Friday, December 19, 2025

ਪੱਤਰਕਾਰਾਂ ਦੀ ਸੱਥ ਲਾਲ ਕੋਠੀ ਦਾ ਕਮਰਾ ਨੰਬਰ - 4 : ਰੰਬਾਨੀ ਦਾ ਪ੍ਰਭਾਵ

ਪੱਤਰਕਾਰੀ ਦਾ ਇਤਿਹਾਸ ਭਾਗ : 13

ਲੇਖਕ : ਗੁਰਨਾਮ ਸਿੰਘ ਅਕੀਦਾ


    ਪਟਿਆਲਾ ਮੀਡੀਆ ਕਲੱਬ ਰਜਿਸਟਰਡ ਹੋ ਚੁੱਕਿਆ ਸੀ ਪਰ ਇਸ ਬਾਰੇ ਹੋਰ ਵੀ ਜਾਣਕਾਰੀ ਮਿਲੀ ਹੈ ਜੋ ਪਟਿਆਲਾ ਦੇ ਪੀ ਡਬਲਿਊ ਡੀ ਗੈੱਸਟ ਹਾਊਸ (ਲਾਲ ਕੋਠੀ) ਦੇ ਕਮਰਾ ਨੂੰ-4 ਤੋਂ ਸ਼ੁਰੂ ਹੁੰਦੀ ਹੈ। ਉਨ੍ਹਾਂ ਦਿਨਾਂ ਵਿਚ ਮੈਂ ਪਟਿਆਲਾ ਪੱਤਰਕਾਰਾਂ ਵਿਚ ਏਨਾ ਸਰਗਰਮ ਨਹੀਂ ਸੀ, ਸਪੋਕਸਮੈਨ ਅਸਤੀਫ਼ਾ ਦੇਣ ਤੋਂ ਬਾਅਦ ਮੈਂ ਦੇਸ਼ ਵਿਦੇਸ਼ ਟਾਈਮਜ਼ ਬਤੌਰ ਸਟਾਫ਼ ਰਿਪੋਰਟ ਪਟਿਆਲਾ ਜੁਆਇਨ ਕਰ ਲਿਆ ਸੀ। ਇੱਥੇ ਸ਼ਿੰਗਾਰਾ ਸਿੰਘ ਭੁੱਲਰ ਸੰਪਾਦਕ ਸਨ ਤੇ ਕੁਝ ਸਮੇਂ ਬਾਅਦ ਉਹ ਇੱਥੋਂ ਬਦਲ ਗਏ ਸਨ, ਮੇਰੀ ‘ਪੱਤਰਕਾਰ ਦੀ ਮੌਤ’ ਕਿਤਾਬ ਵੀ ਪ੍ਰਕਾਸ਼ਿਤ ਹੋ ਰਹੀ ਸੀ। ਉਸ ਤੋਂ ਬਾਅਦ ‘ਇੰਡੋ ਪੰਜਾਬ’ ਮੈਗਜ਼ੀਨ ਸ਼ੁਰੂ ਕੀਤਾ,  ਤੇ ਬਾਅਦ ਵਿਚ ਮੈਂ ਪੀਬੀਐਨ ਟੀ ਵੀ ਚੈਨਲ ਦੇ ‘ਨਿਊਜ਼ ਹੈੱਡ’ ਦੇ ਤੌਰ ਤੇ ਵੱਡੇ ਪੈਕੇਜ ਨਾਲ ਨਿਯੁਕਤ ਹੋਇਆ। ਸੈਕਟਰ 25 ਵਿਚ ਦਫ਼ਤਰ ਤੇ ਸਟੂਡੀਓ ਸੀ ਤੇ ਮੈਨੂੰ ਚੰਡੀਗੜ੍ਹ ਹੀ ਰਹਿਣਾ ਪੈਂਦਾ ਸੀ। ਕੁਝ ਸਮਾਂ ਦਿਲੀ ਵੀ ਰਿਹਾ। ਪਰ ਫੇਰ ਮੁੜ ਕੇ ਪਟਿਆਲਾ ਆਉਣਾ ਪਿਆ। ਇੰਨੇ ਨੂੰ ਇਹ ਘਟਨਾਕ੍ਰਮ ਵਾਪਰ ਰਹੇ ਸਨ, ਪੀ ਡਬਲਿਊ ਡੀ ਦਾ ਗੈੱਸਟ ਹਾਊਸ ਤੇ ਉਸ ਦਾ  ਕਮਰਾ ਨੰਬਰ-4 ਕਾਫ਼ੀ ਸਰਗਰਮੀਆਂ ਦਾ ਕੇਂਦਰ ਬਣ ਗਿਆ ਸੀ। 

ਪੀ ਡਬਲਿਊ ਡੀ ਗੈੱਸਟ ਹਾਊਸ ਵਿਰਾਸਤੀ ਇਮਾਰਤ ਹੈ। ਬਾਦਲ ਸਰਕਾਰ ਵਿਚ ਇਸ ਨੂੰ ਵੇਚਣ ਦੀ ਤਿਆਰੀ ਵੀ ਕਰ ਲਈ ਗਈ ਸੀ, ਜਿਵੇਂ ਕਿ ਬਾਦਲ ਸਰਕਾਰ ਨੇ ਪਟਿਆਲਾ ਦੇ ਮਿੰਨੀ ਸਕੱਤਰੇਤ ਰੋਡ ਤੇ ਬਣੀ ਭੁਪਿੰਦਰਾ ਡਾਇਰੀ ਦੀ ਇਮਾਰਤ ਤੇ ਉਸ ਦੀ ਸਾਰੀ ਜ਼ਮੀਨ ਵੀ ਬਾਦਲ ਸਰਕਾਰ ਵਿਚ ਵੇਚੀ ਗਈ ਸੀ। ਪੀ ਡਬਲਿਊ ਡੀ ਦੀ ਇਸ ਵਿਰਾਸਤੀ ਇਮਾਰਤ ਨੂੰ ਵੀ ਵੇਚਣ ਦੀ ਪੂਰੀ ਤਿਆਰੀ ਕਰ ਲਈ ਗਈ ਸੀ ਜਿਸ ਦੀ ਜਿੰਮੇਵਾਰੀ ਪੁੱਡਾ ਹਵਾਲੇ ਕੀਤੀ ਗਈ ਸੀ, ਪਰ ਪੰਜਾਬੀ ਟ੍ਰਿਬਿਊਨ (ਗੁਰਨਾਮ ਸਿੰਘ ਅਕੀਦਾ) ਸਮੇਤ ਕੁਝ ਪੱਤਰਕਾਰਾਂ ਨੇ ਇਸ ਵਿਰਾਸਤੀ ਇਮਾਰਤ ਨੂੰ ਬਚਾਉਣ ਲਈ ਅਹਿਮ ਰੋਲ ਨਿਭਾਇਆ, ਹਾਲਾਂ ਕਿ ਇਸ ਇਮਾਰਤ ਵਿਚੋਂ ਬਿਜਲੀ ਕਨੈੱਕਸ਼ਨ ਕੱਟ ਦਿੱਤੇ ਗਏ ਸਨ। ਜੋ ਅੱਜ ਵੀ ਖੰਡਰ ਬਣਦੀ ਜਾ ਰਹੀ ਹੈ, ਹੋ ਸਕਦਾ ਹੈ ਕਿ ਇਸ ਸਰਕਾਰ ਦਾ ਇਰਾਦਾ ਵੀ ਇਸ ਇਮਾਰਤ ਨੂੰ ਵੇਚਣ ਦਾ ਹੋਵੇ, ਇਸ ਇਮਾਰਤ ਵਿਚ ਕਿਹਾ ਜਾਂਦਾ ਹੈ ਕਿ ਰਿਆਸਤਾਂ ਸਮੇਂ ਪਟਿਆਲਾ ਦੇ ਮੁੱਖ ਮੰਤਰੀ ਦੀ ਰਿਹਾਇਸ਼ ਹੁੰਦੀ ਸੀ। ਇਸ ਰੈਸਟ ਹਾਊਸ ਵਿਚ ਤੇਜਵੀਰ ਸਿੰਘ ਡੀਸੀ ਦੇ ਹੁੰਦਿਆਂ ਪੱਤਰਕਾਰਾਂ ਨਾਲ ਸ਼ਾਮ ਦੀਆਂ ਮੁਲਾਕਾਤਾਂ ਵੀ ਹੁੰਦੀਆਂ ਸਨ।

ਸੁਖਦੀਪ ਸਿੰਘ ਮਾਨ ਪਟਿਆਲਾ ਵਿਚ ਅਜੀਤ ਅਖ਼ਬਾਰ ਤੋਂ ਪੱਤਰਕਾਰ ਬਣ ਕੇ ਆਇਆ ਸੀ ਜੋ ਸਮਾਣਾ ਦੇ ਕੋਲ ਕਕਰਾਲਾ ਭਾਈਕਾ ਪਿੰਡ ਦਾ ਵਾਸਿੰਦਾ ਹੈ, ਪਟਿਆਲਾ ਵਿਚ ਉਹ ਨਵਾਂ ਸੀ, ਇਸ  ਕਰਕੇ ਉਸ ਨੂੰ ਕੋਈ ਸਾਥੀ ਲੋੜੀਂਦਾ ਸੀ, ਜਿਸ ਲਈ ਉਸ ਦੇ ਨੇੜੇ ਦੋ ਪੱਤਰਕਾਰ ਹੋ ਸਕਦੇ ਸਨ, ਜਿਨ੍ਹਾਂ ਵਿਚ ਉਸ ਦੇ ਸਾਥੀ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਰਵੇਲ ਸਿੰਘ ਭਿੰਡਰ ਬਣ ਸਕਦੇ ਸੀ ਤੇ ਜਾਂ ਫਿਰ ਸਮਾਣਾ ਇਲਾਕੇ ਵਿਚੋਂ ਪੱਤਰਕਾਰੀ ਵਿਚ ਸਰਗਰਮ ਹੋ ਰਹੇ ਤੇਜਿੰਦਰ ਫਤਿਹਪੁਰੀ ਵੀ ਉਸ ਦੇ ਸਾਥੀ ਬਣ ਸਕਦੇ ਸੀ, ਸਮਾਣਾ ਨੇੜੇ ਦਾ ਇਕ ਪੱਤਰਕਾਰ ਹੋਰ ਵੀ ਸੀ ਵਿਕੀ, ਉਹ ਵੀ ਨੇੜੇ ਬਣ ਸਕਦਾ ਸੀ, ਉਸ ਤੋਂ ਬਾਅਦ ਉਸ ਨੂੰ ਸਪੋਕਸਮੈਨ ਅਖ਼ਬਾਰ ਵਿਚ ਚੰਗੀ ਤਨਖ਼ਾਹ ਮਿਲ ਗਈ ਸੀ ਉਸ ਨੇ ਅਜੀਤ ਅਖ਼ਬਾਰ ਤੋਂ ਅਸਤੀਫ਼ਾ ਦੇ ਕੇ ਸਪੋਕਸਮੈਨ ਜੁਆਇਨ ਕਰ ਲਿਆ, ਉਂਜ ਉਸ ਦੀ ਇਹ ਵੱਡੀ ਗ਼ਲਤੀ ਸੀ, ਉਸ ਨੂੰ ਪਟਿਆਲਾ ਰਹਿਣਾ ਪੈਣਾ ਸੀ ਜੇਕਰ ਉਹ ਰੋਜ਼ਾਨਾ ਕਕਰਾਲਾ ਪਿੰਡ ਤੋਂ ਆਉਂਦਾ ਤਾਂ ਉਸ ਨੂੰ ਬੜਾ ਔਖਾ ਹੋਣਾ ਪੈਣਾ ਤਾਂ ਹੀ ਉਸ ਨੇ ਇਕ ਤਰੀਕਾ ਅਪਣਾਇਆ, ਪਟਿਆਲਾ ਵਿਚ ਡੀ ਸੀ ਜੀ ਕੇ ਸਿੰਘ ਹੁੰਦੇ ਸਨ, ਸੁਖਦੀਪ ਸਿੰਘ ਮਾਨ ਨੇ ਡੀ ਸੀ ਜੀ ਕੇ ਸਿੰਘ ਕੋਲ ਦਰਖਾਸਤ ਦੇ ਕੇ ਪੀ ਡਬਲਿਊ ਡੀ ਗੈੱਸਟ ਹਾਊਸ ਵਿਚ ਆਪਣਾ ਕਮਰਾ ਨੰਬਰ-4 ਬੁੱਕ ਕਰਵਾ ਲਿਆ ਸੀ, ਹਾਲਾਂ ਕਿ ਸੁਖਦੀਪ ਸਿੰਘ ਮਾਨ ਨੂੰ ਰੋਜ਼ਾਨਾ ਦੇ 100 ਰੁਪਏ ਕਿਰਾਏ ਦੇ ਦੇਣੇ ਪੈਂਦੇ ਸਨ ਪਰ ਖੱਜਲ ਖੁਆਰੀ ਦੇ ਅੱਗੇ 100 ਰੁਪਏ ਕੁਝ ਵੀ ਨਹੀਂ ਸਨ। 


ਸੁਖਦੀਪ ਸਿੰਘ ਮਾਨ ਨਾਲ ਹੁਣ  ਰਵੇਲ ਸਿੰਘ ਭਿੰਡਰ ਤੇ ਤੇਜਿੰਦਰ ਫਤਿਹਪੁਰੀ ਵੀ ਆਉਣ
ਲੱਗ ਪਏ ਸਨ। ਇੱਥੇ ਸੰਯੋਗ ਇਹ ਵਾਪਰਿਆ ਕਿ ਪੀ ਡਬਲਿਊ ਡੀ ਗੈੱਸਟ ਹਾਊਸ ਵਿਚ ਹਿੰਦੁਸਤਾਨ ਟਾਈਮਜ਼ ਦੇ ਸਟਾਫ਼ ਰਿਪੋਰਟਰ ਰਵਿੰਦਰ ਵਾਸੂਦੇਵਾ ਨੇ ਵੀ ਇਕ ਕਮਰਾ ਲੈ ਲਿਆ ਸੀ। ਬੜਾ ਪਿਆਰਾ ਤੇ ਨਿਰਪੱਖ ਪੱਤਰਕਾਰ ਸੀ ਵਾਸੂਦੇਵਾ। 

ਇੱਥੋਂ ਹੀ ਸ਼ੁਰੂ ਹੁੰਦੀ ਹੈ ਪਟਿਆਲਾ ਵਿਚ ਪੱਤਰਕਾਰਾਂ ਦੀ ਇਕ ਜਥੇਬੰਦੀ ਬਣਾਉਣ ਦੀ ਗੱਲ! ਰਵਿੰਦਰ ਵਾਸੂਦੇਵਾ ਦੀ ਮਿੱਤਰਤਾ ਰਾਜੇਸ਼ ਪੰਜੋਲਾ, ਬਲਜਿੰਦਰ ਸ਼ਰਮਾ ਤੇ ਕੁਝ ਹੋਰ ਉਨ੍ਹਾਂ ਦੀ ਸੋਚ ਦੇ ਪੱਤਰਕਾਰਾਂ ਨਾਲ ਚੱਲ ਰਹੀ ਸੀ। ਰਵਿੰਦਰ ਵਾਸੂਦੇਵਾ ਹਿੰਦੁਸਤਾਨ ਟਾਈਮਜ਼ (ਐਚਟੀ) ਵਿਚ ਵਿਸ਼ਾਲ ਰੰਬਾਨੀ ਤੋਂ ਜੂਨੀਅਰ ਸੀ, ਪਰ ਰੰਬਾਨੀ ਨੂੰ ਇਹ ਗੱਲ ਚੰਗੀ ਨਹੀਂ ਲੱਗ ਰਹੀ ਸੀ ਕਿ ਰਵਿੰਦਰ ਵਾਸੂਦੇਵਾ ਦਾ ਪਟਿਆਲਾ ਵਿਚ ਕੋਈ ਮਿੱਤਰ ਬਣੇ। ਉਹ ਕਿਸੇ ਵੀ
ਹਾਲਤ ਵਿਚ ਰਾਜੇਸ਼ ਪੰਜੋਲਾ ਤੇ ਬਲਜਿੰਦਰ ਸ਼ਰਮਾ ਜਿਹੇ ਪੱਤਰਕਾਰਾਂ ਨੂੰ ਆਪਣੇ ਪੱਖ ਵਿਚ ਕਰਨਾ ਚਾਹੁੰਦਾ ਸੀ। ਰੰਬਾਨੀ ਪਟਿਆਲਾ ਵਿਚ ਆਪਣੀ ਇਜਾਰੇਦਾਰੀ ਕਾਇਮ ਕਰਨਾ ਚਾਹੁੰਦਾ ਸੀ ਉਸੇ ਮਿਸ਼ਨ ’ਤੇ ਉਹ ਕੰਮ ਕਰ ਰਿਹਾ ਸੀ। ਉਹ ਹਰ ਇਕ ਪੱਤਰਕਾਰ ਦੀ ਮੰਨੂੰ ਸਿਮ੍ਰਿਤੀ ਪੜ੍ਹ ਰਿਹਾ ਸੀ। ਇੱਥੋਂ ਤੱਕ ਕਿ ਉਹ ਪੱਤਰਕਾਰਾਂ ਦੀ ਜਾਤ ਬਰਾਦਰੀ ਬਾਰੇ ਵੀ ਖੋਜ ਕਰ ਰਿਹਾ ਸੀ, ਉਸ ਨੇ ਪਟਿਆਲਾ ਵਿਚ ਪੱਤਰਕਾਰਾਂ ਤੇ ਰਾਜ ਕਰਨਾ ਸੀ ਤੇ ਨਾਲ ਹੀ ਪੱਤਰਕਾਰਾਂ ਦੀ ਜੁੰਡਲੀ ਬਣਾ ਕੇ ਉਸ ਨੇ ਪਟਿਆਲਾ ਦੀ ਨੌਕਰਸ਼ਾਹੀ ਤੇ ਰਾਜ ਕਰਨਾ ਸੀ। ਜਿਸ ਕਰਕੇ ਉਹ ਜਾਤ ਪਾਤ ਦਾ ਵੀ ਖ਼ਾਸ ਖ਼ਿਆਲ ਰੱਖ ਰਿਹਾ ਸੀ ਤੇ ਨਾਲ ਦੀ ਨਾਲ ਹਿੰਦੂਤਵਾ ਦਾ ਵੀ। ਉਸ ਦੇ ਨਾਮ ਦੀ ਇਹ ਚਰਚਾ ਵੀ ਉਸ ਵੇਲੇ ਕਾਫ਼ੀ ਚੱਲੀ ਸੀ ਜਿਸ ਦਾ ਇਕ ਡਾਕਟਰ ਨੇ ਖ਼ੁਲਾਸਾ ਕੀਤਾ ਸੀ। ਇਹ ਚਰਚਾ ਹੀ ਸੀ ਪਟਿਆਲਾ ਵਿਚ ਜਿਸ ਬਾਰੇ  ਇਕ ਪੱਤਰਕਾਰ ਨੇ ਉਸ ਡਾਕਟਰ ਦਾ ਨਾਮ ਲੈਂਦਿਆਂ ਮੇਰੇ ਨਾਲ ਵੀ ਗੱਲ ਕੀਤੀ ਸੀ, ਚਰਚਾ ਅਨੁਸਾਰ ਡਾਕਟਰ ਨੂੰ ਰੰਬਾਨੀ ਨੇ ਇਕ ਦਿਨ ਕਿਸੇ ਖ਼ਾਸ ਮਕਸਦ ਲਈ ਫ਼ੋਨ ਕੀਤਾ ਸੀ। ਡਾਕਟਰ ਸ਼ਰਮਾ ਸੀ, ਡਾਕਟਰ ਸੈਕੂਲਰ ਸੀ ਜਾਤ ਪਾਤ ਨੂੰ ਮੰਨਦਾ ਨਹੀਂ ਸੀ, ਡਾਕਟਰ ਨੇ ਰੰਬਾਨੀ ਨੂੰ ਸਤਿ ਸ੍ਰੀ ਅਕਾਲ ਬੁਲਾਈ ਤਾਂ ਰੰਬਾਨੀ ਨੇ ਉਸ ਡਾ ਸ਼ਰਮਾ ਨੂੰ ਇਕ ਤਰ੍ਹਾਂ ਝਾੜ ਕੇ ਗਾਲ ਕੱਢ ਕੇ ਕਿਹਾ ਸੀ। ‘‘ਇਹ ਤੁਹੀਂ ਮਾਂ ਚੋ ਸਤ ਸ੍ਰੀ ਅਕਾਲ ਕਰਦੇ ਜੇ, ਆਪਾਂ ਤਾਂ ਆਪਸ ਵਿਚ ਜੈ ਰਾਮ, ਜੈ ਸ੍ਰੀ ਰਾਮ ਜਾਂ ਨਮਸਕਾਰ ਕਹਿ ਹੀ ਸਕਦੇ ਹਾਂ’’ ਉਸ ਡਾ. ਸ਼ਰਮਾ ਨੂੰ ਬੜਾ ਗ਼ੁੱਸਾ ਆਇਆ ਕਿ  ਇਹ ਕਿਹੋ ਜਿਹਾ ਪੱਤਰਕਾਰ ਹੈ ਜੋ ਜਾਤ ਪਾਤ ਧਰਮ ਬਗੈਰਾ ਮੰਨਦਾ ਹੈ, ਉਸ ਨੇ ਇਹ ਗੱਲ ਇਕ ਹੋਰ ਜਗ ਬਾਣੀ ਪੰਜਾਬ ਕੇਸਰੀ ਦੇ ਪੱਤਰਕਾਰ ਨਾਲ ਸਾਂਝੀ ਕੀਤੀ। ਅਜਿਹੀਆਂ ਚਰਚਾਵਾਂ ਹੋਰ ਵੀ ਕਈ ਰੰਬਾਨੀ ਦੇ ਮਾਮਲੇ ਵਿਚ ਚੱਲਣ ਲੱਗ ਪਈਆਂ ਸਨ, ਉਹ ਜਾਤੀ ਅਧਾਰ ਤੇ ਜਾਂ ਕੋਈ ਵੀ ਤਰੀਕਾ ਅਪਣਾ ਕੇ ਪਟਿਆਲਾ ਵਿਚ ਆਪਣਾ ਰਾਜ ਕਾਇਮ ਕਰਨਾ ਚਾਹੁੰਦਾ ਸੀ। ਉਹ ਇਸ ਗੱਲੋਂ ਬੜਾ ਹੀ ਸਿਆਣਾ ਤੇ ਬੜਾ ਹੀ ਚਲਾਕ ਦਿਮਾਗ਼ ਦਾ ਬੰਦਾ ਸੀ। ਉਹ ਆਪਣੀ ਪਤਨੀ (ਮਾਫ਼ ਕਰਨਾ ਇਹ ਜ਼ਿਕਰ ਮੈਨੂੰ ਕਰਨਾ ਪੈਣਾ ਹੈ, ਕਿਉਂਕਿ ਮੈਂ ਰੰਬਾਨੀ ਵਾਂਗ ਘਰ ਵਿਚ ਦਖ਼ਲ ਨਹੀਂ ਦੇ ਸਕਦਾ ਪਰ ਦੁੱਖ ਦੀ ਗੱਲ ਹੈ ਕਿ ਇਸ ਵਿਚ ਵੀ ਰੰਬਾਨੀ ਦੀ ਵੱਡੀ ਸਾਜਿਸ਼ ਸ਼ਾਮਲ ਸੀ) ਨੂੰ ਪਟਿਆਲਾ ਦੇ ਕਿਸੇ ਵੀ  ਕਾਲਜ ਯੂਨੀਵਰਸਿਟੀ ਵਿਚ ਸਿੱਧੇ ਤੌਰ ਤੇ ਨੌਕਰੀ ਲਗਾਉਣਾ ਚਾਹੁੰਦਾ ਸੀ। ਇਸ ਦਾ ਗੱਲ ਦਾ ਉਸ ਕੋਲ ਪੂਰਾ ਤਜ਼ਰਬਾ ਸੀ ਕਿ ਉਸ ਨੇ ਹਿੰਦਸਤਾਨ ਟਾਈਮਜ ਵਰਗੇ ਵੱਡੇ ਅਖਬਾਰ ਨੂੰ ਵਰਤ ਕੇ ਕਿਵੇਂ ਆਪਣੇ ਕੰਮ ਕੱਢਣੇ ਹਨ, ਤਾਂ ਹੀ ਪਟਿਆਲਾ ਵਿਚ ਵੱਡੀ ਗਿਣਤੀ ਵਿਚ ਛਪਣ ਵਾਲੇ ਅਖਬਾਰਾਂ ਦੇ ਪੱਤਰਕਾਰਾਂ ਦਾ ਇਕ ਗਰੁੱਪ ਬਣਾ ਕੇ ਪਟਿਆਲਾ ਵਿਚ ਆਪਣਾ ਦਬਦਬਾ ਕਾਇਮ ਕਰਨਾ ਚਾਹੁੰਦਾ ਸੀ।  

ਪੀ ਡਬਲਿਊ ਡੀ ਗੈੱਸਟ ਹਾਊਸ ਦਾ ਕਮਰਾ ਨੰਬਰ 4 ਕਾਫ਼ੀ ਚਰਚਾ ਵਿਚ ਆ ਗਿਆ ਸੀ ਪੱਤਰਕਾਰਾਂ ਵਿਚ, ਸੁਖਦੀਪ ਸਿੰਘ ਮਾਨ ਕੋਲ ਆਮ ਕਰਕੇ ਇਸ ਕਮਰੇ ਵਿਚ ਤੇਜਿੰਦਰ ਫਤਿਹਪੁਰੀ ਤੇ ਰਵੇਲ ਸਿੰਘ ਭਿੰਡਰ ਆਮ ਤੌਰ ਤੇ ਆਉਣ ਲੱਗ ਪਏ ਸਨ, ਇਸੇ ਕਾਰਨ ਇੱਥੇ ਵਿਸ਼ਾਲ ਰੰਬਾਨੀ ਵੀ ਆਉਣ ਲੱਗ ਪਿਆ ਸੀ ਕਿਉਂਕਿ ਇੱਥੇ ਰਵਿੰਦਰ ਵਾਸੂਦੇਵਾ ਦਾ ਵੀ ਕਮਰਾ ਸੀ, ਪਰ ਜ਼ਿਆਦਾ ਸਮਾਂ ਵਿਸ਼ਾਲ ਰੰਬਾਨੀ ਸੁਖਦੀਪ ਸਿੰਘ ਮਾਨ ਦੇ ਕਮਰੇ ਵਿਚ ਹੀ ਸੁਖਦੀਪ ਨਾਲ ਹੀ ਗੱਲਾਂ ਕਰਨ ਵਿਚ ਗੁਜ਼ਾਰਦਾ ਸੀ। ਹੈ ਨਾ ਕਮਾਲ ਦੀ ਗੱਲ, ਕਿ ਸੁਖਦੀਪ ਸਿੰਘ ਮਾਨ ਸਪੋਕਸਮੈਨ ਦੇ ਪਟਿਆਲਾ ਤੋਂ ਪੱਤਰਕਾਰ ਸਨ, ਆਮ ਤੌਰ ਤੇ ਅੰਗਰੇਜ਼ੀ ਅਖ਼ਬਾਰਾਂ ਦੇ ਪੱਤਰਕਾਰ ਪੰਜਾਬੀ ਪੱਤਰਕਾਰਾਂ ਨਾਲ ਏਨੀ ਜ਼ਿਆਦਾ ਮਿੱਤਰਤਾ ਰੱਖਣ ਵੇਲੇ ਸੋਚਦੇ ਹਨ ਜਾਂ ਫਿਰ ਪੱਤਰਕਾਰ ਕਾਫ਼ੀ ਅਹਿਮ ਹੋਵੇ ਜਾਂ ਪੰਜਾਬ ਦਾ ਵੱਡਾ ਅਖ਼ਬਾਰ ਹੋਵੇ। ਪਰ ਸੁਖਦੀਪ ਮਾਨ ਕੋਲ ਲਗਾਤਾਰ ਬੈਠਣਾ ਤੇ ਪਟਿਆਲਾ ਦੇ ਪੱਤਰਕਾਰਾਂ ਬਾਰੇ ਗੱਲਾਂ ਕਰਦਿਆਂ ਰਹਿਣਾ ਤੇ ਉਸ ਤੋਂ ਬਾਅਦ ਫੇਰ ਉਸ ਨੇ ਰਵਿੰਦਰ ਵਾਸੂਦੇਵਾ ਦੇ ਕਮਰੇ ਵਿਚ ਵੀ ਜਾ ਕੇ ਬੈਠੇ ਰਹਿਣਾ। 

ਰਵਿੰਦਰ ਵਾਸੂਦੇਵਾ ਕੋਲ ਖ਼ਾਸ ਕਰਕੇ ਰਾਜੇਸ਼ ਪੰਜੋਲਾ ਤੇ ਬਲਜਿੰਦਰ ਸ਼ਰਮਾ ਆਉਂਦੇ ਹੀ ਸਨ। ਉਹ ਆਮ ਤੌਰ ਤੇ ਆਉਂਦੇ ਰਹਿੰਦੇ ਸਨ। ਹਿੰਦੁਸਤਾਨ ਟਾਈਮਜ਼ ਦੇ ਦੋ ਪੱਤਰਕਾਰ ਰਵਿੰਦਰ ਵਾਸੂਦੇਵਾ ਆਦਰਸ਼ਵਾਦੀ ਪੱਤਰਕਾਰ ਤੇ ਰੰਬਾਨੀ ਆਪਣੇ ਅਨੁਸਾਰ ਹੀ (ਕਿਹੋ ਜਿਹੀ ਪੱਤਰਕਾਰੀ ਕਰਦਾ ਸੀ ਅੱਗੇ ਤੁਹਾਨੂੰ ਆਪਣੇ ਆਪ ਹੀ ਸਪਸ਼ਟ ਹੋ ਜਾਵੇਗਾ) ਪੱਤਰਕਾਰੀ ਕਰਨ ਵਾਲਾ ਪੱਤਰਕਾਰ। ਦੋਵਾਂ ਵਿਚ ਕੋਈ ਮਤਭੇਦ ਨਹੀਂ ਪਰ ਰੰਬਾਨੀ ਅੰਦਰੋਂ ਰਵਿੰਦਰ ਨਾਲ ਖ਼ਾਰ ਖਾਂਦਾ ਸੀ, ਇਹ ਆਮ ਹੁੰਦਾ ਵੀ ਹੈ ਕਿ ਜੂਨੀਅਰ ਦੀ ਜ਼ਿਆਦਾ ਪੁੱਛ ਪੜਤਾਲ ਤੇ ਤਰੱਕੀ ਸੀਨੀਅਰ ਬਰਦਾਸ਼ਤ ਨਹੀਂ ਕਰਦੇ, ਇਹ ਮਨੁੱਖੀ ਸੁਭਾਅ ਹੈ।  

ਕਮਰਾ ਨੰਬਰ-4 ਵਿਚ ਹੀ ਸ਼ੁਰੂ ਹੁੰਦੀ ਹੈ ਪਟਿਆਲਾ ਵਿਚ ਪੱਤਰਕਾਰਾਂ ਦੀ ਜਥੇਬੰਦੀ ਬਣਾਉਣੀ ਦੀ ਗੱਲ, ਆਮ ਤੌਰ ਤੇ ਰਵੇਲ ਸਿੰਘ ਭਿੰਡਰ ਤੇ ਤੇਜਿੰਦਰ ਫਤਿਹਪੁਰੀ ਇੱਥੇ ਆਉਂਦੇ ਤੇ ਗੱਲ ਤੁਰਦੀ ਸੀ, ਗੁਰਮੁਖ ਸਿੰਘ ਰੁਪਾਣਾ, ਇੱਥੋਂ ਤੱਕ ਕੰਵਰ ਬੇਦੀ, ਵਿਕੀ ਵੀ ਇੱਥੇ ਗੇੜਾ ਮਾਰਦਾ ਸੀ। ਇਹ ਪੱਤਰਕਾਰਾਂ ਦੀ ਇਕ ਤਰ੍ਹਾਂ ਸੱਥ ਬਣ ਗਈ ਸੀ। ਕੁਝ ਪੱਤਰਕਾਰ ਰਾਤ ਨੂੰ ਮਹਿਫ਼ਲ ਵੀ ਜਮਾਉਂਦੇ ਸਨ, ਕਈ ਵਾਰੀ ਹਰਪਾਲ ਜੁਨੇਜਾ ਵਰਗੇ ਸਿਆਸੀ ਲੋਕ ਵੀ ਇੱਥੇ ਆ ਜਾਂਦੇ ਸਨ। ਪਰ ਪੱਤਰਕਾਰ ਇੱਥੇ ਕਾਫ਼ੀ ਆਉਂਦੇ ਸਨ। ਕਈ ਵਾਰੀ ਜਥੇਬੰਦੀ ਬਣਾਉਣ ਦੀ ਗੱਲ ਚੱਲਦੀ ਤੇ ਖ਼ਤਮ ਹੋ ਜਾਂਦੀ, ਵਿਸ਼ਾਲ ਰੰਬਾਨੀ ਬੜਾ ਦਬਾਅ ਬਣਾਉਂਦਾ ਸੀ ਕਿ ਪੱਤਰਕਾਰਾਂ ਦਾ ਕਲੱਬ ਬਣਾ ਲਓ, ਪਰ ਜਦੋਂ ਉਸ ਨੂੰ ਕਿਹਾ ਜਾਂਦਾ ਕਿ ਤੁਸੀਂ ਪ੍ਰਧਾਨ ਬਣ ਜਾਓ ਤਾਂ ਉਹ ਭੱਜ ਜਾਂਦਾ ਕਹਿੰਦਾ ‘ਮੈਂ ਕੁਝ ਨਹੀਂ ਬਣਨਾ’, ਇਸੇ ਤਰ੍ਹਾਂ ਦੀ ਤਕਰਾਰ ਹੁੰਦੀ ਰਹਿੰਦੀ ਪਰ ਜਥੇਬੰਦੀ ਨਾ ਬਣਦੀ, ਵਾਰ ਵਾਰ ਇਸ ਗੱਲ ਤੇ ਚਰਚਾ ਹੋਣ ਤੋਂ ਬਾਅਦ ਜਥੇਬੰਦੀ ਬਣਾਉਣ ਦੇ ਮਾਮਲੇ ਨੂੰ ਸੀਰੀਅਸ ਲਿਆ ਗਿਆ। ਫੇਰ ਪੱਤਰਕਾਰਾਂ ਨੂੰ ਫ਼ੋਨ ਕਰਨੇ ਸ਼ੁਰੂ ਕੀਤੇ ਗਏ, ਕਈ ਅਹਿਮ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ, ਸਟਾਫ਼ ਰਿਪੋਰਟਰਾਂ ਨੂੰ ਫ਼ੋਨ ਕੀਤੇ ਗਏ ਕਿ ਆਓ ਪੱਤਰਕਾਰਾਂ ਦੀ ਜਥੇਬੰਦੀ ਬਣਾ ਲਈਏ ਪਰ ਕੋਈ ਵੀ ਅੱਗੇ ਆਉਣ ਲਈ ਤਿਆਰ ਨਹੀਂ ਸੀ। 

ਜਦੋਂ ਮੈਂ ਪਟਿਆਲਾ ਪ੍ਰੈੱਸ ਕਲੱਬ ਨੂੰ ਪ੍ਰੈੱਸ ਕਲੱਬ ਪਟਿਆਲਾ ਬਣਾਉਣ ਲਈ ਕਨਵੀਨਰ ਬਣਾਇਆ ਸੀ ਤਾਂ ਉਸ ਵੇਲੇ ਰਵੇਲ ਸਿੰਘ ਭਿੰਡਰ ਮੈਨੂੰ ਆਮ ਕਹਿੰਦੇ ਸਨ ਕਿ ਤੁਸੀਂ ਬਣ ਜਾਓ ਪ੍ਰਧਾਨ, ਅਸੀਂ ਤੁਹਾਡੀ ਹਰ ਹਾਲ ਵਿਚ ਮਦਦ ਕਰਾਂਗੇ। ਪਰ ਮੈਂ ਸਿਧਾਂਤਕ ਤੌਰ ਤੇ ਜਥੇਬੰਦੀ ਦੀ ਚੋਣ ਕਰਾਉਣੀ ਚਾਹੁੰਦਾ ਸੀ, ਇਸ ਕਰਕੇ ਮੈਂ ਇਸ ਬਾਰੇ ਰਵੇਲ ਸਿੰਘ ਭਿੰਡਰ ਨੂੰ ਹਾਂ ਨਹੀਂ ਕੀਤੀ। ਅਸੀਂ ਲੋਕ ਸਿਧਾਂਤਾਂ ਤੇ ਜਿਊਂਦੇ ਹਾਂ ਪਰ ਜਿਨ੍ਹਾਂ ਲੋਕਾਂ ਦੇ ਸਿਧਾਂਤ ਨਹੀਂ ਉਹ ਦੇਸ਼ ਦੇ ਨਾ ਉਹ ਕੌਮ ਤੇ ਨਾ ਹੀ ਉਹ ਭਾਈਚਾਰੇ ਦੇ ਹੁੰਦੇ ਹਨ। 

ਹਰ ਵਾਰ ਪੀ ਡਬਲਿਊ ਡੀ ਰੈਸਟ ਹਾਊਸ ਵਿਚ ਵਿਸ਼ਾਲ ਰੰਬਾਨੀ ਨੇ ਆਉਣਾ ਦੇ ਸੁਖਦੀਪ ਸਿੰਘ ਮਾਨ, ਰਵੇਲ ਸਿੰਘ ਭਿੰਡਰ ਦੇ ਤੇਜਿੰਦਰ ਫਤਿਹਪੁਰੀ ਤੇ ਖ਼ੋਦ ਜਿਹੀ ਮਾਰ ਦੇਣੀ ਤੇ ਆਪ ਭੱਜ ਜਾਣਾ, ਮੈਂ ਪਹਿਲਾਂ ਵੀ ਲਿਖ ਚੁੱਕਿਆ ਹਾਂ ਕਿ ਰੰਬਾਨੀ ਪਟਿਆਲਾ ਵਿਚ ਪੱਤਰਕਾਰਾਂ ’ਤੇ ਰਾਜ ਕਰਨ ਆਇਆ ਸੀ, ਉਹ ਪੱਤਰਕਾਰਾਂ ਦੇ ਹੌਸਲੇ ਤੇ ਪੱਤਰਕਾਰਾਂ ਦੀ ਤਾਕਤ ਵੀ ਪਹਿਚਾਣ ਰਿਹਾ ਸੀ, ਕਿਸ ਕਿਸ ਪੱਤਰਕਾਰ ਨੂੰ ਉਹ ਆਪਣੇ ਕਬਜ਼ੇ ਵਿਚ ਕਰ ਸਕਦਾ ਸੀ, ਇਹ ਉਸ ਦੀ ਕਮਾਲ ਸੀ ਕਿ ਉਹ ਜਦੋਂ ਵੀ ਕਿਸੇ ਪੱਤਰਕਾਰ ਨਾਲ ਗੱਲ ਕਰਦਾ ਤਾਂ ਉਹ ਕੋਸ਼ਿਸ਼ ਇਹ ਕਰਦਾ ਕਿ ਉਸ ਦਾ ਉਹ ਕਿਵੇਂ ਬਣ ਜਾਵੇ, ਉਸ ਨੂੰ ਬ੍ਰਾਹਮਣ ਹੋਣ ਦਾ ਬਹੁਤ ਹੰਕਾਰ ਹੈ। ਜੇਕਰ ਕੋਈ ਛੋਟੀ ਜਾਤ ਵਾਲਾ ਬੰਦਾ ਆਪਣੀ ਜਾਤ ਦੇ ਭਲੇ ਦੀ ਗੱਲ ਕਰਦਾ ਹੈ ਤਾਂ ਆਮ ਤੌਰ ਤੇ ਉਸ ਤੇ ਇਹ ਹੀ ਦੋਸ਼ ਲੱਗਦਾ ਹੈ ਕਿ ਇਹ ਜਾਤ ਪਾਤ ਫੈਲਾ ਰਿਹਾ ਹੈ ਪਰ ਇਹ ਅਖੌਤੀ ਉੱਚੀਆਂ ਜਾਤਾਂ ਵਾਲੇ ਲੋਕ ਭਾਵੇਂ ਪੱਤਰਕਾਰ ਵੀ ਹੋਣ ਉਹ ਜ਼ਿਆਦਤਰ ਹਮੇਸ਼ਾ ਆਪਣੀ ਉੱਚੀ ਜਾਤ ਨੂੰ ਪ੍ਰਚਾਰਦੇ ਹਨ ਤੇ ਉੱਚੀਆਂ ਜਾਤਾਂ ਦੇ ਭਲੇ ਦੀਆਂ ਹਮੇਸ਼ਾ ਗੱਲਾਂ ਕਰਦੇ ਹਨ ਪਰ ਇਨ੍ਹਾਂ ਨੂੰ ਕਿਸੇ ਨੇ ਨਹੀਂ ਕਿਹਾ ਕਿ ਇਹ ਜਾਤ ਪਾਤ ਫੈਲਾਉਂਦੇ ਹਨ। ਰੰਬਾਨੀ ਉਨ੍ਹਾਂ ਲੋਕਾਂ ਵਿਚੋਂ ਇਕ ਹੈ। 

ਗਰੁੱਪ ਬਾਜ਼ੀ ਕਰਨਾ ਉਸ ਦਾ ਹੁਨਰ ਹੈ, ਗਰੁੱਪ ਬਾਜ਼ੀ ਵਿਚ ਆਪਣਾ ਲਾਭ ਲੈਣਾ ਉਸ ਦਾ ਧੰਦਾ ਹੈ। ਜਿਵੇਂ ਬਾਅਦ ਵਿਚ ਰਾਜੇ‌ਸ ਪੰਜੋਲਾ ਤੇ ਬਲਜਿੰਦਰ ਸ਼ਰਮਾ ਵਰਗੇ ਰਵਿੰਦਰ ਵਾਸੂਦੇਵਾ ਦੇ ਮਿੱਤਰ ਵੀ ਰੰਬਾਨੀ ਦੇ ਗਰੁੱਪ ਵਿਚ ਆ ਗਏ ਸਨ। ਇਕ ਗਰੁੱਪ ਬਾਜ਼ੀ ਹੁੰਦੀ ਹੈ ਚੰਗੇ ਕੰਮਾਂ ਲਈ ਇਕ ਗਰੁੱਪ ਬਾਜ਼ੀ ਹੁੰਦੀ ਹੈ ਵਿਰੋਧੀਆਂ ਨੂੰ ਖ਼ਤਮ ਕਰਨਾ ਤੇ ਆਪਣਾ ਫ਼ਾਇਦਾ ਕਰਨਾ। ਰੰਬਾਨੀ ਵਿਚ ਇਹ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਉਸ ਦੇ ਮੂੰਹ ਵਿਚ ਗਾਲ੍ਹਾਂ ਦਾ ਭੰਡਾਰ ਸੀ, ਉਹ ਗਾਲ੍ਹਾਂ ਘਟੀਆ ਕਿਸਮ ਦੇ ਦਿਹਾਤੀਆਂ ਵਾਂਗ ਕੱਢਦਾ ਸੀ, ਅਫ਼ਸਰਾਂ ਨੂੰ ਵੀ ਨਹੀਂ ਬਖ਼ਸ਼ਦਾ ਸੀ। 

ਇਕ ਵਾਰੀ ਰੰਬਾਨੀ ਦੀ ਚਰਚਾ ਚੱਲੀ ਕਿ ਉਸ ਨੇ ‌ਥਿੰਦ ਨਾਮਕ ਡੀਟੀਓ ਤੋਂ 2 ਕਾਰਾਂ ਦੀ ਮੰਗ ਕੀਤੀ, ਪਰ ਡੀਟੀਓ ਥਿੰਦ ਉਸ ਦਾ ਕੰਮ ਪੂਰਾ ਨਾ ਕਰ ਸਕਿਆ, ਤਾਂ ਉਸ ਨੇ ਇਕ ਦਿਨ ਡੀਟੀਓ ਥਿੰਦ ਨੂੰ ਫ਼ੋਨ ਕੀਤਾ, ਉਸ ਵਿਚ ਉਹ ਡੀਟੀਓ ਥਿੰਦ ਨੂੰ ਗਾਲ੍ਹਾਂ ਤੇ ਗਾਲ੍ਹਾਂ ਕੱਢ ਰਿਹਾ ਹੈ, ਜਿਸ ਦੀ ਆਡੀਓ ਵੀ ਵਾਇਰਲ ਹੋਈ ਸੀ, ਇਹ ਆਡੀਓ ਮੇਰੇ ਕੋਲ ਵੀ ਆਈ ਸੀ ਤਾਂ ਮੈਂ ਰੰਬਾਨੀ ਨੂੰ ਫ਼ੋਨ ਕੀਤਾ ਸੀ ਇਸ ਬਾਰੇ ਜਾਣਕਾਰੀ ਲੈਣ ਲਈ, ਰੰਬਾਨੀ ਨੇ ਇਸ ਆਡੀਓ ਬਾਰੇ ਕਿਹਾ ਸੀ ‘ਬੜਾ ਗੰਦਾ ਬੰਦਾ ਨਿਕਲਿਆ ਡੀਟੀਓ’ ਪਰ ਉਸ ਨੇ ਇਹ ਸਵੀਕਾਰ ਕੀਤਾ ਕਿ ਉਹ ਆਡੀਓ ਉਸ ਦੀ ਹੈ ਨਾ ਹੀ ਇਨਕਾਰ ਕੀਤਾ ਕਿ ਇਹ ਆਡੀਓ ਉਸ ਦੀ ਨਹੀਂ ਹੈ। (ਆਡੀਓ ਦੀ ਕਲਿੱਪ ਅਟੈਚ ਕਰ ਰਹੇ ਹਾਂ ਪਰ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ, ਜੇਕਰ ਮਾਮਲਾ ਲੀਗਲ ਹੁੰਦਾ ਹੈ ਤਾਂ ਜਾਂਚ ਵਿਚ ਸਪਸ਼ਟ ਹੋ ਜਾਵੇਗਾ ਕਿ ਇਹ ਆਡੀਓ ਸੱਚੀ ਮੁਚੀ ਸਹੀ ਹੈ ਜਾਂ ਗ਼ਲਤ ਹੈ)



ਮੇਰੀ ਗੱਲ ਡੀਟੀਓ ਥਿੰਦ ਨਾਲ ਵੀ ਹੋਈ ਸੀ, ਉਸ ਵੇਲੇ ਰੰਬਾਨੀ ਪਟਿਆਲਾ ਵਿਚ ਹੀ ਸੀ, ਰੰਬਾਨੀ ਜਿਵੇਂ ਆਡੀਓ ਵਿਚ ਡੀਟੀਓ ਨੂੰ ਗਾਲ੍ਹਾਂ ਕੱਢ ਰਿਹਾ ਹੈ ਤੇ ਡੀਟੀਓ ਕਥਿਤ ਰੰਬਾਨੀ ਤੇ ਕਾਨੂੰਨੀ ਕਾਰਵਾਈ ਕਰਨ ਲਈ ਵੀ ਕਹਿੰਦਾ ਹੈ। ਇਸ ਆਡੀਓ ਬਾਰੇ ਅਗਲੀ ਕਾਰਵਾਈ ਕਰਨ ਤੋਂ ਡੀਟੀਓ ਥਿੰਦ ਨੇ ਇਨਕਾਰ ਕਰ ਦਿੱਤਾ ਸੀ ਪਰ ਉਸ ਨੇ ਇਹ ਨਹੀਂ ਕਿਹਾ ਕਿ ਇਹ ਆਡੀਓ ਉਸ ਦੀ ਨਹੀਂ ਹੈ। ਇਸ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ। 

ਉਂਜ ਹੋਰ ਵੀ ਕਈ ਸਾਰੇ ਸਬੂਤ ਰੰਬਾਨੀ ਦੇ ਹੋਰ ਵੀ ਪੇਸ਼ ਕਰਾਂਗੇ, ਉਨ੍ਹਾਂ ਨਾਲ ਉਸ ਦੀ ਫ਼ਿਤਰਤ ਹੋਰ ਵੀ ਸਪਸ਼ਟ ਹੋ ਜਾਵੇਗੀ। ਪਰ ਇਹ ਡੀਟੀਓ ਵਾਲੀ ਆਡੀਓ ਸੁਣ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਦਾ ਕਿਹੋ ਜਿਹਾ ਵਪਾਰ ਤੇ ਕਿਹੋ ਜਿਹੀ ਪੱਤਰਕਾਰੀ ਕਰਦਾ ਸੀ। ਜਿਸ ਬਾਰੇ ਅੱਗੇ ਵੀ ਖ਼ੁਲਾਸੇ ਕਰਾਂਗੇ ਕਿ ਉੱਚੀਆਂ ਜਾਤਾਂ ਨਾਲ ਕੋਈ ਸ਼ੁੱਧ ਜਾਂ ਇਮਾਨਦਾਰ ਨਹੀਂ ਹੋ ਸਕਦਾ, ਇਹ ਵੀ ਜ਼ਰੂਰੀ ਨਹੀਂ ਕਿ ਉੱਚੀਆਂ ਜਾਤਾਂ ਵਾਲੇ ਸਿਧਾਂਤਕ ਹੋ ਸਕਦੇ ਹਨ। ਰੰਬਾਨੀ ਬ੍ਰਾਹਮਣ ਹੋਣ ਦਾ ਹੰਕਾਰ ਕਰਦਾ ਸੀ ਇਹ ਵੀ ਤੁਹਾਨੂੰ ਅਗਲੇ ਭਾਗਾਂ ਵਿਚ ਸਬੂਤ ਮਿਲ ਜਾਣਗੇ। 

ਕਮਰਾ ਨੰਬਰ-4 ਕਾਫ਼ੀ ਚਰਚਾ ਵਿਚ ਆ ਗਿਆ, ਜੋ ਸੁਖਦੀਪ ਸਿੰਘ ਮਾਨ ਦੇ ਨਾਮ ਤੇ ਸੀ, ਅਜੀਤ ਤੋਂ ਬਾਅਦ ਸੁਖਦੀਪ ਸਿੰਘ ਮਾਨ ਸਪੋਕਸਮੈਨ ਵਿਚ ਆ ਗਿਆ ਸੀ ਪਰ ਮਾੜੀ ਗੱਲ ਇਹ ਵਾਪਰੀ ਕਿ ਧਾਲੀਵਾਲ ਸਪੋਕਸਮੈਨ ਵਿਚ ਆ ਗਿਆ ਸੀ, ਸੁਖਦੀਪ ਮਾਨ ਨੂੰ ਧਾਲੀਵਾਲ ਨੇ ਫ਼ਿਤਰਤ ਅਨੁਸਾਰ ਬਹੁਤ ਪ੍ਰੇਸ਼ਾਨ ਕੀਤਾ, ਕਿ ਉਹ ਬਹੁਤ ਦੁਖੀ ਹੋ ਗਿਆ, ਉਹ ਕਮਰਾ ਨੰਬਰ-4 ਛੱਡਣ ਲਈ ਤਿਆਰ ਸੀ ਪਰ ਅਚਾਨਕ ਸੁਖਦੀਪ ਸਿੰਘ ਮਾਨ ਨੂੰ ਮਨਦੀਪ ਸਿੰਘ ਜੋਸਨ ਨੇ ਜਗ ਬਾਣੀ ਵਿਚ ਬਤੌਰ ਪੱਤਰਕਾਰ ਨਿਯੁਕਤ ਕਰਵਾ ਦਿੱਤਾ ਤਾਂ ਉਸ ਦਾ ਖਹਿੜਾ ਧਾਲੀਵਾਲ ਦੇ ਫੁਕਰੇ ਪਣ ਵਾਲੀ ਇੰਚਾਰਜ ਸਿੱਪ ਤੋਂ ਛੁੱਟਿਆ। 

ਪੀ ਡਬਲਿਊ ਡੀ ਦਾ ਕਮਰਾ ਨੰਬਰ 4 ਇਕ ਅਜਿਹਾ ਇਤਿਹਾਸਕ ਕਮਰਾ ਬਣਿਆ ਜਿੱਥੇ ਰਵੇਲ ਸਿੰਘ ਭਿੰਡਰ ਨੂੰ ਪ੍ਰਧਾਨ ਬਣਨ ਲਈ ਤਿਆਰ ਕੀਤਾ ਗਿਆ, ਭਾਵੇਂ ਕਿ ਬਹੁਤ ਸਾਰੇ ਪੱਤਰਕਾਰਾਂ ਨੂੰ ਮਨਾਉਣ ਲਈ ਕਾਫ਼ੀ ਮਿਹਨਤ ਕੀਤੀ ਗਈ ਪਰ ਕਿਸੇ ਨੇ ਹਾਮੀ ਨਹੀਂ ਭਰੀ ਪਰ ਰਵੇਲ ਸਿੰਘ ਭਿੰਡਰ ਨੇ ਕਾਫੀ ਮਿੰਨਤ ਕਰਨ ਤੇ ਜੋਰ ਪਾਉਣ ਤੇ ਹਾਮੀ ਭਰ ਦਿੱਤੀ, ਇਸ ਤੋਂ ਪਹਿਲਾਂ ਵਾਲੇ ਭਾਗ 12 ਵਿਚ ਤੁਸੀਂ ਪੜ੍ਹ ਹੀ ਲਿਆ ਹੋਵੇਗਾ ਕਿ ਉਸ ਤੋਂ ਬਾਅਦ ਕਿਵੇਂ ਚੋਣ ਕੀਤੀ ਗਈ, ਜਦੋਂ ਚੋਣ ਕੀਤੀ ਗਈ ਤਾਂ ਉਸ ਵੇਲੇ ਸਿਰਫ਼ 7 ਪੱਤਰਕਾਰ ਹੀ ਮੌਜੂਦ ਸਨ, ਜਿਨ੍ਹਾਂ ਨੇ ਪਟਿਆਲਾ ਵਿਚ ਪੱਤਰਕਾਰਾਂ ਲਈ ਇਕ ਜਥੇਬੰਦੀ ‘ਪਟਿਆਲਾ ਮੀਡੀਆ ਕਲੱਬ’ ਦੇ ਨਾਮ ਦੀ ਬਣਾਈ। ਉਸ ਵੇਲੇ ਕੋਈ ਪੱਤਰਕਾਰ ਕੋਈ ਅਹੁਦੇਦਾਰ ਬਣਨ ਲਈ ਤਿਆਰ ਨਹੀਂ ਸੀ, ਰੰਬਾਨੀ ਵੀ ਉਂਗਲੀ ਲਾਕੇ ਭੱਜ ਜਾਂਦਾ ਸੀ, ਪਰ ਸਮੇਂ ਨੇ ਕਮਾਲ ਕੀਤੀ ਬਾਅਦ ਵਿਚ ‘ਪਟਿਆਲਾ ਮੀਡੀਆ ਕਲੱਬ’ ਦੀ ਸਰਬ ਸੰਮਤੀ ਨਹੀਂ ਸਗੋਂ ਚੋਣ ਵੀ ਵੋਟਾਂ ਨਾਲ ਕੀਤੀ ਜਾਂਦੀ ਹੈ, ਇੱਥੋਂ ਤੱਕ ਕਿ ਪਹਿਲਾਂ ਭੱਜਦਾ ਰੰਬਾਨੀ ਵੀ ਇਸ ਕਲੱਬ ਦਾ ਅਹੁਦੇਦਾਰ ਬਣਨ ਲਈ ਵੋਟਾਂ ਵਿਚ ਖੜਦਾ ਹੈ..


ਬਾਕੀ ਅਗਲੇ ਭਾਗ ਵਿਚ...

(ਨੋਟ : ਉਕਤ ਲਿਖੀ ਗਈ ਜਾਣਕਾਰੀ ਵਿਚ ਜੇਕਰ ਕਿਸੇ ਨੂੰ ਕੁਝ ਗ਼ਲਤ ਲੱਗਿਆ ਹੋਵੇ ਤਾਂ ਉਹ ਬਲਾਗ ਵਿਚ ਹੇਠਾਂ ਟਿੱਪਣੀ ਕਰ ਸਕਦਾ ਹੈ, ਜਿਸ ਦੀ ਪੜਤਾਲ ਕਰਕੇ ਇਸ ਜਾਣਕਾਰੀ ਵਿਚ ਸੋਧ ਕੀਤੀ ਜਾਵੇਗੀ। ਉਂਜ ਜੇਕਰ ਕੋਈ ਇਸ ਬਾਰੇ ਤਹਿਜ਼ੀਬ ਪੂਰਵਕ ਹੋਰ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹੈ ਉਹ ਮੇਰੇ ਨਿੱਜੀ ਮੋਬਾਇਲ ਨੰਬਰ ਤੇ ਫ਼ੋਨ ਵੀ ਕਰ ਸਕਦਾ ਹੈ। ਇਸ ਭਾਗ ਨੰਬਰ-13 ਦੀ ਜਾਣਕਾਰੀ ਸੁਖਦੀਪ ਸਿੰਘ ਮਾਨ ਵੱਲੋਂ ਦਿੱਤੀ ਗਈ ਹੈ, ਜੇਕਰ ਕਿਸੇ ਕੋਲ ਹੋਰ ਜਾਣਕਾਰੀ ਹੈ ਉਹ ਵੀ ਫ਼ੋਨ ਕਰ ਸਕਦਾ ਹੈ। )


ਮੇਰਾ ਸੰਪਰਕ ਨੰਬਰ : 8146001100


No comments:

Post a Comment

ਪੱਤਰਕਾਰਾਂ ਦੀ ਸੱਥ ਲਾਲ ਕੋਠੀ ਦਾ ਕਮਰਾ ਨੰਬਰ - 4 : ਰੰਬਾਨੀ ਦਾ ਪ੍ਰਭਾਵ

ਪੱਤਰਕਾਰੀ ਦਾ ਇਤਿਹਾਸ ਭਾਗ : 13 ਲੇਖਕ : ਗੁਰਨਾਮ ਸਿੰਘ ਅਕੀਦਾ      ਪਟਿਆਲਾ ਮੀਡੀਆ ਕਲੱਬ ਰਜਿਸਟਰਡ ਹੋ ਚੁੱਕਿਆ ਸੀ ਪਰ ਇਸ ਬਾਰੇ ਹੋਰ ਵੀ ਜਾਣਕਾਰੀ ਮਿਲੀ ਹੈ ਜੋ ਪਟਿਆਲਾ...