Friday, December 09, 2022

ਧਨਾਢ ਲੋਕਾਂ ਦੇ ਮੂੰਹ ’ਤੇ ਸ਼ਬਦਾਂ ਦੇ ਚਪੇੜਾਂ ਮਾਰਨ ਵਾਲਾ ਬੇਖ਼ੌਫ ਪੱਤਰਕਾਰ ‘ਸੰਤੋਖ ਗਿੱਲ’

ਆਮ ਗ਼ਰੀਬ ਤੇ ਪੀੜਤ ਲੋਕਾਂ ਦੇ ਪੱਖ ਵਿਚ ਖੜਦਾ ਹੈ ‘ਪੱਤਰਕਾਰ ਸੰਤੋਖ’
ਕਈ ਪੱਤਰਕਾਰ ਨੋਟਿਸਾਂ ਤੇ ਅਦਾਲਤੀ ਕੇਸਾਂ ਨੂੰ ਗੁਨਾਹ ਸਮਝਦੇ ਹਨ, ਪਰ ਜੇਕਰ ਕਿਸੇ ਪੱਤਰਕਾਰ ਦਾ ਜੇਕਰ ਕੋਰਟ ਨੋਟਿਸ, ਮਾਣਹਾਨੀ ਦੇ ਅਦਾਲਤੀ ਕੇਸ, ਧਮਕੀਆਂ ਆਦਿ ਨਾਲ ਨਿੱਤ ਹੀ ਵਾਹ ਪੈਂਦਾ ਹੋਵੇ ਤਾਂ ਫਿਰ ਉਸ ਪੱਤਰਕਾਰ ਨੂੰ ਕੀ ਪੱਤਰਕਾਰ ਨਹੀਂ ਕਿਹਾ ਜਾਵੇਗਾ? ਉਸ ਦਾ ਪੱਤਰਕਾਰੀ ਕਰਨ ਦਾ ਤਰੀਕਾ ਗ਼ਲਤ ਹੈ ਜਾਂ ਫਿਰ ਉਹ ਉਨ੍ਹਾਂ ਲੋਕਾਂ ਦੀ ਪੱਤਰਕਾਰੀ ਕਰਦਾ ਹੈ ਜਿਨ੍ਹਾਂ ਲੋਕਾਂ ਦੀ ਗੱਲ ਕਰਨਾ ਵੀ ਸਾਡਾ ਬੁਰਜ਼ੂਆ ਸਮਾਜ ਵਿਚ ਗੁਨਾਹ ਹੋਵੇ। ਲੱਛੇਦਾਰ ਪਿਆਰੇ ਪਿਆਰੇ ਸ਼ਬਦਾਂ ਵਿਚ ਵੱਡੇ ਲੋਕਾਂ ਦੀ ਪੱਤਰਕਾਰੀ ਕਰਨ ਵਾਲੇ ਲੋਕਾਂ ਨੂੰ ਕਾਨੂੰਨੀ ਨੋਟਿਸ ਨਹੀਂ ਆਇਆ ਕਰਦੇ। ਨਾ ਹੀ ਉਨ੍ਹਾਂ ਤੇ ਅਦਾਲਤੀ ਕੇਸ ਹੁੰਦੇ ਹਨ। ਫੇਰ ਉਨ੍ਹਾਂ ਨੂੰ ਕੀ ਕਿਹਾ ਜਾਵੇ? ਪੱਤਰਕਾਰ ਤਾਂ ਉਹ ਵੀ ਹਨ, ਸਗੋਂ ਲੋਕਾਂ ਵਿਚ ਉਹ ਜ਼ਿਆਦਾ ਹਰਮਨ-ਪਿਆਰੇ ਹੁੰਦੇ ਹਨ, ਸਪਲੀਮੈਂਟ ਲਈ ‌ਜ਼ਿਆਦਾ ਇਸ਼ਤਿਹਾਰ ਮਿਲ ਜਾਂਦੇ ਹਨ। ਉਨ੍ਹਾਂ ਨੂੰ ਮੰਤਰੀ ਬੁਲਾ ਕੇ ਸ਼੍ਰੋਮਣੀ ਪੱਤਰਕਾਰ ਦਾ ਸਨਮਾਨ ਵੀ ਦੇ ਦਿੰਦੇ ਹਨ। ਤਾਂ ਫਿਰ ਉਨ੍ਹਾਂ ਨੂੰ ਕੀ ਕਿਹਾ ਜਾਵੇ, ਜੇਕਰ ਪੱਤਰਕਾਰੀ ਦੇ ਅਸਲ ਸਿਧਾਂਤ ਸਮਝਣ ਵਾਲਾ ਕੋਈ ਹੋਵੇ ਤਾਂ ਉਹ ਹੀ ਸਪਸ਼ਟ ਕਰ ਸਕਦਾ ਹੈ ਕਿ ਉਨ੍ਹਾਂ ਲਈ ਅਸਲ ਨਾਮ ਕੀ ਹੋ ਸਕਦਾ ਹੈ। ਜਿਨ੍ਹਾਂ ਨੂੰ ਦੀਵਾਲੀ ਤੇ ਗਿਫ਼ਟ ਵੀ ਜ਼ਿਆਦਾ ਆ ਜਾਂਦੇ ਹਨ, ਜਿਨ੍ਹਾਂ ਨੂੰ ਮੰਤਰੀਆਂ, ਵੱਡੇ ਅਫ਼ਸਰਾਂ, ਪੁਲੀਸ ਅਧਿਕਾਰੀਆਂ ਵੱਲੋਂ ਸੌਗਾਤਾਂ ਵੀ ਮਿਲ ਜਾਂਦੀਆਂ ਹਨ, ਪਰ ਉਨ੍ਹਾਂ ਨੂੰ ਕੋਰਟ ਨੋਟਿਸ ਨਹੀਂ ਆਉਂਦੇ ਨਾ ਹੀ ਉਨ੍ਹਾਂ ਦੇ ਕੋਰਟ ਕੇਸ ਹੁੰਦੇ ਹਨ, ਚੰਗਾ ਹੈ ਜ਼ਿੰਦਗੀ ਸੌਖੀ ਨਿਕਲ ਜਾਂਦੀ ਹੈ, ਜੇਕਰ ਗ਼ਰੀਬ ਪੀੜਤ ਦੇ ਹੱਕ ਦੀ ਕੋਈ ਪੱਤਰਕਾਰ ਖ਼ਬਰ ਲਗਾਉਂਦਾ ਹੈ, ਤਾਂ ਗ਼ਰੀਬ ਪੀੜਤ ਨੇ ਉਸ ਨੂੰ ਕੀ ਦੇਣਾ ਹੁੰਦਾ ਹੈ, ਉਹ ਤਾਂ ਇਕ ਅਸੀਸ ਹੀ ਦਿੰਦਾ ਹੈ, ‘ਰੱਬ ਤੈਨੂੰ ਹਮੇਸ਼ਾ ਖ਼ੁਸ਼ ਰੱਖੇ’। ਪਰ ਜਿਹੜੇ ਅਮੀਰਾਂ ਮੰਤਰੀਆਂ ਸੱਤਾਧਾਰੀ ਲੋਕਾਂ ਦੇ ਪੱਖ ਦੀ ਪੱਤਰਕਾਰੀ ਕਰਦੇ ਹਨ ਉਨ੍ਹਾਂ ਨੂੰ ਅਮੀਰਾਂ ਵੱਲੋਂ ਅਨੇਕਾਂ ਤਰ੍ਹਾਂ ਦੇ ਲਾਭ ਤਾਂ ਮਿਲ ਜਾਂਦੇ ਹਨ ਪਰ ਕਿਸੇ ਗ਼ਰੀਬ ਪੀੜਤ ਦੀ ਅਸੀਸ ਨਹੀਂ ਮਿਲਦੀ.. ਅੱਜ ਆਪਾਂ ਗੱਲ ਕਰਾਂਗੇ ਜੋ ਕੋਰਟ ਨੋਟਿਸਾਂ, ਅਦਾਲਤੀ ਕੇਸਾਂ ਨੂੰ ਆਪਣੇ ਤਗਮੇ ਸਮਝਦਾ ਹੈ, ਉਹ ਪੱਤਰਕਾਰ ਹੈ ਗੁਰੂਸਰ ਸੁਧਾਰ ਦੇ ਦਿਹਾਤੀ ਖੇਤਰ ਦੀ ਪੱਤਰਕਾਰੀ ਕਰਨ ਵਾਲਾ ‘ਸੰਤੋਖ ਗਿੱਲ’। -ਮੁੱਢ ਤੇ ਪੜਾਈ-
12-12-1962 ਨੂੰ 12 ਵਜੇ ਲੁਧਿਆਣਾ ਜ਼ਿਲ੍ਹੇ ਦੇ ਗੁਰੂਸਰ ਸੁਧਾਰ ਵਿਚ ‘ਜੱਟਾਂ’ ਦੇ ਘਰ ਜਨਮ ਲੈਣ ਵਾਲੇ ਸੰਤੋਖ ਗਿੱਲ ਦਾ ਪਹਿਲਾ ਨਾਮ ਸੰਤੋਖ ਸਿੰਘ ਸੀ। ਬਾਪੂ ਸੂਬੇਦਾਰ ਰਣਜੀਤ ਸਿੰਘ ਤੇ ਮਾਂ ਸ੍ਰੀਮਤੀ ਸੁਰਜੀਤ ਕੌਰ ਬੜੇ ਹੀ ਲਾਡ ਨਾਲ ਪਾਲਿਆ ਇਸੇ ਕਰਕੇ ਕਦੇ ਕਿਸੇ ਧਾਕੜ ਤੋਂ ਧਾਕੜ ਬੰਦੇ ਦੀ ਪ੍ਰਵਾਹ ਨਹੀਂ ਕੀਤੀ। ਸ਼ੁਰੂਆਤੀ ਪੜ੍ਹਾਈ ਨਾਨਕੇ ਪਿੰਡ ਸ਼ੇਖ਼ੂਪੁਰੇ ਵਿਚ ਕੀਤੀ ਤੇ ਪਿੰਡ ਸੁਧਾਰ ਦੇ ਸਕੂਲ ਵਿਚ ਛੇਵੀਂ ਤੋਂ ਬਾਦ 1978 ਵਿਚ ਦਸਵੀਂ ਕੀਤੀ। 1978 ਵਿਚ ਲੁਧਿਆਣਾ ਦੀ ਆਈ ਟੀ ਆਈ ਡਰਾਫਸਮੈਨ ਦੀ ਕਰਨ ਲੱਗਾ ਤਾਂ ਖਾੜਕੂ ਸੁਭਾਅ ਹੋਣ ਕਰਕੇ ਉੱਥੇ ਪੀਐਸਯੂ ਜਥੇਬੰਦੀ ਵਿਚ ਵਿਦਿਆਰਥੀ ਸਰਗਰਮੀਆਂ ਵਿਚ ਭਾਗ ਲੈਣਾ ਸ਼ੁਰੂ ਕੀਤਾ ਤਾਂ ਆਈ ਆਈ ਟੀ ਨੇ ਕੱਢ ਦਿੱਤਾ, ਪਰ ਫਿਰ ਉਸੇ ਆਈ ਟੀ ਆਈ ਮੋਟਰ ਮਕੈਨਿਕ ਕਰਨ ਲੱਗਿਆ , 1979-81 ਤੱਕ ਆਈ ਟੀ ਆਈ ਕੀਤੀ। ਉਸ ਤੋਂ ਬਾਅਦ ਲੁਧਿਆਣਾ ਵਿਚ ਪੰਜਾਬ ਰੋਡਵੇਜ਼ ਵਿਚ ਅਪਰੈਂਟਸ ਕੀਤੀ। ਨੈਸ਼ਨਲ ਟਰੇਡ ਸਰਟੀਫਿਕੇਟ ਦੇ ਇਮਤਿਹਾਨ ਵਿਚ ਪੰਜਾਬ ਤੋਂ ਟਾਪ ਕੀਤਾ। -1980 ਵਿਚ ਪਹਿਲਾ ਮੁਕੱਦਮਾ ਦਰਜ ਹੋਇਆ-
1980 ਵਿਚ ਜਦੋਂ ਪੰਜਾਬ ਵਿਚ ਦਰਬਾਰਾ ਸਿੰਘ ਦੀ ਸਰਕਾਰ ਸੀ ਤਾਂ ਉਸ ਵੇਲੇ ਇਤਿਹਾਸ ਵਿਚ ਪਹਿਲੀ ਵਾਰ ਬੱਸਾਂ ਦਾ ਕਿਰਾਇਆ 43 ਫ਼ੀਸਦੀ ਵਧਾਇਆ ਗਿਆ ਸੀ। ਉਸ ਵੇਲੇ ਵੱਡਾ ਸੰਘਰਸ਼ ਚੱਲਿਆ ਸੀ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਾਫ਼ੀ ਵਿਰੋਧਤਾ ਕੀਤੀ ਸੀ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਲੋਕ ਮੁੱਦਿਆਂ ਤੇ ਲੜਾਈ ਲੜਦਾ ਹੁੰਦਾ ਸੀ। ਇਸ ਸੰਘਰਸ਼ ਵਿਚ ਸੰਤੋਖ ਸਿੰਘ (ਗਿੱਲ) ਨੇ ਵੱਧ ਚੜ ਕੇ ਹਿੱਸਾ ਲਿਆ। ਸੰਘਰਸ਼ ਦੌਰਾਨ ਬੱਸਾਂ ਦਾ ਚੱਕਾ ਜਾਮ ਕੀਤਾ ਤੇ ਦੋਸ਼ ਇਹ ਲਾਇਆ ਕਿ ਬੱਸਾਂ ਦੀ ਭੰਨ ਤੋੜ ਕੀਤੀ ਹੈ ਤੇ ਕੇਸ ਦਰਜ ਹੋ ਗਿਆ। ਪਿੰਡ ਗੁਰੂਸਰ ਸੁਧਾਰ ਵਿਚ ਗ੍ਰਿਫ਼ਤਾਰ ਕਰਨ ਲਈ ਘਰੇ ਪੁਲੀਸ ਆਈ ਤਾਂ ਘਰਦਿਆਂ ਨੇ ਬਹੁਤ ਬੁਰਾ ਮਨਾਇਆ ਕਹਿੰਦੇ ‘ਸਾਡੇ ਤਾਂ ਕਦੇ ਕਿਸੇ ਖ਼ਾਨਦਾਨ ਵਿਚ ਪੁਲੀਸ ਘਰੇ ਨਹੀਂ ਆਈ ਸੀ ਸੰਤੋਖ ਨੇ ਇਹ ਨਵਾਂ ਕੰਮ ਸ਼ੁਰੂ ਕਰ ਦਿੱਤਾ। ਇਹ ਕੇਸ ਜਗਦੇਵ ਸਿੰਘ ਤਲਵੰਡੀ, ਸੀਪੀਐਮ ਦੇ ਕਾ. ਰਸ਼ਪਾਲ ਸਿੰਘ, ਹੀਰਾ ਸਿੰਘ ਗਾਬੜੀਆ, ਅਵਤਾਰ ਸਿੰਘ ਮੱਕੜ ਆਦਿ 150 ਬੰਦਿਆਂ ਤੇ ਨਾਮ ਸਮੇਤ ਦਰਜ ਹੋਇਆ ਸੀ। ਇਸ ਕੇਸ ਵਿਚ ਸਭ ਤੋਂ ਛੋਟੀ ਉਮਰ ਮਸਾਂ 18 ਸਾਲ ਦਾ ਸੰਤੋਖ ਸਿੰਘ ਹੀ ਸੀ। ਪੁਲੀਸ ਘਰ ਆਉਣ ਤੇ ਸੰਤੋਖ ਸਿੰਘ ਘਰੋਂ ਭੱਜ ਗਿਆ ਤੇ ਲੁਧਿਆਣਾ ਵਿਚ ਹੀ ਰਿਹਾ। ਬਾਅਦ ਵਿਚ ਜਦੋਂ 1985 ਵਿਚ ਪੰਜਾਬ ਵਿਚ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਆਈ ਤਾਂ ਇਹ ਕੇਸ ਰੱਦ ਕਰ ਦਿੱਤਾ ਗਿਆ ਸੀ। -ਖੱਬੇ ਪੱਖੀ ਲਹਿਰ ਨਾਲ ਜੁੜਨਾ-
ਸੰਤੋਖ ਗਿੱਲ ਪੀਐਸਯੂ ਦੇ ਪ੍ਰਿਥੀਪਾਲ ਸਿੰਘ ਰੰਧਾਵਾ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਹੀ ਵਿਦਿਆਰਥੀ ਜਥੇਬੰਦੀ ਐਸਐਫਆਈ ਵਿਚ ਸਰਗਰਮ ਹੋ ਗਏ। ਅਪਰੈਂਟਸ ਯੂਨੀਅਨ ਪੰਜਾਬ ਚੰਡੀਗੜ੍ਹ ਦੇ ਸੂਬਾ ਜਨਰਲ ਸਕੱਤਰ ਵੀ ਰਹੇ। ਜਦੋਂ 1980 ਵਿਚ ਕੇਸ ਦਰਜ ਹੋਇਆ ਤਾਂ ਘਰੋਂ ਨਿਕਲ ਕੇ ਪਹਿਲਾਂ ਲੁਧਿਆਣਾ ਤੇ ਫੇਰ ਜਲੰਧਰ ਪਹੁੰਚ ਗਿਆ ਤੇ ਪਾਰਟੀ ਦਫ਼ਤਰ ਵਿਚ ਸੇਵਾ ਕਰਨੀ ਸ਼ੁਰੂ ਕੀਤੀ। ਜਗਜੀਤ ਸਿੰਘ ਲਾਇਲਪੁਰੀ, ਮੰਗਤ ਰਾਮ ਪਾਸਲਾ, ਪੰਡਤ ਕਿਸ਼ੋਰੀ ਲਾਲ (ਸ਼ਹੀਦ ਭਗਤ ਸਿੰਘ ਨਾਲ ਜੇਲ੍ਹ ਕੱਟਣ ਵਾਲੇ ਉਮਰ ਕੈਦ ਦੀ ਸਜਾ ਭੁਗਤਣ ਵਾਲੇ) ਨਾਲ ਸੰਪਰਕ ਹੋਇਆ। ਬਾਅਦ ਵਿਚ ਪ੍ਰੋ. ਬਲਵੰਤ ਸਿੰਘ ਨਾਲ ਵੀ ਸੰਪਰਕ ਰਿਹਾ। ਇੱਥੋਂ ਹੀ ਖੱਬੇ ਪੱਖੀ ਲਹਿਰ ਨਾਲ ਜੁੜੇ ਤੇ ਇਹ ਕਾਰਵਾਂ ਵੀ ਕਾਫ਼ੀ ਲੰਬਾ ਚੱਲਿਆ। -ਪੱਤਰਕਾਰੀ ਦਾ ਮੁੱਢ-
1982 ਵਿਚ ਜਲੰਧਰ ਵਿਚ ਪਾਰਟੀ ਦਫ਼ਤਰ (ਸੀਟੂ) ਤੇ ਪੰਜਾਬ ਰੋਡਵੇਜ਼ ਯੂਨੀਅਨ ਦਾ ਵੀ ਦਫ਼ਤਰ ਸੀ, ਉਸ ਵੇਲੇ ਇੱਥੋਂ ‘ਲੋਕ ਲਹਿਰ’ ਅਖਬਾਰ ਨਿਕਲਦਾ ਸੀ। ਜਿਸ ਦੇ ਬਹੁਤ ਹੀ ਸਿਆਣੇ ਵਿਦਵਾਨ ਤੇ ਲੇਖਕ ਸੁਹੇਲ ਸਿੰਘ ਸੰਪਾਦਕ ਹੁੰਦੇ ਸਨ। ਉਹ ਸੰਪਾਦਕੀ ਵੀ ਪਾਰਟੀ ਦੇ ਅਹਿਮ ਆਗੂਆਂ ਨਾਲ ਸਲਾਹ ਕਰਕੇ ਹੀ ਲਿਖਦੇ ਸਨ। ਲੋਕ ਲਹਿਰ ਵਿਚ ਸਾਰੇ ਹੀ ਕਾਮੇ ਆਨਰੇਰੀ ਹੀ ਸਨ। ਪਰ ਕੰਮ ਬੜਾ ਸ਼ਿੱਦਤ ਨਾਲ ਕਰਦੇ ਸਨ। ਕਈ ਵਾਰੀ ਸਾਰੇ ਜਣੇ ਦਫ਼ਤਰ ਵਿਚੋਂ ਚਲੇ ਜਾਂਦੇ ਸਨ ਤਾਂ ਸੁਹੇਲ ਸਿੰਘ ਇਕੱਲੇ ਹੀ ਰਹਿ ਜਾਂਦੇ ਉਸ ਵੇਲੇ ਉਹ ਸੰਤੋਖ ਸਿੰਘ ਨੂੰ ਕਾਮਰੇਡਾਂ ਦੀਆਂ ਆਈਆਂ ਚਿੱਠੀਆਂ ਪੜ੍ਹ ਕੇ ਖ਼ਬਰਾਂ ਬਣਾਉਣ ਲਈ ਕਹਿ ਦਿੰਦੇ ਸਨ। ਉਹ ਖ਼ਬਰਾਂ ਸੰਤੋਖ ਸਿੰਘ ਦੇ ਨਾਮ ਤੇ ਛਪ ਜਾਂਦੀਆਂ, ਉਸ ਵੇਲੇ ਸੰਤੋਖ ਗਿੱਲ ਨੂੰ ਬੜਾ ਉਤਸ਼ਾਹ ਮਿਲਿਆ। ਸੁਹੇਲ ਸਿੰਘ ਨੂੰ ਸੰਤੋਖ ਗਿੱਲ ਦੀ ਲੇਖਣੀ ਚੰਗੀ ਲੱਗਦੀ ਸੀ, ਇਸ ਕਰਕੇ ਉਸ ਨੇ ਸੰਤੋਖ ਨੂੰ ਇਕ ਕਿਤਾਬ ਉਤਰ ਪ੍ਰਦੇਸ਼ ਦੇ ਅਯੁੱਧਿਆ ਸਿੰਘ ਦੀ ਹਿੰਦੀ ਵਿਚ ਲਿਖੀ ‘ਭਾਰਤ ਕਾ ਮਜ਼ਦੂਰ ਅੰਦੋਲਨ’ ਪੰਜਾਬੀ ਵਿਚ ਅਨੁਵਾਦ ਕਰਨ ਲਈ ਦਿੱਤੀ। ਉਹ ਕਿਤਾਬ ਸੰਤੋਖ ਅਨੁਵਾਦ ਕਰਦਾ ਤੇ ਹਰ ਹਫ਼ਤੇ ਉਸ ਦੀ ਅਨੁਵਾਦ ਕੀਤੀ ਕਿਤਾਬ ਦੇ ਅੰਸ਼ ਸੰਤੋਖ ਸਿੰਘ ਦੇ ਨਾਮ ਤੇ ਛਪਦੇ। ਜਿਸ ਨਾਲ ਸੰਤੋਖ ਗਿੱਲ ਨੂੰ ਹੋਰ ਉਤਸ਼ਾਹ ਮਿਲਿਆ। ਉਸ ਤੋਂ ਬਾਅਦ ਸੰਪਾਦਕ ਦੇ ਨਾਮ ਖ਼ਤ ਪੰਜਾਬੀ ਟ੍ਰਿ‌ਬਿਊਨ ਵਿਚ ਛਪ ਜਾਂਦੇ ਸਨ ਤੇ ਹੋਰ ਆਰਟੀਕਲ ਜਾਂ ਖ਼ਬਰਾਂ ਵੀ ਨਵਾਂ ਜ਼ਮਾਨਾ, ਅੱਜ ਦੀ ਅਵਾਜ਼ ਵਿਚ ਛਪ ਜਾਂਦੀਆਂ ਸਨ। ਪਤਨੀ ਜਰਨੈਲ ਕੌਰ (ਗਿੱਲ) ਨਰਸ ਸੀ (ਵਿਆਹ ਦੀ ਕਹਾਣੀ ਅਗਲੇ ਹਿੱਸੇ ਵਿਚ ਦੱਸਾਂਗੇ) ਉਸ ਦੀ ਬਦਲੀ ਕਰਕੇ ਵਾਰ ਵਾਰ ਕਈ ਥਾਵਾਂ ਤੇ ਜਾਣਾ ਪਿਆ। 1988 ਤੋਂ 1990 ਤੱਕ ਠੀਕਰੀਵਾਲਾ ਰਹੇ, ਅੱਤਵਾਦ ਜ਼ੋਰ ਤੇ ਸੀ। ਨਵਾਂ ਜ਼ਮਾਨਾ, ਲੋਕ ਲਹਿਰ, ਅਕਾਲੀ ਪਤ੍ਰਿਕਾ ਆਦਿ ਅਖ਼ਬਾਰਾਂ ਵਿਚ ਲਿਖਦੇ ਸਨ। 1990 ਵਿਚ ਪੱਖੋਵਾਲ ਪੁੱਜ ਗਏ ਉਸ ਤੋਂ ਬਾਅਦ ਖੰਨਾ ਬਦਲੀ ਕਰਵਾ ਲਈ ਤੇ ਉੱਥੋਂ ਹੀ ਲੋਕ ਲਹਿਰ, ਨਵਾਂ ਜ਼ਮਾਨਾ, ਅੱਜ ਦੀ ਅਵਾਜ਼ ਵਿਚ ਛਪਦੇ ਰਹੇ, ਇੱਥੋਂ ਹੀ ਅਧਿਕਾਰਤ ਤੌਰ ਤੇ ਪੱਕੇ ਪੈਰੀਂ ਪੱਤਰਕਾਰੀ ਸ਼ੁਰੂ ਕੀਤੀ, ਲੋਕ ਲਹਿਰ ਲਈ ਕੰਮ ਕਰਨ ਵਾਸਤੇ ਸੁਹੇਲ ਸਿੰਘ ਨੇ ਮਾਲਵਾ ਖੇਤਰ ਦੀਆਂ ਖ਼ਬਰਾਂ ਭੇਜਣ ਲਈ ਅਥਾਰਿਟੀ ਦੇ ਦਿੱਤੀ। 5 ਮਾਰਚ 1993 ਨੂੰ ਆਪਣੇ ਜੱਦੀ ਪਿੰਡ ਕਰੀਬ 13 ਸਾਲਾਂ ਬਾਅਦ ਪੱਕੇ ਤੌਰ ਤੇ ਆਏ। ਪੱਤਰਕਾਰੀ ਜਾਰੀ ਰੱਖੀ। ਜਿਸ ਦੀਆਂ ਕਹਾਣੀਆਂ ਅਗਲੇ ਹਿੱਸੇ ਵਿਚ ਸਾਂਝੀਆਂ ਕਰਾਂਗੇ। 1995 ਵਿਚ ਪੱਕੇ ਤੌਰ ਤੇ ਅੱਜ ਦੀ ਅਵਾਜ਼ ਵਿਚ ਪੱਤਰਕਾਰੀ ਸ਼ੁਰੂ ਕਰ ਲਈ। ਪਿੰਡ ਦੇ ਇਕ ਮੁੱਦੇ ਨਾਲ ਸਬੰਧਿਤ ਇਕ ਖੁੱਲ੍ਹੀ ਚਿੱਠੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਜੋ ਪੰਜਾਬੀ ਟ੍ਰਿਬਿਊਨ, ਅੱਜ ਦੀ ਅਵਾਜ਼, ਨਵਾਂ ਜ਼ਮਾਨਾ ਨੇ ਛਾਪੀ ਤੇ ਉਸ ਚਿੱਠੀ ਦੀ ਕਾਫ਼ੀ ਚਰਚਾ ਹੋਈ।
1996 ਵਿਚ ਦੇਸ਼ ਸੇਵਕ ਸ਼ੁਰੂ ਹੋਇਆ ਫਾਊਂਡਰ ਪੱਤਰਕਾਰਾਂ ਵਿਚ ਸੰਤੋਖ ਗਿੱਲ ਵੀ ਦੇਸ਼ ਸੇਵਕ ਵਿਚ ਪੱਤਰਕਾਰੀ ਕਰਨ ਲੱਗੇ। ਸੰਪਾਦਕ ਗੁਲਜ਼ਾਰ ਸਿੰਘ ਸੰਧੂ ਤੇ ਫੇਰ ਤੇਜਵੰਤ ਗਿੱਲ ਤੇ ਬਾਅਦ ਵਿਚ ਸ਼ਮੀਲ ਹੋਰਾਂ ਨੇ ਡਿਊਟੀ ਸੰਭਾਲੀ ਤੇ ਪੱਤਰਕਾਰੀ ਵਿਚ ਨਿਖਾਰ ਸ਼ਮੀਲ ਹੋਰਾਂ ਨੇ ਲਿਆਂਦਾ ਤੇ ਦੇਸ਼ ਸੇਵਕ ਤੇ ਫ਼ਰੰਟ ਪੇਜ ਤੇ ਛਪੀਆਂ ਖ਼ਬਰਾਂ ਨੇ ਬਹੁਤ ਚਰਚਾ ਕਰਵਾਈ।
2004 ਵਿਚ ਸ਼ਿੰਗਾਰਾ ਸਿੰਘ ਭੁੱਲਰ ਰਾਹੀਂ ਪੰਜਾਬੀ ਟ੍ਰਿਬਿਊਨ ਵਿਚ ਵੀ ਦੇਸ਼ ਸੇਵਕ ਦੇ ਨਾਲ ਨਾਲ ਪੱਤਰਕਾਰੀ ਕਰਨੀ ਸ਼ੁਰੂ ਕੀਤੀ। ਉਸ ਤੋਂ ਬਾਅਦ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਬਣੇ ਸਿੱਧੂ ਦਮਦਮੀ ਸਮੇਂ ਕਿਸੇ ਗੱਲੋਂ ਮਨਮੁਟਾਵ ਹੋ ਗਿਆ। ਸੰਤੋਖ ਗਿੱਲ ਕਹਿੰਦੇ ਹਨ ਕਿ ‘ਮੈਂ ਪੰਜਾਬੀ ਟ੍ਰਿਬਿਊਨ 2010 ਵਿਚ ਛੱਡ ਦਿੱਤਾ। ਪਰ ਡਾ. ਸਵਰਾਜ ਬੀਰ ਹੋਰਾਂ ਦੇ ਮੌਕੇ 2019 ਵਿਚ ਪੰਜਾਬੀ ਟ੍ਰਿਬਿਊਨ ਫੇਰ ਜੁਆਇਨ ਕੀਤਾ। -ਵਿਆਹ ਦੀ ਦਿਲਚਸਪ ਕਹਾਣੀ-
ਜਰਨੈਲ ਕੌਰ ਨਾਲ ਵਿਆਹ ਤੋਂ ਪਹਿਲਾਂ ਹੀ ਸੰਤੋਖ ਗਿੱਲ ਦਾ ਪਿਆਰ ਹੋ‌ਗਿਆ ਸੀ। ਜਰਨੈਲ ਕੌਰ (ਗਿੱਲ) ਵੀ ਸੰਘਰਸ਼ੀ ਬੀਬੀ ਹੈ। ਕਾਮਰੇਡਾਂ ਕੋਲ ਸ਼ਿਕਾਇਤ ਹੋਈ ਕਿ ਸੰਤੋਖ ਕਿਸੇ ਕੁੜੀ ਨਾਲ ਮਿਲਦਾ ਹੈ ਤਾਂ ਕਾਮਰੇਡਾਂ ਨੇ ਕਿਹਾ ਕਿ ਜਾਂ ਤਾਂ ਵਿਆਹ ਕਰਵਾ ਲਓ ਜਾਂ ਫਿਰ ਕਿਸੇ ਕੁੜੀ ਨੂੰ ਇੰਜ ਨਹੀਂ ਮਿਲਣਾ। ਜਰਨੈਲ ਕੌਰ ਹਰ ਤਰ੍ਹਾਂ ਨਾਲ ਸਹਿਮਤ ਸੀ, ਕਾਮਰੇਡਾਂ ਨੇ ਕਿਹਾ ਕਿ ਚੰਡੀਗੜ੍ਹ ਕਾਮਰੇਡ ਭਾਗ ਸਿੰਘ ਸੱਜਣ ਕੋਲ ਜਾਓ, ਇਸ ਮਾਮਲੇ ਵਿਚ ਕਾਮ. ਸੱਜਣ ਹੋਰਾਂ ਨੇ ਪੂਰੀ ਮਦਦ ਕੀਤੀ ਕੇ ਮੈਜਿਸਟਰੇਟ ਕੋਲ ਪੇਸ਼ ਹੋਏ ਤਾਂ ਉਨ੍ਹਾਂ ਨੇ ਨੋਟਿਸ ਬੋਰਡ ਤੇ ਸੰਤੋਖ ਗਿੱਲ ਤੇ ਜਰਨੈਲ ਕੌਰ ਦੀਆਂ ਫ਼ੋਟੋਆਂ ਲਗਾ ਦਿੱਤੀਆਂ , ਜਿਸ ਤੇ ਇਬਾਰਤ ਸੀ ਕਿ ਜੇਕਰ ਕਿਸੇ ਨੂੰ ਸੰਤੋਖ ਸਿੰਘ ਤੇ ਜਰਨੈਲ ਕੌਰ ਦੇ ਵਿਆਹ ਦਾ ਇਤਰਾਜ਼ ਹੋਵੇ ਤਾਂ ਉਹ ਸਪਸ਼ਟ ਕਰੇ। ਵਿਆਹ ਰਜਿਸਟ੍ਰੇਸ਼ਨ ਦੀ ਤਰੀਕ 4 ਜੂਨ 1986 ਰੱਖੀ ਗਈ। 4 ਜੂਨ ਨੂੰ ਸ਼ਿਮਲਾ ਦੇ ਰੋਡਵੇਜ਼ ਦੇ ਪਾਸ ਲੈ ਕੇ ਸੰਤੋਖ ਸਿੰਘ ਤੇ ਜਰਨੈਲ ਕੌਰ ਚੰਡੀਗੜ੍ਹ ਮੈਜਿਸਟ੍ਰੇਟ ਦੇ ਦਫ਼ਤਰ ਪਹੁੰਚ ਗਏ ਪਰ ਉਸ ਦਿਨ ਮੈਜਿਸਟ੍ਰੇਟ ਗੈਰ ਹਾਜ਼ਰ ਸਨ, ਅਗਲੀ ਤਰੀਕ 16 ਜੂਨ ਰੱਖੀ ਗਈ, ਦਿਲ ਦੇ ਅਰਮਾਨ ਧਰੇ ਧਰਾਏ ਰਹਿ ਗਏ। ਪਰ ਇਹ ਅਰਮਾਨ ਕਾ. ਭਾਗ ਸਿੰਘ ਸੱਜਣ ਨੇ ਫਿੱਕੇ ਨਹੀਂ ਪੈਣ ਦਿੱਤੇ। ਉਨ੍ਹਾਂ ਕਿਹਾ ‘ਰਜਿਸਟ੍ਰੇਸ਼ਨ ਤਾਂ ਕਾਗ਼ਜ਼ੀ ਪੱਤਰੀਂ ਹੋਣੀ ਹੈ ਵਿਆਹ ਤਾਂ ਤੁਹਾਡਾ ਹੋ ਹੀ ਗਿਆ ਹੈ। ਮੀਆਂ ਬੀਬੀ ਰਾਜ਼ੀ ਤਾਂ ਕੀ ਕਰੇਗਾ ਕਾਜ਼ੀ, ਆਓ ਦਿਓ ਪਾਰਟੀ ਤੇ ਜਾਓ ਸ਼ਿਮਲੇ.. ਵਿਆਹ ਦਾ ਦਿਨ ਫਿੱਕਾ ਨਾ ਪੈਣ ਦਿਓ’ ਉਸੇ ਦਿਨ ਵਿਆਹ ਹੋਇਆ ਸਮਝ ਕੇ ਸੰਤੋਖ ਹੋਰਾਂ ਨੇ ਕਾਮਰੇਡਾਂ ਨੂੰ ਪਾਰਟੀ ਦਿੱਤੀ ਤੇ ਸ਼ਿਮਲਾ ਲਈ ਬੱਸ ਚੜ ਗਏ। ਪਰ ਸ਼ਿਮਲਾ ਵਿਚ ਵੀ ਮਜ਼ਦੂਰਾਂ ਨੇ ਹੜਤਾਲ ਕਰ ਦਿੱਤੀ। ਕਹਾਣੀ ਤਾਂ ਵੱਡੀ ਹੈ ਪਰ 16 ਜੂਨ 1986 ਨੂੰ ਬਾਕਾਇਦਾ ਸਪੈਸ਼ਲ ਮੈਰਿਜ ਐਕਟ ਤਹਿਤ ਵਿਆਹ ਹੋ ਗਿਆ। ਪਰ ਇਹ ‌ਵਿਆਹ ਦਾ ਐਲਾਨ ਨਾ ਕੀਤਾ। ਜਰਨੈਲ ਕੌਰ ਤੇ ਮਾਪੇ ਮਨਾਉਣੇ ਸਨ, ਕਈ ਸੰਕਟਾਂ, ਅੜਚਣਾਂ ਤੋਂ ਬਾਅਦ ਜਰਨੈਲ ਕੌਰ ਦੇ ਮਾਪੇ ਵੀ ਮੰਨ ਗਏ ਤੇ 9 ਨਵੰਬਰ 1986 ਨੂੰ ਜਰਨੈਲ ਕੌਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਲਾਵਾਂ ਪੜ੍ਹੀਆਂ ਤੇ ਬਾਬੇ ਦੇ ਚਰਨਾ ਵਿਚ ਵਿਆਹ ਹੋ ਗਿਆ। ਹੁਣ ਜਰਨੈਲ ਕੌਰ ਤੋਂ ਜਰਨੈਲ ਗਿੱਲ ਬਣ ਗਈ ਸੀ। -ਜਰਨੈਲ ਗਿੱਲ ਦੀ ਸੰਘਰਸ਼ੀ ਕਹਾਣੀ-
ਜਰਨੈਲ ਗਿੱਲ ਜਦੋਂ ਪ‌ਟਿਆਲਾ ਵਿਚ ਨਰਸਿੰਗ ਕਰਦੇ ਸਨ ਤਾਂ ਉਸ ਵੇਲੇ ਵੱਡਾ ਸੰਘਰਸ਼ ਚੱਲਿਆ, ਜਿਸ ਵਿਚ ਜਰਨੈਲ ਨੇ ਅਹਿਮ ਰੋਲ ਨਿਭਾਇਆ। ਮੈਡੀਕਲ ਬੰਦ ਰਿਹਾ, ਗ੍ਰਿਫ਼ਤਾਰ ਵੀ ਕੀਤਾ ਗਿਆ। ਸੰਘਰਸ਼ ਦਾ ਮੁੱਲ ਇਹ ਉਤਾਰਨਾ ਪਿਆ ਕਿ ਜਦੋਂ ਗਵਰਨਰੀ ਰਾਜ ਪੰਜਾਬ ਤੇ ਆਇਆ ਤਾਂ ਜਰਨੈਲ ਹੋਰਾਂ ਨੂੰ ਬਹਾਲ ਤਾਂ ਕਰ ਦਿੱਤਾ ਪਰ ਸਜਾ ਦੇ ਤੌਰ ਤੇ ਟਰੇਨਿੰਗ ਪੂਰੀ ਕਰਨ ਲਈ ਅੰਮ੍ਰਿਤਸਰ ਭੇਜ ਦਿੱਤਾ। ਜਦੋਂ ਜਰਨੈਲ ਨੂੰ ਨੌਕਰੀ ਮਿਲੀ ਤਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਘਾਵਦਾਂ ਵਿਚ ਪੋਸਟਿੰਗ ਹੋਈ। 1987 ਵਿਚ ਸੰਗਰੂਰ ਆ ਗਏ। ਜਰਨੈਲ ਦੇ ਜਿਵੇਂ ਸੰਘਰਸ਼ ਖ਼ੂਨ ਵਿਚ ਸੀ, ਇੱਥੇ ਵੀ ਨਰਸਾਂ ਦੀ ਲੀਡਰ ਬਣ ਗਈ। ਇੱਥੇ ਵੀ ਹੜਤਾਲ ਚੱਲੀ, ਉਸ ਵੇਲੇ ਵੀ ਕਹਿਰ ਦਾ ਸਮਾਂ ਸੀ ਕੇ ਜਰਨੈਲ ਨੂੰ ਬੁੜੈਲ ਜੇਲ੍ਹ ਵਿਚ ਵੀ ਰਹਿਣਾ ਪਿਆ। ਉਸ ਵੇਲੇ ਜਰਨੈਲ ਗਰਭਵਤੀ ਸੀ, ਪ੍ਰਸੂਤ ਪੀੜਾ ਹੋਈ ਤਾਂ ਹਸਪਤਾਲ ਵਿਚ ਲੈ ਗਏ ਤਾਂ ਉਸ ਵੇਲੇ 11 ਨਵੰਬਰ 1987 ਨੂੰ 11 ਵਜੇ ਗੋਰਕੀ ਨੇ ਜਨਮ ਲਿਆ। ਸੰਤੋਖ ਗਿੱਲ ਨੇ ਸੀਟੂ ਤੇ ਪਾਰਟੀ ਦਾ ਹੋਲਡ ਟਾਈਮ ਕੰਮ ਕਰਨਾ ਬੰਦ ਕਰ ਦਿੱਤਾ ਸੀ। -ਅੱਤਵਾਦੀਆਂ ਦੇ ਨਿਸ਼ਾਨੇ ਤੇ ਆਏ-
1988 ਤੋਂ 1990 ਤੱਕ ਠੀਕਰੀਵਾਲਾ ਵਿਚ ਜਰਨੈਲ ਗਿੱਲ ਦੀ ਪੋਸਟਿੰਗ ਰਹੀ। ਅੱਤਵਾਦੀਆਂ ਬਾਰੇ ਸੰਤੋਖ ਗਿੱਲ ਨਵਾਂ ਜ਼ਮਾਨਾ, ਅੱਜ ਦੀ ਅਵਾਜ਼, ਅਕਾਲੀ ਪਤ੍ਰਿਕਾ ਆਦਿ ਅਖ਼ਬਾਰਾਂ ਵਿਚ ਛਪਦੇ ਸੀ। ਕਈ ਰਿਪੋਰਟਾਂ ਅੱਤਵਾਦੀਆਂ ਦੇ ਖ਼ਿਲਾਫ਼ ਵੀ ਛਪ ਗਈਆਂ, ਕਾਮਰੇਡਾਂ ਨੇ ਉਸ ਵੇਲੇ ਅੱਤਵਾਦੀਆਂ ਦੀ ਕਾਫ਼ੀ ਖ਼ਿਲਾਫ਼ਤ ਕੀਤੀ ਜਿਸ ਕਰਕੇ ਅੱਤਵਾਦੀਆਂ ਨੇ ਕਈ ਸਾਰੇ ਕਾਮਰੇਡ ਮਾਰ ਦਿੱਤੇ ਸਨ। ਅੱਤਵਾਦੀਆਂ ਖ਼ਿਲਾਫ਼ ਲਿਖਣ ਕਰਕੇ ਸੰਤੋਖ ਗਿੱਲ ਅੱਤਵਾਦੀਆਂ ਦੇ ਨਿਸ਼ਾਨੇ ਤੇ ਆ ਗਏ। ਅੱਤਵਾਦੀਆਂ ਤੇ ਤਿੰਨ ਵਾਰ ਸੰਤੋਖ ਗਿੱਲ ਤੇ ਹਮਲੇ ਹੋਏ। ਇਕ ਦਿਨ ਕਾਲਜ ਦੇ ਬਾਹਰ ਗੇਟ ਤੇ ਅੱਤਵਾਦੀਆਂ ਨੇ ਇਕ ਬੀਬੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਉਸ ਤੋਂ ਬਾਅਦ ਇਕ ਦਿਨ ਸੰਗਰੂਰ ਦੇ ਐਸਐਸਪੀ ਨੇ ਦਫ਼ਤਰ ਬੁਲਾਇਆ, ਉਹ ਸੰਤੋਖ ਗਿੱਲ ਨੂੰ ਕਹਿਣ ਲੱਗੇ ਕਿ ਅੱਤਵਾਦੀਆਂ ਨੇ ਕੋਈ ਹੋਰ ਬੀਬੀ ਦਾ ਕਤਲ ਕਰ ਦਿੱਤਾ ਹੈ ਪਰ ਉਹ ਕਤਲ ਤੁਹਾਡੀ ਪਤਨੀ ਜਰਨੈਲ ਕੌਰ ਦਾ ਹੋਣਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਤੁਹਾਡਾ ਬੱਚਾ ਸਕੂਲ ਪੜ੍ਹਦਾ ਹੈ, ਪਰ ਗੋਰਕੀ ਉਸ ਵੇਲੇ ਢਾਈ ਸਾਲ ਦਾ ਸੀ, ਸਕੂਲ ਨਹੀਂ ਪੜ੍ਹਦਾ ਸੀ। ਉਹ ਤਾਂ ਸਕੂਲ ਵਿਚ ਇਕ ਗੁਆਂਢੀ ਬੀਬੀ ਨਾਲ ਚਲਾ ਜਾਂਦਾ ਸੀ, ਪਰ ਐਸਐਸਪੀ ਨੇ ਕਿਹਾ ਉਹ ਵੀ ਅੱਤਵਾਦੀਆਂ ਦੇ ਨਿਸ਼ਾਨੇ ਤੇ ਹੈ ਉਸ ਤੋਂ ਬਾਅਦ ਗੋਰਕੀ ਦਾ ਸਕੂਲ ਵਿਚ ਜਾਣਾ ਵੀ ਬੰਦ ਹੋ ਗਿਆ। ਅੱਤਵਾਦੀਆਂ ਵੱਲੋਂ ਮਾਰੇ ਜਾਣ ਦੇ ਮਿਲੇ ਸੰਕੇਤਾਂ ਕਰਕੇ 19 ਜਨਵਰੀ 1990 ਨੂੰ ਅੱਧੀ ਰਾਤ ਨੂੰ ਠੀਕਰੀਵਾਲਾ ਛੱਡਿਆ ਤੇ ਪੱਖੋਵਾਲ ਪੁੱਜੇ, ਉੱਥੇ ਵੀ ਅੱਤਵਾਦੀਆਂ ਨੇ ਫੱਲੇਵਾਦ ਦਾ ਮੁੰਡਾ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਜੋ ਪਹਿਲਾਂ ਅੱਤਵਾਦੀ ਹੀ ਸੀ ਪਰ ਉਸ ਤੇ ਦੋਸ਼ ਲੱਗੇ ਕਿ ਉਹ ਮੁਖਵਰ ਬਣ ਗਿਆ ਹੈ ਤਾਂ ਉਸ ਦੀ ਜਾਨ ਚਲੀ ਗਈ। ਉੱਥੋਂ ਹੀ ਖੰਨਾ ਦੀ ਪੋਸਟਿੰਗ ਹੋਈ। -ਜੱਦੀ ਪਿੰਡ ਗੁਰੂਸਰ ਸੁਧਾਰ ਆਉਣ ਤੋਂ ਬਾਅਦ ਪੱਤਰਕਾਰੀ-
15 ਮਾਰਚ 1993 ਨੂੰ ਜੱਦੀ ਪਿੰਡ ਗੁਰੂਸਰ ਸੁਧਾਰ ਪੁੱਜੇ, ਦੋ ਸਾਲ ਚੁੱਪ ਦੇ ਆਗੋਸ਼ ਵਿਚ ਹੀ ਸੀ। ਪਰ ਇੱਥੇ ਹੀ ਇਕ ਘਟਨਾ ਨੇ ਸੰਤੋਖ ਗਿੱਲ ਦੀ ਜ਼ਿੰਦਗੀ ਨੂੰ ਪੀੜਤ ਲੋਕਾਂ ਦੇ ਪੱਖ ਵਿਚ ਖੜਨ ਵਾਲਾ ਪੱਤਰਕਾਰ ਬਣਾਇਆ। ਗੁਰੂਸਰ ਸੁਧਾਰ ‌ਵਿਚ ਗੁਰੂ ਹਰਗੋਬਿੰਦ ਸਿੰਘ ਜੀ 6 ਮਹੀਨੇ ਬਿਰਾਜਮਾਨ ਰਹੇ। ਇੱਥੋਂ ਹੀ ਗੁਰੂ ਸਾਹਿਬ ਨੇ ਵਿਧੀ ਚੰਦ ਨੂੰ ਘੋੜੇ ਲੈਣ ਲਈ ਭੇਜਿਆ ਸੀ। ਇਸ ਇਲਾਕੇ ਵਿਚ ਕੰਡਿਆਲਾ ਜੰਗਲ ਹੁੰਦਾ ਸੀ। ਭਾਈ ਜਵੰਦਾ ਜੀ ਇਸ ਇਲਾਕੇ ਦੇ ਜੰਗਲਾਂ ਦੀਆਂ ਡੰਡੀਆਂ ਤੇ ਰਸਤੇ ਜਾਣਦੇ ਸਨ। ਉਹ ਇਕ ਦਿਨ ਗੁਰੂ ਸਾਹਿਬ ਨੂੰ ਜੰਗਲ ਦਾ ਰਸਤਾ ਦਿਖਾਉਂਦੇ ਜੰਗਲ ਵਿਚ ਗੁਰੂ ਸਾਹਿਬ ਦੇ ਘੋੜੇ ਦੇ ਅੱਗੇ ਅੱਗੇ ਚੱਲਦੇ ਗਏ। ਭਾਈ ਜਵੰਦਾ ਜੀ ਦੇ ਪੈਰ ਲਹੂ ਲੋਹਾਣ ਹੋ ਗਏ। ਗੁਰੂ ਸਾਹਿਬ ਦੇਖ ਕੇ ਹੈਰਾਨ ਹੋ ਗਏ। ਗੁਰੂ ਸਾਹਿਬ ਨੇ ਆਪਣੀ ਜੁੱਤੀ (ਜੋੜਾ) ਭਾਈ ਜਵੰਦਾ ਜੀ ਨੂੰ ਦਿੱਤਾ ਤੇ ਕਿਹਾ ‘ਭਾਈ ਤੇਰੇ ਪੈਰ ਕੰਡਿਆ ਕਰਕੇ ਲਹੂ ਲੋਹਾਣ ਹੋ ਗਏ ਹਨ ਇਹ ਜੋੜਾ ਪਾ ਲੈ’ ਪਰ ਭਾਈ ਜਵੰਦਾ ਨੇ ਉਹ ਜੋੜਾ ਪੈਰਾਂ ਵਿਚ ਨਹੀਂ ਪਾਇਆ ਸਗੋਂ ਸਿਰ ਤੇ ਰੱਖ ਲਿਆ, ਗੁਰੂ ਸਾਹਿਬ ਦੇ ਜ਼ੋਰ ਪਾਉਣ ਤੇ ਵੀ ਨਹੀਂ । ਉਹ ਜੋੜਾ ਗੁਰੂ ਸਰ ਸੁਧਾਰ ਵਿਚ ਅੱਜ ਵੀ ਪਿਆ ਹੈ। ਖ਼ਬਰ ਕੀ ਬਣੀ? ਖ਼ਬਰ ਇੱਥੋਂ ਸ਼ੁਰੂ ਹੁੰਦੀ ਹੈ। ਲੋਕਾਂ ਵਿਚ ਭਾਵਨਾ ਇਹ ਬਣੀ ਕਿ ਜੋੜੇ ਦੇ ਦਰਸ਼ਨ ਕਰਕੇ ਲੋਕਾਂ ਦੀਆਂ ਸੁੱਖਾਂ ਵਰ ਆਉਣ ਲੱਗ ਪਈਆਂ, ਤਾਂ ਲੋਕ ਇਸ ਜੋੜੇ ਨੂੰ ਆਪਣੇ ਘਰ ਲੈ ਜਾਂਦੇ ਤੇ ਉਸ ਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਾਉਂਦੇ, ਇੱਥੇ ਵਿਤਕਰਾ ਇਹ ਸੀ ਕਿ ਦਲਿਤ ਲੋਕ ਇੱਥੇ ਜੋੜੇ ਕੋਲ ਦੇਗ ਤਾਂ ਕਰਵਾ ਕੇ ਮੱਥਾ ਟੇਕ ਸਕਦੇ ਸਨ ਪਰ ਆਮ ਜੱਟਾਂ ਤੇ ਉੱਚੀਆਂ ਜਾਤਾਂ ਦੇ ਲੋਕਾਂ ਵਾਂਗ ਜੋੜਾ ਆਪਣੇ ਘਰ ਲੈ ਜਾ ਕੇ ਉਸ ਨਾਲ ਆਪਣੀ ਸ਼ਰਧਾ ਪੂਰੀ ਨਹੀਂ ਕਰ ਸਕਦੇ ਸਨ। ਇਹ ਵਿਤਕਰਾ ਦੇਖ ਕੇ ਸੰਤੋਖ ਗਿੱਲ ਦੇ ਅੰਦਰਲਾ ਪੱਤਰਕਾਰ ਜਾਗ ਪਿਆ। ਉਸ ਨੇ ਇਸ ਵਿਤਕਰੇ ਦੀ ਸਾਰੀ ਕਹਾਣੀ ਬਿਆਨ ਕਰਦਿਆਂ ਇਕ ਖੁੱਲ੍ਹਾ ਖ਼ਤ 25 ਨਵੰਬਰ 1995 ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਿਆ। ਇਹ ਖ਼ਤ ਨਵਾਂ ਜ਼ਮਾਨਾ, ਪੰਜਾਬੀ ਟ੍ਰਿਬਿਊਨ ਤੇ ਅੱਜ ਦੀ ਅਵਾਜ਼ ਨੇ ਪ੍ਰਕਾਸ਼ਿਤ ਕੀਤਾ। ਖ਼ਤ ਵਿਚ ਲਿਖਿਆ ਕਿ ‘ਗੁਰੂ ਸਾਹਿਬ ਦਾ ਇਹ ਜੋੜਾ ਕਿਸੇ ‘ਚਮਾਰ’ ਨੇ ਬਣਾਇਆ ਹੋਵੇਗਾ ਪਰ ‘ਚਮਾਰਾਂ’ ਨੂੰ ਇਸ ਜੋੜੇ ਨੂੰ ਹੱਥ ਲਗਾਉਣ ਦੀ ਇਜਾਜ਼ਤ ਨਹੀਂ ਹੈ?’ ਇਸ ਖ਼ਤ ਨਾਲ ਇਲਾਕੇ ਵਿਚ ਭੁਚਾਲ ਆ ਗਿਆ। ਸੰਤੋਖ ਗਿੱਲ ਕਹਿੰਦਾ ਹੈ ‘ਜਥੇਦਾਰ ਮਨਜੀਤ ਸਿੰਘ ਨੇ ਇਸ ਖ਼ਤ ਦਾ ਕੋਈ ਜਵਾਬ ਨਹੀਂ ਦਿੱਤਾ’। -ਕੋਰਟ ਕੇਸ.. ਲੀਗਲ ਨੋਟਿਸ.. ਧਮਕੀਆਂ-
ਖੰਨੇ ਵਿਚ ਪੱਤਰਕਾਰੀ ਕੀਤੀ, ਧਮਾਕੇਦਾਰ ਪੱਤਰਕਾਰੀ ਕਰਕੇ ਕਾਫ਼ੀ ਨਾਮ ਬਣ ਗਿਆ। ਇੱਥੇ ਸਿਵਲ ਹਸਪਤਾਲ ਵਿਚ ਡਾਕਟਰ ਦੀਆਂ ਬੇਨਿਯਮੀਆਂ ਦੀ ਰਿਪੋਰਟ ਪ੍ਰਕਾਸ਼ਿਤ ਹੋਈ ਤਾਂ ਉਸ ਨੇ ਮਾਣਹਾਨੀ ਦਾ ਕੇਸ ਕੀਤਾ ਜੋ 8 ਸਾਲ ਚੱਲਿਆ ਤੇ ਡਾਕਟਰ ਹਾਰ ਗਿਆ। ਕੋਰਟ ਨੋਟਿਸਾਂ ਦੀ ਗਿਣਤੀ ਨਹੀਂ ਹੈ, ਅਜਿਹਾ ਵੀ ਹੁੰਦਾ ਰਿਹਾ ਕਿ ਕਈ ਵਾਰੀ ਕੋਰਟ ਨੋਟਿਸ ਦੇਣ ਵਾਲੀ ਪਾਰਟੀ ਡਾਕੀਏ ਦੇ ਨਾਲ ਹੀ ਆ ਜਾਂਦੀ ਤਾਂ ਸੰਤੋਖ ਉਹ ਕੋਰਟ ਨੋਟਿਸ ਉਨ੍ਹਾਂ ਦੇ ਸਾਹਮਣੇ ਹੀ ਲੈ ਕੇ ਫਾੜ ਦਿੰਦਾ। -ਬਲਾਤਕਾਰੀ ਸੰਤੋਖ ਗਿੱਲ?-
ਇਹ ਨਹੀਂ ਕਿ ਪੁਲੀਸ ਵੱਲੋਂ ਜਾਰੀ ਕੀਤੇ ਪ੍ਰੈੱਸ ਨੋਟ ਹੀ ਲਾਉਣੇ ਹਨ, ਸੰਤੋਖ ਗਿੱਲ ਪੁਲੀਸ ਦੀਆਂ ਬੇਨਿਯਮੀਆਂ ਦੀਆਂ ਖ਼ਬਰਾਂ ਲਾਉਣ ਵਿਚ ਵੀ ਮਸ਼ਹੂਰ ਹੈ ਤੇ ਚਰਚਿਤ ਪੱਤਰਕਾਰ ਹੈ। ਪੁਲੀਸ ਖ਼ਿਲਾਫ਼ ਲੱਗਦੀਆਂ ਖ਼ਬਰਾਂ ਤੋਂ ਪੁਲੀਸ ਬੜਾ ਤੰਗ ਹੋਈ, ਤੇ ਇਕ ਔਰਤ ਕਿਤੋਂ ਅੰਬਰਾਂ ਤੋਂ ਲਿਆਂਦੀ, ਜਿਸ ਦੇ ਦਰਸ਼ਨ ਕਦੇ ਵੀ ਕਿਸੇ ਨੂੰ ਨਹੀਂ ਹੋਏ, ਕਿਸੇ ਨੂੰ ਤਾਂ ਕੀ ਹੋਣੇ ਸਨ ਉਸ ਦੇ ਦਰਸ਼ਨ ਕਦੇ ਸੰਤੋਖ ਗਿੱਲ ਨੂੰ ਵੀ ਨਹੀਂ ਹੋਏ। ਉਸ ਅਦਿੱਖ ਔਰਤ ਦੇ ਨਾਮ ਤੇ ਪੁਲੀਸ ਨੇ ਸੰਤੋਖ ਗਿੱਲ ਤੇ ਬਲਾਤਕਾਰ ਦਾ ਪਰਚਾ ਦਰਜ ਕਰ ਦਿੱਤਾ। ਪਰ ਚਾਰ ਜ਼ਿਲ੍ਹਿਆਂ ਤੇ ਪੱਤਰਕਾਰਾਂ ਨੇ ਮੋਢੇ ਨਾਲ ਮੋਢਾ ਲਾਇਆ। ਤੇ ਦੂਜੇ ਦਿਨ ਹੀ ਲੁਧਿਆਣਾ ਦੇ ਤਤਕਾਲੀ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਪਰਚਾ ਰੱਦ ਕਰਨ ਬਾਰੇ ਕਿਹਾ ਪਰ ਫੇਰ ਵੀ ਕਾਨੂੰਨੀ ਕਾਰਨਾਂ ਕਰਕੇ ਉਹ ਪਰਚਾ 2012 ਵਿਚ ਖ਼ਾਰਜ ਹੋਇਆ। -ਡਾਕੂ ਬਣਿਆ ਸੰਤੋਖ ਗਿੱਲ?-
ਮਸ਼ੀਨਾਂ ਦੇ ਟੂਲ ਲੈ ਕੇ ਗੁਜਰਾਤ ਜਾ ਰਹੇ ਟਰੱਕ ਨੂੰ ਰਾਏਕੋਟ ਦੀ ਪੁਲੀਸ ਨੇ ਫੜ ਲਿਆ, ਪਰ ਉਸ ਟਰੱਕ ਵਿਚ ਮਹਿੰਗੇ ਟੂਲ ਰਾਤੋ ਰਾਤ ਅਮੀਰ ਮਾਲਕਾਂ ਨੇ ਕੱਢ ਲਏ, ਜਿਸ ਦੀ ਰਿਪੋਰਟ ਦੇਸ਼ ਸੇਵਕ ਵਿਚ ਸੰਤੋਖ ਗਿੱਲ ਨੇ ਲਾਈ ਤਾਂ ਪੁਲੀਸ ਦੇ ਐਸਐਚਓ, ਐਡੀਸ਼ਨਲ ਐਸਐਚਓ ਤੇ ਮੁਨਸ਼ੀ ਦੀ ਪੜਤਾਲ ਹੋਈ ਤੇ ਉਨ੍ਹਾਂ ਨੂੰ ਆਪਣੇ ਹੀ ਥਾਣੇ ਦੀ ਹਵਾਲਾਤ ਵਿਚ ਬੰਦ ਹੋਣਾ ਪਿਆ ਤੇ ਜੇਲ੍ਹ ਜਾਣਾ ਪਿਆ, ਉਨ੍ਹਾਂ ਨੇ ਇਕ ਵਿਕਾਊ ਪੱਤਰਕਾਰ ਨਾਲ ਗੰਢ ਤੁਪ ਕਰਕੇ ਸੰਤੋਖ ਗਿੱਲ ਤੇ 2000 ਰੁਪਏ ਦਾ ਡਾਕਾ ਮਾਰਨ ਦਾ ਪਰਚਾ ਦਰਜ ਕਰਵਾਇਆ, ਜਿਸ ਵਿਚ 5 ਬੰਦੇ ਨਾਮ ਸਮੇਤ ਤੇ 11 ਬੰਦੇ ਬੇਨਾਮੇ ਪਾਏ ਗਏ। ਉਲਟਾ ਪਰਚਾ ਸੰਤੋਖ ਗਿੱਲ ਤੇ ਸਾਥੀਆਂ ਨੇ ਪੱਤਰਕਾਰ ਤੇ ਵੀ ਕਰਵਾ ਦਿੱਤਾ। ਪੱਤਰਕਾਰ ਇਕ ਦਿਨ ਮਰ ਗਿਆ ਤਾਂ ਇਹ ਪਰਚਾ ਵੀ ਰੱਦ ਹੋ ਗਿਆ। -ਪੇਪਰ ਲੀਕ ਦੀ ਖ਼ਬਰ ਇਕ ਦਿਨ ਪਹਿਲਾਂ ਛਾਪੀ-
2003 ਦੀ ਗੱਲ ਹੈ ਕਿ ਨਰਸਿੰਗ ਦਾ ਪੇਪਰ ਹੋਣਾ ਸੀ, ਉਹ ਲੀਕ ਹੋ ਗਿਆ ਤੇ ਉਸ ਦੀ ਰਿਪੋਰਟ ਦੇਸ਼ ਸੇਵਕ ਤੇ ਫ਼ਰੰਟ ਪੇਜ ਤੇ ਲੱਗੀ, ਉਸ ਰਿਪੋਰਟ ਵਿਚ ਪੇਪਰ ਦੇ ਪ੍ਰਸ਼ਨ ਵੀ ਅੰਕਿਤ ਕਰ ਦਿੱਤੇ ਗਏ। ਦੂਜੇ ਦਿਨ ਜੋ ਨਰਸਿੰਗ ਦਾ ਪ੍ਰਸ਼ਨ ਪੇਪਰ ਆਇਆ ਉਹ ਸੰਤੋਖ ਗਿੱਲ ਵਲੋਂ ਖਬਰ ਵਿਚ ਅੰਕਿਤ ਕੀਤੇ ਪ੍ਰਸ਼ਨ ਪੱਤਰ ਵਾਲਾ ਹੀ ਸੀ। ਉਸ ਰਿਪੋਰਟ ਨਾਲ ਕਈਆਂ ਨੂੰ ਸਜਾਵਾਂ ਵੀ ਹੋਈਆਂ। -ਦੋ ਦਲਿਤ ਬੱਚਿਆਂ ਦੀ ਦਰਦਨਾਕ ਕਹਾਣੀ-
ਖਬਰਾਂ ਦੀਆਂ ਕਹਾਣੀਆਂ ਬਹੁਤ ਹਨ, ਜਿਵੇਂ ਕਿ ਪਿੰਡ ਚੱਕ ਭਾਈਕਾ ਦੀ ਕਹਾਣੀ ਹੈ ਕਿ ਇੱਥੇ ਗੁਰਦੁਆਰਾ ਸਾਹਿਬ ਤੇ ਨਾਲ ਭਾਈਕੇ ਦੀਆਂ ਸਮਾਧਾਂ ਹਨ ਉੱਥੇ ਗੋਲਕਾਂ ਰੱਖੀਆਂ ਹਨ ਪਿੰਡ ਦੇ ਗ਼ਰੀਬ ਦਲਿਤਾਂ ਦੇ ਬੱਚੇ ਇਕ 7 ਸਾਲ ਦਾ ਇਕ 9 ਸਾਲ ਦਾ। ਇਨ੍ਹਾਂ ਬੱਚਿਆਂ ਨੇ ਗੋਲਕ ਵਿਚੋਂ 30 ਰੁਪਏ ਚੋਰੀ ਕਰਕੇ ਖ਼ਰਚ ਦਿੱਤੇ। ਪਿੰਡ ਦੇ ਜੱਟ ਚੌਧਰੀਆਂ ਨੂੰ ਪਤਾ ਲੱਗਾ ਤਾਂ ਚੌਧਰੀਆਂ ਨੇ ਬੱਚਿਆਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਉਲਟਾ ਲਟਕਾਇਆ ਦੇ ਜਾਲਮੀਅਤ ਤਰੀਕੇ ਨਾਲ ਕੁਟਿਆ, ਬੱਚਿਆਂ ਦੀਆਂ ਮਾਂਵਾਂ ਮਿੰਨਤਾਂ ਕਰਦੀਆਂ ਰਹੀਆਂ, ਕਿ ਇਨ੍ਹਾਂ ਨੂੰ ਛੱਡ ‌ਦਿਓ ਉਹ 30 ਰੁਪਏ ਦੀ ਥਾਂ 60 ਰੁਪਏ ਦੇ ਦੇਣਗੀਆਂ। ਪਰ ਚੌਧਰੀਆਂ ਨੇ ਬੱਚਿਆਂ ਨੂੰ ਪਿੰਡ ਵਿਚ ਭਜਾਇਆ ਤੇ ਬੁਰੀ ਤਰ੍ਹਾਂ ਕੁੱਟਿਆ। ਉਸ ਖ਼ਬਰ ਦਾ ਸੰਤੋਖ ਗਿੱਲ ਨੂੰ ਸੰਗਰੂਰ ਵਿਚ ਦੋਸਤ ਬਲਜੀਤ ਸਿੰਘ ਤੋਂ ਲੱਗਾ। ਸੰਤੋਖ ਸਿੱਧਾ ਚੱਕ ਭਾਈਕੇ ਗਿਆ ਤੇ ਸਾਰੀ ਰਿਪੋਰਟ ਹਾਸਲ ਕੀਤੀ ਜੋ ਦੇਸ਼ ਸੇਵਕ ਵਿਚ ਫ਼ਰੰਟ ਪੇਜ ਤੇ ਲੱਗੀ । ਜਿਸ ਦਾ ਕਿ ਐਸਸੀ ਕਮਿਸ਼ਨ ਨੇ ਨੋ‌‌ਟਿਸ ਲਿਆ ਤੇ ਤਤਕਾਲੀ ਐਸਐਸਪੀ ਦਿਹਾਤੀ ਜਸਕਰਨ ਸਿੰਘ ਨੇ ਸਾਰੇ ਦੋਸ਼ੀਆਂ ਤੇ ਪਰਚਾ ਦਰਜ ਕੀਤਾ, ਜੋ ਕਿ ਲੁਧਿਆਣੇ ਜ਼ਿਲ੍ਹੇ ਦਾ ਐਸਸੀ ਐਕਟ ਤਹਿਤ ਪਹਿਲਾ ਪਰਚਾ ਸੀ। -ਜਾਨਵਰਾਂ ਨੂੰ ਬੰਦੀ ਬਣਾਉਣਾ-
ਮਹਿੰਦੀਆਣਾ ਵਿਚ ਮੋਰ ਆਦਿ ਕਈ ਸਾਰੇ ਜਾਨਵਰਾਂ ਪੰਛੀਆਂ ਨੂੰ ਪਿੰਜਰੇ ਵਿਚ ਬੰਦ ਕਰਕੇ ਬਾਬਾ ਲੋਕਾਂ ਤੋਂ ਜਾਨਵਰਾਂ ਦੇ ਖਾਣੇ ਲਈ ਪੈਸੇ ਲੈਂਦਾ ਸੀ। ਉਨ੍ਹਾਂ ਜਾਨਵਰਾਂ ਦੀ ਰਾਖੀ ਕਰਦਾ ਸਾਬਕਾ ਫੌਜੀ ਪਰਚੀਆਂ ਕੱਟਦਾ ਸੀ। ਕਹਿੰਦਾ ਜਾਨਵਰਾਂ ਦੇ ਖਾਣੇ ਦੇ ਨਾਮ ਦੀ ਪਰਚੀ ਕੱਟੋ ਤੇ ਭਾਗ ਖੁੱਲ ਜਾਣਗੇ। ਸੰਤੋਖ ਗਿੱਲ ਨੇ ਇਹ ਖ਼ਬਰ ਲਾਈ ਤਾਂ ਬਾਬੇ ਅਤੇ ਰੱਖਿਆ ਤੇ ਖੜੇ ਸਾਬਕਾ ਫ਼ੌਜੀ ਤੇ ਜੰਗਲਾਤ ਵਿਭਾਗ ਨੇ ਕੇਸ ਦਰਜ ਕਰਾਇਆ। -ਕਰਤਾਰ ਸਿੰਘ ਸਰਾਭਾ ਦੀ ਸਮਾਰਕ ਤੇ ਘਰ ਬਣਾਉਣਾ-
1997 ਵਿਚ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ ਤਾਂ ਬਾਦਲ ਸਾਹਿਬ ਨੇ ਐਲਾਨ ਕੀਤਾ ਕਿ ਕਰਤਾਰ ਸਿੰਘ ਸਰਾਭਾ ਦੀ ਸਮਾਰਕ ਬਣਾਈ ਜਾਵੇਗੀ ਤੇ ਉਸ ਦਾ ਘਰ ਪਹਿਲੀ ਦਿੱਖ ਅਨੁਸਾਰ ਬਣਾਇਆ ਜਾਵੇਗਾ ਜਿਸ ਲਈ ਇਕ ਕਰੋੜ ਦਾ ਐਲਾਨ ਕੀਤਾ ਪਰ ਬਾਦਲ ਸਾਹਿਬ ਦਾ ਐਲਾਨ, ਐਲਾਨ ਹੀ ਰਹਿ ਗਿਆ। ਉਸ ਵੇਲੇ ਸਰਾਭਾ ਦੇ ਚਚੇਰੀ ਭੈਣ ਜਗਦੀਸ਼ ਕੌਰ 101 ਸਾਲ ਦੇ ਸਨ, ਉਹ ਹਮੇਸ਼ਾ ਦੁਖੀ ਰਹਿੰਦੇ ਕਿ ਘਰ ਤਾਂ ਖੋਲ਼ਾ ਬਣ ਗਿਆ ਹੈ, ਤਾਂ ਸੰਤੋਖ ਗਿੱਲ ਨੇ ਇਕ ਪੈਂਤੜਾ ਖੇਡਿਆ ਤੇ ਮਾਤਾ ਜਗਦੀਸ਼ ਕੌਰ ਤੋਂ ਐਲਾਨ ਕਰਵਾ ਦਿੱਤਾ ਕਿ ਉਹ ਮੁੱਖ ਮੰਤਰੀ ਬਾਦਲ ਸਾਹਿਬ ਦੀ ਚੰਡੀਗੜ੍ਹ ਕੋਠੀ ਦੇ ਅੱਗੇ ਧਰਨਾ ਦੇਵੇਗੀ। ਜਿਸ ਦੀ ਖ਼ਬਰ ਲਗਾਈ, ਕਿ ‘101 ਸਾਲਾ ਬਜ਼ੁਰਗ ਔਰਤ ਜੋ ਕੈਂਸਰ ਤੋਂ ਪੀੜਤ ਹੈ ਬਾਦਲ ਦੇ ਘਰ ਦੇ ਬਾਹਰ ਧਰਨੇ ਤੇ ਬੈਠੇਗੀ।’ 2001 ਦੀ ਗੱਲ ਹੈ ਕਿ ਲੁਧਿਆਣਾ ਦੇ ਡੀ ਸੀ ਐੱਸ ਕੇ ਸੰਧੂ ਹੁੰਦੇ ਸਨ ਤਾਂ ਉਸ ਵੇਲੇ ਕਰਤਾਰ ਸਿੰਘ ਸਰਾਭਾ ਹੋਰਾਂ ਦਾ ਘਰ ਬਣਾਇਆ ਗਿਆ। ਪਰ ਅਧੂਰਾ ਕਾਰਜ ਰਹਿ ਗਿਆ, 2002 ਵਿਚ ਅਮਰਿੰਦਰ ਦੀ ਸਰਕਾਰ ਆ ਗਈ, ਉਸ ਨੇ ਵੀ ਐਲਾਨ ਕੀਤਾ ਸੀ, ਪਰ ਕੁਝ ਵੀ ਨਾ ਹੋਣ ਕਰਕੇ ਸੰਤੋਖ ਗਿੱਲ ਸਮੇਤ ਪੰਜ ਪੱਤਰਕਾਰਾਂ ਨੇ ਕਰਤਾਰ ਸਿੰਘ ਸਰਾਭਾ ਦੀ ਸਮਾਰਕ ਨੇੜੇ ਬੈਠ ਕੇ ਆਪਣੇ ਸਿਰ ਮੁੰਡਵਾ ਲਏ। ਕਾਰਨ ਕਿ ਪੰਜਾਬ ਸਰਕਾਰ ਕਰਤਾਰ ਸਿੰਘ ਸਰਾਭਾ ਦੀ ਸਮਾਰਕ ਬਣਾਉਣ ਤੋਂ ਮੁੱਕਰ ਗਈ ਹੈ ਮੁੱਕਰਿਆ ਬੰਦਾ ਮਰਿਆਂ ਵਰਗਾ ਹੁੰਦਾ ਹੈ, ਹਿੰਦੂ ਧਰਮ ਅਨੁਸਾਰ ਮਰਨ ਵਾਲੇ ਨੂੰ ਸ਼ਾਂਤੀ ਦੇਣ ਲਈ ਘਰ ਦਾ ਵੱਡਾ ਮੁੰਡਾ ਜਾਂ ਕੋਈ ਨਾ ਕੋਈ ਆਪਣਾ ਸਿਰ ਮੰਡਵਾਉਂਦਾ ਹੈ। ਇਸੇ ਕਰਕੇ ਸੰਤੋਖ ਗਿੱਲ ਤੇ ਪੰਜ ਹੋਰ ਪੱਤਰਕਾਰਾਂ ਨੇ ਸਿਰ ਮੁਡਵਾਏ। ਸੰਤੋਖ ਗਿੱਲ ਹੁਣ ਤੱਕ ਗੰਜਾ ਹੀ ਰਿਹਾ, ਪਰ ਕੁਝ ਸਮਾਂ ਹੋਇਆ ਦੁਬਾਰਾ ਵਾਲ ਰੱਖੇ ਹਨ ਪਰ ਕਰਤਾਰ ਸਿੰਘ ਸਰਾਭਾ ਦੀ ਯਾਦਗਾਰ ਜ਼ਰੂਰ ਬਣਾ ਦਿੱਤੀ ਗਈ। -ਜਾਤੀਵਾਦ ਵਿਚ ਉਲਝਿਆ ਕਿਸਾਨ?-
ਰਾਏਕੋਟ ਨੇੜੇ ਪਿੰਡ ਜੋਹਲਾਂ ਦੀ ਘਟਨਾ ਹੈ, ਸੰਤੋਖ ਗਿੱਲ ਕਹਿੰਦਾ ਹੈ ‘ਕਿਸਾਨਾਂ ਵਿਚ ਜਗੀਰਦਾਰੀ ਤੇ ਜਾਤੀਵਾਦ ਕੁੱਟ ਕੁੱਟ ਕੇ ਭਰਿਆ ਹੈ। ਇਹ ਲੀਡਰ ਕਹਾਉਣ ਦੇ ਹੱਕਦਾਰ ਨਹੀਂ ਹਨ’ ਪਿੰਡ ਵਿਚ ਇਕ ਮੁੰਡੇ ਦਾ ਇਕ ਕੁੜੀ ਨਾਲ ਪਿਆਰ ਹੋ ਗਿਆ, ਕੁੜੀ ਦਾ ਵਿਆਹ ਹੋਇਆ ਸੀ ਪਰ ਉਸ ਦਾ ਘਰਵਾਲਾ ਖੇਤੀ ਕਰਨ ਵਿਚ ਜ਼ਿਆਦਾ ਰੁੱਝਿਆ ਰਹਿੰਦਾ ਤੇ ਘਰ ਤੋਂ ਦੂਰ ਹੀ ਰਹਿੰਦਾ ਸੀ। ਦੋਵਾਂ ਨੇ ਫ਼ੈਸਲਾ ਕੀਤਾ ਤੇ ਦੋਵੇਂ ਘਰੋਂ ਭੱਜ ਗਏ, ਇਸ ਮਾਮਲੇ ਤੋਂ ਗ਼ੁੱਸਾ ਖਾ ਕੇ ਕਿਸਾਨ ਜਥੇਬੰਦੀ ਨੇ ਪਿੰਡ ਵਿਚ ਇਸ ਪਰਿਵਾਰ ਦਾ ਬਾਈਕਾਟ ਕਰ ਦਿੱਤਾ। ਪਿੰਡ ਵਿਚ ਦੋ ਪੱਤਰਕਾਰ ਵੀ ਸਨ ਪਰ ਉਹਨਾਂ ਖ਼ਬਰ ਨਹੀਂ ਲਾਈ, ਬਾਈਕਾਟ ਏਨਾ ਘਟੀਆ ਸੀ ਕਿ ਇਸ ਪਰਿਵਾਰ ਦੇ ਸਾਹ ਹੀ ਬੰਦ ਕਰ ਦਿੱਤੇ, ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਇਸ ਪਰਿਵਾਰ ਦਾ ਕੋਈ ਜਣਾ ਮਰ ਜਾਂਦਾ ਹੈ ਤਾਂ ਉਸ ਦੀ ਅਰਥੀ ਨਾਲ ਵੀ ਕੋਈ ਨਹੀਂ ਜਾਵੇਗਾ। 16 ਤਰ੍ਹਾਂ ਦੇ ਮਤੇ ਪਾਏ। ਜਿਸ ਵਿਚ ਪਰਿਵਾਰ ਦਾ ਮੁਕੰਮਲ ਬਾਈਕਾਟ ਕੀਤਾ ਹੋਇਆ ਸੀ, ਇਸ ਦੀ ਰਿਪੋਰਟ ਸੰਤੋਖ ਗਿੱਲ ਨੇ ਦੇਸ਼ ਸੇਵਕ ਵਿਚ ਭੇਜੀ ਤੇ ਫ਼ਰੰਟ ਪੇਜ ਤੇ ਲੱਗੀ। ਕਿਸਾਨਾਂ ਨੇ ਸੰਤੋਖ ਗਿੱਲ ਦੇ ਖ਼ਿਲਾਫ਼ ਧਰਨੇ ਲਾਏ ਤੇ ਬਹੁਤ ਗ਼ੁੱਸਾ ਦਿਖਾਇਆ। -ਕਿਸਾਨਾਂ ਦੇ ਟੋਲ ਪਲਾਜ਼ਾ ਆਈ ਕਾਰਡ-
3 ਦਸੰਬਰ 2022 ਨੂੰ ਸੰਤੋਖ ਗਿੱਲ ਦੀ ਪੰਜਾਬੀ ਟ੍ਰਿਬਿਊਨ ਵਿਚ ਫ਼ਰੰਟ ਪੇਜ ਦੇ ਅੱਠ ਕਾਲਮੀ ਰਿਪੋਰਟ ਪ੍ਰਕਾਸ਼ਿਤ ਹੋਈ। ਉਸ ਵਿਚ ਕਿਸਾਨਾਂ ਵੱਲੋਂ ਟੋਲ ਪਲਾਜਿਆਂ ਤੇ ਫ਼ਰੀ ਲੰਘ ਜਾਣ ਲਈ ਆਈ ਕਾਰਡਾਂ ਦੀ ਪੂਰੀ ਕਹਾਣੀ ਸੀ, ਜਿਸ ਵਿਚ ਕਿਸਾਨਾਂ ਦੇ ਪੱਖ ਵੀ ਫ਼ੋਟੋਆਂ ਸਮੇਤ ਪਾਏ।
ਇਸ ਖ਼ਬਰ ਤੋਂ ਗ਼ੁੱਸੇ ਹੋ ਕੇ ਕਿਸਾਨਾਂ ਨੇ ਸੰਤੋਖ ਗਿੱਲ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਉਸ ਦੇ ਘਰ ਦੇ ਬਾਹਰ ਅਣਮਿਥੇ ਸਮੇਂ ਲਈ ਧਰਨਾ ਲਾਉਣ ਦਾ ਐਲਾਨ ਕੀਤਾ, ਉਸ ਦੇ ਪੁਤਲੇ ਸਾੜਨ ਦਾ ਐਲਾਨ ਕੀਤਾ। ਕਿਸਾਨਾਂ ਨੇ ਆਪਣੀ ਗ਼ਲਤੀ ਨਹੀਂ ਸੁਧਾਰੀ ਸਗੋਂ ਪੱਤਰਕਾਰ ਨੂੰ ਹੀ ਆੜੇ ਹੱਥੀਂ ਲੈ ਲਿਆ। ਪਰ ਸੰਤੋਖ ਗਿੱਲ ਨਿਡਰਤਾ ਨਾਲ ਪੱਤਰਕਾਰੀ ਕਰ ਰਿਹਾ ਹੈ। ਸਾਰਾ ਪੱਤਰਕਾਰ ਭਾਈਚਾਰਾ ਉਸ ਦੇ ਨਾਲ ਖੜ੍ਹਾ ਹੈ।
-ਪਰਿਵਾਰ-
ਸੰਤੋਖ ਗਿੱਲ ਦੀ ਧਰਮ ਪਤਨੀ ਬਾਰੇ ਤਾਂ ਪਹਿਲਾਂ ਪਤਾ ਲੱਗ ਹੀ ਗਿਆ ਹੈ, ਜਰਨੈਲ ਗਿੱਲ, ਬੇਟਾ ਗੋਰਕੀ ਗਿੱਲ ਆਸਟ੍ਰੇਲੀਆ ਵਿਚ ਹੈ ਤੇ ਭਰਾ ਜਗਦੇਵ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਸੀਨੀਅਰ ਸਹਾਇਕ ਤੌਰ ਤੇ ਸੇਵਾ ਮੁਕਤੀ ਲੈ ਕੇ ਵਿਦੇਸ਼ ਚਲਾ ਗਿਆ। ਪਿਤਾ ਦੋ ਸਾਲ ਪਹਿਲਾਂ ਤੇ ਮਾਤਾ ਦੀ ਦਸ ਸਾਲ ਪਹਿਲਾ ਚੜ੍ਹਾਈ ਕਰ ਗਏ ਹਨ।
ਸੋ ਸੰਤੋਖ ਗਿੱਲ ਇਕ ਨਿਧੜਕ ਪੱਤਰਕਾਰ ਹੈ, ਜਿਸ ਨੇ ਪੱਤਰਕਾਰੀ ਨੂੰ ਮਿਸ਼ਨ ਬਣਾਇਆ ਹੈ ਅਜਿਹੇ ਪੱਤਰਕਾਰ ਨੂੰ ‘ਹਨੇਰਾ’ ਸੰਕਟ ਦੇਣ ਦਾ ਕੰਮ ਕਰਦਾ ਰਹੇਗਾ ਪਰ ਸਾਰੇ ਭਾਈਚਾਰੇ ਦਾ ਫ਼ਰਜ਼ ਬਣਦਾ ਹੈ ਕਿ ਇਸ ਦੀ ਹਰ ਪੱਖੋਂ ਮਦਦ ਕੀਤੀ ਜਾਵੇ ਮੈਂ ਸੰਤੋਖ ਗਿੱਲ ਦੀ ਪੱਤਰਕਾਰੀ ਨੂੰ ਸਲੂਟ ਕਰਦਾ ਹਾਂ ਤੇ ਰੱਬ ਤੋਂ ਉਸ ਦੀ ਚੜ੍ਹਦੀਕਲਾ ਮੰਗਦਾ ਹਾਂ.. ਆਮੀਨ
ਗੁਰਨਾਮ ਸਿੰਘ ਅਕੀਦਾ 8146001100

No comments:

Post a Comment