Tuesday, July 16, 2019

ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਸੱਪ ਮਾਰਨਾ ਕਾਨੂੰਨੀ ਜੁਰਮ

ਸੱਪਾਂ ਬਾਰੇ ਖੋਜ ਕਰਨ ਲਈ ਨਹੀਂ ਰੱਖੇ ਪੰਜਾਬ ਸਰਕਾਰ ਨੇ ਫ਼ੰਡ

ਸੱਪ ਦੇ ਕੱਟੇ ਤੋਂ ਮਰੇ ਵਿਅਕਤੀ ਦੇ ਪਰਿਵਾਰ ਨੂੰ ਸਰਕਾਰ ਦਿੰਦੀ ਹੈ ਦੋ ਲੱਖ ਰੁਪਏ

ਗੁਰਨਾਮ ਸਿੰਘ ਅਕੀਦਾ
ਪਟਿਆਲਾ : ਸੱਪ ਦਾ ਨਾਮ ਸੁਣਦਿਆਂ ਹੀ ਬੰਦਾ ਡਰ ਨਾਲ ਕੰਬ ਜਾਂਦਾ ਹੈ ਤੇ ਉਸ ਨੂੰ ਮਾਰਨ ਲਈ ਪਹਿਲਾਂ ਡੰਡਾ ਲੱਭਣ ਤੁਰਦਾ ਹੈ, ਸ਼ਾਇਦ ਇਹੀ ਕਾਰਨ ਹੋਵੇ ਕਿ ਅੱਜ 16 ਜੁਲਾਈ ਵਾਲੇ ਦਿਨ ਸੱਪ ਦਾ ਦਿਵਸ ਹੈ ਪਰ ਕਿਸੇ ਨੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਪੱਧਰ ਤੇ ਮਨਾਇਆ ਨਹੀਂ ਗਿਆ। ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸੂਬਾ ਮੁਖੀ ਕੁਲਦੀਪ ਕੁਮਾਰ ਹੋਰੀਂ ਤਾਂ ਭਾਵੇਂ ਇਹ ਕਹਿੰਦੇ ਹਨ ਕਿ ਸੱਪ ਦਾ ਦਿਵਸ ਮਨਾ ਕੇ ਸਾਨੂੰ ਸੱਪਾਂ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ, ਪਰ ਅਸੀਂ ਪੰਜਾਬ ਵਿਚ ਅੱਜ ਤੱਕ ਕਦੇ ਵੀ ਸੱਪ ਦਾ ਦਿਵਸ ਨਹੀਂ ਮਨਾਇਆ, ਹਾਲਾਂ ਕਿ ਸਾਰੀਆਂ ਕਿਸਮਾਂ ਦੇ ਸੱਪ ਜੰਗਲੀ ਜੀਵ ਸੁਰੱਖਿਆ ਐਕਟ ਅਧੀਨ ਆਉਂਦੇ ਹਨ, ਜੇਕਰ ਇਨ੍ਹਾਂ ਨੂੰ ਕੋਈ ਮਾਰਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋ ਸਕਦੀ ਹੈ।
    ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਹ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਸੱਪ ਦੇ ਕੱਟੇ ਜਾਣ ਤੋਂ ਬਾਅਦ ਜੇਕਰ ਮੌਤ ਹੋ ਜਾਂਦੀ ਹੈ ਤਾਂ 2013 ਦੇ ਨੋਟੀਫ਼ਿਕੇਸ਼ਨ ਅਨੁਸਾਰ ਮਰਨ ਵਾਲੇ ਵਿਅਕਤੀ ਦੇ ਪਰਿਵਾਰ ਨੂੰ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਦੋ ਲੱਖ ਰੁਪਏ ਦਿੱਤੇ ਜਾਣੇ ਜ਼ਰੂਰੀ ਹਨ, ਪਰ ਜੇਕਰ ਗੰਭੀਰ ਜ਼ਖ਼ਮੀ ਹੋ ਜਾਵੇ ਤਾਂ ਉਸ ਵਿਅਕਤੀ ਨੂੰ 60 ਹਜ਼ਾਰ ਰੁਪਏ ਤੱਕ ਜੇਕਰ ਆਮ ਜ਼ਖ਼ਮੀ ਹੋਵੇ ਤਾਂ ਹਸਪਤਾਲ ਦਾ ਇਲਾਜ ਮੁਫ਼ਤ ਕਰਾਇਆ ਜਾਂਦਾ ਹੈ। ਦੁਖਾਂਤ ਇਹ ਹੈ ਕਿ ਜੰਗਲੀ ਜੀਵ ਸੁਰੱਖਿਆ ਵਿਭਾਗ ਕੋਲ ਸੱਪ ਦੇ ਕੱਟੇ ਹੋਏ ਨੂੰ ਮੁਆਵਜ਼ਾ ਦੇਣ ਲਈ ਰੁਪਏ ਵੀ ਨਹੀਂ ਹਨ, ਇਸ ਕਰਕੇ ਫਰਵਰੀ 2019 ਵਿਚ ਇਹ ਡਿਊਟੀ ਮੰਡੀ ਬੋਰਡ ਦੇ ਹਵਾਲੇ ਕੀਤੀ ਗਈ ਹੈ। ਹੁਣ ਜੇਕਰ ਜੰਗਲੀ ਜੀਵ ਸੁਰੱਖਿਆ ਵਿਭਾਗ ਕੋਲ ਕੋਈ ਸੱਪ ਦੇ ਕੱਟੇ ਦਾ ਮੁਆਵਜ਼ਾ ਲੈਣ ਲਈ ਅਰਜ਼ੀ ਦਿੰਦਾ ਹੈ ਤਾਂ ਉਸ ਨੂੰ ਉਹ ਮੰਡੀ ਬੋਰਡ ਵੱਲ ਭੇਜ ਦਿੰਦੇ ਹਨ। ਸੱਪਾਂ ਬਾਰੇ ਜਾਣਕਾਰੀ ਦਿੰਦਿਆਂ ਸੱਪਾਂ ਨੂੰ ਫੜਨ ਵਾਲੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਆਨਰੇਰੀ ਵਾਇਲਡ ਲਾਈਫਰ ਨਿਖਿਲ ਸੰਗਰ ਨੇ ਕਿਹਾ ਕਿ ਭਾਰਤ ਵਿਚ 270 ਦੇ ਕਰੀਬ ਸੱਪਾਂ ਦੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ, ਜਦ ਕਿ ਪੰਜਾਬ ਵਿਚ ਸੱਪਾਂ ਦੀਆਂ 25 ਦੇ ਕਰੀਬ ਕਿਸਮਾਂ ਨਜ਼ਰ ਆਉਂਦੀਆਂ ਹਨ, ਬਹੁਤ ਜ਼ਹਿਰੀਲੀਆਂ ਬਹੁਤ ਘੱਟ ਕਿਸਮਾਂ ਹਨ ਜਿਨ੍ਹਾਂ ਵਿਚ ਕਿੰਗ ਕੋਬਰਾ (ਫਨੀਅਰ), ਕਰੇਟ, ਰਸਲਸ ਵਾਈਪਰ, ਸਾਅ ਸੀਲਡ ਵਾਈਪਰ ਆਦਿ ਖ਼ਤਰਨਾਕ ਕਹੀਆਂ ਜਾਂਦੀਆਂ ਹਨ, ਉਂਜ ਚੈਕਡ ਕੀਲ ਬੈਕ (ਪਾਣੀ ਵਾਲਾ ਸੱਪ), ਰੇਟ ਸਨੇਕ (ਬਹੁਤ ਤੇਜ਼ ਦੌੜਨ ਵਾਲਾ), ਅਜਗਰ, ਅੰਡੇ ਖਾਣ ਵਾਲਾ ਸੱਪ ਆਦਿ ਕਿਸਮਾਂ ਜ਼ਿਆਦਾ ਜ਼ਿਕਰਯੋਗ ਹਨ, ਉਨ੍ਹਾਂ ਕਿਹਾ ਕਿ ਉਹ 14 ਸਾਲਾਂ ਵਿਚ 7000 ਦੇ ਕਰੀਬ ਸੱਪ ਲੋਕਾਂ ਦੇ ਘਰਾਂ ਵਿਚੋਂ ਫੜ ਕੇ ਸੁਰੱਖਿਅਤ ਥਾਂਵਾਂ ਤੇ ਛੱਡ ਚੁੱਕੇ ਹਨ। ਅੱਜ 16 ਜੁਲਾਈ ਨੂੰ ਸੱਪ ਦਿਵਸ ਹੈ ਪਰ ਪੰਜਾਬ ਸਰਕਾਰ ਵੱਲੋਂ ਨਹੀਂ ਮਨਾਇਆ ਜਾਂਦਾ ਜਦ ਕਿ ਸੱਪ ਇਕ ਗੰਭੀਰ ਵਿਸ਼ਾ ਹੈ ਇਸ ਬਾਰੇ ਜਾਣਕਾਰੀ ਹੋਣੀ ਲਾਜ਼ਮੀ ਹੈ, ਉਨ੍ਹਾਂ ਕਿਹਾ ਕਿ ਸਰਕਾਰੀ ਪੱਧਰ ਤੇ ਸੱਪ ਨੂੰ ਫੜਨ ਲਈ ਕੋਈ ਹੈਲਪ ਲਾਈਨ ਨਹੀਂ ਸਥਾਪਤ ਕੀਤੀ ਗਈ ਨਾ ਹੀ ਪੰਜਾਬ ਦੀ ਕਿਸੇ ਵੀ ਯੂਨੀਵਰਸਿਟੀ ਵਿਚ ਸੱਪਾਂ ਬਾਰੇ ਖੋਜ ਕਰਨ ਲਈ ਸਰਕਾਰ ਵੱਲੋਂ ਕੋਈ ਫ਼ੰਡ ਹੀ ਰੱਖਿਆ ਗਿਆ ਹੈ।
ਇਸ ਸਬੰਧ ਵਿਚ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸੂਬਾ ਮੁਖੀ ਕੁਲਦੀਪ ਕੁਮਾਰ ਨੇ ਕਿਹਾ ਕਿ ਸਾਡੇ ਸਾਰੇ ਵਿਭਾਗ ਦੇ ਫ਼ੋਨ ਨੰਬਰ ਹੈਲਪ ਲਾਈਨ ਹੀ ਹਨ, ਪਰ ਸਰਕਾਰ ਵੱਲੋਂ ਸੱਪਾਂ ਬਾਰੇ ਖੋਜ ਕਰਨ ਲਈ ਕੋਈ ਫ਼ੰਡ ਨਹੀਂ ਰੱਖਿਆ ਗਿਆ, ਜਿਸ ਦੀ ਲੋੜ ਹੈ।  ਸੱਪਾਂ ਬਾਰੇ ਜਾਣਕਾਰੀ ਦੇਣੀ ਵੀ ਲਾਜ਼ਮੀ ਹੈ।
ਸਨੇਕ ਫ਼ੋਟੋ : ਘਰਾਂ  ਵਿਚੋਂ ਸੱਪ ਫੜਨ ਵਿਚ ਮਾਹਿਰ ਨਿਖਿਲ ਸੰਗਰ ਵੱਲੋਂ ਫੜੇ ਗਏ ਅਜਗਰ ਦੀ ਫਾਈਲ ਫ਼ੋਟੋ ।ਅਕੀਦਾ


No comments:

Post a Comment