Sunday, February 08, 2026

ਅਦਾਲਤ ਵਿਚ ਪਹੁੰਚ ਗਏ ਪਟਿਆਲਾ ਦੇ ਪੱਤਰਕਾਰ : ਪਟਿਆਲਾ ਮੀਡੀਆ ਕਲੱਬ ’ਤੇ ਸਟੇਅ

ਪੱਤਰਕਾਰੀ ਦਾ ਇਤਿਹਾਸ ਭਾਗ -20

ਲੇਖਕ :- ਗੁਰਨਾਮ ਸਿੰਘ ਅਕੀਦਾ


    ਪਟਿਆਲਾ ਦੇ ਪ੍ਰਿੰਟ ਮੀਡੀਆ ਦੇ ਪੱਤਰਕਾਰਾਂ ਦੀ ਲੜਾਈ ਬੜਾ ਖ਼ਤਰਨਾਕ ਰੂਪ ਲੈ ਚੁੱਕੀ ਸੀ, ਪਹਿਲਾਂ ਏਦਾਂ ਦਾ ਨਹੀਂ ਸੀ ਪਟਿਆਲਾ ਦਾ ਪੱਤਰਕਾਰ ਭਾਈਚਾਰਾ! ਬੜਾ ਪ੍ਰੇਮ ਹੁੰਦਾ ਸੀ ਆਪਸ ਵਿਚ, ਇਕ ਦੂਜੇ ਦੇ ਦੁੱਖ ਦਰਦ ਵਿਚ ਖੜਦੇ ਵੀ ਸਨ, ਸਿਰਫ਼ ਪੱਤਰਕਾਰੀ ਹੀ ਨਹੀਂ ਕਰਦੇ ਸਨ, ਸਗੋਂ ਆਪਸ ਵਿਚ ਇਕ ਦੂਜੇ ਪ੍ਰਤੀ ਸਨੇਹ ਵੀ ਰੱਖਦੇ ਸਨ। ਪ੍ਰੈੱਸ ਕਾਨਫ਼ਰੰਸਾਂ  ਵਿਚ ਹਾਸੇ ਠੱਠੇ ਆਮ ਸਨ। ਆਮ ਤੌਰ ਤੇ ਪਿੰਡਾਂ ਵਿਚ ਪਿੰਡਾਂ ਦੀ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਕਈ ਸਾਰੇ ਮੁੱਦੇ ਅਣਗੌਲ਼ਿਆ ਕਰ ਦਿੰਦੇ ਹਨ। ਪਟਿਆਲਾ ਦੇ ਪੱਤਰਕਾਰ ਸ਼ਹਿਰੀ ਪੱਤਰਕਾਰੀ ਦੇ ਨਾਲ ਨਾਲ ਪੇਂਡੂ ਪੱਤਰਕਾਰੀ ਕਰਨ ਲਈ ਪਿੰਡਾਂ ਵੱਲ ਵੀ ਵਹੀਰਾਂ ਘੱਤ ਲੈਂਦੇ ਸਨ। ਇਹ ਪੱਤਰਕਾਰੀ ਉਹ ਗਰੁੱਪ ਬਣਾ ਕੇ ਵੀ ਕਰਦੇ ਸਨ। ਸ੍ਰੀ ਫ਼ਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲ ਪਟਿਆਲਾ ਦੇ ਪੱਤਰਕਾਰ ਹੀ ਕਵਰ ਕਰਦੇ ਹੁੰਦੇ ਸਨ। ਪਟਿਆਲਾ ਦੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਖ਼ੁਦ ਆਪਣੀ ਸਰਕਾਰੀ ਗੱਡੀ ਵਿਚ ਬੈਠਾ ਕੇ ਪੱਤਰਕਾਰਾਂ ਨੂੰ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਚ ਪੱਤਰਕਾਰੀ ਕਰਨ ਲਈ ਲੈ ਕੇ ਜਾਂਦੇ ਸਨ। ਉੱਥੇ ਪੱਤਰਕਾਰ ਸਿਰਫ਼ ਸਰਕਾਰੀ ਕਾਨਫ਼ਰੰਸ ਹੀ ਕਵਰ ਨਹੀਂ ਕਰਦੇ ਸਨ ਸਗੋਂ ਉੱਥੇ ਦੂਜੀਆਂ ਪਾਰਟੀਆਂ ਦੀਆਂ ਕਾਨਫ਼ਰੰਸਾਂ ਵੀ ਕਵਰ ਕਰਦੇ ਸਨ। ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਜਾਂ ਫਿਰ ਸਰਕਾਰ ਦੇ ਮਨ ਵਿਚ ਇਹ ਭਾਵਨਾ ਹੀ ਨਹੀਂ ਆਉਂਦੀ ਸੀ ਕਿ ਪੱਤਰਕਾਰ ਸਾਡੀ ਸਰਕਾਰੀ ਗੱਡੀ ਵਿਚ ਗਏ ਹਨ ਪਰ ਇਹ ਸਾਡੇ ਵਿਰੋਧ ਵਿਚ ਬੋਲਦੀਆਂ ਕਾਨਫ਼ਰੰਸਾਂ ਵਿਚ ਵੀ ਸਾਡੇ ਵਿਰੋਧੀ ਕਵਰੇਜ ਕਰ ਰਹੇ ਹਨ। ਇੱਥੇ ਪੱਤਰਕਾਰ ਆਪਸ ਵਿਚ ਕਾਨਫ਼ਰੰਸਾਂ ਵੰਡ ਵੀ ਲੈਂਦੇ ਸਨ, ਇਕ ਦੂਜੇ ਅਖ਼ਬਾਰ ਦੇ ਪੱਤਰਕਾਰ ਇਕ ਦੂਜੇ ਲਈ ਕੰਮ ਕਰਦੇ ਸਨ। ਇਕ ਨੇ ਸੱਤਾਧਾਰੀ ਪਾਰਟੀ ਕਾਨਫ਼ਰੰਸ ਕਵਰ ਕਰਨੀ ਤੇ ਦੂਜੇ ਨੇ ਵਿਰੋਧੀ ਪਾਰਟੀ ਦੀ ਕਾਨਫ਼ਰੰਸ ਕਵਰ ਕਰ ਲੈਣੀ, ਤੇ ਸ਼ਾਮ ਨੂੰ ਦੋਵਾਂ ਨੇ ਆਪੋ ਆਪਣੀ ਸਮਝ ਅਨੁਸਾਰ ਕੀਤੀ ਕਵਰੇਜ ਸਾਂਝੀ ਕਰ ਲੈਣੀ ਤੇ ਖ਼ਬਰਾਂ ਬੜੀਆਂ ਹੀ ਵਿਸਥਾਰਪੂਰਵਕ ਤੇ ਡੂੰਘੀਆਂ ਲੱਗਦੀਆਂ ਸਨ। ਉਹ ਸਮਾਂ ਹੁਣ ਨਹੀਂ ਰਿਹਾ। ਉਹ ਸਮਾਂ ਖ਼ਤਮ ਹੋ ਗਿਆ ਹੈ, ਜਦੋਂ ਪੱਤਰਕਾਰ ਖ਼ਬਰਾਂ ਲਿਖਦੇ ਤੇ ਬੱਸ ਦੇ ਡਰਾਈਵਰਾਂ ਜਾਂ ਕੰਡਕਟਰਾਂ ਨੂੰ ਖ਼ਬਰਾਂ ਦਾ ਭਰਿਆ ਲਿਫ਼ਾਫ਼ਾ ਫੜਾ ਦਿੰਦੇ ਤੇ ਜਲੰਧਰ ਜਾਂ ਚੰਡੀਗੜ੍ਹ ਬੱਸ ਸਟੈਂਡ ਵਿਚ ਲੱਗੇ ਅਖ਼ਬਾਰਾਂ ਦੇ ਬਕਸਿਆਂ ਵਿਚ ਉਹ ਖ਼ਬਰਾਂ ਦੇ ਲਿਫ਼ਾਫ਼ੇ ਡਰਾਈਵਰ ਕੰਡਕਟਰ ਵੱਲੋਂ ਪਾ ਦਿੱਤੇ ਜਾਂਦੇ ਸਨ। ਕਈ ਵਾਰੀ ਡਰਾਈਵਰ ਅਜੀਤ ਅਖ਼ਬਾਰ ਦਾ ਲਿਫ਼ਾਫ਼ਾ ਜਗ ਬਾਣੀ ਜਾਂ ਅੱਜ ਦੀ ਅਵਾਜ਼ ਜਾਂ ਅਕਾਲੀ ਪਤ੍ਰਿਕਾ ਵਿਚ ਪਾ ਦਿੰਦੇ ਸਨ। ਜਦੋਂ ਅਖ਼ਬਾਰ ਦਾ ਕੋਈ ਮੁਲਾਜ਼ਮ ਬਕਸਿਆਂ ਵਿਚੋਂ ਖ਼ਬਰਾਂ ਦੇ ਭਰੇ ਲਿਫ਼ਾਫ਼ੇ ਕੱਢਣ ਆਉਂਦਾ , ਜੇਕਰ ਉਸ ਦੇ ਬਕਸੇ ਵਿਚ ਦੂਜੇ ਅਖ਼ਬਾਰ ਦਾ ਲਿਫ਼ਾਫ਼ਾ ਪਿਆ ਮਿਲ ਜਾਂਦਾ ਤਾਂ ਉਹ ਆਪਣੇ ਆਪ ਹੀ ਸਹੀ ਅਖ਼ਬਾਰ ਦੇ ਬਕਸੇ ਵਿਚ ਉਹ ਲਿਫ਼ਾਫ਼ੇ ਨੂੰ ਪਾ ਦਿੰਦਾ ਤੇ ਪੂਰਾ ਇਮਾਨਦਾਰੀ ਨਾਲ ਕੰਮ ਹੁੰਦਾ ਸੀ, ਇਸੇ ਤਰ੍ਹਾਂ ਚੰਡੀਗੜ੍ਹ ਵੀ ਹੁੰਦਾ ਸੀ। ਕਈ ਵਾਰੀ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਦੀ ਖ਼ਬਰ ਜ਼ਰੂਰੀ ਹੁੰਦੀ ਤੇ ਇਹ ਤਹਿ ਹੁੰਦਾ ਕਿ ਇਹ ਖ਼ਬਰ ਅੱਜ ਹੀ ਲੱਗਣੀ ਚਾਹੀਦੀ ਹੈ ਤਾਂ ਡੀਪੀਆਰਓ ਵੱਲੋਂ ਇਕ ਗੱਡੀ ਜਲੰਧਰ ਨੂੰ ਤੇ ਦੂਜੀ ਗੱਡੀ ਚੰਡੀਗੜ੍ਹ ਵਲ ਤੋਰੀ ਜਾਂਦੀ ਤੇ ਪੱਤਰਕਾਰਾਂ ਤੋਂ ਪ੍ਰੈੱਸ ਨੋਟ ਅਤੇ ਫ਼ੋਟੋ ਤੇ ਦਸਤਖ਼ਤ ਕਰਵਾਏ ਜਾਂਦੇ ਸਨ, ਗੈਰ ਸਰਕਾਰੀ ਸੰਸਥਾ ਵੀ ਇਸੇ ਤਰ੍ਹਾਂ ਕੋਈ ਬੰਦਾ ਜਲੰਧਰ ਤੇ ਚੰਡੀਗੜ੍ਹ ਭੇਜਦੇ ਸਨ। ਸਰਕਾਰੀ ਪ੍ਰੈੱਸ ਨੋਟ ਲਗਾਉਣ ਲਈ ਜਲੰਧਰ ਆਮ ਕਰਕੇ ਗੰਗੂ ਰਾਮ ਕੁਮਾਰਾ ਹੋਰੀਂ ਹੀ ਜਾਂਦੇ ਸਨ ਜੋ ਡੀਪੀਆਰਓ ਵਿਭਾਗ ਵਿਚ ਟਾਈਪਿਸਟ ਹੁੰਦੇ ਸਨ, ਟਾਈਪ ਦੀ ਉਨ੍ਹਾਂ ਦੀ ਸਪੀਡ ਕਮਾਲ ਹੁੰਦੀ ਸੀ
ਉਜਾਗਰ ਸਿੰਘ ਡੀਪੀਆਰਓ- ਮਲਿੰਦਰ ਸਿੰਘ ਦੁੱਗਲ ਤੇ ਕੁਲਜੀਤ ਸਿੰਘ ਦੋਵੇਂ ਏਪੀਆਰਓ

, ਉਸ ਵੇਲੇ ਡੀਪੀਆਰਓ ਵਿਭਾਗ ਵਿਚ ਡੀਪੀਆਰਓ ਉਜਾਗਰ ਸਿੰਘ, ਏਪੀਆਰਓ ਮਲਿੰਦਰ ਸਿੰਘ ਦੁੱਗਲ ਤੇ ਕੁਲਜੀਤ ਸਿੰਘ ਹੁੰਦੇ ਸਨ। ਮਿਹਨਤੀ ਲਗਨ ਤੇ ਮੁਹੱਬਤੀ ਸਟਾਫ਼ ਸੀ, ਕਈ ਵਾਰੀ ਜੇਕਰ ਮੁੱਖ ਮੰਤਰੀ (ਸੀ ਐੱਮ) ਦਾ ਪ੍ਰੋਗਰਾਮ ਹੁੰਦਾ ਸੀ ਤਾਂ ਗੰਗੂ ਰਾਮ ਕੁਮਾਰਾ ਹੋਰੀਂ ਆਪਣੀ ਟਾਈਪ ਮਸ਼ੀਨ ਵੀ ਨਾਲ ਹੀ ਲੈ ਜਾਂਦੇ ਸਨ। ਫ਼ੋਟੋਆਂ ਖਿੱਚਣੀਆਂ ਪਰ ਕਈ ਵਾਰੀ ਸੁਭਾਸ਼ ਪਟਿਆਲਵੀ ਫ਼ੋਟੋਆਂ ਡਿਵੈਲਪ ਕਰਾਉਣ ਨੂੰ ਸਮਾਂ  ਲਾ ਦਿੰਦਾ ਸੀ ਤੇ ਗੰਗੂ ਰਾਮ ਕੁਮਾਰ ਨੂੰ ਕੈਮਰੇ ਦੀ ਰੀਲ ਹੀ ਕੱਢ ਕੇ ਦੇ ਦੇਣੀ ਤੇ ਉਸ ਨੇ ਉਹ ਰੀਲ ਜਲੰਧਰ ਜਾ ਕੇ ਹੀ ਡਿਵੈਲਪ ਕਰਾਉਣੀ।  ਸ਼ਾਮ ਨੂੰ ਖ਼ਬਰਾਂ ਲੈ ਕੇ ਜਾਂਦੇ ਤਾਂ ਉਹ ਖ਼ਬਰ ਦੂਜੇ ਦਿਨ ਅਖ਼ਬਾਰ ਵਿਚ ਲੱਗੀ ਹੁੰਦੀ ਸੀ। ਪੱਤਰਕਾਰਾਂ ਦੇ ਦਿਮਾਗ਼ ਵਿਚ ਵੀ ਤੇ ਸਰਕਾਰੀ ਅਧਿਕਾਰੀਆਂ ਦੇ ਦਿਮਾਗ਼ ਵਿਚ ਵੀ ਇਕ ਸਿਸਟਮ ਬਣਿਆ ਹੁੰਦਾ ਸੀ। 

ਪਰ ਹੁਣ ਪਟਿਆਲਾ ਦੇ ਪੱਤਰਕਾਰਾਂ ਵਿਚ ਲੜਾਈ ਦਾ ਦੌਰ ਸੀ। ਪੱਤਰਕਾਰਾਂ ਦੇ ਦੋ ਗਰੁੱਪ ਇਕ ਦੂਜੇ ਨੂੰ ਦੇਖਣ ਲਈ ਵੀ ਤਿਆਰ ਨਹੀਂ ਸਨ। ਪੱਤਰਕਾਰਾਂ ਵਿਚ ਇਕ ਦੂਜੇ ਪ੍ਰਤੀ ਇਹ ਨਫ਼ਰਤ ਇਕ ਦਿਨ ਵਿਚ ਨਹੀਂ ਭਰੀ ਗਈ ਸੀ। ਇਸ ਪਿੱਛੇ ਬੜੀ ਵੱਡੀ ਸਾਜਿਸ਼ ਸੀ, ਜਿਸ ਕਰਕੇ ਪੱਤਰਕਾਰ ਇਕ ਦੂਜੇ ਦੇ ਵੈਰੀ ਬਣੇ। ਇਹ ਨਫ਼ਰਤ ਸੀ ਵਿਸ਼ਾਲ ਰੰਬਾਨੀ ਤੇ ਬਾਅਦ ਵਿਚ ਉਸ ਦੇ ਗਰੁੱਪ ਵਿਚ ਕੰਮ ਕਰ ਰਹੇ ਪੱਤਰਕਾਰਾਂ ਵਿਚ, ਉਸ ਤੋਂ ਬਾਅਦ ਤਾਂ ਦੋਵੇਂ ਗਰੁੱਪ ਇਕ ਦੂਜੇ ਅੱਗੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਮਾਰੂ ਲੜਾਈ ਲੜਨ ਲੱਗ ਪਏ ਸਨ। ਇਹ ਲੜਾਈ ਕੋਈ ਇਸ ਗੱਲ ਪਿੱਛੇ ਨਹੀਂ ਸੀ ਕਿ  ਕਿਸੇ ਗੱਲ ਨੂੰ ਸੁਧਾਰਨ ਲਈ ਲੜੀ ਜਾ ਰਹੀ ਹੋਵੇ, ਜਾਂ ਕਿਸੇ ਵੱਡੇ ਮਕਸਦ ਲਈ ਲੜਾਈ ਲੜੀ ਜਾ ਰਹੀ ਹੋਵੇ, ਇਹ ਲੜਾਈ ਸਿਰਫ਼ ਤੇ ਸਿਰਫ਼ ‘ਪਟਿਆਲਾ ਮੀਡੀਆ ਕਲੱਬ ਰਜਿ’ ਨੂੰ ਆਪਣੇ ਕਬਜ਼ੇ ਵਿਚ ਕਰਨ ਲਈ ਇਕ ਦੂਜੇ ਨੂੰ ਖ਼ਤਮ ਕਰਨ ਦੀ ਲੜੀ ਜਾ ਰਹੀ ਸੀ। ਜਿਸ ਵਿਚ ਦੋ ਬੰਦੇ ਹਰ ਗੱਲ ਨੂੰ ਭੜਕਾਹਟ ਵਿਚ ਪੈਦਾ ਕਰਦੇ ਹੁੰਦੇ ਸਨ, ਇਕ ਸੀ ਵਿਸ਼ਾਲ ਰੰਬਾਨੀ, ਦੂਜਾ ਸੀ ਫੁਕਰਾ ਧਾਲੀਵਾਲ। ਤੇਜਿੰਦਰ ਫਤਿਹਪੁਰੀ ਗਰੁੱਪ ਵਿਚ ਇਹ ਸੋਚ ਚੱਲ ਰਹੀ ਸੀ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਪੱਤਰਕਾਰਾਂ ਨੂੰ ਆਪਣੇ ਵਾਲੇ ਪਾਸੇ ਖੜੇ ਦਿਖਾ ਦੇਣ। ਇਹ ਲੜਾਈ ਰੋਕਣ ਦੀ ਤਾਕਤ ਨਾ ਹੁਣ ਪ੍ਰਧਾਨ ਰਵੇਲ ਸਿੰਘ ਭਿੰਡਰ ਦੇ ਹੱਥ ਵਿਚ ਸੀ ਨਾ ਹੀ ਇਹ ਲੜਾਈ ਰੋਕਣ ਦੀ ਤਾਕਤ ਤੇਜਿੰਦਰ ਫਤਿਹਪੁਰੀ ਦੇ ਹੱਥ ਵਿਚ ਸੀ। 

ਰਵੇਲ ਸਿੰਘ ਭਿੰਡਰ ਨੂੰ ਤੇਜਿੰਦਰ ਫਤਿਹਪੁਰੀ ਗਰੁੱਪ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਸੀ, 25 ਦਸੰਬਰ 2013 ਨੂੰ

ਪ੍ਰਧਾਨ ਰਵੇਲ ਸਿੰਘ ਭਿੰਡਰ ਨੂੰ ਨੋਟਿਸ

ਜਾਰੀ ਕੀਤੇ ਕਾਰਨ ਦੱਸੋ ਨੋਟਿਸ ਵਿਚ ਪ੍ਰਧਾਨ ਰਵੇਲ ਸਿੰਘ ਭਿੰਡਰ ਤੇ ਕਲੱਬ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ ਗਏ। ਨੋਟਿਸ ਵਿਚ ਗਵਰਨਿੰਗ ਬਾਡੀ ਨੂੰ ਪੂਰੇ ਅਧਿਕਾਰ ਹੋਣ ਤੇ ਉਸ ਨੂੰ ਪੂਰੇ ‌ਅਧਿਕਾਰ ਦਿੱਤੇ ਗਏ, ਜੇਕਰ ਰਵੇਲ ਸਿੰਘ ਭਿੰਡਰ ਨੋਟਿਸ ਦਾ ਜਵਾਬ ਨਹੀਂ ਦਿੰਦਾ ਤਾਂ ਉਸ ਦੇ ਖ਼ਿਲਾਫ਼ ਅਦਾਲਤ ਵਿਚ ਕੇਸ ਪਾਉਣ ਦੀ ਮਨਜ਼ੂਰੀ ਵੀ ਗਵਰਨਿੰਗ ਬਾਡੀ ਨੇ ਦੇ ਦਿੱਤੀ। ਪੱਤਰਕਾਰਾਂ ਦਾ ਮਾਮਲਾ ਅਦਾਲਤਾਂ ਤੱਕ ਪੁੱਜਣ ਦੀ ਸੰਭਾਵਨਾ ਬਣ ਗਈ ਸੀ। 

ਇਕ ਗੱਲ ਸਮਝਣ ਵਾਲੀ ਹੈ ਕਿ ਰਵੇਲ ਸਿੰਘ ਭਿੰਡਰ ਅਜਿਹਾ ਨਹੀਂ ਹੈ, ਉਹ ਇਕ ਸਮਝਦਾਰ ਤੇ ਸਿਆਣਾ ‌ਵਿਅਕਤੀ ਹੈ। ਉਸ ਨਾਲ ਮੇਰੀ ਮਿੱਤਰਤਾ 1993 ਤੋਂ ਹੈ, ਉਹ ਉਂਜ ਹੀ ਨਹੀਂ ਕਿਸੇ ਦੇ ਖ਼ਿਲਾਫ਼ ਬੋਲਦਾ, ਉਹ ਮਾਮਲਾ ਸੁਲਝਾ ਸਕਦਾ ਸੀ, ਉਹ ਸੁਲਝਾਉਣ ਵਾਲੇ ਪਾਸੇ ਵਧਣਾ ਵੀ ਚਾਹੁੰਦਾ ਸੀ। ਪਰ ਇਕ ਪਾਸੇ ਉਹ ਗਰੁੱਪ ਸੀ ਜਿਸ ਗਰੁੱਪ ਨੂੰ ਕਲੱਬ ਬਣਾਉਣ ਲੱਗਿਆਂ ਬਿਲਕੁਲ ਹੀ ਨਜ਼ਰ ਅੰਦਾਜ਼ ਕੀਤਾ ਗਿਆ ਸੀ, ਜਦੋਂ ਕਲੱਬ ਬਣਿਆ ਉਸ ਵੇਲੇ ਕੁਝ ਕੁ ਪੱਤਰਕਾਰ ਹੀ ਸਨ, ਜਿਨ੍ਹਾਂ ਨੇ ਇਸ ਸੋਚ ਨੂੰ ਫੁੱਲ ਚੜ੍ਹਾਏ ਸਨ। ਉਨ੍ਹਾਂ ਨੇ ਖ਼ਾਸ ਕਰਕੇ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰਾਂ ਤੇ ਇਲੈਕਟ੍ਰੋਨਿਕ ਮੀਡੀਆ ਨੂੰ ਇਕ ਪਾਸੇ ਰੱਖਿਆ ਸੀ, ਇਸ ਗਰੁੱਪ ਨੇ ਫੁਕਰਾ ਧਾਲੀਵਾਲ ਤੋਂ ਵੀ ਦੂਰੀ ਬਣਾ ਕੇ ਰੱਖੀ ਸੀ, ਇਹ ਇਸ ਤਰੀਕੇ ਨਾਲ ਚੱਲ ਰਹੇ ਸਨ ਕਿ ਉਨ੍ਹਾਂ ਦੇ ਇਸ ਕਦਮ ਅੱਗੇ ਕੋਈ ਰੋੜੇ ਨਾ ਵਿਛਾ ਦੇਵੇ, ਕਿਉਂਕਿ ਇਸ ਤੋਂ ਪਹਿਲਾਂ ਜੋ ਪ੍ਰੈੱਸ ਕਲੱਬ ਪਟਿਆਲਾ ਨਾਲ ਹੋਇਆ ਸੀ, ਉਸ ਤੋਂ ਉਹ ਜਾਣੂ ਸਨ। ਰਵੇਲ ਸਿੰਘ ਭਿੰਡਰ ਵਿਚ ਇਕ ਨੁਕਸ ਕਹਿ ਲਓ ਜਾਂ ਚੰਗਿਆਈ ਕਹਿ ਲਓ, ਉਹ ਮੌਕੇ ਅਨੁਸਾਰ ਗਰੁੱਪ ਦੇ ਕਹਿਣੇ ਨੂੰ ਮੋੜ ਨਹੀਂ ਸਕਦਾ। ਪਰ ਹੁਣ ਪਟਿਆਲਾ ਮੀਡੀਆ ਕਲੱਬ ਦਾ ਰਵੇਲ ਸਿੰਘ ਭਿੰਡਰ ਦੇ ਹੱਥ ਵਿਚ ਕੁਝ ਰਹਿ ਵੀ ਨਹੀਂ ਗਿਆ ਸੀ, ਉਹ ਤਾਂ ਹੁਣ ਹੋਰ ਪੱਤਰਕਾਰਾਂ ਨੇ ਆਪਣੇ ਹੱਥ ਵਿਚ ਕਰ ਲਿਆ ਸੀ, ਰਵੇਲ ਸਿੰਘ ਭਿੰਡਰ ਤਾਂ ਇਕ ‘ਕਾਰਤੂਸ’ ਬਣ ਕੇ ਰਹਿ ਗਿਆ ਸੀ। ਗੰਨ ਕਿਸੇ ਹੋਰ ਹੱਥ ਵਿਚ ਸੀ ਪਰ ਕਾਰਤੂਸ ਰਵੇਲ ਸਿੰਘ ਭਿੰਡਰ ਬਣ ਗਿਆ ਸੀ, ਉਹ ਹੁਣ ਪੂਰੀ ਤਰ੍ਹਾਂ ਇਕ ਸਾਜਿਸ਼ ਵਿਚ ਉਲਝ ਗਿਆ ਸੀ। ਇਹ ਸਾਜਿਸ਼ ਕੋਈ ਆਮ ਨਹੀਂ ਸੀ। ਇਸ ਕਰਕੇ ਮੈਂ ਇਸ ਗੱਲੋਂ ਬੜਾ ਹੈਰਾਨ ਸੀ ਕਿ ਰਵੇਲ ਸਿੰਘ ਭਿੰਡਰ ਇੰਜ ਕਿਉਂ ਕਰ ਰਿਹਾ ਹੈ? ਪਰ ਉਸ ਦੇ ਵੱਸ ਵਿਚ ਕੁਝ ਵੀ ਨਹੀਂ ਰਹਿ ਗਿਆ ਸੀ। 

13 ਫਰਵਰੀ 2014 ਨੂੰ ਗਵਰਨਿੰਗ ਬਾਡੀ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿਚ 9 ਵਿਚੋਂ 7 ਮੈਂਬਰ ਹਾਜ਼ਰ ਸਨ, ਜਿਸ ਵਿਚ

ਵੇਲ ਸਿੰਘ ਭਿੰਡਰ ਨੂੰ ਪ੍ਰਧਾਨਗੀ ਤੋਂ ਹਟਾਉਣਾ

ਪ੍ਰਧਾਨ ਰਵੇਲ ਸਿੰਘ ਭਿੰਡਰ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੇ ਵਿਚਾਰ ਕੀਤਾ ‌ਗਿਆ, ਰਵੇਲ ਸਿੰਘ ਭਿੰਡਰ ਬਾਰੇ ਦੱਸਿਆ ਗਿਆ ਕਿ ਉਹ ਕਲੱਬ ਨੂੰ ਨੁਕਸਾਨ ਪਹੁੰਚਾਉਣ ਲਈ ਕੰਮ ਕਰ ਰਿਹਾ ਹੈ, ਇਸ ਕਰਕੇ ਉਸ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ। ਜਿਸ ਤਹਿਤ ਉਸ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। 

ਉੱਧਰ ਰਵੇਲ ਸਿੰਘ ਭਿੰਡਰ ਗਰੁੱਪ ਵੀ ਇਸ ਕਾਰਵਾਈ ਤੋਂ ਕਾਫ਼ੀ ਗ਼ੁੱਸੇ ਹੋ ਗਿਆ ਸੀ। ਉਹ ਕਲੱਬ ਨੂੰ ਕਿਸੇ ਵੀ ਹਾਲਤ ਵਿਚ ਆਪਣੇ ਹੱਥਾਂ ਵਿਚੋਂ ਜਾਣ ਨਹੀਂ ਦੇਣਾ ਚਾਹੁੰਦੇ ਸਨ। ਉਹ ਹਰ ਹਾਲ ਵਿਚ ਕਲੱਬ ’ਤੇ ਆਪਣਾ ਕਬਜ਼ਾ ਰੱਖਣਾ ਚਾਹੁੰਦੇ ਸਨ। ਜਿਸ ਲਈ ਉਨ੍ਹਾਂ ਦੀ ਕਾਰਗੁਜ਼ਾਰੀ ਪੂਰੀ ਤਰ੍ਹਾਂ ਲੜਾਕੂ ਸੀ। ਉਹ ਕਿਸੇ ਗੱਲੋਂ ਘੱਟ ਕਹਾਉਣਾ ਵੀ ਨਹੀਂ ਚਾਹੁੰਦੇ ਸਨ ਤੇ ਨਾ ਹੀ ਉਹ ਕਿਸੇ ਗੱਲੋਂ ਘੱਟ ਸਨ। ਕਿਉਂਕਿ ਜ਼ਿਆਦਾਤਰ ਮੀਡੀਆ ਉਨ੍ਹਾਂ ਨਾਲ ਸੀ, ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਕਿ ‘ਅਖੌਤੀ ਰੱਬ’ ਪੱਤਰਕਾਰ ਵਿਸ਼ਾਲ ਰੰਬਾਨੀ ! ਸਮਝੋ ਉਹ ਹੁਣ ਇਸ ਪੱਤਰਕਾਰ ਗਰੁੱਪ ਲਈ ‘ਰੱਬ’ ਹੀ ਸੀ। ਉਸ ਦਾ ਹਰ ਫ਼ਰਮਾਨ ਰੱਬ ਦਾ ਫ਼ਰਮਾਨ ਸੀ। ਉਸ ਦੀ ਤਾਕਤ ਸੀ, ਉਸ ਦੀ ਪਟਿਆਲਾ ਵਿਚ ਪੱਤਰਕਾਰਾਂ ਵਿਚ ਹਰ ਤਰ੍ਹਾਂ ਦੀ ਚੱਲਦੀ ਸੀ, ਉਹ ਹੁਣ ਪੱਤਰਕਾਰਾਂ ਵਿਚ ਕਿਸੇ ਫ਼ੌਜੀ ਕਮਾਂਡਰ ਵਾਂਗ ਵਿਚਰਦਾ ਸੀ, ਉਹ ਸਿਰਫ਼ ਜ਼ਿਲ੍ਹਾ ਪ੍ਰਸ਼ਾਸਨ, ਮੰਤਰੀਆਂ ਜਾਂ ਸਰਕਾਰ ਤੱਕ ਹੀ ਆਪਣੀ ਪਾਵਰ ਦੀ ਨੁਮਾਇਸ਼ ਨਹੀਂ ਕਰਦਾ ਸੀ ਸਗੋਂ ਉਹ ਤਾਂ ਆਪਣੇ ਪੱਤਰਕਾਰ ਗਰੁੱਪ ਵਿਚ ਇਹ ਵੀ ਗੱਲ ਪਾਉਣ ਵਿਚ ਕਾਮਯਾਬ ਹੋਇਆ ਸੀ ਕਿ ਉਸ ਦੀ ਤਾਂ ਜੱਜਾਂ ਤੱਕ ਵੀ ਪਹੁੰਚ  ਹੈ। ਜੱਜ ਵੀ ਉਸ ਦੀ ਨਹੀਂ ਮੋੜਦੇ। ਜਿਹੜੇ ਪੱਤਰਕਾਰ ਹਰ ਗੱਲ ਨੂੰ ਆਲੋਚਨਾਤਮਿਕ ਤਰੀਕੇ ਨਾਲ ਦੇਖਣ ਦੇ ਸਮਰੱਥ ਹੁੰਦੇ ਹਨ ਉਹ ਪੱਤਰਕਾਰ ਉਸ ਦੀ ਇਸ ਗੱਲ ਨੂੰ ਮੰਨ ਵੀ ਲੈਂਦੇ ਸਨ ਤੇ ਉਸ ਦਾ ਸਤਿਕਾਰ ਵੀ ਕਰਦੇ ਸਨ ਰੱਬ ਵਾਂਗ। ਉਹ ਪਟਿਆਲਾ ਮੀਡੀਆ ਕਲੱਬ ਦਾ ਹਰ ਕੰਮ ਉਸ ਦੇ ਹਵਾਲੇ ਕਰ ਦਿੰਦੇ ਸਨ ਤੇ ਆਪ ਸੁਰਖ਼ਰੂ ਹੋ ਜਾਂਦੇ ਸਨ। 

ਇੱਧਰ ਤੇਜਿੰਦਰ ਫਤਿਹਪੁਰੀ ਗਰੁੱਪ ਨੇ ਵੱਡੀ ਗ਼ਲਤੀ ਕੀਤੀ ਸੀ, ਜਿਸ ਵਿਚ ‘ਮੈਂ’ ਵੀ ਸ਼ਾਮਲ ਸੀ। ਤੇਜਿੰਦਰ ਫਤਿਹਪੁਰੀ ਗਰੁੱਪ ਨੇ ਰਵੇਲ ਸਿੰਘ ਭਿੰਡਰ ਤੇ ਕਲੱਬ ਖ਼ਿਲਾਫ਼ ਗਤੀਵਿਧੀਆਂ ਦਾ ਦੋਸ਼ ਲਗਾ ਕੇ ਪਟਿਆਲਾ ਦੀ ਮਾਨਯੋਗ ਅਦਾਲਤ ਵਿਚ ਕੇਸ ਕਰ ਦਿੱਤਾ ਸੀ, ਤੇਜਿੰਦਰ ਫਤਿਹਪੁਰੀ ਗਰੁੱਪ ਦਾ ਵਕੀਲ ਗਗਨਦੀਪ ਘੀੜੇ ਨੇ ਇਹ ਕੰਮ ਸੰਭਾਲਿਆ ਸੀ। ਕਿਉਂਕਿ ਇਹ ਗੱਲ ਰਵੇਲ ਸਿੰਘ ਭਿੰਡਰ ਗਰੁੱਪ ਵਿਚ ਫੈਲਾਈ ਗਈ ਸੀ ਕਿ ਕੋਈ ਵੀ ਵਕੀਲ ਵਿਸ਼ਾਲ ਰੰਬਾਨੀ ਗਰੁੱਪ ਦੇ ਖ਼ਿਲਾਫ਼ ਕੇਸ ਨਹੀਂ ਲੜੇਗਾ।

ਵਕੀਲ ਗਗਨਦੀਪ ਘੀੜੇ

ਜਿਸ ਕਰਕੇ ਤੇਜਿੰਦਰ ਫਤਿਹਪੁਰੀ ਗਰੁੱਪ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਪਰ ਤੇਜਿੰਦਰ ਫਤਿਹਪੁਰੀ ਗਰੁੱਪ ਨੇ ਵਕੀਲ ਗਗਨਦੀਪ ਘੀੜੇ ’ਤੇ ਵਿਸ਼ਵਾਸ ਕੀਤਾ ਸੀ, ਉਸ ਦੇ ਗੱਲ ਕਰਨ ਦਾ ਤਰੀਕਾ ਉਸ ਦੀ ਵਕਾਲਤ ਨੂੰ ਨਿਖਾਰਦਾ ਸੀ, ਉਹ ਇਕ ਸੂਝਵਾਨ ਤੇ ਵਕਾਲਤ ਦੇ ਪੇਸ਼ੇ ਵਿਚ ਇਮਾਨਦਾਰ ਵਕੀਲ ਹੈ। ਅਦਾਲਤ ਵਿਚ ਪਟੀਸ਼ਨ ਪੈ ਗਈ ਸੀ। ਮੈਂ ਵੀ ਇਸ ਲੜਾਈ ਵਿਚ ਪੂਰੀ ਤਰ੍ਹਾਂ ਸ਼ਾਮਲ ਸੀ ਪਰ ਜਦੋਂ ਅੱਜ ਇਸ ਲੜਾਈ ਦਾ ਇਕੱਲੇ ਬੈਠ ਕੇ ਮੈਂ ਵਿਸ਼ਲੇਸ਼ਣ ਕਰਦਾ ਹਾਂ ਤਾਂ ਖ਼ੁਦ ਨੂੰ ਬੜਾ ਦੁੱਖ ਹੁੰਦਾ ਹੈ ਕਿ ਅਫ਼ਸੋਸ ਉਸ ਵੇਲੇ ਕੋਈ ਦੋਵਾਂ ਗਰੁੱਪਾਂ ਨੂੰ ਇਕ ਕਰਨ ਲਈ ਸਾਰਥਕ ਰੋਲ ਨਿਭਾਉਂਦਾ! ਇਹ ਲੜਾਈ ਜਿੱਤਣ ਦਾ ਜਨੂਨ ਬਣ ਚੁੱਕਿਆ ਸੀ ਦੋਵਾਂ ਗਰੁੱਪਾਂ ਵਿਚ, ਦੋਵੇਂ ਗਰੁੱਪ ਹੁਣ ਇਕ ਦੂਜੇ ਨੂੰ ਮਾਰਨ ਦੀ ਲੜਾਈ ਲੜ ਰਹੇ ਸਨ। ਜਿਸ ਵਿਚ ਸਾਰੇ ਪੱਤਰਕਾਰ ਸ਼ਾਮਲ ਨਹੀਂ ਸਨ। ਪਰ ਫੇਰ ਵੀ ਜਿੰਨੇ ਵੀ ਸਨ ਉਹ ਆਪੋ ਆਪਣਾ ਰੋਲ ਨਿਭਾ ਰਹੇ ਸਨ। ਲੋਕਾਂ ਦੀ ਲੜਾਈ ਆਪਣੇ ਗਲ ਪਾਕੇ ਮੈਦਾਨ - ਏ -ਜੰਗ ਵਿਚ ਖ਼ੁਦ ਲੜਾਈ ਲੜਨ ਵਾਲੇ ਪੱਤਰਕਾਰ ਜੇਕਰ ਆਪਸ ਵਿਚ ਹੀ ਲੜਾਈ ਲੜਨ ਲੱਗ ਜਾਣ ਤਾਂ ਬੜਾ ਖ਼ਤਰਨਾਕ ਹੁੰਦਾ ਹੈ। ਤੇਜਿੰਦਰ ਫਤਿਹਪੁਰੀ ਗਰੁੱਪ ਵੱਲੋਂ ਪਟਿਆਲਾ ਅਦਾਲਤ ਵਿਚ ਪਾਈ ਪਟੀਸ਼ਨ ਦੀ ਅਦਾਲਤ ਨੇ ਸਟੇਅ ਦੇ ਦਿੱਤੀ ਸੀ। ਦੋਵਾਂ ਗਰੁੱਪਾਂ ਨੂੰ ਹੁਣ ਪਟਿਆਲਾ ਮੀਡੀਆ ਕਲੱਬ ਦਾ ਨਾਮ ਵਰਤਣ ਤੋਂ ਰੋਕ ਦਿੱਤਾ ਗਿਆ ਸੀ। 

ਦੂਜੇ ਪਾਸੇ ਇਸ ਸਾਰੇ ਘਟਨਾਕ੍ਰਮ ਨੂੰ ਕੁਝ ਬਾਹਰ ਬੈਠੇ ਪੱਤਰਕਾਰ ਵੀ ਦੇਖ ਰਹੇ ਸਨ, ਉਹ ਪੂਰੀ ਜਾਣਕਾਰੀ ਰੱਖ ਰਹੇ ਸਨ।

ਬਲਬੀਰ ਸਿੰਘ ਬੇਦੀ

ਬਲਬੀਰ ਸਿੰਘ ਬੇਦੀ ਪਟਿਆਲਾ ਦਾ ਇਕ ਪੱਤਰਕਾਰ ਹੁੰਦਾ ਸੀ, ਉਹ ਚੜ੍ਹਦੀਕਲਾ ਵਿਚ ਵੀ ਤੇ ਹੋਰ ਕਈ ਸਾਰੇ ਅਖ਼ਬਾਰਾਂ ਵਿਚ

ਕੰਵਰ ਬੇਦੀ

ਕੰਮ ਕਰ ਚੁੱਕਿਆ ਹੈ, ਪੰਜਾਬੀ ਟ੍ਰਿਬਿਊਨ ਵਿਚ ਵੀ ਉਸ ਨੇ ਕੁਝ ਸਮਾਂ ਡਕਾਲਾ ਤੋਂ ਕੰਮ ਕੀਤਾ ਸੀ। ਉਸ ਦਾ ਬੇਟਾ ਹੈ ਕੰਵਰ ਬੇਦੀ, ਜਿਸ ਦਾ ਇਕ ਹਫ਼ਤਾਵਾਰੀ ਅਖ਼ਬਾਰ ਛਪਦਾ ਸੀ, ‘ਮਧੂਸਾਰ’ - ਇਸ ਅਖ਼ਬਾਰ ਵਿਚ ਉਸ ਨੇ ਇਕ ਕਾਲਮ ਸ਼ੁਰੂ ਕੀਤਾ ਹੋਇਆ ਸੀ, ‘ਝੂਠ ਬੋਲੇ ਕਊਆ ਕਾਟੇ’ । ਉਸ ਕਾਲਮ ਵਿਚ ਕੰਵਰ ਬੇਦੀ ਨੇ ਪੱਤਰਕਾਰਾਂ ਦੀ ਅਦਾਲਤ ਤੱਕ ਪੁੱਜੀ ਲੜਾਈ ਦਾ ਵਿਸ਼ਲੇਸ਼ਣ ਕੀਤਾ, ਉਸ ਦਾ ਸਬ ਹੈਡਿੰਗ ਸੀ ‘‘ਮੀਡੀਆ ਹੱਥੋਂ ਮੀਡੀਆ ਹਾਰੇਗਾ’’ ਮੁੱਖ ਹੈਡਿੰਗ ਸੀ ‘‘ਜੱਜ ਫ਼ੈਸਲਾ ਸੁਣਾਉਣ ਜਾ ਰਿਹਾ’’ ਉਸ ਨੇ ਵਿਸ਼ਾਲ ਰੰਬਾਨੀ ਬਾਰੇ ਖੁੱਲ ਕੇ ਲਿਖਿਆ, ਕਿ ਉਹ ਬਿਕਰਮ ਸਿੰਘ ਮਜੀਠੀਆ ਨੂੰ ਆਪਣੇ ਨੇੜਲਾ ਦੱਸਦਾ ਹੈ। ‘‘ਅਸਲ ਵਿਚ
ਮੀਡੀਆ ਵਿਰੁੱਧ ਮੀਡੀਆ ਦਾ ਕੇਸ ਬਾਰੇ ਕੰਵਰ ਬੇਦੀ ਦਾ ਵਿਅੰਗ

ਅੰਗਰੇਜ਼ੀ ਦਾ ਇਹ ਪੱਤਰਕਾਰ ਮਜੀਠੀਆ ਦਾ ਸਾਥੀ ਹੋਣ ਦਾ ਨਕਾਬ ਪਹਿਨੀ ਆਪਣੇ ਆਪ ਨੂੰ ਮਜੀਠੀਆ ਹੀ ਸਮਝੀ ਬੈਠਾ ਹੈ। ਪੱਤਰਕਾਰੀ ਦੇ ਨਾਲ ਨਾਲ ਅੰਗਰੇਜ਼ੀ ਦੇ ਇਸ ਪੱਤਰਕਾਰ ਨੇ ‘ਜੋਤਸੀਪੁਣਾ’ ਦਾ ਕਿੱਤਾ ਵੀ ਅਪਣਾ ਲਿਆ ਹੈ, ਜੋ ਪੱਤਰਕਾਰਾਂ ਦਾ ਮੂੰਹ ਵੇਖ ਕੇ ਹੀ ਦੱਸ ਦਿੰਦਾ ਹੈ , ਕਿਹੜਾ ਪੱਤਰਕਾਰ ਚੋਰ ਤੇ ਠੱਗ ਹੈ’’  ਉਸ ਨੇ ਜੱਜ ਦੇ ਸਾਹਮਣੇ ਇਹ ਵੀ ਕਿਹਾ ਕਿ ਉਹ ਤਾਂ ਇਲੈਕਟ੍ਰੋਨਿਕ ਮੀਡੀਆ ਨੂੰ ਪੱਤਰਕਾਰ ਹੀ ਨਹੀਂ ਮੰਨਦਾ।’’ ਵਿਸ਼ਾਲ ਰੰਬਾਨੀ ਬਾਰੇ ਉਸ ਨੇ ਨਿਡਰ ਹੋਕੇ ਖੁੱਲ ਕੇ ਲਿਖਿਆ, ਹਾਲਾਂ ਕਿ ਉਸ ਦਾ ਦੋਵਾਂ ਗਰੁੱਪਾਂ ਵਿਚ ਕਿਸੇ ਨਾਲ ਵੀ ਸਬੰਧ ਨਹੀਂ ਸੀ, ਉਹ ਨਿਰਪੱਖਤਾ ਭਰੇ ਲਹਿਜ਼ੇ ਵਿਚ ਲਿਖ ਰਿਹਾ ਸੀ। ਉਸ ਦੀ ਲਿਖਤ ਇਹ ਸਪਸ਼ਟ ਕਰਦੀ ਹੈ ਕਿ ਵਿਸ਼ਾਲ ਰੰਬਾਨੀ ਨੇ ਅਸਲ ਵਿਚ ਪੱਤਰਕਾਰਾਂ ਨੂੰ ਬੁਰੀ ਤਰ੍ਹਾਂ ਬੇਵਕੂਫ਼ ਬਣਾਉਣਾ ਜਾਰੀ ਰੱਖਿਆ ਹੋਇਆ ਸੀ। ਜੋ ਮੈਂ ਰੰਬਾਨੀ ਦੀ ਸ਼ਖ਼ਸੀਅਤ ਬਾਰੇ ਲਿਖ ਰਿਹਾ ਹਾਂ ਉਸ ਵਿਚ ਭੋਰਾ ਜਿਨ੍ਹਾਂ ਵੀ ਝੂਠ ਨਹੀਂ ਹੈ, ਕੁਝ ਮੇਰੇ ਵਿਰੋਧੀ ਪੱਤਰਕਾਰ ਕੰਨਾ ਫੂਸੀ ਕਰਦੇ ਸੁਣੇ ਜਾਂਦੇ ਹਨ ਕਿ ਗੁਰਨਾਮ ਸਿੰਘ ਅਕੀਦਾ ਤਾਂ ਵਿਸ਼ਾਲ ਰੰਬਾਨੀ ਦੇ ਗਰੁੱਪ ਬਾਰੇ ਜਾਣ ਬੁੱਝ ਕੇ ਲਿਖ ਰਿਹਾ ਹੈ, ਪਰ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਵੀ ਮੈਂ ਲਿਖ ਰਿਹਾ ਹਾਂ ਉਸ ਦੇ ਮੇਰੇ ਕੋਲ ਸਬੂਤ ਹਨ, ਜੋ ਮੈਂ ਨਾਲ ਅਟੈਚ ਵੀ ਕਰ ਦਿੰਦਾ ਹਾਂ ਜਿਵੇਂ ਕੰਵਰ ਬੇਦੀ ਦੀ ਉਹ ਰਿਪੋਰਟ ਵੀ ਮੈਂ ਇੱਥੇ ਅਟੈਚ ਕਰ ਰਿਹਾ ਹਾਂ। ਵਿਸ਼ਾਲ ਰੰਬਾਨੀ ਬੜਾ ਖ਼ਤਰਨਾਕ ਬੰਦਾ ਹੋਕੇ ਪਟਿਆਲਾ ਵਿਚ ਉੱਭਰ ਰਿਹਾ ਸੀ, ਜਿਵੇਂ ਡਾਨ ਬਣਨ ਲਈ ਹੀ ਉਹ ਪਟਿਆਲਾ ਵਿਚ ਆਇਆ ਸੀ। ਉਸ ਬਾਰੇ ਸੁਚੇਤ ਪੱਤਰਕਾਰ ਜਾਣ ਚੁੱਕੇ ਸਨ ਪਰ ਕੁਝ ਪੱਤਰਕਾਰ ਉਸ ਦੀ ਸਾਜਿਸ਼ ਵਿਚ ਸ਼ਾਮਲ ਵੀ ਸਨ। 

Stay Order


ਮਾਨਯੋਗ ਅਦਾਲਤ ਵੱਲੋਂ ਸਿੱਧੇ ਤੌਰ ਤੇ ਦੋਵਾਂ ਗਰੁੱਪਾਂ ਨੂੰ ਪਟਿਆਲਾ ਮੀਡੀਆ ਕਲੱਬ ਦਾ ਨਾਮ ਵਰਤਣ ਤੇ ਪਾਬੰਦੀ ਲਗਾ 
Stay Order
ਦਿੱਤੀ ਸੀ। ਪਰ ਫਿਰ ਵੀ ਵਿਸ਼ਾਲ ਰੰਬਾਨੀ ਕਿਥੇ ਬਾਜ ਆਉਣ ਵਾਲਾ ਸੀ, ਉਹ ਸ਼ਰੇਆਮ ਕਲੱਬ ਦਾ ਨਾਮ ਵਰਤ ਰਹੇ ਸਨ ਤੇ ਜਿਸ ਦਾ ਸਾਰਾ ਦੋਸ਼ ਰਵੇਲ ਸਿੰਘ ਭਿੰਡਰ ’ਤੇ ਲੱਗ ਰਿਹਾ ਸੀ ਕਿ ਉਹ ਹੀ ਕਲੱਬ ਦਾ ਨਾਮ ਵਰਤ ਰਿਹਾ ਹੈ, ਜਿਸ ਬਾਰੇ ਤੇਜਿੰਦਰ ਫਤਿਹਪੁਰੀ ਗਰੁੱਪ ਦੀ ਗਵਰਨਿੰਗ ਬਾਡੀ ਨੇ ਇਕ ਮਤਾ ਪਾਇਆ ਜਿਸ ਵਿਚ ਰਵੇਲ ਸਿੰਘ ਭਿੰਡਰ ’ਤੇ ਦੋਸ਼ ਲਗਾਏ ਗਏ ਕਿ ਉਹ ਕਲੱਬ ਦਾ ਨਾਮ ਹੁਣ ਵੀ ਵਰਤ ਰਿਹਾ ਹੈ। ਜੋ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਹੈ। ਇਹ ਮਤਾ 29 ਅਪਰੈਲ 2014 ਨੂੰ ਪਾਇਆ ਗਿਆ।

ਵਿਸ਼ਾਲ ਰੰਬਾਨੀ ਗਰੁੱਪ ਨੇ ਹੁਣ ਸਿੱਧੇ ਤੌਰ ਤੇ ਕੰਵਰ ਬੇਦੀ ਵੱਲ ਆਪਣੀਆਂ ਮੁਹਾਰਾਂ ਮੋੜ ਲਈਆਂ ਸਨ। ਵਿਸ਼ਾਲ ਰੰਬਾਨੀ ਗਰੁੱਪ ਨੇ ਇਕ ਵੱਟਸਐਪ ਗਰੁੱਪ ਵੀ ਬਣਾ ਲਿਆ ਸੀ, ਉਸ ਗਰੁੱਪ ਵਿਚ ਕੰਵਰ ਬੇਦੀ ਬਾਰੇ ਇਕ ਦੂਜੇ ਵੱਲੋਂ ਅੱਗ ਉਗਲੀ ਜਾ ਰਹੀ ਸੀ, ਇੱਥੋਂ ਤੱਕ ਕਿ ਗਗਨ ਤੇਜਾ ਨੇ ਤਾਂ ਸ਼ਰੇਆਮ ਐਲਾਨ ਕੀਤਾ ਸੀ ਕਿ ਜੋ ਵੀ ਸਾਡੇ ਖ਼ਿਲਾਫ਼ ਚੱਲ ਰਿਹਾ ਹੈ ਉਸ ਨੂੰ ਸਬਕ ਸਿਖਾਓ। ਗਗਨ ਤੇਜਾ ਦਾ ਰੋਲ ਉਸ ਵੇਲੇ ਵਿਸ਼ਾਲ ਰੰਬਾਨੀ ਦੇ ਪੱਖ ਵਿਚ ਬੜਾ ਹੀ ਅਕ੍ਰਮਿਕ ਸੀ। ਬੇਬਾਕ ਤੇ ਨਿਧੜਕ ਔਰਤ ਸੀ ਗਗਨ ਤੇਜਾ, ਉਸ ਨੇ ਸ਼ਰੇਆਮ ਐਲਾਨ ਕੀਤਾ ਸੀ, ਕੰਵਰ ਬੇਦੀ ਦੇ ਖ਼ਿਲਾਫ਼, ਪਰ ਉਹ ਸਿੱਧੇ ਤੌਰ ਤੇ ਸ਼ਾਮਲ ਨਾ ਹੋਈ। ਗਰੁੱਪ ਵਿਚ ਜ਼ਰੂਰ ਸਰਗਰਮ ਸੀ।  

ਰਵੇਲ ਸਿੰਘ ਭਿੰਡਰ ਤੇ ਅਦਾਲਤ ਦੇ
ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼

ਇਸੇ ਤਰ੍ਹਾਂ ਫੁਕਰਾ ਧਾਲੀਵਾਲ ਵੀ ਇਸ ਗਰੁੱਪ ਵਿਚ ਬਹੁਤ ਆਕ੍ਰਮਿਕ ਰੋਲ ਨਿਭਾ ਰਿਹਾ ਸੀ। ਉਹ ਹਰ ਪੱਧਰ ਦੀ ਲੜਾਈ ‘ਜੱਟਵਾਦ’ ਤਰੀਕੇ ਨਾਲ ਜਿੱਤਣਾ ਚਾਹੁੰਦਾ ਸੀ, ਕਿ ਜੇਕਰ ਕੋਈ ਸਿੱਧੇ ਤੌਰ ਤੇ ਸਹੀ ਨਾ ਹੋਵੇ ਤਾਂ ਉਂਗਲੀ ਟੇਢੀ ਕਰ ਲਈ ਜਾਵੇ, ਪਰ ਫੁਕਰਾ ਧਾਲੀਵਾਲ ਉਂਗਲੀ ਟੇਢੀ ਕਰਨ ਦੀ ਬਜਾਇ ਉਹ ਲੜਾਈ ਲਈ ਵਿਸ਼ਾਲ ਰੰਬਾਨੀ ਗਰੁੱਪ ਨੂੰ ਉਤਸ਼ਾਹਿਤ ਕਰ ਰਿਹਾ ਸੀ, ਉਹ ਕਹਿ ਰਿਹਾ ਸੀ ਉਂਜ ਠੀਕ ਹੁੰਦੇ ਹਨ ਤਾਂ ਠੀਕ ਹੈ ਨਹੀਂ ਤਾਂ ਸਾਰਿਆਂ ਦੀ ਛਿੱਤਰ ਪਰੇਡ ਕਰੋ, ਇਨ੍ਹਾਂ ਦੀ ਬੇਇੱਜ਼ਤੀ ਕਰੋ, ਪਰ ਉਸ ਨਾਲ ਵੀ ਕਥਿਤ ਕੁਝ ਪੁਲੀਸ ਵਾਲਿਆਂ ਨੇ ਛਿੱਤਰ ਪਰੇਡ ਕਰ ਦਿੱਤੀ ਸੀ। ਜਿਸ ਬਾਰੇ ਕੰਵਰ ਬੇਦੀ ਨੇ ਆਪਣੇ ਅਖ਼ਬਾਰ ’ਮਧੂਸਾਰ’ ਵਿਚ ‘ਝੂਠ ਬੋਲੇ ਕਊਆ ਕਾਟੇ’ ਕਾਲਮ ਵਿਚ ਲਿਖਿਆ ਸੀ, ਜਿਸ ਦਾ ਸਬ ਹੈਡਿੰਗ ਸੀ ‘‘ਪੱਤਰਕਾਰੀ ‘ਕਿਰਦਾਰ’ ਨੂੰ

ਕੰਵਰ ਬੇਦੀ ਵਲੋਂ ਮਧੂਸਾਰ ਅਖਬਾਰ ਵਿਚ ਲਿਖਿਆ ਪੱਤਰਕਾਰ
ਦੀ ਪੁਲੀਸ ਵਲੋਂ ਕੁੱਟਮਾਰ ਦਾ ਵਿਅੰਗ

ਲੱਗੀ ਢਾਹ’’ ਮੁੱਖ ਹੈਡਿੰਗ ਸੀ ‘‘ਪੱਤਰਕਾਰਾਂ ਦੀ ‘ਗਿੱਦੜ-ਕੁੱਟ’ ਦਾ ਮਾਮਲਾ ਗਰਮਾਇਆ’’ ਇਸ ਰਿਪੋਰਟ ਨੇ ਵਿਸ਼ਾਲ ਰੰਬਾਨੀ ਗਰੁੱਪ ਵਿਚ ਅੱਗ ਲਗਾ ਦਿੱਤੀ ਸੀ। ਉਨ੍ਹਾਂ ਦੇ ਗਰੁੱਪ ਵੱਲੋਂ ਕਿਸੇ ਵੀ ਹਾਲਤ ਵਿਚ ਕੰਵਰ ਬੇਦੀ ਨੂੰ ਕੁੱਟਣ ਦਾ ਫ਼ੈਸਲਾ ਕਰ ਲਿਆ ਸੀ। ਵਿਸ਼ਾਲ ਰੰਬਾਨੀ ਦੇ ਗਰੁੱਪ ਦੇ ਜ਼ਿਆਦਾਤਰ ਮੈਂਬਰ ਇਹ ਤਹਿ ਕਰ ਚੁੱਕੇ ਸਨ ਕਿ ਹਰ ਪੱਖੋਂ ਕੰਵਰ ਬੇਦੀ ਨੂੰ ਕੁੱਟਣਾ ਹੈ ਤੇ ਉਸ ਦੀ ਪੱਗ ਲਾਉਣੀ ਹੈ। ਫੁਕਰਾ ਧਾਲੀਵਾਲ ਵੱਡੇ ਪੱਧਰ ਤੇ ਜੰਗ ਛੇੜ ਰਿਹਾ ਸੀ। ਕੰਵਰ ਬੇਦੀ ਦੀ ਇਸ ਲਿਖਤ ਨੇ ਉਸ ਦੇ ਅੰਦਰ ਬੈਠੇ ਇਕ ਫੁਕਰੇ ਇਨਸਾਨ ਦੇ ਹੰਕਾਰ ਨੂੰ ਜਗਾ ਦਿੱਤਾ ਸੀ। ਉਹ ਹੁਣ ਹਰ ਹਾਲਤ ਵਿਚ ਇਸ ਮਾਮਲੇ ਵਿਚ ਆਪਣੇ ਆਪ ਨੂੰ ਕਿਵੇਂ ਸਾਬਤ ਕਰੇ ਕਿ ਉਹ ‘ਪਟਿਆਲਾ ਦਾ ਡਾਨ’ ਹੈ। ਫੁਕਰੇ ਧਾਲੀਵਾਲ ਦੇ ਇਤਿਹਾਸ ਵਿਚ ਮੈਂ ਕਦੇ ਨਹੀਂ ਸੁਣਿਆ ਕਿ ਉਸ ਨੇ ਕਿਸੇ ਨਾਲ ਪੰਗਾ ਲਿਆ ਹੋਵੇ, ਕਦੇ ਨਹੀਂ ਸੁਣਿਆ ਕਿ ਉਸ ਨੇ ਕਿਸੇ ਨਾਲ ਲੜਾਈ ਲੜੀ ਹੋਵੇ, ਮੈਂ ਗੁਆਂਢੀ ਹੋਣ ਦੇ ਨਾਤੇ ਇਹ ਕਦੇ ਵੀ ਨਹੀਂ ਸੁਣਿਆ ਕਿ ਉਸ ਨੇ ਕਿਸੇ ਨੂੰ ਕੁੱਟਿਆ ਹੋਵੇ। ਮੇਰੇ ਖ਼ਿਲਾਫ਼ ਵੀ ਉਹ ਝੂਠ ਫੈਲਾਉਂਦਾ ਰਿਹਾ ਕਿ ‘‘ਮੈਂ ਅਕੀਦੇ ਨੂੰ ਕੁੱਟਿਆ ਸੀ ਤੇ ਉਸ ਦੀ ਪੱਗ ਹੁਣ ਤੱਕ ਸਾਡੇ ਕੋਲ ਪਈ ਹੈ.. ’’ ਜੋ ਸ਼ਰੇਆਮ ਝੂਠ ਸੀ। ਮੈਨੂੰ ਕਦੇ ਉਸ ਨੇ ਹੱਥ ਤਾਂ ਕੀ ਲਾਉਣਾ ਸੀ ਮੈਨੂੰ ਕਦੇ ਉਸ ਨੇ ਉਂਗਲ ਤੱਕ ਨਹੀਂ ਲਾਈ, ਹਾਂ ਮੈਂ ਪਹਿਲਾਂ ਦੱਸ ਚੁੱਕਿਆ ਹਾਂ, ਮੈਨੂੰ ਰਣਜੀਤ ਨਗਰ ਦੇ ਸਿਉਣਾ ਚੌਂਕ ਵਿਚ ਇਕ ਕਾਂਗਰਸੀ ਜਿਸ ਨੂੰ ਭਿੰਦਾ ਕਿਹਾ ਜਾਂਦਾ ਸੀ ਉਸ ਨੇ ਘੇਰਿਆ ਸੀ, ਪਰ ਉਸ ਵੇਲੇ ਮੈਂ ਉਨ੍ਹਾਂ ਦੇ ਹੱਥ ਨਹੀਂ ਆਇਆ ਸੀ। ਉੱਥੇ ਫੁਕਰਾ ਧਾਲੀਵਾਲ ਹੈ ਸੀ ਜਾਂ ਫਿਰ ਨਹੀਂ ਇਸ ਬਾਰੇ ਮੈਨੂੰ ਪਤਾ ਵੀ ਨਹੀਂ ਹੈ, ਕਿਉਂਕਿ ਮੈਂ ਉਸ ਨੂੰ ਜਾਣਦਾ ਹੀ ਨਹੀਂ ਸੀ, ਮੈਂ ਛੱਡੋ ਉਸ ਨੂੰ ਰਣਜੀਤ ਨਗਰ ਵਿਚ ਕੋਈ ਨਹੀਂ ਜਾਣਦਾ ਸੀ ਉਸ ਦੇ ਖ਼ਾਨਦਾਨ ਤੋਂ ਬਗੈਰ। 

ਹੁਣ ਉਸ ਕੋਲ ਮੌਕਾ ਸੀ ਵਿਸ਼ਾਲ ਰੰਬਾਨੀ ਵਰਗੇ ਰੱਬ ‌ਕਹਿ ਲਓ ਜਾਂ ਫਿਰ ਡਾਨ ਕਹਿ ਲਓ ਵਰਗੇ ਪੱਤਰਕਾਰ ਦਾ ਉਸ ਨੂੰ ਸਹਾਰਾ ਸੀ, ਉਹ ਇਨ੍ਹਾਂ ਪੱਤਰਕਾਰਾਂ ਦੀ ਸਹਿ ਤੇ ਗੁੰਡਾ ਬਣਨ ਦੀ ਤਿਆਰੀ ਕਰ ਰਿਹਾ ਸੀ। ਉਹ ਹਰ ਹਾਲਤ ਵਿਚ ਹੁਣ ‘ਬੇਗਾਨੀ ਸ਼ਹਿ ਤੇ ਮੁੱਛਾਂ ਖੜੀਆਂ ਕਰਨਾ’ ਚਾਹੁੰਦਾ ਸੀ। ਕਿਉਂਕਿ ਉਸ ਦੀ ਆਪਣੀ ਕੋਈ ਔਕਾਤ ਮੈਂ ਕਦੇ ਨਹੀਂ ਦੇਖੀ, ਜਿਸ ਵਿਚ ਇਹ ਕਦੇ ਸਾਬਤ ਹੋਇਆ ਹੋਵੇ ਕਿ ਉਸ ਨੇ ਕਿਸੇ ਨੂੰ ਕੁੱਟਿਆ ਹੈ ਜਾਂ ਫਿਰ ਉਸ ਨੇ ਕਿਸੇ ਨਾਲ ਕੋਈ ਪੰਗਾ ਲਿਆ ਹੈ। ਟੰਗ ਅੜਾਉਣ ਦੀ ਆਦਤ ਸੀ, ਇਸ ਕਰਕੇ ਪੁਲੀਸ ਵਾਲਿਆਂ ਨਾਲ ਪੰਗਾ ਪੈ ਗਿਆ ਤਾਂ ਉਸ ਦੀ ਪੁਲੀਸ ਵਾਲਿਆਂ ਨੇ ‘ਗਿੱਦੜ-ਕੁੱਟ’ ਕਰ ਦਿੱਤੀ, ਭਾਵੇਂ ਕਿ ਮੈਂ ਇਸ ਬਾਰੇ ਨਹੀਂ ਜਾਣਦਾ ਪਰ ਕੰਵਰ ਬੇਦੀ ਦੀ ਇਹ ਲਿਖਤ ਇਹ ਸਪਸ਼ਟ ਕਰਦੀ ਹੈ। ਜਿਸ ਲਿਖਤ ਵਿਚ ਉਸ ਦੇ ਸੁਭਾਅ ਬਾਰੇ ਵੀ ਪੂਰਾ ਵਿਸ਼ਲੇਸ਼ਣ ਕੀਤਾ ਗਿਆ ਹੈ ਕਿ ਉਹ ਸਵਾਲ ਪੁੱਛਣ ਤੋਂ ਪਹਿਲਾਂ ਆਪਣੇ ਅਖ਼ਬਾਰ ਦਾ ਨਾਮ ਦੱਸਦਾ ਹੈ ਫੇਰ ਵਾਰ ਵਾਰ ਵਾਰ ਵਾਰ ਵਾਰ ਸਵਾਲ ਕਰਦਾ ਹੈ, ਇਕ ਸਵਾਲ ਹੋਰ, ਇਕ ਸਵਾਲ ਹੋਰ, ਇਕ ਸਵਾਲ ਹੋਰ ਕਰਕੇ ਵੀ ਆਈ ਪੀ ਨੂੰ ਪ੍ਰੇਸ਼ਾਨ ਕਰਦਾ ਸੀ, ਪਰ ਵੀ ਆਈ ਪੀ ਪ੍ਰੇਸ਼ਾਨ ਨਹੀਂ ਸਗੋਂ ਖ਼ੁਸ਼ ਹੁੰਦਾ ਸੀ ਕਿਉਂਕਿ ਉਸ ਦੇ ਸਵਾਲ ਵਿਚ ਵੀ ਆਈ ਪੀ ਦੀ ਤਾਰੀਫ਼ ਛੁਪੀ ਹੁੰਦੀ ਸੀ ਤੇ ਉਸ ਦੇ ਸਵਾਲ ਵਿਚ ਹੀ ਜਵਾਬ ਛੁਪਿਆ ਹੁੰਦਾ ਸੀ। ਕਲਾਕਾਰ ਦੇ ਸਟੇਜ ਸੈਕਟਰੀ ਵਾਂਗ ਉਹ ਪਹਿਲਾਂ ਵੀ ਆਈ ਪੀ ਦੀ ਤਾਰੀਫ਼ ਦੇ ਪੁਲ਼ ਬੰਨ੍ਹਦਾ ਸੀ ਫੇਰ ਉਹ ਸਵਾਲ ਪੁੱਛਦਾ ਸੀ। 

ਇਕ ਦਿਨ ਮੇਰੇ ਨਾਲ ਵੀ ਪ੍ਰੈੱਸ ਕਾਨਫ਼ਰੰਸ ਵਿਚ ਪੰਗਾ ਪੈ ਗਿਆ ਸੀ, ਪੰਜਾਬੀ ਐਂਕਰ ਸਤਿੰਦਰ ਸੱਤੀ ਦੀ ਇਕ ਗੀਤਾਂ ਦੀ ਐਲਬਮ ਆਈ ਸੀ, ਉਸ ਦੀ ਪਟਿਆਲਾ ਵਿਚ ਪ੍ਰੈੱਸ ਕਾਨਫ਼ਰੰਸ ਸੀ, ਉਸ ਨੇ ਇਕ ਗੀਤ ਸੁਣਾਇਆ। ਗੀਤ ਸੁਣਨ ਲਈ ਸਾਰਾ ਪੱਤਰਕਾਰ ਭਾਈਚਾਰਾ ਜਿਵੇਂ ਸੌ ਗਿਆ ਹੋਵੇ, ਇੱਥੇ ਫੁਕਰਾ ਧਾਲੀਵਾਲ ਵੀ ਬੈਠਾ ਸੀ, ਜਦੋਂ ਉਹ ਗੀਤ ਗਾ ਕੇ ਹਟੀ ਤਾਂ ਮੈਂ ਸਵਾਲ ਕੀਤਾ ‘‘ਬਹੁਤ ਚੰਗਾ ਗਾਇਆ, ਪਰ ਜੇਕਰ ਕੋਈ ਤੁਹਾਨੂੰ ਕਹੇ ਕਿ ਚੰਗਾ ਨਹੀਂ ਲੱਗਾ ਤਾਂ ਤੁਹਾਡਾ ਕੀ ਰੀਐਕਸ਼ਨ ਹੋਵੇਗਾ?’ ਸੱਤੀ ਨੇ ਤਾਂ ਅਜੇ ਬੋਲਣਾ ਸ਼ੁਰੂ ਕੀਤਾ ਹੀ ਸੀ ਪਰ ਵਿੱਚੇ ਹੀ ਸੱਤੀ ਦੇ ਪੱਖ ਵਿਚ ਫੁਕਰਾ ਧਾਲੀਵਾਲ ਬੋਲ ਪਿਆ। 

‘‘ਨਹੀਂ ਨਹੀਂ.. ਬਹੁਤ ਵਧੀਆ ਗਾਇਆ ਬਹੁਤ ਵਧੀਆ ਗਾ‌ਇਆ..’’ ਪਰ ਮੈਂ ਫੇਰ ਸੱਤੀ ਤੋਂ ਪੁੱਛਿਆ ਕਿ ‘‘ਸੱਤੀ ਜੀ ਮੇਰੇ ਸਵਾਲ ਦਾ ਕੀ ਜਵਾਬ ਹੈ..?’’ ਤਾਂ ਸੱਤੀ ਬੋਲਣ ਹੀ ਲੱਗੀ ਸੀ ਤਾਂ ਫਿਰ ਫੁਕਰਾ ਸਾਹਿਬ ਬੋਲ ਪਏ.. ਭਾਵ ਕਿ ਉਸ ਸਵਾਲ ਦਾ ਜਵਾਬ ਸੱਤੀ ਦੇ ਹੀ ਨਹੀਂ ਸਕੀ, ਫੁਕਰਾ ਸਾਹਿਬ ਝੱਟ ਆਪਣੀ ਟੰਗ ਅੜਾ ਲਿਆ ਕਰਨ। ਇਹ ਪੱਤਰਕਾਰੀ ਥੋੜ੍ਹਾ ਹੁੰਦੀ ਹੈ, ਸਗੋਂ ਇਹ ਤਾਂ ਵੀ ਆਈ ਪੀ ਦੀ ਚਮਚੀ ਹੁੰਦੀ ਹੈ,ਇਹ ਪੱਤਰਕਾਰਤਾ ਦੇ ਆਦਰਸ਼ ਹੀ ਨਹੀਂ ਹਨ ਕਿ ਇਕ ਪੱਤਰਕਾਰ ਜਦੋਂ ਸਵਾਲ ਪੁੱਛ ਰਿਹਾ ਹੈ ਦੂਜਾ ਉਸ ਪੱਤਰਕਾਰ ਦੇ ਸਵਾਲ ਨੂੰ ਟੋਕੇ ਤੇ ਆਪਣੀ ਟੰਗ ਅੜਾ ਕੇ ਸਵਾਲ ਨੂੰ ਬੇਅਸਰ ਹੀ ਕਰ ਦੇਵੇ। ਇੰਜ ਆਮ ਕਰਦਾ ਹੁੰਦਾ ਸੀ ਫੁਕਰਾ ਧਾਲੀਵਾਲ, ਇਸੇ ਕਰਕੇ ਕੰਵਰ ਬੇਦੀ ਨੇ ਉਸ ਬਾਰੇ ਜੋ ਲਿਖਿਆ ਸੀ ਉਸ ਦੀ ਪੁਸ਼ਟੀ ਪਟਿਆਲਾ ਦੇ ਪੱਤਰਕਾਰ ਅੱਜ ਵੀ ਕਰਦੇ ਹਨ। ..

ਬਾਕੀ ਅਗਲੇ ਭਾਗ ਵਿਚ...


ਨੋਟ : ਹੋ ਸਕਦਾ ਹੈ ਕਿ ਪੱਤਰਕਾਰੀ ਦਾ ਇਤਿਹਾਸ ਲਿਖਣ ਲੱਗਿਆਂ ਕਿਤੇ ਕੋਈ ਸੂਚਨਾ ਜਾਂ ਘਟਨਾ ਗ਼ਲਤ ਲਿਖ ਦਿੱਤੀ ਹੋਵੇ, ਸ਼ਾਇਦ ਜਿਸ ਦੀ ਸੂਚਨਾ ਮੇਰੇ ਕੋਲ ਅਧੂਰੀ ਹੋਵੇ, ਕਿਸੇ ਕੋਲ ਹੋਰ ਜਾਣਕਾਰੀ ਹੋਵੇ ਜਾਂ ਫਿਰ ਸਹੀ ਘਟਨਾ ਦਾ ਵੇਰਵਾ ਹੋਵੇ ਤਾਂ ਕਿਰਪਾ ਕਰਕੇ ਬਲਾਗ ਦੇ ਹੇਠਾਂ ਟਿੱਪਣੀ ਕਰ ਸਕਦਾ ਹੈ, ਜਾਂ ਮੇਰੇ ਹੇਠਾਂ ਦਿੱਤੇ ਮੋਬਾਇਲ ਨੰਬਰ ਤੇ ਫ਼ੋਨ ਕਰਕੇ ਦੱਸ ਸਕਦਾ ਹੈ। ਬਲਾਗ ਵਿਚ ਸੋਧ ਕੀਤੀ ਜਾਵੇਗੀ, ਕੋਈ ਵੀ ਗੱਲ ਆਖ਼ਰੀ ਸੱਚ ਨਹੀਂ ਹੁੰਦੀ। ਇਤਿਹਾਸਕ ਘਟਨਾਵਾਂ ਵਿਚ ਕੁਝ ਮਿੱਤਰਾਂ ਦੋਸਤਾਂ ਨੂੰ ਗ਼ੁੱਸਾ ਵੀ ਆ ਸਕਦਾ ਹੈ ਮੈਂ ਉਨ੍ਹਾਂ ਤੋਂ ਮਾਫ਼ੀ ਮੰਗਦਾ ਹਾਂ...


ਮੇਰਾ ਮੋਬਾਇਲ ਨੰਬਰ : 8146001100




No comments:

Post a Comment

ਅਦਾਲਤ ਵਿਚ ਪਹੁੰਚ ਗਏ ਪਟਿਆਲਾ ਦੇ ਪੱਤਰਕਾਰ : ਪਟਿਆਲਾ ਮੀਡੀਆ ਕਲੱਬ ’ਤੇ ਸਟੇਅ

ਪੱਤਰਕਾਰੀ ਦਾ ਇਤਿਹਾਸ ਭਾਗ -20 ਲੇਖਕ :- ਗੁਰਨਾਮ ਸਿੰਘ ਅਕੀਦਾ      ਪਟਿਆਲਾ ਦੇ ਪ੍ਰਿੰਟ ਮੀਡੀਆ ਦੇ ਪੱਤਰਕਾਰਾਂ ਦੀ ਲੜਾਈ ਬੜਾ ਖ਼ਤਰਨਾਕ ਰੂਪ ਲੈ ਚੁੱਕੀ ਸੀ, ਪਹਿਲਾਂ ਏਦ...