Tuesday, January 13, 2026

... ਫੇਰ ਪੱਤਰਕਾਰਾਂ ਦੀਆਂ ਸਿਫ਼ਾਰਸ਼ਾਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮੰਨਣੀਆਂ ਬੰਦ ਕਰ ਗਏ ਸਨ!

ਪੱਤਰਕਾਰੀ ਦਾ ਇਤਿਹਾਸ ਭਾਗ-16

ਲੇਖਕ : ਗੁਰਨਾਮ ਸਿੰਘ ਅਕੀਦਾ


    ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਪੰਜਾਬੀ ਯੂਨੀਵਰਸਿਟੀ ਦੇ ਤਤਕਾਲੀ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੇ ਦਫ਼ਤਰ ਵਿਚ ਦਾਖਲ ਹੋਣ ਲਈ ਮੈਨੂੰ ਕੋਈ ਨਹੀਂ ਰੋਕਦਾ ਸੀ, ਪਰ ਫਿਰ ਵੀ ਮੈਂ ਤਹਿਜ਼ੀਬ-ਪੂਰਵਕ ਪੀਅਨ ਨੂੰ ਪੁੱਛ ਲੈਂਦਾ ਸੀ ਕਿ ਕੋਈ ਜ਼ਰੂਰੀ ਮੀਟਿੰਗ ਤਾਂ ਨਹੀਂ ਚੱਲ ਰਹੀ? ਜ਼ਰੂਰੀ ਮੀਟਿੰਗ ਭਾਵ ਕੋਈ ਗੁਪਤ , ਪਰ ਮੈਂ ਅੰਦਰ ਵੜ ਜਾਂਦਾ ਸੀ, ਤੇ ਜੇਕਰ ਕੋਈ ਮੀ‌ਟਿੰਗ ਚੱਲ ਰਹੀ ਹੈ ਤਾਂ ਮੈਂ ਇਕ ਪਾਸੇ ਲੱਗੇ ਸੋਫ਼ਿਆਂ ਤੇ ਬੈਠ ਜਾਂਦਾ ਸੀ, ਇਕ ਦਿਨ ਕੀ ਹੋਇਆ ਕਿ ਮੈਂ ਵਾਈਸ ਚਾਂਸਲਰ ਦੇ ਦਫ਼ਤਰ ਵਿਚ ਗਿਆ ਤੇ ਪੀਅਨ ਨੂੰ ਪੁੱਛਿਆ ਕਿ ਅੰਦਰ ਕੋਈ ਖ਼ਾਸ ਮੀ‌ਟਿੰਗ ਤਾਂ ਨਹੀਂ ਚੱਲ ਰਹੀ? ਤਾਂ ਪੀਅਨ ਨੇ ਕਿਹਾ ‘‘ਸਰ ਤੁਹਾਡੇ ਹੀ ਪੱਤਰਕਾਰ ਅੰਦਰ ਬੈਠੇ ਹਨ..’’ ਮੈਂ ਜਦੋਂ ਹੀ ਅੰਦਰ ਵੜਿਆ ਤਾਂ ਅੰਦਰ ਸੱਚੀ ਮੁਚੀ ਸਾਡੇ ਵੱਡੇ ਅਖ਼ਬਾਰਾਂ ਦੇ ਪੱਤਰਕਾਰ ਬੈਠੇ ਸਨ,

ਜਿਨ੍ਹਾਂ ਵਿਚ ਰਾਜੇਸ਼ ਪੰਜੋਲਾ, ਵਿਸ਼ਾਲ ਰੰਬਾਨੀ, ਗਗਨਦੀਪ ਸਿੰਘ ਅਹੂਜਾ, ਬਲਜਿੰਦਰ ਸ਼ਰਮਾ ਤੇ ਦੋ ਹੋਰ ਪੱਤਰਕਾਰ ਉਨ੍ਹਾਂ ਦੇ ਮੈਨੂੰ ਨਾਮ ਨਹੀਂ ਯਾਦ ਆ ਰਹੇ। ਮੈਨੂੰ ਸ਼ਾਇਦ ਯਾਦ ਨਹੀਂ ਉੱਥੇ ਸਾਡੇ ਇੰਗਲਿਸ਼ ਟ੍ਰਿਬਿਊਨ ਦੀ ਸਟਾਫ਼ ਰਿਪੋਰਟਰ ਗਗਨ ਤੇਜਾ ਵੀ ਬੈਠੀ ਸੀ, ਪੱਕਾ ਇਸ ਕਰਕੇ ਨਹੀਂ ਮੈਂ ਕਹਿ ਰਿਹਾ ਕਿਉਂਕਿ ਮੇਰੇ ਚੇਤੇ ਵਿਚ ਇਹ ਗੱਲ ਨਿਕਲ ਰਹੀ ਹੈ। ਪਰ ਹਾਂ ਗਗਨਦੀਪ ਸਿੰਘ ਅਹੂਜਾ ਬਾਰੇ ਮੈਂ ਅੱਜ ਤੱਕ ਨਹੀਂ ਸਮਝ ਸਕਿਆ, ਉਸ ਦਾ ਸੁਭਾਅ ਇਕ ਭੇਦ ਹੀ ਹੈ ਮੇਰੇ ਵਾਸਤੇ, ਉਸ ਦਾ ਸੁਭਾਅ ਮੈਨੂੰ ਪ੍ਰਕਾਸ਼ ਸਿੰਘ ਬਾਦਲ ਵਰਗਾ ਲੱਗਦਾ ਹੈ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦੇ ਅੰਦਰ ਦਾ ਕੋਈ ਭੇਦ ਨਹੀਂ ਪਾ ਸਕਦਾ ਸੀ, ਇਸੇ ਤਰ੍ਹਾਂ ਗਗਨਦੀਪ ਸਿੰਘ ਅਹੂਜਾ ਦਾ ਵੀ ਮੈਂ ਭੇਦ ਨਹੀਂ ਪਾ ਸਕਿਆ, ਉਹ ਮੇਰਾ ਵੀ ਚੰਗਾ ਮਿੱਤਰ ਹੈ, ਉਹ ਵਿਸ਼ਾਲ ਰੰਬਾਨੀ ਦਾ ਚੰਗਾ ਮਿੱਤਰ ਰਿਹਾ, ਉਸ ਦਾ ਪਟਿਆਲਾ ਦੇ ਹਰ ਇਕ ਪੱਤਰਕਾਰ ਨਾਲ ਮਿਲਵਰਤਨ ਹੈ, ਕਈ ਵਾਰੀ ਗੱਲ ਬੜੀ ਅਲੋਕਾਰੀ ਜਿਹੀ ਛੱਡ ਦਿੰਦਾ ਹੈ, ਉਸ ਨੂੰ ਕੋਈ ਮਜ਼ਾਕ ਸਮਝੇ ਜਾਂ ਫਿਰ ਅਸਲੀਅਤ ਸਮਝੇ, ਇਕ ਗੱਲ ਮੇਰੇ ਸਮਝ ਆਉਂਦੀ ਹੈ ਕਿ ਗਗਨਦੀਪ ਸਿੰਘ ਅਹੂਜਾ ਨੇ ਭਾਵੇਂ ਕਿ ਪੱਤਰਕਾਰੀ ਨੂੰ ਆਪਣੇ ਪੱਖ ਵਿਚ ਵਰਤ ਕੇ ਭਾਵੇਂ ਕੋਈ ਨਿੱਜੀ ਲਾਭ ਵੀ ਲਿਆ ਹੋਵੇ ਪਰ ਉਸ ਦਾ ਕਿਸੇ ਨੂੰ ਭੇਦ ਨਹੀਂ ਹੈ, ਪਰ ਇਹ ਵੀ ਗੱਲ ਹੈ ਉਹ ਪੰਜਾਬੀ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਤੋਂ ਕੋਈ ਲਾਭ ਲੈਣ ਲਈ ਤਾਂ ਨਹੀਂ ਬੈਠਾ ਹੋਵੇਗਾ, ਕਈ ਵਾਰੀ ਏਦਾਂ ਵੀ ਹੁੰਦਾ ਹੈ ਕਿ ਪੱਤਰਕਾਰ ਬਾਹਰ ਖੜ੍ਹਾ ਹੈ ਕਿਸੇ ਖ਼ਬਰ ਦੀ ਝਾਕ ਵਿਚ ਪਰ ਉੱਥੇ ਵਿਸ਼ਾਲ ਰੰਬਾਨੀ ਵੀ ਆਗਿਆ ਤੇ ਨਾਲ ਰਾਜੇਸ਼ ਪੰਜੋਲਾ ਵੀ ਤੇ ਉਨ੍ਹਾਂ ਕਹਿ ਦਿੱਤਾ ਕਿ ਆਓ ਵੀ ਸੀ ਨੂੰ ਮਿਲ ਕੇ ਆਉਂਦੇ ਹਾਂ ਤਾਂ ਉਹ ਉਨ੍ਹਾਂ ਨਾਲ ਚਲਾ ਗਿਆ ਹੋਵੇ, ਇੰਜ ਵੀ ਹੋ ਸਕਦਾ ਹੋਵੇ ਕਿ ਉਸ ਨੇ ਵੀ ਵੀ ਸੀ ਤੋਂ ਕੋਈ ਖ਼ਬਰ ਲੈਣੀ ਹੋਵੇ।

ਜਦੋਂ ਮੈਂ ਵੀ ਸੀ ਦੇ ਦਫ਼ਤਰ ਵਿਚ ਅੰਦਰ ਵੜਿਆ ਤਾਂ ਮੈਂ ਇਨ੍ਹਾਂ ਪੱਤਰਕਾਰਾਂ ਨੂੰ ਦੇਖ ਕੇ ਹੈਰਾਨ ਨਹੀਂ ਹੋਇਆ, ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਆਪਣੇ ਸਾਹਮਣੇ ਵਾਲੇ ਸੋਫ਼ੇ ਤੇ ਬੈਠੇ ਸਨ , ਅੰਦਰ ਵੜਨ ਸਾਰ ਤੁਰੰਤ ਮੇਰੇ ਮੂੰਹੋਂ ਨਿਕਲਿਆ,


‘‘ਅੱਜ ਤਾਂ ਵੱਡੇ ਵੱਡੇ ਪੱਤਰਕਾਰ ਵੀ ਸੀ ਸਾਹਿਬ ਕੋਲ ਬੈਠੇ ਹਨ ਕੋਈ ਵੱਡੀ ਸਿਫ਼ਾਰਸ਼ ਕਰਨ ਲਈ ਆਏ ਹੋਣਗੇ। ਕੋਈ ਬੰਦਾ ਨੌਕਰੀ ਲਗਾਉਣਾ ਹੋਊ ਜਾਂ ਫਿਰ ਕੋਈ ਕੰਮ ਕਢਾਉਣਾ ਹੋਊ!’’ ਕੁਝ ਪੱਤਰਕਾਰ ਮੁਸ਼ਕੜੀਏ ਹੱਸੇ ਕੁਝ ਚੁੱਪ ਹੀ ਹੈਰਾਨ ਹੋਏ ਕਿ ਮੈਂ ਉੱਥੇ ਕਿੱਦਾਂ ਆ ਗਿਆ ਸੀ। ਵਿਸ਼ਾਲ ਰੰਬਾਨੀ ਦਾ ਤਾਂ ਮੈਨੂੰ ਪਤਾ ਸੀ ਕਿ ਉਸ ਨੇ ਆਪਣੀ ਪਤਨੀ ਨੂੰ ਪੰਜਾਬੀ ਯੂਨੀਵਰਸਿਟੀ ਵਿਚ ਨੌਕਰੀ ਲਗਵਾਉਣਾ ਸੀ। ਕਿਤੇ ਅਸਿਸਟੈਂਟ ਪ੍ਰੋਫੈਸਰ ਜਾਂ ਇਸ ਦੇ ਬਰਾਬਰ ਦੀ ਕੋਈ ਹੋਰ, ਰਾਜੇਸ਼ ਪੰਜੋਲਾ ਸਾਹਿਬ ਨੇ ਆਪਣੀ ਪਤਨੀ ਨੌਕਰੀ ਲਗਾ ਲਈ ਸੀ, ਤੇ ਕੁਝ ਹੋਰ ਵੀ ਰੋਜ਼ਗਾਰ ਰਾਜੇਸ਼ ਨੇ ਪੰਜਾਬੀ ਯੂਨੀਵਰਸਿਟੀ ਵਿਚ ਆਪਣੇ ਭਾਈ ਬੰਧੂ ਨੂੰ ਦਿਵਾਏ ਸੀ। ਰਾਜੇਸ਼ ਦੀ ਜਿੱਥੇ ਲੋਕ ਅਲੋਚਨਾ ਕਰਦੇ ਹਨ ਉੱਥੇ ਮੈਂ ਉਸ ਦੀ ਸ਼ਲਾਘਾ ਵੀ ਕਰਦਾ ਹਾਂ ਕਿ ਉਸ ਨੇ ਪੱਤਰਕਾਰੀ ਵਰਤ ਕੇ ਕੁਝ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਦਿਵਾਏ ਸਨ, ਉਹ ਗੱਲ ਵੱਖ ਸੀ ਕਿ ਚਰਚਾ ਕਰਨ ਵਾਲੇ ਕਹਿੰਦੇ ਸਨ, ਉਸ ਨੇ ਕਿਹੜਾ ਨੌਕਰੀਆਂ ਕਿਸੇ ਬੇਗਾਨੇ ਨੂੰ ਦਿਵਾਈਆਂ ਹਨ ਉਸ ਨੇ ਤਾਂ ਆਪਣੇ ਹੀ ਘਰਦਿਆਂ ਨੂੰ ਨੌਕਰੀਆਂ ਦਵਾਈਆਂ ਹਨ, ਪਰ ਮੈਂ ਫੇਰ ਵੀ ਸ਼ਲਾਘਾ ਕਰਦਾ ਹਾਂ ਕਿ ਉਸ ਨੇ ਭਾਵੇਂ ਕਿਸੇ ਨੂੰ ਵੀ ਨੌਕਰੀਆਂ ਦਿਵਾਈਆਂ ਜੇਕਰ ਦਵਾਈਆਂ ਹਨ ਤਾਂ ਚੰਗਾ ਕੀਤਾ, ਕਹਿੰਦੇ ‘ਬੰਦਾ ਹਰ ਇਕ ਵਿਕਾਊ ਹੈ ਉਸ ਦਾ ਵਾਜਬ ਮੁੱਲ ਪੈਣਾ ਚਾਹੀਦਾ ਹੈ।’ ਜ਼ਰੂਰੀ ਨਹੀਂ ਉਹ ਮੁੱਲ ਪੈਸਿਆਂ ਦਾ ਹੀ ਹੋਵੇ ਮਾਇਆ ਦੇ ਬਹੁਤ ਰੰਗ ਹਨ, ਕਿਸੇ ਦੀ ਦੋਸਤੀ ਮਿੱਤਰਤਾ ਦੇ ਪ੍ਰਭਾਵ ਵਿਚ ਆਕੇ ਕਿਸੇ ਦਾ ਕੰਮ ਕਰ ਦੇਣਾ ਵੀ ਮਾਇਆ ਦਾ ਇਕ ਰੂਪ ਹੈ, ਕਿਸੇ ਦੀ ਸਿਫ਼ਾਰਸ਼ ਨਾਲ ਕੰਮ ਕਰ ਦੇਣਾ ਵੀ ਤਾਂ ਮਾਇਆ ਦਾ ਇਕ ਰੂਪ ਹੈ। ਕਿਸੇ ਤੋਂ ਗਿਫ਼ਟ ਲੈ ਕੇ ਉਸ ਦਾ ਕੋਈ ਕੰਮ ਕਰ ਦੇਣਾ ਵੀ ਮਾਇਆ ਦਾ ਇਕ ਰੂਪ ਹੈ। ਵਿਸ਼ਾਲ ਰੰਬਾਨੀ ਆਪਣੀ ਧਰਮ ਪਤਨੀ ਨੂੰ ਲਗਾਉਣ ਲਈ ਬੜਾ ਜ਼ੋਰ ਲਗਾ ਰਿਹਾ ਸੀ, ਉਸ ਦੇ ਪੱਖ ਵਿਚ ਪੱਤਰਕਾਰਾਂ ਦੇ ਗਰੁੱਪ ਵੀ ਸੀ ਕੋਲ ਆਉਂਦੇ ਸਨ, ਸ਼ਾਇਦ ਇਹ ਗਰੁੱਪ ਵੀ ਇਸ ਕੰਮ ਦੀ ਸਿਫ਼ਾਰਸ਼ ਕਰਨ ਲਈ ਵੀ ਸੀ ਕੋਲ ਬੈਠਾ ਹੋਵੇ। 

ਮੈਂ ਜਾ ਕੇ ਬੈਠ ਗਿਆ ਸਾਂ, ਡਾ. ਜਸਪਾਲ ਸਿੰਘ ਇਸ ਗੱਲੋਂ ਬਹੁਤ ਹੀ ਚੰਗਾ ਤੇ ਸਿਆਣਾ ਮਹਿਮਾਨ ਨਿਵਾਜ ਵੀ ਸੀ ਸੀ ਕਿ ਉਸ ਦਾ ਹੁਕਮ ਸੀ ਆਪਣੇ ਪੈਂਟਰੀ ਵਾਲੇ ਨੂੰ ਕਿ ਪੈਂਟਰੀ ਵਾਲਾ ਦਫ਼ਤਰ ਵਿਚ ਬੈਠੇ ਬੰਦੇ ਦੇਖ ਕੇ ਚਾਹ, ਕਾਫ਼ੀ ਜਾਂ ਫਿਰ ਕੋਈ ਵੀ ਠੰਢਾ ਬਗੈਰਾ ਲੈ ਆਉਂਦਾ ਸੀ। ਡਾ. ਜਸਪਾਲ ਸਿੰਘ ਦੀ ਇਸ ਗੱਲੋਂ ਬਹੁਤ ਤਾਰੀਫ਼ ਕੀਤੀ ਜਾ ਸਕਦੀ ਹੈ ਕਿ ਉਹ ਗਰਦਨ ਵਿਚ ਕਿੱਲੇ ਵਾਲਾ ਵੀ ਸੀ ਨਹੀਂ ਸੀ, ਇੰਜ ਲੱਗਦਾ ਸੀ ਕ‌ਿ ਡਾ. ਜਸਪਾਲ ਸਿੰਘ ਬੜੀ ਅਮੀਰ ਫ਼ਿਤਰਤ ਵਾਲਾ ਆਦਮੀ ਹੈ, ਸਾਡੇ ਤਾਂ ਜੇਕਰ ਕਿਸੇ ਨੂੰ ਥੋੜ੍ਹੀ ਜਿਹੀ ਤਰੱਕੀ ਮਿਲ ਜਾਵੇ ਤਾਂ ਉਹ ਆਮ ਲੋਕਾਂ ਨਾਲ ਗੱਲ ਕਰਨ ਦਾ ਤਰੀਕਾ ਬਦਲ ਲੈਂਦਾ ਹੈ, ਪਰ ਡਾ. ਜਸਪਾਲ ਸਿੰਘ ਇਕ ਵੀ ਸੀ ਸੀ ਯੂਨੀਵਰਸਿਟੀ ਦਾ ਉਸ ਦਾ ਸੁਭਾਅ ਬੜਾ ਹੀ ਮਿਲਣ ਸਾਰ ਪਿਆਰਾ ਤੇ ਅਨੋਖਾ ਸੀ।  ਇਕ ਵੀ ਸੀ ਹੋਰ ਵੀ ਸੀ, ਜਿਸ ਦੀ ਆਪਾਂ ਇੱਥੇ ਥੋੜ੍ਹੀ ਗੱਲ ਕਰ ਸਕਦੇ ਹਾਂ, ਉਹ ਸੀ ਡਾ. ਐੱਚ ਕੇ ਮਨਮੋਹਨ ਸਿੰਘ। ਉਸ ਦਾ ਤਰੀਕਾ ਹੋਰ


ਸੀ,ਜੇਕਰ ਕਿਸੇ ਨੇ ਲੋਟ ਹੋ ਜਾਣਾ ਤਾਂ ਉਸ ਨੇ ਉਸ ਨੂੰ ਸਿੱਧੇ ਨਹੀਂ ਕਹਿਣਾ ਸਗੋਂ ਉਸ ਨੂੰ ਕਹਿਣਾ ‘‘ਮੇਰੀ ਘੜੀ ਜ਼ਰਾ ਖ਼ਰਾਬ ਹੋ ਗਈ ਏ, ਦੱਸਣਾ ਤੁਹਾਡੀ ਘੜੀ ਦੇ ਕੀ ਟਾਈਮ ਹੋਇਆ?’’  ਅਗਲਾ ਸਮਝ ਜਾਂਦਾ ਸੀ ਕਿ ਵੀ ਸੀ ਸਾਹਿਬ ਅਸਲ ਵਿਚ ਉਸ ਨੂੰ ਕੀ ਕਹਿਣਾ ਚਾਹੁੰਦੇ ਹਨ। ਉਹ ਸੌਰੀ ਤੋਂ ਮਾਫ਼ੀ ਤੋਂ ਬਿਨਾਂ ਹੋਰ ਅਗਲੀ ਗੱਲ ਕਹਿ ਵੀ ਨਹੀਂ ਸਕਦਾ ਸੀ। ਡਾ. ਐੱਚ ਕੇ ਮਨਮੋਹਨ ਸਿੰਘ ਦੀਆਂ ਕਹਾਣੀਆਂ ਵੀ  ਬੜੀਆਂ ਹਨ, ਪਰ ਆਪਾਂ ਅੱਜ ਇੱਥੇ ਡਾ. ਜਸਪਾਲ ਸਿੰਘ ਦੀ ਗੱਲ ਕਰ ਰਹੇ ਸੀ।

ਮੇਰੇ ਕੋਲ ਵੀ ਚਾਹ ਆ ਗਈ ਸੀ, ਅਚਾਨਕ ਰਾਜੇਸ਼ ਪੰਜੋਲਾ ਨੇ ਵੀ ਸੀ ਡਾ. ਜਸਪਾਲ ਸਿੰਘ ਨੂੰ ਕਿਹਾ ਬੜੇ ਹੀ ਸਲੀਕੇ ਨਾਲ


ਤੇ ਬੜੇ ਹੀ ਪਿਆਰ ਨਾਲ.. ‘‘ ਸਰ ਇਕ ਤੁਹਾਨੂੰ ਬੇਨਤੀ ਕਰਨ ਲੱਗਾ ਹਾਂ, ਮੈਂ ਨਹੀਂ ਸਗੋਂ ਸਾਰੇ ਪੱਤਰਕਾਰ ਹੀ ਅਸੀਂ ਤੁਹਾਨੂੰ ਇਕ ਬੇਨਤੀ ਕਰਦੇ ਹਾਂ’’ ਵੀ ਸੀ ਡਾ. ਜਸਪਾਲ ਸਿੰਘ ਦਾ ਮੂੰਹ ਤੁਰੰਤ ਰਾਜੇਸ਼ ਪੰਜੋਲਾ ਵੱਲ ਹੋਇਆ। ਮੇਰਾ ਤੇ ਸਾਰੇ ਪੱਤਰਕਾਰਾਂ ਦਾ ਧਿਆਨ ਰਾਜੇਸ਼ ਪੰਜੋਲਾ ਵੱਲ ਸੀ। ਰਾਜੇਸ਼ ਨੇ ਕਿਹਾ

‘‘ ਸਰ ਸਾਡੀ ਸਾਰਿਆਂ ਦੀ ਬੇਨਤੀ ਹੈ ਕਿ ਹੁਣ ਤੁਸੀਂ ਗੁਰਨਾਮ ਸਿੰਘ ਅਕੀਦਾ ਦਾ ਮੁੰਡਾ ਵੀ ਪੰਜਾਬੀ ਯੂਨੀਵਰਸਿਟੀ ਵਿਚ ਨੌਕਰੀ ਲਗਾ ਦਿਓ.. ਸਾਡੀ ਇਹ ਬੇਨਤੀ ਜ਼ਰੂਰੀ ਮੰਨੋ...’’ ਰਾਜੇਸ਼ ਪੰਜੋਲਾ ਦੀ ਇਹ ਗੱਲ ਸੁਣ ਕੇ ਮੈਂ ਸੋਚਿਆ ਕਿ ਇਹ ਰਾਜੇ‌ਸ਼ ਨੇ ਕੀ ਕਹਿ ਦਿੱਤਾ, ਮੈਂ ਸੋਚਿਆ ਕਿ ਮੈਂ ਇਨ੍ਹਾਂ ਨੂੰ ਇੱਥੇ ਬੈਠਿਆਂ ਨੂੰ ਫੜ ਲਿਆ ਹੈ, ਇਹ ਕੋਈ ਸਿਫ਼ਾਰਸ਼ ਕਰਨ ਲਈ ਆਏ ਹੋਣਗੇ ਤੇ ਇਨ੍ਹਾਂ ਸੋਚਿਆ ਕਿ ਗੁਰਨਾਮ ਸਿੰਘ ਅਕੀਦਾ ਦੇ ਮੁੰਡੇ ਦੀ ਵੀ ਗੱਲ ਕਰ ਲਈਏ, ਪਰ ਮੈਂ ਕਦੇ ਵੀ ਰਾਜੇਸ਼ ਪੰਜੋਲਾ ਜਾਂ ਕਿਸੇ ਪੱਤਰਕਾਰ ਨੂੰ ਆਪਣੇ ਮੁੰਡੇ ਗਗਨ ਨੂੰ ਯੂਨੀਵਰਸਿਟੀ ਵਿਚ ਲਗਾਉਣ ਲਈ ਵੀ ਸੀ ਕੋਲ ਸਿਫ਼ਾਰਸ਼ ਕਰਨ ਲਈ ਨਹੀਂ ਕਿਹਾ ਸੀ। ਗਗਨਦੀਪ ਅਹੂਜਾ ਨੇ ਵੀ ‘ਹਾਅ ਦਾ ਨਾਅਰਾ’ ਮਾਰਿਆ, ਇੱਥੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਥੋੜ੍ਹਾ ਸੋਚ ਕੇ ਕਿਹਾ 

‘‘ ਅੱਛਾ.. ਠੀਕ ਹੈ’’ ਸਾਰੇ ਵੀ ਸੀ ਵੱਲ ਬੜੀਆਂ ਲਾਲਚੀ ਨਜ਼ਰਾਂ ਨਾਲ ਦੇਖ ਰਹੇ ਸਨ। ਪਰ ਵੀ ਸੀ ਜਸਪਾਲ ਨੇ ਜੋ ਅਗਲੀ ਗੱਲ ਆਖੀ ਉਸ ਨੇ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ। ਉਸ ਨੇ ਕਿਹਾ

‘‘ਅੱਜ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਅਕੀਦਾ ਜੀ ਦਾ ਬੇਟਾ ਲਗਾ ਦਿਓ, ਤੁਸੀਂ ਹੀ ਤਾਂ ਮੈਨੂੰ ਰੋਕਿਆ ਸੀ ਕਿ ਅਕੀਦਾ ਜੀ ਦਾ ਬੇਟਾ


ਨਹੀਂ ਲਗਾਉਣਾ, ਪਹਿਲਾਂ ਤੁਸੀਂ ਰੋਕਿਆ ਸੀ ਅੱਜ ਲਾਉਣ ਲਈ ਕਹਿ ਰਹੇ ਹੋ... ਹੂੰ..’’ ਵੀ ਸੀ ਡਾ. ਜਸਪਾਲ ਸਿੰਘ ਇਹ ਵੀ ਕਹਿ ਸਕਦਾ ਹੈ ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ, ਰਾਜੇ‌ਸ਼ ਵੀ ਚੁੱਪ ਬਾਕੀ ਵੀ ਸਾਰੇ ਚੁੱਪ, ਪਰ ਮੈਂ ਬੋਲਿਆ, ਮੇਰੇ ਮਨ ਵਿਚ ਇਕ ਛਿਣ ਪਹਿਲਾਂ ਰਾਜੇਸ਼ ਪ੍ਰਤੀ ਬੜੀ ਹੀ ਸ਼ਰਧਾ ਬਣ ਗਈ ਸੀ ਪਰ ਅਚਾਨਕ ਹੀ ਹੁਣ ਤੱਕ ਭੇਦ ਰੱਖਿਆ ਵੀ ਸੀ ਡਾ. ਜਸਪਾਲ ਨੇ ਖੋਲ੍ਹਿਆ ਸੀ ਤੇ ਪੱਤਰਕਾਰਾਂ ਦੇ ਸਿਰ ਦੇ ਇਕ ਵੱਡ ਅਕਾਰੀ ਪੱਥਰ ਮਾਰਿਆ ਸੀ, ਮੈਂ ਡਾ. ਜਸਪਾਲ ਸਿੰਘ ਨੂੰ ਕਿਹਾ..

‘‘ਸੱਚੀਂ ਸਰ ਇਨ੍ਹਾਂ ਨੇ ਮੇਰਾ ਮੁੰਡਾ ਯੂਨੀਵਰਸਿਟੀ ਵਿਚ ਨੌਕਰੀ ਲਗਾਉਣ ਤੋਂ ਰੋਕਿਆ ਸੀ?’’ ਤਾਂ ਵੀ ਸੀ ਜਸਪਾਲ ਸਿੰਘ ਨੇ ਯਕਦਮ ਮੇਰੇ ਵੱਲ ਦੇਖਦਿਆਂ ਕਿਆ ‘‘ਹਾਂ.. ਇਨ੍ਹਾਂ ਨੇ ਤਾਂ ਰੋਕਿਆ ਸੀ, ਨਹੀਂ ਤੇਰਾ ਮੁੰਡਾ ਹੁਣ ਨੂੰ ਪ੍ਰੋਫੈਸਰ ਹੋਣਾ ਸੀ..’’ ਮੇਰੇ ਅੰਦਰ ਥੋੜ੍ਹਾ ਤਲਖ਼ੀ ਆਈ ਤੇ ਮੈਂ ਵੀ ਸੀ ਡਾ. ਜਸਪਾਲ ਸਿੰਘ ਨੂੰ ਕਿਹਾ

‘‘ਅੱਜ ਫੇਰ ਮੇਰੀ ਬੇਨਤੀ ਹੈ ਸਰ ਇਨ੍ਹਾਂ ਪੱਤਰਕਾਰਾਂ ਦੀ ਸਿਫ਼ਾਰਸ਼ ਨਾਲ ਮੇਰਾ ਮੁੰਡਾ ਨਹੀਂ ਤੁਸੀਂ ਨੌਕਰੀ ਤੇ ਲਗਾਉਣਾ, ਨਾ ਹੀ ਮੈਂ ਅਜਿਹਾ ਲਾਭ ਲਵਾਂਗਾ.. ਹਾਂ ਜੋ ਇਹ ਕੰਮ ਕਰਾਉਣ ਆਏ ਹਨ ਤਾਂ ਇਨ੍ਹਾਂ ਦਾ ਕੰਮ ਜ਼ਰੂਰ ਕਰ ਦਿਓ..’’ ਸਾਰਿਆਂ ਦੇ ਚਿਹਰੇ ਸੁੰਨ ਹੋ ਗਏ ਸਨ। ਹਾਂ ਇਕ ਗੱਲ ਉੱਥੇ ਹੋਰ ਸਪਸ਼ਟ ਹੋਈ ਕਿ ਕਿਸੇ ਵੀ ਪੱਤਰਕਾਰ ਨੇ ਇਹ ਬਿਲਕੁਲ ਵਿਰੋਧਤਾ ਨਹੀਂ ਕੀਤੀ ਕਿ ਵੀ ਸੀ ਡਾ. ਜਸਪਾਲ ਸਿੰਘ ਝੂਠ ਬੋਲ ਰਹੇ ਹਨ ਕਿਸੇ ਨੇ ਵੀ ਨਹੀਂ ਇਹ ਗੱਲ ਆਖੀ ਕਿ ‘ਅਸੀਂ ਇਹ ਕਦੇ ਨਹੀਂ ਕਿਹਾ’, ਉਨ੍ਹਾਂ ਦੀ ਉਸ ਵੇਲੇ ਦੀ ਚੁੱਪ ਇਹ ਸਵੀਕਾਰ ਕਰਵਾ ਗਈ ਸੀ ਜੋ ਵੀ ਸੀ ਡਾ. ਜਸਪਾਲ ਸਿੰਘ ਕਹਿ ਰਹੇ ਸਨ ਉਹ ਸੱਚ ਹੈ, ਨਾਲ ਹੀ ਡਾ. ਜਸਪਾਲ ਸਿੰਘ ਬਾਰੇ ਇਹ ਗੱਲ ਆਮ ਸੀ ਕਿ ਉਹ ਗੱਲ ਦੱਬ ਲਵੇਗਾ ਪਰ ਝੂਠ ਨਹੀਂ ਬੋਲਦਾ, ਸਪਸ਼ਟ ਹੋ ਗਿਆ ਸੀ ਕਿ ਸੱਚੀਂ ਹੀ ਇਨ੍ਹਾਂ ਪੱਤਰਕਾਰਾਂ ਨੇ ਵੀ ਸੀ ਨੂੰ ਦਬਾਅ ਪਾਇਆ ਹੋਵੇਗਾ ਕਿ ਗੁਰਨਾਮ ਸਿੰਘ ਅਕੀਦਾ ਦਾ ਮੁੰਡਾ ਨਾ ਲਾਉਣਾ। ਪਰ ਆਪ ਅਨੇਕਾਂ ਸਾਰੇ ਬੰਦੇ ਲਵਾ ਲਏ ਤੇ ਅੱਜ ਵੀ ਇਹ ਵੀ ਸੀ ਕੋਲ ਕਿਸੇ ਨੂੰ ਲਗਾਉਣ ਲਈ ਹੀ ਸਿਫ਼ਾਰਸ਼ ਕਰਨ ਆਏ ਹੋਣਗੇ। 

ਪੰਜਾਬੀ ਯੂਨੀਵਰਸਿਟੀ ਵਿਚ ਡਾ. ਜਸਪਾਲ ਸਿੰਘ ਨੇ ਪੱਤਰਕਾਰਾਂ ਦੇ ਘਰਦਿਆਂ ਨੂੰ ਨੌਕਰੀਆਂ ਦੇਣ ਲਈ ਲੰਗਰ ਲਗਾ ਰੱਖਿਆ ਸੀ, ਰਾਜੇਸ਼ ਪੰਜੋਲਾ ਹੀ ਨਹੀਂ ਜਗ ਬਾਣੀ ਦੇ ਸਟਾਫ਼ ਰਿਪੋਰਟਰ ਤੇ ਇਕ ਹੋਰ ਜ਼ਿਲ੍ਹਾ ਇੰਚਾਰਜ ਤੇ ਮੇਰੇ ਚੰਗੇ ਮਿੱਤਰ ਨੇ ਵੀ ਆਪਣੀ ਘਰਵਾਲੀ ਵੀ ਸੀ ਡਾ. ਜਸਪਾਲ ਸਿੰਘ ਤੋਂ ਨੌਕਰੀ ਲਗਾ ਲਈ ਸੀ, ਸਪੋਕਸਮੈਨ ਵਿਚ ਸਟਾਫ਼ ਰਿਪੋਰਟਰ ਰਹੇ ਤੇ ਅੱਜ ਕੱਲ੍ਹ ਪਟਿਆਲਾ ਵਿਚ ਏਪੀਆਰਓ ਲੱਗੇ ਹੋਏ ਮੇਰੇ ਮਿੱਤਰ ਨੇ ਵੀ ਆਪਣੀ ਪਤਨੀ ਯੂਨੀਵਰਸਿਟੀ ਵਿਚ ਨੌਕਰੀ ਲਗਾ ਲਈ ਸੀ, ਮੇਰੇ ਪੰਜਾਬੀ ਟ੍ਰਿਬਿਊਨ ਵਿਚ ਸਾਥੀ ਮੇਰੇ ਕੁਲੀਗ ਪੱਤਰਕਾਰ ਨੇ ਵੀ ਆਪਣੀ ਘਰਵਾਲੀ ਪੰਜਾਬੀ ਯੂਨੀਵਰਸਿਟੀ ਵਿਚ ਨੌਕਰੀ ਲਵਾ ਲਈ ਸੀ, ਅਜੀਤ ਅਖ਼ਬਾਰ ਵਿਚ ਪੰਜਾਬੀ ਯੂਨੀਵਰਸਿਟੀ ਦੀ ਬੀਟ ਕਰਦੇ ਪੱਤਰਕਾਰ ਨੇ ਵੀ ਆਪਣੀ ਘਰਵਾਲੀ ਪੰਜਾਬੀ ਯੂਨੀਵਰਸਿਟੀ ਵਿਚ ਨੌਕਰੀ ਲਵਾ ਲਈ ਸੀ। ਲਿਸਟ ਲੰਬੀ ਹੈ ਜਿਸ ਦੀ ਰਿਪੋਰਟ ਸੀ ਆਈ ਡੀ ਦੇ ਪੰਜਾਬੀ ਯੂਨੀਵਰਸਿਟੀ ਦੀ ਬੀਟ


ਕਰਦੇ ਅੰਮ੍ਰਿਤਪਾਲ ਸਿੰਘ ਨੇ ਵੀ ਪੰਜਾਬ ਸਰਕਾਰ ਕੋਲ ਰਿਪੋਰਟ ਭੇਜੀ ਸੀ, ਉਸ ਦੀ ਕਮਾਲ ਦੀ ਜਾਣਕਾਰੀ ਸੀ ਕਿ ਉਸ ਨੇ ਪੱਤਰਕਾਰਾਂ ਦੇ ਨਾਮ ਪਾ ਕੇ, ਕਿਸ ਪੱਤਰਕਾਰ ਨੇ ਕੌਣ ਕੌਣ ਪੰਜਾਬੀ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਕੋਲ ਸਿਫ਼ਾਰਸ਼ ਲਗਾ ਕੇ ਨੌਕਰੀ ਲਗਾਏ, ਸਾਰਾ ਡਾਟਾ ਉਸ ਨੇ ਪੰਜਾਬ ਸਰਕਾਰ ਕੋਲ ਬਣਾ ਕੇ ਭੇਜਿਆ ਸੀ। ਉਸ ਵਿਚ ਮੇਰੇ ਸਾਥੀ ਕੁਲੀਗ ਦਾ ਨਾਮ ਵੀ ਸ਼ਾਮਲ ਸੀ, ਜਿਸ ਵਿਚ ਪ੍ਰਵੀਨ ਕੋਮਲ ਦਾ ਨਾਮ, ਅਕਾਲੀ ਸਰਕਾਰ ਦੇ ਪਟਿਆਲਾ ਤੋਂ ਮੀਡੀਆ ਸੰਭਾਲ ਰਹੇ, ਅਜੀਤ ਅਖ਼ਬਾਰ ਦੇ ਇੰਚਾਰਜ ਰਹੇ ਆਦਿ ਹੋਰ ਕਈ ਨਾਮ ਸੀ ਆਈ ਡੀ ਦੀ ਕੰਟੈਂਟ ਰਿਪੋਰਟ ਵਿਚ ਸ਼ਾਮਲ ਸਨ, ਉਹ ਰਿਪੋਰਟਾਂ ਮੈਂ ਅੰਮ੍ਰਿਤਪਾਲ ਸਿੰਘ ਤੋਂ ਪ੍ਰਾਪਤ ਕਰ ਲਈਆਂ ਸਨ। ਸਿਰਫ਼ ਇਕ ਰਿਪੋਰਟ ਨਹੀਂ ਸਗੋਂ ਮੈਂ ਕਈ ਸਾਰੀਆਂ ਰਿਪੋਰਟਾਂ ਅੰਮ੍ਰਿਤਪਾਲ ਸਿੰਘ ਤੋਂ ਪ੍ਰਾਪਤ ਕਰ ਲਈਆਂ ਸਨ ਜਿਸ ਵਿਚ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਵੀ ਨਾਮ ਸਨ, ਉਹ ਰਿਪੋਰਟਾਂ ਮੇਰੇ ਕੋਲ ਮੌਜੂਦ ਹਨ, ਪਰ ਮੈਂ ਇਹ ਰਿਪੋਰਟ ਇੱਥੇ ਪੋਸਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਕਿਸੇ ਦੇ ਕਿਸੇ ਦੀ ਘਰਵਾਲੀ ਦੇ ਕਿਸੇ ਦੀ ਭਾਈ ਬੰਧ ਦੇ ਨੌਕਰੀ ਲੱਗਣ ਦੇ ਖ਼ਿਲਾਫ਼ ਨਹੀਂ ਹਾਂ, (ਪਰ ਹਾਂ ਜੇਕਰ ਕੋਈ ਆਖੇ ਕਿ ਮੈਂ ਅਜਿਹਾ ਨਹੀਂ ਕੀਤਾ ਤਾਂ ਅਗਲੇ ਬਲਾਗ ਵਿਚ ਉਹ ਰਿਪੋਰਟਾਂ ਵੀ ਪੋਸਟ ਕਰ ਦਿਆਂਗਾ, ਇਹ ਰਿਪੋਰਟਾਂ ਬਹੁਤ ਸਨਸਨੀਖ਼ੇਜ਼ ਹਨ, ਇਹ ਦੱਸ ਦਿੰਦਾ ਹਾਂ ਕਿ ਵਿਸ਼ਾਲ ਰੰਬਾਨੀ ਤੇ ਰਾਜੇਸ਼ ਪੰਜੋਲਾ ਦਾ ਨਾਮ ਇਨ੍ਹਾਂ ਰਿਪੋਰਟਾਂ ਵਿਚ ਬੋਲਡ ਵਿਚ ਲਿਖਿਆ ਹੋਇਆ ਹੈ) ਪਰ ਮੈਂ ਇਹ ਰਿਪੋਰਟਾਂ ਨਸਰ ਨਹੀਂ ਕਰ ਰਿਹਾ ਕਿਉਂਕਿ ਸਿਆਸੀ ਲੋਕ ਵੀ ਤਾਂ ਸਿਫ਼ਾਰਸ਼ਾਂ ਕਰਕੇ ਨੌਕਰੀਆਂ ਲਗਾਉਂਦੇ ਹੀ ਹਨ, ਜੇਕਰ ਸੁਖਬੀਰ ਬਾਦਲ ‘ਡਾਈਟ ਕੋਕ’ (ਪਿਛਲੇ ਭਾਗ ਵਿਚ ਦੱਸ ਆਏ ਹਾਂ) ਪੀ ਕੇ ਚਾਰ ਜਣਿਆਂ ਨੂੰ ਇਕ ਦਿਨ ਵਿਚ ਹੀ ਨੌਕਰੀ ਲਗਾ ਸਕਦਾ ਤਾਂ ਫਿਰ ਪੱਤਰਕਾਰ ਜੇਕਰ ਨੌਕਰੀ ਲੱਗ ਗਏ ਤਾਂ ਕੀ ਫ਼ਰਕ ਪੈਂਦਾ ਹੈ, ਮੇਰਾ ਮਨ ਉਸ ਵੇਲੇ ਬੜਾ ਹੀ ਜ਼ਿਆਦਾ ਦੁਖੀ ਹੋਇਆ ਸੀ ਕਿ ਮੇਰੇ ਨਾਲ ਦੋਸਤੀਆਂ ਰੱਖਣ ਵਾਲੇ ਮੇਰੇ ਨਾਲ ਮਿੱਠਾ ਬੋਲਣ ਵਾਲੇ ਮੈਥੋਂ ਕੰਮ ਲੈਣ ਵਾਲੇ ਸ਼ਰਮਾ, ਰੰਬਾਨੀ, ਪੰਜੋਲਾ ਆਦਿ ਨੇ ਮੇਰੇ ਖ਼ਿਲਾਫ਼ ਕਿੰਨਾ ਖ਼ਤਰਨਾਕ ਰੋਲ ਨਿਭਾਇਆ ਸੀ। ਉਨ੍ਹਾਂ ਹੀ ਵੀ ਸੀ ਡਾ. ਜਸਪਾਲ ਸਿੰਘ ਨੂੰ ਮੇਰੇ ਬੇਟੇ ਗਗਨ ਨੂੰ ਪੰਜਾਬੀ ਯੂਨੀਵਰਸਿਟੀ ਵਿਚ ਨੌਕਰੀ ਲਗਾਉਣ ਤੋਂ ਰੋਕਿਆ ਸੀ। ਪਰ ਮੈਂ ਸੁਰਖ਼ਰੂ ਹੋ ਗਿਆ ਸੀ ਨਹੀਂ ਤਾਂ ਅੱਜ ਮੈਨੂੰ ਇਹ ਵੀ ਲਿਖਣਾ ਪੈਂਦਾ ਕਿ ਮੇਰੇ ਬੇਟੇ ਗਗਨਦੀਪ ਨੂੰ ਵੀ ਨੌਕਰੀ ਦਿੱਤੀ ਸੀ ਵੀ ਸੀ ਨੇ। ਹਾਂ ਸੱਚ ਹੈ ਮੈਂ ਬਿਲਕੁਲ ਲਿਖਦਾ, ਜੇਕਰ ਕਿਸੇ ਨੂੰ ਝੂਠ ਲੱਗਦਾ ਹੈ ਤਾਂ ਮੇਰੀ ‘ਕੱਖ ਕੰਡੇ’ ਕਿਤਾਬ ਪੜ੍ਹ ਸਕਦਾ ਹੈ, ਉਸ ਵਿਚ ਮੈਂ ਆਪਣੀ ਜ਼ਿੰਦਗੀ ਦੇ ਬੜੇ ਸੱਚ ਲਿਖੇ ਹਨ, ਬੇਬਾਕੀ ਨਾਲ ਲਿਖੇ ਹਨ। ਜਿਸ ਕਿਤਾਬ ਵਿਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਤੇ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਕੁਝ ਖੋਜਾਰਥੀਆਂ ਨੇ ਆਪਣੀ ਪੀ ਐੱਚ ਡੀ ਦੇ ਰੈਫਰੈਂਸ ਵੀ ਲਏ ਹਨ। 

ਜਦੋਂ ਵੀ ਸੀ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਸੀ ਤਾਂ ਉਸ ਵੇਲੇ ਦੋ ਪ੍ਰੋਫੈਸਰ ਵੀ ਨਾਲ ਹੀ ਬੈਠੇ ਸਨ। ਹੁਣ ਮੇਰਾ ਕੀ ਫ਼ਰਜ਼ ਬਣਦਾ ਸੀ? ਮੇਰਾ ਫ਼ਰਜ਼ ਬਣਦਾ ਸੀ ਕਿ ਮੈਂ ਕੁਝ ਵੀ ਨਾ ਸੋਚਾਂ ਤੇ ਨਾ ਹੀ ਕੋਈ ਦਿਲ ਤੇ ਲਵਾਂ, ਪਰ ਤੁਸੀਂ ਹੈਰਾਨ ਹੋਵੋਗੇ ਕਿ ਮੈਂ ਕਦੇ ਵੀ ਰਾਜੇਸ਼ ਪੰਜੋਲਾ, ਬਲਜਿੰਦਰ ਸ਼ਰਮਾ ਜਾਂ ਫਿਰ ਵਿਸ਼ਾਲ ਰੰਬਾਨੀ ਦੇ ਖ਼ਿਲਾਫ਼ ਇਕ ਭੋਰਾ ਵੀ ਰੋਲ ਨਹੀਂ ਨਿਭਾਇਆ ਸੀ। ਰਾਜੇਸ਼ ਨੂੰ ਤਾਂ ਮੈਂ ਉਂਜ ਹੀ ਆਪਣੇ ਦਿਲ ਦੇ ਨੇੜੇ ਮੰਨਦਾ ਸੀ, ਅੱਜ ਵੀ ਮੰਨਦਾ ਹਾਂ। ਬਲਜਿੰਦਰ ਸ਼ਰਮਾ ਨਾਲ ਮੇਰੀ ਬਹੁਤੀ ਗੱਲਬਾਤ ਨਹੀਂ ਸੀ, ਗੱਲ ਰਹੀ ਰੰਬਾਨੀ ਦੀ ਉਸ ਨਾਲ ਤਾਂ ਮੈਂ ਕਦੇ ਬਹੁਤੀ ਗੱਲ ਕੀਤੀ ਵੀ ਨਹੀਂ ਸੀ, ਪਰ ਮੈਂ ਇਹ ਜ਼ਰੂਰ ਸਮਝ ਗਿਆ ਸੀ ਕਿ ਜਿਨ੍ਹਾਂ ਬੰਦਿਆਂ ਦੇ ਮਨਾਂ ਵਿਚ ਤੁਹਾਡੇ ਪ੍ਰਤੀ ਜ਼ਹਿਰ ਭਰਿਆ ਹੋਵੇ ਉਹ ਕਦੇ ਵੀ ਤੁਹਾਡੇ ਨਹੀਂ ਹੋ ਸਕਦੇ ਭਾਵੇਂ ਉਨ੍ਹਾਂ ਲਈ ਤੁਸੀਂ ਆਪਣਾ ਸਾਰਾ ਕੁਝ ਹੀ ਵਾਰ ਦਿਓ। ਜੋ ਬੰਦੇ ਸਤਿ ਸ੍ਰੀ ਅਕਾਲ ਤੇ ਰਾਮ ਰਾਮ-ਜੈ ਰਾਮ ਜੀ ਕੀ ਵਿਚ ਫ਼ਰਕ ਸਮਝਦੇ ਹਨ ਉਨ੍ਹਾਂ ਲੋਕਾਂ ਵਿਚੋਂ ਤੁਸੀਂ ਸਮਾਜ ਭਲਾਈ ਦੀ ਖੋਜ ਨਹੀਂ ਕਰ ਸਕਦੇ ਜੇਕਰ ਇਸ ਤਰ੍ਹਾਂ ਦਾ ਤਰੱਦਦ ਕਰੋਗੇ ਤਾਂ ਪੱਥਰਾਂ ਨਾਲ ਟੱਕਰਾਂ ਮਾਰਨ ਵਾਲੀ ਗੱਲ ਹੀ ਹੋਵੇਗੀ। ਮੈਂ ਕਿਸੇ ਪੱਤਰਕਾਰ ਦੇ ਕਦੇ ਖ਼ਿਲਾਫ਼ ਨਹੀਂ ਹੋਇਆ ਪਰ ਮੇਰੇ ਖ਼ਿਲਾਫ਼ ਇਹ ਕਿਉਂ ਹੋ ਗਏ ਇਸ ਬਾਰੇ


ਸ਼ਾਇਦ ਇਹ ਵੀ ਨਾ ਜਾਣਦੇ ਹੋਣ ਪਰ ਸਾਡੇ ਸਮਾਜਕ ਤਾਣੇ ਬਾਣੇ ਦੀ ਦੇਣ ਹੈ ਇਹ। ਕੋਈ ਅਣਗੌਲੇ ਜਿਹੇ ਪਿੰਡ ਅਕਾਲਗੜ੍ਹ ਵਿਚੋਂ ਉੱਠ ਕੇ ਵੱਡੇ ਵੱਡੇ ਲੋਕਾਂ ਨੂੰ ਸਵਾਲ ਪੁੱਛੇ ਤੇ ਉਨ੍ਹਾਂ ਬਾਰੇ ਧੜੱਲੇ ਨਾਲ ਲਿਖੇ ਤਾਂ ਇਹ ਸਮਾਜ ਦੇ ਉਨ੍ਹਾਂ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਜੋ ਲੋਕ ਸਮਾਜ ਦੇ ਖ਼ੁਦ ਨੂੰ ਮਾਲਕ ਸਮਝਦੇ ਹਨ। ਤੁਸੀਂ ਉਨ੍ਹਾਂ ਦੇ ਖ਼ਿਲਾਫ਼ ਕੁਝ ਵੀ ਨਾ ਕਰੋ ਫੇਰ ਵੀ ਉਹ ਤੁਹਾਡੇ ਦੁਸ਼ਮਣ ਹੁੰਦੇ ਹਨ, ਇਹ ਸਮਾਜ ਦੀ ਉਹ ਫ਼ਿਤਰਤ ਹੈ ਅਸੀਂ ਜਿੰਨੇ ਮਰਜ਼ੀ ਸਿਧਾਂਤਵਾਦੀ ਬਣ ਜਾਈਏ ਅਸੀਂ ਉਹ ਉਨ੍ਹਾਂ ਦੇ ਅੰਦਰੋਂ ਕੱਢ ਨਹੀਂ ਸਕਦੇ। ਜੇਕਰ ਉਹ ਤੁਹਾਡਾ ਭਲਾ ਵੀ ਕਰਦੇ ਹਨ ਤਾਂ ਕਿਸੇ ਨਾ ਕਿਸੇ ਦਿਨ ਉਸ ਦਾ ਤੁਹਾਨੂੰ ਅਹਿਸਾਸ ਵੀ ਕਰਵਾ ਹੀ ਦਿੰਦੇ ਹਨ। ਅੱਜ ਜੇਕਰ ਵੀ ਸੀ ਡਾ. ਜਸਪਾਲ ਸਿੰਘ ਪਰਦਾ ਨਾ ਖੋਲ੍ਹਦਾ ਤਾਂ ਮੈਨੂੰ ਅਹਿਸਾਸ ਹੋ ਹੀ ਗਿਆ ਸੀ। ਕੀ ਹਿੰਦੁਸਤਾਨ ਟਾਈਮਜ਼ ਦੇ ਪੱਤਰਕਾਰ ਵਿਸ਼ਾਲ ਰੰਬਾਨੀ ਨੇ ਆਪਣੀ ਘਰਵਾਲੀ ਪੰਜਾਬੀ ਯੂਨੀਵਰਸਿਟੀ ਵਿਚ ਲਵਾ ਲਈ, ਇਸ ਦੀ ਗੱਲ ਅੱਗੇ ਕਰਦੇ ਹਾਂ..। 

ਹੁਣ ਵਿਸ਼ਾਲ ਰੰਬਾਨੀ ਦਾ ਜ਼ੋਰ ਲੱਗਿਆ ਹੋਇਆ ਸੀ ਕਿ ਉਸ ਦੀ ਘਰਵਾਲੀ ਪੰਜਾਬੀ ਯੂਨੀਵਰਸਿਟੀ ਵਿਚ ਨੌਕਰੀ ਲੱਗ ਜਾਵੇ। ਸ਼ਾਇਦ ਹੁਣ ਉਨ੍ਹਾਂ ਨੂੰ ਇਹ ਸ਼ੱਕ ਵੀ ਹੋ ਗਿਆ ਸੀ ਕਿ ਗੁਰਨਾਮ ਸਿੰਘ ਅਕੀਦਾ ਉਸ ਦੇ ਖ਼ਿਲਾਫ਼ ਰੋਲ ਨਿਭਾਏਗਾ। ਪਰ ਮੇਰਾ ਅਜਿਹਾ ਕੋਈ ਇਰਾਦਾ ਨਹੀਂ ਸੀ, ਰੱਬ ਦੀ ਸੌਂ ਮੈਂ ਅਜਿਹਾ ਸੋਚਿਆ ਵੀ ਨਹੀਂ ਸੀ। ਵਿਦਿਆਰਥੀ ਜਥੇਬੰਦੀ ਸੈਫੀ ਪਾਰਟੀ ਕਾਫ਼ੀ ਸਰਗਰਮ ਹੋ ਗਈ ਸੀ, ਪਹਿਲਾਂ ਵੀ ਸਰਗਰਮ ਸੀ, ਉਨ੍ਹਾਂ ਦਾ ਪ੍ਰਧਾਨ ਕਾਫ਼ੀ ਤਣਾਅ ਵਿਚ ਰਹਿੰਦਾ ਸੀ, ਬੜੀ ਕਮਾਲ ਦੀ ਗੱਲ ਹੋਈ ਕਿ ਸੈਫੀ ਪਾਰਟੀ ਦਾ ਹੁਣ ਮਿਲਵਰਤਨ ਰੰਬਾਨੀ, ਪੰਜੋਲਾ ਭਰਾਵਾਂ ਨਾਲ ਵੀ ਹੋ ਗਿਆ ਸੀ। ਮੈਨੂੰ ਇਸ ਗੱਲ ਦਾ ਇਲਮ ਹੋ ਗਿਆ ਸੀ ਪਰ ਮੈਂ ਕਿਹੜਾ ਹੁਣ ਆਪਣਾ ਮੁੰਡਾ ਨੌਕਰੀ ਲਗਾਉਣਾ ਸੀ ਜੋ ਮੈਂ ਕਿਸੇ ਦੀ ਪ੍ਰਵਾਹ ਕਰਦਾ। ਪਰ ਪੰਜਾਬੀ ਯੂਨੀਵਰਸਿਟੀ ਵਿਚ ਅਥਾਰਿਟੀ ਦੇ ਕੁਝ ਬੰਦੇ ਇਹ ਮਹਿਸੂਸ ਕਰਦੇ ਸਨ ਕਿ ਜਦੋਂ ਸਾਰੇ ਪੱਤਰਕਾਰਾਂ ਦੀਆਂ ਘਰਵਾਲੀਆਂ ਤੇ ਹੋਰ ਬੰਦੇ ਯੂਨੀਵਰਸਿਟੀ ਵਿਚ ਵੀ ਸੀ ਨੇ ਲਗਾ ਦਿੱਤੇ ਹਨ ਤਾਂ ਫਿਰ ਗੁਰਨਾਮ ਸਿੰਘ ਅਕੀਦਾ ਦਾ ਮੁੰਡਾ ਕਿਉਂ ਨਹੀਂ। ਹੁਣ ਡਾ. ਗੁਰਨਾਮ ਸਿੰਘ, ਡਾ. ਬਲਵਿੰਦਰ ਸਿੰਘ ਟਿਵਾਣਾ, ਡਾ. ਸਰਬਜਿੰਦਰ ਸਿੰਘ, ਡਾ. ਦਵਿੰਦਰ ਸਿੰਘ ਆਦਿ ਕੁਝ ਪ੍ਰੋਫੈਸਰਾਂ ਨੇ ਅਲੱਗ ਅਲੱਗ ਵੀ ਸੀ ਨੂੰ ਕਿਹਾ, ਜਿਸ ਬਾਰੇ ਮੈਨੂੰ ਵੀ ਬਾਅਦ ਵਿਚ ਹੀ ਪਤਾ ਲੱਗਾ। ਉਨ੍ਹਾਂ ਵੀ ਸੀ ਡਾ. ਜਸਪਾਲ ਸਿੰਘ ਨੂੰ ਕਿਹਾ ਕਿ ਗੁਰਨਾਮ ਸਿੰਘ ਅਕੀਦਾ ਦਾ ਮੁੰਡਾ ਆਪਾਂ ਨੂੰ ਅਸਿਸਟੈਂਟ ਪ੍ਰੋਫੈਸਰ ਨਹੀਂ ਤਾਂ ਕਿਤੇ ਵੀ ਹੋਰ ਲਗਾਉਣਾ ਚਾਹੀਦਾ ਹੈ। ਇਕ ਵਾਰੀ ਪਹਿਲਾਂ ਡਾ. ਜਸਪਾਲ ਸਿੰਘ ਨੇ ਮੇਰੇ ਬੇਟੇ ਗਗਨ ਨੂੰ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਲਗਾਉਣ ਲਈ ਅਸਾਮੀ ਅਖ਼ਬਾਰ ਵਿਚ ਇਸ਼ਤਿਹਾਰੀ ਸੀ।ਉਸ ਵੇਲੇ ਉਹ ਪ੍ਰੋਸੈੱਸ ਰੱਦ ਕੀਤਾ, ਜਿਸ ਦਾ ਪਤਾ ਮੈਨੂੰ ਉਸ ਵੇਲੇ ਲੱਗਾ ਕਿ ਇਹ ਅਸਿਸਟੈਂਟ ਪ੍ਰੋਫੈਸਰ ਲਗਾਉਣ ਤੋਂ ਵੀ ਸੀ ਡਾ. ਜਸਪਾਲ ਸਿੰਘ ਨੂੰ ਇਨ੍ਹਾਂ ਨੇ ਹੀ ਰੋਕਿਆ ਸੀ ਜਿਨ੍ਹਾਂ ਦਾ ਪਰਦਾ ਵੀ ਸੀ ਡਾ. ਜਸਪਾਲ ਸਿੰਘ ਨੇ ਸ਼ਰੇਆਮ ਖੋਲ੍ਹ ਕੇ ਰੱਖ ਦਿੱਤਾ ਸੀ। ਹੁਣ ਫੇਰ ਅਥਾਰਿਟੀ ਦੇ ਬੰਦੇ ਵੀ ਸੀ ਕੋਲ ਜਾ ਰਹੇ ਸੀ, ਵੀ ਸੀ ਨੇ ਜੇਰਾ ਜਿਹਾ ਕਰਕੇ ਮੇਰਾ ਮੁੰਡਾ ਲਗਾਉਣ ਲਈ ਇੰਜੀਨੀਅਰ ਵਿਭਾਗ ਦੀ ਇਕ ਲੈਬ ਵਿਚ ਪੋਸਟ ਅਖ਼ਬਾਰ ਵਿਚ ਕੱਢ ਦਿੱਤੀ। ਸਿਰਫ਼ ਮੇਰੇ ਮੁੰਡੇ ਗਗਨ ਲਈ ਨਹੀਂ ਸਗੋਂ ਹੋਰ ਵੀ ਕਈ ਸਾਰੀਆਂ ਪੋਸਟਾਂ ਯੂਨੀਵਰਸਿਟੀ ਵੱਲੋਂ ਕੱਢੀਆਂ ਗਈਆਂ। ਜਿਸ ਵਿਚ ਯੂਨੀਵਰਸਿਟੀ ਦੇ ਕੁਝ ਪ੍ਰੋਫੈਸਰਾਂ ਦੇ ਬੱਚੇ ਵੀ ਨੌਕਰੀ ਤੇ ਲਾਉਣੇ ਸਨ,  ਇਸ ਗੱਲ ਦੀ ਖ਼ਬਰ ਫੇਰ ਰੰਬਾਨੀ ਗਰੁੱਪ ਕੋਲ ਪੁੱਜ ਗਈ, ਤਾਂ ਸਾਜ਼ਿਸ਼ੀ ਕਮਰੇ ਵੱਲੋਂ ਹੁੰਦੀ ਹੋਈ ਇਹ ਖ਼ਬਰ ਸੈਫੀ ਪਾਰਟੀ ਕੋਲ ਵੀ


ਪੁੱਜੀ, ਸੈਫੀ ਪਾਰਟੀ ਦੇ ਆਗੂਆਂ ਨੇ ਫੇਰ ਇਕ ਪ੍ਰੈੱਸ ਨੋਟ ਜਾਰੀ ਕੀਤਾ ਤੇ ਉਸ ਵਿਚ ਮੇਰੇ ਬੇਟੇ ਦਾ ਨਾਮ ਮੇਰੇ ਨਾਮ ਸਮੇਤ ਪ੍ਰੈੱਸ ਨੋਟ ਵਿਚ ਦੇ ਦਿੱਤਾ ਤੇ ਪ੍ਰੈੱਸ ਨੋਟ ਸਾਰੇ ਪੱਤਰਕਾਰਾਂ ਕੋਲ ਪਹੁੰਚ ਗਿਆ। ਕੁਝ ਦਿਨ ਚਰਚਾ ਹੋਈ, ਸੈਫੀ ਪਾਰਟੀ ਵਿਚ ਇਕ ਮੁੰਡਾ ਪੂਨੀਆ ਪਿੰਡ ਦਾ ਹੁੰਦਾ ਸੀ, ਪਿੰਡ ਵੱਲੋਂ ਮੇਰਾ ਗੁਆਂਢੀ ਸੀ ਮੈਂ ਉਸ ਦਾ ਨਾਮ ਹਰ ਇਕ ਖ਼ਬਰ ਵਿਚ ਪਾਉਂਦਾ ਹੁੰਦਾ ਸੀ, ਪਰ ਸਾਜਿਸ਼ ਇਹ ਰਚੀ ਗਈ ਕਿ ਹੁਣ ਜਦੋਂ ਵੀ ਪੰਜਾਬੀ ਯੂਨੀਵਰਸਿਟੀ ਵਿਚ ਗੁਰਨਾਮ ਸਿੰਘ ਅਕੀਦਾ ਆਵੇ ਤਾਂ ਉਸ ਦੀ ਬੇਇੱਜ਼ਤੀ ਕੀਤੀ ਜਾਵੇ। ਜਿਸ  ਵਿਚ ਮੁੱਖ ਤੌਰ ਤੇ ਡਿਊਟੀ ਲਗਾਈ ਗਈ ਪੂਨੀਆ ਦੇ ਉਸ ਮੁੰਡੇ ਦੀ। 

ਮੈਂ ਹੁਣ ਬੜਾ ਹੈਰਾਨ ਹੋਣ ਲੱਗ ਪਿਆ ਸੀ ਕਿ ਅਚਾਨਕ ਮੇਰੇ ਕੋਲ ਕੁੜੀਆਂ ਦੇ ਫ਼ੋਨ ਆਉਣ ਲੱਗ ਪਏ ਸਨ। ਕੁੜੀਆਂ ਆਪਣੀਆਂ ਪ੍ਰਾਬਲਮਾਂ ਦੀ ਗੱਲ ਮੇਰੇ ਨਾਲ ਫ਼ੋਨ ਤੇ ਕਰਦੀਆਂ, ਤੇ ਪੰਜਾਬੀ ਯੂਨੀਵਰਸਿਟੀ ਵਿਚ ਮਿਲਣ ਲਈ ਮੈਨੂੰ ਕਹਿੰਦੀਆਂ। ਪਰ ਮੈਂ ਹੁਣ ਸਮਝ ਗਿਆ ਸੀ ਕਿ ਪੰਜਾਬੀ ਯੂਨੀਵਰਸਿਟੀ ਵਿਚ ਗੜਬੜ ਹੈ। ਵਾਈਸ ਚਾਂਸਲਰ ਨੂੰ ਸ਼ਾਇਦ ਇਲਮ ਹੋ ਗਿਆ ਸੀ ਕਿ ਜੋ ਪੋਸਟਾਂ ਕੱਢੀਆਂ ਹਨ ਉਨ੍ਹਾਂ ਦਾ ਕੋਈ ਲਾਭ ਨਹੀਂ ਹੋਵੇਗਾ, ਕੁਝ ਤਕਨੀਕੀ ਕਾਰਨ ਸਨ ਜਿਸ ਕਰਕੇ ਮੇਰੇ ਮੁੰਡਾ ਉਸ ਕੱਢੀ ਹੋਈ ਪੋਸਟ ਤੇ ਤਾਇਨਾਤ ਨਹੀਂ ਹੋ ਸਕਦਾ ਸੀ, ਜੇਕਰ ਮੇਰਾ ਮੁੰਡਾ ਨੌਕਰੀ ਤੇ ਲੱਗ ਹੀ ਨਹੀਂ ਸਕਦਾ ਸੀ ਤਾਂ ਫਿਰ ਵੀ ਸੀ ਇਹ ਰਿਸਕ ਲੈਣ ਲਈ ਤਿਆਰ ਨਹੀਂ ਸਨ, ਮੇਰੇ ਮੁੰਡੇ ਗਗਨ ਲਈ ਨੌਕਰੀ ਕੱਢੀ ਤੇ ਮੇਰਾ ਮੁੰਡਾ ਉਸ ਪੋਸਟ ਤੇ ਤਕਨੀਕੀ ਕਾਰਨ ਕਰਕੇ ਨਿਯੁਕਤ ਹੀ ਨਹੀਂ ਹੋ ਸਕਦਾ ਸੀ ਤਾਂ ਅਚਾਨਕ ਹੀ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਸਿਰਫ਼ ਲੈਬ ਦੀ ਪੋਸਟ ਨਹੀਂ ਸਗੋਂ ਸਾਰੀਆਂ ਇਸਤਿਹਾਰੀਆਂ ਅਸਾਮੀਆਂ ਹੀ ਰੱਦ ਕਰ ਦਿੱਤੀਆਂ। ਇਕ ਵਾਰ ਤਾਂ ਮੈਨੂੰ ਧੱਕਾ ਲੱਗਾ ਪਰ ਹੁਣ ਮੈਂ ਸੁਰਖ਼ਰੂ ਹੋ

Gagandeep Gheerhy

ਗਿਆ ਸੀ। ਮੇਰਾ ਭਰਾ ਹੈ ਪਟਿਆਲਾ ਦੀ ਅਦਾਲਤ ਵਿਚ ਇਕ ਵਕੀਲ ਗਗਨਦੀਪ ਸਿੰਘ ਘੀੜੇ, ਉਸ ਕੋਲ ਸੈਫੀ ਪਾਰਟੀ ਦਾ ਪ੍ਰਧਾਨ ਵੀ ਜਾਂਦਾ ਸੀ, ਉਹ ਹੀ ਉਸ ਦੇ ਕੇਸਾਂ ਦੀ ਵਕਾਲਤ ਕਰਦਾ ਸੀ, ਮੈਨੂੰ ਮੇਰੇ ਭਰਾ ਵਕੀਲ ਗਗਨਦੀਪ ਸਿੰਘ ਘੀੜੇ ਨੇ ਕਿਹਾ ਕਿ ਆਪਣੇ ਮੁੰਡੇ ਗਗਨ ਨੂੰ ਪੰਜਾਬੀ ਵਿਚ ਨਾ ਲਾਉਣ ਦੀ ਸਾਜਿਸ਼ ਸਿਰਫ਼ ਸੈਫੀ ਵਾਲਿਆਂ ਦੀ ਨਹੀਂ ਸੀ ਸਗੋਂ ਇਸ ਦੇ ਪਿੱਛੇ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਦਾ ਇਕ ਵੱਡਾ ਗਰੁੱਪ ਸੀ। ਜਿਸ ਬਾਰੇ ਉਸ ਨੂੰ ਸੈਫੀ ਪਾਰਟੀ ਦੇ ਪ੍ਰਧਾਨ ਨੇ ਦੱਸਿਆ ਸੀ, ਹੁਣ ਤਾਂ ਗੱਲ ਹੀ ਖ਼ਤਮ ਹੋ ਗਈ ਸੀ, ਤਾਂ ਮੇਰਾ ਹੁਣ ਕੀ ਫ਼ਰਜ਼ ਬਣਦਾ ਸੀ? 

ਹੁਣ ਮੈਂ ਇਹ ਫ਼ੈਸਲਾ ਕੀਤਾ ਕਿ ਵਿਸ਼ਾਲ ਰੰਬਾਨੀ ਦੀ ਘਰਵਾਲੀ ਵੀ ਹੁਣ ਇੱਥੇ ਨੌਕਰੀ ਨਹੀਂ ਲੱਗੇਗੀ। ਬੱਸ ਫੇਰ ਇਸ ਗਰੁੱਪ ਨੇ ਰੰਬਾਨੀ ਦੀ ਘਰਵਾਲੀ ਨੂੰ ਲਗਾਉਣ ਲਈ ਜਿਨ੍ਹਾਂ ਵੀ ਸਰਕਾਰੀ ਗੈਰ ਸਰਕਾਰੀ ਪੱਤਰਕਾਰੀ ਤੇ ਹੋਰ ਜੋ ਵੀ ਤਰੀਕਾ ਸੀ ਉਨ੍ਹਾਂ ਅਪਣਾਇਆ ਪਰ ਉਸ ਦੀ ਘਰਵਾਲੀ ਨੂੰ ਹੁਣ ਕੌਣ ਸੂਰਮਾ ਪੰਜਾਬੀ ਯੂਨੀਵਰਸਿਟੀ ਵਿਚ ਲਵਾ ਸਕਦਾ ਸੀ। ਇਕ ਵਾਰੀ ਉਸ ਦੇ ਘਰਵਾਲੀ ਨੂੰ ਨੌਕਰੀ ਲਗਾਉਣ ਲਈ ਅਖ਼ਬਾਰ ਵਿਚ ਇਸ਼ਤਿਹਾਰ ਕੱਢਿਆ ਗਿਆ, ਤਾਂ ਉਸ ਵੇਲੇ ਹਰ ਇਕ ਅਸਾਮੀ ਦੇ ਖ਼ਿਲਾਫ਼ ਪ੍ਰੈੱਸ ਨੋਟ ਜਾਰੀ ਕਰਨ ਵਾਲੀ ਸੈਫੀ ਪਾਰਟੀ ਚੁੱਪ ਰਹੀ, ਉਸ ਨੇ ਕਿਤੇ ਵੀ ਉਸ ਦੇ ਖ਼ਿਲਾਫ਼ ਪ੍ਰੈੱਸ ਨੋਟ ਜਾਰੀ ਨਹੀਂ ਕੀਤਾ। ਇਹ ਪਤਾ ਨਹੀਂ ਕੁਦਰਤ ਦੀ ਦੇਣ ਸੀ ਕਿ ਅਚਾਨਕ ਯੂਨੀਵਰਸਿਟੀ ਵਿਚ ਦੀਵਾਰਾਂ ਦੇ ਪੋਸਟਰ ਲੱਗੇ ਨਜ਼ਰ ਆਉਂਦੇ ਹਨ। ਉਨ੍ਹਾਂ ਪੋਸਟਰਾਂ ਵਿਚ ਵਿਸ਼ਾਲ ਰੰਬਾਨੀ ਦੀ ਘਰਵਾਲੀ ਦਾ ਨਾਮ ਲਿਖ ਕੇ ਦੱਸਿਆ ਗਿਆ ਸੀ ਕਿ ਉਸ ਨੂੰ ਨੌਕਰੀ ’ਤੇ ਫਲਾਣੇ ਇਸ਼ਤਿਹਾਰ ਬਦਲੇ ਰੱਖਿਆ ਜਾ ਰਿਹਾ ਹੈ। ਇਸ ਗੱਲ ਦਾ ਯੂਨੀਵਰਸਿਟੀ ਵਿਚ ਰੌਲਾ ਪੈ ਗਿਆ , ਅਜੇ ਤਾਂ ਇੰਟਰਵਿਊ ਹੋਣੀ ਹੈ ਇਹ ਕਿਵੇਂ ਪਤਾ ਲੱਗ ਗਿਆ ਕਿ ਫਲਾਣੇ ਇਸ਼ਤਿਹਾਰ ਬਦਲੇ ਫਲਾਣੀ ਔਰਤ ਰੱਖੀ ਜਾਵੇਗੀ। ਦੂਜੇ ਪਾਸੇ ਪਟਿਆਲਾ ਵਿਚ ਪੱਤਰਕਾਰਾਂ ਦਾ ਵੀ ਆਪਸ ਵਿਚ ਝਗੜਾ ਚੱਲ ਰਿਹਾ ਸੀ। ਰੰਬਾਨੀ ਨੂੰ ਸ਼ੱਕ ਮੇਰੇ ਤੇ ਹੀ ਪਿਆ, ਵਿਸ਼ਾਲ ਰੰਬਾਨੀ ਨੇ ਮੇਰੇ ਉੱਤੇ ਅਤੇ ਮੇਰੇ ਬੇਟੇ ਗਗਨ ਦੇ ਖ਼ਿਲਾਫ਼ ਇਕ ਸ਼ਿਕਾਇਤ ਸਾਈਬਰ ਥਾਣਾ ਮੋਹਾਲੀ ਵਿਚ ਦੇ ਦਿੱਤੀ। ਉੱਥੇ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਪੰਜਾਬ ਵਿਚ ਚਰਚਾ ਵਿਚ


ਆਇਆ ਹਰਦਿਆਲ ਸਿੰਘ ਮਾਨ ਹੈੱਡ ਸੀ। ਜਿਸ ਨੂੰ ਵਿਸ਼ਾਲ ਰੰਬਾਨੀ ਆਪਣਾ ਯਾਰ ਸਮਝਦਾ ਸੀ। ਸਾਨੂੰ ਮੋਹਾਲੀ ਸਾਈਬਰ ਥਾਣੇ ਵਿਚ ਬੁਲਾਇਆ ਗਿਆ, ਹਰਦਿਆਲ ਸਿੰਘ ਮਾਨ ਨੇ ਰੰਬਾਨੀ ਨਾਲ ਯਾਰੀ ਨਿਭਾਈ, ਮੇਰੇ ਨਾਲ ਉਸ ਵੇਲੇ ਮੋਹਾਲੀ ਦੀ ਪ੍ਰੈੱਸ ਖੜ ਗਈ, ਹੈਪੀ ਭਰਾ, ਕਰਮਜੀਤ ਸਿੰਘ ਚਿੱਲਾ, ਦਰਸ਼ਨ ਸਿੰਘ ਸੋਢੀ ਸਮੇਤ ਇਕ ਹਿੰਦੁਸਤਾਨ ਟਾਈਮਜ਼ ਅਖ਼ਬਾਰ ਦਾ ਪੱਤਰਕਾਰ ਵੀ ਤੇ ਪਟਿਆਲਾ ਤੋਂ ਮਨਦੀਪ ਸਿੰਘ ਜੋਸਨ, ਗੁਰਮੁਖ ਸਿੰਘ ਰੁਪਾਣਾ ਤੇ ਤੇਜਿੰਦਰ ਫ਼ਤਿਹਪੁਰ ਨੇ ਮੇਰਾ ਪੂਰਾ ਸਾਥ ਦਿੱਤਾ। ਹਰਦਿਆਲ ਸਿੰਘ ਮਾਨ ਨੇ ਪੰਜਾਬੀ ਯੂਨੀਵਰਸਿਟੀ ਵਿਚ ਟੀਮ ਭੇਜੀ, ਪੰਜਾਬੀ ਯੂਨੀਵਰਸਿਟੀ ਦੇ ਸੀਸੀਟੀਵੀ ਖੰਘਾਲੇ ਗਏ। ਵਿਸ਼ਾਲ ਰੰਬਾਨੀ ਦਾ ਇਹ ਦੋਸ਼ ਸੀ ਕਿ ਮੇਰੇ ਬੇਟੇ ਗਗਨਦੀਪ ਸਿੰਘ ਨੇ ਉਹ ਪੋਸਟਰ ਲਾਏ ਹਨ। ਪਰ ਜੋ ਸੀਸੀਟੀਵੀ ਵਿਚ ਪੋਸਟਰ ਲਾਉਂਦਾ ਨਜ਼ਰ ਆ ਰਿਹਾ ਸੀ ਉਸ ਦਾ ਕੱਦ ਕਾਠ ਤੇ ਤੁਰਨਾ ਫਿਰਨਾ ਬਿਲਕੁਲ ਨਹੀਂ ਮਿਲਦਾ ਸੀ। ਆਈਪੀਐਸ ਹਰਦਿਆਲ ਸਿੰਘ ਮਾਨ ਦੀ ਕਾਬਲ ਟੀਮ ਨੇ ਪੂਰੀ ਜਾਂਚ ਕੀਤੀ। ਉਸ ਜਾਂਚ ਵਿਚ ਸਾਡੇ ’ਤੇ ਲਗਾਏ ਦੋਸ਼ ਝੂਠੇ ਨਿਕਲੇ ਤਾਂ ਹਰਦਿਆਲ ਸਿੰਘ ਮਾਨ ਨੇ ਵੱਡੀਆਂ ਸਿਫ਼ਾਰਸ਼ਾਂ ਹੋਣ ਦੇ ਬਾਵਜੂਦ ਉਹ ਸ਼ਿਕਾਇਤ ਦਾਖਲ ਦਫ਼ਤਰ ਕਰ ਦਿੱਤੀ। ਹਰਦਿਆਲ ਸਿੰਘ ਮਾਨ ਨੇ ਬੜੇ ਕਮਾਲ ਦੇ ਸ਼ਬਦ ਵਰਤੇ ਸੀ ਵਿਸ਼ਾਲ ਰੰਬਾਨੀ ਬਾਰੇ। ‘’ਇਹ ਕੋਈ ਤੁਹਾਡੇ ਤੇ ਕੇਸ ਨਹੀਂ ਕਰਨਾ ਚਾਹੁੰਦਾ, ਅਸਲ ਵਿਚ ਇਹ ਤੁਹਾਨੂੰ ਝੁਕਾਉਣਾ ਚਾਹੁੰਦਾ ਹੈ, ਤੁਹਾਡੇ ਕੋਲੋਂ ਆਪਣੇ ਪੈਰ ਫੜਾਉਣਾ ਚਾਹੁੰਦਾ, ਇਹ ਜ਼ਲਾਲਤ ਤੁਹਾਨੂੰ

ਇਹ ਦੇਣੀ ਚਾਹੁੰਦਾ ਹੈ, ਇਸ ਕਰਕੇ ਤੁਹਾਨੂੰ ਪ੍ਰੇਸ਼ਾਨ ਕਰ ਰਿਹਾ ਹੈ ਪਰ ਅਸੀਂ ਇਸ ਦੇ ਗ਼ੁਲਾਮ ਥੋੜ੍ਹਾ ਹਾਂ ਕਿ ਇਸ ਦੀ ਮਨਸਾ ਨੂੰ ਪੂਰਾ ਕਰੀਏ, ਜੇਕਰ ਇਹ ਹਿੰਦੁਸਤਾਨ ਟਾਈਮਜ਼ ਦਾ ਪੱਤਰਕਾਰ ਹੈ ਤਾਂ ਕੀ ਇਸ ਦੇ ਕਹਿਣ ਤੇ ਅਸੀਂ ਤੁਹਾਡੇ ਪਰਿਵਾਰ ਨੂੰ ਜੇਲ੍ਹ ਵਿਚ ਸੁੱਟ ਦੇਈਏ? ਪਾਗਲਪਣ ਦੀ ਵੀ ਕੋਈ ਸੀਮਾ ਹੁੰਦੀ ਹੈ।’’  ਉਸ ਤੋਂ ਬਾਅਦ ਵਿਸ਼ਾਲ ਰੰਬਾਨੀ ਮਾਨਸਿਕ ਤੌਰ ਤੇ ਜਿਵੇਂ ਪਾਗਲ ਹੋ ਗਿਆ ਸੀ, ਉਹ ਮੇਰੇ ਖ਼ਿਲਾਫ਼ ਹਰ ਤਰ੍ਹਾਂ ਦੀ ਕਾਰਵਾਈ ਕਰਨਾ ਚਾਹੁੰਦਾ ਸੀ, ਉਸ ਹੁਣ ਸਿਰਫ਼ ਮੇਰੇ ਖ਼ਿਲਾਫ਼ ਹੀ ਕੁਝ ਨਾ ਕੁਝ ਕਰਨਾ ਚਾਹੁੰਦਾ ਸੀ, ਜਿਸ ਬੰਦੇ ਦੇ ਹਮੇਸ਼ਾ 5-7 ਮੰਤਰੀ ਜੇਬ ਵਿਚ ਰਹਿੰਦੇ ਹੋਣ, ਜਿਸ ਦਾ ਮੂੰਹ ਫੱਟ ਏਨਾ ਸੀ ਕਿ ਉਹ ਕਿਸੇ ਵੀ ਅਧਿਕਾਰੀ ਨੂੰ ਗਾਲ਼ਾਂ ਕੱਢ ਦਿੰਦਾ ਸੀ (ਪਹਿਲੇ ਭਾਗਾਂ ਵਿਚ ਦੱਸ ਆਏ ਹਾਂ), ਉਹ ਪੱਤਰਕਾਰਾਂ ਨੂੰ ਆਪਸ ਵਿਚ ਲੜਾਉਣ ਦਾ ਹੁਨਰ ਰੱਖਦਾ ਸੀ। ਪਟਿਆਲਾ ਵਿਚ ਉਸ ਦੀ ਤੂਤੀ ਬੋਲਦੀ ਸੀ, ਪਟਿਆਲਾ ਵਿਚ ਪੱਤਰਕਾਰਾਂ ਦਾ ਉਸ ਨਾਲ ਇਕ ਵੱਡਾ ਗਰੁੱਪ ਸੀ। ਉਸ ਨੂੰ ਲੱਗਦਾ ਸ ਕਿ ਉਸ ਨੂੰ ਇਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਨੇ ਚੈਲੰਜ ਕੀਤਾ ਸੀ, ਉਹ ਹੁਣ ਮੈਨੂੰ ਹਰ ਥਾਂ ਤੇ ਗਾਲ਼ਾਂ ਕੱਢਦਾ, ਜਿਸ ਦਾ ਸਾਥ ਫੁਕਰਾ ਧਾਲੀਵਾਲ ਵੀ ਦਿੰਦਾ ਸੀ, ਫੁਕਰਾ ਧਾਲੀਵਾਲ ਉਸ ਦੀ ਸਾਜਿਸ਼ ਵਿਚ ਪੂਰੀ ਤਰ੍ਹਾਂ ਸ਼ਾਮਲ ਹੋ ਚੁੱਕਿਆ ਸੀ। ਫੁਕਰਾ ਧਾਲੀਵਾਲ ਨੇ ਤਾਂ ਸਰਕਟ ਹਾਊਸ ਪਟਿਆਲਾ ਵਿਚ ਪੱਤਰਕਾਰਾਂ ਦੀ ਚੱਲਦੀ ਮੀਟਿੰਗ  ਵਿਚ ਇਹ ਗੱਲ ਆਖੀ ਸੀ ‘‘ਮੈਂ ਅਕੀਦੇ ਦੀ ਪੱਗ ’ਤਾਰ ਕੇ ਉਸ ਨੂੰ ਵਾਲਾਂ ਤੋਂ ਫੜ ਕੇ ਘੜੀਸ ਕੇ ਲੈ ਕੇ ਆਵਾਂਗਾ, ਬਗੈਰਾ ਬਗੈਰਾ..’’ ਜਿਸ ਦਾ ਵਿਸਥਾਰ ਅਗਲੇ ਭਾਗਾਂ ਵਿਚ ਹੋਵੇਗਾ ਕਿ ਫੇਰ ਫੁਕਰਾ ਧਾਲੀਵਾਲ ਕਿਵੇਂ ਸਾਡੀਆਂ ਮਿੰਨਤਾਂ ਕਰਦਾ ਸੀ ਕਿ ਕਿਵੇਂ ਉਹ ਸਿਫ਼ਾਰਸ਼ਾਂ ਲਗਾ ਕੇ ਪੁਲੀਸ ਤੋਂ ਬਚਦਾ ਫਿਰਦਾ ਸੀ, ਧਿਆਨ ਨਾਲ ਗੱਲ ਸਮਝਣ ਵਾਲੀ ਹੈ, ਮੇਰੇ ਖ਼ਿਲਾਫ਼ ਸਿੱਧੇ ਤੌਰ ਤੇ ਵਿਸ਼ਾਲ ਰੰਬਾਨੀ ਨਾਲ ਰਾਜੇਸ਼ ਪੰਜੋਲਾ, ਬਲਜਿੰਦਰ ਸ਼ਰਮਾ, ਫੁਕਰਾ ਧਾਲੀਵਾਲ, ਗਗਨ ਤੇਜਾ ਇੱਥੋਂ ਤੱਕ ਕਿ ਪੰਜਾਬੀ ਟ੍ਰਿਬਿਊਨ ਗਰੁੱਪ ਵਿਚ ਮੇਰੇ ਸਾਥੀ, ਬੇਸ਼ੱਕ ਉਹ ਪਿੱਛੋਂ ਹੀ ਸਨ, ਇਨ੍ਹਾਂ ਦੇ ਗਰੁੱਪ ਵਿਚ ਹੁਣ ਪ੍ਰਵੀਨ ਕੋਮਲ ਵੀ ਸ਼ਾਮਲ ਹੋ ਗਿਆ ਸੀ। ਫੇਰ ਵਿਸ਼ਾਲ ਰੰਬਾਨੀ ਦੀ ਸਰਕਾਰ ਵਿਚ ਤੂਤੀ ਬੋਲਦੀ ਸੀ, ਰਾਜਪਾਲ ਦੇ ਭਵਨ ਵਿਚ ਉਸ ਦੀ ਇਕ ਅਧਿਕਾਰੀ ਨਾਲ ਯਾਰੀ ਸੀ, ਫੇਰ ਹਿੰਦੁਸਤਾਨ ਟਾਈਮਜ਼ ਦਾ ਸਟਾਫ਼ ਰਿਪੋਰਟਰ ਹੋਵੇ। ਤੁਸੀਂ ਹੈਰਾਨ ਹੋਵੋਗੇ ਕ‌ਿ ਵਿਸ਼ਾਲ ਰੰਬਾਨੀ ਕੋਈ ਆਮ ਬੰਦਾ ਨਹੀਂ ਸੀ ਪਟਿਆਲਾ ਵਿਚ, ਤਾਂ ਹੀ ਤਾਂ ਉਸ ਨੂੰ ਪਟਿਆਲਾ ਵਿਚ ‘ਰੱਬ’ ਕਹਿੰਦੇ ਸਨ। ਉਹ ਬੰਦਾ ਇਹ ਧਾਰ ਚੁੱਕਿਆ ਸੀ ਕਿ ਉਸ ਨੇ ਗੁਰਨਾਮ ਸਿੰਘ ਅਕੀਦਾ ਤੇ ਉਸ ਦੇ ਪਰਿਵਾਰ ਨੂੰ ਖ਼ਤਮ ਕਰਨਾ ਹੈ, ਉਸ ਨੇ ਮੈਨੂੰ ਬਰਬਾਦ ਕਰਨ ਲਈ ਹਰ ਤਰੀਕਾ ਵਰਤਿਆ। ਤੁਸੀਂ ਕਮਾਲ ਦੇਖੋ ਵਿਸ਼ਾਲ ਰੰਬਾਨੀ ਦੀਆਂ ਹਿੰਦੁਸਤਾਨ ਟਾਈਮਜ਼ ਵਿਚ ਅਨੇਕਾਂ ਸ਼ਿਕਾਇਤਾਂ ਜਾ ਰਹੀਆਂ ਸਨ, ਕਥਿਤ ਚੇਤਨ ਕੀ ਤੋਂ ਲੈ ਕੇ ਕੰਵਰ ਬੇਦੀ ਤੱਕ ਨੇ ਕਾਫ਼ੀ ਸ਼ਿਕਾਇਤਾਂ ਕੀਤੀਆਂ ਸਨ। ਹਰ ਸ਼ਿਕਾਇਤ ਤੇ ਸਾਡੇ ਸੰਪਾਦਕ ਸੁਰਿੰਦਰ ਤੇਜ਼ ਹੋਰੀਂ ਜਾਂਚ ਕਰਨ ਤੋਂ ਬਗੈਰ ਹੀ ਮੈਨੂੰ ਮੁਅੱਤਲ ਕਰ ਦਿੰਦੇ ਸੀ ਪਰ ਵਿਸ਼ਾਲ ਰੰਬਾਨੀ ਦੀ ਕੋਈ ਕਿਸੇ ਨੇ ਕਿਸੇ ਵੀ ਸ਼ਿਕਾਇਤ ਦਾ ਨੋਟਿਸ ਨਹੀਂ ਲਿਆ, ਕਹਿੰਦੇ ਹਿੰਦੁਸਤਾਨ ਟਾਈਮਜ਼ ਵਿਚ ਕਥਿਤ ਕੋਈ ਵਸ਼ਿਸ਼ਟ ਨਾਮ ਦਾ ਕੰਟੈਂਟ ਐਡੀਟਰ ਵਿਸ਼ਾਲ ਦੀ ਹਰ ਪੱਖੋਂ ਮਦਦ ਕਰ ਰਿਹਾ ਸੀ। ਜਿਸ ਕਰਕੇ ਉਸ ਦਾ ‘ਬਖਤਰ ਬੰਦ’ ਕਥਿਤ ਵਸ਼ਿਸ਼ਟ ਨੂੰ ਹੀ ਮੰਨਿਆ ਜਾਂਦਾ ਸੀ। 

ਪਰ ਪੰਜਾਬੀ ਯੂਨੀਵਰਸਿਟੀ ਵਿਚ ਵਿਸ਼ਾਲ ਰੰਬਾਨੀ ਦੀ ਪਤਨੀ ਬਾਰੇ ਲੱਗੇ ਪੋਸਟਰਾਂ ਨੇ ਵਿਸ਼ਾਲ ਰੰਬਾਨੀ ਦੀ ਧਰਮ ਪਤਨੀ ਨੂੰ ਪੰਜਾਬੀ ਯੂਨੀਵਰਸਿਟੀ ਵਿਚ ਨੌਕਰੀ ਲੱਗਣ ਦਾ ਬੰਨ੍ਹ ਲਗਾ ਦਿੱਤਾ ਸੀ। ਮੈਨੂੰ ਬਾਅਦ ਵਿਚ ਪਤਾ ਲੱਗਾ ਕਿ ਉਹ ਪੋਸਟਰ ਲਗਾਏ ਕਿਸ ਨੇ ਸਨ। ਉਸ ਦਾ ਮੈਂ ਜ਼ਿਕਰ ਵੀ ਕਰ ਸਕਦਾ ਹਾਂ ਪਰ ਨਹੀਂ ਇਹ ਗੱਲ ਇੱਥੇ ਸਹੀ ਨਹੀਂ ਹੋਵੇਗੀ। ਉੱਧਰ ਪਟਿਆਲਾ ਵਿਚ ਪੱਤਰਕਾਰਾਂ ਦੇ ਗਰੁੱਪਾਂ ਵਿਚ ਆਪਸ ਵਿਚ ਕਾਫ਼ੀ ਝਗੜੇ ਚੱਲ ਰਹੇ ਸਨ। ਫੁਕਰੇ ਪੱਤਰਕਾਰਾਂ ਵੱਲੋਂ ਦੂਜੇ ਪੱਤਰਕਾਰਾਂ ਤੇ ਅਟੈਕ ਕੀਤਾ ਜਾ ਰਹੇ ਸਨ। ਇਨ੍ਹਾਂ ਦੀਆਂ ਮੇਰੇ ਖ਼ਿਲਾਫ਼ ਸਾਜ਼ਿਸ਼ਾਂ ਕਰਨ ਦੇ ਤਰੀਕੇ ਬੜੇ ਕਮਾਲ ਸਨ, ਇੱਥੇ ਥੋੜ੍ਹਾ ਜਿਹਾ ਜ਼ਿਕਰ ਇਕ ਕਹਾਣੀ ਦਾ ਕਰਦੇ ਹਾਂ, ..... 

ਇਕ ਪਾਸੇ ਮੀਡੀਆ ਕਲੱਬ ਪਟਿਆਲਾ ਦੀ ਚੜ੍ਹਤ ਪੂਰੀ ਤਰ੍ਹਾਂ ਹੋ ਗਈ ਸੀ, (ਇਸ ਦਾ ਪੂਰਾ ਜ਼ਿਕਰ ਅਗਲੇ ਭਾਗਾਂ ਵਿਚ ਕਰਾਂਗੇ) ਅਸੀਂ ਮੈਂ, ਮਨਦੀਪ ਸਿੰਘ ਜੋਸਨ, ਤੇਜਿੰਦਰ ਫ਼ਤਿਹਪੁਰ, ਗੁਰਮੁਖ ਸਿੰਘ ਰੁਪਾਣਾ, ਸੁਖਦੀਪ ਸਿੰਘ ਮਾਨ, ਰਾਣਾ ਰਣਬੀਰ ਆਦਿ ਨੇ ਮੀਡੀਆ ਕਲੱਬ ਤੋਂ ਦੂਰੀ ਬਣਾ ਲਈ ਸੀ। ਭਾਵੇਂ ਕਿ ਰਣਬੀਰ ਰਾਣਾ ਬਾਅਦ ਵਿਚ ਮੀਡੀਆ ਕਲੱਬ ਪਟਿਆਲਾ ਵਿਚ ਸ਼ਾਮਲ ਹੋ ਗਿਆ ਸੀ, ਪਟਿਆਲਾ ਦਾ ਇਲੈਕਟ੍ਰੋਨਿਕ ਮੀਡੀਆ ਵੀ ਮੀਡੀਆ ਕਲੱਬ ਪਟਿਆਲਾ ਤੋਂ ਦੂਰ ਸੀ, ਇਸ ਕਰਕੇ ਇਲੈਕਟ੍ਰੋਨਿਕ ਮੀਡੀਆ ਤੇ ਅਸੀਂ ਇਕੱਠੇ ਹੋਕੇ ਇਕ ਮੀਡੀਆ ਵੈੱਲਫੇਅਰ ਐਸੋਸੀਏਸ਼ਨ ਰਜਿ. ਬਣਾਈ, ਜਿਸ ਦਾ ਪ੍ਰਧਾਨ ਮੈਂ ਬਣਿਆ ਤੇ ਜਨਰਲ ਸਕੱਤਰ ਬਿੰਨੀ ਬਣਿਆ। (ਇਸ ਬਾਰੇ ਅਗਲੇ ਭਾਗਾਂ ਵਿਚ ਦੱਸਾਂਗੇ) ਪਰ ਗੱਲ ਇਨ੍ਹਾਂ ਦੀ ਸਾਜਿਸ਼ ਦੀ ਕਰ


ਰਹੇ ਹਾਂ ਕਿ ਫੁਕਰਾ ਧਾਲੀਵਾਲ ਤੇ ਵਿਸ਼ਾਲ ਰੰਬਾਨੀ ਆਦਿ ਪੱਤਰਕਾਰਾਂ ਦੀ ਸਾਜਿਸ਼ ਚੱਲ ਰਹੀ ਸੀ ਕਿ ਕਿਸੇ ਵੀ ਤਰੀਕੇ ਨਾਲ ਇਸ ਐਸੋਸੀਏਸ਼ਨ ਨੂੰ ਤੋੜਿਆ ਜਾਵੇ, ਉਹ ਸਾਡੇ ਵਿਚੋਂ ਕਮਜ਼ੋਰ ਕੜੀ ਲੱਭ ਰਹੇ ਸਨ। ਆਮ ਚੈਨਲਾਂ ਤੇ ਆਮ ਛੋਟੇ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਸਾਡੀ ਐਸੋਸੀਏਸ਼ਨ ਨਾਲੋਂ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਬੱਬਰ ਸ਼ੇਰ ਨਹੀਂ ਟੁੱਟੇ, ਉਹ ਕਹਿੰਦੇ ਜਿੱਥੇ ਖੜ ਗਏ ਤੇ ਖੜ ਗਏ, ਮੌਸਮਾਂ ਵਾਂਗ ਨਹੀਂ ਕਿ ਸਮਾਂ ਆਇਆ ਤੇ ਬਦਲ ਗਏ, ਪਰ ਵਿਸ਼ਾਲ ਰੰਬਾਨੀ ਦੇ ਗਰੁੱਪ ਵੱਲੋਂ ਸਾਡੇ ਵਿਚੋਂ ਵੀ ਕਮਜ਼ੋਰ ਕੜੀ ਲੱਭ ਲਈ ਸੀ, ਉਹ ਸੀ ਬਿੰਨੀ, ਬਿੰਨੀ ਆਮ ਜਿਹੇ ਟੀਵੀ ਚੈਨਲ ਵਿਚ ਕੰਮ ਕਰਦਾ ਸੀ। ਫੁਕਰੇ ਧਾਲੀਵਾਲ ਨੇ ਕੈਨੇਡਾ ਜਾਣਾ ਸੀ, ਉਹ ਉਸ ਵੇਲੇ ਜੀ ਪੰਜਾਬੀ ਟੀਵੀ ਚੈਨਲ ਵਿਚ ਪਟਿਆਲਾ ਤੋਂ ਪੱਤਰਕਾਰ ਸੀ। ਉਹ ਅਚਾਨਕ ਹੀ ਬਿੰਨੀ ਦੇ ਤ੍ਰਿਪੜੀ ਵਾਲੇ ਦਫ਼ਤਰ ਵਿਚ ਆਉਣ ਲੱਗ ਪਿਆ ਸੀ, ਮੇਰੇ ਕੋਲ ਇਕ ਪੱਤਰਕਾਰ ਸਾਥੀ ਨੇ ਉਸ ਦੀ ਬਿੰਨੀ ਨਾਲ ਬੈਠੇ ਦੀ ਫ਼ੋਟੋ ਵੀ ਖਿੱਚ ਕੇ ਭੇਜ ਦਿੱਤੀ ਸੀ, ਬਿੰਨੀ ਨਾਲ ਮੈਂ ਗੱਲ ਵੀ ਕੀਤੀ ਸੀ, ਉਸ ਨੇ ਕਿਹਾ ਸੀ ਕਿ ‘‘ਉਂਜ ਹੀ ਖ਼ਬਰਾਂ ਦਾ ਅਦਾਨ ਪ੍ਰਦਾਨ ਕਰਨ ਲਈ ਆ ਜਾਂਦਾ ਹੈ’’ ਪਰ ਕੁਝ ਦਿਨਾਂ ਬਾਅਦ ਉਹ ਸਾਡੀ ਐਸੋਸੀਏਸ਼ਨ ਦੀ ਮੀਟਿੰਗ ਵਿਚ ਆਉਣ ਤੋਂ ਗੈਰ ਹਾਜ਼ਰ ਰਹਿਣ ਲੱਗ ਪਿਆ ਸੀ। ਅਚਾਨਕ ਹੀ ਉਸ ਨੇ ਇਕ

ਪੱਤਰਕਾਰ ਤੇ ਦੋਸ਼ ਲਗਾਏ ਤੇ ਕਹਿਣ ਲੱਗਾ ਕਿ ਜੇਕਰ ਇਹ ਐਸੋਸੀਏਸ਼ਨ ਵਿਚ ਰਹੇਗਾ ਤਾਂ ਉਹ ਨਹੀਂ ਰਹੇਗਾ, ਮੈਂ ਉਸ ਨੂੰ ਕਿਹਾ ਸੀ ਕਿ ਆਪਾਂ ਇਸ ਐਸੋਸੀਏਸ਼ਨ ਦੇ ਫਾਊਂਡਰ ਹਾਂ, ਤੂੰ ਜਨਰਲ ਸਕੱਤਰ ਹੈਂ, ਫੇਰ ਤੂੰ ਇਹ ਕਿਵੇਂ ਕਹਿ ਸਕਦਾ ਹੈਂ, ਪਰ ਉਹ ਐਸੋਸੀਏਸ਼ਨ ਵਿਚ ਆਉਣਾ ਬੰਦ ਕਰ ਗਿਆ ਸੀ , ਹੁਣ ਸਾਨੂੰ ਪਤਾ ਲੱਗ ਗਿਆ ਸੀ ਕਿ ਇਸ ਦੇ ਪਿੱਛੇ ਕੌਣ ਹੈ, ਅਸਲ ਵਿਚ ਬਿੰਨੀ ਨੂੰ ਫੁਕਰਾ ਧਾਲੀਵਾਲ ਨੇ ‘ਜੀ ਪੰਜਾਬੀ ਟੀਵੀ ਚੈਨਲ’ ਦੀ ਆਪਣੀ ਥਾਂ ਤੇ ਪਟਿਆਲਾ ਤੋਂ ਪੱਤਰਕਾਰੀ ਦਿਵਾ ਲਿਆਉਂਦੀ ਸੀ। ਬਿੰਨੀ ਨੂੰ ਐਸੋਸੀਏਸ਼ਨ ਨਾਲੋਂ ‘ਜੀ ਪੰਜਾਬੀ ਟੀਵੀ ਚੈਨਲ’ ਦੀ ਪੱਤਰਕਾਰੀ ਜ਼ਿਆਦਾ ਵੱਡੀ ਲੱਗੀ ਸੀ, ਸਾਰੀ ਐਸੋਸੀਏਸ਼ਨ ਨੂੰ ਇਸ ਦਾ ਪਤਾ ਲੱਗ ਗਿਆ ਸੀ।ਪਰ ਤੁਸੀਂ ਕਮਾਲ ਦੇਖੋ ਕਿ ਵਿਸ਼ਾਲ ਰੰਬਾਨੀ ਨੇ ਸਾਡੀ ਐਸੋਸੀਏਸ਼ਨ ਵਿਚੋਂ ਸਾਡਾ ਜਨਰਲ ਸਕੱਤਰ ਕਿਵੇਂ ਪੱਟਿਆ। ਉਨ੍ਹਾਂ ਬੜੀ ਸਾਜਿਸ਼ ਨਾਲ ਸਾਡੇ ਵਿਚੋਂ ਕਮਜ਼ੋਰ ਕੜੀ ਲੱਭੀ ਸੀ ਤੇ ਉਸ ਨੂੰ ਸਾਜਿਸ਼ ਤਰੀਕੇ ਨਾਲ ਪੱਟ ਲਿਆ ਸੀ, ਤੇ ਬਿੰਨੀ ਜੀ ਪੱਟੇ ਵੀ ਗਏ ਸਨ, ਪਰ ਮੈਂ ਇਸ ਬਾਰੇ ਬਿੰਨੀ ਨੂੰ ਦੋਸ਼ ਨਹੀਂ ਦਿੰਦਾ ਉਸ ਨੇ ਮੌਕੇ ਦਾ ਲਾਭ ਉਠਾਇਆ ਤੇ ਜੀ ਪੰਜਾਬੀ ਟੀਵੀ ਵਰਗੇ ਵੱਡੇ ਗਰੁੱਪ ਨਾਲ ਜੁੜਿਆ, ਜਿਸ ਲਈ ਉਸ ਨੇ ਮੇਰੇ ਵਿਰੁੱਧ ਗਰੁੱਪ ਨੂੰ ਵਰਤ ਲਿਆ ਤੇ ਮੇਰੇ ਵਿਰੋਧ ਵਿਚ ਚੱਲ ਰਿਹਾ ਰੰਬਾਨੀ ਗਰੁੱਪ ਵੀ ਖ਼ੁਦ ਬ ਖ਼ੁਦ ਵਰਤਿਆ ਗਿਆ।


ਅੰਤਿਕਾ... 

ਜਾਂਦਿਆਂ ਜਾਂਦਿਆਂ ਪੰਜਾਬੀ ਯੂਨੀਵਰਸਿਟੀ ਦੀ ਪੱਤਰਕਾਰੀ ਬਾਰੇ ਹੋਰ ਵੀ ਚਰਚਾ ਕੀਤੀ ਜਾ ਸਕਦੀ ਹੈ, ਬਹੁਤ ਕਹਾਣੀਆਂ ਹਨ ਜੋ ਖ਼ਬਰਾਂ ਦਾ ਹਿੱਸਾ ਨਹੀਂ ਬਣ ਸਕਦੀਆਂ। ਪੰਜਾਬੀ ਯੂਨੀਵਰਸਿਟੀ ਵਿਚ ਮੈਂ ਕਰੀਬ 1994 ਤੋਂ ਸਿੱਧਾ ਬਾ-ਵਾਸਤਾ ਹਾਂ, ਉਸ ਤੋਂ


ਵੀ ਜ਼ਿਆਦਾ ਯੂਨੀਵਰਸਿਟੀ ਵਿਚ ਮੈਂ 1997 ਤੋਂ ਸਰਗਰਮ ਹੋਇਆ, ਪੱਤਰਕਾਰੀ ਮੇਰੀ 2002 ਤੋਂ ਬਾਅਦ ਚਰਚਾ ਵਿਚ ਆਈ। ਪਹਿਲਾਂ ਪੰਜਾਬੀ ਯੂਨੀਵਰਸਿਟੀ ਵਿਚ ਪੜ੍ਹਦੀਆਂ ਕੁੜੀਆਂ ਮੁੰਡਿਆਂ ਵਿਚ ਤਹਿਜ਼ੀਬ ਹੁੰਦੀ ਸੀ। ਇਕ ਡਿਸਟੈਂਸ ਹੁੰਦਾ ਸੀ।ਮੈਂ ਯੂਨੀਵਰਸਿਟੀ ਵਿਚ ਬੱਚਿਆਂ ਦੀਆਂ ਕਈ ਹੋਲੀਆਂ ਦੇਖੀਆਂ, ਪਰ ਪਿਛਲੇ ਸਾਲਾਂ ਤੋਂ ਕੁੜੀਆਂ ਕਲਾ ਭਵਨ ਦੇ ਪਿੱਛੇ ਹੋਲੀ ਖੇਡੀ ਜਾਂਦੀ ਹੈ। ਮੁੰਡੇ ਕੁੜੀਆਂ ਨਾਲ ਏਨੀਆਂ ਅਸ਼ਲੀਲ ਹਰਕਤਾਂ ਕਰਦੇ ਹਨ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਕੋਈ ਰੋਕ ਵੀ ਨਹੀਂ ਸਕਦਾ।

ਇਕ ਕਿ ਐਡੀਸ਼ਨਲ ਡੀਨ ਵਿਦਿਆਰਥੀ ਭਲਾਈ ਡਾ. ਅੰਮ੍ਰਿਤਪਾਲ ਕੌਰ ਨੇ ਗੱਲ ਸੁਣਾਈ ਕਹਿੰਦੀ ਮੈਂ ਗੁਰਦੁਆਰਾ ਸਾਹਿਬ


ਵਾਲੇ ਪਾਸਿਓਂ ਤੁਰੀ ਆ ਰਹੀ ਸੀ। ਰਸਤੇ ਵਿਚ ਇਕ ਪਾਸੇ ਕੀ ਦੇਖਿਆ ਇਕ ਮੁੰਡਾ ਤੇ ਇਕ ਕੁੜੀ ਬੜੇ ਹੀ ਇਤਰਾਜ਼ਯੋਗ ਹਰਕਤਾਂ ਕਰ ਰਹੇ ਸਨ, ਕਹਿਣ ਲੱਗਿਆਂ ਵੀ ਸ਼ਰਮ ਆਉਂਦੀ ਹੈ, ਉਹ ਆਪਣੇ ਮੂੰਹ ਵਿਚ ਮੂੰਹ ਪਾਕੇ ਬੈਠੇ ਸਨ। ਮੈਂ ਉਨ੍ਹਾਂ ਨੂੰ ਦੇਖਿਆ ਤਾਂ ਮੈਂ ਸੋਚਿਆ ਕਿ ਇਹ ਕੀ ਕਰ ਰਹੇ ਹਨ, ਮੈਂ ਉਨ੍ਹਾਂ ਨੂੰ ਕਿਹਾ ਇਹ ਕੀ ਕਰ ਰਹੇ ਹੋ, ਉਹ ਭੋਰਾ ਵੀ ਨਹੀਂ ਡਰੇ, ਮੈਂ ਕਿਹਾ ਇਸ ਤਰ੍ਹਾਂ ਜਨਤਕ ਤੌਰ ਤੇ ਤਾਂ ਨਾ ਕਰੋ.. ਤੁਹਾਨੂੰ ਸਮਝ ਨਹੀਂ, ਤਾਂ ਉਹ ਮੁੰਡਾ ਕੁੜੀ ਕਹਿਣ ਲੱਗੇ ‘‘ਤੁਸੀਂ ਕੌਣ ਹੋ ਸਾਨੂੰ ਰੋਕਣ ਵਾਲੇ, ਅਸੀਂ ਕਿਹੜਾ ਨਾਬਾਲਗ ਹਾਂ, ਅਸੀਂ ਬਾਲਗ ਹਾਂ, ਸਾਡੀ ਮਰਜ਼ੀ ਜਿਵੇਂ ਮਰਜ਼ੀ ਰਹੀਏ’’  ਕਹਿੰਦੀ ਮੈਂ ਉਸ ਵੇਲੇ ਕੀ ਕਰਦੀ ਤੇ ਕੀ ਕਹਿੰਦੀ, ਮੈਂ ਚੁੱਪ ਕੀਤੀ ਤੇ ਉੱਥੋਂ ਤੁਰ ਆਈ। ਤਾਂ ਦੇਖੋ ਅਜਿਹੀਆਂ ਕਹਾਣੀਆਂ ਵੀ ਹੁਣ ਸਾਡੀ ਯੂਨੀਵਰਸਿਟੀ ਵਿਚ ਵਾਪਰ ਰਹੀਆਂ ਹਨ। ਸਿਰਫ਼ ਵਿਦਿਆਰਥੀਆ ਵਿਚ ਹੀ ਨਹੀਂ ਕੁਝ ਅਧਿਆਪਕਾਂ ਦੀਆਂ ਕਹਾਣੀਆਂ ਵੀ ਹੈਰਾਨੀਜਨਕ ਹਨ, ਜਿਨ੍ਹਾਂ ਦੀਆਂ ਵੀਡੀਓ ਵੀ ਜਨਤਕ ਹੋਈਆਂ ਹਨ। ਜਿਸ ਬਾਰੇ ਇਕ ਨਾਵਲ ਲਿਖਿਆ ਜਾ ਸਕਦਾ ਹੈ ਕਿਉਂਕਿ ਇਹ ਕਹਾਣੀਆਂ ਪੱਤਰਕਾਰਤਾ ਦੇ ਇਤਿਹਾਸ ਦਾ ਹਿੱਸਾ ਨਹੀਂ ਹਨ।

ਬਾਕੀ ਅਗਲੇ ਭਾਗ ਵਿਚ ਪੱਤਰਕਾਰਾਂ ਦਾ ਇਤਿਹਾਸ ਜਾਰੀ ਰਹੇਗਾ...ਪੜ੍ਹਦੇ ਰਹਿਣਾ.. 

ਨੋਟ : ਇਸ ਬਲਾਗ ਬਾਰੇ ਕਿਸੇ ਕੋਲ ਹੋਰ ਜਾਣਕਾਰੀ ਹੋਵੇ ਜਾਂ ਫਿਰ ਕਿਸੇ ਨੂੰ ਲੱਗਦਾ ਹੋਵੇ ਕਿ ਇਹ ਗ਼ਲਤ ਹੈ ਤਾਂ ਉਹ ਬਲਾਗ ਦੇ ਹੇਠਾਂ ਟਿੱਪਣੀ ਕਰ ਸਕਦਾ ਹੈ ਜਾਂ ਮੈਨੂੰ ਮੇਰੇ ਇੱਥੇ ਦਿੱਤੇ ਫ਼ੋਨ ਤੇ ਫ਼ੋਨ ਵੀ ਕਰ ਸਕਦਾ ਹੈ। ਜਿਸ ਦੀ ਜਾਂਚ ਪੜਤਾਲ ਕਰਕੇ ਸੋਧ ਕੀਤੀ ਜਾਵੇਗੀ, ਕਿਉਂਕਿ ਕੋਈ ਵੀ ਆਖ਼ਰੀ ਸੱਚ ਨਹੀਂ ਹੁੰਦਾ। 


ਮੇਰਾ ਫ਼ੋਨ ਨੰਬਰ ਹੈ : 8146001100


No comments:

Post a Comment

ਪੱਤਰਕਾਰਾਂ ਵਿਚ ਪਾਵਰ-ਪਾਵਰ ਦਾ ਰੌਲਾ = ਹੰਕਾਰ : ਪ੍ਰਧਾਨ ਰਵੇਲ ਸਿੰਘ ਭਿੰਡਰ ਨੂੰ ਕਾਰਨ ਦੱਸੋ ਨੋਟਿਸ

ਪੱਤਰਕਾਰੀ ਦਾ ਇਤਿਹਾਸ ਭਾਗ-19 ਲੇਖਕ : ਗੁਰਨਾਮ ਸਿੰਘ ਅਕੀਦਾ      ਇਕ ਵਾਰੀ ਇਕ ਫੇਰੀ ਲਾਉਣ ਵਾਲਾ ‘ਬਿੱਛੂ’ ਵੇਚਦਾ ਫਿਰ ਰਿਹਾ ਸੀ, ਇਕ ਬੰਦਾ ਪੁੱਛਦਾ ‘‘ਕੀ ਰੇਟ ਲਾਏ ਭਾਈ...