Friday, August 23, 2019

ਸੈਕਸ ਦੀ ਗੁਲਾਮੀ ਲਈ ਚੁਣੀਆਂ ਜਾਂਦੀਆਂ ਬੱਚੀਆਂ ਦੀ ਉਮਰ ਵੱਧ ਤੋਂ ਵੱਧ ਤੇਰਾਂ ਸਾਲ

ਅਮਰੀਕਾ ਦੀ ਚਕਾਚੌਂਧ ਦੇ ਪਰਦੇ ਹੇਠ ਔਰਤਾਂ ਦੀ ਹਨੇਰਮਈ ਜ਼ਿੰਦਗੀ : ਸ਼ਿਵਾਨੀ

ਸੈਕਸ ਦੀ ਗੁਲਾਮੀ ਲਈ ਚੁਣੀਆਂ ਜਾਂਦੀਆਂ ਬੱਚੀਆਂ ਦੀ ਉਮਰ ਵੱਧ ਤੋਂ ਵੱਧ ਤੇਰਾਂ ਸਾਲ ਰੱਖੀ ਗਈ ਹੈ

ਮੁੱਢ ਕਦੀਮੀ ਸਮਾਜ, ਜਿੱਥੇ ਮਨੁੱਖ ਜੰਗਲ ਵਿੱਚ ਰਹਿੰਦਿਆਂ ਪੱਤਿਆਂ ਨੂੰ ਆਪਣਾ ਸਰੀਰ ਢੱਕਣ ਲਈ ਵਰਤਦਾ ਸੀ, ਤੋਂ ਬਾਅਦ ਕਈ ਪੜਾਵਾਂ ਨੂੰ ਪਾਰ ਕਰਦਿਆਂ ਅੱਜ ਆਧੁਨਿਕ ਸਰਮਾਏਦਾਰੀ ਯੁੱਗ ਵਿੱਚ ਪਹੁੰਚਿਆ ਹੈ, ਜਿੱਥੇ ਮਨੁੱਖ ਨੇ ਆਪਣੀ ਸਮਝ ਅਤੇ ਤਜ਼ਰਬੇ ਦੇ ਅਧਾਰ ’ਤੇ ਆਪਣੀ ਜ਼ਿੰਦਗੀ ਨੂੰ ਹਰ ਪੱਖੋਂ ਸਹੂਲਤ ਭਰਪੂਰ ਬਣਾ ਲਿਆ ਹੈ, ਆਪਣੀ ਲੋੜ ਅਨੁਸਾਰ ਉਹ ਕੋਈ ਵੀ ਚੀਜ਼ ਖਰੀਦਦਾ ਹੈ ਤੇ ਲੋੜ ਪੂਰੀ ਹੋਣ ’ਤੇ ਜਾਂ ਮਨ ਭਰ ਜਾਣ ’ਤੇ ਵੇਚ ਵੀ ਦਿੰਦਾ ਹੈ। ਪਰ ਜ਼ਰਾ ਸੋਚ ਕੇ ਵੇਖੋ, ਕਿੰਨਾ ਭਿਆਨਕ ਹੈ, ਜੇ ਉਸ ਚੀਜ਼ ਦੀ ਥਾਂ ’ਤੇ ਤੁਸੀਂ ਖੁਦ ਹੋਵੇ, ਖਰੀਦੋ ਫਰੋਖਤ ਕਿਸੇ ਚੀਜ਼ ਦੀ ਨਹੀਂ, ਤੁਹਾਡੀ… ਤੁਹਾਡੀ ਆਪਣੀ, ਮਨੁੱਖੀ ਹੱਡ ਮਾਸ ਦੀ ਹੁੰਦੀ ਹੋਵੇ …ਪਰ ਅਫਸੋਸ, ਇਹ ਕਲਪਨਾ ਬੇਸ਼ੱਕ ਭਿਆਨਕ ਹੈ, ਪਰ ਕੋਰੀ ਕਲਪਨਾ ਨਹੀਂ! ਇਹ ਕਲਪਨਾ ਸੱਚ ਦੇ ਬਹੁਤ ਨੇੜੇ ਹੈ, ਅਜੋਕੇ ਸਮੇਂ ਦਾ ਕੌੜਾ ਭਿਆਨਕ ਤੇ ਬਰਬਰ ਸੱਚ!!
ਕੁਰਸੀ, ਮੇਜ, ਪੱਖਾ, ਟੀ ਵੀ, ਮੋਬਾਈਲ, ਔਰਤ… ਕੀ ਹੋਇਆ, ਤੁਹਾਨੂੰ ਹੈਰਾਨੀ ਹੋ ਰਹੀ ਹੈ ਕਿ ਮੈਂ ਇੰਨਾ ਖਪਤ ਦੀ ਵਸਤੂਆਂ ਨਾਲ਼ ਔਰਤ ਸ਼ਬਦ ਕਿਉਂ ਵਰਤਿਆ? ਪਰ ਜਨਾਬ ਜਾਂ ਤਾਂ ਤੁਸੀਂ ਬਹੁਤ ਭੋਲੇ ਹੋ ਜਾਂ ਫਿਰ ਸੱਚ ਨੂੰ ਆਪਣੀ ਜੀਭ ਦੀ ਨੋਕ ’ਤੇ ਲਿਆਉਂਦਿਆਂ ਤੁਹਾਨੂੰ ਸ਼ਰਮ ਆ ਰਹੀ ਹੈ। ਇਹੀ ਹੈ ਅਜੋਕੇ ਸਮੇਂ ਦਾ ਸੱਚ – ਜਿੱਥੇ ਔਰਤ ਮਨੁੱਖ ਨਹੀਂ, ਇੱਕ ਵਸਤੂ ਹੈ, ਗੁਲਾਮ ਹੈ – ਮਰਦ ਦੀ, ਜਿੱਥੇ ਹੋਰਨਾਂ ਚੀਜ਼ਾਂ ਵਾਂਗ ਉਹਦੀ, ਮੁਆਫ ਕਰਨਾ, ਉਹਦੇ ਸਰੀਰ ਦੀ ਮੰਡੀ ਵਿੱਚ ਬੋਲੀ ਲੱਗਦੀ ਹੈ, ਜਿੱਥੇ ਵੱਧ ਤੇ ਘੱਟ ਉਮਰ ਔਰਤਾਂ ਦੀ ਕੀਮਤ ਦਾ ਪੈਮਾਨਾ ਬਣਦੀਆਂ ਹਨ।
ਸਰਮਾਏਦਾਰੀ ਚੀਕ ਚਿਹਾੜਾ ਪਾਉਂਦੀ ਹੈ- ਕਿ ਔਰਤਾਂ ਨੂੰ ਉਨ੍ਹਾਂ ਦੇ ਮਨੁੱਖੀ ਹੱਕ ਦੁਆਏ, ਉਨ੍ਹਾਂ ਨੂੰ ਚੁੱਲ੍ਹੇ ਚੌਂਕੇ ’ਚੋਂ ਬਾਹਰ ਕੱਢ ਕੇ ਬਾਹਰ ਕੰਮ ਕਰਨ ਦਾ ਹੱਕ ਦੁਆਇਆ, ਆਰਥਿਕ ਤੌਰ ’ਤੇ ਨਿਰਭਰ ਕੀਤਾ। ਹਾਂ ਕੀਤਾ… ਪਰ ਸਿਰਫ਼ ਆਪਣੇ ਮੁਨਾਫ਼ੇ ਲਈ, ਔਰਤਾਂ ਨੂੰ ਘਰਾਂ ’ਚੋਂ ਕੱਢ ਕੇ ਬਾਹਰ ਮੰਡੀ ਵਿੱਚ ਖੜ੍ਹਾ ਕਰ ਦਿੱਤਾ ਜਿੱਥੇ ਉਹ ਅਖੌਤੀ “ਅਜ਼ਾਦੀ” ਦਾ ਹੱਕ ਵਰਤਦਿਆਂ ਆਪਣਾ ਸਰੀਰ ਵੇਚ ਸਕਣ।
ਅਮਰੀਕਾ, ਅਖੌਤੀ ਸਰਮਾਏਦਾਰੀ ਦਾ ਨੁਮਾਇੰਦਾ ਦੇਸ਼, ਜਿਹੜਾ ਦੁਨੀਆਂ ਭਰ ਦੇ ਦੇਸ਼ਾਂ ਨੂੰ ਹਥਿਆਰ ਮੁਹੱਈਆ ਕਰਵਾਉਂਦਾ ਹੈ, ਮਨੁੱਖੀ ਤਸਕਰੀ ਤੇ ਵੇਸਵਾਗਮਨੀ ਦੇ ਕਾਰੋਬਾਰ ਵਿੱਚ ਦਿਨੋਂ-ਦਿਨ ਤਰੱਕੀ ਕਰ ਰਿਹਾ ਹੈ। ਨਸ਼ਿਆਂ ਤੇ ਹਥਿਆਰਾਂ ਦੇ ਕਾਰੋਬਾਰ ਤੋਂ ਬਾਅਦ ਵੇਸਵਾਗਮਨੀ ਦੇ ਧੰਦੇ ਵਿੱਚ ਧੱਕਣ ਲਈ ਛੋਟੇ ਬੱਚਿਆਂ ਦੀ ਖਰੀਦੋ- ਫਰੋਖਤ ਦਾ ਕਾਰੋਬਾਰ ਅਮਰੀਕਾ ਵਿੱਚ ਦੂਜਾ ਵੱਡਾ ਕਾਰੋਬਾਰ ਬਣ ਚੁੱਕਾ ਹੈ। ਇਸ ਧੰਦੇ ਦੀ ਜਾਂਚ ਪੜਤਾਲ ਵਿੱਚ ਲੱਗੀ ਪੱਤਰਕਾਰ ਐਮੀ ਕੋਲਿਨਜ਼ ਦਾ ਕਹਿਣਾ ਹੈ – “ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨਾਲ਼ੋਂ ਬੱਚਿਆਂ ਦੀ ਤਸਕਰੀ ਕਿਤੇ ਜ਼ਿਆਦਾ ਮੁਨਾਫਾ – ਭਰਪੂਰ ਹੈ ਕਿਉਂਕਿ ਇੱਕ ਪੌਂਡ ਹੀਰੋਇਨ ਜਾਂ ਇੱਕ ਏ.ਕੇ 47 ਨੂੰ ਤੁਸੀਂ ਸਿਰਫ ਇੱਕ ਵਾਰ ਵੇਚ ਸਕਦੇ ਹੋ ਪਰ ਇੱਕ ਛੋਟੀ ਬੱਚੀ ਨੂੰ ਤੁਸੀਂ ਇੱਕ ਦਿਨ ਵਿੱਚ ਦਸ ਤੋਂ ਪੰਦਰਾਂ ਵਾਰ ਵੇਚ ਸਕਦੇ ਹੋ ਤੇ ਇਹ ਉਦੋਂ, ਜਦ ਸਾਰੇ ਦੇ ਸਾਰੇ ਪੈਸੇ ਦਲਾਲ ਕੋਲ ਜਾਂਦੇ ਹੋਣ।
ਸੈਕਸ ਦੀ ਗੁਲਾਮੀ ਲਈ ਚੁਣੀਆਂ ਜਾਂਦੀਆਂ ਬੱਚੀਆਂ ਦੀ ਉਮਰ ਵੱਧ ਤੋਂ ਵੱਧ ਤੇਰਾਂ ਸਾਲ ਰੱਖੀ ਗਈ ਹੈ। ਇਸ ਤੋਂ ਵੱਧ ਉਮਰ ਦੀਆਂ ਕੁੜੀਆਂ ਦੀ ਤਸਕਰੀ ਨਹੀਂ ਕੀਤੀ ਜਾਂਦੀ। ਮੁਨਾਫ਼ੇ ਦੀ ਅੰਨ੍ਹੀ ਭੁੱਖ ਇੰਨੀ ਜ਼ਿਆਦਾ ਹੈ ਕਿ ਇੱਕ ਕੁੜੀ ਨੂੰ ਇੱਕ ਦਿਨ ਵਿੱਚ ਦਸ ਤੋਂ ਪੰਦਰਾਂ ਮਰਦਾਂ ਨੂੰ ਵੇਚਿਆ ਜਾਂਦਾ ਹੈ ਜਿਸ ਅਨੁਸਾਰ ਪੰਜਾਂ ਸਾਲਾਂ ਦੇ ਵਕਫੇ ਵਿੱਚ ਇੱਕ ਕੁੜੀ ਨਾਲ਼ ਛੇ ਹਜ਼ਾਰ ਵਾਰ ਬਲਾਤਕਾਰ ਹੁੰਦਾ ਹੈ ਅਮਰੀਕਾ ਵਿੱਚ ਲਗਭਗ ਇੱਕ ਲੱਖ ਬੱਚੇ ਹਰ ਸਾਲ ਮਨੁੱਖੀ ਤਸਕਰੀ ਤੇ ਦੇਹ ਵਪਾਰ ਦਾ ਸ਼ਿਕਾਰ ਹੁੰਦੇ ਹਨ ਤੇ ਤਿੰਨ ਲੱਖ ਬੱਚੇ ਹਮੇਸ਼ਾ ਸ਼ਿਕਾਰ ਹੋ ਜਾਣ ਦੇ ਡਰ ਹੇਠ ਰਹਿੰਦੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਜਾਂ ਜਾਣ – ਪਛਾਣ ਦੇ ਲੋਕਾਂ ਵੱਲੋਂ ਦਲਾਲਾਂ ਨੂੰ ਵੇਚ ਦਿੱਤਾ ਜਾਂਦਾ ਹੈ। ਇੱਕ ਬੱਚੇ ਤੋਂ ਦਲਾਲਾਂ ਦੀ ਇਕ ਸਾਲ ਦੀ ਕਮਾਈ ਡੇਢ ਤੋਂ ਦੋ ਲੱਖ ਡਾਲਰ ਬਣਦੀ ਹੈ।
ਕੰਮ ਦੀ ਭਾਲ ਵਿਚ ਵਿਦੇਸ਼ਾਂ ਨੂੰ ਭੱਜਦੇ ਲੋਕਾਂ ਦਾ ਵੱਡਾ ਹਿੱਸਾ ਮਨੁੱਖੀ ਤਸਕਰੀ ਤੇ ਵੇਸਵਾਗਮਨੀ ਦਾ ਸ਼ਿਕਾਰ ਹੁੰਦਾ ਹੈ ਪਰ ਅਸੀਂ ਅਮਰੀਕਾ ਦੇ ਉਨ੍ਹਾਂ ਵਸਨੀਕਾਂ ਦੀ ਗੱਲ ਕਰ ਰਹੇ ਹਾਂ ਜਿੰਨਾਂ ਨੂੰ ਜ਼ਬਰਦਸਤੀ ਵੇਸਵਾਗਮਨੀ ਦੇ ਇਸ ਧੰਦੇ ਵਿੱਚ ਧੱਕਿਆ ਗਿਆ ਹੈ। ਲੱਗਭੱਗ ਇੱਕ ਤੋਂ ਦੋ ਲੱਖ ਦੀ ਗਿਣਤੀ ਵਿੱਚ ਅਜਿਹੀਆਂ ਛੋਟੀ ਉਮਰ ਦੀਆਂ ਬੱਚੀਆਂ ਦੇਹ- ਵਪਾਰ ਦੇ ਇਸ ਧੰਦੇ ਵਿੱਚ ਫਸੀਆਂ ਹੋਈਆਂ ਹਨ ਜਿਨ੍ਹਾਂ ਨੇ ਕੋਈ ਮਜ਼ਬੂਰੀ ਵਜੋਂ ਸੈਕਸ ਗੁਲਾਮੀ ਦਾ ਪੇਸ਼ਾ ਨਹੀਂ ਚੁਣਿਆ ਸਗੋਂ ਜਬਰਦਸਤੀ ਤੇ ਧੋਖੇ ਰਾਹੀਂ ਉਨ੍ਹਾਂ ਨੂੰ ਇਸ ਧੰਦੇ ਵਿੱਚ ਫਸਾਇਆ ਗਿਆ ਹੈ।
ਪਰ ਇੱਥੇ ਇੱਕ ਸਵਾਲ ਖੜ੍ਹਾ ਹੁੰਦਾ ਹੈ, ਆਖਰ ਕੀ ਕਾਰਨ ਹੈ ਕਿ ਮਨੁੱਖ ਇੰਨਾ ਵਹਿਸ਼ੀ ਹੁੰਦਾ ਜਾ ਰਿਹਾ ਹੈ? ਕਿਉਂ ਸੈਕਸ ਲਈ ਮਰਦਾਂ ਦੀ ਪਸੰਦ ਹੁਣ ਅੱਠ ਨੌਂ ਸਾਲ ਦੀਆਂ ਬੱਚੀਆਂ ਬਣਦੀਆਂ ਜਾ ਰਹੀਆਂ ਹਨ? ਕਿਉਂ ਮਨੁੱਖ ਦੇ ਅੰਦਰਲੀ ਸਾਰੀ ਨੈਤਿਕਤਾ ਤੇ ਮਨੁੱਖਤਾ ਦਾ ਘਾਣ ਹੁੰਦਾ ਜਾ ਰਿਹਾ ਹੈ ਕਿ ਉਹ ਦਸ ਬਾਰਾਂ ਸਾਲ ਦੇ ਬੱਚੇ ਉੱਤੇ ਆਪਣੀ ਸਰੀਰਕ ਭੁੱਖ ਮਿਟਾਉਣ ਲਈ ਵੀ ਤਿਆਰ ਹੋ ਜਾਂਦਾ ਹੈ?
ਇਸ ਦਾ ਜਵਾਬ ਦੇਣ ਲਈ ਕੋਈ ਖਾਸ ਦਿਮਾਗੀ ਕਸਰਤ ਦੀ ਲੋੜ ਨਹੀਂ। ਇਸ ਦਾ ਜਵਾਬ ਸਾਡੇ ਆਲ਼ੇ-ਦੁਆਲ਼ੇ ਹਰ ਕਿਤੇ ਪਸਰਿਆ ਹੋਇਆ ਹੈ । ਗੀਤਾਂ, ਹਾਲੀਵੁੱਡ ਫਿਲਮਾਂ, ਟੀ.ਵੀ. ਮਸ਼ਹੂਰੀਆਂ ਵਿੱਚ ਜਿਸ ਤਰ੍ਹਾਂ ਕੁੜੀਆਂ ਨੂੰ ਦਿਖਾਇਆ ਜਾਂਦਾ ਹੈ- ਅੱਧੇ ਕੱਪੜਿਆਂ ਵਿੱਚ, ਆਪਣੇ ਅੰਗਾਂ ਦੀ ਨੁਮਾਇਸ਼ ਕਰਦਿਆਂ, ਮਰਦਾਂ ਨੂੰ ਸਰੀਰਕ ਸੁੱਖ ਪਹੁੰਚਾਉਂਦਿਆਂ, ਜਿਸ ਰਾਹੀਂ ਮਰਦਾਂ ਦੀ ਤੇ ਖੁਦ ਔਰਤਾਂ ਦੀ ਸੋਚ ਇਹ ਬਣਾ ਦਿੱਤੀ ਜਾਂਦੀ ਹੈ ਕਿ ਔਰਤਾਂ ਦੀ ਹੋਂਦ ਸਿਰਫ਼ ਇੱਕ ਸਰੀਰ ਵਜੋਂ ਹੈ, ਸਿਰਫ਼ ਮਰਦ ਨੂੰ ਖੁਸ਼ ਰੱਖਣ ਲਈ। ਅਮਰੀਕਾ ਵਿੱਚ ਖੁਦ ਕੁੜੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਆਪਣੇ ਫੇਸਬੁੱਕ, ਟਵਿੱਟਰ ਅਕਾਊਂਟਾਂ ’ਤੇ ਪੋਰਨ ਦੀ ਨਕਲ ਕਰਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਸਰਮਾਏਦਾਰਾ ਮੰਡੀ ਔਰਤਾਂ ਅੱਗੇ ਮਰਦਾਂ ਨੂੰ ਉਤੇਜਿਤ ਕਰਨ ਵਾਲ਼ੇ ਮਾਲ ਵਜੋਂ ਪੇਸ਼ ਕਰਦੀ ਹੈ ਅਤੇ ਮੀਡੀਆ ’ਤੇ ਮਰਦਾਂ ਵੱਲੋਂ ਥੋਪੀ ਗਈ ਪਸੰਦ ਉਨ੍ਹਾਂ ਦੀ ਖੁਦ ਦੀ ਪਸੰਦ ਬਣ ਜਾਂਦੀ ਹੈ।
ਮੋਬਾਈਲਾਂ ਦੀ ਵਧਦੀ ਵਰਤੋਂ ਨਾਲ਼ ਪੋਰਨੋਗ੍ਰਾਫੀ ਸਾਡੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਘੁਸਪੈਠ ਕਰ ਚੁੱਕੀ ਹੈ, ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗ ਸਭ ਪੋਰਨ ਵੇਖਣ ਦੇ ਆਦੀ ਹੁੰਦੇ ਹਨ। ਪੋਰਨ ਦੇਖਣ ਮਗਰੋਂ ਉਹੀ ਜ਼ੋਰ – ਅਜਮਾਇਸ਼ ਮਰਦ ਹਕੀਕੀ ਤੌਰ ’ਤੇ ਕਰਨਾ ਲੋਚਦੇ ਹਨ ਜਿਸ ਦੀ ਭੁੱਖ ਉਹ ਇਸ ਤਰ੍ਹਾਂ ਭਾੜੇ ਤੇ ਖਰੀਦੀ ਹੋਈ ਔਰਤਾਂ ’ਤੇ ਮਿਟਾਉਂਦੇ ਹਨ। ਜੋ ਭਾੜੇ ’ਤੇ ਔਰਤਾਂ ਨੂੰ ਨਹੀਂ ਖਰੀਦ ਸਕਦੇ ਉਹ ਮੌਕਾ ਲੱਗਣ ’ਤੇ ਕਿਸੇ ਵੀ ਬੱਚੀ ਜਾਂ ਔਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹਨ (ਬਲਾਤਕਾਰਾਂ ਦੀ ਗਿਣਤੀ ਵਿੱਚ ਵਾਧੇ ਦਾ ਕਾਰਨ ਵੀ ਇਹੀ ਹੈ) ਵੇਸਵਾਗਮਨੀ ਦੇ ਜਾਲ ਵਿੱਚ ਫਸੀਆਂ ਹੋਈਆਂ ਔਰਤਾਂ ਦਾ ਕਹਿਣਾ ਹੈ ਕਿ ਮਰਦ ਉਨ੍ਹਾਂ ਤੋਂ ਉਸੇ ਤਰ੍ਹਾਂ ਦੇ ਸੈਕਸ ਦੀ ਮੰਗ ਕਰਦੇ ਹਨ ਜਿਸ ਤਰ੍ਹਾਂ ਉਹ ਪੋਰਨ ਵਿੱਚ ਵੇਖਦੇ ਹਨ।
ਦੇਹ ਵਪਾਰ ਦੇ ਜੰਜਾਲ ਵਿੱਚ ਫਸੀਆਂ ਔਰਤਾਂ ਦੀ ਜ਼ਿੰਦਗੀ ਵੱਧ ਤੋਂ ਵੱਧ ਸੱਤ-ਅੱਠ ਸਾਲ ਹੀ ਹੁੰਦੀ ਹੈ ਤੇ ਇਹ ਸਾਲ ਭਰੇ ਹੁੰਦੇ ਹਨ- ਅੰਤਹੀਣ ਬਲਾਤਕਾਰਾਂ, ਜਾਨ ਦਾ ਖਤਰਾ, ਬਿਮਾਰੀਆਂ, ਮਾਰਕੁੱਟ, ਨਸ਼ੇਖੋਰੀ, ਗਰਭ ਧਾਰਨ, ਜਬਰਨ ਗਰਭਪਾਤ ਤੇ ਮਾਨਸਿਕ ਪ੍ਰੇਸ਼ਾਨੀਆਂ ਨਾਲ਼।
ਵੇਸਵਾਗਮਨੀ ਦੇ ਧੰਦੇ ਵਿੱਚ ਫਸੀ ਇੱਕ ਔਰਤ ਐਂਡਰੀਆ ਦਾ ਕਹਿਣਾ ਸੀ, “ਉਸ ਨੂੰ ਤੇ ਹੋਰਾਂ ਬੱਚਿਆਂ ਨੂੰ ਘੰਟਿਆਂ ਬੱਧੀ ਕੁੱਟਿਆ ਜਾਂਦਾ ਸੀ ਤਾਂ ਕਿ ਉਹ ਸਾਰੇ ਉਨ੍ਹਾਂ ਦੇ ਆਗਿਆਕਾਰੀ ਬਣੇ ਰਹਿਣ। ਸ਼ੁਰੂਆਤ ਵਿੱਚ ਫੜੀ ਗਈ ਕਿਸੇ ਵੀ ਕੁੜੀ ਨਾਲ਼ ਬਲਾਤਕਾਰ ਹੁੰਦਿਆਂ ਦੀ ਵੀਡੀਓ ਬਣਾਈ ਜਾਂਦੀ ਸੀ ਤਾਂ ਕਿ ਜੇ ਕੋਈ ਇਸ ਨਰਕ ਤੋਂ ਭੱਜਣ ਦੀ ਕੋਸ਼ਿਸ਼ ਵੀ ਕਰੇ ਤਾਂ ਉਸ ਨੂੰ ਵੀਡੀਓ ਟੇਪ ਦੀਆਂ ਧਮਕੀਆਂ ਦੇ ਕੇ ਮੁੜ ਤੋਂ ਇਸ ਧੰਦੇ ਵਿੱਚ ਫਸਾਇਆ ਜਾ ਸਕੇ।
ਇੱਕ ਔਰਤ ਦੇ ਦੱਸਣ ਅਨੁਸਾਰ, “ਉਨ੍ਹਾਂ ਨੂੰ ਤਦ ਤੱਕ ਨਾ ਖਾਣਾ ਦਿੱਤਾ ਜਾਂਦਾ ਸੀ ਤੇ ਨਾ ਸੌਣ ਦਿੱਤਾ ਜਾਂਦਾ ਸੀ ਜਦ ਤੱਕ ਉਹ ਆਪਣੇ ਇੱਕ ਦਿਨ ਦਾ ‘ਸੈਕਸ ਕੋਟਾ’ ਪੂਰਾ ਨਾ ਕਰ ਲੈਣ, ਇੱਕ ਦਿਨ ਦਾ ਕੋਟਾ ਮਤਲਬ ਘੱਟੋ ਘੱਟ ਚਾਲੀ ਆਦਮੀ।”
ਇੱਕ ਔਰਤ ਯਾਦ ਕਰਦੀ ਹੋਈ ਦੱਸਦੀ ਹੈ, “ਉਸ ਨੂੰ ਯਾਦ ਹੈ ਕਿ ਕਿਵੇਂ ਉਸ ਦੇ ਗਰਭਵਤੀ ਹੋ ਜਾਣ ਤੇ ਉਸ ਨੂੰ ਫਰਸ਼ ’ਤੇ ਉਲਟਾ ਲਿਟਾ ਕੇ ਲੱਤਾਂ ਨਾਲ਼ ਕੁੱਟਿਆ ਜਾਂਦਾ ਸੀ ਤਾਂ ਕਿ ਉਸਦਾ ਗਰਭਪਾਤ ਹੋ ਜਾਏ।”
ਬਾਰਬਰਾ, ਜੋ ਅਠਾਰਾਂ ਸਾਲ ਦੀ ਉਮਰ ਤੋਂ ਪਹਿਲਾਂ ਕਈ ਤਸਕਰਾਂ ਦੇ ਹੱਥੋਂ ਵੇਚੀ ਗਈ, ਨੇ ਦੱਸਿਆ- ਸੈਕਸ ਕੋਟਾ ਪੂਰਾ ਨਾ ਕਰ ਪਾਉਣ ’ਤੇ ਮੈਨੂੰ ਕੁੱਟਿਆ ਜਾਂਦਾ ਸੀ, ਪੌੜੀਆਂ ਤੋਂ ਹੇਠਾਂ ਸੁਟ ਦਿੱਤਾ ਜਾਂਦਾ ਸੀ। ਇੱਕ ਵਾਰ ਮੈਨੂੰ ਲੋਹੇ ਦੀ ਤਾਰ ਨਾਲ਼ ਕੁੱਟਿਆ ਗਿਆ, ਮੇਰੀ ਪੂਰੀ ਪਿੱਠ ਲਹੂਲੁਹਾਨ ਹੋ ਗਈ ਸੀ।
ਪੋਰਨ ਸਨਅਤ, ਜੋ ਇਸ ਸਮੇਂ ਐਮਾਜਾਨ, ਮਾਈਕ੍ਰੋਸਾਫਟ, ਗੂਗਲ, ਐਪਲ ਆਦਿ ਕੰਪਨੀਆਂ ਤੋਂ ਵੀ ਵੱਧ ਮੁਨਾਫਾ ਕਮਾ ਰਹੀ ਹੈ, ਨੇ ਔਰਤਾਂ ਤੋਂ ਉਨ੍ਹਾਂ ਦੇ ਮਨੁੱਖ ਹੋਣ ਦਾ ਹੀ ਹੱਕ ਖੋਹ ਲਿਆ ਹੈ। ਜ਼ਰਾ ਕਲਪਨਾ ਕਰਕੇ ਵੇਖੋ, ਉਸ ਔਰਤ ਦੀ ਪੀੜਾ ਨੂੰ…. ਜਿਸ ਨੂੰ ਮਰਨ ਦਾ ਹੱਕ ਨਹੀਂ ਤੇ ਜਿਹੜੇ ਸਾਹ ਉਹ ਲੈ ਰਹੀ ਹੈ ਉਸ ਨੂੰ ਜ਼ਿੰਦਗੀ ਕਹਿਣਾ ਜ਼ਿੰਦਗੀ ਦਾ ਅਪਮਾਨ ਹੈ। ਜਿੱਥੇ ਉਨ੍ਹਾਂ ਦੀ ਹੋਂਦ ਇਕ ਮਾਸ ਦੇ ਟੁੱਕੜੇ ਤੋਂ ਵੱਧ ਕੁਝ ਵੀ ਨਹੀਂ। ਪੋਰਨ ਸੱਨਅਤ ਜਾਂ ਵੇਸਵਾਗਮਨੀ ਦੀ ਦਲਦਲ ’ਚੋਂ ਬਚ ਕੇ ਨਿੱਕਲਣ ਦੀ ਕੋਸ਼ਿਸ਼ ਜ਼ਮੀਨ ਤੇ ਖੜ੍ਹ ਕੇ ਅਸਮਾਨ ਵੱਲ ਪੱਥਰ ਸੁੱਟਣ ਬਰਾਬਰ ਹੈ ਕਿਉਂਕਿ ਜੋ ਕੋਈ ਵੀ ਅਜਿਹੀ ਕੋਸ਼ਿਸ਼ ਕਰਦਾ ਹੈ, ਉਸ ਨਾਲ਼ ਮਾਰਕੁੱਟ ਤੋਂ ਇਲਾਵਾ ਸਮੂਹਿਕ ਬਲਾਤਕਾਰ, ਮਾਨਸਿਕ ਤੇ ਸਰੀਰਕ ਤਸੀਹੇ ਦਿੱਤੇ ਜਾਂਦੇ ਹਨ। ਦੂਜਾ, ਜੇ ਕੋਈ ਅਜਿਹੀ ਦਲਦਲ ਚੋਂ ਬੱਚ ਕੇ ਨਿੱਕਲ ਵੀ ਜਾਵੇ ਤਾਂ ਦਲਦਲ ਦਾ ਚਿੱਕੜ ਉਨ੍ਹਾਂ ਦੇ ਕੱਪੜੇ ’ਤੇ ਇਸ ਤਰ੍ਹਾਂ ਲੱਗ ਜਾਂਦਾ ਹੈ ਕਿ ਉਹ ਸਮਾਜ ਵਿੱਚ ਆਮ ਜ਼ਿੰਦਗੀ ਜਿਉਂ ਹੀ ਨਹੀਂ ਸਕਦੀਆਂ।
ਸਰਮਾਏਦਾਰੀ ਢਾਂਚੇ ਨੇ ਪੋਰਨ ਸੱਨਅਤ ਤੇ ਵੇਸਵਾਗਮਨੀ ਦਾ ਕੰਮ ਕਰਦੇ ਮਰਦ – ਔਰਤਾਂ ਨੂੰ ਆਪਣੀ “ਅਜ਼ਾਦੀ ਤੇ ਜਮਹੂਰੀਅਤ” ਦੇ ਪਰਦੇ ਹੇਠ ਸੈਕਸ ਕਾਮਿਆਂ ਦਾ ਨਾਮ ਦਿੱਤਾ ਹੈ ਤੇ ਕਈ ਨਾਰੀਵਾਦੀ ਧਾਰਾਵਾਂ ਇਨ੍ਹਾਂ ਸੈਕਸ ਕਾਮਿਆਂ ਦੀ ਲੁੱਟ ਨੂੰ ਘਟਾਉਣ ਲਈ ਤਨਖਾਹ ਵਿੱਚ ਵਾਧੇ ਦੀ ਗੱਲ ਕਰਦੀਆਂ ਹਨ, ਜੋ ਬੇਹੱਦ ਬੇਤੁਕਾ ਹੈ। ਕਿਉਂਕਿ ਅਸਲ ’ਚ ਇਹ ਸੈਕਸ ਕਾਮੇ ਨਹੀਂ “ਸੈਕਸ ਗੁਲਾਮ” ਹਨ ਜਿਨ੍ਹਾਂ ਨੂੰ ਉਨ੍ਹਾਂ ਦੀ ਗੁਲਾਮੀ ਦੇ ਜੂਲੇ ਤੋਂ ਬਚਾਉਣ ਦੀ ਲੋੜ ਹੈ, ਨਾ ਕਿ ਮੌਜੂਦਾ ਢਾਂਚੇ ਵਿੱਚ ਤਨਖ਼ਾਹ ਵਾਧੇ ਵਰਗੀਆਂ ਰਿਆਇਤਾਂ ਦੇਣ ਦੀ। ਅਸਲ ’ਚ ਇਹ ਕੋਈ ਰਿਆਇਤ ਵੀ ਨਹੀਂ ਇਹ ਤਾਂ ਉਨ੍ਹਾਂ ਦੀ ਗੁਲਾਮੀ ਨੂੰ ਹੋਰ ਪੱਕੇ ਪੈਰੀਂ ਕਰਨਾ ਹੋਵੇਗਾ। ਮੌਜੂਦਾ ਸਰਮਾਏਦਾਰੀ ਢਾਂਚਾ ਉਸ ਸੱਨਅਤ ਜਾਂ ਵਪਾਰ ਨੂੰ ਕਦੇ ਵੀ ਬੰਦ ਨਹੀਂ ਹੋਣ ਦੇਵੇਗਾ ਜਿਸ ਤੋਂ ਉਸ ਨੂੰ ਮੁਨਾਫਾ ਆਉਂਦਾ ਹੋਵੇ ਫਿਰ ਪੋਰਨ ਸੱਨਅਤ ਤੋਂ ਤਾਂ ਹਰ ਸਾਲ ਕਰੋੜਾਂ ਡਾਲਰਾਂ ਦਾ ਮੁਨਾਫਾ ਹੈ।
ਔਰਤਾਂ ਦੀ ਗੁਲਾਮੀ ਦੇ ਕਈ ਰੂਪ ਹਨ ਪਰ ਵੇਸਵਾਗਮਨੀ ਸਭ ਤੋਂ ਭਿਆਨਕ ਤੇ ਬਰਬਰ ਰੂਪ ਹੈ, ਜਿਸ ਦਾ ਖ਼ਾਤਮਾ ਵੀ ਔਰਤ ਮੁਕਤੀ ਸਵਾਲ ਨਾਲ਼ ਹੀ ਜੁੜਿਆ ਹੋਇਆ ਹੈ। ਔਰਤਾਂ ਦੀ ਮੁਕਤੀ ਦਾ ਇੱਕ ਹੀ ਹੱਲ ਹੈ – ਔਰਤਾਂ ਦੀ ਮਰਦਾਂ ਦੇ ਬਰਾਬਰ ਆਰਥਿਕਤਾ ਵਿੱਚ ਸ਼ਮੂਲੀਅਤ। ਜੋ ਮੌਜੂਦਾ ਮੁਨਾਫੇਖੋਰ ਸਰਮਾਏਦਾਰੀ ਢਾਂਚਾ ਕਦੇ ਵੀ ਨਹੀਂ ਹੋਣ ਦੇਵੇਗਾ ਇਸ ਲਈ ਲੜਾਈ ਸਾਂਝੀ ਹੈ – ਸਰਮਾਏਦਾਰੀ ਢਾਂਚੇ ਨੂੰ ਢਹਿ ਢੇਰੀ ਕਰਕੇ ਸਮਾਜਵਾਦੀ ਨਿਜ਼ਾਮ ਦਾ ਝੰਡਾ ਬੁਲੰਦ ਕਰਨਾ।
“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, ਅੰਕ 12-13, ਅਗਸਤ 2019 ਵਿੱਚ ਪ੍ਰਕਾਸ਼ਿਤ

No comments:

Post a Comment