Thursday, September 19, 2019

ਹੁਣ ਖਾਲਿਸਤਾਨ ਦਾ ਮੁੱਦਾ ਖੱਬੇ ਪੱਖੀਆਂ ਦੇ ਏਕੇ ਵਿਚ ਅੜਿਕਾ ਬਣਿਆ

ਸੀਪੀਐਮ ਤੇ ਪਾਸਲਾ ਦੀ ਲੜਾਈ ਨਿੱਜੀ ਦੌਰ ਵਿੱਚ ਪੁੱਜੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ : ਪੰਜਾਬ ਦੀਆਂ ਖੱਬੇ ਪੱਖੀ ਧਿਰਾਂ ਏਕਾ ਕਰਨ ਲਈ ਅੱਗੇ ਵਧ ਰਹੀਆਂ ਹਨ, ਸਾਰੇ ਖੱਬੇ ਪੱਖੀ ਆਗੂ ਇਹ ਸਪਸ਼ਟ ਤੌਰ ਤੇ ਕਹਿ ਰਹੇ ਹਨ ਕਿ ਇਸ ਵੇਲੇ ਚੱਲ ਰਹੀ ਫ਼ਿਰਕਾਪ੍ਰਸਤੀ ਦੀ ਹਨੇਰੀ ਨੂੰ ਥੰਮ੍ਹਣ ਲਈ ਏਕਾ ਹੋਣਾ ਜ਼ਰੂਰੀ ਹੈ ਪਰ ਇਕ ਮੁੱਦੇ ਨੂੰ ਲੈ ਕੇ ਸੀਪੀਐਮ ਅਜੇ ਇਸ ਏਕੇ ਤੋਂ ਦੂਰ ਜਾਪ ਰਹੀ ਹੈ।
ਸੀਪੀਐਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਇਸ ਗੱਲ ਤੋਂ ਏਕੇ ਤੋਂ ਇਨਕਾਰ ਕਰ ਦਿੱਤਾ ਕਿ ਜਿਨ੍ਹਾਂ ਖੱਬੇ ਪੱਖੀ
ਧਿਰਾਂ ਨੇ ਲੋਕ ਸਭਾ ਚੋਣਾਂ ਵਿਚ ਖਾਲਸਤਾਨੀਆਂ ਦੀ ਮਦਦ ਕੀਤੀ ਹੈ ਉਹ ਆਪਣਾ ਸਪਸ਼ਟੀਕਰਨ ਦੇਣ, ਕਿਉਂਕਿ ਅਸੀਂ ਤਾਂ ਅੱਤਵਾਦ ਸਮੇਂ ਆਪਣੇ 300 ਤੋਂ ਵੱਧ ਲੀਡਰ ਸ਼ਹੀਦ ਕਰਵਾ ਚੁੱਕੇ ਹਾਂ ਪਰ ਹੁਣ ਇਹ ਧਿਰਾਂ ਉਨ੍ਹਾਂ ਲੋਕਾਂ ਦੀ ਮਦਦ ਕਰ ਰਹੀਆਂ ਹਨ। ਕਾਮ. ਸੇਖੋਂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੰਗਤ ਰਾਮ ਪਾਸਲਾ ਤਾਂ ਕਾਮਰੇਡ ਹੀ ਨਹੀਂ, ਉਹ ਏਕੇ ਦੀ ਗੱਲ ਹੀ ਨਹੀਂ ਕਰ ਸਕਦਾ। ਇਕ ਪਾਸੇ ਖਾਲਿਸਤਾਨੀ ਲੋਕ ਰਿਫਰੈ਼ਡ 20-20 ਦੀ ਗੱਲ ਕਰ ਰਹੇ ਹਨ ਪਰ ਸਾਡੇ ਕਾਮਰੇਡ ਭਰਾ ਉਨ੍ਹਾਂ ਦੀ ਹਮਾਇਤ ਕਰ ਰਹੇ ਹਨ, ਇਸ ਦਾ ਜਵਾਬ ਜੇਕਰ ਕਿਸੇ ਕੋਲ ਹੈ ਤਾਂ ਦੱਸੇ।
ਸੀਪੀਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਤੇ ਸਾਬਕਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪਰਮਜੀਤ ਕੌਰ ਖਾਲੜਾ ਦੇ ਪਤੀ ਮਨੁੱਖੀ ਅਧਿਕਾਰਾਂ ਦੀ ਹਮਾਇਤ ਕਰਕੇ ਸ਼ਹੀਦ ਹੋਏ ਸਨ ਜਿਸ ਕਰਕੇ ਕਾਨੂੰਨ ਅਨੁਸਾਰ ਉਸ ਨੂੰ ਸ਼ਹੀਦ ਕਰਨ ਵਾਲੇ ਪੁਲੀਸ ਵਾਲਿਆਂ ਨੂੰ ਸਜਾਵਾਂ ਵੀ ਹੋ ਗਈਆਂ ਹਨ। ਮਨੁੱਖੀ ਅਧਿਕਾਰਾਂ ਦੇ ਹਾਮੀ ਨੂੰ ਖ਼ਾਲਿਸਤਾਨ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ। ਅਜਿਹੀਆਂ ਗੱਲਾਂ ਕਰਕੇ ਏਕਾ ਹੋਣ ਵਿਚ ਅੜਿੱਕਾ ਨਹੀਂ ਪਾਉਣਾ ਚਾਹੀਦਾ
ਸਗੋਂ ਸਾਨੂੰ ਇਸ ਵੇਲੇ ਇਕ ਹੋਕੇ ਲੜਾਈ ਲੜਨ ਲਈ ਤਿਆਰ ਹੋਣਾ ਚਾਹੀਦਾ ਹੈ। ਇਹ ਜੋ 20-20 ਰਿਫਰੈਂਡਮ ਦੀ ਗੱਲ ਕਰ ਰਹੇ ਹਨ ਇਹ ਇਥੇ ਕਰਨ ਵਾਲੀ ਹੀ ਨਹੀਂ ਹੈ, ਇਥੇ ਖਾਲਿਸਤਾਨੀ ਰਹਿ ਹੀ ਕਿੰਨੇ ਗਏ ਹਨ। ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੀ ਗੱਲ ਕਰਦੇ ਹਨ ਪਰ ਉਹ ਹੁਣ ਕਿਨਾ ਕੁ ਪ੍ਰਭਾਵ ਰੱਖਦੇ ਹਨ, ਬੰਤ ਸਿੰਘ ਬਰਾੜ ਨੇ ਕਿਹਾ ਕਿ ਸਾਡੀ ਲਿਬਰੇਸ਼ਨ ਨਾਲ, ਨਿਊ ਡੈਮੋਕ੍ਰੇਸੀ ਨਾਲ ਮੀਟਿੰਗ ਹੋਈ ਹੈ, ਇੱਥੋਂ ਤੱਕ ਕੇ ਸਾਡੀ ਸੀਪੀਐਮ ਦੇ ਸਕੱਤਰ ਕਾਮ. ਸੇਖੋਂ, ਮੰਗਤ ਰਾਮ ਪਾਸਲਾ ਨਾਲ ਵੀ ਮੀਟਿੰਗ ਹੋਈ ਹੈ, ਅਸੀਂ ਏਕਾ ਕਰਨਾ ਚਾਹੁੰਦੇ ਹਾਂ, ਹੁਣ ਮੁੱਦਾ ਖ਼ਾਲਿਸਤਾਨ ਦਾ ਨਹੀਂ ਰਹਿ ਗਿਆ ਹੁਣ ਫਾਸੀਵਾਦੀ ਤਾਕਤਾਂ ਵਿਰੁੱਧ ਲੜਾਈ ਲੜਨ ਦਾ ਮੁੱਦਾ ਹੈ। ਸਾਡੀ ਜਮਹੂਰੀਅਤ ਖ਼ਤਰੇ ਵਿਚ ਹੈ। ਇਸੇ ਤਰ੍ਹਾਂ ਆਰਐਮਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਅੱਜ ਨਿੱਜੀ ਲੜਾਈਆਂ ਦਾ ਮੁੱਦਾ ਮਨਫ਼ੀ ਹੋਣਾ ਚਾਹੀਦਾ ਹੈ, ਸਿਰਫ਼ ਸਾਨੂੰ ਇੱਕਮੁੱਠ ਹੋਣ ਲਈ ਕੰਮ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਸਾਡੀ ਖੱਬੇ ਪੱਖੀ ਜਥੇਬੰਦੀਆਂ ਦੀ ਮੀਟਿੰਗ ਅਗਲੇ ਦਿਨਾਂ ਵਿੱਚ ਹੋ ਰਹੀ ਹੈ, ਜਿਸ ਵਿੱਚ ਅਸੀਂ ਇਕ ਹੋਣ ਲਈ ਸਾਰਾ ਜ਼ੋਰ ਲਗਾ ਦਿਆਂਗੇ। ਉਨ੍ਹਾਂ ਕਿਹਾ ਕਿ ਅੱਜ ਖ਼ਾਲਿਸਤਾਨ ਦਾ ਕੋਈ ਮੁੱਦਾ ਨਹੀਂ ਹੈ ਸਗੋਂ ਵੱਡਾ ਮੁੱਦਾ ਹੈ ਕਿ ਸਾਡਾ ਸੰਵਿਧਾਨ ਖ਼ਤਰੇ ਵਿਚ ਹੈ। ਫ਼ਿਰਕਾਪ੍ਰਸਤੀ ਦਾ ਵਿਕਰਾਲ ਰੂਪ ਦੇਖਣ ਨੂੰ ਮਿਲ ਰਿਹਾ ਹੈ, ਦੇਸ਼ ਦੀ
ਆਰਥਿਕਤਾ ਖ਼ਤਮ ਕੀਤੀ ਜਾ ਰਹੀ ਹੈ। ਦੇਸ਼ ਦੀ ਵਿਭਿੰਨਤਾ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ ਜੇਕਰ ਅੱਜ ਵੀ ਨਾ ਅਸੀਂ ਇਕੱਠੇ ਨਾ ਹੋਏ ਤਾਂ ਫਿਰ ਸਾਡੀ ਵਿਰੋਧੀ ਤਾਕਤ ਹੋਰ ਵੀ ਖ਼ਤਰਨਾਕ ਹੈ ਸਾਨੂੰ ਜੇਲ੍ਹਾਂ ਵਿਚ ਇਕੱਠੇ ਹੋਣ ਲਈ ਤਿਆਰ ਰਹਿਣਾ ਚਾਹੀਦਾ ਹੈ, ਉਸ ਨੇ ਕਿਸੇ ਦਾ ਨਾਮ ਲਏ ਬਗੈਰ ਕਿਹਾ ਕਿ ਕੁਝ ਪਾਰਟੀਆਂ ਕਾਂਗਰਸ ਨਾਲ ਦੋਸਤੀ ਨਿਭਾਉਣ ਖ਼ਾਤਰ ਏਕਾ ਨਹੀਂ ਹੋਣ ਦੇ ਰਹੀਆਂ। ਕਾਮ. ਸੇਖੋਂ ਵਲੋਂ ਉਠਾਏ ਸਵਾਲ ਕਿ ਮੰਗਤ ਰਾਮ ਪਾਸਲਾ ਤਾਂ ਕਾਮਰੇਡ ਹੀ ਨਹੀਂ ਹੈ ਬਾਰੇ ਕਾਮ. ਪਾਸਲਾ ਨੇ ਕਿਹਾ ਕਿ ਹੋਰ ਕਾਮਰੇਡ ਕਿਹੋ ਜਿਹੇ ਹੁੰਦੇ ਹਨ, ਲੋਕ ਪੱਖ ਵਿਚ ਖੜਨ ਵਾਲੇ ਕੀ ਕਾਮਰੇਡ ਨਹੀਂ ਹੁੰਦੇ? ਮੈਂ ਦੋਂ ਸੀਪੀਐਮ ਦਾ ਸਕੱਤਰ ਸੀ ਤਾਂ ਉਸ ਵੇਲੇ 300 ਦੇ ਕਰੀਬ ਖੱਬੇ ਪੱਖੀ ਆਗੂ ਸ਼ਹੀਦ ਹੋਏ,ਇਹ ਕਹਿੰਦੇ ਹਨ ਕਿ ਸਾਡੀ ਪਾਰਟੀ ਦੇ ਸ਼ਹੀਦ ਹੋਏ, ਪਰ ਮੈਂ ਉਸ ਵੇਲੇ ਸੀਪੀਐਮ ਵਿੱਚ ਹੀ ਸੀ,ਕਾਮ. ਪਾਸਲਾ ਨੇ ਅੱਗੇ ਕਿਹਾ ਕਿ 300 ਕਾਮਰੇਡਾਂ ਦਾ ਸ਼ਹੀਦ ਹੋਣਾ ਅੱਜ ਕਿਵੇਂ ਸਾਹਮਣੇ ਲਿਆਂਦਾ ਜਾ ਰਿਹਾ ਹੈ ਜਦ ਕਿ ਮੈਂ ਹੀ ਸੀ ਉਸ ਵੇਲੇ ਬਚ ਗਿਆ ਸੀ। ਪੁਰਾਣੇ ਕਾਮਰੇਡ ਮਦਨਜੀਤ ਸਿੰਘ ਡਕਾਲਾ ਨੇ ਕਿਹਾ ਕਿ ਇਸ ਇਨ੍ਹਾਂ ਦੀ ਨਿੱਜੀ ਲੜਾਈ ਕਈ ਸਾਰੀਆਂ ਲਹਿਰਾਂ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਕਰ ਦਿੰਦੀ ਹੈ। ਅੱਜ ਇਨ੍ਹਾਂ ਨੂੰ ਇਕੱਠੇ ਹੋਣ ਲਈ ਸਾਰੇ ਮਤਭੇਦ ਭੁਲਾਉਣੇ ਚਾਹੀਦੇ ਹਨ।

No comments:

Post a Comment