Friday, June 07, 2019

ਮੁਸ਼ਕਲਾਂ ਦੇ ਬਾਵਜੂਦ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਪਟਿਆਲਾ ਏਵੀਏਸ਼ਨ ਕਲੱਬ


ਹਰ ਮਹੀਨੇ 400 ਤੋਂ 500 ਘੰਟੇ ਦੀ ਉਡਾਣ ਪੁਰੀ ਕਰਦੇ ਹਨ ਕਲੱਬ ਦੇ ਜਹਾਜ਼

ਇਕ ਹੋਰ ਜਹਾਜ਼ ਮਿਲੇਗਾ ਪਟਿਆਲਾ ਏਵੀਏਸ਼ਨ ਕਲੱਬ ਨੂੰ

ਗੁਰਨਾਮ ਸਿੰਘ ਅਕੀਦਾ
ਪਟਿਆਲਾ, 8 ਜੂਨ
ਪਟਿਆਲਾ ਸੰਗਰੂਰ ਰੋਡ ਤੇ ਸਥਾਪਤ ਕੀਤੇ ਪਟਿਆਲਾ ਏਵੀਏਸ਼ਨ ਕਲੱਬ ਕੁਝ ਕੁ ਮੁਸ਼ਕਲਾਂ ਦੇ ਬਾਵਜੂਦ ਆਪਣਾ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਜਿੱਥੇ ਹੁਣ ਡਾਇਰੈਕਟਰ ਜਨਰਲ ਆਫ਼ ਏਵੀਏਸ਼ਨ (ਡੀਜੀਸੀਏ) ਨੇ ਫਲਾਇੰਗ ਟਰੇਨਿੰਗ ਇੰਸਟੀਚਿਊਟ ਵੀ ਮਨਜ਼ੂਰ ਕਰ ਦਿੱਤਾ ਹੈ, ਅੱਜ ਕੱਲ੍ਹ ਇੱਥੇ 55 ਦੇ ਕਰੀਬ ਬੱਚੇ ਇੰਸਟੀਚਿਊਟ ਵਿਚ ਦਾਖਲਾ ਲੈ ਕੇ ਜਹਾਜ਼ ਉਡਾਉਣਾ ਸਿੱਖ ਰਹੇ ਹਨ।
    ਇੱਥੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜਿਵੇਂ ਇੱਥੇ ਜਹਾਜ਼ ਉਡਾਉਣ ਸਿੱਖ ਰਹੇ ਬੱਚਿਆਂ ਦੀ ਗਿਣਤੀ ਕਾਫ਼ੀ ਵੱਧ ਰਹੀ ਹੈ ਉੱਥੇ ਹੀ ਇੱਥੇ ਇਕ ਜਹਾਜ਼ ਦੀ ਲੋੜ ਹੈ।  ਇਸ ਵੇਲੇ ਇੱਥੇ ਇਕ ਮਲਟੀ ਇੰਜਨ ਟੈਕਨੈਮ ਪੀਪੀ 2006, ਦੋ ਸੈਸ਼ਨਾਂ 172, ਦੋ ਸੈਸ਼ਨਾਂ 152 ਜਹਾਜ਼ ਮੌਜੂਦ ਹਨ, ਇਨ੍ਹਾਂ ਵਿਚ ਇਕ ਸੈਸ਼ਨਾਂ 172 ਖ਼ਰਾਬ ਹੈ ਜਿਸ ਦੀ ਮੁਰੰਮਤ ਚੱਲ ਰਹੀ ਹੈ। ਜੇਕਰ ਇੱਥੇ ਜਹਾਜ਼ ਹੋਰ ਆ ਜਾਂਦੇ ਹਨ ਤਾਂ ਇੱਥੇ ਹੋਰ ਵੀ ਬੱਚੇ ਜਹਾਜ਼ ਉਡਾਉਣਾ ਸਿੱਖ ਜਾਣਗੇ। ਇੱਥੇ ਜਹਾਜ਼ ਉਡਾਉਣਾ ਸਿੱਖਣ ਲਈ ਜਿੱਥੇ ਮੁੰਬਈ, ਦਿਲੀ ਆਦਿ ਸਾਰੇ ਭਾਰਤ ਤੋਂ ਬੱਚੇ ਆ ਰਹੇ  ਉੱਥੇ ਹੀ ਦੋ ਬੱਚੇ ਵਿਦੇਸ਼ਾਂ ਵਿਚੋਂ ਵੀ ਜਹਾਜ਼ ਉਡਾਉਣਾ ਸਿੱਖਣ ਲਈ ਇੱਥੇ ਆਏ ਹਨ। ਜਹਾਜ਼ ਉਡਾਉਣਾ ਸਿੱਖ ਰਹੇ ਜਲੰਧਰ ਦੇ ਅਸਦ, ਕਾਂਗੜਾ ਦੇ ਸਾਤਵਿਕ, ਮੁੰਬਈ ਦੇ ਸਿਧਾਰਥ, ਦਿਲੀ ਦੇ ਅਭੀਜੀਤ ਨੇ ਦੱਸਿਆ ਕਿ ਇਸ ਸੰਸਥਾ ਵਿਚ ਦਾਖਲਾ ਲੈਣ ਲਈ ਐਸਪੀਐਲ, ਐਫਆਰਟੀਓਐਲ ਵਰਗੇ ਪੇਪਰ ਪਾਸ ਕਰਨੇ ਪੈਂਦੇ ਹਨ ਹੋਰ ਕਈ ਤਰ੍ਹਾਂ ਦੇ ਪੇਪਰ ਦੇਣ ਤੋਂ ਬਾਅਦ ਸਾਨੂੰ ਇੱਥੇ ਦਾਖਲਾ ਮਿਲਦਾ ਹੈ। ਦਾਖਲਾ ਲੈਣ ਲਈ 25000 ਰੁਪਏ ਨਾਮੁੜਨਯੋਗ ਫ਼ੀਸ ਅਤੇ 25000 ਮੁੜਨਯੋਗ ਸਕਿਉਰਿਟੀ ਪਹਿਲਾਂ ਜਮਾਂ ਕਰਵਾ ਲਈ ਜਾਂਦੀ ਹੈ, ਉਸ ਤੋਂ ਬਾਅਦ ਜੇਕਰ ਅਸੀਂ ਸੈਸ਼ਨਾਂ 152 ਵਿਚ ਉਡਾਣ ਭਰਦੇ ਹਾਂ ਤਾਂ ਸਾਨੂੰ ਇਕ ਘੰਟੇ ਦੀ ਉਡਾਣ ਦਾ 9000 ਰੁਪਏ, ਜੇਕਰ ਸੈਸ਼ਨਾਂ 172 ਵਿਚ ਉਡਾਣ ਭਰਦੇ ਹਾਂ ਤਾਂ ਸਾਨੂੰ 10000 ਰੁਪਏ, ਜੇਕਰ ਮਲਟੀ ਇੰਜਨ ਟੈਕਨੈਮ ਪੀਪੀ 2006 ਤੇ ਉਡਾਣ ਭਰਦੇ ਹਾਂ ਤਾਂ 25000 ਰੁਪਏ ਦੇਣੇ ਪੈਂਦੇ ਸਨ, ਨਾਈਟ ਫਲਾਇੰਗ ਦੇ 2000 ਰੁਪਏ ਹੋਰ ਵਾਧੂ ਚਾਰਜ ਦੇਣੇ ਪੈਂਦੇ ਹਨ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇੱਥੇ ਜਹਾਜ਼ ਉਡਾਉਣਾ ਸਿੱਖ ਰਹੇ ਬੱਚਿਆਂ ਨੂੰ ਹੋਸਟਲ ਦੀ ਵੀ ਲੋੜ ਹੈ, ਇਸ ਵੇਲੇ ਬੱਚੇ ਏਅਰਕਰਾਫਟ ਮੈਂਟੀਨੈੱਸ ਇੰਜੀਨੀਅਰਿੰਗ ਕਾਲਜ ਦੇ ਹੋਸਟਲ ਵਿਚ ਰਹਿ ਰਹੇ ਹਨ। ਪਤਾ ਲੱਗਾ ਹੈ ਕਿ ਹੋਸਟਲ ਪਹਿਲਾਂ ਬਣਿਆ ਹੋਇਆ ਹੈ ਪਰ 1980ਵਿਆਂ ਵਿਚ ਬਣਿਆ ਇਹ ਹੋਸਟਲ ਹੁਣ ਜਰਜਰ ਹਾਲਤ ਵਿਚ ਹੈ। ਬੱਚੇ ਕਹਿੰਦੇ ਹਨ ਜੇਕਰ ਹੋਸਟਲ ਆਪਣਾ ਬਣ ਜਾਵੇ ਤਾਂ ਚੰਗਾ ਹੋਵੇ, ਕਿਉਂਕਿ ਕੁਝ ਬੱਚੇ ਪੀਜੀ ਵਿਚ ਵੀ ਰਹਿ ਰਹੇ ਹਨ। ਬੱਚੇ ਕਹਿੰਦੇ ਹਨ ਕਿ ਅਸੀਂ ਜਦੋਂ ਜਹਾਜ਼ ਸਿੱਖਣ ਲਈ ਉਡਾਣ ਭਰਦੇ ਹਾਂ ਤਾਂ ਅਸੀਂ ਕਰੀਬ 9 ਕਿੱਲੋਮੀਟਰ ਦਾ ਗੇੜਾ ਲਾਉਂਦੇ ਹਾਂ ਪਰ ਜੇਕਰ ਅਸੀਂ ਇਸ ਤੋਂ ਬਾਹਰ ਦੀ ਉਡਾਣ ਭਰਨੀ ਹੈ ਤਾਂ ਸਾਨੂੰ ਏਡੀਸੀ ਤੋਂ ਪ੍ਰਵਾਨਗੀ ਲੈਣੀ ਪਵੇਗੀ, ਸਾਨੂੰ 200 ਘੰਟੇ ਉਡਾਣ ਭਰਨੀ ਜ਼ਰੂਰੀ ਹੈ, ਇੱਥੇ ਇਸ ਵੇਲੇ ਮੁੱਖ ਇੰਸਟਰਕਟਰ ਮਲਕੀਤ ਸਿੰਘ ਦੀ ਅਗਵਾਈ ਵਿਚ ਤਿੰਨ ਹੋਰ ਇੰਸਟਰਕਟਰ ਹਰਪ੍ਰੀਤ ਸਿੰਘ,  ਜਗਪ੍ਰੀਤ ਸਿੰਘ ਤੇ ਮਨਜੋਤ ਸਿੰਘ ਵਧੀਆ ਕਾਰਗੁਜ਼ਾਰੀ ਕਰ ਰਹੇ ਹਨ। ਅਸਦ, ਸਾਤਵਿਕ, ਸਿਧਾਰਥ, ਅਭੀਜੀਤ ਨੇ ਕਿਹਾ ਕਿ ਪਟਿਆਲਾ ਏਵੀਏਸ਼ਨ ਕਲੱਬ ਦੀ ਬਹੁਤ ਚੰਗੀ ਕਾਰਗੁਜ਼ਾਰੀ ਹੈ, ਇਸ ਕਰਕੇ ਸਾਡੀ ਪੜਾਈ ਕਰੀਬ ਇਕ ਸਾਲ ਵਿਚ ਮੁਕੰਮਲ ਹੋ ਜਾਵੇਗੀ,ਨਹੀਂ ਤਾਂ ਭਾਰਤ ਵਿਚ ਹੋਰ ਏਵੀਏਸ਼ਨ ਕਲੱਬਾਂ ਦਾ ਬੁਰਾ ਹਾਲ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇੱਥੇ ਦਾਖਲਾ 55 ਬੱਚਿਆਂ ਨੇ ਲਿਆ ਹੈ ਪਰ ਇੱਥੇ 35 ਦੇ ਕਰੀਬ ਬੱਚੇ ਹੀ ਆਉਂਦੇ ਹਨ।

ਪਟਿਆਲਾ ਏਵੀਏਸ਼ਨ ਕਲੱਬ ਦੀ ਮੁੱਖ ਤੌਰ ਦੇ ਅਗਵਾਈ ਕਰ ਰਹੇ ਪਟਿਆਲਾ ਦੇ ਏਡੀਸੀ ਵਿਕਾਸ ਸ੍ਰੀਮਤੀ ਪੁਨਮਦੀਪ ਕੌਰ ਨੇ
ਕਿਹਾ ਇਕ ਜਹਾਜ਼ ਦੀ ਅਸੀਂ ਹੋਰ ਮੰਗ ਕੀਤੀ ਹੋਈ ਹੈ, ਉਨ੍ਹਾਂ ਕਿਹਾ ਕਿ ਸਾਡੇ ਕੋਲ 55 ਦੇ ਕਰੀਬ ਬੱਚੇ ਹਨ, ਜੋ ਸਾਰੇ ਹੀ ਕਲੱਬ ਵਿਚ ਜਹਾਜ਼ ਉਡਾਉਣ ਦੀ ਟਰੇਨਿੰਗ ਲੈਣ ਲਈ ਆਉਂਦੇ ਹਨ, ਇੱਥੇ ਦੋ ਬੱਚੇ ਵਿਦੇਸ਼ ਤੋਂ ਵੀ ਟਰੇਨਿੰਗ ਲੈ ਰਹੇ ਹਨ। ਸ੍ਰੀਮਤੀ ਪੁਨਮਦੀਪ ਕੌਰ ਨੇ ਕਿਹਾ ਕਿ ਸਾਨੂੰ ਹੋਸਟਲ ਦੀ ਲੋੜ ਨਹੀਂ ਹੈ, ਕਿਉਂਕਿ ਸਾਡੇ ਬੱਚਿਆ ਦੇ ਰਹਿਣ ਦੇ ਸਾਰੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਏਵੀਏਸ਼ਨ ਕਲੱਬ 400 ਤੋਂ 500 ਘੰਟੇ ਮਹੀਨੇ ਦੀਆਂ ਉਡਾਣਾਂ ਪੂਰੀਆਂ ਕਰਦਾ ਹੈ, ਇਸੇ ਤਰ੍ਹਾਂ ਅੰਮ੍ਰਿਤਸਰ ਵੀ ਸਾਡੇ ਅਧੀਨ ਹੈ ਉਹ ਵੀ ਏਨੇ ਘੰਟੇ ਪੂਰੇ ਕਰ ਲੈਂਦਾ ਹੈ।

Wednesday, June 05, 2019

6 ਜੂਨ 84 ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਚੋਂ 33 ਸਿੰਘ ਕੀਤੇ ਸੀ ਗ੍ਰਿਫ਼ਤਾਰ

ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖ਼ਾਲਸਾ ਸਮੇਤ ਫੈਡਰੇਸ਼ਨ ਦੇ ਕਈ ਆਗੂ ਕੀਤੇ ਸਨ ‌ਗ੍ਰਿਫ਼ਤਾਰ
ਗੁਰਨਾਮ ਸਿੰਘ ਅਕੀਦਾ
ਪਟਿਆਲਾ, : 5 ਤੇ 6 ਜੂਨ ਦੀ ਰਾਤ ਨੂੰ ਗੁਰਦੁਆਰਾ ਸ੍ਰੀ ਦੁੱਖ-ਨਿਵਾਰਨ ਸਾਹਿਬ ਉੱਤੇ ਹੋਏ ਫ਼ੌਜੀ ਹਮਲੇ ਦੌਰਾਨ ਜਿੱਥੇ 20 ਬੇਗੁਨਾਹ ਸ਼ਰਧਾਲੂ ਸ਼ਹੀਦ ਹੋ ਗਏ ਸਨ ਉੱਥੇ ਹੀ ਗੁਰਦੁਆਰਾ ਸਾਹਿਬ ਵਿਚੋਂ 33 ਸਿੰਘਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਇਹ ਜਾਣਕਾਰੀ ਗੁਰਦੁਆਰਾ ਦੁੱਖ-ਨਿਵਾਰਨ ਸਾਹਿਬ ਵਿਚ ਪਈ 1984 ਦੇ ਅਟੈਕ ਸਬੰਧੀ ਇਕ ਫਾਈਲ ਵਿਚੋਂ ਮਿਲਦੀ ਹੈ ਜਿੱਥੇ ਕੇ ਪਟਿਆਲਾ ਦੇ ਸਿਵਲ ਲਾਈਨ  ਥਾਣੇ ਵਿਚ ਦਰਜ ਹੋਈ ਐਫਆਈਆਰ ਨੰਬਰ 178 ਮਿਤੀ 6/6/1984 ਅਧੀਨ ਧਾਰਾ 307, 353, 332, 332, ਆਈਪੀਸੀ ਅਤੇ 25, 27, 54, 55 ਆਰਮਜ਼ ਐਕਟ ਪਈ ਹੈ।
ਇਸ ਐਫਆਈਆਰ ਅਨੁਸਾਰ ਗੁਰਸੇਵਕ ਸਿੰਘ ਪਟਿਆਲਾ, ਕਰਨੈਲ ਸਿੰਘ ਸਮਾਣਾ ਮੰਡੀ, ਤਰਲੋਕ ਸਿੰਘ ਨੈਣ ਕਲਾਂ, ਜਰਨੈਲ ਸਿੰਘ ਉਤਰ ਪ੍ਰਦੇਸ਼, ਦਰਬਾਰਾ ਸਿੰਘ ਸਰਹਿੰਦ, ਲੋਜਾਰ ਮਹੰਤ ਆਜ਼ਮਗੜ੍ਹ, ਅਮਰੀਕ ਸਿੰਘ ਬਸੀ ਪਠਾਣਾ, ਹਰਵਿੰਦਰ ਸਿੰਘ ਬਠਿੰਡਾ ਤਤਕਾਲੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਏਆਆਈਐਸਐਸਐਫ), ਮਨਮੋਹਨ ਸਿੰਘ ਰਾਜਪੁਰਾ, ਸੁਖਵੰਤ ਸਿੰਘ ਅੱਕਾਂਵਾਲੀ(ਏਆਆਈਐਸਐਸਐਫ), ਮਾਸਟਰ ਹਰਦੇਵ ਸਿੰਘ ਬੁਢਲਾਡਾ, ਨਛੱਤਰ ਸਿੰਘ ਦੋਦੜਾ ਬੁਢਲਾਡਾ, ਬਲਬੀਰ ਸਿੰਘ ਸਵੀਟੀ ਪਟਿਆਲਾ, ਭਾਨ ਸਿੰਘ ਘੱਗਾ, ਜਸਬੀਰ ਸਿੰਘ ਬਸੀ ਪਠਾਣਾ, ਹਰਵਿੰਦਰ ਸਿੰਘ ਕੁੱਕੂ ਪਟਿਆਲਾ, ਅਮਰਜੀਤ ਸਿੰਘ ਪਟਿਆਲਾ, ਰਾਜਿੰਦਰ ਸਿੰਘ ਪਟਿਆਲਾ, ਮਨਜੀਤ ਸਿੰਘ ਚਾਹਲ ਪਟਿਆਲਾ (ਏਆਆਈਐਸਐਸਐਫ), ਗੁਰਸੇਵ ਸਿੰਘ ਹਰਪਾਲਪੁਰ ਪਟਿਆਲਾ (ਏਆਆਈਐਸਐਸਐਫ), ਹਰਨੇਕ ਸਿੰਘ ਪਟਿਆਲਾ, ਮੱਲ ਸਿੰਘ ਬਾਰਨ ਪਟਿਆਲਾ, ਬਲਦੇਵ ਸਿੰਘ ਬਠੋਈ (ਏਆਆਈਐਸਐਸਐਫ) ਕਲਾਂ ਪੁੱਤਰ ਗੋਬਿੰਦ ਸਿੰਘ ਪਟਿਆਲਾ, ਜਤਿੰਦਰ ਸਿੰਘ ਜੇਪੀ ਪਟਿਆਲਾ (ਪੰਜਾਬੀ ਯੂਨੀਵਰਸਿਟੀ ਦਾ ਫੈਡਰੇਸ਼ਨ ਤਤਕਾਲੀ ਪ੍ਰਧਾਨ), ਬਲਦੇਵ ਸਿੰਘ ਪੁੱਤਰ ਕਰਨੈਲ ਸਿੰਘ ਪਟਿਆਲਾ, ਰਣਜੀਤ ਸਿੰਘ ਖੇੜੀ ਸਮਾਣਾ,
ਰਣਬੀਰ ਸਿੰਘ ਤ੍ਰਿਪੜੀ ਪਟਿਆਲਾ, ਸੁਖਵਿੰਦਰ ਸਿੰਘ ਸੇਰਾਂ ਵਾਲਾ ਗੇਟ ਪਟਿਆਲਾ, ਭੁਪਿੰਦਰ ਸਿੰਘ ਮਾਹਲਾ ਹੇੜੀ ਥਾਣਾ ਮੂਲੇ ਪੁਰ, ਜਸਵੰਤ ਸਿੰਘ ਭਵਾਨੀਗੜ੍ਹ, ਇਕਬਾਲ ਸਿੰਘ ਸੰਧੂ ਕਾਲੋਨੀ ਮੁਕਤਸਰ ਆਦਿ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਸਨ। ਗ੍ਰਿਫ਼ਤਾਰ ਮਨਜੀਤ ਸਿੰਘ ਚਾਹਲ ਅਨੁਸਾਰ ਉਨ੍ਹਾਂ
ਨੂੰ ਪਹਿਲਾਂ ਸਿਵਲ ਲਾਈਨ ਥਾਣੇ ਵਿੱਚ ਰੱਖਿਆ ਗਿਆ  ਉਸ ਤੋਂ ਬਾਅਦ ਪਟਿਆਲਾ ਦੇ ਮਿਲਟਰੀ ਕੈਂਪ ਵਿਚ 42 ਦਿਨ ਅੱਖਾਂ ਬੰਨ੍ਹ ਕੇ ਰੱਖਿਆ ਗਿਆ, ਫੇਰ 10 ਦਿਨ ਲੱਡਾ ਕੋਠੀ, 10 ਦਿਨ ਸੰਗਰੂਰ, ਉਸ ਤੋਂ ਬਾਅਦ 10 ਮਹੀਨੇ ਨਾਭਾ ਜੇਲ੍ਹ ਵਿਚ ਤੇ 10 ਮਹੀਨੇ ਪਟਿਆਲਾ ਜੇਲ੍ਹ ਵਿਚ ਰੱਖਿਆ ਗਿਆ, ਉਨ੍ਹਾਂ ਦੇ ਹੋਰ ਧਾਰਾਵਾਂ ਤੋਂ ਇਲਾਵਾ ਨੈਸ਼ਨਲ ਸਕਿਉਰਿਟੀ ਐਕਟ ਵੀ ਲਗਾ ਦਿੱਤਾ ਗਿਆ ਸੀ, ਬਾਅਦ ਵਿਚ ਸਾਰੇ ਜਣੇ ਮਾਨਯੋਗ ਅਦਾਲਤ ਨੇ ਬਰੀ ਕਰ ਦਿੱਤੇ ਸੀ। ਇਹ ਫ਼ੌਜੀ ਹਮਲਾ ਬੜਾ ਹੀ ਖ਼ਤਰਨਾਕ ਸੀ ਜਿਸ ਵਿੱਚ ਕਿਸੇ ਨੂੰ ਪੁੱਛਿਆ ਤੱਕ ਨਹੀਂ ਗਿਆ, ਤਤਕਾਲੀ ਮੈਨੇਜਰ ਅਜਾਇਬ ਸਿੰਘ ਸ਼ੇਰਗਿੱਲ ਅਨੁਸਾਰ ਜਦੋਂ ਉਸ ਨੂੰ ਤਲਾਬ ਕੋਲ ਫ਼ੌਜ ਵੱਲੋਂ ਲਿਆਂਦਾ ਗਿਆ ਤਾਂ ਉਸ ਨੇ ਦੇਖਿਆ ਕਿ ਗ੍ਰਿਫ਼ਤਾਰ
ਕੀਤੇ ਗਏ ਸਾਰਿਆਂ ਦੇ ਹੱਥ ਪਿੱਛੇ ਕਰਕੇ ਬੰਨੇ ਹੋਏ ਸਨ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੁਝ ਆਗੂ ਸ਼ਰਧਾਲੂ ਔਰਤਾਂ ਵਿਚ ਛੁਪੇ ਹੋਏ ਬਾਹਰ ਕੱਢ ਲਏ ਸਨ, ਕੁਝ ਲੱਕੜਾਂ ਵਿਚ ਛੁਪੇ ਹੋਏ ਸਨ। ਸਾਰਿਆਂ ਨੂੰ ਸਵੇਰ ਹੁੰਦਿਆਂ ਹੀ ਥਾਣਾ ਸਿਵਲ ਲਾਈਨ ਵਿਚ ਲਿਜਾਇਆ ਗਿਆ।


ਦਰਜ ਐਫਆਈਆਰ ਵਿਚ ਲਿਖਿਆ ਹੈ ਕਿ ਪਹਿਲਾ ਗੁਰਦੁਆਰੇ ਵਿਚੋਂ ਫਾਇਰਿੰਗ ਹੋਈ

6 ਜੂਨ 1984 ਨੂੰ ਥਾਣਾ ਸਿਵਲ ਲਾਈਨ ਪਟਿਆਲਾ ਵਿਚ ਦਰਜ ਐਫਆਈਆਰ ਨੰਬਰ 178 ਵਿਚ ਲਿਖਿਆ ਹੈ ਕਿ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਦੇ ਆਲੇ ਦੁਆਲੇ ਨੀਮ ਫੌਜੀ ਫੋਰਸਾਂ ਲੱਗੀਆਂ ਹੋਈਆਂ ਸਨ,ਕਰੀਬ 1 ਵਜੇ ਰਾਤ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਵਲੋਂ ਨੀਮ ਫੌਜੀ ਫੋਰਸ ਪਰ ਫਾਇਰਿੰਗ ਸ਼ੁਰੂ ਹੋ ਗਈ, ਜਿਸ ਕਾਰਨ ਨੀਮ ਫੌਜੀ ਫੋਰਸ ਦੇ ਕੁਝ ਮੈਂਬਰ ਜਖਮੀ ਹੋਏ ਹਨ,ਜਿਸ ਦੇ ਉਤਰ ਵਜੋਂ ਨੀਮ ਫੌਜੀ ਫੋਰਸ ਨੇ ਵੀ ਫਾਇਰਿੰਗ ਸ਼ੁਰੂ ਕੀਤੀ ਗਈ ਹੈ। ਜਿਸ ਤੋਂ ਸ਼ੁਰਤ ਜੁਰਮ 307/332/333/353/ ਅਤੇ ਆਰਮਜ ਐਕਟ ਚ ਪਾਇਆ ਜਾਂਦਾ ਹੈ।



ਜੂਨ 84 : ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਚ 20 ਬੇਗੁਨਾਹ ਸਿੰਘ ਸਿੰਘਣੀਆਂ ਹੋਏ ਸੀ ਸ਼ਹੀਦ

ਸ਼੍ਰੋਮਣੀ ਕਮੇਟੀ ਵੱਲੋਂ ਹੁਣ ਤੱਕ ਛੁਪਾ ਕੇ ਰੱਖੀ ਲਿਸਟ ਅਨੁਸਾਰ 100 ਸਾਲ ਦਾ ਬਜ਼ੁਰਗ ਵੀ ਸ਼ਾਮਲ

ਫੌਜ ਗਹਿਣੇ, ਨਕਦੀ,ਘੜੀਆਂ, ਲਾਇਸੰਸੀ ਅਸਲਾ ਵੀ ਲੈ ਗਈ ਸੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, : 6 ਜੂਨ 1984 ਦੀ ਰਾਤ ਨੂੰ ਗੁਰਦੁਆਰਾ ਸ੍ਰੀ ਦੁੱਖ-ਨਿਵਾਰਨ ਸਾਹਿਬ ਪਟਿਆਲਾ ਉੱਤੇ ਹੋਏ ਫ਼ੌਜੀ ਹਮਲੇ ਵਿਚ ਸ਼ਹੀਦ ਹੋਏ 20 ਵਿਅਕਤੀਆਂ ਵਿਚ ਇਕ 100 ਸਾਲ ਦਾ ਬਜ਼ੁਰਗ ਵੀ ਸੀ ਤੇ ਸੱਤ ਸਿੰਘ ਤੇ ਸਿੰਘਣੀਆਂ ਅਣਪਛਾਤੇ ਹੀ ਬਡੂੰਗਰ ਦੇ ਸ਼ਮਸ਼ਾਨਘਾਟ ਵਿਚ ਦਾਹ ਸੰਸਕਾਰ ਕਰ ਦਿੱਤੇ ਗਏ ਸਨ। 9 ਜਣੇ ਗੋਲੀਆਂ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਵਿਚੋਂ 2 ਹਸਪਤਾਲ ਵਿਚ ਜਾਕੇ ਦਮ ਤੋੜ ਗਏ ਸਨ। ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ ਤੇ ਸ਼ਰਧਾਲੂਆਂ ਦੀ ਲਿਸਟ ਅਜੇ ਤੱਕ ਕਿਤੇ ਵੀ ਨਸ਼ਰ ਨਹੀਂ ਹੋਈ, ਨਾ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਦੀ ਲਿਸਟ ਕਿਤੇ ਦੀਵਾਰ ਉੱਤੇ ਹੀ ਅੰਕਿਤ ਕੀਤੀ ਹੈ।
  
 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਮੌਜੂਦ ਫਾਈਲ ਵਿਚੋਂ ਲਈ ਜਾਣਕਾਰੀ ਅਨੁਸਾਰ 6 ਜੂਨ 1984 ਦੀ ਰਾਤ 12.55 ਵਜੇ ਬਿਨਾਂ ਕਿਸੇ ਚਿਤਾਵਨੀ ਦੇ ਭਾਰਤੀ ਫ਼ੌਜ ਵੱਲੋਂ ਕੀਤੇ ਹਮਲੇ ਵਿਚ ਰਤਨ ਸਿੰਘ ਅਨੰਦਪੁਰ ਸਾਹਿਬ ਤੋਂ 100 ਸਾਲ ਦਾ ਬਜ਼ੁਰਗ ਫ਼ੌਜ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਿਆ ਸੀ। ਜਦ ਕਿ 85 ਸਾਲ ਦੀ ਉਮਰ ਦੀ ਬੀਬੀ ਪੂਰਨ ਕੌਰ ਵਾਸੀ ਪਿੰਡ ਮੁਰਾਦਪੁਰ ਤਹਿਸੀਲ ਤਰਨਤਾਰਨ, ਤੇਜਾ ਸਿੰਘ (45) ਕਾਜ਼ੀ ਕੋਟ ਤਰਨਤਾਰਨ, ਜੋਗਿੰਦਰ ਸਿੰਘ (70) ਤ੍ਰਿਪੜੀ ਪਟਿਆਲਾ, ਅਮਰ ਸਿੰਘ (70) ਮਾਣੋਕੇ ਜਗਰਾਉਂ, ਜਸਦੇਵ ਸਿੰਘ ਸਪੁੱਤਰ ਬੀਡੀਓ (21) ਸਰਹਿੰਦ, ਜਗਜੀਤ ਸਿੰਘ (28) ਗੰਗਾਨਗਰ, ਰਾਮ ਸਰੂਪ (25) ਉਤਰ ਪ੍ਰਦੇਸ਼, ਗੁਰਚਰਨ ਸਿੰਘ ਕਿਲਾ ਹਕੀਮਾਂ ਸੰਗਰੂਰ, ਗੁਰਬਖ਼ਸ਼ ਸਿੰਘ (70) ਗੱਡੀਆਂ ਚੱਕ ਜਲੰਧਰ, ਇੰਦਰ ਕੌਰ (60) ਦਾਨੀ ਪੁਰ ਸਮਾਣਾ ਪਟਿਆਲਾ, ਤੀਰਥ ਸਿੰਘ (50) ਲਾਲ ਬਾਗ਼ ਪਟਿਆਲਾ, ਬੰਸੋ (55) ਅਰਬਨ ਅਸਟੇਟ ਪਟਿਆਲਾ ਤੋਂ ਇਲਾਵਾ 7 ਸਿੰਘ ਤੇ ਸਿੰਘਣੀਆਂ ਅਣਪਛਾਤੇ ਹੀ ਸ਼ਹੀਦ ਹੋਏ ਸਨ। ਇਸ ਲਿਸਟ ਅਨੁਸਾਰ ਦੋ ਸਿੰਘ ਇੰਦਰਜੀਤ ਸਿੰਘ ਸ਼ੇਰਾਵਾਲਾ ਗੇਟ ਪਟਿਆਲਾ ਅਤੇ ਇੰਦਰਜੀਤ ਸਿੰਘ ਪਤਾ ਨਾਮਾਲੂਮ ਹਸਪਤਾਲ ਵਿਚ ਜਾਕੇ ਸ਼ਹੀਦ ਹੋਏ ਸਨ। ਇਸ ਤੋਂ ਇਲਾਵਾ 7 ਵਿਅਕਤੀ ਜ਼ਖ਼ਮੀ ਹੋਏ ਸਨ ਜਿਨ੍ਹਾਂ ਵਿਚ ਬਚਨ ਸਿੰਘ ਮੱਠੀ ਸਰਹਿੰਦ, ਮੱਲ ਸਿੰਘ ਰਣਵਾਂ ਸਮਰਾਲਾ, ਨਿਧਾਨ ਸਿੰਘ ਚਮੇਲੀ ਨਾਭਾ ਪਟਿਆਲਾ, ਬਚਿੱਤਰ ਸਿੰਘ ਗੋਧਪੁਰ ਹੁਸ਼ਿਆਰਪੁਰ, ਪ੍ਰਤਾਪ ਸਿੰਘ ਸਮਾਣਾ, ਗੂੰਗਾ ਤੁਲਸੀ ਬਹਿਰੂ ਦੇਵੀਗੜ੍ਹ ਪਟਿਆਲਾ, ਮਹਿੰਦਰ ਕੌਰ
ਸਰਹਿੰਦ ਸ਼ਾਮਲ ਹਨ। ਹਮਲੇ ਸਮੇਂ ਗੁਰਦੁਆਰਾ ਦੁੱਖ-ਨਿਵਾਰਨ ਸਾਹਿਬ ਦੇ ਮੈਨੇਜਰ ਰਹੇ ਅਜਾਇਬ ਸਿੰਘ ਸ਼ੇਰਗਿੱਲ ਵੱਲੋਂ ਹਮਲੇ ਦੀ ਤਿਆਰ ਕੀਤੀ ਰਿਪੋਰਟ ਅਨੁਸਾਰ ਗੁਰਦੁਆਰਾ ਸਾਹਿਬ ਤੇ ਕੀਤੇ ਅਟੈਕ ਤੋਂ ਬਾਅਦ ਲਾਸ਼ਾਂ ਦੀ ਸ਼ਨਾਖ਼ਤ ਕਰਨ ਲਈ ਉਸ ਨੂੰ ਫ਼ੌਜੀ ਅਫ਼ਸਰਾਂ ਨੇ ਨਾਲ ਲਿਆ, ਮੈਨੂੰ ਲਾਸ਼ਾਂ ਦਿਖਾਈਆਂ ਜਾ ਰਹੀਆਂ ਸਨ ਜਿਨ੍ਹਾਂ ਵਿੱਚ ਇਕ ਮੰਗਤਾ, ਇਕ ਸੂਰਮਾ ਤਿੰਨ ਬੁੱਢੀਆਂ ਔਰਤਾਂ ਦੀਆ ਲਾਸ਼ਾਂ ਦੇਖੀਆਂ, ਰਿਪੋਰਟ ਅਨੁਸਾਰ ਤਤਕਾਲੀ ਮੈਨੇਜਰ ਨੇ ਕਈ ਲਾਸ਼ਾਂ ਦੀ ਸ਼ਨਾਖ਼ਤ ਕੀਤੀ ਪਰ ਕਈ ਸਾਰੀਆਂ ਅਣਪਛਾਤੀਆਂ ਹੀ ਸਨ। ਉਸ ਤੋਂ ਬਾਅਦ ਫ਼ੌਜੀ ਅਫ਼ਸਰ ਨੇ ਸਵੇਰੇ ਪੰਜ ਵਜੇ ਗੁਰਦੁਆਰਾ ਸਾਹਿਬ ਵਿਚ ਪਾਠ, ਕੀਰਤਨ ਕਰਨ ਲਈ ਇਜਾਜ਼ਤ ਦਿੱਤੀ। ਦੂਜੇ ਦਿਨ ਹੀ ਮ੍ਰਿਤਕ ਵਿਅਕਤੀਆਂ ਦਾ ਪੋਸਟ ਮਾਰਟਮ ਕਰਕੇ ਬਡੂੰਗਰ ਦੇ ਸ਼ਮਸ਼ਾਨਘਾਟ ਵਿਚ ਸੰਸਕਾਰ ਕਰ ਦਿੱਤਾ ਗਿਆ। ਯੂਨਾਈਟਿਡ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਨੇ ਮੰਗ ਕੀਤੀ ਹੈ ਕਿ 6 ਜੂਨ ਦੀ ਰਾਤ ਨੂੰ ਗੁਰਦੁਆਰਾ ਦੁਖ‌ਨਿਵਾਰਨ ਸਾਹਿਬ ਵਿਚ ਸ਼ਹੀਦ ਹੋਏ ਸਿੰਘਾਂ ਤੇ ਸਿੰਘਣੀਆਂ ਦੇ ਨਾਮ ਦੀ ਲਿਸਟ ਗੁਰੂ ਘਰ ਦੇ ਬਾਹਰ ਇਕ ਬੋਰਡ ਤੇ ਲਗਾਉਣੀ ਜ਼ਰੂਰੀ ਹੈ।

ਜੇ ਬਾਬਾ ਰਤਨ ਸਿੰਘ ਗੋਲੀ ਨਾ ਚਲਾਉਂਦਾ ਤਾਂ ਐਡਾ ਵੱਡਾ ਹਮਲਾ ਨਹੀਂ ਹੋਣਾ ਸੀ : ਮੈਨੇਜਰ
ਤਤਕਾਲੀ ਮੈਨੇਜਰ ਅਜਾਇਬ ਸਿੰਘ ਸ਼ੇਰਗਿੱਲ ਕਹਿੰਦਾ ਹੈ ਕਿ ਨਿਸ਼ਾਨ ਸਾਹਿਬ ਕੋਲ ਬਜ਼ੁਰਗ ਰਤਨ ਸਿੰਘ ਨੇ ਆਪਣੀ ਬੰਦੂਕ ਵਿਚੋਂ
ਗੋਲੀ ਚਲਾ ਦਿੱਤੀ ਸੀ, ਇਸ ਕਰਕੇ ਫ਼ੌਜ ਨੂੰ ਸੱਕ ਹੋ‌ਇਆ ਕਿ ਅੰਦਰ ਅਸਲਾ ਹੈ, ਮੈਨੇਜਰ ਨੇ ਦਸਿਆ ਕਿ ਇਹ ਗੱਲ ਬ੍ਰਿਗੇਡੀਅਰ ਨੇ ਵੀ ਮੈਨੂੰ ਆਖੀ ਕਿ 3 ਜੂਨ ਨੂੰ ਇੱਥੇ ਤਿੰਨ ਜਣੇ ਮਾਰ ਦਿੱਤੇ ਗਏ ਸਨ,ਜਿਸ  ਕਰਕੇ ਫ਼ੌਜ ਨੂੰ ਪੂਰਾ ਸੱਕ ਸੀ ਕਿ ਅੰਦਰ ਅੱਤਵਾਦੀ ਹਨ, ਜੋ ਗੋਲੀ ਚਲਣ ਕਰਕੇ ਪੱਕਾ ਹੋਗਿਆ, ਇਸ  ਕਰਕੇ ਗੁਪਤ ਰੂਪ ਵਿਚ ਹਮਲਾ ਕੀਤਾ ਤਾਂ 20 ਵਿਅਕਤੀਆਂ ਦੀ ਮੌਤ ਹੋ ਗਈ ਤੇ 7 ਜ਼ਖ਼ਮੀ ਹੋ ਗਏ ਸਨ।

ਫੌਜ ਨੂੰ ਪਤਾ ਸੀ ਕਿ 3 ਜੂਨ ਨੂੰ ਗੁਰਦੁਆਰਾ ਸਾਹਿਬ ਵਿਚ ਤਿੰਨ ਜਣੇ ਕਤਲ ਹੋਏ ਸਨ
ਤਤਕਾਲੀ ਮੈਨੇਜਰ ਅਜਾਇਬ ਸਿੰਘ ਅਤੇ ਤਤਕਾਲੀ ਅਕਾਉਂਟੈਂਟ ਜਗਜੀਤ ਸਿੰਘ ਦਾ ਕਹਿਣਾ ਹੈ ਕਿ 3 ਜੂਨ ਨੂੰ ਗੁਰੁਦਆਰਾ ਸਾਹਿਬ ਦੀ ਸਰਾਂ ਵਿਚ ਤਿੰਨ ਬੰਦੇ ਮਾਰ ਕੇ ਸਰਹਿੰਦ ਰੋਡ ਵਾਲੇ ਸੁੱਟ ਦਿੱਤੇ ਗਏ ਸਨ ਜੋ ਤਾਰਾਂ ਤੇ ਟੰਗੇ ਗਏ ਸਨ, ਉਸ ਵਾਰਦਾਤ ਦਾ ਖੁਫੀਆ ਏਜੰਸੀਆ ਨੇ ਸਾਰਾ ਵੇਰਵਾ ਸਰਕਾਰ ਤੱਕ ਪਹੁੰਚਾ ਦਿੱਤਾ ਸੀ। ਇਸ ਸਬੰਧ ਵਿਚ ਮਿਲਟਰੀ ਹਮਲੇ ਦੀ ਅਗਵਾਈ ਕਰ ਰਹੇ ਸਿੱਖ ਬ੍ਰਿਗੇਡੀਅਰ ਨੇ ਕਿਹਾ ਕਿ ਸਾਨੂੰ ਇਹ ਪਤਾ ਲੱਗਾ ਸੀ ਕਿ ਗੁਰਦੁਆਰਾ ਸਾਹਿਬ ਅੰਦਰ ਅੱਤਵਾਦੀ ਛੁਪੇ ਹਨ। ਇਸ ਕਰਕੇ ਅਸੀਂ ਇਹ ਅਪ੍ਰੇਸ਼ਨ ਗੁਪਤ ਰੱਖਿਆ, ਜਿਸ ਕਰਕੇ ਬੇਗੁਨਾਹ ਹੀ ਮਾਰੇ ਗਏ ਹਨ। ਅਜਾਇਬ ਸਿੰਘ ਸ਼ੇਰਗਿੱਲ ਨੇ ਦਸਿਆ ਕਿ ਪੁਲੀਸ ਨੇ ਪੰਚਨਾਮਾ ਬਣਾਇਆ ਤਾਂ ਮੇਰੇ ਕੋਲੋਂ ਜਬਰਦਸਤੀ ਦਸਤਖਤ ਕਰਾਏ ਗਏ ਸਨ, ਉਸ ਵਿਚ ਮੈਂ ਦੋ ਲਾਈਨਾ ਹੀ ਪੜ੍ਹ ਸਕਿਆ ਸੀ, ਜੋ ਮੇਰੇ ਵਲੋਂ ਸਨ, ਹੂਬਹੂ ਤਾਂ ਯਾਦ ਨਹੀਂ ਪਰ ਅੰਦਾਜਨ ਇਹ ਲਾਈਨਾਂ ਸਨ ‘ਗੁਰਦੁਆਰਾ ਸਾਹਿਬ ਵਿਚ ਅਤਵਾਦੀ ਹੋਣ ਦਾ ਪਤਾ ਲੱਗਾ ਸੀ ਜਿਸ ਕਰਕੇ ਮੈਂ ਪੁਲੀਸ ਨੂੰ ਇਤਲਾਹ ਕੀਤੀ ਗਈ ਤਾਂ ਹੀ ਪੁਲੀਸ ਨੇ ਗੁਰਦੁਆਰਾ ਸਾਹਿਬ ਤੇ ਹਮਲਾ ਕੀਤਾ’


ਗਹਿਣੇ ਤੇ ਰੁਪਏ ਵੀ ਨਾਲ ਹੀ ਲੈ ਗਈ ਸੀ ਫ਼ੌਜ

ਜੂਨ 84 ਦੇ ਹਮਲੇ ਦੀ ਬਣੀ ਰਿਪੋਰਟ ਅਨੁਸਾਰ ਬਾਅਦ ਵਿਚ ਕਮਰਿਆਂ ਵਿਚ ਫ਼ੌਜ ਵੱਲੋਂ ਲਈ ਤਲਾਸ਼ੀ ਦੌਰਾਨ ਗਹਿਣੇ ਨਕਦੀ ਤੇ
ਘੜੀਆਂ ਆਦਿ ਜੋ ਵੀ ਹੱਥ ਲੱਗਾ ਉਹ ਨਾਲ ਹੀ ਲੈ ਗਏ ਜਿਸ ਵਿਚ ਗੁਰਦੁਆਰਾ ਸਾਹਿਬ ਦੇ ਖ਼ਜ਼ਾਨੇ ਵਿਚੋਂ 2118 ਰੁਪਏ,  ਸਟਾਫ਼ ਕੁਆਟਰਾਂ ਵਿਚੋਂ 16813 ਰੁਪਏ, 31 ਘੜੀਆਂ, 1 ਟਾਈਮ ਪੀਸ, 3 ਟੇਪ ਰਿਕਾਰਡ,5 ਟਰਾਂਜ਼ਿਸਟਰ, 15 ਤੋਲੇ ਗਹਿਣੇ ਸੋਨਾ, 8 ਤੋਲੇ ਗਹਿਣੇ ਚਾਂਦੀ ਦੇ ਮੌਜੂਦ ਸਨ। ਬਾਅਦ ਵਿਚ ਚਿੱਠੀਆਂ ਪੱਤਰ ਲਿਖ ਕੇ ਫੌਜ ਵਲੋਂ ਲਿਜਾਇਆਗਿਆ ਸਮਾਨ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਤਤਕਾਲੀ ਮੈਨੇਜਰ ਭਾਨ ਸਿੰਘ ਮੰਗਦੇ ਰਹੇ ਪਰ ਵਾਪਸ ਨਹੀਂ ਮਿਲਿਆ।

ਟੌਹੜਾ ਸਮੇਤ ਕਈਆਂ ਦਾ ਲਾਇਸੰਸੀ ਅਸਲਾ ਵੀ ਫ਼ੌਜ ਲੈ ਗਈ ਸੀ ਚੁੱਕ ਕੇ
ਹਮਲੇ ਦੌਰਾਨ ਗੁਰਦੁਆਰਾ ਸਾਹਿਬ ਦੇ ਕੁਆਟਰਾਂ ਵਿਚੋਂ ਵੀ ਲਾਇਸੰਸੀ ਅਸਲਾ ਫ਼ੌਜ ਨੂੰ ਮਿਲਿਆ ਲਾਇਸੈਸਾਂ ਸਮੇਤ ਨਾਲ ਹੀ ਲੈ ਗਈ, ਇਸ ਸਬੰਧੀ 24-10-84 ਨੂੰ ਗੁਰਦੁਆਰਾ ਸਾਹਿਬ ਦੇ  ਮੈਨੇਜਰ ਭਾਨ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਤੇ ਰਾਜਪਾਲ ਨੂੰ ਲਿਖੇ ਪੱਤਰਾਂ ਵਿਚ ਸਪਸ਼ਟ ਹੁੰਦਾ ਹੈ ਜਿਸ ਵਿਚ ਲਿਖਿਆ ਹੈ ਕਿ ਜੋ 5-6 ਜੂਨ 1984 ਦੀ ਰਾਤ ਨੂੰ ਫ਼ੌਜ ਲਾਇਸੰਸ ਸਮੇਤ ਅਸਲਾ ਲੈ ਗਈ ਸੀ ਵਾਰ ਵਾਰ ਲਿਖਤੀ ਬੇਨਤੀਆਂ ਕਰਨ ਤੋਂ ਬਾਅਦ ਵੀ ਵਾਪਸ ਨਹੀਂ ਕੀਤਾ ਗਿਆ, ਇਹ ਅਸਲਾ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ, ਗੁਰਦੁਆਰਾ ਸਾਹਿਬ ਦਾ ਮੈਨੇਜਰ, ਜਗਜੀਤ ਸਿੰਘ
ਅਕਾਊਂਟੈਂਟ, ਕਰਤਾਰ ਸਿੰਘ ਖ਼ਜ਼ਾਨਚੀ, ਧੌਲ਼ਾ ਸਿੰਘ ਹੌਲਦਾਰ, ਬਲਵਿੰਦਰ ਸਿੰਘ ਕਲਰਕ,ਇੰਦਰ ਸਿੰਘ ਸੇਵਾਦਾਰ, ਜੋਰਾ ਸਿੰਘ ਸੇਵਾਦਾਰ, ਸੇਵਾ ਸਿੰਘ, ਮੱਘਰ ਸਿੰਘ, ਧੰਨਾ ਸਿੰਘ ਦਾ ਹੈ, ਇਹ ਅਸਲਾ ਲੈਣ ਲਈ ਵਾਰ ਵਾਰ ਬੇਨਤੀਆਂ ਕੀਤੀਆਂ ਹਨ ਪਰ ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਵੀ ਚੁੱਪ ਹੈ। ਤਤਕਾਲੀ ਅਕਾਉਂਟੈਂਟ ਜਗਜੀਤ ਸਿੰਘ ਨੇ ਦਸਿਆ ਕਿ ਮੈਂ ਅਦਾਲਤ ਵਿਚ ਕੇਸ ਲੜ ਕੇ ਆਪਣਾ ਅਸਲਾ ਵਾਪਸ ਲਿਆ ਸੀ, ਇਸ ਤਰ੍ਹਾਂ ਹੋਰਾਂ ਨੇ ਵੀ ਕੇਸ ਲੜੇ। ਇਸ ਸਬੰਧੀ ਐਸਐਸਪੀ ਪਟਿਆਲਾ ਨੁੰ ਪਾਏ ਪੱਤਰਾ ਦਾ ਜਵਾਬ 10/9/84 ਨੂੰ ਪੱਤਰ ਨੰਬਰ 29847 ਤਹਿਤ ਆਇਆ ਜਿਸ ਵਿਚ ਐਸਐਸਪੀ ਪਟਿਆਲਾ ਮੰਨਦੇ ਹਨ ਕਿ ਜੋ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਚੋਂ ਅਸਲਾ ਲਿਜਾਇਆ ਗਿਆ ਸੀ ਉਹ ਮਿਲਟਰੀ ਕੋਲ ਹੈ। ਜੋ ਅਦਾਲਤੀ ਕੇਸਾਂ ਦੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਹੀ ਵਾਪਸ ਕੀਤਾ ਜਾ ਸਕੇਗਾ।

Monday, June 03, 2019

ਜੂਨ ਚੌਰਾਸੀ ਦੀ ਕਹਿਰ ਭਰੀ ਰਾਤ - ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ 'ਚ ਸਾਰੇ ਹੀ ਬੇਗੁਨਾਹ ਮਾਰੇ ਸਨ ਫ਼ੌਜ ਨੇ

ਗੁਰਨਾਮ ਸਿੰਘ ਅਕੀਦਾ -81460 01100

 ਇਕ ਬਜ਼ੁਰਗ, ਨੇਤਰਹੀਣ, ਮੰਗਤੇ ਸਮੇਤ ਤਿੰਨ ਔਰਤਾਂ 14 ਮਰਦ ਬੇਗੁਨਾਹ ਸ਼ਹਿਦ ਹੋਏ

ਤੱਤਕਾਲੀ ਮੈਨੇਜਰ ਅਜਾਇਬ ਸਿੰਘ ਗਿੱਲ ਨੇ ਦਸੀ ਸਾਰੀ ਅੱਖਾਂ ਦੇਖੀ ਦਰਦਭਰੀ ਕਹਾਣੀ

ਸਿੱਖਾਂ 'ਤੇ ਕਹਿਰਵਾਨ ਹੋਈ ਜੂਨ ਚੁਰਾਸੀ ਵਿਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਵਿਚ 17 ਬੇਗੁਨਾਹ ਸ਼ਹਿਦ ਹੋਏ ਸਨ ਜਿਨ੍ਹਾਂ ਵਿਚ ਇਕ 100 ਸਾਲਾ ਬਜ਼ੁਰਗ, ਮੰਗਤਾ ਤੇ ਨੇਤਰਹੀਣ ਸਮੇਤ ਤਿੰਨ ਔਰਤਾਂ 14 ਮਰਦ ਸ਼ਾਮਲ ਸਨ। ਇਹ ਦਰਦ ਭਰੇ ਇਤਿਹਾਸ ਦੇ ਵਰਕੇ ਫਰੋਲਦਾ ਤੱਥ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਤਤਕਾਲੀ ਮੈਨੇਜਰ ਸ. ਅਜਾਇਬ ਸਿੰਘ ਗਿੱਲ ਦੁਆਰਾ ਪ੍ਰਗਟ ਹੋਇਆ, ਕਿਉਂਕਿ ਸ. ਗਿੱਲ ਹੀ ਸਨ ਜਿਨ੍ਹਾਂ ਨੇ ਹੋਏ ਹਮਲੇ ਤੋਂ ਬਾਅਦ ਲਾਸ਼ਾਂ ਦੀ ਸ਼ਨਾਖ਼ਤ ਕੀਤੀ ਸੀ। ਹਮਲੇ ਤੋਂ ਬਾਅਦ ਸਰਦਾਰ ਬ੍ਰਿਗੇਡੀਅਰ ਚੌਧਰੀ ਹਰਪਾਲ ਸਿੰਘ ਨੇ ਅਫ਼ਸੋਸ਼ ਪ੍ਰਗਟ ਕਰਦਿਆਂ ਕਿਹਾ ਸੀ 'ਮੈਂ ਅੱਜ ਸੁਖਮਨੀ ਸਾਹਿਬ ਦੇ ਦੋ ਪਾਠ ਕੀਤੇ ਸਨ, ਕਿ ਮੇਰੇ ਹੱਥੋਂ ਕੋਈ ਬੇਕਸੂਰ ਬੰਦਾ ਨਾ ਮਰ ਜਾਵੇ, ਪਰ ਅਫ਼ਸੋਸ਼ ਸਾਰੇ ਹੀ ਬੇਗੁਨਾਹ ਮਾਰੇ ਗਏ ਜਿਨ੍ਹਾਂ ਪਿੱਛੇ ਇਨ੍ਹਾਂ ਕੁੱਝ ਹੋਇਆ ਉਹ ਜਿੰਦਾ ਬਚ ਗਏ'।

ਜੂਨ 1984 ਵੇਲੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੈਨੇਜਰ ਸ. ਅਜਾਇਬ ਸਿੰਘ ਨੇ ਦੱਸਿਆ ਕਿ 2 ਜੂਨ ਦੀ ਰਾਤ ਸ਼ਰਾਂ ਵਿਚ ਵਾਪਰੀ ਘਟਨਾ ਅਗਲੇ ਖ਼ਤਰੇ ਦਾ ਅਲਾਰਮ ਬਜਾ ਗਈ ਸੀ ਜਦੋਂ ਦੋ ਜਣੇ ਗੁਰਦੁਆਰਾ ਸਾਹਿਬ ਵਿਚ ਮਾਰ ਕੇ ਸਰਹਿੰਦ ਰੋਡ ਤੇ ਸੁੱਟ ਦਿੱਤੇ ਸਨ ਜਿਨ੍ਹਾਂ ਨੂੰ ਸੁਖਵੰਤ ਸਿੰਘ ਅੱਕਾਂਵਾਲੀ ਨੇ ਤਸ਼ੱਦਦ ਕਰਕੇ ਮਾਰਿਆ ਸੀ ਇਹ ਸ਼ਾਇਦ ਅੱਤਵਾਦੀਆਂ ਦੀ ਆਪਸੀ ਗੁੱਟਬਾਜ਼ੀ ਦਾ ਨਤੀਜਾ ਸੀ। ਪੰਜਾਬ ਵਿਚ ਕਿਤੇ ਸਹਿਮ ਸੀ ਕਿਤੇ ਵੀਰ ਤੇ ਕਿਤੇ ਭਗਤੀ ਰਸ ਦੀਆਂ ਗੱਲਾਂ ਹੋ ਰਹੀਆਂ ਸਨ, ਮੈਂ ਦੋ ਸਿੰਘਾਂ ਦੀ ਸ਼ਹੀਦੀ ਬਾਰੇ ਅਮਰ ਸਿੰਘ ਨਲੀਨੀ, ਦਰਬਾਰਾ ਸਿੰਘ ਸਿਉਣਾ, ਸਰਦਾਰਾ ਸਿੰਘ ਕੋਹਲੀ, ਪ੍ਰੇਮ ਸਿੰਘ ਚੰਦੂਮਾਜਰਾ ਦੇ ਕਹੇ ਅਨੁਸਾਰ ਪ੍ਰੈੱਸ ਨੋਟ ਜਾਰੀ ਕੀਤਾ ਸੀ ਪਰ ਕਰਫ਼ਿਊ ਲੱਗਣ ਕਰਕੇ ਖ਼ਬਰ ਨਹੀਂ ਲੱਗੀ, 3 ਜੂਨ ਨੂੰ ਹੀ ਸਵੇਰੇ ਸੀ. ਆਰ. ਪੀ. ਗੁਰੂ ਘਰ ਦੇ ਬਾਹਰ ਲੱਗ ਗਈ ਸੀ, ਕਰਫ਼ਿਊ ਕਰਕੇ ਲੋਕਾਂ ਵਿਚ ਇਕ ਤਰ੍ਹਾਂ ਦਾ ਕੋਈ ਵੱਖਰੀ ਤਰ੍ਹਾਂ ਦਾ ਡਰ ਵੀ ਸੀ ਪਰ ਸ਼ਾਂਤ ਸੀ। ਹੁਣ ਫ਼ੌਜ ਵੀ ਆ ਗਈ ਸੀ ਗੁਰੂ ਘਰ ਤੋਂ ਪਿਛਲਾ ਪਾਸਾ ਫ਼ੌਜ ਹਵਾਲੇ ਹੋ ਗਿਆ ਸੀ, ਫ਼ੌਜ ਵਾਟਰ ਟੈਂਕ ਤੇ ਵੀ ਚੜ ਗਈ ਸੀ, ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਖ਼ਾਲਸਾ ਕਾਲਜ ਹੁੰਦਾ ਸੀ ਉੱਥੇ ਹੀ ਲੰਗਰ ਹੁੰਦਾ ਸੀ, ਮੈਂ ਬਾਹਰ ਫਿਰਦੇ 10-15 ਮੰਗਤੇ ਵੀ ਅੰਦਰ ਹੀ ਬੁਲਾ ਲਏ ਸਨ ਤਾਂ ਕਿ ਭੁੱਖੇ ਨਾ ਰਹਿ ਜਾਣ, 5-6 ਜੂਨ ਦੀ ਰਾਤ ਕਹਿਰ ਭਰੀ ਸੀ, ਮੈਂ (ਅਜਾਇਬ ਸਿੰਘ ਗਿੱਲ) ਮੇਰੀ ਪਤਨੀ ਸੁਰਿੰਦਰ ਕੌਰ, ਮੇਰਾ 5 ਕੁ ਸਾਲ ਦਾ ਬੇਟਾ ਸੁਖਪ੍ਰੀਤ ਸਿੰਘ, ਸਟੋਰ ਕੀਪਰ ਜਗਜੀਤ ਸਿੰਘ ਧੂਰੀ, ਕਲਰਕ ਸੁਖਵਿੰਦਰ ਸਿੰਘ ਅੰਦਰ ਹੀ ਸਾਂ, ਰਾਤ ਦੇ 12 ਵਜੇ 40 ਮਿੰਟ ਹੋਏ ਕਿ ਗੋਲੀਆਂ ਦੀ ਕੜ-ਕੜ ਦੀ ਆਵਾਜ਼ ਕੰਨ ਪਾੜ ਰਹੀ ਸੀ, ਫ਼ੌਜ ਨੇ ਸਰਹਿੰਦ ਰੋਡ ਵਾਲਾ ਗੇਟ ਤੋੜ ਦਿੱਤਾ ਸੀ, ਸਾਡੀ ਜਾਨ ਮੁੱਠੀ ਵਿਚ ਆ ਗਈ, ਮੇਰੀ ਪਤਨੀ ਨੇ ਮੈਨੂੰ ਚੌਪਈ ਸਾਹਿਬ ਦਾ ਪਾਠ ਕਰਨ ਲਈ ਕਿਹਾ ਸੀ, ਪਰ ਉਸ ਸਮੇਂ ਪਾਠ ਦਾ ਕਰਨ ਲਈ ਮਨ ਦਾ ਜਾਣਾ ਵਾਹਿਗੁਰੂ ਦੀ ਹੀ ਕਿਰਪਾ ਕਿਹਾ ਜਾ ਸਕਦਾ ਹੈ।       
    15-20 ਮਿੰਟ ਗੋਲੀ ਚਲੀ, ਥੋੜ੍ਹੀ ਦੇਰ ਗੋਲੀ ਚੱਲਣੀ ਬੰਦ ਹੋਈ, ਗੋਲੀ ਫੇਰ ਚੱਲੀ, 10-15 ਮਿੰਟ ਗੋਲੀ ਫੇਰ ਚਲੀ, ਪਰ ਫੇਰ ਗੋਲੀ ਚੱਲਣੀ ਬੰਦ ਹੋ ਗਈ, ਸਾਡੇ ਗੇਟ ਦੇ ਬਾਹਰ ਆਵਾਜ਼ ਆਈ, ਸਾਨੂੰ ਇੰਜ ਲੱਗਾ ਜਿਵੇਂ ਬੱਸ ਮੌਤ ਇਹ ਨੇੜੇ ਹੀ ਖੜੀ ਹੈ, ਗੋਲੀ ਹੁਣ ਲੱਗੀ ਕਿ ਲੱਗੀ, ਕੋਈ ਚਾਰਾ ਨਹੀਂ ਸੀ ਅਸੀਂ ਬਾਹਰ ਆ ਗਏ, ਬਾਹਰ ਕੁੱਝ ਫ਼ੌਜੀ ਖੜੇ ਸਨ ਤੇ ਸਾਨੂੰ ਸਰਾਂ ਵਾਲੇ ਪਾਸੇ ਮੂਹਰੇ ਲਾਕੇ ਲੈ ਗਏ, ਅੱਗੇ ਸਰਾਂ ਦੇ ਪਿੱਪਲ ਕੋਲ ਮੰਗਤਾ ਪਿਆ ਸੀ, ਸਾਨੂੰ 19 ਨੰਬਰ ਕਮਰੇ ਵਿਚ ਲੈ ਗਏ,'ਵੋਟ ਕਮਰਾ ਬਤਾਓ ਜਿਸਕਾ ਦਰਵਾਜ਼ਾ ਨਹੀਂ ਹੈ' ਫ਼ੌਜੀਆਂ ਦੀ ਗੱਲ ਸਾਨੂੰ ਸਮਝ ਨਹੀਂ ਆ ਰਹੀ ਸੀ ਪਰ ਇਹ ਸਮਝ ਆਇਆ ਬੱਸ, ਪਰ ਅਜਿਹਾ ਕਮਰਾ ਤਾਂ ਗੁਰੂ ਘਰ ਵਿਚ ਕੋਈ ਹੈ ਨਹੀਂ ਸੀ। ਸਰਾਂ ਦਾ ਗੋਲੀਆਂ ਲੱਗਣ ਕਰਕੇ ਬੁਰਾ ਹਾਲ ਹੋ ਗਿਆ ਸੀ, ਬਾਹਰੋਂ ਇਕ ਸਰਦਾਰ ਫ਼ੌਜੀ ਅਫ਼ਸਰ ਆ ਗਿਆ, ਉਸ ਨੇ ਮੇਰਾ ਨਾਂ ਲਿਆ, ਉਸ ਨੇ ਕੜਕਵੀਂ ਆਵਾਜ਼ ਵਿਚ ਪੁੱਛਿਆ 'ਬਾਂਦਰ (ਅੱਤਵਾਦੀ) ਕਿਥੇ ਨੇ' ਮੈਂ ਕਿਹਾ ਕਿ 'ਉਹ ਤਾਂ ਨਿਕਲ ਗਏ ਨੇ'। ਅਫ਼ਸਰ ਨੇ ਮੈਨੂੰ ਕਿਹਾ ਉੱਪਰ ਦੇਖ, ਮੈਂ ਉੱਪਰ ਦੇਖਿਆ ਤਾਂ ਉੱਪਰ ਛੱਤਾਂ ਤੇ ਮਿਲਟਰੀ ਬਹੁਤ ਜ਼ਿਆਦਾ ਖੜੀ ਸੀ। ਉਸ ਨੇ ਕਿਹਾ 'ਇਸ ਘੇਰੇ ਵਿਚੋਂ ਕੋਈ ਬਚ ਕੇ ਕੌਣ ਨਿਕਲ ਸਕਦਾ ਹੈ'
   
ਉਸ ਤੋਂ ਬਾਅਦ ਮੈਨੂੰ ਬਾਹਰ ਲੈ ਜਾਇਆ ਗਿਆ, ਸਰਾਂ ਤੋਂ ਬਾਹਰ ਇਕ ਡੈਡ ਬਾਡੀ ਯੂ ਪੀ ਦੇ ਆਰਜ਼ੀ ਸੇਵਾਦਾਰ ਸ਼ਾਗਰ ਦੀ ਮੈਂ ਪਛਾਣ ਲਈ, ਸ਼ਰਾਂ ਵਿਚ ਫੇਰ ਦੇਖਿਆ ਗਿਆ ਤਾਂ ਇੱਥੇ ਇਕ ਤਰਨਤਾਰਨ ਦੀ ਸਰਦਾਰਨੀ ਆਇਆ ਕਰਦੀ ਸੀ, ਉਸ ਦੇ ਸੋਨੇ ਦੇ ਗਹਿਣੇ ਪਾਏ ਹੁੰਦੇ ਸਨ ਪਰ ਹੁਣ ਉਸ ਦੀ ਲਾਸ਼ ਬਿਨਾਂ ਕਿਸੇ ਗਹਿਣੇ ਗੱਟੇ ਤੋਂ ਪਈ ਸੀ, ਇੱਥੇ 14 ਲਾਸ਼ਾਂ ਪਈਆਂ ਸਨ ਜਿਨ੍ਹਾਂ ਵਿਚੋਂ ਮੈਂ ਤਰਨਤਾਰਨ ਦੀ ਸਰਦਾਰਨੀ, ਸ਼ੁਰਮਾ ਸਿੰਘ, ਇਕ ਨਿਹੰਗ ਸਿੰਘ ਤੇ ਇਕ ਮੰਗਤਾ ਤੇ ਇਕ ਅੰਨ੍ਹੇ ਦੀ ਲਾਸ਼ ਪਹਿਚਾਣ ਲਈ ਸੀ, ਅੰਨ੍ਹਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਸਾਹਮਣੇ ਰਹਿਣ ਵਾਲੇ ਡਾ. ਮਾਨ ਸਿੰਘ ਦਾ ਕੁੜਮ ਸੀ। ਸ਼ਰਾਂ ਵਿਚ ਸਭ ਤੋਂ ਪਹਿਲਾਂ ਫਾਇਰਿੰਗ ਕਰਨ ਦਾ ਕਾਰਨ ਇਹ ਸੀ ਕਿ ਇੱਥੇ ਹੀ ਅੱਤਵਾਦੀ ਛੁਪੇ ਹੋਏ ਹਨ, ਕਿਉਂਕਿ ਦੋ ਜੂਨ ਨੂੰ ਇੱਥੋਂ ਹੀ ਦੋ ਨੌਜਵਾਨ ਤਸ਼ੱਦਦ ਕਰਕੇ ਮਾਰੇ ਗਏ ਸਨ, ਉਸ ਤੋਂ ਬਾਅਦ ਮੈਨੂੰ ਦਫਤਰ ਵਿਚ ਲਿਆਂਦਾ ਗਿਆ, ਉੱਥੇ ਕੁੱਝ ਭਾਨ ਖਿੱਲਰੀ ਪਈ ਸੀ, ਬਾਹਰ ਪਟਿਆਲਾ ਦੇ ਐੱਸ ਐੱਸ ਪੀ ਐਨ ਪੀ ਐੱਸ ਔਲਖ ਵੀ ਖੜੇ ਸਨ, ਮੇਰਾ ਉਨ੍ਹਾਂ ਨੂੰ ਪੁੱਛਣਾ ਸੀ ਕਿ ਇਹ ਕੀ ਹੋ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਅਸੀਂ ਕੁੱਝ ਨਹੀਂ ਕਰ ਸਕਦੇ ਇੱਥੇ ਮਿਲਟਰੀ ਦਾ ਰਾਜ ਹੈ, ਫੇਰ ਦਰਬਾਰ ਸਾਹਿਬ ਵਿਚ ਲੈ ਗਏ ਉੱਥੇ ਪੌੜੀਆਂ ਤੇ ਹੀ ਬਾਬਾ ਰਤਨ ਸਿੰਘ 95-100 ਸਾਲ ਦੀ ਉਮਰ ਦਾ ਸ੍ਰੀ ਅਨੰਦਪੁਰ ਸਾਹਿਬ ਤੋਂ (ਸਿਰਫ਼ ਇਸ ਬਜ਼ੁਰਗ ਨੇ ਹੀ ਗੋਲੀ ਚਲਾਈ ਸੀ ਫ਼ੌਜ ਤੇ), ਕਿੱਲਾ ਬਖੂਹਾ ਨੇੜੇ ਧੂਰੀ ਦਾ 40 ਕੁ ਸਾਲ ਦਾ ਜੇਲ੍ਹ ਵਾਰਡਨ ਥੋੜ੍ਹਾ ਦਿਮਾਗ਼ ਘੱਟ ਵਾਲਾ, ਸਰਹਿੰਦ ਦੇ ਬੀਡੀਓ ਦਲੀਪ ਸਿੰਘ ਗਿੱਲ ਦਾ 21 ਕੁ ਸਾਲ ਦਾ ਮੁੰਡਾ ਜਸਪਾਲ ਸਿੰਘ ਆਦਿ ਦੀਆਂ ਲਾਸ਼ਾਂ ਪਈਆਂ ਸਨ, ਜਸਪਾਲ ਸਿੰਘ ਮੈਨੂੰ ਬਾਹਰ ਜਾਣ ਲਈ ਕਹਿ ਰਿਹਾ ਸੀ ਪਰ ਕਰਫ਼ਿਊ ਲੱਗਣ ਕਰਕੇ ਉਹ ਬਾਹਰ ਨਾ ਜਾਕੇ ਵਾਹਿਗੁਰੂ ਕੋਲ ਚਲਾ ਗਿਆ ਸੀ।
    ਇਹ ਲਾਸ਼ਾਂ ਪਹਿਚਾਣ ਕੇ ਜਦੋਂ ਬਾਹਰ ਆਇਆ ਤਾਂ ਉੱਥੇ ਬਲਬੀਰ ਸਿੰਘ ਸਵੀਟੀ ਤੇ ਇਕ ਹੋਰ ਮੁੰਡਾ ਰਸਿਆਂ ਨਾਲ ਬੰਨ੍ਹਿਆ ਹੋਇਆ ਸੀ, ਫੇਰ ਕਾਰਨਰ ਤੇ ਗਏ ਤਾਂ ਉੱਥੇ ਹਰਵਿੰਦਰ ਸਿੰਘ ਖ਼ਾਲਸਾ ਤਤਕਾਲੀ ਸੀ. ਮੀਤ. ਪ੍ਰਧਾਨ ਸਿੱਖ ਸਟੂਡੈਂਟਸ, ਸੁਖਵਿੰਦਰ ਸਿੰਘ ਅੱਕਾਂਵਾਲੀ, ਨਛੱਤਰ ਸਿੰਘ ਦੋਦੜਾ ਸਨ, ਮਨਜੀਤ ਸਿੰਘ ਚਾਹਲ ਬੈਠੇ ਸਨ, ਇੱਥੇ ਅੱਕਾਵਾਲੀ ਨੂੰ ਪੁਲਸ ਕੁੱਟ ਰਹੀ ਸੀ ਉਹ ਪੁਲਸ ਨੂੰ ਗਾਲ੍ਹਾਂ ਕੱਢ ਰਿਹਾ ਸੀ, ਉੱਥੇ ਆਏ ਫ਼ੌਜੀ ਅਫ਼ਸਰ ਬ੍ਰਿਗੇਡੀਅਰ ਹਰਪਾਲ ਸਿੰਘ ਚੌਧਰੀ ਨੇ ਕਿਹਾ ਕਿ ਇਸ ਨੂੰ ਕਿਉਂ ਕੁੱਟਿਆ ਜਾ ਰਿਹਾ ਹੈ, ਉਸ ਕੋਲੋਂ ਸਟੇਨ ਗੰਨ ਮਿਲੀ ਸੀ, ਪਰ ਉਹ ਖ਼ਰਾਬ ਸੀ, ਜਿਸ ਕਰਕੇ ਉਸ ਨੂੰ ਕੁੱਟਣਾ ਬੰਦ ਕੀਤਾ ਗਿਆ, ਮੈਨੂੰ ਹਰਵਿੰਦਰ ਸਿੰਘ ਖ਼ਾਲਸਾ ਨੂੰ ਪਹਿਚਾਨਣ ਲਈ ਕਿਹਾ, ਜੋ ਕਿ ਉੱਥੇ ਹੀ ਬੈਠਾ ਸੀ ਉਸ ਦੇ ਘੁੰਗਰਾਲੇ ਵਾਲ ਖਿੱਲਰੇ ਸਨ, ਇੱਥੇ ਕਈ ਹੋਰ ਬੰਦੇ ਔਰਤਾਂ ਵਾਂਗ ਵਾਲ ਖਿਲਾਰ ਕੇ ਛੁਪੇ ਬੈਠੇ ਸਨ। 4 ਕੁ ਵਜੇ ਦਾ ਸਮਾਂ ਹੋ ਗਿਆ ਸੀ, ਸਰੋਵਰ ਦੀ ਪ੍ਰਕਰਮਾ ਤੇ 50 ਕੁ ਸਿੰਘ ਤੇ 40 ਕੁ ਸਿੰਘਣੀਆਂ ਸਹਿਮ ਵਿਚ ਬੈਠੇ ਸਨ। ਪਰ ਦੇਖਣ ਦੇ ਬਾਵਜੂਦ ਮੈਂ ਹਰਵਿੰਦਰ ਸਿੰਘ ਖ਼ਾਲਸਾ ਨੂੰ ਨਹੀਂ ਪਹਿਚਾਣਿਆ। ਇਕ ਹੋਰ ਹੱਥ ਬੰਨੇ ਵਾਲਾ ਬੰਦਾ ਰਣਜੀਤ ਸਿੰਘ ਸਮਾਣਾ ਆ ਗਿਆ, ਉਸ ਨੇ ਹੀ ਕਹੇ ਅਨੁਸਾਰ ਹਰਵਿੰਦਰ ਸਿੰਘ ਖ਼ਾਲਸਾ ਤੇ ਦੋ ਹੋਰਾਂ ਨੂੰ ਪਹਿਚਾਣ ਲਿਆ, ਫ਼ੌਜੀ ਅਫ਼ਸਰ ਵਾਇਰਲੈੱਸ ਵਿਚ ਕਿਸੇ ਹੋਰ ਅਫ਼ਸਰ ਨੂੰ ਉੱਚੀ ਉੱਚੀ ਸੁਨੇਹਾ ਦੇ ਰਹੇ ਸਨ ਕਿ ਹਰਵਿੰਦਰ ਸਿੰਘ ਖ਼ਾਲਸਾ ਜਿੰਦਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਟਿਆਲਾ ਮਿਸ਼ਨ ਸਫਲ ਹੋਇਆ। ਕਰਨਲ ਜੀ ਕੇ ਕਥੂਰੀਆ ਨੂੰ ਵਿਸ਼ੇਸ਼ ਹਦਾਇਤਾਂ ਕੀਤੀਆਂ ਜਾ ਰਹੀਆਂ ਸਨ।
   
ਸਵੇਰੇ 5 ਕੁ ਵਜੇ ਬ੍ਰਿਗੇਡੀਅਰ ਚੌਧਰੀ ਹਰਪਾਲ ਸਿੰਘ ਨੇ ਮੈਨੂੰ ਗੁਰੂ ਘਰ ਦਾ ਸਵੇਰ ਦਾ ਪ੍ਰੋਗਰਾਮ ਪੁੱਛਿਆ, ਮੈਂ 2 ਵਜੇ ਤੋਂ ਗੁਰੂ ਘਰ ਵਿਚ ਹੁੰਦੀ ਸਾਰੀ ਕਾਰਵਾਈ ਬਾਰੇ ਦੱਸਿਆ ਪਰ ਹੁਣ ਤਾਂ 5 ਵੱਜ ਗਏ ਸਨ। ਤਾਂ ਬ੍ਰਿਗੇਡੀਅਰ ਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਹੈੱਡ ਗ੍ਰੰਥੀ ਕੋਲ ਜਾਵੋ ਤੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਕਾਰਵਾਈ ਕਰੋ। ਮੇਰੇ ਨਾਲ ਕੁੱਝ ਫ਼ੌਜੀ ਭੇਜੇ ਗਏ, ਕੁਆਟਰਾਂ ਵਿਚ ਕੋਈ ਨਹੀਂ ਸੀ, ਪਰ ਸਾਈਕਲ ਸਟੈਂਡ ਵਿਚ ਜਦੋਂ ਮੈਨੂੰ ਲੈਕੇ ਗਏ ਤਾਂ ਉੱਥੇ ਸਾਰਿਆਂ ਦੇ ਹੱਥ ਬੰਨੇ ਸਨ ਜਿਨ੍ਹਾਂ ਵਿਚ ਹੈੱਡ ਗ੍ਰੰਥੀ ਗੁਰਮੀਤ ਸਿੰਘ ਵੀ ਸ਼ਾਮਲ ਸੀ। ਉੱਥੇ ਸੀ ਆਰ ਪੀ ਦੇ ਐੱਸ ਪੀ ਖੜੇ ਸਨ ਤੇ ਥਾਣਾ ਸਿਵਲ ਲਾਇਨ ਦਾ ਇੰਸਪੈਕਟਰ ਰਣਧੀਰ ਸਿੰਘ ਵੀ ਉੱਥੇ ਹੀ ਸੀ। ਉੱਥੋਂ ਹੈੱਡ ਗ੍ਰੰਥੀ ਖੋਹਲ ਦਿੱਤਾ ਗਿਆ, ਉੱਥੇ ਗੁਰਦੁਆਰਾ ਸਾਹਿਬ ਦੇ ਲਾਇਸੰਸੀ ਅਸਲੇ ਸਮੇਤ ਕੁੱਝ ਅਸਲਾ ਵੀ ਪਿਆ ਸੀ। ਜਦੋਂ ਅਸੀਂ ਦਰਬਾਰ ਸਾਹਿਬ ਦੇ ਬਾਹਰ ਆਏ ਤਾਂ ਬ੍ਰਿਗੇਡੀਅਰ ਨੇ ਕਿਹਾ ਸੀ ਕਿ 'ਮੈਂ ਅੱਜ ਸੁਖਮਨੀ ਸਾਹਿਬ ਦੇ ਦੋ ਪਾਠ ਕੀਤੇ ਸਨ, ਕਿ ਮੇਰੇ ਹੱਥੋਂ ਕੋਈ ਬੇਕਸੂਰ ਬੰਦਾ ਨਾ ਮਰ ਜਾਵੇ, ਪਰ ਅਫ਼ਸੋਸ ਸਾਰੇ ਹੀ ਬੇਗੁਨਾਹ ਮਾਰੇ ਗਏ ਜਿਨ੍ਹਾਂ ਪਿੱਛੇ ਇਨ੍ਹਾਂ ਕੁੱਝ ਹੋਇਆ ਉਹ ਜਿੰਦਾ ਬਚ ਗਏ' ਉਨ੍ਹਾਂ ਕਿਹਾ ਕਿ ਜੋ ਦੋ ਮੁੰਡੇ 2 ਜੂਨ ਨੂੰ ਮਾਰ ਕੇ ਬਾਹਰ ਸੁੱਟੇ ਸਨ ਉਸ ਕਰਕੇ ਇਹ ਸਖ਼ਤ ਅਪ੍ਰੇਸ਼ਨ ਕੀਤਾ ਗਿਆ। ਦਰਬਾਰ ਸਾਹਿਬ ਦੀ ਤਲਾਸ਼ੀ ਲੈਣ ਲਈ ਕੈਪਟਨ ਅਮਰਜੀਤ ਸਿੰਘ ਸੰਧੂ ਨੂੰ ਕਿਹਾ ਗਿਆ ਉਸ ਨੇ ਸਿਰਫ਼ ਇਕ ਥਾਂ ਹੀ ਤਲਾਸ਼ੀ ਲਈ ਉਹ ਹਰਮੋਨੀਅਮ ਸੀ।
    ਉਸ ਤੋਂ ਬਾਅਦ ਸਰਾਂ ਵਾਲੇ ਪਾਸੇ ਸਭ ਨੂੰ ਜਾਣ ਤੋਂ ਮਨਾ ਕੀਤਾ ਤੇ ਬੰਨੇ ਹੋਏ ਸਾਰੇ ਸਿੰਘ ਸਿੰਘਣੀਆਂ ਮੰਗਤੇ ਆਦਿ ਸਾਡੀ ਬੇਨਤੀ ਤੇ ਖੋਹਲ ਦਿੱਤੇ ਗਏ। ਜਦੋਂ ਮੁਲਾਜਮ ਆਦਿ ਕੁਆਟਰਾਂ ਵਿਚ ਗਏ ਤਾਂ ਉੱਥੇ ਸਮਾਨ ਗ਼ਾਇਬ ਸੀ, ਚੋਰੀ ਹੋ ਗਿਆ ਸੀ ਜਿਸ ਬਾਰੇ ਕਿਹਾ ਗਿਆ ਕਿ ਇੱਥੇ 31 ਘੜੀਆਂ, 1 ਟਾਈਮ ਪੀਸ, 3 ਟੇਪ ਰਿਕਾਰਡ, 5 ਟਰਾਂਜ਼ਿਸਟਰ, 15 ਤੋਲੇ ਸੋਨੇ ਦੇ ਗਹਿਣੇ ਤੇ 8 ਤੋਲੇ ਚਾਂਦੀ ਦੇ ਗਹਿਣੇ ਤੇ 19994.18 ਰੁਪਏ ਚੋਰੀ ਕੀਤੇ ਗਏ ਹਨ ਜਿਸ ਬਾਰੇ ਬ੍ਰਿਗੇਡੀਅਰ ਚੌਧਰੀ ਵੱਲੋਂ ਲਗਾਈ ਡਿਊਟੀ ਅਨੁਸਾਰ ਕਰਨਲ ਅਨੰਦ ਕੁਮਾਰ ਗੁਪਤਾ ਵੱਲੋਂ ਕੀਤੀ ਪੜਤਾਲ ਵਿਚ ਵੀ ਕੁੱਝ ਪੱਲੇ ਨਹੀਂ ਪਿਆ। ਚੋਰੀ ਦੀ ਇਕ ਅਖ਼ਬਾਰ ਨੇ ਖ਼ਬਰ ਵੀ ਲਾਈ ਸੀ ਜਿਸ ਦਾ ਖੰਡਨ ਤਤਕਾਲੀ ਲੋਕ ਸੰਪਰਕ ਅਫ਼ਸਰ ਪਟਿਆਲਾ ਭਰਤਇੰਦਰ ਸਿੰਘ ਚਾਹਲ ਨੇ ਕੀਤਾ ਸੀ। ਉਸ ਤੋਂ ਬਾਅਦ ਗੋਲੀਆਂ ਦੇ ਨਿਸ਼ਾਨ ਮਿਟਾਉਣ ਲਈ ਕੋਸ਼ਿਸ਼ਾਂ ਹੁੰਦੀਆਂ ਰਹੀਆਂ।
    ਡਿਊਟੀ ਅਨੁਸਾਰ ਮੈਂ ਟਰੱਕ ਵਿਚ ਭਰਕੇ 17 ਲਾਸਾਂ ਰਾਜਿੰਦਰਾ ਹਸਪਤਾਲ ਵਿਚ ਪੋਸਟਮਾਰਟਮ ਲਈ ਲੈਕੇ ਗਿਆ, ਇਕ ਟਰੱਕ ਭਰ ਕੇ ਬਡੂੰਗਰ ਪਟਿਆਲਾ ਦੀਆ ਮੜ੍ਹੀਆਂ ਵਿਚ ਲੱਕੜਾਂ ਦਾ ਭਰ ਕੇ ਛੱਡ ਆਇਆ। ਰਾਤ ਦੇ 8 ਵਜੇ ਤੱਕ ਪੋਸਟ ਮਾਰਟਮ ਹੁੰਦਾ ਰਿਹਾ, ਰਾਤ ਨੂੰ ਹੀ 6 ਲਾਸ਼ਾਂ ਦਾ ਇਕ ਥਾਂ, 6 ਇਕ ਥਾਂ ਤੇ 5 ਇਕ ਥਾਂ ਤੇ ਸੰਸ਼ਕਾਰ ਕਰਨ ਕਰਨ ਸਮੇਂ ਅੰਨ੍ਹੇ ਦਾ ਕੁੜਮ ਡਾ. ਮਾਨ ਸਿੰਘ ਵੀ ਨਾਲ ਹੀ ਸੀ, ਹਾਲਾਂ ਕਿ ਜਸਪਾਲ ਸਿੰਘ ਦੀ ਲਾਸ਼ ਲੈਣ ਲਈ ਉਸ ਦਾ ਪਿਤਾ ਦਲੀਪ ਸਿੰਘ ਗਿੱਲ ਆਇਆ ਸੀ ਪਰ ਲਾਸ਼ ਨਹੀਂ ਦਿੱਤੀ ਗਈ, ਉਹ ਦੁੱਖ ਵਿਚ ਗ਼ਲਤਾਨ ਰੋਂਦਾ ਹੋਇਆ ਸੰਸਕਾਰ ਕਰਨ ਤੋਂ ਪਹਿਲਾਂ ਹੀ ਵਾਪਸ ਮੁੜ ਗਿਆ(ਜਸਪਾਲ ਸਿੰਘ ਦੇ ਨਾਮ ਤੇ ਲੁਧਿਆਣਾ ਵਿਚ ਗੁਰੂ ਘਰ ਵੀ ਹੈ ਤੇ ਇਕ ਕਲੌਨੀ ਵੀ ਹੈ)।
    ਮੈਨੂੰ ਸੰਸਕਾਰ ਕਰਵਾ ਕੇ ਵਾਪਸ ਗੁਰਦੁਆਰਾ ਸਾਹਿਬ ਵਿਚ ਨਹੀਂ ਜਾਣ ਦਿੱਤਾ ਗਿਆ ਤਾਂ ਮੈਨੂੰ ਥਾਣਾ ਸਿਵਲ ਲਾਇਨ ਵਿਚ ਛੱਡ ਦਿੱਤਾ ਗਿਆ ਜਿੱਥੇ ਕਿ ਸ਼ਿੰਗਾਰਾ ਸਿੰਘ, ਸਰਦਾਰਾ ਸਿੰਘ ਕੋਹਲੀ, ਸਰੂਪ ਸਿੰਘ ਸਹਿਗਲ, ਅਰਜਨ ਸਿੰਘ ਭਾਟੀਆ ਆਦਿ ਬੰਦ ਸਨ। ਪਰ ਫੇਰ ਮੇਰੇ ਇਕ ਰਿਸ਼ਤੇਦਾਰ ਦੇ ਘਰ ਛੱਡ ਆਏ, ਰਿਸ਼ਤੇਦਾਰ ਦੇ ਘਰੋਂ ਮੈਨੂੰ ਫ਼ੌਜ ਲੈ ਗਈ, ਮੈਨੂੰ ਲੱਗ ਰਿਹਾ ਸੀ ਕਿ ਮੈਨੂੰ ਹੁਣ ਮਾਰ ਦਿੱਤਾ ਜਾਵੇਗਾ ਕਿਉਂਕਿ ਮੈਂ ਹੀ ਇਸ ਅਪ੍ਰੇਸ਼ਨ ਦਾ ਚਸ਼ਮਦੀਦ ਗਵਾਹ ਸਾਂ, ਪਰ ਮੈਂ ਬਚ ਗਿਆ, ਬਾਅਦ ਵਿਚ ਮੈਨੂੰ ਫੇਰ ਗੁਰਦੁਆਰਾ ਸਾਹਿਬ ਵਿਚ ਲਿਆਂਦਾ ਗਿਆ, ਜਿੱਥੇ ਮੇਰੇ ਨਾਲ ਬ੍ਰਿਗੇਡੀਅਰ ਨੇ ਕਾਫ਼ੀ ਗੱਲਾਂ ਕੀਤੀਆਂ, ਮੈਂ ਗ਼ਮ ਵਿਚ ਸੀ, ਗ਼ਮ ਵਿਚ ਬ੍ਰਿਗੇਡੀਅਰ ਵੀ ਸੀ। ਫੌਜ ਵਲੋਂ ਲੱਗੀਆਂ ਗੋਲੀਆਂ ਦੇ ਨਿਸ਼ਾਨ ਸੀਮਿੰਟ ਨਾਲ ਭਰ ਦਿਤੇ ਜਨ, ਪਰ ਜਦੋਂ ਕਰਫ਼ਿਊ ਖੋਲ੍ਹਿਆ ਗਿਆ ਤਾਂ ਗੋਲੀਆਂ ਦੇ ਨਿਸ਼ਾਨਾਂ ਵਿਚ ਭਰਿਆ ਸੀਮਿੰਟ ਲੋਕਾਂ ਨੇ ਕੱਢ ਦਿੱਤਾ ਸੀ, ਜਿਸ ਕਰਕੇ ਸਰਕਾਰ ਨੇ ਫੇਰ ਸਿਰਫ਼ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਚ ਕਰਫ਼ਿਊ ਲਾਕੇ ਉੱਥੇ ਗੋਲੀਆਂ ਦੇ ਨਿਸ਼ਾਨ ਭਰਨ ਦੀ ਕੋਸ਼ਿਸ਼ ਕੀਤੀ ਗਈ। ਗੋਲੀਆਂ ਦੇ ਨਿਸ਼ਾਨ ਤਾਂ ਫੇਰ ਵੀ ਆਪੇ ਹੀ ਬੋਲਦੇ ਸਨ ਜੋ ਜਿੰਦਾ ਰਹਿਣੇ ਚਾਹੀਦੇ ਸਨ ਪਰ ਸਮੇਂ ਦੀਆਂ ਸਰਕਾਰਾਂ ਨੇ ਗੋਲੀਆਂ ਦੇ ਨਿਸ਼ਾਨ ਵੀ ਮਿਟਾ ਦਿੱਤੇ।