Thursday, December 01, 2022

ਪੱਤਰਕਾਰੀ ਕਰਦੇ ਸਮੇਂ ਅਨੇਕਾਂ ਸੰਕਟਾਂ ਦਾ ਸਾਹਮਣਾ ਕਰਦਿਆਂ ਨਿਰੰਤਰ ਪੱਤਰਕਾਰੀ ਕਰ ਰਿਹਾ ਹੈ ‘ਜਗਸ਼ੀਰ ਸਿੰਘ ਸੰਧੂ’

ਪੰਥਕ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਵਿਚ ਨਾਮ ਦਰਜ ਹੈ ‘ਜਗਸ਼ੀਰ ਸਿੰਘ ਸੰਧੂ ਦਾ’
ਪੰਜਾਬੀ ਪੱਤਰਕਾਰੀ ਦੀ ਜਦੋਂ ਵੀ ਗੱਲ ਤੁਰਦੀ ਹੈ ਤਾਂ ਅਖ਼ਬਾਰਾਂ ਦੇ ਸੰਪਾਦਕਾਂ, ਨਿਊਜ਼ ਐਡੀਟਰਾਂ, ਚੰਡੀਗੜ੍ਹ ਵਿਚਲੇ ਪੱਤਰਕਾਰਾਂ, ਸਰਕਾਰੇ ਦਰਬਾਰੇ ਰੋਅਬ ਰੱਖਣ ਵਾਲੇ ਪੱਤਰਕਾਰਾਂ, ਸਟਾਫ਼ ਰਿਪੋਰਟਰਾਂ ਅਤੇ ਜ਼ਿਲ੍ਹਾ ਇੰਚਾਰਜਾਂ ਤੱਕ ਸੀਮਤ ਹੋ ਕੇ ਰਹਿ ਜਾਂਦੀ ਹੈ, ਜਦੋਂ ਕਿ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਅਤੇ ਆਮ ਲੋਕਾਂ ਨਾਲ ਜੁੜੇ ਪੱਤਰਕਾਰਾਂ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ। ਦਰਅਸਲ ਵੱਡੇ ਅਖ਼ਬਾਰਾਂ ਵਿੱਚ ਖ਼ਬਰਾਂ ਨੂੰ ਵੀ ਸਟੇਸ਼ਨਾਂ ਮੁਤਾਬਿਕ ਹੀ ਥਾਂ ਮਿਲਦੀ ਹੈ, ਜਿਵੇਂ ਕਿ ਦਿੱਲੀ, ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਅਤੇ ਬਠਿੰਡਾ ਆਦਿ ਸਟੇਸ਼ਨਾਂ ਦੇ ਮੁਕਾਬਲੇ ਹੋਰ ਸ਼ਹਿਰਾਂ ਅਤੇ ਕਸਬਿਆਂ ਤੋਂ ਆਈਆਂ ਖ਼ਬਰਾਂ ਅਤੇ ਰਿਪੋਰਟਾਂ ਨੂੰ ਬਹੁਤ ਘੱਟ ਅਹਿਮੀਅਤ ਦਿੱਤੀ ਜਾਂਦੀ ਹੈ। ਇਸ ਕਰਕੇ ਛੋਟੇ ਸਟੇਸ਼ਨਾਂ ਦੇ ਬਹੁਤ ਸਾਰੇ ਕਾਬਲ ਪੱਤਰਕਾਰ ਵੀ ਅੱਗੇ ਆਉਣ ਤੋਂ ਵਾਂਝੇ ਰਹਿ ਜਾਂਦੇ ਹਨ, ਕਿਉਂਕਿ ਅੱਜਕੱਲ੍ਹ ਅਖ਼ਬਾਰਾਂ ਦੇ ਜ਼ਿਲ੍ਹਾ ਵਾਈਜ਼ ਐਡੀਸ਼ਨ ਹੋਣ ਕਰਕੇ ਬਹੁਤ ਸਾਰੇ ਕਾਬਲ ਪੱਤਰਕਾਰ ਵੀ ਆਪੋ ਆਪਣੇ ਜ਼ਿਲ੍ਹਿਆਂ ਤੱਕ ਹੀ ਸੀਮਤ ਹਨ, ਪਰ ਫਿਰ ਵੀ ਪੇਂਡੂ ਖੇਤਰਾਂ ਵਿਚੋਂ ਉੱਠੇ ਕੁੱਝ ਪੱਤਰਕਾਰ ਅਜਿਹੇ ਹਨ, ਜੋ ਸਾਧਨਾਂ ਦੀ ਘਾਟ ਦੇ ਬਾਵਜੂਦ ਵੀ ਪੰਜਾਬ ਦੀ ਪੱਤਰਕਾਰੀ ਵਿੱਚ ਆਪਣਾ ਵੱਖਰਾ ਮੁਕਾਮ ਬਣਾਉਣ ਵਿੱਚ ਸਫਲ ਹੋਏ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਮਾਲਵੇ ਦੇ ਬਠਿੰਡਾ, ਮਾਨਸਾ ਅਤੇ ਬਰਨਾਲਾ ਜ਼ਿਲਿਆਂ ਦੇ ਪੇਂਡੂ ਖੇਤਰਾਂ ਵਿੱਚੋਂ ਆਏ ਬਹੁਤ ਸਾਰੇ ਪੱਤਰਕਾਰਾਂ ਨੇ ਪੱਤਰਕਾਰੀ ਖੇਤਰ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ। ਇੱਥੇ ਇਕ ਪੱਖ ਇਹ ਵੀ ਰਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਪੱਤਰਕਾਰੀ ਖੇਤਰ ਵਿੱਚ ਮਾਰਕਸੀ ਵਿਚਾਰਧਾਰਾ ਨਾਲ ਜੁੜੇ ਪੱਤਰਕਾਰਾਂ ਦੀ ਹੀ ਭਰਮਾਰ ਰਹੀ ਹੈ, ਪਰ ਅੱਜ ਜਿਸ ਪੱਤਰਕਾਰ ਦੀ ਤੁਹਾਡੇ ਨਾਲ ਸਾਂਝ ਪਵਾਉਣ ਜਾ ਰਹੇ ਹਾਂ, ਉਹ ਵੱਖਰੀ ਤਰ੍ਹਾਂ ਦੀ ਵਿਚਾਰਧਾਰਾ ਨੂੰ ਲੈ ਕੇ ਪੱਤਰਕਾਰੀ ਖੇਤਰ ਵਿੱਚ ਆਇਆ ਹੈ ਅਤੇ ਅੱਜ ਵੀ ਉਸੇ ਵਿਚਾਰਧਾਰਾ ਨਾਲ ਅੱਗੇ ਵਧ ਰਿਹਾ ਹੈ। ਉਸ ਪੱਤਰਕਾਰ ਦਾ ਨਾਮ ਹੈ ਜਗਸੀਰ ਸਿੰਘ ਸੰਧੂ, ਜੋ ਬਰਨਾਲਾ ਸ਼ਹਿਰ ਵਿੱਚ ਰਹਿੰਦਾ ਹੋਇਆ ਵੀ ਮਾਲਵੇ ਦੇ ਪਿੰਡਾਂ ਦਾ 'ਘੁਣਤਰੀ' ਹੈ। -ਮੁੱਢਲਾ ਜੀਵਨ ਤੇ ਪੜਾਈ-
ਬਰਨਾਲਾ-ਲੁਧਿਆਣਾ ਸੜਕ 'ਤੇ ਮਹਿਲ ਕਲਾਂ ਟੋਲ ਪਲਾਜੇ ਕੋਲ ਪੈਂਦਾ ਹੈ ਪਿੰਡ ਕਿਰਪਾਲ ਸਿੰਘ ਵਾਲਾ, ਜਿੱਥੇ ਨੇੜਲੇ ਪਿੰਡ ਗੰਗੋਹਰ ਤੋਂ ਆ ਕੇ ਵਸੇ, ਦੂਸਰੀ ਸੰਸਾਰ ਜੰਗ ਵਿੱਚ ਹਿੱਸਾ ਲੈਣ ਵਾਲੇ ਫ਼ੌਜੀ ਸ੍ਰ: ਨਿਧਾਨ ਸਿੰਘ ਦੇ ਘਰ ਮਾਤਾ ਗੁਰਦੇਵ ਕੌਰ ਦੀ ਕੁੱਖੋਂ 25 ਦਸੰਬਰ 1965 ਨੂੰ ਜਨਮੇ ਜਗਸੀਰ ਸਿੰਘ ਸੰਧੂ ਨੇ ਮੁਢਲੀ ਪੜਾਈ ਸਰਕਾਰੀ ਪ੍ਰਾਇਮਰੀ ਸਕੂਲ ਕਿਰਪਾਲ ਸਿੰਘ ਵਾਲਾ, ਫਿਰ ਸਰਕਾਰੀ ਮਿਡਲ ਕਲਾਲ ਮਾਜਰਾ ਅਤੇ ਦਸਵੀਂ ਸਰਕਾਰੀ ਹਾਈ ਸਕੂਲ ਦੱਧਾਹੂਰ ਤੋਂ ਹਾਸਲ ਕੀਤੀ, ਤੇ ਪ੍ਰੈੱਪ ਦੀ ਪੜਾਈ ਵੀ ਪੂਰੀ ਕੀਤੀ, ਸਾਕਾ ਦਰਬਾਰ ਸਾਹਿਬ (ਬਲਿਊ ਸਟਾਰ ਅਪ੍ਰੇਸ਼ਨ) ਵਾਪਰ ਗਿਆ। ਖਾੜਕੂ ਵਿਚਾਰਾਂ ਦਾ ਧਾਰਨੀ ਹੋਣ ਕਰੇ ਮਾਪਿਆਂ ਨੇ ਪੜ੍ਹਨੋਂ ਹਟਾ ਕੇ 18 ਸਾਲਾਂ ਦੇ ਜਗਸੀਰ ਸਿੰਘ ਸੰਧੂ ਦਾ ਵਿਆਹ ਕਰ ਦਿੱਤਾ ਅਤੇ ਖੇਤੀਬਾੜੀ ਦੇ ਕੰਮ 'ਤੇ ਲਾ ਦਿੱਤਾ। ਅੱਲ੍ਹੜ ਉਮਰ 'ਚ ਹੋਇਆ ਜਗਸੀਰ ਸਿੰਘ ਦਾ ਵਿਆਹ ਚਾਰ ਕੁ ਸਾਲ ਚੱਲੇ ਕਲੇਸ਼ ਤੋਂ ਟੁੱਟ ਗਿਆ। ਇਸ ਦੌਰਾਨ ਹੀ ਇਕ ਪਰਵਾਰਿਕ ਮਜਬੂਰੀ ਕਾਰਨ ਜਗਸੀਰ ਸਿੰਘ ਸੰਧੂ ਦਾ ਪਰਵਾਰ ਬਠਿੰਡਾ ਜ਼ਿਲ੍ਹੇ ਵਿੱਚ ਰਾਮਪੁਰਾ ਨੇੜੇ ਪੈਂਦੇ ਪਿੰਡ ਬਦਿਆਲਾ ਜਾ ਵਸਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬੀ ਸੂਬੇ ਬਾਨੀ ਸੰਤ ਫ਼ਤਿਹ ਸਿੰਘ ਦੇ ਜੱਦੀ ਪਿੰਡ ਬਦਿਆਲਾ ਵਿੱਚ ਜਗਸੀਰ ਸਿੰਘ ਸੰਧੂ ਨੇ 1992 ਤੱਕ ਖੇਤੀਬਾੜੀ ਦਾ ਕੰਮ ਕਰਨ ਕੀਤਾ। ਅੰਗਰੇਜ਼ਾਂ ਦੀ ਫ਼ੌਜ ਵਿੱਚ ਦੂਸਰੀ ਸੰਸਾਰ ਜੰਗ ਸਮੇਂ ਕਈ ਮੁਲਕਾਂ 'ਚ ਜੰਗਾਂ ਲੜਨ ਵਾਲੇ ਅਤੇ ਫਿਰ ਪਿੰਡ ਕਿਰਪਾਲ ਸਿੰਘ ਵਾਲਾ ਆ ਕੇ ਸਰਦਾਰਾਂ ਖ਼ਿਲਾਫ਼ ਮੁਜ਼ਾਹਰਾ ਜੱਦੋਜਹਿਦ 'ਚ ਮੋਹਰੀ ਰਹੇ ਆਪਣੇ ਪਿਤਾ ਸ੍ਰ: ਨਿਧਾਨ ਸਿੰਘ ਕੋਲੋਂ ਜਗਸੀਰ ਸਿੰਘ ਸੰਧੂ ਨੂੰ ਦੂਸਰੀ ਸੰਸਾਰ ਜੰਗ ਬਾਰੇ, ਦੇਸ਼ ਦੀ ਵੰਡ (ਹੱਲੇ ਗੁੱਲੇ) ਬਾਰੇ, ਮੁਜ਼ਾਹਰਾ ਲਹਿਰ ਬਾਰੇ, ਪੰਜਾਬੀ ਸੂਬਾ ਮੋਰਚੇ ਬਾਰੇ ਅਤੇ ਪੰਜਾਬ ਤੇ ਪੰਥ ਦੀ ਸਿਆਸਤ ਅਤੇ ਰਾਜਨੀਤਕ ਆਗੂਆਂ ਬਾਰੇ ਬਹੁਤ ਸਾਰੀ ਵਡਮੁੱਲੀ ਜਾਣਕਾਰੀ ਹਾਸਲ ਹੋਈ। ਪਿੰਡ ਬਦਿਆਲਾ ਰਹਿੰਦਿਆਂ ਹਾਲਾਤ ਕੁੱਝ ਅਜਿਹੇ ਬਣੇ ਕਿ ਜਗਸੀਰ ਸਿੰਘ ਸੰਧੂ ਉਸ ਇਲਾਕੇ ਵਿੱਚ ਸਰਗਰਮ ਖਾੜਕੂਆਂ ਦੇ ਇਕ ਗਰੁੱਪ ਅਤੇ ਰਾਮਪੁਰਾ ਦੀ ਪੁਲਸ ਦੇ ਰਡਾਰ 'ਤੇ ਆ ਗਿਆ, ਜਿੱਥੋਂ ਬਚਦਾ ਬਚਾਉਂਦਾ ਉਹ ਬਰਨਾਲੇ ਆ ਗਿਆ ਅਤੇ ਇਸੇ ਦੌਰਾਨ ਹੀ ਉਸ ਦੇ ਪਿਤਾ ਨਿਧਾਨ ਸਿੰਘ ਦਾ ਦਿਹਾਂਤ ਹੋ ਗਿਆ। -ਬਰਨਾਲਾ 'ਚ ਕਿਵੇਂ ਵਸਿਆ-
ਬਰਨਾਲਾ ਆ ਕੇ ਜਗਸੀਰ ਸਿੰਘ ਸੰਧੂ ਨੇ ਇਕ ਘਰ ਵਿੱਚ ਸ਼ਰਨ ਲੈ ਲਈ ਅਤੇ ਮਾਰੂਤੀ ਵੈਨ ਗੱਡੀ ਖ਼ਰੀਦ ਕੇ ਉਸ ਨੂੰ ਟੈਕਸੀ ਦੇ ਤੌਰ 'ਤੇ ਚਲਾਉਣ ਲੱਗਿਆ ਤਾਂ 1994 ਵਿੱਚ ਇਕ ਮੁਖ਼ਬਰ ਨੇ ਰਾਮਪੁਰਾ ਦੇ ਤਤਕਾਲੀ ਡੀ.ਐੱਸ.ਪੀ ਧਰਮ ਸਿੰਘ ਕੋਲ ਫੜਾ ਦਿੱਤਾ ਅਤੇ ਜਿਸ ਨੇ ਥਾਣਾ ਬਾਲਿਆਂਵਾਲੀ ਵਿੱਚ ਦੋ ਹਫ਼ਤੇ ਤੋਂ ਵੀ ਵੱਧ ਸਮਾਂ ਰੱਖ ਕੇ ਜਗਸੀਰ ਸਿੰਘ 'ਤੇ ਅੰਨ੍ਹਾ ਤਸ਼ੱਦਦ ਕਰਵਾਇਆ, ਪਰ ਪੁਲਸ ਕੁਝ ਵੀ ਬਰਾਮਦ ਜਾਂ ਹਾਸਲ ਨਹੀਂ ਕਰ ਪਾਈ, ਫਿਰ ਵੀ ਪੁਲਸ ਨੇ ਦੋ-ਤਿੰਨ ਝੂਠੇ ਕੇਸ ਪਾ ਕੇ ਬਠਿੰਡਾ ਜੇਲ੍ਹ ਭੇਜ ਦਿੱਤਾ। ਫਿਰ ਬਠਿੰਡਾ ਜੇਲ੍ਹ 'ਚੋਂ ਬਰਨਾਲਾ ਪੁਲਸ ਰਿਮਾਂਡ 'ਤੇ ਲੈ ਆਈ ਅਤੇ ਕੁੱਝ ਅਣਟਰੇਸ ਕੇਸਾਂ ਵਿੱਚ ਬਰਨਾਲਾ ਪੁਲਸ ਨੇ ਫਿਟ ਕਰ ਦਿੱਤਾ। ਇੱਥੇ ਜਗਸੀਰ ਸਿੰਘ ਸੰਧੂ ਦੇ ਪਿਤਾ ਨਿਧਾਨ ਸਿੰਘ ਦੇ ਪੁਰਾਣੇ ਦੋਸਤ ਐਡਵੋਕੇਟ ਸ਼ਿਵਦਰਸਨ ਕੁਮਾਰ ਸ਼ਰਮਾ ਨੇ ਬਿਨਾਂ ਪੈਸਿਆਂ ਤੋਂ ਕੇਸ ਲੜੇ ਅਤੇ ਸਾਰੇ ਕੇਸਾਂ 'ਚੋਂ ਜ਼ਮਾਨਤਾਂ ਕਰਵਾ ਕੇ ਬਾਹਰ ਲਿਆਂਦਾ, ਪਰ ਕੁਝ ਸਮਾਂ ਬਾਅਦ ਪੁਲਸ ਨੇ ਫਿਰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਗਾਹੇ ਬਗਾਹੇ ਫੜ ਕੇ ਸੀ.ਆਈ.ਏ ਸਟਾਫ਼ ਹੰਡਿਆਇਆ ਅਤੇ ਥਾਣਾ ਸ਼ੇਰਪੁਰ ਵਿੱਚ ਕਈ ਵਾਰ ਟਾਰਚਰ ਕੀਤਾ ਗਿਆ। ਇਸੇ ਦੌਰਾਨ ਪੁਲਸ ਹਿਰਾਸਤ ਵਿੱਚੋਂ ਭੱਜੀ ਇੱਕ ਹਵਾਲਾਤੀ ਔਰਤ ਦੇ ਕੇਸ ਵਿੱਚ ਜਗਸੀਰ ਸਿੰਘ ਸੰਧੂ ਨੂੰ ਫੇਰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ, ਪਰ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਇਸ ਕੇਸ ਵਿੱਚੋਂ ਵੀ ਉਸ ਨੂੰ ਬਾਇੱਜ਼ਤ ਬਰੀ ਕਰਵਾ ਲਿਆ, ਜਦੋਂਕਿ ਇਸ ਕੇਸ ਵਿਚ ਇਕ ਥਾਣੇਦਾਰ ਸਮੇਤ ਚਾਰ ਪੁਲਸ ਵਾਲਿਆਂ ਨੂੰ ਸਜਾ ਹੋ ਗਈ। ਅਦਾਲਤ ਵਿੱਚ ਲੰਬਾ ਸਮਾਂ ਟਰਾਇਲ ਦੌਰਾਨ ਜਗਸੀਰ ਸਿੰਘ ਸੰਧੂ ਇਕ-ਇਕ ਕਰਕੇ ਸਾਰੇ ਝੂਠੇ ਕੇਸਾਂ ਬਰੀ ਹੋ ਗਿਆ, ਉਸ ਨੂੰ ਕਿਸੇ ਵੀ ਕੇਸ ਵਿੱਚ ਨਾ ਕੋਈ ਸਜਾ ਅਤੇ ਨਾ ਹੀ ਕੋਈ ਜੁਰਮਾਨਾ ਹੋਇਆ। ਇਸ ਦੌਰਾਨ ਜਗਸੀਰ ਸਿੰਘ ਸੰਧੂ ਨੇ ਕੁੱਝ ਸਮਾਂ ਇਕ ਪੈਸਟੀਸਾਈਡ ਕੰਪਨੀ ਵਿੱਚ ਲੁਧਿਆਣਾ ਵਿਖੇ ਵੀ ਨੌਕਰੀ ਕੀਤੀ। ਇਸ ਉਪਰੰਤ 1998 ਵਿੱਚ ਐੱਸ.ਡੀ ਸਭਾ (ਰਜਿ:) ਬਰਨਾਲਾ ਦੇ ਜਨਰਲ ਸਕੱਤਰ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਜਗਸੀਰ ਸਿੰਘ ਨੂੰ ਪੱਕੇ ਤੌਰ 'ਤੇ ਆਪਣੀ ਸਰਪ੍ਰਸਤੀ ਹੇਠ ਰੱਖ ਲਿਆ ਅਤੇ ਐੱਸ.ਡੀ ਸਭਾ ਵੱਲੋਂ ਖ਼ਰੀਦੀ ਅੱਠ ਏਕੜ ਜ਼ਮੀਨ (ਜਿੱਥੇ ਹੁਣ ਐੱਸ.ਐੱਸ.ਡੀ ਕਾਲਜ ਤੇ ਟੰਡਨ ਇੰਟਰਨੈਸ਼ਨਲ ਸਕੂਲ ਹੈ) ਖੇਤੀ ਕਰਨ ਲਈ ਦੇ ਦਿੱਤੀ। ਜਗਸੀਰ ਸਿੰਘ ਮੁੜ ਆਪਣੇ ਪਿਤਾ ਪੁਰਖੀ ਧੰਦੇ ਖੇਤੀਬਾੜੀ ਨਾਲ ਜੁੜ ਗਿਆ ਅਤੇ ਕਈ ਸਾਲ ਖੇਤੀ ਕਰਦਾ ਰਿਹਾ, ਪਰ ਕੁਝ ਸਾਲ ਬਾਅਦ 2004 ਵਿੱਚ ਐੱਸ.ਡੀ ਸਭਾ ਵੱਲੋਂ ਲੜਕੀਆਂ ਲਈ ਚਲਾਏ ਜਾਂਦੇ 'ਐਨ.ਐੱਮ.ਐੱਸ ਡੀ ਗਰਲਜ਼ ਸਕੂਲ ਅਤੇ ਪੰਚਾਇਤੀ ਮੰਦਰ ਦੀ ਮੈਨੇਜਮੈਂਟ ਦਰਮਿਆਨ ਜਗਾ ਨੂੰ ਲੈ ਕੇ ਝਗੜਾ ਹੋ ਗਿਆ, ਜੋ ਬਾਅਦ ਵਿੱਚ ਹਿੰਸਕ ਰੂਪ ਧਾਰ ਗਿਆ। ਬਰਨਾਲਾ ਦੇ ਸਦਰ ਬਜ਼ਾਰ ਵਿੱਚ ਦੋਵਾਂ ਧਿਰਾਂ ਦਰਮਿਆਨ ਹੋਈ ਲੜਾਈ ਵਿੱਚ ਬਰਨਾਲਾ ਪੁਲਸ ਨੇ ਜਗਸੀਰ ਸਿੰਘ ਸੰਧੂ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕਰਕੇ ਐੱਸ.ਡੀ ਸਭਾ ਦੇ ਤਤਕਾਲੀ ਪ੍ਰਧਾਨ ਪੰਨਾ ਲਾਲ ਗੋਇਲ, ਜਨਰਲ ਸਕੱਤਰ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ, ਸੈਕਟਰੀ ਗੋਰਾ ਲਾਲ, ਨਗਰ ਸੁਧਾਰ ਟਰੱਸਟ ਬਰਨਾਲਾ ਦੇ ਤਤਕਾਲੀ ਚੇਅਰਮੈਨ ਪ੍ਰੇਮ ਚੰਦ ਅਗਰਵਾਲ ਸਮੇਤ ਡੇਢ ਦਰਜਨ ਦੇ ਕਰੀਬ ਲੋਕਾਂ 'ਤੇ ਪਰਚਾ ਦਰਜ ਕਰ ਦਿੱਤਾ,ਜਿਸ ਵਿੱਚ ਮੰਦਰ ਦੀਆਂ ਮੂਰਤੀਆਂ ਤੋੜਨ ਤਹਿਤ ਧਾਰਾ 295 ਏ ਅਤੇ ਕੁੱਟਮਾਰ ਕਰਨ ਦੀਆਂ ਹੋਰ ਕਈ ਧਾਰਾਵਾਂ ਲਗਾ ਦਿੱਤੀਆਂ। ਇਸ ਮਾਮਲੇ ਵਿੱਚ ਜਗਸੀਰ ਸਿੰਘ ਸੰਧੂ ਨੂੰ ਕੁੱਝ ਮਹੀਨੇ ਜੇਲ੍ਹ ਵਿੱਚ ਵੀ ਰਹਿਣਾ ਪਿਆ। ਇਸ ਦੌਰਾਨ ਬਰਨਾਲਾ ਦੇ ਪੱਤਰਕਾਰਾਂ ਵੱਲੋਂ ਮੂਰਤੀਆਂ ਤੋੜਨ ਦਾ ਮਾਮਲਾ ਬਹੁਤ ਉਛਾਲਿਆ ਗਿਆ, ਜਦੋਂਕਿ ਮੂਰਤੀਆਂ ਤੋੜਨ ਦੀ ਕੋਈ ਘਟਨਾ ਹੋਈ ਹੀ ਨਹੀਂ ਸੀ ਅਤੇ ਨਾ ਹੀ ਕੋਈ ਵਿਅਕਤੀ ਮੰਦਰ ਵਿੱਚ ਗਿਆ ਸੀ। ਇਸ ਦੌਰਾਨ ਜੇਲ੍ਹ ਵਿੱਚ ਰਹਿੰਦਿਆਂ ਜਗਸੀਰ ਸਿੰਘ ਸੰਧੂ ਨੇ ਪੱਤਰਕਾਰੀ ਖੇਤਰ ਵਿੱਚ ਜਾਣ ਦਾ ਫ਼ੈਸਲਾ ਕਰ ਲਿਆ ਕਿ ਤਾਂ ਕਿ ਇਹੋ ਜਿਹੇ ਮਾਮਲਿਆਂ 'ਚ ਮੀਡੀਆ ਵੱਲੋਂ ਕੀਤੇ ਜਾਂਦੇ ਝੂਠ ਪ੍ਰਚਾਰ ਦਾ ਜਵਾਬ ਦਿੱਤਾ ਜਾ ਸਕੇ ਅਤੇ ਅਸਲ ਸਚਾਈ ਲੋਕਾਂ ਸਾਹਮਣੇ ਲਿਆਂਦੀ ਜਾ ਸਕੇ। -ਪੱਤਰਕਾਰੀ ਖੇਤਰ ਵਿੱਚ ਪ੍ਰਵੇਸ਼-
ਜਗਸੀਰ ਸਿੰਘ ਸੰਧੂ ਨੇ ਜੇਲ੍ਹ ਵਿਚੋਂ ਬਾਹਰ ਆਉਂਦਿਆਂ ਹੀ ਕਈ ਪੱਤਰਕਾਰਾਂ ਨਾਲ ਸੰਪਰਕ ਕਰਕੇ ਆਪਣੀ ਮਨਸ਼ਾ ਦੱਸੀ। ਉਸ ਸਮੇਂ ਐੱਸ.ਡੀ ਸੀਨੀਅਰ ਸਕੈਂਡਰੀ ਬਰਨਾਲਾ ਵਿੱਚ ਪ੍ਰਾਈਵੇਟ ਟੀਚਰ ਵਜੋਂ ਨੌਕਰੀ ਕਰਦੇ ਧਰਮਚੰਦਰ (ਜੋ ਅੱਜਕੱਲ੍ਹ ਫਾਸਟਵੇਅ ਅਤੇ ਪੰਜਾਬੀ ਪੋਸਟ ਵੱਲੋਂ ਬਠਿੰਡਾ ਦੇ ਇੰਚਾਰਜ ਹਨ) ਅਜੀਤ ਸਮਾਚਾਰ ਅਤੇ ਸੁਦਾਗਰ ਸਿੰਘ ਬਾਜਵਾ (ਜੋ ਅੱਜਕੱਲ੍ਹ ਸਰਕਾਰੀ ਟੀਚਰ ਹਨ) ਦੇਸ਼ ਸੇਵਕ ਅਖ਼ਬਾਰ ਲਈ ਪੱਤਰਕਾਰੀ ਕਰਦੇ ਹਨ। ਇਹਨਾਂ ਨੇ ਹੱਲਾਸ਼ੇਰੀ ਵੀ ਦਿੱਤੀ ਤੇ ਪੱਤਰਕਾਰੀ ਦਿਵਾਉਣ ਦਾ ਵਾਅਦਾ ਵੀ ਕੀਤਾ। ਕੁਝ ਸਮੇਂ ਸੁਦਾਗਰ ਸਿੰਘ ਬਾਜਵਾ ਨੇ ਜਗਸੀਰ ਸਿੰਘ ਸੰਧੂ ਨੂੰ ਬਰਨਾਲਾ ਦੇ ਪੁਰਾਣੇ ਬਜ਼ਾਰ ਵਿੱਚ ਧਰਨੀ ਅਖ਼ਬਾਰਾਂ ਵਾਲੇ ਦੀ ਦੁਕਾਨ 'ਤੇ ਜਲੰਧਰ ਤੋਂ ਆਏ 'ਸਤਪਾਲ ਕਾਲਾ' ਨਾਮ ਦੇ ਇਕ ਵਿਅਕਤੀ ਨੂੰ ਮਿਲਾਇਆ, ਜਿਸ ਨੇ ਸਕਿਉਰਿਟੀ ਦੇ ਨਾਮ 'ਤੇ 2000 ਰੁਪਏ ਲੈ ਕੇ ਜਗਸੀਰ ਸੰਧੂ ਨੂੰ ਪੱਤਰਕਾਰ ਬਣਾਉਂਦਿਆਂ ਮੌਕੇ 'ਤੇ ਹੀ ‘ਨਵਾਂ ਜ਼ਮਾਨਾ’ ਅਖ਼ਬਾਰ ਦਾ ਸ਼ਨਾਖ਼ਤੀ ਕਾਰਡ ਵੀ ਬਣਾ ਕੇ ਦੇ ਦਿੱਤਾ। ਉਸ ਸਮੇਂ ਬਰਨਾਲਾ ਦੇ ਬਹੁਤੇ ਨਵੇਂ ਪੱਤਰਕਾਰਾਂ ਦਾ ਅੱਡਾ ਕੱਚਾ ਕਾਲਜ ਰੋਡ 'ਤੇ ਅਸ਼ੋਕ ਭਾਰਤੀ ਦੀ ਦੁਕਾਨ ਹੁੰਦੀ ਸੀ, ਜਿੱਥੇ ਬੈਠ ਕੇ ਇਕ ਜਣਾ ਖ਼ਬਰਾਂ ਲਿਖਦਾ ਫਿਰ ਸਾਰੇ ਜਣੇ ਫਲਿਊਟ ਲਗਾ ਕੇ ਆਪਣਾ ਨਾਮ ਲਿਖ-ਲਿਖ ਕੇ ਰੋਸ਼ਨ ਲਾਲ ਦੀ ਐੱਸ.ਟੀ.ਡੀ ਤੋਂ ਆਪੋ-ਆਪਣੇ ਅਖ਼ਬਾਰਾਂ ਨੂੰ ਫੈਕਸ ਕਰ ਦਿੰਦੇ। ਰੋਸ਼ਨ ਅੰਕਲ ਉਸ ਸਮੇਂ ਐੱਸ.ਟੀ.ਡੀ ਦੇ ਮੀਟਰ ਅਨੁਸਾਰ ਆਏ ਬਿੱਲ ਦੇ ਨਾਲ ਪੰਜ ਰੁਪਏ ਪ੍ਰਤੀ ਪੇਜ ਲੈਂਦਾ ਹੁੰਦਾ ਸੀ। ਇਸ ਤਰਾਂ ਇਕ ਪੇਜ ਦੀ ਖ਼ਬਰ ਭੇਜਣ ਦੇ ਸੱਤ-ਅੱਠ ਰੁਪਏ ਲੱਗ ਜਾਂਦੇ ਸਨ। ਜੇਕਰ ਕਿਸੇ ਬਹੁਤੀ ਜ਼ਰੂਰੀ ਖ਼ਬਰ ਦੇ ਨਾਲ ਫ਼ੋਟੋ ਭੇਜਣੀ ਹੁੰਦੀ ਤਾਂ ਫਿਰ ਹੈਰੀਟੇਜ ਕੈਫ਼ੇ ਵਾਲਿਆਂ ਤੋਂ ਈਮੇਲ ਕਰਵਾਈ ਜਾਂਦੀ ਸੀ, ਜਦੋਂਕਿ ਆਰਟੀਕਲ ਅਤੇ ਆਮ ਖ਼ਬਰਾਂ ਤਾਂ ਫ਼ੋਟੋ ਸਮੇਤ ਡਾਕ ਰਾਹੀਂ ਹੀ ਅਖ਼ਬਾਰਾਂ ਨੂੰ ਭੇਜੀਆਂ ਜਾਂਦੀਆਂ ਸਨ। ਉਸ ਸਮੇਂ ਰੀਲ ਵਾਲੇ ਕੈਮਰੇ ਚਲਦੇ ਸਨ ਅਤੇ ਅਖ਼ਬਾਰ ਨੂੰ ਭੇਜਣ ਤੋਂ ਪਹਿਲਾਂ ਕਿਸੇ ਫ਼ੋਟੋਗਰਾਫ਼ਰ ਦੀ ਦੁਕਾਨ ਤੋਂ ਫ਼ੋਟੋ ਡਿਵੈਲਪ ਕਰਵਾਉਣੀ ਪੈਂਦੀ ਸੀ। ਪੱਤਰਕਾਰੀ ਲੈਣ ਤੋਂ ਬਾਅਦ ਪਹਿਲੇ ਦਿਨ ਹੀ ਕ੍ਰਾਈਮ ਨਾਲ ਸਬੰਧਿਤ ਆਪਣੇ ਨਾਮ ਹੇਠ ਛਪੀ ਖ਼ਬਰ ਦੇਖ ਕੇ ਜਗਸੀਰ ਸੰਧੂ ਬਹੁਤ ਖ਼ੁਸ਼ ਹੋਇਆ, ਪਰ ਕੁੱਝ ਦਿਨਾਂ ਬਾਅਦ ਉਸ ਨੂੰ ਲੱਗਿਆ ਕਿ ਅਸਲ ਪੱਤਰਕਾਰੀ ਤਾਂ ਉਦੋਂ ਹੀ ਸ਼ੁਰੂ ਹੋਈ ਮੰਨੀ ਜਾਵੇਗੀ, ਜਦੋਂ ਉਸ ਦੀ ਖ਼ੁਦ ਦੀ ਲਿਖੀ ਖ਼ਬਰ ਅਖ਼ਬਾਰ ਵਿਚ ਛਪੇਗੀ। ਇਸ ਤੋ ਬਾਅਦ ਉਸ ਨੇ ਸਾਥੀ ਪੱਤਰਕਾਰਾਂ ਨੂੰ ਕਹਿ ਦਿੱਤਾ ਕਿ ‘ਹੁਣ ਉਹ ਕਿਸੇ ਦੀ ਲਿਖੀ ਖ਼ਬਰ 'ਤੇ ਫਲਿਊਟ ਲਗਾ ਕੇ ਆਪਣਾ ਨਾਮ ਨਹੀਂ ਲਿਖੇਗਾ, ਜਿਹੋ ਜਿਹੀ ਵੀ ਟੇਢੀ ਮੇਢੀ ਖ਼ਬਰ ਲਿਖੀ ਜਾਵੇ, ਅੱਜ ਤੋਂ ਉਹ ਖ਼ੁਦ ਖ਼ਬਰ ਲਿਖ ਕੇ ਆਪਣੇ ਅਖ਼ਬਾਰ ਨੂੰ ਭੇਜਿਆ ਕਰੇਗਾ।’ ਇਸ 'ਤੇ ਅਸ਼ੋਕ ਭਾਰਤੀ ਨੇ ਹੌਸਲਾ ਅਫ਼ਜ਼ਾਈ ਕਰਦਿਆਂ ਖ਼ਬਰ ਲਿਖਣ ਲਈ ਸਾਫ਼ ਕਾਗ਼ਜ਼ ਜਗਸੀਰ ਸੰਧੂ ਦੇ ਹੱਥ ਫੜਾ ਦਿੱਤਾ। ਉੱਧਰ ਲੋਕ ਸੰਪਰਕ ਵਿਭਾਗ ਦੇ ਬਰਨਾਲਾ ਦਫ਼ਤਰ ਵਿੱਚ ਏ.ਪੀ.ਆਰ.ਓ ਵਜੋਂ ਸੇਵਾਵਾਂ ਨਿਭਾਉਂਦੇ ਵੀ.ਕੇ ਜੋਸ਼ੀ ਨੇ ਜਗਸੀਰ ਸੰਧੂ ਨੂੰ ਲੰਬੀ ਰੇਸ ਦਾ ਘੋੜਾ ਕਹਿੰਦਿਆਂ ਬਹੁਤ ਹੱਲਾਸ਼ੇਰੀ ਦਿੱਤੀ। ਉਸ ਤੋਂ ਬਾਅਦ ਅੱਜ ਤੱਕ ਜਗਸੀਰ ਸੰਧੂ ਦੱਬ ਕੇ ਲਿਖ ਰਿਹਾ ਹੈ, ਭਾਵੇਂ ਕਿ ਸਮੇਂ ਮੁਤਾਬਿਕ ਉਸ ਦੇ ਹੱਥ ਕਲਮ ਤੋਂ ਕੰਪਿਊਟਰ ਦੀ ਕੀ ਪੈਡ ਤੱਕ ਜਾ ਪਹੁੰਚੇ ਹਨ। -ਕਿਹੜੇ-ਕਿਹੜੇ ਅਖ਼ਬਾਰਾਂ ਵਿੱਚ ਕੰਮ ਕੀਤਾ-
ਨਵਾਂ ਜ਼ਮਾਨਾ ਅਖ਼ਬਾਰ ਵਿੱਚ ਕੰਮ ਕਰਦਿਆਂ ਤਿੰਨ-ਚਾਰ ਖ਼ਬਰਾਂ ਨੇ ਜਗਸੀਰ ਸੰਧੂ ਨੂੰ ਬਰਨਾਲਾ ਦੇ ਪੱਤਰਕਾਰੀ ਖੇਤਰ ਵਿੱਚ ਪਹਿਚਾਣ ਦੇ ਦਿੱਤੀ। ਫ਼ਤਿਹਗੜ੍ਹ ਛੰਨਾ ਅਤੇ ਧੌਲ਼ਾ ਦੀ ਜ਼ਮੀਨ ਐਕਵਾਇਰ ਦੇ ਮਾਮਲੇ ਵਿੱਚ ''ਟਰਾਈਡੈਂਟ ਫ਼ੈਕਟਰੀ ਖ਼ਿਲਾਫ਼ ਕਿਸਾਨ ਲਾਮਬੰਦ ਹੋਣ ਲੱਗੇ'' ਹੈਡਿੰਗ ਹੇਠ ਨਵਾਂ ਜ਼ਮਾਨਾ ਦੇ ਫ਼ਰੰਟ ਪੇਜ 'ਤੇ ਲੱਗੀ ਜਗਸੀਰ ਸੰਧੂ ਦੀ ਖ਼ਬਰ ਪ੍ਰਸ਼ਾਸਨ ਅਤੇ ਸਰਕਾਰ ਲਈ ਇਸ ਮਸਲੇ 'ਤੇ ਸ਼ੁਰੂ ਹੋ ਰਹੇ ਵੱਡੇ ਸੰਘਰਸ਼ ਦੀ ਆਹਟ ਬਣੀ। ਇਕ ਨਾਨਕਸਰੀ ਸਾਧ ਅਤੇ ਸਥਾਨਿਕ ਪੁਲਸ ਅਧਿਕਾਰੀ ਦੇ ਕਾਰਨਾਮਿਆਂ ਦੀ ਪੋਲ ਖੋਲ੍ਹਦੀਆਂ ਖ਼ਬਰਾਂ ਨੇ ਉਸ ਨੂੰ ਨਿਧੜਕ ਪੱਤਰਕਾਰ ਵਜੋਂ ਉਭਾਰਿਆ। ਉਸ ਨੇ ਆਪਣੀ ਮਿਹਨਤ ਨਾਲ ਨਵਾਂ ਜ਼ਮਾਨਾ ਅਖ਼ਬਾਰ ਦੀ ਸਰਕੁਲੇਸ਼ਨ ਪੰਜ-ਸੱਤ ਕਾਪੀਆਂ ਤੋਂ ਵਧਾ ਕੇ 170 ਕਾਪੀਆਂ ਕਰ ਦਿੱਤੀ, ਜਦੋਂ ਉਸ ਸਮੇਂ ਪੰਜਾਬੀ ਦੇ ਵੱਡੇ ਅਖ਼ਬਾਰਾਂ ਵਿਚੋਂ ਕਿਸੇ ਵੀ ਬਰਨਾਲਾ ਸ਼ਹਿਰ 'ਚ ਸਰਕੁਲੇਸ਼ਨ 1500 ਤੋਂ ਵੱਧ ਨਹੀਂ ਸੀ। ਇਕ ਪੱਤਰਕਾਰ ਵਜੋਂ ਸਥਾਪਿਤ ਹੋਣ ਤੋਂ ਬਾਅਦ ਸ਼ਿਵਦਰਸ਼ਨ ਸ਼ਰਮਾ ਨੇ ਜਗਸੀਰ ਸੰਧੂ ਨੂੰ ਬਰਨਾਲਾ ਦੇ ਹੰਡਿਆਇਆ ਬਜ਼ਾਰ ਵਿੱਚ 25 ਦੁਕਾਨਾਂ ਅਤੇ ਦੋ ਵੱਡੇ ਹਾਲਾਂ ਵਾਲੀ ਨਵੀਂ ਤਿੰਨ ਮੰਜ਼ਿਲ ਐੱਸ ਡੀ ਸਭਾ ਮਾਰਕੀਟ ਦਾ ਕੇਅਰਟੇਕਰ ਲਗਾ ਕੇ ਉਸ ਮਾਰਕੀਟ ਦੇ ਉਪਰ ਰਹਿਣ ਲਈ ਮਕਾਨ ਅਤੇ ਥੱਲੇ ਇਕ ਦਫ਼ਤਰ ਵੀ ਦੇ ਦਿੱਤਾ, ਜਿੱਥੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਰਹਿ ਰਿਹਾ ਹੈ। ਇਸ ਤੋਂ ਬਾਅਦ ਪਹਿਰੇਦਾਰ, ਸਪੋਕਸਮੈਨ, ਦੇਸ਼ ਵਿਦੇਸ਼ ਟਾਈਮਜ਼, ਚੜ੍ਹਦੀ ਕਲਾ ਅਖ਼ਬਾਰਾਂ ਵਿਚ ਵੀ ਕੰਮ ਕੀਤਾ।
-ਆਪਣਾ ‘ਅਲਾਇਵ ਪੰਜਾਬ’-
ਅੱਜ ਕੱਲ੍ਹ ਜਗਸੀਰ ਸਿੰਘ ਸੰਧੂ ਆਪਣਾ ਵੈੱਬ ਚੈਨਲ ‘ਅਲਾਇਵ ਪੰਜਾਬ’ ਚਲਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਆਪਣੇ ਨਿਊਜ਼ ਪੋਰਟਲ ‘ਅਲਾਇਵ ਪੰਜਾਬ’ 'ਤੇ ਰੋਜ਼ਾਨਾ ਦੀ ਨਿਊਜ਼ ਅੱਪਡੇਟ ਕਰ ਰਿਹਾ ਹੈ। -ਅਦਾਲਤੀ ਕੇਸ ਅਤੇ ਨੋਟਿਸ-
ਭਾਵੇਂ ਜਗਸੀਰ ਸਿੰਘ ਸੰਧੂ ਦਾ ਅਦਾਲਤੀ ਕੇਸਾਂ ਅਤੇ ਪਰਚਿਆਂ ਨਾਲ ਲੰਬਾ ਨਾਤਾ ਰਿਹਾ ਹੈ, ਪਰ ਪੱਤਰਕਾਰੀ ਖੇਤਰ ਵਿੱਚ ਕੇਸ ਨਵਾਂ ਜ਼ਮਾਨਾ ਅਖ਼ਬਾਰ ਵਿੱਚ ਲੱਗੀ ਇਕ ਖ਼ਬਰ 'ਤੇ ਸਟੈਂਡਰਡ ਕੰਬਾਈਨ ਅਤੇ ਟਰੈਕਟਰ ਫ਼ੈਕਟਰੀ ਦੇ ਮਾਲਕ ਨਛੱਤਰ ਸਿੰਘ ਵੱਲੋਂ ਕੀਤਾ, ਜੋ ਕਰੀਬ ਸੱਤ ਸਾਲ ਚੱਲਣ ਤੋਂ ਬਾਅਦ ਖ਼ਾਰਜ ਹੋਇਆ। ਇਸ ਤੋਂ ਬਾਅਦ ਪਹਿਰੇਦਾਰ ਵਿੱਚ ਲੱਗੀਆਂ ਦੋ ਹੋਰ ਵੱਖ-ਵੱਖ ਖ਼ਬਰਾਂ 'ਤੇ ਕੁੱਝ ਲੋਕਾਂ ਵੱਲੋਂ ਬਰਨਾਲਾ ਮਾਣਹਾਨੀ ਦੇ ਕੇਸ ਪਾਏ ਗਏ, ਪਰ ਉਹ ਵੀ ਨਾ ਟਿਕ ਸਕੇ। ਆਰ.ਐੱਸ.ਐੱਸ ਵੱਲੋਂ ਭਾਰਤ ਦੇ ਸੰਵਿਧਾਨ ਨੂੰ ਬਦਲ ਕੇ ਮੰਨੂੰ ਸਿਮਰਤੀ ਲਾਗੂ ਕਰਨ ਦੇ ਮਨਸੂਬਿਆਂ ਸਬੰਧੀ ਪਹਿਰੇਦਾਰ ਵਿੱਚ ਲਾਈ ਇਕ ਰਿਪੋਰਟ ਦੇ ਖ਼ਿਲਾਫ਼ ਭਾਜਪਾ ਦੇ ਦਲਿਤ ਵਿੰਗ ਵੱਲੋਂ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਐੱਸ.ਐੱਸ.ਪੀਜ ਨੂੰ ਮੰਗ ਪੱਤਰ ਦੇ ਕੇ ਜਗਸੀਰ ਸਿੰਘ ਸੰਧੂ 'ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ। ਇੱਥੋਂ ਤੱਕ ਕਿ ਹਰਿਆਣਾ ਦੇ ਪੰਚਕੂਲਾ ਵਿੱਚ ਵੀ ਸ਼ਿਕਾਇਤ ਕੀਤੀ ਗਈ। ਸੰਧੂ ਨੂੰ ਸਾਰੇ ਪੁਲਸ ਵੱਲੋਂ ਜ਼ਿਲਿਆਂ ਵਿੱਚ ਬੁਲਾਇਆ ਗਿਆ ਅਤੇ ਫਿਰ ਬਿਆਨ ਦਰਜ ਕਰਨ ਉਪਰੰਤ ਸਾਰੀਆਂ ਦਰਖਾਸਤਾਂ ਬਰਨਾਲਾ ਪੁਲਸ ਕੋਲ ਭੇਜ ਦਿੱਤੀਆਂ ਗਈਆਂ, ਅਖੀਰ ਇਕ ਸਾਲ ਖੱਜਲ ਖ਼ੁਆਰ ਕਰਨ ਤੋਂ ਬਾਅਦ ਬਰਨਾਲਾ ਪੁਲਸ ਨੇ ‘ਇਹ ਅਦਾਲਤੀ ਮੈਟਰ ਹੈ ਅਤੇ ਜਿਸ ਨੂੰ ਇਤਰਾਜ਼ ਹੈ ਉਹ ਜਗਸੀਰ ਸਿੰਘ ਸੰਧੂ ਖ਼ਿਲਾਫ਼ ਅਦਾਲਤ ਵਿੱਚ ਜਾ ਸਕਦਾ ਹੈ’ ਲਿਖ ਕੇ ਮਾਮਲਾ ਖ਼ਤਮ ਕੀਤਾ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਈ ਵਾਰ ਨੋਟਿਸ ਵੀ ਦਿੱਤੇ ਗਏ ਅਤੇ ਇਕ ਵਾਰ ਸ਼੍ਰੋਮਣੀ ਕਮੇਟੀ ਦੀਆਂ ਅੰਦਰਲੀਆਂ ਖ਼ਬਰਾਂ ਲਾਉਣ 'ਤੇ ਆਪਣੀ ਫਲਾਇੰਗ ਟੀਮ ਬਰਨਾਲਾ ਵਿਖੇ ਜਗਸੀਰ ਸਿੰਘ ਸੰਧੂ ਦੇ ਦਫ਼ਤਰ ਭੇਜ ਕੇ ਇਨਕੁਆਰੀ ਵੀ ਕਰਵਾਈ ਗਈ। -ਪੰਥਕ ਪੱਤਰਕਾਰੀ ਵੱਲ ਮੋੜਾ-
ਖੱਬੇ ਪੱਖੀ ਵਿਚਾਰਧਾਰਾ ਦੇ ਅਖ਼ਬਾਰ ਨਵਾਂ ਜ਼ਮਾਨਾ ਤੋਂ ਪੱਤਰਕਾਰੀ ਸ਼ੁਰੂ ਕਰਨ ਵਾਲੇ ਜਗਸੀਰ ਸਿੰਘ ਸੰਧੂ ਦੀ ਪਹਿਚਾਣ ਅੱਜ ਪੰਥਕ ਪੱਤਰਕਾਰ ਵਜੋਂ ਕਿਵੇਂ ਬਣ ਗਈ? ਇਸ ਸਬੰਧੀ ਜਗਸੀਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਭਾਵੇਂ ਕਿਹਾ ਜਾਂਦਾ ਹੈ ਕਿ ਪੱਤਰਕਾਰ ਦਾ ਕੋਈ ਧਰਮ, ਕੋਈ ਜਾਤ ਜਾਂ ਕੋਈ ਧੜਾ ਨਹੀਂ ਹੁੰਦਾ, ਪਰ ਅੱਜ ਪੂਰੇ ਭਾਰਤ ਦਾ ਮੀਡੀਆ ਪੂਰੀ ਤਰਾਂ ਹਿੰਦੂਤਵ ਦੇ ਰੰਗ ਵਿੱਚ ਰੰਗਿਆ ਹੋਇਆ ਹੈ।
ਤਕਰੀਬਨ ਸਾਰੇ ਭਾਰਤੀ ਟੀ ਵੀ ਚੈਨਲ ਦੇਸ਼ ਹਿੰਦੂਤਵ ਦਾ ਪਾਠ ਪੜਾ ਰਹੇ ਹਨ, ਇਹੋ ਜਿਹਾ ਹਾਲ ਹੀ ਬਹੁਤੇ ਪੰਜਾਬੀ ਅਖ਼ਬਾਰਾਂ ਦਾ ਹੈ। ਅਖ਼ਬਾਰਾਂ ਅਤੇ ਟੀ ਵੀ ਚੈਨਲਾਂ ਦੀ ਇਸ ਹਿੰਦੂਤਵੀ ਗਾਈਡ ਲਾਇਨ 'ਤੇ ਹੀ ਪੱਤਰਕਾਰ ਕੰਮ ਰਹੇ ਹਨ। ਫਿਰ ਅਜਿਹੇ ਹਾਲਤਾਂ ਵਿੱਚ ਸਿੱਖ ਪੱਤਰਕਾਰਾਂ ਨੂੰ ਵੀ ਪੰਥਕ ਪੱਤਰਕਾਰੀ ਕਰਨੀ ਚਾਹੀਦੀ ਹੈ। ਸਿੱਖੀ ਅਤੇ ਪੰਥਕ ਰਹੁਰੀਤਾਂ 'ਤੇ ਚੁਫੇਰਿਓਂ ਹੋ ਰਹੇ ਹਮਲਿਆਂ ਦਾ ਜਵਾਬ ਦੇਣ ਲਈ ਸਿੱਖ ਪੱਤਰਕਾਰਾਂ ਨੂੰ ਅੱਗੇ ਆਉਣਾ ਪਵੇਗਾ।
ਅਤੀਤ ਵਿੱਚ ਵੀ ਸੁੰਦਰ ਸਿੰਘ ਲਾਇਲਪੁਰੀ ਅਤੇ ਗਿਆਨੀ ਦਿੱਤ ਸਿੰਘ ਵਰਗੇ ਦਿਗਜ ਪੱਤਰਕਾਰਾਂ ਨੇ ਸਿੱਖ ਪੰਥ ਦੇ ਹਿੱਤਾਂ ਲਈ ਅਤੇ ਹੋ ਰਹੇ ਕੌਮੀ ਹਮਲਿਆਂ ਦਾ ਆਪਣੀ ਕਲਮ ਨਾਲ ਸਾਹਮਣਾ ਕੀਤਾ ਹੈ। ਇਸ ਲਈ ਅਜੋਕੇ ਦੌਰ ਵਿੱਚ ਸਿੱਖ ਪੱਤਰਕਾਰਾਂ ਨੂੰ ਆਪਣੀ ਕਲਮ ਨਾਲ ਸਿੱਖ ਪੰਥ ਅਤੇ ਪੰਜਾਬ 'ਤੇ ਹੋ ਰਹੇ ਹਮਲਿਆਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਅਤੇ ਇਕ ਪਲੇਟਫ਼ਾਰਮ 'ਤੇ ਇਕੱਠੇ ਹੋ ਕੇ ਸਿੱਖ ਪੱਤਰਕਾਰਾਂ ਦੀ ਇਕ ਮਜ਼ਬੂਤ ਜਥੇਬੰਦੀ ਸਥਾਪਿਤ ਕਰਨੀ ਚਾਹੀਦੀ ਹੈ।
-ਸੰਧੂ ਦਾ ਦਫ਼ਤਰ ਬਣਿਆ ਮੀਡੀਆ ਸੈਂਟਰ-
ਵੈਸੇ ਤਾਂ ਅਖ਼ਬਾਰਾਂ ਦੇ ਸਬ ਆਫ਼ਿਸਾਂ ਤੋਂ ਦੂਸਰੇ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਦੂਰ ਹੀ ਰੱਖਿਆ ਜਾਂਦਾ ਹੈ, ਪਰ ਜਗਸੀਰ ਸਿੰਘ ਸੰਧੂ ਦਾ ਦਫ਼ਤਰ ਰੋਜ਼ਾਨਾ ਸਪੋਕਸਮੈਨ, ਦੇਸ਼ ਵਿਦੇਸ਼ ਟਾਈਮਜ਼, ਚੜ ਦੀ ਕਲਾ ਅਤੇ ਪਹਿਰੇਦਾਰ ਦਾ ਸਬ ਆਫ਼ਿਸ ਹੁੰਦਿਆਂ ਵੀ ਬਰਨਾਲਾ ਦੇ ਪੱਤਰਕਾਰਾਂ ਦਾ ਮੀਡੀਆ ਸੈਂਟਰ ਰਿਹਾ, ਜਿਸ ਦੀ ਕਮਾਂਡ ਬਜ਼ੁਰਗ ਪੱਤਰਕਾਰ ਜਗੀਰ ਸਿੰਘ ਜਗਤਾਰ ਦੇ ਹੱਥ ਰਹੀ ਹੈ। ਬਰਨਾਲਾ ਵਿੱਚ ਪ੍ਰੈੱਸ ਕਲੱਬ ਨਾ ਹੋਣ ਕਰਕੇ ਸੰਧੂ ਦਾ ਦਫ਼ਤਰ ਹੀ ਬਰਨਾਲਾ ਦੇ ਪੱਤਰਕਾਰਾਂ ਦੀਆਂ ਸਰਗਰਮੀਆਂ ਦਾ ਕੇਂਦਰ ਰਿਹਾ ਹੈ। -ਪੱਤਰਕਾਰ ਜਥੇਬੰਦੀਆਂ 'ਚ ਸਰਗਰਮੀਆਂ-
ਬਰਨਾਲਾ ਵਿੱਚ ਭਾਵੇਂ ਪੱਤਰਕਾਰਾਂ ਦੀਆਂ ਕਈ ਜਥੇਬੰਦੀਆਂ ਹਨ। ਜਗਸੀਰ ਸਿੰਘ ਸੰਧੂ ਦਾ ਦਫ਼ਤਰ ਮੀਡੀਆ ਸੈਂਟਰ ਹੋਣ ਕਰਕੇ ਬਰਨਾਲਾ ਵਿੱਚ ਪੱਤਰਕਾਰਾਂ ਪਹਿਲੀ ਮਜ਼ਬੂਤ ਜਥੇਬੰਦੀ 'ਪ੍ਰੋਗਰੈਸਿਵ ਪ੍ਰੈੱਸ ਕਲੱਬ' ਦਾ ਗਠਨ ਕਰਨ ਦੀ ਵਿਉਂਤਬੰਦੀ ਇੱਥੇ ਹੀ ਘੜੀ ਗਈ। ਬਜ਼ੁਰਗ ਪੱਤਰਕਾਰ ਜਗੀਰ ਸਿੰਘ ਜਗਤਾਰ ਦੀ ਸਰਪ੍ਰਸਤੀ ਹੇਠ ਬਣੇ ਇਸ ਕਲੱਬ ਦਾ ਪਹਿਲਾ ਪ੍ਰਧਾਨ ਰਾਜਮਹਿੰਦਰ ਸਿੰਘ, ਜਨਰਲ ਸਕੱਤਰ ਕਮਲੇਸ਼ ਸ਼ਰਮਾ ਤੇ ਸਕੱਤਰ ਜਗਸੀਰ ਸਿੰਘ ਸੰਧੂ ਬਣੇ, ਪਰ ਕਮਲੇਸ਼ ਸ਼ਰਮਾ ਕੁੱਝ ਦੇਰ ਬਾਅਦ ਕੈਨੇਡਾ ਚਲੀ ਗਈ ਤਾਂ ਜਗਸੀਰ ਸਿੰਘ ਸੰਧੂ ਨੂੰ ਜਨਰਲ ਸਕੱਤਰ ਬਣਾ ਦਿੱਤਾ ਗਿਆ। ਬਰਨਾਲਾ ਵਿੱਚ ਪਹਿਲਾ ਪ੍ਰੈੱਸ ਦਿਵਸ ਮਨਾਉਣ ਦਾ ਉੱਦਮ ਵੀ ਪ੍ਰੋਗਰੈਸਿਵ ਪ੍ਰੈੱਸ ਕਲੱਬ ਨੇ ਕੀਤਾ। ਕੁੱਝ ਸਮੇਂ ਬਾਅਦ ਪੱਤਰਕਾਰਾਂ ਦੀਆਂ ਇਕ ਦੋ ਹੋਰ ਜਥੇਬੰਦੀਆਂ ਹੋਂਦ ਵਿੱਚ ਆ ਗਈਆਂ। ਇਸ ਦੌਰਾਨ 2010 ਵਿੱਚ ਪੰਜਾਬ ਜਰਨਲਿਸਟ ਯੂਨੀਅਨ ਵੱਲੋਂ ਜਗਸੀਰ ਸਿੰਘ ਸੰਧੂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ। ਇਸ ਜਥੇਬੰਦੀ ਵੱਲੋਂ ਪੱਤਰਕਾਰਾਂ ਦੇ ਹਿੱਤਾਂ ਖ਼ਾਸ ਕਰਕੇ ਦਿਹਾਤੀ ਖੇਤਰ ਦੇ ਸਰਕਾਰੀ ਸ਼ਨਾਖ਼ਤੀ ਕਾਰਡ ਬਣਵਾਉਣ ਲਈ ਕਾਫ਼ੀ ਜੱਦੋ ਜਹਿਦ ਕੀਤੀ ਗਈ। ਇਸ ਦੌਰਾਨ ਭਾਜਪਾ ਤੇ ਆਰ.ਐੱਸ.ਐੱਸ ਦੇ ਆਗੂਆਂ ਵੱਲੋਂ ਬਰਨਾਲਾ ਦੇ ਦੋ ਪੱਤਰਕਾਰਾਂ ਦੀ ਕੀਤੀ ਕੁੱਟਮਾਰ ਦੇ ਮਾਮਲੇ ਵਿੱਚ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੀਤੇ ਜ਼ੋਰਦਾਰ ਸੰਘਰਸ਼ ਸਦਕਾ ਪਰਚਾ ਦੋਸ਼ੀਆਂ ਨੂੰ ਜੇਲ੍ਹ ਭਿਜਵਾਇਆ ਗਿਆ। ਬਰਨਾਲਾ ਪੁਲਸ ਵੱਲੋਂ 2018 ਵਿੱਚ ਇਕ ਮਾਮਲੇ ਵਿੱਚ ਬੜੀ ਚਲਾਕੀ ਤਰੀਕੇ ਨਾਲ ਅਦਾਲਤ ਵੱਲੋਂ ਤਿੰਨ ਪੱਤਰਕਾਰਾਂ ਨੂੰ ਭਗੌੜੇ ਕਰਾਰ ਦਿਵਾ ਕੇ ਇਕ ਪੱਤਰਕਾਰ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੁੱਧ ਪੱਤਰਕਾਰਾਂ ਵੱਲੋਂ ਜ਼ੋਰਦਾਰ ਸੰਘਰਸ਼ ਵਿੱਢਿਆ ਗਿਆ।
ਇਸ ਸੰਘਰਸ਼ ਦੌਰਾਨ ਬਰਨਾਲਾ ਦੇ ਪੱਤਰਕਾਰਾਂ ਨੇ ਸਮੇਂ ਦੀ ਲੋੜ ਸਮਝਦਿਆਂ ਸਾਰੀਆਂ ਜਥੇਬੰਦੀਆਂ ਭੰਗ ਕਰਕੇ ਇਕ ਮਜ਼ਬੂਤ ਕਲੱਬ ਬਣਾਉਣ ਦਾ ਫ਼ੈਸਲਾ ਕੀਤਾ। ਬਰਨਾਲਾ ਦੇ ਸਾਰੇ 143 ਪੱਤਰਕਾਰਾਂ ਨੇ ਵੋਟਿੰਗ ਕੀਤੀ, ਜਿਸ ਵਿੱਚ 107 ਵੋਟਾਂ ਨਾਲ ਜਗਸੀਰ ਸਿੰਘ ਸੰਧੂ ਨੂੰ ਕਲੱਬ ਦਾ ਜਨਰਲ ਸਕੱਤਰ ਚੁਣਿਆ ਗਿਆ, ਪਰ ਇਹ ਪੱਤਰਕਾਰ ਏਕਤਾ ਬਹੁਤੀ ਦੇਰ ਟਿਕ ਨਾ ਸਕੀ, ਅਗਲੀ ਚੋਣ ਸਮੇਂ ਹੋਰ ਨਵੇਂ ਪ੍ਰੈੱਸ ਕਲੱਬ ਬਣ ਗਏ। ਹੁਣ ਫਿਰ ਬਰਨਾਲਾ ਵਿੱਚ ਪੱਤਰਕਾਰਾਂ ਦੀਆਂ ਕਈ ਜਥੇਬੰਦੀਆਂ ਹਨ, ਪਰ ਜਦੋਂ ਕਦੇ ਪੱਤਰਕਾਰਾਂ ਦੇ ਹਿੱਤਾਂ ਨੂੰ ਆਂਚ ਆਉਂਦੀ ਦਿਸਦੀ ਹੈ ਤਾਂ ਇਹ ਸਾਰੀਆਂ ਜਥੇਬੰਦੀਆਂ ਇਕ ਮੰਚ 'ਤੇ ਇਕੱਠੀਆਂ ਹੋ ਕੇ ਸੰਘਰਸ਼ ਕਰਦੀਆਂ ਹਨ। ਜਗਸੀਰ ਸਿੰਘ ਸੰਧੂ ਏਕਤਾ ਪ੍ਰੈੱਸ ਕਲੱਬ (ਰਜਿ:) ਬਰਨਾਲਾ ਦੇ ਪ੍ਰਧਾਨ ਹਨ।
-ਬਰਨਾਲਾ ਤੋਂ ਛਪਦੇ ਅਖ਼ਬਾਰ-
ਜਗਸੀਰ ਸਿੰਘ ਸੰਧੂ ਨੇ ਬਰਨਾਲਾ ਤੋਂ ਛਪਦੇ ਕੁੱਝ ਪਰਚਿਆਂ ਲਈ ਵੀ ਲਿਖਿਆ। ਸਵ: ਹੇਮਰਾਜ ਗੋਇਲ ਵੱਲੋਂ ਕੱਢੇ ਜਾਂਦੇ ਪਰ 'ਜਗਤ ਸੁਨੇਹਾ ਅਤੇ ਗੁਰਪ੍ਰੀਤ ਸਿੰਘ ਲਾਡੀ ਵੱਲੋਂ ਕੱਢੇ ਜਾਂਦੇ 'ਲੋਕ ਸੁਨੇਹਾ, ਵਿੱਚ ਉਸ ਦੇ ਆਰਟੀਕਲ ਤੇ ਰਿਪੋਰਟਾਂ ਛਪਦੀਆਂ ਰਹੀਆਂ। ਵੈਸੇ ਬਰਨਾਲਾ ਤੋਂ ਛਪਦੇ ਅਖ਼ਬਾਰਾਂ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ। ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਧਰਮ ਪੁੱਤਰ ਅਖਵਾਉਂਦੇ ਉਜਾਗਰ ਸਿੰਘ ਭੌਰਾ ਵੱਲੋਂ 1930 ਵਿੱਚ ਬਰਨਾਲਾ ਤੋਂ 'ਰਿਆਸਤੀ ਦੁਨੀਆ' ਨਾਮ ਦਾ ਪਰਚਾ ਕੱਢਦਾ ਰਿਹਾ। ਇੱਕ ਪੂਰਨ ਸਿੰਘ ਦੇ ਨਾਮ ਦਾ ਪੱਤਰਕਾਰ ਵੀ ਕੁੱਝ ਸਮਾਂ ਆਪਣਾ ਪਰਚਾ ਛਾਪਦਾ ਰਿਹਾ। ਸਵ: ਰਾਮ ਸਿੰਘ ਕੋਮਲ ਵੱਲੋਂ ਰਾਜਪੂਤ ਪੰਦਰ੍ਹਵਾੜਾ ਨਾਮ ਦਾ ਪਰਚਾ ਵੀ ਬਰਨਾਲਾ ਤੋਂ ਨਿਕਲਦਾ ਰਿਹਾ ਹੈ। ਬਰਨਾਲਾ ਨੇੜਲੇ ਪਿੰਡ ਧੌਲ਼ਾ ਤੋਂ ਗੁਰਸੇਵਕ ਸਿੰਘ ਧੌਲ਼ਾ ਵੱਲੋਂ 'ਸਿੱਖ ਸਪੋਕਸਮੈਨ' ਅਖ਼ਬਾਰ ਦੀ ਸੰਪਾਦਨਾ ਕੀਤੀ ਜਾਂਦੀ ਰਹੀ ਹੈ, ਜੋ ਟਰਾਂਟੋ ਤੋਂ ਲੰਬਾ ਸਮਾਂ ਪ੍ਰਕਾਸ਼ਿਤ ਹੁੰਦਾ ਰਿਹਾ ਹੈ। ਸੀਨੀਅਰ ਪੱਤਰਕਾਰ ਬੂਟਾ ਸਿੰਘ ਚੌਹਾਨ ਵੱਲੋਂ ‘ਕ੍ਰਿਸ਼ਮਾ’ ਦਾ ਨਾਮ ਅਖ਼ਬਾਰ ਵੀ ਕੁੱਝ ਸਮਾਂ ਬਰਨਾਲਾ ਤੋਂ ਪ੍ਰਕਾਸ਼ਿਤ ਹੁੰਦਾ ਰਿਹਾ। ਅੱਜ ਕੱਲ੍ਹ ਜਿੱਥੇ ਵਿਨੋਦ ਗਰਗ ਵੱਲੋਂ ‘ਗੋਲਡ ਸਟਾਰ’ ਰੋਜ਼ਾਨਾ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ, ਉੱਥੇ ਐੱਸ.ਡੀ ਕਾਲਜ ਬਰਨਾਲਾ ਵੱਲੋਂ ਬਜ਼ੁਰਗ ਪੱਤਰਕਾਰ ਜਗੀਰ ਸਿੰਘ ਜਗਤਾਰ ਦੀ ਸੰਪਾਦਨਾ ਹੇਠ ‘ਸਮਾਜ ਤੇ ਪੱਤਰਕਾਰ’, ਆਕੇਸ਼ ਕੁਮਾਰ ਵੱਲੋਂ ‘ਵਕਤ ਦੀ ਆਵਾਜ਼’, ਪ੍ਰਦੀਪ ਧਾਲੀਵਾਲ ਵੱਲੋਂ ‘ਮਿਹਨਤ ਦਾ ਮੁੱਲ’ ਆਦਿ ਹਫ਼ਤਾਵਾਰੀ, ਪੰਦ੍ਹਰਵਾੜੇ ਤੇ ਮਹੀਨਾਵਾਰ ਅਖ਼ਬਾਰ ਪ੍ਰਕਾਸ਼ਿਤ ਹੋ ਰਹੇ ਹਨ। ਇਸ ਤੋਂ ਇਲਾਵਾ ਅਵਤਾਰ ਸਿੰਘ ਬੱਬੀ ਰਾਏਸਰ ਦੇ ‘ਅਦਬੀ ਸਾਂਝ’, ਕਮਲਜੀਤ ਸਿੰਘ ਭੱਠਲ ਦੇ ‘ਕਲਾਕਾਰ’, ਸਵ: ਪ੍ਰੀਤਮ ਸਿੰਘ ਰਾਹੀ ਦੇ ‘ਮੁਹਾਂਦਰਾ’ ਸਮੇਤ ਕਈ ਸਾਹਿਤਕ ਪਰਚੇ ਵੀ ਬਰਨਾਲਾ ਤੋਂ ਨਿਕਲ ਰਹੇ ਹਨ। ਸਵ: ਤੀਰਥ ਦਾਸ ਸਿੰਧਵਾਨੀ, ਜਗੀਰ ਸਿੰਘ ਜਗਤਾਰ, ਸੀ ਮਾਰਕੰਡਾ, ਪ੍ਰਿੰਸੀਪਲ ਕਰਮ ਸਿੰਘ ਭੰਡਾਰੀ, ਸਵ: ਹੇਮਰਾਜ ਗੋਇਲ ਅਤੇ ਬੂਟਾ ਸਿੰਘ ਚੌਹਾਨ ਬਰਨਾਲਾ ਖੇਤਰ ਦਾ ਮੁੱਢਲੇ ਅਤੇ ਪੁਰਾਣੇ ਪੱਤਰਕਾਰ ਮੰਨੇ ਜਾਂਦੇ ਹਨ।
-ਪਰਵਾਰਿਕ ਜੀਵਨ-
ਜਗਸੀਰ ਸਿੰਘ ਸੰਧੂ ਦਾ ਪਰਵਾਰਿਕ ਜੀਵਨ ਮੁੱਢ ਤੋਂ ਹੀ ਬਹੁਤਾ ਸੁਖਦ ਨਹੀਂ ਰਿਹਾ। ਛੋਟੀ ਉਮਰ 'ਚ ਹੋਏ ਵਿਆਹ ਤੋਂ ਬਾਅਦ ਤਲਾਕ ਹੋ ਗਿਆ, ਫਿਰ ਕਈ ਸਾਲ ਭਟਕਣਾ ਵਿੱਚ ਲੰਘ ਗਏ। 2004 ਵਿੱਚ ਹੰਡਿਆਇਆ ਵਾਸੀ ਨੌਹਰੀਆ ਸਿੰਘ ਧੀ ਜਸਵਿੰਦਰ ਕੌਰ ਨਾਲ ਦੂਸਰੀ ਸਾਦੀ ਕਰਵਾਈ, ਪਰ 2015 ਦੀ ਸ਼ੁਰੂਆਤ ਵਿੱਚ ਉਸ ਦੀ ਵੀ ਮੌਤ ਹੋ ਗਈ। ਫਿਰ 2 ਸਾਲ ਇਕਲਾਪੇ ਦੀ ਜ਼ਿੰਦਗੀ ਹੰਢਾਉਣ ਤੋਂ ਬਾਅਦ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦੇ ਜ਼ੋਰ ਪਾਉਣ 'ਤੇ ਪਟਿਆਲਾ ਵਾਸੀ ਮਨਜੀਤ ਕੌਰ ਨਾਲ ਸ਼ਾਦੀ ਕਰਵਾ ਲਈ ਅਤੇ ਹੁਣ ਬਰਨਾਲਾ ਵਿਖੇ ਦੋਵੇਂ ਪਤੀ-ਪਤਨੀ ਆਪਣੀ ਗ੍ਰਹਿਸਤੀ ਜੀਵਨ ਦੀ ਗੱਡੀ ਨੂੰ ਅੱਗੇ ਵਧਾਉਂਦੇ ਹੋਏ ਆਪਣੀ ਧੀ ਹਰਸਿਮਰਨ ਕੌਰ ਨੂੰ ਐੱਮ.ਏ ਦੀ ਤਾਲੀਮ ਦਿਵਾ ਰਹੇ ਹਨ। ਜਗਸੀਰ ਸਿੰਘ ਸੰਧੂ ਅੱਜਕੱਲ੍ਹ ਪੱਤਰਕਾਰੀ ਦੇ ਨਾਲ ਨਾਲ ਗੁਜ਼ਰ ਬਸਰ ਲਈ ਐੱਸ.ਐੱਸ.ਡੀ ਕਾਲਜ ਬਰਨਾਲਾ ਵਿੱਚ ਬਤੌਰ ਸੁਪਰਵਾਈਜ਼ਰ ਨੌਕਰੀ ਕਰ ਰਿਹਾ ਹੈ। ਅਜਿਹੇ ਨਿੱਧੜਕ ਪੱਤਰਕਾਰ ਅੱਜ ਕੱਲ੍ਹ ਅਲੋਪ ਹੁੰਦੇ ਜਾ ਰਹੇ ਹਨ, ਸੋ ਅਜਿਹੇ ਪੱਤਰਕਾਰ ਵੀ ਇਥੇ ਬਣੇ ਰਹਿਣੇ ਚਾਹੀਦੇ ਹਨ ਮੈਂ ਆਸ ਕਰਦਾ ਹਾਂ ਕਿ ਜਗਸ਼ੀਰ ਸਿੰਘ ਸੰਧੂ ਦੀ ਪੱਤਰਕਾਰਤਾ ਦੇ ਸਫਰ ਤੋਂ ਕੁਝ ਸੇਧ ਜਰੂਰ ਲਈ ਜਾਵੇਗੀ। ਸੰਧੂ ਸਦਾ ਇਸੇ ਤਰ੍ਹਾਂ ਦਾ ਮਸਤ ਮੌਲਾ ਪੱਤਰਕਾਰ ਹੀ ਰਹੇ ਤੇ ਕੰਮ ਕਰਦਾ ਹੈ..
ਗੁਰਨਾਮ ਸਿੰਘ ਅਕੀਦਾ 8146001100

No comments:

Post a Comment