Monday, May 13, 2019

ਡਾ. ਧਰਮਵੀਰ ਗਾਂਧੀ ਪਟਿਆਲਾ ਦਾ ਚਰਚਿਤ ਉਮੀਦਵਾਰ

ਪ੍ਰਨੀਤ ਕੌਰ ਤੇ ਗਾਂਧੀ ਦੇ ਮੁਕਾਬਲੇ ਵਿਚ ਕਿਤੇ ਰੱਖੜਾ ਨਾ ਬਾਜ਼ੀ ਮਾਰ ਜਾਵੇ ?




ਬਿਨ੍ਹਾਂ ਕੋਈ ਵੱਡੀ ਪਾਰਟੀ ਦੇ ਸਟਾਰ ਪ੍ਰਚਾਰਕ ਦੇ ਸਹਿਯੋਗ ਦੇ ਏਨਾ ਚਰਚਿਤ ਹੋਣ ਵਾਲਾ ਉਮੀਦਵਾਰ ਹੈ ਡਾ. ਗਾਂਧੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ : ਲੋਕ ਪਟਿਆਲਾ ਹਲਕੇ ਵਿਚ ਚੋਣਾਂ ਦੇ ਪ੍ਰਚਾਰ ਦਾ ਸਿਖਰ ਹੋ ਗਿਆ ਹੈ। ਇਸ ਵੇਲੇ ਹਰੇਕ ਵੋਟਰ ਸੋਚ ਰਿਹਾ ਹੈ ਕਿ ਆਖ਼ਿਰ ਪਟਿਆਲਾ ਵਰਗੀ ਅਹਿਮ ਸੀਟ ਉੱਤੇ ਕੌਣ ਬਾਜ਼ੀ ਮਾਰ ਰਿਹਾ ਹੈ। ਇਸ ਸਬੰਧੀ ਸਾਡੀ ਟੀਮ ਨੇ ਵੱਖ ਵੱਖ ਖੇਤਰਾਂ ਵਿਚ ਪੜਤਾਲ ਕੀਤੀ ਗਈ ਜਿਸ ਦੌਰਾਨ ਪਤਾ ਲੱਗਾ ਕਿ ਕਾਂਗਰਸੀ ਉਮੀਦਵਾਰ ਸ੍ਰੀਮਤੀ ਪ੍ਰਨੀਤ ਕੌਰ ਦਾ ਹੱਥ ਉੱਤੇ ਹੈ, ਇੱਕ ਅਜਿਹਾ ਅੰਕੜਾ ਵੀ ਸਾਹਮਣੇ ਆਇਆ ਕਿ ਸ੍ਰੀ ਮਤੀ ਪ੍ਰਨੀਤ ਕੌਰ ਤੇ ਡਾ. ਧਰਮਵੀਰ ਗਾਂਧੀ ਦੀ ਆਪਣੀ ਟੱਕਰ ਚਰਮ ਸੀਮਾ ਤੇ ਹੈ ਪਰ ਇਨ੍ਹਾਂ ਦੋਵਾਂ ਦੀ ਟੱਕਰ ਵਿਚ ਕਿਧਰੇ ਬਾਦਲ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨਾ ਬਾਜ਼ੀ ਮਾਰ ਜਾਣ।
2014 ਦੇ ਨਤੀਜੇ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜੇ ਡਾ. ਧਰਮਵੀਰ ਗਾਂਧੀ ਨੇ 365671 ਵੋਟਾਂ ਹਾਸਲ ਕੀਤੀਆਂ ਸਨ ਜਦ ਕਿ ਕਾਂਗਰਸ ਦੀ ਸ੍ਰੀ ਮਤੀ ਪ੍ਰਨੀਤ ਕੌਰ ਨੇ 344729 ਵੋਟਾਂ ਹਾਸਲ ਕਰਕੇ ਦੂਜਾ ਨੰਬਰ ਹਾਸਲ ਕੀਤਾ ਸੀ, ਜਦ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੇ 3401019 ਵੋਟਾਂ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਸੀ। ਬਹੁਜਨ ਸਮਾਜ ਪਾਰਟੀ ਦੇ ਰਾਮ ਸਿੰਘ ਧੀਮਾਨ ਨੇ 13014 ਵੋਟਾਂ ਹਾਸਲ ਕੀਤੀਆਂ ਸਨ, ਰਾਮ ਸਿੰਘ ਧੀਮਾਨ ਕਾਂਗਰਸ ਪਾਰਟੀ ਵਿਚ ਚਲੇ ਗਏ ਹਨ ਪਰ ਬਸਪਾ ਦਾ ਸਮਰਥਨ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਕੋਲ ਹੈ। ਇਸੇ ਤਰ੍ਹਾਂ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀਪੀਆਈ) ਦੇ ਉਮੀਦਵਾਰ ਨਿਰਮਲ ਸਿੰਘ ਧਾਲੀਵਾਲ ਨੇ 2014 ਵਿਚ 8537 ਵੋਟਾਂ ਹਾਸਲ ਕੀਤੀਆਂ ਸਨ, ਇਸ ਵਾਰ ਸੀਪੀਆਈ ਦਾ ਸਮਰਥਨ ਵੀ ਡਾ. ਗਾਂਧੀ ਦੇ ਪੱਖ ਵਿਚ ਭੁਗਤ ਰਿਹਾ ਹੈ। ਇਸੇ ਤਰ੍ਹਾਂ ਫਾਸੀ ਦੀ ਸਜਾ ਵਿਚ ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਵਾਲੀ ਕਮਲਦੀਪ ਕੌਰ ਰਾਜੋਆਣਾ ਨੇ 15313 ਵੋਟਾਂ ਹਾਸਲ ਕੀਤੀਆਂ ਸਨ, ਇਸ ਵਾਰ ਰਾਜੋਆਣਾ ਦਾ ਸਮਰਥਨ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰਾਂ ਨੂੰ ਦਿੱਤਾ ਹੋਇਆ ਹੈ। ਜੇਕਰ ਅੰਕੜਿਆਂ ਦੇ ਨਜ਼ਰ ਮਾਰੀਏ ਤਾਂ ਸੀਪੀਆਈ ਦੀ ਵੋਟ ਨੂੰ ਘੱਟ ਨਹੀਂ ਕਿਹਾ ਜਾ ਸਕਦਾ, ਇਸੇ ਤਰ੍ਹਾਂ ਬਸਪਾ ਦੀ ਵੋਟ ਵੀ ਇਸ ਵਾਰ 2014 ਨਾਲੋਂ ਵੱਧ ਹੀ ਹੋਵੇਗੀ। ਸ. ਰਾਜੋਆਣਾ ਦੀ ਭੈਣ ਦੀ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ ਸਾਰੀ ਨਹੀਂ ਪਵੇਗੀ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦੇਖਣ ਵਾਲਾ ਵੋਟਰ ਕੱਟੜ ਸਿੱਖ ਹੈ ਤੇ ਕੱਟੜ ਸਿੱਖਾਂ ਨੇ ਹੀ ਬੀਬੀ ਰਾਜੋਆਣਾ ਨੂੰ ਵੋਟ ਪਾਈ ਸੀ ਉਹ ਬਾਦਲ ਦਲ ਨੂੰ ਵੋਟ ਨਹੀਂ ਪਾਉਣਗੇ।
ਦੂਜੇ ਪਾਸੇ ਜੇਕਰ ਇਸ ਸਮੇਂ ਦੀ ਗੱਲ ਕਰਦੇ ਹਾਂ ਤਾਂ ਟਰੱਕ ਯੂਨੀਅਨ ਤੇ ਸ਼ਰੇਆਮ ਡਾ. ਗਾਂਧੀ ਨੂੰ ਵੋਟ ਪਾਉਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਨਾਭਾ ਵਿਚ ਵੀ ਵੱਡਾ ਇਕੱਠ ਕਰਕੇ ਟਕਸਾਲੀ ਕਾਂਗਰਸੀਆਂ ਨੇ ਡਾ. ਗਾਂਧੀ ਨੂੰ ਵੋਟ ਪਾਉਣ ਦਾ ਐਲਾਨ ਕੀਤਾ ਹੈ। ਇਸ ਕਰਕੇ ਪਟਿਆਲਾ ਤੋਂ ਡਾ. ਗਾਂਧੀ ਨੂੰ ਸ੍ਰੀ ਮਤੀ ਪ੍ਰਨੀਤ ਕੌਰ ਤੋਂ ਕਮਜ਼ੋਰ ਉਮੀਦਵਾਰ ਸਮਝਣਾ ਸਮੇਂ ਦੀ  ਭੁੱਲ ਹੋਵੇਗੀ। ਡਾ. ਗਾਂਧੀ ਦੇ ਖ਼ਿਲਾਫ਼ਤ ਇੱਕ ਹੀ ਗੱਲ ਜਾਂਦੀ ਹੈ ਕਿ ਉਸ ਨੂੰ ਜੇਕਰ ਝਾੜੂ ਚੋਣ ਨਿਸ਼ਾਨ ਮਿਲ ਜਾਂਦਾ ਤਾਂ ਉਸ ਨੂੰ ਹਰਾਉਣ ਵਾਲਾ ਕੋਈ ਨਹੀਂ ਸੀ, ਪਰ ਇੱਥੇ ਸ੍ਰੀ ਮਤੀ ਪ੍ਰਨੀਤ ਕੌਰ ਦੇ ਪੱਖ ਵਿਚ ਇੱਕ ਹੀ ਗੱਲ ਜਾਂਦੀ ਹੈ ਕਿ ਪੰਜਾਬ ਵਿਚ ਸਰਕਾਰ ਕਾਂਗਰਸ ਦੀ ਹੈ। ਲੋਕ ਆਪਣੇ ਕੰਮਾਂ ਦੇ ਮੱਦੇਨਜ਼ਰ ਸ੍ਰੀਮਤੀ ਪ੍ਰਨੀਤ ਕੌਰ ਨੂੰ ਵੋਟ ਪਾ ਦੇ ਪਵਾ ਸਕਦੇ ਹਨ। ਪਰ ਲੋਕ ਸ੍ਰੀਮਤੀ ਪ੍ਰਨੀਤ ਕੌਰ ਨਾਲ ਇਸ ਕਰਕੇ ਖ਼ਫ਼ਾ ਚੱਲ ਰਹੇ ਹਨ ਕਿਉਂਕਿ ਉਸ ਨੂੰ ਚੋਣਾਂ ਤੋਂ ਬਾਅਦ ਮਿਲਣਾ ਮੁਸ਼ਕਿਲ ਹੁੰਦਾ ਹੈ, ਉਸ ਦੇ ਚੌਗਿਰਦੇ ਵਿਚ ਰਹਿਣ ਵਾਲੇ ਲੋਕ ਉਸ ਨੂੰ ਲੋਕਾਂ ਤੋਂ ਦੂਰ ਹੀ ਰੱਖਦੇ ਹਨ। ਸੁਰਜੀਤ ਸਿੰਘ ਰੱਖੜਾ ਦਾ ਸਾਊਪੁਣਾ ਉਸ ਦਾ ਪੱਖ ਪੂਰ ਰਿਹਾ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਸ ਲਈ ਕਾਫ਼ੀ ਖ਼ਤਰਨਾਕ ਕਰਕੇ ਭੁਗਤ ਰਹੀ ਹੈ। ਹਾਲਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਪਟਿਆਲਾ ਵਿਚ ਵੱਡਾ ਨਹੀਂ ਬਣ ਸਕਿਆ, ਪਰ ਫਿਰ ਵੀ ਮੁੱਦੇ ਚੁੱਕਣ ਦੇ ਮਾਮਲੇ ਵਿਚ ਸ੍ਰੀ ਰੱਖੜਾ ਕਾਫ਼ੀ ਪਛੜ ਰਹੇ ਹਨ, ਉਨ੍ਹਾਂ ਇੱਕ ਲਾਭ ਮਿਲ ਸਕਦਾ ਹੈ ਜੋ ਕਾਫ਼ੀ ਅਹਿਮੀਅਤ ਵਾਲਾ ਹੈ, ਕਿ ਡਾ. ਗਾਂਧੀ ਜੇਕਰ ਵੋਟਾਂ ਕਾਫ਼ੀ ਲੈ ਜਾਂਦਾ ਹੈ ਤੇ ਉਹ ਜਿੱਤ ਵੱਲ ਨਹੀਂ ਵਧਦਾ ਤਾਂ ਉਸ ਦਾ ਨੁਕਸਾਨ ਸਿੱਧਾ ਹੀ ਕਾਂਗਰਸੀ ਉਮੀਦਵਾਰ ਨੂੰ ਹੋਣ ਦੀ ਸੰਭਾਵਨਾ ਹੈ, ਪਰ ਜੇਕਰ ਡਾ. ਗਾਂਧੀ ਵੋਟਾਂ ਘੱਟ ਲੈ ਜਾਂਦਾ ਹੈ ਤਾਂ ਉਸ ਦਾ ਨੁਕਸਾਨ ਸਿੱਧਾ ਹੀ ਬਾਦਲ ਦਲ ਦੇ ਉਮੀਦਵਾਰ ਨੂੰ ਹੈ। ਇਹ ਹੀ ਇੱਕ ਕਾਰਨ ਬਣ ਸਕਦਾ ਹੈ ਕਿ ਸ.ਰੱਖੜਾ ਵੀ ਬਾਜ਼ੀ ਮਾਰ ਜਾਣ।

No comments:

Post a Comment