Sunday, December 28, 2025

ਪੰਜਾਬੀ ਯੂਨੀਵਰਸਿਟੀ ਦੇ ਡਰਪੋਕ ਵਾਈਸ ਚਾਂਸਲਰ ਤੇ ਪੱਤਰਕਾਰਾਂ ਦੀ ਚਾਂਦੀ

 ਪੱਤਰਕਾਰੀ ਦਾ ਇਤਿਹਾਸ ਭਾਗ -14

ਲੇਖਕ : ਗੁਰਨਾਮ ਸਿੰਘ ਅਕੀਦਾ

    ਪੰਜਾਬੀ ਯੂਨੀਵਰਸਿਟੀ ਪਟਿਆਲਾ ਪੱਤਰਕਾਰਾਂ ਲਈ ਬੜੀ ਅਹਿਮ ਬੀਟ ਹੈ, ਇਹ ਮੈਨੂੰ ਭਲੀਭਾਂਤ ਪਤਾ ਹੈ ਤੇ ਇਸ ਬਾਰੇ ਸੰਵੇਦਨਸ਼ੀਲ ਪੱਤਰਕਾਰ ਵੀ ਜਾਣਦੇ ਹਨ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ (ਉਪ ਕੁਲਪਤੀ) ਡਾ. ਜਸਪਾਲ ਸਿੰਘ ਨੂੰ ਨਿਯੁਕਤ ਕਰ ਦਿੱਤਾ ਗਿਆ ਸੀ। ਮੈਂ ਉਸ ਵੇਲੇ ਸਪੋਕਸਮੈਨ ਵਿਚ ਬਤੌਰ ਪੰਜਾਬ ਬਿਊਰੋ ਸੀ, ਮੈਨੂੰ ਸਰਕਾਰੀ ਸੂਤਰਾਂ ਵੱਲੋਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਲਗਾ ਦਿੱਤੇ ਗਏ ਹਨ। ਮੈਂ ਉਨ੍ਹਾਂ ਦਾ ਫ਼ੋਨ ਨੰਬਰ ਪ੍ਰਾਪਤ ਕਰਨ ਵਾਲੇ ਪਾਸੇ ਜੁੱਟ ਗਿਆ, ਆਖ਼ਿਰ ਮੈਂ ਉਨ੍ਹਾਂ ਦਾ ਫ਼ੋਨ ਲੱਭ ਲਿਆ ਤੇ ਉਨ੍ਹਾਂ ਨਾਲ ਮੇਰੀ ਗੱਲ ਹੋਈ, ਮੈਂ ਉਨ੍ਹਾਂ ਨਾਲ ਗੱਲ ਕਰਕੇ ਖ਼ਬਰ ਪਹਿਲਾਂ ਹੀ ਪ੍ਰਕਾਸ਼ਿਤ ਕਰ ਦਿੱਤੀ ਸੀ, ਜਦੋਂ ਡਾ. ਜਸਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਵਿਚ ਆਏ ਤਾਂ ਮੈਨੂੰ ਸੁਨੇਹਾ ਮਿਲਿਆ ਕਿ ਵਾਈਸ ਚਾਂਸਲਰ ਵਜੋਂ ਡਾ. ਜਸਪਾਲ ਸਿੰਘ ਨੇ ਅੱਜ ਅਹੁਦਾ ਸੰਭਾਲਣਾ ਹੈ ਤੇ ਮੈਂ ਸਵੇਰੇ ਸਵੇਰੇ ਹੀ ਡਾ. ਜਸਪਾਲ ਸਿੰਘ ਨੂੰ ਮਿਲਣ ਲਈ ਪੰਜਾਬੀ


ਯੂਨੀਵਰਸਿਟੀ ਵਿਚ ਪੁੱਜਿਆ ਪਤਾ ਲੱਗਾ ਕਿ ਡਾ. ਜਸਪਾਲ ਸਿੰਘ ਗੈੱਸਟ ਹਾਊਸ ਵਿਚ ਠਹਿਰੇ ਹਨ, ਮੈਂ ਉਨ੍ਹਾਂ ਦੀ ਨਿਯੁਕਤੀ ਦੀ ਖ਼ਬਰ ਲਗਾਈ ਸੀ ਤਾਂ ਮੈਨੂੰ ਉਹ ਪਹਿਲਾਂ ਹੀ ਜਾਣਦੇ ਸਨ। ਮੈਂ ਉਨ੍ਹਾਂ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਕਿਹਾ ਗੈੱਸਟ ਹਾਊਸ ਆ ਜਾਓ, ਮੈਂ ਜਦੋਂ ਗੈੱਸਟ ਹਾਊਸ ਗਿਆ ਤਾਂ ਉਹ ਅਜੇ ਤਿਆਰ ਵੀ ਨਹੀਂ ਹੋਏ ਸਨ। ਸਿਰ ਤੇ ਪਰਨਾ ਬੰਨ੍ਹ ਕੇ ਹੀ ਬੈਠੇ ਸਨ, ਸਾਡੀਆਂ ਉਸ ਵੇਲੇ ਕਾਫ਼ੀ ਗੱਲਾਂ ਹੋਈਆਂ। ਸਾਡੀ ਗੁੜ੍ਹੀ ਮਿੱਤਰਤਾ ਬਣ ਗਈ ਸੀ। ਇਹ ਕਹਾਣੀ ਸੁਣਾਉਣ ਦਾ ਭਾਵ ਸਮਝਣਾ ਕਿ ਡਾ. ਜਸਪਾਲ ਸਿੰਘ ਨਾਲ ਮੇਰੇ ਸ਼ੁਰੂ ਤੋਂ ਹੀ ਚੰਗੇ ਸਬੰਧ ਸਨ। ਉਹ ਜਦੋਂ ਵਾਈਸ ਚਾਂਸਲਰ ਰਹੇ ਮੈਨੂੰ ਇਹ ਅਧਿਕਾਰ ਰਿਹਾ ਕਿ ਮੈਂ ਬਿਨਾਂ ਪੀਅਨ ਨੂੰ ਪੁੱਛੇ ਤੇ ਬਿਨਾਂ ਇਜਾਜ਼ਤ ਲਏ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੇ ਦਫ਼ਤਰ ਅੰਦਰ ਵੜ ਜਾਂਦਾ ਸਾਂ। ਸਾਡੀ ਆਪਸ ਵਿਚ ਏਨੀ ਮਿੱਤਰਤਾ ਬਣੀ ਕਿ ਉਹ ਦੋ ਵਾਰ ਮੇਰੇ ਘਰ ਵੀ ਆਏ, ਇਹ ਮੈਂ ਇੱਥੇ ਤੁਹਾਨੂੰ ਕਿਉਂ ਦਸ ਰਿਹਾ ਹਾਂ, ਇਹ ਅੱਗੇ ਸਪਸ਼ਟ ਹੋਵੇਗਾ, ਇਕ ਚੰਗਾ ਸਿੱਖ ਵਿਦਵਾਨ ਸੀ ਡਾ. ਜਸਪਾਲ ਸਿੰਘ। ਹਾਂ ਥੋੜ੍ਹਾ ਡਰਪੋਕ ਸੀ, ਯੂਨੀਵਰਸਿਟੀ ਨੂੰ ਕਈ ਸਮੱਸਿਆਵਾਂ ਵਿਚ ਫਸੀ ਹੋਈ ਨੂੰ ਛੱਡ ਕੇ ਕਈ ਵਾਰੀ ਲਾਪਤਾ ਹੋ ਜਾਂਦੇ ਸਨ, ਜਦੋਂ ਵੀ ਕੋਈ ਪ੍ਰਦਰਸ਼ਨ ਹੋਣਾ, ਕੋਈ ਧਰਨਾ ਹੋਣਾ ਤਾਂ ਅਕਸਰ ਉਹ ਯੂਨੀਵਰਸਿਟੀ ਵਿਚੋਂ ਗ਼ਾਇਬ ਹੋ ਜਾਂਦੇ ਸਨ। ਪਿੱਛੋਂ ਉਸ ਦੀ  ਅਥਾਰਿਟੀ ਦੀ ਟੀਮ ਉਸ ਸੰਕਟ ਵਿਚੋਂ ਯੂਨੀਵਰਸਿਟੀ ਨੂੰ ਕੱਢਦੀ ਹੁੰਦੀ ਸੀ। ਉਹ ਡਰਪੋਕ ਸੀ ਜਾਂ ਪਰਿਸਥਿਤੀਆਂ ਨੂੰ ਆਪਣੇ ਪੱਖ ਵਿਚ ਕਰਨ ਲਈ ਉਸ ਦਾ ਕੋਈ ਖ਼ਾਸ ਤਰੀਕਾ ਸੀ ਪਰ ਉਸ ਦੇ ਡਰਪੋਕ ਹੋਣ ਦਾ ਲਾਭ ਪਟਿਆਲਾ ਦੇ ਕੁਝ ਪੱਤਰਕਾਰਾਂ ਨੇ ਖ਼ੂਬ ਉਠਾਇਆ। ਨਕਾਰਾਤਮਿਕ(ਨੈਗੇਟਿਵ) ਖ਼ਬਰਾਂ ਤੋਂ ਬਹੁਤ ਡਰਦਾ ਸੀ, ਪਟਿਆਲਾ ਦੇ ਕੁਝ ਮੌਕੇ ਨੂੰ ਆਪਣੇ ਹੱਥ ਵਿਚ ਲੈ ਕੇ ਵਰਤਣ ਵਾਲੇ ਪੱਤਰਕਾਰਾਂ ਨੂੰ ਇਹ ਸਮਝ ਆ ਗਈ ਸੀ। 

ਇਸ ਤੋਂ ਪਹਿਲਾਂ ਵੀ ਅਕਾਲੀ ਸਰਕਾਰ ਵਿਚ ਡਾ. ਜਸਬੀਰ ਸਿੰਘ ਆਹਲੂਵਾਲੀਆ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ, ਉਸ ਤੋਂ ਪਹਿਲਾਂ ਡਾ. ਜੋਗਿੰਦਰ ਸਿੰਘ ਪੁਆਰ ਵੀ ਵਾਈਸ ਚਾਂਸਲਰ ਰਹੇ, ਡਾ. ਪੁਆਰ ਉੱਤੇ ਕਈ ਸਾਰੇ ਦੋਸ਼ ਲੱਗੇ ਸਨ, ਪਰ ਜਸਬੀਰ ਸਿੰਘ ਆਹਲੂਵਾਲੀਆ ਤੇ ਬੜਾ ਭਿਆਨਕ ਦੋਸ਼ ਲੱਗਿਆ ਸੀ, ਕਿ ਉਹ ਕੁੜੀਆਂ ਦਾ ਸ਼ੋਸ਼ਣ ਕਰਨ ਵਿਚ ਕਥਿਤ ਸ਼ਾਮਲ ਹੈ। ਮੈਂ ਉਸ ਵੇਲੇ ਦੇਸ਼ ਸੇਵਕ ਵਿਚ ਸੀ, ਇਕ ਦਿਨ ਯੂਨੀਵਰਸਿਟੀ ਦੇ ਕਾਫ਼ੀ ਹਾਊਸ ਵਿਚ ਮੈਂ ਕੁਝ ਪ੍ਰੋਫੈਸਰਾਂ ਕੋਲ ਬੈਠਾ ਸੀ, (ਕਾਫ਼ੀ ਹਾਊਸ ਬੜੀ ਚਰਚਿਤ ਥਾਂ ਹੁੰਦੀ ਸੀ ਕਦੇ ਯੂਨੀਵਰਸਿਟੀ ਦੀ) ਕਿ ਇਕ ਔਰਤ ਤੇ ਇਕ ਕੁੜੀ ਬੜੇ ਹੀ ਅਫ਼ਸੋਸ ਲਹਿਜ਼ੇ ਵਿਚ ਸਾਡੇ ਕੋਲੋਂ ਲੰਘੀਆਂ। ਇਕ ਪ੍ਰੋਫੈਸਰ ਨੇ ਮੈਨੂੰ ਕਿਹਾ ‘‘ਅਕੀਦਾ ਜੀ ਤੁਸੀਂ ਪੱਤਰਕਾਰ ਹੋ, ਉਹ ਸਾਹਮਣੇ ਦੋ ਜਣੀਆਂ ਜਾ ਰਹੀਆਂ ਹਨ, ਉਨ੍ਹਾਂ ਦੀ ਕਹਾਣੀ ਸੁਣ,  ਤੇਰੇ ਲਈ ਵੱਡੀ ਖ਼ਬਰ ਜਾ ਰਹੀ ਹੈ ਉਹ’’ ਮੈਂ ਕੁਝ ਅਜਿਹਾ ਹੀ ਕੀਤਾ, ਮੈਂ ਉੱਥੋਂ ਉੱਠ ਕੇ ਲੰਬੀਆਂ ਡਿੰਘਾਂ ਨਾਲ ਉਨ੍ਹਾਂ ਦੋਵਾਂ ਕੋਲ ਪਹੁੰਚ ਗਿਆ, ਮੈਂ ਝਿਜਕਦੇ ਝਿਜਕਦੇ ਨੇ ਉਨ੍ਹਾਂ ਨੂੰ ਬੁਲਾਇਆ ਤੇ ਆਪਣੀ ਪਹਿਚਾਣ ਦੱਸੀ ਤਾਂ ਉਹ ਔਰਤ ਇਕ ਤਰ੍ਹਾਂ ਨਾਲ ਬਿਲਕੁਲ ਹੀ ਰੋਣਹਾਕੀ ਬਣ ਕੇ, ਉਸ ਨੇ ਮੇਰੇ ਨਾਲ ਗੱਲ ਕਰਨੀ ਸ਼ੁਰੂ ਕੀਤੀ, ਅਸੀਂ ਗੁਰੂ ਗੋਬਿੰਦ ਸਿੰਘ ਭਵਨ ਦੇ ਸਾਹਮਣੇ ਪਾਰਕ ਵਿਚ ਬੈਠ ਗਏ,


ਉਹ ਔਰਤ ਸੁਲਤਾਨਾ ਬੇਗ਼ਮ ਸੀ ਤੇ ਉਸ ਨਾਲ ਉਸ ਦੀ ਬੇਟੀ ਸਾਰੂ ਰਾਣਾ ਸੀ। ਕਹਾਣੀ ਦੇ ਕੁਝ ਅੰਸ਼ ਸਨ ਕਿ ਸਾਰੂ ਰਾਣਾ ਫਾਈਨ ਆਰਟਸ ਦੇ ਇਕ ਟੂਰ ਤੇ ਗਈ ਸੀ, ਜੋ ਵੀ ਉਸ ਨਾਲ ਉੱਥੇ ਹੋਇਆ ਉਸ ਦੀ ਸ਼ਿਕਾਇਤ ਉਸ ਨੇ ਵਾਈਸ ਚਾਂਸਲਰ ਡਾ. ਜਸਬੀਰ ਸਿੰਘ ਆਹਲੂਵਾਲੀਆ ਨੂੰ ਕੀਤੀ ਸੀ, ਪਰ ਉਸ ਸ਼ਿਕਾਇਤ ’ਤੇ ਤਾਂ ਕੀ ਕਾਰਵਾਈ ਹੋਣੀ ਸੀ ਉਲਟਾ ਸਾਰੂ ਰਾਣਾ ਤੇ ਦਬਾਅ ਬਣਾ‌ਇਆ ਜਾ ਰਿਹਾ ਸੀ ਕਿ ਉਹ ਸ਼ਿਕਾਇਤ ਵਾਪਸ ਲੈ ਲਵੇ, ਨਹੀਂ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ, ਉਸ ‌ਸ਼ਿਕਾਇਤ ਦੀ ਕਾਪੀ ਉਨ੍ਹਾਂ ਮੈਨੂੰ ਦਿੱਤੀ, ਉਸ ਸ਼ਿਕਾਇਤ ਦੀ ਕਾਪੀ ਲੈ ਕੇ ਮੈਂ ਡਾ. ਆਹਲੂਵਾਲੀਆ ਕੋਲ ਗਿਆ ਤਾਂ ਉਸ ਨੇ ਇਸ ਦਾ ਕੋਈ ਪੁਖ਼ਤਾ ਪੱਖ ਨਹੀਂ ਦਿੱਤਾ ਭਾਵ ਕੇ ਇਸ ਬਾਰੇ ਗੱਲ ਹੀ ਕਰਨ ਤੋਂ ਇਨਕਾਰ ਕਰ ਦਿੱਤਾ, ਸ਼ਾਇਦ ਮੈਂ ਪੰਜਾਬੀ ਪੱਤਰਕਾਰ ਸੀ ਦੇਸ਼ ਸੇਵਕ ਦਾ ਪੱਤਰਕਾਰ ਸੀ, ਜੇਕਰ ਮੈਂ ਅੰਗਰੇਜ਼ੀ ਅਖ਼ਬਾਰ ਦਾ ਪੱਤਰਕਾਰ ਹੁੰਦਾ ਤਾਂ ਸ਼ਾਇਦ ਮੇਰੀ ਉਹ ਸੁਣਦਾ ਤੇ ਮੈਨੂੰ ਸ਼ਾਇਦ ਚਾਹ ਵੀ ਪਿਲਾ ਦਿੰਦਾ, ਡਾ. ਆਹਲੂਵਾਲੀਆ ਦੇ ਦਫ਼ਤਰ ਦੇ ਬਾਹਰ ਦੋ ਬਲਬ ਲੱਗੇ ਸਨ ਇਕ ਲਾਲ ਰੰਗ ਦਾ ਇਕ ਹਰੇ ਰੰਗ ਦਾ। ਜੇਕਰ ਲਾਲ ਰੰਗ ਦਾ ਬਲਬ ਜਗ ਰਿਹਾ ਹੁੰਦਾ ਤਾਂ ਕਿਸੇ ਦੀ ਕੀ ਮਜਾਲ ਕਿ ਉਹ ਦਫ਼ਤਰ ਵਿਚ ਚਲਾ ਜਾਵੇ।

ਮੈਂ ਸਾਰੂ ਰਾਣਾ ਵਾਲੀ ਚਿੱਠੀ ਦੀ ਗੱਲ ਸਾਡੇ ਦੇਸ਼ ਸੇਵਕ ਦੇ ਉਸ ਸਮੇਂ  ਨਿਊਜ਼ ਐਡੀਟਰ ਸ਼ਮੀਲ ਨਾਲ ਕੀਤੀ ਸੀ (ਜੋ ਬਾਅਦ  ਵਿਚ ਸੰਪਾਦਕ ਬਣ ਗਏ ਸਨ), ਦੂਜੇ ਦਿਨ ਦੇਸ਼ ਸੇਵਕ ਦੇ ਇਹ ਖ਼ਬਰ ਫ਼ਰੰਟ ਪੇਜ ’ਤੇ ‘ਖ਼ਾਸ ਖ਼ਬਰ’ ਬਣ ਕੇ ਲੱਗੀ, ਇਸ ਮਾਮਲੇ ਦੀ ਬਰੇਕ ਕੀਤੀ ਮੇਰੀ ਇਸ ਰਿਪੋਰਟ ਨੇ


ਡਾ. ਜਸਬੀਰ ਸਿੰਘ ਆਹਲੂਵਾਲੀਆ ਨੂੰ ਯੂਨੀਵਰਸਿਟੀ ਵਿਚੋਂ ਭਜਾਇਆ, ਉਸ ਵੇਲੇ ਵੱਡੇ ਪੱਧਰ ’ਤੇ ਸੰਘਰਸ਼ ਚੱਲੇ, ਜਿਸ ਵਿਚ ਖ਼ਾਸ ਕਰਕੇ ਟਾਈਮਜ਼ ਆਫ਼ ਇੰਡੀਆ ਅਖ਼ਬਾਰ ਦੇ ਪੱਤਰਕਾਰ ਗੁਰਕਿਰਪਾਲ ਸਿੰਘ ਅਸ਼ਕ ਦਾ ਵੀ ਵੱਡਾ ਯੋਗਦਾਨ ਰਿਹਾ, ਫੇਰ ਤਾਂ ਸਾਰੇ ਅਖ਼ਬਾਰਾਂ ਦਾ ਧਿਆਨ ਪੰਜਾਬੀ ਯੂਨੀਵਰਸਿਟੀ ਵਾਲੇ ਪਾਸੇ ਹੋ ਗਿਆ ਸੀ, ਪੰਜਾਬੀ ਯੂਨੀਵਰਸਿਟੀ ਵਿਚ ਪੱਤਰਕਾਰ ਆਮ ਦੇਖੇ ਜਾ ਸਕਦੇ ਸਨ, ਉਸ ਵੇਲੇ ਹੋਏ ਪ੍ਰੋਟੈਸਟ ਵਿਚ ਡਾ. ਕਰਮਜੀਤ ਸਿੰਘ ਸਿੱਧੂ, ਡਾ. ਗੁਰਨਾਮ ਸਿੰਘ, ਡਾ. ਬਲਵਿੰਦਰ ਸਿੰਘ ਟਿਵਾਣਾ, ਡਾ. ਯੂ ਸੀ ਸਿੰਘ, ਭੁਪਿੰਦਰ ਸਿੰਘ ਖਹਿਰਾ, ਡਾ. ਮਾਨ ਸਿੰਘ ਢੀਂਡਸਾ,ਡਾ. ਐੱਚ ਐੱਸ ਭੱਟੀ, ਡਾ. ਸੁਰਜੀਤ ਸਿੰਘ ਭੱਟੀ, ਡਾ. ਬੀ ਐੱਸ ਨੰਦਾ ਆਦਿ ਬਹੁਤ ਸਾਰੇ ਅਧਿਆਪਕਾਂ ਨੇ ਡਾ. ਆਹਲੂਵਾਲੀਆ ਖ਼ਿਲਾਫ਼ ਵੱਡਾ ਰੋਲ ਨਿਭਾਇਆ। ਇਸੇ ਤਰ੍ਹਾਂ ਵਿਦਿਆਰਥੀ ਜਥੇਬੰਦੀਆਂ ਵਿਚ ਉਸ ਵੇਲੇ ਏਬੀਵੀਪੀੀ ਤੋਂ ਗੁਰਨਾਮ ਵਿਰਕ, ਪੀਐਸਯੂ ਰਮਿੰਦਰ ਸਿੰਘ ਪਟਿਆਲਾ, ਐਸਐਸਐਫ ਜਸਪਾਲ ਸਿੰਘ ਮੰਝਪੁਰ, ਐਫਐਸਆਈ ਗੁਰਪਾਲ ਸਿੰਘ ਧਾਲੀਵਾਲ, ਗੁਰਜੰਟ ਸਿੰਘ, ਕਰਤਾਰ ਚੀਮਾ ਆਦਿ ਬਹੁਤ ਸਾਰੇ ਨਾਮ ਹਨ, ਪਰ ਬਾਅਦ ਵਿਚ ਅਧਿਆਪਕਾਂ, ਵਿਦਿਆਰਥੀਆਂ ਅਤੇ ਨਾਨ ਟੀਚਿੰਗ ਦੀ ਜੁਆਇੰਟ ਐਕਸ਼ਨ ਕਮੇਟੀ ਬਣ ਗਈ ਸੀ। ਰੋਜ਼ਾਨਾ ਯੂਨੀਵਰਸਿਟੀ ਦਾ ਗੇਟ ਬੰਦ ਹੋਣ ਲੱਗ ਪਿਆ ਸੀ, ਸਾਰੂ ਰਾਣਾ ਨੂੰ ਤਾਂ ਇਨਸਾਫ਼ ਮਿਲਣਾ ਅਜੇ ਬਾਕੀ ਸੀ ਪਰ ਕਈ ਸਾਰੇ ਵਿਦਿਆਰਥੀਆਂ ਨੇ, ਕਈ ਸਾਰੇ ਅਧਿਆਪਕਾਂ ਨੇ ਤੇ ਕਈ ਸਾਰੇ ਨਾਨ ਟੀਚਿੰਗ ਨੇ ਲੀਡਰੀ ਵਿਚ ਜ਼ਰੂਰ ਪੈਰ ਰੱਖ ਲਏ ਸਨ। ਇੱਥੇ ਹੀ ਬੱਸ ਨਹੀਂ ਕਈ ਪੱਤਰਕਾਰਾਂ ਨੇ ਵੀ ਆਪਣੀ ਪੱਤਰਕਾਰੀ ਚਮਕਾ ਲਈ ਸੀ, ਇਹ ਵੀ ਸੱਚ ਹੈ ਕਿ ਮੇਰੀ ਪੱਤਰਕਾਰੀ ਵੀ ਇਸ ਕਾਂਡ ਨਾਲ ਹੀ ਚਮਕੀ ਸੀ। ਉਸ ਵੇਲੇ ਪੰਜਾਬ ਟੂਡੇ ਦੇ ਪੱਤਰਕਾਰ ਸਰਬਜੀਤ ਉੱਖਲਾ ਹੁੰਦੇ ਸਨ, ਜੇਕਰ ਜਸਬੀਰ ਸਿੰਘ ਆਹਲੂਵਾਲੀਆ ਹੰਕਾਰੀ ਨਾ ਹੁੰਦਾ ਤਾਂ ਉਸ ਨੇ ਇਹ ਮਾਮਲਾ ਉੱਠਣ ਤੋਂ ਪਹਿਲਾਂ ਹੀ ਦਬਾ ਲੈਣਾ ਸੀ, ਜਦੋਂ ਸਾਰੂ ਰਾਣਾ ਨੇ ਸ਼ਿਕਾਇਤ ਦਿੱਤੀ ਸੀ ਤਾਂ ਉਸ ਵੇਲੇ ਹੀ ਵਾਈਸ ਚਾਂਸਲਰ ਜਸਬੀਰ ਸਿੰਘ ਆਹਲੂਵਾਲੀਆ ਨੇ ਸਾਰੂ ਰਾਣਾ ਨੂੰ ਆਪਣੇ ਕੋਲ ਬੁਲਾਉਣਾ ਸੀ ਤਾਂ ਉਸ ਨੇ ਉਸ ਕੁੜੀ ਨੂੰ ਸਮਝਾਉਣਾ ਸੀ ਤਾਂ ਮਾਮਲਾ ਉੱਥੇ ਹੀ ਖ਼ਤਮ ਹੋ ਸਕਦਾ ਸੀ। ਪਰ ਪੰਥ ਦਾ ਦਿਮਾਗ਼ ਮੰਨੇ ਜਾਂਦੇ ਡਾ. ਆਹਲੂਵਾਲੀਆ ਕੋਲ ਸ਼ਾਇਦ ਆਪਣਾ ਹੀ ਦਿਮਾਗ਼ ਨਹੀਂ ਸੀ, ਕਿਉਂਕਿ ਹੰਕਾਰ ਬੰਦੇ ਦਾ ਦਿਮਾਗ਼ ਖ਼ਤਮ ਕਰ ਦਿੰਦਾ ਹੈ। ਕਹਿੰਦੇ ‘ਨੰਗੀ ਔਰਤ, ਅੰਨ੍ਹੀ ਪਾਵਰ ਤੇ ਖੁੱਲ੍ਹੀ ਦੌਲਤ’ ਬੰਦੇ ਦਾ ਦਿਮਾਗ਼ ਖ਼ਰਾਬ ਕਰ ਦਿੰਦੀ ਹੈ। ਸ਼ਾਇਦ ਅੰਨ੍ਹੀ ਪਾਵਰ ਦਾ ਮਾਲਕ ਸੀ ਡਾ. ਆਹਲੂਵਾਲੀਆ, ਇਸੇ ਕਰਕੇ ਉਸ ਨੂੰ ਸਚਾਈ ਜਾਂ ਆਪਣਾ ਭਵਿੱਖ ਨਜ਼ਰ ਨਹੀਂ ਆ ਰਿਹਾ ਸੀ, ਗ਼ਲਤੀ ਕੀਤੀ ਸੀ ਫਾਈਨ ਆਰਟਸ ਵਿਭਾਗ ਦੀ ਪ੍ਰੋਫੈਸਰ ਡਾਕਟਰ ਔਰਤ ਨੇ ਪਰ ਉਹ ਸਾਰਾ ਹੀ ਇਲਜ਼ਾਮ ਹੁਣ ਡਾ. ਜਸਬੀਰ ਸਿੰਘ ਆਹਲੂਵਾਲੀਆ ਤੇ ਆ ਗਿਆ ਸੀ। ਸਮੇਂ ਨੇ ਹਾਲਾਤ ਇਹ ਬਣਾ ਦਿੱਤੇ ਸਨ ਕਿ ਹੁਣ ਡਾ. ਆਹਲੂਵਾਲੀਆ ਇਸ ਸੰਘਰਸ਼ ਦਾ ਸਾਹਮਣਾ ਕਰਨ ਜੋਗਾ ਵੀ ਨਹੀਂ ਸੀ। ਸੁਲਤਾਨਾ ਬੇਗ਼ਮ ਨੇ ਆਪਣੀ ਧੀ ਸਾਰੂ ਰਾਣਾ ਦੇ ਪੱਖ ਵਿਚ ਇਹ ਵੱਡੀ ਜੰਗ ਲੜੀ ਸੀ, ਜਿਸ ਦੀ ਮਦਦ ਜਿਵੇਂ ਸਾਰੀ ਯੂਨੀਵਰਸਿਟੀ ਨੇ ਕੀਤੀ ਸੀ, ਇਕ ਢਿੱਲੋਂ ਭਰਾਵਾਂ ਦੀ ਜਥੇਬੰਦੀ ਤੋਂ ਬਗੈਰ ਸਾਰੇ ਹੀ ਡਾ. ਆਹਲੂਵਾਲੀਆ ਦੇ ਖ਼ਿਲਾਫ਼ ਸੰਘਰਸ਼ ਵਿਚ ਸ਼ਾਮਲ ਸਨ। ਜਸਬੀਰ ਸਿੰਘ ਆਹਲੂਵਾਲੀਆ ਨੂੰ ਪੰਜਾਬੀ ਯੂਨੀਵਰਸਿਟੀ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ, ਉਸ ਉੱਤੇ ਪੁਲੀਸ ਥਾਣੇ ਵਿਚ ਕੇਸ ਵੀ ਦਰਜ ਹੋ ਗਿਆ ਸੀ, ਉਹ ਪੁਲੀਸ ਦੀਆਂ ਪੜਤਾਲਾਂ ਵਿਚ ਉਲਝ ਗਿਆ ਸੀ, ਇਹ ਜੰਗ ਜਿੱਤਣ ਦਾ ਕਾਰਨ ਪਤਾ ਕੀ ਸੀ? ਇਹ ਜੰਗ ਜਿੱਤਣ ਦਾ ਕਾਰਨ ਸੀ ਸਹੀ ਮੁੱਦਾ ਤੇ ਸਾਰਿਆਂ ਦੀ ਇੱਕਜੁੱਟਤਾ ਹੋਣੀ ਤੇ ਸਾਰੇ ਜਣਿਆ ਨੇ ਇਕ ਦੂਜੇ ਦੀਆਂ ਬਾਂਹਾਂ ਬਣ ਕੇ ਲੜਾਈ ਲੜੀ, ਸਾਰੂ ਰਾਣਾ ਨੂੰ ਇਨਸਾਫ਼ ਮਿਲ ਗਿਆ ਸੀ, ਪਰ ਉਸ ਤੋਂ ਬਾਅਦ ਆਰਜ਼ੀ ਵਾਈਸ ਚਾਂਸਲਰ ਵੀ ਲੱਗੇ ਪਰ ਪੱਕੇ ਵਾਈਸ ਚਾਂਸਲਰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਫ਼ਾਰਸ਼ ਤੇ ਪੰਜਾਬ ਰਾਜਪਾਲ ਨੇ ਲਗਾਏ ਸਨ ਸਵਰਨ ਸਿੰਘ ਬੋਪਾਰਾਏ। 
ਨੌਕਰਸ਼ਾਹਾਂ ਵਿਚੋਂ ਆਏ ਸਵਰਨ ਸਿੰਘ ਬੋਪਾਰਾਏ ਨੇ ਪੱਤਰਕਾਰਾਂ ਨੂੰ ਬਹੁਤਾ ਮੂੰਹ ਨਹੀਂ ਲਾਇਆ, ਪਰ ਹਾਂ ਮੈਂ ਉਸ ਦੀਆਂ ਬੇਨਿਯਮੀਆਂ ਨੂੰ ਜ਼ਰੂਰ ਅਖ਼ਬਾਰ ਦੇ ਕਾਲਮਾਂ ਦਾ ਹਿੱਸਾ ਬਣਾਉਣਾ ਸੀ, ਮੈਂ ਹੀ ਨਹੀਂ ਕੁਝ ਹੋਰ ਪੱਤਰਕਾਰ ਵੀ ਸਨ, ਉਹ ਬੜਾ ਦੁਖੀ ਸੀ ਮੇਰੇ ਕੋਲੋਂ, ਜਿਨ੍ਹਾਂ ਨੇ ਲੜਾਈ ਲੜੀ ਸੀ ਜਸਬੀਰ ਸਿੰਘ ਆਹਲੂਵਾਲੀਆ ਖ਼ਿਲਾਫ਼ ਉਨ੍ਹਾਂ ਵਿਚੋਂ ਕੁਝ ਨੂੰ ਤਾਂ ਲਾਭ ਮਿਲਿਆ ਪਰ ਡਾ. ਕਰਮਜੀਤ ਸਿੰਘ ਸਿੱਧੂ ਦਾ ਬੜਾ ਨੁਕਸਾਨ ਕੀਤਾ ਸਵਰਨ ਸਿੰਘ ਬੋਪਾਰਾਏ ਨੇ, ਕਿਉਂਕਿ ਯੁੱਧ ਨੀਤੀ ਦੇ ਪ੍ਰੋਫੈਸਰ ਡਾ. ਸਿੱਧੂ ਸੱਚ ਦੇ ਪੁੱਤਰ ਸੀ ਤੇ ਸੱਚ ਨਾਲ ਹੀ ਚਲਦੇ ਸੀ, ਉਨ੍ਹਾਂ ਦੀ ਗਰਦਨ ਵਿਚ ਸਿਧਾਂਤਕ ਕਿੱਲਾ ਸੀ, ਸਿਧਾਂਤਕ ਕਿੱਲਾ ਨਹੀਂ ਚੰਗਾ ਲੱਗਿਆ ਸ. ਬੋਪਾਰਾਏ ਨੂੰ, ਡਾ. ਸਿੱਧੂ ਦੀ ਵਿਰੋਧਤਾ ਕੁਝ ਅਧਿਆਪਕਾਂ ਵੱਲੋਂ ਹੀ ਕੀਤੀ ਗਈ ਸੀ, ਜਿਸ ਕਰਕੇ ਉਸ ਦਾ ਨੁਕਸਾਨ ਹੋਇਆ। ਇੱਥੇ ਹੀ ਬੱਸ ਨਹੀਂ ਸਵਰਨ ਸਿੰਘ ਬੋਪਾਰਾਏ ਨੇ ਹੀ ਪੰਜਾਬੀ ਯੂਨੀਵਰਸਿਟੀ ਵਿਚ ਪ੍ਰੋ ਵਾਈਸ ਚਾਂਸਲਰ ਦੀ ਅਸਾਮੀ ਖ਼ਤਮ ਕੀਤੀ ਸੀ।, ਇੱਥੋਂ ਤੱਕ ਕਿ ਪੰਜਾਬੀ ਯੂਨੀਵਰਸਿਟੀ ਦਾ ਲੋਕ ਸੰਪਰਕ ਵਿਭਾਗ ਵੀ ਸ. ਬੋਪਾਰਾਏ ਨੇ ਖ਼ਤਮ ਕੀਤਾ, ਸਿਰਫ਼ ਇਕ ਬੰਦੇ ਦੀਆਂ ਮਨਮਾਨੀਆਂ ਨੂੰ ਖ਼ਤਮ ਕਰਨ ਲਈ, ਪੰਜਾਬੀ ਯੂਨੀਵਰਸਿਟੀ ਵਿਚ ਹਨ ਪਹਿਲਾਂ ਵਾਂਗਾਂ ਅਜ਼ਾਦ ਪੀਆਰ ਵਿੰਗ ਨਹੀਂ ਹੈ ਨਾ ਹੀ ਪੀਆਰ ਦਾ ਕੋਈ ਆਪਣਾ ਦਫ਼ਤਰ ਹੀ ਹੈ, ਇਹ ਪੀਆਰ ਵਿੰਗ ਖ਼ਤਮ ਕਰਨ ਵਿਚ ਡਾ. ਗੁਰਮੀਤ ਸਿੰਘ ਮਾਨ ਨੇ ਬੜਾ ਵੱਡਾ ਰੋਲ ਨਿਭਾਇਆ ਸੀ, ਉਸ ਵੇਲੇ ਡਾ. ਗੁਰਮੀਤ ਸਿੰਘ ਮਾਨ ਦੀ ਬੜੀ ਚੜ੍ਹਤ ਹੁੰਦੀ ਸੀ। ਪੀਆਰ ਵਿੰਗ ਨੂੰ ਖ਼ਤਮ ਕਰਾਉਣ ਲਈ ਸ਼ਾਇਦ ਉਸ ਨੂੰ ਅੱਜ ਵੀ ਅਹਿਸਾਸ ਹੋਵੇ ਕਿ ਇਹ ਉਸ ਦੀ ਵੱਡੀ ਗ਼ਲਤੀ ਸੀ, ਭਾਵੇਂ ਕਿ ਇਹ ਪੂਰੀ ਤਰ੍ਹਾਂ ਖ਼ਤਮ ਡਾ. ਜਸਪਾਲ ਸਿੰਘ ਵੇਲੇ ਹੋਇਆ ਸੀ, ਜਿਸ ਨੂੰ ਬਿਲੁਕੁਲ ਹੀ 2018 ਵਿਚ ਮਿਟਾ ਦਿੱਤਾ ਗਿਆ ਸੀ, ਜਦੋਂ ਕਾਂਗਰਸ ਸਰਕਾਰ ਆਈ ਸੀ, ਸ਼ੁਰੂ ਕੀਤਾ ਗਿਆ ਸਵਰਨ ਸਿੰਘ ਬੋਪਾਰਾਏ ਵਲੋਂ ਤੇ ਪ੍ਰਵਾਨ ਚੜਿਆ ਅਕਾਲੀ ਸਰਕਾਰ ਵਿਚ ਡਾ. ਜਸਪਾਲ ਸਿੰਘ ਦੇ ਸਮੇਂ ਤੇ ਭੋਗ ਪਿਆ ਕਾਂਗਰਸ ਸਰਕਾਰ ਵੇਲੇ।

ਸ. ਬੋਪਾਰਾਏ ਨੇ ਪੰਜਾਬੀ ਯੂਨੀਵਰਸਿਟੀ ਵਿਚ ਕਥਿਤ ਸ਼ਰਾਬ ਪੀਣ ਦਾ ਕਲਚਰ ਵੀ ਪੈਦਾ ਕੀਤਾ, ਇਹ ਸਮਾਂ ਸੀ ਜਦੋਂ ਕਈ ਅਧਿਆਪਕ ਉਸ ਦੀ ਕੋਠੀ ਵਿਚ ਕਈ ਸਾਰੀਆਂ ਪਾਰਟੀਆਂ ਦਾ ‌ਸ਼ਿੰਗਾਰ ਬਣਦੇ ਸਨ, ਇੱਥੋਂ ਤੱਕ ਵੀ ਸੀ ਕਿ ਕੁਝ ਔਰਤ ਅਧਿਆਪਕਾਵਾਂ ਇੱਥੇ ਨੱਚਦੀਆਂ ਵੀ ਦੇਖੀਆਂ ਗਈਆਂ ਸਨ, ਪੰਜਾਬੀ ਕਲਚਰ ਦੀਆਂ ਅਧਿਆਪਕਾਂ ਦੇ ਪਹਿਰਾਵੇ ਵੀ ਬਦਲੇ ਸਨ, ਪੰਜਾਬੀ ਯੂਨੀਵਰਸਿਟੀ ਦੇ ਜ਼ਿਆਦਾਤਰ ਅਧਿਆਪਕਾਂ ਦਾ ਕਿਰਦਾਰ ਕਿਹੋ ਜਿਹਾ ਹੈ ਉਹ ਤਾਂ ਖ਼ੈਰ ਅੱਗੇ ਜਾ ਕੇ ਸਪਸ਼ਟ ਕਰਾਂਗੇ, ਕਿਉਂਕਿ ਜ਼ਿਆਦਾਤਰ ਅਧਿਆਪਕਾਂ ਦਾ ਕਿਰਦਾਰ ਕੋਈ ਬਹੁਤਾ ਚੰਗਾ ਨਹੀਂ ਹੈ, ਉਹ ਵਾਈਸ ਚਾਂਸਲਰ ਦੇ ਸੁਭਾਅ ਅਨੁਸਾਰ ਆਪਣਾ ਸੁਭਾਅ ਬਦਲਦੇ ਰਹੇ ਹਨ, ਵਾਈਸ ਚਾਂਸਲਰ ਦੀਆਂ ਹਰਕਤਾਂ ਨਾਲ ਆਪਣੀਆਂ ਹਰਕਤਾਂ ਬਦਲਦੇ ਰਹੇ ਹਨ। ਇੱਥੋਂ ਤੱਕ ਕਿ ਕਈ ਪ੍ਰੋਫੈਸਰ ਤਾਂ ਆਪਣਾ ਪਹਿਰਾਵਾ ਵੀ ਬਦਲਦੇ ਰਹੇ ਹਨ, ਆਪਣੀ ਸੋਚ ਬਦਲ ਲੈਂਦੇ ਤੇ ਆਪਣੇ ਸਿਧਾਂਤ ਬਦਲ ਲੈਂਦੇ ਰਹੇ ਹਨ। ਪਾਵਰ ਦੇ ਨਾਲ ਲੱਗ ਕੇ ਰਹਿਣਾ ਫ਼ਿਤਰਤ ਹੈ ਬਹੁਤ ਸਾਰੇ ਅਧਿਆਪਕਾਂ ਦੀ, ਕਿਉਂਕਿ ਉਹ ਅਥਾਰਿਟੀ ਵਿਚ ਰਹਿਣਾ ਪਸੰਦ ਕਰਦੇ ਹਨ ਅਜਿਹੇ ਪ੍ਰੋਫੈਸਰ ਨਾ ਤਾਂ ਯੂਨੀਵਰਸਿਟੀ ਦੇ ਪੱਖ ਦੇ ਹੁੰਦੇ ਹਨ ਨਾ ਹੀ ਵਿਦਿਆਰਥੀਆਂ ਦੇ ਪੱਖ ਦੇ ਨਾ ਹੀ ਵਾਈਸ ਚਾਂਸਲਰ ਦੇ ਪੱਖ ਦੇ ਹੁੰਦੇ ਹਨ। ਉਹ ਸਿਰਫ਼ ਨਿੱਜ ਪੱਖ ਵਿਚ ਅਥਾਰਿਟੀ ਦਾ ਅਨੰਦ ਮਾਣਨ ਦਾ ਸੁਆਦ ਲੈਣ ਦੇ ਆਸ਼ਕ ਹੁੰਦੇ ਹਨ। ਇਹ ਸੁਆਦ ਪੱਤਰਕਾਰਾਂ ਨੇ ਵੀ ਡਾ. ਜਸਪਾਲ ਸਿੰਘ ਮੌਕੇ ਮਾਣਿਆ ਸੀ। 

ਸਵਰਨ ਸਿੰਘ ਬੋਪਾਰਾਏ ਬਾਰੇ ਨੈਗੇਟਿਵ ਖ਼ਬਰਾਂ ਲਾਉਣ ਦਾ ਕੰਮ ਮੈਂ ਛੱਡਿਆ ਨਹੀਂ ਸੀ, ਟਾਈਮਜ਼ ਆਫ਼ ਇੰਡੀਆ ਦੇ ਸਟਾਫ਼ ਰਿਪੋਰਟਰ ਗੁਰਕਿਰਪਾਲ ਸਿੰਘ ਅਸ਼ਕ ਵੀ ਕਈ ਵਾਰੀ ਨੈਗੇਟਿਵ ਖ਼ਬਰਾਂ ਕਰ ਦਿੰਦੇ ਸਨ। ਇਕ ਦਿਨ ਪੰਜਾਬੀ ਯੂਨੀਵਰਸਿਟੀ ਵਿਚ ਇਕ ਸਮਾਗਮ ਦੌਰਾਨ ਮੈਂ ਤੇ ਸਵਰਨ ਸਿੰਘ ਬੋਪਾਰਾਏ ਇਕੱਠੇ ਹੋ ਗਏ। ਉਹ ਸ਼ਾਇਦ ਇਹ ਚਾਹੁੰਦੇ ਵੀ ਸਨ ਕਿ ਮੇਰੇ ਨਾਲ ਮਿਲਣ, ਸਵਰਨ ਸਿੰਘ ਬੋਪਾਰਾਏ ਦਾ ਅਜਿਹਾ ਸੁਭਾਅ ਸੀ ਕਿ ਉਹ ਬਹੁਤਾ ਕਿਸੇ ਨਾਲ ਗੱਲ ਨਹੀਂ ਕਰਦੇ ਸਨ ਪਰ ਬੱਸ ਆਪਣਾ ਹੁਕਮ ਚਾੜ੍ਹਦੇ ਸਨ, ਉਸ ਦਿਨ ਮੇਰੇ ਨਾਲ ਸਵਰਨ ਸਿੰਘ ਬੋਪਾਰਾਏ ਨੇ ਲੰਬੀ ਗੱਲ ਕੀਤੀ ਜਿਸ ਦੀ ਸ਼ੁਰੂਆਤੀ ਲਾਇਨ ਸੀ ‘‘ਅਕੀਦਾ ਜੀ ਤੁਹਾਡੀਆਂ ਨਿਊਜ਼ ਰਿਪੋਰਟਾਂ ਪੜਦਾ ਹਾਂ, ਤੁਸੀਂ ਬੜਾ ਬੇਬਾਕ ਲਿਖਦੇ ਹੋ, ਚੰਗਾ ਲੱਗਦਾ ਹੈ, ਪਰ ਪਾਜਿਟਿਵ ਖ਼ਬਰਾਂ ਵੀ ਲਾਇਆ ਕਰੋ’’ ਮੈਂ ਬੋਪਾਰਾਏ ਸਾਹਿਬ ਨੂੰ ਕਿਹਾ ਸੀ ‘‘ ਸਰ ਤੁਹਾਡਾ ਪੂਰਾ ਲੋਕ ਸੰਪਰਕ ਵਿਭਾਗ ਹੈ ਜੋ ਵੀ ਉਹ ਖ਼ਬਰਾਂ ਰਿਪੋਰਟਾਂ ਬਣਾ ਕੇ ਭੇਜਦਾ ਹੈ ਉਹ ਮੈਂ ਪੂਰੀਆਂ ਦੀਆਂ ਪੂਰੀਆਂ ਲਾਉਂਦਾ ਹਾਂ ਕਦੇ ਨਹੀਂ ਰੋਕੀਆਂ, ਤੁਸੀਂ ਆਪਣੇ ਪੀਆਰ ਵਿੰਗ ਨੂੰ ਤਕੜਾ ਕਰੋ ਤਾਂ ਕਿ ਯੂਨੀਵਰਸਿਟੀ ਵਿਚ ਹੋ ਰਹੇ ਪਾਜਿਟਿਵ ਕੰਮ ਵੀ ਅਖ਼ਬਾਰਾਂ ਦੇ ਕਾਲਮਾਂ ਦਾ ਹਿੱਸਾ ਬਣਨ’’ ਤਾਂ ਬੋਪਾਰਾਏ ਸਾਹਿਬ ਨੇ ਕਿਹਾ ਸੀ ‘‘ਅਕੀਦਾ ਜੀ ਤੁਸੀਂ ਮੇਰੇ ਕੋਲ ਆਓ ਦਫ਼ਤਰ ਵਿਚ, ਮੈਂ ਤੁਹਾਨੂੰ ਦੱਸਾਂਗਾ ਕਿ ਅਸੀਂ ਯੂਨੀਵਰਸਿਟੀ ਵਿਚ ਕੀ ਵਧੀਆ ਕਰ ਰਹੇ ਹਾਂ’’ ਮੈਂ ਕਿਹਾ ‘‘ਜ਼ਰੂਰ ਸਰ ਪਰ ਕਦੋਂ ਆਵਾਂ’’ ਤਾਂ ਉਨ੍ਹਾਂ ਕਿਹਾ ਸੀ ਕਿ  ‘‘ਭਾਵੇਂ ਕੱਲ੍ਹ ਆਓ, ਪਰਸੋਂ ਆਓ, ਜਦੋਂ ਮਰਜ਼ੀ ਆਓ’’ ਸਾਡੀ ਲੰਬੀ ਗੱਲਬਾਤ ਦਾ ਆਖ਼ਰੀ ਬੰਦ ਇਹ ਹੀ ਸੀ। 

ਮੈਂ ਦੋ ਦਿਨਾਂ ਬਾਅਦ ਸਵਰਨ ਸਿੰਘ ਬੋਪਾਰਾਏ ਦੇ ਦਫ਼ਤਰ ਵਿਚ ਜਾਣ ਲਈ ਗਿਆ ਸੀ, ਪੀਅਨ ਦਫ਼ਤਰ ਦੇ ਬਾਹਰ ਬੈਠਾ ਸੀ ਪੀਅਨ ਮੈਨੂੰ ਜਾਣਦਾ ਸੀ ਇਸ ਕਰਕੇ ਉਸ ਨੇ ਕਿਹਾ ਸੀ ‘‘ਅਕੀਦਾ ਸਰ ਤੁਹਾਨੂੰ ਅੰਦਰ ਭੇਜਣ ਲਈ ਕੱਲ੍ਹ ਹੀ ਕਹਿ ਦਿੱਤਾ ਸੀ ਵੀ ਸੀ ਸਰ ਨੇ , ਤੁਸੀਂ ਅੰਦਰ ਜਾਓ’’ ਮੈਂ ਇਹ ਦੇਖ ਕੇ ਹੈਰਾਨ ਸੀ, ਜੋ ਵੀ ਸੀ ਪੱਤਰਕਾਰਾਂ ਦੀ ਪਰਵਾਹ ਨਹੀਂ ਕਰਦਾ ਸੀ, ਉਸ ਨੇ ਮੇਰੀਆਂ ਦੇਸ਼ ਸੇਵਕ ਵਿਚ ਲੱਗੀਆਂ ਰਿਪੋਰਟਾਂ ਦਾ ਕਿੰਨਾ ਅਹਿਮ ਨੋਟਿਸ ਲਿਆ ਸੀ।

ਮੈਂ ਦਫ਼ਤਰ ਅੰਦਰ ਗਿਆ ਸੀ ਤਾਂ ਸ. ਬੋਪਾਰਾਏ ਛੋਟੇ ਜਿਹੇ ਮੇਜ਼ ਅੱਗੇ ਕੁਰਸੀ ਲਾਕੇ ਕੁਝ ਕੰਮ ਕਰ ਰਹੇ ਸਨ। ਮੇਜ਼ ਆਮ ਵਾਂਗ ਵੱਡਾ ਨਹੀਂ ਸੀ, ਜਿਵੇਂ ਵੱਡੇ ਵੱਡੇ ਮੇਜ਼ ਅਫ਼ਸਰਾਂ ਦੇ ਹੁੰਦੇ ਹਨ, ਛੋਟਾ ਜਿਹਾ ਮੇਜ਼ ਸੀ ਜਿਵੇਂ ਸ. ਬੋਪਾਰਾਏ ਸਿਰਫ਼ ਫਾਈਲਾਂ ਤੇ ਦਸਤਖ਼ਤ ਕਰਨ ਲਈ ਹੀ ਇੱਥੇ ਬੈਠੇ ਸਨ। ਮੈਂ ਜਦੋਂ ਅੰਦਰ ਗਿਆ ਤਾਂ ਬੋਪਾਰਾਏ ਸਾਹਿਬ ਨੇ ਕਿਹਾ ਸੀ ‘‘ਆਓ ਆਓ ਅਕੀਦਾ ਜੀ, ਬੈਠੋ’’ ਉਨ੍ਹਾਂ ਦੀ ਸਲੀਕੇ ਭਰੀ ਮਹਿਮਾਨ-ਨਿਵਾਜੀ ਬਹੁਤ ਹੀ ਚੰਗੀ ਸੀ, ਇਕ ਵਾਰ ਮੈਂ ਅਜਿਹੀ ਮਹਿਮਾਨ-ਨਿਵਾਜੀ ਪਟਿਆਲਾ ਰਿਆਸਤ ਦੇ ਆਖ਼ਰੀ ਮਹਾਰਾਜੇ ਕੈਪਟਨ ਅਮਰਿੰਦਰ ਸਿੰਘ ਦੀ ਵੀ ਮਾਣੀ ਸੀ। ਉਹ ਬਹੁਤ ਅਮੀਰੀ ਭਰੀ ਮਹਿਮਾਨ ਨਿਵਾਜੀ ਸੀ। 

    ਮੇਰਾ ਇਕ ਵਾਰੀ ਸੁਭਾਗ ਬਣਿਆ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਡਿਨਰ ਕਰਨ ਦਾ, ਇਹ ਸੁਭਾਗ ਕੋਈ ਪੱਤਰਕਾਰਾਂ ਵਾਲਾ ਨਹੀਂ ਸੀ ਪਰ ਮੈਂ ਉਸ ਦਿਨ ਇਹ ਜਾਣ ਕੇ ਬੜਾ ਹੀ ਅਨੰਦਮਈ ਹੋਇਆ ਸਾਂ ਕਿ ਵੱਡੇ ਲੋਕਾਂ ਤੇ ਅਮੀਰ ਲੋਕਾਂ ਵਿਚ ਵੀ

ਮਹਿਮਾਨ-ਨਿਵਾਜੀ ਦਾ ਵੱਡਾ ਗੁਣ ਹੁੰਦਾ ਹੈ। ਅਸੀਂ ਡਿਨਰ ਕਰ ਰਹੇ ਸੀ, ਕੈਪਟਨ ਅਮਰਿੰਦਰ ਸਿੰਘ ਖ਼ੁਦ ਦਾਲ ਸਬਜ਼ੀ ਨਾਨ ਵੈਜ ਦਾ ਡੌਂਗਾ ਚੁੱਕਦੇ ਸਨ ਤੇ ਸਾਨੂੰ ਇਕ ਇਕ ਨੂੰ ਕਹਿੰਦੇ ਸਨ ਅੰਗਰੇਜ਼ੀ ਵਿਚ ‘‘Please have some more...Please have...’’ ਉਹ ਘਟਨਾ ਮੈਨੂੰ ਕਦੇ ਨਹੀਂ ਭੁੱਲੀ, ਉੱਥੇ ਵਰਤਾਉਣ ਵਾਲੇ ਰਸੋਈਏ ਸਨ ਪਰ ਕੈਪਟਨ ਅਮਰਿੰਦਰ ਸਿੰਘ ਦੀ ਮਹਿਮਾਨ-ਨਿਵਾਜੀ ਦੀ ਕਮਾਲ ਸੀ ਕਿ ਉਹ ਖ਼ੁਦ ਡੌਂਗਾ ਕਦੇ ਦਾਲ ਦਾ, ਕਦੇ ਸਬਜ਼ੀ ਦਾ, ਕਦੇ ਨਾਨ ਵੈਜ ਦਾ ਚੁੱਕ ਕੇ ਵਰਤਾ ਰਹੇ ਸਨ। ਇਹ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਵਿਚ ਮਹਿਮਾਨ ਨਿਵਾਜੀ ਸੀ ਇਕ ਵਾਰੀ ਅਸੀਂ ਇਕੱਠੇ ਹੋਏ ਸੀ ਪਟਿਆਲਾ ਦੇ ਮਾਡਲ ਟਾਊਨ ਵਿਚ ਬਿਜਲੀ ਬੋਰਡ ਦੇ ਗੈੱਸਟ ਹਾਊਸ ਵਿਚ, ਉਸ ਦਿਨ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਖ਼ੁਦ ਤਾਂ ਡੌਂਗਾ ਨਹੀਂ ਚੁੱਕ ਰਹੇ ਸਨ ਪਰ ਉਨ੍ਹਾਂ ਦੀ ਨਜ਼ਰ ਸਾਡੇ ਵਿਚ ਹੀ ਬਣੀ ਹੋਈ ਸੀ ਤੇ ਉਹ ਵਰਤਾਵੇ ਨੂੰ ਵੀ ਕਹਿ ਦਿੰਦੇ ਸਨ।

ਬੇਸ਼ੱਕ ਸਵਰਨ ਸਿੰਘ ਬੋਪਾਰਾਏ ਨਾਲ ਮੈਂ ਡਿਨਰ ਜਾਂ ਲੰਚ ਕਰਨ ਲਈ ਨਹੀਂ ਗਿਆ ਸੀ ਪਰ ਉਸ ਦਿਨ ਡਾ. ਜਸਬੀਰ ਸਿੰਘ ਆਹਲੂਵਾਲੀਆ ਤੇ ਵਾਈਸ ਚਾਂਸਲਰ ਸਵਰਨ ਸਿੰਘ ਬੋਪਾਰਾਏ ਵਿਚ ਵੱਡਾ ਅੰਤਰ ਸਮਝ ਆਇਆ ਸੀ, ਮੈਂ ਨੂੰ ਇਸ ਗੱਲ ਦਾ ਪਤਾ ਸੀ ਕਿ ਉਹ ਨੌਕਰਸ਼ਾਹ ਹੈ ਨੌਕਰਸ਼ਾਹ ਲੋਕ ਪਰਿਸਥਿਤੀਆਂ ਆਪਣੇ ਪੱਖ ਵਿਚ ਕਰਨਾ ਜਾਣਦੇ ਹਨ, ਮੈਂ ਬੜਾ ਹੈਰਾਨ ਸੀ ਕਿ ਪਤਾ ਨਹੀਂ ਸਵਰਨ ਸਿੰਘ ਬੋਪਾਰਾਏ ਨੂੰ ਕਿਸ ਨੇ ਦੱਸਿਆ ਸੀ ਜਾਂ ਉਹ ਖ਼ੁਦ ਜਾਣਦੇ ਸਨ ਮੇਰੇ ’ਤੇ ਉਨ੍ਹਾਂ ਦਾ ਸਵਾਲ ਸੀ ‘‘ਅਕੀਦਾ ਜੀ ਤੁਹਾਡੀ ਕਿਤਾਬ ਬੜੀ ਚਰਚਾ ਵਿਚ ਹੈ ‘ਕੱਖ ਕੰਡੇ’ ਕਦੇ ਪੜਾਓ ਉਹ ਕਿਤਾਬ ਕਿਥੋਂ ਮਿਲੇਗੀ ਮੈਂ ਮੰਗਾ ਲੈਂਦਾ ਹਾਂ’’ ਮੈਂ ਕਿਹਾ ‘‘ਕੋਈ ਨਾ ਸਰ ਮੈਂ ਤੁਹਾਨੂੰ ਦੇ ਦਿਆਂਗਾ’’ ਤਾਂ ਬੋਪਾਰਾਏ ਨੇ ਕਿਹਾ ਸੀ ‘‘ ਫੇਰ ਇਕ ਨਹੀਂ 10 ਕਿਤਾਬਾਂ ਲੈ ਕੇ ਆਉਣੀਆਂ ਹਨ ਅਸੀਂ ਪੰਜਾਬੀ ਯੂਨੀਵਰਸਿਟੀ ਦੀਆਂ ਲਾਇਬ੍ਰੇਰੀਆਂ ਵਿਚ ਭੇਜਣੀਆਂ ਹਨ ਅਜਿਹੀ ਕਿਤਾਬ ਸਾਡੀ ਲਾਇਬ੍ਰੇਰੀ ਵਿਚ ਵੀ ਹੋਣੀ ਚਾਹੀਦੀ ਹੈ’’ ਮੈਂ ਬੜਾ ਹੈਰਾਨ ਹੋਇਆ ਸੀ , ਮੇਰੇ ਕੋਲ ਕਿਤਾਬਾਂ ਮੌਜੂਦ ਸਨ, ਮੈਂ 10 ਕਿਤਾਬਾਂ ਕੋਈ ਤਿੰਨ ਚਾਰ ਦਿਨਾਂ ਬਾਅਦ ਲੈ ਕੇ ਵੀ ਸੀ ਦਫ਼ਤਰ ਵਿਚ ਗਿਆ ਸੀ, ਉਨ੍ਹਾਂ ਉਹ ਕਿਤਾਬਾਂ ਲਾਇਬ੍ਰੇਰੀ ਨੂੰ ਭੇਜ ਦਿੱਤੀਆਂ ਸਨ, ਮੇਰੇ ਕੋਲ ਦੂਜੇ ਦਿਨ ਹੀ ਲਾਇਬ੍ਰੇਰੀ ਵਿਚੋਂ ਫ਼ੋਨ ਆਇਆ ਸੀ ਤੇ ਕਿਤਾਬਾਂ ਦਾ ਬਿੱਲ ਦੇਣ ਲਈ ਕਿਹਾ ਗਿਆ ਸੀ, ਮੈਂ ਹੈਰਾਨ ਸੀ, ਪਰ ਮੈਂ ਸਮਝ ਗਿਆ ਸੀ ਕਿ ਵੀ ਸੀ ਬੋਪਾਰਾਏ ਨੇ ਮੇਰੀਆਂ ਭਾਵਨਾਵਾਂ ਨੂੰ ਆਪਣੇ ਕਬਜ਼ੇ ਵਿਚ ਕਰਨ ਲਈ ਇਹ ਕਿਤਾਬਾਂ ਲਾਇਬ੍ਰੇਰੀ ਨੂੰ ਭੇਜੀਆਂ ਹਨ। ਮੇਰੇ ਸਿਧਾਂਤ ਆਪਣੇ ਹਨ, ਮੈਂ ਸਿਧਾਂਤ ਨਹੀਂ ਤੋੜ ਸਕਦਾ ਸੀ, ਉਸ ਤੋਂ ਬਾਅਦ ਲਾਇਬ੍ਰੇਰੀ ਦੇ ਅਧਿਕਾਰੀਆਂ ਵੱਲੋਂ ਵਾਰ ਵਾਰ ਫ਼ੋਨ ਕੀਤੇ ਗਏ ਪਰ ਮੈਂ ਕਦੇ ਵੀ ਆਪਣੀ ਕਿਤਾਬ ‘‘ਕੱਖ ਕੰਡੇ ’ ਦੇ ਬਿੱਲ ਨਹੀਂ  ਦਿੱਤੇ, ਉਸ ਦੇ ਪੈਸੇ ਲੈਣੇ ਦਾ ਦੂਰ ਦੀ ਗੱਲ ਸੀ। ਇਕ ਦਿਨ ਫੇਰ ਸਵਰਨ ਸਿੰਘ ਬੋਪਾਰਾਏ ਮੈਨੂੰ ਇਕ ਸਮਾਗਮ ਮਿਲੇ ਸੀ, ਉਨ੍ਹਾਂ ਕੋਲ ਇਹ ਗੱਲ ਪਹੁੰਚ ਗਈ ਸੀ ਕਿ ਮੈਂ ਬਿੱਲ ਨਹੀਂ ਦਿੱਤੇ , ਉਨ੍ਹਾਂ ਹੋਰ ਕਈ ਗੱਲਾਂ ਕੀਤੀਆਂ ਤੇ ਸਰਸਰੀ ਜਿਹੀ ਕਿਹਾ ਕਿ ‘‘ਅਕੀਦਾ ਜੀ ਮੇਰੇ ਕੋਲ ਲਾਇਬ੍ਰੇਰੀ ਡਿਪਾਰਟਮੈਂਟ ਵਾਲੇ ਆਏ ਸੀ ਉਹ ਕਹਿੰਦੇ ਤੁਸੀਂ ਕਿਤਾਬ ਦੇ ਬਿੱਲ ਨਹੀਂ ਦਿੱਤੇ’’ ਮੈ ਕਿਹਾ ‘‘ਦੇ ਦੇਵਾਂਗਾ ਸਰ’’ ਪਰ ਮੈਂ ਉਹ ਬਿੱਲ ਅੱਜ ਤੱਕ ਨਹੀਂ ਦਿੱਤੇ ਨਾ ਹੀ ਕਿਤਾਬ ਦੇ ਰੁਪਏ ਲਏ.. ਪੰਜਾਬੀ ਯੂਨੀਵਰਸਿਟੀ ਵਿਚ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਸਮੇਤ ਕੁਝ ਲਾਇਬ੍ਰੇਰੀਆਂ ਵਿਚ ਉਹ ਕਿਤਾਬ ਅੱਜ ਵੀ ਪੜ੍ਹੀ ਜਾ ਰਹੀ ਹੈ। ‘‘ਧੰਨਵਾਦ ਸਵਰਨ ਸਿੰਘ ਬੋਪਾਰਾਏ ਸਾਹਿਬ’’

ਬਾਅਦ ਵਿਚ ਪੰਜਾਬੀ ਯੂਨੀਵਰਸਿਟੀ ਵਿਚ ਫ਼ੀਸਾਂ ਵਧਾਉਣ ’ਤੇ ਵੱਡਾ ਸੰਘਰਸ਼ ਚੱਲਿਆ, ਉਸ ਵਿਚ ਵੀ ਆਪਾਂ ਨੇ ਅਹਿਮ ਤੇ ਬੜੀ ਹੀ ਸਾਰਥਕ ਪੱਤਰਕਾਰੀ ਕੀਤੀ, ਸਰਕਾਰ ਵੱਲੋਂ ਮੇਰੇ ਸਮੇਤ ਕੁਝ ਪੱਤਰਕਾਰਾਂ ’ਤੇ ਉਸ ਵੇਲੇ ਖ਼ੁਫ਼ੀਆ ਵਿੰਗ ਵਾਲੇ ਵੀ ਲਗਾ ਦਿੱਤੇ ਗਏ ਸਨ। ਸਰਕਟ ਹਾਊਸ ਪਟਿਆਲਾ ਵਿਚ ਸਮਝੌਤੇ ਲਈ ਵਿਦਿਆਰਥੀ ਆਗੂਆਂ ਦੀਆਂ ਮੀਟਿੰਗਾਂ ਹੁੰਦੀਆਂ ਸਨ । ਉੱਥੇ ਪੱਤਰਕਾਰਾਂ ਤੇ ਖ਼ਾਸ ਨਜ਼ਰਾਂ ਰੱਖੀਆਂ ਜਾਂਦੀਆਂ ਸਨ। ਵਿਦਿਆਰਥੀਆਂ ਖ਼ਿਲਾਫ਼ ਪੁਲੀਸ ਨੂੰ ਵਰਤਿਆ ਜਾ ਰਿਹਾ ਸੀ, ਸਰਕਾਰ ਨੇ ਪੂਰਾ ਜ਼ੋਰ ਲਗਾ ਰੱਖਿਆ ਸੀ, ਪੂਰੀ ਸਰਕਾਰ ਸਵਰਨ ਸਿੰਘ ਬੋਪਾਰਾਏ ਦੇ ਪੱਖ ਵਿਚ ਸੀ। ਚੰਡੀਗੜ੍ਹ ਤੋਂ ਵਿਸ਼ੇਸ਼ ਅਧਿਕਾਰੀ ਵਿਦਿਆਰਥੀਆਂ ਨਾਲ ਸਮਝੌਤਾ ਕਰਾਉਣ ਲਈ ਮੀ‌ਟਿੰਗਾਂ ਕਰ ਰਹੇ ਸਨ। ਇੱਥੇ ਸਵਰਨ ਸਿੰਘ ਬੋਪਾਰਾਏ ਇਕ ਜ਼ਿੱਦੀ ਕਿਸਮ ਦੇ ਇਨਸਾਨ ਨਿਕਲੇ। ਖ਼ੈਰ ਜ਼ਿਦ ਤਾਂ ਉਨ੍ਹਾਂ ਨੇ ਪ੍ਰੋ ਵਾਈਸ ਚਾਂਸਲਰ ਦੀ ਪੋਸਟ ਖ਼ਤਮ ਕਰਨ ਵੇਲੇ ਵੀ ਕੀਤੀ ਸੀ। 

ਉਂਜ ਪੰਜਾਬੀ ਯੂਨੀਵਰਸਿਟੀ ਜ਼ਿਆਦਾ ਤਰ ਵਾਈਸ ਚਾਂਸਲਰਾਂ ਨੇ ਆਪਣੇ ਅਨੁਸਾਰ ਹੀ ਚਲਾਈ ਜਦ ਕਿ ਯੂਨੀਵਰਸਿਟੀ ਦਾ ਬਕਾਇਦਾ ਕਲੰਡਰ ਹੈ, ਉਸ ਅਨੁਸਾਰ ਹੀ ਅਦਾਰਾ ਚੱਲਣਾ ਚਾਹੀਦਾ ਹੈ, ਮੌਕੇ ਦੀਆਂ ਪਰਿਸਥਿਤੀਆਂ ਅਨੁਸਾਰ ਕਲੰਡਰ ਬਦਲਿਆ ਵੀ ਜਾ ਸਕਦਾ ਹੈ, ਪੰਜਾਬੀ ਯੂਨੀਵਰਸਿਟੀ ਮਾਲਵੇ ਤੇ ਪੁਆਧ ਦੀ ਬਹੁਤ ਹੀ ਕਮਾਲ ਯੂਨੀਵਰਸਿਟੀ ਹੈ, ਇੱਥੇ ਆਮ ਘਰਾਂ ਦੇ ਗ਼ਰੀਬ ਬੱਚੇ ਵੀ ਪੜ੍ਹ ਰਹੇ ਹਨ। ਇਸ ਕਰਕੇ ਇੱਥੇ ਫ਼ੀਸਾਂ ਵਧਾਉਣ ਨਾਲ ਬੱਚਿਆਂ ਦਾ ਕਾਫ਼ੀ ਨੁਕਸਾਨ ਹੋ ਜਾਂਦਾ ਹੈ। ਫ਼ੀਸਾਂ ਵਧਾਉਣਾ ਹਰ ਇਕ ਵਾਈਸ ਚਾਂਸਲਰ ਲਈ ਜੋਖ਼ਮ ਭਰਿਆ ਕੰਮ ਰਿਹਾ ਹੈ। ਪਹਿਲਾਂ ਸਰਕਾਰ 110 ਫ਼ੀਸਦੀ ਤੱਕ ਇਸ ਯੂਨੀਵਰਸਿਟੀ ਨੂੰ ਗਰਾਂਟ ਦਿੰਦੀ ਰਹੀ ਹੈ ਪਰ ਹੁਣ ਘੱਟ ਕੇ 15 ਤੋ 18 ਫ਼ੀਸਦੀ ਹੀ ਰਹਿ ਗਈ ਹੈ। ਇਸ ਕਰਕੇ ਫ਼ੀਸਾਂ ਵਧਾਉਣੀਆਂ ਵੀ ਸੀ ਲਈ ਜ਼ਰੂਰੀ ਹੋ ਜਾਂਦਾ ਹੈ। ਪਰ ਫਿਰ ਵੀ ਇੱਥੇ ਦੇ ਗ਼ਰੀਬ ਆਮ ਘਰਾਂ ਦੇ ਬੱਚਿਆਂ ਲਈ ਫ਼ੀਸਾਂ ਵਧਾਉਣੀਆਂ ਗ਼ਲਤ ਹਨ। ਸਵਰਨ ਸਿੰਘ ਬੋਪਾਰਾਏ ਨੇ ਅਜਿਹਾ ਜੋਖ਼ਮ ਉਠਾਇਆ ਸੀ। ਜ਼ਿੱਦੀ ਕਿਸਮ ਦੇ ਇਨਸਾਨ ਸਨ ਸਵਰਨ ਸਿੰਘ ਬੋਪਾਰਾਏ ਉਸ ਵੇਲੇ। ਹਰ ਚੁਣੌਤੀ ਨੂੰ ਜ਼ਿਦ ਨਾਲ ਹੱਲ ਕਰਨਾ ਚਾਹੁੰਦੇ ਹਨ ਤਾਂ ਹੀ ਉਸ ਵੇਲੇ ਇਹ ਮੰਗ ਵੱਡੇ ਪੱਧਰ ਤੇ ਉੱਠੀ ਸੀ ਕਿ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਅਕਾਦਮਿਕ ਖੇਤਰ ਵਿਚੋਂ ਹੋਣਾ ਚਾਹੀਦਾ ਹੈ ਬਿਊਰੋਕਰੇਟ ਨਹੀਂ ਹੋਣਾ ਚਾਹੀਦਾ, ਬਿਊਰੋ ਕਰੇਟ ਵਿਚ ਜ਼ਿਦ ਹੁੰਦੀ ਹੈ ਤੇ ਹੁਕਮ ਲਾਗੂ ਕਰਨ ਦਾ ਜਨੂਨ ਹੁੰਦਾ ਹੈ। 

ਇਕ ਅਕਾਦਮਿਕ ਵਾਈਸ ਚਾਂਸਲਰ ਡਾ. ਭਗਤ ਸਿੰਘ ਦੀ ਗੱਲ ਯਾਦ ਆ ਗਈ, ਇਕ ਵਾਰ ਅਧਿਆਪਕਾਂ ਨੇ ਗੁਰੂ ਤੇਗ਼ ਬਹਾਦਰ ਹਾਲ (ਜੀਟੀਬੀ ਹਾਲ) ਦੇ ਸਾਹਮਣੇ ਵੀ ਸੀ ਭਗਤ ਸਿੰਘ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ, ਡਾ. ਭਗਤ ਸਿੰਘ ਦੇ


ਖ਼ਿਲਾਫ਼ ਅਧਿਆਪਕ ਨਾਅਰੇਬਾਜ਼ੀ ਕਰ ਰਹੇ ਸਨ। ਅਚਾਨਕ ਦਫ਼ਤਰ ਵਿਚੋਂ ਡਾ. ਭਗਤ ਸਿੰਘ ਬਾਹਰ ਆ ਗਏ, ਅਧਿਆਪਕ ਨਾਅਰੇਬਾਜ਼ੀ ਕਰ ਰਹੇ ਸਨ ਤੇ ਆਪ ਵੀ ਡਾ. ਭਗਤ ਸਿੰਘ ਨਾਅਰੇਬਾਜ਼ੀ ਕਰਨ ਲੱਗ ਪਏ, ‘‘ਵੀ ਸੀ ਮੁਰਦਾਬਾਦ.. ਭਗਤ ਸਿੰਘ ਮੁਰਦਾਬਾਦ..’’ ਨਾਅਰੇਬਾਜ਼ੀ ਕਰ ਰਹੇ ਅਧਿਆਪਕ ਅਜੇ ਤੱਕ ਸਮਝੇ ਵੀ ਨਹੀਂ ਸਨ ਕਿ ਉਨ੍ਹਾਂ ਵਿਚ ਆਕੇ ਖ਼ੁਦ ਵਾਈਸ ਚਾਂਸਲਰ ਡਾ. ਭਗਤ ਸਿੰਘ ਨਾਅਰੇਬਾਜ਼ੀ ਕਰ ਰਹੇ ਹਨ। ਉਹ ਵੀ ਆਪਣੇ ਹੀ ਖ਼ਿਲਾਫ਼, ਯਕਦਮ ਅਧਿਆਪਕਾਂ ਵਿਚ ਸੁੰਨ ਪਸਰ ਗਈ, ਡਾ. ਭਗਤ ਸਿੰਘ ਵੀ ਸੀ ਕਹਿਣ ਲੱਗੇ..‘‘ਚੁੱਪ ਕਿਉਂ ਹੋ ਗਏ ਹੋ ਸਰ.. ਬੋਲੋ ਵਾਈਸ ਚਾਂਸਲਰ ਭਗਤ ਸਿੰਘ ਮੁਰਦਾਬਾਦ..’’ ਕੋਈ ਵੀ ਨਹੀਂ ਬੋਲਿਆ.. ਵੀ ਸੀ ਨੇ ਪੁੱਛਿਆ ‘‘ ਕੀ ਗੱਲ ਹੋਈ ਹੈ ਇੰਜ ਕਿਉਂ ਕਰ ਰਹੇ ਹੋ?’’ ਅਧਿਆਪਕਾਂ ਨੇ ਆਪਣੀ ਗੱਲ ਰੱਖੀ ਤਾਂ ਵੀ ਸੀ ਭਗਤ ਸਿੰਘ ਨੇ ਕਿਹਾ ਸੀ ‘‘ਅਧਿਆਪਕਾਂ ਨਾਲ ਹੀ ਯੂਨੀਵਰਸਿਟੀ ਹੈ, ਜੇਕਰ ਅਧਿਆਪਕ ਹੀ ਪ੍ਰੇਸ਼ਾਨ ਹੋਣਗੇ ਤਾਂ ਯੂਨੀਵਰਸਿਟੀ ਵਿਚ ਅਕਾਦਮਿਕਤਾ ਨਹੀਂ ਰਹਿਣੀ, ਤੁਹਾਡੀਆਂ ਸਾਰੀਆਂ ਮੰਗਾਂ ਮੰਨੀਆਂ.. ਹੁਣ ਸਾਰੇ ਚਾਹ ਪੀ ਕੇ ਜਾਇਓ.. ਨਾਲੇ ਜਦੋਂ ਵੀ ਕੋਈ ਪ੍ਰੋਬਲਮਜ਼ ਹੁੰਦੀ ਹੈ ਤਾਂ ਨਾਅਰੇਬਾਜ਼ੀ ਬੇਸ਼ੱਕ ਕਰੋ ਪਰ ਪਹਿਲਾਂ ਗੱਲ ਕਰ ਲਿਆ ਕਰੋ..’’ ਨਾਲ ਖੜੇ ਪੀਅਨ ਨੂੰ ਡਾ. ਭਗਤ ਸਿੰਘ ਨੇ ਕਿਹਾ ਸੀ ‘‘ ਸਾਰੇ ਪ੍ਰੋਫੈਸਰਜ਼ ਨੂੰ ਚਾਹ ਪਿਲਾਓ..’’ ਉਸੇ ਵੇਲੇ ਹੀ ਧਰਨਾ ਖ਼ਤਮ ਹੋ ਗਿਆ ਸੀ। ਕੁਝ ਅਕਾਦਮਿਕ ਵਾਈਸ ਚਾਂਸਲਰ ਵੀ ਬਿੳਰੋਕਰੇਟਾਂ ਅਨੁਸਾਰ ਹੀ ਚੱਲਦੇ ਹਨ, ਪਰ ਪੰਜਾਬੀ ਯੂਨੀਵਰਸਿਟੀ ਨੂੰ ਸਮਝਣਾ ਹਰ ਇਕ ਵੀ ਸੀ ਤੇ ਹਰ ਸਰਕਾਰ ਦੇ ਵੱਸ ਦੀ ਗੱਲ ਨਹੀਂ ਹੈ। ਕਈ ਬੇਸਲੈੱਸ ਕੰਮਾਂ ਤੇ ਸਰਕਾਰ ਕਰੋੜਾਂ ਰੋੜ ਦਿੰਦੀ ਹੈ ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਗਰਾਂਟ ਵਧਾ ਕੇ ਇਸ ਨੂੰ ਪੈਰਾਂ ਸਿਰ ਕਰਨ ਲਈ ਤਿਆਰ ਨਹੀਂ ਹੈ, ਇੱਥੋਂ ਤੱਕ ਕਿ ਇਸ ਯੂਨੀਵਰਸਿਟੀ ਨੂੰ ਖ਼ਰੀਦਣ ਲਈ ਵੀ ਕਈ ਪੂੰਜੀਪਤੀ ਤਿਆਰ ਹਨ। ਮੋਦੀ ਸਰਕਾਰ ਆਉਣ ਤੋਂ ਬਾਅਦ ਇਕ ਵਾਰੀ ਅਡਾਨੀ ਗਰੁੱਪ ਵੱਲੋਂ ਵੀ ਪੰਜਾਬੀ ਯੂਨੀਵਰਸਿਟੀ ਨੂੰ ਖ਼ਰੀਦਣ ਦੀ ਚਰਚਾ ਚੱਲੀ ਸੀ ਪਰ ਉਹ ਚਰਚਾ ਹੀ ਸੀ।

ਇਸ ਯੂਨੀਵਰਸਿਟੀ ਨੂੰ ਪੱਤਰਕਾਰ ਵੀ ਨਹੀਂ ਸਮਝ ਸਕਦੇ, ਇਸ ਯੂਨੀਵਰਸਿਟੀ ਵਿਚ ਖ਼ਬਰਾਂ ਦਾ ਖ਼ਜ਼ਾਨਾ ਹੈ, ਸਿਰਫ਼ ਨੈਗੇਟਿਵ ਹੀ ਨਹੀਂ ਪਾਜਿਟਿਵ ਵੀ। ਪਰ ਉੱਥੇ ਤੱਕ ਪਹੁੰਚ ਪਾਉਣਾ ਹਰ ਇਕ ਪੱਤਰਕਾਰ ਦੇ ਵੱਸ ਦੀ ਗੱਲ ਨਹੀਂ ਹੈ। ਮੇਰੇ ਸਾਥੀ ਪੱਤਰਕਾਰ ਸਿਰਫ਼ ਪ੍ਰੈੱਸ ਨੋਟਾਂ ਪਿੱਛੇ ਲੱਗੇ ਹੋਏ ਹਨ ਜਾਂ ਫਿਰ ਲੱਭਦੇ ਰਹਿੰਦੇ ਹਨ ਕਿ ਨੈਗੇਟਿਵ ਖ਼ਬਰ ਕਿਥੋਂ ਮਿਲੇਗੀ, ਕਿਉਂਕਿ ਸਾਨੂੰ ਸਿਖਾਇਆ ਜਾਂਦਾ ਹੈ ਕਿ ‘"Bad news is the only good news for the media." ਅਖ਼ਬਾਰ ਕੀ ਹੋਰ ਮੀਡੀਆ ਕੀ ਸਾਰੇ ਹੀ ਮਾੜੀ ਖ਼ਬਰ ਨੂੰ ਹੀ ਜ਼ਿਆਦਾ ਵੱਡੀ ਸਪੇਸ  ਦਿੰਦੇ ਹਨ, ਪਰ ਪੰਜਾਬੀ ਯੂਨੀਵਰਸਿਟੀ, ਸਿਰਫ਼ ਪੰਜਾਬੀ ਯੂਨੀਵਰਸਿਟੀ ਹੀ ਨਹੀਂ ਸਗੋਂ ਹਰੇਕ ਅਕਾਦਮਿਕ ਅਦਾਰਾ ਅੰਦਰੋਂ ਅੰਦਰੀਂ ਕੁਝ ਬਹੁਤ ਵੱਡਾ ਕਰ ਰਿਹਾ ਹੁੰਦਾ ਹੈ। ਪੰਜਾਬੀ ਯੂਨੀਵਰਸਿਟੀ ਸਿਰਫ਼ ਇਮਾਰਤਾਂ ਦਾ ਸਮੂਹ ਨਹੀਂ ਹੈ ਨਾ ਹੀ ਇਮਾਰਤਾਂ ਵਿਚ ਪੜ੍ਹਦੇ ਬੱਚੇ ਤੇ ਅਧਿਆਪਕਾਂ ਦਾ ਸਮੂਹ ਹੈ, ਇੱਥੇ ਹੋਰ ਵੀ ਬਹੁਤ ਕੁਝ ਨਜ਼ਰ ਆਉਂਦਾ ਹੈ, ਬੇਸ਼ੱਕ ਉਹ ਪਹਿਲੀ ਨਜ਼ਰੇ ਸੁਖਸ਼ਮ ਲੱਗਦਾ ਹੈ ਪਰ ਨਹੀਂ ਉਹ ਤਾਂ ਸ਼ਰੇਆਮ ਸਾਹਮਣੇ ਪਿਆ ਹੈ, ਪਰ ਪੱਤਰਕਾਰ ਦੀ ਅੱਖ ਦੇਖਣ ਵਾਲੀ ਹੋਣੀ ਚਾਹੀਦੀ ਹੈ। ਯੂਨੀਵਰਸਿਟੀ ਵਿਚ ਰੁੱਖ.. ਵਾਹ ਰੁੱਖ ਦੀ ਗੱਲ ਆਈ, ਜਦੋਂ ਜਪਾਨ ਦੇ ਸ਼ਹਿਰ ਹੀਰੋਸੀਮਾ (6 ਅਗਸਤ 1945 ਲਿਟਲ ਬੁਆਏ) ਨਾਗਾਸਾਕੀ (9 ਅਗਸਤ 1945 ਫੈਟ ਮੈਨ) ਵਿਚ ਪ੍ਰਮਾਣੂ ਬੰਬ ਸੁੱਟਿਆ ਗਿਆ ਸੀ ਤਾਂ ਉਸ ਵੇਲੇ ਇਕ ਰੁੱਖ ਮੁੜ ਪੁੰਗਰਿਆ ਸੀ, ਉਹ ਸੀ ‘‘ਜਿੰਗੋਵਿਲੋਵਾ’’। ਜਿੰਗੋਵਿਲੋਵਾ ਜੋ ਰੁੱਖ ਹੈ ਜੋ ਅੱਜ ਕੱਲ੍ਹ ਚੀਨ ਦਾ ਧਾਰਮਿਕ ਰੁੱਖ ਹੈ, ਉਹ ਪੰਜਾਬੀ ਯੂਨੀਵਰਸਿਟੀ ਵਿਚ ਬਹੁਤ ਹੀ ਵਧੀਆ ਤਰੀਕੇ ਨਾਲ ਹਰਾ ਭਰਾ ਖੜ੍ਹਾ ਹੈ ਤੇ ਪਤਝੜ ਮੌਕੇ ਸੋਨੇ ਰੰਗੀ ਭਾਅ ਮਾਰਦਾ ਹੈ,


ਕਦੇ ਇੰਜ ਵੀ ਹੋ ਸਕਦਾ ਹੈ ਕਿਸੇ ਅਕਾਦਮਿਕ ਅਦਾਰੇ ਵਿਚ ਕਿ ਇਕ ਅਵਾਰਾ ਕੁੱਤਾ ਵੀ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਕੇਂਦਰ ਬਿੰਦੂ ਬਣ ਸਕਦਾ ਹੈ। ਇਹ ਕਿਵੇਂ ਤੇ ਕਿੰਜ.. , ਯੂਨੀਵਰਸਿਟੀ ਵਿਚ ਹੀ ਹੈ ਕਿ ਇੱਥੇ ਸਦੀਆਂ ਪੁਰਾਣੇ ਪਥਰਾਟ ਪਏ ਹਨ, ਹਾਥੀ ਦੇ ਸਿਰ, ਦੰਦ ਹੋਰ ਕਈ ਜਾਨਵਰਾਂ ਦੇ ਸਦੀਆਂ ਪੁਰਾਣੇ ਅਵਸ਼ੇਸ਼ ਜੋ ਅੱਜ ਕੱਲ੍ਹ ਪਥਰਾਟ ਬਣ ਗਏ ਹਨ।ਗੁਰੂ ਗੋਬਿੰਦ ਸਿੰਘ ਭਵਨ ਬਾਰੇ ਕਿੰਨੀਆਂ ਹੀ ਖ਼ਬਰਾਂ ਹਨ ਜੋ ਬੜੀਆਂ ਹੀ ਹੈਰਾਨੀਜਨਕ ਹਨ। ਇਸ ਦੀ ਏਦਾਂ ਦੀ ਬਣਤਰ ਤੇ ਇਸ ਦੇ ਅੰਦਰ ਪੜ੍ਹਦੇ ਲੋਕ, ਇਸ ਦੇ ਅੰਦਰ ਪਿਆ ਖ਼ਜ਼ਾਨਾ, ਇਸ ਦੇ ਚੌਗਿਰਦੇ ਵਿਚ ਪਾਣੀ ਦਾ ਤਲਾਅ, ਇਕ ਰੂਹਾਨੀ ਅਨੁਭਵ ਕਰਾਉਂਦਾ ਹੈ। ਯੂਨੀਵਰਸਿਟੀ ਵਿਚ ਮੈਡੀਸ਼ਨਲ ਪਲਾਂਟ ਅਜਿਹੇ ਹਨ ਜੋ ਅਦਭੁਤ ਹਨ ਤੇ ਵਿਲੱਖਣ ਹਨ। ਯੂਨੀਵਰਸਿਟੀ ਦੇ ਹਰ ਇਕ ਵਿਭਾਗ ਵਿਚ ਹੁੰਦੀ ਐਮਫਿਲ ਤੇ ਪੀ ਐੱਚ ਡੀ ਦੀ ਖੋਜ; ਖੋਜ ਪੱਤਰਾਂ ਦੀ ਕਮਾਲ ਦੀ ਰਿਪੋਰਟਿੰਗ ਕੀਤੀ ਜਾ ਸਕਦੀ ਹੈ। ਯੂਨੀਵਰਸਿਟੀ ਹੀ ਹੈ ਜਿੱਥੇ ਡਾ. ਕਿਰਨ ਵਰਗੀ ਵਿਲੱਖਣ ਔਰਤ ਅੱਖਾਂ ਤੋਂ ਬਗੈਰ ਬੱਚਿਆਂ ਨੂੰ ਪੜਾ ਰਹੀ ਹੈ। 

ਅੱਜ ਕੱਲ੍ਹ ਯੂਨੀਵਰਸਿਟੀ ਦਾ ਮੂੰਹ ਚੜ੍ਹਦੇ ਵਾਲੇ ਪਾਸੇ ਨੂੰ ਕਿਉਂ ਹੈ? ਜਦ ਕਿ ਉਸ ਦਾ ਸਭ ਤੋਂ ਪਹਿਲਾ ਵਿਭਾਗ ਪੰਜਾਬੀ ਵਿਕਾਸ ਵਿਭਾਗ (ਡੀਪੀਡੀ) ਦਾ ਮੂੰਹ ਛਿਪਦੇ ਵੱਲ ਨੂੰ ਹੈ, ਉਸ ਦੇ ਪ੍ਰਬੰਧਕੀ ਬਲਾਕਾਂ ਦਾ ਮੂੰਹ ਛਿਪਦੇ ਵਾਲੇ ਪਾਸੇ ਹੈ, ਭਾਈ ਕਾਨ੍ਹ ਸਿੰਘ  ਨਾਭਾ ਲਾਇਬ੍ਰੇਰੀ ਦਾ ਮੂੰਹ ਛਿਪਦੇ ਵਾਲੇ ਪਾਸੇ ਹੈ, ਜ਼ਿਆਦਾ ਤਰ ‌ਵਿਭਾਗਾਂ ਦੇ ਮੂੰਹ ਦੱਖਣ ਪੱਛਮ ਵਾਲੇ ਪਾਸੇ ਹਨ? ਅਸਲ ਵਿਚ ਜਦੋਂ ਯੂਨੀਵਰਸਿਟੀ ਬਣੀ ਸੀ ਉਸ ਵੇਲੇ ਇਸ ਦਾ ਮੁੱਖ ਗੇਟ ਰੇਲਵੇ ਟਰੈਕ ਵੱਲ ਹੋਣਾ ਸੀ, ਪਰ ਬਾਅਦ ਵਿਚ ਰਾਜਪੁਰਾ ਰੋਡ ਦੀ ਮਕਬੂਲੀਅਤ ਨੇ ਇਸ ਦਾ ਮੁੱਖ ਗੇਟ ਚੜ੍ਹਦੇ ਵਾਲੇ ਪਾਸੇ ਕਰ ਦਿੱਤਾ। 

ਉਂਜ ਪਟਿਆਲਾ ਦੇ ਇਤਿਹਾਸਕ ਸ੍ਰੀ ਕਾਲੀ ਮਾਤਾ ਦੇ ਮੰਦਰ ਬਾਰੇ ਵੀ ਇਹ ਗੱਲ ਆਮ ਸੁਣਾਈ ਜਾਂਦੀ ਹੈ ਕਿ ਪਹਿਲਾਂ ਸ੍ਰੀ ਕਾਲੀ ਮਾਤਾ ਦੇ ਮੰਦਰ ਦਾ ਮੂੰਹ ਚੜ੍ਹਦੇ ਵੱਲ ਹੁੰਦਾ ਸੀ। ਤੇ ਪਟਿਆਲਾ ਦੇ ਮਹਾਰਾਜਿਆਂ ਦੀ ਕੁੱਲ ਮਾਤਾ (ਰਾਜੇਸਵਰੀ ਮਾਤਾ) ਗ਼ੌਰੀ ਮਾਤਾ ਦਾ ਮੂੰਹ ਵੀ ਚੜ੍ਹਦੇ ਵਾਲੇ ਪਾਸੇ ਸੀ, ਪਟਿਆਲਾ ਦਾ ਕਾਫ਼ੀ ਨੁਕਸਾਨ ਹੋਣ ਲੱਗ ਪਿਆ ਸੀ, ਕੁਝ ਜੋਤਸ਼ੀਆਂ ਜਾਂ ਤਾਂਤਰਿਕਾਂ ਨੇ ਕਹਿੰਦੇ ਮਹਾਰਾਜਾ ਨੂੰ ਕਿਹਾ ਸੀ ਕਿ ਸ੍ਰੀ ਕਾਲੀ ਮਾਤਾ ਦਾ ਮੂੰਹ ਛਿਪਦੇ ਵਾਲੇ ਪਾਸੇ ਕਰ ਦਿਓ, ਤੇ ਕੁੱਲ ਮਾਤਾ (ਰਾਜੇਸਵਰੀ ਮਾਤਾ)


ਦਾ ਮੂੰਹ ਚੜ੍ਹਦੇ ਵਾਲੇ ਪਾਸੇ ਹੀ ਰਹਿਣ ਦਿਓ... ਤਾਂ ਕਹਿੰਦੇ ਹਨ ਕਿ ਮਹਾਰਾਜਾ ‌ਅਜਿਹੀਆਂ ਗੱਲਾਂ ਨੂੰ ਬਹੁਤ ਮੰਨਦਾ ਸੀ, ਤਾਂ ਇਸੇ ਤਰ੍ਹਾਂ ਹੀ ਕੀਤਾ, ਸ੍ਰੀ ਕਾਲੀ ਮਾਤਾ ਦਾ ਮੂੰਹ ਛਿਪਦੇ ਵਾਲੇ ਪਾਸੇ ਕਰ ਦਿੱਤਾ ਤੇ  ਕੁੱਲ ਮਾਤਾ (ਰਾਜੇਸਵਰੀ ਮਾਤਾ) ਦਾ ਮੂੰਹ ਚੜ੍ਹਦੇ ਵਾਲੇ ਪਾਸੇ ਹੀ ਰਹਿਣ ਦਿੱਤਾ। ਕੁਝ ਲੋਕ ਅਜਿਹੀਆਂ ਭਰਾਂਤੀਆਂ ਵੀ ਫੈਲਾਉਂਦੇ ਹਨ ਕਿ ਇਹੀ ਕਾਰਨ ਹੈ ਕਿ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ ਆਮ ਤੌਰ ਤੇ ਵੱਧ ਫੁੱਲ ਨਹੀਂ ਸਕਿਆ ਨਾ ਹੀ ਇਹ ਚਰਚਾ ਵਿਚ ਆਇਆ ਜਦ ਕਿ ਮਹਾਰਾਣੀ ਕਲੱਬ ਜਿੱਥੇ ਸ਼ਰਾਬ ਮਾਸ ਦੀ ਖ਼ੂਬ ਵਰਤੋਂ ਹੁੰਦੀ ਹੈ ਉਹ ਵਧ ਫੁੱਲ ਰਿਹਾ ਹੈ। ਭਾਵੇਂ ਕਿ ਧਰੁਵ ਪਾਂਡਵ ਸਟੇਡੀਅਮ ਬਾਰੇ ਇਹ ਸੁਣੀਆਂ ਸੁਣਾਈਆਂ ਹੀ ਗੱਲਾਂ ਹਨ ਮੇਰਾ ਕੋਈ ਵਿਸ਼ਵਾਸ ਨਹੀਂ ਹੈ। ਕਿਉਂਕਿ ਹਿੰਦੂ ਮਤ ਵਿਚ ਵਿਚ ਜੋਤਸ਼ ਦਾ ਵੱਡਾ ਸਥਾਨ ਹੈ ਇਸ ਕਰਕੇ ਪਟਿਆਲਾ ਵਿਚ ਅਜਿਹੀਆਂ ਅਲੋਕਾਰੀਆਂ ਘਟਨਾਵਾਂ ਬਹੁਤ ਸੁਣਨ ਨੂੰ ਮਿਲਦੀਆਂ ਹਨ।

ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰ ਰਹੇ ਸੀ, ਸਵਰਨ ਸਿੰਘ ਬੋਪਾਰਾਏ ਨੇ ਪੰਜਾਬੀ ਯੂਨੀਵਰਸਿਟੀ ਵਿਚ ਖ਼ੂਬ ਆਪਣੀ ਜ਼ਿਦ ਪੁਗਾਈ, ਉਸ ਨੇ ਤਾਂ ਇਹ ਵੀ ਬਿਆਨ ਦੇ ਦਿੱਤਾ ਸੀ, ਕਿ ‘ਪੰਜਾਬੀ ਦੀ ਲਿਪੀ ਦੇਵਨਗਰੀ ਹੋਣੀ ਚਾਹੀਦੀ ਹੈ’ ਕਾਫ਼ੀ ਚਰਚਾ ਵਿਚ ਆਏ ਸੀ ਬੋਪਾਰਾਏ ਸਾਹਿਬ, (ਜਿਸ ਦੀ ਰਿਪੋਰਟਿੰਗ ਟਾਈਮਜ਼ ਆਫ਼ ਇੰਡੀਆ ਵਿਚ ਗੁਰਕਿਰਪਾਲ ਸਿੰਘ ਅਸ਼ਕ ਨੇ ਕੀਤੀ ਸੀ, ਕਾਫ਼ੀ ਸੰਕਟ ਵਿਚ ਘਿਰੇ ਸਨ ਬੋਪਾਰਾਏ ਸਾਹਿਬ) ਉਨ੍ਹਾਂ ਨੇ ਤਾਂ 300 ਤੋਂ ਵੱਧ ਅੰਗਰੇਜ਼ੀ ਦੇ ਸ਼ਬਦ ਪੰਜਾਬੀ ਵਿਚ ਗ੍ਰਹਿਣ ਕਰਨ ਦਾ ਪੱਤਰ ਵੀ ਜਾਰੀ ਕੀਤਾ ਸੀ। ਉੱਪਰੋਂ ਬੜੇ ਸ਼ਾਂਤ ਲੱਗਦੇ ਸੀ ਪਰ ਅੰਦਰੋਂ ਬੜੇ ਹੈਰਾਨ ਕਰਨ ਵਾਲੇ ਸਨ ਬੋਪਾਰਾਏ ਸਾਹਿਬ, ਸੰਘਰਸ਼ ਕਰਨ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਕਈ ਵਾਰ ਲੱਗਾ ਕਿ ਸਵਰਨ ਸਿੰਘ ਬੋਪਾਰਾਏ ਨੂੰ ਵੀ ਡਾ. ਜਸਬੀਰ ਸਿੰਘ ਆਹਲੂਵਾਲੀਆ ਵਾਂਗ ਯੂਨੀਵਰਸਿਟੀ ਵਿਚੋਂ ਹਟਾਇਆ ਜਾ ਸਕਦਾ ਹੈ ਪਰ ਇੱਥੇ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਨੇੜਲਿਆਂ ਵਿਚੋਂ ਸਨ ਬੋਪਾਰਾਏ ਸਾਹਿਬ। ਬਹੁਤੇ ਅਧਿਆਪਕ ਸ. ਬੋਪਾਰਾਏ ਦੇ ਪੱਖ ਵਿਚ ਵੀ ਸਨ, ਇਸ ਕਰਕੇ ਉਸ ਨੇ ਆਪਣੀ ਟਰਮ ਪੂਰੀ ਕੀਤੀ। ਉਸ ਤੋਂ ਬਾਅਦ ਪੰਜਾਬ ਵਿਚ ਸਰਕਾਰ ਅਕਾਲੀ ਦਲ ਦੀ ਪ੍ਰਕਾਸ਼ ਸਿੰਘ ਬਾਦਲ ਦੀ ਆਈ। ਉਸ ਵੇਲੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੂੰ ਲਾਇਆ ਗਿਆ। ਮੈਂ ਪਹਿਲਾਂ ਲਿਖ ਚੁੱਕਿਆ ਹਾਂ ਕਿ ਡਾ. ਜਸਪਾਲ ਸਿੰਘ ਡਰਪੋਕ ਕਿਸਮ ਦੇ ਸਾਢੇ ਚਾਰ-ਪੰਜ ਫੁੱਟ ਦੇ ਵਾਈਸ ਚਾਂਸਲਰ ਸਨ। ਡਰਪੋਕ ਕਹਿ ਲਿਆ ਜਾਵੇ ਜਾਂ ਫਿਰ ਸਮੇਂ ਦੇ ਅਨੁਕੂਲ ਚੱਲਣ ਵਾਲਾ ਕਹਿ ਲਿਆ ਜਾਵੇ ਤਾਂ ਵੀ ਠੀਕ ਰਹੇਗਾ, ਜਾਂ ਇੰਜ ਕਹਿ ਲਿਆ ਜਾਵੇ ਕਿ ਉਹ ਪੱਤਰਕਾਰਾਂ ਨੂੰ ਆਪਣੇ ਪੱਖ ਵਿਚ ਰੱਖਣਾ ਚਾਹੁੰਦੇ ਸਨ। ਇਸ ਕਰਕੇ ਪੱਤਰਕਾਰਾਂ ਦੀਆ ਮੰਨ ਲੈਂਦੇ ਸਨ। ਜਿਸ ਦਾ ਪਟਿਆਲਾ ਦੇ ਪੱਤਰਕਾਰਾਂ ਨੇ ਬਹੁਤ ਫ਼ਾਇਦਾ ਉਠਾਇਆ। ਬੜੀਆਂ ਰੌਚਕ ਕਹਾਣੀਆਂ ਹਨ ਮੇਰੇ ਕੋਲ.. ਤੱਥਾਂ ਅਧਾਰਿਤ.. ਅੱਗੇ ਕਰਦੇ ਹਾਂ ਸਾਂਝੀਆਂ..


ਬਾਕੀ ਅਗਲੇ ਭਾਗ ਵਿਚ...

(ਨੋਟ : ਉਕਤ ਬਲੌਗ ਵਿਚ ਦਿੱਤੀ ਜਾਣਕਾਰੀ ਬਾਰੇ ਕਿਸੇ ਕੋਲ ਹੋਰ ਜਾਣਕਾਰੀ ਹੋਵੇ ਜਾਂ ਕਿਸੇ ਨੂੰ ਲੱਗਦਾ ਹੋਵੇ ਕਿ ਇਹ ਗੱਲ ਸਹੀ ਨਹੀਂ ਹੈ ਤਾਂ ਬਲੌਗ ਦੇ ਹੇਠਾਂ ਟਿੱਪਣੀ ਕੀਤੀ ਜਾ ਸਕਦੀ ਹੈ ਖੋਜ ਕਰਕੇ ਉਸ ਦੀ ਸੋਧ ਕਰ ਦਿੱਤੀ ਜਾਵੇਗੀ.. ਜਾਂ ਕੋਈ ਵੀ ਮੇਰੇ ਫ਼ੋਨ ਨੰਬਰ ਤੇ ਫ਼ੋਨ ਕਰਕੇ ਸਾਂਝ ਵੀ ਪਾ ਸਕਦਾ ਹੈ)

ਸੰਪਰਕ ਨੰਬਰ : 8146001100


No comments:

Post a Comment

ਪੰਜਾਬੀ ਯੂਨੀਵਰਸਿਟੀ ਦੇ ਡਰਪੋਕ ਵਾਈਸ ਚਾਂਸਲਰ ਤੇ ਪੱਤਰਕਾਰਾਂ ਦੀ ਚਾਂਦੀ

 ਪੱਤਰਕਾਰੀ ਦਾ ਇਤਿਹਾਸ ਭਾਗ -14 ਲੇਖਕ : ਗੁਰਨਾਮ ਸਿੰਘ ਅਕੀਦਾ      ਪੰਜਾਬੀ ਯੂਨੀਵਰਸਿਟੀ ਪਟਿਆਲਾ ਪੱਤਰਕਾਰਾਂ ਲਈ ਬੜੀ ਅਹਿਮ ਬੀਟ ਹੈ, ਇਹ ਮੈਨੂੰ ਭਲੀਭਾਂਤ ਪਤਾ ਹੈ ਤੇ...