Friday, June 07, 2019

ਮੁਸ਼ਕਲਾਂ ਦੇ ਬਾਵਜੂਦ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਪਟਿਆਲਾ ਏਵੀਏਸ਼ਨ ਕਲੱਬ


ਹਰ ਮਹੀਨੇ 400 ਤੋਂ 500 ਘੰਟੇ ਦੀ ਉਡਾਣ ਪੁਰੀ ਕਰਦੇ ਹਨ ਕਲੱਬ ਦੇ ਜਹਾਜ਼

ਇਕ ਹੋਰ ਜਹਾਜ਼ ਮਿਲੇਗਾ ਪਟਿਆਲਾ ਏਵੀਏਸ਼ਨ ਕਲੱਬ ਨੂੰ

ਗੁਰਨਾਮ ਸਿੰਘ ਅਕੀਦਾ
ਪਟਿਆਲਾ, 8 ਜੂਨ
ਪਟਿਆਲਾ ਸੰਗਰੂਰ ਰੋਡ ਤੇ ਸਥਾਪਤ ਕੀਤੇ ਪਟਿਆਲਾ ਏਵੀਏਸ਼ਨ ਕਲੱਬ ਕੁਝ ਕੁ ਮੁਸ਼ਕਲਾਂ ਦੇ ਬਾਵਜੂਦ ਆਪਣਾ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਜਿੱਥੇ ਹੁਣ ਡਾਇਰੈਕਟਰ ਜਨਰਲ ਆਫ਼ ਏਵੀਏਸ਼ਨ (ਡੀਜੀਸੀਏ) ਨੇ ਫਲਾਇੰਗ ਟਰੇਨਿੰਗ ਇੰਸਟੀਚਿਊਟ ਵੀ ਮਨਜ਼ੂਰ ਕਰ ਦਿੱਤਾ ਹੈ, ਅੱਜ ਕੱਲ੍ਹ ਇੱਥੇ 55 ਦੇ ਕਰੀਬ ਬੱਚੇ ਇੰਸਟੀਚਿਊਟ ਵਿਚ ਦਾਖਲਾ ਲੈ ਕੇ ਜਹਾਜ਼ ਉਡਾਉਣਾ ਸਿੱਖ ਰਹੇ ਹਨ।
    ਇੱਥੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜਿਵੇਂ ਇੱਥੇ ਜਹਾਜ਼ ਉਡਾਉਣ ਸਿੱਖ ਰਹੇ ਬੱਚਿਆਂ ਦੀ ਗਿਣਤੀ ਕਾਫ਼ੀ ਵੱਧ ਰਹੀ ਹੈ ਉੱਥੇ ਹੀ ਇੱਥੇ ਇਕ ਜਹਾਜ਼ ਦੀ ਲੋੜ ਹੈ।  ਇਸ ਵੇਲੇ ਇੱਥੇ ਇਕ ਮਲਟੀ ਇੰਜਨ ਟੈਕਨੈਮ ਪੀਪੀ 2006, ਦੋ ਸੈਸ਼ਨਾਂ 172, ਦੋ ਸੈਸ਼ਨਾਂ 152 ਜਹਾਜ਼ ਮੌਜੂਦ ਹਨ, ਇਨ੍ਹਾਂ ਵਿਚ ਇਕ ਸੈਸ਼ਨਾਂ 172 ਖ਼ਰਾਬ ਹੈ ਜਿਸ ਦੀ ਮੁਰੰਮਤ ਚੱਲ ਰਹੀ ਹੈ। ਜੇਕਰ ਇੱਥੇ ਜਹਾਜ਼ ਹੋਰ ਆ ਜਾਂਦੇ ਹਨ ਤਾਂ ਇੱਥੇ ਹੋਰ ਵੀ ਬੱਚੇ ਜਹਾਜ਼ ਉਡਾਉਣਾ ਸਿੱਖ ਜਾਣਗੇ। ਇੱਥੇ ਜਹਾਜ਼ ਉਡਾਉਣਾ ਸਿੱਖਣ ਲਈ ਜਿੱਥੇ ਮੁੰਬਈ, ਦਿਲੀ ਆਦਿ ਸਾਰੇ ਭਾਰਤ ਤੋਂ ਬੱਚੇ ਆ ਰਹੇ  ਉੱਥੇ ਹੀ ਦੋ ਬੱਚੇ ਵਿਦੇਸ਼ਾਂ ਵਿਚੋਂ ਵੀ ਜਹਾਜ਼ ਉਡਾਉਣਾ ਸਿੱਖਣ ਲਈ ਇੱਥੇ ਆਏ ਹਨ। ਜਹਾਜ਼ ਉਡਾਉਣਾ ਸਿੱਖ ਰਹੇ ਜਲੰਧਰ ਦੇ ਅਸਦ, ਕਾਂਗੜਾ ਦੇ ਸਾਤਵਿਕ, ਮੁੰਬਈ ਦੇ ਸਿਧਾਰਥ, ਦਿਲੀ ਦੇ ਅਭੀਜੀਤ ਨੇ ਦੱਸਿਆ ਕਿ ਇਸ ਸੰਸਥਾ ਵਿਚ ਦਾਖਲਾ ਲੈਣ ਲਈ ਐਸਪੀਐਲ, ਐਫਆਰਟੀਓਐਲ ਵਰਗੇ ਪੇਪਰ ਪਾਸ ਕਰਨੇ ਪੈਂਦੇ ਹਨ ਹੋਰ ਕਈ ਤਰ੍ਹਾਂ ਦੇ ਪੇਪਰ ਦੇਣ ਤੋਂ ਬਾਅਦ ਸਾਨੂੰ ਇੱਥੇ ਦਾਖਲਾ ਮਿਲਦਾ ਹੈ। ਦਾਖਲਾ ਲੈਣ ਲਈ 25000 ਰੁਪਏ ਨਾਮੁੜਨਯੋਗ ਫ਼ੀਸ ਅਤੇ 25000 ਮੁੜਨਯੋਗ ਸਕਿਉਰਿਟੀ ਪਹਿਲਾਂ ਜਮਾਂ ਕਰਵਾ ਲਈ ਜਾਂਦੀ ਹੈ, ਉਸ ਤੋਂ ਬਾਅਦ ਜੇਕਰ ਅਸੀਂ ਸੈਸ਼ਨਾਂ 152 ਵਿਚ ਉਡਾਣ ਭਰਦੇ ਹਾਂ ਤਾਂ ਸਾਨੂੰ ਇਕ ਘੰਟੇ ਦੀ ਉਡਾਣ ਦਾ 9000 ਰੁਪਏ, ਜੇਕਰ ਸੈਸ਼ਨਾਂ 172 ਵਿਚ ਉਡਾਣ ਭਰਦੇ ਹਾਂ ਤਾਂ ਸਾਨੂੰ 10000 ਰੁਪਏ, ਜੇਕਰ ਮਲਟੀ ਇੰਜਨ ਟੈਕਨੈਮ ਪੀਪੀ 2006 ਤੇ ਉਡਾਣ ਭਰਦੇ ਹਾਂ ਤਾਂ 25000 ਰੁਪਏ ਦੇਣੇ ਪੈਂਦੇ ਸਨ, ਨਾਈਟ ਫਲਾਇੰਗ ਦੇ 2000 ਰੁਪਏ ਹੋਰ ਵਾਧੂ ਚਾਰਜ ਦੇਣੇ ਪੈਂਦੇ ਹਨ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇੱਥੇ ਜਹਾਜ਼ ਉਡਾਉਣਾ ਸਿੱਖ ਰਹੇ ਬੱਚਿਆਂ ਨੂੰ ਹੋਸਟਲ ਦੀ ਵੀ ਲੋੜ ਹੈ, ਇਸ ਵੇਲੇ ਬੱਚੇ ਏਅਰਕਰਾਫਟ ਮੈਂਟੀਨੈੱਸ ਇੰਜੀਨੀਅਰਿੰਗ ਕਾਲਜ ਦੇ ਹੋਸਟਲ ਵਿਚ ਰਹਿ ਰਹੇ ਹਨ। ਪਤਾ ਲੱਗਾ ਹੈ ਕਿ ਹੋਸਟਲ ਪਹਿਲਾਂ ਬਣਿਆ ਹੋਇਆ ਹੈ ਪਰ 1980ਵਿਆਂ ਵਿਚ ਬਣਿਆ ਇਹ ਹੋਸਟਲ ਹੁਣ ਜਰਜਰ ਹਾਲਤ ਵਿਚ ਹੈ। ਬੱਚੇ ਕਹਿੰਦੇ ਹਨ ਜੇਕਰ ਹੋਸਟਲ ਆਪਣਾ ਬਣ ਜਾਵੇ ਤਾਂ ਚੰਗਾ ਹੋਵੇ, ਕਿਉਂਕਿ ਕੁਝ ਬੱਚੇ ਪੀਜੀ ਵਿਚ ਵੀ ਰਹਿ ਰਹੇ ਹਨ। ਬੱਚੇ ਕਹਿੰਦੇ ਹਨ ਕਿ ਅਸੀਂ ਜਦੋਂ ਜਹਾਜ਼ ਸਿੱਖਣ ਲਈ ਉਡਾਣ ਭਰਦੇ ਹਾਂ ਤਾਂ ਅਸੀਂ ਕਰੀਬ 9 ਕਿੱਲੋਮੀਟਰ ਦਾ ਗੇੜਾ ਲਾਉਂਦੇ ਹਾਂ ਪਰ ਜੇਕਰ ਅਸੀਂ ਇਸ ਤੋਂ ਬਾਹਰ ਦੀ ਉਡਾਣ ਭਰਨੀ ਹੈ ਤਾਂ ਸਾਨੂੰ ਏਡੀਸੀ ਤੋਂ ਪ੍ਰਵਾਨਗੀ ਲੈਣੀ ਪਵੇਗੀ, ਸਾਨੂੰ 200 ਘੰਟੇ ਉਡਾਣ ਭਰਨੀ ਜ਼ਰੂਰੀ ਹੈ, ਇੱਥੇ ਇਸ ਵੇਲੇ ਮੁੱਖ ਇੰਸਟਰਕਟਰ ਮਲਕੀਤ ਸਿੰਘ ਦੀ ਅਗਵਾਈ ਵਿਚ ਤਿੰਨ ਹੋਰ ਇੰਸਟਰਕਟਰ ਹਰਪ੍ਰੀਤ ਸਿੰਘ,  ਜਗਪ੍ਰੀਤ ਸਿੰਘ ਤੇ ਮਨਜੋਤ ਸਿੰਘ ਵਧੀਆ ਕਾਰਗੁਜ਼ਾਰੀ ਕਰ ਰਹੇ ਹਨ। ਅਸਦ, ਸਾਤਵਿਕ, ਸਿਧਾਰਥ, ਅਭੀਜੀਤ ਨੇ ਕਿਹਾ ਕਿ ਪਟਿਆਲਾ ਏਵੀਏਸ਼ਨ ਕਲੱਬ ਦੀ ਬਹੁਤ ਚੰਗੀ ਕਾਰਗੁਜ਼ਾਰੀ ਹੈ, ਇਸ ਕਰਕੇ ਸਾਡੀ ਪੜਾਈ ਕਰੀਬ ਇਕ ਸਾਲ ਵਿਚ ਮੁਕੰਮਲ ਹੋ ਜਾਵੇਗੀ,ਨਹੀਂ ਤਾਂ ਭਾਰਤ ਵਿਚ ਹੋਰ ਏਵੀਏਸ਼ਨ ਕਲੱਬਾਂ ਦਾ ਬੁਰਾ ਹਾਲ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇੱਥੇ ਦਾਖਲਾ 55 ਬੱਚਿਆਂ ਨੇ ਲਿਆ ਹੈ ਪਰ ਇੱਥੇ 35 ਦੇ ਕਰੀਬ ਬੱਚੇ ਹੀ ਆਉਂਦੇ ਹਨ।

ਪਟਿਆਲਾ ਏਵੀਏਸ਼ਨ ਕਲੱਬ ਦੀ ਮੁੱਖ ਤੌਰ ਦੇ ਅਗਵਾਈ ਕਰ ਰਹੇ ਪਟਿਆਲਾ ਦੇ ਏਡੀਸੀ ਵਿਕਾਸ ਸ੍ਰੀਮਤੀ ਪੁਨਮਦੀਪ ਕੌਰ ਨੇ
ਕਿਹਾ ਇਕ ਜਹਾਜ਼ ਦੀ ਅਸੀਂ ਹੋਰ ਮੰਗ ਕੀਤੀ ਹੋਈ ਹੈ, ਉਨ੍ਹਾਂ ਕਿਹਾ ਕਿ ਸਾਡੇ ਕੋਲ 55 ਦੇ ਕਰੀਬ ਬੱਚੇ ਹਨ, ਜੋ ਸਾਰੇ ਹੀ ਕਲੱਬ ਵਿਚ ਜਹਾਜ਼ ਉਡਾਉਣ ਦੀ ਟਰੇਨਿੰਗ ਲੈਣ ਲਈ ਆਉਂਦੇ ਹਨ, ਇੱਥੇ ਦੋ ਬੱਚੇ ਵਿਦੇਸ਼ ਤੋਂ ਵੀ ਟਰੇਨਿੰਗ ਲੈ ਰਹੇ ਹਨ। ਸ੍ਰੀਮਤੀ ਪੁਨਮਦੀਪ ਕੌਰ ਨੇ ਕਿਹਾ ਕਿ ਸਾਨੂੰ ਹੋਸਟਲ ਦੀ ਲੋੜ ਨਹੀਂ ਹੈ, ਕਿਉਂਕਿ ਸਾਡੇ ਬੱਚਿਆ ਦੇ ਰਹਿਣ ਦੇ ਸਾਰੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਏਵੀਏਸ਼ਨ ਕਲੱਬ 400 ਤੋਂ 500 ਘੰਟੇ ਮਹੀਨੇ ਦੀਆਂ ਉਡਾਣਾਂ ਪੂਰੀਆਂ ਕਰਦਾ ਹੈ, ਇਸੇ ਤਰ੍ਹਾਂ ਅੰਮ੍ਰਿਤਸਰ ਵੀ ਸਾਡੇ ਅਧੀਨ ਹੈ ਉਹ ਵੀ ਏਨੇ ਘੰਟੇ ਪੂਰੇ ਕਰ ਲੈਂਦਾ ਹੈ।

No comments:

Post a Comment