Friday, December 06, 2019

ਇਕ ਇਕ ਪਲ ਦੁੱਖਾਂ ਵਿਚ ਕੱਟ ਰਹੀ ਹੈ ਪਿੰਡ ਬਰਸਟ ਦੀ ਨੂੰਹ ਰਾਜਵਿੰਦਰ ਕੌਰ

23 ਸਾਲ ਦੀ ਉਮਰ ਵਿਚ ਹੋਈ ਵਿਧਵਾ; ਸਹੁਰਾ ਸ਼ਰਾਬੀ; ਸਹੁਰੇ ਪੱਖ ਦੇ ਰਿਸ਼ਤੇਦਾਰ ਵੀ ਬਣੇ ਦੁਸ਼ਮਣ : ਕਰਜ਼ਾ ਸਿਰ ’ਤੇ ਖੜ੍ਹਾ

ਗੁਰਨਾਮ ਸਿੰਘ ਅਕੀਦਾ
ਬਰਸਟ (ਪਟਿਆਲਾ) : ਕਰਜ਼ ਦੇ ਤੀਰ ਜਦੋਂ ਰੂਹ ਨੂੰ ਛੱਲਣੀ ਕਰਦੇ ਹਨ ਤਾਂ ਰੂਹ ਦਾ ਦਰਦ ਅਸਹਿ ਹੋ ਜਾਂਦਾ ਹੈ, ਇਹੀ ਹਾਲਤ ਹੈ ਪਟਿਆਲਾ ਤੋਂ ਸੰਗਰੂਰ ਸੜਕ ਤੇ ਪੈਂਦੇ ਪਿੰਡ ਬਰਸਟ ਦੀ ਨੂੰਹ ਰਾਜਵਿੰਦਰ ਕੌਰ ਦੀ। ਅਜੇ ਨਿਆਣੀ ਜਿਹੀ ਲੱਗਦੀ ਹੈ ਦੇਖਣ ਨੂੰ ਮਸਾਂ 23 ਸਾਲ ਉਮਰ ਦੀ ਵਿਧਵਾ ਹੋ ਗਈ। ਸਹੁਰਾ ਹਰ ਵੇਲੇ ਸ਼ਰਾਬ ਵਿੱਚ ਗੁੱਟ ਰਹਿੰਦਾ ਹੈ। ਇਸੇ ਕਰਕੇ ਹੁਣ ਉਹ ਸੁੰਨ ਮਸਾਣ ਘਰ ਵਿਚ ਇਕੱਲੀ ਰਹਿੰਦੀ ਆਪਣੇ ਦੋਵੇਂ ਬੱਚੇ ਵੱਡਾ 5 ਸਾਲ ਦਾ ਮੁੰਡਾ ਲਵਕਿਰਨਦੀਪ ਸਿੰਘ ਦੇ ਛੋਟੀ ਡੇਢ ਸਾਲਾ ਧੀ ਜਸਰੀਤ ਕੌਰ ਦੇ ਭਵਿੱਖ ਨੂੰ ਦੇਖਦੀ ਹੋਈ ਆਪਣੀ ਜ਼ਿੰਦਗੀ ਦੇ ਸਾਰੇ ਫ਼ੈਸਲੇ ਰੱਦ ਕਰ ਚੁੱਕੀ ਹੈ। 
ਸਵਾ ਕੁ ਸਾਲ ਹੋਇਆ ਹੈ ਜਦੋਂ ਉਸ ਦੇ ਪਤੀ ਮਨਦੀਪ ਸਿੰਘ (30 ਸਾਲ) ਨੇ ਆਪਣੇ ਖੇਤਾਂ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਖੇਤ ਡੂੰਘੇ ਹਨ, ਇਸ ਕਰਕੇ ਇਕ ਫ਼ਸਲ ਮਰ ਹੀ ਜਾਂਦੀ ਹੈ, ਆੜ੍ਹਤੀਏ ਦਾ 1.70 ਕੁ ਹਜ਼ਾਰ ਰੁਪਏ ਦਾ ਕਰਜ਼ ਚੜ ਗਿਆ ਸੀ। ਰਾਜਵਿੰਦਰ ਕੌਰ ਕਹਿੰਦੀ ਹੈ ਕਿ ਆੜ੍ਹਤੀਏ ਦਾ ਫ਼ੋਨ ਆਉਣ ਕਰਕੇ ਮਨਦੀਪ ਸਾਰੀ ਰਾਤ ਚਿੰਤਾ ਵਿਚ ਰਿਹਾ ਤੇ ਉਸ ਨੂੰ ਕਹਿ ਰਿਹਾ ਸੀ ‘ਤੂੰ ਇਸ ਘਰ ਤੋਂ ਕਿਤੇ ਬਾਹਰ ਨਹੀਂ ਜਾਣਾ, ਆਪਣੇ ਬੱਚਿਆਂ ਨੂੰ ਪ੍ਰੇਮ ਕਰਨਾ’ ਰਾਜਵਿੰਦਰ ਉਸ ਵੇਲੇ ਨਹੀਂ ਸਮਝ ਸਕੀ ਸੀ,  ਸਵੇਰੇ ਹੀ ਮਨਦੀਪ ਸਿੰਘ ਘਰੋਂ ਖੇਤਾਂ ਵਿਚ ਗਿਆ ਸੀ ਤੇ ਉਨ੍ਹਾਂ ਖੇਤਾਂ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ ਸੀ ਪਰ ਉਹ ਰਾਜਵਿੰਦਰ ਕੌਰ ਨੂੰ ਕਈ ਸਾਰੇ ਦੁੱਖਾਂ ਵਿਚ ਪਾ ਗਿਆ ਸੀ। ਮਸਾਂ 14 ਵਿੱਘੇ ਜ਼ਮੀਨ ਹੈ, ਉਸ ਵਿਚੋਂ ਵੀ 8 ਵਿੱਘੇ ਡੂੰਘੀ ਹੋਣ ਕਰਕੇ ਹਰ ਸਾਲ ਇਕ ਫ਼ਸਲ ਮਰ ਜਾਂਦੀ ਹੈ ਤੇ ਛੇ ਵਿੱਘੇ ਜ਼ਮੀਨ ਹੁਣ ਮਨਦੀਪ ਸਿੰਘ ਦਾ ਤਾਇਆ ਦਰਸ਼ਨ ਸਿੰਘ ਵਾਹੁੰਦਾ
ਹੈ, ਰਾਜਵਿੰਦਰ ਕੌਰ ਤੇ ਇਹ ਵੀ ਇਕ ਹੋਰ ਦੁੱਖ ਦੀ ਘੜੀ ਸੀ, ਜਦੋਂ ਰਾਜਵਿੰਦਰ ਕੌਰ ਆਪਣੀ ਛੇ ਵਿੱਘੇ ਜ਼ਮੀਨ ਠੇਕੇ ’ਤੇ ਕਿਸੇ ਹੋਰ ਨੂੰ ਦੇਣ ਲੱਗੀ ਤਾਂ ਉਸ ਦੀਆਂ ਪੰਜੇ ਭੁਆਂ ਇਕੱਠੀਆਂ ਹੋ ਕੇ ਆ ਗਈਆਂ, ਕਹਿੰਦੀਆਂ ‘ਆਪਣੀ ਜ਼ਮੀਨ ਠੇਕੇ ’ਤੇ ਤੁਹਾਡੇ ਤਾਏ ਨੂੰ ਦੇ ਦਿਓ.. ਨਹੀਂ ਤਾਂ ਅਸੀਂ ਜ਼ਮੀਨ ਵਿਚ ਅਸੀਂ ਆਪਣਾ ਹਿੱਸਾ ਲਵਾਂਗੀਆਂ’ ਰਾਜਵਿੰਦਰ ਨੇ ਕੋਈ ਉਜ਼ਰ ਨਾ ਕਰਦਿਆਂ ਆਪਣੀ 6 ਵਿੱਘੇ ਜ਼ਮੀਨ ਤਾਏ ਨੂੰ ਦੇ ਦਿੱਤੀ, ਆਮ ਲੋਕਾਂ ਦਾ ਕਹਿਣਾ ਹੈ ਕਿ ਉਸ ਜ਼ਮੀਨ ’ਤੇ ਹੁਣ ਤਾਏ ਦਾ ਹੀ ਕਬਜ਼ਾ ਹੋ ਗਿਆ ਹੈ। ਰਾਜਵਿੰਦਰ ਇਕ ਇਕ ਦਰਦ ਦੀ ਦਾਸਤਾਨ ਸੁਣਾਉਂਦੀ ਹੋਈ ਕਹਿੰਦੀ ਹੈ ਕਿ ਬਾਕੀ ਜ਼ਮੀਨ ਤੇ ਜੋ ਵੀ ਫ਼ਸਲ ਹੁੰਦੀ ਹੈ, ਉਸ ਵਿਚੋਂ ਕੁਝ ਵੀ ਵੇਚ ਕੇ ਉਸ ਦਾ ਸਹੁਰਾ ਹਰ ਵੇਲੇ ਸ਼ਰਾਬ ਨਾਲ ਰੱਜਿਆ ਰਹਿੰਦਾ ਹੈ। ਸ਼ਰਾਬ ਦੇ ਨਸ਼ੇ ਵਿਚ ਨੂੰਹ ਸਹੁਰੇ ਦੇ ਰਿਸ਼ਤੇ ਨੂੰ ਤਾਰ ਤਾਰ ਕਰਨ ਦੀ ਕੋਸ਼ਿਸ਼ ਕਰਨ ਦਾ ਮੁੱਦਾ ਪੰਚਾਇਤ ਕੋਲ ਪੁੱਜਾ ਸੀ ਪਰ ਉਸ ਵੇਲੇ ਸਹੁਰੇ ਨੇ ‘ਆਨ ਦੀ ਰਿਕਾਰਡ’ ਗ਼ਲਤੀ ਸਵੀਕਾਰ ਕਰਦਿਆਂ ਮਾਫ਼ੀ ਮੰਗ ਲਈ ਸੀ।
ਰਾਜਵਿੰਦਰ ਕੌਰ ਦੇ ਪਤੀ ਮਨਦੀਪ ਵੱਲੋਂ ਲਏ ਵਾਅਦੇ ਨੂੰ ਤਾਂ ਰਾਜਵਿੰਦਰ ਨਿਭਾ ਰਹੀ ਹੈ ਪਰ ਰਿਸ਼ਤੇਦਾਰਾਂ ਵੱਲੋਂ 14 ਵਿੱਘੇ ਜ਼ਮੀਨ ਦੇ ਵੀ ਹਿੱਸੇ ਵੰਡਾਉਣ ਦੀ ਗੱਲ ਚਲਾਈ ਜਾ ਰਹੀ ਹੈ, ਉਹ ਗਲ ਕਰਦੀ ਕਰਦੀ ਰੋ ਪੈਂਦੀ ਹੈ, ਉਸ ਦੇ ਮੁੰਡੇ ਦੀ ਯੂਕੇਜੀ ਦੀ ਪੜਾਈ ਉਸ ਦਾ ਪੇਕਾ ਪਰਿਵਾਰ ਕਰਵਾ ਰਿਹਾ ਹੈ। ਉਸ ਦੀ ਨਿਆਣੀ ਜਿਹੀ ਕੁੜੀ ਨੂੰ ਲੈ ਕੇ ਉਹ ਆਪਣੇ ਉਜਾੜ ਲੱਗਦੇ ਸਹੁਰੇ ਘਰ ਵਿਚ ਹੀ ਰਹਿ ਰਹੀ ਹੈ, ਉਸ ਨੂੰ ਸਹੁਰੇ ਘਰ ਵਿਚੋਂ ਕੱਢਣ ਲਈ ਕੁਝ ਰਿਸ਼ਤੇਦਾਰਾਂ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ। ਪਰ ਉਹ ਆਪਣੇ ਬੱਚਿਆਂ ਕਰਕੇ ਆਪਣੇ ਭਵਿੱਖ ਦਾ ਇਕ ਇਕ ਕਣ ਆਪਣੇ ਬੱਚਿਆਂ ਦੇ ਹਵਾਲੇ ਕਰ ਚੁੱਕੀ ਹੈ। ਅੱਜ ਮਸਾਂ 24 ਸਾਲ ਦੀ ਉਮਰ ਵਿਚ ਜੇਕਰ ਉਹ ਦੂਜਾ ਵਿਆਹ ਵੀ ਕਰਵਾ ਲੈਂਦੀ ਹੈ ਤਾਂ ਉਹ ਸੋਚ ਕੇ ਰੋਣ ਲੱਗ ਜਾਂਦੀ ਹੈ ਕਿ ਉਸ ਦੇ ਬੱਚਿਆਂ ਦਾ ਕੀ ਬਣੇਗਾ। ਜੇਕਰ ਉਸ ਦੀ ਸੱਸ ਜਿਊਂਦੀ ਹੁੰਦੀ ਤਾਂ ਵੀ ਕੋਈ ਹਿਲਾ ਹੋ ਜਾਣਾ ਸੀ, ਸ਼ਰਾਬ ਵਿਚ ਗੁੱਟ ਰਹਿੰਦੇ ਸਹੁਰੇ ਦੇ ਸਹਾਰੇ ਬੱਚਿਆਂ ਨੂੰ ਛੱਡ ਕੇ ਨਹੀਂ ਜਾਇਆ ਜਾ ਸਕਦਾ। ਉਸ ਦੇ ਘਰ ਦਾ ਸਾਰਾ ਖਰਚਾ ਉਸ ਦੇ ਪੇਕੇ ਚਲਾਉਂਦੇ ਹਨ, ਅਜੇ ਤੱਕ ਆੜ੍ਹਤੀਏ ਦਾ ਕਰਜ਼ਾ ਵੀ ਮਾਫ਼ ਨਹੀਂ ਹੋਇਆ, ਕਿਉਂਕਿ ਰਾਜਵਿੰਦਰ ਨੇ ਇਸ ਮਾਮਲੇ ਦੇ ਸਾਰੇ ਹੱਕ ਆਪਣੇ ਤਾਏ ਨੂੰ ਦੇ ਦਿੱਤੇ ਸਨ, ਉਹ ਦਸਤਖ਼ਤ ਕਰੇ ਤਾਂ ਕੁਝ ਬਣੇ, ਤਾਏ ਦੇ ਵਿਰੁੱਧ ਜੇਕਰ ਰਾਜਵਿੰਦਰ ਜਾਂਦੀ ਹੈ ਤਾਂ ਉਸ ਨੂੰ ਰਿਸ਼ਤੇਦਾਰਾਂ ਦੀ ਝਾੜ ਸਹਿਣੀ ਪੈਂਦੀ ਹੈ। 3 ਕੁ ਲੱਖ ਰੁਪਏ  ਸੁਸਾਇਟੀ ਅਤੇ ਬੈਂਕ ਦਾ ਕਰਜ਼ਾ ਸਿਰ ’ਤੇ ਹੈ, ਉਹ ਵੀ ਕਰਜ਼ਾ ਲੈਣ
ਲਈ ਗੇੜੇ ਮਾਰਦੇ ਹਨ।
ਪਿੰਡ ਦੇ ਸਰਪੰਚ ਅਨਿਲ ਕੁਮਾਰ ਨੇ ਕਿਹਾ ਕਿ ਅਸੀਂ ਆੜ੍ਹਤੀਏ ਨਾਲ ਰਾਜਵਿੰਦਰ ਕੌਰ ਦਾ ਸਮਝੌਤਾ ਕਰਵਾ ਕੇ 5 ਲੱਖ ਰੁਪਏ ਦੇਣਾ ਤਹਿ ਕਰ ਲਿਆ ਹੈ, ਪਰ ਹੁਣ ਮ੍ਰਿਤਕ ਮਨਦੀਪ ਸਿੰਘ ਦਾ ਤਾਇਆ ਤੇ ਇਕ ਹੋਰ ਰਿਸ਼ਤੇਦਾਰ ਦਸਤਖ਼ਤ ਨਹੀਂ ਕਰ ਰਹੇ। ਆੜ੍ਹਤੀਆ ਰੁਪਏ ਬੱਚਿਆਂ ਦੇ ਨਾਮ ਕਰਨਾ ਚਾਹੁੰਦਾ ਹੈ ਪਰ ਤਾਇਆ ਰੁਪਏ ਖ਼ੁਦ ਲੈਣਾ ਚਾਹੁੰਦਾ ਹੈ। ਇਸ ਤੇ ਤਾਏ ਦਰਸ਼ਨ ਸਿੰਘ ਨੇ ਕਿਹਾ ਕਿ ਸਾਡੇ ਕੋਲੋਂ ਆੜ੍ਹਤੀਏ ਨੇ ਧੋਖੇ ਨਾਲ ਦਸਤਖ਼ਤ ਕਰਵਾ ਲਏ ਹਨ ਪਰ ਉਸ ਨੇ ਸਾਨੂੰ ਕੋਈ ਰੁਪਿਆ ਨਹੀਂ ਦਿੱਤਾ। ਉਸ ਨੇ ਕਿਹਾ ਕਿ ਜ਼ਮੀਨ ਤੇ ਰੁਪਿਆ ਬੱਚਿਆਂ ਦੇ ਨਾਮ ਹੋਵੇ ਪਰ ਬੱਚਿਆਂ ਦੀ ਮਾਂ ਰਾਜਵਿੰਦਰ ਕੌਰ ਨੂੰ ਅਸੀਂ ਇੱਥੋਂ ਕੱਢਣਾ ਚਾਹੁੰਦੇ ਹਾਂ। ਉਸ ਨੇ ਕਿਹਾ ਕਿ ਰਾਜਵਿੰਦਰ ਕੌਰ ਦਾ ਚਾਲ-ਚੱਲਣ ਠੀਕ ਨਹੀਂ ਹੈ। 
ਆੜ੍ਹਤੀਆ ਭੁਸ਼ਣ ਕੁਮਾਰ ਨੇ ਕਿਹਾ ਕਿ ਜੋ ਵੀ ਫ਼ੈਸਲਾ ਹੋਇਆ ਹੈ ਮੈਂ ਉਸ ’ਤੇ ਖੜ੍ਹਾ ਹਾਂ, ਪਰ ਮੈਂ ਬੱਚਿਆਂ ਅਤੇ ਰਾਜਵਿੰਦਰ ਕੌਰ ਦੇ ਨਾਮ ਹੀ ਰੁਪਏ ਕਰਾਉਣੇ ਹਨ ਪਰ ਕੁਝ ਰਿਸ਼ਤੇਦਾਰ ਨਹੀਂ ਚਾਹੁੰਦੇ ਕਿ ਬੱਚਿਆਂ ਤੇ ਰਾਜਵਿੰਦਰ ਕੌਰ ਦੇ ਨਾਮ ਰੁਪਏ ਹੋਣ, ਇਸ ਕਰਕੇ ਮਾਮਲਾ ਅਜੇ ਲਟਕਿਆ ਪਿਆ ਹੈ।  
ਦਿਨੇ ਹੀ ਸ਼ਰਾਬ ਵਿਚ ਗੁੱਟ ਮੰਜੇ ’ਤੇ ਪਏ ਰਾਜਵਿੰਦਰ ਕੌਰ ਦੇ ਸਹੁਰੇ ਜਗਮੇਲ ਸਿੰਘ ਨੇ ਕਿਹਾ ਕਿ ਮੇਰੀ ਨੂੰਹ ਦਾ ਚਾਲ ਚੱਲਣ ਬਿਲਕੁਲ ਠੀਕ ਹੈ, ਮੈਂ ਸ਼ਰਾਬ ਮੇਰੇ ਪੁੱਤ ਦੀ ਮੌਤ ਤੋਂ ਦੁਖੀ ਹੋਇਆ ਪੀਂਦਾ ਹਾਂ ਤੇ ਸ਼ਰਾਬ ਦਾ ਪ੍ਰਬੰਧ ਉਹ ਕੁਝ ਨਾ ਕੁਝ ਵੇਚ ਕੇ ਕਰ ਲੈਂਦਾ ਹਨ।
ਬਾਹਰਹਾਲ ਰਾਜਵਿੰਦਰ ਕੌਰ ਦੀ ਜ਼ਿੰਦਗੀ ਅੰਨ੍ਹੇ ਖੂਹ ਵਰਗੀ ਬਣ ਗਈ ਹੈ।