾਲ ਸੀ, ਇਸ ਕਰਕੇ ਉਹ ਵੀ ਪੱਤਰਕਾਰਾਂ ਨੂੰ ਕਲੱਬ ਬਣਾਉਣ ਲਈ ਕਹਿੰਦੇ ਰਹਿੰਦੇ ਸਨ। 




ਇਸ ਤੋਂ ਪਹਿਲਾਂ ਜਿਵੇਂ ਕਿ 18 ਦਸੰਬਰ 2006 ਨੂੰ ਪ੍ਰੈੱਸ ਕਲੱਬ ਦਾ ਨੀਂਹ ਪੱਥਰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਖ ਦਿੱਤਾ ਸੀ,(ਪੱਤਰਕਾਰੀ ਦੇ ਇਤਿਹਾਸ ਵਿਚ ਪਹਿਲੇ ਭਾਗਾਂ ਵਿਚ ਦੱਸ ਚੁੱਕੇ ਹਾਂ) ਉਸ ਤੋਂ ਬਾਅਦ ਇਕ ਪੱਤਰ ਮੈਨੇਜਰ ਸਟੇਟ ਬੈਂਕ ਆਫ਼ ਪਟਿਆਲਾ ਤੇ ਇਕ ਪੱਤਰ ਦਾ ਸੈਕਟਰੀ ਟੂ ਗੌਰਮਿੰਟ ਆਫ਼ ਪੰਜਾਬ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਚੰਡੀਗੜ੍ਹ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਨੇ 11-5-2007 ਨੂੰ ਭੇਜੇ, ਜਿਸ ਵਿਚ ਕਲੱਬ ਦੀ ਇਮਾਰਤ ਬਣਾਉਣ, 25 ਲੱਖ ਬਾਰੇ ਲਿਖਿਆ ਸੀ। (ਦੋਵੇਂ ਪੱਤਰ ਨਾਲ ਅਟੈਚ ਹਨ ਪੜ੍ਹ ਸਕਦੇ ਹੋ) 

ਪਰ ਪ੍ਰਵੀਨ ਕੋਮਲ ਦੀਆਂ ਆਪਣੀਆਂ ਗਤੀਵਿਧੀਆਂ ਜਾਰੀ ਸਨ। ਉਸ ਨੂੰ ਇਹ ਬਿਲਕੁਲ ਇਲਮ ਨਹੀਂ ਸੀ ਕਿ ਕੀ ਸਾਰੇ ਪੱਤਰਕਾਰਾਂ ਦੀ ਸਹਿਮਤੀ ਤੋਂ ਬਗੈਰ ਪ੍ਰੈੱਸ ਕਲੱਬ ਦੀ ਇਮਾਰਤ ਬਣ ਸਕਦੀ ਹੈ? ਇਕ ਪਾਸੇ ਸਾਰੇ ਮੁੱਖ ਧਾਰਾ ਵਿਚ ਆਉਂਦਾ ਪੱਤਰਕਾਰ ਭਾਈਚਾਰਾ, ਇਕ ਪਾਸੇ ਕੁਝ ਕੁ ਪੱਤਰਕਾਰ! ਤਾਂ ਕੀ ਕੁਝ ਪੱਤਰਕਾਰਾਂ ਦੀ ਅਗਵਾਈ ਵਿਚ ਪ੍ਰਵੀਨ ਕੋਮਲ ਪ੍ਰੈੱਸ ਕਲੱਬ ਬਣਾ ਸਕਦਾ ਸੀ? ਜੇਕਰ ਇੱਥੇ ਪ੍ਰਵੀਨ ਕੋਮਲ ਕੋਲ ਪੱਤਰਕਾਰਾਂ ਪ੍ਰਤੀ ਥੋੜ੍ਹਾ ਜਿਹਾ ਵੀ ਪਿਆਰ ਹੁੰਦਾ ਜਾਂ ਪੱਤਰਕਾਰਾਂ ਦੀ ਭਲਾਈ ਕਰਨਾ ਦਾ ਥੋੜ੍ਹਾ ਜਿਹਾ ਵੀ ਖ਼ਿਆਲ ਹੁੰਦਾ ਤਾਂ ਉਹ ਸਾਰਾ ਕੁਝ ਛੱਡ ਕੇ ਪਰਾਂ ਹੋ ਜਾਂਦਾ ਤੇ ਸਾਰਾ ਪੱਤਰਕਾਰ ਭਾਈਚਾਰਾ ਉਸ ਦਾ ਰਿਣੀ ਹੁੰਦਾ, ਉਸ ਨੂੰ ਚੇਅਰਮੈਨ ਤਾਂ ਬਣਾ ਹੀ ਦਿੱਤਾ ਗਿਆ ਸੀ, ਉਸ ਨੂੰ ਸੰਵਿਧਾਨ ਬਦਲਣ ਦੀ ਕੀ ਲੋੜ ਸੀ? ਉਹ ਸਗੋਂ ਇਕ ਵੱਡਾ ਭਾਈਚਾਰਾ ਸਿਰਜਦਾ ਤੇ ਪਟਿਆਲਾ ਵਿਚ ਪ੍ਰੈਸ ਕਲੱਬ ਦੀ ਇਮਾਰਤ ਬਣਾਉਣ ਵਿਚ ਅਹਿਮ ਰੋਲ ਨਿਭਾਉਂਦਾ ਤੇ ਅੱਜ ਬਾਰਾਂਦਰੀ ਵਿਚ ਪ੍ਰੈੱਸ ਕਲੱਬ ਦੀ ਖ਼ੂਬਸੂਰਤ ਇਮਾਰਤ ਹੋਣੀ ਸੀ, ਜਿਵੇਂ ਅੱਜ ਥਾਂ ਥਾਂ ਤੇ ਪੱਤਰਕਾਰ ਭਾਈ ਆਪੋ ਆਪਣੀਆਂ ਜਥੇਬੰਦੀਆਂ ਨਾਲ ਆਪਣੀ ਢੇਰੀ ਬਾਰੇ ਹੀ ਗੱਲ (ਭਾਵ ਆਪਣੇ ਗਰੁੱਪਾਂ ਬਾਰੇ ) ਕਰਦੇ ਹਨ ਤਾਂ ਫਿਰ ਸਾਰਾ ਪੱਤਰਕਾਰ ਭਾਈਚਾਰਾ ਇਕ ਥਾਂ ਤੇ ਇਕੱਠਾ ਹੁੰਦਾ, ਪਰ ਪ੍ਰਵੀਨ ਕੋਮਲ ਦੇ ਮਨ ਵਿਚ ਕੁਝ ਹੋਰ ਹੀ ਸੀ, ਉਹ ਕਿਸੇ ਦੀ ਸ਼ਹਿ ਦੇ ਜਾਂ ਖ਼ੁਦ ਹੀ ਇਸ ਵੱਡੀ ਕਾਰਵਾਈ ਨੂੰ ਆਪਣੇ ਹੱਥ ਵਿਚ ਲੈ ਬੈਠਾ ਸੀ ਜਿਸ ਕਰਕੇ ਇਹ ਹੋ ਹੀ ਨਹੀਂ ਸਕਦਾ ਸੀ ਕਿ ਮੁੱਖ ਧਾਰਾ ਦੇ ਪੱਤਰਕਾਰਾਂ ਬਗੈਰ ਕਲੱਬ ਦੀ ਇਮਾਰਤ ਬਣ ਜਾਂਦੀ। ਪਟਿਆਲਾ ਦੀ ਬਾਰਾਂਦਰੀ ਵਿਚ ਪ੍ਰੈੱਸ ਕਲੱਬ ਦੀ ਇਮਾਰਤ ਨਾ ਬਣਨ ਦਾ ਮੁੱਖ ਤੌਰ ਤੇ ਜ਼ਿੰਮੇਵਾਰ ਪ੍ਰਵੀਨ ਕੋਮਲ ਨੂੰ ਕਹਿ ਲਿਆ ਜਾਵੇ ਤਾਂ ਕੋਈ ਗ਼ਲਤ ਵੀ ਨਹੀਂ ਹੋਵੇਗਾ।

ਹੁਣ ਇਕ ਹੋਰ ਪਟਿਆਲਾ ਦੇ ਮੁੱਖ ਧਾਰਾ ਪੱਤਰਕਾਰਾਂ ਦੀ ਜਨਰਲ ਹਾਊਸ ਦੀ ਮੀਟਿੰਗ ਹੁੰਦੀ ਹੈ, 23/27 ਅਗਸਤ 2007 ਨੂੰ ਹੋਈ ਇਸ ਮੀ‌ਟਿੰਗ ਵਿਚ ਵੀ ਪੱਤਰਕਾਰਾਂ ਦੀ ਭਰਵੀਂ ਹਾਜ਼ਰੀ ਹੁੰਦੀ ਹੈ, ਇਸ ਮੀਟਿੰਗ ਵਿਚ ਵੀ ਸਾਰੇ ਮੁੱਖ ਧਾਰਾ ਦੇ ਪੱਤਰਕਾਰ ਇਕੱਠੇ ਹੁੰਦੇ ਹਨ, ਇਹ ਮੀ‌ਟਿੰਗ ਸੀਨੀਅਰ ਪੱਤਰਕਾਰ ਆਈ ਐੱਸ ਚਾਵਲਾ ਦੀ ਪ੍ਰਧਾਨਗੀ ਵਿਚ ਹੋਈ। ਇਸ ਮੀਟਿੰਗ ਦੀ ਕਾਰਵਾਈ ਵਿਚ ਸਾਰੇ ਪੱਤਰਕਾਰਾਂ ਨੇ ਵਿਸ਼ੇਸ਼ ਤੌਰ ਤੇ ਦਸਤਖ਼ਤ ਕੀਤੇ ਤੇ ਅਗਲੇਰੀ ਕਾਰਵਾਈ ਦੇ ਮਤੇ ਪਾ ਦਿੱਤੇ ਗਏ।



ਮਤਾ ਨੰਬਰ-1: ਅਖ਼ਬਾਰਾਂ, ਟੀਵੀ ਚੈਨਲਾਂ ਦੇ ਜ਼ਿਲ੍ਹਾ ਪਟਿਆਲਾ ਨਾਲ ਸਬੰਧਿਤ ਇੰਚਾਰਜਾਂ ਨੂੰ ਕਲੱਬ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਬਣਾਇਆ ਜਾਵੇਗਾ, ਇਸ ਕਮੇਟੀ ਦਾ ਇਕ ਹੈੱਡ ਹੋਵੇਗਾ ਜੋ ਕਨਵੀਨਰ ਦੇ ਤੌਰ ਤੇ ਮਾਨਤਾ ਪ੍ਰਾਪਤ ਹੋਵੇਗਾ। ਇਹ ਕਾਰਜਕਾਰਨੀ ਪਟਿਆਲਾ ਪ੍ਰੈੱਸ ਕਲੱਬ ਪਟਿਆਲਾ ਦੀ ਸਥਾਪਨਾ ਲਈ ਅਗਲੇਰੀ ਕਾਰਵਾਈ ਕਰੇਗੀ। ਪ੍ਰੈੱਸ ਕਲੱਬ ਦੀ ਮੈਂਬਰ‌ਸਿੱਪ ਲਈ ਵੀ ਨੀਤੀ ਤਹਿ ਕਰੇਗੀ।



ਮਤਾ ਨੰਬਰ -2 : ਮੀ‌ਟਿੰਗ ਵਿਚ ਸਰਬ ਸੰਮਤੀ ਨਾਲ ਕਮੇਟੀ ਦਾ ਕਨਵੀਨਰ ਗੁਰਨਾਮ ਸਿੰਘ ਅਕੀਦਾ ਸਟਾਫ਼ ਰਿਪੋਰਟਰ ਦੇਸ਼ ਸੇਵਕ ਅਤੇ ਕੋ ਕਨਵੀਨਰ ਵਿਸ਼ਾਲ ਅੰਗਰੀਸ਼ ਜੀ ਟੀਵੀ ਨੂੰ ਬਣਾਇਆ ਗਿਆ। 



ਮਤਾ ਨੰਬਰ -3 : ਇਹ ਮਤਾ ਵੀ ਪਾਸ ਕੀਤਾ ਗਿਆ ਕਿ ਸਕਰੀਨਿੰਗ ਕਮੇਟੀ 17 ਮੈਂਬਰਾਂ ਦੀ ਹੋਵੇਗੀ, ਜੋ ਕਾਰਜਕਾਰਨੀ ਦੀ ਅਗਵਾਈ ਵਿਚ ਕੰਮ ਕਰੇਗੀ। ਸਕਰੀਨਿੰਗ ਕਮੇਟੀ ਮੈਂਬਰਾਂ ਦੀ ਮੈਂਬਰਸ਼ਿਪ ਬਾਰੇ ਫ਼ੈਸਲਾ ਕਰੇਗੀ, ਮੈਂਬਰ ਵਧਾਏ ਵੀ ਜਾ ਸਕਦੇ ਹਨ।



ਮਤਾ ਨੰਬਰ-4 : ਸਕਰੀਨਿੰਗ ਕਮੇਟੀ ਦੇ ਮੈਂਬਰ ਕਨਵੀਨਰ ਤੇ ਕੋ ਕਨਵੀਨਰ ਵੀ ਹੋਣਗੇ ਤੇ ਡੀਪੀਆਰਓ ਵੀ ਸਕਰੀਨਿੰਗ ਕਮੇਟੀ ਦਾ ਮੈਂਬਰ ਹੋਵੇਗਾ।



ਮਤਾ ਨੰਬਰ-5 : ਇਹ ਵੀ ਪਾਸ ਕੀਤਾ ਗਿਆ ਕਿ ਜੋ ਪ੍ਰੈੱਸ ਕਲੱਬ ਦਾ ਪ੍ਰਧਾਨ ਹੈ ਜਾਂ ਹੋਰ ਅਹੁਦੇਦਾਰ ਹਨ ਉਨ੍ਹਾਂ ਨੂੰ ਮੀਟਿੰਗ ਵਿਚ ਸ਼ਾਮਲ ਮੈਂਬਰ ਮਾਨਤਾ ਨਹੀਂ ਦਿੰਦੇ, ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਗਈ ਕਿ ਕੋਈ ਵੀ ਵਿਅਕਤੀ ਪਟਿਆਲਾ ਪ੍ਰੈੱਸ ਕਲੱਬ ਦਾ ਨਾਮ ਸਾਰੇ ਪੱਤਰਕਾਰਾਂ ਦੀ ਬਿਨਾਹ ਤੇ  ਨਹੀਂ ਵਰਤੇਗਾ, ਪ੍ਰੈੱਸ ਕਲੱਬ ਪਟਿਆਲਾ ਦੀ ਚੋਣ ਬਾਅਦ ਵਿਚ ਕੀਤੀ ਜਾਵੇਗੀ, ਕੋਈ ਵੀ ਵਿਅਕਤੀ ਪ੍ਰੈੱਸ ਕਲੱਬ ਪਟਿਆਲਾ ਦਾ ਪ੍ਰਧਾਨ, ਚੇਅਰਮੈਨ ਕਨਵੀਨਰ ਦੇ ਤੌਰ ਤੇ ਆਪਣਾ ਨਾਮ ਨਹੀਂ ਵਰਤੇਗਾ। 



ਮਤਾ ਨੰਬਰ-6 : ਇਸ ਮੀਟਿੰਗ ਵਿਚ ਸਕਰੀਨਿੰਗ ਕਮੇਟੀ ਬਣਾਈ ਗਈ ਜਿਸ ਦੇ ਮੈਂਬਰ; ਰਵੇਲ ਸਿੰਘ ਭਿੰਡਰ, ਭੁਪੇਸ਼ ਚੱਠਾ, ਗੁਰਨਾਮ ਸਿੰਘ ਅਕੀਦਾ, ਵਿਸ਼ਾਲ ਅੰਗਰੀਸ਼, ਗੁਰਨਾਮ ਸਿੰਘ ਆਸ਼ਿਆਨਾ, ਮਨੀਸ਼ ਆਜ ਤੱਕ, ਡੀਪੀਆਰਓ ਇਸ਼ਵਿੰਦਰ ਸਿੰਘ ਗਰੇਵਾਲ ਮੈਂਬਰ ਬਣਾਏ ਗਏ। ਗਗਨਦੀਪ ਸਿੰਘ ਅਹੂਜਾ, ਸੁਭਾਸ਼ ਪਟਿਆਲਵੀ, ਸਤਿੰਦਰ ਨਰੂਲਾ, ਇਰਵਿੰਦਰ ਸਿੰਘ ਸਟਾਰ ਨਿਊਜ਼, ਰਣਧੀਰ ਸਿੰਘ ਹੈਰਾਨ, ਹਰਦੀਪ ਸਿੰਘ, ਪਵਨ ਪਟਿਆਲਵੀ, ਜਸਪਾਲ ਸਿੰਘ ਢਿੱਲੋਂ, ਅਤਰ ਸਿੰਘ, ਦਰਸ਼ਨ ਸਿੰਘ ਖੋਖਰ ਸਕਰੀਨਿੰਗ ਕਮੇਟੀ ਦੇ ਮੈਂਬਰ ਬਣਾਏ ਗਏ। 

ਮਤਾ ਨੰਬਰ-7 : ਇਹ ਵੀ ਮਤਾ ਪਾਸ ਕੀਤਾ ਗਿਆ ਕਿ ਪ੍ਰੈੱਸ ਕਲੱਬ ਪਟਿਆਲਾ ਦੀ ਰਜਿਸਟ੍ਰੇਸ਼ਨ ਦਰੁਸਤ ਕਰਨ ਲਈ ਕਾਰਜਕਾਰਨੀ ਪੱਤਰਕਾਰ ਪਟਿਆਲਾ ਦੇ ਕਨਵੀਨਰ ਗੁਰਨਾਮ ਸਿੰਘ ਅਕੀਦਾ ਨੂੰ ਅਧਿਕਾਰ ਦਿੱਤੇ ਗਏ। ਅਤੇ ਇਹ ਵੀ ਅਧਿਕਾਰ ਦਿੱਤਾ ਗਿਆ ਉਹ ਆਪਣੇ ਕਿਸੇ ਵੀ ਨਿੱਜੀ ਸਾਥੀ ਨੂੰ ਨਾਲ ਲੈ ਕੇ ਪੱਤਰਕਾਰਾਂ ਦੇ ਫ਼ਾਇਦਿਆਂ ਲਈ ਕੰਮ ਕਰਨਗੇ।

ਮਤਾ ਨੰਬਰ-8 : ਇਸ ਮਤੇ ਵਿਚ ਪਹਿਲਾਂ ਤਿਆਰ ਕੀਤਾ ਗਿਆ ਸੰਵਿਧਾਨ ਪੜ੍ਹ ਕੇ ਸੁਣਾਇਆ ਗਿਆ, ਜੋ ਸਾਰਿਆਂ ਵੱਲੋਂ ਪ੍ਰਵਾਨ ਕੀਤਾ,

ਮਤਾ ਨੰਬਰ-9 : ਇਸ ਮਤੇ ਵਿਚ ਇਹ ਪਾਸ ਕੀਤਾ ਗਿਆ ਕਿ ਪ੍ਰੈੱਸ ਕਲੱਬ ਨੂੰ ਬਦਨਾਮ ਕਰਨ ਵਾਲੀਆਂ ਕਾਰਵਾਈਆਂ ਅਤੇ ਨਿੱਜੀ ਕਿਸਮ ਤੇ ਝਗੜਿਆਂ ਵਿਚ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਵੱਲੋਂ ਵਰਤੇ ਜਾਂਦੇ ਪ੍ਰਭਾਵ ਖ਼ਤਮ ਕੀਤੇ ਜਾਣਗੇ। ਤਾਂ ਜੋ ਪ੍ਰੈੱਸ ਕਲੱਬ ਦਾ ਜੋ ਮੁੱਖ ਉਦੇਸ਼ ਪੱਤਰਕਾਰਾਂ ਦੀ ਬਿਹਤਰੀ ਹੈ ਉਸ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। 

ਜੋ ਸੰ‌ਵਿਧਾਨ ਪਾਸ ਕੀਤਾ ਗਿਆ ਇਸ ਵਿਚ ਤਿੰਨ ਸਰਪ੍ਰਸਤ, ਪ੍ਰਧਾਨ, ਜਨਰਲ ਸਕੱਤਰ, ਵਿੱਤ ਸਕੱਤਰ ਤੋਂ ਇਲਾਵਾ ਇਕ ਸੀਨੀਅਰ ਮੀਤ ਪ੍ਰਧਾਨ, ਦੋ ਮੀਤ ਪ੍ਰਧਾਨ, ਦੋ ਸਕੱਤਰ, ਪ੍ਰੈੱਸ ਸਕੱਤਰ ਇਕ ਤੇ ਕਾਰਜਕਾਰਨੀ 11 ਮੈਂਬਰੀ ਬਣਾਈ ਜਾ ਸਕੇਗੀ। ਇਸ ਵਿਚ ਚੇਅਰਮੈਨ ਦਾ ਅਹੁਦਾ ਬਿਲਕੁਲ ਹੀ ਪਹਿਲਾਂ ਵਾਂਗ ਖ਼ਤਮ ਕਰ ਦਿੱਤਾ ਗਿਆ। 

30 ਅਗਸਤ 2007 ਨੂੰ ਉਕਤ ਸਾਰੀ ਕਾਰਵਾਈ ਨੂੰ ਰਜਿਸਟਰਾਰ ਸੁਸਾਇਟੀ ਵਿਚ ਕਲੱਬ ਦੀ ਪਈ ਫਾਈਲ ਵਿਚ ਜਮਾਂ ਕਰਵਾ ਦਿੱਤਾ ਗਿਆ, ਜਿਸ ਵਿਚ ਜਨਰਲ ਹਾਊਸ ਦੀ ਮੀਟਿੰਗ ਦੀ ਕਾਪੀ, ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਹੋਈ ਚੋਣ ਰੱਦ ਕਰਨ ਦੀ ਕਾਪੀ, ਨਵੀਂ ਸਥਾਪਤ ਕਾਰਜਕਾਰਨੀ ਤੇ ਸਕਰੀਨਿੰਗ ਕਮੇਟੀ ਬਾਰੇ ਮਤੇ ਦੀ ਕਾਪੀ, ਪਾਸ ਕੀਤੇ ਸੰਵਿਧਾਨ ਤੇ ਨਿਯਮਾਂ ਦੀ ਕਾਪੀ। (ਇਹ ਕਾਪੀਆਂ ਨਾਲ ਅਟੈਚ ਹਨ) 





ਉਸ ਤੋਂ ਪਹਿਲਾਂ ਹੀ ਤੋਂ ਪ੍ਰਵੀਨ ਕੋਮਲ ਪ੍ਰੈੱਸ ਕਲੱਬ ਪਟਿਆਲਾ ਦੀ ਸਾਰੀ ਟੀਮ ਨੂੰ ਲਿਖਤੀ ਤੌਰ ਤੇ ਧਮਕਾ ਚੁੱਕਿਆ ਸੀ, ਇਕ ਪੱਤਰ 16 ਮਾਰਚ 2007 ਨੂੰ ਉਸ ਨੇ ਪ੍ਰੈੱਸ ਕਲੱਬ ਪਟਿਆਲਾ ਦੇ ਵਿੱਤ ਸਕੱਤਰ ਰਾਜੇਸ਼ ਪੰਜੋਲਾ ਨੂੰ ਕੱਢਿਆ ਸੀ ਜਿਸ ਨੂੰ ਬਾਕਾਇਦਾ ਨੰਬਰ ਲਗਾਇਆ ਗਿਆ 63/ਮਰ/07 ਸੀ। ਪਤਾ ਨਹੀਂ ਪ੍ਰਵੀਨ ਕੋਮਲ ਨੇ 62 ਪੱਤਰ ਕਿਸ ਨੂੰ ਕੱਢੇ ਸਨ? ਇਹ ਪੱਤਰ ਉਸ ਨੇ ਦਸਤੀ ਡਾਕ ਰਾਹੀਂ ਰਾਜੇਸ਼ ਪੰਜੋਲਾ ਨੂੰ ਐਡਰੈੱਸ ਕੀਤਾ ਸੀ, ਤੇ ਇਸ ਦੀ ਕਾਪੀ ਪ੍ਰਧਾਨ ਗੁਰਕਿਰਪਾਲ ਸਿੰਘ ਅਸ਼ਕ, ਐਕਟਿੰਗ ਪ੍ਰਧਾਨ ਵਿਸ਼ਾਲ ਅੰਗਰੀਸ਼, ਜਨਰਲ ਸਕੱਤਰ ਜਸਪਾਲ ਸਿੰਘ ਢਿੱਲੋਂ, ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਕਮਿਸ਼ਨਰ ਪਟਿਆਲਾ, ਐਡੀਸ਼ਨਲ ਡਿਪਟੀ ਕਮਿਸ਼ਨਰ ਪਟਿਆਲਾ, ਉਜਾਗਰ ਸਿੰਘ ਡੀਪੀਆਰਓ ਪ‌ਟਿਆਲਾ, ‌ਪ੍ਰਿੰਸੀਪਲ ਸੈਕਟਰੀ ਦਰਬਾਰਾ ਸਿੰਘ ਗੁਰੂ ਤੋਂ ਇਲਾਵਾ ਰਿਕਾਰਡ ਵਿਚ ਵੀ ਇਕ ਪੱਤਰ ਰੱਖਿਆ ਗਿਆ ਸੀ। ਪ੍ਰਵੀਨ ਕੋਮਲ ਦੀ ਦਿਮਾਗ਼ੀ ਤਾਕਤ ਨੂੰ ਦਾਦ ਦੇਣੀ ਬਣਦੀ ਹੈ, ਇਹ ਪੱਤਰ ਮਹਿਜ਼ ਡਰਾਵੇ ਲਈ ਸੀ, ਇਸ ਪੱਤਰ ਵਿਚ ਪੰਜਾਬ ਸਰਕਾਰ ਵੱਲੋਂ ਆਈ 25 ਲੱਖ ਦੀ ਗਰਾਂਟ ਨੂੰ ਵਰਤਣ ਦੀ ਹਦਾਇਤ ਕੀਤੀ ਗਈ ਸੀ। ਰਾਜੇਸ਼ ਪੰਜੋਲਾ ਨਾ ਤਾਂ ਕੈਨੇਡਾ ਰਹਿੰਦਾ ਸੀ, ਨਾ ਹੀ ਦਿੱਲੀ, ਉਹ ਪਟਿਆਲਾ ਵਿਚ ਹੀ ਰਹਿੰਦਾ ਸੀ, ਜਿਸ ਨੂੰ ਦਸਤੀ ਪੱਤਰ ਦਿੱਤਾ ਗਿਆ, ਇਸ ਵਿਚ ਪ੍ਰਵੀਨ ਕੋਮਲ ਆਪਣੀ ਚੇਅਰਮੈਨੀ ਦਾ ਦਬਦਬਾ ਕਾਇਮ ਰੱਖ ਰਿਹਾ ਸੀ। ਉਹ ਜ਼ੁਬਾਨੀ ਵੀ ਸਲਾਹ ਮਸ਼ਬਰਾ ਕਰ ਸਕਦਾ ਸੀ ਰਾਜੇਸ਼ ਨਾਲ ਜਾਂ ਫਿਰ ਪ੍ਰਧਾਨ ਨਾਲ ਜਾਂ ਕਾਰਜਕਾਰੀ ਪ੍ਰਧਾਨ ਨਾਲ, ਪਰ ਕੋਮਲ ਆਪਣੀ ਹੈਸੀਅਤ ਦਿਖਾ ਰਿਹਾ ਸੀ (ਪੱਤਰ ਨਾਲ ਅਟੈਚ ਕੀਤਾ ਗਿਆ ਹੈ)



ਪੜ੍ਹ ਲੈਣਾ ਤੁਸੀਂ ਖ਼ੁਦ ਅੰਦਾਜ਼ਾ ਲਗਾਉਣਾ ਕਿ ਪ੍ਰਵੀਨ ਕੋਮਲ ਦੇ ਮਨ ਵਿਚ ਕੀ ਚੱਲ ਰਿਹਾ ਸੀ? ਉਸ ਦੇ ਅੰਦਰ ਕੋਈ ਡਰ ਭੈ ਨਹੀਂ ਸੀ, ਉਹ ਤਾਂ ਇਸ ਲਾਇਨ ਤੇ ਚੱਲ ਰਿਹਾ ਸੀ ਕਿ ਕਿਸੇ ਵੀ ਤਰੀਕੇ ਨਾਲ ਪ੍ਰੈੱਸ ਕਲੱਬ ਤੇ ਕਬਜ਼ਾ ਕੀਤਾ ਜਾਵੇ, ਜਿਸ ਬਾਰੇ ਤੁਹਾਨੂੰ ਪੂਰੇ ਸਬੂਤ ਪਹਿਲਾਂ ਲਿਖੇ ਭਾਗਾਂ ਵਿਚ ਦੇ ਆਏ ਹਾਂ। 

ਪ੍ਰੈੱਸ ਕਲੱਬ ਪਟਿਆਲਾ ਦੇ ਮਾਲਕ ਵਜੋਂ ਪ੍ਰਵੀਨ ਕੋਮਲ ਪੂਰੀ ਤਰ੍ਹਾਂ ਕੰਮ ਕਰ ਰਿਹਾ ਸੀ, ਜਿਸ ਕਰਕੇ ਸਾਡੇ ਲਈ ਸੰਕਟ ਦਾ ਸਮਾਂ ਸੀ, ਪ੍ਰਸ਼ਾਸਨ ਵੀ ਕੁਝ ਪ੍ਰਵੀਨ ਕੋਮਲ ਦੇ ਪੱਖ ਵਿਚ ਭੁਗਤਦਾ ਨਜ਼ਰ ਆ ਰਿਹਾ ਸੀ। ਪੁਲੀਸ ਪ੍ਰਸ਼ਾਸਨ ਤਾਂ ਜਿਵੇਂ ਪ੍ਰਵੀਨ ਕੋਮਲ ਦਾ ਗ਼ੁਲਾਮ ਹੀ ਸੀ। ਇਸ ਕਰਕੇ ਮੈਂ ਬਤੌਰ ਕਨਵੀਨਰ ਕਾਰਜਕਾਰਨੀ ਤੇ ਸਕਰੀਨਿੰਗ ਕਮੇਟੀ ਦੀ ਮੀ‌ਟਿੰਗ ਬੁਲਾਈ। 

28 ਅਗਸਤ 2007 ਨੂੰ ਕਾਰਜਕਾਰਨੀ ਤੇ ਸਕਰੀਨਿੰਗ ਕਮੇਟੀ ਦੀ ਮੀ‌ਟਿੰਗ ਬੰਗ ਮੀਡੀਆ ਸੈਂਟਰ ਪਟਿਆਲਾ ਵਿਖੇ ਹੋਈ। ਇਹ ਮੀ‌‌ਟਿੰਗ ਗੁਰਨਾਮ ਸਿੰਘ ਆਸ਼ਿਆਨਾ ਦੀ ਪ੍ਰਧਾਨਗੀ ਵਿਚ ਕੀਤੀ ਗਈ, ਮੀਟਿੰਗ ਵਿਚ ਸਰਬ ਸੰਮਤੀ ਨਾਲ ਮਤੇ ਪਾਸ ਕੀਤੇ ਗਏ। 

ਮਤਾ ਨੰਬਰ-1  : ਪਟਿਆਲਾ ਪ੍ਰੈੱਸ ਕਲੱਬ ਦੇ ਨਾਮ ਦੀ ਹੋ ਰਹੀ ਕੁਵਰਤੋਂ ਬਾਰੇ ਅਤੇ ਪਟਿਆਲਾ ਪ੍ਰੈੱਸ ਕਲੱਬ ਦੀ ਕੁਝ ਕੁ ਪੱਤਰਕਾਰਾਂ ਵੱਲੋਂ ਕਰਵਾਈ ਗਈ ਇੱਕਤਰਫ਼ਾ ਚੋਣ ਸਬੰਧੀ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਨੂੰ ਜਾਣੂ ਕਰਵਾਇਆ ਜਾਵੇਗਾ। ਇਸ ਸਬੰਧੀ ਭੇਜੇ ਪੱਤਰ ਦੀਆਂ ਕਾਪੀਆਂ ਡੀਸੀ ਪਟਿਆਲਾ, ਐਸਐਸਪੀ ਪਟਿਆਲਾ ਅਤੇ ਹੋਰਨਾ ਅਧਿਕਾਰੀਆਂ ਅਤੇ ਡੀਪੀਆਰਓ ਪਟਿਆਲਾ ਨੂੰ ਭੇਜੀਆਂ ਜਾਣਗੀਆਂ। 

ਮਤਾ ਨੰਬਰ-2 : ਇਹ ਮਤਾ ਵੀ ਪਾਸ ਕੀਤਾ ਗਿਆ ਕਿ ਰਜਿਸਟ੍ਰੇਸ਼ਨ  ਦੀ ਕਾਰਵਾਈ ਲਈ ਕਦਮ ਉਠਾਏ ਜਾਣਗੇ।

ਮਤਾ ਨੰਬਰ-3 : ਇਹ ਮਤਾ ਵੀ ਪਾਸ ਕੀਤਾ ਗਿਆ ਕਿ ਪ੍ਰੈੱਸ ਕਲੱਬ ਦੇ ਨੀਂਹ ਪੱਥਰ ਦੇ ਸਮਾਗਮ ਮੌਕੇ ਹੋਏ ਖ਼ਰਚੇ ਦਾ ਹਿਸਾਬ ਲਿਖਤੀ ਤੋ+ ਤੇ ਅਗਲੀ ਮੀ‌ਟਿੰਗ ਵਿਚ ਰਾਜੇਸ਼ ਪੰਜੋਲਾ ਦੇਣਗੇ।

ਇਸ ਮੀ‌ਟਿੰਗ ਵਿਚ ਸਾਰੇ ਮੈਂਬਰ ਨਹੀਂ ਆਏ। ਪਰ ਅਸੀਂ ਆਪਣੀ ਕਾਰਵਾਈ ਪੂਰੀ ਕਾਨੂੰਨੀ ਤਰੀਕੇ ਨਾਲ ਕਰ ਰਹੇ ਸਾਂ। ਤੁਸੀਂ ਹੈਰਾਨ ਹੋਵੋਗੇ ਕਿ ਹੁਣ ਜ਼ਿਲ੍ਹਾ ਪ੍ਰਸ਼ਾਸ਼ਨ ਜਾਂ ਸਰਕਾਰ ਇਸ ਮੁੱਦੇ ਤੇ ਗੱਲ ਕਰਨੀ ਵੀ ਬੰਦ ਕਰ ਗਈ ਸੀ, ਪਤਾ ਲੱਗਾ ਉਹ ਸੋਚ ਰਹੇ ਸਨ ਪੱਤਰਕਾਰਾਂ ਦੀ ਲੜਾਈ ਵਿਚ ਜ਼ਿਲ੍ਹਾ ਪ੍ਰਸ਼ਾਸ਼ਨ ਜਾਂ ਸਰਕਾਰ ਨੂੰ ਪਾਰਟੀ ਨਹੀਂ ਬਣਨਾ ਚਾਹੀਦਾ..

(ਕਾਪੀ ਨਾਲ ਅਟੈਚ ਹੈ)

    ਇਸ ਤੋਂ ਬਾਅਦ ਹੁਣ ਪ੍ਰੈੱਸ ਕਲੱਬ ਪਟਿਆਲਾ ਦੀ ਦੁਬਾਰਾ ਚੋਣ ਕਰਾਉਣ ਲਈ ਮੈਂਬਰਸ਼ਿਪ ਬਣਾਉਣੀ ਸ਼ੁਰੂ ਕਰ ਦਿੱਤੀ ਗਈ, ਜਿਸ ਲਈ ਮੇਰੀ (ਕਨਵੀਨਰ ਗੁਰਨਾਮ ਸਿੰਘ ਅਕੀਦਾ) ਦੀ ਮਦਦ ਰਾਮ ਸਿੰਘ ਬੰਗ ਕਰ ਰਹੇ ਸਨ।

 ਰਾਮ ਸਿੰਘ ਬੰਗ ਸਿਰੜੀ ਤੇ ਬਹੁਤ ਹੀ ਮਿਹਨਤੀ ਬੰਦਾ ਹੈ, ਉਹ ਪਹਿਲਾਂ ਬੰਗ ਮਾਰਬਲ ਦਾ ਕੰਮ ਕਰਦਾ ਹੁੰਦਾ ਸੀ, ਬੰਗ ਮਾਰਬਲ ਦੇ ਕੰਮ ਨੂੰ ਛੱਡ ਉਸ ਨੇ ਮੇਰੇ ਕੋਲ ਫ਼ੋਟੋ ਗਰਾਫ਼ੀ ਸ਼ੁਰੂ ਕੀਤੀ ਸੀ, ਉਸ ਤੋਂ ਬਾਅਦ ਉਸ ਨੂੰ ਨਵੇਂ ਜ਼ਮਾਨੇ ਦਾ ਪੱਤਰਕਾਰ ਵੀ ਬਣਾ ਦਿੱਤਾ ਗਿਆ ਸੀ। ਇਸ ਉਮਰ ਵਿਚ ਰਾਮ ਸਿੰਘ ਬੰਗ ਨੇ ਜਰਨਲਿਜ਼ਮ ਕੀਤੀ। ਇਸ ਉਮਰ ਵਿਚ ਉਸ ਵੱਲੋਂ ਬੜੇ ਹੀ ਦਲੇਰਾਨਾ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਤੇ ਬਾਅਦ ਵਿਚ ਉਸ ਨੇ ਬੰਗ ਮਾਰਬਲ ਦੀ ਥਾਂ ਦੇ ਇਕ ਵੱਡੀ ਇਮਾਰਤ ਖੜੀ ਕੀਤੀ, ਜਿੱਥੇ ਕਿ ਤਰਕਸ਼ੀਲ ਹਾਲ ਬਣਾਇਆ, ਉਹ ਕਹਾਣੀ ਵੱਖਰੀ ਹੈ, ਪਰ ਪ੍ਰੈੱਸ ਕਲੱਬ ਬਣਾਉਣ ਲਈ, ਉਸ ਲਈ ਉਸ ਨੇ ਮੇਰੀ ਬਹੁਤ ਹੀ ਦਿਆਨਤਦਾਰੀ ਨਾਲ ਮਦਦ ਕੀਤੀ ਭਾਵੇਂ ਕਿ ਮੇਰੀ ਮਦਦ ਕਰਨ ਵਿਚ ਵਿਸ਼ਾਲ ਅੰਗਰੀਸ਼ ਨੇ ਆਉਣਾ ਸੀ, ਜਿਸ ਨੂੰ ਕੋ ਕਨਵੀਨਰ ਬਣਾਇਆ ਗਿਆ ਸੀ, ਪਰ ਉਹ ਇਕ ਵਾਰ ਕੋ-ਕਨਵੀਨਰ ਬਣਨ ਤੋਂ ਬਾਅਦ ਪਤਾ ਨਹੀਂ ਕਿੱਥੇ ਗ਼ਾਇਬ ਹੋ ਗਿਆ ਸੀ, ਅਸੀਂ ਉਸ ਨੂੰ ਫ਼ੋਨ ਕਰਨਾ ਪਰ ਉਹ ਸਾਡੇ ਫ਼ੋਨ ਦੀ ਵੀ ਕੋਈ ਪ੍ਰਵਾਹ ਨਹੀਂ ਕਰਦਾ ਸੀ, ਪਰ ਇਕ ਗੱਲ ਜ਼ਰੂਰ ਸੀ ਕਿ ਪ੍ਰੈੱਸ ਕਲੱਬ ਪਟਿਆਲਾ ਦੀ ਮੈਂਬਰਸ਼ਿਪ ਵੱਡੇ ਪੱਧਰ ਤੇ ਆ ਰਹੀ ਸੀ, ਪੱਤਰਕਾਰ ਆਪ ਹੀ ਆ ਜਾਂਦੇ ਸਨ, ਮੈਂਬਰ ਬਣਨ ਲਈ। ਸਾਰੀ ਕਾਰਵਾਈ ਰਾਮ ਸਿੰਘ ਬੰਗ ਕੋਲ ਸੀ, ਕਾਰਜਕਾਰਨੀ ਦੀ ਮੀ‌ਟਿੰਗ ਕਈ ਵਾਰੀ ਸੱਦੀ ਸੀ ਪਰ ਕਾਰਜਕਾਰਨੀ ਦੇ ਮੈਂਬਰ ਵੀ ਹੁਣ ਸਾਡੇ ਕੋਲੋਂ ਦੂਰ ਰਹਿਣ ਲੱਗ ਪਏ ਸਨ। ਗੁਰਕਿਰਪਾਲ ਸਿੰਘ ਅਸ਼ਕ ਤਾਂ ਖ਼ੈਰ ਪਹਿਲਾਂ ਹੀ ਅਸਤੀਫ਼ਾ ਦੇ ਗਏ ਸਨ, ਹੁਣ ਕਾਰਜਕਾਰਨੀ ਵਿਚ ਸਕਰੀਨਿੰਗ ਕਮੇਟੀ ਵਿਚ ਜਿੰਨੇ ਵੀ ਨਾਮ ਉਕਤ ਲਿਖੇ ਹੋਏ ਹਨ ਕੋਈ ਵੀ ਸਾਡੀ ਮਦਦ ਵਿਚ ਨਹੀਂ ਆ ਰਿਹਾ ਸੀ। ਪਰ ਮੇਰਾ ਕੰਮ ਸੀ ਕਿ ਜੋ ਕੰਮ ਸਾਂਭਿਆ ਹੈ ਉਸ ਨੂੰ ਪੂਰਾ  ਕੀਤਾ ਜਾਵੇ।

ਦੂਜੇ ਪਾਸੇ ਪ੍ਰਵੀਨ ਕੋਮਲ ਦੀਆਂ ਸਾਜ਼ਿਸ਼ਾਂ ਵੀ ਨਾਲੋ ਨਾਲ ਚੱਲ ਰਹੀਆਂ ਸਨ। ਉਸ ਨੇ ਆਪਣੇ ਵੀਕਲੀ ਅਖ਼ਬਾਰ ਵਿਚ ਮੇਰਾ ਕਾਰਟੂਨ ਬਣਾਇਆ ਤੇ ਉਸ ਵਿਚ ਮੇਰਾ ਸਿਰ ਦਾ ਜੁੜਾ ਫੜ ਕੇ ਗਰਦਨ ਕੱਟਣ ਲਈ ਹੱਥ ਵਿਚ ਇਕ ਛੁਰਾ ਦਿਖਾਇਆ ਗਿਆ। ਪ੍ਰਵੀਨ ਕੋਮਲ ਮੈਨੂੰ ਡਰਾ ਰਿਹਾ ਸੀ, ਰਾਮ ਸਿੰਘ ਬੰਗ ਨੂੰ ਡਰਾ ਰਿਹਾ ਸੀ, ਪਰ ਜਾਂ ਤਾਂ ਇੰਜ ਕਹਿ ਲਓ ਕਿ ਮੇਰੇ ਵੱਲੋਂ ਕੀਤੇ ਅਹਿਸਾਨ ਕਰਕੇ ਜਾਂ ਫਿਰ ਆਪਣੀ ਡਿਊਟੀ ਸਮਝਦੇ ਹੋਏ ਰਾਮ ਸਿੰਘ ਬੰਗ ਮੇਰੇ ਨਾਲ ਹੀ ਖੜ੍ਹਾ ਨਜ਼ਰ ਆਉਂਦਾ ਸੀ। 

ਉਸ ਤੋਂ ਬਾਅਦ ਹੌਲੀ ਹੌਲੀ ਮੁੱਖ ਧਾਰਾ ਦੇ ਪੱਤਰਕਾਰ ਸਾਰਾ ਕੁਝ ਹੀ ਮੇਰੇ ਗਲ ਪਾਕੇ ਮੇਰੀ ਤੇ ਪ੍ਰਵੀਨ ਕੋਮਲ ਦੀ ਲੜਾਈ ਕਰਾਉਣ ਲਈ ਮੈਨੂੰ ਇਕੱਲਾ ਛੱਡ ਗਏ ਸਨ। ਪ੍ਰਵੀਨ ਕੋਮਲ ਦਾ ਪਹਿਲਾ ਸ਼ਿਕਾਰ ਚੱਲ ਰਿਹਾ ਸੀ ਰਾਜੇਸ਼ ਪੰਜੋਲਾ, ਉਸ ਕੋਲ ਸਾਰੇ ਹਿਸਾਬ ਕਿਤਾਬ ਸਨ। ਪ੍ਰੈੱਸ ਕਲੱਬ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ਵੇਲੇ ਕਿਵੇਂ ਤੇ ਕਿੱਥੇ ਰੁਪਏ ਖ਼ਰਚੇ ਗਏ ਸਨ ਉਸ ਦਾ ਹਿਸਾਬ ਪ੍ਰਵੀਨ ਕੋਮਲ ਮੰਗ ਰਿਹਾ ਸੀ, ਕਿਉਂਕਿ ਉਸ ਕੋਲ ਚੇਅਰਮੈਨ ਦਾ ਆਹੁਦਾ ਸੀ, ਉਹ ਜਵਾਬ ਤਲਬੀ ਕਰ ਸਕਦਾ ਸੀ, ਉਸ ਨਾਲ ਲੜਨ ਦੀ ਕਿਸੇ ਵਿਚ ਵੀ ਹਿੰਮਤ ਨਹੀਂ ਸੀ। 30 ਅਗਸਤ 2007 ਨੂੰ ਰਾਜੇਸ਼ ਪੰਜੋਲਾ ਨੇ ਪ੍ਰਵੀਨ ਕੋਮਲ ਤੋਂ ਖਹਿੜਾ ਛੁਡਾਉਣ ਲਈ ਮੈਨੂੰ ਇਕ ਪੱਤਰ ਦਿੱਤਾ ਜਿਸ ਵਿਚ ਸਾਰੇ ਹਿਸਾਬ ਬਾਰੇ ਜ਼ਿਕਰ ਸੀ, ਜਿਸ ਬਾਰੇ ਪਹਿਲਾਂ ਹੀ ਮੀ‌ਟਿੰਗ ਵਿਚ ਬੜੇ ਤਰੀਕੇ ਨਾਲ ਮਤਾ ਪਵਾ ਲਿਆ ਗਿਆ ਸੀ। ਇਹ ਹਿਸਾਬ ਦੇ ਕੇ ਰਾਜੇਸ਼ ਪੰਜੋਲਾ ਪ੍ਰਵੀਨ ਕੋਮਲ ਤੋਂ ਸੁਰਖ਼ਰੂ ਹੋ ਗਿਆ ਸੀ। 

(ਪੱਤਰ ਨਾਲ ਅਟੈਚ ਹੈ)



ਹੋਰ ਵੀ ਪ੍ਰਵੀਨ ਕੋਮਲ ਜਿਸ ਜਿਸ ਨੂੰ ਟਾਰਗੈਟ ਕਰ ਰਿਹਾ ਸੀ। ਉਹ ਸਾਰਾ ਕੁਝ ਹੀ ਮੇਰੇ ਗਲ ਪਾ ਦਿੱਤਾ ਗਿਆ ਸੀ, ਕੋ-ਕਨਵੀਨਰ ਵਿਸ਼ਾਲ ਅੰਗਰੀਸ਼ ਜਮਾਂ ਹੀ ਟਾਲ਼ਾ ਵੱਟ ਗਿਆ ਸੀ। ਰਹਿ ਗਏ ਸਿਰਫ਼ ਮੈਂ ਤੇ ਰਾਮ ਸਿੰਘ ਬੰਗ। ਪ੍ਰਵੀਨ ਕੋਮਲ ਨੇ ਮੇਰੇ ਨਾਲ ਹੁਣ ਹੋਈ ਗੱਲਬਾਤ ਵਿਚ ਕਿਹਾ ਕਿ ‘‘ਪਟਿਆਲਾ ਦੇ ਪ੍ਰੈੱਸ ਕਲੱਬ ਤੇ ਅਹੁਦੇਦਾਰਾਂ ਨੇ ਤੇਰੇ ਗਲ ਸਾਰਾ ਕੁਝ ਪਾਕੇ ਇਕ ਸਾਜ਼ਿਸ਼ੀ ਕੰਮ ਕੀਤਾ ਸੀ, ਨਹੀਂ ਤਾਂ ਮੈਂ ਉਨ੍ਹਾਂ ਤੋਂ ਜਵਾਬ ਮੰਗਦਾ ਜਦੋਂ ਤੁਸੀਂ ਸਾਜਿਸ਼ ਤਹਿਤ ਕਨਵੀਨਰ ਬਣਾਏ ਗਏ ਉਸ ਤੋਂ ਬਾਅਦ ਆਪਣੀ ਦੋਵਾਂ ਦੀ ਲੜਾਈ ਸ਼ੁਰੂ ਹੋ ਗਈ ਸੀ, ਤੁਸੀਂ ਇਨ੍ਹਾਂ ਮੀਡੀਆ ਵਾਲਿਆਂ ਦੀ ਸਾਜਿਸ਼, ਉਸ ਵੇਲੇ ਨਹੀਂ ਸਮਝ ਸਕੇ ਤੁਸੀਂ ਇਮਾਨਦਾਰੀ ਨਾਲ ਕੰਮ ਕਰਦੇ ਰਹੇ ਪਰ ਇਨ੍ਹਾਂ ਵਿਚੋਂ ਬਹੁਤ ਸਾਰੇ ਮੇਰੇ ਨਾਲ ਵੀ ਸੰਪਰਕ ਕਰਨ ਲੱਗ ਪਏ ਸਨ।ਸਗੋਂ ਮੇਰੇ ਨਾਲ ਬੜੀਆਂ ਪਿਆਰੀਆਂ ਗੱਲਾਂ ਵੀ ਕਰਦੇ ਸਨ’’



ਮੈਨੂੰ ਵੀ ਇਹ ਗੱਲ ਸਮਝ ਆਉਣ ਲੱਗ ਪਈ ਸੀ। ਪ੍ਰੈੱਸ ਕਲੱਬ ਪਟਿਆਲਾ ਰਜਿਸਟਰਡ ਨੰਬਰ 1769 ਦੀ ਮੈਂਬਰਸ਼ਿਪ 1 ਸਤੰਬਰ 2007  ਨੂੰ ਸ਼ੁਰੂ ਕਰ ਦਿੱਤੀ ਸੀ, ਜਿਸ ਦੇ ਬਾਕਾਇਦਾ ਫਾਰਮ ਛਪਾਏ ਗਏ, ਫਾਰਮ ਛਪਾਉਣ ਵਿਚ ਮੇਰੀ ਮਦਦ ਸਹੀਦੇ ਆਜ਼ਮ ਪ੍ਰੈੱਸ ਦੇ ਮਾਲਕ


 ਚੌਧਰੀ ਪ੍ਰਭਜੀਤ ਸਿੰਘ ਨੇ ਕੀਤੀ ਸੀ (ਜੋ ਬਾਅਦ ਵਿਚ ਪ੍ਰਵੀਨ ਕੋਮਲ ਦੀ ਟੀਮ ਵਿਚ ਸ਼ਾਮਲ ਹੋ ਗਿਆ)।



 ਮੈਂ ਹਰ ਇਕ ਕਾਰਵਾਈ ਵਿਚ ਕੋ-ਕਨਵੀਨਰ ਵਿਸ਼ਾਲ ਅੰਗਰੀਸ਼ ਦਾ ਨਾਮ ਜ਼ਰੂਰ ਰੱਖਦਾ ਸੀ। ਮੈਂਬਰਸ਼ਿਪ ਦੀ ਸਾਰੀ ਕਾਰਵਾਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਤਲਾਹ ਕਰਕੇ ਸ਼ੁਰੂ ਕੀਤੀ ਸੀ, ਜਿਸ ਸਬੰਧੀ ਇਕ ਪੱਤਰ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਤੇ ਡੀਪੀਆਰਓ ਨੂੰ ਵੀ ਭੇਜਿਆ ਗਿਆ।( ਕਾਪੀ ਨਾਲ ਅਟੈਚ ਹੈ)


26 ਸਤੰਬਰ ਨੂੰ ਅਸੀਂ ਇਕ ਪੱਤਰ ਪੰਜਾਬ ਦੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਭੇਜਿਆ, (ਕਾਪੀ ਨਾਲ ਅਟੈਚ ਹੈ)। ਲੋਕ ਸੰਪਰਕ ਮੰਤਰੀ ਨੂੰ ਭੇਜਿਆ ਪੱਤਰ ਇਹ ਸਪਸ਼ਟ ਕਰਦਾ ਸੀ ਕਿ ਕੋਈ ਵੀ ਵਿਅਕਤੀ ਹੁਣ ਪ੍ਰੈੱਸ ਕਲੱਬ ਦਾ ਨਾਮ ਵਰਤ ਕੇ ਤੁਹਾਡੇ ਕੋਲ ਆਵੇਗਾ ਉਸ ਦੀ ਕੋਈ ਸੁਣਵਾਈ ਨਾ ਕੀਤੀ ਜਾਵੇ ਜੇਕਰ ਕੋਈ ਸੁਣਵਾਈ ਕਰਨੀ ਹੈ ਤਾਂ ਸਾਨੂੰ ਇਸ ਵਿਚ ਸ਼ਾਮਲ ਕਰ ਲਿਆ ਜਾਵੇ, ਮੰਤਰੀ ਨੂੰ ਭੇਜੀ ਚਿੱਠੀ ਦੀ ਕਾਪੀ ਡੀਸੀ ਪਟਿਆਲਾ, ਡੀਪੀਆਰਓ, ਐਕਸੀਅਨ ਪੀ ਡਬਲਿਊ ਡੀ ਤੇ ਐਸਐਸਪੀ ਪਟਿਆਲਾ ਨੂੰ ਵੀ ਭੇਜੀ ਗਈ। ਇਸ ਪੱਤਰ ਨਾਲ ਕਲੱਬ ਦੀ ਪਹਿਲੇ ਸਾਰੇ ਅਹੁਦੇਦਾਰ ਭੰਗ ਕਰਨ,ਪ੍ਰੈੱਸ ਕਲੱਬ ਭੰਗ ਕਰਨ ਤੇ ਹੋਰ ਜੋ ਵੀ ਕਾਰਵਾਈ ਹੋਈ ਸੀ ਸਾਰੀ ਨਾਲ ਨੱਥੀ ਕੀਤੀ ਗਈ। 



ਹੁਣ ਪ੍ਰਵੀਨ ਕੋਮਲ ਆਪਣੇ ਪੂਰੇ ਐਕਸ਼ਨ ਵਿਚ ਆ ਗਿਆ ਸੀ। ਪਟਿਆਲਾ ਕੋਰਟ ਦੇ ਪ੍ਰਸਿੱਧ ਵਕੀਲ ਸ੍ਰੀਮਾਨ ਸਤੀਸ਼ ਕਰਕਰਾ ਰਾਹੀਂ ਇਕ ਲੀਗਲ ਨੋਟਿਸ ‘ਦਾ ਜਨਰਲ ਮੈਨੇਜਰ ਕਮ ਅਸਿਸਟੈਂਟ ਰਜਿਸਟਰਾਰ ਫਾਰਮਜ਼ ਐਂਡ ਸੁਸਾਇਟੀਜ਼ ਡੀ ਆਈ ਸੀ ਸਰਹਿੰਦ ਰੋਡ ਪਟਿਆਲਾ’ ਦੇ ਨਾਮ ਤੇ ਭੇਜਿਆ, ਜਿਸ ਵਿਚ ਸਾਡੇ ਉੱਤੇ ਬੜੇ ਵੱਡੇ ਦੋਸ਼ ਲਗਾਏ ਗਏ ਤੇ ਸਾਡੇ ਉੱਤੇ ਕਲੱਬ ਦਾ ਰੁਪਿਆ ਗ਼ਬਨ ਕਰਨ ਦੇ ਦੋਸ਼ ਲਗਾਏ ਗਏ, (ਇਸ ਨੋਟਿਸ ਦੀ ਕਾਪੀ ਨਾਲ ਅਟੈਚ ਹੈ-ਦੋ ਪੇਜ)। 




ਇਸ ਕਾਰਵਾਈ ਦੀ ਖ਼ਬਰ 8 ਸਤੰਬਰ 2007 ਨੂੰ ਪਟਿਆਲਾ ਦੇ ਇਕ ਛੋਟੇ ਅਖ਼ਬਾਰ ‘ਰਣਜੀਤ’ ਵਿਚ ਲਗਾਈ ਗਈ।



 ਹੋਰ ਕਿਸੇ ਅਖ਼ਬਾਰ ਨੇ ਇਸ ਬਾਰੇ ਕੋਈ ਖ਼ਬਰ ਨਹੀਂ ਲਾਈ। ਉਸ ਫ਼ੋਟੋ ਵਿਚ ਐਡਵੋਕੇਟ ਸ੍ਰੀਮਾਨ ਸਤੀਸ਼ ਕਰਕਰਾ ਦੇ ਨਾਲ ਜਿੱਥੇ ਪ੍ਰਵੀਨ ਕੋਮਲ ਖੜੇ ਹਨ ਉੱਥੇ ਹੀ ਨਾਲ ਕੁਲਵੰਤ ਸਿੰਘ ਵੀ ਖੜ੍ਹਾ ਹੈ। ਸ੍ਰੀਮਾਨ ਕਰਕਰਾ ਹੋਰੀਂ ਪ੍ਰਵੀਨ ਕੋਮਲ ਦੇ ਪ੍ਰੈੱਸ ਕਲੱਬ ਦੇ ਕਾਨੂੰਨੀ ਸਲਾਹਕਾਰ ਦੇ ਤੌਰ ਤੇ ਨਿਯੁਕਤ ਕੀਤੇ ਸਨ। ਇਹ ਮੇਰੇ ਲਈ ਇਕ ਵੱਡੀ ਧਮਕੀ ਸੀ ਤਾਂ ਕਿ ਮੈਂ ਡਰ ਕੇ ਸਾਰੀ ਕਾਰਵਾਈ ਛੱਡ ਕੇ ਹੋਰਨਾ ਪੱਤਰਕਾਰਾਂ ਵਾਂਗ ਭੱਜ ਜਾਵਾਂ। ਇਸ ਦੇ ਨਾਲ ਹੀ ਪ੍ਰਵੀਨ ਕੋਮਲ ਨੇ ਵੀ  ‘ਦਾ ਜਨਰਲ ਮੈਨੇਜਰ ਕਮ ਅਸਿਸਟੈਂਟ ਰਜਿਸਟਰਾਰ ਫਾਰਮਜ਼ ਐਂਡ ਸੁਸਾਇਟੀਜ਼ ਡੀ ਆਈ ਸੀ ਸਰਹਿੰਦ ਰੋਡ ਪਟਿਆਲਾ ਦੇ ਨਾਮ ਤੇ ਸਾਡੇ ਉੱਤੇ ਕਲੱਬ ਦਾ ਗ਼ਬਨ ਕਰਨ ਦੇ ਦੋਸ਼ ਲਗਾਉਂਦਿਆਂ ਇਕ ਪੱਤਰ ਭੇਜਿਆ। (ਜਿਸ ਦੀ ਕਾਪੀ ਨਾਲ ਅਟੈਚ ਹੈ), 



ਇਸ ਕਾਰਵਾਈ ਦਾ ਕੁਝ ਦਿਨ ਪਾਕੇ ਸਾਨੂੰ ਪਤਾ ਲੱਗਾ ਤਾਂ ਅਸੀਂ ਕਾਰਜਕਾਰਨੀ ਦੇ ਧਿਆਨ ਵਿਚ ਲਿਆਂਦਾ, ਵਿਸ਼ਾਲ ਅੰਗਰੀਸ਼ ਨੂੰ ਫ਼ੋਨ ਕਰਕੇ ਦੱਸਿਆ ਤੇ ਕਾਰਵਾਈ ਲਈ ਇਕੱਠੇ ਹੋਣ ਲਈ ਕਿਹਾ ਪਰ ਦੁਖ ਨਾਲ ਲਿਖਣਾ ਪੈ ਰਿਹਾ ਹੈ ਕਿ ਕਿਸੇ ਨੇ ਵੀ ਸਾਡਾ ਸਾਥ ਨਹੀਂ ਦਿੱਤਾ। ਸਾਰੇ ਹੀ ਜਿਵੇਂ ਡਰ ਗਏ ਸਨ ਪ੍ਰਵੀਨ ਕੋਮਲ ਤੋਂ। ਸਾਰੇ ਹੀ ਜਿਵੇਂ ਭੱਜ ਹੀ ਗਏ ਸਨ। ਹੁਣ ਮੈਂ ਕਨਵੀਨਰ ਦੇ ਤੌਰ ਤੇ ਰਹਿ ਗਿਆ ਸੀ ਤੇ ਰਾਮ ਸਿੰਘ ਬੰਗ ਮੇਰਾ ਸਹਿਯੋਗੀ ਦੇ ਤੌਰ ਤੇ ਮੇਰੇ ਨਾਲ ਸੀ। ਰਾਮ ਸਿੰਘ ਬੰਗ ਨੂੰ ਵੀ ਧਮਕਾਇਆ ਜਾ ਰਿਹਾ ਸੀ। ਦੂਜੇ ਪਾਸੇ ਧਾਲੀਵਾਲ ਮੇਰੇ ਖ਼ਿਲਾਫ਼ ਸਾਜ਼ਿਸ਼ਾਂ ਰਚ ਰਿਹਾ ਸੀ। ਜਿਸ ਨੂੰ ਪਟਿਆਲਾ ਦਾ ਪੱਤਰਕਾਰ ਭਾਈਚਾਰਾ ਫੁਕਰੇ ਦਾ ਟੈਗ ਦੇ ਚੁੱਕਿਆ ਸੀ, ਉਹ ਮੇਰੇ ਵਿਰੋਧ ਵਿਚ ਇੰਜ ਸਾਜ਼ਿਸ਼ਾਂ ਰਚ ਰਿਹਾ ਸੀ ਜਿਵੇਂ ਕਿ ਉਸ ਨੇ ਵੀ ਕੋਈ ਜੰਗ ਜਿੱਤਣੀ ਹੈ। 

ਹੁਣ ਸਾਡੇ ਨਾਲ ਨਾ ਤਾਂ ਕਿਤੇ ਖੜ੍ਹਾ ਨਜ਼ਰ ਆਉਂਦਾ ਸੀ ਜਸਪਾਲ ਸਿੰਘ ਢਿੱਲੋਂ, ਰਾਜੇਸ਼ ਪੰਜੋਲਾ, ਵਿਸ਼ਾਲ ਅੰਗਰੀਸ਼ ਤੇ ਹੋਰ, ਮੈਂ ਇਕੱਲਾ 'ਗ਼ਰੀਬ ਪੱਤਰਕਾਰ' ਇਸ ਵਿਚ ਬੁਰੀ ਤਰ੍ਹਾਂ ਫਸਾ ਦਿੱਤਾ ਗਿਆ ਸੀ। ਪਰ ਮੈਂ ਆਪਣੀ ਡਿਊਟੀ ਤੇ ਕਾਇਮ ਸੀ। ਅਸੀਂ ਆਪਣੀ ਕਾਰਵਾਈ ਜਾਰੀ ਰੱਖੀ, ਉਸ ਤੋਂ ਬਾਅਦ ਪ੍ਰਵੀਨ ਕੋਮਲ ਨੇ ਸਾਡੇ ਦੋਵਾਂ ਰਾਮ ਸਿੰਘ ਬੰਗ ਤੇ ਮੇਰੇ ਖ਼ਿਲਾਫ਼ ਥਾਣੇ ਵਿਚ ਸ਼ਿਕਾਇਤ ਦੇ ਦਿੱਤੀ, ਉਸ ਵੇਲੇ ਵੀ ਅਸੀਂ ਥਾਣੇ ਵਿਚ ਜਾਣ ਲਈ ਕਾਰਜਕਾਰਨੀ ਕਮੇਟੀ ਸਕਰੀਨਿੰਗ ਕਮੇਟੀ ਤੇ ਬਾਕੀ ਪੱਤਰਕਾਰਾਂ ਨੂੰ ਥਾਣੇ ਵਿਚ ਜਾਣ ਲਈ ਬੇਨਤੀ ਕੀਤੀ, ਪਰ ਕੁਝ ਨੂੰ ਛੱਡ ਕੇ ਕੋਈ ਵੀ ਨਹੀਂ ਆਇਆ। 

ਉਸ ਤੋਂ ਬਾਅਦ ਅਸੀਂ ਕੀ ਸੋਚਿਆ ਕਿ ਅਸੀਂ ਪ੍ਰੈੱਸ ਕਲੱਬ ਦੀ ਇਮਾਰਤ ਕਿਸ ਲਈ ਬਣਾਉਣੀ ਹੈ, ਉਨ੍ਹਾਂ ਲਈ ਜੋ ਛੱਡ ਗਏ ਹਨ, ਜਿਨ੍ਹਾਂ ਨੇ ਪ੍ਰੈੱਸ ਕਲੱਬ ਦੀ ਇਮਾਰਤ ਤੇ ਆਪਣਾ ਦਾਅਵਾ ਹੀ ਛੱਡ ਦਿੱਤਾ ਹੈ। ਉੱਧਰ ਪ੍ਰਵੀਨ ਕੋਮਲ ਥਾਣਿਆਂ ਤੱਕ ਕੋਰਟਾਂ ਤੱਕ ਲੈ ਜਾਣ ਦੀਆਂ ਕਾਰਵਾਈਆਂ ਕਰ ਰਿਹਾ ਸੀ। ਸਾਡੀ ਇਹ ਲੜਾਈ ਨਿੱਜੀ ਨਹੀਂ ਸੀ। ਸਗੋਂ ਇਹ ਲੜਾਈ ਪ੍ਰੈੱਸ ਕਲੱਬ ਪਟਿਆਲਾ ਦੇ ਬਣਾਉਣ ਦੀ ਸੀ ਜਿਸ ਦਾ ਲਾਭ ਸਾਰੇ ਪੱਤਰਕਾਰਾਂ ਨੂੰ ਹੋਣਾ ਸੀ, ਜਿਸ ਵਿਚ ਪ੍ਰਵੀਨ ਕੋਮਲ ਵੀ ਸ਼ਾਮਲ ਸੀ, ਸਗੋਂ ਪ੍ਰਵੀਨ ਕੋਮਲ ਦੀ ਸਾਰੀ ਟੀਮ ਨੂੰ ਵੀ ਲਾਭ ਮਿਲਣਾ ਸੀ ਜੇਕਰ ਪ੍ਰੈੱਸ ਕਲੱਬ ਬਣ ਜਾਂਦਾ। ਮੇਰੀ ਕਿਹੜਾ ਇਹ ਨਿੱਜੀ ਲੜਾਈ ਸੀ, ਜਿਵੇਂ ਪਹਿਲਾਂ ਇਸ ਸੋਚ ਨਾਲ ਪ੍ਰਧਾਨਗੀ ਤੋਂ ਗੁਰਕਿਰਪਾਲ ਸਿੰਘ ਅਸ਼ਕ ਅਸਤੀਫ਼ਾ ਦੇ ਗਏ ਸਨ, ਉਹ ਵੀ ਤਾਂ ਇਹੀ ਸੋਚਦੇ ਸਨ ਕਿ ਸਾਡੀ ਕਿਹੜਾ ਇਹ ਨਿੱਜੀ ਲਾਭ ਦੀ ਲੜਾਈ ਹੈ, ਸਾਡੀ ਵੀ ਕਿਹੜਾ ਇਹ ਨਿੱਜੀ ਲੜਾਈ ਸੀ। ਪਰ ਜਦਕਿ  ਪ੍ਰਵੀਨ ਕੋਮਲ ਇਸ ਨੂੰ ਨਿੱਜੀ ਲੜਾਈ ਸਮਝ ਕੇ ਹੀ ਲੜ ਰਿਹਾ ਸੀ, ਇਸੇ ਕਰਕੇ ਉਹ ਪ੍ਰੈੱਸ ਕਲੱਬ ਬਣਾਉਣ ਲਈ ਨਹੀਂ ਸਗੋਂ ਆਪਣੀ ਈਗੋ ਕਰਕੇ ਲੜਾਈ ਲੜ ਰਿਹਾ ਸੀ, ਜੇਕਰ ਉਸ ਦੇ ਮਨ ਵਿਚ ਪ੍ਰੈੱਸ ਕਲੱਬ ਬਣਾਉਣ ਲਈ ਕੁਝ ਹੁੰਦਾ ਤਾਂ ਉਹ ਸਾਰੇ ਪੱਤਰਕਾਰਾਂ ਨੂੰ ਨਾਲ ਲੈ ਕੇ ਚੱਲਦਾ ਨਾ ਕਿ ਉਹ ਸਿਰਫ਼ ਇਕੱਲਾ ਹੀ ਲੜਾਈ ਲੜਦਾ। ਮੈਨੂੰ ਨਹੀਂ ਪਤਾ ਕਿ ਪ੍ਰਵੀਨ ਕੋਮਲ ਇੰਜ ਕਿਉਂ ਕਰ ਰਿਹਾ ਸੀ, ਇਸ ਵਿਚ ਉਸ ਦਾ ਕੀ ਫ਼ਾਇਦਾ ਸੀ? ਸੰਸਥਾਗਤ ਤਰੀਕੇ ਨਾਲ ਕੀਤਾ ਕੰਮ ਹੀ ਪ੍ਰਵਾਨ ਹੁੰਦਾ ਹੈ ਪਰ ਮੈਨੂੰ ਲਗ ਰਿਹਾ ਸੀ ਕਿ ਉਸ ਨੂੰ ਕੋਈ ਕਿਸੇ ਦੀ ਪ੍ਰਵਾਹ ਨਹੀਂ ਸੀ। ਉਹ ਹੁਣ ਸਿਰਫ਼ ਤੇ ਸਿਰਫ਼ ਨਿੱਜ ਪੱਖੀ ਹੋ ਗਿਆ ਸੀ। ਇਸ ਸਬੰਧੀ ਉਸ ਦੀ  ਮਾਨਸਿਕਤਾ ਤੇ ਏਨਾ ਦਬਾਅ ਸੀ ਜਿਵੇਂ ਕਿ ਉਸ ਦੀ  ਨਿੱਜੀ ਪ੍ਰਾਪਰਟੀ ਹੁੰਦੀ ਹੈ। ਉਸ ਨੇ ਰਜਿਸਟਰਾਰ ਸੁਸਾਇਟੀ ਨੂੰ ਵੀ ਲਿਖ ਕੇ ਦੇ ਦਿੱਤਾ ਸੀ ਕਿ ਕਲੱਬ ਦੀ ਫਾਈਲ ਦਾ ਕੋਈ ਵੀ ਕਾਗ਼ਜ਼ ਕਿਸੇ ਨੂੰ ਨਾ ਦਿੱਤਾ ਜਾਵੇ (ਕਾਪੀ ਨਾਲ ਅਟੈਚ ਹੈ)



ਸਾਨੂੰ ਥਾਣੇ ਵਿਚ ਬੁਲਾਕੇ ਬੇਵਕੂਫ਼ ਜਿਹੇ ਸਿਪਾਈ ਤੋਂ ਜ਼ਲੀਲ ਕਰਾਇਆ ਜਾਂਦਾ, ਸਾਡੇ ਨਾਲ ਖੜ੍ਹਾ ਕੋਈ ਪੱਤਰਕਾਰ ਨਜ਼ਰ ਨਾ ਆਉਂਦਾ, ਉਸ ਤੋਂ ਬਾਅਦ ਮੈਂ ਤੇ ਰਾਮ ਸਿੰਘ ਬੰਗ ਨੇ ਸਲਾਹ ਕੀਤੀ ਕਿ ਕਿਉਂ ਨਾ ਆਪਾਂ ਵੀ ਸਰੈਂਡਰ ਕਰ ਦੇਈਏ। ਉਸ ਤੋਂ ਬਾਅਦ ਮੈਂ ਤੇ ਰਾਮ ਸਿੰਘ ਬੰਗ ਥਾਣੇ ਵਿਚ  ਜਾ ਕੇ ਲਿਖ ਕੇ ਦੇ ਆਏ।  (ਕਾਪੀ ਨਾਲ ਅਟੈਚ ਹੈ) 



ਸਾਡੇ ਲਿਖ ਕੇ ਦੇਣ ਤੋਂ ਬਾਅਦ  ਪ੍ਰਵੀਨ ਕੋਮਲ ਜਿਵੇਂ ਸਾਰੀਆਂ ਜੰਗਾਂ ਜਿੱਤ ਗਿਆ ਸੀ।ਉਸ ਨੇ ਲਿਖਤੀ ਤੌਰ ਤੇ ਸਾਨੂੰ ‘ਮੁਆਫ਼’ ਕਰ ਦਿੱਤਾ। ਹੁਣ ਉਸ ਦੇ ਸਾਹਮਣੇ ਕੋਈ ਵੀ ਨਹੀਂ ਸੀ। 



ਬਾਕੀ ਅਗਲੇ ਭਾਗ ਵਿਚ...


ਨੋਟ: ਬੇਨਤੀ ਹੈ ਕਿ ਕਿਸੇ ਕੋਲ ਇਸ ਬਾਰੇ ਹੋਰ ਤੱਥ ਹੋਣ ਜਾਂ ਜਾਣਕਾਰੀ ਹੋਵੇ ਤਾਂ ਉਹ ਬਲੌਗ ਵਿਚ ਹੀ ਹੇਠਾਂ ਟਿੱਪਣੀ ਕਰ ਸਕਦਾ ਹੈ, ਜਾਂ ਕਿਸੇ ਨੂੰ ਇਤਰਾਜ਼ ਹੋਵੇ ਤਾਂ ਵੀ ਉਹ ਆਪਣਾ ਇਤਰਾਜ਼ ਟਿੱਪਣੀ ਦੇ ਰੂਪ ਵਿਚ ਕਰ ਸਕਦਾ ਹੈ। ਸਾਡੀ ਮਨਸਾ ਕਿਸੇ ਦਾ ਦਿਲ ਦੁਖਾਉਣਾ ਨਹੀਂ ਹੈ ਸਗੋਂ ਜੋ ਕਾਗ਼ਜ਼ਾਂ ਅਨੁਸਾਰ ਵਾਪਰਿਆ ਹੈ ਉਹ ਹੀ ਲਿਖਿਆ ਹੈ, ਜੋ ਕਾਗ਼ਜ਼ ਸਪਸ਼ਟ ਕਰਦੇ ਹਨ ਉਹ ਹੀ ਲਿਖਿਆ ਹੈ ਤਾਂ ਕਿ ਪਟਿਆਲਾ ਦੇ ਪੱਤਰਕਾਰਾਂ ਦਾ ਇਤਿਹਾਸ ਜ਼ਿੰਦਾ ਰਹੇ.. ਮੇਰੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਮੇਰਾ ਸੰਪਰਕ ਨੰਬਰ ਹੈ: 8146001100


No comments:

Post a Comment

‘ਪਟਿਆਲਾ ਮੀਡੀਆ ਕਲੱਬ’ ਹੋਂਦ ਵਿਚ ਆਇਆ : ਵਿਸ਼ਾਲ ਰੰਬਾਨੀ ਦੀ ਪੱਤਰਕਾਰਾਂ ’ਤੇ ਚੜ੍ਹਤ

ਪੱਤਰਕਾਰੀ ਦਾ ਇਤਿਹਾਸ ਭਾਗ-12 ਲੇਖਕ : ਗੁਰਨਾਮ ਸਿੰਘ ਅਕੀਦਾ      ਪ੍ਰਵੀਨ ਕੋਮਲ ਦਾ ਪ੍ਰੈੱਸ ਕਲੱਬ ਪਟਿਆਲਾ ਤੇ ਕਬਜ਼ਾ ਹੋ ਚੁੱਕਿਆ ਸੀ, ਉਹ ਆਰਟੀਏ ਦੀ ਇਮਾਰਤ ਵਿਚ ਆਮ ਤੌਰ...