Wednesday, June 05, 2019

ਜੂਨ 84 : ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਚ 20 ਬੇਗੁਨਾਹ ਸਿੰਘ ਸਿੰਘਣੀਆਂ ਹੋਏ ਸੀ ਸ਼ਹੀਦ

ਸ਼੍ਰੋਮਣੀ ਕਮੇਟੀ ਵੱਲੋਂ ਹੁਣ ਤੱਕ ਛੁਪਾ ਕੇ ਰੱਖੀ ਲਿਸਟ ਅਨੁਸਾਰ 100 ਸਾਲ ਦਾ ਬਜ਼ੁਰਗ ਵੀ ਸ਼ਾਮਲ

ਫੌਜ ਗਹਿਣੇ, ਨਕਦੀ,ਘੜੀਆਂ, ਲਾਇਸੰਸੀ ਅਸਲਾ ਵੀ ਲੈ ਗਈ ਸੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, : 6 ਜੂਨ 1984 ਦੀ ਰਾਤ ਨੂੰ ਗੁਰਦੁਆਰਾ ਸ੍ਰੀ ਦੁੱਖ-ਨਿਵਾਰਨ ਸਾਹਿਬ ਪਟਿਆਲਾ ਉੱਤੇ ਹੋਏ ਫ਼ੌਜੀ ਹਮਲੇ ਵਿਚ ਸ਼ਹੀਦ ਹੋਏ 20 ਵਿਅਕਤੀਆਂ ਵਿਚ ਇਕ 100 ਸਾਲ ਦਾ ਬਜ਼ੁਰਗ ਵੀ ਸੀ ਤੇ ਸੱਤ ਸਿੰਘ ਤੇ ਸਿੰਘਣੀਆਂ ਅਣਪਛਾਤੇ ਹੀ ਬਡੂੰਗਰ ਦੇ ਸ਼ਮਸ਼ਾਨਘਾਟ ਵਿਚ ਦਾਹ ਸੰਸਕਾਰ ਕਰ ਦਿੱਤੇ ਗਏ ਸਨ। 9 ਜਣੇ ਗੋਲੀਆਂ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਵਿਚੋਂ 2 ਹਸਪਤਾਲ ਵਿਚ ਜਾਕੇ ਦਮ ਤੋੜ ਗਏ ਸਨ। ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ ਤੇ ਸ਼ਰਧਾਲੂਆਂ ਦੀ ਲਿਸਟ ਅਜੇ ਤੱਕ ਕਿਤੇ ਵੀ ਨਸ਼ਰ ਨਹੀਂ ਹੋਈ, ਨਾ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਦੀ ਲਿਸਟ ਕਿਤੇ ਦੀਵਾਰ ਉੱਤੇ ਹੀ ਅੰਕਿਤ ਕੀਤੀ ਹੈ।
  
 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਮੌਜੂਦ ਫਾਈਲ ਵਿਚੋਂ ਲਈ ਜਾਣਕਾਰੀ ਅਨੁਸਾਰ 6 ਜੂਨ 1984 ਦੀ ਰਾਤ 12.55 ਵਜੇ ਬਿਨਾਂ ਕਿਸੇ ਚਿਤਾਵਨੀ ਦੇ ਭਾਰਤੀ ਫ਼ੌਜ ਵੱਲੋਂ ਕੀਤੇ ਹਮਲੇ ਵਿਚ ਰਤਨ ਸਿੰਘ ਅਨੰਦਪੁਰ ਸਾਹਿਬ ਤੋਂ 100 ਸਾਲ ਦਾ ਬਜ਼ੁਰਗ ਫ਼ੌਜ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਿਆ ਸੀ। ਜਦ ਕਿ 85 ਸਾਲ ਦੀ ਉਮਰ ਦੀ ਬੀਬੀ ਪੂਰਨ ਕੌਰ ਵਾਸੀ ਪਿੰਡ ਮੁਰਾਦਪੁਰ ਤਹਿਸੀਲ ਤਰਨਤਾਰਨ, ਤੇਜਾ ਸਿੰਘ (45) ਕਾਜ਼ੀ ਕੋਟ ਤਰਨਤਾਰਨ, ਜੋਗਿੰਦਰ ਸਿੰਘ (70) ਤ੍ਰਿਪੜੀ ਪਟਿਆਲਾ, ਅਮਰ ਸਿੰਘ (70) ਮਾਣੋਕੇ ਜਗਰਾਉਂ, ਜਸਦੇਵ ਸਿੰਘ ਸਪੁੱਤਰ ਬੀਡੀਓ (21) ਸਰਹਿੰਦ, ਜਗਜੀਤ ਸਿੰਘ (28) ਗੰਗਾਨਗਰ, ਰਾਮ ਸਰੂਪ (25) ਉਤਰ ਪ੍ਰਦੇਸ਼, ਗੁਰਚਰਨ ਸਿੰਘ ਕਿਲਾ ਹਕੀਮਾਂ ਸੰਗਰੂਰ, ਗੁਰਬਖ਼ਸ਼ ਸਿੰਘ (70) ਗੱਡੀਆਂ ਚੱਕ ਜਲੰਧਰ, ਇੰਦਰ ਕੌਰ (60) ਦਾਨੀ ਪੁਰ ਸਮਾਣਾ ਪਟਿਆਲਾ, ਤੀਰਥ ਸਿੰਘ (50) ਲਾਲ ਬਾਗ਼ ਪਟਿਆਲਾ, ਬੰਸੋ (55) ਅਰਬਨ ਅਸਟੇਟ ਪਟਿਆਲਾ ਤੋਂ ਇਲਾਵਾ 7 ਸਿੰਘ ਤੇ ਸਿੰਘਣੀਆਂ ਅਣਪਛਾਤੇ ਹੀ ਸ਼ਹੀਦ ਹੋਏ ਸਨ। ਇਸ ਲਿਸਟ ਅਨੁਸਾਰ ਦੋ ਸਿੰਘ ਇੰਦਰਜੀਤ ਸਿੰਘ ਸ਼ੇਰਾਵਾਲਾ ਗੇਟ ਪਟਿਆਲਾ ਅਤੇ ਇੰਦਰਜੀਤ ਸਿੰਘ ਪਤਾ ਨਾਮਾਲੂਮ ਹਸਪਤਾਲ ਵਿਚ ਜਾਕੇ ਸ਼ਹੀਦ ਹੋਏ ਸਨ। ਇਸ ਤੋਂ ਇਲਾਵਾ 7 ਵਿਅਕਤੀ ਜ਼ਖ਼ਮੀ ਹੋਏ ਸਨ ਜਿਨ੍ਹਾਂ ਵਿਚ ਬਚਨ ਸਿੰਘ ਮੱਠੀ ਸਰਹਿੰਦ, ਮੱਲ ਸਿੰਘ ਰਣਵਾਂ ਸਮਰਾਲਾ, ਨਿਧਾਨ ਸਿੰਘ ਚਮੇਲੀ ਨਾਭਾ ਪਟਿਆਲਾ, ਬਚਿੱਤਰ ਸਿੰਘ ਗੋਧਪੁਰ ਹੁਸ਼ਿਆਰਪੁਰ, ਪ੍ਰਤਾਪ ਸਿੰਘ ਸਮਾਣਾ, ਗੂੰਗਾ ਤੁਲਸੀ ਬਹਿਰੂ ਦੇਵੀਗੜ੍ਹ ਪਟਿਆਲਾ, ਮਹਿੰਦਰ ਕੌਰ
ਸਰਹਿੰਦ ਸ਼ਾਮਲ ਹਨ। ਹਮਲੇ ਸਮੇਂ ਗੁਰਦੁਆਰਾ ਦੁੱਖ-ਨਿਵਾਰਨ ਸਾਹਿਬ ਦੇ ਮੈਨੇਜਰ ਰਹੇ ਅਜਾਇਬ ਸਿੰਘ ਸ਼ੇਰਗਿੱਲ ਵੱਲੋਂ ਹਮਲੇ ਦੀ ਤਿਆਰ ਕੀਤੀ ਰਿਪੋਰਟ ਅਨੁਸਾਰ ਗੁਰਦੁਆਰਾ ਸਾਹਿਬ ਤੇ ਕੀਤੇ ਅਟੈਕ ਤੋਂ ਬਾਅਦ ਲਾਸ਼ਾਂ ਦੀ ਸ਼ਨਾਖ਼ਤ ਕਰਨ ਲਈ ਉਸ ਨੂੰ ਫ਼ੌਜੀ ਅਫ਼ਸਰਾਂ ਨੇ ਨਾਲ ਲਿਆ, ਮੈਨੂੰ ਲਾਸ਼ਾਂ ਦਿਖਾਈਆਂ ਜਾ ਰਹੀਆਂ ਸਨ ਜਿਨ੍ਹਾਂ ਵਿੱਚ ਇਕ ਮੰਗਤਾ, ਇਕ ਸੂਰਮਾ ਤਿੰਨ ਬੁੱਢੀਆਂ ਔਰਤਾਂ ਦੀਆ ਲਾਸ਼ਾਂ ਦੇਖੀਆਂ, ਰਿਪੋਰਟ ਅਨੁਸਾਰ ਤਤਕਾਲੀ ਮੈਨੇਜਰ ਨੇ ਕਈ ਲਾਸ਼ਾਂ ਦੀ ਸ਼ਨਾਖ਼ਤ ਕੀਤੀ ਪਰ ਕਈ ਸਾਰੀਆਂ ਅਣਪਛਾਤੀਆਂ ਹੀ ਸਨ। ਉਸ ਤੋਂ ਬਾਅਦ ਫ਼ੌਜੀ ਅਫ਼ਸਰ ਨੇ ਸਵੇਰੇ ਪੰਜ ਵਜੇ ਗੁਰਦੁਆਰਾ ਸਾਹਿਬ ਵਿਚ ਪਾਠ, ਕੀਰਤਨ ਕਰਨ ਲਈ ਇਜਾਜ਼ਤ ਦਿੱਤੀ। ਦੂਜੇ ਦਿਨ ਹੀ ਮ੍ਰਿਤਕ ਵਿਅਕਤੀਆਂ ਦਾ ਪੋਸਟ ਮਾਰਟਮ ਕਰਕੇ ਬਡੂੰਗਰ ਦੇ ਸ਼ਮਸ਼ਾਨਘਾਟ ਵਿਚ ਸੰਸਕਾਰ ਕਰ ਦਿੱਤਾ ਗਿਆ। ਯੂਨਾਈਟਿਡ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਨੇ ਮੰਗ ਕੀਤੀ ਹੈ ਕਿ 6 ਜੂਨ ਦੀ ਰਾਤ ਨੂੰ ਗੁਰਦੁਆਰਾ ਦੁਖ‌ਨਿਵਾਰਨ ਸਾਹਿਬ ਵਿਚ ਸ਼ਹੀਦ ਹੋਏ ਸਿੰਘਾਂ ਤੇ ਸਿੰਘਣੀਆਂ ਦੇ ਨਾਮ ਦੀ ਲਿਸਟ ਗੁਰੂ ਘਰ ਦੇ ਬਾਹਰ ਇਕ ਬੋਰਡ ਤੇ ਲਗਾਉਣੀ ਜ਼ਰੂਰੀ ਹੈ।

ਜੇ ਬਾਬਾ ਰਤਨ ਸਿੰਘ ਗੋਲੀ ਨਾ ਚਲਾਉਂਦਾ ਤਾਂ ਐਡਾ ਵੱਡਾ ਹਮਲਾ ਨਹੀਂ ਹੋਣਾ ਸੀ : ਮੈਨੇਜਰ
ਤਤਕਾਲੀ ਮੈਨੇਜਰ ਅਜਾਇਬ ਸਿੰਘ ਸ਼ੇਰਗਿੱਲ ਕਹਿੰਦਾ ਹੈ ਕਿ ਨਿਸ਼ਾਨ ਸਾਹਿਬ ਕੋਲ ਬਜ਼ੁਰਗ ਰਤਨ ਸਿੰਘ ਨੇ ਆਪਣੀ ਬੰਦੂਕ ਵਿਚੋਂ
ਗੋਲੀ ਚਲਾ ਦਿੱਤੀ ਸੀ, ਇਸ ਕਰਕੇ ਫ਼ੌਜ ਨੂੰ ਸੱਕ ਹੋ‌ਇਆ ਕਿ ਅੰਦਰ ਅਸਲਾ ਹੈ, ਮੈਨੇਜਰ ਨੇ ਦਸਿਆ ਕਿ ਇਹ ਗੱਲ ਬ੍ਰਿਗੇਡੀਅਰ ਨੇ ਵੀ ਮੈਨੂੰ ਆਖੀ ਕਿ 3 ਜੂਨ ਨੂੰ ਇੱਥੇ ਤਿੰਨ ਜਣੇ ਮਾਰ ਦਿੱਤੇ ਗਏ ਸਨ,ਜਿਸ  ਕਰਕੇ ਫ਼ੌਜ ਨੂੰ ਪੂਰਾ ਸੱਕ ਸੀ ਕਿ ਅੰਦਰ ਅੱਤਵਾਦੀ ਹਨ, ਜੋ ਗੋਲੀ ਚਲਣ ਕਰਕੇ ਪੱਕਾ ਹੋਗਿਆ, ਇਸ  ਕਰਕੇ ਗੁਪਤ ਰੂਪ ਵਿਚ ਹਮਲਾ ਕੀਤਾ ਤਾਂ 20 ਵਿਅਕਤੀਆਂ ਦੀ ਮੌਤ ਹੋ ਗਈ ਤੇ 7 ਜ਼ਖ਼ਮੀ ਹੋ ਗਏ ਸਨ।

ਫੌਜ ਨੂੰ ਪਤਾ ਸੀ ਕਿ 3 ਜੂਨ ਨੂੰ ਗੁਰਦੁਆਰਾ ਸਾਹਿਬ ਵਿਚ ਤਿੰਨ ਜਣੇ ਕਤਲ ਹੋਏ ਸਨ
ਤਤਕਾਲੀ ਮੈਨੇਜਰ ਅਜਾਇਬ ਸਿੰਘ ਅਤੇ ਤਤਕਾਲੀ ਅਕਾਉਂਟੈਂਟ ਜਗਜੀਤ ਸਿੰਘ ਦਾ ਕਹਿਣਾ ਹੈ ਕਿ 3 ਜੂਨ ਨੂੰ ਗੁਰੁਦਆਰਾ ਸਾਹਿਬ ਦੀ ਸਰਾਂ ਵਿਚ ਤਿੰਨ ਬੰਦੇ ਮਾਰ ਕੇ ਸਰਹਿੰਦ ਰੋਡ ਵਾਲੇ ਸੁੱਟ ਦਿੱਤੇ ਗਏ ਸਨ ਜੋ ਤਾਰਾਂ ਤੇ ਟੰਗੇ ਗਏ ਸਨ, ਉਸ ਵਾਰਦਾਤ ਦਾ ਖੁਫੀਆ ਏਜੰਸੀਆ ਨੇ ਸਾਰਾ ਵੇਰਵਾ ਸਰਕਾਰ ਤੱਕ ਪਹੁੰਚਾ ਦਿੱਤਾ ਸੀ। ਇਸ ਸਬੰਧ ਵਿਚ ਮਿਲਟਰੀ ਹਮਲੇ ਦੀ ਅਗਵਾਈ ਕਰ ਰਹੇ ਸਿੱਖ ਬ੍ਰਿਗੇਡੀਅਰ ਨੇ ਕਿਹਾ ਕਿ ਸਾਨੂੰ ਇਹ ਪਤਾ ਲੱਗਾ ਸੀ ਕਿ ਗੁਰਦੁਆਰਾ ਸਾਹਿਬ ਅੰਦਰ ਅੱਤਵਾਦੀ ਛੁਪੇ ਹਨ। ਇਸ ਕਰਕੇ ਅਸੀਂ ਇਹ ਅਪ੍ਰੇਸ਼ਨ ਗੁਪਤ ਰੱਖਿਆ, ਜਿਸ ਕਰਕੇ ਬੇਗੁਨਾਹ ਹੀ ਮਾਰੇ ਗਏ ਹਨ। ਅਜਾਇਬ ਸਿੰਘ ਸ਼ੇਰਗਿੱਲ ਨੇ ਦਸਿਆ ਕਿ ਪੁਲੀਸ ਨੇ ਪੰਚਨਾਮਾ ਬਣਾਇਆ ਤਾਂ ਮੇਰੇ ਕੋਲੋਂ ਜਬਰਦਸਤੀ ਦਸਤਖਤ ਕਰਾਏ ਗਏ ਸਨ, ਉਸ ਵਿਚ ਮੈਂ ਦੋ ਲਾਈਨਾ ਹੀ ਪੜ੍ਹ ਸਕਿਆ ਸੀ, ਜੋ ਮੇਰੇ ਵਲੋਂ ਸਨ, ਹੂਬਹੂ ਤਾਂ ਯਾਦ ਨਹੀਂ ਪਰ ਅੰਦਾਜਨ ਇਹ ਲਾਈਨਾਂ ਸਨ ‘ਗੁਰਦੁਆਰਾ ਸਾਹਿਬ ਵਿਚ ਅਤਵਾਦੀ ਹੋਣ ਦਾ ਪਤਾ ਲੱਗਾ ਸੀ ਜਿਸ ਕਰਕੇ ਮੈਂ ਪੁਲੀਸ ਨੂੰ ਇਤਲਾਹ ਕੀਤੀ ਗਈ ਤਾਂ ਹੀ ਪੁਲੀਸ ਨੇ ਗੁਰਦੁਆਰਾ ਸਾਹਿਬ ਤੇ ਹਮਲਾ ਕੀਤਾ’


ਗਹਿਣੇ ਤੇ ਰੁਪਏ ਵੀ ਨਾਲ ਹੀ ਲੈ ਗਈ ਸੀ ਫ਼ੌਜ

ਜੂਨ 84 ਦੇ ਹਮਲੇ ਦੀ ਬਣੀ ਰਿਪੋਰਟ ਅਨੁਸਾਰ ਬਾਅਦ ਵਿਚ ਕਮਰਿਆਂ ਵਿਚ ਫ਼ੌਜ ਵੱਲੋਂ ਲਈ ਤਲਾਸ਼ੀ ਦੌਰਾਨ ਗਹਿਣੇ ਨਕਦੀ ਤੇ
ਘੜੀਆਂ ਆਦਿ ਜੋ ਵੀ ਹੱਥ ਲੱਗਾ ਉਹ ਨਾਲ ਹੀ ਲੈ ਗਏ ਜਿਸ ਵਿਚ ਗੁਰਦੁਆਰਾ ਸਾਹਿਬ ਦੇ ਖ਼ਜ਼ਾਨੇ ਵਿਚੋਂ 2118 ਰੁਪਏ,  ਸਟਾਫ਼ ਕੁਆਟਰਾਂ ਵਿਚੋਂ 16813 ਰੁਪਏ, 31 ਘੜੀਆਂ, 1 ਟਾਈਮ ਪੀਸ, 3 ਟੇਪ ਰਿਕਾਰਡ,5 ਟਰਾਂਜ਼ਿਸਟਰ, 15 ਤੋਲੇ ਗਹਿਣੇ ਸੋਨਾ, 8 ਤੋਲੇ ਗਹਿਣੇ ਚਾਂਦੀ ਦੇ ਮੌਜੂਦ ਸਨ। ਬਾਅਦ ਵਿਚ ਚਿੱਠੀਆਂ ਪੱਤਰ ਲਿਖ ਕੇ ਫੌਜ ਵਲੋਂ ਲਿਜਾਇਆਗਿਆ ਸਮਾਨ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਤਤਕਾਲੀ ਮੈਨੇਜਰ ਭਾਨ ਸਿੰਘ ਮੰਗਦੇ ਰਹੇ ਪਰ ਵਾਪਸ ਨਹੀਂ ਮਿਲਿਆ।

ਟੌਹੜਾ ਸਮੇਤ ਕਈਆਂ ਦਾ ਲਾਇਸੰਸੀ ਅਸਲਾ ਵੀ ਫ਼ੌਜ ਲੈ ਗਈ ਸੀ ਚੁੱਕ ਕੇ
ਹਮਲੇ ਦੌਰਾਨ ਗੁਰਦੁਆਰਾ ਸਾਹਿਬ ਦੇ ਕੁਆਟਰਾਂ ਵਿਚੋਂ ਵੀ ਲਾਇਸੰਸੀ ਅਸਲਾ ਫ਼ੌਜ ਨੂੰ ਮਿਲਿਆ ਲਾਇਸੈਸਾਂ ਸਮੇਤ ਨਾਲ ਹੀ ਲੈ ਗਈ, ਇਸ ਸਬੰਧੀ 24-10-84 ਨੂੰ ਗੁਰਦੁਆਰਾ ਸਾਹਿਬ ਦੇ  ਮੈਨੇਜਰ ਭਾਨ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਤੇ ਰਾਜਪਾਲ ਨੂੰ ਲਿਖੇ ਪੱਤਰਾਂ ਵਿਚ ਸਪਸ਼ਟ ਹੁੰਦਾ ਹੈ ਜਿਸ ਵਿਚ ਲਿਖਿਆ ਹੈ ਕਿ ਜੋ 5-6 ਜੂਨ 1984 ਦੀ ਰਾਤ ਨੂੰ ਫ਼ੌਜ ਲਾਇਸੰਸ ਸਮੇਤ ਅਸਲਾ ਲੈ ਗਈ ਸੀ ਵਾਰ ਵਾਰ ਲਿਖਤੀ ਬੇਨਤੀਆਂ ਕਰਨ ਤੋਂ ਬਾਅਦ ਵੀ ਵਾਪਸ ਨਹੀਂ ਕੀਤਾ ਗਿਆ, ਇਹ ਅਸਲਾ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ, ਗੁਰਦੁਆਰਾ ਸਾਹਿਬ ਦਾ ਮੈਨੇਜਰ, ਜਗਜੀਤ ਸਿੰਘ
ਅਕਾਊਂਟੈਂਟ, ਕਰਤਾਰ ਸਿੰਘ ਖ਼ਜ਼ਾਨਚੀ, ਧੌਲ਼ਾ ਸਿੰਘ ਹੌਲਦਾਰ, ਬਲਵਿੰਦਰ ਸਿੰਘ ਕਲਰਕ,ਇੰਦਰ ਸਿੰਘ ਸੇਵਾਦਾਰ, ਜੋਰਾ ਸਿੰਘ ਸੇਵਾਦਾਰ, ਸੇਵਾ ਸਿੰਘ, ਮੱਘਰ ਸਿੰਘ, ਧੰਨਾ ਸਿੰਘ ਦਾ ਹੈ, ਇਹ ਅਸਲਾ ਲੈਣ ਲਈ ਵਾਰ ਵਾਰ ਬੇਨਤੀਆਂ ਕੀਤੀਆਂ ਹਨ ਪਰ ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਵੀ ਚੁੱਪ ਹੈ। ਤਤਕਾਲੀ ਅਕਾਉਂਟੈਂਟ ਜਗਜੀਤ ਸਿੰਘ ਨੇ ਦਸਿਆ ਕਿ ਮੈਂ ਅਦਾਲਤ ਵਿਚ ਕੇਸ ਲੜ ਕੇ ਆਪਣਾ ਅਸਲਾ ਵਾਪਸ ਲਿਆ ਸੀ, ਇਸ ਤਰ੍ਹਾਂ ਹੋਰਾਂ ਨੇ ਵੀ ਕੇਸ ਲੜੇ। ਇਸ ਸਬੰਧੀ ਐਸਐਸਪੀ ਪਟਿਆਲਾ ਨੁੰ ਪਾਏ ਪੱਤਰਾ ਦਾ ਜਵਾਬ 10/9/84 ਨੂੰ ਪੱਤਰ ਨੰਬਰ 29847 ਤਹਿਤ ਆਇਆ ਜਿਸ ਵਿਚ ਐਸਐਸਪੀ ਪਟਿਆਲਾ ਮੰਨਦੇ ਹਨ ਕਿ ਜੋ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਚੋਂ ਅਸਲਾ ਲਿਜਾਇਆ ਗਿਆ ਸੀ ਉਹ ਮਿਲਟਰੀ ਕੋਲ ਹੈ। ਜੋ ਅਦਾਲਤੀ ਕੇਸਾਂ ਦੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਹੀ ਵਾਪਸ ਕੀਤਾ ਜਾ ਸਕੇਗਾ।

No comments:

Post a Comment