Saturday, September 28, 2019

ਕਰਨੈਲ ਸਿੰਘ ਮਾਂਗਟ ਦਾ ਕਾਵਿ ਸੰਗ੍ਰਹਿ ‘ਬੇਪ੍ਰਵਾਹੀਆਂ’ ਗੁਰਭਜਨ ਗਿੱਲ ਵੱਲੋਂ ਲੋਕ ਅਰਪਣ

ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਮਰਪਿਤ ਹੋਇਆ ਕਵੀ ਦਰਬਾਰ

ਲੁਧਿਆਣਾ: ਪੰਜਾਬੀ ਲੇਖਕ ਸਭਾ ਲੁਧਿਆਣਾ ਵੱਲੋਂ  ਸ਼ਹੀਦ ਭਗਤ ਸਿੰਘ ਜੀ ਦੇ 115ਵੇਂ ਜਨਮ ਦਿਹਾੜੇ ਮੌਕੇ ਪੰਜਾਬੀ ਭਵਨ ਲੁਧਿਆਣਾ ’ਚ ਕਰਨੈਲ ਸਿੰਘ ਮਾਂਗਟ ਦੇ ਵੇ ਜੋਗੀਆ, ਮਹਿਕ ਪੁਰੇ ਦੀਆਂ ਵਾਵਾਂ,ਤੇ ਹੱਥੀਂ ਮਹਿੰਦੀ ਬਾਹੀਂ ਚੂੜਾ ਤੋਂ ਬਾਦ ਚੌਥੇ ਗੀਤ  ਸੰਗ੍ਰਹਿ ‘ਬੇ-ਪ੍ਰਵਾਹੀਆਂ’ ਨੂੰ ਲੋਕ ਅਰਪਣ ਕਰਦਿਆਂ ਪੰਜਾਬੀ ਸਾਹਿੱਤ ਅਕਾਦਮੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਪੰਜਾਬੀ ਕਵੀ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਭਾਸ਼ਾ ਸਾਹਿੱਤ ਤੇ ਸਭਿਆਚਾਰ ਦੇ ਵਿਕਾਸ ਲਈ ਸਿਰਜਣਾ ਦੇ ਨਾਲ ਨਾਲ ਲੋਕ ਸੰਘਰਸ਼ਾਂ ਦਾ ਸਾਥ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਰਨੈਲ ਸਿੰਘ ਮਾਂਗਟ ਨੇ ਆਪਣੇ ਵੱਡੇ ਵੀਰ ਦਲਬਾਰਾ ਸਿੰਘ ਮਾਂਗਟ ਪਾਸੋਂ ਸੁਰ ਸ਼ਬਦ ਸਾਧਨਾ ਗਿਆਨ ਲੈ ਕੇ ਗੀਤਕਾਰੀ ਨੂੰ ਚਾਰ ਗੀਤ ਸੰਗ੍ਰਿਹ ਦੇ ਕੇ ਪੰਜਾਬੀ ਸਰੋਦੀ ਕਾਵਿ ਨੂੰ ਅਮੀਰੀ ਪ੍ਰਦਾਨ ਕੀਤੀ ਹੈ। ਇਕਬਾਲ  ਮਾਹਲ ਨਾਲ ਛੇਵੇਂ ਦਹਾਕੇ ਦੇ ਆਰੰਭ ਵਿੱਚ ਜਸਪਾਲੋਂ ਸਕੂਲ ’ਚ ਪੜ੍ਹਦਿਆਂ ਆਪ ਨੇ ਸਿਰਜਣਾਤਮਕ ਪ੍ਰਤਿਭਾ ਦੇ ਦਰਸ਼ਨ ਕਰਵਾਏ ਸਨ। 
ਪੁਸਤਕ ਲੋਕ ਅਰਪਣ ਵਿੱਚ ਡਾ: ਜੋਗਾ ਸਿੰਘ ਪੰਜਾਬੀ ਯੂਨੀ: ਪਟਿਆਲਾ, ਪ੍ਰੋ: ਰਵਿੰਦਰ ਭੱਠਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਗੁਰਚਰਨ ਕੌਰ ਕੋਚਰ, ਸਹਿਜਪ੍ਰੀਤ ਸਿੰਘ ਮਾਂਗਟ, ਸੁਸ਼ੀਲ ਦੋਸਾਂਝ ਸੰਪਾਦਕ ਹੁਣ, ਪ੍ਰੋ: ਅਨੂਪ ਵਿਰਕ, ਦਰਸ਼ਨ ਬੁੱਟਰ, ਡਾ: ਗੁਰਇਕਬਾਲ ਸਿੰਘ ਤੇ ਮਨਜਿੰਦਰ ਧਨੋਆ ਸ਼ਾਮਿਲ ਹੋਏ। ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕਿ ਕਰਨੈਲ ਸਿੰਘ ਮਾਂਗਟ ਦੇ ਗੀਤ ਤਰਲ ਮਨ ਦਾ ਸਹਿਜ ਪ੍ਰਗਟਾਵਾ ਹਨ। ਡਾ: ਗੁਰਇਕਬਾਲ ਸਿੰਘ ਨੇ  ਇਸ ਗੀਤ ਸੰਗ੍ਰਹਿ ਨੂੰ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਹਮਲਾਵਰ ਸਿਰਜਣਾ ਕਿਹਾ।  ਦਰਸ਼ਨ ਬੁੱਟਰ ਮੁਤਾਬਕ ਇਹ ਗੀਤ ਸਮਾਜਿਕ ਵਰਤਾਰੇ ਤੇ ਰਿਸ਼ਤਾ ਨਾਤਾ ਪ੍ਰਬੰਧ ਦਾ ਜ਼ਿਕਰ ਤੇ ਫ਼ਿਕਰ ਕਰਦੇ ਹਨ। ਪ੍ਰੋ: ਅਨੂਪ ਸਿੰਘ ਵਿਰਕ ਨੇ ਕਿਹਾ ਕਿ ਕਿਸੇ ਵੀ ਗੀਤ ਸੰਗ੍ਰਹਿ ਦੀ ਪ੍ਰਕਾਸ਼ਨਾ ਮੇਰੇ ਲਈ ਹਮੇਸ਼ਾਂ ਹੀ ਸ਼ੁਭ ਯਤਨ ਰਿਹਾ ਹੈ। ਮਾਂਗਟ ਕੋਲ ਸੁਰ ਵੀ ਹੈ ਤੇ ਸੰਵੇਦਨਾ ਵੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ: ਜੋਗਾ ਸਿੰਘ ਨੇ ਕਿਹਾ ਕਿ ਕਰਨੈਲ ਸਿੰਘ ਮਾਂਗਟ ਨੇ ਗੀਤ ਨੂੰ ਸਤਿਕਾਰਯੋਗਤਾ ਬਖ਼ਸ਼ੀ ਹੈ। ਉਨ੍ਹਾਂ ਕਿਹਾ ਕਿ ਮਾਂਗਟ ਦੀ ਗੀਤਕਾਰੀ ਰੂਹਦਾਰੀ ਹੈ। ਇਸ ਮੌਕੇ ਬੋਲਦਿਆਂ ਗੁਰਚਰਨ ਕੌਰ ਕੋਚਰ  ਨੇ ਕਿਹਾ ਕਿ ਕਰਨੈਲ ਸਿੰਘ ਮਾਂਗਟ ਨੇ ਪੰਜਾਬੋਂ ਬਾਹਰ ਰਹਿ ਕੇ ਵੀ ਪੰਜਾਬ ਦੀ ਮਿੱਟੀ ਨੂੰ ਬੋਲਣ ਲਾਇਆ ਹੈ। ਇਸ ਮੌਕੇ ਪ੍ਰੋ: ਸੰਤੋਖ ਸਿੰਘ ਔਜਲਾ, ਉੱਘੇ ਲੋਕ ਗਾਇਕ ਕੇ ਦੀਪ, ਕੁਲਦੀਪ ਤੂਰ, ਪਰਮਜੀਤ ਸਿੰਘ ਧਾਲੀਵਾਲ, ਸੁਮਿਤ ਗੁਲਾਟੀ, ਸਰਬਜੀਤ ਵਿਰਦੀ, ਨੀਲੂ ਬੱਗਾ,ਜਸਪ੍ਰੀਤ ਫਲਕ, ਸਿਮਰਨ ਧੁੱਗਾ, ਦੀਪ ਦੇਵਿੰਦਰ ਸਿੰਘ ਅੰਮ੍ਰਿਤਸਰ, ਪ੍ਰੋ: ਜਸਬੀਰ ਸਿੰਘ ਵਿਰਕ, ਪ੍ਰਿੰ: ਸੇਵਾ ਸਿੰਘ ਕੌੜਾ, ਜਗਦੀਪ ਸਿੱਧੂ ਮੋਹਾਲੀ, ਰਾਮ ਸਿੰਘ ਅਲਬੇਲਾ, ਗੁਰਦਰਸ਼ਨ ਧੂਰੀ,ਹਰਪ੍ਰੀਤ ਸਿੰਘ, ਰਵਿੰਦਰ ਦੀਵਾਨਾ, ਪਰਮਜੀਤ ਮਹਿਕ, ਅਮਨਦੀਪ ਫੱਲੜ,ਤ੍ਰੈਲੋਚਨ ਲੋਚੀ, ਬੁੱਧ ਸਿੰਘ ਨੀਲੋਂ, ਤਰਲੋਚਨ ਝਾਂਡੇ, ਪਰਮਿੰਦਰ ਅਲਬੇਲਾ ਸ਼ਾਮਿਲ ਹੋਏ। ਸ਼ਹੀਦ ਭਗਤ ਸਿੰਘ ਜਨਮ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਵੀ ਕੀਤਾ ਗਿਆ ਜਿਸ ਚ ਪੰਦਰਾਂ ਕਵੀਆਂ ਨੇ ਹਿੱਸਾ ਲਿਆ।

No comments:

Post a Comment