Friday, September 27, 2019

ਪੁਆਧੀ ਬੋਲੀ ਦੀ ਖੋਜ ਦੇ ਪਹਿਲੇ ਸਾਹ ਅਸਵਾਰ ‘ਡਾ. ਬਲਬੀਰ ਸਿੰਘ ਸੰਧੂ’

28 ਸਤੰਬਰ ਨੂੰ ਜਨਮ ਦਿਨ ’ਤੇ ਵਿਸ਼ੇਸ਼

ਗਿਆਨੀ ਲਾਲ ਸਿੰਘ ਨੇ ਕਿਹਾ ਸੀ ਕਿ ਡਾ. ਬਲਬੀਰ ਸਿੰਘ ਦੀਆਂ ਖੁੱਚਾਂ ਵਿਚ ਬੜਾ ਦਮ ਹੈ

ਭਾਰਤ ਵਿਚੋਂ ਪੀਐੱਚਡੀ ਕਰਨ ਤੋਂ ਬਾਅਦ  ਰੂਸ ਵਿਚ ਡੀਐਸਸੀ ਦੀ ਡਿਗਰੀ ਕਰਕੇ ਪੁਆਧ ਤੇ ਪਹਿਲੀ ਵਾਰ ਕੰਮ ਕੀਤਾ ਸੀ ਡਾ. ਸੰਧੂ ਨੇ
ਗੁਰਨਾਮ ਸਿੰਘ ਅਕੀਦਾ

ਭਾਸ਼ਾ ਵਿਗਿਆਨ ਦੇ ਖੇਤਰ ਵਿੱਚ ‘ਇੰਸਟਰੂਮੈਂਟ ਫੋਨੈਟਿਕਸ’ ਦਾ ਸ਼ਾਹ ਅਸਵਾਰ ਅਤੇ ਪੁਆਧੀ ਬੋਲੀ ’ਤੇ ਪਹਿਲੀ ਵਾਰ ਪੀਐੱਚ.ਡੀ. ਕਰਨ ਵਾਲਾ ਡਾ. ਬਲਬੀਰ ਸਿੰਘ ਸੰਧੂ ਉੱਚ ਵਿੱਦਿਅਕ ਸੰਸਥਾਵਾਂ ਅਤੇ ਵਿਦਵਾਨਾਂ ਦੇ ਚੇਤਿਆਂ ਵਿੱਚੋਂ ਵਿਸਰ ਗਿਆ ਜਾਪਦਾ ਹੈ। ਉਹ ਪਟਿਆਲਾ ਤੋਂ ਰਾਜਪੁਰਾ ਸੜਕ ’ਤੇ ਪੈਂਦੇ ਪੁਆਧ ਦੇ ਨਿੱਕੇ ਜਿਹੇ ਪਿੰਡ ਨਰੜੂ ਦੇ ਸਾਧਾਰਨ ਕਿਸਾਨ ਪਰਿਵਾਰ ਵਿੱਚ 28 ਸਤੰਬਰ 1934 ਨੂੰ ਜਨਮੇ। ਵੱਖ ਵੱਖ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਾਈ ਕਰਨ ਤੋਂ ਬਾਅਦ 1956 ਵਿੱਚ ਉਨ੍ਹਾਂ ਭਾਸ਼ਾ ਵਿਭਾਗ ਪੰਜਾਬ ਵਿੱਚ ਬਤੌਰ ਖੋਜ ਸਹਾਇਕ ਦੀ ਨੌਕਰੀ ਕੀਤੀ। ਉਦੋਂ ਦੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਗਿਆਨੀ ਲਾਲ ਸਿੰਘ ਨੇ ਬਲਬੀਰ ਸਿੰਘ ਸੰਧੂ ਦੀ ਖੋਜ ਘਾਲਣਾ ਬਾਰੇ ਜਾਣ ਕੇ ਕਿਹਾ ਸੀ ਕਿ ਬਲਬੀਰ ਸੰਧੂ ਦੀਆਂ ਖੁੱਚਾਂ ਵਿੱਚ ਬੜਾ ਦਮ ਹੈ। ਇਹ ਉਹ ਸਮਾਂ ਸੀ ਕਿ ਡਾ. ਸੰਧੂ ਭਾਸ਼ਾ ਵਿਗਿਆਨ ਦੀਆਂ ਖੋਜਾਂ ਵੱਲ ਅੱਗੇ ਵਧਦੇ ਗਏ।

ਐਮ.ਏ. ਕਰਨ ਤੋਂ ਬਾਅਦ ਡਾ. ਸੰਧੂ ਦਾ ਸੰਪਰਕ ਲਿੰਗੁਇਸਟਿਕ ਸੁਸਾਇਟੀ ਆਫ ਇੰਡੀਆ ਨਾਲ ਹੋਇਆ। ਇਸ ਦੌਰਾਨ ਉਹ ਪੰਜਾਬ ਯੂਨੀਵਰਸਿਟੀ ਦੇ ਈਵਨਿੰਗ ਕਾਲਜ ਵਿੱਚ ਬਤੌਰ ਲੈਕਚਰਾਰ ਪੜ੍ਹਾਉਣ ਵੀ ਲੱਗ ਗਏ ਸਨ। ਇਸੇ ਦੌਰਾਨ 1960 ਤੋਂ ਲੈ ਕੇ 1964 ਤਕ ਡਾ. ਸੰਧੂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ‘ਏ ਡਿਸਕ੍ਰਿਪਟਿਵ ਗਰਾਮਰ ਆਫ ਪੁਆਧੀ’ (ਪੁਆਧੀ ’ਤੇ ਪਹਿਲੀ ਵਾਰ) ਵਿਸ਼ੇ ’ਤੇ ਪੀਐੱਚ.ਡੀ. ਦੀ ਡਿਗਰੀ ਵੀ ਪ੍ਰਾਪਤ ਕਰ ਲਈ। ਡਾ. ਸੰਧੂ 1964 ਵਿੱਚ ਸੋਵੀਅਤ ਯੂਨੀਅਨ ਵੱਲੋਂ ਭਾਸ਼ਾ ਵਿਗਿਆਨ ਵਿੱਚ ਖੋਜ ਕਰਨ ਲਈ ਸਰਬ ਭਾਰਤੀ ਪੱਧਰ ਉੱਤੇ ਭਾਸ਼ਾ ਵਿਗਿਆਨ ਦੇ ਕਰਵਾਏ ਗਏ ਇੱਕ ਖੁੱਲ੍ਹੇ ਮੁਕਾਬਲੇ ਵਿੱਚ ਫੈਲੋਸ਼ਿਪ ਲਈ ਚੁਣੇ ਗਏ। ਸੋਵੀਅਤ ਯੂਨੀਅਨ ਦੀ ਲੈਨਿਨਗਰਾਦ ਯੂਨੀਵਰਸਿਟੀ ਵਿੱਚ ਸਖ਼ਤ ਮਿਹਨਤ ਨਾਲ ਕੀਤੀ ਖੋਜ ਸਦਕਾ ਉਨ੍ਹਾਂ ਨੂੰ ਇੰਸਟਰੂਮੈਂਟਲ ਫੋਨੈਟਿਕਸ ਦੇ ਖੇਤਰ ਵਿੱਚ ਖੋਜ ਦੀ ਸਭ ਤੋਂ ਵੱਡੀ ਡਿਗਰੀ ਡੀਐਸਸੀ ਪ੍ਰਾਪਤ ਹੋਈ। ਇਸ ਦੌਰਾਨ ਉਹ ਸੰਸਾਰ ਦੀਆਂ ਵਿਸ਼ਵ ਪ੍ਰਸਿੱਧ ਭਾਸ਼ਾ ਲੈਬਾਰਟਰੀਆਂ- ਮਾਸਕੋ, ਕੀਵ, ਬਰਲਿਨ, ਸਟਾਕਹੋਮ, ਲੰਡਨ ਤੇ ਹੈਲਿੰਸਕੀ ਆਦਿ ਨਾਲ ਭਾਸ਼ਾ ਵਿਗਿਆਨ ’ਤੇ ਖੋਜ ਕਰਦੇ ਰਹੇ। ਉਨ੍ਹਾਂ ਭਾਰਤ ਵਿੱਚ ਵੀ ਭਾਸ਼ਾ ਵਿਗਿਆਨ ਦੇ ਵੱਖ ਵੱਖ ਪਹਿਲੂਆਂ ’ਤੇ ਖੋਜਾਂ ਕੀਤੀਆਂ ਅਤੇ ਕਈ ਕੋਰਸ ਪਾਸ ਕੀਤੇ।
ਡਾ. ਸੰਧੂ ਨੇ 1971 ਤੋਂ 1985 ਤਕ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਵਿਭਾਗ ਵਿੱਚ ਪੜ੍ਹਾਇਆ ਅਤੇ ਨਾਲੋ-ਨਾਲ ਭਾਸ਼ਾ ਵਿਗਿਆਨ ’ਤੇ ਹੋਰ ਡੂੰਘਾਈ ਨਾਲ ਖੋਜ ਵੀ ਕਰਦੇ ਰਹੇ। ਡਾ. ਸੰਧੂ ਨੂੰ ਸੋਵੀਅਤ ਯੂਨੀਅਨ ਦੀ ਅਕਾਦਮੀ ਆਫ ਸਾਇੰਸ ਦੇ ਡੀਐਸਸੀ ਪੇਪਰਾਂ ਦੇ ਥੀਸਿਸ ਦਾ ਨਿਰੀਖਕ ਹੋਣ ਦਾ ਮਾਣ ਵੀ ਹਾਸਲ ਹੋਇਆ। ਉਨ੍ਹਾਂ ਵਿਸ਼ਵ ਪੱਧਰ ’ਤੇ ਭਾਸ਼ਾ ਵਿਗਿਆਨ ਵਿੱਚ ਹੋਈਆਂ ਖੋਜਾਂ ਦੇ ਕਈ ਥੀਸਿਸਾਂ ਦਾ ਨਿਰੀਖਣ ਕੀਤਾ। 1980 ਵਿੱਚ ਸੈਂਟਰਲ ਇੰਸਟੀਚਿਊਟ ਆਫ ਇੰਡੀਅਨ ਲੈਂਗੂਏਜਿਜ਼ ਪੋਸਟ ਗਰੈਜੂਏਟ ਤੇ ਪੋਸਟ ਡਾਕਟਰਲ ਪੇਪਰ ਦੇ ਭਾਸ਼ਾ ਸਕਾਲਰਾਂ ਨੂੰ ਪੜ੍ਹਾਉਣ ਲਈ ਡਾ. ਬਲਬੀਰ ਸਿੰਘ ਸੰਧੂ ਨੂੰ ਵਿਜ਼ਟਿੰਗ ਪ੍ਰੋਫੈਸਰ ਨਿਯੁਕਤ ਕੀਤਾ ਗਿਆ। 1983 ਵਿੱਚ ਉਨ੍ਹਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਭਾਸ਼ਾ ਵਿਗਿਆਨ ਵਿਭਾਗ ਵਿੱਚ ਇੱਕ ਸਾਲ ਲਈ ਵਿਜ਼ਟਿੰਗ ਪ੍ਰੋਫੈਸਰ ਵਜੋਂ ਵੀ ਸੇਵਾ ਨਿਭਾਈ। ਇੱਥੇ ਹੀ ਬੱਚਿਆਂ ਨੂੰ ਭਾਸ਼ਾ ਵਿਗਿਆਨ ਦੇ ਮਾਹਿਰ ਕਰਨ ਲਈ ਉਨ੍ਹਾਂ ਵਿਸ਼ੇਸ਼ ਪਾਠਕ੍ਰਮ ਬਣਾਉਣ ਲਈ ਕਾਰਜ ਵੀ ਆਰੰਭਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ‘ਕਰਾਸ ਡਾਇਲੈਕਟ ਫ਼ੀਚਰ ਆਫ ਪੰਜਾਬੀ’ ਪ੍ਰਾਜੈਕਟ ਅਧੀਨ ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਪਿੰਡਾਂ ਦੇ ਭਾਸ਼ਾ ਅਧਿਐਨ ਅਤੇ ਪੰਜਾਬੀ ਬੋਲਦੇ ਪਿੰਡਾਂ ਦਾ ਜਾਇਜ਼ਾ ਲੈਣ ਉਪਰੰਤ ਇੱਕ ਪੁਆਧੀ ਸ਼ਬਦ ਕੋਸ਼ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਉਹ 16 ਅਕਤੂਬਰ 1985 ਨੂੰ ਇਹ ਕਾਰਜ ਅਧੂਰਾ ਛੱਡ ਕੇ ਅਚਾਨਕ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਤੀਬਰ ਇੱਛਾ ਸੀ ਕਿ ਪਿੰਡਾਂ ਵਿੱਚ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣ। ਪੰਜਾਬ ਸਾਹਿਤ ਅਕਾਦਮੀ ਦਾ ਸਕੱਤਰ ਬਣ ਕੇ ਉਨ੍ਹਾਂ ਇਹ ਕੰਮ ਆਰੰਭ ਕੀਤਾ। ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਲੇਖਕਾਂ ਦੀਆਂ ਕਿਤਾਬਾਂ ਖ਼੍ਰੀਦਣ ਦੀ ਇੱਕ ਵਿਸ਼ੇਸ਼ ਯੋਜਨਾ ਬਣਾਈ ਸੀ ਜੋ ਪੰਜਾਬ ਆਰਟਸ ਕੌਂਸਲ ਰਾਹੀਂ ਉਨ੍ਹਾਂ ਪੰਜਾਬ ਸਰਕਾਰ ਤੋਂ ਪ੍ਰਵਾਨ ਕਰਵਾ ਲਈ ਸੀ। ਡਾ. ਸੰਧੂ ਦੀਆਂ ਅੰਤਿਮ ਰਸਮਾਂ ਮੌਕੇ ਡਾ. ਮਹਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ, ‘ਪਿੰਡਾਂ ਵਿੱਚ ਲਾਇਬ੍ਰੇਰੀਆਂ ਉਸਾਰਨ ਵਾਲਾ ਵਿਦਵਾਨ ਤੁਰ ਗਿਆ ਹੈ।’
ਡਾ. ਬਲਬੀਰ ਸਿੰਘ ਨੇ ਭਾਸ਼ਾ ਵਿਗਿਆਨ (ਧੁਨੀ ਤੋਂ ਲੈ ਕੇ ਸ਼ਬਦਾਂ ਦੀ ਬਣਤਰ ਤਕ) ਤੇ ਕੋਸ਼ਕਾਰੀ ’ਤੇ ਸੈਂਕੜੇ ਪਰਚੇ ਅਤੇ ਦਰਜਨਾਂ ਪੁਸਤਕਾਂ ਲਿਖੀਆਂ। ਉਨ੍ਹਾਂ ਕੋਲ ਪੜ੍ਹਨ ਵਾਲਿਆਂ ਦੀ ਕਤਾਰ ਵੀ ਲੰਬੀ ਹੈ ਪਰ 1985 ਤੋਂ ਬਾਅਦ ਡਾ. ਬਲਬੀਰ ਸਿੰਘ ਸੰਧੂ ਬਾਰੇ ਕੋਈ ਖੋਜ ਨਹੀਂ ਹੋਈ। ਪੰਜਾਬੀ ਅਤੇ ਪੰਜਾਬ ਯੂਨੀਵਰਸਿਟੀ ਵੱਲੋਂ ਕੋਈ ਯਾਦਗਾਰ ਬਣਾਉਣਾ ਤਾਂ ਦੂਰ ਦੀ ਗੱਲ, ਉਨ੍ਹਾਂ ਨਮਿੱਤ ਕਦੇ ਯਾਦਗਾਰੀ ਭਾਸ਼ਣ ਵੀ ਨਹੀਂ ਕਰਾਇਆ ਗਿਆ। ਪਿੰਡ ਨਰੜੂ ਵਿੱਚ ਉਨ੍ਹਾਂ ਦਾ ਘਰ ਵੀ ਖੰਡਰ ਹੋ ਗਿਆ ਹੈ। ਉਨ੍ਹਾਂ ਦੀ ਪਤਨੀ ਅਜਮੇਰ ਕੌਰ ਨੇ 1985 ਵਿੱਚ ਉਨ੍ਹਾਂ ਸਬੰਧੀ ਇੱਕ ਯਾਦਗਾਰੀ ਕਿਤਾਬ ਆਪਣੀ ਸੰਪਾਦਨਾ ਹੇਠ ਛਪਾਈ ਸੀ ਪਰ ਉਸ ਤੋਂ ਬਾਅਦ ਪੰਜਾਬ ਦਾ ਇਹ ਵੱਡਾ ਭਾਸ਼ਾ ਵਿਗਿਆਨੀ ਸਾਡੇ ਚੇਤਿਆਂ ਵਿੱਚੋਂ ਮਨਫ਼ੀ ਹੋ ਗਿਆ।
ਸੰਪਰਕ : 8146001100
https://aqidaonline.blogspot.com/2016/09/blog-post.html

ਪੁਆਧੀ ਦਾ ਖੋਜੀ-ਵਿਦਵਾਨ ਸੀ ਬਲਬੀਰ ਸਿੰਘ ਸੰਧੂ

ਉੱਘੇ ਅੰਗਰੇਜ਼ ਵਿਦਵਾਨ, ਭਾਸ਼ਾ ਵਿਗਿਆਨੀ ਅਤੇ ਖੋਜੀ ਡਾ. ਗਰੀਅਰਸਨ ਨੇ ਜਿਵੇਂ ਭਾਰਤ ਦੀਆਂ ਭਾਸ਼ਾਵਾਂ ਦੇ ਨਾਲ-ਨਾਲ ਪੰਜਾਬੀ ਭਾਸ਼ਾ ਉੱਤੇ ਬੜਾ ਮੁੱਲਵਾਨ ਕੰਮ ਕੀਤਾ ਹੈ ਉੱਥੇ ਪੁਆਧੀ ਉਪ-ਭਾਸ਼ਾ ਬਾਰੇ ਡਾ. ਬਲਬੀਰ ਸਿੰਘ ਸੰਧੂ ਦਾ ਖੋਜ-ਕਾਰਜ ਬਹੁਤ ਨਿਆਰਾ ਤੇ ਸ਼ਲਾਘਾਯੋਗ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਡਾ. ਸੰਧੂ ਭਾਰਤ ਦੇ ਤਿੰਨ ਉਤਕ੍ਰਿਸ਼ਟ ਭਾਸ਼ਾ ਵਿਗਿਆਨੀਆਂ ’ਚੋਂ ਇੱਕ ਸਨ। ਇਹ ਅਫ਼ਸੋਸ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਵੱਡੇ ਖੋਜ-ਕਾਰਜ ਨੂੰ ਉਤਨਾ ਚਰਚਿਤ ਨਹੀੱ ਕੀਤਾ ਗਿਆ, ਜਿੰਨਾ ਉਨ੍ਹਾਂ ਨੇ ਪੁਆਧੀ ਭਾਸ਼ਾ ਬਾਰੇ ਬਹੁਤ ਸਿਦਕਦਿਲੀ ਨਾਲ ਨਿੱ9 ਕੇ ਕੰਮ ਕੀਤਾ। ਉਹ ਪਹਿਲਾ ਖੋਜਾਰਥੀ ਸੀ ਜਿਸ ਨੇ ਪੁਆਧੀ ਬੋਲੀ ’ਤੇ ਪੀ. ਐਚਡੀ. ਕੀਤੀ।
ਡਾ. ਬਲਬੀਰ ਸਿੰਘ ਸੰਧੂ ਦਾ ਜਨਮ ਪੁਆਧ ਦੇ ਪਿੰਡ ਨਰੜੂ ਵਿੱਚ ਸਾਧਾਰਨ ਕਿਸਾਨ ਪਰਿਵਾਰ ’ਚ 28 ਸਤੰਬਰ, 1934 ਨੂੰ ਹੋਇਆ। ਇਹ ਪਿੰਡ ਪਟਿਆਲਾ ਤੋਂ ਰਾਜਪੁਰਾ ਸੜਕ ’ਤੇ ਪੈਂਦਾ ਹੈ। ਉਨ੍ਹਾਂ ਦੀ ਮਾਤਾ ਸ੍ਰੀਮਤੀ ਸਾਹਿਬ ਕੌਰ ਅਤੇ ਪਿਤਾ ਬਸੇਸਰ ਸਿੰਘ ਸਨ। ਬਚਪਨ ਕੌਲੀ ਦੇ ਬੀੜ ਵਿੱਚ ਡੰਗਰ ਚਾਰਦਿਆਂ ਤੇ ਸ਼ਿਕਾਰ ਖੇਡਦਿਆਂ ਗੁਜ਼ਰਿਆ। ਦਸਵੀਂ ਦੀ ਪ੍ਰੀਖਿਆ 1959 ’ਚ ਸਿਟੀ ਹਾਈ ਸਕੂਲ ਪਟਿਆਲਾ ਤੋਂ ਪਾਸ ਕੀਤੀ। ਇਸ ਉਪਰੰਤ ਗਿਆਨੀ ਦੀ ਪ੍ਰੀਖਿਆ ਪ੍ਰਾਈਵੇਟ ਵਿਦਿਆਰਥੀ ਦੇ ਤੌਰ ’ਤੇ ਕੀਤੀ। ਬਾਰ੍ਹਵੀਂ ਜਮਾਤ ਪੰਜਾਬ ਯੂਨੀਵਰਸਿਟੀ ਤੋਂ 1953 ’ਚ ਕੀਤੀ ਅਤੇ ਫਿਰ ਅਕਾਲ ਡਿਗਰੀ ਕਾਲਜ ਮਸਤੂਆਣਾ (ਸੰਗਰੂਰ) ’ਚ ਦਾਖਲ ਹੋ ਗਏ। ਉੱਥੇ ਦੋ ਸਾਲ ਹੋਸਟਲ ’ਚ ਰਹਿ ਕੇ ਬੀ.ਏ. ਪਾਸ ਕੀਤੀ। ਇਸ ਅਦਾਰੇ ਦਾ ਡਾ. ਸੰਧੂ ਦੀ ਸ਼ਖ਼ਸੀਅਤ ’ਤੇ ਗੂੜ੍ਹਾ ਪ੍ਰਭਾਵ ਪਿਆ। ਮਹਿੰਦਰਾ ਕਾਲਜ ਪਟਿਆਲਾ ਵਿਚ ਦੋ ਸਾਲ ਪ੍ਰੋ. ਪ੍ਰੀਤਮ ਸਿੰਘ ਦੀ ਸ਼ਾਗਿਰਦੀ ’ਚ ਰਹਿ ਕੇ 1955 ’ਚ ਐਮ.ਏ. ਪੰਜਾਬੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਫਸਟ ਕਲਾਸ ਫਸਟ ਰਹਿ ਕੇ ਪਾਸ ਕੀਤੀ। 20 ਮਾਰਚ, 1955 ਨੂੰ ਉਨ੍ਹਾਂਦਾ ਵਿਆਹ ਸ੍ਰੀਮਤੀ ਅਜਮੇਰ ਕੌਰ ਨਾਲ ਹੋਇਆ ਜਿਸ ਦੀ ਕੁੱਖੋਂ ਅਜੈਬੀਰ ਸਿੰਘ (ਪੁੱਤਰ) ਨੇ ਜਨਮ ਲਿਆ।
ਆਪ ਨੇ 1956 ’ਚ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵਿੱਚ ਬਤੌਰ ਰਿਸਰਚ ਅਸਿਸਟੈਂਟ ਨੌਕਰੀ ਆਰੰਭ ਕੀਤੀ। ਉਦੋਂ ਇਸ ਵਿਭਾਗ ਦੇ ਡਾਇਰੈਕਟਰ ਗਿਆਨੀ ਲਾਲ ਸਿੰਘ ਸਨ ਜਿਨ੍ਹਾਂ ਨੇ ਡਾ. ਸੰਧੂ ਦੀ ਪ੍ਰਤਿਭਾ ਦੀ ਕਦਰ ਕਰਦਿਆਂ ਖੋਜ-ਕਾਰਜ ਕਰਨ ਲਈ ਉਤਸ਼ਾਹਤ ਕੀਤਾ। ਇਸ ਵਿਭਾਗ ’ਚ ਆਪ ਨੇ ਪੰਜ ਸਾਲ ਨੌਕਰੀ ਕੀਤੀ। ਇਸ ਤੋਂ ਬਾਅਦ ਆਪ ਦੀ ਨਿਯੁਕਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਈਵਨਿੰਗ ਕਾਲਜ ਵਿਚ ਲੈਕਚਰਾਰ ਵਜੋਂ ਹੋ ਗਈ। ਭਾਸ਼ਾ ਵਿਗਿਆਨ ਦੇ ਖੇਤਰ ਵਿੱਚ ਆਪ ਦੀ ਰੁਚੀ ਤੇ ਸ਼ੌਕ ਵਧਦਾ ਗਿਆ, ਇਸ ਨਾਲ ਆਪ ਦਾ ਸੰਪਰਕ ਲਿੰਗੁਇਸਟਿਕ ਸੁਸਾਇਟੀ ਆਫ਼ ਇੰਡੀਆ ਨਾਲ ਹੋ ਗਿਆ ਤੇ ਆਪਦੇ ਅਧਿਆਪਨ ਦੇ ਤੌਰ-ਤਰੀਕੇ ਦੀ ਪ੍ਰਸੰਸਾ ਹੋਣ ਲੱਗੀ। 1960 ਦੇ ਨੇੜੇ-ਤੇੜੇ ਆਪ ਨੇ ਕੁਰੂਕਸ਼ੇਤਰ ਯੂਨੀਵਰਸਿਟੀ (ਹਰਿਆਣਾ) ਤੋਂ ਡਾ. ਜੇ.ਡੀ. ਸਿੰਘ ਦੀ ਨਿਗਰਾਨੀ ਹੇਠ ਪੀ. ਐਚਡੀ. ਕੀਤੀ। ਉਨ੍ਹਾਂ ਨੇ ਭਾਸ਼ਾਈ ਖੋਜ ਲਈ ਪੁਆਧੀ ਉਪ ਭਾਸ਼ਾ ਨੂੰ ਚੁਣਿਆ ਤੇ ਇਸ ਉਪ ਭਾਸ਼ਾ ਦੇ ਧੁਨੀ-ਪ੍ਰਬੰਧ ਦਾ ਅਧਿਐਨ ਕੀਤਾ ਤੇ ਇਸ ਦੀ ਵਿਆਕਰਣ ਤਿਆਰ ਕੀਤੀ। ਪੰਜਾਬੀ ਦੀ ਕਿਸੇ ਇੱਕ ਉਪ ਭਾਸ਼ਾ (ਪੁਆਧੀ) ਉੱਤੇ ਵਿਗਿਆਪਨ ਵਿਧੀ ਨਾਲ ਵਿਊਂਤਬੱਧ ਕੰਮ ਹੋਇਆ ਤਾਂ ਉਹ ਪੁਆਧੀ ਉਪ ਭਾਸ਼ਾ ਹੀ ਹੈ ਜਿਸ ਦਾ ਸਿਹਰਾ ਡਾ. ਸੰਧੂ ਨੂੰ ਜਾਂਦਾ ਹੈ।
ਡਾ. ਸੰਧੂ ਪਹਿਲਾ ਪੁਆਧੀ ਵਿਦਵਾਨ-ਖੋਜੀ ਸੀ ਜਿਸ ਨੂੰ ਸੋਵੀਅਤ ਯੂਨੀਅਨ (ਰੂਸ) ਦੇ ਸੱਦੇ ’ਤੇ ਲੈਨਿਨਗ੍ਰਾਦ ਵਿਚ 1964 ’ਚ ਫੈਲੋਸ਼ਿਪ ਲਈ ਚੁਣਿਆ ਗਿਆ। ਉੱਥੇ ਆਪ ਨੇ ਸਟੇਟ ਯੂਨੀਵਰਸਿਟੀ ਲੈਨਿਨਗ੍ਰਾਦ ਦੀ ਭਾਸ਼ਾ ਵਿਗਿਆਨੀ ਦੀ ਫੈਕਲਟੀ ਵਿੱਚ ਪੋਸਟ ਡਾਕਟਰੇਟ ਦੀ ਡਿਗਰੀ ਲਈ ਖੋਜ ਕਾਰਜ ਆਰੰਭ ਕੀਤਾ। ਇੱਥੇ ਆਪ ਨੇ ਸੱਤ ਸਾਲ ਖੋਜ ਕਾਰਜ ’ਚ ਲੇਖੇ ਲਾਏ। ਸਿੱਟੇ ਵੱਜੋਂ ਡਾ. ਸੰਧੂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਜਾਣੇ ਜਾਂਦੇ ਭਾਸ਼ਾ ਵਿਗਿਆਨੀ ਵਜੋਂ ਇੱਕ ਸਨ। ਲੈਨਿਨਗ੍ਰਾਦ ਯੂਨੀਵਰਸਿਟੀ ਦੇ ਵਿਸ਼ਵ ਪ੍ਰਸਿੱਧ ਭਾਸ਼ਾ ਸਕੂਲ ਤੋਂ ਇੰਸਟਰੂਮੈਂਟਲ ਫਾਨੇਟਿਕਸ ਦੇ ਖੇਤਰ ਵਿੱਚ ਡੀ.ਐਸਸੀ. ਦੀ ਡਿਗਰੀ ਵੀ ਪ੍ਰਾਪਤ ਕੀਤੀ। ਜਿਸ ਕਾਰਨ ਆਪ ਨੂੰ ਮਾਸਕੋ, ਕੀਵ, ਬਰਲਿਨ ਸਟਾਕਹੋਮ, ਲੰਡਨ, ਹੈਲਿੰਸਕੀ ਆਦਿ ਵਿਚਲੀਆਂ ਭਾਸ਼ਾ ਲੈਬਾਟਰੀਆਂ ’ਚ ਅਧਿਐਨ ਕਰਨ ਦਾ ਮੌਕਾ ਨਸੀਬ ਹੋਇਆ। ਇੱਥੋਂ ਤੱਕ ਹੀ ਨਹੀਂ ਸਗੋਂ ਡਾ. ਸੰਧੂ ਨੇ ਦੇਸ ਅਤੇ ਵਿਦੇਸ਼ਾਂ ਵਿੱਚੋਂ ਬਹੁਤ ਸਾਰੇ ਭਾਸ਼ਾ ਸਿਖਲਾਈ ਕੋਰਸ ਪਾਸ ਕੀਤੇ।
ਸੱਤ ਸਾਲ ਦੀ ਖੋਜ ਉਪਰੰਤ 1971 ’ਚ ਡਾ. ਸੰਧੂ ਨੇ ਡੀ. ਐਸਸੀ.ਦੇ ਥੀਸਿਸ ਤਿਆਰ ਕਰਕੇ ਪਬਲਿਕ ਡਿਫੈਂਸ ਪਾਸ ਕੀਤੀ। ਆਪ ਪਹਿਲੇ ਵਿਦੇਸ਼ੀ ਵਿਦਵਾਨ ਸਨ ਜਿਸ ਨੇ ਇਹ ਵਿਲੱਖਣ ਖੋਜ ਕਾਰਜ ਕੀਤਾ।
ਸਾਲ 1971 ’ਚ ਮੁੜ ਡਾ. ਸੰਧੂ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਗਏ ਜਿੱਥੇ ਉਹ 1985 ਤੱਕ ਵਿਦਿਆਰਥੀਆਂ ਨੂੰ ਭਾਸ਼ਾ-ਵਿਗਿਆਨ ਦਾ ਵਿਸ਼ਾ ਪੜ੍ਹਾਉਂਦੇ ਰਹੇ। ਇਸ ਦੌਰਾਨ ਆਪ ਨੇ ਸੋਵੀਅਤ-ਯੂਨੀਅਨ ਦੇ ਪ੍ਰਾਪਤ ਕੀਤੇ ਗਿਆਨ ਦੇ ਆਧਾਰ ’ਤੇ ਪੁਸਤਕ ਤਿਆਰ ਕੀਤੀ। ਆਪ ਦੀ ਵਿਦਵਤਾ ਦੀ ਉਸਤੱਤ ਦੇ ਫਲ-ਸਰੂਪ ਆਪ ਨੂੰ ਭਾਸ਼ਾ ਵਿਗਿਆਨੀ ਦੇ ਮਾਹਿਰ ਵੱਜੋਂ ਸੋਵੀਅਤ ਯੂਨੀਅਨ ਤੋਂ ਬਿਨਾਂ ਫਿਨਲੈਂਡ, ਸਵੀਡਨ, ਡੈਨਮਾਰਕ, ਪੋਲੈਂਡ, ਪੂਰਵੀ ਜਰਮਨੀ, ਪੱਛਮੀ ਜਰਮਨੀ, ਨੀਦਰਲੈਂਡ, ਇੰਗਲੈਂਡ, ਫਰਾਂਸ, ਇਟਲੀ ਤੇ ਕੋਪਨਹੈਗਨ ਆਦਿ ਮੁਲਕਾਂ ਵਿੱਚ ਜਾਣ ਦੇ ਮੌਕੇ ਉਪਲਬਧ ਹੋਏ।
1976 ’ਚ ਆਪ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੋਸ਼ਕਾਰੀ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਜਿੱਥੇ ਆਪ ਚੀਫ਼ ਐਡੀਟਰ ਦੇ ਤੌਰ ’ਤੇ ਆਪਣੇ ਅੰਤਿਮ ਸਮੇਂ ਤੱਕ ਕੰਮ ਕਰਦੇ ਰਹੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਵੀ ਆਪ ਨੂੰ 1983-84 ਤੱਕ ਭਾਸ਼ਾ-ਵਿਗਿਆਨ ਵਿਭਾਗ ’ਚ ਵਿਜ਼ਟਿੰਗ ਪ੍ਰੋਫੈਸਰ ਦੇ ਤੌਰ ’ਤੇ ਬੁਲਾਇਆ ਜਾਂਦਾ ਰਿਹਾ। ਇਸ ਦੌਰਾਨ ਆਪ ਨੇ ਪੰਜਾਬੀ ਯੂਨੀਵਰਸਿਟੀ ਦੇ ਪ੍ਰਾਜੈਕਟ ਅਧੀਨ ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਪਿੰਡਾਂ ਦਾ ਭਾਸ਼ਾ ਅਧਿਐਨ ਕਰਨਾ ਸੀ। ਡਾ. ਸੰਧੂ ਦਾ ਇੱਕ ਉਪਰਾਲਾ ਪੰਜਾਬ ਦੇ ਪਿੰਡ-ਪਿੰਡ ਲਾਇਬਰੇਰੀਆਂ ਖੋਲ੍ਹਣ ਦਾ ਵੀ ਸੀ ਜਿਸ ਲਈ ਉਨ੍ਹਾਂ ਨੇ ਲਗਪਗ 40 ਪਿੰਡਾਂ ਦੀਆਂ ਪੰਚਾਇਤਾਂ ਦਾ ਸਹਿਯੋਗ ਵੀ ਲੈ ਲਿਆ ਸੀ। ਦੁਖ ਦੀ ਗੱਲ ਇਹ ਹੋਈ ਕਿ ਡਾ. ਸੰਧੂ 16 ਅਕਤੂਬਰ, 1985 ਨੂੰ ਇੱਕ ਸੜਕ  ਦੁਰਘਟਨਾ ਕਾਰਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਕਈ ਯੋਜਨਾਵਾਂ ਧਰੀਆਂ ਧਰਾਈਆਂ ਰਹਿ ਗਈਆਂ। ਭਾਸ਼ਾ ਵਿਗਿਆਨ ਦੇ ਖੇਤਰ ਨੂੰ ਵੱਡਾ ਘਾਟਾ ਪਿਆ। ਡਾ. ਸੰਧੂ ਬਹੁਤ ਹਰਮਨਪਿਆਰੀ ਤੇ ਖ਼ੂਬਸੂਰਤ ਸ਼ਖ਼ਸੀਅਤ ਦੇ ਮਾਲਕ ਸਨ। ਡਾ. ਸੰਧੂ ਵਰਗਾ ਸਿਆਣਾ ਤੇ ਖੋਜੀ ਵਿਦਵਾਨ ਸ਼ਾਇਦ ਹੀ ਕੋਈ ਹੋ ਸਕੇ। ਉਨ੍ਹਾਂ ਦੀ ਆਤਮਾ ਵਿੱਚੋਂ ਪੰਜਾਬ ਦੇ ਪਿੰਡਾਂ ਦੀ ਮਿੱਟੀ ਬੋਲਦੀ ਸੀ। ਪੁਆਧੀ ਭਾਸ਼ਾ ਦਾ ਸਿਰਮੌਰ ਗਿਆਤਾ ਡਾ. ਬਲਬੀਰ ਸਿੰਘ ਸੰਧੂ ਭੁਲਾਇਆ ਨਹੀਂ ਜਾ ਸਕਦਾ। ਉਸ ਦਾ ਵੱਡਮੁੱਲਾ ਖੋਜ-ਕਾਰਜ ਭਾਸ਼ਾ-ਵਿਗਿਆਨੀਆਂ ਲਈ ਮਾਰਗ ਦਰਸ਼ਨ ਵਾਲਾ ਹੈ। (ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ)

No comments:

Post a Comment