Wednesday, August 28, 2019

ਹੇ ਅਫਸਾਰੀ! ਤੇਰੇ ਜੇਲ੍ਹ ਜਾਣ ਤੋਂ ਬਾਅਦ ਕਿਤੇ ਬੰਦ ਨਾ ਹੋ ਜਾਵੇ ਹਵਾ ‘ਹਿਜਾਬ’ ਵਿਰੁੱਧ

20 ਸਾਲਾ ਇਰਾਨੀ ਕੁੜੀ ਨੂੰ ‘ਵਾਈਟ ਵੈਡਨਸਡੇ’ ਮੁਹਿੰਮ ਕਰਕੇ 19 ਦਿਨਾਂ ਅਦਾਲਤੀ ਕਾਰਵਾਈ ਤਹਿਤ 24 ਸਾਲ ਲਈ ਜੇਲ੍ਹ ਭੇਜਿਆ  
ਗੁਰਨਾਮ ਸਿੰਘ ਅਕੀਦਾ
ਮਹਿਜ਼ 19 ਦਿਨਾਂ ਦੀ ਅਦਾਲਤੀ ਸੁਣਵਾਈ, ਉਸ ਤੋਂ ਬਾਅਦ 24 ਸਾਲ ਦੀ ਜੇਲ੍ਹ, ਇਹ ਹੈ ਈਰਾਨ ਦਾ ਕਾਨੂੰਨ!
‘ਹਿਜਾਬ’ ਦੇ ਵਿਰੁੱਧ ਬੋਲ ਰਹੀ ਹੈ ਸਬਾ ਕੋਰਡ ਅਫਸ਼ਾਰੀ, ਮਸਾਂ 20 ਸਾਲ ਦੀ ਬਾਲੜੀ ਇਰਾਨੀ ਕੁੜੀ। ਉਹ ਕਹਿੰਦੀ ਹੈ ਕਿ ‘ਹਿਜਾਬ’ ਔਰਤ ਦੇ ਮੌਲਿਕ ਅਧਿਕਾਰਾਂ ਨੂੰ ਖ਼ਤਮ ਕਰਦਾ ਹੈ, ਔਰਤ ਨੂੰ ਗ਼ੁਲਾਮੀ ਦਾ ਅਹਿਸਾਸ ਕਰਾਉਂਦਾ ਹੈ। ਇਸ ਕਰਕੇ ‘ਹਿਜਾਬ’ ਪਹਿਨਣਾ ਔਰਤ ਲਈ ਜ਼ਰੂਰੀ ਨਹੀਂ ਹੈ। ਇਹ ਉਸ ਦਾ ਆਪਣਾ ਨਿੱਜੀ ਫ਼ੈਸਲਾ ਹੈ ਉਹ ਪਹਿਨੇ ਭਾਵੇਂ ਨਾ ਪਹਿਨੇ। ਪਰ ਇਰਾਨੀ ਸਰਕਾਰ ਦਾ ਇਹ ਫ਼ਰਮਾਨ ਹੈ ਕਿ ਹਿਜਾਬ ਔਰਤਾਂ ਨੂੰ ਪਹਿਨਣਾ ਹੀ ਪਵੇਗਾ, ਸ਼ਰੀਅਤ ਦਾ ਇਹ ਕਾਨੂੰਨ ਹੈ ਤੇ ਇਸ ਕਾਨੂੰਨ ਨੂੰ ਕੋਈ ਵੀ ਔਰਤ ਭੰਗ ਨਹੀਂ ਕਰ ਸਕਦੀ। ‘ਹਿਜਾਬ’ਵਿਰੁੱਧ  ਸੰਘਰਸ਼ ਕਰਨਾ ਈਰਾਨ ਵਿਚ ਏਨਾ ਵੱਡਾ ਜੁਰਮ ਹੈ ਕਿ ਇਕ 20 ਸਾਲਾ ਕੁੜੀ ਨੂੰ 24 ਸਾਲ ਜੇਲ੍ਹ ਵਿਚ ਰਹਿਣਾ ਪਵੇਗਾ।  
ਕਈ ਮੁਲਕਾਂ ਦੇ ਕਾਨੂੰਨ ਮਨੁੱਖੀ ਅਧਿਕਾਰਾਂ ਦੇ ਕਿੰਨੇ ਖ਼ਿਲਾਫ਼ ਹੁੰਦੇ ਹਨ, ਖ਼ਾਸ ਕਰਕੇ ਔਰਤ ਦੇ ਖ਼ਿਲਾਫ਼ ਤਾਂ ਕਈ ਇਸਲਾਮੀ ਮੁਲਕਾਂ ਨੇ ਪੂਰਾ ਜ਼ੋਰ ਲਗਾ ਰੱਖਿਆ ਹੈ। ਜਿਵੇਂ ਕਿ ਈਰਾਨ ਵਿਚ ‘ਹਿਜਾਬ’ ਦੇ ਵਿਰੁੱਧ ਔਰਤਾਂ ਨੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ। ‘ਹਿਜਾਬ’ ਇਕ ਅਜਿਹਾ ਪਹਿਰਾਵਾ ਹੈ ਜਿਸ ਨਾਲ ਔਰਤ ਦਾ ਸਿਰ ਤੇ ਛਾਤੀਆਂ ਢਕੀਆਂ ਜਾਂਦੀਆਂ ਹਨ। ਇਸ ਵਿਰੁੱਧ ਇਕ ਮੁਹਿੰਮ ਇਰਾਨੀ ਔਰਤਾਂ ਨੇ ‘ਵਾਈਟ ਵੈਡਨਸਡੇ’ ਦੇ ਨਾਮ ਤੇ ਚਲਾ ਰੱਖੀ ਹੈ। ਸਬਾ ਕੋਰਡ ਅਫਸਾਰੀ ਤੇ ਉਸ ਦੀ ਮਾਂ ਰਾਹੀਲਾ ਅਹਿਮਦੀ ਇਸ ਮੁਹਿੰਮ ਦੇ ਵੱਡੇ ਚਿਹਰੇ ਹਨ। ਰਾਹਿਲਾ ਅਹਿਮਦੀ ਕਹਿੰਦੀ ਹੈ ਕਿ ਉਸ ਦੀ ਪੁੱਤਰੀ ਜੇਲ੍ਹ ਵਿਚ ਚਲੀ ਗਈ ਹੈ ਪਰ ਅਸੀਂ ਉਸ ਦੀ ਅਵਾਜ਼ ਬਣ ਕੇ ਅੱਗੇ ਵਧਾਂਗੇ। ਸਾਨੂੰ ਧਮਕੀਆਂ ਆ ਰਹੀਆਂ ਹਨ, ਪਰ ਇਸ ਤਰ੍ਹਾਂ ਹੁੰਦਾ ਹੈ। 
ਈਰਾਨ ਦੇ ਕਾਨੂੰਨ ਨੂੰ ਲੈ ਕੇ ਬੜਾ ਦੁੱਖ ਹੁੰਦਾ ਹੈ ਕਿ ‘ਹਿਜਾਬ’ ਦੇ ਵਿਰੁੱਧ ਸੰਘਰਸ਼ ਨੂੰ ਦਬਾਉਣ ਲਈ ਸਰਕਾਰ ਨੇ ਸਖ਼ਤ ਫ਼ੈਸਲੇ ਕੀਤੇ ਹਨ। ‘ਹਿਜਾਬ’ ਇਸਲਾਮੀ ਮੁਲਕਾਂ ਵਿਚ ਵੱਖੋ ਵੱਖਰੀਆਂ ਧਾਰਨਾਵਾਂ ਪੈਦਾ ਕਰਦਾ ਹੈ, ਕੁਝ ਸਰਕਾਰਾਂ ਇਸਲਾਮੀ ਮਹਿਲਾਵਾਂ ਨੂੰ ‘ਹਿਜਾਬ’ ਪਾਉਣ ਤੇ ਪਾਬੰਦੀਆਂ ਲਾਉਂਦੀਆਂ ਹਨ ਤੇ ਕੁਝ ਸਰਕਾਰਾਂ ਸਖ਼ਤੀ ਨਾਲ ‘ਹਿਜਾਬ’ ਪਾਉਣ ਲਈ ਕਹਿੰਦੀਆਂ ਹਨ। ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਹੁਕਮ ਜਾਰੀ ਕਰਕੇ ਮਹਿਲਾਵਾਂ ਦਾ ਹਿਜਾਬ ਪਾਉਣਾ ਜ਼ਰੂਰੀ ਕਰ ਰੱਖਿਆ ਹੈ। ਸਾਉਦੀ ਅਰਬ ਵਿੱਚ ਵੀ ਨਕਾਬ ਪਾਕੇ ਮੂੰਹ ਨੂੰ ਢਕਣਾ ਲਾਜ਼ਮੀ ਹੈ। ਤੁਰਕੀ , ਟਿਊਨੀਸ਼ੀਆ , ਅਤੇ ਤਜ਼ਾਕਿਸਤਾਨ ਦੇਸ਼ਾਂ ਵਿੱਚ ਕਾਨੂੰਨ ਨੇ ਸਕੂਲ, ਯੂਨੀਵਰਸਿਟੀ ਆਦਿ ਵਿੱਚ ਨਕਾਬ ਪਾਉਣ ਤੇ ਰੋਕ ਲਗਾਈ ਹੋਈ ਹੈ। ਈਰਾਨ ਤੇ ਇੰਡੋਨੇਸ਼ੀਆ  ਨੇ ਮਹਿਲਾਵਾਂ ਲਈ ‘ਹਿਜਾਬ’ ਪਾਉਣਾ ਲਾਜ਼ਮੀ ਕਰ ਰੱਖਿਆ ਹੈ। 
ਸਬਾ ਅਫਸਾਰੀ ਨੇ ‘ਵਾਈਟ ਵੈਡਨਸਡੇ’ ਦੀ ਮੁਹਿੰਮ ਵਿਚ ਆਪਣਾ ਪ੍ਰਚਾਰ ਜ਼ੋਰਦਾਰ ਤਰੀਕੇ ਨਾਲ ਕੀਤਾ, ਉਹ ਡਰੀ ਨਹੀਂ ਨਾ ਹੀ ਘਬਰਾਈ, ਉਸ ਨੇ ਕਿਹਾ ਕਿ ਬੁੱਧਵਾਰ ਵਾਲੇ ਦਿਨ ‘ਹਿਜਾਬ’ ਤੋਂ ਬਿਨਾਂ ਫ਼ੋਟੋਆਂ ਅੱਪਲੋਡ ਕਰੋ ਤੇ ਵੀਡੀਓ ਅੱਪਲੋਡ ਕਰੋ। ਇਸ ਮੁਹਿੰਮ ਤਹਿਤ 200 ਤੋਂ ਵੱਧ ਵੀਡੀਓ ਅੱਪਲੋਡ ਹੋਈਆਂ, 5 ਲੱਖ ਤੋਂ ਵੱਧ ਲੋਕਾਂ ਨੇ ਦੇਖੀਆਂ, ਇਸ ਤਹਿਤ ਬਹੁਤ ਸਾਰੀਆਂ ਇਰਾਨੀ ਔਰਤਾਂ ਖ਼ਿਲਾਫ਼ ਮੁਕੱਦਮੇ ਚਲਾਏ ਗਏ, ਕਈਆਂ ਨੂੰ ਇਕ ਸਾਲ ਤੇ ਕਈਆਂ 10 ਸਾਲ ਤੱਕ ਦੀ ਸਜਾ ਸੁਣਾਈ ਗਈ, ਪਰ ਇਹ ਮੁਹਿੰਮ ਫਿਰ ਵੀ ਚਲਦੀ ਰਹੀ। ਇਸ ਮੁਹਿੰਮ ਤਹਿਤ ਸਬਾ ਅਫਸਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਪਰ ਇਕ ਸਾਲ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਉਸ ਨੇ ਆਪਣੀ ਮੁਹਿੰਮ ਜਾਰੀ ਰੱਖੀ, ਮੁੜ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਬਾ ਅਫਸਾਰੀ ਦਾ ਇਰਾਨੀ ਸਰਕਾਰ ਨੇ ਬੜਾ ਗੁਨਾਹ ਮੰਨਿਆ, ਜਿਸ ਤਹਿਤ ਉਸ ਦੇ ਖ਼ਿਲਾਫ਼ ਮੁਕੱਦਮਾ ਚੱਲਿਆ ਤੇ 19 ਦਿਨ ਅਦਾਲਤ ਵਿਚ ਸੁਣਵਾਈ ਕੀਤੀ ਗਈ। 19ਵੇਂ ਦਿਨ ਅਫਸਾਰੀ ਨੂੰ 24 ਸਾਲਾਂ ਦੀ ਜੇਲ੍ਹ ਦੀ ਸਜਾ ਦਿੱਤੀ ਗਈ। ਉਸ ਨੂੰ ਕਿਹਾ ਗਿਆ ਕਿ ਤੇਰੀ ਇਸ ਮੁਹਿੰਮ ਨਾਲ ਭ੍ਰਿਸ਼ਟਾਚਾਰ ਤੇ ਵੇਸਵਾਗਮਨੀ ਨੂੰ ਹੁਲਾਰਾ ਮਿਲਿਆ ਹੈ,ਇਸ  ਕਰਕੇ ਇਨ੍ਹਾਂ ਦੋ ਜੁਰਮਾਂ ਲਈ 15 ਸਾਲ ਦੀ ਸਜਾ ਸੁਣਾਈ ਗਈ ਹੈ ਜਦ ਕਿ ਉਸ ਨੇ ਆਪਣਾ ਗੁਨਾਹ ਕਬੂਲ ਨਹੀਂ ਕੀਤਾ, ਇਸ ਕਰਕੇ 9 ਸਾਲ ਦੀ ਸਜਾ ਹੋਰ ਸੁਣਾਈ ਗਈ ਹੈ।
ਸੰਪਰਕ
8146001100

No comments:

Post a Comment