Sunday, December 04, 2022

ਸੱਤਾਧਾਰੀਆਂ ਦੇ ਮਨ ਦੀ ਕਰੂਰਤਾ ਦਾ ਅਵਾਮ ਨੂੰ ਦਰਸ਼ਨ ਕਰਾਉਣ ਵਾਲਾ ਪੱਤਰਕਾਰ ‘ਰਵੀਸ਼ ਕੁਮਾਰ’

ਗੌਤਮ ਅਡਾਨੀ ਵੱਲੋਂ ਐਨ ਡੀ ਟੀਵੀ ਨੂੰ ਕਬਜ਼ੇ ਵਿਚ ਲੈਣ ਦੇ ਤੁਰੰਤ ਬਾਦ ਅਸਤੀਫ਼ਾ ਦੇ ਕੇ ਪੱਤਰਕਾਰਤਾ ਨੂੰ ਬਚਾਉਣ ਵਾਲਾ ਗੈਰ ਮਾਮੂਲੀ ਪੱਤਰਕਾਰ
ਕੁਝ ਲੋਕ ਸੰਸਥਾ ਬਣ ਜਾਂਦੇ ਹਨ, ਸੰਸਥਾ ਬਣਨ ਲਈ ਉਨ੍ਹਾਂ ਨੂੰ ਕੀ ਕੀ ਮੁੱਲ ਉਤਾਰਨਾ ਪੈਂਦਾ ਹੈ ਉਸ ਬਾਰੇ ਸਿਰਫ਼ ਉਹੀ ਜਾਣਦੇ ਹਨ, ਕੁਝ ਲੋਕ ‘ਬਰੈਂਡ’ ਬਣ ਜਾਂਦੇ ਹਨ। ਜਦੋਂ ਕੁਝ ਲੋਕ ਇਕ ਪੱਤਰਕਾਰ ਨੂੰ ਇਸ ਕਰਕੇ ਭੰਡ ਰਹੇ ਹੋਣ ਕਿ ਉਹ ਸੱਤਾ ਪੱਖ ਦੀ ਅਲੋਚਨਾ ਕਰਦਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸੁਸਾਇਟੀ ਗਿਰਾਵਟ ਵੱਲ ਵਧ ਰਹੀ ਹੈ। ਲੋਕ ਫ਼ਿਲਮੀ ਕਲਾਕਾਰਾਂ ਦੇ ਫੈਨ ਬਣ ਸਕਦੇ ਹਨ ਪਰ ਜਦੋਂ ਲੋਕ ਸਿਆਸੀ ਲੀਡਰਾਂ ਦੇ ਫੈਨ ਬਣਦੇ ਹਨ ਤਾਂ ਇਹ ਪਾਗਲਪਣ ਦਾ ਅੱਤ ਹੁੰਦਾ ਹੈ, ਪਾਗਲਪਣ ਦੀਆਂ ਕਈ ਕਿਸਮਾਂ ਹਨ, ਇਹ ਅੰਧੇਰੇ ਖੱਡੇ ਵਿਚ ਗਿਰੇ ਵਿਅਕਤੀ ਦੇ ਪਾਗਲਪਣ ਵਰਗਾ ਹੁੰਦਾ ਹੈ, ਅਜੋਕੇ ਸੱਤਾਧਾਰੀ ਲੋਕ ਆਪਣੀਆਂ ਮਨ ਆਈਆਂ ਕਰਨ ਲਈ ਹਰ ਪੱਖ ਨੂੰ ਆਪਣਾ ਬਣਾਉਣਾ ਚਾਹੁੰਦੇ ਹਨ, ਜਿਸ ਲਈ ਸਾਰੇ ਮੀਡੀਆ ਨੂੰ ਉਹ ਆਪਣਾ ਗ਼ੁਲਾਮ ਬਣਾਉਣ ਲਈ ਹਰ ਤਰ੍ਹਾਂ ਦਾ ਹੀਲਾ ਵਰਤਦੇ ਹਨ, ਪਰ ਜੋ ਇਨਸਾਨ ਉਂਜ ਹੀ ਆਪਣੀ ਬੋਲੀ ਲਗਾਉਣ ਲਈ ਤਿਆਰ ਹੋਵੇ ਤਾਂ ਮੀਡੀਆ ਵਿਚ ਆਕੇ ਵੀ ਉਹ ਵਿਕਾਊ ਹੀ ਹੋਵੇਗਾ.. ਪਰ ਜੋ ਲੋਕ ਮੀਡੀਆ ਵਿਚ ਹੁੰਦੇ ਹੋਏ ਵੀ ਸ਼ਾਮ, ਦਾਮ, ਦੰਡ, ਭੇਦ ਦੀ ਰਾਜਨੀਤੀ ਨੂੰ ਫ਼ੇਲ੍ਹ ਕਰ ਦੇਣ ਤਾਂ ਉਹ ਲੋਕ ਆਮ ਕੀ ਵਿਕਣਗੇ। ਅੱਜ ਆਪਾਂ ਗੱਲ ਕਰ ਰਹੇ ਹਾਂ ਪੱਤਰਕਾਰੀ ਦੇ ਨਿਧੜਕ ਜਰਨੈਲ, ਬਰੈਂਡ ਬਣ ਚੁੱਕੇ ਰਵੀਸ਼ ਕੁਮਾਰ ਦੀ, ਜਿਸ ਨੇ ਸੱਤਾ ਪੱਖ ਦੀ ਗ਼ੁਲਾਮੀ ਨਹੀਂ ਕਬੂਲੀ, ਆਪਣੀ ਗਰਦਨ ਸਿੱਧੀ ਕਰਕੇ ਤੁਰਨ ਦਾ ਹੀਹਾਂ ਕੀਤਾ.. ਆਪਣੇ ਪੇਸ਼ੇ ਨਾਲ ਮੁਹੱਬਤ ਕੀਤੀ। ਇਸ ਇਨਸਾਨ ਨੂੰ ਖ਼ੁਦ ਜ਼ਮੀਰਾਂ ਦੀ ਬੋਲੀ ਲਗਾ ਚੁੱਕੇ ਲੋਕ ਕੀ ਖ਼ਰੀਦ ਸਕਦੇ। ਜਦੋਂ ਪੱਤਰਕਾਰ ਨੂੰ ਨਹੀਂ ਖ਼ਰੀਦ ਸਕੇ ਤਾਂ ਟੀਵੀ ਚੈਨਲ ਹੀ ਖ਼ਰੀਦ ਲਿਆ .. ਪਰ ਸੱਤਾ ਦੀ ਹਾਰ ਸਪਸ਼ਟ ਹੋਈ.. ਇਹ ਹਾਰ ਸਪਸ਼ਟ ਕਰਾਉਣ ਵਾਲਾ ਪੱਤਰਕਾਰ ਹੀ ਹੈ ‘ਰਵੀਸ਼ ਕੁਮਾਰ’ -ਮੁੱਢਲਾ ਜੀਵਨ ਤੇ ਸਿ‌ਖਿਆ-
ਰਵੀਸ਼ ਕੁਮਾਰ ਦਾ ਜਨਮ 5 ਦਸੰਬਰ 1974 ਨੂੰ ਪਿਤਾ ਬਾਲੀ ਰਾਮ ਪਾਂਡੇ ਤੇ ਘਰ ਬਿਹਾਰ ਦੇ ਚੰਪਾਰਨ ਜ਼ਿਲ੍ਹੇ ਦੇ ਪਿੰਡ ਜਿਤਵਾਰਪੁਰ ਵਿਚ ਹੋਇਆ। ਸ਼ੁਰੂਆਤੀ ਪੜਾਈ ਲੋਯੋਲਾ ਹਾਈ ਸਕੂਲ, ਪਟਨਾ ਵਿਚ ਕੀਤੀ। ਉਸ ਤੋਂ ਬਾਅਦ ਦਿਲੀ ਜਾ ਕੇ, ਗਰੈਜੂਏਟ ਦੇਸ਼ਬੰਧੂ ਕਾਲਜ ਜੋ ਕਿ ਦਿਲੀ ਯੂਨੀਵਰਸਿਟੀ ਅਧੀਨ ਸੀ ਤੋਂ ਕੀਤੀ। ਦਿਲੀ ਇੰਡੀਅਨ ਇੰਸਟੀਚਿਊਟ ਆਫ਼ ਮਾਸ ਕਮਿਊਨੀਕੇਸ਼ਨ ਤੋਂ ਪੱਤਰਕਾਰਤਾ ਦੀ ਡਿੱਗਰੀ ਹਾਸਲ ਕੀਤੀ। ਇਸ ਤੋਂ ਇਲਾਵਾ ਐਮਏ ਐਮਫਿਲ ਦੀਆਂ ਡਿੱਗਰੀਆਂ ਵੀ ਹਾਸਲ ਕੀਤੀਆਂ। -ਪੱਤਰਕਾਰੀ ਖੇਤਰ ਚੁਣਨਾ-
ਅਗਸਤ 1996 ਤੋਂ ਪਹਿਲਾਂ ਐਨਡੀਟੀਵੀ ਵਿਚ ਦਰਸ਼ਕਾਂ ਦੀਆਂ ਚਿੱਠੀਆਂ ਨੂੰ ਛਾਂਟ ਕੇ ਰਿਪੋਰਟ ਬਣਾਉਣ ਵਾਲਾ ਰਵੀਸ਼ ਕੁਮਾਰ ਅਗਸਤ 1996 ਵਿਚ ਟਰਾਂਸਲੇਟਰ ਬਣ ਗਿਆ, ਭਾਵ ਕੇ ਅਨੁਵਾਦਕ! ਅੰਗਰੇਜ਼ੀ ਦੀਆਂ ਖਬਰਾਂ ਨੂੰ ਹਿੰਦੀ ਵਿਚ ਅਨੁਵਾਦ ਕਰਕੇ ਐਂਕਰਾਂ ਨੂੰ ਦਿੰਦਾ ਸੀ। ਉਸ ਤੋਂ ਬਾਅਦ ਰਵੀਸ਼ ਕੁਮਾਰ ਰਿਪੋਰਟਰ ਬਣ ਗਿਆ। ਰਿਪੋਰਟਰ ਤੋਂ ਗਰੁੱਪ ਸੰਪਾਦਕ ਤੱਕ ਦਾ ਸਫਰ ਤਹਿ ਕੀਤਾ। ਰਵੀਸ਼ ਕੁਮਾਰ ਨੇ ਪੱਤਰਕਾਰੀ ਦੇ ਖੇਤਰ ਵਿੱਚ ਆਪਣਾ ਕੈਰੀਅਰ ਬਣਾਇਆ ਹੈ। ਪੱਤਰਕਾਰੀ ਦੇ ਖੇਤਰ ਵਿੱਚ ਬੜੀ ਵਫ਼ਾਦਾਰੀ ਅਤੇ ਇਮਾਨਦਾਰੀ ਨਾਲ ਕੰਮ ਕੀਤਾ। ਸਮਾਜਿਕ ਮੁੱਦਿਆਂ 'ਤੇ ਸਵਾਲ ਉਠਾਉਣਾ ਅਤੇ ਗ਼ਰੀਬ ਅਤੇ ਦੱਬੇ-ਕੁਚਲੇ ਲੋਕਾਂ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਲਗਾਤਾਰ ਕੰਮ ਕਰਨਾ ਆਸਾਨ ਨਹੀਂ ਹੈ, ਪਰ ਰਵੀਸ਼ ਕੁਮਾਰ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਅੱਗੇ ਵਧਦਾ ਰਹਿੰਦਾ ਹੈ। ਉਸ ਦੇ ਇਰਾਦੇ ਦੇਖ ਕੇ ਲੱਗਦਾ ਹੈ ਕਿ ਦੇਸ਼ ਦੇ ਗ਼ਰੀਬ, ਬੇਸਹਾਰਾ ਲੋਕਾਂ ਦੀ ਪਰਵਾਹ ਕਰਨ ਵਾਲਾ ਕੋਈ ਹੈ, ਜੋ ਦੇਸ਼ ਵਿੱਚ ਹੋ ਰਹੀਆਂ ਸਿਆਸੀ, ਸਮਾਜਿਕ, ਆਰਥਿਕ ਅਤੇ ਜਾਤੀ ਅਨਿਆਂ ਨੂੰ ਦੇਖਦਾ ਹੈ। ਰਵੀਸ਼ ਕੁਮਾਰ ਬਹੁਤ ਹੀ ਸਥਾਨਕ ਅੰਦਾਜ਼ 'ਚ ਰਿਪੋਰਟਿੰਗ ਕਰਦੇ ਹਨ, ਜਿਸ ਕਾਰਨ ਲੋਕ ਉਸ ਨਾਲ ਜਲਦੀ ਜੁੜ ਜਾਂਦੇ ਹਨ। ਉਸ ਦੀ ਭਾਸ਼ਾ ਸ਼ੈਲੀ ਬਹੁਤ ਸਿੱਧੀ ਹੈ, ਜਿਸ ਲਈ ਹਰ ਕੋਈ ਉਸ ਦੀ ਰਿਪੋਰਟਿੰਗ ਨੂੰ ਸੁਣਨ ਲਈ ਉਤਸੁਕ ਰਹਿੰਦਾ ਹੈ। ਰਵੀਸ਼ ਕੁਮਾਰ ਦੇ ਚਰਚਾ ਵਿੱਚ ਮੁੱਖ ਤੌਰ 'ਤੇ ਬੇਰੁਜ਼ਗਾਰੀ, ਕਿਸਾਨਾਂ ਦੀਆਂ ਸਮੱਸਿਆਵਾਂ ਵਰਗੇ ਮੁੱਦੇ ਹਨ। ਪ੍ਰਸਿੱਧ ਭਾਰਤੀ ਪੱਤਰਕਾਰ, ਰਵੀਸ਼ ਕੁਮਾਰ ਨੂੰ ਦੇਸ਼ ਵਿੱਚ ਸਿਰਫ਼ ਇੱਕ ਮੀਡੀਆ ਸ਼ਖ਼ਸੀਅਤ ਵਜੋਂ ਹੀ ਨਹੀਂ ਸਗੋਂ ਪੱਤਰਕਾਰੀ ਦਾ ਝੰਡਾਬਰਦਾਰ ਮੰਨਿਆ ਜਾਂਦਾ ਹੈ। ਉਹ ਦੇਸ਼ ਭਰ ਦੇ ਲੋਕ ਤਾਂਤਰਿਕ ਕਦਰਾਂ ਕੀਮਤਾਂ ਦਾ ਦਮ ਭਰਨ ਵਾਲੇ ਲੱਖਾਂ ਅਭਿਲਾਸ਼ੀ ਪੱਤਰਕਾਰੀ ਅਤੇ ਜਨ ਸੰਚਾਰ ਵਿਦਿਆਰਥੀਆਂ ਲਈ ਵੀ ਇੱਕ ਪ੍ਰੇਰਣਾ ਦਾ ਸਰੋਤ ਹੈ। ਐਨਡੀਟੀਵੀ ਵਿਚ ਚੱਲਣ ਵਾਲੇ ਉਸ ਦੇ ਖ਼ਾਸ ਤੇ ਚਰਚਿਤ ਪ੍ਰੋਗਰਾਮਾਂ ਵਿਚ ‘ਹਮ ਲੋਗ’, ‘ਦੇਸ਼ ਕੀ ਬਾਤ’, ਪ੍ਰਾਈਮ ਟਾਈਮ, ਰਵੀਸ਼ ਕੀ ਰਿਪੋਰਟ ਭਾਰਤ ਵਿਚ ਹੀ ਨਹੀਂ ਸਗੋਂ ਦੁਨੀਆ ਭਰ ਵਿਚ ਦੇਖੇ ਜਾਣ ਵਾਲੇ ਪ੍ਰੋਗਰਾਮ ਸਨ। -ਰਵੀਸ਼ ਕੁਮਾਰ ਦੀ ਪਤਨੀ ਨਯਨਾ ਦਾਸਗੁਪਤਾ ਨਾਲ ਪਿਆਰ ਕਹਾਣੀ-
ਰਵੀਸ਼ ਕੁਮਾਰ ਨਿੱਜੀ ਜ਼ਿੰਦਗੀ ਨੂੰ ਮੀਡੀਆ ਦੀ ‘ਲਾਈਮਲਾਈਟ’ ਤੋਂ ਦੂਰ ਰੱਖਣਾ ਪਸੰਦ ਕਰਦੇ ਹਨ। ਉਸ ਨੂੰ ਮਿਲਦੀਆਂ ਧਮਕੀਆਂ, ਉਸ ਦੇ ਪਰਿਵਾਰ ਨੂੰ ਸਹਿਮ ਵਿੱਚ ਵੀ ਪਾਉਂਦੀਆਂ ਹਨ, ਰਵੀਸ਼ ਨੇ ਕਿਹਾ ‘ਮੈਂ ਕੋਈ ਲੋਹੇ ਦਾ ਨਹੀਂ ਬਣਿਆ, ਜੋ ਲੋਕ ਮੈਨੂੰ ਮੇਰੇ ਪਰਿਵਾਰ ਬਾਰੇ ਗ਼ਲਤ ਅਫ਼ਵਾਹਾਂ ਫੈਲਾਉਂਦੇ ਹਨ ਉਨ੍ਹਾਂ ਤੋਂ ਦੁੱਖ ਹੁੰਦਾ ਹੈ।’ ਰੋਜ਼ਾਨਾ ਉਸ ਨੂੰ ਬਹੁਤ ਸਾਰੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਹਨ। ਹਾਲਾਂਕਿ ਰਵੀਸ਼ ਕੁਮਾਰ ਦੀ ਪਤਨੀ, ਨਯਨਾ ਦਾਸਗੁਪਤਾ ਨਾਲ ਪਿਆਰ ਵਿਆਹ ਦੀ ਕਹਾਣੀ ਇਕ ਫ਼ਿਲਮੀ ਪ੍ਰੇਮ ਕਹਾਣੀ ਤੋਂ ਘੱਟ ਨਹੀਂ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਰਵੀਸ਼ ਕੁਮਾਰ ਸਾਲ 1996 ਵਿੱਚ ਨਿਊਜ਼ ਚੈਨਲ ਐਨਡੀਟੀਵੀ ਨਾਲ ਜੁੜ ਗਿਆ। ਜਦੋਂ ਐਨਡੀਟੀਵੀ ਦੇ ਸੀਨੀਅਰ ਕਾਰਜਕਾਰੀ ਸੰਪਾਦਕ ਰਵੀਸ਼ ਕੁਮਾਰ ਦਿੱਲੀ ਯੂਨੀਵਰਸਿਟੀ ਦੇ ਮਸ਼ਹੂਰ ਕਾਲਜ ਦੇਸ਼ਬੰਧੂ ਕਾਲਜ ਵਿੱਚ ਪੜ੍ਹਦੇ ਸਨ ਤਾਂ ਉਹ ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰ ਰਹੇ ਸਨ। ਆਪਣੇ ਕਾਲਜ ਦੇ ਦਿਨਾਂ ਦੌਰਾਨ ਉਹ ਇੱਕ ਹੁਸ਼ਿਆਰ ਵਿਦਿਆਰਥੀ ਸੀ, ਬੇਸ਼ੱਕ, ਰਵੀਸ਼ ਬਹੁਤਾ ਬੋਲਣ ਵਾਲਾ ਨਹੀਂ ਸੀ। ਪਰ ਇਹ ਸ਼ਰਮੀਲਾ ਨੌਜਵਾਨ ਇੱਕ ਕਾਲਜ ਸਮਾਗਮ ਵਿੱਚ ਪਹਿਲੀ ਵਾਰ ਨਯਨਾ ਦਾਸਗੁਪਤਾ ਨੂੰ ਮਿਲਿਆ, ਸਰਸਰੀ ਮੁਲਾਕਾਤ ਨਾਲ ਚਾਰ ਅੱਖਾਂ ਵੀ ਮਿਲ ਗਈਆਂ। ਰਵੀਸ਼ ਕੁਮਾਰ ਆਪਣੇ ਆਪ ਨੂੰ ਨਯਨਾ ਨਾਲ ਪਿਆਰ ਕਰਨ ਤੋਂ ਰੋਕ ਨਹੀਂ ਸਕਿਆ। ਕੋਲਕਾਤਾ ਦੀ ਜੰਮੀ ਲੜਕੀ ਨਯਨਾ ਦਾਸਗੁਪਤਾ ਦਿੱਲੀ ਦੇ ਇੰਦਰਪ੍ਰਸਥ ਕਾਲਜ ਵਿੱਚ ਬੀਏ ਕਰ ਰਹੀ ਸੀ ਅਤੇ ਇਸ ਤੋਂ ਬਾਅਦ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਐਮਏ ਕਰਨ ਲਈ ਵੀ ਚਲੀ ਗਈ ਸੀ। ਆਪਣੀ ਗ੍ਰੈਜੂਏਸ਼ਨ ਦੇ ਦੌਰਾਨ, ਨਯਨਾ ਅਤੇ ਰਵੀਸ਼ ਦੀਆਂ ਲਗਾਤਾਰ ਮੁਲਾਕਾਤਾਂ ਨੇ ਉਹਨਾਂ ਵਿਚਕਾਰ ਇੱਕ ਬੰਧਨ ਪੈਦਾ ਕਰ ਦਿੱਤਾ ਸੀ ਜੋ ਜਲਦੀ ਹੀ ਪਿਆਰ ਵਿੱਚ ਬਦਲ ਗਿਆ। ਨਯਨਾ ਨੇ ਰਵੀਸ਼ ਦੀ ਅੰਗਰੇਜ਼ੀ ਭਾਸ਼ਾ ਸਿੱਖਣ 'ਚ ਮਦਦ ਕੀਤੀ ਸੀ। ਜਲਦੀ ਹੀ ਉਨ੍ਹਾਂ ਦੀਆਂ ਲਗਾਤਾਰ ਮੁਲਾਕਾਤਾਂ ਅਤੇ ਬੌਧਿਕ ਵਿਚਾਰ-ਵਟਾਂਦਰੇ ਨੇ ਉਨ੍ਹਾਂ ਦਾ ਇੱਕ ਦੂਜੇ ਨਾਲ ਸਬੰਧ ਗੂੜ੍ਹਾ ਕਰ ਦਿੱਤਾ, ਅਤੇ ਬਹੁਤ ਪਿਆਰ ਕਰਨ ਵਾਲਾ ਜੋੜਾ ਪਿਆਰ ਦੇ ਰੰਗਾਂ ਵਿੱਚ ਡੁੱਬ ਗਿਆ। ਆਪਣੇ ਕਾਲਜ ਦੇ ਦਿਨਾਂ ਦੌਰਾਨ ਇੱਕ ਦੂਜੇ ਨਾਲ ਪਿਆਰ ਤੇ ਬੌਧਿਕ ਸਮਾਂ ਬਿਤਾਉਣ ਤੋਂ ਲੈ ਕੇ ਆਪਣੇ-ਆਪਣੇ ਕੈਰੀਅਰ ਵਿੱਚ ਇੱਕ ਦੂਜੇ ਦੀ ਮਦਦ ਕਰਨ ਤੱਕ, ਰਵੀਸ਼ ਅਤੇ ਨਯਨਾ ਇੱਕ ਦੂਜੇ ਲਈ ਕਾਫ਼ੀ ਗੰਭੀਰ ਸਨ। ਇਹ ਜਾਣਨ ਦੇ ਬਾਵਜੂਦ ਕਿ ਨਯਨਾ ਇੱਕ ਬੰਗਾਲੀ ਹੈ ਅਤੇ ਰਵੀਸ਼ ਇੱਕ ਬ੍ਰਾਹਮਣ ਹੈ, ਪ੍ਰੇਮੀਆਂ ਨੇ ਆਪਣੀ ਪ੍ਰੇਮ ਕਹਾਣੀ ਜਾਰੀ ਰੱਖੀ ਅਤੇ ਇੱਕ ਦੂਜੇ ਨੂੰ ਇਸ ਉਮੀਦ ਨਾਲ ਡੇਟ ਕਰਦੇ ਰਹੇ ਕਿ ਸਮਾਂ ਆਉਣ 'ਤੇ ਉਹ ਆਪਣੇ ਪਰਿਵਾਰ ਨੂੰ ਆਪਣੇ ਅੰਤਰ-ਰਾਜ਼ੀ ਤੇ ਅੰਤਰ-ਜਾਤੀ ਵਿਆਹ ਲਈ ਮਨਾ ਲੈਣਗੇ। ਜੇਕਰ ਇਹ ਵਿਆਹ ਹੋਇਆ ਤਾਂ ਇਹ ਇੱਕ ਅੰਤਰ-ਜਾਤੀ ਵਿਆਹ ਹੋਣਾ ਸੀ, ਕਿਉਂਕਿ ਰਵੀਸ਼ ਕੁਮਾਰ ਇੱਕ ਬ੍ਰਾਹਮਣ ਸੀ ਅਤੇ ਨਯਨਾ ਦਾਸਗੁਪਤਾ ਇੱਕ ਬੰਗਾਲੀ ਸੀ। ਇਸ ਜੋੜੇ ਨੇ ਸੱਤ ਸਾਲ ਇੱਕ ਦੂਜੇ ਨੂੰ ਡੇਟ ਕੀਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਦੂਜੇ ਨਾਲ ਵਿਆਹ ਕਰਨ ਦੇ ਆਪਣੇ ਫ਼ੈਸਲੇ ਬਾਰੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ। ਜੋੜਾ ਜਵਾਬੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਸੀ, ਦੋਵਾਂ ਪਰਿਵਾਰਾਂ ਨੇ ਇਸ ਪ੍ਰਸਤਾਵ ਨੂੰ ਕਾਫ਼ੀ ਸਖ਼ਤੀ ਨਾਲ ਅਤੇ ਸਿੱਧੇ ਤੌਰ 'ਤੇ ਠੁਕਰਾ ਦਿੱਤਾ। ਰਵੀਸ਼ ਅਤੇ ਨਯਨਾ ਲਈ ਇਹ ਔਖਾ ਸਮਾਂ ਸੀ ਕਿਉਂਕਿ ਉਹ ਕਿਸੇ ਹੋਰ ਨਾਲ ਵਿਆਹ ਕਰਨ ਦੀ ਕਲਪਨਾ ਵੀ ਨਹੀਂ ਕਰ ਸਕਦੇ ਸਨ। ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੋਵੇਂ ਜਣੇ ਆਪੋ ਆਪਣੇ ਪਰਿਵਾਰਾਂ ਨੂੰ ਵਿਆਹ ਨਹੀਂ ਰਾਜ਼ੀ ਕਰਨ ਵਿਚ ਕਾਮਯਾਬ ਨਾ ਹੋਏ ਤਾਂ ਦੋਵਾਂ ਨੇ ਪਿਆਰ ਲਈ ਆਪਣੇ ਪਰਿਵਾਰ ਨੂੰ ਛੱਡਣ ਦਾ ਫ਼ੈਸਲਾ ਕੀਤਾ। ਰਵੀਸ਼ ਕੁਮਾਰ ਨੇ ਆਪਣੇ ਪਰਿਵਾਰ ਨੂੰ ਅਲਵਿਦਾ ਕਹਿ ਦਿੱਤੀ ਸੀ, ਉਨ੍ਹਾਂ ਦੇ ਵਿਆਹ 'ਚ ਪਰਿਵਾਰ ਦਾ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ, ਰਵੀਸ਼ ਨੇ ਆਪਣੇ ਪਿਆਰ ਲਈ ਕਈ ਚੀਜ਼ਾਂ ਕੁਰਬਾਨ ਕੀਤੀਆਂ ਹਨ। ਉਨ੍ਹਾਂ ਦੇ ਵਿਆਹ ਤੋਂ ਬਾਅਦ, ਰਵੀਸ਼ ਕੁਮਾਰ ਅਤੇ ਉਨ੍ਹਾਂ ਦੀ ਪਤਨੀ, ਨਯਨਾ ਦਾਸਗੁਪਤਾ ਨੇ ਆਪਣੇ ਸੁਖੀ ਵਿਆਹੁਤਾ ਜੀਵਨ ਦੀ ਸ਼ੁਰੂਆਤ ਕੀਤੀ। ਜਦੋਂ ਰਵੀਸ਼ ਐਨਡੀਟੀਵੀ ਵਿੱਚ ਕੰਮ ਕਰਦਾ ਸੀ, ਨਯਨਾ ਦਿੱਲੀ ਯੂਨੀਵਰਸਿਟੀ ਦੇ ਲੇਡੀ ਸ਼੍ਰੀ ਰਾਮ ਕਾਲਜ ਫ਼ਾਰ ਵੁਮੈਨ ਵਿੱਚ ਇਤਿਹਾਸ ਦੀ ਪ੍ਰੋਫੈਸਰ ਹੈ। ਉਨ੍ਹਾਂ ਦੇ ਵਿਆਹ ਦੇ ਕੁਝ ਸਾਲਾਂ ਬਾਅਦ, ਬਹੁਤ ਪਿਆਰ ਕਰਨ ਵਾਲੇ ਜੋੜੇ ਨੂੰ ਦੋ ਧੀਆਂ ਦੀ ਬਖਸ਼ਿਸ਼ ਹੋਈ। -ਧਮਕੀਆਂ: ਕੇਸ: ਕੋਰਟ ਨੋਟਿਸ-
ਰਵੀਸ਼ ਕੁਮਾਰ ਤੇ ਹੁੰਦੇ ਕੋਰਟ ਕੇਸਾਂ ਦੀ ਗਿਣਤੀ ਕਾਫ਼ੀ ਲੰਬੀ ਹੈ, ਉਨ੍ਹਾਂ ਨੂੰ ਕੋਰਟ ਨੋਟਿਸ ਮਿਲਦੇ ਰਹੇ, ਧਮਕੀਆਂ ਦਾ ਤਾਂ ਤਾਂਤਾ ਹੀ ਲੱਗਾ ਰਹਿੰਦਾ ਹੈ। ਉਹ ਇਕ ਖ਼ਾਸ ਪੱਖ... ਬੀਜੇਪੀ... ਆਰਐਸਐਸ ਤੇ ਕੱਟੜਵਾਦੀ ਲੋਕਾਂ ਵੱਲੋਂ ਕਾਫ਼ੀ ਟਰੋਲ ਕੀਤੇ ਜਾਂਦੇ ਹਨ। ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਭੱਦੀ ਸ਼ਬਦਾਵਲੀ ਨਾਲ ਰੋਜ਼ਾਨਾ ਦੋ-ਚਾਰ ਹੋਣਾ ਪੈਂਦਾ ਹੈ। ਪਰ ਅੱਜ ਉਹ ਲਗਾਤਾਰ ਅੱਗੇ ਵੱਧ ਰਹੇ ਹਨ ਤੇ ਪੱਤਰਕਾਰਤਾ ਦਾ ਮੂੰਹ ਮੁਹਾਂਦਰਾ ਬਣਾ ਰਹੇ ਹਨ। -ਰਵੀਸ਼ ਕੁਮਾਰ ਨੂੰ ਮਿਲੇ ਐਵਾਰਡ-
ਪੱਤਰਕਾਰੀ ਦੇ ਕਾਰਨ, ਰਵੀਸ਼ ਕੁਮਾਰ ਨੂੰ ਕਈ ਪੁਰਸਕਾਰ ਮਿਲ ਚੁੱਕੇ ਹਨ, ਸਾਲ 2010 ਵਿੱਚ ਰਵੀਸ਼ ਕੁਮਾਰ ਨੂੰ ਰਾਸ਼ਟਰਪਤੀ ਤੋਂ ਗਣੇਸ਼ ਸ਼ੰਕਰ ਵਿਦਿਆਰਥੀ ਪੁਰਸਕਾਰ ਮਿਲਿਆ। ਸਾਲ 2013 ਅਤੇ 2017 ਵਿੱਚ ਪੱਤਰਕਾਰੀ ਦੇ ਖੇਤਰ ਵਿੱਚ ਰਾਜਨਾਥ ਗੋਇਨਕਾ ਪੁਰਸਕਾਰ ਪ੍ਰਾਪਤ ਕੀਤਾ। ਸਾਲ 2014 ਵਿੱਚ ਭਾਰਤੀ ਟੈਲੀਵਿਜ਼ਨ ਦੁਆਰਾ ਸਰਵੋਤਮ ਟੀਵੀ ਐਂਕਰ ਅਵਾਰਡ। 2016 ਵਿੱਚ, ਰਵੀਸ਼ ਕੁਮਾਰ ਨੂੰ ਇੰਡੀਅਨ ਐਕਸਪ੍ਰੈੱਸ ਦੁਆਰਾ 100 ਸਭ ਤੋਂ ਪ੍ਰਭਾਵਸ਼ਾਲੀ ਭਾਰਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।
ਰਵੀਸ਼ ਕੁਮਾਰ ਨੂੰ ਪੱਤਰਕਾਰੀ ਵਿੱਚ ਗੌਰੀ ਲੰਕੇਸ਼ ਪੁਰਸਕਾਰ ਮਿਲਿਆ। ਰਵੀਸ਼ ਕੁਮਾਰ ਨੂੰ ਮੁੰਬਈ ਪ੍ਰੈੱਸ ਕਲੱਬ ਵੱਲੋਂ ਜਰਨਲਿਸਟ ਆਫ਼ ਦਿ ਈਅਰ ਦਾ ਐਵਾਰਡ ਮਿਲਿਆ ਹੈ।
2019 ਵਿਚ ਦੁਨੀਆ ਵਿਚ ਕਾਫ਼ੀ ਚਰਚਿਤ ‘ਰੋਮਨ ਮੈਗਾਸਾਏਸੇ ਐਵਾਰਡ’ ਮਿਲਿਆ। ਇਸ ਤੋਂ ਇਲਾਵਾ ਦਰਸ਼ਕਾਂ ਵੱਲੋਂ ਜੋ ਐਵਾਰਡ ਮਿਲਦੇ ਹਨ ਉਨ੍ਹਾਂ ਦੀ ਗਿਣਤੀ ਸਮਝ ਤੋਂ ਬਾਹਰ ਹੈ।
-ਰਵੀਸ਼ ਕੁਮਾਰ ਦੀਆਂ ਪੁਸਤਕਾਂ-
ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਦੁਆਰਾ ਲਿਖੀਆਂ ਗਈਆਂ ਕੁਝ ਕਿਤਾਬਾਂ ਇਸ ਪ੍ਰਕਾਰ ਹਨ: ਬੋਲਣਾ ਹੈ: ਲੋਕਤੰਤਰ, ਸੱਭਿਆਚਾਰ ਅਤੇ ਰਾਸ਼ਟਰ ਬਾਰੇ (ਹਿੰਦੀ ਵਿੱਚ) ਇਸ਼ਕ ਮੈਂ ਸ਼ਹਿਰ ਹੋਣਾ (ਹਿੰਦੀ ਵਿੱਚ) ਮੁਫ਼ਤ ਆਵਾਜ਼: ਲੋਕਤੰਤਰ, ਸੱਭਿਆਚਾਰ ਅਤੇ ਰਾਸ਼ਟਰ 'ਤੇ ਦੇਖਦੇ ਰਹੋ (ਹਿੰਦੀ ਵਿੱਚ) ਰਵੀਸ਼ਪੰਤੀ (ਹਿੰਦੀ ਵਿੱਚ) ਪਿਆਰ ਇੱਕ ਸ਼ਹਿਰ ਹੈ। 1. The Free Voice: On Democracy, Culture and the Nation 2. Bolna Hi Hai : Loktantra, Sanskriti Aur Rashtra Ke Bare Mein (in Hindi) : बोलना ही है : लोकतंत्र, संस्कृति और राष्ट्र के बारे में 3. Ishq Mein Shahar Hona (in Hindi) : इश्क में शहर होना 4. Dekhate Rahiye (in Hindi) : देखते रहिये 5. Ravishpanti (in Hindi) : रवीशपन्ती 6. A City Happens In Love -ਪਰਿਵਾਰ-
ਰਵੀਸ਼ ਕੁਮਾਰ ਦਾ ਪਰਿਵਾਰ ਅੱਜ ਕੱਲ੍ਹ ਦੇ ਆਮ ਪਰਿਵਾਰਾਂ ਵਾਂਗ ਛੋਟਾ ਹੀ ਹੈ, ਉਸ ਦੀ ਧਰਮ ਪਤਨੀ ਨਯਨਾ ਦਾਸਗੁਪਤਾ ਦੋ ਧੀਆਂ ਹਨ, ਜਿਨ੍ਹਾਂ ਦਾ ਨਾਮ ਇਥੇ ਇਸ ਕਰਕੇ ਨਹੀਂ ਲਿਖਿਆ ਜਾ ਰਿਹਾ ਕਿਉਂਕਿ ਭਾਰਤ ਵਿਚ ਇਕ ਅਜਿਹਾ ਗਰੁੱਪ ਪੈਦਾ ਹੋਕੇ ਪਲ ਰਿਹਾ ਹੈ, ਜਿਨ੍ਹਾਂ ਦੇ ਮਨ ਵਿਚ ਕਿਸੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਕਰਨ ਦਾ ਮਾਦਾ ਖ਼ਤਮ ਹੋ ਚੁੱਕਿਆ ਹੈ। -ਐਨਡੀਟੀਵੀ ਤੋਂ ਅਸਤੀਫ਼ਾ- https://www.youtube.com/watch?v=G9K9vpGTofo&t=140s ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਾਸ ਦੋਸਤਾਂ ਵਿਚ ਇਕ ਗੋਤਮ ਅਡਾਨੀ ਵੱਲੋਂ ਐਨਡੀਟੀਵੀ ਆਪਣੇ ਕਬਜ਼ੇ ਵਿਚ ਕਰ ਲੈਣ ਤੋਂ ਬਾਅਦ 30 ਨਵੰਬਰ, 2022 ਨੂੰ ਰਵੀਸ਼ ਕੁਮਾਰ ਨੇ ਐਨਡੀਟੀਵੀ ਤੋਂ ਅਸਤੀਫ਼ਾ ਦੇ ਦਿੱਤਾ। ਇਹ ਅਸਤੀਫ਼ਾ ਦੇ ਕੇ ਰਵੀਸ਼ ਕੁਮਾਰ ਨੇ ਭਾਰਤ ਵਿਚ ਮੀਡੀਆ ਦੇ ਡੁੱਬ ਰਹੇ ਮਿਆਰ ਨੂੰ ਨਵੀਂ ਦਿਸ਼ਾ ਦਿੱਤੀ ਹੈ। ਰਵੀਸ਼ ਕੁਮਾਰ ਦਾ ਅਸਤੀਫ਼ਾ ਆਦਰਸ਼ਵਾਦੀ ਪੱਤਰਕਾਰਾਂ ਲਈ ਬਹੁਤ ਵੱਡੀ ਤਾਰੀਖ਼ ਕਿਹਾ ਜਾ ਰਿਹਾ ਹੈ। -ਗੋਦੀ ਮੀਡੀਆ-
ਰਵੀਸ਼ ਕੁਮਾਰ ਨੇ ਭਾਰਤ ਵਿਚ ਮੋਦੀ-ਮੋਦੀ-ਮੋਦੀ-ਮੋਦੀ ਕਰਨ ਵਾਲੇ ਮੀਡੀਆ ਤੇ ਭਾਜਪਾ ਸਰਕਾਰ ਦੀਆਂ ਗ਼ਲਤ ਗਤੀਵਿਧੀਆਂ ਨੂੰ ਛੁਪਾਉਣ ਵਾਲੇ ਮੀਡੀਆ ਨੂੰ ‘ਗੋਦੀ ਮੀਡੀਆ’ ਦੀ ਟਰਮ ਦੇ ਗਏ ਹਨ, ਉਹ ਆਮ ਕਹਿੰਦੇ ਹਨ ਕਿ ‘ਜੇਕਰ ਬੀਜੇਪੀ ਦੇ ਨੇਤਾ ਰਾਤ ਨੂੰ ਆਪਣੇ ਪੈਰਾਂ ਨੂੰ ਜ਼ਹਿਰ ਲਗਾ ਕੇ ਸੌਂ ਜਾਣ ਤਾਂ ਸਵੇਰੇ 99 ਫ਼ੀਸਦੀ ਪੱਤਰਕਾਰ ਮਰੇ ਹੋਏ ਮਿਲਣਗੇ। ਰਵੀਸ਼ ਕੁਮਾਰ ਨੇ ਇਕ ਹੋਰ ਟਰਮ ਦਿੱਤੀ ਹੈ, ਉਹ ਸੋਸ਼ਲ ਮੀਡੀਆ ਤੇ ਝੂਠ ਫੈਲਾਏ ਜਾਣ ਨੂੰ ‘ਵੱਟਸਐਪ ਯੂਨੀਵਰਸਿਟੀ ਕਹਿੰਦੇ ਹਨ’ ਇਸ ਤੋਂ ਇਲਾਵਾ ਜੋ ਅਡਾਨੀ ਅੰਬਾਨੀ ਕਾਰਪੋਰੇਟ ਹਨ ਉਨ੍ਹਾਂ ਨੂੰ ਉਹ ‘ਜਗਤ ਸੇਠ’ ਕਹਿੰਦੇ ਹਨ। -ਮੈਂ ਮੋਦੀ ਵਾਂਗ ‘ਚਾਹ ਵਾਲਾ’ ਕਹਿ ਕੇ ਹਮਦਰਦੀ ਨਹੀਂ ਲੈਣਾ ਚਾਹੁੰਦਾ : ਰਵੀਸ਼-
ਰਵੀਸ਼ ਕੁਮਾਰ ਨੂੰ ਨਰਿੰਦਰ ਮੋਦੀ ਦੇ ਆਲੋਚਕ ਕਿਹਾ ਜਾਂਦਾ ਹੈ, ਇਹ ਉਸੇ ਤਰ੍ਹਾਂ ਹੈ ਜਿਵੇਂ ਕਿਸੇ ਬਦਸੂਰਤ ਵਿਅਕਤੀ ਨੂੰ ਪਹਿਲੀ ਵਾਰ ਸ਼ੀਸ਼ਾ ਦਿਖਾਇਆ ਜਾਵੇ ਤਾਂ ਬਦਸੂਰਤ ਵਿਅਕਤੀ ਆਪੇ ਤੋਂ ਬਾਹਰ ਹੋ ਜਾਵੇਗਾ। ਰਵੀਸ਼ ਕੁਮਾਰ ਭਾਜਪਾ ਦੀ ਕੇਂਦਰ ਸਰਕਾਰ ਨੂੰ ਸ਼ੀਸ਼ਾ ਦਿਖਾ ਰਿਹਾ ਹੈ। ਉਹ ਗੱਲ ਵੱਖ ਹੈ ਕਿ ਸੱਚ ਜ਼ਿਆਦਾ ਬੋਲ ਜਾਂਦਾ ਹੈ ਜਿਵੇਂ ਕਿ ‘ਸੱਚ ਆਖੀੲੈ ਭਾਂਬੜ ਮੱਚਦਾ ਹੈ, ਝੂਠ ਆਖੀੲੈ ਤਾਂ ਕੁਝ ਬਚਦਾ ਹੈ, ਇਹ ਮੁੜ ਮੁੜ ਜੀਭਾ ਕਹਿੰਦੀ ਹੈ , ਮੂੰਹ ਆਈ ਬਾਤ ਨਾ ਰਹਿੰਦੀ ਹੈ’ ਐਨ ਡੀ ਟੀਵੀ ਤੋਂ ਅਸਤੀਫ਼ਾ ਦੇਣ ਲੱਗੇ ਰਵੀਸ਼ ਕੁਮਾਰ ਕਹਿੰਦੇ ਹਨ ‘ਮੈਂ ਚਾਹ ਵਾਲਾ ਨਹੀਂ ਹਾਂ ਜੋ ਜਹਾਜ਼ ਤੋਂ ਉਤਰ ਕੇ ਚਾਹਵਾਲਾ ਕਹਿ ਕੇ ਲੋਕਾਂ ਦੀ ਹਮਦਰਦੀ ਲੈ ਲੈਂਦਾ ਹੈ, ਮੈਂ ਸਿੱਧਾ ਜਿਹਾ ਪ੍ਰੈਕਟੀਕਲ ਵਿਅਕਤੀ ਹਾਂ’ (ਨੋਟ : ਰਵੀਸ਼ ਕੁਮਾਰ ਦੇ ਜ਼ਿੰਦਗੀ ਦੇ ਕਾਫ਼ੀ ਤੱਤ ਰਹਿ ਗਏ ਹਨ, ਕਿਉਂਕਿ ਅੱਜ ਕੱਲ੍ਹ ਉਹ ਕਾਫ਼ੀ ਰੁਝੇਵਿਆਂ ਵਿਚ ਹਨ। ਕਿਤਾਬ ਵਿਚ ਪੂਰੇ ਤੱਤ ਪਾਉਣ ਦੀ ਕੋਸ਼ਿਸ਼ ਕਰਾਂਗੇ) ਸੋ ਰਵੀਸ਼ ਕੁਮਾਰ ਬਾਰੇ ਕਿਤਾਬਾਂ ਦਰ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ, ਪਰ ਸਾਨੂੰ ਜਿੰਨੀ ਕੁ ਜਾਣਕਾਰੀ ਮਿਲੀ ਹੈ ਸਾਂਝੀ ਕਰ ਰਹੇ ਹਾਂ, ਬਾਕੀ ਕਿਤਾਬ ਵਿਚ ਸਾਂਝ ਪਾਵਾਂਗੇ। ਮੇਰੀ ਭਾਰਤ ਦੇ ਲੋਕਾਂ ਅੱਗੇ ਬੇਨਤੀ ਹੈ ਕਿ ਰਵੀਸ਼ ਵਰਗੇ ਪੱਤਰਕਾਰ ਦੀ ਹੌਸਲਾ ਅਫ਼ਜ਼ਾਈ ਕਰਨਾ ਜ਼ਰੂਰੀ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਰਵੀਸ਼ ਸਦਾ ਚੜ੍ਹਦੀਕਲਾ ਵਿਚ ਰਹੇ.. ਆਮੀਨ...
ਗੁਰਨਾਮ ਸਿੰਘ ਅਕੀਦਾ 8146001100

No comments:

Post a Comment