Tuesday, May 14, 2019

ਹਲਕਾ ਫ਼ਤਿਹਗੜ੍ਹ ਸਾਹਿਬ : ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਦੀ ਹਲਕੇ ਵਿਚ ਨਿੱਜੀ ਵਿਰੋਧਤਾ ਨਹੀਂ

ਮਨਵਿੰਦਰ ਸਿੰਘ ਗਿਆਸਪੁਰਾ ਪੰਥਕ ਵੋਟ ਲੈਣ ਵਿਚ ਹੋ ਰਿਹਾ ਹੈ ਕਾਮਯਾਬ : ਦਰਬਾਰਾ ਸਿੰਘ ਗੁਰੂ ਦੀ ਹੋ ਰਹੀ ਹੈ ਨਿੱਜੀ ਵਿਰੋਧਤਾ : ਆਪ ਉਮੀਦਵਾਰ ਦਾ ਖੰਨੇ ਵਿਚ ਕਾਫੀ ਬੋਲਬਾਲਾ


ਗੁਰਨਾਮ ਸਿੰਘ ਅਕੀਦਾ
ਸ੍ਰੀ ਫ਼ਤਿਹਗੜ੍ਹ ਸਾਹਿਬ : ਜਿਵੇਂ ਜਿਵੇਂ ਚੋਣ ਪ੍ਰਚਾਰ ਸਿਖਰ ਤੇ ਜਾ ਰਿਹਾ ਹੈ ਓਵੇਂ ਜਿਵੇਂ ਹੀ ਲੋਕ ਸਭਾ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ (ਰਿਜਰਵ ਸੀਟ) ਵਿਚ ਮੁਕਾਬਲਾ ਰੋਚਕ ਬਣਦਾ ਜਾ ਰਿਹਾ ਹੈ। ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਾਫ਼ੀ ਮਿਹਨਤ ਕਰਨੀ ਪੈ ਰਹੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕਲੰਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਘੇਰ ਰਿਹਾ ਹੈ, ਸ੍ਰੀ ਫ਼ਤਿਹਗੜ੍ਹ ਸਾਹਿਬ ਵਿਚ ਲੋਕ ਇਨਸਾਫ਼ ਪਾਰਟੀ ਦੇ ਅਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਹਲਕੇ ਵਿਚ ਗੂੰਜਣ ਲਾ ਦਿੱਤਾ ਹੈ, ਜਦ ਕਿ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਨੋਟਾ ਬਟਣ ਦਬਾਉਣ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ।ਹਲਕਾ ਰਾਏਕੋਟ ਵਿਚ ਥੋੜੀ ਵਿਰੋਧਤਾ ਨੂੰ ਛੱਡ ਕੇ ਡਾ. ਅਮਰ ਸਿੰਘ ਦੀ ਕਿਤੇ ਨਿੱਜੀ ਵਿਰੋਧਤਾ ਨਹੀਂ ਦੇਖੀ ਗਈ।
    ਸ੍ਰੀ ਫ਼ਤਿਹਗੜ੍ਹ ਸਾਹਿਬ ਦਾ ਵਿਸ਼ਲੇਸ਼ਣ ਕਰਨ ਲਈ ਸਾਨੂੰ 2014 ਲੋਕ ਸਭਾ ਦੇ ਅੰਕੜੇ ਦੇਖਣੇ ਵੀ ਲਾਜ਼ਮੀ ਹਨ। ਤਾਂ ਕਿ ਪੂਰੀ ਤਰ੍ਹਾਂ ਸਮਝ ਆ ਸਕੇ। ਇੱਥੇ 2014 ਵਿਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਰਿੰਦਰ ਸਿੰਘ ਖ਼ਾਲਸਾ ਚੋਣ ਜਿੱਤਿਆ ਸੀ ਜਿਸ ਨੂੰ ਕੁੱਲ 367293 ਵੋਟ ਪਈ ਸੀ। ਦੂਜੇ ਨੰਬਰ ਤੇ ਕਾਂਗਰਸੀ ਉਮੀਦਵਾਰ ਸਾਧੂ ਸਿੰਘ ਰਿਹਾ ਸੀ ਜਿਸ ਨੂੰ 313149 ਵੋਟ ਪਈ ਸੀ ਜਦ ਕਿ ਤੀਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਮੀਦਵਾਰ ਕੁਲਵੰਤ ਸਿੰਘ ਨੂੰ 312815 ਵੋਟ ਪਈ ਸੀ, ਬਹੁਜਨ ਸਮਾਜ ਪਾਰਟੀ ਚੌਥੇ ਨੰਬਰ ਤੇ ਆਈ ਸੀ ਜਿਸ ਦੇ ਉਮੀਦਵਾਰ ਸਰਬਜੀਤ ਸਿੰਘ ਨੂੰ 12683 ਵੋਟ ਪਈ ਸੀ। ਜਦ ਕਿ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਧਰਮ ਸਿੰਘ ਨੂੰ 3173 ਵੋਟ ਪਈ ਸੀ। ਜੇਕਰ ਅਜੋਕੀ 2019 ਦੀ ਲੋਕ ਸਭਾ ਚੋਣ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਅੱਜ ਇੱਥੇ ਚਾਰ ਉਮੀਦਵਾਰ ਅਹਿਮੀਅਤ ਨਾਲ ਚੋਣ ਲੜਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਵਿਚ ਕਾਂਗਰਸ ਦੇ ਉਮੀਦਵਾਰ ਸਾਬਕਾ ਆਈਏਐਸ ਅਤੇ ਡਾਕਟਰ ਅਮਰ ਸਿੰਘ ਹਨ, ਸ਼੍ਰੋਮਣੀ ਅਕਾਲੀ ਦਲ ਵਲ ਸਾਬਕਾ ਆਈਏਐਸ ਦਰਬਾਰਾ ਸਿੰਘ ਗੁਰੂ ਹਨ, ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਜਦ ਕਿ ਆਮ ਆਦਮੀ ਪਾਰਟੀ ਵੱਲੋਂ ਕਾਂਗਰਸੀ ਆਗੂ ਸ਼ਮਸ਼ੇਰ ਸਿੰਘ ਦੁਲੋਂ ਦੇ ਸਪੁੱਤਰ ਬਨੀ ਦੁਲੋਂ ਚੋਣ ਮੈਦਾਨ ਵਿਚ ਹਨ। 2014 ਵਿਚ ਕਾਂਗਰਸ ਨੂੰ ਸਿੱਧੇ ਤੌਰ ਤੇ 313149 ਵੋਟ ਪਈ ਸੀ, ਜਦ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਖ਼ਾਲਸਾ ਨੂੰ 367293 ਵੋਟ ਪਈ ਤੇ ਉਹ ਜਿੱਤੇ ਸਨ। ਜਿਸ ਵਿਚ 54144 ਵੋਟਾਂ ਦਾ ਅੰਤਰ ਹੈ। ਜੇਕਰ ਸਿਆਸੀ ਪੰਡਤਾਈ ਦੇ ਤੌਰ ਤੇ ਇਸ ਗਣਿਤ ਨੂੰ ਸਮਝਿਆ ਜਾਵੇ ਤਾਂ ਵੋਟਾਂ ਦੇ ਇਸ ਅੰਕੜੇ ਵਿਚ ਆਮ ਆਦਮੀ ਪਾਰਟੀ ਨੇ ਜ਼ਿਆਦਾਤਰ ਵੋਟ ਕਾਂਗਰਸ ਪਾਰਟੀ ਦੀ ਤੇ ਬਾਦਲ ਦਲ ਤੋਂ ਨਰਾਜ਼ ਵੋਟ ਹੀ ਹਾਸਲ ਕੀਤੀ ਸੀ। ਫੇਰ ਵੀ ਬਾਦਲ ਦਲ ਦਾ ਉਮੀਦਵਾਰ 312815 ਵੋਟਾਂ ਲੈ ਗਿਆ ਸੀ ਜਿਸ ਦਾ ਕਾਂਗਰਸੀ ਉਮੀਦਵਾਰ ਨਾਲੋਂ ਥੋੜ੍ਹਾ ਹੀ 334 ਵੋਟਾਂ ਦਾ ਹੀ ਅੰਤਰ ਸੀ। ਇਸ ਵਾਰ ਲੋਕ ਇਨਸਾਫ਼ ਪਾਰਟੀ ਵੱਲੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਕਾਫ਼ੀ ਅਹਿਮੀਅਤ ਨਾਲ ਲੋਕ ਮਨਾ ਵਿਚ ਘਰ ਕਰ ਰਹੇ ਹਨ। ਉਹ ਜ਼ਿਆਦਾਤਰ ਵੋਟ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਨਰਾਜ਼ ਵੋਟ ਹਾਸਲ ਕਰ ਰਹੇ ਹਨ, ਕਿਉਂਕਿ ਲੋਕ ਮਨਾ ਵਿਚ ਦਰਬਾਰਾ ਸਿੰਘ ਗੁਰੂ ਦੇ ਉੱਤੇ ਨਕੋਦਰ ਗੋਲੀ ਕਾਂਡ ਦਾ ਦੋਸ਼ ਵੀ ਘਰ ਕਰ ਗਿਆ ਹੈ ਤੇ ਬਾਦਲ ਦਲ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਵੀ ਕਾਫ਼ੀ ਪ੍ਰਭਾਵ ਦਿਖਾ ਰਿਹਾ ਹੈ, ਇਹ ਵੋਟ ਕਾਂਗਰਸੀ ਉਮੀਦਵਾਰ ਨੂੰ ਘੱਟ ਜਦ ਕਿ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਹੀ ਭੁਗਤੇਗੀ। ਜਦ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਨਦੀਪ ਸਿੰਘ ਬਨੀ ਦੂਲੋਂ ਦੇ ਪਿਤਾ ਸ਼ਮਸ਼ੇਰ ਸਿੰਘ ਦੁਲੋਂ ਦਾ ਖੰਨਾ ਹਲਕੇ ਵਿਚ ਕਾਫ਼ੀ ਪ੍ਰਭਾਵ ਹੈ। ਸ਼ਮਸ਼ੇਰ ਸਿੰਘ ਦੁਲੋਂ ਨੂੰ ਆਪਣੇ ਪੁੱਤ ਦੇ ਹੱਕ ਵਿਚ ਗੁਪਤ ਰੂਪ ਵਿਚ ਪ੍ਰਚਾਰ ਕਰਦੇ ਦੇਖਿਆ ਜਾ ਸਕਦਾ ਹੈ। ਖੰਨੇ ਹਲਕੇ ਦੇ ਕਈ ਪਿੰਡਾਂ ਵਿਚ  ਬਨਦੀਪ ਸਿੰਘ ਬਨੀ ਦੂਲੋਂ ਦੇ ਪੋਸਟਰ ਲੱਗੇ ਨਜ਼ਰ ਆਉਂਦੇ ਹਨ, ਪਰ ਆਮ ਆਦਮੀ ਪਾਰਟੀ ਦਾ ਪਹਿਲਾਂ ਵਾਲਾ ਹੇਜ ਲੋਕਾਂ ਵਿਚ ਨਜ਼ਰ ਨਹੀਂ ਆਇਆ, ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਲੋਕਾਂ ਵਿਚ ਇਹ ਗੱਲ ਘਰ ਕਰ ਗਈ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜਿੱਤ ਕੇ ਗਏ ਸ੍ਰੀ ਖ਼ਾਲਸਾ ਨੇ ਹਲਕੇ ਦਾ ਹਾਲ ਵੀ ਨਹੀਂ ਪੁੱਛਿਆ, ਇਸ ਕਰਕੇ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦੀ ਨਫ਼ਰਤ ਵੀ ਦੇਖੀ ਜਾ ਸਕਦੀ ਹੈ, ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਕਰਨ ਦੇ ਲਗਾਏ ਦੋਸ਼ ਤੇ ਬਾਅਦ ਵਿਚ ਮਾਫ਼ੀ ਮੰਗਣਾ ਵੀ ਲੋਕਾਂ ਵਿਚ ਆਪ ਪਾਰਟੀ ਪ੍ਰਤੀ ਲੋਕਾਂ ਦੀ ਨਫ਼ਰਤ ਸਹੇੜਦਾ ਹੈ। ਇਸ ਕਰਕੇ ਇਸ ਵਾਰ ਖੰਨਾ ਹਲਕੇ ਵਿਚ ਸ਼ਮਸ਼ੇਰ ਸਿੰਘ ਦੁਲੋਂ ਦੀ ਨਿੱਜੀ ਵੋਟ ਤੋਂ ਇਲਾਵਾ ਹਲਕੇ ਵਿਚ ਕੁਝ ਆਪ ਦੇ ਪੱਕੇ ਵਲੰਟੀਅਰਾਂ ਦੀ ਵੋਟ ਬਨਦੀਪ ਸਿੰਘ ਬਨੀ ਦੂਲੋਂ ਨੂੰ ਪਵੇਗੀ, ਇਹ ਆਮ ਵੋਟਰਾਂ ਵਿਚ ਗੱਲ ਘਰ ਕਰ ਗਈ ਹੈ ਕਿ ਬਨਦੀਪ ਸਿੰਘ ਬਨੀ ਦੁੱਲੋਂ ਤਾਂ ਕਾਂਗਰਸੀ ਉਮੀਦਵਾਰ ਦੇ ਵਿਰੋਧ ਵਿਚ ਹੀ ਚੋਣ ਮੈਦਾਨ ਵਿਚ ਹੈ। ਪਰ ਜੇਕਰ ਦੇਖਿਆ ਜਾਵੇ ਤਾਂ ਬਾਕੀ ਹਲਕੇ ਵਿਚੋਂ ਕਾਂਗਰਸ ਦੀ ਵੋਟ ਮੁੜ ਕਾਂਗਰਸੀ ਉਮੀਦਵਾਰ ਦੇ ਪਾਲੇ ਵਿਚ ਆਉਣ ਦੀ ਸੰਭਾਵਨਾ ਹੈ, ਖੰਨੇ ਤੇ ਮੰਡੀ ਗੋਬਿੰਦਗੜ੍ਹ ਵਿਚ ਲੋਹਾ ਮੰਡੀ ਅਤੇ ਆਮ ਹਿੰਦੂ ਵੋਟ ਕਾਂਗਰਸ ਵੱਲ ਹੀ ਭੁਗਤਦੀ ਨਜ਼ਰ ਆ ਰਹੀ ਹੈ, ਕਿਉਂਕਿ ਨਵੀਨ ਜਿੰਦਲ ਵਰਗਿਆਂ ਦਾ ਕਾਂਗਰਸੀ ਉਮੀਦਵਾਰ ਦੇ ਪੱਖ ਵਿਚ ਪ੍ਰਚਾਰ ਕਰਨਾ ਮੰਡੀ ਦੇ ਲਾਲਿਆਂ ਨੂੰ ਕਾਂਗਰਸੀ ਉਮੀਦਵਾਰ ਦੇ ਪੱਖ ਵਿਚ ਭੁਗਤਾ ਗਿਆ ਹੈ। ਬਾਕੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ 2014 ਵਿਚ 12683 ਵੋਟ ਪਈ ਸੀ ਉਹ ਵੋਟ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਪੈਣ ਦੀ ਸੰਭਾਵਨਾ ਹੈ। ਸ਼੍ਰੋਮਣੀ ਅਕਾਲੀ ਦਲ (ਅ) ਦੀ ਵੋਟ ਨੋਟਾ ਵਾਲੇ ਪਾਸੇ ਪੈਣ ਦੀ ਸੰਭਾਵਨਾ ਹੈ। ਹਾਲਾਂ ਕਿ ਸਾਰੇ ਵੋਟਰ ਨੋਟਾ ਨਹੀਂ ਦਬਾਉਣਗੇ ਪਰ ਫਿਰ ਵੀ  ਐਲਾਨ ਅਨੁਸਾਰ ਮਾਨ ਦਲ ਨੋਟਾ ਵੱਲ ਹੀ ਵੱਧ ਰਿਹਾ ਹੈ। ਬਾਦਲ ਦਲ ਦੀ ਪੱਕੀ ਵੋਟ ਦਰਬਾਰਾ ਸਿੰਘ ਗੁਰੂ ਨੂੰ ਹੀ ਪਵੇਗੀ, ਪਰ ਜੋ ਵੋਟ ਬਾਦਲ ਦਲ ਨੂੰ ਪੰਥ ਦੇ ਨਾਮ ਤੇ ਪੈਂਦੀ ਸੀ ਉਹ ਵੋਟ ਇਸ ਵਾਰ ਬਾਦਲ ਦਲ ਤੋਂ ਕਿਨਾਰਾ ਕਰ ਰਹੀ ਹੈ। ਦੇਖਿਆ ਜਾ ਸਕਦਾ ਹੈ ਕਿ ਇਸ ਹਲਕੇ ਵਿਚ ਚਾਰ ਉਮੀਦਵਾਰ ਚਰਚਾ ਵਿਚ ਹਨ, ਜਿਨ੍ਹਾਂ ਵਿਚੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਦਾ ਹੱਥ ਭਾਰੀ ਲੱਗ ਰਿਹਾ ਹੈ। ਅਗਲੇ ਦਿਨਾਂ ਵਿਚ ਕੁਝ ਵੀ ਸਮੀਕਰਨ ਬਦਲ ਸਕਦੇ ਹਨ।

No comments:

Post a Comment