Saturday, September 21, 2019

ਗੁਰਦਾਸ ਮਾਨ ਮਾਂ ਬੋਲੀ ਦਾ ‘ਗ਼ੱਦਾਰ’

ਗੁਰਦਾਸ ਮਾਨ ਦਾ ਪੰਜਾਬੀ ਜਗਤ ਵੱਲੋਂ ਬਾਈਕਾਟ ਦਾ ਸੱਦਾ

ਪਟਿਆਲਾ : ਗੁਰਦਾਸ ਮਾਨ ਦੇ ਐਬਟਸਫੋਰਡ ਵਿਖੇ ਹੋ ਰਹੇ ਸ਼ੋਅ ਦੇ ਬਾਹਰ
ਸੈਂਕੜਿਆਂ ਦੀ ਗਿਣਤੀ’ ਚ ਪੰਜਾਬੀਆਂ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਤਖ਼ਤੀਆਂ ਤੇ ਲਿਖ ਕੇ ਗੁਰਦਾਸ ਮਾਨ ਨੂੰ ਲਾਹਣਤਾ ਪਾਈਆਂ ਗਈਆਂ, ਪੰਜਾਬੀ ਜਗਤ ਦੇ ਲੇਖਕ ਡਾ. ਭਗਵੰਤ ਮਾਨ ਵੱਲੋਂ ਗੁਰਦਾਸ ਮਾਨ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ। ਗੁਰਦਾਸ ਮਾਨ ਨੂੰ ਪੰਜਾਬੀ ਮਾਂ ਦਾ ‘ਗ਼ੱਦਾਰ’ ਕਰਾਰ ਦਿੱਤਾ ਗਿਆ।  ਜ਼ਿਕਰਯੋਗ ਹੈ ਕਿ ਇਕ ਵੀਡੀਓ ਰਾਹੀਂ ਗੁਰਦਾਸ ਮਾਨ ਨੇ ਕਿਹਾ ਸੀ ਕਿ ਸਾਰੇ ਹਿੰਦੁਸਤਾਨ ਦੀ ਭਾਸ਼ਾ ਇਕ ਹੋਣੀ ਚਾਹੀਦੀ ਹੈ, ਜਿਸ ਨਾਲ ਪੰਜਾਬੀ ਭਰਾਵਾਂ ਨੂੰ ਗ਼ੁੱਸਾ ਆਗਿਆ, ਉਨ੍ਹਾਂ ਕਹਿ ਦਿੱਤਾ ਕਿ ਗੁਰਦਾਸ ਮਾਨ ਨੇ ਆਰਐਸਐਸ ਦੇ ਹਿੰਦੂ ਹਿੰਦੀ ਹਿੰਦੁਸਤਾਨ ਤੇ ਏਜੰਡੇ ਤੇ ਹਾਮੀ ਭਰੀ ਹੈ। ਪੰਜਾਬ ਵਿਚ ਤੇ ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀਆਂ ਵਿਚ ਗ਼ੁੱਸਾ ਭੜਕ ਉੱਠਿਆ। ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਕਿਹਾ ਹੈ ਕਿ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਭਾਰਤ ’ਚ ਇੱਕ ਭਾਸ਼ਾ ਹਿੰਦੀ, ਇਕ ਰਾਸ਼ਟਰ ਅਤੇ ਇੱਕ ਸੱਭਿਆਚਾਰ ਦੇ ਹੱਕ ’ਚ ਖੜ੍ਹ ਕੇ ਪੰਜਾਬ ਤੇ ਪੰਜਾਬੀ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਸਭਾ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਅਜਿਹੇ ਅਖੌਤੀ ਪੰਜਾਬੀ ਗਾਇਕਾਂ ਦੇ ਮੁਕੰਮਲ ਬਾਈਕਾਟ ਦਾ ਸੱਦਾ ਦਿੱਤਾ ਹੈ। ਡਾ. ਤੇਜਵੰਤ ਮਾਨ ਨੇ ਕਿਹਾ ਕਿ ਜਿਸ ਵਿਅਕਤੀ ਨੇ 40 ਸਾਲ ਮਾਂ ਬੋਲੀ ਦੀ ਸੇਵਾ ਦੇ ਨਾਂ ਹੇਠ ਪੈਸਾ ਅਤੇ ਸ਼ੋਹਰਤ ਹਾਸਲ ਕੀਤੀ ਹੋਵੇ, ਉਸ ਵੱਲੋਂ ਆਰਐੱਸਐਸ ਦੇ ਹਿੰਦੂਤਵੀ ਏਜੰਡੇ- ਇੱਕ ਭਾਸ਼ਾ ਇੱਕ ਰਾਸ਼ਟਰ ਅਤੇ ਇੱਕ ਸੱਭਿਆਚਾਰ ਦੀ ਵਕਾਲਤ ਕਰਕੇ ਮਾਂ ਬੋਲੀ ਪੰਜਾਬੀ ਨਾਲ ਧ੍ਰੋਹ ਕਮਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਨੇ ਗਾਇਕੀ ਜਿਹੀ ਸੂਖ਼ਮ ਕਲਾ ਦੀ ਪਵਿੱਤਰਤਾ ਨੂੰ ਵੀ ਭੰਗ ਕਰ ਕੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਅਜਿਹਾ ਕਰ ਕੇ ਉਸ ਨੇ ਪੰਜਾਬੀ ਗਾਇਕੀ ਦੀਆਂ ਸ਼ਾਨਦਾਰ ਰਵਾਇਤਾਂ
ਨੂੰ ਤੋੜਿਆ ਹੈ। ਇਸ ਨਾਲ ਗਾਇਕ ਹੁਣ ਅਖੌਤੀ ਪੰਜਾਬੀ ਗਾਇਕਾਂ ਦੀ ਕਤਾਰ ਵਿਚ ਖੜ੍ਹਾ ਹੋ ਗਿਆ ਹੈ। ਡਾ. ਮਾਨ ਨੇ ਕਿਹਾ ਕਿ ਭਾਰਤ ਦੀ ਬਹੁਕੌਮੀ, ਬਹੁ-ਭਾਸ਼ਾਈ ਤੇ ਬਹੁ-ਸੱਭਿਆਚਾਰਕ ਪਛਾਣ ਨੂੰ ਖ਼ਤਮ ਕਰਨ ਵਾਲੀਆਂ ਤਾਕਤਾਂ ਦੇ ਹੱਥਾਂ ਵਿਚ ਖੇਡਣ ਵਾਲੇ ਗੁਰਦਾਸ ਮਾਨ ਨੇ ਕਾਫ਼ੀ ਕੁਟਿਲਤਾ ਨਾਲ ਪੰਜਾਬੀ ਭਾਸ਼ਾ ਦੇ ਹਿਤੈਸ਼ੀਆਂ ਨੂੰ ਵਿਹਲੜ ਗਰਦਾਨ ਕੇ ਆਪਣੀ ਗੁਲਾਮ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਡਾ. ਤੇਜਵੰਤ ਮਾਨ ਨੇ ਕਿਹਾ ਕਿ ਗੁਰਦਾਸ ਮਾਨ ਨੂੰ ਭਾਰਤ ਦੀ ਵੰਨ-ਸੁਵੰਨਤਾ ਅਤੇ ਬਹੁਕੌਮੀ ਸਰੂਪ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ।
ਅੱਜ ਜਦੋਂ ਐਬਟਸਫੋਰਡ ਵਿਚ ਗੁਰਦਾਸ ਮਾਨ ਆਪਣਾ ਸਟੇਜ ਪ੍ਰੋਗਰਾਮ ਕਰ ਰਹੇ ਸਨ ਤਾਂ ਉਨ੍ਹਾਂ ਨੇ ਬੋਲਾਂ ਤੇ ਵੀ ਚਰਚਾ ਸ਼ੁਰੂ ਹੋਈ ਗੁਰਦਾਸ ਮਾਨ ਨੂੰ ਲਾਹਣਤਾ ਪੈਣ ਲੱਗੀਆਂ, ਉੱਘੇ ਬਰਾਡਕਾਸਟਰ ਬਲਤੇਜ ਪੰਨੂ ਅਨੁਸਾਰ 'ਬਾਬਾ ਬੋਹੜ ਗਾਇਕ' ਨੇ ਸਟੇਜ ਤੇ ਕਿਹਾ ਹੈ ਬੱਤੀ ਬਣਾ ਕੇ ਮੋੜ ਕੇ-----ਲੈ ਲਾ! ਸੁਣਿਆ ਸੀ ਬੰਦਾ ਬਹੱਤਰ ਜਾਂਦਾ ਪਰ ਹੁਣ ਤਾਂ ਸਾਹਮਣੇ ਹੈ! ਕੁਝ ਬੋਲਿਆ ਸੀ ਤਾਂ ਵਿਰੋਧ ਵੀ ਹੋਣਾ ਸੀ ਪਰ ਆਹ ਭਾਸ਼ਾ-----!!!!!! "ਹੁਣ ਤੈਨੂੰ ਕੀ ਆਖਾਂ ਫੇਲ ਕਹਾਂ ਜਾਂ ਤੈਨੂੰ ਪਾਸ"। ਬਲਤੇਜ ਪੰਨੂ ਵਰਗੇ ਹੋਰ ਬਹੁਤ ਸਾਰੇ ਪੰਜਾਬੀ ਚਿੰਤਕਾਂ ਨੇ ਗੁਰਦਾਸ ਮਾਨ ਦਾ ਵਿਰੋਧ ਕੀਤਾ ਹੈ।  ਸੋਸ਼ਲ ਮੀਡੀਆ ਤੇ ਮਾਨ ਵਿਰੁੱਧ ਬਹੁਤ ਵੱਡੀ ਚਰਚਾ ਚੱਲ ਰਹੀ ਹੈ ਜਿਵੇਂ ਪੰਜਾਬੀਆਂ ਨੇ ਜੋ "ਇਕ ਰਾਸ਼ਟਰ ਇਕ ਭਾਸ਼ਾ" ਤੇ ਇਸ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ ਉਸ ਤੋਂ ਬੁਖਲਾ ਗਿਆ ਹੈ ਸ਼ਾਇਦ ਮਾਨ। ਜੋ ਵੀਡੀਓ ਸੋਸ਼ਲ ਮੀਡੀਆ ਤੇ ਮਾਨ ਵੱਲੋਂ ਬੋਲੇ ਹੋਏ ਦੀ
ਘੁੰਮ ਰਹੀ ਹੈ, ਉਸ ਨੂੰ ਕੁਝ ਨੇ ਐਡਿਟ ਕੀਤੀ ਹੋਈ ਕਿਹਾ, ਪਰ ਉਸ ਦੇ ਜਵਾਬ ਵਿਚ ਕਿਹਾ ਕਿ ਹੁਣੇ ਹੀ ਸ਼ੋਅ ਚੱਲ ਰਿਹਾ ਸੀ ਜਿਸ ਨੂੰ ਤੁਰੰਤ ਸੋਸ਼ਲ ਮੀਡੀਆ ਤੇ ਪਾਇਆ ਗਿਆ ਹੈ, ਐਡਿਟ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਇਕ ਹੋਰ ਚਿੰਤਕ ਮਹਿੰਦਰਪਾਲ ਬੱਬੀ ਨੇ ਕਿਹਾ ਹੈ ਕਿ ਮਾਂ ਬੋਲੀ ਪੰਜਾਬੀ ਲਈ ਹਰੇਕ ਪੰਜਾਬੀ ਦੇ ਅੰਦਰ ਦਰਦ ਜ਼ਰੂਰੀ ਹੈ । ਜਿੱਥੇ ਕਿਤੇ ਪੰਜਾਬੀ ਖ਼ਿਲਾਫ਼ ਕੋਈ ਸਾਜ਼ਿਸ਼ ਹੁੰਦੀ ਹੈ ਉੱਥੇ ਵਿਰੋਧ ਵੀ ਕੀਤਾ ਜਾਣਾ ਜਾਇਜ਼ ਹੈ । ਪਰ ਖ਼ਦਸ਼ਾ ਇਹ ਹੈ ਕਿ ਕਿਤੇ ਧਰਮ ਦੇ ਠੇਕੇਦਾਰਾਂ ਵਾਂਗ ਗ਼ਲਤ ਬੰਦੇ ਮਾਂ ਬੋਲੀ ਪੰਜਾਬੀ ਦੇ ਵੀ ਠੇਕੇਦਾਰ ਨਾ ਬਣ ਬੈਠਣ ਜੋ ਇਸੇ ਗੱਲ ਦੇ ਨਾਂ ਤੇ ਕਲਾਕਾਰਾਂ, ਕਾਰੋਬਾਰੀਆਂ,ਸੰਸਥਾਵਾਂ  ਨੂੰ ਬਲੈਕ ਮੇਲ ਕਰਨ ਦਾ ਧੰਦਾ ਸ਼ੁਰੂ ਕਰ ਲੈਣ ।
ਉੱਘੇ ਪੰਜਾਬੀ ਚਿੰਤਕ ਤੇ ਲੇਖਕ ਡਾ. ਰਾਜਿੰਦਰਪਾਲ ਬਰਾੜ ਨੇ ਕਿਹਾ ਹੈ ਕਿ ‘ਡਾਂਗ ਤੇ ਦੰਦੀ ਨਾ ਵੱਢੋ ਡਾਂਗ ਵਾਲੇ ਹੱਥ ਦੀ ਪਛਾਣ ਕਰਕੇ ਬਾਂਹ ਤੋੜੋ’ 
ਇਸ ਸਮੇਂ ਪੰਜਾਬ,ਪੰਜਾਬੀ,ਪੰਜਾਬੀਅਤ ਉੱਪਰ ਚੁਤਰਫ਼ਾ ਹਮਲੇ ਹੋ ਰਹੇ ਹਨ ਕਿਤੇ ਪਾਣੀ ਖੋਹਿਆ ਜਾ ਰਿਹਾ ਹੈ, ਕਿਤੇ ਭਾਸ਼ਾ ਤੇ ਹਮਲਾ ਹੋ ਰਿਹਾ ਹੈ, ਆਵਾਰਾ ਪਸ਼ੂਆਂ ਨੇ ਅੱਡ ਤੰਗ ਕੀਤੇ ਹੋਏ ਹਾਂ ਫ਼ਸਲਾਂ ਦੇ ਭਾਅ ਨਹੀਂ ਮਿਲ ਰਹੇ, ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ ਅਤੇ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ । ਅਜਿਹੇ ਸਮੇਂ ਬਹੁਤ ਗ਼ਲਤ ਗੱਲਾਂ ਵਾਪਰ ਰਹੀਆਂ ਹਨ ਪਰ ਸਾਨੂੰ ਗ਼ਲਤ ਗੱਲਾਂ ਦਾ ਵਿਰੋਧ ਕਰਨ ਸਮੇਂ ਵੀ ਆਪਣੀ ਭਾਸ਼ਾ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਗਾਲ਼ੀ ਗਲੋਚ ਅਤੇ ਕਤਲ ਕਰਨ ਦੀਆਂ ਧਮਕੀਆਂ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ।ਸਰਦਾਰ ਪੰਛੀ, ਹੁਕਮ ਚੰਦ ਰਾਜਪਾਲ, ਸਿੱਧੂ ਮੂਸੇਵਾਲਾ ,ਗੁਰਦਾਸ ਮਾਨ, ਗੁਰਦਾਸਪੁਰ ਦਾ ਡੀ ਸੀ ਵਗ਼ੈਰਾ ਨੇ ਗ਼ਲਤੀਆਂ
ਕੀਤੀਆਂ ਹੋਣਗੀਆਂ ਪਰ ਇਹ ਸਾਡੇ ਪੰਜਾਬੀ ਭਰਾ ਹਨ ਜਾਂ ਪੰਜਾਬ ਵਿੱਚ ਹੀ ਰਹਿ ਰਹੇ ਹਨ ਇਨ੍ਹਾਂ ਨੂੰ ਗਾਲ਼ਾਂ ਕੱਢ ਕੇ ਮਾਰਨ ਦੀਆਂ ਧਮਕੀਆਂ ਦੇਣ ਦੀ ਥਾਵੇਂ ਜੜ੍ਹ ਤੱਕ ਪਹੁੰਚਣਾ ਚਾਹੀਦਾ ਹੈ। ਪਿਆਦਿਆਂ ਦੀ ਥਾਂ  ਪਿਆਦਿਆਂ ਦੇ ਮਾਲਕਾਂ ਜਰਨੈਲਾਂ ਬਾਦਸ਼ਾਹਾਂ ਤੱਕ ਅਤੇ ਪੁਤਲੀਆਂ ਦੀ ਥਾਂ ਪੁਤਲੀਆਂ ਦੇ ਉਸਤਾਦ ਤੱਕ ਪਹੁੰਚਣਾ ਹੈ ।ਕੁੱਤਾ ਡਾਂਗ ਤੇ ਦੰਦੀ ਵੱਢਦਾ ਹੈ ਤੇ ਬੰਦਾ ਡਾਂਗ ਵਾਲੇ ਦੀ ਪਛਾਣ ਕਰਕੇ ਬਾਂਹ ਭੰਨਦਾ ਹੈ । ਦੋਸਤੋ ਅਸਲ ਦੁਸ਼ਮਣਾਂ ਨੂੰ ਪਛਾਣੋ  ।
ਗੁਰਦਾਸ ਮਾਨ ਖ਼ਿਲਾਫ਼ ਕਿਸੇ ਸਾਜ਼ਿਸ਼ ਤਹਿਤ ਕੀਤਾ ਜਾ ਰਿਹੈ ਪ੍ਰਾਪੇਗੰਡਾ : ਫਤਿਹਪੁਰੀ
ਪੰਜਾਬੀ ਸਭਿਆਚਾਰ ਸੱਥ ਤੇ ਪ੍ਰਧਾਨ ਤੇਜਿੰਦਰ ਫਤਿਹਪੁਰੀ ਨੇ ਕਿਹਾ ਹੈ ਕਿ ਗੁਰਦਾਸ ਮਾਨ ਨੇ ਕਦੀ ਕਿਸੇ ਬੋਲੀ ਦਾ ਨਿਰਾਦਰ ਨਹੀਂ ਕੀਤਾ ਤਾਂ ਫਿਰ ਉਹ ਆਪਣੀ ਪੰਜਾਬੀ ਮਾਂ ਬੋਲੀ ਦਾ ਕਿਵੇਂ ਕਰ ਸਕਦਾ ਹੈ? ਦਰਅਸਲ ਉਸ ਦੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਲਿਆ ਜਾ ਰਿਹਾ ਹੈ, ਗੁਰਦਾਸ ਹੂਰਾਂ ਦੇ ਕਹਿਣ ਦਾ ਮਤਲਬ ਸੀ ਕਿ ਸਾਡੇ ਦੇਸ਼ ਵਿੱਚ ਵੀ ਘੱਟੋ ਘੱਟ ਇੱਕ ਅਜਿਹੀ ਭਾਸ਼ਾ ਸਭ ਨੂੰ ਆਉਣੀ ਚਾਹੀਦੀ ਹੈ ਜਿਸ ਨਾਲ ਅਸੀਂ ਆਪਣੀ ਗੱਲ ਕਿਸੇ ਵੀ ਸੂਬੇ ਦੇ ਵਿਅਕਤੀ ਨੂੰ ਸਮਝਾ ਸਕੀਏ ਜਾਂ ਸਮਝ ਸਕੀਏ। ਜਦਕਿ ਗੁਰਦਾਸ ਹੂਰਾਂ ਨੇ ਇੱਕ ਵਾਰ ਵੀ ਆਪਣੀ ਮਾਂ ਬੋਲੀ ਛੱਡਣ ਬਾਰੇ ਜਾਂ ਉਸ ਨੂੰ ਅੱਖੋਂ ਪਰੋਖੇ ਕਰਨ ਦੀ ਗੱਲ ਨਹੀਂ ਕਹੀ। ਮਾਂ ਬੋਲੀ ਦੀ ਸੇਵਾ
ਕਰਨ ਵਾਲੇ ਨੂੰ ਬਿਨਾਂ ਗੱਲੋਂ ਭੰਡਣ ਨਾਲੋਂ ਚੰਗਾ ਹੈ ਅਸੀਂ ਉਨ੍ਹਾਂ ਗਾਇਕਾਂ ਖ਼ਿਲਾਫ਼ ਕੋਈ ਠੋਸ ਮੁਹਿੰਮ ਚਲਾਈਏ ਜਿਨ੍ਹਾਂ ਨੇ ਸਾਡੀ ਭਾਸ਼ਾ, ਸਭਿਆਚਾਰ ਅਤੇ ਵਿਰਸੇ ਨੂੰ ਗੰਧਲਾ ਕਰਕੇ ਢਾਅ ਲਾਈ ਹੈ,  ਪਰ ਅਫ਼ਸੋਸ ਅਜਿਹੇ ਲੱਚਰ ਗਾਇਕਾਂ ਨੂੰ ਭੰਡਣ ਦੀ ਬਜਾਏ ਅਸੀਂ ਉਨ੍ਹਾਂ ਦੇ ਸੁਰੀਲੇ ਅਤੇ ਨੀਵੇਂ ਦਰਜੇ ਦੇ ਗੀਤਾਂ ਉੱਤੇ ਨੱਚਦੇ ਹਾਂ। ਅਗਰ ਅਸੀਂ ਅਜਿਹੇ ਲੱਚਰ ਗਾਇਕਾਂ ਦੇ ਗੀਤ ਨਹੀਂ ਵੀ ਸੁਣਦੇ ਤਾਂ ਇਮਾਨਦਾਰੀ ਨਾਲ ਦੱਸੋ ਕਿ ਕੀ ਤੁਹਾਡੇ ਬੱਚੇ ਕਿਸੇ ਲੱਚਰ ਗਾਇਕ ਨੂੰ ਨਹੀਂ ਸੁਣਦੇ ਜਾਂ ਪਸੰਦ ਕਰਦੇ। ਮੈਂ ਗੁਰਦਾਸ ਮਾਨ ਖ਼ਿਲਾਫ਼ ਕੀਤੇ ਜਾ ਰਹੇ ਪ੍ਰਾਪੇਗੰਡਾ ਦੀ ਸਖ਼ਤ ਨਿੰਦਾ ਕਰਦਾ ਹਾਂ!
ਆਮ ਤੌਰ ਤੇ ਹੁਣ ਤੱਕ ਇਹ ਸਾਹਮਣੇ ਆਇਆ ਹੈ ਕਿ ਗੁਰਦਾਸ ਮਾਨ ਵਿਰੁੱਧ ਪੰਜਾਬੀ ਜਗਤ ਵਿਚ ਕਾਫ਼ੀ ਰੌਲਾ ਪੈ ਰਿਹਾ ਹੈ। ਪੰਜਾਬੀ ਗੁਰਦਾਸ ਮਾਨ ਦੇ ਬਾਈਕਾਟ ਦਾ ਸੱਦਾ ਦੇ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਪੰਜਾਬੀਆਂ ਨੂੰ ਭਾਵਨਾਵਾਂ ਵਿਚ ਬਹਾ ਕੇ ਗੁਰਦਾਸ ਮਾਨ ਨੇ ਪੰਜਾਬੀਆਂ ਨੂੰ ਬਥੇਰਾ ਲੁੱਟਿਆ ਹੈ। ਹੁਣ ਉਸ ਨੂੰ ਪੰਜਾਬੀ ਦੇ ਪੱਖ ਵਿੱਚ ਖੜਨਾ ਚਾਹੀਦਾ ਸੀ।


No comments:

Post a Comment