Monday, October 19, 2026

ਵਿਦਵਾਨ ਰਾਵਣ ਬਦ ਸੀ! ਤੇ ਸ੍ਰੀ ਰਾਮ ਮਰਿਆਦਾ ਪੁਰਸ਼ੋਤਮ!

 ਦਸਹਿਰੇ ਦੀ ਮੁਬਾਰਕ...



ਗੁਰਨਾਮ ਸਿੰਘ ਅਕੀਦਾ

ਕੀ ਰਾਵਣ ਬਦ ਸੀ? ਤਾਂ ਹੀ ਤਾਂ ਅੱਜ ਦਸਹਿਰੇ ਵਾਲੇ ਦਿਨ ਬਦੀ ’ਤੇ ਨੇਕੀ ਦੀ ਜਿੱਤ ਦਾ ਪਰਬ ਮਨਾਇਆ ਜਾਂਦਾ ਹੈ। ਰਾਵਣ ਨੂੰ ਚਾਰ ਵੇਦਾਂ ਦਾ ਵਿਖਿਆਕਾਰ ਕਿਹਾ ਜਾਂਦਾ ਹੈ। ਅੱਜ ਸੂਰਜੀ ਉਰਜਾ ਨਾਲ ਲਾਇਟਾਂ ਮੱਚਦੀਆਂ ਹਨ, ਸੂਰਜੀ ਉਰਜਾ ਨਾਲ ਕਈ ਸਾਰੇ ਕੰਮ ਹੋ ਰਹੇ ਹਨ, ਪਰ ਰਾਵਣ ਨੇ ਉਸ ਵੇਲੇ ਜਦੋਂ ਤ੍ਰੇਤਾ ਯੁੱਗ ਸੀ ਤਾਂ ਸੂਰਜੀ ਉਰਜਾ ਦੀ ਵਰਤੋਂ ਕਰ ਲਈ ਸੀ, ਸੂਰਜ ਉਸ ਦੀ ਰਸੋਈ ਕਰਦਾ ਹੁੰਦਾ ਸੀ, ਭਾਵ ਸੂਰਜੀ ਉਰਜਾ ਨਾਲ ਉਸ ਦਾ ਰਸੋਈਖਾਨਾ ਮਾਲਾਮਾਲ ਸੀ।

‘ਚੰਦੁ ਸੂਰਜੁ ਜਾ ਕੇ ਤਪਤ ਰਸੋਈ ॥ ਬੈਸੰਤਰੁ ਜਾ ਕੇ ਕਪਰੇ ਧੋਈ ॥੩॥’ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 481

ਚੰਦ ਸੂਰਜ ਜਿਸ ਦੀ ਰਸੋਈ ਕਰਦੇ ਸਨ, ਉਹ ਕਿੰਨਾ ਕੁ ਮਹਾਨ ਹੋਵੇਗਾ? ਇਹ ਸਵਾਲ ਸਾਡੇ ਸਿਰ ’ਤੇ ਹਮੇਸ਼ਾਂ ਹੀ ਖੜਾ ਰਹਿੰਦਾ ਹੈ। ਇਕ ਗੱਲ ਹੋਰ ਕਿ ਕਿਹੋ ਜਿਹਾ ਉਸ ਦਾ ਵਿਵਹਾਰ ਹੋਵੇਗਾ ਔਰਤਾਂ ਪ੍ਰਤੀ ਕਿ ਉਸ ਦਾ ਪਰਿਵਾਰ ਵੀ ਬਹੁਤ ਵੱਡਾ ਸੀ, 

‘ਇਕੁ ਲਖੁ ਪੂਤ ਸਵਾ ਲਖੁ ਨਾਤੀ ॥ ਤਿਹ ਰਾਵਨ ਘਰ ਦੀਆ ਨ ਬਾਤੀ ॥੨॥ ’ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 481

ਪਤਨੀਆਂ ਪ੍ਰਤੀ ਉਸ ਦੀ ਕਿਹੋ ਜਿਹੀ ਪਿਆਰ ਭਰੀ ਦਾਤ ਹੋਵੇਗੀ ਕਿ ਪਤਨੀਆਂ ਨੇ ਉਸ ਲਈ ਇਕ ਲੱਖ ਪੁੱਤਰ ਨੂੰ ਜਨਮ ਦਿੱਤਾ। 


ਰਾਵਣ ਦੀ ਭੈਣ ਸਰੂਪਨਖਾ, ਬਹੁਤ ਖੂਬਸੂਰਤ ਸੀ, ਸਰੂਪਨਖਾ ਭਾਵ ਕਿ ਬਹੁਤ ਹੀ ਖੂਬਸੂਰਤ ਨੱਕ ਵਾਲੀ, ਲਛਮਣ ਉਸ ਨੂੰ ਪਸੰਦ ਆਗਿਆ,  ਉਸ ਨੇ ਲਛਮਣ ਤੋਂ ਪਿਆਰ ਦੀ ਮੰਗ ਕੀਤੀ, ਪਰ ਲਛਮਣ ਨੇ ਉਸ ਦਾ ਖੂਬਸੂਰਤ ਨੱਕ ਹੀ ਕੱਟ ਦਿੱਤਾ। ਭਾਵੇਂ ਕਿ ਸ੍ਰੀ ਰਾਮ ਕੋਲ ਵੀ ਸਰੂਪਨਖਾ ਗਈ ਸੀ, ਸ੍ਰੀ ਰਾਮ ਲਛਮਣ ਨੂੰ ਔਰਤ ਤੋਂ ਦੂਰ ਰਹਿਣ ਦਾ ਤਰੀਕਾ ਦੱਸ ਸਕਦੇ ਸਨ। ਪਰ ਨਹੀਂ ਸਰੂਪਨਖਾ ਦਾ ਲਛਮਣ ਨੇ ਨੱਕ ਹੀ ਕੱਟ ਦਿੱਤਾ। 

"ਤਿਸੁ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥"  ਸ੍ਰੀ ਗੁਰੂ ਗ੍ਰੰਥ ਸਾਹਿਬ (ਆਸਾ ਦੀ ਵਾਰ)

ਸਾਡੇ ਸਿਖਿਆ ਦਿੱਤੀ ਹੈ ਕਿ ਔਰਤ ਦਾ ਸਤਿਕਾਰ ਕਰਨ ਹੀ ਪੁਰਸ਼ ਦਾ ਮੁਢਲਾ ਧਰਮ ਹੈ। ਜੇਕਰ ਔਰਤ ਤੁਹਾਡੇ ਪ੍ਰਤੀ ਅਕਰਸ਼ਿਤ ਹੋ ਗਈ ਤਾਂ ਔਰਤ ਨੂੰ ਸਮਝਾਇਆ ਜਾ ਸਕਦਾ ਹੈ, ਪਰ ਔਰਤ ਦੇ ਪਿਆਰ ਮੰਗਣ ਦੀ ਲਾਲਸਾ ਉਸ ਦਾ ਨੱਕ ਕੱਟ ਕੇ ਉਸ ਨੂੰ ਕਰੂਪ ਕਰਨਾ ਕਦਾਚਿਤ ਵੀ ਸਹੀ ਨਹੀਂ ਕਿਹਾ, ਸਾਡੇ ਭਾਰਤ ਵਿਚ ਤਾਂ ਔਰਤ ਤੇ ਹੱਥ ਚੁੱਕਣ ਵਾਲੇ ਨੂੰ ਵੀ ਚੰਗਾ ਨਹੀਂ ਕਿਹਾ ਜਾਂਦਾ, ਪਰ ਲਛਮਣ ਨੇ ਸਰੂਪਨਖਾ ਦਾ ਨੱਕ ਹੀ ਕੱਟ ਦਿੱਤਾ। ਸਾਡੇ ਸਮਾਜ ਵਿਚ ਭੈਣ ਤੇ ਭਰਾ ਦੇ ਨਾਮ ਤੇ ਤਿਉਹਾਰ ਤੱਕ ਬਣੇ ਹੋਏ ਹਨ, ‘ਰੱਖੜੀ ਦਾ ਤਿਉਹਾਰ’। ਭੈਣਾ ਤੇ ਭਰਾਵਾਂ ਦਾ ਐਨਾ ਪਿਆਰ ਹੈ, ਭੈਣ ਸਰੂਪਨਖਾ ਜਦੋਂ ਰੋਈ ਜਾਕੇ ਰਾਵਣ ਕੋਲ ਤਾਂ ਸੁਭਾਵਕ ਹੈ ਕਿ ਭੈਣ ਦਾ ਨੱਕ ਕੱਟਿਆ ਦੇਖ ਕੇ ਗੁੱਸਾ ਆਉਣਾ ਹੀ ਸੀ। ਰਾਵਣ ਸੀਤਾ ਮਾਤਾ ਨੂੰ ਲੈ ਆਇਆ। ਸੀਤਾ ਮਾਤਾ ਦੀ ਇੱਜਤ ਨੂੰ ਹੱਥ ਨਾ ਪਾਇਆ ਸਗੋਂ ਅਸ਼ੋਕ ਵਾਟਿਕਾ ਵਿਚ ਮਹਿਲਾਂ ਤੋਂ ਦੂਰ ਉਸ ਦਾ ਠਹਿਰਾ ਕੀਤਾ ਜਿਥੇ ਔਰਤਾਂ ਨੂੰ ਹੀ ਉਸ ਦੀ ਦੇਖ ਰੇਖ ਵਿਚ ਸੇਵਾ ਕਰਨ ਲਈ ਲਗਾਇਆ ਗਿਆ। ਰਾਵਣ ਦੇ ਚੰਗੇਪਣ ਦੇ ਬਹੁਤ ਕਿੱਸੇ ਇਥੇ ਵਰਣਨ ਕੀਤਾ ਜਾ ਸਕਦੇ ਹਨ।

ਹੁਣ ਗੱਲ ਕਰਦੇ ਹਾਂ ਮਰਿਆਦਾ ਪ੍ਰਸ਼ੋਤਮ ਸ੍ਰੀ ਰਾਮ ਜੀ ਦੀ!

ਕਿੰਨਾ ਵੱਡਾ ਜੰਗ ਯੁੱਧ ਹੋਇਆ, ਰਾਵਣ ਨੂੰ ਮਾਰਨ ਲਈ, ਇਥੋਂ ਤੱਕ ਕਿ ਬਾਲੀ ਜਿਹੇ ਬਲਸ਼ਾਲੀ ਸ਼ੂਰਮੇ ਨੂੰ ਸ੍ਰੀ ਰਾਮ ਨੇ ਧੋਖੇ ਨਾਲ ਮਾਰਿਆ। ‌ਸ਼ਿਵਜੀ ਦੇ ਭਗਤ ਰਾਵਣ ਨੂੰ ਮਾਰ ਕੇ ਸੀਤਾ ਮਾਤਾ ਨੂੰ ਲਿਆਂਦਾ ਗਿਆ, ਪਰ ਕਿਸੇ ਘਟੀਆ ਬੰਦੇ ਦੇ ਕਹਿਣ ਤੇ ਸੀਤਾ ਮਾਤਾ ਨੂੰ ਘਰੋਂ ਕੱਢਣ ਦਾ ਹੁਕਮ ਸ੍ਰੀ ਰਾਮ ਨੇ ਹੀ ਦਿੱਤਾ। 

तत्रैतां विजने देशे विसृज्य रघुनन्दन।

शीघ्रमागच्छ सौमित्रे कुरुष्व वचनं मम।  ਵਾਲਮੀਕਿ ਰਾਮਾਇਣ, ਉੱਤਰ ਕਾਂਡ, ਸਰਗ 45, ਸ਼ਲੋਕ 17–19 

ਅਰਥਾਤ : ਹੇ ਰਘੂਨੰਦਨ ਲਕਸ਼ਮਣ! ਸੀਤਾ ਨੂੰ ਉਸ ਸੁੰਨਸਾਨ ਸਥਾਨ ਵਿੱਚ ਛੱਡ ਕੇ ਜਲਦੀ ਵਾਪਸ ਆ ਜਾਣਾ। ਮੇਰੇ ਹੁਕਮ ਦੀ ਪਾਲਣਾ ਕਰਨੀ। 

ਕਮਾਲ ਦਾ ਤੱਥ ਇਥੇ ਇਹ ਵੀ ਆਉਂਦਾ ਹੈ ਕਿ ਲਛਮਣ ਸੀਤਾ ਮਾਤਾ ਨੂੰ ਪਵਿੱਤਰ ਦੱਸਦੇ ਹਨ ਜਿਵੇਂ ਕਿ 

सा त्वं त्यक्ता नृपतिना निर्दोषा मम संनिधौ।

पौरापवादभीतेन ग्राह्यं देवि न तेऽन्यथा।  ਉੱਤਰ ਕਾਂਡ, ਸਰਗ 47, ਸ਼ਲੋਕ 13–14 

ਅਰਥਾਤ : ਲਛਮਣ ਕਹਿੰਦੇ ਹਨ ਹੇ ਦੇਵੀ! ਮੇਰੇ ਜਾਣਨ ਅਨੁਸਾਰ ਤੁਸੀਂ ਨਿਰਦੋਸ਼ ਹੋ, ਫਿਰ ਵੀ ਰਾਜੇ ਨੇ ਲੋਕਾਂ ਦੀ ਨਿੰਦਿਆ ਦੇ ਡਰ ਕਾਰਨ ਤੁਹਾਡਾ ਤਿਆਗ ਕਰ ਦਿੱਤਾ ਹੈ। ਤੁਸੀਂ ਇਸ ਗੱਲ ਦਾ ਕੋਈ ਹੋਰ ਅਰਥ ਨਾ ਕੱਢਣਾ। 

ਇਥੋਂ ਤੱਕ ਕਿ ਸ੍ਰੀ ਰਾਮ ਖੁੱਦ ਉੱਤਰ ਕਾਂਡ, ਸਰਗ 45, ਸ਼ਲੋਕ 10  ਵਿਚ ਸੀਤਾ ਮਾਤਾ ਨੂੰ ਪਵਿੱਤਰ ਕਹਿੰਦੇ ਹਨ

अन्तरात्मा च मे वेत्ति सीतां शुद्धां यशस्विनीम्। 

ਅਰਥਾਤ : ਮੇਰੀ ਅੰਤਰ-ਆਤਮਾ ਵੀ ਜਾਣਦੀ ਹੈ ਕਿ ਯਸ਼ਸਵਿਨੀ ਸੀਤਾ ਪਵਿੱਤਰ ਹੈ। 

ਫਿਰ ਵੀ ਸ੍ਰੀ ਰਾਮ ਲੋਕਾਂ ਦੀ ਨਿੰਦਿਆਂ ਕਰਕੇ ਇਕ ਬੇਵਕੂਫ ਇਨਸਾਫ ਵਲੋਂ ਆਖੇ ਸ਼ਬਦਾਂ ਕਰਕੇ ਸੀਤਾ ਮਾਤਾ ਜਦੋਂ ਕ‌ਿ ਉਹ ਗਰਭਵਤੀ ਵੀ ਸੀ ਘਰੋਂ ਕੱਢ ਦਿੰਦੇ ਹਨ। ਤਾਂ ਸਮਝ ਲਿਆ ਜਾਣਾ ਚਾਹੀਦਾ ਹੈ ਕਿ ਔਰਤਾਂ ਪ੍ਰਤੀ ਕਿੰਨਾ ਕੁ ਸਤਿਕਾਰ ਹੋਵੇਗਾ ਸ੍ਰੀ ਰਾਮ ਦਾ?

ਕੀ ਸ੍ਰੀ ਰਾਮ ਮਰਿਆਦਾ ਪ੍ਰਸ਼ੋਤਮ ਸਨ? ਇਹ ਸਵਾਲ ਸਾਡੇ ਦਿਮਾਗ ਵਿਚ ਵਾਰ ਵਾਰ ਘਰ ਕਰ ਜਾਂਦਾ ਹੈ। ਤਾਂ ਫਿਰ ਸ੍ਰੀ ਰਾਮ ਦੇ ਰਾਜ ਵਿਚ ਹਰ ਇਕ ਔਰਤ ਤੇ ਬੰਦਾ ਖੁਸ਼ ਹੋਣਾ ਚਾਹੀਦਾ ਹੈ। ਮਹਾਂਰਿਸ਼ੀ ਵਾਲਮੀਕ ਜੀ ਦੀ ਰਮਾਇਣ ਵਿਚ ਜ਼ਿਕਰ ਮਿਲਦਾ ਹੈ, 

मणिमुक्ताप्रवालांस्तु दास्यो रूपसमन्विताः । ਉੱਤਰ ਕਾਂਡ ਦੇ ਸਰਗ 39, ਸ਼ਲੋਕ 10 

ਅਰਥਾਤ : ਇਸ ਪ੍ਰਸੰਗ ਵਿੱਚ ਵੱਖ-ਵੱਖ ਰਾਜਿਆਂ ਵੱਲੋਂ ਸ੍ਰੀ ਰਾਮ ਨੂੰ ਭੇਟਾਂ ਭੇਜਣ ਦਾ ਵਰਣਨ ਹੈ। ਭੇਟਾਂ ਵਿੱਚ ਰਤਨਾਂ, ਹਾਥੀਆਂ ਅਤੇ ਹੋਰ ਵਸਤਾਂ ਦੇ ਨਾਲ ਸੁੰਦਰ ਦਾਸੀਆਂ ਵੀ ਸ਼ਾਮਲ ਸਨ।

ਭਾਵ ਕਿ ਸੁੰਦਰ ਦਾਸੀਆਂ ਵੀ ਸ੍ਰੀ ਰਾਮ ਦੇ ਰਾਜ ਵਿਚ ਭੇਟ ਕੀਤੀਆਂ ਗਈਆਂ, ਇਸ ਦਾ ਮਤਲਬ ਹੈ ਕਿ ਸ੍ਰੀ ਰਾਮ ਦੇ ਰਾਜ ਵਿਚ ਸੁੰਦਰ ਕੰਨਿਆਂ ਦੀ ਮੰਡੀ ਲੱਗਦੀ ਸੀ, ਤੱਥ ਇਹ ਵੀ ਮਿਲਦੇ ਹਨ ਜਿਵੇਂ ਮਜ਼ਦੂਰਾਂ ਸੇਵਕਾਂ ਦਾਸਾਂ ਦੀ ਮੰਡੀ ਲੱਗਦੀ ਸੀ ਤੇ ਪੁਰਸ਼ ਵੇਚੇ ਖ੍ਰੀਦੇ ਜਾਂਦੇ ਸਨ ਉਸੇ ਤਰ੍ਹਾਂ ਸੁੰਦਰ ਕੰਨਿਆਂ ਔਰਤਾਂ ਦੀ ਮੰਡੀ ਵੀ ਲੱਗਦੀ ਸੀ। ਇਥੋਂ ਤੱਕ ਵੀ ਤੱਥ ਮਿਲਦੇ ਹਨ ਕਿ ਰਿਸ਼ੀ ਮੁੰਨੀ ਰਾਜੇ ਮਹਾਰਾਜੇ ਬ੍ਰਹਮਣ ਵੀ ਔਰਤਾਂ ਨੂੰ ਖ੍ਰੀਦ ਵੇਚਦੇ ਸਨ। 

ਇਸੇ ਤਰ੍ਹਾਂ ਰਮਾਇਣ ਵਿਚੋਂ ਹੀ ਹੋਰ ਤੱਥ ਵੀ ਮਿਲਦੇ ਹਨ ਕਿ ਜਿਵੇਂ ਔਰਤਾਂ ਨਾਲ ਵਿਤਕਰੇ ਦੀਆਂ ਕਹਾਣੀਆਂ ਹਨ ਉਸੇ ਤਰ੍ਹਾਂ ਸ਼ੂਦਰਾਂ ਨਾਲ ਵੀ ਬਹੁਤ ਮਾੜਾ ਵਿਵਹਾਰ ਕੀਤਾ ਜਾਂਦਾ ਸੀ। ਉਸ ਦੇ ਵੀ ਸਬੂਤ ਰਮਾਇਣ ਵਿਚ ਹੀ ਮਿਲਦੇ ਹਨ। 

ਵਾਲਮੀਕਿ ਰਾਮਾਇਣ, ਉੱਤਰ ਕਾਂਡ, ਸਰਗ 76 ਵਿਚ ਦਰਜ ਹੈ : ਕਥਾ ਅਨੁਸਾਰ ਇੱਕ ਬ੍ਰਾਹਮਣ ਦਾ ਪੁੱਤਰ ਮਰ ਜਾਂਦਾ ਹੈ। ਰਿਸ਼ੀ ਨਾਰਦ ਸ੍ਰੀ ਰਾਮ ਨੂੰ ਦੱਸਦੇ ਹਨ ਕਿ ਉਨ੍ਹਾਂ ਦੇ ਰਾਜ ਵਿੱਚ ਇੱਕ ਸ਼ੂਦਰ ਤਪੱਸਿਆ ਕਰ ਰਿਹਾ ਹੈ ਅਤੇ ਇਸ ਨੂੰ ਉਸ ਸਮੇਂ ਦੀ ਵਰਣ-ਵਿਵਸਥਾ ਦੇ ਵਿਰੁੱਧ ਮੰਨਿਆ ਗਿਆ ਹੈ। ਇਸ ਤੋਂ ਬਾਅਦ ਸ੍ਰੀ ਰਾਮ ਉਸ ਤਪੱਸਵੀ ਕੋਲ ਜਾਂਦੇ ਹਨ।

ਸ਼ੰਬੂਕ ਆਪਣੀ ਪਛਾਣ ਦੱਸਦਾ ਹੈ

ਉੱਤਰ ਕਾਂਡ 76.2 ਵਿੱਚ ਸ਼ੰਬੂਕ ਕਹਿੰਦਾ ਹੈ:

शूद्रयोन्यां प्रसूतोऽस्मि शम्बूको नाम नामतः। ਅਰਥ: ਮੈਂ ਸ਼ੂਦਰ ਕੁਲ ਵਿੱਚ ਪੈਦਾ ਹੋਇਆ ਹਾਂ। ਮੇਰਾ ਨਾਮ ਸ਼ੰਬੂਕ ਹੈ।

ਉਹ ਦੱਸਦਾ ਹੈ ਕਿ ਉਹ ਸਰੀਰ ਸਮੇਤ ਦੇਵਤਵ ਪ੍ਰਾਪਤ ਕਰਨ ਲਈ ਤਪੱਸਿਆ ਕਰ ਰਿਹਾ ਹੈ।

ਉੱਤਰ ਕਾਂਡ 76.4:

भाषतस्तस्य शूद्रस्य खड्गं सुरुचिरप्रभम् ।

निष्कृष्य कोशाद्विमलं शिरश्चिच्छेद राघवः ॥

ਅਰਥਾਤ : ਜਦੋਂ ਉਹ ਸ਼ੂਦਰ ਬੋਲ ਹੀ ਰਿਹਾ ਸੀ, ਰਾਘਵ ਨੇ ਆਪਣੀ ਚਮਕਦੀ ਤਲਵਾਰ ਮਿਆਨ ਵਿੱਚੋਂ ਕੱਢ ਕੇ ਉਸ ਦਾ ਸਿਰ ਕੱਟ ਦਿੱਤਾ। ਇਸ ਤੋਂ ਇਹ ਨਤੀਜਾ ਕੱਢਿਆ ਜਾਂਦਾ ਹੈ ਕਿ ਸ੍ਰੀ ਰਾਮ ਦਾ ਰਾਜ ਬ੍ਰਾਹਮਣ ਰਾਜ ਸੀ। ਇਨਸਾਨੀਅਤ ਦਾ ਰਾਜ ਨਹੀਂ ਸੀ।

ਸ੍ਰੀ ਰਾਮ ਦੇ ਰਾਜ ਵਿਚ ਜਿਵੇਂ ਸ਼ਾਸ਼ਤਰਾਂ ਵਿਚ ਪ੍ਰਮਾਣ ਮਿਲਦੇ ਹਨ : ਔਰਤ ਮਰਦ ਵੇਚੇ ਜਾਂਦੇ ਸਨ, ਰਮਾਇਣ ਦੇ ਪ੍ਰਚਲਤ ਉਤਰ ਕਾਂਡ ਵਿਚ ਦਰਜ ਹੈ ਕਿ ਦਾਸੀਆਂ ਭੇਂਟ ਕੀਤੀਆਂ ਜਾਂਦੀਆਂ ਸਨ। ਸ਼ੂਦਰਾਂ ਨਾਲ ਵਿਤਕਰਾ ਜਿਥੇ ਮੰਨੂ ਸਿਮਰਿਤੀ ਵਿਚ ਦਰਜ ਮਿਲਦਾ ਹੈ ਉਥੇ ਹੀ ਰਮਾਇਣ ਵਿਚ ਵੀ ਮਿਲਦਾ ਹੈ। 

ਬੰਦੇ ਔਰਤਾਂ ਵੇਚਣ ਦੀ ਕਹਾਣੀ ਤਾਂ ਖੈਰ : ਮਾਰਕੰਡੇਯ ਪੁਰਾਣ, ਅਧਿਆਇ 8 ਵੀ ਦਰਜ ਹੈ : ਰਿਸ਼ੀ ਵਿਸ਼ਵਾਮਿੱਤਰ ਨੇ ਰਾਜਾ ਹਰੀਸ਼ਚੰਦਰ ਤੋਂ ਦਕਸ਼ਿਣਾ ਮੰਗੀ। ਦਕਸ਼ਿਣਾ ਦੇਣ ਲਈ ਹਰੀਸ਼ਚੰਦਰ ਕੋਲ ਧਨ ਨਹੀਂ ਸੀ। ਹਰੀਸ਼ਚੰਦਰ ਨੇ ਕਾਸ਼ੀ ਵਿੱਚ ਆਪਣੀ ਪਤਨੀ ਨੂੰ ਵੇਚਣ ਦੀ ਪੇਸ਼ਕਸ਼ ਕੀਤੀ। ਇੱਕ ਬ੍ਰਾਹਮਣ ਨੇ ਉਸ ਦੀ ਪਤਨੀ ਅਤੇ ਪੁੱਤਰ ਨੂੰ ਖ਼ਰੀਦ ਲਿਆ।ਬਾਅਦ ਵਿੱਚ ਹਰੀਸ਼ਚੰਦਰ ਖ਼ੁਦ ਵੀ ਇੱਕ ਚੰਡਾਲ ਦਾ ਦਾਸ ਬਣ ਗਿਆ।

ਸੰਪਰਕ : 8146001100


No comments:

Post a Comment

ਵਿਦਵਾਨ ਰਾਵਣ ਬਦ ਸੀ! ਤੇ ਸ੍ਰੀ ਰਾਮ ਮਰਿਆਦਾ ਪੁਰਸ਼ੋਤਮ!

 ਦਸਹਿਰੇ ਦੀ ਮੁਬਾਰਕ... ਗੁਰਨਾਮ ਸਿੰਘ ਅਕੀਦਾ ਕੀ ਰਾਵਣ ਬਦ ਸੀ? ਤਾਂ ਹੀ ਤਾਂ ਅੱਜ ਦਸਹਿਰੇ ਵਾਲੇ ਦਿਨ ਬਦੀ ’ਤੇ ਨੇਕੀ ਦੀ ਜਿੱਤ ਦਾ ਪਰਬ ਮਨਾਇਆ ਜਾਂਦਾ ਹੈ। ਰਾਵਣ ਨੂੰ ਚਾ...