Wednesday, June 05, 2019

6 ਜੂਨ 84 ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਚੋਂ 33 ਸਿੰਘ ਕੀਤੇ ਸੀ ਗ੍ਰਿਫ਼ਤਾਰ

ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖ਼ਾਲਸਾ ਸਮੇਤ ਫੈਡਰੇਸ਼ਨ ਦੇ ਕਈ ਆਗੂ ਕੀਤੇ ਸਨ ‌ਗ੍ਰਿਫ਼ਤਾਰ
ਗੁਰਨਾਮ ਸਿੰਘ ਅਕੀਦਾ
ਪਟਿਆਲਾ, : 5 ਤੇ 6 ਜੂਨ ਦੀ ਰਾਤ ਨੂੰ ਗੁਰਦੁਆਰਾ ਸ੍ਰੀ ਦੁੱਖ-ਨਿਵਾਰਨ ਸਾਹਿਬ ਉੱਤੇ ਹੋਏ ਫ਼ੌਜੀ ਹਮਲੇ ਦੌਰਾਨ ਜਿੱਥੇ 20 ਬੇਗੁਨਾਹ ਸ਼ਰਧਾਲੂ ਸ਼ਹੀਦ ਹੋ ਗਏ ਸਨ ਉੱਥੇ ਹੀ ਗੁਰਦੁਆਰਾ ਸਾਹਿਬ ਵਿਚੋਂ 33 ਸਿੰਘਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਇਹ ਜਾਣਕਾਰੀ ਗੁਰਦੁਆਰਾ ਦੁੱਖ-ਨਿਵਾਰਨ ਸਾਹਿਬ ਵਿਚ ਪਈ 1984 ਦੇ ਅਟੈਕ ਸਬੰਧੀ ਇਕ ਫਾਈਲ ਵਿਚੋਂ ਮਿਲਦੀ ਹੈ ਜਿੱਥੇ ਕੇ ਪਟਿਆਲਾ ਦੇ ਸਿਵਲ ਲਾਈਨ  ਥਾਣੇ ਵਿਚ ਦਰਜ ਹੋਈ ਐਫਆਈਆਰ ਨੰਬਰ 178 ਮਿਤੀ 6/6/1984 ਅਧੀਨ ਧਾਰਾ 307, 353, 332, 332, ਆਈਪੀਸੀ ਅਤੇ 25, 27, 54, 55 ਆਰਮਜ਼ ਐਕਟ ਪਈ ਹੈ।
ਇਸ ਐਫਆਈਆਰ ਅਨੁਸਾਰ ਗੁਰਸੇਵਕ ਸਿੰਘ ਪਟਿਆਲਾ, ਕਰਨੈਲ ਸਿੰਘ ਸਮਾਣਾ ਮੰਡੀ, ਤਰਲੋਕ ਸਿੰਘ ਨੈਣ ਕਲਾਂ, ਜਰਨੈਲ ਸਿੰਘ ਉਤਰ ਪ੍ਰਦੇਸ਼, ਦਰਬਾਰਾ ਸਿੰਘ ਸਰਹਿੰਦ, ਲੋਜਾਰ ਮਹੰਤ ਆਜ਼ਮਗੜ੍ਹ, ਅਮਰੀਕ ਸਿੰਘ ਬਸੀ ਪਠਾਣਾ, ਹਰਵਿੰਦਰ ਸਿੰਘ ਬਠਿੰਡਾ ਤਤਕਾਲੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਏਆਆਈਐਸਐਸਐਫ), ਮਨਮੋਹਨ ਸਿੰਘ ਰਾਜਪੁਰਾ, ਸੁਖਵੰਤ ਸਿੰਘ ਅੱਕਾਂਵਾਲੀ(ਏਆਆਈਐਸਐਸਐਫ), ਮਾਸਟਰ ਹਰਦੇਵ ਸਿੰਘ ਬੁਢਲਾਡਾ, ਨਛੱਤਰ ਸਿੰਘ ਦੋਦੜਾ ਬੁਢਲਾਡਾ, ਬਲਬੀਰ ਸਿੰਘ ਸਵੀਟੀ ਪਟਿਆਲਾ, ਭਾਨ ਸਿੰਘ ਘੱਗਾ, ਜਸਬੀਰ ਸਿੰਘ ਬਸੀ ਪਠਾਣਾ, ਹਰਵਿੰਦਰ ਸਿੰਘ ਕੁੱਕੂ ਪਟਿਆਲਾ, ਅਮਰਜੀਤ ਸਿੰਘ ਪਟਿਆਲਾ, ਰਾਜਿੰਦਰ ਸਿੰਘ ਪਟਿਆਲਾ, ਮਨਜੀਤ ਸਿੰਘ ਚਾਹਲ ਪਟਿਆਲਾ (ਏਆਆਈਐਸਐਸਐਫ), ਗੁਰਸੇਵ ਸਿੰਘ ਹਰਪਾਲਪੁਰ ਪਟਿਆਲਾ (ਏਆਆਈਐਸਐਸਐਫ), ਹਰਨੇਕ ਸਿੰਘ ਪਟਿਆਲਾ, ਮੱਲ ਸਿੰਘ ਬਾਰਨ ਪਟਿਆਲਾ, ਬਲਦੇਵ ਸਿੰਘ ਬਠੋਈ (ਏਆਆਈਐਸਐਸਐਫ) ਕਲਾਂ ਪੁੱਤਰ ਗੋਬਿੰਦ ਸਿੰਘ ਪਟਿਆਲਾ, ਜਤਿੰਦਰ ਸਿੰਘ ਜੇਪੀ ਪਟਿਆਲਾ (ਪੰਜਾਬੀ ਯੂਨੀਵਰਸਿਟੀ ਦਾ ਫੈਡਰੇਸ਼ਨ ਤਤਕਾਲੀ ਪ੍ਰਧਾਨ), ਬਲਦੇਵ ਸਿੰਘ ਪੁੱਤਰ ਕਰਨੈਲ ਸਿੰਘ ਪਟਿਆਲਾ, ਰਣਜੀਤ ਸਿੰਘ ਖੇੜੀ ਸਮਾਣਾ,
ਰਣਬੀਰ ਸਿੰਘ ਤ੍ਰਿਪੜੀ ਪਟਿਆਲਾ, ਸੁਖਵਿੰਦਰ ਸਿੰਘ ਸੇਰਾਂ ਵਾਲਾ ਗੇਟ ਪਟਿਆਲਾ, ਭੁਪਿੰਦਰ ਸਿੰਘ ਮਾਹਲਾ ਹੇੜੀ ਥਾਣਾ ਮੂਲੇ ਪੁਰ, ਜਸਵੰਤ ਸਿੰਘ ਭਵਾਨੀਗੜ੍ਹ, ਇਕਬਾਲ ਸਿੰਘ ਸੰਧੂ ਕਾਲੋਨੀ ਮੁਕਤਸਰ ਆਦਿ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਸਨ। ਗ੍ਰਿਫ਼ਤਾਰ ਮਨਜੀਤ ਸਿੰਘ ਚਾਹਲ ਅਨੁਸਾਰ ਉਨ੍ਹਾਂ
ਨੂੰ ਪਹਿਲਾਂ ਸਿਵਲ ਲਾਈਨ ਥਾਣੇ ਵਿੱਚ ਰੱਖਿਆ ਗਿਆ  ਉਸ ਤੋਂ ਬਾਅਦ ਪਟਿਆਲਾ ਦੇ ਮਿਲਟਰੀ ਕੈਂਪ ਵਿਚ 42 ਦਿਨ ਅੱਖਾਂ ਬੰਨ੍ਹ ਕੇ ਰੱਖਿਆ ਗਿਆ, ਫੇਰ 10 ਦਿਨ ਲੱਡਾ ਕੋਠੀ, 10 ਦਿਨ ਸੰਗਰੂਰ, ਉਸ ਤੋਂ ਬਾਅਦ 10 ਮਹੀਨੇ ਨਾਭਾ ਜੇਲ੍ਹ ਵਿਚ ਤੇ 10 ਮਹੀਨੇ ਪਟਿਆਲਾ ਜੇਲ੍ਹ ਵਿਚ ਰੱਖਿਆ ਗਿਆ, ਉਨ੍ਹਾਂ ਦੇ ਹੋਰ ਧਾਰਾਵਾਂ ਤੋਂ ਇਲਾਵਾ ਨੈਸ਼ਨਲ ਸਕਿਉਰਿਟੀ ਐਕਟ ਵੀ ਲਗਾ ਦਿੱਤਾ ਗਿਆ ਸੀ, ਬਾਅਦ ਵਿਚ ਸਾਰੇ ਜਣੇ ਮਾਨਯੋਗ ਅਦਾਲਤ ਨੇ ਬਰੀ ਕਰ ਦਿੱਤੇ ਸੀ। ਇਹ ਫ਼ੌਜੀ ਹਮਲਾ ਬੜਾ ਹੀ ਖ਼ਤਰਨਾਕ ਸੀ ਜਿਸ ਵਿੱਚ ਕਿਸੇ ਨੂੰ ਪੁੱਛਿਆ ਤੱਕ ਨਹੀਂ ਗਿਆ, ਤਤਕਾਲੀ ਮੈਨੇਜਰ ਅਜਾਇਬ ਸਿੰਘ ਸ਼ੇਰਗਿੱਲ ਅਨੁਸਾਰ ਜਦੋਂ ਉਸ ਨੂੰ ਤਲਾਬ ਕੋਲ ਫ਼ੌਜ ਵੱਲੋਂ ਲਿਆਂਦਾ ਗਿਆ ਤਾਂ ਉਸ ਨੇ ਦੇਖਿਆ ਕਿ ਗ੍ਰਿਫ਼ਤਾਰ
ਕੀਤੇ ਗਏ ਸਾਰਿਆਂ ਦੇ ਹੱਥ ਪਿੱਛੇ ਕਰਕੇ ਬੰਨੇ ਹੋਏ ਸਨ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੁਝ ਆਗੂ ਸ਼ਰਧਾਲੂ ਔਰਤਾਂ ਵਿਚ ਛੁਪੇ ਹੋਏ ਬਾਹਰ ਕੱਢ ਲਏ ਸਨ, ਕੁਝ ਲੱਕੜਾਂ ਵਿਚ ਛੁਪੇ ਹੋਏ ਸਨ। ਸਾਰਿਆਂ ਨੂੰ ਸਵੇਰ ਹੁੰਦਿਆਂ ਹੀ ਥਾਣਾ ਸਿਵਲ ਲਾਈਨ ਵਿਚ ਲਿਜਾਇਆ ਗਿਆ।


ਦਰਜ ਐਫਆਈਆਰ ਵਿਚ ਲਿਖਿਆ ਹੈ ਕਿ ਪਹਿਲਾ ਗੁਰਦੁਆਰੇ ਵਿਚੋਂ ਫਾਇਰਿੰਗ ਹੋਈ

6 ਜੂਨ 1984 ਨੂੰ ਥਾਣਾ ਸਿਵਲ ਲਾਈਨ ਪਟਿਆਲਾ ਵਿਚ ਦਰਜ ਐਫਆਈਆਰ ਨੰਬਰ 178 ਵਿਚ ਲਿਖਿਆ ਹੈ ਕਿ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਦੇ ਆਲੇ ਦੁਆਲੇ ਨੀਮ ਫੌਜੀ ਫੋਰਸਾਂ ਲੱਗੀਆਂ ਹੋਈਆਂ ਸਨ,ਕਰੀਬ 1 ਵਜੇ ਰਾਤ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਵਲੋਂ ਨੀਮ ਫੌਜੀ ਫੋਰਸ ਪਰ ਫਾਇਰਿੰਗ ਸ਼ੁਰੂ ਹੋ ਗਈ, ਜਿਸ ਕਾਰਨ ਨੀਮ ਫੌਜੀ ਫੋਰਸ ਦੇ ਕੁਝ ਮੈਂਬਰ ਜਖਮੀ ਹੋਏ ਹਨ,ਜਿਸ ਦੇ ਉਤਰ ਵਜੋਂ ਨੀਮ ਫੌਜੀ ਫੋਰਸ ਨੇ ਵੀ ਫਾਇਰਿੰਗ ਸ਼ੁਰੂ ਕੀਤੀ ਗਈ ਹੈ। ਜਿਸ ਤੋਂ ਸ਼ੁਰਤ ਜੁਰਮ 307/332/333/353/ ਅਤੇ ਆਰਮਜ ਐਕਟ ਚ ਪਾਇਆ ਜਾਂਦਾ ਹੈ।



No comments:

Post a Comment