Wednesday, September 18, 2019

ਮਾਂ ਬੋਲੀ ਦੇ ਪੱਖ ਵਿਚ 120 ਸਭਾਵਾਂ ਵਲੋਂ ਅੰਦੋਲਨ ਹੋਵੇਗਾ : ਡਾ. ਤੇਜਵੰਤ ਮਾਨ

ਇੱਕ ਰਾਸ਼ਟਰ, ਇੱਕ ਭਾਸ਼ਾ ਅਤੇ ਇੱਕ ਸੰਸਕ੍ਰਿਤੀ ਦੇ ਸਿਧਾਂਤ ਦਾ ਵਿਰੋਧ ਕਰਨਾ ਜਰੂਰੀ

ਸੰਗਰੂਰ : ਕੇਂਦਰੀ ਪੰਜਾਬੀ ਲੇਖਕ ਸਭਾ (ਸੇ਼ਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਉਹ ਆਪਣੀਆਂ ਸਹਿਯੋਗੀ 120 ਸਭਾਵਾਂ ਨੂੰ ਨਾਲ ਲੈਕੇ ਪੰਜਾਬੀ ਮਾਂ ਬੋਲੀ ਦੇ ਪੱਖ ਵਿਚ ਇਕ ਅੰਦੋਲਨ ਸ਼ੁਰੂ ਕਰਨਗੇ। ਇਸੇ ਤਹਿਤ ਉਹ ਪੰਜਾਬ ਵਿਚ ਸੱਤ ਕਾਨਫਰੰਸਾਂ ਵੀ ਕਰਨ ਜਾ ਰਹੇ ਹਨ।
ਬਿਆਨ ਜਾਰੀ ਕਰਦਿਆਂ ਸਭਾ ਦੇ ਸਕੱਤਰ ਡਾ. ਭਗਵੰਤ ਸਿੰਘ ਨੇ ਦਸਿਆ ਕਿ ਭਾਰਤ ਦੇ ਸੰਘੀ ਢਾਂਚੇ ਅਤੇ ਬਹੁਰਾਸ਼ਟਰੀ, ਬਹੁਭਾਸ਼ੀ ਅਤੇ ਬਹੁਸਭਿਆਚਾਰੀ ਸਰੂਪ ਨੂੰ ਬਚਾਉਣ ਲਈ ਜਰੂਰੀ ਹੈ ਕਿ ਆਰ.ਐਸ.ਐਸ. ਦੀ ਇਸ ਨਿਰੰਕੁਸ਼ ਤਾਨਾਸ਼ਾਹ ਸੋਚ ਨੂੰ ਨਕਾਰਣ ਲਈ ਲੋਕਜਾਗਰਤੀ ਪੈਦਾ ਕੀਤੀ ਜਾਵੇ। ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਨੇ ਅਪੀਲ ਕੀਤੀ ਕਿ ਪੰਜਾਬ ਦੇਲੋਕ ਇਸ ਵਿਰੋਧ ਦੀ ਅਗਵਾਈ ਕਰਨ। ਸਾਡਾ ਸੁਨਹਿਰੀ ਇਤਿਹਾਸ ਗਵਾਹ ਹੈ ਕਿ ਕਿਵੇਂ ਮਨੁੱਖੀ ਭਾਵਨਾਵਾਂ ਕਦਰਾਂਕੀਮਤਾਂ ਦੀ ਰਾਖ ਲਈ ਸਾਡੇ ਗੁਰੂਆਂ, ਸੰਗਰਾਮੀ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਹਨ। ਡਾ. ਮਾਨ ਨੇ ਸਪੱਸ਼ਟ ਕੀਤਾ ਕਿ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਪਹਿਚਾਣ ਦਾ ਮਸਲਾ ਕਿਸੇ ਦੀ ਨਿੱਜੀ ਹਊਮੈ ਦਾ ਮਸਲਾ ਨਹੀਂ ਸਗੋਂ ਸਮੁੱਚੀ ਪੰਜਾਬੀ ਕੌਮੀਅਤ ਦਾ ਮਸਲਾ ਹੈ। ਸਿੱਖ ਸੱਭਿਆਚਾਰ ਦੀ ਪਹਿਚਾਣ ਦਾ ਮਸਲਾ ਹੈ। ਪੰਜਾਬੀ ਭਾਸ਼ਾ ਅਤੇ ਪੰਜਾਬੀ ਕੌਮੀਅਤ ਦੇ ਬਚਾਓ ਲਈ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਪੰਜਾਬ, ਹਰਿਆਣਾ, ਅਤੇ ਦਿੱਲੀ ਵਿਚ ਸੱਤ ਕਾਨਫਰੰਸਾਂ ਕਰਨ ਜਾ ਰਹੀ ਹੈ।
ਬਰਨਾਲਾ, ਪਟਿਆਲਾ, ਗੜਸ਼ੰਕਰ, ਅੰਮ੍ਰਿਤਸਰ, ਜ਼ੀਰਾ, ਸਿਰਸਾ ਅਤੇ ਦਿੱਲੀ ਵਿੱਚ ਹੋ ਰਹੀਆਂ ਇਨ੍ਹਾਂ ਕਾਨਫਰੰਸਾਂ ਦਾ ਮੁੱਖ ਏਜੰਡਾ ਭਾਰਤ ਦੇ ਫੈਡਰਲ ਢਾਂਚੇ ਵਿੱਚ ਆਰ.ਐਸ.ਐਸ. ਦੇ ਸਿਧਾਂਤ ਅਨੁਸਾਰ ਖੇਤਰੀ ਭਾਸ਼ਾਵਾਂ ਅਤੇ ਸੱਭਿਆਚਾਰਾਂ ਨੂੰ ਖਤਮ ਕਰ ਦੇਣ ਦੀ ਸਾਜਿਸ਼ ਨੂੰ ਨੰਗਾ ਕਰਨਾ ਅਤੇ ਪੰਜਾਬੀ ਭਾਸ਼ਾ ਨੂੰ ਬਚਾਉਣਾ ਹੋਵੇਗਾ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਆਪਣੇ ਨਾਲ ਸੰਬੰਧਤ ਇੱਕ ਸੌ ਵੀਹ ਸਭਾਵਾਂ ਦੇ ਸਹਿਯੋਗ ਨਾਲ ਇੱਕ ਅੰਦੋਲਨ ਸ਼ੁਰੂ ਕਰਨ ਦਾ ਪ੍ਰੋਗਰਾਮ ਉਲੀਕੇਗੀ। ਸਮੂਹ ਪੰਜਾਬੀ ਪਿਆਰਿਆਂ ਨੂੰ ਇਸ ਅੰਦੋਲਨ ਦਾ ਭਾਗ ਬਣਨ ਲਈ ਅਪੀਲ ਕੀਤੀ ਜਾਂਦੀ ਹੈ। ਹੁਣ ਤੱਕ ਦਿੱਤੇ ਜਾ ਰਹੇ ਸਹਿਯੋਗ ਲਈ ਸਾਰੀਆਂ ਪੰਜਾਬੀ ਭਾਸ਼ਾ ਅਤੇ ਕੌਮ ਨਾਲ ਪਿਆਰ ਕਰਨ ਵਾਲੀਆਂ ਧਿਰਾਂ ਦਾ ਬਹੁਤ ਬਹੁਤ ਧੰਨਵਾਦ ।
ਜਾਰੀ ਕਰਤਾ: ਡਾ. ਭਗਵੰਤ ਸਿੰਘ (ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਫੋਨ 9814851500

No comments:

Post a Comment