Friday, September 06, 2019

ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਬ ਦੇ 10916 ਪਿੰਡਾਂ ਵਿਚ 550 ਬੂਟੇ ਲੱਗੇ


ਪੰਜਾਬ ਵਿਚ ਪਠਾਨਕੋਟ ਜ਼ਿਲ੍ਹਾ ਸਾਰੇ ਜ਼ਿਲ੍ਹਿਆਂ ਚੋਂ ਮੋਹਰੀ : ਵਿਸ਼ਾਲ ਚੌਹਾਨ

ਗੁਰਨਾਮ ਸਿੰਘ ਅਕੀਦਾ
ਪਟਿਆਲਾ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਬ ਦੇ 13006 ਪਿੰਡਾਂ ਵਿਚੋਂ 10916 ਪਿੰਡਾਂ ਵਿਚ 550 ਬੂਟੇ ਲਗਾਉਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਜਦ ਕਿ 1115 ਪਿੰਡਾਂ ਵਿਚ ਮੁਕੰਮਲ ਹੋਣ ਕਿਨਾਰੇ ਹੈ।
ਇਹ ਜਾਣਕਾਰੀ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਣ ਪਾਲ ਸਾਊਥ ਸਰਕਲ ਵਿਸ਼ਾਲ ਚੌਹਾਨ ਨੇ ਦਿੱਤੀ ਜੋ ਸਾਰੇ ਪੰਜਾਬ ਦੇ ਪਿੰਡਾਂ ਵਿਚ ਲੱਗ ਰਹੇ 550 ਰੁੱਖਾਂ ਦੀ ਨਿਗਰਾਨੀ ਇਕ ਪੋਰਟਲ ਰਾਹੀਂ ਕਰ ਰਹੇ ਹਨ।
               ਸ੍ਰੀ ਚੌਹਾਨ ਨੇ ਦੱਸਿਆ ਕਿ ਸਾਡੇ ਵੱਲੋਂ ਬਣਾਏ ਗਏ ਪੋਰਟਲ ਵਿਚ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ, ਜਿਵੇਂ ਕਿ ਕਿਸ ਪਿੰਡ ਦੇ ਸਕੂਲ, ਧਰਮਸ਼ਾਲਾ, ਸ਼ਮਸ਼ਾਨਘਾਟ, ਫਿਰਨੀ, ਪੰਚਾਇਤ ਘਰ, ਗੁਰਦੁਆਰਾ, ਮੰਦਰ ਆਦਿ ਹੋਰ ਕਿਸੇ ਵੀ ਥਾਂ ਤੇ ਲੱਗੇ ਬੂਟਿਆਂ ਦੀ ਜਾਣਕਾਰੀ ਅਸੀਂ ਕਿਸੇ ਵੇਲੇ ਵੀ ਸਾਂਝੀ ਕਰ ਸਕਦੇ ਹਾਂ, ਇੱਥੋਂ ਤੱਕ ਬੂਟਿਆਂ ਦੀ ਕਿਸਮ ਵੀ ਦੱਸੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਠਾਨਕੋਟ ਦੇ 414 ਪਿੰਡਾਂ ਵਿਚੋਂ ਹਰ ਪਿੰਡ ਵਿਚ 550 ਬੂਟੇ ਲਗਾਉਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ, ਇਸੇ ਤਰ੍ਹਾਂ ਸੰਗਰੂਰ, ਫ਼ਤਿਹਗੜ੍ਹ ਸਾਹਿਬ, ਲੁਧਿਆਣਾ ਆਦਿ ਜ਼ਿਲਿਆਂ ਵਿਚ ਵੀ 550 ਬੂਟੇ ਹਰ ਪਿੰਡ ਵਿਚ ਲੱਗਣ ਵਾਲੇ ਹਨ। ਪਟਿਆਲਾ ਦੇ 1038 ਪਿੰਡਾਂ ਵਿੱਚ ਕੁਝ ਕੁ ਪਿੰਡ ਰਹਿ ਗਏ ਹਨ। ਇਸ ਪੋਰਟਲ ਵਿਚ ਪਿੰਡਾਂ ਦਾ ਵੇਰਵਾ ਇਸ ਤਰੀਕੇ ਨਾਲ ਪਾਇਆ ਹੈ ਜਿਵੇਂ ਕਿ ਪੋਰਟਲ ਤੇ ਕਿਸੇ ਪਿੰਡ ਨੂੰ ਟੱਚ ਕੀਤਾ ਜਾਂਦਾ ਹੈ ਤਾਂ ਉਸੇ ਵੇਲੇ ਉਸ ਪਿੰਡ ਦੀ ਪੂਰੀ ਜਾਣਕਾਰੀ ਸਾਹਮਣੇ ਆ ਜਾਂਦੀ ਹੈ।


ਹਰ ਪਿੰਡ ਵਿਚ ‘ਵਣ ਮਿੱਤਰ’ ਸੰਭਾਲਣਗੇ ਬੂਟੇ : ਚੌਹਾਨ

ਸ੍ਰੀ ਵਿਸ਼ਾਲ ਚੌਹਾਨ ਨੇ ਦੱਸਿਆ ਕਿ ਪੰਜਾਬ ਵਿਚ ਬੂਟਿਆਂ ਦੇ ਰੱਖ ਰਖਾਵ ਤੇ ਸੰਭਾਲ ਲਈ ‘ਪੰਜਾਬ ਮੇਨਟੇਨੈਂਸ ਮਾਡਲ’ ਤਿਆਰ ਕੀਤਾ ਹੈ। ਜੋ ਭਾਰਤ ਵਿੱਚ ਇਕ ਨਵੇਕਲਾ ਮਾਡਲ ਹੈ। ਇਸ ਮਾਡਲ ਤਹਿਤ ਅਸੀਂ ਹਰ ਪਿੰਡ ਵਿਚ ‘ਵਣ ਮਿੱਤਰ’ ਬਣਾਏ ਹਨ। ਜਿਸ ਦਾ 80 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਿਆ ਹੈ। ਜੰਗਲਾਤ ਵਿਭਾਗ ਦੀ ਤਕਨੀਕੀ ਸਹਾਇਤਾ ਅਤੇ ਦਿੱਤੇ ਗਏ ਬੂਟਿਆਂ ਨਾਲ ਪੰਚਾਇਤ ਵਿਭਾਗ ਹਰ ਪਿੰਡ ਵਿੱਚ ਨਰੇਗਾ ਰਾਹੀਂ ਬੂਟੇ ਲਗਾ ਰਿਹਾ ਹੈ। ਸਤੰਬਰ ਤੋਂ ਬਾਅਦ ਇਨ੍ਹਾਂ ਬੂਟਿਆਂ ਦੀ ਸੰਭਾਲ ‘ਵਣ ਮਿੱਤਰ’ ਹਵਾਲੇ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ 80 ਫ਼ੀਸਦੀ ‌ਪਿੰਡਾਂ ਵਿਚ ‘ਵਣ ਮਿੱਤਰ’ ਬਣ ਚੁੱਕੇ ਹਨ।


No comments:

Post a Comment