Wednesday, December 07, 2022

-ਅਜੀਤ ਅਖ਼ਬਾਰ ਇਤਿਹਾਸ-

ਪੱਤਰਕਾਰੀ ਦੇ ਇਤਿਹਾਸ ਵਿਚੋਂ ਤੁਹਾਡੀ ਨਜ਼ਰ ਸਿਰਫ਼ ਅਜੀਤ ਦਾ ਇਤਿਹਾਸ ਕਰ ਰਿਹਾ ਹਾਂ, ਬਾਕੀ ਭਾਰਤੀ ਪੱਤਰਕਾਰੀ ਦਾ ਇਤਿਹਾਸ 1674 ਤੋਂ ਲੈ ਕੇ ਤੇ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਆਪ ਜੀ ਨੂੰ ਕਿਤਾਬ ਵਿਚ ਪੜ੍ਹਨ ਨੂੰ ਮਿਲੇਗਾ...
ਸੰਨ 1959 ਵਿਚ ਅੱਜ ਕੱਲ੍ਹ ਦਾ ਮੋਹਰੀ ਰੋਜ਼ਾਨਾ ਪੱਤਰ ‘ਅਜੀਤ’ ਸਾਧੂ ਸਿੰਘ ਹਮਦਰਦ ਦੀ ਸੰਪਾਦਨਾ ਹੇਠ ਸ਼ੁਰੂ ਹੋਇਆ। ਇਹੀ ਪੱਤਰ 1955 ਤੋਂ ‘ਅਜੀਤ ਪੱਤ੍ਰਿਕਾ’ ਦੇ ਨਾਂ ਥੱਲੇ ਛਪਦਾ ਰਿਹਾ ਸੀ। ਸਾਧੂ ਸਿੰਘ ਹਮਦਰਦ ਭਾਸ਼ਾ ਵਿਭਾਗ ਵੱਲੋਂ ਸਨਮਾਨੇ ਜਾਣ ਵਾਲੇ ਪੱਤਰਕਾਰਾਂ ਵਿਚੋਂ ਪਹਿਲਾ ਸੀ। ਇਸ ਤੋਂ ਪਹਿਲਾਂ ਸਾਧੂ ਸਿੰਘ ਹਮਦਰਦ ‘ਵਿਹਾਰ ਸੁਧਾਰ’, ‘ਖ਼ਾਲਸਾ ਐਂਡ ਖ਼ਾਲਸਾ ਐਡਵੋਕੇਟ’, ਸਪਤਾਹਿਕ ‘ਅਜੀਤ’ ਉਰਦੂ, ਰੋਜ਼ਾਨਾ ‘ਅਜੀਤ’ ਉਰਦੂ, ਰੋਜ਼ਾਨਾ ‘ਪ੍ਰਭਾਤ’ ਉਰਦੂ, ‘ਅਜੀਤ ਪਤ੍ਰਿਕਾ’ ਆਦਿ ਵਿਚ ਕੰਮ ਕਰ ਚੁੱਕਿਆ ਸੀ ਤੇ ‘ਅਜੀਤ’ ਪੰਜਾਬੀ ਦੀ ਵਾਗਡੋਰ ਸੰਭਾਲਦਿਆਂ ਹੀ ਇਸ ਪੱਤਰ ਨੂੰ ਮੋਹਰੀ ਪੰਜਾਬੀ ਪੱਤਰ ਬਣਾਉਣ ਦਾ ਦ੍ਰਿੜ੍ਹ ਸੰਕਲਪ ਲਿਆ। ਸਭ ਪ੍ਰਕਾਰ ਦੀਆਂ ਮਜਬੂਰੀਆਂ ਦੇ ਬਾਵਜੂਦ ਇਸ ਪੱਤਰ ਨੂੰ ਚੜ੍ਹਦੀਕਲਾ ਵਿਚ ਰੱਖਿਆ। ਸਾਧੂ ਸਿੰਘ ਹਮਦਰਦ ਦੀ ਪ੍ਰਵੀਨਤਾ ਦਾ ਅਨੁਮਾਨ ਇਸ ਗਲ ਤੋਂ ਲਾਇਆ ਜਾ ਸਕਦਾ ਹੈ ਕਿ ‘ਅਜੀਤ ਪੱਤ੍ਰਿਕਾ’ ਦੇ ਮਾਲਕ ਘਾਟੇ ਕਾਰਨ ਇਸ ਨੂੰ ਛਾਪਣਾ ਬੰਦ ਕਰ ਦੇਣਾ ਚਾਹੁੰਦੇ ਸਨ। ਪਰ ਸਾਧੂ ਸਿੰਘ ਹਮਦਰਦ ਨੇ ਇਸ ਪੱਤਰ ਨੂੰ ਖ਼ਰੀਦ ਕੇ ਸਖ਼ਤ ਮਿਹਨਤ ਤੇ ਲਗਨ ਨਾਲ ਇਸ ਨੂੰ ਪੰਜਾਬੀ ਦਾ ਮੋਹਰੀ ਰੋਜ਼ਾਨਾ ਅਖ਼ਬਾਰ ਬਣਾ ਦਿੱਤਾ। ‘ਹਮਦਰਦ’ ਨੇ ਦੋ ਦਰਜਨ ਤੋਂ ਵੱਧ ਨਾਵਲ, ਗ਼ਜ਼ਲਾਂ ਦੇ ਕਈ ਸੰਗ੍ਰਹਿ ਅਤੇ ਕਹਾਣੀਆਂ ਵੀ ਲਿਖੀਆਂ। ਸਾਧੂ ਸਿੰਘ ਹਮਦਰਦ ਦੇ ਕਈ ਨਾਵਲ ਲੜੀਵਾਰ ਅਜੀਤ ਵਿਚ ਛਪਦੇ ਰਹੇ ਹਨ। ਸੰਨ 1963 ਵਿਚ ਅਜੀਤ ਚਾਰ ਸਫ਼ਿਆਂ ਦੀ ਥਾਂ 6 ਸਫ਼ਿਆਂ ਵਿਚ ਛਪਣ ਲੱਗ ਪਿਆ। ਇਸ ਦੀ ਕੀਮਤ 13 ਪੈਸੇ ਕਰ ਦਿੱਤੀ ਗਈ। ਇਹ ਪਹਿਲਾ ਰੋਜ਼ਾਨਾ ਪੇਪਰ ਸੀ ਜਦੋਂ ਇਹ ਆਡਿਟ ਬਿਊਰੋ ਆਫ਼ ਸਰਕੂਲੇਸ਼ਨ ਦਾ ਮੈਂਬਰ ਬਣਿਆ ਤੇ ਉਸ ਵੇਲੇ ਇਸ ਦੀ ਛਪਣ ਗਿਣਤੀ ਸਭ ਤੋਂ ਵੱਧ ਅਰਥਾਤ 85 ਹਜ਼ਾਰ ਤੋਂ ਵੀ ਵੱਧ ਸੀ। ਸਰਕਾਰੀ ਅਤੇ ਪ੍ਰਾਂਤਿਕ ਤੇ ਕੌਮੀ ਪੱਘਰ ਦੀਆਂ ਕੰਪਨੀਆਂ ਦੇ ਇਸ਼ਤਿਹਾਰ ਪ੍ਰਾਪਤ ਕਰਨ ਵਾਲਾ ਇਹ ਮੋਹਰੀ ਅਖ਼ਬਾਰ ਰਿਹਾ ਹੈ। ਇਸ ਨੂੰ ਸਮਾਚਾਰ ਏਜੰਸੀਆਂ ਤੋਂ ਇਲਾਵਾ ਫ਼ੀਚਰ ਸਿੰਡੀਕੇਟਾਂ ਦੀਆਂ ਸੇਵਾਵਾਂ ਪ੍ਰਾਪਤ ਹਨ। ਪੰਜਾਬੀ ਪੱਤਰਾਂ ਵਿਚ ਆਫਸੈੱਟ ਮਸ਼ੀਨ ਲਗਾਉਣ ਵਿਚ ਇਸ ਪੱਤਰ ਨੇ ਪਹਿਲ ਕੀਤੀ। ਰੋਜ਼ਾਨਾ ਪੰਜਾਬੀ ਪੱਤਰਕਾਰੀ ਵਿਚ ਅਜੀਤ ਦਾ ਵਿਸ਼ੇਸ਼ ਯੋਗਦਾਨ ਹੈ। ਡਾ. ਨਰਿੰਦਰ ਸਿੰਘ ਕਪੂਰ ਅਨੁਸਾਰ ਤਸਵੀਰਾਂ, ਵਿਸ਼ੇਸ਼ ਐਡੀਸ਼ਨ, ਕਵੀ ਦਰਬਾਰ, ਸਾਹਿਤ ਸਭਾਵਾਂ ਦੀਆਂ ਕਾਰਵਾਈਆਂ ਆਦਿ ਛਾਪਣ ਵਿਚ ਇਸ ਪੱਤਰ ਦਾ ਕਾਫ਼ੀ ਯੋਗਦਾਨ ਰਿਹਾ ਹੈ। ਛਪਾਈ ਅਤੇ ਦਿੱਖ ਪੱਖੋਂ ਇਹ ਪੱਤਰ ਮੋਹਰੀ ਹੈ। ਆਰਥਿਕ ਪੱਖੋਂ ਪੱਕੇ ਪੈਰੀਂ ਖੜ੍ਹਾ ਹੋਣ ਕਰਕੇ ਇਹ ਆਪਣੇ ਵੱਡੀ ਗਿਣਤੀ ਪੱਤਰਕਾਰਾਂ ਨੂੰ ਵੀ ਤਨਖ਼ਾਹ ਦਿੰਦਾ ਹੈ। ਪੰਜਾਬੀ ਸਾਹਿਤ ਤੇ ਖੇਤਰ ਵਿਚ ਨਵੇਂ ਉੱਭਰਦੇ ਲਿਖਾਰੀਆਂ ਦੀਆਂ ਰਚਨਾਵਾਂ ਛਾਪ ਕੇ ਅਜੀਤ ਨੇ ਵਿਸ਼ੇਸ਼ ਕੰਮ ਕੀਤਾ। ਭਾਵੇਂ ਵਸੀਲੇ ਪੰਜਾਬੀ ਟ੍ਰਿਬਿਊਨ ਕੋਲ ਵਧੇਰੇ ਹਨ ਪਰ ਛਪਦਾ ਅਜੀਤ ਹੀ ਵਧੇਰੇ ਹੈ। ਅੱਜ ਦੀ ਗੱਲ ਕਰਦੇ ਹਾਂ ਤਾਂ ਅਜੀਤ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਹਨ ਤੇ ਕਾਰਜਕਾਰੀ ਸੰਪਾਦਕ ਵਜੋਂ ਸਤਨਾਮ ਸਿੰਘ ਮਾਣਕ ਰੋਲ ਨਿਭਾ ਰਹੇ ਹਨ। ਇਸੇ ਤਰ੍ਹਾਂ ਬਰਜਿੰਦਰ ਸਿੰਘ ਹਮਦਰਦ ਦੀ ਬੇਟੀ ਸਰਬਇੰਦਰ ਕੌਰ ਇਸ਼ਤਿਹਾਰ ਤੇ ਸਰਕੂਲੇਸ਼ਨ ਸੰਭਾਲ ਰਹੇ ਹਨ ਜਦ ਕਿ ਬੇਟੀ ਗੁਰਜੋਤ ਕੌਰ ਵੈੱਬ ਤੇ ਨਿਊਜ਼ ਦੇਖਦੇ ਹਨ। ਸਰਕੂਲੇਸ਼ਨ ਦਾ ਦਾਅਵਾ ਅਖ਼ਬਾਰ ਵੱਲੋਂ ਲੱਖਾਂ ਵਿਚ ਕੀਤਾ ਜਾਂਦਾ ਹੈ। ਗੁਰਨਾਮ ਸਿੰਘ ਅਕੀਦਾ 8146001100

No comments:

Post a Comment