Tuesday, May 14, 2019

ਮੋਤੀ ਮਹਿਲ ਤੇ ਧੰਨਾਢਾਂ ਨੂੰ ਚੁਣੌਤੀ ਦੇ ਰਿਹਾ ਹੈ ਜੁਤੀਆਂ ਬਣਾ ਕੇ ਗੁਜਾਰਾ ਕਰਨ ਵਾਲਾ ਮੋਚੀ ਦਾ ਪੁੱਤ

ਡਾ. ਅੰਬੇਡਕਰ ਦਾ ਸੁਪਨਾ ਪੂਰਾ ਕਰਨ ਲਈ ਲੜ ਰਿਹਾ ਹਾਂ ਚੋਣ : ਸੰਕਰ ਕੁਮਾਰ

ਗੁਰਨਾਮ ਸਿੰਘ ਅਕੀਦਾ
ਪਟਿਆਲਾ : ਇਥੇ ਤੋਪਖਾਨਾ ਮੋੜ ਜੁਤੀਆਂ ਦੇ ਬਜਾਰ ਵਿਚ ਜੁਤੀਆਂ ਬਣਾ ਕੇ ਆਪਣੇ ਪਰਿਵਾਰ ਦੀ ਆਰਜਾ ਚਲਾ ਰਹੇ ਮੋਚੀ ਦੇ ਪੁੱਤ ਸੰਕਰ ਕੁਮਾਰ ਨੇ ਮੋਤੀ ਮਹਿਲ ਨੂੰ ਲਲਕਾਰਿਆ ਹੈ। ਅਜਾਦ ਉਮੀਦਵਾਰ ਵਜੋਂ ਪਟਿਆਲਾ ਲੋਕ ਸਭਾ ਤੋਂ ਚੋਣ ਲੜ ਰਹੇ ਸੰਕਰ ਕੁਮਾਰ ਦਾ ਦਾਅਵਾ ਹੈ ਕਿ ਉਹ ਜੁਤੀਆਂ ਬਣਾਉਣ ਵਾਲੇ ਜੀਨਗਰ ਸਮਾਜ ਦੇ ਨਾਲ ਨਾਲ ਅੰਬੇਡਕਰੀ ਸਮਾਜ ਦੀਆਂ ਵੋਟਾਂ ਲਵੇਗਾ, ਉਹ ਕਹਿੰਦਾ ਹੈ ਕਿ ਬੇਸੱਕ ਇਹ ਹੋਣ ਮੁਸ਼ਕਿਲ ਹੈ ਪਰ ਜੇਕਰ ਉਹ ਜਿੱਤ ਗਿਆ ਤਾਂ ਭੀਮ ਰਾਓ ਅੰਬੇਡਕਰ ਦਾ ਸੁਪਨਾ ਪੂਰਾ ਕਰਨ ਵਿਚ ਪੂਰਾ ਜੋਰ ਲਗਾ ਦੇਵੇਗਾ।
ਸੰਕਰ ਕੁਮਾਰ ਸਵੇਰੇ ਹੀ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਦਾ ਹੈ ਤੇ ਦਿਨ ਵਿਚ ਆਪਣੇ ਘਰ ਜੁੱਤੀਆਂ ਦੇ ਪੰਨੇ ਬਣਾਉਣ ਦਾ ਕੰਮ ਕਰਦਾ ਹੈ। ਉਸ ਦੇ ਚਾਰ ਭਰਾਵਾਂ ਸਮੇਤ ਉਸ ਦੇ ਪਰਿਵਾਰ ਦੀਆਂ 14 ਵੋਟਾਂ ਹਨ ਜੋ ਇਕ ਹੀ ਇਮਾਰਤ ਵਿਚ ਰਹਿੰਦੇ ਹਨ। ਤਿੰਨ ਗਰੈਜੁਏਟ ਧੀਆਂ ਦੇ ਬਾਪ ਸੰਕਰ ਕੁਮਾਰ ਦਾ ਇਕੋ ਇਕ ਪੁੱਤਰ ਵਿਦੇਸ਼ ਵਿਚ ਜੁਤੀਆਂ ਦੀਆਂ ਪ੍ਰਦਰਸ਼ਨੀਆਂ ਲਗਾ ਕੇ ਪਟਿਆਲਾ ਦੀ ਪੰਜਾਬੀ ਜੁੱਤੀ ਦੀਆਂ ਧੂੰਮਾ ਪਾਉਂਦਾ ਹੈ। ਪਤਨੀ ਸਮੇਤ ਸਾਰੇ ਪਰਿਵਾਰ ਵਲੋਂ ਦਿਨ ਰਾਤ ਕੰਮ ਕਰਨ ਦੇ ਬਾਵਜੂਦ ਸੰਕਰ ਕੁਮਾਰ ਕਹਿੰਦਾ ਹੈ ਕਿ ਉਸ ਦੇ ਪਰਿਵਾਰ ਦਾ ਗੁਜਾਰਾ ਹੀ ਹੋ ਰਿਹਾ ਹੈ, ਪਰਿਵਾਰ ਦੇ ਕੰਮ ਕਰਦਾ ਹੋਇਆ ਉਹ ਕਰਜਾਈ ਵੀ ਹੋਗਿਆ ਹੈ। ਪਟਿਆਲਾ ਦੇ ਤੋਪਖਾਨਾ ਮੁਹੱਲੇ ਦੀ ਬਣੀ ਸ੍ਰੀ ਰਾਮਦੇਵ ਜੀਨਗਰ ਸਭਾ ਦਾ ਸੰਕਰ ਕੁਮਾਰ ਪ੍ਰਧਾਨ ਹੈ ਉਹ ਕਹਿੰਦਾ ਹੈ ਸਾਡੀ ਬਰਾਦਰੀ ਦੀਆਂ 9 ਹਜਾਰ ਦੇ ਕਰੀਬ ਵੋਟਾਂ ਉਸ ਨੂੰ ਸਾਰੀਆਂ ਨਹੀਂ ਪੈਣੀਆਂ ਪਰ ਉਹ ਡਾ. ਅੰਬੇਡਕਰ ਵਲੋਂ ਦਿੱਤੇ ਸਿਆਸਤ ਵਿਚ ਸ਼ਾਮਲ ਹੋਣ ਦੇ ਅਧਿਕਾਰ ਦੀ ਵਰਤੋਂ ਕਰਨਾ ਚਾਹੁੰਦਾ ਹੈ, ਉਹ 2012 ਵਿਚ ਬਹੁਜਨ ਸਮਾਜ ਪਾਰਟੀ ਦੀ ਟਿਕਟ ਤੇ ਵਿਧਾਨ ਸਭਾ ਦੀ ਚੋਣ ਲੜ ਕੇ 1388 ਵੋਟਾਂ ਲੈ ਗਿਆ ਸੀ। ਜਦੋਂ ਉਹ ਬਰਾਦਰੀ ਦੀ ਸਭਾ ਦੀ ਚੋਣ ਲੜਿਆ ਤਾਂ ਉਸ ਨੂੰ ਪੋਲ ਹੋਈਆਂ 1284 ਵੋਟਾਂ ਵਿਚੋਂ 650 ਵੋਟਾਂ ਪੈ ਗਈਆਂ ਸਨ, ਉਸ ਨੇ ਆਪਣੀ ਧੀ ਦੀਪੀਕਾ ਨੂੰ ਵੀ ਐਮ ਸੀ ਦੀ ਚੋਣ ਲੜਾਈ ਸੀ ਜਿਸ ਨੇ ਰਾਜਨੀਤੀ ਵਿਚ ਗਰੈਜੁਏਸ਼ਨ ਕੀਤੀ ਹੈ। ਉਸ ਨੂੰ ਚਿੰਤਾ ਹੈ ਕਿ ਉਨ੍ਹਾਂ ਦੇ ਰਾਜਸਥਾਨ ਪਿਛੋਕੜ ਵਾਲੇ ਜੀਨਗਰ ਸਮਾਜ ਨੂੰ ਰਵੀਦਾਸੀਆਂ ਵਿਚ ਹੀ ਸ਼ਾਮਲ ਕਰਕੇ ਐਸ ਸੀ ਦਾ ਪ੍ਰਮਾਣ ਪੱਤਰ ਦਿੱਤਾ ਜਾਂਦਾ ਹੈ ਪਰ ਉਸ ਦੀ ਮੰਗ ਹੈ ਕਿ ਉਨ੍ਹਾਂ ਦੇ ਜੀਨਗਰ ਸਮਾਜ ਨੂੰ ਵੀ ਐਸਸੀ ਦੇ ਗਜਟ ਵਿਚ ਸ਼ਾਮਲ ਕੀਤਾ ਜਾਵੇ। ਉਹ ਕਹਿੰਦਾ ਹੈ ਕਿ ਉਹ ਜੁਤੀਆਂ ਕਰਦੇ ਹਨ ਤੇ ਰਵੀਦਾਸ ਨੂੰ ਗੁਰੂ ਮੰਨਦੇ ਹਨ ਤੇ ਭੀਮ ਰਾਓ ਨੂੰ ਆਪਣਾ ਸਿਆਸੀ ਗੁਰੂ ਮੰਨਦੇ ਹਨ, ਉਹ ਇਸ ਗੱਲ ਤੇ ਹੋਰ ਵੀ ਦੁਖੀ ਹੋ ਜਾਂਦਾ ਹੈ ਕਿ ਉਸ ਦਾ ਸਾਰਾ ਅੰਬੇਡਕਰੀ ਸਮਾਜ ਟੁੱਕੜਿਆਂ ਵਿਚ ਵੰਡਿਆ ਪਿਆ ਹੈ, ਜਿਸ ਕਰਕੇ ਉਨ੍ਹਾਂ ਦੇ ਰਾਜ ਕੋਈ ਹੋਰ ਕਰ ਰਿਹਾ ਹੈ।

No comments:

Post a Comment