Thursday, July 25, 2019

ਨਸ਼ੇ ਦੇ ਕਾਰੋਬਾਰ ਚ ਲੁਪਤ ਪੁਲਸ ਹੁਣ ਧਮਕਾਉਣ ਲੱਗੀ ਪੱਤਰਕਾਰਾਂ ਨੂੰ

ਨਸ਼ੇ ਬਾਰੇ ਰਿਪੋਰਟਿੰਗ ਕਰਨ ਉੱਤੇ ਪੁਲਸ ਮੁਲਾਜ਼ਮਾਂ ਨੇ ਦਿੱਤੀ ਮਹਿਲਾ ਪੱਤਰਕਾਰ ਦੇ ਘਰ ਜਾ ਕੇ ਧਮਕੀ
ਐਸ ਐਸ ਪੀ ਨੇ ਜਾਂਚ ਕਰਕੇ ਕਾਰਵਾਈ ਦਾ ਦਿੱਤਾ ਭਰੋਸਾ
ਕਪੂਰਥਲਾ,: ਪੰਜਾਬ ਵਿਚ ਨਸ਼ੇ ਦੇ ਵਿਕਰਾਲ ਰੂਪ ਬਾਰੇ ਹੁਣ ਕੁਝ ਗੁੱਝਾ ਨਹੀ ਰਿਹਾ। ਮੀਡੀਆ ਹਲਕਿਆਂ ਵਲੋਂ ਲਗਾਤਾਰ ਇਸ ਦੀ ਭਿਆਨਕ ਸਥਿਤੀ ਬਾਰੇ ਰਿਪੋਰਟਾਂ ਨਸ਼ਰ ਕੀਤੀਆਂ ਜਾ ਰਹੀਆਂ ਹਨ। ਕੈਨੇਡਾ ਦੇ ਰੇਡੀਓ ਟੀ ਵੀ ਰੰਗਲਾ ਪੰਜਾਬ ਟੋਰਾਂਟੋ ਦੀ ਬਤੌਰ ਪੱਤਰਕਾਰ ਮੈਂ ਅਮਨਦੀਪ ਕੌਰ ਹਾਂਸ  ਵੀ ਪੰਜਾਬ ਵਿਚ ਨਸ਼ੇ ਦੀ ਭਿਆਨਕਤਾ ਨੂੰ ਲੈ ਕੇ ਜ਼ਮੀਨੀ ਪੱਧਰ ਤੇ ਜਾ ਕੇ ਰਿਪੋਰਟਾਂ ਰੇਡੀਓ ਉਤੇ ਸਾਂਝੀਆਂ ਕਰ ਰਹੀ ਹਾਂ। 16 ਜੁਲਾਈ ਨੂੰ ਰੇਲ ਕੋਚ ਫੈਕਟਰੀ ਚ ਪੱਸਰੇ ਨਸ਼ੇ ਦੇ ਪ੍ਰਕੋਪ ਬਾਰੇ ਵੀ ਰਿਪੋਰਟ ਸਾਂਝੀ ਕੀਤੀ ਸੀ, ਇਸ ਰਿਪੋਰਟ ਨੂੰ ਅਧਾਰ ਬਣਾ ਕੇ 20 ਜੁਲਾਈ ਨੂੰ ਰਾਤ 9 ਵਜੇ ਤਿੰਨ ਪੁਲਸ ਮੁਲਾਜ਼ਮ ਮੇਰੇ ਘਰ ਆਏ ਤੇ ਮੇਰੀ ਗੈਰਹਾਜ਼ਰੀ ਵਿਚ ਮੇਰੀ ਬਿਮਾਰ ਮਾਂ ਨੂ ਧਮਕਾਅ ਕੇ ਗਏ ਕਿ ਕੁਡ਼ੀ ਨੂੰ ਨਸ਼ੇ ਖਿਲਾਫ ਰਿਪੋਰਟਿਂਗ ਕਰਨ ਤੋਂ ਰੋਕ ਨਹੀਂ ਤਾਂ ਕਿਸੇ ਕੇਸ ਚ ਫਸਾ ਦਿਆਂਗੇ, ਮਰਵਾ ਦਿਆਂਗੇ, ਸਾਰੇ ਪਰਿਵਾਰ ਦੀ ਡਿਟੇਲ ਮੰਗੀ, ਪੁੱਤ, ਪਤੀ ਤੇ ਭਰਾ ਨੂੰ ਪੇਸ਼ ਕਰਨ ਲਈ ਦਾਬੇ ਮਾਰੇ ਤੇ ਗਾਲਾਂ ਕੱਢੀਆਂ। ਉਕਤ ਪੁਲਸ ਮੁਲਾਜ਼ਮ ਕਿਸ ਥਾਣੇ ਨਾਲ ਸੰਬੰਧਤ ਸਨ, ਇਹ ਕੁਝ ਨਹੀ ਦੱਸਿਆ।  
ਇਸ ਮਸਲੇ ਉੱਤੇ ਅੱਜ ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਚੰਡੀਗਡ਼, ਦੀ ਕਪੂਰਥਲਾ ਇਕਾਈ ਦਾ ਵਫਦ, ਜਿਸ ਵਿਚ ਜਿ਼ਲਾ ਪ੍ਰਧਾਨ ਕੰਵਰ ਇਕਬਾਲ ਸਿੰਘ, ਕਪੂਰਥਲਾ ਸਿਟੀ ਪ੍ਰਧਾਨ ਸੰਜੀਵ, ਮਹਿਲਾ ਵਿੰਗ ਦੇ ਜ਼ਿਲਾ ਪ੍ਰਧਾਨ ਸੇਵਾ ਮੁਕਤ ਪ੍ਰਿੰਸੀਪਲ ਪ੍ਰੋਮਿਲਾ ਅਰੋਡ਼ਾ, ਸੈਕਟਰੀ ਅਮਨਦੀਪ ਹਾਂਸ, ਅਤੇ ਆਰੀਆ ਸਮਾਜ ਦੇ ਕਪੂਰਥਲਾ ਪ੍ਰਧਾਨ ਸ੍ਰੀ ਕਪੂਰ ਚੰਦ ਗਰਗ ਸ਼ਾਮਲ ਸਨ, ਐਸ ਐਸ ਪੀ ਕਪੂਰਥਲਾ ਸ੍ਰੀ ਸਤਿੰਦਰ  ਸਿੰਘ ਨੂੰ ਮਿਲਿਆ। ਐਸ ਐਸ ਪੀ ਸਾਹਿਬ ਨੇ ਸਾਰੀ ਗੱਲ ਗੰਭੀਰਤਾ ਨਾਲ ਸੁਣੀ ਅਤੇ ਪੂਰੀ ਘੋਖ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਐਸ ਐਸ ਪੀ ਸਾਹਿਬ ਨੂੰ ਦਿੱਤਾ ਮੰਗ ਪੱਤਰ ਨਾਲ ਨੱਥੀ ਹੈ।

ਸ੍ਰੀਮਾਨ
ਐਸ ਐਸ ਪੀ ਸਾਹਿਬ
ਕਪੂਰਥਲਾ।
ਵਿਸ਼ਾ-ਪੁਲਸ ਮੁਲਾਜ਼ਮਾਂ ਵਲੋਂ ਨਸ਼ੇ ਖਿਲਾਫ ਰਿਪੋਰਟਿੰਗ ਕਰਨ ਤੋਂ ਰੋਕਣ, ਜਾਨੋ ਮਾਰਨ ਦੀ ਧਮਕੀ ਦੇਣ, ਝੂਠੇ ਕੇਸ ਚ ਫਸਾਉਣ ਅਤੇ ਮਾਂ ਨੂ ਜ਼ਲੀਲ ਕਰਨ ਬਾਬਤ।
ਸ੍ਰੀਮਾਨ ਜੀ
ਸਨਿਮਰ ਬੇਨਤੀ ਹੈ ਕਿ ਮੈਂ ਅਮਨਦੀਪ ਹਾਂਸ, ਰੇਡੀਓ ਟੀ ਵੀ ਰੰਗਲਾ ਪੰਜਾਬ ਟੋਰਾਂਟੋ ਦੀ ਭਾਰਤ ਤੋਂ ਪੱਤਰਕਾਰ  ਹਾਂ, ਅਤੇ ਮੈਂ ਪੰਜਾਬ ਹਿਊਮਨ ਰਾਈਟਸ ਸੰਗਠਨ ਚੰਡੀਗੜ੍ਹ, ਜਿਸ ਦੇ ਪੰਜਾਬ ਪ੍ਰਧਾਨ ਸੇਵਾਮੁਕਤ ਜੱਜ ਅਜੀਤ ਸਿੰਘ ਬੈਂਸ, ਸੈਕਟਰੀ ਅਸ਼ਵਨੀ ਸ਼ਰਮਾ (ਐਡਵੋਕੇਟ ਹਾਈਕੋਰਟ) ਅਤੇ ਕਪੂਰਥਲਾ ਇਕਾਈ ਦੇ ਜ਼ਿਲਾ ਪ੍ਰਧਾਨ ਰਾਸ਼ਟਰੀ ਕਵੀ ਕੰਵਰ ਇਕਬਾਲ ਸਿੰਘ ਹਨ, ਉਪਰੋਕਤ ਅਹੁਦੇਦਾਰਾਂ ਵਲੋਂ ਮੈਨੂਂ ਜ਼ਿਲਾ ਕਪੂਰਥਲਾ ਦੇ ਮਹਿਲਾ ਵਿੰਗ ਦੇ ਪ੍ਰਧਾਨ ਸੇਵਾ ਮੁਕਤ ਪ੍ਰਿੰਸੀਪਲ ਪ੍ਰੋਮਿਲਾ ਅਰੋਡ਼ਾ ਨਾਲ ਜ਼ਿਲਾ ਸੈਕਟਰੀ ਮਹਿਲਾ ਵਿੰਗ ਨਿਯੁਕਤ ਕੀਤਾ ਹੋਇਆ ਹੈ। 
ਮੈਂ ਪੰਜਾਬ ਚ ਫੈਲੇ ਨਸ਼ੇ ਦੇ ਮੱਕਡ਼ ਜਾਲ ਖਿਲਾਫ ਜ਼ਮੀਨੀ ਪੱਧਰ ਤੇ ਜਾ ਕੇ ਰਿਪੋਰਟਾਂ ਇਕੱਠੀਆਂ ਕਰਕੇ ਰੇਡੀਓ ਤੇ ਸਾਂਝੀਆਂ ਕਰ ਰਹੀ ਹਾਂ। ਮੇਰਾ ਇਹ ਕੰਮ ਕਰਨ ਦਾ ਮਕਸਦ ਸਿਰਫ ਇਹ ਹੈ ਕਿ ਨਸ਼ੇ ਦੀ ਦਲਦਲ ਚ ਫਸੇ ਨੌਜਵਾਨਾਂ ਨੂੰ ਬਚਾਉਣ ਲਈ ਤੇ ਇਸ ਕਾਲੇ ਕਾਰੋਬਾਰ ਵਿਚ ਲੱਗੇ ਲੋਕਾਂ ਖਿਲਾਫ ਕਾਰਵਾਈ ਚ ਪੁਲਸ ਪ੍ਰਸ਼ਾਸਨ ਦੀ ਕੋਈ ਮਦਦ ਹੋ ਸਕੇ, ਜਿਵੇਂ ਕਿ ਤੁਸੀਂ ਵੀ ਕਪੂਰਥਲਾ ਵਿਚ ਆਪਣੇ ਕਾਰਜਕਾਲ ਸ਼ੁਰੂ ਹੋਣ ਵੇਲੇ ਤੋਂ ਹੀ ਅਕਸਰ ਜਨਤਕ ਮੀਟਿੰਗਾਂ ਚ ਨਾਗਰਿਕਾਂ ਤੋਂ ਨਸ਼ੇ ਖਿਲਾਫ ਸਹਿਯੋਗ ਮੰਗਦੇ ਹੋ। ਮੇਰਾ ਕਾਰਜ ਵੀ ਤੁਹਾਡੀ ਅਗਵਾਈ ਚ ਪ੍ਰਸ਼ਾਸਨ ਵਲੋਂ ਨਸ਼ੇ ਖਿਲਾਫ ਚਲਾਈ ਮੁਹਿੰਮ ਵਿਚ ਹਿੱਸਾ ਪਾਉਣਾ ਹੀ ਹੈ। ਪਿਛਲੇ ਦਿਨੀਂ ਮੈਂ ਰੇਲ ਕੋਚ ਫੈਕਟਰੀ ਚ ਪੱਸਰੇ ਨਸ਼ੇ ਦੇ ਪ੍ਰਕੋਪ ਬਾਰੇ 16 ਜੁਲਾਈ ਨੂੰ ਰੇਡੀਓ ਤੇ ਰਿਪੋਰਟ ਪਡ਼ੀ ਸੀ, ਤਾਂ ਉਸ ਰਿਪੋਰਟ ਨੂੰ ਅਧਾਰ ਬਣਾ ਕੇ 20 ਜੁਲਾਈ ਦੀ ਰਾਤ ਨੂੰ 9 ਵਜੇ ਦੇ ਕਰੀਬ ਪੀ ਸੀ ਆਰ ਦੀ ਗੱਡੀ ਵਿਚ ਤਿੰਨ ਪੁਲਸ ਮੁਲਾਜ਼ਮ ਮੇਰੇ ਘਰ ਪੰਜਾਬੀ ਬਾਗ, ਕਪੂਰਥਲਾ ਆਏ, ਮੇਰੀ ਗੈਰ ਹਾਜ਼ਰੀ ਵਿਚ ਮੇਰੀ ਬਿਮਾਰ ਮਾਂ ਨੂੰ ਜ਼ਲੀਲ ਕੀਤਾ ਕਿ ਤੇਰੀ ਕੁਡ਼ੀ ਨੇ ਖਬਰ ਦੇ ਕੇ ਸਾਨੂਂ ਭਾਜਡ਼ਾਂ ਪਾਈਆਂ, ਉਹਨੂਂ ਪੇਸ਼ ਕਰ, ਨਸ਼ੇ ਖਿਲਾਫ ਰਿਪੋਰਟਿੰਗ ਕਰਨੀ ਬੰਦ ਕਰੇ ਨਹੀਂ ਤਾਂ ਉਸਨੂ ਝੂਠੇ ਕੇਸ ਚ ਫਸਾ ਦਿਆਂਗੇ। ਉਕਤ ਪੁਲਸ ਮੁਲਾਜ਼ਮਾਂ ਨੇ ਮੇਰੇ ਬੱਚਿਆਂ ਬਾਰੇ ਜਾਣਕਾਰੀ ਮੰਗੀ, ਮੇਰੇ ਪਤੀ ਨੂੰ ਪੇਸ਼ ਕਰਨ ਨੂੰ ਕਿਹਾ, ਮੇਰੇ ਭਰਾ ਦਾ ਪਤਾ ਤੇ ਫੋਨ ਨਂਬਰ ਮੰਗਿਆ ਗਿਆ,  ਨਸ਼ੇ ਖਿਲਾਫ ਰਿਪੋਰਟਿੰਗ ਕਰਨ ਤੋਂ ਨਾ ਰੁਕਣ ਤੇ ਮੈਨੂ ਜਾਨੋਂ ਮਾਰਨ ਦੀ ਧਮਕੀ ਦੇ ਕੇ ਮੇਰੀ ਮਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ, ਗੰਦੀਆਂ ਗਾਲਾਂ ਵੀ ਕੱਢੀਆਂ, ਮੇਰੀ ਮਾਂ ਨੂੰ ਜ਼ਲੀਲ ਕੀਤਾ ਗਿਆ।
ਉਕਤ ਮੁਲਾਜ਼ਮਾਂ ਨੇ ਆਪਣੇ ਫੋਨ ਤੇ ਕਿਸੇ ਐਸ ਐਚ ਓ ਨਾਲ ਵੀ ਮੇਰੀ ਮਾਂ ਦੀ ਗੱਲ ਕਰਵਾਈ, ਉਹਨਾਂ ਨੇ ਵੀ ਸਾਡੇ ਪਰਿਵਾਰ ਦੀ ਸਾਰੀ ਜਾਣਕਾਰੀ ਦੇਣ ਲਈ ਧਮਕੀ ਭਰੇ ਲਹਿਜ਼ੇ ਵਿਚ ਕਿਹਾ। ਉਕਤ ਐਚ ਐਚ ਓ ਤੇ ਪੁਲਸ ਮੁਲਾਜ਼ਮਾਂ ਨੇ ਇਹ ਨਹੀ ਦਸਿਆ ਕਿ ਉਹ ਕਪੂਰਥਲਾ ਦੇ ਕਿਸ ਥਾਣੇ ਦੇ ਹਨ ਤੇ ਕਿਸ ਦੀ ਸ਼ਿਕਾਇਤ ਉਤੇ ਅਜਿਹੀ ਪੁਛਗਿਛ ਕਰਨ ਆਏ ਹਨ, ਉਹ ਵੀ ਰਾਤ ਵੇਲੇ। 
ਮੇਰੀ ਮਾਂ ਗਦਰੀ ਬਾਬਾ ਅਰਜਨ ਸਿੰਘ ਜਗਰਾਓਂ ਦੀ ਧੀ ਹੈ, ਅੱਤਵਾਦ ਪੀਡ਼ਤ ਵਿਧਵਾ ਹੈ। ਕਾਨੂਨ ਦੇ ਦਾਇਰੇ ਵਿਚ ਰਹਿ ਕੇ ਸਮਾਜ ਲਈ ਕਾਰਜ ਕਰਨਾ ਅਸੀਂ ਆਪਣਾ ਕਰਤੱਵ ਸਮਝਦੇ ਹਾਂ। ਪਰ ਜੇਕਰ ਨਸ਼ੇ ਵਰਗੀ ਅਲਾਮਤ ਦੇ ਖਿਲਾਫ ਬੋਲਣ ਵਾਲੇ ਨੂੰ ਤੁਹਾਡਾ ਪਰਸ਼ਾਸਨ ਜ਼ਲੀਲ ਕਰਕੇ, ਜਾਨੋਂ ਮਾਰਨ ਦੀ ਧਮਕੀ ਦੇ ਕੇ, ਝੂਠੇ ਕੇਸ ਚ ਫਸਾਉਣ ਦੀ ਧਮਕੀ ਦੇ ਕੇ ਖਾਮੋਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਤੁਹਾਡੀ ਨਸ਼ਾ ਵਿਰੋਧੀ ਮੁਹਿੰਮ ਵੀ ਸਵਾਲਾਂ ਦੇ ਘੇਰੇ ਵਿਚ ਹੀ ਆਉਂਦੀ ਹੈ।
ਮੇਰੀ ਮੰਗ ਹੈ ਕਿ ਮੇਰੇ ਘਰ ਰਾਤ ਵੇਲੇ ਪੁਛਗਿਛ ਦੇ ਬਹਾਨੇ ਆ ਕੇ ਮੇਰੀ ਮਾਂ ਨੂੰ ਧਮਕਾਉਣ ਵਾਲੇ , ਤੇ ਜ਼ਲੀਲ ਕਰਨ ਵਾਲੇ ਪੁਲਸ ਮੁਲਾਜ਼ਮਾਂ ਅਤੇ ਐਸ ਐਚ ਓ ਦਾ ਪਤਾ ਕਰਕੇ ਬਣਦੀ ਕਾਰਵਾਈ ਕੀਤੀ ਜਾਏ।
ਧੰਨਵਾਦ ਸਹਿਤ
ਅਮਨਦੀਪ ਹਾਂਸ   
265/5, ਪੰਜਾਬੀ ਬਾਗ, ਕਪੂਰਥਲਾ। ਸੰਪਰਕ ਨਂਬਰ-8360975546.
(ਕੈਪਸ਼ਨ- ਐਸ ਐਸ ਪੀ ਕਪੂਰਥਲਾ ਨੂੰ ਮੰਗ ਪੱਤਰ ਦੇਣ ਪੁੱਜੇ ਆਰੀਆ ਸਮਾਜ ਕਪੂਰਥਲਾ ਦੇ ਪ੍ਰਧਾਨ ਸ੍ਰੀ ਕਪੂਰ ਚੰਦ ਗਰਗ, ਪੰਜਾਬ ਹਿਊਮਨ ਰਾਈਟਸ ਚੰਡੀਗਡ਼ ਦੇ ਕਪੂਰਥਲਾ ਜ਼ਿਲਾ ਪ੍ਰਧਾਨ ਰਾਸ਼ਟਰੀ ਕਵੀ ਕੰਵਰ ਇਕਬਾਲ ਸਿੰਘ, ਸਿਟੀ ਪ੍ਰਧਾਨ ਸੰਜੀਵ ਅਗਰਵਾਲ, ਮਹਿਲਾ ਵਿੰਗ ਦੇ ਪ੍ਰਧਾਨ ਮੈਡਮ ਪ੍ਰੋਮਿਲਾ ਅਰੋਡ਼ਾ, ਸੈਕਟਰੀ ਅਮਨਦੀਪ ਹਾਂਸ।)

No comments:

Post a Comment