Monday, November 28, 2022

ਪੱਤਰਕਾਰਤਾ ਦੀ ‘ਰੂਹ’ ਅਤੇ ਗੁਆਚ ਰਹੀ ਪੱਤਰਕਾਰਤਾ ਦਾ ਪਹਿਰੇਦਾਰ ਪੱਤਰਕਾਰ ‘ਹਮੀਰ ਸਿੰਘ’

ਪੱਤਰਕਾਰਤਾ ਜ਼ਿੰਦਾ ਰੱਖਣ ਲਈ ਪ੍ਰਿੰਟ ਮੀਡੀਆ ਦਾ ਆਦਰਸ਼ਵਾਦ ਬਚਣਾ ਜ਼ਰੂਰੀ : ਹਮੀਰ ਸਿੰਘ
ਪ੍ਰਿੰਟ ਮੀਡੀਆ ਹਾਸ਼ੀਏ ਤੇ ਜਾ ਰਿਹਾ ਹੈ, ਇਸ ਦਾ ਇਹ ਵੱਡਾ ਕਾਰਨ ਨਹੀਂ ਹੈ ਕਿ ਇਲੈਕਟ੍ਰੋਨਿਕ ਮੀਡੀਆ ਜਾਂ ਫਿਰ ਸੋਸ਼ਲ ਮੀਡੀਆ ਆ ਗਿਆ ਹੈ, ਇਸ ਦਾ ਇਕ ਵੱਡਾ ਕਾਰਨ ਇਹ ਹੈ ਕਿ ਪ੍ਰਿੰਟ ਮੀਡੀਆ ਖ਼ਾਸ ਕਰਕੇ ਪੰਜਾਬੀ ਅਖ਼ਬਾਰਾਂ ਵਿਚ ‘ਕਲਰਕ ਪੱਤਰਕਾਰੀ’ ਦਾ ਰੁਝਾਨ ਹੋ ਗਿਆ ਹੈ ਜਿਸ ਨੂੰ ‘ਪ੍ਰੈੱਸ ਨੋਟ’ ਪੱਤਰਕਾਰੀ ਕਿਹਾ ਜਾਂਦਾ ਹੈ। ਇਲੈਕਟ੍ਰੋਨਿਕ ਮੀਡੀਆ ਦੀ ਤਰਜ਼ ਤੇ ਪ੍ਰਿੰਟ ਮੀਡੀਆ ਵਿਚ ਵੱਡੇ ਅਖ਼ਬਾਰ ਖ਼ਾਸ ਕਰਕੇ ਜਾਂ ਤਾਂ ਮੰਤਰੀਆਂ ਦੇ ਬਿਆਨਾਂ ਤੱਕ ਸੀਮਤ ਹਨ ਜਾਂ ਫਿਰ ਕ੍ਰਾਈਮ ਪੱਤਰਕਾਰੀ ਨੂੰ ਜ਼ਿਆਦਾ ਸਥਾਨ ਦਿੰਦੇ ਹਨ, ਦਿਹਾਤੀ ਪੱਤਰਕਾਰੀ ਦਾ ਕਰੀਬ ਕਰੀਬ ਅੰਤ ਹੋ ਗਿਆ ਹੈ, ਖੇਤੀਬਾੜੀ ਦੀ ਬੀਟ ਦਾ ਭਾਵ ਇਹ ਨਹੀਂ ਹੈ ਕਿ ਖੇਤੀ ਮੰਤਰੀ ਦਾ ਬਿਆਨ ਹੀ ਅਹਿਮ ਹੈ, ਖੇਤੀ ਪੱਤਰਕਾਰੀ ਦਾ ਭਾਵ ਹੈ ਕਿ ਖੇਤੀਬਾੜੀ ਵਿਚ ਅੰਦਰੂਨੀ ਰੂਪ ਵਿਚ ਕੀ ਹੋ ਰਿਹਾ ਹੈ, ਕ੍ਰਾਈਮ ਪੱਤਰਕਾਰੀ ਦਾ ਭਾਵ ਹੈ ਨਹੀਂ ਹੈ ‌ਕਿ ਐਸਐਸਪੀ, ਡੀਜੀਪੀ ਦੀ ਪ੍ਰੈੱਸ ਕਾਨਫ਼ਰੰਸ ਹੀ ਪੱਤਰਕਾਰੀ ਹੈ, ਕ੍ਰਾਈਮ ਪੱਤਰਕਾਰੀ ਦਾ ਭਾਵ ਹੈ ਕਿ ਆਮ ਲੋਕਾਂ ਤੋਂ ਇਨਸਾਫ਼ ਦੂਰ ਕਿਉਂ ਜਾ ਰਿਹਾ ਹੈ, ਪੁਲੀਸ ਅੰਦਰੂਨੀ ਰੂਪ ਵਿਚ ਕੀ ਕਰ ਰਹੀ ਹੈ? ਕਿਸੇ ਬੀਟ ਦਾ ਭਾਵ ਸਿਰਫ਼ ਬਿਆਨ, ਪ੍ਰੈੱਸ ਨੋਟ ਜਾਂ ਫਿਰ ਸਭ ਨੂੰ ਨਜ਼ਰ ਆਉਣ ਵਾਲੀਆਂ ਖ਼ਬਰਾਂ ਨਹੀਂ ਹਨ, ਬੀਟ ਦਾ ਭਾਵ ਹੈ ਕਿ ਜੋ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ ਉਹ ਕੀ ਹੈ? ਖ਼ਾਸ ਕਰਕੇ ਪੰਜਾਬੀ ਅਖ਼ਬਾਰਾਂ ਵਿਚ ਖ਼ਬਰਾਂ ਦੀ ਡਾਈਵਰਸੀਫਿਕੇਸਨ (Diversification) (ਖ਼ਬਰਾਂ ਦੀ ਵਿਭਿੰਨਤਾ) ਖ਼ਤਮ ਹੋ ਰਹੀ ਹੈ। ਵੱਖ ਵੱਖ ਖੇਤਰ ਵਿਚੋਂ ਆਉਂਦੀਆਂ ਰਿਪੋਰਟਾਂ ਅਸਲ ਵਿਚ ਅਖ਼ਬਾਰ ਦੀ ਰੂਹ ਹੁੰਦੀਆਂ ਹਨ, ਅਜੋਕੇ ਸਮੇਂ ਦੀ ਪੱਤਰਕਾਰੀ ਦੇ ਡੈਸਕ ਤੇ ਤਿੰਨ ਬੰਦੇ ਬੈਠ ਕੇ ਵੀ ਪੱਤਰਕਾਰਾਂ ਤੋਂ ਬਿਨਾਂ ਵੀ ਅੱਠ ਪੇਜ ਅਖ਼ਬਾਰ ਦੇ ਰੋਜ਼ ਛਾਪ ਸਕਦੇ ਹਨ ਪਰ ਇਸ ਨਾਲ ਖ਼ਬਰਾਂ ਦੀ ਵਿਭਿੰਨਤਾ ਨਹੀਂ ਹੋਵੇਗੀ, ਸਾਰੇ ਅਖ਼ਬਾਰਾਂ ਦੀਆਂ ਖ਼ਬਰਾਂ ਇਕਸਾਰ ਹੀ ਹੋਣਗੀਆਂ। ਇਸ ਕਰਕੇ ਵੱਖੋ ਵੱਖਰੇ ਖੇਤਰਾਂ ਤੋਂ ਆਈਆਂ ਖ਼ਬਰਾਂ ਨਾਲ ਹੀ ਅਖ਼ਬਾਰ ਦੀ ਮੌਲਿਕਤਾ ਬਣਦੀ ਹੈ, ਪਰ ਅੱਜ ਪੱਤਰਕਾਰ ਦਾ ਚਿਹਰਾ ਦੇਖ ਕੇ, ਪੱਤਰਕਾਰ ਵੱਲੋਂ ਮਿਲਦੇ ਇਸ਼ਤਿਹਾਰ ਦੇਖ ਕੇ ਡੈਸਕ ਖ਼ਬਰਾਂ ਦੀ ਚੋਣ ਕਰਦਾ ਹੈ। ਇਹ ਪ੍ਰਿੰਟ ਮੀਡੀਆ ਵਿਚ ਲੰਬਾ ਸਮਾਂ ਚਲਣ ਵਾਲੀ ਪੱਤਰਕਾਰੀ ਨਹੀਂ ਹੋ ਸਕਦੀ। ਮੈਂ ਅੱਜ ਤੁਹਾਨੂੰ ਅਜਿਹੇ ਹੀ ਪੱਤਰਕਾਰ ਨਾਲ ਰੂਬਰੂ ਕਰਵਾ ਰਿਹਾ ਹਾਂ ਜਿਸ ਨੇ ਚੰਡੀਗੜ੍ਹ ਵਰਗੇ ਸ਼ਹਿਰ ਵਿਚ ਬੈਠ ਕੇ ਖ਼ਾਸ ਕਰਕੇ ਦਿਹਾਤੀ ਪੱਤਰਕਾਰੀ ਵੱਲ ਜ਼ਿਆਦਾ ਤਵੱਜੋ ਦਿੱਤੀ। ਅਖ਼ਬਾਰਾਂ ਵਿਚ ਖ਼ਬਰਾਂ ਦੀ ਵਿਭਿੰਨਤਾ ਬਣਾਈ ਰੱਖੀ। ਅੱਜ ਆਪਾਂ ਗੱਲ ਕਰਾਂਗੇ ਪੱਤਰਕਾਰਤਾ ਦੀ ਰੂਹ ਜਾਣੇ ਜਾਂਦੇ ਮਸਤ ਮਲੰਗ ਪੱਤਰਕਾਰ ‘ਹਮੀਰ ਸਿੰਘ’ ਦੀ।
-ਮੁੱਢਲਾ ਜੀਵਨ ਤੇ ਪੜਾਈ- ਜ਼ਿਲ੍ਹਾ ਪਟਿਆਲਾ ਤੇ ਤਹਿਸੀਲ ਨਾਭਾ ਵਿਚ ਪੈਂਦੇ ਪਿੰਡ ਲੁਬਾਣਾ ਟੇਕੂ ਵਿਚ ਇਕ ਆਮ ਕਿਸਾਨ ਪਰਿਵਾਰ ਵਿਚ ਜਨਮੇ ਹਮੀਰ ਸਿੰਘ ਦਾ ਬਚਪਨ ਆਮ ਪੇਂਡੂ ਬੱਚਿਆਂ ਵਰਗਾ ਹੀ ਸੀ, ਪਿਤਾ ਸ. ਹਰਨੇਕ ਸਿੰਘ ਤੇ ਮਾਤਾ ਸ੍ਰੀਮਤੀ ਮਹਿੰਦਰ ਕੌਰ ਦੇ ਦੋ ਹੀ ਪੁੱਤਰ ਹਨ ਹਮੀਰ ਸਿੰਘ ਤੇ ਰਾਮ ਸਿੰਘ। ਛੋਟੀ ਕਿਸਾਨੀ ਦਾ ਕੰਮ ਸੀ। ਬਾਪੂ ਫ਼ੌਜੀ ਹੋਣ ਕਰਕੇ ਇਰਾਕ 1980-81 ਵਿਚ ਚੱਲੀ ਪਹਿਲੀ ਖਾੜੀ ਜੰਗ ਵਿਚ ਲੜਾਈ ਲੜਨ ਲਈ ਗਿਆ। ਫ਼ੌਜੀ ਦਾ ਪਰਿਵਾਰ ਕੁਝ ਜ਼ਿਆਦਾ ਹੀ ਅਨੁਸ਼ਾਸਨੀ ਹੋ ਜਾਂਦਾ ਹੈ, ਇਹ ਪਰਵਾਰ ਵੀ ਅਨੁਸ਼ਾਸਨੀ ਤੇ ਲੋਕ ਹਿਤ ਵਿਚ ਕੰਮ ਕਰਨ ਵਾਲਾ ਪਰਿਵਾਰ ਹੀ ਸੀ। ਪਿੰਡ ਦੀ ਮਿੱਟੀ ਵਿਚ ਤੱਪੜਾਂ ਵਾਲੇ ਸਕੂਲ ਵਿਚ ਪ੍ਰਾਇਮਰੀ ਪਾਸ ਕੀਤੀ। ਮਿਡਲ ਸਕੂਲ ਵੀ ਪਿੰਡ ਵਿਚ ਹੀ ਸੀ, ਪਰ ਜਦੋਂ ਨੌਵੀਂ ਕਲਾਸ ਵਿਚ ਦਾਖਲ ਹੋਣਾ ਸੀ ਤਾਂ ਪਿੰਡ ਆਲੋਆਲ ਵਿਚ ਦਾਖਲਾ ਲੈ ਲਿਆ ਪਰ ਏਨੇ ਨੂੰ ਲੁਬਾਣਾ, ਧੰਗੇੜਾ ਤੇ ਕੈਦੂਪੁਰ ਦਾ ਸਕੂਲ ਪਿੰਡ ਦੇ ਨਾਲ ਹੀ ਦਸਵੀਂ ਦਾ ਬਣ ਗਿਆ ਸੀ, ਦਸਵੀਂ ਆਪਣੇ ਹੀ ਪਿੰਡ ਵਾਲੇ ਸਕੂਲ ਤੋਂ ਕੀਤੀ। ਇਕ ਸਾਲ ਰਿਪੁਦਮਨ ਕਾਲਜ ਨਾਭਾ ਵਿਚ ਲਗਾਇਆ, ਉਸ ਵੇਲੇ ਪ੍ਰੇੱਪ ਦੀ ਪੜਾਈ ਹੁੰਦੀ ਸੀ, ਉਸ ਤੋਂ ਬਾਅਦ ਹੀ ਨਾਭਾ ਆਈ ਟੀ ਆਈ ਕਰਨ ਲੱਗ ਪਏ, ਪਰ ਨਾਲ ਹੀ ਬੀਏ ਵੀ ਪ੍ਰਾਈਵੇਟ ਤੌਰ ਤੇ ਜਾਰੀ ਰੱਖੀ। ਸਰਕਾਰੀ ਨੌਕਰੀ ਕਰਨ ਦਾ ਮਨ ਬਿਲਕੁਲ ਨਹੀਂ ਸੀ, ਇਸ ਕਰਕੇ ਆਈ ਟੀ ਆਈ ਦਾ ਸਰਟੀਫਿਕੇਟ ਅੱਜ ਵੀ ਨਹੀਂ ਹਾਸਲ ਕੀਤਾ। ਜਦ ਕਿ ਉਸ ਵੇਲੇ ਆਈ ਟੀ ਆਈ ਕਰਕੇ ਨੌਕਰੀਆਂ ਬੜੀਆਂ ਸੁਖਾਲ਼ੀਆਂ ਮਿਲ ਜਾਂਦੀਆਂ ਸਨ, ਕਿਸੇ ਬਿਜਲੀ ਬੋਰਡ ਵਿਚ ਨੌਕਰੀ ਦੇ ਲੱਗੇ ਹੋਣਾ ਸੀ ਪਰ ਅਗਲੀ ਪੜ੍ਹਾਈ ਜਾਰੀ ਰੱਖੀ, ਰਾਜਨੀਤਿਕ ਸ਼ਾਸਤਰ, ਇਕਨਾਮਿਕ‌ਸ਼ ਦੀ ਐਮਏ ਅਤੇ ਜਰਨਲਿਜ਼ਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਕੀਤੀ। ਕਾਲਜ ਵਿਚ ਪੜ੍ਹਦਿਆਂ ਹੀ ਪੰਜਾਬ ਸਟੂਡੈਂਟਸ ਯੂਨੀਅਨ (ਪੀਐਸਯੂ) ਦੇ ਬਲਵਾਨ ਗਰੁੱਪ ਦੇ ਨਾਲ ਕਈ ਸੰਘਰਸ਼ ਵੀ ਕੀਤੇ, ਜੋ ਬਾਅਦ ਵਿਚ ਇੰਟਰਨੈਸ਼ਨਲ ਨੈਸ਼ਨਲਿਸਟ ਡੈਮੋਕ੍ਰੇਟਿਕ ਸਟੂਡੈਂਟਸ ਫ਼ਰੰਟ ਬਣਿਆ। ਉਸ ਗਰੁੱਪ ਵਿਚ 5-6 ਸਾਲ ਕੰਮ ਕੀਤਾ। ਖ਼ਬਰਾਂ ਲਿਖਣੀਆਂ ਪੜ੍ਹਨੀਆਂ ਇਨ੍ਹਾਂ ਸਰਗਰਮੀਆਂ ਤੋਂ ਹੀ ਸ਼ੁਰੂ ਹੋ ਗਈਆਂ ਸਨ। ਜਦੋਂ ਖ਼ਬਰਾਂ ਲਿਖਣ ਪੜ੍ਹਨ ਦਾ ਨਜ਼ਾਰਾ ਆਉਣ ਲੱਗ ਜਾਵੇ ਤਾਂ ਦਿਮਾਗ਼ ਵੀ ਖੁੱਲ ਜਾਂਦਾ ਹੈ। ਇਹੀ ਹਾਲ ਹੋਇਆ ਹਮੀਰ ਸਿੰਘ ਦਾ ਵੀ। ਦਿਮਾਗ਼ ਖੁੱਲ ਗਿਆ ਸੀ, ਜਿਵੇਂ ਦੁਨੀਆ ਸੋਚਦੀ ਹੈ, ਉਸ ਤਰ੍ਹਾਂ ਨਹੀਂ ਜਿਵੇਂ ਦੁਨੀਆ ਹੋਣੀ ਚਾਹੀਦੀ ਹੈ, ਉਸ ਤਰ੍ਹਾਂ ਦਿਮਾਗ਼ ਸੋਚਣ ਲੱਗ ਪਿਆ। ਬੇਇਨਸਾਫ਼ੀਆਂ ਕਿਉਂ ਹੁੰਦੀਆਂ ਹਨ? ਕੌਣ ਲੋਕ ਹਨ ਜੋ ਆਮ ਲੋਕਾਂ ਨੂੰ ਠਗਦੇ ਹਨ। ਕੌਣ ਲੋਕ ਹਨ ਜੋ ਸਾਰੇ ਦੇਸ਼ ਦਾ ਸਰਮਾਇਆ ਲੁੱਟ ਕੇ ਲੈ ਜਾਂਦੇ ਹਨ? ਅਜਿਹੇ ਵਿਚਾਰਾਂ ਵਿਚ ਇਕ ਪੱਤਰਕਾਰ ਲੁਕਿਆ ਹੋਇਆ ਸੀ।
-ਪੱਤਰਕਾਰੀ ਵਿਚ ਪ੍ਰਵੇਸ਼ ਕਰਨਾ- ਹਮੀਰ ਸਿੰਘ ਨੇ 1995 ਤੋਂ 1997 ਵਿਚ ਪੱਤਰਕਾਰਤਾ ਦੀ ਡਿੱਗਰੀ ਹਾਸਲ ਕਰ ਲਈ ਸੀ। ਸਰਕਾਰੀ ਨੌਕਰੀ ਵਿਚ ਜਾਣ ਦੀ ਤਮੰਨਾ ਇਕ ਫ਼ੀਸਦੀ ਵੀ ਨਹੀਂ ਸੀ। ‘ਅੱਜ ਦੀ ਅਵਾਜ਼’ ਦੀ ਉਸ ਵੇਲੇ ਕਾਫ਼ੀ ਚੜ੍ਹਤ ਸੀ, ਇਹ ਅਖ਼ਬਾਰ ਜਲੰਧਰ ਤੋਂ ਛਪਣ ਵਾਲਾ ਅਖ਼ਬਾਰ ਹੈ ਜਿਸ ਨੂੰ ਜਸਬੀਰ ਸਿੰਘ ਰੋਡੇ ਚਲਾਉਂਦੇ ਹਨ ਉਸ ਵੇਲੇ ਇਸ ਦੇ ਸੰਪਾਦਕ ਗੁਰਦੀਪ ਸਿੰਘ ਸਨ, ਜੋ ਅੱਜ ਕੱਲ੍ਹ ਗੁਰਦੀਪ ਸਿੰਘ ਬਠਿੰਡਾ ਦੇ ਨਾਮ ਨਾਲ ਮਸ਼ਹੂਰ ਹਨ। ਅੱਜ ਦੀ ਅਵਾਜ਼ ਵਿਚ ਬਤੌਰ ਨਿਊਜ਼ ਐਡੀਟਰ ਹਮੀਰ ਸਿੰਘ ਨੇ ਜੁਆਇਨ ਕਰ ਲਿਆ। ਇਕ ਸਾਲ ਇੱਥੇ ਕੰਮ ਕੀਤਾ। ਪਰ ਉਸ ਵੇਲੇ ਟੀਵੀ ਮੀਡੀਆ ਵੀ ਆ ਗਿਆ ਸੀ, ਬਹੁਤ ਹੀ ਚੰਗੇ ਗਰੁੱਪ ਦਾ ਪੰਜਾਬੀ ਟੀਵੀ ਚੈਨਲ ‘ਪੰਜਾਬੀ ਵਰਲਡ’ ਨੇ ਪੰਜਾਬੀ ਜਗਤ ਦੇ ਇਲੈਕਟ੍ਰੋਨਿਕ ਮੀਡੀਆ ਵਿਚ ਪ੍ਰਵੇਸ਼ ਕਰ ਲਿਆ ਸੀ। ਉਸ ਨੂੰ ਚਲਾਉਣ ਵਾਲੇ ਰਵਿੰਦਰ ਨਰਾਇਣ ਦਾ ਖ਼ਾਸ ਰੋਲ ਸੀ, ਪਰ ਨਿਊਜ਼ ਦਾ ਕੰਮ ਵਿਸ਼ੇਸ਼ ਕਰਕੇ ਪੀ ਟੀ ਆਈ ਤੋਂ ਆਏ ਵਿਪਨ ਧੁਲੀਆ ਕਰਦੇ ਸਨ। ਹਮੀਰ ਸਿੰਘ ਨੇ ਪੰਜਾਬੀ ਵਰਲਡ ਵਿਚ ਇਕ ਸਾਲ 1999 ਤੱਕ ਕੰਮ ਕੀਤਾ। ਪਰ ਉਹ ਬੰਦ ਹੋ ਗਿਆ ਸੀ। ਪੰਜਾਬੀ ਵਰਲਡ ਬੰਦ ਹੋਣ ਨਾਲ ਹੋਰਾਂ ਕਈਆਂ ਦੇ ਨਾਲ ਨਾਲ ਹਮੀਰ ਸਿੰਘ ਵੀ ਵਿਹਲੇ ਹੋ ਗਏ ਸਨ। ਪਰ ਪੰਜਾਬ ਵਿਚ ਉਸ ਵੇਲੇ ਹਿੰਦੀ ਦੇ ਅਖ਼ਬਾਰ ‘ਅਮਰ ਉਜਾਲਾ’ ਨੇ ਵੀ ਪ੍ਰਵੇਸ਼ ਕਰ ਲਿਆ ਸੀ। ਦਿਲੀ ਵਿਚ ‘ਪੰਜਾਬੀ ਵਰਲਡ’ ਵਿਚ ਹੋਣ ਕੰਮ ਕਰਨ ਕਰਕੇ ਦਿਲੀ ਦੇ ਮੀਡੀਆ ਵਿਚ ਕੰਮ ਕਰਨ ਵਾਲੇ ਲੋਕਾਂ ਨਾਲ ਜਾਣ ਪਹਿਚਾਣ ਬਣ ਗਈ ਸੀ, ਇਸ ਕਰਕੇ ਜਦੋਂ ਅਮਰ ਉਜਾਲਾ ਸ਼ੁਰੂ ਹੋਇਆ ਤਾਂ ਹਮੀਰ ਸਿੰਘ ਨਾਲ ਗਰੁੱਪ ਨੇ ਸੰਪਰਕ ਕੀਤਾ ਤਾਂ ਹਮੀਰ ਸਿੰਘ ਨੇ ਅਮਰ ਉਜਾਲਾ ਵਿਚ 1 ਜਨਵਰੀ 2000 ਨੂੰ ਜੁਆਇਨ ਕਰ ਲਿਆ। ਅਮਰ ਉਜਾਲਾ ਵਿਚ 13 ਸਾਲ ਪੱਤਰਕਾਰੀ ਕੀਤੀ, ਜਿਸ ਦੇ ਤਜਰਬੇ ਬਹੁਤ ਸਾਰੇ ਹਨ, ਕਿਤਾਬ ਬਣ ਸਕਦੀ ਹੈ, ਜਿਸ ਵਿਚ ਇਹ ਸਪਸ਼ਟ ਹੁੰਦਾ ਹੈ ਕਿ ਆਦਰਸ਼ਵਾਦੀ ਪੱਤਰਕਾਰੀ ਵੀ ਖੁੱਲ ਕੇ ਕੀਤੀ ਜਾ ਸਕਦੀ ਹੈ, ਇਹ ਹਮੀਰ ਸਿੰਘ ਨਾਲ ਗੱਲਾਂ ਕਰਕੇ ਸਪਸ਼ਟ ਹੋ ਜਾਂਦਾ ਹੈ। ਹਮੀਰ ਸਿੰਘ ਨੇ ਹਿੰਦੀ ਮੀਡੀਆ ਦੀ ਥਾਂ ਹੁਣ ਪੰਜਾਬੀ ਮੀਡੀਆ ਵਿਚ ਆਉਣ ਲਈ ਤਿਆਰੀ ਕੀਤੀ, ਪੰਜਾਬੀ ਟ੍ਰਿਬਿਊਨ ਵਿਚ ਸੰਪਾਦਕ ਵਰਿੰਦਰ ਵਾਲੀਆ ਹੁੰਦੇ ਸਨ। ਮੇਘਾ ਸਿੰਘ ਨੇ ਹਮੀਰ ਸਿੰਘ ਨਾਲ ਸੰਪਰਕ ਕੀਤਾ ਅਤੇ ਪੰਜਾਬੀ ਟ੍ਰਿਬਿਊਨ ਵਿਚ ਇੰਟਰਵਿਊ ਦੇਣ ਲਈ ਹਮੀਰ ਸਿੰਘ ਨੂੰ ਸੱਦਿਆ ਗਿਆ। ਉਸੇ ਦਿਨ ਭਾਵ ਕਿ 14 ਦਸੰਬਰ 2013 ਨੂੰ ‘ਪੰਜਾਬੀ ਟ੍ਰਿਬਿਊਨ’ ਬਤੌਰ ‘ਨਿਊਜ਼ ਕੋਆਰਡੀਨੇਟਰ’ ਜੁਆਇਨ ਕਰ ਲਿਆ।
-ਅਮਰ ਉਜਾਲਾ ਵਿਚ ਹੁੰਦਿਆਂ ਪੱਤਰਕਾਰੀ ਦੇ ਕੁਝ ਤਜਰਬੇ- ਹਮੀਰ ਸਿੰਘ ਦੱਸਦੇ ਹਨ ਕਿ ਅਮਰ ਉਜਾਲਾ ਵਿਚ ਸੰਪਾਦਕ ਉਦੇ ਸਿਨਹਾ ਹੁੰਦੇ ਸਨ। ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ। ਭਰਤ ਇੰਦਰ ਸਿੰਘ ਚਾਹਲ ਲੋਕ ਸੰਪਰਕ ਵਿਭਾਗ ਤੋਂ ਅਸਤੀਫ਼ਾ ਦੇ ਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਣ ਗਏ ਸਨ। ਮੀਡੀਆ ਸਲਾਹਕਾਰ ਬਣਨ ਦੀ ਕਹਾਣੀ ਚਮਤਕਾਰੀ ਹੈ, ਕੈਪਟਨ ਅਮਰਿੰਦਰ ਸਿੰਘ ਵਿਰੁੱਧ ਇਲੈੱਕਸ਼ਨ ਪਟੀਸ਼ਨ ਪੈ ਗਈ ਸੀ, ਜਿਸ ਦਾ ਮੁੱਖ ਕਾਰਨ ਭਰਤ ਇੰਦਰ ਸਿੰਘ ਚਾਹਲ ਸੀ ਜਿਸ ਨੇ ਚੋਣਾ ਦੌਰਾਨ ਲੋਕ ਸੰਪਰਕ ਦਾ ਵੱਡਾ ਅਧਿਕਾਰੀ ਹੋਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦਾ ਮੀਡੀਆ ਸੰਭਾਲਿਆ ਹੋਇਆ ਸੀ, ਉਹ ਸਾਰੇ ਸਬੂਤਾਂ ਨਾਲ ਇਲੈੱਕਸ਼ਨ ਪਟੀਸ਼ਨ ਪੈ ਗਈ ਸੀ, ਜਿਸ ਕਰਕੇ ਭਰਤ ਇੰਦਰ ਸਿੰਘ ਚਾਹਲ ਨੂੰ ਲੋਕ ਸੰਪਰਕ ਵਿਭਾਗ ਤੋਂ ਅਸਤੀਫ਼ਾ ਦਵਾ ਕੇ ‘ਅਲਾਦੀਨ ਦੇ ਚਿਰਾਗ਼ ਦੇ ਜਿੰਨ’ ਵੱਲੋਂ ਕੀਤੇ ਜਾਂਦੇ ਚਮਤਕਾਰ ਵਾਂਗ ਸਾਰੇ ਸਰਕਾਰੀ ਲਾਭ ਇਕ ਦਿਨ ਵਿਚ ਹੀ ਦਿੱਤੇ ਗਏ ਤੇ ਉਸੇ ਦਿਨ ਮੁੱਖ ਮੰਤਰੀ ਦਾ ਮੀਡੀਆ ਸਲਾਹਕਾਰ ਬਣਾ ਦਿੱਤਾ ਗਿਆ ਸੀ। ਇਸ ਚਮਤਕਾਰ ਤੋਂ ਸੋਚਿਆ ਜਾ ਸਕਦਾ ਹੈ ਕਿ ਭਰਤਇੰਦਰ ਸਿੰਘ ਚਾਹਲ ਦੀ ਸਰਕਾਰ ਵਿਚ ਕਿੰਨੀ ਕੁ ਤਾਕਤ ਹੋਵੇਗੀ। ਹਮੀਰ ਸਿੰਘ ਮਸਤ ਮੌਲਾ ਪੱਤਰਕਾਰ, ਉਹ ਥੋੜ੍ਹੇ ਕੀਤਿਆਂ ਸੱਤਾ ਤੋਂ ਦੂਰ ਰਹਿਣ ਵਾਲਾ ਮਸਤ ਮਲੰਗ ਪੱਤਰਕਾਰ। ਭਰਤਇੰਦਰ ਸਿੰਘ ਚਾਹਲ ਨੇ ਅਮਰ ਉਜਾਲਾ ਦੇ ਸੰਪਾਦਕ ਉਦੇ ਸਿਨਹਾ ਨੂੰ ਹਮੀਰ ਸਿੰਘ ਦੀ ਸ਼ਿਕਾਇਤ ਕਰ ਦਿੱਤੀ। ਪਰ ਉਦੇ ਸਿਨਹਾ ਨੇ ਉਸ ਸ਼ਿਕਾਇਤ ਦੀ ਗੱਲ ਹਮੀਰ ਸਿੰਘ ਨਾਲ ਨਾ ਕੀਤੀ, ਜਦੋਂ ਸਰਕਾਰ ਚਲੀ ਗਈ ਤਾਂ ਉਦੇ ਸਿਨਹਾ ਨੇ ਹਮੀਰ ਸਿੰਘ ਨੂੰ ਸ਼ਿਕਾਇਤ ਦੀ ਕਾਪੀ ਦਿਖਾ ਕੇ ਕਿਹਾ ਕਿ ‘ਇਹ ਸ਼ਿਕਾਇਤ ਭਰਤਇੰਦਰ ਸਿੰਘ ਚਾਹਲ ਨੇ ਕੀਤੀ ਸੀ ਮੈਂ ਸੋਚਿਆ ਕਿ ਇਹ ਸ਼ਿਕਾਇਤ ਹਮੀਰ ਸਿੰਘ ਨੂੰ ਦਿਖਾਉਣ ਦੀ ਅਜੇ ਲੋੜ ਨਹੀਂ ਹੈ, ਮੈਨੂੰ ਇੰਜ ਲੱਗਦਾ ਸੀ ਕਿ ਉਹ ਚਾਹੁੰਦਾ ਹੋਵੇਗਾ ਕਿ ਹਮੀਰ ਸਿੰਘ ਉਸ ਨਾਲ ਚਾਹ ਦਾ ਕੱਪ ਸਾਂਝਾ ਕਰੇ, ਉਸ ਨੂੰ ਸਲੂਟ ਮਾਰੇ, ਪਰ ਹਮੀਰ ਸਿੰਘ ਨਹੀਂ ਕਰਦਾ ਹੋਵੇਗਾ। ਇਸ ਕਰਕੇ ਹਮੀਰ ਸਿੰਘ ਨੂੰ ਇਹ ਸ਼ਿਕਾਇਤ ਦਿਖਾ ਕੇ ਉਂਜ ਹੀ ਡਿਸਟਰਬ ਕਰਨ ਦੀ ਲੋੜ ਨਹੀਂ ਸੀ, ਪਰ ਅੱਜ ਇਹ ਸ਼ਿਕਾਇਤ ਦੀ ਕਾਪੀ ਤੁਹਾਡੇ ਹਵਾਲੇ ਕਰਕੇ ਇਹ ਸਮਸ਼ਟ ਕਰਨਾ ਵੀ ਜਰੂਰੀ ਹੈ’ ਇਹ ਗੱਲ ਬੜੀ ਵੱਡੀ ਹੈ, ਇਸੇ ਕਰਕੇ ਕਈ ਅਦਾਰੇ ਵੱਡੇ ਹੋਣ ਦਾ ਦਮ ਭਰ ਲੈਂਦੇ ਹਨ। ਜੋ ਸ਼ਿਕਾਇਤਾਂ ਤੋਂ ਵੱਡਾ ਪੱਤਰਕਾਰ ਨੂੰ ਸਮਝਦੇ ਹਨ। ਇਸੇ ਤਰ੍ਹਾਂ ਸ਼ਰਾਬ ਫ਼ੈਕਟਰੀ ਮੈਣ ਵੱਲੋਂ ਛੱਡੇ ਜਾ ਰਹੇ ਗੰਦੇ ਪਾਣੀ ਕਰਕੇ ਖੇਤਾਂ ਵਿਚ ਪੈਂਦੇ ਮਾੜੇ ਪ੍ਰਭਾਵ ਦੀ ਰਿਪੋਰਟ ਹਮੀਰ ਸਿੰਘ ਨੇ ਤਿਆਰ ਕੀਤੀ ਤੇ ਅਮਰ ਉਜਾਲਾ ਨੇ ਪ੍ਰਮੁੱਖਤਾ ਨਾਲ ਛਾਪੀ। ਸ਼ਰਾਬ ਫ਼ੈਕਟਰੀ ਦੇ ਮਾਲਕਾਂ ਨੇ ਇਲਾਕੇ ਦੇ ਕਥਿਤ ਸ਼ਰਾਬੀ ਸਰਪੰਚਾਂ ਦੇ ਦਸਤਖ਼ਤ ਕਰਵਾ ਕੇ ਇਕ ਸ਼ਿਕਾਇਤ ਅਖ਼ਬਾਰ ਦੇ ਸੰਪਾਦਕ ਤੱਕ ਪੁੱਜਦੀ ਕੀਤੀ। ਸੰਪਾਦਕ ਨੇ ਸ਼ਿਕਾਇਤ ਨੂੰ ਬੜੀ ਗ਼ੌਰ ਨਾਲ ਦੇਖਿਆ ਤੇ ਸ਼ਿਕਾਇਤ ਦੇਣ ਆਇਆਂ ਨੂੰ ਸੰਪਾਦਕ ਨੇ ਕਿਹਾ ਕਿ ‘ਆਪਾਂ ਤਿੰਨ ਪੱਤਰਕਾਰਾਂ ਦੀ ਟੀਮ ਬਣਾ ਦਿੰਦੇ ਹਾਂ, ਉਹ ਖੋਜ ਕਰਕੇ ਆਉਣਗੇ, ਜੇਕਰ ਪਾਣੀ ਖੇਤਾਂ ਨੂੰ ਨਾ ਖ਼ਰਾਬ ਕਰਦਾ ਹੋਇਆ ਤਾਂ ਆਪਾਂ ਪੱਤਰਕਾਰ ਦੇ ਖ਼ਿਲਾਫ਼ ਐਕਸ਼ਨ ਲਵਾਂਗੇ, ਪਰ ਜੇਕਰ ਪਾਣੀ ਖ਼ਰਾਬ ਕਰਦਾ ਹੋਇਆ ਤਾਂ ਇਹ ਰਿਪੋਰਟਾਂ ਹੋਰ ਵੀ ਪ੍ਰਮੁੱਖਤਾ ਨਾਲ ਛਾਪੀਆਂ ਜਾਣਗੀਆਂ।’ ਇਹ ਸੁਣ ਕੇ ਫੈਕਟਰੀ ਮਾਲਕਾਂ ਨੇ ਕਿਹਾ ਕਿ ‘ਇਹ ‌ਸ਼ਿਕਾਇਤ ਨਹੀਂ ਹੈ ਸਾਡਾ ਤਾਂ ਕਹਿਣਾ ਹੈ ਕਿ ਸਾਡਾ ਪੱਖ ਵੀ ਪੂਰਾ ਛਾਪਿਆ ਜਾਵੇ’ ਤਾਂ ਸੰਪਾਦਕ ਨੇ ਕਿਹਾ ਕਿ ‘ਫੇਰ ਤੁਸੀਂ ਦੁਬਾਰਾ ਹਮੀਰ ਸਿੰਘ ਨਾਲ ਹੀ ਸੰਪਰਕ ਕਰੋ।’ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਕਹਾਣੀਆਂ ਦੀ ਤਰ੍ਹਾਂ ਇਕ ਹੋਰ ਕਹਾਣੀ ਹੈ ਜਿਵੇਂ ਕਿ ਇਕ ਆਈਏਐਸ ਹੁੰਦਾ ਸੀ ਸਰਵਣ ਸਿੰਘ ਚੰਨੀ। ਅੱਜ ਕੱਲ੍ਹ ਉਹ ਭਾਰਤੀ ਜਨਤਾ ਪਾਰਟੀ ਵਿਚ ਹੈ। ਉਸ ਵੇਲੇ ਉਹ ਮਾਰਕਫੈੱਡ ਦਾ ਐਮਡੀ ਸੀ। ਉਸ ਦੀ ਕੁੜੀ ਨਾਲ ਸਬੰਧਿਤ ਇਕ ਰਿਪੋਰਟ ਤਿਆਰ ਕੀਤੀ ਗਈ, ਜਿਸ ਦਾ ਮੂਲ ਤੱਥ ਸੀ ਕਿ ਐਮਬੀਬੀਐਸ ਦੀ ਮੈਰਿਟ ਤੋੜ ਕੇ ਉਸ ਨੂੰ ਐਡਮਿਸ਼ਨ ਦਿੱਤੀ ਗਈ ਹੈ, ਪਰ ਡੈਸਕ ਨੇ ਹਮੀਰ ਸਿੰਘ ਦੀ ਗ਼ੈਰਹਾਜ਼ਰੀ ਵਿਚ ਹੈਡਿੰਗ ਕੱਢ ਦਿੱਤਾ ‘ਮੁੰਨੀ ਬਾਈ ਚਲੀ ਐਮਬੀਬੀਐਸ ਬਣਨੇ’। ਖ਼ਬਰ ਅੰਦਰ ਤੱਥਾਂ ਅਧਾਰਿਤ ਸੀ ਪਰ ਹੈਡਿੰਗ ਵਿਚ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਲੱਗ ਰਹੀ ਸੀ। ਸ. ਚੰਨੀ ਨੇ ਸ਼ਿਕਾਇਤ ਕੀਤੀ ਕਿ ‘ਹਮੀਰ ਸਿੰਘ ਆਪਣੇ ਕਿਸੇ ਵਿਅਕਤੀ ਨੂੰ ਐਕਸ਼ਨ ਪ੍ਰਮੋਟ ਕਰਾਉਣਾ ਚਾਹੁੰਦਾ ਸੀ, ਉਹ ਅਸੀਂ ਨਹੀਂ ਕੀਤਾ ਤਾਂ ਮੇਰੀ ਖ਼ਬਰ ਲਗਾ ਦਿੱਤੀ’ ਇਹ ਗੱਲ ਸੰਪਾਦਕ ਕੋਲ ਜਦੋਂ ਗਈ ਤਾਂ ਉਨ੍ਹਾਂ ਸਰਸਰੀ ਹਮੀਰ ਸਿੰਘ ਨਾਲ ਗੱਲ ਕਰ ਲਈ ਤਾਂ ਹਮੀਰ ਸਿੰਘ ਨੇ ਕਿਹਾ ‘ਮੈਂ ਐਮਡੀ ਦੇ ਸਾਹਮਣੇ ਜਾਂਦਾ ਹਾਂ, ਜੇਕਰ ਮੈਨੂੰ ਉਹ ਪਹਿਚਾਣ ਵੀ ਲਵੇ ਤਾਂ ਕੁਝ ਵੀ ਕੀਤਾ ਜਾ ਸਕਦਾ ਹੈ, ਭਾਵ ਕਿ ਉਹ ਤਾਂ ਕਦੇ ਫਿਜ਼ੀਕਲੀ ਉਸ ਨੂੰ ਮਿਲਿਆ ਵੀ ਨਹੀਂ ਹੈ’ ਪਰ ਬਾਅਦ ਵਿਚ ਸ.ਚੰਨੀ ਵੀ ਪਿੱਛੇ ਹਟ ਗਿਆ। ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਹਮੀਰ ਸਿੰਘ ਨਾਲ ਵਾਪਰੀਆਂ ਹੋਈਆਂ ਹਨ।
-ਪੱਤਰਕਾਰਾਂ ਦੀ ਤਿੱਕੜੀ- ਹਮੀਰ ਸਿੰਘ ਅਮਰ ਉਜਾਲਾ ਵਿਚ ਹੁੰਦੇ ਸਨ ਨਾਲ ਹੀ ਪੱਤਰਕਾਰ ਐਸਪੀ ਸਿੰਘ ਐਕਸਪ੍ਰੈੱਸ ਵਿਚ ਤੇ ਰਮਨਿੰਦਰ ਭਾਟੀਆ ਟਾਈਮਜ਼ ਆਫ਼ ਇੰਡੀਆ ਵਿਚ ਹੁੰਦੀ ਸੀ ਤੇ ਨਾਲ ਹੀ ਦਵਿੰਦਰ ਪਾਲ ਪੰਜਾਬੀ ਟ੍ਰਿਬਿਊਨ ਵਿਚ ਕੰਮ ਕਰਦੇ ਸਨ। ਜਦੋਂ ਵੀ ਕੋਈ ਪ੍ਰੈੱਸ ਕਾਨਫ਼ਰੰਸ ਹੁੰਦੀ ਸੀ ਤਾਂ ਇਹ ਕਦੇ ਤਿੰਨ ਕਦੇ ਚਾਰ ਪੱਤਰਕਾਰ ਉੱਥੇ ਹੁੰਦੇ ਸਨ, ਸਿਆਸੀ ਖ਼ਾਸ ਕਰਕੇ ਸੱਤਾਧਾਰੀ ਲੋਕ ਖ਼ਬਰਾਂ ਨੂੰ ਦਬਾਉਂਦੇ ਹਨ। ਪਰ ਇਹ ਤਿੱਕੜੀ ਖ਼ਬਰਾਂ ਉਗਲਾਉਣ ਦਾ ਕੰਮ ਕਰਾਉਂਦੀ ਸੀ। ਇਹ ਸਲਾਹ ਕਰਕੇ ਜਾਂਦੇ ਸਨ ਕਿ ਇਕ ਪੱਤਰਕਾਰ ਜੇਕਰ ਸਵਾਲ ਪੁੱਛੇ ਤਾਂ ਜੇਕਰ ਉਹ ਸਵਾਲ ਨੂੰ ਅਣਗੌਲ਼ਿਆ ਕੀਤਾ ਜਾਵੇ ਤਾਂ ਦੂਜਾ ਪੱਤਰਕਾਰ ਉਸ ਨੂੰ ਦੁਬਾਰਾ ਪੁੱਛੇਗਾ। ਫੇਰ ਵੀ ਜੇਕਰ ਅਣਗੌਲ਼ਿਆ ਹੋਵੇ ਤਾਂ ਤੀਜਾ ਪੱਤਰਕਾਰ ਉਸੇ ਸਵਾਲ ਤੇ ਜ਼ੋਰ ਦੇਵੇਗਾ ਜਾਂ ਉਸ ਨਾਲ ਮਿਲਦਾ ਜੁਲਦਾ ਸਵਾਲ ਪੁੱਛੇਗਾ। ਇਸ ਕਰਕੇ ਸਿਆਸੀ ਵਿਅਕਤੀ ਜਾਂ ਖ਼ਾਸ ਕਰਕੇ ਸੱਤਾਧਾਰੀ ਵਿਅਕਤੀ ਸਵਾਲ ਦਾ ਜਵਾਬ ਦੇਣ ਤੋਂ ਬਿਨਾਂ ਜਾ ਹੀ ਨਹੀਂ ਸਕਦਾ ਸੀ, ਉਸ ਨੂੰ ਜਵਾਬ ਦੇਣਾ ਹੀ ਪੈਂਦਾ ਸੀ। ਪਰ ਅਜੋਕੇ ਪੱਤਰਕਾਰਾਂ ਦਾ ਹਾਲ ਬਿਲਕੁਲ ਇਸ ਦੇ ਉਲਟ ਹੈ। ਉਹ ਮੰਤਰੀਆਂ ਖ਼ਾਸ ਕਰਕੇ ਸੱਤਾਧਾਰੀਆਂ ਨੂੰ ਕਿਸੇ ਆਦਰਸ਼ਵਾਦੀ ਪੱਤਰਕਾਰ ਵੱਲੋਂ ਪੁੱਛੇ ਜਾਂਦੇ ਸਵਾਲਾਂ ਨੂੰ ਨਜ਼ਰ ਅੰਦਾਜ਼ ਕਰਾਉਣ ਲਈ ਰੋਲ ਨਿਭਾਉਂਦੇ ਹਨ।
-ਗਿਫ਼ਟ ਕਲਚਰ- ਪੱਤਰਕਾਰਾਂ ਨੂੰ ਗਿਫ਼ਟ ਦੇਣ ਦਾ ਕਲਚਰ ਕਾਫ਼ੀ ਮਸ਼ਹੂਰ ਹੋਇਆ, ਜੋ ਅੱਜ ਵੀ ਚੱਲ ਰਿਹਾ ਹੈ, ਅਜੋਕੇ ਕੁਝ ਪੱਤਰਕਾਰਾਂ ਦੀਆਂ ਕੁਝ ਜਥੇਬੰਦੀਆਂ ਤਾਂ ਦੀਵਾਲੀ ਮੌਕੇ ਤੇ ਹੀ ਸਰਗਰਮ ਹੁੰਦੀਆਂ ਹਨ, ਅਦਾਰਿਆਂ ਨੂੰ ਲਿਸਟਾਂ ਦੇ ਕੇ ਆਉਂਦੇ ਹਨ ਦੇਖੇ ਹਨ ਤਾਂ ਕਿ ਗਿਫ਼ਟ ਮਿਲ ਸਕਣ। ਹਮੀਰ ਸਿੰਘ ਕੋਲ ਵੀ ਗਿਫ਼ਟ ਆਉਂਦੇ ਸਨ ਪਰ ਜਦੋਂ ਵਾਰ ਵਾਰ ਹਮੀਰ ਸਿੰਘ ਨੇ ਗਿਫ਼ਟ ਮੋੜ ਦਿੱਤੇ ਤਾਂ ਸਿਆਸੀ ਗੈਰ ਸਿਆਸੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਸ ਪੱਤਰਕਾਰ ਕੋਲ ਗਿਫ਼ਟ ਲੈ ਕੇ ਜਾਣ ਦੀ ਲੋੜ ਨਹੀਂ ਹੈ। ਉਸ ਤੋਂ ਬਾਅਦ ਹਮੀਰ ਸਿੰਘ ਕੋਲ ਗਿਫ਼ਟ ਆਉਣੇ ਬੰਦ ਹੋ ਗਏ।
-ਪੰਜਾਬੀ ਪੱਤਰਕਾਰੀ ਵਿਚ ਪ੍ਰਵੇਸ਼- ਜਦੋਂ ਵਰਿੰਦਰ ਵਾਲੀਆ ਸੰਪਾਦਕ ਹੁੰਦੇ ਸਨ ਤਾਂ ਬਤੌਰ ਨਿਊਜ਼ ਕੋਆਰਡੀਨੇਟਰ ਹਮੀਰ ਸਿੰਘ ਨੇ ਪੰਜਾਬੀ ਟ੍ਰਿਬਿਊਨ ਵਿਚ ਜੁਆਇਨ ਕਰ ਲਿਆ। ਵਰਿੰਦਰ ਵਾਲੀਆ ਨੂੰ ਪੱਤਰਕਾਰ ਦੀ ਕਾਬਲੀਅਤ ਪਤਾ ਹੁੰਦੀ ਸੀ, ਫ਼ੀਲਡ ਪੱਤਰਕਾਰੀ ਵਿਚੋਂ ਨਿਕਲ ਕੇ ਸੰਪਾਦਕ ਦੀ ਕੁਰਸੀ ਤੇ ਬੈਠੇ ਸਨ ਤਾਂ ਇਹ ਵਾਧੂ ਦਾ ਲਾਭ ਤਾਂ ਅਖ਼ਬਾਰ ਨੂੰ ਮਿਲ ਹੀ ਜਾਂਦਾ ਹੈ, ਉਨ੍ਹਾਂ ਨੇ ਹਮੀਰ ਸਿੰਘ ਦੀ ਲਿਖਣ ਦੀ ਕਾਬਲੀਅਤ ਪਰਖ ਲਈ ਸੀ ਤੇ ਉਨ੍ਹਾਂ ਨੇ ਆਮ ਦਿਨਾਂ ਵਿਚ ਸੰਪਾਦਕੀਆਂ ਲਿਖਣ ਦਾ ਜ਼ਿੰਮਾ ਹਮੀਰ ਸਿੰਘ ਦੇ ਹਵਾਲੇ ਕੀਤਾ। ਮੁੱਖ ਸੰਪਾਦਕ ਰਾਜ ਚਿੰਗੱਪਾ ਹੋਰੀਂ ਹੁੰਦੇ ਸਨ ਤਾਂ ਨਿੱਤ ਮੀਟਿੰਗ ਹੁੰਦੀ, ਮੀਟਿੰਗ ਵਿਚ ਹਿੰਦੀ, ਪੰਜਾਬੀ ਦੇ ਅੰਗਰੇਜ਼ੀ ਟ੍ਰਿਬਿਊਨ ਸਾਂਝ ਹੁੰਦੀ ਸੀ। ਤਿੰਨੇ ਅਖ਼ਬਾਰਾਂ ਦੀ ਸਾਂਝੀ ਮੀਟਿੰਗ ਹੋਣ ਕਰਕੇ ਲਾਭ ਇਹ ਹੋਇਆ ਕਿ ਪੰਜਾਬੀ ਦੇ ਪੱਤਰਕਾਰਾਂ ਦੀਆਂ ਵਿਸ਼ੇਸ਼ ਰਿਪੋਰਟਾਂ ਅੰਗਰੇਜ਼ੀ ਵਿਚ ਵੀ ਛਪਦੀਆਂ ਸਨ। ਭਾਵੇਂ ਕਿ ਬਾਅਦ ਵਿਚ ਉਹ ਬੰਦ ਹੋ ਗਈਆਂ ਸਨ। ਉਸ ਵੇਲੇ ਦੇ ਬਹੁਤ ਤਜਰਬੇ ਸਾਂਝੇ ਕੀਤੇ ਹਮੀਰ ਸਿੰਘ ਨੇ ਪਰ ਉਹ ਕਿਤੇ ਫੇਰ ਕਿਸੇ ਵਿਸ਼ੇਸ਼ ਕਿਤਾਬ ਵਿਚ ਲਿਖੇ ਜਾ ਸਕਦੇ ਹਨ ਪਰ ਇਸ ਵੇਲੇ ਕੁਝ ਖ਼ਾਸ ਦੀ ਹੀ ਸਾਂਝ ਪਾ ਰਹੇ ਹਾਂ। ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਐਡੀਟਰ ਸੁਰਿੰਦਰ ਸਿੰਘ ਤੇਜ਼ ਹੁੰਦੇ ਸਨ, ਵਰਿੰਦਰ ਵਾਲੀਆ ਤੋਂ ਬਾਅਦ ਹੀ ਸੁਰਿੰਦਰ ਤੇਜ਼ ਹੋਰੀਂ ਸੰਪਾਦਕ ਬਣ ਗਏ। ਹਮੀਰ ਸਿੰਘ ਹੋਰੀਂ ਕਹਿੰਦੇ ਹਨ ਕਿ..... (ਨੋਟ : ਪੰਜਾਬੀ ਟ੍ਰਿਬਿਊਨ ਦੇ ਅਗਲੇ ਸਫਰ, ਪੰਜਾਬੀ ਟ੍ਰਿਬਿਊਨ ਵਰਗਾ ਵੱਡਾ ਅਦਾਰਾ ਛੱਡਣ ਦਾ ਕੀ ਕਾਰਨ ਬਣਿਆ, ਬਾਰੇ ਹਮੀਰ ਸਿੰਘ ਨੇ ਕਾਫੀ ਕੁਝ ਸਾਂਝਾ ਕੀਤਾ, ਪਰ ਅਜੇ ਉਹ ਪਬਲਿਸ਼ ਨਹੀਂ ਕੀਤਾ ਜਾ ਰਿਹਾ, ਉਹ ਚੈਪਟਰ ਤਿਆਰ ਹੈ, ਪਰ ਉਹ ਪਾਠਕ ਵਰਗ ਕਿਤਾਬ ਵਿਚ ਪੜ੍ਹ ਸਕਣਗੇ। ਪਾਠਕ ਵਰਗ ਨੂੰ ਇਹ ਨਾ ਲੱਗੇ ਕਿ ਮੈਂ ਉਹ ਛੱਡ ਗਿਆ ਹਾਂ, ਕੁਝ ਸੱਚ ਸਾਹਮਣੇ ਆਉਣ ਲਈ ਵਕਤ ਦੀ ਮੰਗ ਕਰਦੇ ਹਨ, ਅਜੇ ਵਕਤ ਅਨੁਕੂਲ ਨਹੀਂ ਹੈ, ਪਰ ਕਿਤਾਬ ਵਿਚ ਪੜ੍ਹਨ ਨੂੰ ਜਰੂਰ ਮਿਲੇਗਾ।.. ਅਜੇ ਪਾਠਕਾਂ ਤੋਂ ਮਾਫੀ ਚਾਹੁੰਦਾ ਹਾਂ।)
-ਪੰਜਾਬੀ ਟ੍ਰਿਬਿਊਨ ਵਿਚ ਪੱਤਰਕਾਰੀ- ਪੰਜਾਬੀ ਟ੍ਰਿਬਿਊਨ ਵਿਚ ਰਹਿੰਦਿਆਂ ਹਮੀਰ ਸਿੰਘ ਨੇ ਕਈ ਸਾਰੇ ਮੁੱਦੇ ਚੁੱਕੇ ਜੋ ਪੰਜਾਬ ਦੇ ਪੀੜਤ ਲੋਕਾਂ ਲਈ ਸੰਜੀਵਨੀ ਬਣ ਕੇ ਸਾਹਮਣੇ ਆਏ। ਮਨਰੇਗਾ ਵਿਚ ਪੱਤਰਕਾਰੀ ਹੀ ਨਹੀਂ ਸਗੋਂ ਨਿੱਜੀ ਮੈਦਾਨ ਵਿਚ ਕੁੱਦ ਕੇ ਕੰਮ ਕੀਤਾ, ਹੁਣ ਪੰਜਾਬ ਦੇ ਛੇ ਜ਼ਿਲ੍ਹੇ ਪਟਿਆਲਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ, ਬਰਨਾਲਾ, ਮਾਨਸਾ, ਮਲੇਰਕੋਟਲਾ ਆਦਿ ਵਿਚ ਅੱਜ ਮਨਰੇਗਾ ਦੇ ਮਜ਼ਦੂਰ ਹਰ ਤਰ੍ਹਾਂ ਦਾ ਕਾਨੂੰਨ ਜਾਣਦੇ ਹਨ।
‘ਪਿੰਡ ਬਚਾਓ ਪੰਜਾਬ ਬਚਾਓ’ ਮੂਵਮੈਂਟ ਤਹਿਤ ਲੋਕਾਂ ਦੀ ਸਸ਼ਕਤੀਕਰਨ ਦਾ ਕੰਮ ਕੀਤਾ। ਪੇਂਡੂ ਪੱਤਰਕਾਰੀ ਹੋਣੀ ਚਾਹੀਦੀ ਹੈ। ਜੇਕਰ ਪਿੰਡਾਂ ਵਿਚ ਕੰਮ ਕਰਨ ਵਾਲੇ ਪੱਤਰਕਾਰ ਪੇਂਡੂ ਪੱਤਰਕਾਰੀ ਨਹੀਂ ਕਰਦੇ ਤਾਂ ਲਾਜ਼ਮੀ ਹੈ ਕਿ ਕਿਸੇ ਨਾ ਕਿਸੇ ਪੱਤਰਕਾਰ ਨੂੰ ਮੈਦਾਨ ਵਿਚ ਉਤਰ ਕੇ ਐਕ‌ਟਿਵ ਰੋਲ ਨਿਭਾਉਣਾ ਪਵੇਗਾ। ਹੁਣ ਜਦੋਂ ਮਜ਼ਦੂਰਾਂ ਵਿਚ ਜਾਗਰੂਕਤਾ ਆਈ ਹੈ ਤਾਂ ਸੰਗਰੂਰ ਵਰਗੇ ਸ਼ਹਿਰ ਵਿਚ ਮਜ਼ਦੂਰਾਂ ਦਾ 10 ਹਜ਼ਾਰ ਦਾ ਇਕੱਠ ਵੀ ਹੋ ਜਾਂਦਾ ਹੈ। ਬੇਸ਼ੱਕ ਮਜ਼ਦੂਰ ਘੱਟ ਪੜ੍ਹੇ ਲਿਖੇ ਹਨ ਪਰ ਛੇ ਜ਼ਿਲਿਆਂ ਵਿਚ ਮਜ਼ਦੂਰ ਹੁਣ ਨਾਅਰੇ ਮਾਰਨ ਜੋਗੇ ਨਹੀਂ ਰਹਿ ਗਏ ਪਰ ਉਹ ਹੁਣ ਸਭ ਜਾਣਦੇ ਹਨ। ਇਸ ਕਰਕੇ ਪਿੰਡ ਪੱਧਰ ਤੇ ਮਜ਼ਦੂਰ ਵਰਗ ਨੂੰ ਸਿੱਖਿਅਤ ਕਰਨ ਦੀ ਲੋੜ ਹੈ। ਇੱਥੇ ਆਕੇ ਪੀ ਸਾਈਨਾਥ ਵਰਗੇ ਦੋ ਰਿਪੋਰਟਾਂ ਪਿੰਡਾਂ ਦੀਆਂ ਕਰ ਕੇ ਕਹਿੰਦਾ ਹੈ ਕਿ ਪੰਜਾਬ ਦੇ ਪੇਂਡੂ ਪੱਤਰਕਾਰ ਦੀ ਭੂਮਿਕਾ ਨਿਭਾ ਰਹੇ ਹਾਂ ਪਰ ਸਾਡਾ ਪੰਜਾਬ ਦਾ ਪੱਤਰਕਾਰ ਇਹ ਕਿਉਂ ਨਹੀਂ ਲਿਖ ਸਕਦਾ? ਸੋ ਹਮੀਰ ਸਿੰਘ ਨੇ ਕਿਸਾਨੀ ਖੁਦਕੁਸ਼ੀਆਂ ਤੇ ਪੰਜਾਬੀ ਟ੍ਰਿਬਿਊਨ ਵਿਚ ਵਿਸ਼ੇਸ਼ ਲੜੀ ਚਲਾਈ। ਜਿਵੇਂ ਕਿ ‘ਖੇਤ ਬਣੇ ਜਾਨ ਦਾ ਖੌ’। ਉਸ ਵੇਲੇ ਪਰਿਵਾਰਾਂ ਵਿਚ ਜਾ ਕੇ ਕੇ ਕੰਮ ਕੀਤਾ।
ਸੰਸਥਾਵਾਂ ਬਣ ਗਈਆਂ, ਟਰੱਸਟ ਬਣਿਆ ਜਿਸ ਨੇ ਕਿਸਾਨਾਂ ਦੇ 300 ਬੱਚੇ ਪੜਾਉਣ ਲਈ ਕੰਮ ਕੀਤਾ, ਉਹ ਉਨ੍ਹਾਂ ਪੀੜਤ ਕਿਸਾਨਾਂ ਦੇ ਪਤੇ ਪੰਜਾਬੀ ਟ੍ਰਿਬਿਊਨ ਤੋਂ ਹਾਸਲ ਕਰਦੇ ਸਨ। ਇਹ ਪੰਜਾਬੀ ‌ਟ੍ਰਿਬਿਊਨ ਦੇ ਹਿੱਸੇ ਹੀ ਆਇਆ ਸੀ, ਤਿੰਨ ਸਾਲ ਲੜੀਆਂ ਚੱਲੀਆਂ ਜਿਨ੍ਹਾਂ ਵਿਚ ਨਸ਼ਿਆਂ ਤੇ ਲੜੀ ਪ੍ਰਕਾਸ਼ਿਤ ਕੀਤੀ ਜਿਸ ਦਾ ਪ੍ਰਭਾਵ ਪੰਜਾਬ ਵਿਚ ਦੇਖਣ ਨੂੰ ਮਿਲਿਆ।
-ਕਿਸਾਨ ਅੰਦੋਲਨ ਵਿਚ ਪੱਤਰਕਾਰੀ- ਹਮੀਰ ਸਿੰਘ ਕਹਿੰਦੇ ਹਨ ‌ਕਿ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਡਾ. ਸਵਰਾਜ ਬੀਰ ਨੇ ਖ਼ਾਸ ਕਰਕੇ ਕਿਸਾਨ ਅੰਦੋਲਨ ਵਿਚ ਬਹੁਤ ਅਹਿਮ ਪੱਤਰਕਾਰੀ ਕਰਵਾਈ, ਇਸੇ ਕਰਕੇ ਪੰਜਾਬੀ ਟ੍ਰਿਬਿਊਨ ਕਿਸਾਨ ਅੰਦੋਲਨ ਵਿਚ ਹਰਮਨ ਪਿਆਰਾ ਅਖ਼ਬਾਰ ਬਣਿਆ। ਸਵਰਾਜ ਬੀਰ ਹੋਰਾਂ ਨੇ ਆਪ ਵੀ ਬਹੁਤ ਜ਼ਿਆਦਾ ਲਿਖਿਆ, ਤੇ ਪੱਤਰਕਾਰਾਂ ਨੂੰ ਲਿਖਣ ਦੀ ਪੂਰੀ ਖੁੱਲ ਦਿੱਤੀ। ਸਿਰਫ਼ ਕਿਸਾਨ ਅੰਦੋਲਨ ਵਿਚ ਕਿਸਾਨਾਂ ਦੇ ਪੱਖ ਵਿਚ ਹੀ ਨਹੀਂ ਲਿਖਿਆ ਸਗੋਂ ਜਿੱਥੇ ਅਲੋਚਨਾ ਕਰਨੀ ਬਣਦੀ ਸੀ ਅਲੋਚਨਾ ਵੀ ਕੀਤੀ। ਜਿਵੇਂ ਕਿ ਦਲਿਤਾਂ ਦੀ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕਿਉਂ ਘੱਟ ਰਹੀ? ਔਰਤਾਂ ਦਾ ਕਿਸਾਨ ਅੰਦੋਲਨ ਵਿਚ ਭਰਵਾਂ ਸਹਿਯੋਗ ਕਿਉਂ ਨਹੀਂ ਮਿਲਿਆ? ਇਹ ਬਹੁਤ ਸਾਰੇ ਮੁੱਦੇ ਵੀ ਕਿਸਾਨਾਂ ਦੇ ਦਿਮਾਗ਼ ਵਿਚ ਪਾਏ। ਇਹ ਪਤਾ ਹੋਣ ਕਰਕੇ ਕਿਸਾਨਾਂ ਨੇ ਇਸ ਗੱਲ ਨੂੰ ਸਵੀਕਾਰਿਆ ਵੀ। ਇਹ ਆਮ ਮੁੱਦੇ ਹਨ ਕਿ ਅਸਲ ਵਿਚ ਕਿਸਾਨਾਂ ਤੋਂ ਖੇਤ ਮਜ਼ਦੂਰ ਤੇ ਮਜ਼ਦੂਰ ਵਰਗ ਦੂਰ ਕਿਉਂ ਜਾ ਰਿਹਾ ਹੈ। ਇਸ ਮਾਮਲੇ ਵਿਚ ਹਮੀਰ ਸਿੰਘ ਨਿੱਜੀ ਤੌਰ ਤੇ ਵੀ ਕਿਸਾਨ ਅੰਦੋਲਨ ਵਿਚ ਬੋਲੇ ਤੇ ਕਿਸਾਨਾਂ ਨੂੰ ਇਹ ਗੱਲਾਂ ਸਹੀ ਵੀ ਲੱਗੀਆਂ, ਇਸ ਤੇ ਨਾਭਾ ਵਿਚ ‘ਮਜ਼ਦੂਰਾਂ ਦੀ ਪੰਚਾਇਤ’ ਰੱਖੀ ਗਈ ਸੀ, ਸਾਰੇ ਕਿਸਾਨ ਜਥੇਬੰਦੀਆਂ ਵਾਲਿਆਂ ਨੂੰ ਸੱਦਾ ਦਿੱਤਾ, ਹਮੀਰ ਸਿੰਘ ਕਹਿੰਦੇ ਹਨ ਕਿ ‘ਸਿਰਫ਼ ਬਲਬੀਰ ਸਿੰਘ ਰਾਜੇਵਾਲ ਹੀ ਇਸ ਮਜ਼ਦੂਰ ਪੰਚਾਇਤ ਵਿਚ ਪੁੱਜੇ, ਬਾਕੀ ਕੋਈ ਵੀ ਕਿਸਾਨ ਜਥੇਬੰਦੀ ਦਾ ਆਗੂ ਨਹੀਂ ਆਇਆ’।
-ਧਮਕੀਆਂ ਕੋਰਟ ਕੇਸ- ਹਮੀਰ ਸਿੰਘ ਕਹਿੰਦੇ ਹਨ ਕਿ ਉਸ ਤਰ੍ਹਾਂ ਦੀਆਂ ਸਿੱਧੀਆਂ ਧਮਕੀਆਂ ਤਾਂ ਨਹੀਂ ਆਈਆਂ ਪਰ ਇਕ ਵਾਰ ਸਿਕੰਦਰ ਮਲੂਕਾ ਦੇ ਓਐਸਡੀ ਜਾਂ ਪੀਏ ਦੀ ਧਮਕੀ ਕਿਸੇ ਰਾਹੀਂ ਆਈ ਸੀ। ਸਿਕੰਦਰ ਸਿੰਘ ਮਲੂਕਾ ਦੀ ਨੂੰਹ ਦੀ ਕਿਸੇ ਵਿਭਾਗ ਵਿਚ ਲੱਗਣ ਦੀ ਕੰਟਰੋਵਰਸੀ ਸੀ ਜਿਸ ਸਾਰੇ ਖ਼ਬਰ ਲਗਾ ਦਿੱਤੀ ਗਈ ਤਾਂ ਉਸ ਦੇ ਓਐਸਡੀ ਨੇ ਕਿਸੇ ਰਾਹੀਂ ਧਮਕਾਇਆ ਸੀ ਕਿ ‘ਹਮੀਰ ਸਿੰਘ ਨੂੰ ਕਹਿ ਦੇਣਾ ਕਿ ਉਹ ਪੱਤਰਕਾਰਾਂ ਵਾਂਗ ਕੰਮ ਕਰੇ ਰਾਜਨੀਤੀ ਨਾ ਖੇਡੇ’ ਤਾਂ ਹਮੀਰ ਸਿੰਘ ਨੇ ਕਿਹਾ ਕਿ ‘ਮੈਂ ਤਾਂ ਰਾਜਨੀਤੀ ਸ਼ਾਸਤਰ ਦਾ ਵਿਦਿਆਰਥੀ ਵੀ ਰਿਹਾ ਹਾਂ, ਉਸ ਨੂੰ ਕਹਿ ਦੇਈਂ ਕਿ ਪੱਤਰਕਾਰਤਾ ਨੇ ਉਸ ਨੂੰ ਖ਼ੁਦ ਚੁਣਿਆ ਹੈ।’ ਉਸ ਤੋਂ ਇਲਾਵਾ ਕਿਸੇ ਦੀ ਧਮਕੀ ਸਿੱਧੀ ਨਹੀਂ ਆਈ।
-ਬਿਊਰੋਕਰੇਸੀ, ਸੱਤਾਧਾਰੀਆਂ ਤੋਂ ਦੂਰੀ ਬਣਾ ਕੇ ਰੱਖੀ- ਇਕ ਸਹੀ ਪੱਤਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਅਫ਼ਸਰਸ਼ਾਹੀ ਤੇ ਸੱਤਾਧਾਰੀਆਂ ਤੋਂ ਦੂਰੀ ਬਣਾ ਕੇ ਰੱਖੇ, ਭਾਵ ਇਹ ਨਹੀਂ ਹੈ ਕਿ ਉਨ੍ਹਾਂ ਨਾਲ ਬੋਲਣਾ ਮਿਲਣਾ ਜੁਲਣਾ ਬੰਦ ਕਰ ਦੇਵੇ ਪਰ ਮਿੱਤਰਤਾ ਵਾਲੀ ਡੋਰ ਕਿਸੇ ਤੇ ਨਾ ਪਾਵੇ, ਕਿਉਂਕਿ ਜਦੋਂ ਪੱਤਰਕਾਰ ਲਿਖਦਾ ਹੈ ਤਾਂ ਲਿਹਾਜ਼ ਕਈ ਵਾਰੀ ਪੱਤਰਕਾਰ ਦਾ ਕਲਮ ਚਲਾਉਣ ਵਾਲਾ ਹੱਥ ਫੜ ਲੈਂਦੀ ਹੈ। ਹਮੀਰ ਸਿੰਘ ਦਾ ਇਹ ਲਹਿਜ਼ਾ ਕਈਆਂ ਨੂੰ ਚੁੱਭਦਾ ਵੀ ਰਿਹਾ। ਪਰ ਉਨ੍ਹਾਂ ਕਿਸੇ ਸੱਤਾਧਾਰੀ, ਬਿਊਰੋਕਰੇਟਸ, ਪੁਲੀਸ ‌ਅਧਿਕਾਰੀ ਨਾਲ ਯਾਰੀ ਨਹੀਂ ਪਾਈ। ਇਕ ਵਾਰ ਕੀ ਹੋਇਆ ਕਿ ਜਦੋਂ 2007 ਵਿਚ ਪੰਜਾਬ ਵਿਚ ਅਕਾਲੀ ਸਰਕਾਰ ਬਣੀ ਤਾਂ ਸੁਖਬੀਰ ਬਾਦਲ ਨੇ ਹਮੀਰ ਸਿੰਘ ਨੂੰ ਇਕ ਐਡਵਾਈਜ਼ਰੀ ਕਮੇਟੀ ਵਿਚ ਪਾ ਲਿਆ। ਉੱਥੇ ਹਮੀਰ ਸਿੰਘ ਨੂੰ ਜਾਣਾ ਬਣਦਾ ਸੀ, ਪਰ ਉਹ ਉੱਥੇ ਆਪ ਨਹੀਂ ਗਏ ਸਗੋਂ ਆਪਣੇ ਅਮਰ ਉਜਾਲਾ ਦੇ ਸਾਥੀ ਸੰਜੀਵ ਪਾਂਡੇ ਨੂੰ ਭੇਜ ਦਿੱਤਾ। ਇਸੇ ਕਰਕੇ ਕਦੇ ਰਾਜਨੀਤੀ ਤੇ ਕ੍ਰਾਈਮ ਦੀ ਬੀਟ ਤੇ ਕੰਮ ਨਹੀਂ ਕੀਤਾ। ਹਮੀਰ ਸਿੰਘ ਕਹਿੰਦੇ ਹਨ ‘ਇਹ ਬੀਟਾਂ ਸਮਾਂ ਖ਼ਰਾਬ ਕਰਦੀਆਂ ਹਨ। ਅਜੋਕੇ ਸਮੇਂ ਦੀ ਕ੍ਰਾਈਮ ਪੱਤਰਕਾਰੀ ਪੁਲੀਸ ਅਨੁਸਾਰ ਹੀ ਹੋ ਰਹੀ ਹੈ, ਲੋਕਾਂ ਅਨੁਸਾਰ ਨਹੀਂ’ ਗੱਲ ਵੀ ਸਹੀ ਲੱਗ ਰਹੀ ਹੈ ਪੱਤਰਕਾਰ ਦਾ ਪੁਲੀਸ ਅਧਿਕਾਰੀਆਂ ਨਾਲ ਫ਼ੋਟੋਆਂ ਖਿਚਵਾ ਕੇ ਸੋਸ਼ਲ ਮੀਡੀਆ ਤੇ ਪਾਉਣਾ ਭਾਵ ਕਿ ਪੱਤਰਕਾਰ ਪੁਲੀਸ ਦਾ ਹੈ ਨਾ ਕਿ ਲੋਕਾਂ ਦਾ। ਇਸ ਦਾ ਭਾਵ ਹੈ ਕਿ ਪੁਲੀਸ ਲੋਕਾਂ ਵਿਰੁੱਧ ਮਨਮਰਜ਼ੀ ਕਰੇ, ਪੱਤਰਕਾਰ ਉਸ ਨੂੰ ਖੁੱਲ ਦੇ ਰਿਹਾ ਹੈ। ਅਜੋਕਾ ਪੱਤਰਕਾਰ ਪ੍ਰੈੱਸ ਕਾਨਫ਼ਰੰਸ ਵਿਚ ਜੋ ਪੁਲੀਸ ਨੇ ਦੱਸਿਆ, ਉਹ ਹੀ ਲਿਖਦਾ ਹੈ, ਪਰ ਮੁਲਜ਼ਮ ਦਾ ਪੱਖ ਮੀਡੀਆ ਵਿਚੋਂ ਗ਼ਾਇਬ ਹੈ। ਜਿਸ ਨੂੰ ਪੁਲੀਸ ਨੇ ‘ਦੋਸ਼ੀ’ ਲਿਖ ਦਿੱਤਾ ਤਾਂ ਅਜੋਕੇ ਮੀਡੀਆ ਦੀ ਨਜ਼ਰ ਵਿਚ ਉਹ ‘ਦੋਸ਼ੀ’ ਹੀ ਹੈ। ਪੁਲੀਸ ਵੱਲੋਂ ਬਣਾਈਆਂ ਜਾਂਦੀਆਂ ਕਹਾਣੀਆਂ ਵਿਚ ਬਹੁਤ ਸਵਾਲ ਹੁੰਦੇ ਹਨ ਪਰ ਪੱਤਰਕਾਰ ਉਹ ਸਵਾਲ ਕਦੇ ਨਹੀਂ ਪੁੱਛਦਾ। ਹੁਣ ਤਾਂ ਪੱਤਰਕਾਰਾਂ ਦੀਆਂ ਯਾਰੀਆਂ ਵੀ ਅਖ਼ਬਾਰਾਂ ਵਿਚ ਸ਼ਰੇਆਮ ਛਪ ਰਹੀਆਂ ਹਨ।
-ਜਿਨ੍ਹਾਂ ਸੰਪਾਦਕਾਂ ਨਾਲ ਕੰਮ ਕੀਤਾ- ਉਹ ਕਹਿੰਦੇ ਹਨ ‌ਕਿ ਉਸ ਨੇ ਅੱਜ ਦੀ ਅਵਾਜ਼ ਦੇ ਸੰਪਾਦਕ ਗੁਰਦੀਪ ਸਿੰਘ ਨਾਲ ਕੰਮ ਕੀਤਾ, ਪੰਜਾਬੀ ਵਰਲਡ ਦੇ ਰਵਿੰਦਰ ਨਰਾਇਣ ਤੇ ਵਿਪਨ ਧੁਲੀਆ ਨਾਲ ਕੰਮ ਕੀਤਾ। ਅਮਰ ਉਜਾਲਾ ਵਿਚ ਓਂਕਾਰ ਚੌਧਰੀ, ਰਾਮੇਸ਼ਵਰ ਪਾਂਡੇ, ਉਦੇ ਸਿਨਹਾ ਨਾਲ ਕੰਮ ਕੀਤਾ, ਪੰਜਾਬੀ ਟ੍ਰਿਬਿਊਨ ਵਿਚ ਵਰਿੰਦਰ ਵਾਲੀਆ, ਸੁਰਿੰਦਰ ਤੇਜ਼, ਡਾ. ਸਵਰਾਜ ਬੀਰ ਨਾਲ ਕੰਮ ਕੀਤਾ ਤੇ ਸਭ ਨਾਲ ਤਜਰਬਾ ਵੱਖੋ ਵੱਖਰਾ ਰਿਹਾ।
-ਪੰਜਾਬ ਟੈਲੀਵਿਜ਼ਨ ਵਿਚ ਪ੍ਰਵੇਸ਼- ਪੰਜਾਬੀ ਟ੍ਰਿਬਿਊਨ ਛੱਡਣ ਤੋਂ ਬਾਅਦ ਹਮੀਰ ਸਿੰਘ ਨੇ ਹਰਜਿੰਦਰ ਸਿੰਘ ਰੰਧਾਵਾ ਵੱਲੋਂ ਚਲਾਇਆ ਜਾ ਰਿਹਾ ‘ਪੰਜਾਬ ਟੈਲੀਵਿਜ਼ਨ’ ਵਿਚ ਜੁਆਇਨ ਕਰ ਲਿਆ। ਇੱਥੇ ਕਈ ਡਿਬੇਟ ਪ੍ਰੋਗਰਾਮਾਂ ਦਾ ਹਿੱਸਾ ਬਣੇ ਰਹਿੰਦੇ ਹਨ।
-ਪਰਿਵਾਰ- ਹਮੀਰ ਸਿੰਘ ਦਾ ਧਰਮ ਪਤਨੀ ਚਰਨਜੀਤ ਕੌਰ ਨਾਲ ਵਿਆਹ 1999 ਵਿਚ ਹੋਇਆ ਸੀ। ਨਾਭਾ ਵਿਚ ਹੀ ਹਮੀਰ ਸਿੰਘ ਸਹੁਰੇ ਹਨ। ਇਕ ਦੂਜੇ ਦੇ ਪੂਰਕ ਹਨ। ਵਾਹਿਗੁਰੂ ਜੋੜੀ ਬਣਾਈ ਰੱਖੇ।
-ਪੱਤਰਕਾਰਾਂ ਲਈ ਸੰਦੇਸ਼- ਪੱਤਰਕਾਰਤਾ ਦਾ ਜਨਮ ਹੀ ਲੋਕ ਹਿਤ ਲਈ ਹੋਇਆ ਸੀ। ਸੱਤਾ ਵੱਲੋਂ ਸਥਾਪਤੀ ਵੱਲੋਂ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਨੂੰ ਬੇਪਰਦ ਕਰਨਾ, ਇਹ ਕੰਮ ਲਈ ਪੱਤਰਕਾਰਤਾ ਜਨਮੀ ਸੀ। ਪ੍ਰਿੰਟ ਮੀਡੀਆ ’ਤੇ ਕਾਫ਼ੀ ਆਸਾਂ ਹਨ। ਟੀਵੀ ਮੀਡੀਆ ਤੇ ਇਹ ਆਸ ਨਹੀਂ ਰੱਖੀ ਜਾ ਸਕਦੀ, ਕਿਉਂਕਿ ਟੀਵੀ ਮੀਡੀਆ ਕਿਹੜਾ 12-16 ਪੇਜ ਅਖ਼ਬਾਰ ਦੇ ਪੂਰੇ ਕਰਨ ਲਈ ਮੁੱਦਿਆਂ ਦੀ ਤਲਾਸ਼ ਕਰੇਗਾ, ਉਹ ਤਾਂ ਸ਼ਾਮ ਨੂੰ ਹੁੰਦੀਆਂ ਬਹਿਸਾਂ ਵਿਚ ਡੰਗ ਟਪਾਊ ਪੱਤਰਕਾਰੀ ਕਰਦਾ ਹੈ। ਸੋਸ਼ਲ ਮੀਡੀਆ ਤੇ ਆਸ ਕੀਤੀ ਜਾ ਸਕਦੀ ਸੀ ਇਹ ਵੀ ਕਾਰਪੋਰੇਟ ਨੇ ਕਬਜ਼ੇ ਵਿਚ ਕਰ ਲਿਆ ਹੈ, ਸੱਤਾਧਾਰੀ ਧਿਰਾਂ ਜਾਂ ਸਿਆਸੀ ਪਾਰਟੀਆਂ ਆਪਣੇ ਮੁੱਦੇ ਵਾਇਰਲ ਕਰਦੇ ਲੋਕਾਂ ਦੇ ਮਨਾਂ ਵਿਚ ਗ਼ਲਤ ਜਾਣਕਾਰੀ ਵੀ ਵਾੜ ਰਹੀਆਂ ਹਨ। ਸੋ ਹੁਣ ਪ੍ਰਿੰਟ ਮੀਡੀਆ ਵਿਚ ਕੰਮ ਕਰਦੇ ਪੱਤਰਕਾਰਾਂ ਦੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ। ਪੱਤਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਸੋ ਹਮੀਰ ਸਿੰਘ ਇਕ ਬੇਧੜਕ ਤੇ ਬੇਬਾਕ ਆਦਰਸ਼ਵਾਦੀ ਪੱਤਰਕਾਰ ਹੈ, ਜਿਸ ਦੀ ਕਹਾਣੀ ਪੜ੍ਹ ਕੇ ਉਨ੍ਹਾਂ ਪੱਤਰਕਾਰਾਂ ਨੂੰ ਸੋਚਣਾ ਪਵੇਗਾ ਜੋ ਸਮਾਜ ਲਈ ਕੁਝ ਕਰਨਾ ਚਾਹੁੰਦੇ ਹਨ, ਮੈਂ ਹਮੀਰ ਸਿੰਘ ਦੀ ਇਸ ਪੱਤਰਕਾਰੀ ਦੀ ਕਦਰ ਕਰਦਾ ਹਾਂ, ਮੈਨੂੰ ਆਸ ਵੀ ਹੈ ਕਿ ਹਮੀਰ ਸਿੰਘ ਇਸੇ ਤਰ੍ਹਾਂ ਦੀ ਪੱਤਰਕਾਰੀ ਕਰਦੇ ਰਹਿਣਗੇ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਹਮੀਰ ਸਿੰਘ ਵਰਗਾ ਪੱਤਰਕਾਰ ਹਮੇਸ਼ਾਂ ਚੜਦੀਕਲਾ ਵਿਚ ਰਹੇ.... ਆਮੀਨ
-ਗੁਰਨਾਮ ਸਿੰਘ ਅਕੀਦਾ 8146001100

No comments:

Post a Comment