ਰਵੇਲ ਸਿੰਘ ਭਿੰਡਰ, ਅਮਨ ਸੂਦ, ਸਰਬਜੀਤ ਭੰਗੂ, ਗਗਨ ਤੇਜਾ, ਨਵਦੀਪ ਢੀਂਗਰਾ, ਪਰਮੀਤ ਸਿੰਘ ਬਣੇ ਪ੍ਰਧਾਨ
ਪੱਤਰਕਾਰੀ ਦਾ ਇਤਿਹਾਸ ਭਾਗ -24
ਲੇਖਕ : ਗੁਰਨਾਮ ਸਿੰਘ ਅਕੀਦਾ
![]() |
| ਗੁਰਪ੍ਰੀਤ ਸਿੰਘ ਚੱਠਾ ਦੀ ਜਿੱਤ ਦਾ ਸਰਟੀਫਿਕੇਟ ਦਿੰਦੇ ਹੋਏ ਕੁਲਜੀਤ ਸਿੰਘ |
ਪਟਿਆਲਾ ਮੀਡੀਆ ਕਲੱਬ ਦਾ ਕੇਸ ਰਵੇਲ ਸਿੰਘ ਭਿੰਡਰ ਗਰੁੱਪ ਵੱਲੋਂ ਜਿੱਤਣ ਤੋਂ ਬਾਅਦ ਇਸ ਗਰੁੱਪ ਵਿਚ ਖ਼ੁਸ਼ੀ ਦੀ ਲਹਿਰ ਸੀ, ਹੋਣੀ ਵੀ ਚਾਹੀਦੀ ਸੀ ਕਿਉਂਕਿ ਜਿੱਤ ਤਾਂ ਭਾਵੇਂ ਵੱਡੀ ਹੋਵੇ ਭਾਵੇਂ ਛੋਟੀ ਹੋਵੇ, ਜਿੱਤ ਤਾਂ ਜਿੱਤ ਹੀ ਹੁੰਦੀ ਹੈ। ਵਿਸ਼ਾਲ ਰੰਬਾਨੀ ਗਰੁੱਪ ਪੂਰੇ ਜਲੋ ਵਿਚ ਸੀ, ਉਸ ਦਾ ਹੰਕਾਰ ਸੱਤਵੇਂ ਅਸਮਾਨ ਤੇ ਹੀ ਸੀ। ਲਿਸਟ ਤੁਸੀਂ ਭਾਗ ਨੰਬਰ 23 ਵਿਚ ਚੈੱਕ ਕਰ ਹੀ ਲਈ ਹੋਵੇਗਾ ਕਿ ਇਸ ਟੀਮ ਵਿਚ ਰਵੇਲ ਸਿੰਘ ਭਿੰਡਰ ਮੁੜ ਪ੍ਰਧਾਨ ਬਣਾਏ ਗਏ ਤੇ ਜਨਰਲ ਸਕੱਤਰ ਹੁਣ ਤੇਜਿੰਦਰ ਫ਼ਤਿਹਪੁਰ ਦੀ ਥਾਂ ਤੇ ਜਸਪਾਲ ਸਿੰਘ ਢਿੱਲੋਂ ਨੂੰ ਬਣਾ ਦਿੱਤਾ ਗਿਆ ਸੀ। ਇਸ ਲਿਸਟ ਵਿਚ ਸੀ. ਮੀਤ ਪ੍ਰਧਾਨ ਗਗਨਦੀਪ ਸਿੰਘ ਅਹੂਜਾ ਪੀ ਟੀ ਆਈ, ਸਰਬਜੀਤ ਸਿੰਘ ਭੰਗੂ ਪੰਜਾਬੀ ਟ੍ਰਿਬਿਊਨ, ਮੀਤ ਪ੍ਰਧਾਨ ਨਵਦੀਪ ਢੀਂਗਰਾ ਪੰਜਾਬੀ ਜਾਗਰਣ, ਗਗਨ ਤੇਜਾ ਅੰਗਰੇਜ਼ੀ ਟ੍ਰਿਬਿਊਨ, ਵਿਨੈ ਸ਼ੋਰੀ ਦੈਨਿਕ ਜਾਗਰਣ, ਪ੍ਰੇਮ ਵਰਮਾ ਦੈਨਿਕ ਭਾਸਕਰ, ਖ਼ਜ਼ਾਨਚੀ ਰਾਜੇਸ਼ ਸ਼ਰਮਾ ਪੰਜਾਬ ਕੇਸਰੀ ਜਗਬਾਣੀ ਗਰੁੱਪ (ਰਾਜੇਸ਼ ਸ਼ਰਮਾ ਪ੍ਰੈੱਸ ਕਲੱਬ ਪਟਿਆਲਾ ਵਿਚ ਵੀ ਖ਼ਜ਼ਾਨਚੀ ਹੀ ਸੀ), ਸੰਯੁਕਤ ਸਕੱਤਰ ਚਰਨਜੀਵ ਜੋਸ਼ੀ ਰੋਜ਼ਾਨਾ ਅਜੀਤ ਤੇ ਵਿਨੋਦ ਸ਼ਰਮਾ ਭਾਸਕਰ ਤੇ ਚੜ੍ਹਦੀਕਲਾ, ਸਕੱਤਰ ਗੁਰਪ੍ਰੀਤ ਸਿੰਘ ਚੱਠਾ ਰੋਜ਼ਾਨਾ ਅਜੀਤ ਤੇ ਨਵਰਾਜਦੀਪ ਸਿੰਘ ਹਿੰਦੁਸਤਾਨ ਟਾਈਮਜ਼, ਪ੍ਰਬੰਧਕੀ ਸਕੱਤਰ ਸੰਜੇ ਵਰਮਾ, ਸਕੱਤਰ ਸਭਿਆਚਾਰ ਖੁਸ਼ਵੀਰ ਸਿੰਘ ਤੂਰ ਸੱਚ ਕਹੂੰ, ਪ੍ਰੈੱਸ ਸਕੱਤਰ ਪਰਮੀਤ ਸਿੰਘ ਜਗਬਾਣੀ ਪੰਜਾਬ ਕੇਸਰੀ ਗਰੁੱਪ, ਕਾਰਜਕਾਰਨੀ ਮੈਂਬਰ ਵਿਸ਼ਾਲ ਰੰਬਾਨੀ ਹਿੰਦੁਸਤਾਨ ਟਾਈਮਜ਼, ਰਾਣਾ ਰੱਖੜਾ ਪੰਜਾਬ ਕੇਸਰੀ ਜਗਬਾਣੀ, ਸੋਬਨ ਗੋਸਾਈਂ ਦੈਨਿਕ ਭਾਸਕਰ, ਪ੍ਰਤਿਭਾ ਵਿਰਦੀ ਦੈਨਿਕ ਭਾਸਕਰ, ਭੁਪੇਸ਼ ਚੱਠਾ ਪੀ ਟੀਸੀ, ਯੋਗੇਸ਼ ਧੀਰ ਦੈਨਿਕ ਸਵੇਰਾ, ਭਾਰਤ ਭੂਸ਼ਣ ਹਿੰਦੁਸਤਾਨ ਟਾਈਮਜ਼, ਸੁਰੇਸ਼ ਕਾਮਰਾ ਦੈਨਿਕ ਜਾਗਰਣ, ਗੁਰਵਿੰਦਰ ਸਿੰਘ ਜਗਬਾਣੀ ਪੰਜਾਬ ਕੇਸਰੀ ਤੇ ਰਾਮ ਸਿੰਘ ਬੰਗ ਨਵਾਂ ਜ਼ਮਾਨਾ ਨੂੰ ਬਣਾਇਆ ਗਿਆ। ਇਹ ਉਕਤ ਟੀਮ ਪਟਿਆਲਾ ਮੀਡੀਆ ਕਲੱਬ ਵਿਚ ਦੋ ਗਰੁੱਪਾਂ ਦੀ ਲੜਾਈ ਤੋਂ ਬਾਅਦ ਰਵੇਲ ਸਿੰਘ ਭਿੰਡਰ ਦੀ ਹੋਈ ਜਿੱਤ ਤੋਂ ਬਾਅਦ ਹੋਂਦ ਵਿਚ ਆਈ ਸੀ।
ਇਹ ਉਕਤ ਰਵੇਲ ਸਿੰਘ ਭਿੰਡਰ ਦੇ ਪ੍ਰਧਾਨ ਬਣਨ ਦੀ ਟੀਮ ਕੁਝ ਇੰਜ ਹੀ ਨਹੀਂ ਬਣੀ ਸੀ ਸਗੋਂ ਇਸ ਟੀਮ ਬਣਾਉਣ ਵੇਲੇ ਸਖ਼ਤ ਕਾਰਵਾਈਆਂ ਹੋਈਆਂ ਸਨ, ਰਵੇਲ ਸਿੰਘ ਭਿੰਡਰ ਤੇ ਸਰਬਜੀਤ ਸਿੰਘ ਭੰਗੂ ਦੋਵੇਂ ਦਾ ਟ੍ਰਿਬਿਊਨ ਦੇ ਦਫ਼ਤਰ ਵਿਚ ਬਣੇ ਪੰਜਾਬੀ ਟ੍ਰਿਬਿਊਨ ਦੇ ਦਫ਼ਤਰ ਵਿਚ ਬਹਿੰਦੇ ਸਨ, ਮੈਂ ਵੀ ਪੰਜਾਬੀ ਟ੍ਰਿਬਿਊਨ ਵਿਚ ਸੀ ਪਰ ਮੈਂ ਮਾਨਯੋਗ ਸੰਪਾਦਕ ਵਰਿੰਦਰ ਵਾਲੀਆ ਕੋਲ ਇਹ ਇਜਾਜ਼ਤ ਲੈ ਲਈ ਸੀ ਕਿ ਮੈਂ ਦਫ਼ਤਰ ਵਿਚ ਨਹੀਂ ਬੈਠਾਂਗਾ, ਭਾਵੇਂ ਮੈਂ ਦਫ਼ਤਰ ਵਿਚ ਜਾ ਕੇ ਬੈਠ ਸਕਦਾ ਹਾਂ, ਪਰ ਇਹ ਜ਼ਰੂਰੀ ਨਹੀਂ ਹੋਵੇਗਾ, ਪਰ ਰਵੇਲ ਸਿੰਘ ਭਿੰਡਰ ਤੇ ਸਰਬਜੀਤ ਸਿੰਘ ਭੰਗੂ ਦੋਵੇਂ ਟ੍ਰਿਬਿਊਨ ਦਫ਼ਤਰ ਵਿਚ ਬਹਿੰਦੇ ਸਨ, ਉਨ੍ਹਾਂ ਦਾ ਆਪਸ ਵਿਚ ਕਿਹੋ ਜਿਹਾ ਮਿਲਵਰਤਣ ਸੀ ਇਸ ਬਾਰੇ ਇੱਥੇ ਜ਼ਿਕਰ ਨਹੀਂ ਕੀਤਾ ਜਾਵੇਗਾ ਪਰ ਜਦੋਂ ਰਵੇਲ ਸਿੰਘ ਭਿੰਡਰ ਗਰੁੱਪ ਦੀ ਜਿੱਤ ਹੋਈ ਤਾਂ ਇੰਜ ਲੱਗਦਾ ਸੀ ਕਿ ਸਰਬ ਸੰਮਤੀ ਨਾਲ ਕੋਈ ਵੀ ਪ੍ਰਧਾਨ ਬਣ ਜਾਵੇਗਾ, ਪਰ ਇੱਥੇ ਵੀ ਸਰਬਸੰਮਤੀ ਨਹੀਂ ਹੋਈ, ਜਦੋਂ ਹੀ ਚੋਣ ਪ੍ਰਕ੍ਰਿਆ ਸ਼ੁਰੂ ਹੋਈ ਤਾਂ ਜਦੋਂ ਹੀ ਰਵੇਲ ਸਿੰਘ ਭਿੰਡਰ ਨੇ ਪ੍ਰਧਾਨ ਦੇ ਅਹੁਦੇ ਲਈ ਕਾਗ਼ਜ਼ ਦਾਖਲ ਕੀਤੇ ਤਾਂ ਪ੍ਰਧਾਨਗੀ ਦੇ ਅਹੁਦੇ ਲਈ ਰਵੇਲ ਸਿੰਘ ਭਿੰਡਰ ਦੇ ਪੰਜਾਬੀ ਟ੍ਰਿਬਿਊਨ ਵਿਚ ਕੁਲੀਗ ਸਰਬਜੀਤ ਸਿੰਘ ਭੰਗੂ ਨੇ ਵੀ ਪ੍ਰਧਾਨਗੀ ਦੇ ਅਹੁਦੇ ਲਈ ਕਥਿਤ ਕਾਗ਼ਜ਼ ਦਾਖਲ ਕਰ ਦਿੱਤੇ। ਸਰਬ ਸੰਮਤੀ ਹੋਣ ਦੀ ਸੰਭਾਵਨਾ ਖ਼ਤਮ ਹੋ ਗਈ ਸੀ। ਭਾਵੇਂ ਕੁਝ ਕਾਰਨਾਂ ਕਰਕੇ ਸਰਬਜੀਤ ਸਿੰਘ ਭੰਗੂ ਨੇ ਕਾਗ਼ਜ਼ ਵਾਪਸ ਲੈ ਲਏ ਸਨ ਤੇ ਰਵੇਲ ਸਿੰਘ ਭਿੰਡਰ ਪ੍ਰਧਾਨ ਬਣ ਗਏ ਸਨ।
ਪਟਿਆਲਾ ਵਿਚ ਪੱਤਰਕਾਰਾਂ ਦਾ ਬਾਈਕਾਟ
ਜਿਨ੍ਹਾਂ ਪੱਤਰਕਾਰਾਂ ਦਾ ਪਟਿਆਲਾ ਮੀਡੀਆ ਕਲੱਬ ਦੀ ਮੁੱਖ ਧਾਰਾ ਵਿਚੋਂ ਬਾਹਰ ਕਰਕੇ ਬਾਈਕਾਟ ਕੀਤਾ ਗਿਆ, ਉਨ੍ਹਾਂ ਵਿਚ ਤੇਜਿੰਦਰ ਫ਼ਤਿਹਪੁਰ ਫਾਊਂਡਰ ਜਨਰਲ ਸਕੱਤਰ, ਸੁਖਦੀਪ ਮਾਨ ਫਾਊਂਡਰ ਜੁਆਇੰਟ ਸਕੱਤਰ, ਇੰਦਰਜੀਤ ਸਿੰਘ ਬਾਰਨ ਫਾਊਂਡਰ ਪ੍ਰਾਪੇਗੰਡਾ ਸਕੱਤਰ ਤੇ ਬਾਅਦ ਤਤਕਾਲੀ ਕਾਰਜਕਾਰੀ ਪ੍ਰਧਾਨ, ਰਣਧੀਰ ਸਿੰਘ ਰਾਣਾ ਫਾਊਂਡਰ ਮੀਤ ਪ੍ਰਧਾਨ, ਗੁਰਨਾਮ ਸਿੰਘ ਅਕੀਦਾ (ਇਨ੍ਹਾਂ ਸਤਰਾਂ ਦਾ ਲੇਖਕ) ਤਤਕਾਲੀ ਮੀਤ ਪ੍ਰਧਾਨ, ਗੁਰਮੁਖ ਸਿੰਘ ਰੁਪਾਣਾ ਫਾਊਂਡਰ ਖ਼ਜ਼ਾਨਚੀ ਜੋ ਕਿ ਸਾਰੇ ਗਵਰਨਿੰਗ ਬਾਡੀ ਦੇ ਮੈਂਬਰ ਵੀ ਸਨ। ਇਨ੍ਹਾਂ ਦਾ ਪਟਿਆਲਾ ਮੀਡੀਆ ਕਲੱਬ ਵਿਚੋਂ ਅਣਐਲਾਨਿਆ ਮੁਕੰਮਲ ਬਾਈਕਾਟ ਕਰ ਦਿੱਤਾ ਗਿਆ। ਇਨ੍ਹਾਂ ਉਕਤ ਫਾਊਂਡਰ ਮੈਂਬਰਾਂ ਨੇ ਖ਼ੁਦ ਵੀ ਉਸ ਵੇਲੇ ਅਜਿਹਾ ਦਾਅਵਾ ਨਹੀਂ ਕੀਤਾ ਕਿ ਇਹ ਵੀ ਪਟਿਆਲਾ ਮੀਡੀਆ ਕਲੱਬ ਦੇ ਫਾਊਂਡਰ ਅਹੁਦੇਦਾਰ ਹਨ, ਇਹ ਉਨ੍ਹਾਂ ਦਾ ਅਧਿਕਾਰ ਹੈ ਉਨ੍ਹਾਂ ਦੀ ਵੋਟ ਨੂੰ ਕੋਈ ਵੀ ਨਹੀਂ ਕੱਟ ਸਕਦਾ, ਨਾ ਹੀ ਕੇਸ ਜਿੱਤ ਕੇ ਬਣੀ ਟੀਮ ਦੇ ਕਿਸੇ ਮੈਂਬਰ ਨੇ ਅਜਿਹੀ ਦਰਿਆ-ਦਿਲੀ ਦਿਖਾਈ ਕਿ ਬੇਸ਼ੱਕ ਘਰ ਵਿਚ ਲੜਾਈ ਹੋਵੇ, ਇਕ ਹਿੱਸਾ ਅੱਡ ਹੋਵੇ ਜਾਵੇ ਭਾਵ ਵੱਖਰਾ ਹੋ ਜਾਵੇ, ਫਿਰ ਵੀ ਦੋਵਾਂ ਪੱਖਾਂ ਦਾ ਹੱਕ ਘਰ ਤੇ ਜੱਦੀ ਜਾਇਦਾਦ ਤੇ ਰਹਿੰਦਾ ਹੈ, ਇਸ ਕਰਕੇ ਇਨ੍ਹਾਂ ਸਾਰੇ ਮੈਂਬਰਾਂ ਨੂੰ ਵੀ ਪਟਿਆਲਾ ਮੀਡੀਆ ਕਲੱਬ ਦਾ ਹਿੱਸਾ ਹੀ ਮੰਨਿਆ ਜਾਵੇ, ਉਹ ਕਲੱਬ ਵਿਚ ਆਉਣ ਭਾਵੇਂ ਨਾ ਆਉਣ। ਹਾਲਾਂ ਕਿ ਬਾਅਦ ਵਿਚ ਭਾਸਕਰ ਤੋਂ ਰਣਧੀਰ ਸਿੰਘ ਰਾਣਾ ਭਾਸਕਰ ਨੂੰ ਪਟਿਆਲਾ ਮੀਡੀਆ ਕਲੱਬ ਦੀ ਟੀਮ ਵਿਚ ਮੁੱਖ ਧਾਰਾ ਵਿਚ ਸ਼ਾਮਲ ਕਰ ਲਿਆ ਤੇ ਉਸ ਨੇ ਅਹੁਦਾ ਵੀ ਪ੍ਰਾਪਤ ਕੀਤਾ। ਬਾਕੀ ਸਾਰੇ ਮੈਂਬਰਾਂ ਨੇ ਆਪਣਾ ਦਾਅਵਾ ਹੀ ਛੱਡ ਦਿੱਤਾ ਸੀ, ਇਨ੍ਹਾਂ ਮੈਂਬਰਾਂ ਦਾ ਪਟਿਆਲਾ ਮੀਡੀਆ ਕਲੱਬ ਵਿਚ ਅਜੇ ਵੀ ਅਣਐਲਾਨਿਆ ਬਾਈਕਾਟ ਜਾਰੀ ਹੈ ਜਦ ਕਿ ਹੁਣ ਤਾਂ ਵਿਸ਼ਾਲ ਰੰਬਾਨੀ ਗਰੁੱਪ ਦਾ ਇਥੇ ਪ੍ਰਭਾਵ ਨਹੀਂ ਰਿਹਾ। ਵਿਸ਼ਾਲ ਰੰਬਾਨੀ ਵਿਚ ਇਸ ਗਰੁੱਪ ਵਿਚ ਕਾਫ਼ੀ ਵਿਰੋਧਤਾ ਸੀ, ਪਰ ਉਸ ਦੇ ਜਾਣ ਤੋਂ ਬਾਅਦ ਵੀ ਹਾਲੇ ਤੱਕ ਤੇਜਿੰਦਰ ਫ਼ਤਿਹਪੁਰ ਗਰੁੱਪ ਨੂੰ ਪਟਿਆਲਾ ਮੀਡੀਆ ਕਲੱਬ ਦੀ ਬਣੀ ਕਿਸੇ ਵੀ ਟੀਮ ਨੇ ਕਦੇ ਵੀ ਨਹੀਂ ਸੱਦਿਆ, ਭਾਵ ਪਟਿਆਲਾ ਮੀਡੀਆ ਕਲੱਬ ਵਿਚ ਵਿਸ਼ਾਲ ਰੰਬਾਨੀ ਗਰੁੱਪ ਵੱਲੋਂ ਪਾਈ ਦੁਫੇੜ ਦੀ ਜ਼ਹਿਰ ਅਜੇ ਵੀ ਬਰਕਰਾਰ ਹੈ। ਇਸ ਜ਼ਹਿਰ ਨੂੰ ਤੇਜਿੰਦਰ ਫ਼ਤਿਹਪੁਰ ਗਰੁੱਪ ਵਿਚ ਵੀ ਹਾਲੇ ਤੱਕ ਆਪਣੇ ਅੰਦਰੋਂ ਨਹੀਂ ਕੱਢ ਸਕਿਆ ਜਾਂ ਇੰਜ ਕਹਿ ਲਓ ਕਿ ਦੋਵਾਂ ਗਰੁੱਪਾਂ ਨੇ ਕਦੇ ਵੀ ਨਹੀਂ ਸੋਚਿਆ ਕਿ ਹੁਣ ਸਭ ਠੀਕ ਠਾਕ ਹੈ ਹੁਣ ਪਟਿਆਲਾ ਦਾ ਸਾਰਾ ਮੀਡੀਆ ਇਕੱਠਾ ਹੋ ਜਾਵੇ ਤਾਂ ਚੰਗਾ ਹੈ। ਜਗਬਾਣੀ ਪੰਜਾਬ ਕੇਸਰੀ ਗਰੁੱਪ ਦੀ ਲੜਾਈ ਅਜੇ ਵੀ ਜਾਰੀ ਹੈ, ਭਾਵੇਂ ਮਨਦੀਪ ਸਿੰਘ ਜੋਸਨ ਨੇ ਆਪਣਾ ਦਫ਼ਤਰ ਵੱਖਰਾ ਬਣਾ ਲਿਆ ਹੈ ਪਰ ਪੰਜੋਲਾ ਗਰੁੱਪ ਕਥਿਤ ਤੌਰ ਤੇ ਅਜੇ ਤੱਕ ਵੀ ਮਨਦੀਪ ਸਿੰਘ ਜੋਸਨ ਨੂੰ ਤਬਾਹ ਕਰਨ ਦੀਆਂ ਸਾਜ਼ਿਸ਼ਾਂ ਰਚਣ ਤੋਂ ਨਹੀਂ ਹਟਦਾ। ਕਦੇ ਮਨਦੀਪ ਜੋਸਨ ਵੱਲੋਂ ਲਏ ਪਲਾਟ ਨੂੰ ਵਿਵਾਦਿਤ ਕਰਾਰ ਦਿੰਦਿਆਂ ਫੇਸਬੁੱਕ ਤੇ ਪੋਸਟਾਂ ਪਾਉਣੀਆਂ, ਫੇਸਬੁੱਕ ਤੇ ਹੀ ਨਹੀਂ ਸਰਕਾਰੀ ਤੌਰ ਤੇ ਸ਼ਿਕਾਇਤਾਂ ਕਰਨੀਆਂ, ਕਦੇ ਮਨਦੀਪ ਸਿੰਘ ਜੋਸਨ ਨੂੰ ਮਿਲੀ ਸਰਕਾਰੀ ਕੋਠੀ ਛਡਾਉਣ ਲਈ ਉਸ ਵਿਰੁੱਧ ਸਾਜ਼ਿਸ਼ਾਂ ਰਚਣੀਆਂ, ਬੇਸ਼ੱਕ ਪੰਜੋਲਾ ਗਰੁੱਪ ਕੋਲ ਵੀ ਸਰਕਾਰੀ ਕੋਠੀਆਂ ਮੌਜੂਦ ਹਨ। ਪਰ ਗ਼ਨੀਮਤ ਇਹ ਹੈ ਕਿ ਇਸ ਗਰੁੱਪ ਦੀ ਲੜਾਈ ਹੁਣ ਪਟਿਆਲਾ ਮੀਡੀਆ ਕਲੱਬ ਦੀ ਟੀਮ ਵਿਚ ਨਜ਼ਰ ਨਹੀਂ ਆ ਰਹੀ ਤਾਂ ਹੀ ਕਲੱਬ ਵਿਚ ਸ਼ਾਂਤੀ ਹੈ। ਪਰ ਤੇਜਿੰਦਰ ਫ਼ਤਿਹਪੁਰੀ ਗਰੁੱਪ ਦਾ ਪਟਿਆਲਾ ਮੀਡੀਆ ਕਲੱਬ ਦੀ ਨਵੀਂ ਟੀਮ ਵਿਚ ਵੀ ਬਾਈਕਾਟ ਜਾਰੀ ਹੈ। ਇਹ ਅਜੇ ਰਹਿਣ ਦੀ ਸੰਭਾਵਨਾ ਵੀ ਹੈ ਕਿਉਂਕਿ ਦੋਵਾਂ ਗਰੁੱਪਾਂ ਵੱਲੋਂ ਕਿਸੇ ਵੀ ਮੈਂਬਰ ਵੱਲੋਂ ਅਜੇ ਤੱਕ ਗੱਲ ਨੇੜੇ ਲਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਗੁਰਚਰਨ ਸਿੰਘ ਟੌਹੜਾ ਤੇ ਪ੍ਰਕਾਸ਼ ਸਿੰਘ ਬਾਦਲ ਦਾ ਸਮਝੌਤਾ ਹੋ ਸਕਦਾ ਹੈ ਪਰ ਇਨ੍ਹਾਂ ਦਾ ਸਮਝੌਤਾ ਨਹੀਂ ਹਾਲੇ ਤੱਕ ਹੋਇਆ, ਇਸ ਦੇ ਕਾਰਨ ਹਨ ਉਨ੍ਹਾਂ ਦੀਆਂ ਸਿਆਸੀ ਮਜਬੂਰੀਆਂ ਸਨ ਪਰ ਪੱਤਰਕਾਰ ਭਾਈਚਾਰੇ ਦੀਆਂ ਕੋਈ ਮਜਬੂਰੀਆਂ ਨਹੀਂ ਹਨ। ਹਰ ਇਕ ਪੱਤਰਕਾਰ ਦੀ ਆਪਣੀ ਤਾਕਤ ਹੁੰਦੀ ਹੈ, ਆਪਣਾ ਫਖਰ ਹੁੰਦਾ ਹੈ। ਕਿਸੇ ਅੱਗੇ ਨਿੰਮੋਝੂਣਾ ਹੋਣ ਲਈ ਕੋਈ ਸੋਚਦਾ ਹੀ ਨਹੀਂ ਹੈ, ਬੇਸ਼ੱਕ ਨਿੰਮੋਝੂਣਾ ਹੋਕੇ ਬੰਦਾ ਖੱਟ ਵੀ ਲੈਂਦਾ ਹੈ ਜਿਵੇਂ ਪੰਜਾਬੀ ਟ੍ਰਿਬਿਊਨ ਵਾਲੇ ਸਰਬਜੀਤ ਸਿੰਘ ਭੰਗੂ ਨੇ ਖੱਟਿਆ ਸੀ।
ਰਵੇਲ ਸਿੰਘ ਭਿੰਡਰ ਦੀ ਨਵੀਂ ਟੀਮ ਬਣਨ ਤੋਂ ਬਾਅਦ ਅਗਲੀਆਂ ਟਰਮਾਂ ਵਿਚ ਜੋ ਪ੍ਰਧਾਨ ਬਣੇ ਉਸ ਬਾਰੇ ਮੈਂ ਬਹੁਤਾ ਸੰਪਰਕ ਵਿਚ ਨਹੀਂ ਸੀ, ਪਰ ਜੋ ਮੈਨੂੰ ਇੱਧਰੋਂ ਉਧਰੋਂ ਜਾਣਕਾਰੀ ਮਿਲੀ ਜਾਂ ਫਿਰ ਲੱਗੀਆਂ ਖ਼ਬਰਾਂ ਪੜ੍ਹੀਆਂ ਤਾਂ ਪਤਾ ਲੱਗਾ ਕਿ ਰਵੇਲ ਸਿੰਘ ਭਿੰਡਰ ਦੀ ਪ੍ਰਧਾਨਗੀ ਦੀ ਟਰਮ ਤੋਂ ਬਾਅਦ ਜੋ ਚੋਣ ਹੋਈ ਉਸ ਵਿਚ ਸਰਬਜੀਤ ਸਿੰਘ ਭੰਗੂ ਵੀ ਪ੍ਰਧਾਨਗੀ ਦੀ ਚੋਣ ਲਈ ਉਮੀਦਵਾਰ ਬਣੇ ਸਨ, ਪਰ ਉਸ ਦੇ ਖ਼ਿਲਾਫ਼ ਰਵੇਲ ਸਿੰਘ ਭਿੰਡਰ ਗਰੁੱਪ ਦੇ ਹੀ ਅਜੀਤ ਅਖ਼ਬਾਰ ਵੱਲੋਂ ਗੁਰਪ੍ਰੀਤ ਸਿੰਘ ਚੱਠਾ ਨੇ ਪ੍ਰਧਾਨਗੀ ਦੇ ਅਹੁਦੇ ਲਈ ਕਾਗ਼ਜ਼ ਦਾਖਲ ਕਰ ਦਿੱਤੇ ਸਨ। ਗੁਰਪ੍ਰੀਤ ਸਿੰਘ ਚੱਠਾ ਦਾ ਗਰੁੱਪ ਪਟਿਆਲਾ ਵਿਚ ਵਧ ਰਿਹਾ ਸੀ, ਉਸ ਨੂੰ ਰਵੇਲ ਸਿੰਘ ਭਿੰਡਰ ਗਰੁੱਪ ਦਾ ਸਮਰਥਨ ਵੀ ਸੀ, ਪਰ ਉਸ ਦੀ ਅੰਦਰੋਗਤੀ ਇਕ ਅਜਿਹੀ ਵਿਰੋਧਤਾ ਹੋ ਰਹੀ ਸੀ, ਜਿਵੇਂ ਕਿ ਨਾ ਤਾਂ ਕਿਸੇ ਨੂੰ ਪਤਾ ਲੱਗ ਰਿਹਾ ਸੀ, ਨਾ ਇਸ ਬਾਰੇ ਕੋਈ ਸਪਸ਼ਟ ਹੋ ਰਿਹਾ ਸੀ, ਇੰਜ ਲੱਗ ਰਿਹਾ ਸੀ ਕਿ ਛੋਟੀ ਉਮਰ ਦੇ ਪੱਤਰਕਾਰ ਨੂੰ ਪ੍ਰਧਾਨ ਬਣਾਉਣਾ ਸਹੀ ਨਹੀਂ ਹੈ, ਬਾਕੀ ਪੁਆਧੀ ਇਲਾਕੇ ਦੇ ਹਰਿਆਣਾ ਦੇ ਬਾਰਡਰ ਤੋਂ ਆਉਣ ਵਾਲੇ ਪਛੜੇ
![]() |
| ਗੁਰਪ੍ਰੀਤ ਸਿੰਘ ਚੱਠਾ ਤੇ ਵਿਸ਼ਾਲ ਰੰਬਾਨੀ |
ਇਲਾਕੇ ਦੇ ਪਿੰਡ ਧਰਮਹੇੜੀ ਦਾ ਇਹ ਮੁੰਡਾ ਕਾਫ਼ੀ ਉਤਾਵਲੇ ਸੁਭਾਅ ਦਾ ਲਗਦਾ ਸੀ ਮਿਹਨਤੀ, ਕਿਉਂਕਿ ਪਟਿਆਲਾ ਵਿਚ ਜਸਪਾਲ ਸਿੰਘ ਢਿੱਲੋਂ ਦੇ ਇੰਚਾਰਜ ਹੁੰਦਿਆਂ ਅਜੀਤ ਵਰਗੇ ਅਖ਼ਬਾਰ ਵਿਚ ਪੈਰ ਜਮਾਉਣੇ ਕੋਈ ਸੌਖੇ ਨਹੀਂ ਸਨ। ਪਰ ਗੁਰਪ੍ਰੀਤ ਸਿੰਘ ਚੱਠਾ ਆਪਣੀ ਮਿਹਨਤ ਸਦਕਾ ਤੇ ਭਾਊਆਂ ਦੇ ਸੁਭਾਅ ਕਰਕੇ ਇਹ ਆਪਣੀ ਹੋਂਦ ਪਟਿਆਲਾ ਵਿਚ ਜਮਾ ਰਿਹਾ ਸੀ ਭਾਵ ਜਮਾ ਚੁਕਿਆ ਸੀ। ਸਰਬਜੀਤ ਸਿੰਘ ਭੰਗੂ ਪ੍ਰਧਾਨ ਬਣਨ ਲਈ ਕਥਿਤ ਕਾਫ਼ੀ ਉਤਾਵਲੇ ਸਨ। ਜਿਸ ਕਰਕੇ ਇੱਧਰ ਉੱਧਰ ਦੀਆਂ ਕਈ ਸਾਰੀਆਂ ਗੱਲਾਂ ਹੋਣ ਤੋਂ ਬਾਅਦ ਸਰਬਜੀਤ ਸਿੰਘ ਭੰਗੂ ਨੇ ਆਪਣੇ ਵਿਰੁੱਧ ਪ੍ਰਧਾਨਗੀ ਦੀ ਚੋਣ ਲੜ ਰਹੇ ਗੁਰਪ੍ਰੀਤ ਸਿੰਘ ਚੱਠਾ ਨਾਲ ਮਿਲਣੀ ਕੀਤੀ, ਭੰਗੂ ਨੇ ਚੱਠਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਕਾਗ਼ਜ਼ ਵਾਪਸ ਲੈਣ ਦੀ ਬੇਨਤੀ ਕੀਤੀ। ਗੁਰਪ੍ਰੀਤ ਸਿੰਘ ਚੱਠਾ ਦੇ ਗਰੁੱਪ ਵੱਲੋਂ ਜਿਵੇਂ ਰਵੇਲ ਸਿੰਘ ਭਿੰਡਰ ਆਦਿ ਵੱਲੋਂ ਇਹ ਗੱਲ ਮੰਨਣੀ ਥੋੜ੍ਹਾ ਔਖੀ ਸੀ ਪਰ ਗੁਰਪ੍ਰੀਤ ਸਿੰਘ ਚੱਠਾ ਨੇ ਸਾਥੀਆਂ ਦੀ ਸਲਾਹ ਨਾਲ ਸਰਬਜੀਤ ਸਿੰਘ ਭੰਗੂ ਦੇ ਖ਼ਿਲਾਫ਼ ਪ੍ਰਧਾਨਗੀ ਦੀ ਚੋਣ ਲਈ ਦਾਖਲ ਕੀਤੇ ਕਾਗ਼ਜ਼ ਕਥਿਤ ਵਾਪਸ ਲੈ ਲਏ ਸਨ। ਉਸ ਤੋਂ ਬਾਅਦ ਪ੍ਰਧਾਨ ਸਰਬਜੀਤ ਸਿੰਘ ਭੰਗੂ ਬਣ ਗਿਆ ਸੀ, ਸਰਬਜੀਤ ਸਿੰਘ ਭੰਗੂ ਦੀ ਇਹ ਤਮੰਨਾ ਵੀ ਸੀ। ਇਹ ਵੀ ਸੱਚ ਹੈ ਕਿ ਸਰਬਜੀਤ ਸਿੰਘ ਭੰਗੂ ਦੀ (ਪਹਿਲਾਂ ਨਹੀਂ ਸੀ) ਹੁਣ ਆਦਤ ਬਣ ਗਈ ਸੀ ਕਿ ਹਰ ਪੱਖੋਂ ਆਪਣੀ ਇਜਾਰੇਦਾਰੀ ਕਾਇਮ ਕਰਨਾ, ਸੁਭਾਅ ਬਦਲਦੇ ਰਹਿੰਦੇ ਹਨ।
2018 ਵਿਚ ਪਟਿਆਲਾ ਮੀਡੀਆ ਕਲੱਬ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ ਦਾ ਟ੍ਰਿਬਿਊਨ ਗਰੁੱਪ ਦੀ ਸਟਾਫ਼ ਰਿਪੋਰਟਰ
![]() |
| ਗਗਨ ਤੇਜਾ ਦੀ ਜਿੱਤ ਮੌਕੇ ਦੀ ਤਸਵੀਰ |
ਗਗਨ ਤੇਜਾ। ਗਗਨਦੀਪ ਕੌਰ ਤੇਜਾ ਦਾ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਚੁਣੇ ਜਾਣ ਤੋਂ ਇਲਾਵਾ ਰਾਜੇਸ਼ ਸ਼ਰਮਾ ਪੰਜੋਲਾ ਪੰਜਾਬ ਕੇਸਰੀ ਨੂੰ ਸਕੱਤਰ ਜਨਰਲ, ਨਵਦੀਪ ਢੀਂਗਰਾ ਪੰਜਾਬੀ ਜਾਗਰਣ ਨੂੰ ਸੀਨੀਅਰ ਮੀਤ ਪ੍ਰਧਾਨ, ਪਰਮੀਤ ਸਿੰਘ ਜਗਬਾਣੀ ਨੂੰ ਸਕੱਤਰ, ਗੁਰਪ੍ਰੀਤ ਸਿੰਘ ਚੱਠਾ ਰੋਜ਼ਾਨਾ ਅਜੀਤ ਨੂੰ ਖ਼ਜ਼ਾਨਚੀ, ਮਨੀਸ਼ ਸਰਹਿੰਦੀ ਟਾਈਮਜ਼ ਆਫ਼ ਇੰਡੀਆ ਤੇ ਖੁਸ਼ਵੀਰ ਤੂਰ ਸੱਚ ਕਹੂੰ ਨੂੰ ਮੀਤ ਪ੍ਰਧਾਨ, ਭਾਰਤ ਭੂਸ਼ਣ ਹਿੰਦੁਸਤਾਨ ਟਾਈਮਜ਼ ਨੂੰ ਜੁਆਇੰਟ ਸਕੱਤਰ ਫ਼ੋਟੋ ਜਰਨਲਿਸਟ, ਸੰਜੇ ਵਰਮਾ ਦੈਨਿਕ ਜਾਗਰਣ ਤੇ ਯੋਗੇਸ਼ ਧੀਰ ਦੈਨਿਕ ਸਵੇਰਾ ਨੂੰ ਜੁਆਇੰਟ ਸਕੱਤਰ ਅਤੇ ਕੰਵਰਦੀਪ ਸਿੰਘ ਹਿੰਦੁਸਤਾਨ ਟਾਈਮਜ਼ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ।
2019 ਵਿਚ ਇਕ ਬੜੇ ਹੀ ਦਿਲਚਸਪ ਤੇ ਸਖ਼ਤ ਮੁਕਾਬਲੇ ਵਿਚ ਵਿਸ਼ਾਲ ਰੰਬਾਨੀ ਨੂੰ ਹਰਾ ਕੇ ਅਜੀਤ ਅਖ਼ਬਾਰ ਦੇ ਇੰਚਾਰਜ
ਗੁਰਪ੍ਰੀਤ ਸਿੰਘ ਚੱਠਾ ਪ੍ਰਧਾਨ ਬਣੇ, ਇਸ ਤੋਂ ਇਲਾਵਾ ਇਹ ਟੀਮ ਬਣੀ President : Gurpreet Singh Chatha (from Ajit), Senior Vice President : Manish Sirhindi (from Times of India), Vice President : Khushveer Toor and Kulvir Singh Dhaliwal (from sach Kahoon and Ajit) , Secy Gen : Rajesh Sharma Panjola (Punjab Kesari), Secretary : Parmeet Singh (Jagbani), Cashier : Navdeep Dhingra (Punjabi Jagran), Press secretary : Karam Prakash (The Tribune), Joint Secy : (Press) Sanjay Verma (Dainik Jagran) , Joint Secy-(Electronics)- Paramjit Singh Parwana (All India Radio), Joint secretary : (photojournalist)- Bharat Bhushan Sharma (Hindustan Times) ਇਹ ਉਕਤ ਟੀਮ ਹੋਂਦ ਵਿਚ ਆਈ, ਇਸ ਦੀ ਪੂਰੀ ਜਾਣਕਾਰੀ ਆਪਾਂ ਅੱਗੇ ਸਾਂਝੀ ਕਰਾਂਗੇ।
ਉਸ ਤੋਂ ਬਾਅਦ 2020 ਵਿਚ ਅਮਨ ਸੂਦ ਦੀ ਟੀਮ ਨੇ ਬਾਜ਼ੀ ਮਾਰੀ ਤੇ ਉਨ੍ਹਾਂ ਜਿੱਤ ਹਾਸਲ ਕੀਤੀ, ਹਾਲਾਂ ਕਿ ਟ੍ਰਿਬਿਊਨ ਗਰੁੱਪ ਵਿਚੋਂ ਹੀ ਰਵੇਲ ਸਿੰਘ ਭਿੰਡਰ ਨੇ ਵੀ ਅਮਨ ਸੂਦ ਦੇ ਖ਼ਿਲਾਫ਼ ਕਾਗ਼ਜ਼ ਦਾਖਲ ਕਰ ਦਿੱਤੇ ਸਨ, ਪਰ ਬਾਅਦ ਵਿਚ ਪ੍ਰੇਮ ਦਾ ਸਬੂਤ
![]() |
| ਅਮਨ ਸੂਦ ਦੀ ਜਿੱਤ ਮੌਕੇ ਦੀ ਤਸਵੀਰ |
ਦਿੰਦਿਆਂ ਰਵੇਲ ਸਿੰਘ ਭਿੰਡਰ ਨੇ ਕਾਗ਼ਜ਼ ਵਾਪਸ ਲੈ ਲਏ ਸਨ ਤੇ ਇਹ ਟੀਮ ਉਸ ਵੇਲੇ ਹੋਂਦ ਵਿਚ ਆਈ President : Aman Sood (from The Tribune), Senior Vice President : Prem Verma (from Dainik Jagran), Vice President : Yogesh Dhir and Pargat Singh (from Dainik Savera and Ajit), Secy Gen : Parmeet Singh (from Jagbani), Secretary : Kushveer Singh Toor (from Sach kahoon), Cashier : Navdeep Dhingra (from Punjabi Jagran), Press secretary : Karam Prakash (from The Tribune ), Joint Secy-Chirnjiv Joshi (from Chardhikala), Joint secretary: (reserved for photojournalist)- Varun Saini, Joint secretary (reserved for electronics)- Paramjit Singh Parwana (All India Radio)।
ਇਸ ਦੇ ਨਾਲ ਹੀ ਦੁਨੀਆ ਵਿਚ ਕਰੋਨਾ ਜਿਹੇ ਖ਼ਤਰਨਾਕ ਵਾਇਰਸ ਨੇ ਆਪਣੀ ਦਸਤਕ ਦੇ ਦਿੱਤੀ ਸੀ, ਪਹਿਲਾਂ ਪੁਲੀਸ ਦਾ ਕੰਮ ਹੁੰਦਾ ਸੀ ਕਿ ਮੂੰਹ ਕਦੇ ਵੀ ਢੱਕ ਕੇ ਨਾ ਚੱਲੋ, ਕਰੋਨਾ ਵਿਚ ਇਹ ਬਣ ਗਿਆ ਕਿ ਜੇਕਰ ਕੋਈ ਮੂੰਹ ਢੱਕ ਕੇ ਨਹੀਂ ਜਾਂਦਾ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਹੁੰਦੀ ਸੀ।, ਇਸ ਵਾਇਰਸ ਨੇ ਪੁਰੀ ਦੁਨੀਆ ਵਿਚ ਆਪਣੀ ਹੋਂਦ ਦਿਖਾਈ ਸੀ, ਜਿਸ ਕਰਕੇ ਭਾਰਤ ਵਿਚ ਲੰਬਾ ‘ਲਾਕ ਡਾਊਨ’ ਵੀ ਲਗਾਇਆ ਗਿਆ, ਜਿਸ ਵਿਚ ਲੋਕਾਂ ਨੂੰ ਘਰਾਂ ਵਿਚ ਹੀ ਤਾੜ ਦਿੱਤਾ ਗਿਆ, ਘਰੋਂ ਬਾਹਰ ਜਾਣ ਵਾਲਿਆਂ ਨੂੰ ਪੁਲੀਸ ਵੱਲੋਂ ਕੁੱਟਿਆ ਵੀ ਜਾ ਰਿਹਾ ਸੀ, ਪੱਤਰਕਾਰਾਂ ਨੂੰ ਜਾਂ ਕਰੋਨਾ ਵਲੰਟੀਅਰਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਸੀ ਉਹ ਵੀ ਪਾਬੰਦੀਆਂ ਅਨੁਸਾਰ, ਸੈਨੇਟਾਈਜ਼ਰ ਦੀ ਵਰਤੋਂ ਹੋਣ ਲੱਗੀ ਸੀ, ਇਕ ਆਮ ਬੁਖ਼ਾਰ ਵੀ ਬੰਦੇ ਦੀ ਮੌਤ ਦਾ ਕਾਰਨ ਬਣ
![]() |
| ਸਿੱਧੂ ਮੂਸੇਵਾਲੇ ਦੇ ਖਿਲਾਫ ਸ਼ਿਕਾਇਤ ਦਿੰਦੇ ਹੋਏ |
ਸਕਦਾ ਸੀ, ਕਈ ਬੰਦੇ ਤਾਂ ਹਸਪਤਾਲ ਵਿਚ ਇਸ ਕਰਕੇ ਹੀ ਮਰ ਗਏ ਕਿ ਉਨ੍ਹਾਂ ਦੀ ਸੰਭਾਲ ਨਹੀਂ ਹੋਈ, ਸਰਕਾਰ ਜ਼ਬਰਦਸਤੀ ਮਰੀਜ ਨੂੰ ਚੁੱਕ ਕੇ ਲੈ ਜਾਂਦੀ ਸੀ, ਤੇ ਮਰਨ ਲਈ ਹਸਪਤਾਲ ਵਿਚ ਭਰਤੀ ਕਰ ਦਿੰਦੀ ਸੀ, ਪਦਮਸ੍ਰੀ ਕੀਰਤਨੀਏ ਭਾਈ ਨਿਰਮਲ ਸਿੰਘ ਦੀ ਤਾਂ ਲਾਸ਼ ਦਾ ਸੰਸਕਾਰ ਤੱਕ ਨਹੀਂ ਕਰਨ ਦਿੱਤਾ ਸੀ ਇਕ ਪਿੰਡ ਨੇ ਆਪਣੀਆਂ ਮੜ੍ਹੀਆਂ ਵਿਚ, ਪਟਿਆਲਾ ਮੀਡੀਆ ਕਲੱਬ ਵਿਚ ਉਸ ਵੇਲੇ ਵੀ ਲੋਕਾਂ ਦੀ ਮਦਦ ਵਿਚ ਕਾਫ਼ੀ ਕੰਮ ਕੀਤਾ ਸੀ, ਪਰ ਦੂਜੇ ਪਾਸੇ ਕਲਾਕਾਰ ਸਿੱਧੂ ਮੂਸੇਵਾਲਾ ਦੀ ਇਸ ਵੇਲੇ ਪੂਰੀ ਚੜ੍ਹਾਈ ਸੀ, ਉਸ ਨੇ ਪੱਤਰਕਾਰਾਂ ਖ਼ਿਲਾਫ਼ ਕਾਫ਼ੀ ਅੱਗ ਵਰਸਾਈ ਸੀ, ਗ਼ਲਤ ਬੋਲਿਆ ਸੀ ਜਿਸ ਬਾਰੇ ਇਕ ਸ਼ਿਕਾਇਤ ਵੀ ਪੱਤਰਕਾਰਾਂ ਨੇ ਪਟਿਆਲਾ ਦੇ ਐਸਐਸਪੀ ਮਨਦੀਪ ਸਿੱਧੂ ਨੂੰ ਦਿੱਤੀ ਸੀ, ਪਰ ਪ੍ਰੋਟੋਕਾਲ ਇਹ ਸੀ ਕਿ ਸਾਰੇ ਮੂੰਹ ਢੱਕ ਕੇ ਹੀ ਵਿਚਰ ਸਕਦੇ ਹਨ।
ਉਸ ਤੋਂ ਬਾਅਦ 2022 ਵਿਚ ਪੰਜਾਬੀ ਜਾਗਰਣ ਦੇ ਇੰਚਾਰਜ ਸਟਾਫ਼ ਰਿਪੋਰਟਰ ਨਵਦੀਪ ਢੀਂਗਰਾ ਪਟਿਆਲਾ ਮੀਡੀਆ
![]() |
| ਨਵਦੀਪ ਢੀਂਗਰਾ ਦੀ ਪਹਿਲੇ ਟਰਮ ਵੇਲੇ ਹੁੰਦੇ ਪ੍ਰੋਗਰਾਮ |
ਕਲੱਬ ਦੇ ਪ੍ਰਧਾਨ ਬਣੇ, ਉਨ੍ਹਾਂ ਦੀ ਟੀਮ ਵਿਚ ਰਾਣਾ ਰਣਧੀਰ ਸਕੱਤਰ ਜਨਰਲ ਚੁਣੇ ਗਏ ਹਨ। ਖੁਸ਼ਵੀਰ ਤੂਰ ਖ਼ਜ਼ਾਨਚੀ ਤੇ ਗੁਰਵਿੰਦਰ ਸਿੰਘ ਔਲਖ ਸਕੱਤਰ ਚੁਣੇ ਗਏ ਹਨ, ਕੁਲਵੀਰ ਧਾਲੀਵਾਲ ਸੀਨੀਅਰ ਮੀਤ ਪ੍ਰਧਾਨ, ਜਗਤਾਰ ਸਿੰਘ ਤੇ ਕਰਮ ਪ੍ਰਕਾਸ਼ ਮੀਤ ਪ੍ਰਧਾਨ, ਹਰਮੀਤ ਸੋਢੀ, ਅਮਨਦੀਪ ਸਿੰਘ ਤੇ ਜਤਿੰਦਰ ਗਰੋਵਰ ਜੁਆਇੰਟ ਸਕੱਤਰ ਅਤੇ ਅਸ਼ੋਕ ਅਤੱਰੀ ਪ੍ਰੈੱਸ ਸਕੱਤਰ ਚੁਣੇ ਗਏ ਹਨ।
ਅਗਲੀ ਪਟਿਆਲਾ ਮੀਡੀਆ ਕਲੱਬ ਦੀ ਟਰਮ ਵੀ ਨਵਦੀਪ ਢੀਂਗਰਾ ਦੇ ਹਵਾਲੇ ਹੀ ਰਹੇ, ਉਸ ਵੇਲੇ ਸਰਬਜੀਤ ਸਿੰਘ ਭੰਗੂ ਚੇਅਰਮੈਨ, ਨਵਦੀਪ ਢੀਂਗਰਾ ਪ੍ਰਧਾਨ, ਰਾਣਾ ਰਣਧੀਰ ਸਕੱਤਰ ਜਨਰਲ ਸਕੱਤਰ, ਕੁਲਵੀਰ ਸਿੰਘ ਧਾਲੀਵਾਲ ਸੀਨੀਅਰ ਮੀਤ ਪ੍ਰਧਾਨ, ਖ਼ਜ਼ਾਨਚੀ ਖੁਸ਼ਵੀਰ ਤੂਰ, ਗੁਰਵਿੰਦਰ
![]() |
| ਨਵਦੀਪ ਢੀਂਗਰਾ ਦੀ ਦੂਜੀ ਟਰਮ ਮੌਕੇ ਜਿੱਤ ਸਮੇਂ ਦੀ ਤਸਵੀਰ |
ਸਿੰਘ ਔਲਖ ਸਕੱਤਰ, ਜਗਤਾਰ ਸਿੰਘ ਤੇ ਪਰਮੀਤ ਸਿੰਘ ਦੋਵੇਂ ਮੀਤ ਪ੍ਰਧਾਨ, ਕਰਮ ਪ੍ਰਕਾਸ਼ ਮੀਤ ਪ੍ਰਧਾਨ, ਜਤਿੰਦਰ ਗਰੋਵਰ ਜੁਆਇੰਟ ਸਕੱਤਰ, ਹਰਮੀਤ ਸੋਢੀ ਜੁਆਇੰਟ ਸਕੱਤਰ (ਫ਼ੋਟੋ ਜਰਨਲਿਸਟ), ਕਮਲਪ੍ਰੀਤ ਸਿੰਘ ਦੁਆ ਜੁਆਇੰਟ ਸਕੱਤਰ (ਇਲੈੱਕਟ੍ਰਾਨਿਕ ਮੀਡੀਆ) ਅਤੇ ਧਰਮਿੰਦਰ ਸਿੰਘ ਸਿੱਧੂ ਪ੍ਰੈੱਸ ਸਕੱਤਰ ਚੁਣੇ ਗਏ। ਇਸ ਮੌਕੇ ਕਲੱਬ ਦੇ ਬਾਨੀ ਪ੍ਰਧਾਨ ਰਵੇਲ ਸਿੰਘ ਭਿੰਡਰ ਅਤੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਨੇ ਨਵੀਂ ਟੀਮ ਦਾ ਸਨਮਾਨ ਕੀਤਾ। ਕਲੱਬ ਦੀ ਮੈਂਬਰਸ਼ਿਪ ਕਮੇਟੀ ਗਠਿਤ ਕੀਤੀ ਗਈ ਜਿਸ ਵਿਚ ਪਰਮੀਤ ਸਿੰਘ, ਪ੍ਰੇਮ ਵਰਮਾ, ਵਰਿੰਦਰ ਸੈਣੀ, ਇੰਦਰਪ੍ਰੀਤ ਸਿੰਘ ਬਾਰਨ, ਮਨਦੀਪ ਸਿੰਘ ਖਰੋੜ ਨੂੰ ਸ਼ਾਮਲ ਕੀਤਾ ਗਿਆ। ਇੱਥੇ ਇੰਦਰਪ੍ਰੀਤ ਸਿੰਘ ਬਾਰਨ ਦੀ ਹਾਜ਼ਰੀ ਸਪਸ਼ਟ ਹੋਈ, ਜੋ ਪਹਿਲਾਂ ਤੇਜਿੰਦਰ ਫ਼ਤਿਹਪੁਰ ਗਰੁੱਪ ਵਿਚ ਸ਼ਾਮਲ ਸੀ। ਕਲੱਬ ਵਿਚ ਪੰਜ ਨਵੇਂ ਮੈਂਬਰਾਂ ਦਮਨਪ੍ਰੀਤ ਸਿੰਘ, ਪਰਮਿੰਦਰ ਸਿੰਘ ਗਰੇਵਾਲ, ਹਰਵਿੰਦਰ ਸਿੰਘ ਭਿੰਡਰ, ਕਰਮਜੀਤ ਸਿੰਘ ਰਾਜਲਾ ਅਤੇ ਮੋਹਿਤ ਖੰਨਾ ਦੀ ਮੈਂਬਰਸ਼ਿਪ ਦੀ ਪ੍ਰਵਾਨਗੀ ਦਿੱਤੀ ਗਈ।
ਉਸ ਤੋਂ ਬਾਅਦ 2025 ਵਿਚ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਪਰਮੀਤ ਸਿੰਘ ਬਣੇ। ਪ੍ਰਧਾਨ ਪਰਮੀਤ ਸਿੰਘ ਤੋਂ
![]() |
| ਪਰਮੀਤ ਸਿੰਘ ਦੇ ਪ੍ਰਧਾਨ ਬਣਨ ਮੌਕੇ ਦੀ ਤਸਵੀਰ |
ਇਲਾਵਾ ਖੁਸ਼ਵੀਰ ਸਿੰਘ ਤੂਰ ਨੂੰ ਸਕੱਤਰ ਜਨਰਲ ਚੁਣਿਆ ਗਿਆ ਹੈ ਜਦਕਿ ਕੁਲਵੀਰ ਸਿੰਘ ਧਾਲੀਵਾਲ ਨੂੰ ਖ਼ਜ਼ਾਨਚੀ, ਧਰਮਿੰਦਰ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ, ਜਗਤਾਰ ਸਿੰਘ ਅਤੇ ਸੁਰੇਸ਼ ਕਾਮਰਾ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਔਲਖ ਸਕੱਤਰ, ਜਤਿੰਦਰ ਗਰੋਵਰ, ਅਨੂ ਅਲਬਰਟ, ਕਮਲ ਦੂਬਾ ਤੇ ਪ੍ਰੇਮ ਵਰਮਾ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ ਹੈ ਜਦੋਂ ਕਿ ਰਣਜੀਤ ਸਿੰਘ ਰਾਣਾ ਰੱਖੜਾ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ ਹੈ। ਇਸ ਮੌਕੇ ਸਾਬਕਾ ਪ੍ਰਧਾਨਾਂ ਵਿੱਚ ਨਵਦੀਪ ਢੀਂਗਰਾ, ਸਰਬਜੀਤ ਸਿੰਘ ਭੰਗੂ, ਰਵੇਲ ਸਿੰਘ ਭਿੰਡਰ, ਗੁਰਪ੍ਰੀਤ ਸਿੰਘ ਚੱਠਾ ਤੋਂ ਇਲਾਵਾ ਰਾਣਾ ਰਣਧੀਰ, ਪ੍ਰਗਟ ਸਿੰਘ ਬਲਬੇੜਾ, ਨਰਿੰਦਰ ਬਠੋਈ, ਗੁਲਸ਼ਨ ਕੁਮਾਰ, ਸੁਖਵਿੰਦਰ ਸੁੱਖੀ, ਅਜੇ ਸ਼ਰਮਾ, ਹਰਮੀਤ ਸੋਢੀ, ਸੁੰਦਰ ਸ਼ਰਮਾ ਤੋਂ ਇਲਾਵਾ ਪੱਤਰਕਾਰ ਭਾਈਚਾਰਾ ਹਾਜ਼ਰ ਸੀ।
ਹਾਂ ਇੱਥੇ ਇਹ ਜ਼ਿਕਰ ਜ਼ਰੂਰ ਹੋਣਾ ਚਾਹੀਦਾ ਹੈ ਕਿ ਜੋ 2019 ਵਿਚ ਪ੍ਰਧਾਨਗੀ ਦੀ ਚੋਣ ਹੋਈ ਸੀ ਉਹ ਚੋਣ ਬੜੀ ਦਿਲਚਸਪ ਸੀ ਤੇ ਬਹੁਤ ਹੀ ਕਮਾਲ ਦੀ ਸੀ ਜਿਵੇਂ ਸਿਆਸੀ ਬੰਦੇ ਚੋਣ ਲੜਦੇ ਹਨ ਉਸੇ ਤਰ੍ਹਾਂ ਚੋਣ ਹੋਈ ਸੀ, ਇੱਥੇ ਪ੍ਰਧਾਨਗੀ ਦੀ ਚੋਣ ਅਜੀਤ
![]() |
| ਜਿੱਤ ਤੋਂ ਬਾਅਦ ਗੁਰਪ੍ਰੀਤ ਸਿੰਘ ਚੱਠਾ ਪੱਤਰਕਾਰ ਨਾਲ ਗੱਲ ਕਰਦੇ ਹੋਏ |
ਅਖ਼ਬਾਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਚੱਠਾ ਤੇ ਹਿੰਦੁਸਤਾਨ ਟਾਈਮਜ਼ ਦੇ ਇੰਚਾਰਜ ਵਿਸ਼ਾਲ ਰੰਬਾਨੀ ਵਿਚ ਕਾਂਟੇ ਦੀ ਟੱਕਰ ਨਾਲ ਹੋਈ ਸੀ। ਰਵੇਲ ਸਿੰਘ ਭਿੰਡਰ, ਪਰਮੀਤ ਸਿੰਘ, ਨਵਦੀਪ ਢੀਂਗਰਾ ਆਦਿ ਨੇ ਗੁਰਪ੍ਰੀਤ ਸਿੰਘ ਚੱਠਾ ਨੂੰ ਮੈਦਾਨ ਵਿਚ ਉਤਾਰਿਆ ਸੀ, ਇਹ ਕਨਸੋਆਂ ਮਿਲਦੀਆਂ ਰਹੀਆਂ ਕਿ ਵਿਸ਼ਾਲ ਰੰਬਾਨੀ ਗਰੁੱਪ ਵੀ ਆਪਣਾ ਕੋਈ ਬੰਦਾ ਪ੍ਰਧਾਨਗੀ ਦੀ ਚੋਣ ਲਈ ਖੜ੍ਹਾ ਕਰੇਗਾ। ਚੋਣ ਪ੍ਰਕ੍ਰਿਆ ਵਿਚ ਕਾਗ਼ਜ਼ ਦਾਖਲ ਕਰਨ ਦੇ ਆਖ਼ਰੀ ਸਮੇਂ ਤੱਕ ਇਹ ਭੇਦ ਨਹੀਂ ਖੁੱਲ੍ਹਿਆ, ਆਖ਼ਿਰ ਵਿਸ਼ਾਲ ਰੰਬਾਨੀ ਨੇ ਆਖਿਰੀ ਸਮੇਂ ਵਿਚ ਕਾਗ਼ਜ਼ ਦਾਖਲ ਕਰ ਦਿੱਤੇ। ਅੰਗਰੇਜ਼ੀ ਅਖ਼ਬਾਰ ਵਾਲਿਆਂ ਨੂੰ ਕਿਤੇ ਵੀ ਆਮ ਪੱਤਰਕਾਰ ਨਹੀਂ ਜਾਣਦੇ, ਇਹ ਬੜੀ ਦਿੱਕਤ ਹੁੰਦੀ ਹੈ। ਜਦੋਂ ਗੁਰਪ੍ਰੀਤ ਸਿੰਘ ਚੱਠਾ ਨੂੰ ਪ੍ਰਧਾਨ ਦੇ ਅਹੁਦੇ ਲਈ ਖੜ੍ਹਾਇਆ ਗਿਆ ਤਾਂ ਉਸ ਨੇ ਆਪਣੇ ਸਾਥੀਆਂ ਤੋਂ ਇਹ ਵਾਅਦਾ ਲਿਆ ਸੀ ਕਿ ਉਸ ਤੋਂ ਬਾਅਦ ਉਹ ਬੈਠੇਗਾ ਨਹੀਂ। ਇਸ ਗੱਲ ਤੇ ਪੱਕਾ ਰਹਿਣਾ ਹੀ ਪੈਣਾ ਸੀ।
ਚੋਣਾਂ ਦਾ ਪ੍ਰਚਾਰ ਸ਼ੁਰੂ ਹੋ ਗਿਆ ਸੀ, ਵਿਸ਼ਾਲ ਰੰਬਾਨੀ ਗਰੁੱਪ ਨੂੰ ਇਹ ਹੰਕਾਰ ਸੀ ਕਿ ਉਨ੍ਹਾਂ ਕੋਲ ਤਾਂ ਪਾਵਰ ਹੈ, ਉਹ ਸਾਰੇ ਪੱਤਰਕਾਰਾਂ ਨੂੰ ਆਪਣੇ ਵੱਸ ਵਿਚ ਕਰ ਸਕਦੇ ਹਨ, ਉਹ ਤਾਂ ਪਟਿਆਲਾ ’ਤੇ ਰਾਜ ਕਰ ਰਹੇ ਹਨ। ਪਰ ਉਹ ਇਹ ਭੁੱਲ ਗਏ ਸਨ ਕਿ ਜਦੋਂ ਕੁੰਡੀਆਂ ਦੇ ਸਿੰਗ ਫਸਦੇ ਹਨ ਤਾਂ ਵੱਡੇ ਵੱਡਿਆਂ ਦੀਆਂ ਪਾਵਰਾਂ ਖੂੰਜੇ ਲੱਗ ਜਾਂਦੀਆਂ ਹਨ, ਇਹ ਗਰੁੱਪ ਜਦੋਂ ਪੱਤਰਕਾਰ ਮੈਂਬਰਾਂ ਨੂੰ ਫ਼ੋਨ ਕਰਿਆ ਕਰਨ ਤਾਂ ਪਹਿਲਾਂ ਇਨ੍ਹਾਂ ਨੂੰ ਆਪਣੇ ਪ੍ਰਧਾਨਗੀ ਉਮੀਦਵਾਰ ਵਿਸ਼ਾਲ ਰੰਬਾਨੀ ਦੀ ਪੂਰੀ ਜਾਣਕਾਰੀ ਦੇਣੀ ਪੈਂਦੀ ਸੀ, ਕਿਉਂਕਿ ਵਿਸ਼ਾਲ ਰੰਬਾਨੀ ਨੂੰ ਆਮ ਪੱਤਰਕਾਰ ਬਹੁਤਾ ਪਸੰਦ ਨਹੀਂ ਕਰਦੇ ਸਨ , ਕਿਉਂਕਿ ਵਿਸ਼ਾਲ ਰੰਬਾਨੀ ਆਮ ਪੱਤਰਕਾਰਾਂ ਨੂੰ ਪੱਤਰਕਾਰ ਹੀ ਨਹੀਂ ਮੰਨਦਾ ਸੀ, ਉਸ ਦੀ ਗਰਦਨ ਵਿਚ ਹੰਕਾਰ ਦਾ ਕਿੱਲਾ ਗੱਡਿਆ ਹੋਇਆ ਸੀ। ਪਰ ਕਈ ਵਾਰ ਕਿੱਲਾ ਕੱਢਣ ਵਾਲੇ ਜੰਮ ਪੈਂਦੇ ਹਨ, ਸਮੇਂ ਨੇ ਸਾਇਦ ਗੁਰਪ੍ਰੀਤ ਸਿੰਘ ਚੱਠਾ ਨੂੰ ਇਹ ਕਿੱਲਾ ਕੱਢਣ ਵਾਲਾ ਨਿਰਧਾਰਤ ਕੀਤਾ ਸੀ। ਗੁਰਪ੍ਰੀਤ ਸਿੰਘ ਚੱਠਾ ਗਰੁੱਪ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਸੀ, ਗੁਰਪ੍ਰੀਤ ਸਿੰਘ ਚੱਠਾ ਗਰੁੱਪ ਨੇ ਇਹ ਸਮਝ ਲਿਆ ਸੀ ਕਿ ਗੁਰਨਾਮ ਸਿੰਘ ਅਕੀਦਾ (ਇਨ੍ਹਾਂ ਸਤਰਾਂ ਦੇ ਲੇਖਕ), ਮਨਦੀਪ ਸਿੰਘ ਜੋਸਨ, ਗੁਰਮੁਖ ਸਿੰਘ ਰੁਪਾਣਾ, ਤੇਜਿੰਦਰ ਫ਼ਤਿਹਪੁਰ ਦੀਆਂ ਵੀ ਵੋਟਾਂ ਪਟਿਆਲਾ ਮੀਡੀਆ ਕਲੱਬ ਵਿਚ ਹਨ, ਕਈ ਸਾਰੇ ਪੱਤਰਕਾਰ ਗੁਰਨਾਮ ਸਿੰਘ ਅਕੀਦਾ, ਮਨਦੀਪ ਸਿੰਘ ਜੋਸਨ ਦਾ ਪ੍ਰਭਾਵ ਅਜੇ ਵੀ ਕਬੂਲਦੇ ਹਨ। ਗੁਰਪ੍ਰੀਤ ਸਿੰਘ ਚੱਠਾ ਨੂੰ ਇਕ ਇਕ ਵੋਟ ਦੀ ਲੋੜ ਸੀ, ਹਾਲਾਂ ਕਿ ਪਰਮੀਤ ਸਿੰਘ ਤੇ ਮਨਦੀਪ ਸਿੰਘ ਜੋਸਨ ਦੀ ਬਣਦੀ ਨਹੀਂ ਸੀ ਪਰ ਫਿਰ ਵੀ ਗੁਰਪ੍ਰੀਤ ਸਿੰਘ ਚੱਠਾ ਗਰੁੱਪ ਨੇ ਕਿਹਾ ਕਿ ਗੁਰਨਾਮ ਸਿੰਘ ਅਕੀਦਾ, ਮਨਦੀਪ ਸਿੰਘ ਜੋਸਨ ਗਰੁੱਪ ਨੂੰ ਛੱਡਿਆ ਨਹੀਂ ਜਾ ਸਕਦਾ, ਹਾਲਾਂ ਕਿ ਸਾਡੇ ਗਰੁੱਪ ਦੀ ਪਟਿਆਲਾ ਮੀਡੀਆ ਕਲੱਬ ਵਿਚ ਵੋਟ ਨਹੀਂ ਹੈ, ਪਰ ਫਿਰ ਵੀ ਸਾਡੇ ਪ੍ਰਭਾਵ ਵਿਚ ਕਈ ਸਾਰੇ ਮਿੱਤਰ ਦੋਸਤ ਹਨ। ਸਾਡੇ ਨਾਲ ਵਿਸ਼ੇਸ਼ ਤੌਰ ਤੇ ਗੁਰਪ੍ਰੀਤ ਸਿੰਘ ਚੱਠਾ ਗਰੁੱਪ ਨੇ ਮੀਟਿੰਗ ਕੀਤੀ, ਅਸੀਂ ਆਪਣਾ ਸਮਰਥਨ ਪੂਰੇ ਤੌਰ ਤੇ ਗੁਰਪ੍ਰੀਤ ਸਿੰਘ ਚੱਠਾ ਗਰੁੱਪ ਨੂੰ ਦੇ ਦਿੱਤਾ। ਅਸੀਂ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਕਿ ਹਰ ਹਾਲਤ ਵਿਚ ਗੁਰਪ੍ਰੀਤ ਸਿੰਘ ਚੱਠਾ ਦੀ ਜਿੱਤ ਹੋਣੀ ਹੀ ਚਾਹੀਦੀ ਹੈ।
ਇਹ ਬੜੀ ਅਲੋਕਾਰੀ ਗੱਲ ਵਾਪਰੀ ਕਿ ਇਸ ਚੋਣ ਵਿਚ ਸਿਆਸੀ ਦਖ਼ਲ ਅੰਦਾਜ਼ੀ ਵੀ ਆ ਗਈ ਸੀ, ਕੁਝ ਪੱਤਰਕਾਰਾਂ ਨੂੰ ਮੰਤਰੀ ਬ੍ਰਹਮ ਮਹਿੰਦਰਾ ਨੇ ਫ਼ੋਨ ਕੀਤੇ ਸਨ, ਬ੍ਰਹਮ ਮਹਿੰਦਰਾ ਤਾਂ ਵਿਸ਼ਾਲ ਰੰਬਾਨੀ ਗਰੁੱਪ ਦਾ ਹਰ ਹਾਲਤ ਵਿਚ ਸਾਥੀ ਸੀ, ਬ੍ਰਹਮ ਮਹਿੰਦਰਾ ਨੇ ਵਿਸ਼ਾਲ ਰੰਬਾਨੀ ਦੇ ਪੱਖ ਵਿਚ ਕਈ ਪੱਤਰਕਾਰਾਂ ਨੂੰ ਫ਼ੋਨ ਕੀਤੇ, ਉਸ ਤੋਂ ਬਾਅਦ ਇਹ ਵੀ ਸਾਹਮਣੇ ਆਇਆ ਕਿ ਵਿਧਾਇਕ ਮਦਨ ਲਾਲ ਜਲਾਲਪੁਰ, ਵਿਧਾਇਕ ਕਾਕਾ ਰਾਜਿੰਦਰ ਸਿੰਘ ਨੇ ਵੀ ਕੁਝ ਪੱਤਰਕਾਰਾਂ ਨੂੰ ਵਿਸ਼ਾਲ ਰੰਬਾਨੀ ਦੇ ਪੱਖ ਵਿਚ ਫ਼ੋਨ ਕੀਤੇ ਪਰ ਇਨ੍ਹਾਂ ਦੋਵਾਂ ਦੀ ਇਹ ਦਿਆਨਤਦਾਰੀ ਰਹੀ ਕਿ ਇਨ੍ਹਾਂ ਨੇ ਬਾਅਦ ਵਿਚ ਗੁਰਪ੍ਰੀਤ ਸਿੰਘ ਚੱਠਾ ਨੂੰ ਵੀ ਫ਼ੋਨ ਕੀਤੇ ਤੇ ਕਿਹਾ ਕਿ ਉਹ ਕਿਸੇ ਦੇ ਵੀ ਪੱਖ ਵਿਚ ਨਹੀਂ ਹਨ, ਉਨ੍ਹਾਂ ਨੇ ਕਿਸੇ ਨੂੰ ਵੀ ਕਿਸੇ ਦੇ ਵੀ ਪੱਖ ਵਿਚ ਵੋਟਾਂ ਪਾਉਣ ਲਈ ਨਹੀਂ ਕਿਹਾ। ਇਸ ਤਰ੍ਹਾਂ ਬਿਊਰੋਕਰੇਟਸ ਵੀ ਲੁਕਵੇਂ ਰੂਪ ਵਿਚ ਵਿਸ਼ਾਲ ਰੰਬਾਨੀ ਦੀ ਮਦਦ ਕਰ ਰਹੇ ਸਨ।
ਇਸ ਚੋਣ ਵਿਚ ਸ਼ਰਾਬ ਦਾ ਦੌਰ ਵੀ ਚੱਲਿਆ। ਵਿਸ਼ਾਲ ਰੰਬਾਨੀ ਗਰੁੱਪ ਪੱਤਰਕਾਰਾਂ ਨੂੰ ਸ਼ਰਾਬ ਪਿਲਾ ਰਿਹਾ ਸੀ, ਇਹ ਸ਼ਰਾਬ
ਵੀ ਕਿਨ੍ਹਾਂ ਵੱਲੋਂ ਸਪਾਂਸਰ ਕੀਤੀ ਗਈ ਸੀ ਇਹ ਵੀ ਮੈਨੂੰ ਪਤਾ ਹੈ ਪਰ ਇੱਥੇ ਇਹ ਜ਼ਿਕਰ ਕਰਨਾ ਵਾਧੂ ਹੋ ਜਾਵੇਗਾ। ਇੱਥੇ ਬੜੀ ਦਿਲਚਸਪ ਗੱਲ ਵਾਪਰੀ ਜੋ ਵਿਸ਼ਾਲ ਰੰਬਾਨੀ ਗਰੁੱਪ ਦੀ ਮਾਨਸਿਕਤਾ ਨੂੰ ਹੋਰ ਵੀ ਉਜਾਗਰ ਕਰਦੀ ਹੈ, ਕੁਝ ਪੱਤਰਕਾਰ ਇਸ ਕਰਕੇ ਗ਼ੁੱਸੇ ਵਿਸ਼ਾਲ ਗਰੁੱਪ ਨਾਲ ਹੋਗਏ ਸਨ ਕਿ ਵਿਸ਼ਾਲ ਗਰੁੱਪ ਦੋ ਤਰ੍ਹਾਂ ਦੀਆਂ ਪਾਰਟੀਆਂ ਪੱਤਰਕਾਰਾਂ ਨੂੰ ਦੇ ਰਹੇ ਸਨ, ਇਹ ਕੈਟਾਗਰੀ ਇਸ ਗਰੁੱਪ ਨੇ ਕਥਿਤ ਬਣਾਈ ਸੀ, ਇਕ ਤਾਂ ‘ਆਮ ਪੱਤਰਕਾਰ’ ਤੇ ਇਕ ‘ਖ਼ਾਸ ਪੱਤਰਕਾਰ’, ਆਮ ਪੱਤਰਕਾਰਾਂ ਲਈ ਆਮ ਸਸਤੀ ਸ਼ਰਾਬ ਦਾ ਇੰਤਜ਼ਾਮ ਕੀਤਾ ਗਿਆ ਤੇ ਖ਼ਾਸ ਪੱਤਰਕਾਰਾਂ ਲਈ ਮਹਿੰਗੀ ਸ਼ਰਾਬ ਦਾ ਇੰਤਜ਼ਾਮ ਕੀਤਾ ਗਿਆ। ਇਕ ਦਿਨ ਪਾਰਟੀ ਆਮ ਪੱਤਰਕਾਰਾਂ ਨੂੰ ਕੀਤੀ ਗਈ ਤੇ ਇਕ ਦਿਨ ਪਾਰਟੀ ਖ਼ਾਸ ਪੱਤਰਕਾਰਾਂ ਨੂੰ ਕੀਤੀ ਗਈ, ਜਿਸ ਦਾ ਭੇਦ ਖੁੱਲ੍ਹਿਆ ਤੇ ਕਈ ਪੱਤਰਕਾਰਾਂ ਨੇ ਇਸ ਦਾ ਬੁਰਾ ਮਨਾਇਆ, ਵਿਸ਼ਾਲ ਰੰਬਾਨੀ ਦੀਆਂ ਕੁਝ ਵੋਟਾਂ ਇੰਜ ਵੀ ਖ਼ਰਾਬ ਹੋਈਆਂ, ਕਿਉਂਕਿ ਇਹ ਚੋਣ ਬੜੀ ਹੀ ਸੰਵੇਦਨਸ਼ੀਲ ਤਰੀਕੇ ਨਾਲ ਲੜਨ ਵਾਲੀ ਸੀ।
ਕਹਾਣੀ ਯਾਦ ਆਈ, ਸਾਡੇ ਪਿੰਡ ਅਕਾਲਗੜ੍ਹ ਵਿਚ ਅਸੀਂ ਸਰਪੰਚੀ ਦੀ ਚੋਣ ਜਿੱਤੇ ਸੀ, ਸਿਰਫ਼ ਇਕ ਵੋਟ ਤੇ, ਸਾਡੇ ਵਿਰੋਧੀ ਪਾਰਟੀ ਨੂੰ ਇਹ ਹੰਕਾਰ ਸੀ ਕਿ ਸਾਨੂੰ ਕੌਣ ਹਰਾ ਸਕਦਾ ਹੈ, ਪਰ ਅਸੀਂ ਚੋਣ ਇਸ ਤਰੀਕੇ ਨਾਲ ਲੜ ਰਹੇ ਸੀ ਕਿ ਇਕ ਇਕ ਵੋਟ ਦਾ ਵੀ ਇੰਤਜ਼ਾਮ ਕੀਤਾ ਜਾਵੇ, ਸਾਡੇ ਵਿਰੋਧੀ ਖੜ੍ਹਾ ਸਰਪੰਚ ਸੁੱਚਾ ਸਿੰਘ ਸ਼ਰਾਬ ਵੀ ਪਿਲਾ ਰਿਹਾ ਸੀ ਤੇ ਸੌਂਹਾਂ ਵੀ ਲੈ ਰਿਹਾ ਸੀ ਪਰ ਅਸੀਂ ਇੰਜ ਨਹੀਂ ਕੀਤਾ, ਅਸੀਂ ਵੋਟਰਾਂ ਦੇ ਸਿਰ ਤੇ ਹੀ ਛੱਡ ਦਿੱਤਾ ਸੀ ਤੇ ਕਿਹਾ ਸੀ ਕਿ ‘‘ਆਪੋ ਆਪਣੀ ਜ਼ਮੀਰ ਤੇ ਵੋਟ ਪਾ ਦਿਓ, ਕਿਸੇ ਨੂੰ ਵੀ ਪਾ ਦਿਓ,’’ ਸਾਡੇ ਪਿੰਡ ਵਿਚ ਸਾਡੇ ਪਰਿਵਾਰ ਵਿਚੋਂ ਹੀ ਇਕ ਥੋੜ੍ਹਾ ਮਾਨਸਿਕ ਤੌਰ ਤੇ ਬਜ਼ੁਰਗ ਸੀ ਬੇਬੇ ਅਨੋਖੀ, ਵੋਟਾਂ ਪੈ ਰਹੀਆਂ ਸਨ ਅਸੀਂ ਸਾਡੇ ਵਿਰੋਧੀ ਧੜੇ ਏਜੰਟਾਂ ਨੂੰ ਕਿਹਾ ਕਿ ਅਸੀਂ ਇਸ ਬੇਬੇ ਅਨੋਖੀ ਦੀ ਵੋਟ ਪਾਉਣਾ ਚਾਹੁੰਦੇ ਹਾਂ ਜੇਕਰ ਤੁਸੀਂ ਇੰਜ ਕਿਸੇ ਦੀ ਵੋਟ ਪਵਾਉਣੀ ਹੈ ਤਾਂ ਤੁਸੀਂ ਵੀ ਪਵਾ ਸਕਦੇ ਹੋ, ਪਰ ਇਹ ਬਜ਼ੁਰਗ ਬੇਬੇ ਹੈ ਪਤਾ ਨਹੀਂ ਅੱਗੇ ਇਸ ਨੂੰ ਵੋਟ ਪਾਉਣ ਦਾ ਸਮਾਂ ਮਿਲੇ ਭਾਵੇਂ ਨਾ ਮਿਲੇ, ਸਾਡਾ ਵਿਰੋਧੀ ਗਰੁੱਪ ਹੰਕਾਰ ਵਿਚ ਸੀ ਤੇ ਉਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਇਕ ਵੋਟ ਦੀ ਕੀ ਕੀਮਤ ਹੁੰਦੀ ਹੈ। ਉਨ੍ਹਾਂ ਪ੍ਰਾਜਾਇਡਿੰਗ ਅਫ਼ਸਰ ਨੂੰ ਕਹਿ ਦਿੱਤਾ ‘‘ਲਓ ਜੀ ਇਕ ਵੋਟ ਨਾਲ ਕੀ ਫ਼ਰਕ ਪੈਂਦਾ ਹੈ ਪਾ ਲੈਣ ਦਿਓ’’ ਤਾਂ ਬੇਬੇ ਅਨੋਖੀ ਦੀ ਵੋਟ ਮੈਂ ਉਸ ਨੂੰ ਨਾਲ ਲੈ ਕੇ ਖ਼ੁਦ ਆਪਣੇ ਪੱਖ ਵਿਚ ਭੁਗਤਾ ਕੇ ਆਇਆ ਸੀ। ਜਦੋਂ ਗਿਣਤੀ ਹੋਈ ਤੇ ਸਾਡਾ ਵਿਰੋਧੀ ਗਰੁੱਪ ਢੋਲ ਵਾਲੇ ਨੂੰ ਬੁਲਾਕੇ ਸਾਡੇ ਸਕੂਲ ਦੇ ਅੱਗੇ ਖੜ੍ਹਾ ਸੀ ਤੇ ਸਾਡਾ ਗਰੁੱਪ ਨਿੰਮੋਝੂਣਾ ਜਿਹਾ ਹੋਇਆ ਸਕੂਲ ਤੇ ਪਿੱਛੇ ਖੜ੍ਹਾ ਸੀ, ਨਤੀਜਾ ਆ ਗਿਆ ਸੀ ਤੇ ਸਾਡੀ ਇਕ ਵੋਟ ਨਾਲ ਜਿੱਤ ਹੋਈ ਸੀ, ਸਾਡੇ ਵਿਰੋਧੀ ਗਰੁੱਪ ਦਾ ਹਾਲ ਉਸ ਵੇਲੇ ਦੇਖਣਾ ਬਣਦਾ ਸੀ। ਸਾਡੇ ਗੁਆਂਢ ਵਿਚ ਇਸ ਗੱਲ ਦੀ ਬੜੀ ਚਰਚਾ ਹੋਈ ਸੀ ਕਿ ਆਮ ਲੋਕਾਂ ਨੇ ਬੜੇ ਵੱਡੇ ਗਰੁੱਪ ਨੂੰ ਹਰਾ ਦਿੱਤਾ ਹੈ। ਉਸ ਤੋਂ ਬਾਅਦ ਪਿੰਡ ਵਿਚ ਸਾਡੇ ਹੀ ਸਰਪੰਚ ਬਣਦੇ ਰਹੇ।
ਇਸੇ ਤਰ੍ਹਾਂ ਵਿਸ਼ਾਲ ਰੰਬਾਨੀ ਗਰੁੱਪ ਏਨਾ ਹੰਕਾਰ ਵਿਚ ਸੀ ਕਿ ਉਹ ਸਮਝ ਹੀ ਨਹੀਂ ਪਾ ਰਿਹਾ ਸੀ ਕਿ ਉਹ ਵੋਟਾਂ ਨੂੰ ਖ਼ਰਾਬ ਕਰ ਰਹੇ ਹਨ ਜਾਂ ਵੋਟਾਂ ਆਪਣੇ ਪੱਖ ਵਿਚ ਕਰ ਰਹੇ ਹਨ? ਦੋ ਵੱਖ ਵੱਖ ਪੱਤਰਕਾਰਾਂ ਦੇ ਗਰੁੱਪ ਇਕ ਆਮ ਤੇ ਇਕ ਖ਼ਾਸ ਗਰੁੱਪਾਂ ਨੂੰ ਵੱਖੋ ਵੱਖਰੀ ਸ਼ਰਾਬ ਪਿਲਾਉਣ ਨਾਲ ਵਿਸ਼ਾਲ ਰੰਬਾਨੀ ਨੇ ਆਪਣਾ ਕਾਫ਼ੀ ਨੁਕਸਾਨ ਕਰ ਲਿਆ ਸੀ, ਦੂਜਾ ਨੁਕਸਾਨ ਉਨ੍ਹਾਂ ਹੰਕਾਰ ਵਿਚ ਸਿਆਸੀ ਲੋਕਾਂ ਤੋਂ ਪੱਤਰਕਾਰਾਂ ਨੂੰ ਫ਼ੋਨ ਕਰਵਾ ਕੇ ਕਰ ਲਿਆ ਸੀ, ਇਹ ਉਹ ਸਮਝ ਹੀ ਨਹੀਂ ਸਕੇ ਸਨ ਕਿ ਪੱਤਰਕਾਰ ਕਦੇ ਵੀ ਕਿਸੇ ਦੇ ਅਧੀਨ ਨਹੀਂ ਹੁੰਦੇ, ਇਹ ਉਹ ਇਸ ਕਰਕੇ ਨਹੀਂ ਸਮਝ ਸਕੇ ਸਨ ਕਿਉਂਕਿ ਉਹ ਆਦਰਸ਼ਵਾਦੀ ਪੱਤਰਕਾਰੀ ਕਰਦੇ ਹੀ ਨਹੀਂ ਸਨ, ਉਹ ਤਾਂ ਵੱਡੇ ਨੇਤਾਵਾਂ ਤੋਂ ਵੱਡੇ ਅਧਿਕਾਰੀਆਂ ਤੋਂ ਨਿੱਜੀ ਕੰਮ ਕਰਾਉਣ ਲਈ ਪੱਤਰਕਾਰੀ ਕਰਦੇ ਆ ਰਹੇ ਸਨ ਇਸ ਕਰਕੇ ਉਨ੍ਹਾਂ ਨੂੰ ਕੀ ਪਤਾ ਕਿ ਅਸਲ ਪੱਤਰਕਾਰ ਹੁੰਦੇ ਕੌਣ ਹਨ? ਉਹ ਪੱਤਰਕਾਰ ਦੇ ਅਸਤਿਤਵ ਨੂੰ ਹੀ ਨਹੀਂ ਸਮਝ ਸਕੇ, ਪੱਤਰਕਾਰ ਭਾਵੇਂ ਛੋਟੇ ਤੇ ਘੱਟ ਛਪਣ ਵਾਲੇ ਅਖ਼ਬਾਰ ਦਾ ਹੋਵੇ ਜਾਂ ਵੱਡੇ ਵੱਧ ਛਪਣ ਵਾਲੇ ਅਖ਼ਬਾਰ ਦਾ ਹੋਵੇ, ਪਰ ਉਹ ਹੁੰਦਾ ਪੱਤਰਕਾਰ ਹੀ ਹੈ, ਉਹ ਪਿਆਰ ਵਿਚ ਤਾਂ ਸ਼ਾਇਦ ਕਿਸੇ ਦੀ ਗੱਲ ਮੰਨ ਲਵੇ ਪਰ ਜੇਕਰ ਕੋਈ ਚਾਹੇ ਦਬਾਅ ਵਿਚ ਉਸ ਨੂੰ ਆਪਣੇ ਅਧੀਨ ਕਰ ਲਵੇ ਤਾਂ ਇਹ ਭੁੱਲ ਹੁੰਦੀ ਹੈ, ਇਹ ਹੀ ਭੁੱਲ ਵਿਸ਼ਾਲ ਰੰਬਾਨੀ ਗਰੁੱਪ ਨੇ ਕੀਤੀ ਸੀ।
ਉਸ ਗਰੁੱਪ ਨੇ ਕਈ ਗ਼ਲਤੀਆਂ ਕੀਤੀਆਂ ਇਕ ਤਾਂ ਉਸ ਨੇ ਖ਼ੁਦ ਨੂੰ ਵੱਡਾ ਸਮਝਿਆ, ਦੂਜਾ ਸਿਆਸਤ ਦਾ ਚੋਣਾਂ ਵਿਚ ਦਖ਼ਲ ਕਰਾਉਣਾ, ਤੀਜਾ ਸ਼ਰਾਬ ਪਿਲਾਉਣ ਵੇਲੇ ਪੱਤਰਕਾਰਾਂ ਨੂੰ ਵੱਡਾ ਛੋਟਾ ਸਮਝਣਾ, ਚੌਥੀ ਗੱਲ ਇਹ ਸੀ ਕਿ ਵਿਸ਼ਾਲ ਨੇ ਗੁਰਪ੍ਰੀਤ ਸਿੰਘ ਚੱਠਾ ਨੂੰ ਆਮ ਸਮਝ ਲਿਆ ਸੀ, ਨਿਆਣਾ ਜਿਹਾ ਪੱਤਰਕਾਰ। ਪੰਜਵੀਂ ਗ਼ਲਤੀ ਉਸ ਨੇ ਇਹ ਕੀਤੀ ਕਿ ਇਸ ਚੋਣ ਵਿਚ ਜਾਤ ਪਾਤ ਤੇ ਜੱਟ ਬ੍ਰਾਹਮਣ ਦਾ ਪ੍ਰਵੇਸ਼ ਵੀ ਕਰ ਲਿਆ ਸੀ, ਉਹ ਆਪਣੇ ਬ੍ਰਾਹਮਣਾਂ ਪੱਤਰਕਾਰਾਂ ਨੂੰ ਇਹ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਸ ਨਾਲ ਸਾਰੇ ਬ੍ਰਾਹਮਣ ਭਰਾ ਖ਼ੁਸ਼ ਨਹੀਂ ਸਨ ਨਾ ਹੀ ਸਹਿਮਤ ਸਨ, ਉਹ ਗੁਰਪ੍ਰੀਤ ਸਿੰਘ ਚੱਠਾ ਗਰੁੱਪ ਨੂੰ ਵਿਸ਼ਾਲ ਰੰਬਾਨੀ ਦੀ ਮਾਨਸਿਕਤਾ ਬਿਆਨ ਕਰ ਦਿੰਦੇ ਸਨ।
ਜੇਕਰ ਆਪਾਂ ਅੰਗਰੇਜ਼ੀ ਅਖ਼ਬਾਰ ਦੇ ਹੀ ਪੱਤਰਕਾਰ ਦੀ ਗੱਲ ਕਰਦੇ ਹਾਂ ਤਾਂ ਦਾ ਟ੍ਰਿਬਿਊਨ ਦੇ ਇੰਚਾਰਜ ਅਮਨ ਸੂਦ ਦੇ ਵਿਰੁੱਧ ਵੀ ਰਵੇਲ ਸਿੰਘ ਭਿੰਡਰ ਨੇ ਕਾਗ਼ਜ਼ ਦਾਖਲ ਕੀਤੇ ਹੀ ਸਨ। ਪਰ ਅਮਨ ਸੂਦ ਨੇ ਬੜੀ ਸਮਝਦਾਰੀ ਨਾਲ ਰਵੇਲ ਸਿੰਘ ਭਿੰਡਰ ਤੋਂ ਕਾਗ਼ਜ਼ ਵਾਪਸ ਕਰਵਾਏ ਸਨ, ਪਰ ਇੰਜ ਵਿਸ਼ਾਲ ਰੰਬਾਨੀ ਨੇ ਨਹੀਂ ਕੀਤਾ, ਉਸ ਨੂੰ ਲਗਦਾ ਸੀ ਕਿ ਇਹ ਚੋਣ ਡੰਡੇ ਦੇ ਜ਼ੋਰ ਤੇ ਜਿੱਤੀ ਜਾ ਸਕਦੀ ਹੈ। ਪਰ ਅਜਿਹਾ ਕਰਨਾ ਤੇ ਸੋਚਣਾ ਉਸ ਦੀ ਵੱਡੀ ਗ਼ਲਤੀ ਸੀ।
ਵੋਟਾਂ ਪੈ ਗਈਆਂ ਸਨ। ਰਿਟਰਨਿੰਗ ਅਫ਼ਸਰ ਕੁਲਜੀਤ ਸਿੰਘ ਸਨ। ਵਿਸ਼ਾਲ ਰੰਬਾਨੀ ਗਰੁੱਪ ਵੀ ਸਾਡੇ ਪਿੰਡ ਵਿਚ ਵੱਡੇ ਗਰੁੱਪ ਵਾਂਗ ਬੜੇ ਹੰਕਾਰ ਵਿਚ ਸਨ ਤੇ ਗੁਰਪ੍ਰੀਤ ਸਿੰਘ ਚੱਠਾ ਦਾ ਗਰੁੱਪ ਇਹ ਜਾਣਦਾ ਸੀ ਕਿ ਜਿੱਤ ਉਸ ਦੀ ਹੋਣੀ ਹੈ ਪਰ ਉਹ
![]() |
| ਗੁਰਪ੍ਰੀਤ ਸਿੰਘ ਚੱਠਾ ਦੀ ਜਿੱਤ ਦਾ ਐਲਾਨ ਕਰਦੇ ਹੋਏ ਕੁਲਜੀਤ ਸਿੰਘ |
ਸ਼ਾਂਤ ਸੀ, ਜਦੋਂ ਨਤੀਜਾ ਐਲਾਨਿਆ ਗਿਆ, ਰਿਟਰਨਿੰਗ ਅਸਫਰ ਕੁਲਜੀਤ ਸਿੰਘ ਨੇ ਨਤੀਜਾ ਐਲਾਨ ਦਿੱਤਾ ਸੀ ਕੁੱਲ 78 ਵੋਟਾਂ ਵਿਚੋਂ 76 ਵੋਟ ਪੋਲ ਹੋਈਆਂ, ਇਕ ਪੱਤਰਕਾਰ ਨੇ ਦੋਵਾਂ ਤੇ ਹੀ ਗ਼ੁੱਸਾ ਕੱਢਿਆ ਤੇ ਉਸ ਨੇ ਦੋਵਾਂ ਚੋਣ ਨਿਸ਼ਾਨਾਂ ਤੇ ਹੀ ਕਾਟਾ ਫੇਰ ਦਿੱਤਾ ਸੀ (ਕੌਣ ਸੀ ਉਹ ਪੱਤਰਕਾਰ?) ਤੇ 75 ਵੋਟਾਂ ਵਿਚੋਂ ਗੁਰਪ੍ਰੀਤ ਸਿੰਘ ਚੱਠਾ ਨੂੰ 42 ਤੇ ਵਿਸ਼ਾਲ ਰੰਬਾਨੀ ਨੂੰ 33 ਵੋਟਾਂ ਪਈਆਂ। 9 ਵੋਟਾਂ ਦੇ ਫ਼ਰਕ ਨਾਲ ਗੁਰਪ੍ਰੀਤ ਸਿੰਘ ਚੱਠਾ ਦੀ ਜਿੱਤ ਹੋਈ। ਵਿਸ਼ਾਲ ਰੰਬਾਨੀ ਦਾ ਹਾਲ ਦੇਖਣ ਵਾਲਾ ਸੀ, ਉਸ ਨੂੰ ਗੁਰਪ੍ਰੀਤ ਸਿੰਘ ਚੱਠਾ ਮਿਲਣਾ ਚਾਹੁੰਦਾ ਸੀ ਮਿਲਿਆ ਵੀ ਪਰ ਉਹ ਝਟਕਾ ਮਾਰ ਕੇ ਆਪਣਾ ਹੱਥ ਛੁਡਾ ਕੇ ਭੱਜ ਗਿਆ ਸੀ, ਨਾਲ ਹੀ ਭਾਵੇਂ ਜਨਰਲ ਸਕੱਤਰ ਰਾਜੇਸ਼ ਪੰਜੋਲਾ ਬਣਿਆ ਸੀ ਪਰ ਉਹ ਵੀ ਨਾਲ ਹੀ ਚਲਾ ਗਿਆ ਸੀ। ਇਹ ਹਾਰ ਵਿਸ਼ਾਲ ਰੰਬਾਨੀ ਗਰੁੱਪ ਲਈ ਬੜੀ ਵੱਡੀ ਸੀ। ਇਲਾਕੇ ਵਿਚ ਚੰਡੀਗੜ੍ਹ ਤੇ ਪੰਜਾਬ ਵਿਚ ਰੌਲਾ ਪਿਆ ਸੀ ਕਿ ਵਿਸ਼ਾਲ ਰੰਬਾਨੀ ਵਰਗਾ ਹੰਕਾਰੀ ਬੰਦਾ ਪਟਿਆਲਾ ਦੇ ਪੱਤਰਕਾਰਾਂ ਨੇ ਬੁਰੀ ਤਰ੍ਹਾਂ ਹਰਾ ਦਿੱਤਾ ਹੈ। ਇੱਥੋਂ ਹੀ ਪਟਿਆਲਾ ਵਿਚ ਵਿਸ਼ਾਲ ਰੰਬਾਨੀ ਗਰੁੱਪ ਦਾ ਪਤਨ ਸ਼ੁਰੂ ਹੋਇਆ। ਇੱਥੋਂ ਹੀ ਵਿਸ਼ਾਲ ਰੰਬਾਨੀ ਬਾਰੇ ਪਟਿਆਲਾ ਦੇ ਬਿਊਰੋਕਰੇਟ ਤੇ ਸਿਆਸੀ ਸੱਤਾਧਾਰੀ ਲੀਡਰਾਂ ਨੂੰ ਪਤਾ ਲੱਗਾ ਕਿ ਇਸ ਦੀ ਕੀ ਔਕਾਤ ਹੈ, ਭਾਂਡਾ ਢਕਿਆ ਹੋਇਆ ਸੀ ਵਿਸ਼ਾਲ ਰੰਬਾਨੀ ਦੀ ਤਾਕਤ ਦਾ, ਪਰ ਉਹ ਭਾਂਡਾ ਹੁਣ ਖੁੱਲ ਗਿਆ ਸੀ ਤਾਂ ਸਾਰੇ ਜਾਣ ਗਏ ਸਨ ਕਿ ਜੇਕਰ ਗੁਰਪ੍ਰੀਤ ਸਿੰਘ ਚੱਠਾ ਵਰਗਾ ਗਰੁੱਪ ਇਸ ਨੂੰ ਹਰਾ ਸਕਦਾ ਹੈ ਤਾਂ ਬਾਕੀ ਕੀ ਰਹਿ ਗਿਆ। ਪਟਿਆਲਾ ਵਿਚ ਵਿਸ਼ਾਲ ਰੰਬਾਨੀ ਗਰੁੱਪ ਦੀ ਹੋਂਦ ਧੁੰਦਲੀ ਪੈਣੀ ਸ਼ੁਰੂ ਹੋਈ। ਕਈ ਸਾਰੇ ਲੋਕਾਂ ਨੇ ਗੁਰਪ੍ਰੀਤ ਸਿੰਘ ਚੱਠਾ ਨੂੰ ਇਸ ਗੱਲੋਂ ਵਧਾਈ ਦਿੱਤੀ ਕਿ ਤੁਸੀਂ ਇਕ ਵਿਗੜੇ ਹੋਏ ਸਾਂਢ ਨੂੰ ਨਕੇਲ ਹੀ ਨਹੀਂ ਪਾਈ ਸਗੋਂ ਉਸ ਨੂੰ ਜੰਗਲ ਦਾ ਰਸਤਾ ਦਿਖਾ ਦਿੱਤਾ ਹੈ।
ਬਾਕੀ ਅਗਲੇ ਭਾਗ ਵਿਚ..ਇਹ ਇਤਿਹਾਸ ਸਮਾਪਤੀ ਵੱਲ ਵਧ ਰਿਹਾ ਹੈ ਕੁਝ ਕੁ ਅਹਿਮ ਘਟਨਾਵਾਂ ਰਹਿ ਗਈਆਂ ਹਨ ਅਗਲੇ ਭਾਗ ਵਿਚ ਸਪਸ਼ਟ ਕਰਾਂਗੇ... ਪੜ੍ਹਦੇ ਰਹਿਣਾ
ਨੋਟ : ਹੋ ਸਕਦਾ ਹੈ ਕਿ ਪੱਤਰਕਾਰੀ ਦਾ ਇਤਿਹਾਸ ਲਿਖਣ ਲੱਗਿਆਂ ਕਿਤੇ ਕੋਈ ਸੂਚਨਾ ਜਾਂ ਘਟਨਾ ਗ਼ਲਤ ਲਿਖ ਦਿੱਤੀ ਹੋਵੇ, ਸ਼ਾਇਦ ਜਿਸ ਦੀ ਸੂਚਨਾ ਮੇਰੇ ਕੋਲ ਅਧੂਰੀ ਹੋਵੇ, ਕਿਸੇ ਕੋਲ ਹੋਰ ਜਾਣਕਾਰੀ ਹੋਵੇ ਜਾਂ ਫਿਰ ਸਹੀ ਘਟਨਾ ਦਾ ਵੇਰਵਾ ਹੋਵੇ ਤਾਂ ਕਿਰਪਾ ਕਰਕੇ ਬਲਾਗ ਦੇ ਹੇਠਾਂ ਟਿੱਪਣੀ ਕਰ ਸਕਦਾ ਹੈ, ਜਾਂ ਮੇਰੇ ਹੇਠਾਂ ਦਿੱਤੇ ਮੋਬਾਇਲ ਨੰਬਰ ਤੇ ਫ਼ੋਨ ਕਰਕੇ ਦੱਸ ਸਕਦਾ ਹੈ। ਬਲਾਗ ਵਿਚ ਸੋਧ ਕੀਤੀ ਜਾਵੇਗੀ, ਕੋਈ ਵੀ ਗੱਲ ਆਖ਼ਰੀ ਸੱਚ ਨਹੀਂ ਹੁੰਦੀ। ਇਤਿਹਾਸਕ ਘਟਨਾਵਾਂ ਵਿਚ ਕੁਝ ਮਿੱਤਰਾਂ ਦੋਸਤਾਂ ਨੂੰ ਗ਼ੁੱਸਾ ਵੀ ਆ ਸਕਦਾ ਹੈ ਮੈਂ ਉਨ੍ਹਾਂ ਤੋਂ ਮਾਫ਼ੀ ਮੰਗਦਾ ਹਾਂ...
ਮੇਰਾ ਮੋਬਾਇਲ ਨੰਬਰ : 8146001100












No comments:
Post a Comment