Saturday, October 15, 2022

ਬੇਨਿਯਮੇ ਤੰਤਰ ਦੀਆਂ ਕੰਧਾਂ ਹਿਲਾਉਣ ਵਾਲਾ ਪੱਤਰਕਾਰ ‘ਦਰਸ਼ਨ ਸਿੰਘ ਖੋਖਰ’

ਸਥਾਪਤੀ ਦੇ ਪੱਖ ਵਿਚ ਚੱਲਣ ਵਾਲੇ ਪੱਤਰਕਾਰਾਂ ਲਈ ਪੰਗੇਵਾਜ ਪੱਤਰਕਾਰ ਹੈ ‘ਖੋਖਰ’
ਆਮ ਤੌਰ ਤੇ ਫ਼ੀਲਡ ਵਿਚ ਕੰਮ ਕਰਦੇ ਪੱਤਰਕਾਰਾਂ ਦੀ ਨਿੱਜੀ ਰਾਜਨੀਤੀ ਬੜੀ ਗੰਦੀ ਹੁੰਦੀ ਹੈ, ਜੋ ਮੀਡੀਆ ਅਦਾਰੇ ਲਈ ਕਾਫ਼ੀ ਨੁਕਸਾਨਦੇਹ ਹੁੰਦੀ ਹੈ। ਪਰ ਜੇਕਰ ਮੀਡੀਆ ਦਾ ਡੈਸਕ ਉਨ੍ਹਾਂ ਪੱਤਰਕਾਰਾਂ ਦੀ ਰਾਜਨੀਤੀ ਵਿਚ ਉਲਝ ਜਾਵੇ ਤਾਂ ਮੀਡੀਆ ਅਦਾਰੇ ਲਈ ਖ਼ਤਰਨਾਕ ਹੋ ਜਾਂਦੀ ਹੈ, ਪਰ ਜੇਕਰ ਡੈਸਕ ਦੀ ਰਾਜਨੀਤੀ ਵਿਚ ਮੀਡੀਆ ਦਾ ਨਿਊਜ਼ ਐਡੀਟਰ, ਸੰਪਾਦਕ ਜਾਂ ਮੁੱਖ ਸੰਪਾਦਕ ਉਲਝ ਜਾਵੇ ਤਾਂ ਸਮਝੋ ਅਦਾਰੇ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਜਿਸ ਦੀ ਭਰਪਾਈ ਹੋਣੀ ਮੁਸ਼ਕਲ ਹੋ ਜਾਂਦੀ ਹੈ। ਕਈ ਵਾਰੀ ਨਜ਼ਰਾਂ ਵਿਚ ਆਇਆ ਹੈ ਕਿ ਕਈ ਪੱਤਰਕਾਰ ਮੀਡੀਆ ਸੰਪਾਦਕਾਂ ਨੂੰ ਸਨਮਾਨਿਤ ਕਰਕੇ ਆਪਣਾ ਨਾਮ ਮੀਡੀਆ ਸੰਪਾਦਕ ਦੇ ਮਨ ਵਿਚ ਵੱਡਾ ਕਰਨਾ ਚਾਹੁੰਦੇ ਹਨ, ਉਨ੍ਹਾਂ ਦੀ ਚਾਪਲੂਸੀ ਵਿਚ ਜੇਕਰ ਮੀਡੀਆ ਸੰਪਾਦਕ ਵੀ ਆ ਜਾਵੇ ਤਾਂ ਉਹ ਸੰਪਾਦਕ ਕਿਸੇ ਮੀਡੀਆ ਅਦਾਰੇ ਦਾ ਸੰਪਾਦਕ ਬਣਨ ਦੇ ਕਾਬਲ ਨਹੀਂ ਹੈ, ਉਸ ਨੂੰ ਕਿਸੇ ਸਹਿਕਾਰੀ ਸਭਾ ਦਾ ਮੈਨੇਜਰ ਬਣ ਜਾਣਾ ਚਾਹੀਦਾ ਹੈ। ਮੈਂ ਅਜਿਹੇ ਸੰਪਾਦਕ ਵੀ ਦੇਖੇ ਹਨ ਜਿਨ੍ਹਾਂ ਨੂੰ ਪੱਤਰਕਾਰਾਂ ਨੇ ਸੋਨੇ ਦੇ ਕੜੇ ਤੱਕ ਦੇ ਕੇ ਸਨਮਾਨਿਤ ਕੀਤਾ ਹੈ ਤੇ ਸੰਪਾਦਕਾਂ ਨੇ ਸੋਨੇ ਦੇ ਕੜੇ ਸਵੀਕਾਰ ਵੀ ਕੀਤੇ। ਕਹਾਣੀਆਂ ਬਹੁਤ ਹੈਰਾਨੀਜਨਕ ਹਨ ਤੇ ਚਿੰਤਾਜਨਕ ਵੀ, ਪਰ ਇਸ ਬਾਰੇ ਕਦੇ ਫੇਰ ਸਾਂਝ ਪਾਵਾਂਗੇ। ਕੁਝ ਪੱਤਰਕਾਰ ਆਪਣੀ ਧੁੰਨ ਵਿਚ ਪੱਤਰਕਾਰੀ ਕਰਦੇ ਹਨ, ਉਹ ਬੇਬਾਕੀ ਨਾਲ ਕੰਮ ਕਰਦੇ ਹਨ, ਨਿਡਰਤਾ ਨਾਲ ਕੰਮ ਕਰਦੇ ਹਨ ਭਾਵੇਂ ਉਨ੍ਹਾਂ ਨੂੰ ਕਈ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਜਾਵੇ। ਕਈ ਵਾਰੀ ਅਜਿਹੇ ਪੱਤਰਕਾਰਾਂ ਨੂੰ ਪੱਤਰਕਾਰੀ ਦਾ ਖੇਤਰ ਵੀ ਛੱਡਣਾ ਪੈ ਜਾਂਦਾ ਹੈ। ਚਲੋ ਕਾਫ਼ੀ ਗੱਲਾਂ ਹੋ ਗਈਆਂ ਅੱਜ ਮੈਂ ਤੁਹਾਨੂੰ ਅਜਿਹੇ ਪੱਤਰਕਾਰ ਦੇ ਪੱਤਰਕਾਰੀ ਜੀਵਨ ਦੇ ਦਰਸ਼ਨ ਕਰਵਾ ਰਿਹਾ ਹਾਂ ਜਿਸ ਨੇ ਪੱਤਰਕਾਰੀ ਬੇਬਾਕ ਤਰੀਕੇ ਨਾਲ ਕੀਤੀ ਤੇ ਭਾਵੇਂ ਉਸ ਨੂੰ ਕਈ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ। ਮੈਂ ਅੱਜ ਗੱਲ ਕਰ ਰਿਹਾ ਹਾਂ ਬੇਨਿਯਮੇ ਤੰਤਰ ਦੀਆਂ ਕੰਧਾ ਹਿਲਾਉਣ ਵਾਲੇ ਪੱਤਰਕਾਰ ‘ਦਰਸ਼ਨ ਸਿੰਘ ਖੋਖਰ’ ਦੀ। ਸੰਗਰੂਰ ਜ਼ਿਲ੍ਹੇ ਦਾ ਪਿੰਡ ਖੋਖਰ, ਇਨਕਲਾਬੀਆਂ ਦੇ ਪ੍ਰਭਾਵ ਹੇਠ ਚਰਚਾ ਵਿਚ ਰਿਹਾ ਪਿੰਡ ‘ਖੋਖਰ’। ਨਕਸਲੀ ਲਹਿਰ ਵੇਲੇ ਕਾਫ਼ੀ ਚਰਚਿਤ ਨਾਮ ਸ਼ਮਸ਼ੇਰ ਸਿੰਘ ਸ਼ੇਰੀ ਦਾ ਪਿੰਡ ‘ਖੋਖਰ’। ਇਹ ਉਹੀ ਸ਼ਮਸ਼ੇਰ ਸਿੰਘ ਸ਼ੇਰੀ ਸੀ ਜਿਸ ਨੇ ਪਟਿਆਲਾ ਦੇ ਡੀਐਸਪੀ ਸਿਕੰਦਰ ਸਿੰਘ ਨੂੰ ਮਾਰਿਆ ਸੀ, ਜਿਸ ਦਾ ਜ਼ਿਕਰ ਬਾਬਾ ਜਸਵੰਤ ਸਿੰਘ ਕੰਵਲ ਆਪਣੀ ਕਿਤਾਬ ‘ਲਹੂ ਦੀ ਲੋਅ’ ਵਿਚ ਵੀ ਕਰਦੇ ਹਨ। ਇਸ ਬਹੁ ਚਰਚਿਤ ਪਿੰਡ ਦਾ ਜੰਮਪਲ ਦਰਸ਼ਨ ਸਿੰਘ ਖੋਖਰ ਅੱਜ ਚੰਡੀਗੜ੍ਹ ਵਿਚ ਵੱਖ ਵੱਖ ਅਦਾਰਿਆਂ ਵਿਚ ਕੰਮ ਕਰ ਰਿਹਾ ਹੈ। 6 ਜੂਨ 1967 ਨੂੰ ਪਿਤਾ ਰਣਧੀਰ ਸਿੰਘ ਤੇ ਮਾਤਾ ਸੁਰਜੀਤ ਕੌਰ (ਹੁਣ ਦੋਵੇਂ ਸਵਰਗਵਾਸੀ)ਘਰ ਜਨਮੇ ਦਰਸ਼ਨ ਸਿੰਘ ਖੋਖਰ ਦਾ ਮੁੱਢਲਾ ਜੀਵਨ ਹੀ ਸੰਘਰਸ਼ ਤੋਂ ਸ਼ੁਰੂ ਹੋਇਆ। ਪਿੰਡ ਵਿਚੋਂ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਸੁਨਾਮ ਕਾਲਜ ਵਿਚ ਦਾਖਲਾ ਲੈ ਲਿਆ। ਉੱਥੇ ਵਿਦਿਆਰਥੀ ਜਥੇਬੰਦੀ ਪੀਐਸਯੂ ਅਤੇ ਦੇਸ਼ ਪੰਜਾਬ ਸਟੂਡੈਂਟਸ ਯੂਨੀਅਨ ਵਿਚ ਕੰਮ ਕਰਨਾ ਸ਼ੁਰੂ ਕੀਤਾ। ਉਸ ਵੇਲੇ ਪੰਜਾਬ ਦੇ ਪਾਣੀਆਂ ਦੀ ਗੱਲ ਇਸ ਕਾਲਜ ਦੇ ਵਿਦਿਆਰਥੀਆਂ ਵੱਲੋਂ ਉਠਾਈ ਜਾਂਦੀ ਸੀ। -ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੂਨੀਅਰ ਰਿਹਾ- ਦਰਸ਼ਨ ਸਿੰਘ ਖੋਖਰ ਜਦੋਂ ਸੁਨਾਮ ਕਾਲਜ ਵਿਚ ਪੜਦਾ ਸੀ ਤਾਂ ਅੱਜ ਦੇ ਪੰਜਾਬ ਮੁੱਖ ਮੰਤਰੀ ਬਣੇ ਭਗਵੰਤ ਮਾਨ ਦਰਸ਼ਨ ਸਿੰਘ ਖੋਖਰ ਦੇ ਜੂਨੀਅਰ ਹੁੰਦੇ ਸਨ। ਭਗਵੰਤ ਮਾਨ ਜਿੱਥੇ ਵਿਦਿਆਰਥੀਆਂ ਨੂੰ ਹਸਾਉਂਦਾ ਰਹਿੰਦਾ ਸੀ ਉੱਥੇ ਹੀ ਸੰਘਰਸ਼ ਵਿਚ ਵੀ ਵੱਧ ਚੜ ਕੇ ਹਿੱਸਾ ਲੈਂਦਾ ਸੀ। ਸੰਘਰਸ਼ ਦੌਰਾਨ ਬੱਸਾਂ ਘੇਰਨੀਆਂ ਨਾਅਰੇਬਾਜ਼ੀ ਕਰਨੀ ਤੇ ਸੰਘਰਸ਼ ਦੇ ਵੱਖੋ ਵੱਖ ਪੜਾਅ ਵਿਚ ਇਕੱਠੇ ਹੀ ਕੰਮ ਕਰਦੇ ਸਨ। -ਕਰਮਜੀਤ ਅਨਮੋਲ ਵੀ ਰਿਹਾ ਸਾਥੀ- ਦਰਸ਼ਨ ਸਿੰਘ ਖੋਖਰ ਸੁਨਾਮ ਕਾਲਜ ਦੀ ਵਿਦਿਆਰਥੀ ਜਥੇਬੰਦੀ ਦਾ ਪ੍ਰਧਾਨ ਬਣਿਆ ਤੇ 1987 ਤੋਂ 1992 ਤੱਕ ਪੰਜ ਸਾਲਾਂ ਤੱਕ ਪ੍ਰਧਾਨ ਰਿਹਾ। ਅੱਜ ਕੱਲ੍ਹ ਫ਼ਿਲਮਾਂ ਵਿਚ ਚਮਕ ਰਿਹਾ ਸਿਤਾਰਾ ਕਾਮੇਡੀ ਕਲਾਕਾਰ ਕਰਮਜੀਤ ਅਨਮੋਲ ਸਮੇਤ 11 ਗ਼ਰੀਬ ਘਰਾਂ ਦੇ ਬੱਚਿਆਂ ਨੂੰ ਕਾਲਜ ਦਾਖਲਾ ਨਹੀਂ ਦੇ ਰਿਹਾ ਸੀ, ਕਿਉਂਕਿ ਪਿੰਡਾਂ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਨੰਬਰ ਕਾਫ਼ੀ ਘੱਟ ਸਨ। ਉਸ ਵੇਲੇ ਕਾਲਜ ਵਿ‌ਦਿਆਰਥੀਆਂ ਨੇ ਸੰਘਰਸ਼ ਕੀਤਾ ਤਾਂ ਕਰਮਜੀਤ ਅਨਮੋਲ ਸਮੇਤ 11 ਗ਼ਰੀਬ ਘਰਾਂ ਦੇ ਬੱਚਿਆਂ ਨੂੰ ਕਾਲਜ ਵਿਚ ਦਾਖਲਾ ਦਿਵਾਇਆ। ਇਸੇ ਦੌਰਾਨ ਵਿਦਿਆਰਥੀਆਂ ਨਾਲ ਹੁੰਦੀ ਕਿਸੇ ਵੀ ਬੇਇਨਸਾਫ਼ੀ ਵਿਰੁੱਧ ਲੜਨਾ ਜਾਰੀ ਰੱਖਿਆ। ਜਦੋਂ ਜੰਗੇ ਸੁੱਖੇ ਨੂੰ ਫਾਸੀ ਹੋਈ, ਸਤਵੰਤ ਸਿੰਘ ਨੂੰ ਫਾਸੀ ਹੋਈ ਤਾਂ ਵੀ ਕਾਲਜ ਵਿਚ ਹੜਤਾਲਾਂ ਕੀਤੀਆਂ ਸਨ। -ਪੱਤਰਕਾਰੀ ਦੀ ਸ਼ੁਰੂਆਤ- ਜਦੋਂ ਦਰਸ਼ਨ ਸਿੰਘ ਖੋਖਰ ਅਜੇ ਬੀਏ ਭਾਗ ਦੂਜੇ ਵਿਚ ਹੀ ਸੀ ਤਾਂ ਉਸ ਨੇ ਪਾਤੜਾਂ ਸਟੇਸ਼ਨ ਤੋਂ ਅਜੀਤ ਅਤੇ ਪੰਜਾਬੀ ਟ੍ਰਿ‌‌‌ਬਿਊਨ ਲਈ ਪੱਤਰਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। -ਖਾੜਕੂ ਲਹਿਰ ਮੌਕੇ ਪੱਤਰਕਾਰੀ ਦਾ ਜੋਖ਼ਮ- 1993 ਦੀ ਗੱਲ ਹੈ ਜਦੋਂ ਦਰਸ਼ਨ ਸਿੰਘ ਖੋਖਰ ਪਾਤੜਾਂ ਵਿਚ ਪੱਤਰਕਾਰੀ ਕਰਦਾ ਸੀ ਤਾਂ ਉਸ ਵੇਲੇ ਗਮਦੂਰ ਸਿੰਘ ਬੱਬਰ ਬੋਹਾ ਦਾ ਖਨੌਰੀ ਵਿਚ ਝੂਠਾ ਪੁਲੀਸ ਇਨਕਾਉਂਟਰ ਹੋਇਆ ਸੀ। ਪਰ ਉਹ ਮੁਕਾਬਲਾ ਹੋਇਆ ਦਿਖਾਇਆ ਖਾਰਾ ਬਰਨਾਲਾ ਵਿਚ ਗਿਆ ਸੀ। ਕਿਉਂਕਿ ਉਸ ਖਾੜਕੂ ਤੇ 10 ਲੱਖ ਦਾ ਇਨਾਮ ਸੀ ਤੇ ਇਕ ਪੁਲੀਸ ਅਧਿਕਾਰੀ ਨੇ ਉਹ ਇਨਾਮ ਕਿਸੇ ਤਰੀਕੇ ਨਾਲ ਲੈਣਾ ਸੀ। ਦਰਸ਼ਨ ਸਿੰਘ ਖੋਖਰ ਨੂੰ ਇਸ ਝੂਠੇ ਪੁਲੀਸ ਮੁਕਾਬਲੇ ਦੀ ਜਾਣਕਾਰੀ ਖਨੌਰੀ ਚੌਂਕੀ ਦੇ ਇੰਚਾਰਜ ਏਐਸਆਈ ਤੋਂ ਮਿਲੀ ਸੀ। ਜਾਣਕਾਰੀ ਪੱਕੀ ਹੋਣ ਕਰਕੇ ਖੋਖਰ ਨੇ ਸਪਾਟ ’ਤੇ ਖਨੌਰੀ ਜਾ ਕੇ ਮੌਕਾ ਵੀ ਦੇਖਿਆ। ਪਾਣੀ ਦੀ ਟੈਂਕੀ ਕੋਲ ਝੂਠਾ ਮੁਕਾਬਲਾ ਹੋਇਆ ਸੀ। ਉੱਥੇ ਇਕ ਬਜ਼ੁਰਗ ਨਹਾ ਰਿਹਾ ਸੀ। ਉਸ ਨੇ ਦੱਸਿਆ ਕਿ ਰਾਤ ਤਿੰਨ ਵਜੇ ਇੱਥੇ ਇਕ ਬਹੁਤ ਜ਼ੋਰਾਵਰ ਨੌਜਵਾਨ ਮੁੰਡੇ ਨੂੰ ਪੁਲੀਸ ਲੈ ਕੇ ਆਈ ਸੀ। ਮੁੰਡਾ ਪੁਲੀਸ ਦੇ ਜੱਫੇ ਵਿਚ ਨਹੀਂ ਆ ਰਿਹਾ ਸੀ। ਫੇਰ ਉਸ ਨੂੰ ਪੁਲੀਸ ਵਾਲਿਆਂ ਨੇ ਭਜਾਇਆ ਤੇ ਪਿੱਛੋਂ ਉਸ ਨੂੰ ਗੋਲੀ ਮਾਰ ਦਿੱਤੀ। ਉਸ ਵੇਲੇ ਐਸਐਸਪੀ ਜਗਮਿੰਦਰ ਸਿੰਘ ਸੀ ਜਿਸ ਬਾਰੇ ਇਹ ਆਮ ਪ੍ਰਚਲਿਤ ਹੁੰਦਾ ਸੀ ਕਿ ਉਹ ਪੁਲੀਸ ਮੁਲਾਜ਼ਮਾਂ ਨੂੰ ਵੀ ਬੈਲਟਾਂ ਨਾਲ ਕੁੱਟ ਦਿੰਦਾ ਸੀ। ਦਰਸ਼ਨ ਸਿੰਘ ਖੋਖਰ ਕਹਿੰਦੇ ਕਿ ਗਮਦੂਰ ਸਿੰਘ ਬੱਬਰ ਨੂੰ ਮੁਕਾਬਲੇ ਵਿਚ ਮਰਿਆ ਦਿਖਾਇਆ ਗਿਆ ਖਾਰਾ-ਬਰਨਾਲਾ ਵਿਚ। ਕਿਉਂਕ‌ਿ ਐਸਐਸਪੀ ਨੇ ਇਨਾਮ ਲੈਣਾ ਸੀ। ਮੌਕੇ ਤੇ ਜਾ ਕੇ ਕੀਤੀ ਪੱਤਰਕਾਰੀ ਦੀ ਪੂਰੀ ਰਿਪੋਰਟ ਪੰਜਾਬੀ ਟ੍ਰਿਬਿਊਨ ਵਿਚ ਭੇਜੀ ਤਾਂ ਉਹ ਪੰਜਾਬੀ ਟ੍ਰਿਬਿਊਨ ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ। ਉਸ ਖ਼ਬਰ ਤੋਂ ਬਾਅਦ ਪੁਲੀਸ ਖੋਖਰ ਦੇ ਘਰੇ ਗੇੜੇ ਮਾਰਨ ਲੱਗ ਪਈ, ਖੋਖਰ ਕਹਿੰਦਾ ਇਕ ਦਿਨ ਮੈਂ ਘਰ ਹੀ ਸੀ ਤਾਂ ਪੁਲੀਸ ਦੀ ਜਿਪਸੀ ਬਿਨਾਂ ਨੰਬਰ ਵਾਲੀ ਸਾਡੇ ਘਰ ਆ ਗਈ, ਮੈਂ ਕੰਧ ਟੱਪ ਕੇ ਉੱਥੋਂ ਭੱਜ ਗਿਆ ਤਾਂ ਪੁਲੀਸ ਮੇਰੇ ਬਾਪੂ ਤੇ ਭਰਾ ਨੂੰ ਫੜ ਕੇ ਲੈ ਗਈ। ਪੁਲੀਸ ਇਹ ਲੱਭ ਰਹੀ ਸੀ ਕਿ ਏਨੀ ਸੱਚੀ ਖ਼ਬਰ ਪੱਤਰਕਾਰ ਨੇ ਕਿਵੇਂ ਲਗਾ ਦਿੱਤੀ, ਜਿਸ ਦਾ ਸਿਰਫ਼ ਪੁਲੀਸ ਨੂੰ ਹੀ ਪਤਾ ਸੀ। ਐਸਐਸਪੀ ਸਿਰਫ਼ ਇਹ ਪਤਾ ਕਰਨਾ ਚਾਹੁੰਦਾ ਸੀ ਕਿ ਪੱਤਰਕਾਰ ਨੂੰ ਇਸ ਖ਼ਬਰ ਦਾ ਪਤਾ ਕਿਵੇਂ ਲੱਗਾ, ਕਿਤੇ ਉਸ ਦਾ ਸਬੰਧ ਕਿਸੇ ਖਾੜਕੂ ਜਥੇਬੰਦੀ ਨਾਲ ਤਾਂ ਨਹੀਂ? ਪਰ ਖੋਖਰ ਕਹਿੰਦਾ ਹੈ ਕਿ ਮੈਂ ਸਪਾਟ ਤੇ ਜਾ ਕੇ ਕੀਤੀ ਖ਼ਬਰ ਸੀ ਸੱਚੀ ਸੀ ਇਸ ਕਰਕੇ ਮੈਨੂੰ ਕੋਈ ਡਰ ਵੀ ਨਹੀਂ ਸੀ। ਪਰ ਪੁਲੀਸ ਦਾ ਡਰ ਸਾਡੇ ਘਰਦਿਆਂ ਵਿਚ ਬਣਿਆ ਹੋਇਆ ਸੀ। ਪੰਜਾਬੀ ਟ੍ਰਿ‌‌‌ਬਿਊਨ ਦੇ ਸੰਪਾਦਕ ਹਰਭਜਨ ਹਲਵਾਰਵੀ ਹੋਰੀਂ ਹੁੰਦੇ ਸਨ, ਖੋਖਰ ਕਹਿੰਦਾ ਹੈ ਕਿ ਮੈਂ ਸੰਪਾਦਕ ਸਾਹਿਬ ਕੋਲ ਗਿਆ ਤੇ ਸਾਰੀ ਗੱਲ ਦੱਸੀ ਉਸ ਵੇਲੇ ਡੀਜੀਪੀ ਕੇਪੀਐਸ ਗਿੱਲ ਸੀ। ਤਾਂ ਸੰਪਾਦਕ ਸਾਹਿਬ ਨੇ ਕੇਪੀਐਸ ਗਿੱਲ ਦਾ ਇਸ਼ਾਰਾ ਕਰਦ‌ਿਆਂ ਕਿਹਾ ਕਿ ‘ਸ਼ੇਰ ਦੀ ਮੁੱਛ ਨੂੰ ਕਾਹਨੂੰ ਹੱਥ ਲਾਉਣਾ ਸੀ।’ ਉਸ ਵੇਲੇ ਮਾਨਸਾ ਤੋਂ ਪੱਤਰਕਾਰੀ ਕਰਦੇ ਜੋਗਿੰਦਰ ਮਾਨ ਨੂੰ ਵੀ ਹਲਵਾਰਵੀ ਹੋਰਾਂ ਫ਼ੋਨ ਕੀਤਾ। ਫੇਰ ਐਸਐਸਪੀ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਐਸਐਸਪੀ ਨੇ ਐਸਪੀ ਨੂੰ ਸਾਡੇ ਘਰ ਧਾਵਾ ਬੋਲਣ ਤੋਂ ਰੋਕਿਆ। 10 ਦਿਨ ਮੈਂ ਅਤੇ ਮੇਰੇ ਪਰਿਵਾਰ ਨੇ ਬੜੇ ਔਖੇ ਕੱਟੇ। ਇਸੇ ਤਰ੍ਹਾਂ ਜਦੋਂ ਦਰਸ਼ਨ ਸਿੰਘ ਖੋਖਰ ਪਟਿਆਲਾ ਵਿਚ ਪੱਤਰਕਾਰੀ ਕਰਨ ਲੱਗੇ ਤਾਂ ਘਟਨਾ 1996 ਦੀ ਹੈ, ਐਸਐਸਪੀ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਕਿ ਤਿੰਨ ਖਾੜਕੂ ਰਾਜੇ ਦੇ ਮਹਿਲ ਕੋਲੋਂ ਫੜੇ ਹਨ। ਪਰ ਉਸ ਦਿਨ ਖੋਖਰ ਇਕ ਸਮਾਗਮ ਵਿਚ ਆਕੜ ਪਿੰਡ ਚੱਲਿਆ ਸੀ,ਖੋਖਰ ਕਹਿੰਦਾ ਉਸ ਦਿਨ ਮੈਨੂੰ ਸਾਰਾ ਪਤਾ ਲੱਗਾ ਕਿ ਉਹ ਮੁੰਡੇ ਰਾਜੇ ਦੇ ਮਹਿਲ ਕੋਲੋਂ ਨਹੀਂ ਸਗੋਂ ਵੱਖ ਵੱਖ ਥਾਵਾਂ ਤੋਂ ਫੜੇ ਸਨ, ਜਦੋਂ ਉਹ ਪੂਰੀ ਖੋਜ ਖ਼ਬਰ ਪੰਜਾਬੀ ਟ੍ਰਿਬਿਊਨ ਵਿਚ ਲੱਗੀ ਤਾਂ ਵਕੀਲ ਨੇ ਉਸ ਖ਼ਬਰ ਦੀ ਕਾਤਰ ਮਾਨਯੋਗ ਅਦਾਲਤ ਵਿਚ ਪੇਸ਼ ਕੀਤੀ ਤਾਂ ਉਸ ਦਿਨ ਹੀ ਫੜੇ ਗਏ ਮੁੰਡਿਆਂ ਦੀ ਜ਼ਮਾਨਤ ਹੋ ਗਈ ਸੀ। ਜਦੋਂ ਪੰਜਾਬ ਦੇ ਜਸਜੀਤ ਸਿੰਘ ਰੰਧਾਵਾ ਵਾਟਰ ਸਪਲਾਈ ਮੰਤਰੀ ਸਨ ਤਾਂ ਉਸ ਵੇਲੇ ਪਾਣੀਆਂ ਦੀਆਂ ਟੈਂਕੀਆਂ ਦੇ ਠੇਕੇ ਦਿੱਤੇ ਗਏ, ਉਹ ਸਾਰੇ ਠੇਕੇ ਬਿਨਾਂ ਕਿਸੇ ਨਿਯਮ ਵਿਧਾਨ ਅਪਣਾਉਣ ਤੋਂ ਹੀ ਜਸਜੀਤ ਸਿੰਘ ਰੰਧਾਵਾ ਨੇ ਆਪਣੇ ਹੀ ਚਹੇਤਿਆਂ ਨੂੰ ਦੇ ਦਿੱਤੇ ਸਨ, ਇਹ ਖ਼ਬਰ ਵੀ ਤੱਥਾਂ ਸਮੇਤ ਪੰਜਾਬੀ ਟ੍ਰਿ‌‌‌ਬਿਊਨ ਵਿਚ ਪ੍ਰਕਾਸ਼ਿਤ ਹੋਈ, ਤਾਂ ਜਸਜੀਤ ਸਿੰਘ ਰੰਧਾਵਾ ਦਾ ਤਿੰਨ ਦਿਨਾਂ ਵਿਚ ਹੀ ਵਿਭਾਗ ਬਦਲ ਦਿੱਤਾ ਗਿਆ ਸੀ। ਪੰਜਾਬੀ ਯੂਨੀਵਰਸਿਟੀ ਦੀਆਂ ਕਈ ਖ਼ਬਰਾਂ ਤੇ ਵੀ ਕਈ ਸਾਰੇ ਐਕਸ਼ਨ ਹੋਏ, ਜਿਵੇਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੋਗਿੰਦਰ ਸਿੰਘ ਪੁਆਰ ਸਨ। ਉਸ ਵੇਲੇ ਯੂਨੀਵਰਸਿਟੀ ਵਿਚ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੇ ਆਉਣਾ ਸੀ, ਪੰਜ ਕਰੋੜ ਦਾ ਖਰਚਾ ਕੀਤਾ ਸੀ, ਖੋਖਰ ਕਹਿੰਦਾ ਕਿ ਉਸ ਵਿਚ ਵੱਡਾ ਘਪਲਾ ਹੋਣ ਦੀਆਂ ਖ਼ਬਰਾਂ ਮੈਂ ਹੀ ਪ੍ਰਕਾਸ਼ਿਤ ਕੀਤੀਆਂ ਸਨ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਪੰਜ ਪ੍ਰੋਫੈਸਰਾਂ ਨੇ ਨਕਲ ਮਾਰ ਕੇ ਕਿਤਾਬਾਂ ਲਿਖੀਆਂ ਸਨ। ਇੱਥੋਂ ਤੱਕ ਇਕ ਪ੍ਰੋਫੈਸਰ ਨੇ ਤਾਂ ਪੀਐਚਡੀ ਦਾ ਥੀਸਿਸ ਹੀ ਨਕਲ ਮਾਰ ਕੇ ਤਿਆਰ ਕੀਤਾ ਸੀ। ਉਸ ਵਿਚ ਖ਼ਾਸ ਕਰਕੇ ਡਾ. ਗੁਰਮੀਤ ਮਾਨ ਦਾ ਨਾਮ ਕਾਫ਼ੀ ਵਾਰ ਖੋਖਰ ਨੇ ਲਿਆ। ਉਸ ਨੇ ਵੀ ਕਿਤਾਬ ਨਕਲ ਮਾਰ ਕੇ ਲਿਖੀ ਸੀ। ਉਂਜ ਉਹ ਪੱਗ ਬੰਨ੍ਹਦਾ ਸੀ ਪਰ ਇਕ ਦਿਨ ਖੋਖਰ ਨੂੰ ਮਿਲਣ ਲਈ ਕ੍ਰਿਕਟਰਾਂ ਦੀ ਟੋਪੀ ਪਹਿਨ ਕੇ ਆਇਆ। ਉਹ ਆਪਣੇ ਵਿਰੋਧ ਵਿਚ ਹੋਰ ਵੀ ਖ਼ਬਰਾਂ ਲੱਗਣ ਤੋਂ ਰੋਕਣਾ ਚਾਹੁੰਦਾ ਸੀ। ਇਸੇ ਤਰ੍ਹਾਂ ਦੋ ਵਿਦ‌ਿਆਰਥੀਆਂ ਨੇ ਜਾਅਲੀ ਡਿੱਗਰੀ ਨਾਲ ਐਮਬੀਏ ਵਿਚ ਦਾਖਲਾ ਲੈ ਲਿਆ ਸੀ ਉਹ ਖ਼ਬਰ ਲੱਗੀ ਤਾਂ ਉਨ੍ਹਾਂ ਵਿਦਿਆਰਥੀਆਂ ਦੀ ਐਮਬੀਏ ਦੀ ਡਿੱਗਰੀ ਰੱਦ ਹੋ ਗਈ ਸੀ। ਉਸ ਮਾਮਲੇ ਵਿਚ ਐਜੂਕੇਸ਼ਨ ਤੇ ਡਿਪਟੀ ਡਾਇਰੈਕਟਰ ਪ੍ਰੀਤਮ ਸਿੰਘ ਛਾਬੜਾ ਦਾ ਹੱਥ ਸੀ। ਉਹ ਡਿਪਟੀ ਡਾਇਰੈਕਟਰ ਤੋਂ ਰਿਵਲਟ ਕਰਕੇ ਪ੍ਰਿੰਸੀਪਲ ਬਣਾ ਦਿੱਤਾ ਗਿਆ ਸੀ। ਅਜਿਹੀਆਂ ਖ਼ਬਰਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਦਰਸ਼ਨ ਸਿੰਘ ਖੋਖਰ ਨੇ ਸਾਂਝੀਆਂ ਕੀਤੀਆਂ ਸਾਰੀਆਂ ਦਾ ਜ਼ਿਕਰ ਕਰਨਾ ਤਾਂ ਮੁਨਾਸਬ ਨਹੀਂ ਹੈ। ਪਰ ਇਕ ਗੱਲ ਜ਼ਰੂਰ ਹੈ ਕਿ ਉਸ ਵੇਲੇ ਪੰਜਾਬੀ ਯੂਨੀਵਰਸਿਟੀ ਵਿਚ ਮੈਂ ਦੇਸ਼ ਸੇਵਕ ਲਈ ਕੰਮ ਕਰਦਾ ਸੀ ਤੇ ਦਰਸ਼ਨ ਸਿੰਘ ਖੋਖਰ ਪੰਜਾਬੀ ਟ੍ਰਿਬਿਊਨ ਲਈ, ਜਦੋਂ ਅਸੀਂ ਪੰਜਾਬੀ ਯੂਨੀਵਰਸਿਟੀ ਵਿਚ ਜਾਂਦੇ ਸੀ ਤਾਂ ਗੇਟ ਤੋਂ ਘੰਟੀਆਂ ਖੜਕ ਜਾਂਦੀਆਂ ਸਨ ਕਿ ਇਹ ਪੱਤਰਕਾਰ ਯੂਨੀਵਰਸਿਟੀ ਵਿਚ ਦਾਖਲ ਹੋ ਗਏ ਹਨ। ਬੇਨਿਯਮੇਂ ਲੋਕਾਂ ਅੰਦਰ ਦਹਿਸ਼ਤ ਆ ਜਾਂਦੀ ਸੀ। -ਲੋਕ ਸੰਪਰਕ ਵਿਭਾਗ- ਲੋਕ ਸੰਪਰਕ ਵਿਭਾਗ ਦਾ ਕੰਮ ਹੁੰਦਾ ਹੈ ਕਿ ਉਹ ਸਰਕਾਰ ਦੇ ਪੱਖ ਵਿਚ ਹੀ ਖ਼ਬਰਾਂ ਪ੍ਰਕਾਸ਼ਿਤ ਕਰਾਵੇ, ਪੱਤਰਕਾਰਾਂ ਨਾਲ ਬਣਾ ਕੇ ਰੱਖਣਾ ਲੋਕ ਸੰਪਰਕ ਵਿਭਾਗ ਦਾ ਕੰਮ ਹੁੰਦਾ ਹੈ। ਆਮ ਤੌਰ ਤੇ ਇਹ ਗੱਲ ਲੋਕਾਂ ਵਿਚ ਬਣੀ ਹੈ ਕਿ ਪੱਤਰਕਾਰਾਂ ਦੇ ਮੁੱਖ ਅਫ਼ਸਰ ਲੋਕ ਸੰਪਰਕ ਅਧਿਕਾਰੀ ਹੁੰਦੇ ਹਨ, ਪਰ ਅਜਿਹਾ ਨਹੀਂ ਹੁੰਦਾ ਸਗੋਂ ਲੋਕ ਸੰਪਰਕ ਅਧਿਕਾਰੀ ਹਮੇਸ਼ਾ ਹੀ ਪੱਤਰਕਾਰ ਤੇ ਸਰਕਾਰ ਵਿਚਕਾਰ ਕੜੀ ਦਾ ਕੰਮ ਕਰਦੇ ਹਨ। ਦਰਸ਼ਨ ਸਿੰਘ ਖੋਖਰ ਕਹਿੰਦੇ ਹਨ ਕਿ ਉਸ ਵੇਲੇ ਡੀਪੀਆਰਓ ਉਜਾਗਰ ਸਿੰਘ ਹੁੰਦੇ ਸਨ। ਉਜਾਗਰ ਸਿੰਘ ਦੀ ਡਿਊਟੀ ਸੀ ਕਿ ਉਹ ਸਰਕਾਰ ਦੇ ਖ਼ਿਲਾਫ਼ ਕੋਈ ਵੀ ਲੱਗ ਰਹੀ ਖ਼ਬਰ ਨੂੰ ਰੋਕੇ, ਇਸ ਲਈ ਉਹ ਕਈ ਵਾਰੇ ਪੱਤਰਕਾਰਾਂ ਨਾਲ ਬੜੀ ਨੇੜਤਾ ਬਣਾ ਕੇ ਰੱਖਦੇ ਸਨ। ਪੱਤਰਕਾਰਾਂ ਦੇ ਦਫ਼ਤਰਾਂ ਵਿਚ ਜਾ ਕੇ ਗੱਲਾਂ ਕਰਨੀਆਂ, ਉਜਾਗਰ ਸਿੰਘ ਹੋਰਾਂ ਦਾ ਆਮ ਕੰਮ ਹੁੰਦਾ ਸੀ, ਪਰ ਕਈ ਪੱਤਰਕਾਰਾਂ ਦੀ ਵਿਰੋਧਤਾ ਵੀ ਜ਼ੋਰਦਾਰ ਤਰੀਕੇ ਨਾਲ ਕਰਦੇ ਸਨ। ਦਰਸ਼ਨ ਸਿੰਘ ਖੋਖਰ ਲੋਕ ਸੰਪਰਕ ਅਧਿਕਾਰੀ ਨਾਲ ਕਦੇ ਵੀ ਰਾਬਤਾ ਨਹੀਂ ਰੱਖਦਾ ਸੀ। ਉਹ ਖ਼ਬਰਾਂ ਕਰਦਾ, ਪ੍ਰੈੱਸ ਨੋਟ ਵਿਚੋਂ ਵੀ ਖ਼ਬਰਾਂ ਲੱਭਦਾ, ਇਸ ਕਰਕੇ ਉਜਾਗਰ ਸਿੰਘ ਨਾਲ ਉਸ ਦਾ ਇੱਟ ਖੜੱਕਾ ਬਣਿਆ ਰਹਿੰਦਾ ਸੀ। ਇਹ ਤਾਂ ਖ਼ੈਰ ਮੇਰੇ ਨਾਲ ਵੀ ਵਾਪਰੀ ਹੈ, ਮੇਰੀਆਂ ਕਹਾਣੀਆਂ ਖ਼ੈਰ ਇਸ ਤੋਂ ਵੀ ਹੈਰਾਨੀ ਜਨਕ ਹਨ (ਕਿਸੇ ਹੋਰ ਲੇਖ ਵਿਚ ਸਾਂਝ ਪਾਵਾਂਗੇ) ਪਰ ਇਕ ਗੱਲ ਨਾਲ ਤੁਸੀਂ ਸਮਝ ਜਾਵੋਗੇ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਤਾਂ ਮੈਂ ਵਾਹਦ ਇਕ ਪੱਤਰਕਾਰ ਹੁੰਦਾ ਸੀ ਜਿਸ ਦੀ ਐਂਟਰੀ ਅਮਰਿੰਦਰ ਦੀ ਪ੍ਰੈੱਸ ਕਾਨਫ਼ਰੰਸ ਵਿਚ ਵੈਨ ਹੁੰਦੀ ਸੀ, ਮਹਿਲਾਂ ਦੇ ਗੇਟ ਤੇ ਹੀ ਏਪੀਆਰਓ ਦੁੱਗਲ ਹੋਰੀਂ ਸਿਰਫ਼ ਮੇਰੇ ਲਈ ਹੀ ਖੜੇ ਹੁੰਦੇ ਸਨ ਕਿ ਗੁਰਨਾਮ ਸਿੰਘ ਅਕੀਦਾ ਮਹਿਲਾਂ ਵਿਚ ਨਹੀਂ ਆਉਣਾ ਚਾਹੀਦਾ। ਉਜਾਗਰ ਸਿੰਘ ਬਜ਼ੁਰਗ ਹਨ ਸਾਡੇ ਸਤਿਕਾਰਯੋਗ ਹਨ ਪਰ ਉਨ੍ਹਾਂ ਨੇ ਸਰਕਾਰੀ ਡਿਊਟੀ ਵੀ ਬੜੀ ਸ਼ਿੱਦਤ ਨਾਲ ਕੀਤੀ ਤੇ ਜਿਹੜੇ ਪੱਤਰਕਾਰ ਸਰਕਾਰ ਦੀਆਂ ਬੇਨਿਯਮੀਆਂ ਦੀਆਂ ਖ਼ਬਰਾਂ ਪ੍ਰਕਾਸ਼ਿਤ ਕਰਦੇ ਸਨ ਉਨ੍ਹਾਂ ਨੂੰ ਜ਼ਲੀਲ ਵੀ ਪੂਰਾ ਕਰਦੇ ਸਨ। -ਪੰਜਾਬੀ ਟ੍ਰਿਬਿਊਨ ਵਿਚੋਂ ਕੱਢਿਆ ਜਾਣਾ- ਉਸ ਤੋਂ ਬਾਅਦ ਪੰਜਾਬੀ ਟ੍ਰਿ‌‌‌ਬਿਊਨ ਦੀ ਇੰਟਰਨਲ ਪਾਲਿਟਿਕਸ ਦਾ ਦਰਸ਼ਨ ਸਿੰਘ ਖੋਖਰ ਸ਼ਿਕਾਰ ਹੋ ਗਿਆ। ਦਰਸ਼ਨ ਸਿੰਘ ਖੋਖਰ ਕਹਿੰਦਾ ਹੈ ਕਿ ਉਸ ਵੇਲੇ ਪਟਿਆਲਾ ਦੇ ਇਕ ਪੱਤਰਕਾਰ ਨੇ ਕਾਫ਼ੀ ਬੜਾ ਰੋਲ ਨਿਭਾਇਆ ਸੀ। ਉਸ ਪੱਤਰਕਾਰ ਨੇ ਮੇਰੇ ਕੋਲੋਂ ਤਿੰਨ ਮਹੀਨੇ ਬੱਸ ਸਟੈਂਡ ਪਟਿਆਲਾ ਨਜ਼ਦੀਕ ਸਿੰਗਲਾ ਸਾਈਕਲ ਸਟੈਂਡ ਤੇ ਪੱਤਰਕਾਰੀ ਸਿੱਖੀ ਸੀ, ਪਰ ਉਸ ਨੇ ਹੀ ਝੂਠੀਆਂ ਸ਼ਿਕਾਇਤਾਂ ਕਰਕੇ ਮੈਨੂੰ ਪੰਜਾਬੀ ਟ੍ਰਿਬਿਊਨ ਵਿਚੋਂ ਕਢਵਾ ਦਿੱਤਾ। (ਦਰਸ਼ਨ ਸਿੰਘ ਖੋਖਰ ਨੇ ਉਸ ਪੱਤਰਕਾਰ ਦਾ ਨਾਮ ਵੀ ਲਿਆ ਪਰ ਮੈਂ ਉਸ ਪੱਤਰਕਾਰ ਦਾ ਨਾਮ ਇੱਥੇ ਨਹੀਂ ਲਿਖਣਾ ਚਾਹੁੰਦਾ ਕਿਉਂਕਿ ਇਸ ਲੜੀ ਵਿਚ ਕਿਸੇ ਪੱਤਰਕਾਰ ਦੇ ਵਿਰੁੱਧ ਨਹੀਂ ਲਿਖ ਰਿਹਾ, ਇਸ ਕਰਕੇ ਉਸ ਪੱਤਰਕਾਰ ਦਾ ਨਾਮ ਲਿਖ ਕੇ ਮੈਂ ਕੋਈ ਹੋਰ ਚਰਚਾ ਨਹੀਂ ਛੇੜਨੀ ਚਾਹੁੰਦਾ) ਖੋਖਰ ਕਹਿੰਦਾ ਮੈਨੂੰ ਉਸ ਦਾ ਕੋਈ ਗ਼ਮ ਨਹੀਂ ਹੈ, ਮੈਂ ਉਸ ਤੋਂ ਬਾਅਦ ਵੱਖ ਵੱਖ ਮੀਡੀਆ ਅਦਾਰਿਆਂ ਵਿਚ ਕੰਮ ਕੀਤਾ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਹੁਣ ਤੱਕ ਕੰਮ ਕਰ ਰਿਹਾ ਹਾਂ। ਬੇਸ਼ੱਕ ਇਕ ਪੱਖ ਇਹ ਕਹਿੰਦਾ ਹੋਵੇ ਕਿ ਪੰਜਾਬੀ ਟ੍ਰਿਬਿਊਨ ਨੂੰ ਦਰਸ਼ਨ ਸਿੰਘ ਖੋਖਰ ਦੇ ਬਾਹਰ ਹੋ ਜਾਣ ਨਾਲ ਕੋਈ ਫ਼ਰਕ ਨਹੀਂ ਪਿਆ ਪਰ ਪਟਿਆਲਾ ਨੂੰ ਬਹੁਤ ਫ਼ਰਕ ਪਿਆ। ਅੱਜ ਕੱਲ੍ਹ ਭਗਵੰਤ ਮਾਨ ਦੀ ਸਰਕਾਰ ਨੇ ਮੋਬਾਇਲ ਸਰਕਾਰੀ ਦਫ਼ਤਰਾਂ ਵਿਚ ਲੈ ਕੇ ਜਾਣ ਲਈ ਪ੍ਰਵਾਨ ਕਰ ਦਿੱਤੇ ਹਨ ਤਾਂ ਕਿ ਅਧਿਕਾਰੀਆਂ ਮੁਲਾਜ਼ਮਾਂ ਵਿਚ ਡਰ ਬਣਿਆ ਰਹੇ। ਇਸੇ ਤਰ੍ਹਾਂ ਪਟਿਆਲਾ ਬੇਨਿਯਮੇ ਅਧਿਕਾਰੀਆਂ ਵਿਚ ਕੁਝ ਕੁ ਪੱਤਰਕਾਰਾਂ ਦਾ ਡਰ ਸੀ। ਉਨ੍ਹਾਂ ਵਿਚ ਇਕ ਨਾਮ ਦਰਸ਼ਨ ਸਿੰਘ ਖੋਖਰ ਦਾ ਵੀ ਆਉਂਦਾ ਹੈ। ਪੱਤਰਕਾਰ ਦਾ ਬੇਨਿਯਮੀਆਂ ਸਰਕਾਰਾਂ ਵਿਚ ਤੇ ਬੇਨਿਯਮੇ ਅਧਿਕਾਰੀਆਂ ਵਿਚ ਡਰ ਹੋਣਾ ਚਾਹੀਦਾ ਹੈ, ਜੋ ਅੱਜ ਕੱਲ੍ਹ ਖ਼ਤਮ ਹੁੰਦਾ ਜਾ ਰਿਹਾ ਹੈ। -ਜਗਬਾਣੀ ਵਿਚ ਕੀਤੀ ਪੱਤਰਕਾਰੀ- ਦਰਸ਼ਨ ਸਿੰਘ ਖੋਖਰ ਪੰਜਾਬੀ ਟ੍ਰਿਬਿਊਨ ਵਿਚੋਂ ਬਾਹਰ ਹੋਣ ਤੋਂ ਬਾਅਦ ਇਕ ਸਾਲ ਵਿਹਲਾ ਰਿਹਾ। ਉਸ ਤੋਂ ਬਾਅਦ ਸਪੋਕਸਮੈਨ, ਐਨ ਆਰ ਆਈ ਟੀਵੀ ਚੈਨਲ, ਸਟੈਂਡਰਡ ਵਰਲਡ ਟੀਵੀ, ਵਿਚ ਰਿਹਾ। ਸਪੋਕਸਮੈਨ ਅਖ਼ਬਾਰ ਦੇ ਡੈਸਕ ਤੇ ਵੀ ਨਿਊਜ਼ ਹੈੱਡ ਤੌਰ ਤੇ ਰਿਹਾ। ਉਸ ਤੋਂ ਬਾਅਦ ਚੰਡੀਗੜ੍ਹ ਵਿਚ ਜਗਬਾਣੀ, ਪੰਜਾਬੀ ਜਾਗਰਣ, ਗਲੋਬਲ ਟੀਵੀ ਤੇ ਡੇ ਐਂਡ ਨਾਈਟ ਟੀਵੀ, ਵਿਚ ਰਿਹਾ। ਜਗਬਾਣੀ ਅਖ਼ਬਾਰ ਵਿਚ ਪੱਤਰਕਾਰੀ ਕੀਤੀ, 2012 ਵਿਚ ਬਲਵੰਤ ਸਿੰਘ ਰਾਜੋਆਣਾ ਨੂੰ ਫਾਸੀ ਲੱਗਣ ਦਾ ਸਮਾਂ ਤਹਿ ਹੋ ਗਿਆ ਸੀ, ਪਰ ਪਟਿਆਲਾ ਜੇਲ੍ਹ ਵਿਚ ਜਲਾਦ ਨਹੀਂ ਸੀ, ਜੇਕਰ ਜਲਾਦ ਨਾ ਹੋਵੇ ਤਾਂ ਫਾਂਸੀ ਜੇਲ੍ਹ ਦੇਣਾ ਜੇਲ੍ਹ ਸੁਪਰਡੰਟ ਦੀ ਜ਼ਿੰਮੇਵਾਰੀ ਹੁੰਦੀ ਹੈ। ਪਰ ’ਜਾਖੜ ਨਾਮ ਦੇ ਜੇਲ੍ਹ ਸੁਪਰਡੰਟ ਨੇ ਫਾਂਸੀ ਦੇਣ ਤੋਂ ਇਨਕਾਰ ਕਰ ਦਿੱਤਾ। ਉਹ ਖ਼ਬਰ ਜਗਬਾਣੀ ਵਿਚ ਦਰਸ਼ਨ ਸਿੰਘ ਖੋਖਰ ਨੇ ਲਗਾਈ, ਪਰ ਦੂਜੇ ਦਿਨ ਜੇਲ੍ਹ ਸੁਪਰਡੰਟ ਮੁੱਕਰ ਗਿਆ ਤਾਂ ਖੋਖਰ ਕਹਿੰਦਾ ਮੈਨੂੰ ਅਵਿਨਾਸ਼ ਹੋਰਾਂ ਦਾ ਫ਼ੋਨ ਆ ਗਿਆ ਕਿ ਜੇਲ੍ਹ ਸੁਪਰਡੰਟ ਮੁੱਕਰ ਗਿਆ ਹੈ, ਤਾਂ ਮੈਂ ਕਿਹਾ ਖ਼ਬਰ ਸੱਚੀ ਹੈ, ਪਰ ਉਸ ਤੋਂ ਬਾਅਦ ਸੁਪਰਡੰਟ ਨੇ ਜ਼ਿਲ੍ਹਾ ਕਚਹਿਰੀਆਂ ਵਿਚ ਲਿਖ ਕੇ ਦਿੱਤਾ ਕਿ ਮੈਂ ਸਰਦਾਰ ਰਾਜੋਆਣਾ ਨੂੰ ਫਾਂਸੀ ਨਹੀਂ ਦੇਵਾਂਗਾ। ਉਹ ਖ਼ਬਰ ਫੇਰ ਯੂ ਐਨ ਆਈ ਤੇ ਪੀ ਟੀ ਆਈ ਤੋਂ ਰਿਲੀਜ਼ ਹੋਈ ਤੇ ਮੇਰੀ ਖ਼ਬਰ ਸੱਚੀ ਸਾਬਤ ਹੋਈ। -ਡੇ ਐਂਡ ਨਾਈਟ ਵਿਚ ਖ਼ਬਰ ਦਾ ਤਹਿਲਕਾ- ਅਜੋਕੇ ਸਮੇਂ ਵਿਚ ਹੀ ਨਹੀਂ ਸਗੋਂ ਪਹਿਲਾਂ ਤੋਂ ਹੀ ਅਧਿਕਾਰੀਆਂ, ਸਮਾਜ ਵਿਰੋਧੀ ਲੋਕਾਂ ਦੇ ਪਰਦੇ ਫਾਸ਼ ਕਰਨ ਵਾਲੀਆ ਖ਼ਬਰਾਂ ਲਾਉਣ ਵਾਲੇ ਪੱਤਰਕਾਰ ਨੂੰ ਸਥਾਪਤੀ ਨਾਲ ਚੱਲਣ ਵਾਲੇ ਪੱਤਰਕਾਰ ‘ਪੰਗਾ ਲੈਣਾ’ ਕਹਿੰਦੇ ਹਨ। ਉਈਂ ਵਾਧੂ ਦਾ ਪੰਗਾ ਲੈਣ ਦੀ ਕੀ ਲੋੜ ਹੈ, ਪੱਤਰਕਾਰ ਹੈ ਪੱਤਰਕਾਰੀ ਕਰੇ, ਪ੍ਰੈੱਸ ਨੋਟ ਦੇਖੇ ਤੇ ਬੱਸ ਜੋ ਹੋ ਰਿਹਾ ਹੈ ਉਸ ਦੀ ਖ਼ਬਰ ਲਾਓ, ਹੋਰ ਕੀ? ਖੋਖਰ ਕਹਿੰਦੇ ਹਨ ਤਤਕਾਲੀ ਡੀਜੀਪੀ ਰਾਜਦੀਪ ਸਿੰਘ ਗਿੱਲ ਆਈਪੀਐਸ ਨੇ ਚੰਡੀਗੜ੍ਹ ਦੇ ਸੈਕਟਰ 16 ਵਿਚ ਸਰਕਾਰੀ ਕੋਠੀ ਲਈ, ਜਿਸ ਦੀ ਰੈਨੋਵੇਸ਼ਨ ਤੇ ਉਸ ਨੇ ਕਰੀਬ ਇਕ ਕਰੋੜ ਰੁਪਏ ਕਥਿਤ ਖ਼ਰਚੇ, 10 ਲੱਖ ਦਾ ਖਰਚਾ ਤਾਂ ਸਿਰਫ਼ ਲਾਅਨ ਦੀ ਸੁੰਦਰਤਾ ਬਣਾਉਣ ਦਾ ਹੀ ਸੀ। ਇਸ ਕੋਠੀ ਦੇ ਸੁੰਦਰੀਕਰਨ ਵਿਚ ਕਰੀਬ 40 ਲੱਖ ਦਾ ਕਥਿਤ ਘਪਲਾ ਹੋਇਆ ਦਿਖਾਇਆ ਗਿਆ ਸੀ। ਇਸ ਦੀ ਖੋਜ ਭਰਪੂਰ ਖ਼ਬਰ ਦਰਸ਼ਨ ਸਿੰਘ ਖੋਖਰ ਵੱਲੋਂ ਹੀ ਬਣਾਈ ਜੋ ਡੇ ਐਂਡ ਨਾਈਟ ਟੀਵੀ ਚੈਨਲ ਤੇ ਚਲਾਈ ਗਈ। ਉਸ ਵੇਲੇ ਟੀਵੀ ਦੇ ਮੁਖੀ ਕੰਵਰ ਸੰਧੂ ਹੁੰਦੇ ਸਨ। ਖ਼ਬਰ ਦੇਖ ਕੇ ਉਹ ਖ਼ੁਦ ਡੈਸਕ ਕੋਲ ਆਗਏ, ਕਹਿੰਦੇ ‘ਇਸ ਦੇ ਸਾਰੇ ਸਬੂਤ ਮੌਜੂਦ ਹੋਣੇ ਚਾਹੀਦੇ ਹਨ’ ਪਰ ਖੋਖਰ ਅਨੁਸਾਰ ਸਾਰੇ ਸਬੂਤ ਉਸ ਕੋਲ ਮੌਜੂਦ ਸਨ। ਉਸ ਰਿਪੋਰਟ ਤੋਂ ਬਾਅਦ ਬਾਕੀ ਮੀਡੀਆ ਨੇ ਵੀ ਉਹ ਖ਼ਬਰ ਪ੍ਰਕਾਸ਼ਿਤ ਕੀਤੀ। -ਧਮਕੀਆਂ ਅਦਾਲਤੀ ਕੇਸ ਆਦਿ- ਖ਼ਬਰਾਂ ਦੇ ਨੋਟਿਸ ਆਉਂਦੇ ਸਨ, ਨਾ ਤਾਂ ਪੰਜਾਬੀ ਟ੍ਰਿਬਿਊਨ ਦੇ ਸੰਪਾਦਕਾਂ ਨੇ ਕਦੇ ਪ੍ਰਵਾਹ ਕੀਤੀ ਨਾ ਹੀ ਦਰਸ਼ਨ ਸਿੰਘ ਖੋਖਰ ਨੇ ਕਦੇ ਪ੍ਰਵਾਹ ਕੀਤੀ, ਨੋਟਿਸ ਦਾ ਜਵਾਬ ਹੀ ਨਹੀਂ ਦਿੱਤਾ ਗਿਆ। ਪਰ ਜਦੋਂ ਖੋਖਰ ਐਨ ਆਰ ਆਈ ਟੀਵੀ ਵਿਚ ਕੰਮ ਕਰਨ ਲੱਗੇ ਤਾਂ ਉਹ ਸਿੰਚਾਈ ਵਿਭਾਗ ਦੀ ਖ਼ਬਰ ਕਰ ਰਹੇ ਸਨ ਕਿ ਭਾਖੜਾ ਦੇ ਪੈਚ ਵਰਕ ਕੀਤਾ ਹੀ ਨਹੀਂ ਗਿਆ ਪਰ ਉਸ ਦੇ ਖ਼ਰਚੇ ਪਾ ਦਿੱਤੇ ਗਏ ਹਨ, ਉਸ ਵੇਲੇ ਉਹ ਸਿੰਚਾਈ ਵਿਭਾਗ ਦੇ ਮੁੱਖ ਅਧਿਕਾਰੀ ਕੋਲੋਂ ਪੱਖ ਲੈਣ ਲਈ ਪਟਿਆਲਾ ਦੇ ਨਾਭਾ ਰੋਡ ਤੇ ਸਥਿਤ ਦਫ਼ਤਰ ਵਿਚ ਗਏ। ਜਦੋਂ ਉਹ ਸਵਾਲ ਪੁੱਛ ਰਹੇ ਸਨ ਤਾਂ ਅਧਿਕਾਰੀ ਨੇ ਜਵਾਬ ਦੇਣ ਦੀ ਬਜਾਇ ਖੋਖਰ ਨਾਲ ਬਦਤਮੀਜ਼ੀ ਸ਼ੁਰੂ ਕਰ ਦਿੱਤੀ। ਉਸ ਵੇਲੇ ਰੌਲਾ ਪੈ ਗਿਆ। ਖੋਖਰ ਦਾ ਕੈਮਰਾ ਤੇ ਮੋਬਾਇਲ ਖੋਹ ਲਿਆ । ਖੋਖਰ ਖ਼ਿਲਾਫ਼ ਸਿੰਚਾਈ ਵਿਭਾਗ ਦੇ ‌ਅਧਿਕਾਰੀ ਨੇ ਸਰਕਾਰੀ ਨੌਕਰੀ ਵਿਚ ਖ਼ਲਲ ਪਾਉਣ ਦਾ ਕੇਸ ਕਰਵਾ ਦਿੱਤਾ। ਉਸ ਵੇਲੇ ਮੈਂ ਵੀ ਨਾਲ ਹੀ ਸੀ, ਸਾਰਾ ਮਾਮਲਾ ਮੌਕੇ ਤੇ ਮੈਂ ਵੀ ਦੇਖਿਆ ਤੇ ਮੁੱਖ ਤੌਰ ਤੇ ਖੋਖਰ ਦੀ ਮਦਦ ਵੀ ਕੀਤੀ। ਅਸੀਂ ਡੀਜੀਪੀ ਸਰਬਜੀਤ ਸਿੰਘ ਵਿਰਕ ਨੂੰ ਮਿਲਣ ਗਏ, ਤਾਂ ਵਿਰਕ ਸਾਹਿਬ ਨੇ ਕਿਹਾ ‘ਤੁਸੀਂ ਕਤਲ ਥੋੜ੍ਹਾ ਕੀਤਾ ਹੈ, ਮੈਂ ਤੁਹਾਡੇ ਨਾਲ ਹਾਂ’ ਉਸ ਵੇਲ ਡੀ ਆਈ ਜੀ ਪਟਿਆਲਾ ਨੂੰ ਵਿਸ਼ੇਸ਼ ਹੁਕਮ ਕੀਤੇ ਕਿ ਕੇਸ ਰੱਦ ਕੀਤਾ ਜਾਵੇ ਤਾਂ ਉਹ ਕੇਸ ਰੱਦ ਹੋ ਗਿਆ ਸੀ। -ਸੰਪਾਦਕ ਕੌਣ ਕੌਣ ਰਹੇ- ਦਰਸ਼ਨ ਸਿੰਘ ਖੋਖਰ ਕਹਿੰਦੇ ਹਨ ਕਿ ਉਸ ਨੇ ਪੰਜਾਬੀ ਟ੍ਰਿਬਿਊਨ ਵਿਚ ਹਰਭਜਨ ਹਲਵਾਰਵੀ, ਅਜੀਤ ਵਿਚ ਬਰਜਿੰਦਰ ਸਿੰਘ ਹਮਦਰਦ ਉਸ ਤੋਂ ਬਾਅਦ ਪੰਜਾਬੀ ਟ੍ਰਿ‌ਬਿਊਨ ਵਿਚ ਸ਼ਿੰਗਾਰਾ ਸਿੰਘ ਭੁੱਲਰ ਆਦਿ ਤੋਂ ਇਲਾਵਾ ਜਗਬਾਣੀ ਦੇ ਅਵਿਨਾਸ਼ ਚੋਪੜਾ, ਡੇ ਐਂਡ ਨਾਈਟ ਦੇ ਕੰਵਰ ਸੰਧੂ ਅਧੀਨ ਕੰਮ ਕੀਤਾ ਤੇ ਅੱਜ ਕੱਲ੍ਹ ਉਹ ਦੈਨਿਕ ਸਵੇਰਾ ਨਾਲ ਕੰਮ ਕਰ ਰਹੇ ਹਨ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਸਰਗਰਮ ਹਨ। -ਸਾਥੀ ਪੱਤਰਕਾਰ- ਬਹੁਤ ਸਾਥੀ ਪੱਤਰਕਾਰਾਂ ਦੀ ਗੱਲ ਕਰਦੇ ਹਨ, ਜਿਨ੍ਹਾਂ ਵਿਚ ਸਰੋਜ ਸਰਹਿੰਦੀ, ਜਸਵਿੰਦਰ ਸਿੰਘ ਦਾਖਾ, ਗੁਰਨਾਮ ਸਿੰਘ ਅਕੀਦਾ, ਰਾਮ ਸਿੰਘ ਬੰਗ, ਚੰਡੀਗੜ੍ਹ ਤੋਂ ਵਰਿੰਦਰ ਸਿੰਘ ਦਾ ਟ੍ਰਿਬਿਊਨ, ਨਰੇਸ਼ ਸ਼ਰਮਾ, ਗੁਰਉਪਦੇਸ਼ ਭੁੱਲਰ, ਦੇ ਨਾਲ ਨਾਲ ਸਹਿਕਾਰੀ ਖੰਡ ਵਿਚ ਰਹੇ ਇੰਸਪੈਕਟਰ ਰਣਦੀਪ ਸਿੰਘ ਸੰਧੂ ਦੀ ਗੱਲ ਵੀ ਕਰਦੇ ਹਨ। -ਪਰਿਵਾਰ- ਭਰਾ ਡਾ. ਗੁਰਮੀਤ ਸਿੰਘ ਸਿੱਧੂ ਪੰਜਾਬੀ ਯੂਨੀਵਰਸਿਟੀ ਵਿਚ ਪ੍ਰਫੈਸਰ ਹੈ, ਇਕ ਬੇਟਾ ਤੇ ਇਕ ਬੇਟੀ ਹੈ। ਧਰਮ ਪਤਨੀ ਨਾਲ ਚੰਡੀਗੜ੍ਹ ਵਿਚ ਸੁਖ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਪੱਤਰਕਾਰ ਦਰਸ਼ਨ ਸਿੰਘ ਖੋਖਰ ਦੇ ਜੀਵਨ ਤੇ ਕਿਤਾਬ ਲਿਖੀ ਜਾ ਸਕਦੀ ਹੈ ਪਰ ਅੱਜ ਲਈ ਏਨਾ ਹੀ ਸਵੀਕਾਰ ਕਰਨਾ। ਮੈਂ ਅਜਿਹੇ ਪੱਤਰਕਾਰ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ।... ਆਮੀਨ -ਗੁਰਨਾਮ ਸਿੰਘ ਅਕੀਦਾ- 8146001100

Friday, October 14, 2022

-ਸ੍ਰੀ ਦਰਬਾਰ ਸਾਹਿਬ ਤੇ ਹੋਏ ਫ਼ੌਜੀ ਹਮਲੇ ਸਮੇਂ ਬੀ.ਬੀ.ਸੀ. ਦੀ ਪੱਤਰਕਾਰੀ ਕਰਨ ਵਾਲਾ ਪੱਤਰਕਾਰ ‘ਸਤੀਸ਼ ਜੈਕਬ’

-ਇੰਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ ਤੇ ਹਮਲਾ ਕਰਨਾ ਵੱਡੀ ਗ਼ਲਤੀ ਸੀ ਜਿਸ ਨਾਲ ਕਿਸੇ ਨੂੰ ਕੁਝ ਹਾਸਲ ਨਹੀਂ ਹੋਇਆ ਪਰ ਨੁਕਸਾਨ ਬਹੁਤ ਵੱਡਾ ਹੋਇਆ : ਸਤੀਸ਼ ਜੈਕਬ ਕਿਸੇ ਪੱਤਰਕਾਰ ਦਾ ਕੰਮ ਨਹੀਂ ਕਿ ਕਿਸੇ ਵਿਅਕਤੀ ਜਾਂ ਸੰਸਥਾ ਤੇ ਨਿੱਜੀ ਤੌਰ ਤੇ ਟਿੱਪਣੀ ਕਰਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੇ, ਸਗੋਂ ਉਸ ਦਾ ਕੰਮ ਹੈ ਤੱਥਾਂ ਅਧਾਰਿਤ ਪੱਤਰਕਾਰੀ ਕਰੇ ਤਾਂ ਕਿ ਉਸ ਉੱਤੇ ਪੱਖਪਾਤੀ ਦਾ ਦੋਸ਼ ਨਾ ਲੱਗ ਸਕੇ। ਪੰਜਾਬ ਵਿਚ ਅਜਿਹੇ ਪੱਤਰਕਾਰਾਂ ਨੇ ਵੀ ਕੰਮ ਕੀਤਾ ਜਿਨ੍ਹਾਂ ਨੇ ਕੌਮਾਂਤਰੀ ਪੱਧਰ ਤੇ ਮਕਬੂਲੀਅਤ ਹਾਸਲ ਕੀਤੀ। ਬੜੇ ਹੀ ਸੰਵੇਦਨਸ਼ੀਲ ਮਸਲਿਆਂ ਤੇ ਬੇਬਾਕ ਪੱਤਰਕਾਰੀ ਕੀਤੀ। 1984 ਦਾ ਸਮਾਂ ਪੰਜਾਬ ਤੇ ਖ਼ਾਸ ਕਰਕੇ ਸਿੱਖਾਂ ਤੇ ਬਹੁਤ ਸੰਕਟ ਭਰਿਆ ਸੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਬੰਧੀ ਰਿਪੋਰਟਿੰਗ ਕਰਨਾ ਕਿਸੇ ਆਮ ਪੱਤਰਕਾਰ ਦੇ ਵਸ ਦੀ ਗੱਲ ਨਹੀਂ ਸੀ, ਕਈ ਪੱਤਰਕਾਰ ਤਾਂ ਗਰਮੀ ਗਰਮੀ ਵੀ ਹੋ ਜਾਂਦੇ ਹਨ ਸੰਤ ਭਿੰਡਰਾਂਵਾਲਿਆਂ ਕੋਲ। ਪਰ ਅਜਿਹੇ ਸਮੇਂ ਵਿਚ ਵੀ ਨਿਰਪੱਖ ਪੱਤਰਕਾਰੀ ਕਰਨ ਵਾਲਾ ਵੀ ਇਕ ਪੱਤਰਕਾਰੀ ਹੈ, ਅੱਜ ਆਪਾਂ ਬੀ ਬੀ ਸੀ ਦੇ ਪੱਤਰਕਾਰ ‘ਸਤੀਸ਼ ਜੈਕਬ’ ਦੀ ਗੱਲ ਕਰਾਂਗੇ। ਸਤੀਸ਼ ਜੈਕਬ! ਕੌਮਾਂਤਰੀ ਪੱਤਰਕਾਰੀ ਦਾ ਬਹੁਤ ਵੱਡਾ ਨਾਮ ਹੈ, ਅਜੋਕੇ ਪੱਤਰਕਾਰ ਸ਼ਾਇਦ ਹੀ ਸਤੀਸ਼ ਜੈਕਬ ਬਾਰੇ ਜਾਣਦੇ ਹੋਣ, 1984 ਵਿਚ ਮੇਰਾ ਵਿਆਹ ਹੋਇਆ ਸੀ, ਵਿਆਹ ਵੀ ਬੜੇ ਸੰਕਟ ਵਿਚ ਹੋਇਆ ਸੀ, ਖਾੜਕੂਆਂ ਦੀਆਂ ਬੜੀਆਂ ਹਦਾਇਤਾਂ ਸਨ ਉਨ੍ਹਾਂ ਮੁਤਾਬਿਕ ਹੀ ਬਰਾਤ ਲੈ ਕੇ ਜਾਣੀ ਤੇ ਉਨ੍ਹਾਂ ਮੁਤਾਬਿਕ ਹੀ ਸਾਰੇ ਕਾਰਜ ਕਰਨੇ ਜ਼ਰੂਰੀ ਸਨ, ਖਾੜਕੂਆਂ ਵੱਲੋਂ ਉਸ ਵੇਲੇ ਬੜਾ ਸੁਧਾਰਵਾਦੀ ਕੰਮ ਕੀਤਾ ਸੀ, ਫ਼ਜ਼ੂਲ ਖ਼ਰਚੇ ਬੰਦ ਕਰ ਦਿੱਤੇ ਗਏ ਸਨ। ਉਹ ਬੜਾ ਹੀ ਸ਼ਲਾਘਾਯੋਗ ਕੰਮ ਸੀ, ਪਰ ਬਾਅਦ ਵਿਚ ਖਾੜਕੂਆਂ ਨੂੰ ਬਦਨਾਮ ਕਰਨ ਲਈ ਏਜੰਸੀਆਂ ਨੇ ਬੜੀਆਂ ਸਾਜ਼ਿਸ਼ਾਂ ਕੀਤੀਆਂ। ਇਹ ਗੱਲ ਕਦੇ ਫੇਰ ਕਰਾਂਗੇ ਪਰ ਉਸ ਵੇਲੇ ਹੀ ਸਤੀਸ਼ ਜੈਕਬ ਸ੍ਰੀ ਅੰਮ੍ਰਿਤਸਰ ਦੀ ਪੱਤਰਕਾਰੀ ਬੀ ਬੀ ਸੀ ਲਈ ਕਰ ਰਹੇ ਸਨ। -ਸਤੀਸ਼ ਜੈਕਬ ਦਾ ਮੁੱਢ- ਜਦੋਂ ਦੇਸ਼ ਅਜ਼ਾਦ ਕਰਾਉਣ ਲਈ ਵੱਖ ਵੱਖ ਅਜ਼ਾਦੀ ਘੁਲਾਟੀਏ ਲੜਾਈ ਲੜ ਰਹੇ ਸਨ ਤਾਂ ਉਸ ਵੇਲੇ ਹੀ 4 ਦਸੰਬਰ 1943 ਵਿਚ ਜਨਮੇ ਸਤੀਸ਼ ਜੈਕਬ ਨੇ ਸਿਰਫ਼ ਪੱਤਰਕਾਰੀ ਹੀ ਕੀਤੀ। ਸ਼ੁਰੂ ਵਿਚ ਬੋਰਡਿੰਗ ਸਕੂਲ ਦਿਲੀ ਵਿਚ ਪੜ੍ਹੇ, ਫੇਰ ਦੇਹਰਾਦੂਨ ਵਿਚ ਸੈਂਟ ਜੋਸਫ ਸਕੂਲ ਵਿਚ ਪੜ੍ਹਨ ਲਈ ਪਾ ਦਿੱਤੇ ਗਏ। 1959 ਵਿਚ ਬੀਏ ਦੀ ਪੜਾਈ ਦਿਲੀ ਤੋਂ ਕੀਤੀ ਤੇ ਬਾਅਦ ਵਿਚ ਐੱਮ ਏ ਹਿਸਟਰੀ ਵਿਚ ਵੀ ਦਿਲੀ ਤੋਂ ਹੀ ਕੀਤੀ। -ਪੱਤਰਕਾਰੀ ਦੀ ਸ਼ੁਰੂਆਤ- ਲਿਖਣ ਪੜ੍ਹਨ ਦਾ ਸ਼ੌਕ ਸ਼ਾਇਦ ਜਨਮ ਤੋਂ ਹੀ ਸੀ, ਇਸ ਕਰਕੇ ਪੱਤਰਕਾਰੀ ਕਰਨ ਦਾ ਹੀ ਖੇਤਰ ਚੁਣਿਆ। 1963 ਵਿਚ ਸਤੀਸ਼ ਜੈਕਬ ਨੇ ਨੌਜਵਾਨ ਪੱਤਰਕਾਰ ਵਜੋਂ ‘ਸਟੇਟਸਮੈਨ’ ਅਖ਼ਬਾਰ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਬੜੀ ਗੱਲ ਸੀ ਕਿ ਇਸ ਅਖ਼ਬਾਰ ਵਿਚ ਸਾਰੇ ਹੀ ਮੁਖੀ ਅੰਗਰੇਜ਼ ਸਨ। ਉਸ ਵੇਲੇ ਨਿਹਾਲ ਸਿੰਘ ਤੇ ਮਲਹੋਤਰਾ ਵਰਗੇ ਸਟੇਟਸਮੈਨ ਦੇ ਸੀਨੀਅਰ ਪੱਤਰਕਾਰ ਹੁੰਦੇ ਸੀ। -ਪੰਜਾਬ ਵਿਚ ਪੱਤਰਕਾਰੀ ਕਰਨ ਲਈ ਆਏ 1965 ਵਿਚ- ਸਤੀਸ਼ ਜੈਕਬ ਨੌਜਵਾਨ ਸਨ ਤੇ ਪੱਤਰਕਾਰੀ ਕਰਨ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਸਨ ਇਸ ਕਰਕੇ ਉਨ੍ਹਾਂ ਨੇ ਪੱਤਰਕਾਰੀ ਕਰਨ ਲਈ ਜੋਖ਼ਮ ਭਰੇ ਕੰਮ ਕਰਨ ਵੱਲ ਜਾਣ ਤੋਂ ਇਨਕਾਰ ਨਹੀਂ ਕੀਤਾ। 1965 ਦੀ ਭਾਰਤ ਪਾਕਿਸਤਾਨ ਦੀ ਜੰਗ ਲੱਗ ਗਈ ਸੀ, ਸਤੀਸ਼ ਜੈਕਬ ਨੂੰ ਸਟੇਟਸਮੈਨ ਨੇ ਇਸ ਲੜਾਈ ਦੀ ਪੱਤਰਕਾਰੀ ਕਰਨ ਲਈ ਪੰਜਾਬ ਭੇਜ ਦਿੱਤਾ। ਉਸ ਵੇਲੇ ਉਨ੍ਹਾਂ ਅੰਮ੍ਰਿਤਸਰ ਵਿਚ ਰਹਿ ਕੇ ਭਾਰਤ ਪਾਕਿ ਦੀ ਲੜਾਈ ਦੀ ਰਿਪੋਰਟਿੰਗ ਕੀਤੀ। ਬਾਰਡਰ ਤੇ ਵੀ ਫ਼ੌਜ ਕੋਲ ਜਾਣਾ ਪੈਂਦਾ ਸੀ ਪਰ ਪੱਤਰਕਾਰੀ ਕਰਨ ਦਾ ਜੋ ਮਨ ਵਿਚ ਜਜ਼ਬਾ ਸੀ ਉਹ ਕਿਤੇ ਵੀ ਘੱਟ ਨਹੀਂ ਹੋ ਰਿਹਾ ਸੀ। ਉਨ੍ਹਾਂ ਉਸ ਵੇਲੇ ਜਨਰਲ ਹਰਬਖ਼ਸ਼ ਸਿੰਘ ਦਾ ਕੰਮ ਕਰਨ ਦਾ ਤਰੀਕਾ ਵੀ ਦੇਖਿਆ, ਜਨਰਲ ਹਰਬਖ਼ਸ਼ ਸਿੰਘ ਤੋਂ ਬਹੁਤ ਪ੍ਰਭਾਵਿਤ ਹੋਏ, ਉਹ ਕਹਿੰਦੇ ਹਨ ‘ਬਹੁਤ ਕਾਬਲ ਫ਼ੌਜੀ ਅਫ਼ਸਰ ਸੀ ਜਨਰਲ ਹਰਬਖ਼ਸ਼ ਸਿੰਘ, ਅੱਜ ਦੇ ਆਰਮੀ ਅਫ਼ਸਰਾਂ ਤੋਂ ਕਿਤੇ ਕਾਬਲ, ਭਾਵੇਂ ਉਸ ਵੇਲੇ ਕਮਾਂਡਰ ਇਨ ਚੀਫ਼ ਜਨਰਲ ਜੇ ਐਨ ਚੌਧਰੀ ਸਨ ਜੋ ਬੰਗਾਲੀ ਸਨ ਪਰ ਉਨ੍ਹਾਂ ਤੋਂ ਵੀ ਕਾਬਲ ਅਫ਼ਸਰ ਸੀ ਜਨਰਲ ਹਰਬਖ਼ਸ਼ ਸਿੰਘ’ ਉਸ ਤੋਂ ਬਾਅਦ ਸਤੀਸ਼ ਜੈਕਬ ਨੇ 1970 ਵਿਚ ਬੀ ਬੀ ਸੀ ਜੁਆਇਨ ਕਰ ਲਿਆ। ਉਨ੍ਹਾਂ ਨੂੰ ਅਮਰੀਕਾ ਵਿਚ ਇਥੋਪੀਆ ਦਾ ਖੇਤਰ ‌ਮਿਲਿਆ, ਉਸ ਵੇਲੇ ਜੈਕਬ ਹੋਰੀਂ ਸਟਰਿੰਗਰ ਹੀ ਸਨ। ਖ਼ੋਜੀ ਪੱਤਰਕਾਰੀ ਦੇ ਇੱਥੇ ਵੀ ਝੰਡੇ ਗੱਡੇ। ਉਸ ਤੋਂ ਬਾਅਦ ਮਿਡਲ ਈਸਟ ਵਿਚ ਚਲੇ ਗਏ। 1973 ਵਿਚ ਜੈਕਬ ਹੋਰੀਂ ਭਾਰਤ ਵਿਚ ਆ ਗਏ ਤੇ ਬੀ ਬੀ ਸੀ ਵਿਚ ਕੰਮ ਕਰਨਾ ਜਾਰੀ ਰੱਖਿਆ। ਇੱਥੇ ਸੀਨੀਅਰ ਜਰਨਲਿਸਟ ‘ਮਾਰਕ ਟੱਲੀ’ ਵੀ ਮੌਜੂਦ ਸਨ। ਵਿਦੇਸ਼ ਦੇ ਹੋਣ ਦੇ ਬਾਵਜੂਦ ਮਾਰਕ ਟੱਲੀ ਨੂੰ ਭਾਰਤ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਸੀ। ਬੀ ਬੀ ਸੀ ਵਿਚ ਸਤੀਸ਼ ਜੈਕਬ ਨੇ 2000 ਤੱਕ ਕੰਮ ਕੀਤਾ। ਉਨ੍ਹਾਂ ਬੰਗਲਾ ਦੇਸ਼ ਤੋਂ ਲੈ ਕੇ ਪਾਕਿਸਤਾਨ ਵਿਚ ਜਾ ਕੇ ਵੀ ਪੱਤਰਕਾਰੀ ਕੀਤੀ। -ਪੰਜਾਬ ਦੀ ਪੱਤਰਕਾਰੀ- ਵੈਸੇ ਤਾਂ ਸਤੀਸ਼ ਜੈਕਬ ਤੇ ਮਾਰਕ ਟੱਲੀ ਦੀ ਦਰਬਾਰ ਸਾਹਿਬ ਤੇ ਅਟੈਕ ਬਾਰੇ ਕਿਤਾਬ ‘Amritsar : Mrs Gandhi's Last Battle’ ਲਿਖੀ ਹੈ ਉਸ ਵਿਚ ਭਰਪੂਰ ਜਾਣਕਾਰੀ ਹੈ। ਇਸ ਵਿਚੋਂ ਕਾਫ਼ੀ ਕੁਝ ਜਾਣਕਾਰੀ ਮਿਲ ਸਕਦੀ ਹੈ। ਪਰ ਮੈਂ ਜੋ ਸਤੀਸ਼ ਜੈਕਬ ਨਾਲ ਗੱਲ ਕੀਤੀ ਉਸ ਨਾਲ ਸਬੰਧਿਤ ਜਾਣਕਾਰੀ ਹੀ ਇੱਥੇ ਦੇਣ ਦੀ ਕੋਸ਼ਸ਼ ਕਰਾਂਗਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਸਤੀਸ਼ ਜੈਕਬ ਦੀ ਦੋਸਤੀ ਹੋ ਗਈ ਸੀ। ਇਸ ਬਾਰੇ ਕਾਫ਼ੀ ਕੁਝ ਸਾਂਝ ਪਾਵਾਂਗੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਬੈਠਣਾ ਆਮ ਤੌਰ ਤੇ ਲੰਗਰ ਹਾਲ ਉਪਰ ਹੀ ਹੁੰਦਾ ਸੀ, ਉਂਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਹੇਠਾਂ ਵਾਲੇ ਦਫ਼ਤਰ ਵਿਚ ਬੈਠਦੇ ਸਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਬਹੁਤੀਆਂ ਮੁਲਾਕਾਤਾਂ ਨਹੀਂ ਹੁੰਦੀਆਂ ਸਨ ਪਰ ਸਤੀਸ਼ ਜੈਕਬ ਦੀ ਮੁਲਾਕਾਤ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਅਕਸਰ ਹੋ ਜਾਂਦੀ ਸੀ। ਸਤੀਸ਼ ਜੈਕਬ ਤੇ ਮਾਰਕ ਟੱਲੀ ਆਮ ਤੌਰ ਤੇ ਸ੍ਰੀ ਅੰਮ੍ਰਿਤਸਰ ਵਿਚ ਆਉਂਦੇ ਹੀ ਸਨ , ਕੋਈ ਪੱਤਰਕਾਰੀ ਕਰਨ ਲਈ ਨਹੀਂ,ਸ਼ਰਧਾ ਅਨੁਸਾਰ ਹੀ ਸ੍ਰੀ ਦਰਬਾਰ ਸਾਹਿਬ ਵਿਚ ਆਉਂਦੇ ਸਨ ਕਿਉਂਕਿ ਸ੍ਰੀ ਦਰਬਾਰ ਸਾਹਿਬ ਪ੍ਰਤੀ ਮਾਰਕ ਟੱਲੀ ਤੇ ਸਤੀਸ਼ ਜੈਕਬ ਦੀ ਕਾਫ਼ੀ ਸ਼ਰਧਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸ੍ਰੀ ਦਰਬਾਰ ਸਾਹਿਬ ਵਿਚ ਆਉਣ ਤੋਂ ਪਹਿਲਾਂ ਵੀ ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਹੀ ਰਹਿੰਦੇ ਸਨ। ਮਹਿਤਾ ਚੌਂਕ ਤੋਂ 19 ਜੁਲਾਈ 1982 ਨੂੰ ਸੰਤ ਭਿੰਡਰਾਂਵਾਲੇ ਸ੍ਰੀ ਦਰਬਾਰ ਸਾਹਿਬ ਵਿਚ ਆ ਗਏ ਸਨ। ਉਨ੍ਹਾਂ ਦਾ ਇਕ ਸਕੱਤਰ ਹੁੰਦਾ ਸੀ ਸ. ਸਿੱਧੂ। ਸਤੀਸ਼ ਜੈਕਬ ਨੇ ਪਹਿਲੀ ਮੁਲਾਕਾਤ ਲਈ ਸ. ਸਿੱਧੂ ਨੂੰ ਹੀ ਕਿਹਾ। ਉਸ ਨੇ ਝੱਟ ਹਾਮੀ ਭਰ ਦਿੱਤੀ। ਉਸ ਵੇਲੇ ਸੰਤ ਹੋਰੀਂ ਲੰਗਰ ਹਾਲ ਤੇ ਸ਼ਾਮ ਨੂੰ ਆਪਣਾ ਸੰਦੇਸ਼ ਦਿਆ ਕਰਦੇ ਸਨ। ਜੈਕਬ ਹੋਰਾਂ ਦੀ ਪਹਿਲੀ ਮੁਲਾਕਾਤ ਸਿੱਧੂ ਨੇ ਹੀ ਸੰਤ ਜੀ ਨਾਲ ਕਰਵਾਈ। ਮੈਂ ਇਕ ਗੱਲ ਬੜੀ ਵਿਸ਼ੇਸ਼ ਦੇਖੀ ਕਿ ਜਦੋਂ ਸਤੀਸ਼ ਜੈਕਬ ਹੋਰੀਂ ਗੱਲ ਸੁਣਾ ਰਹੇ ਸੀ ਤਾਂ ਉਨ੍ਹਾਂ ਦੇ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਲਈ ਬਹੁਤ ਹੀ ਅਨੋਖੀ ਸ਼ਰਧਾ ਸੀ। ਉਹ ਸੰਤ ਹੋਰਾਂ ਨੂੰ ‘ਸੰਤ ਜੀ’ ਤੋਂ ‌ਬਿਨਾਂ ਸੰਬੋਧਨ ਨਹੀਂ ਕਰ ਰਹੇ ਸਨ। ਉਨ੍ਹਾਂ ਕਿਹਾ ਜਦੋਂ ਉਨ੍ਹਾਂ ਦੀ ਪਹਿਲੀ ਮੁਲਾਕਾਤ ਸੰਤ ਜੀ ਨਾ ਹੋਈ ਤਾਂ ਸੰਤ ਜੀ ਨੇ ਉਨ੍ਹਾਂ ਨਾਲ ਬੜੀਆਂ ਖੁੱਲ ਕੇ ਗੱਲਾਂ ਕੀਤੀਆਂ। ਜਦੋਂ ਵੀ ਮੈਂ ਦਰਬਾਰ ਸਾਹਿਬ ਆਉਣਾ ਤਾਂ ਸੰਤ ਜੀ ਨੂੰ ਪਤਾ ਲੱਗ ਜਾਣਾਂ ਤਾਂ ਉਹ ਬੁਲਾ ਲਿਆ ਕਰਦੇ ਸਨ ਜਾਂ ਅਸੀਂ ਵੀ ਉਨ੍ਹਾਂ ਨੂੰ ਮਿਲਣ ਲਈ ਚਲੇ ਜਾਇਆ ਕਰਦੇ ਸਾਂ। ਸਤੀਸ਼ ਜੈਕਬ ਕਹਿੰਦੇ ਹਨ ਕਿ ਉਂਜ ਤਾਂ ਬੜਾ ਲਿਖਿਆ ਗਿਆ ਹੈ ਸੰਤ ਜੀ ਬਾਰੇ, ਜਿਨ੍ਹਾਂ ਵਿਚ ਕੁਝ ਵੱਡੇ ਨਾਮ ਹਨ ਸ਼ੇਖਰ ਗੁਪਤਾ, ਐਮਜੇ ਅਕਬਰ, ਤਬਲੀਨ ਸਿੰਘ। ਉਨ੍ਹਾਂ ਕਦੇ ਨਹੀਂ ਕਿਹਾ ਕਿ ਅਸੀਂ ਹਿੰਦੁਸਤਾਨ ਤੋਂ ਬਾਹਰ ਜਾਣਾ ਚਾਹੁੰਦੇ ਹਾਂ,ਪਰ ਉਹ ਜਿਵੇਂ ਕਿ ਇਕ ਦਿਨ ਮੈਨੂੰ ਕਹਿ ਰਹੇ ਸੀ ਕਿ ‘ਬੇਸ਼ੱਕ ਅਸੀਂ ਹਿੰਦੁਸਤਾਨ ਵਿਚ ਰਹਿਣਾ ਚਾਹੁੰਦੇ ਹਾਂ ਪਰ ਸਿੱਖਾਂ ਨੇ ਅਜ਼ਾਦੀ ਤੋਂ ਲੈ ਕੇ ਦੇਸ਼ ਨੂੰ ਬਣਾਉਣ ਤੱਕ ਕਿੰਨੀਆਂ ਕੁਰਬਾਨੀਆਂ ਕੀਤੀਆਂ, ਪਰ ਸਿੱਖਾਂ ਨੂੰ ਕੀ ਮਿਲਿਆ? ਇਸ ਕਰਕੇ ਅਸੀਂ ਆਪਣਾ ਅਜ਼ਾਦ ਸਟੇਟ ਚਾਹੁੰਦੇ ਹਾਂ।’ ਅਜ਼ਾਦ ਸਟੇਟ ਦੀ ਮੰਗ ਆਮ ਤੌਰ ਤੇ ਸੰਤ ਜੀ ਕਰਿਆ ਕਰਦੇ ਸਨ। ਕਈ ਸਾਰੇ ਲੇਖਕਾਂ ਨੇ ਲਿਖਿਆ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਾਂਗਰਸ ਵੱਲੋਂ ਹੀ ਭੇਜੇ ਗਏ ਸਨ। ਕਾਂਗਰਸ ਦੇ ਹੀ ਬਣਾਏ ਗਏ ਸਨ। ਇਸ ਬਾਰੇ ਸਤੀਸ਼ ਜੈਕਬ ਕਹਿੰਦੇ ਹਨ ਕਿ ‘ਸਾਨੂੰ ਇਹ ਕਦੇ ਨਹੀਂ ਲੱਗਾ, ਉਨ੍ਹਾਂ ਦਾ ਗੱਲ ਕਰਨ ਦਾ ਤਰੀਕਾ, ਉਨ੍ਹਾਂ ਦਾ ਸੰਦੇਸ਼ ਇਹ ਸਪਸ਼ਟ ਹੀ ਨਹੀਂ ਕਰਦਾ ਸੀ ਕਿ ਉਹ ਕਿਸੇ ਸਿਆਸੀ ਪਾਰਟੀ ਨੇ ਭੇਜੇ ਹਨ, ਜਾਂ ਸਰਕਾਰ ਨੇ ਭੇਜੇ ਹਨ। ਪਰ ਮੈਂ ਲੇਖਕਾਂ ਦੀ ਲੇਖਣੀ ਨੂੰ ਵੀ ਝੁਠਲਾ ਨਹੀਂ ਰਿਹਾ ਕਿ ਲੇਖਕਾਂ ਨੇ ਵੀ ਖੋਜ ਕਰਕੇ ਹੀ ਲਿਖਿਆ ਹੋਵੇਗਾ।’ ਜੈਕਬ ਕਹਿੰਦੇ ਹਨ ‘ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਿਆਸੀ ਲੀਡਰ ਨਹੀਂ ਸਨ, ਉਹ ਤਾਂ ਧਾਰਮਿਕ ਵਿਅਕਤੀ ਸਨ, ਉਹ ਸਿੱਖ ਧਰਮ ਦੀਆਂ ਤੇ ਗੁਰਬਾਣੀ ਦੀਆਂ ਗੱਲਾਂ ਹੀ ਕਰਿਆ ਕਰਦੇ ਸਨ। ਪਰ ਦੂਜੇ ਪਾਸੇ ਉਨ੍ਹਾਂ ਨਾਲ ਸਿਆਸੀ ਲੀਡਰ ਮਿਲਦੇ ਸਨ। ਸੰਤ ਹਰਚੰਦ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਟੌਹੜਾ ਵਰਗੇ ਲੀਡਰ ਉਨ੍ਹਾਂ ਨਾਲ ਮਿਲਦੇ ਹੁੰਦੇ ਸਨ।’ ਜੈਕਬ ਕਹਿੰਦੇ ਹਨ ‘ਸੰਤ ਜੀ ਨੂੰ ਅੱਤਵਾਦੀ ਕਹਿਣਾ ਬਿਲਕੁਲ ਗ਼ਲਤ ਹੈ, ਉਹ ਅੱਤਵਾਦੀ ਬਿਲਕੁਲ ਨਹੀਂ ਸਨ ਉਹ ਤਾਂ ਇਕ ਸਾਫ਼ ਸੁਥਰੇ ਕਿਰਦਾਰ ਦੇ ‘ਸੰਤ’ ਸਨ। ਪਰ ਉਨ੍ਹਾਂ ਦਾ ਆਪਣੇ ਆਪ ਹੀ ਡਰ ਲੋਕਾਂ ਵਿਚ ਚਲਾ ਗਿਆ ਸੀ, ਅਸੀਂ ਰਿਪੋਰਟਿੰਗ ਕਰਦੇ ਸਾਂ, ਬੜੇ ਸਵਾਲ ਕਰਦੇ ਸੀ, ਸਾਡੇ ਸਵਾਲਾਂ ਦੇ ਜਵਾਬ ਉਹ ਖੁੱਲ ਕੇ ਦਿੰਦੇ ਸਨ ਕਦੇ ਵੀ ਸਾਨੂੰ ਲੱਗਿਆ ਹੀ ਨਹੀਂ ਕਿ ਇਹ ਵਿਅਕਤੀ ਕੋਈ ਖ਼ਤਰਨਾਕ ਵਿਅਕਤੀ ਹੈ।’
ਜੈਕਬ ਕਹਿੰਦੇ ਹਨ ‘ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਕਦੇ ਵੀ ਸੰਤ ਜੀ ਦੀ ਮੀਟਿੰਗ ਨਹੀਂ ਹੋਈ ਪਰ ਕੁਝ ਕਹਿੰਦੇ ਹਨ ਕਿ ਉਨ੍ਹਾਂ ਦੀ ਮੀ‌‌ਟਿੰਗ ਗਿਆਨੀ ਜੈਲ ਸਿੰਘ (ਤਤਕਾਲੀ ਰਾਸਟਰਪਤੀ) ਨਾਲ ਹੋਈ ਸੀ। ਪਰ ਹਾਂ ਇੰਦਰਾ ਗਾਂਧੀ ਨਾਲ ਮੀ‌ਟਿੰਗ ਆਮ ਤੌਰ ਤੇ ਅਕਾਲੀ ਲੀਡਰ ਹੀ ਕਰਦੇ ਹੁੰਦੇ ਸਨ ਜੋ ਅਕਾਲੀ ਦਲ ਦੇ ਲੀਡਰ ਸਨ। ਜਾਂ ਤਾਂ ਇੰਦਰਾ ਗਾਂਧੀ ਅਕਾਲੀ ਲੀਡਰਾਂ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੀ ਸੀ ਜਾਂ ਫਿਰ ਅਕਾਲੀ ਲੀਡਰ ਉਸ ਨੂੰ ਵਿਸ਼ਵਾਸ ਨਹੀਂ ਦਿਵਾ ਸਕੇ। ’ ਜੈਕਬ ਕਹਿੰਦੇ ਹਨ ਕਿ ‘ਦਰਬਾਰ ਸਾਹਿਬ ’ਤੇ ਅਟੈਕ ਕਰਨਾ ਇੰਦਰਾ ਗਾਂਧੀ ਦੀ ਬਹੁਤ ਵੱਡੀ ਗ਼ਲਤੀ ਸੀ ਜਿਸ ਨਾਲ ਕਿਸੇ ਨੂੰ ਹਾਸਲ ਕੁਝ ਨਹੀਂ ਹੋਇਆ ਪਰ ਨੁਕਸਾਨ ਬਹੁਤ ਵੱਡਾ ਹੋ ਗਿਆ, ਨੁਕਸਾਨ ਦੇਸ ਦਾ ਵੀ ਵੱਡਾ ਹੋਇਆ ਤੇ ਇੰਦਰਾ ਗਾਂਧੀ ਵੀ ਮਾਰੀ ਗਈ’ ਇਸ ਸਬੰਧ ਵਿਚ ਇਕ ਗੱਲ ਹੋਰ ਵੀ ਢੁਕਦੀ ਹੈ ਜਿਵੇਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਰਾਅ ਵਰਗੀਆਂ ਏਜੰਸੀਆਂ ਨੇ ਇੰਦਰਾ ਗਾਂਧੀ ਕੋਲ ਇਕ ਪ੍ਰਸਤਾਵ ਰੱਖਿਆ ਸੀ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਦਰਬਾਰ ਸਾਹਿਬ ਵਿਚੋਂ ਅਗਵਾ ਕਰਨਗੇ। ਬੀਬੀ ਸੀ ਇਸ ਬਾਰੇ ਕਾਫ਼ੀ ਖੋਜ ਭਰਪੂਰ ਰਿਪੋਰਟ ਵਿਚ ਲਿਖਦਾ ਹੈ ਕਿ ਬ੍ਰਿਟਿਸ਼ ਸੰਸਦ ਵਿੱਚ ਇਸ ਵਿਸ਼ੇ 'ਤੇ ਹੋਈ ਚਰਚਾ 'ਤੇ ਧਿਆਨ ਦਿੰਦੇ ਹੋਏ 'ਇੰਡੀਆ ਟੁਡੇ' ਦੇ ਸੀਨੀਅਰ ਪੱਤਰਕਾਰ ਸੰਦੀਪ ਉਨੀਥਨ ਨੇ ਮੈਗਜ਼ੀਨ ਦੇ 31 ਜਨਵਰੀ, 2014 ਦੇ ਅੰਕ ਵਿੱਚ 'ਸਨੈਚ ਐਂਡ ਗਰੈਬ' ਸਿਰਲੇਖ ਨਾਲ ਇੱਕ ਲੇਖ ਲਿਖਿਆ ਸੀ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਇਸ ਖ਼ੁਫ਼ੀਆ ਆਪ੍ਰੇਸ਼ਨ ਨੂੰ 'ਆਪ੍ਰੇਸ਼ਨ ਸਨਡਾਊਨ' ਦਾ ਨਾਂ ਦਿੱਤਾ ਗਿਆ ਸੀ। ''ਯੋਜਨਾ ਸੀ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਉਨ੍ਹਾਂ ਦੇ ਗੁਰੂ ਨਾਨਕ ਨਿਵਾਸ ਟਿਕਾਣੇ ਤੋਂ ਫੜ ਕੇ ਹੈਲੀਕਾਪਟਰ ਜ਼ਰੀਏ ਬਾਹਰ ਲੈ ਜਾਇਆ ਜਾਏ।” “ਇਸ ਯੋਜਨਾ ਨੂੰ ਇੰਦਰਾ ਗਾਂਧੀ ਦੇ ਸੀਨੀਅਰ ਸਲਾਹਕਾਰ ਰਾਮਨਾਥ ਕਾਵ ਦੀ ਮੌਜੂਦਗੀ ਵਿੱਚ ਉਨ੍ਹਾਂ ਦੇ 1 ਅਕਬਰ ਰੋਡ ਨਿਵਾਸ 'ਤੇ ਉਨ੍ਹਾਂ ਸਾਹਮਣੇ ਰੱਖਿਆ ਗਿਆ ਸੀ ਪਰ ਇੰਦਰਾ ਗਾਂਧੀ ਨੇ ਇਸ ਯੋਜਨਾ ਨੂੰ ਇਹ ਕਹਿ ਕੇ ਅਸਵੀਕਾਰ ਕਰ ਦਿੱਤਾ ਸੀ ਕਿ ਇਸ ਵਿੱਚ ਕਈ ਲੋਕ ਮਾਰੇ ਜਾ ਸਕਦੇ ਹਨ।'' ਰਾਅ ਵਿੱਚ ਵਿਸ਼ੇਸ਼ ਸਕੱਤਰ ਦੇ ਅਹੁਦੇ 'ਤੇ ਕੰਮ ਕਰ ਚੁੱਕੇ ਅਤੇ ਮਰਹੂਮ ਵਿਦੇਸ਼ ਮੰਤਰੀ ਸਵਰਣ ਸਿੰਘ ਦੇ ਜੁਆਈ ਜੀ. ਬੀ. ਐੱਸ. ਸਿੱਧੂ ਦੀ ਇੱਕ ਕਿਤਾਬ ਹਾਲ ਹੀ ਵਿੱਚ 'ਦਿ ਖ਼ਾਲਿਸਤਾਨ ਕਾਂਸਪਿਰੇਸੀ' ਪ੍ਰਕਾਸ਼ਿਤ ਹੋਈ ਹੈ ਜਿਸ ਵਿੱਚ ਉਨ੍ਹਾਂ ਨੇ ਇਸ ਯੋਜਨਾ 'ਤੇ ਹੋਰ ਰੋਸ਼ਨੀ ਪਾਈ ਹੈ। ਜੀਬੀਐੱਸ ਸਿੱਧੂ ਦੱਸਦੇ ਹਨ, ''ਨਾਗਰਾਨੀ ਨੇ ਮੈਨੂੰ ਦੱਸਿਆ ਸੀ ਕਿ ਦਸੰਬਰ, 1983 ਦੇ ਅੰਤ ਵਿੱਚ ਕਾਵ ਨੇ ਮੈਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਭਿੰਡਰਾਂਵਾਲੇ ਨੂੰ ਅਗਵਾ ਕਰਨ ਲਈ ਐੱਸਐੱਫਐੱਫ ਦੇ ਹੈਲੀਕਾਪਟਰਾਂ ਨੂੰ ਆਪ੍ਰੇਸ਼ਨ ਦੀ ਜ਼ਿੰਮੇਵਾਰੀ ਸੌਂਪੀ ਸੀ। ਭਿੰਡਰਾਂਵਾਲੇ ਨੂੰ ਅਗਵਾ ਹਰਿਮੰਦਰ ਸਾਹਿਬ ਦੀ ਲੰਗਰ ਦੀ ਛੱਤ ਤੋਂ ਕੀਤਾ ਜਾਣਾ ਸੀ ਜਿੱਥੇ ਉਹ ਰੋਜ਼ਾਨਾ ਸ਼ਾਮ ਨੂੰ ਆਪਣਾ ਸੰਦੇਸ਼ ਦਿੰਦੇ ਹੁੰਦੇ ਸਨ।'' ''ਇਸ ਲਈ ਦੋ ਐੱਮਆਈ ਹੈਲੀਕਾਪਟਰਾਂ ਅਤੇ ਕੁਝ ਬੁਲਿਟਪਰੂਫ ਵਾਹਨਾਂ ਦੀ ਵਿਵਸਥਾ ਕੀਤੀ ਜਾਣੀ ਸੀ ਤਾਂ ਕਿ ਭਿੰਡਰਾਂਵਾਲੇ ਨੂੰ ਉੱਥੋਂ ਕੱਢ ਕੇ ਨਾਲ ਦੀ ਸੜਕ ਤੱਕ ਪਹੁੰਚਾਇਆ ਜਾ ਸਕੇ ਇਸ ਲਈ ਨਾਗਰਾਨੀ ਨੇ ਸੀਆਰਪੀਐੱਫ ਜਵਾਨਾਂ ਵੱਲੋਂ ਖੇਤਰ ਦਾ ਤਿੰਨ ਪਰਤਾਂ ਦਾ ਘੇਰਾ ਬਣਾਉਣ ਦੀ ਯੋਜਨਾ ਬਣਾਈ ਸੀ।'' ਨਾਗਰਾਨੀ ਨੇ ਸਿੱਧੂ ਨੂੰ ਦੱਸਿਆ ਸੀ ਕਿ ਹੈਲੀਕਾਪਟਰ ਆਪ੍ਰੇਸ਼ਨ ਤੋਂ ਤੁਰੰਤ ਪਹਿਲਾਂ ਹਥਿਆਰਬੰਦ ਸੀਆਰਪੀਐੱਫ ਦੇ ਜਵਾਨਾਂ ਵੱਲੋਂ ਹਰਿਮੰਦਰ ਸਾਹਿਬ ਦੇ ਬਾਹਰ ਇੱਕ ਘੇਰਾ ਬਣਾਇਆ ਜਾਣਾ ਸੀ ਤਾਂ ਕਿ ਆਪ੍ਰੇਸ਼ਨ ਦੀ ਸਮਾਪਤੀ ਤੱਕ ਆਮ ਲੋਕ ਕੈਂਪਸ ਦੇ ਅੰਦਰ ਜਾਂ ਬਾਹਰ ਨਾ ਜਾ ਸਕਣ। ਐੱਸਐੱਫਐੱਫ ਕਮਾਂਡੋਜ਼ ਦੇ ਦੋ ਦਲਾਂ ਨੂੰ ਬਹੁਤ ਹੇਠਾਂ ਉੱਡਦੇ ਹੋਏ ਹੈਲੀਕਾਪਟਰਾਂ ਤੋਂ ਰੱਸਿਆਂ ਜ਼ਰੀਏ ਉਸ ਸਥਾਨ 'ਤੇ ਉਤਾਰਿਆ ਜਾਣਾ ਸੀ ਜਿੱਥੇ ਜਰਨੈਲ ਸਿੰਘ ਭਿੰਡਰਾਂਵਾਲੇ ਆਪਣਾ ਭਾਸ਼ਣ ਦਿੰਦੇ ਹੁੰਦੇ ਸਨ। ਇਸ ਲਈ ਉਹ ਸਮਾਂ ਚੁਣਿਆ ਗਿਆ ਸੀ ਜਦੋਂ ਭਿੰਡਰਾਂਵਾਲੇ ਆਪਣੇ ਭਾਸ਼ਣ ਦਾ ਅੰਤ ਕਰ ਰਹੇ ਹੋਣ ਕਿਉਂਕਿ ਉਸ ਸਮੇਂ ਉਨ੍ਹਾਂ ਦੇ ਆਸਪਾਸ ਸੁਰੱਖਿਆ ਵਿਵਸਥਾ ਥੋੜ੍ਹੀ ਢਿੱਲੀ ਪੈ ਜਾਂਦੀ ਸੀ। ਯੋਜਨਾ ਸੀ ਕਿ ਕੁਝ ਕਮਾਂਡੋ ਭਿੰਡਰਾਂਵਾਲੇ ਨੂੰ ਫੜਨ ਲਈ ਦੌੜਨਗੇ ਅਤੇ ਕੁਝ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਨੂੰ ਕਾਬੂ ਵਿੱਚ ਕਰਨਗੇ। ਅਜਿਹਾ ਅਨੁਮਾਨ ਲਗਾਇਆ ਗਿਆ ਸੀ ਕਿ ਭਿੰਡਰਾਂਵਾਲੇ ਦੇ ਗਾਰਡ ਕਮਾਂਡੋਜ਼ ਨੂੰ ਦੇਖਦੇ ਹੀ ਗੋਲੀਆਂ ਚਲਾਉਣ ਲੱਗਣਗੇ। ਇਹ ਵੀ ਅਨੁਮਾਨ ਲਾ ਲਿਆ ਗਿਆ ਸੀ ਕਿ ਸੰਭਾਵਿਤ ਤੌਰ 'ਤੇ ਕਮਾਂਡੋਜ਼ ਦੇ ਹੇਠਾਂ ਉੱਤਰਨ ਤੋਂ ਪਹਿਲਾਂ ਹੀ ਗੋਲੀਆਂ ਚੱਲਣੀਆਂ ਸ਼ੁਰੂ ਹੋ ਸਕਦੀਆਂ ਹਨ। ਇਸ ਸੰਭਾਵਨਾ ਨਾਲ ਨਜਿੱਠਣ ਲਈ ਐੱਸਐੱਫਐੱਫ ਕਮਾਂਡੋਜ਼ ਨੂੰ ਦੋ ਦਲਾਂ ਵਿੱਚ ਵੰਡਿਆਂ ਜਾਣਾ ਸੀ। ਇੱਕ ਦਲ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਅਜਿਹੀ ਜਗ੍ਹਾ ਰਹਿੰਦਾ ਜਿੱਥੋਂ ਉਹ ਦਰਬਾਰ ਸਾਹਿਬ ਵੱਲ ਨੂੰ ਜਾਂਦਾ ਰਸਤਾ ਬੰਦ ਕਰ ਦਿੰਦਾ ਅਤੇ ਦੂਜਾ ਦਲ ਲੰਗਰ ਕੰਪਲੈਕਸ ਅਤੇ ਗੁਰੂ ਨਾਨਕ ਨਿਵਾਸ ਵਿਚਕਾਰ ਸੜਕ 'ਤੇ ਬੁਲਿਟਪਰੂਫ ਵਾਹਨਾਂ ਨਾਲ ਤਿਆਰ ਰਹਿੰਦਾ। ਉਸ ਬ੍ਰੀਫਿੰਗ ਦਾ ਬਿਉਰਾ ਦਿੰਦੇ ਹੋਏ ਨਾਗਰਾਨੀ ਨੇ ਜੀਬੀਐੱਸ ਸਿੱਧੂ ਨੂੰ ਦੱਸਿਆ ਕਿ ਸਭ ਕੁਝ ਸੁਣ ਲੈਣ ਦੇ ਬਾਅਦ ਇੰਦਰਾ ਗਾਂਧੀ ਨੇ ਪਹਿਲਾ ਸਵਾਲ ਪੁੱਛਿਆ ਕਿ ਇਸ ਆਪ੍ਰੇਸ਼ਨ ਵਿੱਚ ਕਿੰਨੇ ਲੋਕਾਂ ਦੀ ਜਾਨ ਜਾ ਸਕਦੀ ਹੈ? ਨਾਗਰਾਨੀ ਨੇ ਜਵਾਬ ਦਿੱਤਾ, ''ਅਸੀਂ ਆਪਣੇ ਦੋਵੇਂ ਹੈਲੀਕਾਪਟਰ ਗੁਆ ਸਕਦੇ ਹਾਂ। ਕੁੱਲ ਭੇਜੇ ਗਏ ਕਮਾਂਡੋਜ਼ ਵਿੱਚੋਂ 20 ਫ਼ੀਸਦੀ ਮਾਰੇ ਜਾ ਸਕਦੇ ਹਨ।'' ਨਾਗਰਾਨੀ ਨੇ ਸਿੱਧੂ ਨੂੰ ਦੱਸਿਆ ਕਿ ਇੰਦਰਾ ਗਾਂਧੀ ਦਾ ਅਗਲਾ ਸਵਾਲ ਸੀ ਕਿ ਇਸ ਮੁਹਿੰਮ ਵਿੱਚ ਕਿੰਨੇ ਆਮ ਲੋਕਾਂ ਦੀ ਜਾਨ ਜਾ ਸਕਦੀ ਹੈ। ਨਾਗਰਾਨੀ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਇਹ ਆਪ੍ਰੇਸ਼ਨ ਵਿਸਾਖੀ ਦੇ ਆਸ ਪਾਸ ਕੀਤਾ ਜਾਣਾ ਸੀ। ਨਾਗਰਾਨੀ ਮੁਤਾਬਕ ਉਨ੍ਹਾਂ ਨੂੰ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਸੀ ਕਿ ਉਸ ਦਿਨ ਹਰਿਮੰਦਰ ਸਾਹਿਬ ਵਿੱਚ ਕਿੰਨੇ ਲੋਕ ਮੌਜੂਦ ਰਹਿਣਗੇ। ਅੰਤ ਵਿੱਚ ਉਨ੍ਹਾਂ ਕਿਹਾ ਕਿ ਇਸ ਆਪ੍ਰੇਸ਼ਨ ਦੌਰਾਨ ਸਾਡੇ ਸਾਹਮਣੇ ਆਏ ਆਮ ਲੋਕਾਂ ਵਿੱਚੋਂ ਵੀਹ ਫ਼ੀਸਦੀ ਲੋਕਾਂ ਦੀ ਜਾਨ ਜਾ ਸਕਦੀ ਹੈ। ਇਸ ਤੋਂ ਬਾਅਦ 'ਆਪ੍ਰੇਸ਼ਨ ਸਨਡਾਊਨ' ਨੂੰ ਰੱਦ ਕਰ ਦਿੱਤਾ ਗਿਆ। ਆਪ੍ਰੇਸ਼ਨ ਸਨਡਾਊਨ ਤਾਂ ਰੱਦ ਕਰ ਦਿੱਤਾ ਗਿਆ ਪਰ ਇਸ ਦੇ ਸਿਰਫ਼ ਤਿੰਨ ਮਹੀਨੇ ਬਾਅਦ ਆਪ੍ਰੇਸ਼ਨ ਬਲੂਸਟਾਰ ਨੂੰ ਅੰਜਾਮ ਦਿੱਤਾ ਗਿਆ, ਜਿਸ ਵਿੱਚ ਕਿਤੇ ਜ਼ਿਆਦਾ ਆਮ ਲੋਕ ਅਤੇ ਸੈਨਿਕ ਮਾਰੇ ਗਏ।(ਬੀਬੀ ਸੀ) ਸਤੀਸ਼ ਜੈਕਬ ਕਹਿੰਦੇ ਹਨ ਕਿ ‘ਸੰਤ ਜੀ ਇੰਨੇ ਵੱਡੇ ਵਿਅਕਤੀ ਸਨ ਜਿਸ ਨੂੰ ਸ਼ਹੀਦ ਕਰਕੇ ਇੰਦਰਾ ਗਾਂਧੀ ਨੇ ਵੀ ਕੁਝ ਨਹੀਂ ਖੱਟਿਆ ਪਰ ਦੁੱਖ ਇਸ ਗੱਲ ਦਾ ਹੈ ਕਿ ਸਿੱਖ ਸਾਡੀ ਬਹੁਤ ਮਾਰਸ਼ਲ ਕੌਮ ਹੈ, ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਸਥਾਪਤ ਕੀਤਾ, ਅੰਗਰੇਜ਼ਾਂ ਦੀ ਪ੍ਰਵਾਹ ਨਹੀਂ ਕੀਤੀ। ਇਸ ਤੋਂ ‌ਪਹਿਲਾਂ ਗੁਰੂ ਗੋਬਿੰਦ ਸਿੰਘ ਨੇ ਮੁਗ਼ਲਾਂ ਨਾਲ ਸਿੱਧੀ ਲੜਾਈ ਲੜੀ ਤੇ ਇਕ ਵੀ ਲੜਾਈ ਨਹੀਂ ਹਾਰੀ, ਸਿੱਖਾਂ ਨੇ ਅਹਿਮਦ ਸ਼ਾਹ ਦੁਰਾਨੀ ਵਰਗੇ ਵੱਡੇ ਤੇ ਖ਼ਤਰਨਾਕ ਮੁਗ਼ਲ ਹਾਕਮਾਂ ਨਾਲ ਸਿੱਧਾ ਪੰਗਾ ਲਿਆ ਪਰ ਹਾਰ ਨਹੀਂ ਮੰਨੀ। ਅਫ਼ਗ਼ਾਨਿਸਤਾਨ ਦੀ ਲੜਾਈ ਵਿਚ ਸਭ ਤੋਂ ਵੱਧ ਸਿੱਖਾਂ ਨੇ ਹੀ ਵਿਕਟੋਰੀਆ ਸਿੱਕੇ ਜਿੱਤੇ। ਭਾਰਤ ਦੀ ਹਰ ਇਕ ਲੜਾਈ ਵਿਚ ਸਿੱਖ ਰਜਮੈਂਟ ਨੇ ਅੱਗੇ ਹੋ ਕੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਦੇਸ਼ ਦੀ ਹਰ ਤਰੱਕੀ ਵਿਚ ਯੋਗਦਾਨ ਪਾਇਆ ਪਰ ਭਾਰਤ ਸਰਕਾਰ ਨੇ ਇਨ੍ਹਾਂ ਨੂੰ ਕੀ ਦਿੱਤਾ। ਸਗੋਂ ਇਨ੍ਹਾਂ ਦੇ ਸਵਰਨ ਮੰਦਰ ਤੇ ਹੀ ਅਟੈਕ ਕਰਕੇ ਹਜ਼ਾਰਾਂ ਲੋਕ ਮਾਰ ਦਿੱਤੇ, ਕਿੰਨੇ ਸ਼ਰਮ ਦੀ ਗੱਲ ਹੈ।’ ਸਤੀਸ਼ ਜੈਕਬ ਕਹਿੰਦੇ ਹਨ ਕਿ ‘ਸੰਤ ਜੀ ਦੀ ਇੱਜ਼ਤ ਇੱਥੇ ਪੰਜਾਬ ਦੇ ਲੋਕ ਕਿੰਨੀ ਕੁ ਕਰਦੇ ਹਨ? ਹਾਂ ਉਨ੍ਹਾਂ ਦੀ ਇੱਜ਼ਤ ਤਾਂ ਕਰਦੇ ਹਨ ਪਰ ਕਰਦੇ ਹਨ ਕੈਨੇਡਾ, ਅਮਰੀਕਾ ਤੇ ਹੋਰ ਬਾਹਰਲੇ ਮੁਲਕਾਂ ਦੇ ਸਿੱਖ, ਪੰਜਾਬ ਵਿਚ ਕੌਣ ਉਨ੍ਹਾਂ ਦੀ ਇੱਜ਼ਤ ਕਰਦਾ ਹੈ’ ਸਤੀਸ਼ ਜੈਕਬ ਕਹਿੰਦੇ ਹਨ ਕਿ ‘ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰ ਅਕਾਲੀ ਲੀਡਰਾਂ ਤੋਂ ਕਿਤੇ ਚੰਗੇ ਲੀਡਰ ਸਨ, ਜੇਕਰ ਅੱਜ ਉਹ ਹੁੰਦੇ ਤਾਂ ਉਹ ਹੀ ਅੱਜ ਸਭ ਤੋਂ ਵੱਡੇ ਅਕਾਲੀ ਲੀਡਰ ਹੁੰਦੇ, ਪਰ ਦੂਜੇ ਅਕਾਲੀ ਲੀਡਰ ਨਹੀਂ ਚਾਹੁੰਦੇ ਸਨ ਕਿ ਸੰਤ ਲੌਂਗੋਵਾਲ ਇੱਥੇ ਲੀਡਰੀ ਕਰੇ ਤਾਂ ਹੀ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਲੌਂਗੋਵਾਲ ਤੇ ਰਾਜੀਵ ਸਮਝੌਤਾ ਜੇਕਰ ਲਾਗੂ ਹੁੰਦਾ ਤਾਂ ਕਾਫ਼ੀ ਕੁਝ ਸਿੱਖਾਂ ਦਾ ਹੱਲ ਹੋ ਜਾਣਾ ਸੀ ਪਰ ਕੁਝ ਅਕਾਲੀ ਲੀਡਰ ਇਹ ਨਹੀਂ ਚਾਹੁੰਦੇ ਸੀ’ ਸਤੀਸ਼ ਜੈਕਬ ਕਹਿੰਦੇ ਹਨ ‘ਜਦੋਂ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਤਾਂ ਉਸ ਵੇਲੇ ਦਿਲੀ ਤੋਂ ਲੈ ਕੇ ਹੋਰ ਕਈ ਜਗ੍ਹਾ ਸਿੱਖਾਂ ਦਾ ਕਤਲੇਆਮ ਹੋਇਆ, ਜੇਕਰ ਰਾਜੀਵ ਗਾਂਧੀ ਇਹ ਕਤਲੇਆਮ ਰੋਕ ਲੈਂਦੇ ਤਾਂ ਵੀ ਸਿੱਖਾਂ ਨਾਲ ਭਾਰਤ ਦੀ ਨੇੜਤਾ ਬਣ ਜਾਣੀ ਸੀ ਪਰ ਸਿੱਖਾਂ ਦਾ ਕਤਲ ਹੀ ਕੀਤਾ ਗਿਆ ਸਿੱਖਾਂ ਨੂੰ ਮਾਰਿਆ ਹੀ ਗਿਆ, ਸਿੱਖਾਂ ਨਾਲ ਗ਼ਲਤ ਹੀ ਕੀਤਾ ਗਿਆ, ਇਸ ਕਰਕੇ ਸਿੱਖ ਭਾਰਤ ਵਿਚ ਰਹਿੰਦੇ ਵੀ ਬੇਗਾਨਗੀ ਮਹਿਸੂਸ ਕਰ ਰਹੇ ਹਨ’ ਸਤੀਸ਼ ਜੈਕਬ ਪੰਜਾਬ ਦੇ ਮੁੱਦਿਆਂ ਬਾਰੇ ਕਹਿੰਦੇ ਹਨ ‘ਚੰਡੀਗੜ੍ਹ ਪੰਜਾਬ ਨੂੰ ਮਿਲਣਾ, ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਜਾਬੀ ਬੋਲਦੇ ਇਲਾਕੇ ਤੇ ਹੋਰ ਕਈ ਸਾਰੇ ਮੁੱਦੇ ਕਦੇ ਹੱਲ ਹੋਣ ਵਾਲੇ ਨਹੀਂ ਹਨ ਕਿਉਂਕਿ ਪੰਜਾਬ ਦੇ ਲੀਡਰ ਵੀ ਨਹੀਂ ਚਾਹੁੰਦੇ ਕਿ ਇਹ ਮੁੱਦੇ ਹੱਲ ਹੋਣ’ ਸਤੀਸ਼ ਜੈਕਬ ਇਕ ਬਹੁਤ ਸਿਆਣੇ ਤੇ ਸੂਝਵਾਨ ਪੱਤਰਕਾਰ ਹਨ, ਉਨ੍ਹਾਂ ਨੇ ਪੰਜਾਬ ਦਾ ਦਰਦ ਦੇਖਿਆ, ਹਰ ਤਰ੍ਹਾਂ ਦੀ ਪੱਤਰਕਾਰੀ ਕੀਤੀ ਤੇ ਅੱਜ ਵੀ ਉਹ ਪੂਰੀ ਤਰ੍ਹਾਂ ਸਰਗਰਮ ਹਨ, ਉਹ ਪੂਰੇ ਹੌਸਲੇ ਨਾਲ ਗੱਲ ਕਰਦੇ ਹਨ। ਅਜਿਹੇ ਬੇਬਾਕ ਤੇ ਨਿਧੜਕ ਸਿਰੜੀ ਪੱਤਰਕਾਰ ਬਾਰੇ ਕਿਤਾਬ ਲਿਖੀ ਜਾ ਸਕਦੀ ਹੈ ਪਰ ਅੱਜ ਏਨਾ ਹੀ ਸਵੀਕਾਰ ਕਰਨਾ ਜੀ। ਬਾਕੀ ਛਪ ਰਹੀ ਕਿਤਾਬ ਵਿਚ, ਸਤੀਸ਼ ਜੈਕਬ ਦੀ ਲੰਬੀ ਤੰਦਰੁਸਤੀ ਭਰੀ ਉਮਰ ਦੀ ਕਾਮਨਾ ਕਰਦਾ ਹਾਂ.. ਆਮੀਨ! ਗੁਰਨਾਮ ਸਿੰਘ ਅਕੀਦਾ 8146001100
ਉਘੇ ਲੇਖਕ ਖੁਸ਼ਵੰਤ ਸਿੰਘ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ
ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਆਉਂਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਫੋਟੋਆਂ ਬੀਬੀਸੀ ਤੋਂ ਧੰਨਵਾਦ ਸਾਹਿਤ

Thursday, October 13, 2022

ਸਹਿਜਤਾ ਨਾਲ ਪੱਤਰਕਾਰੀ ਕਰਨ ਵਾਲਾ ਮਸਤ ਮੌਲਾ ਪੱਤਰਕਾਰ ‘ਜਸਵਿੰਦਰ ਸਿੰਘ ਦਾਖਾ’

ਪੱਤਰਕਾਰ ਨੂੰ ਭਾਂਤ ਭਾਂਤ ਦੀ ਦੁਨੀਆ ਮਿਲਦੀ ਹੈ, ਪੱਤਰਕਾਰ ਨੂੰ ਪ੍ਰਭਾਵ ਵਿਚ ਲੈਣ ਲਈ ਵੱਖ ਵੱਖ ਮਨਮੋਹਣੇ ਤਰੀਕੇ ਵੀ ਅਪਣਾਏ ਜਾਂਦੇ ਹਨ। ਹੋਟਲਾਂ ਵਿਚ ਪਾਰਟੀਆਂ, ਮਹਿੰਗੇ ਬਰੈਂਡ ਦੀਆਂ ਸ਼ਰਾਬਾਂ ਅਤੇ ਪੱਤਰਕਾਰ ਦੀਆਂ ਬੇਲੋੜੀਆਂ ਤਾਰੀਫ਼ਾਂ ਉਸ ਨੂੰ ਆਮ ਮਿਲਦੀਆਂ ਹਨ। ਖ਼ਬਰ ਭਾਵੇਂ ਪੜ੍ਹੀ ਵੀ ਨਾ ਹੋਵੇ ਤਾਂ ਵੀ ਪੱਤਰਕਾਰ ਕੋਲ ਉਸ ਦੀ ਖ਼ਬਰ ਦੀ ਬਿਨਾਂ ਮਤਲਬ ਤਾਰੀਫ਼ ਕਰਨਾ। ਇਹ ਆਮ ਹੈ, ਪਰ ਅਜਿਹੀਆਂ ਪਰਿਸਥਿਤੀਆਂ ਵਿਚ ਵੀ ਇਕ ਆਦਰਸ਼ਵਾਦੀ ਪੱਤਰਕਾਰ ਨਿਰਲੇਪ ਰਹਿੰਦਾ ਹੈ ‘ਕਮਲ ਦੇ ਫੁੱਲ ਵਾਂਗ’। ਜਿਵੇਂ ਚਿੱਕੜ ਵਿਚ ਜੜ੍ਹਾਂ ਫੈਲਾ ਕੇ ਪੈਦਾ ਹੋਏ ਕਮਲ ਦੇ ਫੁੱਲ ਦੀ ਆਪਣੀ ਇਕ ਦਿੱਖ ਹੁੰਦੀ ਹੈ। ਉਹ ਲੋਕਾਂ ਨੂੰ ਮਿਲੇ ਭਾਵੇਂ ਲੀਡਰਾਂ ਨੂੰ, ਪਰ ਜਦੋਂ ਉਹ ਖ਼ਬਰ ਲਿਖਣ ਬੈਠਦਾ ਹੈ ਤਾਂ ਉਸ ਉੱਤੇ ਕਿਸੇ ਦਾ ਵੀ ਪ੍ਰਭਾਵ ਹਾਵੀ ਨਹੀਂ ਹੁੰਦਾ। ਅਜਿਹੇ ਚੰਗੇ ਪੱਤਰਕਾਰਾਂ ਵਿਚੋਂ ਇਕ ਪੱਤਰਕਾਰ ਹੈ ‘ਜਸਵਿੰਦਰ ਸਿੰਘ ਦਾਖਾ’ ਜਿਸ ਨੇ ਸਹਿਜਤਾ ਵਿਚ ਰਹਿੰਦਿਆਂ ਮਸਤਮੌਲਾ ਅੰਦਾਜ਼ ਵਿਚ ਪੱਤਰਕਾਰੀ ਕੀਤੀ। ਪਟਿਆਲਾ ਵਿਚ 16 ਨਵੰਬਰ 1959 ਨੂੰ ਜਨਮੇ ਜਸਵਿੰਦਰ ਸਿੰਘ ਦਾਖਾ ਦਾ ਪਿਛੋਕੜ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦਾਖਾ ਨਾਲ ਜੁੜਿਆ ਹੈ। ਦਾਦਾ ਸ. ਕੇਹਰ ਸਿੰਘ ਖੇਤੀਬਾੜੀ ਕਰਦੇ ਸੀ। ਪਿਤਾ ਸ. ਰਾਮ ਸਿੰਘ ਅਤੇ ਮਾਤਾ ਸ੍ਰੀਮਤੀ ਇੰਦਰਜੀਤ ਕੌਰ 1952-53 ਵਿਚ ਪਟਿਆਲਾ ਆ ਗਏ। ਪਿਤਾ ਸ. ਰਾਮ ਸਿੰਘ ਨੇ ਪਟਿਆਲਾ ਵਿਚ ਕਿਰਤ ਕਰਦਿਆਂ ਆਪਣਾ ਜੀਵਨ ਸ਼ੁਰੂ ਕੀਤਾ। ਦਾਖਾ ਹੋਰੀਂ ਇਕ ਭੈਣ ਦੇ ਤਿੰਨ ਭਰਾ ਹਨ। -ਪੱਤਰਕਾਰੀ ਦੀ ਸ਼ੁਰੂਆਤ- ਜਸਵਿੰਦਰ ਸਿੰਘ ਦਾਖਾ ਹੋਰੀਂ ਉਦੋਂ ਮਸਾਂ 5ਵੀਂ ‌ਵਿਚ ਪੜ੍ਹਦੇ ਸਨ। ਉਸ ਵੇਲੇ ਇਕ ਖ਼ਬਰ ਬੜੀ ਨਸਰ ਹੋ ਰਹੀ ਸੀ ਕਿ ਦਰਸ਼ਨ ਸਿੰਘ ਫੈਰੁਮਾਨ 52 ਦਿਨਾਂ ਦੀ ਭੁੱਖ ਹੜਤਾਲ ਕਰਦੇ ਸਮੇਂ ਅਕਾਲ ਚਲਾਣਾ ਕਰ ਗਏ ਹਨ। ਅਧਿਆਪਕ ਸੁਰਿੰਦਰ ਕੌਰ ਨੇ ਕਲਾਸ ਵਿਚ ਬੱਚਿਆਂ ਨੂੰ ਆਪਣੇ ਅਨੁਸਾਰ ਲੈਕਚਰ ਦੇਣ ਲਈ ਕਿਹਾ, ਬਾਲ ਮਨ ਸੀ ਤਾਂ ਦਾਖਾ ਹੋਰਾਂ ਨੇ ਜਿਵੇਂ ਫੈਰੁਮਾਨ ਹੋਰਾਂ ਦੀ ਖ਼ਬਰ ਸੁਣੀ ਸੀ ਉਹ ਹੀ ਕਲਾਸ ਵਿਚ ਸੁਣਾ ਦਿੱਤੀ ਤਾਂ ਸੁਰਿੰਦਰ ਕੌਰ ਨੇ ਪਹਿਲੀ ਟਿੱਪਣੀ ਕੀਤੀ ਕਿ ‘ਤੂੰ ਤਾਂ ਸਾਡਾ ਰੇਡੀਓ ਹੈਂ’। ਉਸ ਤੋਂ ਬਾਅਦ ਰੇਡੀਓ ਤੇ ਇਕ ‘ਮਿਰਚ ਮਹਾਰਾਣੀ’ ਕਹਾਣੀ ਸੁਣੀ। ਉਹ ਵੀ ਦਾਖਾ ਹੋਰਾਂ ਨੇ ਆਪਣੇ ਤਰੀਕੇ ਨਾਲ ਲਿਖੀ, ਜਦੋਂ ਉਨ੍ਹਾਂ ਨੇ ਛੇਵੀਂ ਕਲਾਸ ਵਿਚ ਮਲਟੀਪਰਪਜ਼ ਸਕੂਲ ਵਿਚ ਦਾਖਲਾ ਲਿਆ ਤਾਂ ਉਸ ਵੇਲੇ ਉਹ ਸਕੂਲ ਦੇ ਮੈਗਜ਼ੀਨ ਵਿਚ ਛਪੀ। ਪੜ੍ਹਨ ਦਾ ਸ਼ੌਕ ਹੋਣ ਕਰਕੇ ਜਿੱਥੇ ਵੀ ਕੁਝ ਅਖ਼ਬਾਰੀ ਰੂਪ ਵਿਚ ਹੁੰਦਾ ਉਹ ਪੜ੍ਹ ਲੈਂਦੇ। ਉਸ ਤੋਂ ਬਾਅਦ ਕਿਲ੍ਹਾ ਚੌਂਕ ਵਿਚ ਆਰਜੇਡੀਸੀ ਨਾਮ ਦੀ ਇਕ ਲਾਇਬ੍ਰੇਰੀ ਹੁੰਦੀ ਸੀ ਉਸ ਦੀ ਮੈਂਬਰਸ਼ਿਪ ਹਾਸਲ ਕਰ ਲਈ, ਨਾਲ ਹੀ ਸੈਂਟਰ ਸਟੇਟ ਲਾਇਬ੍ਰੇਰੀ ਪਟਿਆਲਾ ਦੀ ਮੈਂਬਰਸ਼ਿਪ ਵੀ ਹਾਸਲ ਕਰ ਲਈ। ਉਸ ਤੋਂ ਬਾਅਦ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ। ਪੜਾਈ ਦੇ ਨਾਲ ਨਾਲ ਜਾਣਕਾਰੀ ਨਾਲ ਸਬੰਧਿਤ ਤੇ ਹੋਰ ਵੱਖ ਵੱਖ ਵਿਧਾਵਾਂ ਦੀਆਂ ਕਿਤਾਬਾਂ ਪੜ੍ਹਦੇ ਰਹਿੰਦੇ। ਜਦੋਂ ਦਾਖਾ ਹੋਰੀਂ ਬੀਏ ਭਾਗ ਪਹਿਲਾ ਵਿਚ ਸਨ ਤਾਂ ਇਕ ਮੁੰਡਾ ਰਮੇਸ਼ ਬਾਲਾ ਉਨ੍ਹਾਂ ਨੂੰ ਰਣਜੀਤ ਅਖ਼ਬਾਰ ਵਿਚ ਲੈ ਗਿਆ। ਇੱਥੇ ਸੰਪਾਦਕ ਰਣਜੀਤ ਸਿੰਘ ਮਨੀ ਨੇ ਦਾਖਾ ਹੋਰਾਂ ਨੂੰ ਬਤੌਰ ਸਬ ਐਡੀਟਰ ਰੱਖ ਲਿਆ। ਉਸ ਵੇਲੇ ਰੇਡੀਓ ਤੋਂ ‘ਧੀਮੀ ਗਤੀ ਕੇ ਸਮਾਚਾਰ’ ਹਿੰਦੀ ਵਿਚ ਆਇਆ ਕਰਦੇ ਸੀ ਤਾਂ ਉਹ ਸਮਾਚਾਰ ਦੇ ਬੁਲੇਟਿਨ ਦਾ ਪੰਜਾਬੀ ਵਿਚ ਅਨੁਵਾਦ ਕਰਕੇ ਦਾਖਾ ਹੋਰੀਂ ਅਖ਼ਬਾਰ ਵਿਚ ਦੇ ਦਿੰਦੇ, ਇਹ ਕੰਮ ਉਨ੍ਹਾਂ ਦਾ ਸਿਰਫ਼ 15 ਕੁ ਮਿੰਟ ਦਾ ਹੁੰਦਾ ਸੀ। ਇਸ ਵੇਲੇ ਰਣਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਐੱਚ ਐੱਸ ਮਿਹਰ ਸਿੰਘ ਹੁੰਦੇ ਸੀ, ਉਨ੍ਹਾਂ ਨੇ ਦਾਖਾ ਹੋਰਾਂ ਦਾ ਕੰਮ ਦੇਖਿਆ, ਉਹ ਕਹਿਣ ਲੱਗੇ ਕਿ ‘ਤੂੰ 15 ਮਿੰਟਾਂ ਵਿਚ ਆਪਣਾ ਕੰਮ ਨਬੇੜ ਕੇ ਤੇ ਤਨਖ਼ਾਹ ਪੂਰੀ ਲੈ ਲੈਂਦਾ ਹੈਂ, ਇਹ ਤਾਂ ਪ੍ਰੈੱਸ ’ਤੇ ਭਾਰ ਹੈ’ ਅਜਿਹੀ ਗੱਲ ਜਸਵਿੰਦਰ ਸਿੰਘ ਦਾਖਾ ਹੋਰਾਂ ਨੂੰ ਚੰਗੀ ਨਾ ਲੱਗੀ ਤਾਂ ਉਨ੍ਹਾਂ ਰਣਜੀਤ ਅਖ਼ਬਾਰ ਛੱਡ ਦਿੱਤੀ। ਉਸ ਤੋਂ ਬਾਅਦ ਜਗਜੀਤ ਸਿੰਘ ਦਰਦੀ ਹੋਰਾਂ ਵੱਲੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਅਖ਼ਬਾਰ ‘ਚੜ੍ਹਦੀਕਲਾ’ ਵਿਚ ਬਤੌਰ ‘ਸਬ ਐਡੀਟਰ’ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉੱਥੇ ਵੀ ਬਹੁਤਾ ਚਿਰ ਮਨ ਨਹੀਂ ਲੱਗਾ ਤਾਂ ਪਟਿਆਲਾ ਵਿਚੋਂ ਹੀ ਮੋਹਨ ਸਿੰਘ ਪ੍ਰੇਮ ਵੱਲੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ ‘ਨਵਾਂ ਸਵੇਰ’ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਇਕ ਰਾਮਪੁਰਾ ਫੂਲ ਦਾ ਮੁੰਡਾ ਹੁੰਦਾ ਸੀ ਜਸਬੀਰ ਸਿੰਘ ਜੱਸੀ, ਉਸ ਨੇ ਦਾਖਾ ਹੋਰਾਂ ਨੂੰ ਆਪਣੇ ਕੋਲ ਪਿਆ ਕੈਮਰਾ ਦੇ ਦਿੱਤਾ। ਉਹ ਕੈਮਰਾ ਲੈ ਕੇ ਸਨੌਰ ਜਾ ਰਹੇ ਸਨ ਕਿ ਰਸਤੇ ਵਿਚ ਗੱਡੀ ਲੋਹਾਰ ਬੈਠੇ ਸੀ, ਉੱਥੇ ਇਕ ਪੱਤਰਕਾਰ ਦੀ ਨਜ਼ਰ ਨੇ ਕੰਮ ਕੀਤਾ, ਗੱਡੀ ਲੋਹਾਰਾਂ ਦੀ ਇਕ ਔਰਤ ਹੁੱਕਾ ਪੀ ਰਹੀ ਸੀ, ਉਸ ਦਾ ਇਕ ਬੱਚਾ ਉਸ ਔਰਤ ਦੀਆਂ ਛਾਤੀਆਂ ਚੋਂ ਦੁੱਧ ਚੁੰਘ ਰਿਹਾ ਸੀ ਤੇ ਇਕ ਨੰਗਾ ਬੱਚਾ ਕੋਲ ਖੜ੍ਹਾ ਸੀ, ਇਹ ਫ਼ੋਟੋ ਆਪਣੇ ਕੈਮਰੇ ਵਿਚ ਦਾਖਾ ਹੋਰਾਂ ਨੇ ਕੈਦ ਕਰ ਲਈ ਤੇ ਉਸ ਔਰਤ ਨੂੰ ਦੋ ਰੁਪਏ ਵੀ ਦੇ ਦਿੱਤੇ। ਇਹ ਫ਼ੋਟੋ ਉਨ੍ਹਾਂ ਪੰਜਾਬੀ ‌ਟ੍ਰਿਬਿਊਨ ਵਿਚ ਭੇਜ ਦਿੱਤੀ, ਇਹ ਫ਼ੋਟੋ ਪੰਜਾਬੀ ਟ੍ਰਿਬਿਊਨ ਦੇ ‘ਇਹੋ ਹਮਾਰਾ ਜੀਵਣਾ’ ਕਾਲਮ ਵਿਚ ਛਪੀ ਤੇ ਉਸ ਫ਼ੋਟੋ ਤੇ ਦਾਖਾ ਹੋਰਾਂ ਨੂੰ ਪੰਜਾਬੀ ਟ੍ਰਿ‌ਬਿਊਨ ਨੇ 30 ਰੁਪਏ ਵੀ ਭੇਜੇ। ਇਸੇ ਤਰ੍ਹਾਂ ਦਸਹਿਰੇ ਤੋਂ ਪਹਿਲਾਂ ਕਈ ਸਾਰੇ ਪਿੰਡਾਂ ਵਿਚ ਨਰਾਤਿਆਂ ਨੂੰ ਦੀਵਾਰਾਂ ਦੇ ਸਾਂਝੀ ਲਗਾਈ ਜਾਂਦੀ ਹੈ। ਉਸ ਸਾਂਝੀ ਕੋਲ ਕੁਝ ਔਰਤਾਂ ਤੇ ਕੁੜੀਆਂ ਆਰਤੀ ਵਾਂਗ ਗੀਤ ਗਾ ਰਹੀਆਂ ਸਨ, ਉਹ ਸਾਰੀ ਕਹਾਣੀ ਬਣਾ ਕੇ ਦਾਖਾ ਹੋਰਾਂ ਨੇ ਪੰਜਾਬੀ ਟ੍ਰਿ‌‌ਬਿਊਨ ਵਿਚ ਭੇਜ ਦਿੱਤੀ। ਪੰਜਾਬੀ ਟ੍ਰਿਬਿਊਨ ਨੇ ਇਹ ਫ਼ੋਟੋ ਫ਼ਰੰਟ ਪੇਜ ਤੇ ਛਾਪੀ ਅਤੇ ਇਸ ਫ਼ੋਟੋ ਨਾਲ ਭੇਜਿਆ ਆਰਟੀਕਲ ਅੰਦਰਲੇ ਪੇਜ ਵਿਚ ਅੱਠ ਕਾਲਮਾਂ ਦਾ ਛਾਪਿਆ। ਕੈਮਰਾ ਦੇਣ ਵਾਲਾ ਜੱਸੀ ਤੇ ਦਾਖਾ ਹੋਰੀਂ ਇਕ ਦਿਨ ਪੰਜਾਬੀ ਟ੍ਰਿਬਿਊਨ ਵਿਚ ਚਲੇ ਗਏ, ਉਸ ਵੇਲੇ ਪੰਜਾਬੀ ਟ੍ਰਿ‌‌‌ਬਿਊਨ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਹੁੰਦੇ ਸਨ। ਦਾਖਾ ਹੋਰੀਂ ਚਾਹੁੰਦੇ ਸੀ ਕਿ ਉਹ ਪੰਜਾਬੀ ਟ੍ਰਿ‌‌ਬਿਊਨ ਦੇ ਪੱਤਰਕਾਰ ਬਣ ਜਾਣ ਪਰ ਬਰਜਿੰਦਰ ਸਿੰਘ ਹਮਦਰਦ ਦਾਖਾ ਹੋਰਾਂ ਨੂੰ ‘ਅਜੀਤ’ ਵਿਚ ਲੈ ਗਏ। ਅਜੀਤ ਦੇ ਪੱਤਰਕਾਰ ਬਣਨ ਤੋਂ ਬਾਅਦ ਵੀ ਦਾਖਾ ਹੋਰਾਂ ਨੂੰ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ, ਇਸ ਵੇਲੇ ਪਟਿਆਲਾ ਵਿਚ ਅਜੀਤ ਦੇ ਸਥਾਪਤ ਪੱਤਰਕਾਰ ਗਿਆਨੀ ਮੋਹਰ ਸਿੰਘ ਰੰਗ ਤੇ ਆਈ ਐੱਸ ਚਾਵਲਾ ਸਨ। ਪਟਿਆਲਾ ਵਿਚ ਪੱਤਰਕਾਰੀ ਵਜੋਂ ਪੈਰ ਜਮਾਉਣ ਵਿਚ ਸਥਾਪਤ ਪੱਤਰਕਾਰਾਂ ਵੱਲੋਂ ਕਾਫ਼ੀ ਮੁਸ਼ਕਲਾਂ ਖੜੀਆਂ ਕੀਤੀਆਂ (ਇਹ ਮੇਰੇ ਨਾਲ ਵੀ ਹੋਇਆ, ਕਦੇ ਸਾਂਝਾ ਕਰਾਂਗੇ ਪੁਰੀ ਕਹਾਣੀ) ਉਸ ਵੇਲੇ ਪੱਤਰਕਾਰੀ ਬੜੀ ਮੁਸ਼ਕਿਲ ਕੰਮ ਹੁੰਦਾ ਸੀ, ਕਿਤੇ ਕਿਤੇ ਟੈਲੀਫ਼ੋਨ ਹੁੰਦੇ ਸਨ। ਪਹਿਲਾਂ ਕਾਲ ਬੁੱਕ ਕਰਾਉਣੀ ਪੈਂਦੀ ਸੀ, ਕਾਫ਼ੀ ਸਮਾਂ ਉਡੀਕ ਕਰਨੀ ਤੇ ਫੇਰ ਕਾਲ ਲੱਗਣੀ ਤਾਂ ਡੈਸਕ ਤੇ ਗੱਲ ਹੁੰਦੀ, ਜੇਕਰ ਖ਼ਬਰ ਜ਼ਰੂਰੀ ਹੁੰਦੀ ਤਾਂ ਫ਼ੋਨ ਤੇ ਹੀ ਸਬ ਐਡੀਟਰ ਨੂੰ ਨੋਟ ਕਰਵਾ ਦੇਣੀ। ਉਸ ਤੋਂ ਬਾਅਦ ਪਟਿਆਲਾ ਦੇ ਲੀਲ੍ਹਾ ਭਵਨ ਕੋਲ ਟੈਲੀਫ਼ੋਨ ਵਿਭਾਗ ਵਿਚ ਫੈਕਸ ਲਗਾ ਦਿੱਤੀ ਗਈ, ਪਹਿਲਾਂ ਖ਼ਬਰਾਂ ਟਾਈਪ ਕਰਨੀਆਂ ਤੇ ਫੇਰ ਖ਼ਬਰਾਂ ਫੈਕਸ ਕਰਾਉਣ ਜਾਣਾ, ਇਸ ਲਈ ਕਾਫ਼ੀ ਵਾਰ ਉਨ੍ਹਾਂ ਦੀ ਮਦਦ ਗਗਨਦੀਪ ਸਿੰਘ ਅਹੂਜਾ ਕਰਿਆ ਕਰਦੇ ਸਨ। (ਗਗਨਦੀਪ ਸਿੰਘ ਅਹੂਜਾ ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ ਹੋਰਾਂ ਦੇ ਸਪੁੱਤਰ ਹਨ, ਜਿਨ੍ਹਾਂ ਦਾ ਪਹੁ ਫੁੱਟੀ ਅਖ਼ਬਾਰ ਪਟਿਆਲਾ ਵਿਚ ਕਾਫ਼ੀ ਚਰਚਿਤ ਸੀ, ਸਾਹਿਤ ‌ਵਿਚ ਉਹ ਸਾਹਿਤਕ ਕਹਾਣੀਆਂ ਦਾ ਮੁਕਾਬਲਾ ਵੀ ਕਰਵਾਇਆ ਕਰਦੇ ਸਨ, ਉਨ੍ਹਾਂ ਬਾਰੇ ਜੇਕਰ ਤੱਥ ਮਿਲੇ ਤਾਂ ਇਸ ਕਿਤਾਬ ਦਾ ਹਿੱਸਾ ਜ਼ਰੂਰ ਬਣਾਵਾਂਗੇ। ਗਗਨਦੀਪ ਅਹੂਜਾ ਕਈ ਸਾਰੇ ਮੀਡੀਆ ਵਿਚ ਕੰਮ ਕਰ ਚੁੱਕੇ ਹਨ, ਯੂਐਨਆਈ, ਪੀਟੀਆਈ ਵਿਚ ਵੀ ਉਹ ਕੰਮ ਕਰ ਚੁੱਕੇ ਹਨ ਅੱਜ ਕੱਲ੍ਹ ਉਹ ਪੀਟੀਸੀ ਚੈਨਲ ਵਿਚ ਹਨ।) ਗਗਨਦੀਪ ਸਿੰਘ ਅਹੂਜਾ ਕੋਲ ਸਕੂਟਰ ਹੁੰਦਾ ਸੀ, ਆਮ ਤੌਰ ਤੇ ਟੈਲੀਫ਼ੋਨ ਵਿਭਾਗ ਵਿਚ ਫੈਕਸ ਕਰਨ ਲਈ ਇਕ ਪੇਜ ਦਾ ਰੇਟ 20-25 ਰੁਪਏ ਹੁੰਦਾ ਸੀ। ਕਈ ਵਾਰੀ ਪੇਜ ਵਿਚਕਾਰ ਹੀ ਬੰਦ ਹੋ ਜਾਂਦਾ ਸੀ, ਵਾਰ ਵਾਰ ਕਰਨਾ ਪੈਂਦਾ ਤਾਂ ਰੁਪਏ ਵੱਧ ਜਾਂਦੇ ਸਨ, ਬੇਸ਼ੱਕ ਉਹ ਰੁਪਏ ਅਜੀਤ ਵੱਲੋਂ ਵਾਪਸ ਦੇ ਦਿੱਤੇ ਜਾਂਦੇ ਸਨ। ਮੇਰੇ ਯਾਦ ਹੈ ਦਾਖਾ ਹੋਰਾਂ ਦਾ ਦਫ਼ਤਰ ਸ਼ੇਰਾਂਵਾਲਾ ਗੇਟ ਕੋਲ ਹੁੰਦਾ ਸੀ, ਦਫ਼ਤਰ 1992 ਵਿਚ ਖੋਲ੍ਹ ਲਿਆ ਸੀ (ਅੱਜ ਕੱਲ੍ਹ ਸ਼ੇਰਾਂ ਵਾਲਾ ਗੇਟ ਮਾਲ ਰੋਡ ਤੇ ਬਣਾ ਦਿੱਤਾ ਗਿਆ ਹੈ ਪਹਿਲਾਂ ਸ਼ੇਰਾਂ ਵਾਲਾ ਗੇਟ ਮਾਲ ਰੋਡ ਤੋਂ ਅੱਧਾ ਕੁ ਕਿੱਲੋਮੀਟਰ ਅੰਦਰ ਹੁੰਦਾ ਸੀ। ਉਹ ਗੇਟ ਖ਼ਤਮ ਕਰ ਦਿੱਤਾ ਗਿਆ, ਮਾਲ ਰੋਡ ਤੇ ਇਕ ਹੋਰ ਗੇਟ ਬਣਾ ਕੇ ਉਸ ਦੇ ਨਾਲ ਦੋ ਸ਼ੇਰ ਖੜ੍ਹਾ ਦਿੱਤੇ ਗਏ ਤਾਂ ਕਿ ਲੋਕਾਂ ਵਿਚ ਇਹ ਪ੍ਰਭਾਵ ਜਾਵੇ ਕਿ ਇੱਥੇ ਸ਼ੇਰ ਹੁੰਦੇ ਸਨ।) ਦਾਖਾ ਹੋਰਾਂ ਦਾ ਦਫ਼ਤਰ ਚੁਬਾਰੇ ਉੱਤੇ ਹੁੰਦਾ ਸੀ, ਭੀੜੀ ਜਿਹੀ ਪੌੜੀ ਹੋਣੀ ਤੇ ਉਪਰ ਚੜ ਕੇ ਅੱਗੇ ਜਿਹੇ ਜਾ ਕੇ ਦੇਖਣਾ ਕਿ ਦਾਖਾ ਹੋਰੀਂ ਆਪਣੇ ਟਾਈਪ ਰਾਈਟਰ ਤੇ ਖ਼ਬਰਾਂ ਟਾਈਪ ਕਰ ਰਹੇ ਹੁੰਦੇ ਸਨ। ਕੰਮ ਸਮੇਂ ਮਤਲਬ ਦੀ ਗੱਲ ਕਰਨਾ, ਉਂਜ ਵੀ ਦਾਖਾ ਹੋਰੀਂ ਬਹੁਤ ਘੱਟ ਕਿਸੇ ਨਾਲ ਗੱਲ ਕਰਦੇ ਪਰ ਜਦੋਂ ਦਿਲ ਕਰਦਾ ਤਾਂ ਹਾਸੇ ਠੱਠੇ ਵੀ ਕਰਦੇ ਦੇਖੇ ਜਾਂਦੇ ਸਨ। ਉਹ ਗੱਲਾਂ ਵਿਚੋਂ ਗੱਲ ਸੁਣਾਉਂਦੇ ਹਨ ਕਿ ‘ਜਦੋਂ ਮੈਂ ਟੈਲੀਫ਼ੋਨ ਦੀ ਕਾਲ ਬੁੱਕ ਕਰਾਉਣੀ ਤਾਂ ਸਥਾਪਤੀ ਵਾਲੇ ਪੱਤਰਕਾਰ ਕਈ ਵਾਰੀ ਮੇਰੀ ਕਾਲ ਨੂੰ ਰੱਦ ਵੀ ਕਰਵਾ ਦਿੰਦੇ ਸਨ ਤਾਂ ਕਿ ਮੇਰੀ ਖ਼ਬਰ ਜਾਣ ਵਿਚ ਦੇਰੀ ਹੋ ਜਾਵੇ। ਪਰ ਆਪਾਂ ਕੰਮ ਕਰਦੇ ਰਹੇ, ਕੰਮ ਕਰਨਾ ਹੀ ਮੇਰਾ ਧਰਮ ਸੀ।’ ਖ਼ਬਰਾਂ ਜਲੰਧਰ ਤੱਕ ਭੇਜਣ ਦਾ ਬੜਾ ਮਿਹਨਤ ਦਾ ਕੰਮ ਹੁੰਦਾ ਸੀ, ਸਵੇਰੇ ਹੀ ਖ਼ਬਰਾਂ ਲਿਖਣੀਆਂ ਜਾਂ ਟਾਈਪ ਕਰਨੀਆਂ ਸ਼ੁਰੂ ਕਰਨੀਆਂ, ਸਵੇਰ ਦੀਆਂ ਖ਼ਬਰਾਂ ਬੱਸ ਸਟੈਂਡ ਜਾ ਕੇ ਜਲੰਧਰ ਜਾਂਦੀ ਬੱਸ ਦੇ ਡਰਾਈਵਰ ਨੂੰ ਫੜਾ ਆਉਣੀਆਂ, ਡਰਾਈਵਰ ਨੇ ਜਲੰਧਰ ਵਿਚ ਜਾ ਕੇ ਅਖ਼ਬਾਰ ਦੇ ਲੱਗੇ ਬਕਸੇ ਵਿਚ ਖ਼ਬਰਾਂ ਪਾ ਦੇਣੀਆਂ, ਇਹੀ ਕੰਮ ਸ਼ਾਮ ਵੇਲੇ ਵੀ ਹੁੰਦਾ ਸੀ। ਉਸ ਵੇਲੇ ਖ਼ਬਰਾਂ ਛਪਾਉਣ ਵਿਚ ਡਰਾਈਵਰਾਂ ਤੇ ਕੰਡਕਟਰਾਂ ਦਾ ਬੜਾ ਯੋਗਦਾਨ ਹੁੰਦਾ ਸੀ। ਜੇਕਰ ਡਰਾਈਵਰ ਤੇ ਕੰਡਕਟਰ ਖ਼ਬਰਾਂ ਲੈ ਕੇ ਜਾਣ ਤੋਂ ਮਨਾ ਕਰ ਦਿੰਦੇ ਤਾਂ ਸ਼ਾਇਦ ਬਹੁਤ ਸਾਰੀਆਂ ਖ਼ਬਰਾਂ ਅਖ਼ਬਾਰਾਂ ਦੇ ਕਾਲਮਾਂ ਦਾ ਹਿੱਸਾ ਬਣਨ ਤੋਂ ਰਹਿ ਜਾਂਦੀਆਂ। ਦਾਖਾ ਹੋਰੀਂ ਕਹਿੰਦੇ ਹਨ ਕਿ ‘ਇਕ ਵਾਰ ਅਸੀਂ ਫ਼ਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਤੇ ਜਾ ਰਹੇ ਸੀ ਮੇਰੇ ਨਾਲ ਗੁਰਪ੍ਰੀਤ ਸਿੰਘ ਮੰਡਿਆਣੀ (ਇਕ ਖ਼ੋਜੀ ਪੱਤਰਕਾਰ) ਤੇ ਅਮਰੀਕ ਸਿੰਘ ਮਲਕਪੁਰ ਵੀ ਸਨ। ਉਨ੍ਹਾਂ ਨੇ ਮੇਰੀ ਜਾਣ ਪਹਿਚਾਣ ਪਟਿਆਲਾ ਦੇ ਉਸ ਵੇਲੇ ਦੇ ਏਪੀਆਰਓ ਉਜਾਗਰ ਸਿੰਘ ਨਾਲ ਕਰਵਾਈ। ਗੁਰਪ੍ਰੀਤ ਸਿੰਘ ਹੋਰਾਂ ਨੇ ਮੇਰਾ ਬੜਾ ਸਾਥ ਦਿੱਤਾ, ਉਨ੍ਹਾਂ ਮੈਨੂੰ ਵਰਤਣ ਲਈ ਆਪਣਾ ਹਰੇ ਰੰਗ ਦਾ ਚੇਤਕ ਸਕੂਟਰ ਵੀ ਦਿੱਤਾ।’ ਆਮ ਪੱਤਰਕਾਰਾਂ ਵਾਂਗ ਦਾਖਾ ਹੋਰਾਂ ਨੂੰ ਵੀ ਸਰਕਾਰੀ ਮਾਨਤਾ ਲੈਣ ਲਈ ਸੰਘਰਸ਼ ਕਰਨਾ ਪਿਆ, ਸਥਾਪਤੀ ਵਾਲੇ ਪੱਤਰਕਾਰ ਨਹੀਂ ਚਾਹੁੰਦੇ ਸਨ ਕਿ ਜਸਵਿੰਦਰ ਸਿੰਘ ਦਾਖਾ ਪੱਤਰਕਾਰੀ ਵਿਚ ਆਪਣੇ ਪੈਰ ਜਮਾ ਸਕੇ। ਪਰ ਉਹ ਸਿਰੜੀ ਨਿਕਲੇ ਤੇ ਆਪਣਾ ਕੰਮ ਕਰਦੇ ਰਹੇ। ਦਾਖਾ ਹੋਰਾਂ ਨੇ ਐਕਰੀਡੇਸ਼ਨ ਕਰਾਉਣੀ ਸੀ, ਉਸ ਲਈ ਬੜੀਆਂ ਅੜਚਣਾਂ ਆ ਰਹੀਆਂ ਸਨ ਪਰ ਇਹ ਸਾਰੀਆਂ ਅੜਚਣਾਂ ਦੂਰ ਕਰਨ ਵਿਚ ਮੌਕੇ ਤੇ ਡੀਪੀਆਰਓ ਸੁਖਦੇਵ ਸਿੰਘ ਨੇ ਬੜਾ ਸਾਥ ਦਿੱਤਾ, ਉਸ ਨੇ ਦਾਖਾ ਹੋਰਾਂ ਦੀ ਐਕਰੀਡੈਸ਼ਨ ਕਰਵਾ ਕੇ ਦਿੱਤੀ। ਕੁਝ ਸਮਾਂ ਬਾਅਦ ਦਾਖਾ ਹੋਰਾਂ ਨੂੰ ਇਕ ਟੈਲੀਫ਼ੋਨ ਵੀ ਮਿਲ ਗਿਆ ਜਿਸ ਦਾ ਨੰਬਰ ਸੀ 212117, ਘਰ ਨੇੜੇ ਹੋਣ ਕਰਕੇ ਇੱਕੋ ਨੰਬਰ ਘਰ ਵਿਚ ਵੀ ਚੱਲ ਜਾਂਦਾ ਸੀ। ਹੁਣ ਥੋੜ੍ਹਾ ਕੰਮ ਸੁਖਾਲਾ ਹੋਣ ਲੱਗ ਪਿਆ ਸੀ। ਹੁਣ ਹੋਰ ਅਖ਼ਬਾਰਾਂ ਦੇ ਸਾਥੀ ਪੱਤਰਕਾਰ ਵੀ ਸਾਥ ਦੇਣ ਲੱਗ ਪਏ ਸਨ ਜਿਵੇਂ ਕਿ ਪੰਜਾਬੀ ਟ੍ਰਿਬਿਊਨ ਦੇ ਸਰੋਜ ਸਰਹਿੰਦ, ਜਗਬਾਣੀ ਪੰਜਾਬ ਕੇਸਰੀ ਦੇ ਭੂਸ਼ਣ ਸਰਹਿੰਦੀ, ਦਾ ਟ੍ਰਿਬਿਊਨ ਦੇ ਹਰਵੀਰ ਭੰਵਰ, ਇੰਡੀਅਨ ਐਕਸਪ੍ਰੈੱਸ ਦੇ ਵੀਰ ਚੰਦ ਹੁੰਦੇ ਸਨ। ਪੱਤਰਕਾਰ ਆਪੋ ਆਪਣਾ ਕੰਮ ਕਰਦੇ ਸਨ ਪਰ ਉਸ ਵੇਲੇ ਪੱਤਰਕਾਰ ਘੱਟ ਸਨ ਪਰ ਪੱਤਰਕਾਰਾਂ ਦੀ ਇੱਜ਼ਤ ਸੀ। ਜੋ ਵੀ ਖ਼ਬਰ ਛਪਦੀ ਸੀ ਉਸ ਦੀ ਕਾਤਰ ਡੀਪੀਆਰਓ ਵੱਲੋਂ ਡੀ ਸੀ ਨੂੰ ਭੇਜੀ ਜਾਂਦੀ ਤੇ ਡੀ ਸੀ ਨੇ ਸਬੰਧਿਤ ਵਿਭਾਗ ਨੂੰ ਖ਼ਬਰ ਸਬੰਧੀ ਕਾਰਵਾਈ ਕਰਨ ਲਈ ਲਿਖਿਆ ਜਾਂਦਾ ਤਾਂ ਖ਼ਬਰ ਦਾ ਅਸਰ ਤੁਰੰਤ ਹੀ ਹੋ ਜਾਂਦਾ ਸੀ। ਪਰ ਅੱਜ ਪੱਤਰਕਾਰ ਬਹੁਤ ਜ਼ਿਆਦਾ ਹਨ ਖ਼ਬਰਾਂ ਵੀ ਬਹੁਤ ਜ਼ਿਆਦਾ ਹੋ ਗਈਆਂ। ਪੱਤਰਕਾਰੀ ਦਾ ਮਿਆਰ ਘੱਟ ਗਿਆ। ਪਹਿਲਾਂ ਸਿਆਸੀ ਲੀਡਰ ਪੱਤਰਕਾਰਾਂ ਕੋਲ ਆ ਜਾਂਦੇ ਸਨ, ਪੱਤਰਕਾਰਾਂ ਨੂੰ ਸਵਾਲ ਕਰਨ ਦਾ ਪਤਾ ਸੀ, ਉਹ ਸਵਾਲ ਕਈ ਸਾਰੇ ਲੀਡਰਾਂ ਦੀ ਸਿਆਸਤ ਖ਼ਤਰੇ ਵਿਚ ਵੀ ਪਾਉਂਦੇ ਸਨ ਤੇ ਉਨ੍ਹਾਂ ਦੀ ਸਿਆਸਤ ਨੂੰ ਚਮਕਾਉਂਦੇ ਵੀ ਸਨ। ਪਰ ਜਦੋਂ ਲੀਡਰਾਂ ਦੇ ‘ਸਿਆਸੀ ਸਲਾਹਕਾਰ’ ਬਣੇ ਹਨ ਤਾਂ ਪੱਤਰਕਾਰਾਂ ਨਾਲੋਂ ਲੀਡਰ ਟੁੱਟ ਗਏ, ਲੀਡਰਾਂ ਦੀ ਸਿਆਸਤ ਦਾ ਮਿਆਰ ਵੀ ਨਿਰੰਤਰ ਡਿੱਗ ਰਿਹਾ ਹੈ ਤੇ ਪੱਤਰਕਾਰ ਵੀ ਹੁਣ ਖ਼ਬਰਾਂ ਦੀ ਦੌੜ ਵਿਚ ਖ਼ਬਰਾਂ ਦੀ ਰੂਹ ਦਾ ਕਤਲ ਕਰ ਰਹੇ ਹਨ। ਲੋਕਲ ਐਡੀਸ਼ਨ ਆਉਣ ਨਾਲ ਇਲਾਕੇ ਦੀਆਂ ਖ਼ਬਰਾਂ ਤਾਂ ਬਹੁਤ ਛਪਣ ਲੱਗ ਪਈਆਂ ਹਨ ਪਰ ਪੱਤਰਕਾਰ ਵੀ ਪੇਜ ਭਰਨ ਵਿਚ ਹੀ ਸਮਾਂ ਗੁਜ਼ਾਰਦੇ ਹਨ, ਖ਼ਬਰਾਂ ਦਾ ਮਿਆਰ ਕਿਤੇ ਨਜ਼ਰ ਨਹੀਂ ਆਉਂਦਾ। ਹਾਂ ਅੱਜ ਵੀ ਕੁਝ ਕੁ ਪੱਤਰਕਾਰ ਹਨ ਜਿਨ੍ਹਾਂ ਨੇ ਕੰਮ ਕਰਨ ਲਈ ਸਿਰੜ ਨੂੰ ਕਾਇਮ ਰੱਖਿਆ ਹੈ ਦਾਖਾ ਹੋਰੀਂ ਕੁਝ ਕੁ ਪੱਤਰਕਾਰਾਂ ਦਾ ਨਾਮ ਵੀ ਜ਼ਿਕਰ ਵਿਚ ਲਿਆਉਂਦੇ ਹਨ ਜਿਵੇਂ ਕਿ ਚਰਨਜੀਤ ਭੁੱਲਰ, ਦਵਿੰਦਰ ਪਾਲ, ਜੈ ਸਿੰਘ ਛਿੱਬਰ, ਨਵਦੀਪ ਢੀਂਗਰਾ ਵਰਗੇ ਪੱਤਰਕਾਰ ਅੱਜ ਵੀ ਕਾਫ਼ੀ ਗਿਣਤੀ ਵਿਚ ਹਨ ਜਿਨ੍ਹਾਂ ਦੀ ਖ਼ਬਰ ਦੀ ਚਰਚਾ ਹੁੰਦੀ ਹੈ। ਦਾਖਾ ਹੋਰੀਂ ਬੜੀ ਸਾਦਗੀ ਵਿਚ ਦੱਸਦੇ ਹਨ ਕਿ ਮੈਨੂੰ ਉਸ ਵੇਲੇ ਬੜੀ ਖ਼ੁਸ਼ੀ ਹੁੰਦੀ ਜਦੋਂ ਮੇਰੀਆਂ ਅਜੀਤ ਵਿਚ ਲੱਗੀਆਂ ਖ਼ਬਰਾਂ ਜਲੰਧਰ ਟੀਵੀ ਤੇ ਰੇਡੀਓ ਤੇ ਪੜ੍ਹੀਆਂ ਤੇ ਬੋਲੀਆਂ ਜਾਂਦੀਆਂ। ਪਹਿਲਾਂ ਜੇਕਰ ਅਸੀਂ ਖ਼ਬਰਾਂ ਦੇ ਹੈਡਿੰਗ ਕੱਢ ਕੇ ਭੇਜ ਦਿੰਦੇ ਸਾਂ ਤਾਂ ਡੈਸਕ ਤੋਂ ਨਿਊਜ਼ ਐਡੀਟਰ ਦਾ ਫ਼ੋਨ ਆ ਜਾਂਦਾ ਸੀ ਕਿ ਅਸੀਂ ਇੱਥੇ ਕਿਸ ਲਈ ਬੈਠੇ ਹਾਂ ਤੁਹਾਡਾ ਕੰਮ ਹੈ ਖ਼ਬਰ ਭੇਜਣਾ, ਤੁਹਾਡੇ ਵੱਲੋਂ ਭੇਜੀ ਖ਼ਬਰ ’ਕੱਚੇ ਮਾਲ’ ਵਰਗੀ ਹੁੰਦੀ ਹੈ, ਉਸ ਨੂੰ ਪਕਾਉਣਾ ਤੇ ਹੈਡਿੰਗ ਕੱਢਣਾ ਸਾਡਾ ਕੰਮ ਹੈ। ਪਰ ਅੱਜ ਕੱਲ੍ਹ ਤਾਂ ਜੇਕਰ ਪੱਤਰਕਾਰ ਹੈਡਿੰਗ ਨਾ ਕੱਢ ਕੇ ਭੇਜੇ ਤਾਂ ਡੈਸਕ ਨੂੰ ਫ਼ਿਕਰਾਂ ਪੈ ਜਾਂਦੀਆਂ ਹਨ। -ਅਦਾਲਤੀ ਕੇਸ ਜਾਂ ਧਮਕੀਆਂ- ਜਸਵਿੰਦਰ ਸਿੰਘ ਦਾਖਾ ਹੋਰਾਂ ਖਾੜਕੂਆਂ ਦੀਆਂ ਖ਼ਬਰਾਂ ਵੀ ਲਗਾਈਆਂ, ਖਾੜਕੂ ਖ਼ਬਰਾਂ ਦੇ ਜਾਂਦੇ ਸਨ ਤੇ ਉਹ ਅਜੀਤ ਨੂੰ ਭੇਜੀਆਂ ਜਾਂਦੀਆਂ ਤੇ ਛਪ ਜਾਂਦੀਆਂ ਸਨ ਪਰ ਕਦੇ ਕਿਸੇ ਨੇ ਧਮਕੀ ਨਹੀਂ ਦਿੱਤੀ। ਦਾਖਾ ਹੋਰਾਂ ’ਤੇ ਤਿੰਨ ਮਾਣਹਾਨੀ ਦੇ ਕੇਸ ਹੋਏ, ਦੋ ਕੇਸ ਪਟਿਆਲਾ ਅਦਾਲਤ ਵਿਚ ਭੁਗਤੇ, ਪਰ ਕੇਸ ਕਰਨ ਵਾਲੇ ਖ਼ੁਦ ਹੀ ਕੇਸ ਵਾਪਸ ਲੈ ਗਏ। ਵਿਦੇਸ਼ ਭੇਜਣ ਦੇ ਮਾਮਲੇ ਵਿਚ ਇਕ ਕੇਸ ਫ਼ਤਿਹਗੜ੍ਹ ਸਾਹਿਬ ਦੀ ਅਦਾਲਤ ਵਿਚ ਹੋਇਆ। ਬੜੀ ਦਿਲਚਸਪ ਕਹਾਣੀ ਸੁਣਾਉਂਦੇ ਹੋਏ ਦਾਖਾ ਹੋਰੀਂ ਕਹਿੰਦੇ ਹਨ ਕਿ ਜਦੋਂ ਮੇਰੇ ਤੇ ਫ਼ਤਿਹਗੜ੍ਹ ਸਾਹਿਬ ਅਦਾਲਤ ਵਿਚ ਦਾਇਰ ਹੋਏ ਕੇਸ ਦੇ ਸੰਮਨ ਮੇਰੇ ਕੋਲ ਪੁੱਜੇ ਤਾਂ ਮੈਂ ਅਖ਼ਬਾਰ ਲੈ ਕੇ ਕੇ ਸਿੱਧਾ ਹੀ ਅਦਾਲਤ ਵਿਚ ਜੱਜ ਕੋਲ ਪਹੁੰਚ ਗਿਆ, ਮੈਂ ਜੱਜ ਸਾਹਿਬ ਨੂੰ ਕਿਹਾ ਕਿ ‘ਮੇਰੇ ਤੇ ਇਹ ਕੇਸ ਹੋਇਆ ਹੈ, ਸੰਮਨ ਆਏ ਹਨ’ ਤਾਂ ਜੱਜ ਨੇ ਮੇਰੇ ਵੱਲ ਬੜਾ ਗ਼ੌਰ ਨਾਲ ਦੇਖਿਆ ਤੇ ਕਿਹਾ ਕੇ ‘ਪਹਿਲਾਂ ਨਹੀਂ ਕਦੇ ਅਦਾਲਤ ਵਿਚ ਆਏ?’ ਤਾਂ ਮੇਰਾ ਹਾਲ ਚਿੰਤਾ ਵਿਚ ਹੋ ਗਿਆ ਸੀ, ਮੈਂ ਗਰਮੀ ਗਰਮੀ ਹੋ ਗਿਆ , ਡਰ ਨੇ ਅੰਦਰ ਥਾਂ ਬਣਾ ਲਈ ਸੀ, ਮੈਂ ਕਿਹਾ ‘ਨਹੀਂ ਪਹਿਲੀ ਵਾਰ ਆਇਆ ਹਾਂ’ ਤਾਂ ਜੱਜ ਸਾਹਿਬ ਕਹਿਣ ਲੱਗੇ ‘ਤੈਨੂੰ ਪਤਾ ਇੱਥੇ ਆਉਣ ਤੋਂ ਪਹਿਲਾਂ ਵਕੀਲਾਂ ਕੋਲ ਜਾਣਾ ਹੁੰਦਾ ਹੈ’ ਤਾਂ ਮੈਂ ਡਰਦੇ ਨੇ ਅਨਜਾਣਤਾ ਪ੍ਰਗਟਾਈ ਤਾਂ ਫੇਰ ਜੱਜ ਸਾਹਿਬ ਨੇ ਕਿਹਾ ਕਿ ‘ਤੁਸੀਂ ਕਿਸੇ ਵਕੀਲ ਕੋਲ ਜਾਓ ਤੇ ਉਸ ਰਾਹੀਂ ਹੀ ਇੱਥੇ ਆਓ’ ਮੈਂ ਬਹੁਤ ਘਬਰਾ ਗਿਆ ਤੇ ਜਦੋਂ ਮੈਂ ਅਦਾਲਤ ਵਿਚੋਂ ਬਾਹਰ ਆਉਣ ਲੱਗਾ ਤਾਂ ਜੱਜ ਸਾਹਿਬ ਕਹਿਣ ਲੱਗੇ ‘ਕਾਕਾ ਤੁਸੀਂ ਅੰਡਰ ਅਰੈਸਟ ਹੋ, ਤੁਸੀਂ ਵਕੀਲ ਨੂੰ ਲੈ ਕੇ ਆਓ ਤੇ ਮੈਨੂੰ ਮਿਲ ਕੇ ਜਾਣਾ’ ਮੈਂ ਬੁਰੀ ਤਰ੍ਹਾਂ ਘਬਰਾ ਗਿਆ ਸੀ। ਉਸ ਵੇਲੇ ਮੈਂ ਉੱਘੇ ਵਕੀਲ ਅਮਰਦੀਪ ਸਿੰਘ ਧਾਰਨੀ ਕੋਲ ਗਿਆ ਤਾਂ ਉਨ੍ਹਾਂ ਨੇ ਮੇਰੀ ਜ਼ਮਾਨਤ ਕਰਵਾਈ। ਕੁਝ ਪੇਸ਼ੀਆਂ ਤੋਂ ਬਾਅਦ ਐਡਵੋਕੇਟ ਜਸਵਿੰਦਰ ਸਿੰਘ ਕੂਨਰ ਨੇ ਇਕ ਅਰਜ਼ੀ ਜੱਜ ਸਾਹਿਬ ਕੋਲ ਪਾਈ ਕਿ ਪੱਤਰਕਾਰ ਜ਼ਰੂਰੀ ਕੰਮ ਕਰਦਾ ਹੈ, ਇਸ ਨੂੰ ਪੇਸ਼ੀ ਤੋਂ ਛੋਟ ਦਿੱਤੀ ਜਾਵੇ ਤਾਂ ਇਹ ਬੇਨਤੀ ਜੱਜ ਸਾਹਿਬ ਨੇ ਪ੍ਰਵਾਨ ਲਈ। ਉਸ ਤੋਂ ਬਾਅਦ ਮੈਂ ਪੇਸ਼ੀ ਤੇ ਜਾਣ ਤੋਂ ਹਟ ਗਿਆ ਤੇ ਕੇਸ ਕਰਨ ਵਾਲੇ ਹਰ ਪੇਸ਼ੀ ਤੇ ਜਾਂਦੇ। ਆਖ਼ਿਰ ਉਹ ਵੀ ਕੇਸ ਵਾਪਸ ਲੈ ਗਏ। -ਪੱਤਰਕਾਰੀ ਨਾਲ ਸਬੰਧਿਤ ਇਕ ਕਹਾਣੀ- ਜਸਵਿੰਦਰ ਸਿੰਘ ਦਾਖਾ ਹੋਰੀਂ ਦੱਸਦੇ ਹਨ ਕਿ ਮੇਰੇ ਕੋਲ ਬੜੇ ਸਿਆਸੀ ਲੀਡਰ ਦੇ ਸਮਾਜਕ ਲੀਡਰ ਆਉਂਦੇ ਸਨ, ਜੋ ਹੁੰਦਾ ਹੀ ਹੈ, ਇਕ ਦਿਨ ਇਕ ਲੀਡਰ ਮੈਨੂੰ ਕਹਿੰਦਾ ਅੱਜ ਆਪਾਂ ਇਕੱ‌ਠਿਆਂ ਨੇ ਸ਼ਰਾਬ ਪੀਣੀ ਹੈ ਤਾਂ ਮੈਂ ਹਾਂ ਕਰ ਦਿੱਤੀ। ਉਹ ਕਹਿੰਦਾ ਕਿ ਸ਼ਰਾਬ ਵੀ ਪੀਨੇ ਹਾਂ ਤੇ ਨਾਲੇ ਸਾਡੀ ਇਕ ਖ਼ਬਰ ਵੀ ਭੇਜ ਦਿਓ ਤਾਂ ਉਹ ਖ਼ਬਰ ਲਿਖਾਈ ਗਏ ਤੇ ਮੈਂ ਖ਼ਬਰ ਟਾਈਪ ਕਰਦਾ ‌ਗਿਆ। ਵੱਡੀ ਖ਼ਬਰ ਬਣਾ ਦਿੱਤੀ ਗਈ ਤਾਂ ਉਨ੍ਹਾਂ ਨੇ ਖ਼ਬਰ ਤੇ ਮੇਰੇ ਹਸਤਾਖ਼ਰ ਕਰਵਾਏ ਤੇ ਮੈਨੂੰ ਕਹਿੰਦੇ ਕਿ ਇਹ ਖ਼ਬਰ ਅਸੀਂ ਫੈਕਸ ਕਰ ਆਉਂਦੇ ਹਾਂ। ਉਹ ਖ਼ਬਰ ਫੈਕਸ ਕਰਨ ਚੱਲੇ ਗਏ, ਮੈਂ ਵੀ ਘਰ ਆਗਿਆ । ਮੈਂ ਘਰ ਆਕੇ ਡੈਸਕ ਤੇ ਫ਼ੋਨ ਕੀਤਾ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਕੋਲ ਇਕ ਖ਼ਬਰ ਆਈ ਹੈ, ਤਾਂ ਡੈਸਕ ਕਹਿਣ ਲੱਗਾ ਹਾਂ ਪਰ ਬਹੁਤ ਵੱਡੀ ਹੈ, ਤਾਂ ਮੈਂ ਕਿਹਾ ਇਹ ਖ਼ਬਰ ਨਹੀਂ ਲਗਾਉਣੀ ਕਿਉਂਕਿ ਖ਼ਬਰ ਲੱਗਣ ਵਾਲੀ ਨਹੀਂ ਹੈ। ਦਾਖਾ ਹੋਰੀਂ ਕਹਿੰਦੇ ਹਨ ਕਿ ਕਦੇ ਵੀ ਪੱਤਰਕਾਰ ਨੂੰ ਪੱਤਰਕਾਰੀ ਕਰਦੇ ਸਮੇਂ ਕਿਸੇ ਪ੍ਰਭਾਵ ਵਿਚ ਨਹੀਂ ਆਉਣਾ ਚਾਹੀਦਾ। -ਪਟਿਆਲਾ ਦੀ ਪੱਤਰਕਾਰੀ ਅਹਿਮ ਕਿਵੇਂ?- ਜਸਵਿੰਦਰ ਸਿੰਘ ਦਾਖਾ ਹੋਰੀਂ ਕਹਿੰਦੇ ਹਨ ਕਿ ਪਟਿਆਲਾ ਵਿਚ ਸਿੱਖਿਆ ਦੀ ਹੱਬ ਹੈ, ਇੱਥੇ ਪੰਜਾਬੀ ਯੂਨੀਵਰਸਿਟੀ, ਥਾਪਰ ਯੂਨੀਵਰਸਿਟੀ, ਆਈ ਜੀ, ਡੀਆਈਜ ਆਫ਼ਿਸ, ਚੰਡੀਗੜ੍ਹ ਦੇ ਨਾਲ ਲੱਗਦਾ ਜ਼ਿਲ੍ਹਾ, ਸੈਂਟਰਲ ਜੇਲ੍ਹ, ਪਟਿਆਲਾ ਪੈਪਸੂ ਮੌਕੇ ਤੋਂ ਰਾਜਨੀਤੀ ਵਿਚ ਅਹਿਮ ਰਿਹਾ ਹੈ। ਇੱਥੇ ਮੰਤਰੀ ਵੀ ਕਈ ਸਾਰੇ ਬਣੇ ਕਈ ਸਾਰੇ ਅਹਿਮ ਲੀਡਰ ਵੀ ਹਨ ਜਿਵੇਂ ਪਟਿਆਲਾ ਜ਼ਿਲ੍ਹੇ ਵਿਚ ਹੀ ਸਿਮਰਨਜੀਤ ਸਿੰਘ ਮਾਨ ਵੀ ਪੈਂਦੇ ਸਨ, ਗੁਰਚਰਨ ਸਿੰਘ ਟੌਹੜਾ, ਸਰਦਾਰਾ ਸਿੰਘ ਕੋਹਲੀ, ਸੁਰਜੀਤ ਸਿੰਘ ਕੋਹਲੀ, ਕੈਪਟਨ ਅਮਰਿੰਦਰ ਸਿੰਘ, ਮਨਮੋਹਨ ਸਿੰਘ ਬਜਾਜ, ਚਰਨਜੀਤ ਸਿੰਘ ਵਾਲੀਆ, ਸ਼ੰਭੂ ਪ੍ਰਸ਼ਾਦ ਜੰਨ ਸੰਘ, ਸੰਤ ਰਾਮ ਸਿੰਗਲਾ, ਸਤਪਾਲ ਕਪੂਰ, ਬ੍ਰਹਮ ਮਹਿੰਦਰਾ, ਲਾਲ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ, ਕੈਪਟਨ ਕੰਵਲਜੀਤ ਸਿੰਘ ਆਦਿ ਵੱਡੇ ਲੀਡਰ ਸਨ। ਫੇਰ ਉਸ ਵੇਲੇ ਪਟਿਆਲਾ ਜ਼ਿਲ੍ਹੇ ਕੋਲ ਡੇਰਾ ਬੱਸੀ ਤੱਕ ਫ਼ਤਿਹਗੜ੍ਹ ਸਾਹਿਬ ਤੱਕ ਦਾ ਏਰੀਆ ਹੁੰਦਾ ਸੀ। -ਪਟਿਆਲਾ ਵਿਚ ਅਜੀਤ ਦਾ ਹਾਈਟੈੱਕ ਦਫ਼ਤਰ- 2000 ਵਿਚ ਅਜੀਤ ਦਾ ਪਟਿਆਲਾ ਵਿਚ ਹਾਈਟੈੱਕ ਦਫ਼ਤਰ ਬਣ ਗਿਆ, ਉਸ ਵੇਲੇ ਪੂਰਾ ਸਟਾਫ਼ ਆ ਗਿਆ ਤੇ ਜਸਵਿੰਦਰ ਸਿੰਘ ਦਾਖਾ ਨੇ ਪਟਿਆਲਾ ਦੇ ਇੰਚਾਰਜ ਵਜੋਂ ਕੰਮ ਸੰਭਾਲਿਆ। ਪਰ ਆਪਣੇ ਆਪ ਨੂੰ ਪੱਤਰਕਾਰੀ ਦੀ ਫੂੰ-ਫਾਂ ਦੀ ਹਵਾ ਨਹੀਂ ਲੱਗਣ ਦਿੱਤੀ। -ਪਰਿਵਾਰ- ਜਸਵਿੰਦਰ ਸਿੰਘ ਦਾਖਾ ਹੋਰਾਂ ਦੀ ਧਰਮ ਪਤਨੀ ਰਾਜਿੰਦਰ ਕੌਰ ਇਕ ਬੇਟੀ ਭੁਪਿੰਦਰਜੀਤ ਕੌਰ (ਸ਼ਾਦੀਸ਼ੁਦਾ) ਤੇ ਇਕ ਬੇਟਾ ਇੰਜ. ਹਰਸ਼ਵਿੰਦਰ ਸਿੰਘ ਹੈ। ਇਸ ਸਮੇਂ ਦਾਖਾ ਹੋਰੀਂ ਵੱਖ ਵੱਖ ਦੇਸ਼ ਵਿਦੇਸ਼ ਦੇ ਪੰਜਾਬੀ ਅਖ਼ਬਾਰਾਂ ਵਿਚ ਕੰਮ ਕਰ ਰਹੇ ਹਨ ਤੇ ‘ਅਲਰਟ ਪੰਜਾਬ’ ਨਾਮ ਦੇ ਯੂ ਟਿਊਬ ਚੈਨਲ ਤੇ ਵੀ ਕੰਮ ਕਰ ਰਹੇ ਹਨ। -ਪੱਤਰਕਾਰਾਂ ਲਈ ਸੰਦੇਸ਼- ਅੱਜ ਦੇ ਪੱਤਰਕਾਰ ਨੂੰ ਇਮਾਨਦਾਰੀ, ਲਗਨ, ਨਿਰਪੱਖਤਾ ਦੀ ਜ਼ਰੂਰਤ ਹੈ । ਚਮਕ ਦਮਕ ਤੋਂ ਆਪਣੀ ਜ਼ਿੰਦਗੀ ਨੂੰ ਬਚਾ ਕੇ ਰੱਖੋ। ਬੇਸ਼ੱਕ ਅਖ਼ਬਾਰ ਅਨੁਸਾਰ ਵੀ ਕੰਮ ਕਰਨਾ ਪਵੇਗਾ ਪਰ ਫੇਰ ਵੀ ਪੱਤਰਕਾਰ ਲੋਕ ਹਿਤ ਵਿਚ ਬਹੁਤ ਕੁਝ ਕਰਨ ਦੇ ਸਮਰੱਥ ਹੁੰਦਾ ਹੈ। ਗੁਰਨਾਮ ਸਿੰਘ ਅਕੀਦਾ 8146001100
ਪਟਿਆਲਾ ਦੇ ਪੱਤਰਕਾਰ ਸੁਖਬੀਰ ਬਾਦਲ ਨਾਲ
ਪਟਿਆਲਾ ਦੇ ਪੱਤਰਕਾਰ ਪ੍ਰਕਾਸ਼ ਸਿੰਘ ਬਾਦਲ ਨਾਲ
ਪ‌ਟਿਆਲਾ ਦੇ ਪੱਤਰਕਾਰ ਉਘੇ ਗਾਇਕ ਜਸਬੀਰ ਜੱਸੀ ਨਾਲ

Tuesday, October 11, 2022

-ਪੱਤਰਕਾਰੀ ਦਾ ‘ਜ਼ਿੰਦਾ ਸ਼ਹੀਦ’ ਜਿੰਦਾ ਦਿਲ ਪੱਤਰਕਾਰ ‘ਜਸਪਾਲ ਸਿੰਘ ਹੇਰਾਂ’

-ਘੱਟ ਗਿਣਤੀਆਂ ਤੇ ਪੀੜਤਾਂ ਦੇ ਪੱਖ ਵਿਚ ਲੜਦਾ ਲੜਦਾ ਅੱਜ ਵ੍ਹੀਲ ਚੇਅਰ ਤੇ ਜ਼ਿੰਦਗੀ ਬਸਰ ਰਿਹਾ ਹੈ ‘ਜਸਪਾਲ ਸਿੰਘ ਹੇਰਾਂ’
ਭਾਰਤ ਵਿਚ ਘੱਟ ਗਿਣਤੀਆਂ, ਸ਼ੂਦਰਾਂ ਅਤੇ ਖ਼ਾਸ ਕਰਕੇ ਔਰਤਾਂ ਲਈ ਵਿਸ਼ੇਸ਼ ਅਧਿਕਾਰ ਹਨ। ਪਰ ਪਰ ਇਹ ਤਿੰਨੇ ਹੀ ਵੱਡੇ ਜ਼ੁਲਮ ਦਾ ਸ਼ਿਕਾਰ ਮੁੱਢ ਕਦੀਮੋਂ ਹੁੰਦੇ ਆ ਰਹੇ ਹਨ। ਘੱਟ ਗਿਣਤੀਆਂ ਤੇ ਹੁੰਦੇ ਜ਼ੁਲਮਾਂ ਦੀਆਂ ਕਹਾਣੀਆਂ ਅਖ਼ਬਾਰਾਂ ਵਿਚ ਛਾਪਣ ਵਾਲੇ ਪੱਤਰਕਾਰ ਦੀ ਕੇਂਦਰੀ ਏਜੰਸੀਆਂ ਦੀ ਨਿਗਾਹ ਵਿਚ ਆ ਜਾਂਦੇ ਹਨ, ਅਕਾਰਨ ਉਨ੍ਹਾਂ ਨੂੰ ਕਈ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਲੋਕ ਖੁੰਬਾਂ ਵਾਂਗ ਉੱਗ ਪੈਂਦੇ ਹਨ, ਪਤਾ ਨਹੀਂ ਕਿਹੜਾ ਉਨ੍ਹਾਂ ਦਾ ਦੁਸ਼ਮਣ ਬਣ ਕੇ ਉਨ੍ਹਾਂ ਖ਼ਿਲਾਫ਼ ਕੁਝ ਵੀ ਕਹਿਰ ਵਰਤਾ ਦੇਵੇ। ਵੱਡੀਆਂ ਤਾਕਤਾਂ ਅੱਗੇ ਝੁਕਦਿਆਂ ਪੁਲੀਸ ਸਾਰੇ ਕਾਇਦੇ-ਕਾਨੂੰਨ ਭੁੱਲ ਕੇ ਘੱਟ ਗਿਣਤੀਆਂ ਦੀ ਗੱਲ ਕਰਨ ਵਾਲੇ ਪੱਤਰਕਾਰ ਨੂੰ ਪ੍ਰੇਸ਼ਾਨ ਕਰਨਾ ਜਾਰੀ ਰੱਖਦੀ ਹੈ। ਇਸੇ ਤਰੀਕੇ ਨਾਲ ਸ਼ੂਦਰਾਂ ਦੇ ਮੁੱਦੇ ਉਠਾਉਣ ਵਾਲੇ ਪੱਤਰਕਾਰ ਨੂੰ ਜਾਂ ਤਾਂ ਕੋਈ ਛਾਪਦਾ ਨਹੀਂ, ਹੈਰਾਨੀ ਹੁੰਦੀ ਹੈ ਕਈ ਅਖ਼ਬਾਰ ਸ਼ੂਦਰਾਂ ਦੀਆਂ ਬੀਤੇ ਦੀਆਂ ਕਹਾਣੀਆਂ ਸੁਣਾ ਕੇ ਉਨ੍ਹਾਂ ਦੀ ਦਸ਼ਾ ਬਿਆਨ ਤਾਂ ਕਰਦੇ ਹਨ ਪਰ ਅਜੋਕੇ ਯੁੱਗ ਵਿਚ ਸ਼ੂਦਰਾਂ ਨਾਲ ਕੀ ਕੀ ਵਾਪਰ ਰਿਹਾ ਹੈ ਉਸ ਬਾਰੇ ਅਜੋਕੇ ਅਖ਼ਬਾਰ ਚੁੱਪ ਹਨ। ਇੱਥੋਂ ਤੱਕ ਕਿ ਕਈ ਅਖ਼ਬਾਰਾਂ ਨੇ ਅੱਜ ਕੱਲ੍ਹ ਸ਼ੂਦਰਾਂ ਤੇ ਘੱਟ ਗਿਣਤੀਆਂ ਬੀਟਾਂ (ਪੱਤਰਕਾਰੀ ਦਾ ਖੇਤਰ) ਵੀ ਪੱਤਰਕਾਰਾਂ ਦੀ ਬੀਟਾਂ ਦੀ ਲਿਸਟ ਵਿਚ ਪਾਉਣੀਆਂ ਬੰਦ ਕਰ ਦਿੱਤੀਆਂ ਹਨ। ਹੁਣ ਪੱਤਰਕਾਰ ਦੀ ਮਰਜ਼ੀ ਹੈ ਕਿ ਉਹ ਸ਼ੂਦਰਾਂ ਤੇ ਜਾਂ ਘੱਟ ਗਿਣਤੀਆਂ ਦੇ ਮੁੱਦੇ ਚੁੱਕੇ ਭਾਵੇਂ ਨਾ ਚੁੱਕੇ। ਕਿਸੇ ਸ਼ੂਦਰ ਤੇ ਕੋਈ ਜ਼ਿਮੀਂਦਾਰ ਜੁਰਮ ਕਰ ਰਿਹਾ ਹੈ ਉਸ ਦੀ ਕਹਾਣੀ ਅਖ਼ਬਾਰਾਂ ਵਿਚ ਛਾਪਣ ਦੀ ਬਜਾਇ ਪੱਤਰਕਾਰ ਉਸ ਨੂੰ ਨਜ਼ਰ ਅੰਦਾਜ਼ ਕਰਕੇ ਤੁਰਦੇ ਬਣਦੇ ਹਨ, ਕਿਉਂਕਿ ਉਸ ਦੀ ਬੀਟ ਵਿਚ ਨਹੀਂ ਆਉਂਦਾ। ਇਸੇ ਤਰ੍ਹਾਂ ਔਰਤਾਂ ਦੇ ਹੱਕਾਂ ਦੀ ਗੱਲ ਕਰੀਏ ਤਾਂ ਅਮੀਰ ਦੀ ਔਰਤ ਨਾਲ ਜੇਕਰ ਕਿਤੇ ਜ਼ਿਆਦਤੀ ਹੁੰਦੀ ਹੈ ਤਾਂ ਉਸ ਲਈ ਮੋਮਬੱਤੀਆਂ ਦੇ ਮਾਰਚ ਹੁੰਦੇ ਹਨ ਤੇ ਕਾਨੂੰਨ ਬਣ ਜਾਂਦੇ ਹਨ ਪਰ ਜੇਕਰ ਗ਼ਰੀਬ ਦੀ ਜਾਂ ਸ਼ੂਦਰ ਦੀ ਔਰਤ ਨਾਲ ਜ਼ਿਆਦਤੀ ਹੁੰਦੀ ਹੈ ਤਾਂ ਉਸ ਦੀ ਕਹਾਣੀ ਲੋਕਾਂ ਲਈ ਸ਼ੁਗ਼ਲ ਬਣ ਜਾਂਦੀ ਹੈ। ਆਪਣੀ ਬੇਟੀ ਨੂੰ ਇਨਸਾਫ਼ ਦਿਵਾਉਣ ਲਈ ਉਸ ਦੇ ਮਾਂ ਬਾਪ ਦਰ ਦਰ ਧੱਕੇ ਖਾਂਦੇ ਹਨ ਪਰ ਇਨਸਾਫ਼ ਉਨ੍ਹਾਂ ਲਈ ਦਰਵਾਜ਼ੇ ਬੰਦ ਕਰ ਲੈਂਦਾ ਹੈ। ਇਨ੍ਹਾਂ ਤਿੰਨ ਧਿਰਾਂ ਦੀ ਗੱਲ ਕਰਨ ਵਾਲੇ ਪੱਤਰਕਾਰਾਂ ਨੂੰ ਹਮੇਸ਼ਾ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੀਡੀਆ ਅਦਾਰਿਆਂ ਵੱਲੋਂ ਵੀ ਤੇ ਬੁਰਜ਼ੂਆ ਸਮਾਜ ਵੱਲੋਂ ਵੀ। ਕੁਝ ਪੱਤਰਕਾਰ ਅੱਜ ਵੀ ਹਨ ਜੋ ਪੀੜਤ ਪੱਖ ਦੀ ਗੱਲ ਕਰਦੇ ਹਨ, ਘੱਟ ਗਿਣਤੀਆਂ ਦੀ ਗੱਲ ਕਰਦੇ ਕਰਦੇ ਕੇਂਦਰੀ ਏਜੰਸੀਆਂ ਦੀ ਨਰਾਜ਼ਗੀ ਸਹੇੜ ਲੈਂਦੇ ਹਨ। ਮੈਂ ਅੱਜ ਗੱਲ ਕਰਨ ਜਾ ਰਿਹਾ ਹਾਂ ਪੱਤਰਕਾਰੀ ਦੇ ‘ਜਿੰਦਾ ਸ਼ਹੀਦ’ ਜਿੰਦਾ ਦਿਲ ਪੱਤਰਕਾਰ ਜਸਪਾਲ ਸਿੰਘ ਹੇਰਾਂ ਦੀ। ਜਸਪਾਲ ਸਿੰਘ ਹੇਰਾਂ ਪੱਤਰਕਾਰਤਾ ਦੇ ਖੇਤਰ ਵਿੱਚ ਉਨ੍ਹਾਂ ਕੁੱਝ ਗਿਣੀਆਂ ਚੁਣੀਆਂ ਸ਼ਖ਼ਸੀਅਤਾਂ ਵਿਚ ਸ਼ੁਮਾਰ ਹਨ ਜਿਨ੍ਹਾਂ ਨੇ ਖ਼ਾਸ ਮਕਸਦ ਨੂੰ ਲੈ ਕੇ ਪੱਤਰਕਾਰੀ ਸ਼ੁਰੂ ਕੀਤੀ ਅਤੇ ਅਖੀਰ ਤੱਕ ਉਸੇ ਮਕਸਦ ਨੂੰ ਲੈ ਕੇ ਜੱਦੋ ਜਹਿਦ ਜਾਰੀ ਰੱਖੀ, ਕਿਉਂਕਿ ਸਾਡੇ ਸਮਾਜ ਵਿੱਚ ਬਹੁਤੇ ਪੱਤਰਕਾਰ ਅਜਿਹੇ ਮਿਲਦੇ ਹਨ, ਜੋ ਜਿਵੇਂ ਜਿਵੇਂ ਪੱਤਰਕਾਰਤਾ ਦੇ ਖੇਤਰ ਵਿੱਚ ਅੱਗੇ ਵਧਦੇ ਜਾਂਦੇ ਹਨ, ਤਿਉਂ ਤਿਉਂ ਉਹਨਾਂ ਦੀ ਸ਼ਖ਼ਸੀਅਤ ਅਤੇ ਮਕਸਦ ਬਦਲਦੇ ਤੁਰੇ ਜਾਂਦੇ ਹਨ, ਜਸਪਾਲ ਸਿੰਘ ਹੇਰਾਂ ਪੀ ਸੀ ਐੱਸ ਬਣਦਾ ਬਣਦਾ ਇੱਕ ਖ਼ਾਸ ਮਕਸਦ ਨਾਲ ਪੱਤਰਕਾਰ ਬਣ ਗਿਆ ਅਤੇ ਫਿਰ ਪੱਤਰਕਾਰ ਤੋਂ ਡੇਲੀ ‘ਪਹਿਰੇਦਾਰ’ ਅਖ਼ਬਾਰ ਦਾ ਸੰਪਾਦਕ ਜਾ ਬਣਿਆ, ਜਿਸ ਅਖ਼ਬਾਰ ਨੇ ਸਿੱਖ ਹਲਕਿਆਂ ਵਿਚ ਤਹਿਲਕਾ ਮਚਾ ਦਿੱਤਾ, ਸਿੱਖਾਂ ’ਤੇ ਹੁੰਦੇ ਜ਼ੁਲਮ ਦੀ ਗੱਲ ਕਰਨ ਵਾਲਾ ਇਹ ਅਖ਼ਬਾਰ ਅੱਜ ਦੇਸ਼ ਵਿਦੇਸ਼ ਵਿਚ ਵੱਸਦੇ ਸਿੱਖਾਂ ਵਿਚ ਕਾਫ਼ੀ ਚਰਚਿਤ ਮੰਨਿਆਂ ਜਾਂਦਾ ਹੈ ਪਰ ਸਰਕਾਰਾਂ ਦੀਆਂ ਨਜ਼ਰਾਂ ਵਿਚ ਹਮੇਸ਼ਾ ਰੜਕਦਾ ਹੈ। ‘ਪੈਗਾਸਸ’ ਮਾਮਲੇ ਵਿਚ ਇਸ ਦੀ ਚਰਚਾ ਹੋ ਰਹੀ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹੇਰਾਂ ਵਿੱਚ ਅਕਾਲੀ ਪਰਵਾਰ ਦੇ ਮੁਖੀ ਸ੍ਰ: ਭਗਤ ਸਿੰਘ ਦੇ ਘਰ 8 ਅਪ੍ਰੈਲ 1955 ਨੂੰ ਜਨਮਿਆ ਸ੍ਰ: ਜਸਪਾਲ ਸਿੰਘ ਹੇਰਾਂ ਅੱਜ ਪੰਜਾਬੀ ਪੱਤਰਕਾਰਤਾ ਦਾ ਉਹ ਧਰੂ ਤਾਰਾ ਹੈ, ਜਿਸ ਦੀ ਪੱਤਰਕਾਰੀ ਖੇਤਰ ਵਿੱਚ ਆਪਣੀ ਵੱਖਰੀ ਚਮਕ ਹੈ। -ਪੜਾਈ : ਜਸਪਾਲ ਸਿੰਘ ਹੇਰਾਂ ਦੇ ਪਿਤਾ ਸ੍ਰ: ਭਗਤ ਸਿੰਘ ਟਕਸਾਲੀ ਅਕਾਲੀ ਸਨ ਅਤੇ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬੀ ਸੂਬੇ ਦੇ ਮੋਰਚੇ ਵਿੱਚ ਅਕਸਰ ਜੇਲ੍ਹਾਂ ਵਿੱਚ ਜਾਂਦੇ ਰਹਿੰਦੇ ਸਨ, ਪਰ ਘਰ ਵਿੱਚ ਗ਼ਰੀਬੀ ਹੋਣ ਦੇ ਬਾਵਜੂਦ ਹੀ ਜਸਪਾਲ ਸਿੰਘ ਹੇਰਾਂ ਨੇ ਆਪਣੀ ਪੜਾਈ ਜਾਰੀ ਰੱਖੀ। ਮੁੱਢਲੀ ਪੜਾਈ ਪਿੰਡ ਦੇ ਸਕੂਲ ਤੋਂ ਕਰਨ ਉਪਰੰਤ ਕਦੇ ਰੈਗੂਲਰ ਅਤੇ ਕਦੇ ਪ੍ਰਾਈਵੇਟ ਤੌਰ 'ਤੇ ਕਾਲਜ ਦੀ ਪੜਾਈ ਜਾਰੀ ਰੱਖੀ। ਬੀ.ਏ ਤੋਂ ਬਾਅਦ ਤਿੰਨ ਮਾਸਟਰ ਡਿਗਰੀਆਂ (ਟ੍ਰਿਪਲ ਐੱਮ.ਏ’ ਕੀਤੀਆਂ। ਇਸ ਦੇ ਨਾਲ ਹੀ ਐੱਮ.ਐਡ ਅਤੇ ਐੱਮ ਐੱਲ ਟੀ ਕੀਤੀ। ਜਸਪਾਲ ਸਿੰਘ ਹੇਰਾਂ ਦਾ ਕਾਲਜ ਦੀ ਪੜਾਈ ਦੌਰਾਨ ਸਿੱਖ ਰਾਜਨੀਤੀ ਵੱਲ ਝੁਕਾਅ ਹੋ ਗਿਆ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਪੁਨਰ ਸੁਰਜੀਤੀ ਲਈ ਸਰਗਰਮ ਹੋ ਗਏ। ਲੁਧਿਆਣਾ ਦੇ ਨੇੜੇ ਗੁਰਦੁਆਰਾ ਆਲਮਗੀਰ ਵਿਖੇ ਸਿੱਖ ਨੌਜਵਾਨੀ ਦਾ ਵੱਡਾ ਇਕੱਠ ਕਰਨ ਵਿੱਚ ਜਸਪਾਲ ਸਿੰਘ ਹੇਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਅਤੇ 1982 ਵਿੱਚ ਇਸੇ ਇਕੱਠ ਦੌਰਾਨ ਭਾਈ ਅਮਰੀਕ ਸਿੰਘ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਚੁਣਿਆ ਗਿਆ ਸੀ। ਪੜਾਈ ਪੂਰੀ ਕਰਨ ਤੋਂ ਬਾਅਦ ਕੁੱਝ ਚਿਰ ਜਸਪਾਲ ਸਿੰਘ ਹੇਰਾਂ ਪ੍ਰੋਫੈਸਰ ਦੇ ਤੌਰ 'ਤੇ ਮੋਦੀ ਕਾਲਜ ਪਟਿਆਲਾ ਵਿਖੇ ਪੜਾਉਂਦੇ ਵੀ ਰਹੇ। -ਪੱਤਰਕਾਰੀ ਖੇਤਰ ਕਿਵੇਂ ਚੁਣਿਆ : 1978 ਵਿੱਚ ਜਸਪਾਲ ਸਿੰਘ ਹੇਰਾਂ ਨੇ ਪੀ. ਸੀ.ਐੱਸ ਦਾ ਇਮਤਿਹਾਨ ਵੀ ਦਿੱਤਾ, ਪਰ ਉਸ ਸਮੇਂ ਐੱਸ.ਐੱਸ. ਬੋਰਡ ਪੰਜਾਬ ਦੀ ਚੇਅਰਪਰਸਨ ਬੀਬੀ ਵੱਲੋਂ ਸਿਲੈੱਕਸ਼ਨ ਲਈ 70 ਹਜ਼ਾਰ ਰੁਪਏ ਦੀ ਮੰਗ ਰੱਖ ਦਿੱਤੀ ਗਈ, ਜੋ ਘਰ ਵਿੱਚ ਗ਼ਰੀਬੀ ਹੋਣ ਕਰਕੇ ਹੇਰਾਂ ਪਰਵਾਰ ਲਈ ਦੇਣੀ ਮੁਸ਼ਕਿਲ ਸੀ। ਇਸ ਤੋਂ ਬਾਅਦ ਜਸਪਾਲ ਸਿੰਘ ਹੇਰਾਂ ਨੇ ਪੱਤਰਕਾਰੀ ਖੇਤਰ ਵਿੱਚ ਜਾਣ ਦਾ ਮਨ ਬਣਾ ਲਿਆ ਅਤੇ 1980 ਵਿੱਚ 'ਜਥੇਦਾਰ' ਅਖ਼ਬਾਰ ਤੋਂ ਆਪਣੇ ਪੱਤਰਕਾਰੀ ਸਫ਼ਰ ਦੀ ਸ਼ੁਰੂਆਤ ਕਰ ਦਿੱਤੀ। ਇਸ ਤੋਂ ਬਾਅਦ ਜਸਪਾਲ ਸਿੰਘ ਹੇਰਾਂ ਨੇ 'ਜਗਬਾਣੀ ਅਤੇ ਨਵਾਂ ਜ਼ਮਾਨਾ ਅਖ਼ਬਾਰਾਂ ਨੂੰ ਛੱਡ ਕੇ ਪੰਜਾਬੀ ਦੇ ਤਕਰੀਬਨ ਸਾਰੇ ਅਖ਼ਬਾਰਾਂ ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ ਹੇਰਾਂ ਨੇ ਹਿੰਦੀ ਅਖ਼ਬਾਰ ਦੈਨਿਕ ਭਾਸਕਰ ਅਤੇ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਵਿੱਚ ਵੀ ਕੰਮ ਕੀਤਾ। ਜਦੋਂ 1998 ਵਿੱਚ ਜਸਪਾਲ ਸਿੰਘ ਹੇਰਾਂ ਅਜੀਤ ਅਖ਼ਬਾਰ ਵਿੱਚ ਕੰਮ ਕਰਦੇ ਸਨ ਤਾਂ ਉਸ ਸਮੇਂ ਪੰਜਾਬ ਵਿੱਚ ਅੰਗਰੇਜ਼ੀ ਸ਼ਰਾਬ ‘ਰਾਇਲ ਸਟਾਗ’ ਲਾਂਚ ਕਰਨ ਦਾ ਸਮਾਗਮ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਰੱਖਿਆ ਗਿਆ। ਜਸਪਾਲ ਸਿੰਘ ਹੇਰਾਂ ਨੇ ਆਪਣੀ ਕਲਮ ਨਾਲ ਵਿੱਦਿਆ ਦੇ ਮੰਦਰ ਵਿੱਚ ਸ਼ਰਾਬ ਲਾਂਚ ਕਰਨ ਦੇ ਪ੍ਰੋਗਰਾਮ ਦੀਆਂ ਧੱਜੀਆਂ ਉਡਾ ਦਿੱਤੀਆਂ। ਇਹ ਰਿਪੋਰਟ ਸਰਕਾਰ ਅਤੇ ਅਖ਼ਬਾਰ ਮਾਲਕ ਨੂੰ ਬੁਰੀ ਲੱਗੀ ਅਤੇ ਜਸਪਾਲ ਸਿੰਘ ਹੇਰਾਂ ਉਹਨਾਂ ਦੀ ਅੱਖਾਂ ਵਿੱਚ ਰੜਕਣ ਲੱਗ ਪਿਆ। ਉੱਧਰ ਉਸ ਸਮੇਂ ਦੇ ਲੁਧਿਆਣਾ ਦੇ ਐੱਸ.ਐੱਸ.ਡੀ ਹਰਜੀਤ ਸਿੰਘ ਨੇ ਤਾਰਾਬਾਰਾ ਪਿੰਡ ਦੀ 100 ਏਕੜ ਦੇ ਕਰੀਬ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਕੀਤਾ ਤਾਂ ਪਿੰਡ ਤਾਰਾਬਾਰਾ ਦੇ ਲੋਕ ਜਸਪਾਲ ਸਿੰਘ ਹੇਰਾਂ ਦੇ ਦਫ਼ਤਰ ਆ ਗਏ ਅਤੇ ਹੇਰਾਂ ਨੇ ਸਾਰੀ ਕਹਾਣੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਕਰਵਾ ਦਿੱਤੀ। ਬੱਸ ਫਿਰ ਸਰਕਾਰ ਅਤੇ ਪ੍ਰਸ਼ਾਸਨ ਨਾਲ ਪੰਗਾ ਲੈਣ ਦਾ ਖ਼ਮਿਆਜ਼ਾ ਜਸਪਾਲ ਸਿੰਘ ਹੇਰਾਂ ਨੂੰ ਭੁਗਤਣਾ ਪਿਆ। ਇੱਥੋਂ ਪੱਤਰਕਾਰੀ ਛੱਡਣ ਤੋਂ ਬਾਅਦ ਜਸਪਾਲ ਸਿੰਘ ਨੇ ਇੰਡੀਅਨ ਐਕਸਪ੍ਰੈੱਸ ਵਿੱਚ ਕੰਮ ਕਰਦਿਆਂ ਇੱਟਾਂ ਦੇ ਭੱਠਿਆਂ 'ਤੇ ਕੰਮ ਕਰਦੇ ਮਜ਼ਦੂਰਾਂ ਦੀ ਮਾੜੀ ਹਾਲਤ ਬਾਰੇ ਇੱਕ ਸਟੋਰੀ ਕੀਤੀ, ਪਰ ਜਦੋਂ ਅਖ਼ਬਾਰ ਨੇ ਉਹ ਸਟੋਰੀ ਨਾ ਛਾਪੀ ਤਾਂ ਹੇਰਾਂ ਨੇ ਅਖ਼ਬਾਰ ਦੇ ਸੰਪਾਦਕ ਨਾਲ ਗੱਲ ਕੀਤੀ। ਸੰਪਾਦਕ ਨੇ ਉਲਟਾ ਹੇਰਾਂ ਨੂੰ ਸਵਾਲ ਕੀਤਾ ਕਿ ਕੀ ਆਪਣਾ ਅਖ਼ਬਾਰ ਭੱਠੇ ਵਾਲੇ ਮਜ਼ਦੂਰ ਪੜ੍ਹਦੇ ਹਨ ? ਇਸ 'ਤੇ ਹੇਰਾਂ ਨੇ ਕਿਹਾ ਕਿ ਜਿਨ੍ਹਾਂ ਨੇ ਮਜ਼ਦੂਰਾਂ ਦੀ ਹਾਲਤ ਸੁਧਾਰਨੀ ਹੈ, ਉਹ ਤਾਂ ਪੜ੍ਹਦੇ ਹਨ, ਪਰ ਫਿਰ ਵੀ ਅਖ਼ਬਾਰ ਨੇ ਉਹ ਸਟੋਰੀ ਪ੍ਰਕਾਸ਼ਿਤ ਨਾ ਕੀਤੀ। ਇਸ ਤੋਂ ਜਸਪਾਲ ਸਿੰਘ ਹੇਰਾਂ ਨੇ ਹੋਰ ਅਖ਼ਬਾਰਾਂ ਵਿੱਚ ਪੱਤਰਕਾਰੀ ਕਰਨੀ ਛੱਡ ਕੇ ਆਪਣਾ ਅਖ਼ਬਾਰ ਕੱਢਣ ਦਾ ਮਨ ਬਣਾ ਲਿਆ। -ਪਹਿਰੇਦਾਰ ਦੇ ਸੰਪਾਦਕ ਵਜੋਂ ਸਫ਼ਰ ਜਸਪਾਲ ਸਿੰਘ ਹੇਰਾਂ ਨੇ ਸੰਨ 2000 ਵਿੱਚ ਆਪਣੀ ਹਫ਼ਤਾਵਾਰੀ ਅਖ਼ਬਾਰ 'ਪਹਿਰੇਦਾਰ' ਸ਼ੁਰੂ ਕੀਤਾ। ਸ੍ਰ: ਹੇਰਾਂ ਦੱਸਦੇ ਹਨ ਕਿ ਜਦੋਂ ਉਹਨਾਂ ਨੇ ਆਪਣਾ ਅਖ਼ਬਾਰ ਸ਼ੁਰੂ ਕੀਤਾ ਤਾਂ ਉਹਨਾਂ ਕੋਲ ਸਿਰਫ਼ 4000 ਰੁਪਏ ਸਨ। ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਬਹੁਤ ਰੋਕਿਆ ਕਿ ਅਖ਼ਬਾਰ ਚਲਾਉਣਾ ਪੈਸੇ ਵਾਲੇ ਲੋਕਾਂ ਦਾ ਕੰਮ ਹੈ, ਪਰ ਆਪਣੀ ਧੁੰਨ ਦੇ ਪੱਕੇ ਸ੍ਰ: ਹੇਰਾਂ ਨੇ ਕਿਸੇ ਦੀ ਇੱਕ ਨਹੀਂ ਸੁਣੀ। ਉਸ ਸਮੇਂ ਖ਼ਾਸ ਕਰਕੇ ਲੋਕਾਂ ਵਿੱਚ ਇਹ ਵੀ ਧਾਰਨਾ ਬਣੀ ਹੋਈ ਸੀ ਕਿ ਹਫ਼ਤਾਵਾਰੀ ਅਖ਼ਬਾਰਾਂ ਵਾਲੇ ਤਾਂ ਲੋਕਾਂ ਨੂੰ ਬਲੈਕਮੇਲ ਕਰਦੇ ਹੁੰਦੇ ਹਨ, ਪਰ ਸ੍ਰ: ਹੇਰਾਂ ਨੇ ਇਸ ਮਿੱਥ ਨੂੰ ਤੋੜਿਆ ਅਤੇ ਇਲਾਕੇ ਵਿੱਚ ਪਹਿਰੇਦਾਰ ਦਾ ਨਾਮ ਬਣਾਇਆ । ਸ੍ਰ: ਹੇਰਾਂ ਨੇ ਖ਼ੁਦ ਫ਼ੀਲਡ ਜਾ ਕੇ ਖ਼ਬਰਾਂ ਇਕੱਠੀਆਂ ਕਰਨੀਆਂ, ਫਿਰ ਉਹਨਾਂ ਨੂੰ ਖ਼ੁਦ ਹੀ ਲਿਖਣਾ ਅਤੇ ਟਾਈਪ ਕਰਵਾਉਣਾ, ਖ਼ੁਦ ਹੀ ਕੰਪੋਜ਼ ਕਰਵਾਉਣਾ, ਫਿਰ ਆਪਣੀ ਪੁਰਾਣੀ ਜਿਹੀ ਮਾਰੂਤੀ ਵੈਨ ਲੈ ਕੇ ਚੰਡੀਗੜ੍ਹ ਜਾਣਾ ਅਤੇ ਰਾਤ ਨੂੰ ਛਪਣ ਤੋਂ ਬਾਅਦ ਅਖ਼ਬਾਰ ਆਪਣੀ ਗੱਡੀ ਵਿੱਚ ਲੱਦ ਕੇ ਲਿਆਉਣਾ ਅਤੇ ਫਿਰ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਅੱਗੇ ਸਟਾਲਾਂ 'ਤੇ ਅੱਪੜਦਾ ਕਰਨਾ। ਇਸ ਤਰਾਂ ਦੇ ਸਿਲਸਿਲੇ ਦੌਰਾਨ ਹੀ 2006 ਤੋਂ ਵੀਕਲੀ ਪਹਿਰੇਦਾਰ ਨੂੰ ਰੋਜ਼ਾਨਾ ਪਹਿਰੇਦਾਰ ਕਰ ਦਿੱਤਾ ਗਿਆ ਅਤੇ ਹੁਣ ਵੀਕਲੀ ਦੀ ਥਾਂ ਡੇਲੀ ਅਖ਼ਬਾਰ ਹੋ ਗਿਆ, ਜੋ ਹੁਣ 22 ਸਾਲਾਂ ਦਾ ਭਰ ਜਵਾਨ ਹੋ ਚੁੱਕਿਆ ਹੈ। -ਦਿਲੀ ਬਾਰਡਰਾਂ ਦੇ ਕਿਸਾਨੀ ਸੰਘਰਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਚੱਲ ਰਹੀ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਖੇਤੀ ਕਾਨੂੰਨ ਲਿਆਂਦੇ। ਪਹਿਰੇਦਾਰ ਅਖ਼ਬਾਰ ਨੇ ਦਿਲੀ ਬਾਰਡਰਾਂ ਤੇ ਚੱਲ ਰਹੇ ਸੰਘਰਸ਼ ਬਾਰੇ ਬਾਰੀਕੀ ਨਾਲ ਛਾਪਿਆ ਤੇ ਕਿਸਾਨਾਂ ਵਿਚ ਆਪਣਾ ਨਾਮ ਬਣਾਇਆ। ਅਸੀਂ ਮੌਕੇ ਤੇ ਦੇਖਿਆ ਕਿ ਕਿਸਾਨ ਪਹਿਰੇਦਾਰ ਅਖ਼ਬਾਰ ਨੂੰ ਸ਼ਿੱਦਤ ਨਾਲ ਪੜ੍ਹਦੇ ਸਨ। ਪਹਿਰੇਦਾਰ ਨੇ ਕਿਸਾਨੀ ਸੰਘਰਸ਼ ਦੇ ਮੁੱਦੇ ਚੁੱਕ ਕੇ ਪੰਜਾਬ ਦੇ ਕਿਸਾਨਾਂ ਨਾਲ ਹੋ ਰਹੀ ਜ਼ਿਆਦਤੀ ਨੂੰ ਆਪਣੇ ਪਾਠਕਾਂ ਤੱਕ ਪਹੁੰਚਾਇਆ। ਜਿਸ ਦੇ ਸਬੂਤ ਅੱਜ ਵੀ ਅਖ਼ਬਾਰ ਵਿਚ ਬੋਲਦੇ ਹਨ।
-ਕੇਸ ਅਤੇ ਦੁਸ਼ਵਾਰੀਆਂ ਜਿਵੇਂ ਕਿਹਾ ਜਾਂਦਾ ਹੈ ਕਿ ਸੱਚ ਦੇ ਰਾਹ 'ਤੇ ਤੁਰਨ ਵਾਲਿਆਂ ਦੇ ਰਸਤੇ ਕੰਡਿਆਂ ਨਾਲ ਭਰੇ ਹੁੰਦੇ ਹਨ, ਇਹ ਗੱਲ ਜਸਪਾਲ ਸਿੰਘ ਹੇਰਾਂ 'ਤੇ ਪੂਰੀ ਤਰ੍ਹਾਂ ਢੁਕਦੀ ਹੈ। ਮਾਣਹਾਨੀ ਅਤੇ ਅਦਾਲਤੀ ਕੇਸਾਂ ਦੀ ਗੱਲ ਛੱਡੋ ਸ੍ਰ: ਜਸਪਾਲ ਸਿੰਘ ਹੇਰਾਂ ਦਾ ਨਾਮ ਤਾਂ ਕੇਂਦਰ ਸਰਕਾਰ ਵੱਲੋਂ ਪੱਤਰਕਾਰਾਂ ਦੀ ਕਰਵਾਈ ਪੈਗਾਸਿਸ ਜਸੂਸੀ ਵਿੱਚ ਵੀ ਸ਼ਾਮਲ ਹੈ । ਕੁੱਲ ਮਿਲਾ ਕੇ ਹੁਣ ਤੱਕ ਜਸਪਾਲ ਸਿੰਘ ਹੇਰਾਂ ਪੱਤਰਕਾਰੀ ਕਰਕੇ 17 ਅਦਾਲਤੀ ਕੇਸਾਂ ਦਾ ਸਾਹਮਣਾ ਕਰ ਚੁੱਕਿਆ ਹੈ। ਕਈ ਵਾਰ ਪੁਲਸ ਵੱਲੋਂ ਗ੍ਰਿਫ਼ਤਾਰ ਵੀ ਕੀਤਾ ਗਿਆ ਅਤੇ ਪੁਲਸ ਤਸ਼ੱਦਦ ਦਾ ਸ਼ਿਕਾਰ ਵੀ ਹੋਇਆ ਹੈ। ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਉਹਨਾਂ ਦੇ ਅਖ਼ਬਾਰ ਪਹਿਰੇਦਾਰ ਨੂੰ ਬੰਦ ਕਰਵਾਉਣ ਦੇ ਵੀ ਬਹੁਤ ਯਤਨ ਕੀਤੇ ਗਏ ਹਨ। ਸਰਕਾਰ ਭਾਵੇਂ ਕਾਂਗਰਸ ਦੀ ਰਹੀ, ਭਾਵੇਂ ਅਕਾਲੀ ਭਾਜਪਾ ਗੱਠਜੋੜ ਦੀ ਅਤੇ ਭਾਵੇਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਕਿਸੇ ਵੀ ਸਰਕਾਰ ਵੱਲੋਂ ਪਹਿਰੇਦਾਰ ਨੂੰ ਕਦੇ ਇੱਕ ਵੀ ਸਰਕਾਰੀ ਇਸ਼ਤਿਹਾਰ ਨਹੀਂ ਦਿੱਤਾ ਗਿਆ। ਇੱਥੋਂ ਤੱਕ ਕਿ ਹੁਣ ਤਾਂ ਪਹਿਰੇਦਾਰ ਦੇ ਸੰਪਾਦਕ ਸਮੇਤ ਪਹਿਰੇਦਾਰ ਲਈ ਕੰਮ ਕਰਦੇ ਪੱਤਰਕਾਰਾਂ ਦੇ ਸਰਕਾਰੀ ਸ਼ਨਾਖ਼ਤੀ ਕਾਰਡ ਵੀ ਨਹੀਂ ਬਣਾਏ ਜਾਂਦੇ। ਉੱਧਰ ਪੁਲਸ ਤਸ਼ੱਦਦ ਅਤੇ ਆਰਥਿਕ ਤੰਗੀਆਂ ਤੁਰਸੀਆਂ ਨਾਲ ਜੂਝਦੇ ਸ੍ਰ: ਜਸਪਾਲ ਸਿੰਘ ਹੇਰਾਂ ਦੀ ਸਿਹਤ ਭਾਵੇਂ ਹੁਣ ਬਹੁਤ ਵਿਗੜ ਚੁੱਕੀ ਹੈ ਅਤੇ ਉਹ ਹੁਣ ਤੁਰਨੋਂ ਫਿਰਨੋਂ ਵੀ ਲਾਚਾਰ ਹੋ ਚੁੱਕੇ ਹਨ, ਪਰ ਸਦਕੇ ਜਾਈਏ ਇਸ ਸਿਰੜੀ ਅਤੇ ਕਲਮ ਦੇ ਧਨੀ ਪੱਤਰਕਾਰ ਦੇ, ਜਿਸ ਨੇ ਵੱਡੀਆਂ ਔਕੜਾਂ ਨੂੰ ਪਾਰ ਕਰਦਿਆਂ ਅੱਜ ਪਹਿਰੇਦਾਰ ਨੂੰ ਪੰਜਾਬੀ ਦੇ ਪ੍ਰਮੁੱਖ ਅਖ਼ਬਾਰਾਂ ਵਿੱਚ ਲਿਆ ਖੜ੍ਹਾ ਕੀਤਾ ਹੈ ਅਤੇ ਪਹਿਰੇਦਾਰ ਦੇ ਫ਼ਰੰਟ ਪੇਜ 'ਤੇ ਲਿਖੀ ਜਾਂਦੀ ਆਪਣੀ ਸੰਪਾਦਕੀ ਰਾਹੀਂ ਪੰਥ ਅਤੇ ਪੰਜਾਬ ਦੇ ਦੁਸ਼ਮਣਾਂ ਦੀਆਂ ਚਾਲਾਂ ਦਾ ਮੂੰਹ ਤੋੜ ਜਵਾਬ ਦੇ ਰਿਹਾ ਹੈ। ਪੱਤਰਕਾਰਤਾ ਦੇ ਬਦਲ ਰਹੀ ਤਕਨੀਕ ਦੇ ਨਾਲ ਚੱਲਣ ਦਾ ਦਮ ਭਰਦਿਆਂ ਜਸਪਾਲ ਸਿੰਘ ਹੇਰਾਂ ਨੇ ‘ਪਹਿਰੇਦਾਰ ਦਾ ਵੈਬ ਚੈਨਲ’ ਵੀ ਸ਼ੁਰੂ ਕਰ ਲਿਆ ਹੈ। ਜਸਪਾਲ ਸਿੰਘ ਹੇਰਾਂ ਬਾਰੇ ਛਪ ਰਹੀ ਕਿਤਾਬ ਵਿਚ ਹੋਰ ਵੀ ਜ਼ਿਆਦਾ ਜ਼ਿਕਰ ਹੋਵੇਗਾ ਪਰ ਅੱਜ ਲਈ ਏਨਾ ਹੀ ਸਵੀਕਾਰ ਕਰਨਾ, ਅਜਿਹੇ ਜਿੰਦਾ ਦਿਲ ਜ਼ਿੰਦਾ ਸ਼ਹੀਦ ਪੱਤਰਕਾਰ ਦੀ ਤੰਦਰੁਸਤ ਸਿਹਤ ਦੀ ਮੈਂ ਵਾਹਿਗੁਰੂ ਤੋਂ ਕਾਮਨਾ ਕਰਦਾ ਹਾਂ, ਅੱਲਾ ਵਾਹਿਗੁਰੂ ਰਾਮ ਸ. ਹੇਰਾਂ ਦੀ ਕਲਮ ਨੂੰ ਹੋਰ ਤਾਕਤ ਬਖ਼ਸ਼ੇ, ਅਜਿਹੇ ਪੱਤਰਕਾਰ ਜਿੰਦਾ ਰਹਿਣੇ ਚਾਹੀਦੇ ਹਨ। ਆਮੀਨ! ਗੁਰਨਾਮ ਸਿੰਘ ਅਕੀਦਾ 8146001100 ਜਗਸ਼ੀਰ ਸਿੰਘ ਸੰਧੂ 9876416009

Monday, October 10, 2022

ਪੱਤਰਕਾਰੀ ਦੇ ਨਾਲ ਨਾਲ ਪੱਤਰਕਾਰਾਂ ਦੇ ਹੱਕਾਂ ਲਈ ਲੜਨ ਵਾਲੇ ਪੱਤਰਕਾਰ ‘ਬਲਵਿੰਦਰ ਸਿੰਘ ਜੰਮੂ’

ਸਮਾਜ ਦੇ ਹਰ ਪੀੜਤ ਵਰਗ ਦੇ ਦੁੱਖਾਂ ਦਰਦਾਂ ਵਿਚ ਉਸ ਦੀ ਅਵਾਜ਼ ਬਣਨ ਵਾਲੇ ਪੱਤਰਕਾਰ ਹੀ ਅਸਲ ਵਿਚ ਲੋਕਤੰਤਰ ਦਾ ਚੌਥਾ ਥੰਮ੍ਹ ਹੁੰਦੇ ਹਨ। ਪੱਤਰਕਾਰ ਸਭ ਨਾਲ ਹੁੰਦੀ ਬੇਇਨਸਾਫ਼ੀ ਲਈ ਲੜਦਾ ਹੈ, ਪਰ ਪੱਤਰਕਾਰ ਨਾਲ ਹੁੰਦੀ ਬੇਇਨਸਾਫ਼ੀ ਲਈ ਕੌਣ ਲੜਦਾ ਹੈ? ਲੋਕ ਤਮਾਸ਼ਬੀਨ ਬਣੇ ਪੱਤਰਕਾਰ ਨਾਲ ਹੁੰਦੀਆਂ ਵਧੀਕੀਆਂ ਦਾ ਤਮਾਸ਼ਾ ‘ਮੂਕ ਦਰਸ਼ਕ’ ਬਣ ਕੇ ਦੇਖਦੇ ਹਨ। ਸੱਚ ਦੇ ਨਾਲ ਖੜਨ ਵਾਲੇ ਸੱਚ ਲਈ ਲੜਨ ਵਾਲੇ ਪੱਤਰਕਾਰਾਂ ਨੂੰ ਅਜੋਕੇ ਯੁੱਗ ਵਿਚ ਚਾਰੇ ਪਾਸਿਓਂ ਸੰਕਟਾਂ ਵਿਚ ਘੇਰਨ ਲਈ ਸਾਜ਼ਿਸ਼ਾਂ ਹੁੰਦੀਆਂ ਹਨ। ਕਾਰਪੋਰੇਟ ਕੁਰਹਿਤਾਂ ਅਧੀਨ ਆ ਚੁੱਕੀ ਪੱਤਰਕਾਰੀ ਕਰਦੇ ਪੱਤਰਕਾਰ ਸਿਸਕ ਰਹੇ ਹਨ, ਜਿਸ ਲਈ ਜ਼ਿੰਮੇਵਾਰ ਮੀਡੀਆ ਅਦਾਰਿਆਂ ਦੇ ਮਾਲਕ ਜਾਂ ਮੁੱਖ ਸੰਪਾਦਕ, ਸੰਪਾਦਕ ਜਾਂ ਫਿਰ ਨਿਊਜ਼ ਐਡੀਟਰ ਦੀ ਪੱਖਪਾਤੀ ਸੋਚ ਨੂੰ ਕਿਹਾ ਜਾ ਸਕਦਾ ਹੈ। ਪੱਤਰਕਾਰਾਂ ਨਾਲ ਸੱਤਾਧਾਰੀ ਧਿਰਾਂ ਵੱਲੋਂ, ਬਿਉਰੋਕਰੇਸੀ ਵੱਲੋਂ ਜਾਂ ਫਿਰ ਬੁਰਜ਼ੂਆ ਸਮਾਜ ਵੱਲੋਂ ਕੀਤੀ ਜਾਂਦੀ ਵਧੀਕੀ ਖ਼ਿਲਾਫ਼ ਤਾਂ ਖ਼ੈਰ ਆਮ ਤੌਰ ਤੇ ਪੱਤਰਕਾਰਾਂ ਦੀਆਂ ਜਥੇਬੰਦੀਆਂ ਕਦੇ ਕਦੇ ਲੜਦੀਆਂ ਵੇਖੀਆਂ ਹਨ ਪਰ ਅਦਾਰਿਆਂ ਵੱਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਵੱਲ ਨਾ ਤਾਂ ਕੋਈ ਨਜ਼ਰ ਮਾਰਦਾ ਹੈ ਨਾ ਹੀ ਕੋਈ ਉਸ ਦੇ ਵਿਰੁੱਧ ਬੋਲਦਾ ਹੈ, ਅਜਿਹੀਆਂ ਵਧੀਕੀਆਂ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲਾ ਵੀ ਹੈ ਇਕ ਪੱਤਰਕਾਰ, ਮੈਂ ਅੱਜ ਗੱਲ ਕਰ ਰਿਹਾ ਹਾਂ ਪੱਤਰਕਾਰੀ ਦੇ ਨਾਲ ਨਾਲ ਪੱਤਰਕਾਰਾਂ ਦੇ ਹੱਕਾਂ ਲਈ ਲੜਨ ਵਾਲੇ ਪੱਤਰਕਾਰ ‘ਬਲਵਿੰਦਰ ਸਿੰਘ ਜੰਮੂ’ ਦੀ। ਘੱਗਰ ਦਰਿਆ ਵਿਚ ਆਉਂਦੇ ਹੜ੍ਹਾਂ ਕਾਰਨ ਚੀਕਣੀ ਮਿੱਟੀ ਬਾਂਝ ਹੋ ਜਾਂਦੀ ਹੈ, ਪਰ ਪਟਿਆਲਾ ਜ਼ਿਲ੍ਹੇ ਦੇ ਪੁਆਧੀ ਖੇਤਰ ਵਿਚ ਪੈਂਦੇ ਪਿੰਡ ਗਗਰੌਲੀ ਦੀ ਹੜ੍ਹਾਂ ਕਾਰਨ ਹੋਈ ਚੀਕਣੀ ਮਿੱਟੀ ਵਿਚ ਜੰਮਿਆ, ਪਲ਼ਿਆ, ਵਧਿਆ, ਫੁੱਲਿਆ ਕੋਈ ਬੰਦਾ ‘ਸ਼ਬਦਾਂ ਦਾ ਫਾਸਫੋਰਸ’ ਵੀ ਸਿਰਜ ਸਕਦਾ ਹੈ। ਪਟਿਆਲਾ ਜ਼ਿਲ੍ਹੇ ਨੂੰ ਮਾਣ ਹੈ ਕਿ ਇਸ ਨੇ ਪੰਜਾਬੀ ਨੂੰ ਇਕ ਅਜਿਹਾ ਪੱਤਰਕਾਰ ਦਿੱਤਾ ਜਿਸ ਨੇ ਰਾਜਧਾਨੀ ਚੰਡੀਗੜ੍ਹ ਵਿਚ ਹੀ ਨਹੀਂ ਸਗੋਂ ਭਾਰਤ ਦੀ ਰਾਜਧਾਨੀ ਦਿਲੀ ਵਿਚ ਵੀ ਪੰਜਾਬੀ ਪੱਤਰਕਾਰੀ ਦੇ ਝੰਡੇ ਗੱਡੇ। ਬਜ਼ੁਰਗਾਂ ਦੀਆਂ ਜੜ੍ਹਾਂ ਪਾਕਿਸਤਾਨ ਦੇ ਜ਼ਿਲ੍ਹੇ ਸ਼ੇਖ਼ੂਪੁਰਾ (ਅੱਜ ਕੱਲ੍ਹ ਜ਼ਿਲ੍ਹਾ ਨਨਕਾਣਾ ਸਾਹਿਬ) ਦੇ ਪਿੰਡ ਡਿਪਟੀ ਵਾਲਾ ਨਾਲ ਜੁੜੀਆਂ ਹਨ। ਪੰਜਾਬ ਦੀ ਵੰਡ ਦਾ ਸੰਤਾਪ ‘ਜੰਮੂ’ ਪਰਿਵਾਰ ਨੇ ਵੀ ਸਿਰ ’ਤੇ ਹੰਢਾਇਆ। ਜਦੋਂ ਪੰਜਾਬੀ ਸੂਬੇ ਦੀ ਲੜਾਈ ਲੜੀ ਜਾ ਰਹੀ ਸੀ, ਲਗਭਗ ਉਹੀ ਸਮਾਂ ਸੀ ਜਦੋਂ ਬਲਵਿੰਦਰ ਸਿੰਘ ਜੰਮੂ ਦਾ ਜਨਮ ਪਿੰਡ ਗਗਰੌਲੀ (ਗਗਰੌਲਾ-ਗਗਰੌਲੀ) ਵਿਚ 15 ਅਪਰੈਲ 1960 ਨੂੰ ਪਿਤਾ ਸ. ਅਜੀਤ ਸਿੰਘ ਅਤੇ ਮਾਤਾ ਸ੍ਰੀਮਤੀ ਜੋਗਿੰਦਰ ਕੌਰ ਦੇ ਘਰ ਹੋਇਆ। ਆਮ ਕਿਸਾਨ ਪਰਿਵਾਰ ਵਿਚ ਜਨਮੇ ਹੋਣ ਕਰਕੇ ਜੰਮੂ ਨੇ ਖੇਤੀਬਾੜੀ ਵਿਚ ਖ਼ੂਬ ਦਿਲਚਸਪੀ ਦਿਖਾਈ, ਉਹ ਆਪਣੇ ਬਾਪੂ ਨਾਲ ਖੇਤੀਬਾੜੀ ਦਾ ਕੰਮ ਕਰਦੇ ਹੋਏ ‘ਹਲ਼’ ਵੀ ਚਲਾ ਲੈਂਦੇ ਤੇ ਟਰੈਕਟਰ ਵੀ ਚਲਾਉਂਦੇ ਤੇ ਕੰਬਾਈਨ ਵੀ ਚਲਾ ਲੈਂਦੇ। ਮੁਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਦ ਮੋਦੀ ਕਾਲਜ ਵਿਚ ਦਾਖਲਾ ਲਿਆ, ਪੜਾਈ ਦੇ ਨਾਲ ਨਾਲ ਵਿਦਿਆਰਥੀਆਂ ਦੇ ਹੱਕਾਂ ਲਈ ਵੀ ਲੜਾਈ ਲੜਨੀ ਸ਼ੁਰੂ ਕੀਤੀ। ਮੋਦੀ ਕਾਲਜ ਵਿਚ ‘ਸਟੂਡੈਂਟਸ ਕੌਂਸਲ’ ਦੀਆਂ ਚੋਣਾ ਲੜੀਆਂ ਜਿਸ ਦੌਰਾਨ ਉਹ ਦੋ ਵਾਰ ਪ੍ਰਧਾਨ ਬਣੇ, ਤੇ ਇਸ ਦੇ ਨਾਲ ਨਾਲ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਹੇ। 1985 ‌ਵਿਚ ਬੈਚੂਲਰ ਦੀ ਪੜਾਈ ਪੂਰੀ ਕਰਨ ਤੋਂ ਬਾਅਦ 1990 ਵਿਚ ਜਰਨਲਿਜ਼ਮ ਦੀ ਮਾਸਟਰ ਡਿੱਗਰੀ ਪੂਰੀ ਕਰ ਲਈ। ਤਿੰਨ ਐਮਏ ਕੀਤੀਆਂ। -ਪੱਤਰਕਾਰੀ ਦੀ ਸ਼ੁਰੂਆਤ- ਕਈ ਵਾਰੀ ਕਲਮ ਬੰਦੇ ਨੂੰ ਚੁਣ ਲੈਂਦੀ ਹੈ, ਸ਼ਬਦਾਂ ਦੀ ਸਿਰਜਣਾ ਲਈ ਕਲਮ ਨੇ ‘ਬਲਵਿੰਦਰ ਸਿੰਘ ਜੰਮੂ’ ਨੂੰ ਚੁਣਿਆ। ਪੱਤਰਕਾਰੀ ਦੀਆਂ ਡਿੱਗਰੀਆਂ ਪੱਤਰਕਾਰ ਨੂੰ ਨੌਕਰੀਆਂ ਕਰਨ ਲਈ ਇਕ ਸਹਾਰਾ ਤਾਂ ਦਿੰਦੀਆਂ ਹਨ ਪਰ ਮੇਰਾ ਮੰਨਣਾ ਹੈ ਕਿ ਪੱਤਰਕਾਰਤਾ ਸ਼ਬਦ ਗੁਰੂ ਵੱਲੋਂ ਕਿਸੇ ਵਿਅਕਤੀ ਨੂੰ ਬਖ਼ਸ਼ੀ ਅਨਮੋਲ ਦਾਤ ਹੈ। ਜੰਮੂ ਹੋਰਾਂ ਦਾ ਲਿਖਣ ਦਾ ਸ਼ੌਕ ਜਿਵੇਂ ਖ਼ੂਨ ਵਿਚ ਹੀ ਸੀ, ਕਾਲਜ ਵਿਚ ਪੜ੍ਹਦਿਆਂ ਹੀ ਕਾਲਜ ਦੇ ਛਪਦੇ ਮੈਗਜ਼ੀਨ ਵਿਚ ਵਿਦਿਆਰਥੀ ਮਸਲਿਆਂ ਅਤੇ ਸਿੱਖਿਆ ਦੇ ਸੰਦਰਭ ਵਿਚ ਲਿਖਦੇ ਰਹੇ। ਲਿਖਦੇ ਲਿਖਦੇ ਨਵਾਂ ਜ਼ਮਾਨਾ ਜਲੰਧਰ ਅਖ਼ਬਾਰ ਵਿਚ ਵੀ ਛਪਣ ਲੱਗ ਪਏ। ਛਪਦੇ ਛਪਦੇ ਹੋਏ ਹੀ 1990 ਵਿਚ ਨਵਾਂ ਜ਼ਮਾਨਾ ਵਿਚ ਮੁੱਖ ਸੰਪਾਦਕ ਜਗਜੀਤ ਸਿੰਘ ਅਨੰਦ ਦੀ ਅਗਵਾਈ ਵਿਚ ਡੈਸਕ ਤੇ ਚਾਰ ਮਹੀਨੇ ਕੰਮ ਕੀਤਾ,ਨਾਲ ਨਾਲ ਪੰਜਾਬੀ ਟ੍ਰਿਬਿਊਨ ਵਿਚ ਵੀ ਆਪਣੀਆਂ ਲਿਖਤਾਂ ਭੇਜ ਦਿੰਦੇ ਤੇ ਛਪ ਜਾਂਦੀਆਂ। ਉਸ ਤੋਂ ਬਾਅਦ ਪਟਿਆਲਾ ਆ ਗਏ, ਪਟਿਆਲਾ ਆਕੇ ਜੰਮੂ ਹੋਰਾਂ ਨੇ ਨਵਾਂ ਜ਼ਮਾਨਾ ਵਿਚ ਤਾਂ ਪੱਤਰਕਾਰੀ ਜਾਰੀ ਹੀ ਰੱਖੀ ਪਰ ਨਾਲ ਹੀ ਚੜ੍ਹਦੀਕਲਾ ਦੇ ਮੁੱਖ ਸੰਪਾਦਕ ਜਗਜੀਤ ਸਿੰਘ ਦਰਦੀ ਦੀ ਰਹਿਨੁਮਾਈ ਵਿਚ ਚੜ੍ਹਦੀਕਲਾ ਵਿਚ ਵੀ ਸਬ ਐਡੀਟਰ ਵਜੋਂ ਡਿਊਟੀ ਕਰਨੀ ਸ਼ੁਰੂ ਕਰ ਦਿੱਤੀ। ਸਬ ਐਡੀਟਰ ਦੇ ਨਾਲ ਨਾਲ ਉਹ ਨਵਾਂ ਜਮਾਨਾ ਤੇ ਚੜ੍ਹਦੀਕਲਾ ਵਿਚ ਪੱਤਰਕਾਰੀ ਵੀ ਕਰਦੇ ਰਹਿੰਦੇ। 1993 ਤੱਕ ਉਹ ਪਟਿਆਲਾ ਵਿਚ ਹੀ ਰਹੇ। ਪੰਜਾਬੀ ਟ੍ਰਿਬਿਊਨ ਦਾ 1992 ਵਿਚ ਇਕ ਟੈੱਸਟ ਹੋਇਆ ਸੀ ਜਿਸ ਵਿਚ ਜੰਮੂ ਹੋਰਾਂ ਨੇ ਹਿੱਸਾ ਲਿਆ। ਉਸ ਤੋਂ ਬਾਅਦ ਨਵੰਬਰ 1993 ਵਿਚ ਜੰਮੂ ਹੋਰੀਂ ਪੰਜਾਬੀ ਟ੍ਰਿਬਿਊਨ ਵਿਚ ‘ਅਪਰੈਂਟਿਸ ਸਬ ਐਡੀਟਰ’ ਵਜੋਂ ਨਿਯੁਕਤ ਹੋ ਗਏ। ਇਥੋਂ ਹੀ ਉਨ੍ਹਾਂ ਚੰਡੀਗੜ੍ਹ ਵੱਲ ਚਾਲੇ ਪਾਏ। ਜੂਨ 2000 ਵਿਚ ਪੰਜਾਬੀ ਟ੍ਰਿਬਿਊਨ ਨੇ ਬਲਵਿੰਦਰ ਸਿੰਘ ਜੰਮੂ ਨੂੰ ‘ਸਟਾਫ਼ ਰਿਪੋਰਟਰ’ ਬਣਾ ਦਿੱਤਾ। ਚੰਡੀਗੜ੍ਹ, ਹਰਿਆਣਾ, ਪੰਜਾਬ ਦੀ ਸਿੱਖਿਆ ਦੇ ਨਾਲ ਨਾਲ ਹੋਰ ਮਸਲਿਆਂ ਨਾਲ ਸਬੰਧਿਤ ਪੱਤਰਕਾਰੀ ਕੀਤੀ। -ਹੱਕਾਂ ਲਈ ਲੜਾਈ- ਜਦੋਂ ਹੱਕਾਂ ਲਈ ਲੜਾਈ ਲੜੀ ਜਾਂਦੀ ਰਹੀ ਹੋਵੇ ਤਾਂ ਕਿਤੇ ਵੀ ਬੇਇਨਸਾਫ਼ੀ ਸਹਾਰੀ ਨਹੀਂ ਜਾਂਦੀ, ਪੰਜਾਬੀ ਟ੍ਰਿਬਿਊਨ ਵਿਚ ਹੁੰਦਿਆਂ ‘ਟ੍ਰਿਬਿਊਨ ਇੰਪਲਾਈਜ਼ ਯੂਨੀਅਨ’ ਵਿਚ ਵੀ ਕੰਮ ਕਰਨਾ ਸ਼ੁਰੂ ਕੀਤਾ। ਮਹਿਲਾ ਦਿਵਸ ਵਾਲੇ ਦਿਨ ਖ਼ੂਨਦਾਨ ਕੈਂਪ ਲਗਾਇਆ ਜਾਂਦਾ ਸੀ, ਪਹਿਲਾਂ ਇਕ ਫੇਰ ਦੋ ਤੇ ਫੇਰ ਤਿੰਨ ਕੈਂਪ ਲੱਗਣੇ ਸ਼ੁਰੂ ਹੋਏ। ਇੰਪਲਾਈਜ਼ ਦੇ ਹੱਕਾਂ ਲਈ ਲੜੇ। 2011 ਵਿਚ ਜੰਮੂ ਹੋਰਾਂ ਦੇ ਨਾਲ ਨਾਲ ਕੁਝ ਹੋਰ ਆਗੂ ‌ਮੁਅੱਤਲ ਕਰ ਦਿੱਤੇ ਗਏ। ਢਾਈ ਕੁ ਮਹੀਨੇ ਬਾਦ ਪ੍ਰਬੰਧਕਾਂ ਨਾਲ ਸਮਝੌਤਾ ਹੋ ਗਿਆ ਪਰ ਬਲਵਿੰਦਰ ਸਿੰਘ ਜੰਮੂ ਨੂੰ ਦਿਲੀ ਵਿਚ ਪੱਤਰਕਾਰੀ ਕਰਨ ਲਈ ਬਦਲ ਦਿੱਤਾ ਗਿਆ। -ਦਿੱਲੀ ਦੀ ਪੱਤਰਕਾਰੀ- ਜੂਨ 2011 ਵਿਚ ਦਿੱਲੀ ਵਿਚ ਪੱਤਰਕਾਰੀ ਸ਼ੁਰੂ ਕੀਤੀ। ਜੰਮੂ ਹੋਰੀਂ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਕਹਿੰਦੇ ਹਨ ਕਿ ਦਿਲੀ ਵਿਚ ਹੋਈ ਬਦਲੀ ਦਾ ਉਸ ਨੂੰ ਬੜਾ ਲਾਭ ਹੋਇਆ। ਇਹ ਸੱਚ ਵੀ ਹੈ ਕਿ ਪੰਜਾਬ ਵਿਚ ਪੰਜਾਬੀ ਪੱਤਰਕਾਰੀ ਕਰਦੇ ਕਿਸੇ ਪੱਤਰਕਾਰ ਨੂੰ ਇਹ ਸਮਾਂ ਨਹੀਂ ਮਿਲਦਾ ਕਿ ਉਹ ਦਿਲੀ ਵਿਚ ਪਾਰਲੀਮੈਂਟ ਦੀ ਵੀ ਕਵਰੇਜ਼ ਕਰੇ। ਪੰਜਾਬ ਵਿਧਾਨ ਸਭਾ ਵਿਚ ਤਾਂ ਬਹੁਤ ਸਾਰੇ ਪੱਤਰਕਾਰ ਕਵਰੇਜ ਕਰਦੇ ਹਨ ਪਰ ਪਾਰਲੀਮੈਂਟ ਵਿਚ ਪੱਤਰਕਾਰੀ ਕਰਨ ਦਾ ਕਿਸੇ ਹੀ ਪੰਜਾਬੀ ਪੱਤਰਕਾਰ ਨੂੰ ਮੌਕਾ ਮਿਲਿਆ ਪਰ ਜੰਮੂ ਨੂੰ ਇਹ ਮੌਕਾ ਮਿਲਿਆ। ਲੋਕ ਸਭਾ ਵਿਚ ਹੁੰਦੇ ਸੈਸ਼ਨ ਦੀ ਨੇੜਿਓਂ ਪੱਤਰਕਾਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਦਿਲੀ ਦੇ ਵਿ‌ਗਿਆਨ ਭਵਨ ਦੀ ਪੱਤਰਕਾਰੀ ਵੀ ਕੀਤੀ। ਉੱਥੇ ਹੁੰਦੇ ਸੈਮੀਨਾਰਾਂ ਵਿਚ ਪੰਜਾਬ ਨਾਲ ਸਬੰਧਿਤ ਸੈਮੀਨਾਰਾਂ ਦੀ ਖ਼ਾਸ ਕਰਕੇ ਪੱਤਰਕਾਰੀ ਕੀਤੀ। -ਅੰਨ੍ਹਾ ਹਜ਼ਾਰੇ ਦਾ ਅੰਦੋਲਨ ਆਰਐਸਐਸ ਤੇ ਬੀਜੇਪੀ ਨੇ ਕਬਜ਼ਾ ਕੀਤਾ। ਬਲਵਿੰਦਰ ਸਿੰਘ ਜੰਮੂ ਹੋਰਾਂ ਨੇ ਦਿਲੀ ਵਿਚ ਪੱਤਰਕਾਰੀ ਕਰਦਿਆਂ ਅੰਨ੍ਹਾ ਹਜ਼ਾਰੇ ਦਾ ਅੰਦੋਲਨ ‘ਇੰਡੀਆ ਅਗੇਂਸਟ ਕੁਰੱਪਸ਼ਨ’ ਵੀ ਕਵਰ ਕੀਤਾ। ਜੰਮੂ ਹੋਰੀਂ ਕਹਿੰਦੇ ਹਨ ਕਿ ਉਨ੍ਹਾਂ ਅੰਨ੍ਹਾ ਹਜ਼ਾਰੇ ਦੇ ਅੰਦੋਲਨ ਨੂੰ ਬਹੁਤ ਨੇੜਿਓਂ ਤੱਕਿਆ ਤੇ ਅਖ਼ਬਾਰੀ ਕਾਲਮਾਂ ਦਾ ਹਿੱਸਾ ਬਣਾ‌ਇਆ। ਬਹੁਤ ਸਾਰੇ ਤਜਰਬਿਆਂ ਵਿਚੋਂ ਉਹ ਇਹ ਵੀ ਕਹਿੰਦੇ ਹਨ ਕਿ ਜਿਵੇਂ ਆਮ ਤੌਰ ਤੇ ਚਰਚਾ ਚੱਲਦੀ ਹੈ ਕਿ ਅੰਨ੍ਹਾ ਹਜ਼ਾਰੇ ਦਾ ਅੰਦੋਲਨ ਬੀਜੇਪੀ ਦਾ ਹੀ ਸਪਾਂਸਰ ਸੀ ਜੰਮੂ ਨੇ ਇਹ ਨੇੜਿਓਂ ਤੱਕਿਆ ਕਿ ਜਦੋਂ ਉਹ ਅੰਦੋਲਨ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਜਦੋਂ ਪੁੱਛਦੇ ਸਨ ਕਿ ਤੁਸੀਂ ਕਿੱਥੋਂ ਆਏ ਹੋ ਤਾਂ ਉਹ ਖੁੱਲ ਕੇ ਆਮ ਤੌਰ ਤੇ ਕਹਿੰਦੇ ਕਿ ਅਸੀਂ ਤਾਂ ਆਰਐਸਐਸ ਤੋਂ ਹਾਂ, ਤੇ ਨਾਲ ਹੀ ਬੀਜੇਪੀ ਵਾਲੇ ਕਹਿੰਦੇ ਕਿ ਅਸੀਂ ਤਾਂ ਬੀਜੇਪੀ ਤੋਂ ਹਾਂ। ਕਈ ਤਾਂ ਇਹ ਵੀ ਆਪਣੇ ਬਾਰੇ ਦੱਸਦੇ ਕਿ ਉਹ ਤਾਂ ਆਰਐਸਐਸ ਦੀਆਂ ਸ਼ਾਖਾਵਾਂ ਲਾਉਣ ਵਾਲੇ ਕੱਟਣ ਸੰਘੀ ਹਨ। ਉਸ ਵੇਲੇ ਦੀ ਮੀਡੀਆ ਕਵਰੇਜ ਬਾਰੇ ਸਾਂਝ ਪਾਉਂਦੇ ਹੋਏ ਜੰਮੂ ਹੋਰੀਂ ਕਹਿੰਦੇ ਹਨ ਕਿ ਉਸ ਵੇਲੇ ਮੀਡੀਆ ਦਾ ਬੜਾ ਕਹਿਰ ਭਰਿਆ ਰੰਗ ਦੇਖਿਆ, ਮੀਡੀਆ ਸਿਰਫ਼ ਅੰਨ੍ਹਾ ਹਜ਼ਾਰੇ ਦੇ ਸਟੇਜ ਨੂੰ ਹੀ ਦਿਖਾਉਂਦਾ ਸੀ, ਉਹ ਪੰਡਾਲ ਵਿਚ ਜਾਂ ਫਿਰ ਅੰਦੋਲਨ ਦੀ ਖ਼ਾਲੀ ਥਾਂ ਨਹੀਂ ਦਿਖਾਉਂਦਾ ਸੀ, ਜਿਸ ਤੋਂ ਸਪਸ਼ਟ ਹੋ ਗਿਆ ਸੀ ਕਿ ਮੀਡੀਆ ਵੀ ਸਿਰਫ਼ ਅੰਨ੍ਹਾ ਹਜ਼ਾਰੇ ਦਾ ਹੀ ਸਮਰਥਕ ਕਿਸੇ ਨੇ ਬਣਾ ਦਿੱਤਾ ਹੈ। ਇਹ ਗੱਲ ਜੰਮੂ ਹੋਰੀਂ ਤਾਂ ਇਕ ਪੱਤਰਕਾਰ ਹੋਣ ਦੇ ਨਾਤੇ ਕਹਿ ਰਹੇ ਹਨ ਪਰ ਹੁਣ ਸਚਾਈ ਵੀ ਸਾਹਮਣੇ ਹੈ ਕਿ ਮੀਡੀਆ ਦਾ ਇਕ ਹਿੱਸਾ ਸਿਰਫ਼ ਇਕ ਪਾਸੜ ਹੋ ਗਿਆ ਹੈ ਜਿਸ ਨੂੰ ਆਮ ਤੌਰ ਤੇ ‘ਗੋਦੀ ਮੀਡੀਆ’ ਵੀ ਕਿਹਾ ਜਾਣ ਲੱਗ ਪਿਆ ਹੈ। ਜੋ ਲੋਕਤੰਤਰ ਦੇ ਚੌਥੇ ਥੰਮ੍ਹ ਲਈ ਸਹੀ ਨਹੀਂ ਹੈ। -ਬਲਵਿੰਦਰ ਸਿੰਘ ਜੰਮੂ ਮੁੜ ਚੰਡੀਗੜ੍ਹ ਆਏ ਪੌਣੇ ਕੁ ਦੋ ਸਾਲ ਦਿਲੀ ਵਿਚ ਲਗਾ ਕੇ 2013 ਵਿਚ ਬਲਵਿੰਦਰ ਸਿੰਘ ਜੰਮੂ ਮੁੜ ਪੰਜਾਬੀ ਟ੍ਰਿਬਿਊਨ ਦੇ ਹੈੱਡ ਆਫ਼ਿਸ ਚੰਡੀਗੜ੍ਹ ਆ ਗਏ। ਚੰਡੀਗੜ੍ਹ ਵਿਚ ਮੁੜ ਵੱਖ ਵੱਖ ਮਸਲਿਆਂ ਤੇ ਪੱਤਰਕਾਰੀ ਕਰਨੀ ਸ਼ੁਰੂ ਕੀਤੀ। ਇੰਪਲਾਈਜ਼ ਦੇ ਹੱਕਾਂ ਲਈ ਲੜਾਈ ਜਾਰੀ ਰੱਖੀ ਤਾਂ 2014 ਵਿਚ ਟ੍ਰਿਬਿਊਨ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਬਣ ਗਏ। ਜੰਮੂ ਹੋਰੀਂ ਕਹਿੰਦੇ ਹਨ ਕਿ ਜਦੋਂ ਵੀ ਪੱਤਰਕਾਰੀ ਕਰਨ ਲਈ ਬਾਹਰ ਜਾਣਾ ਤਾਂ ਪੱਤਰਕਾਰਾਂ ਦੇ ਹੱਕਾਂ ਦੀ ਗੱਲ ਆਮ ਹੁੰਦੀ। ਕਿਸਾਨੀ ਅੰਦੋਲਨ ਵਿਚ ਵਿਸ਼ੇਸ਼ ਭੂਮਿਕਾ ਪੱਤਰਕਾਰ ਬਲਵਿੰਦਰ ਸਿੰਘ ਜੰਮੂ ਹੋਰਾਂ ਨੇ ਕੇਂਦਰ ਸਰਕਾਰ ਦੇ ਖੇਤੀ ਬਿਲਾਂ ਖ਼ਿਲਾਫ਼ ਕਿਸਾਨਾਂ ਨੇ ਅੰਦੋਲਨ ਕੀਤਾ, ਉਸ ਵੇਲੇ ਜੰਮੂ ਹੋਰਾਂ ਦੀ ਬੜੀ ਅਹਿਮ ਭੂਮਿਕਾ ਰਹੀ। ਜਦੋਂ ਇੰਡੀਅਨ ਜਰਨਲਿਸਟ ਯੂਨੀਅਨ ਦੇ ਕੁਝ ਮੈਂਬਰ ਇਹ ਗੱਲ ਕਰਦੇ ਸਨ ਕਿ ਜਦੋਂ ਕੜਕਦੀ ਠੰਢ ਆਵੇਗੀ ਤਾਂ ਕਿਸਾਨ ਆਪਣਾ ਅੰਦੋਲਨ ਛੱਡ ਕੇ ਭੱਜ ਜਾਣਗੇ। ਪਰ ਉਸ ਵੇਲੇ ਜੰਮੂ ਹੋਰਾਂ ਨੇ ਇੰਡੀਅਨ ਜਰਨਲਿਸਟ ਯੂਨੀਅਨ ਦੇ ਛਪਦੇ ਪਰਚੇ ਵਿਚ ਤਿੰਨ ਆਰਟੀਕਲ ਲਿਖੇ, ਜਿਸ ਵਿਚ ਸਪਸ਼ਟ ਕੀਤਾ ਕਿ ਉੱਤਰੀ ਭਾਰਤ ਦਾ ਕਿਸਾਨ ਕਿਸੇ ਵੀ ਮੌਸਮ ਕਰਕੇ ਅੰਦੋਲਨ ਨਹੀਂ ਛੱਡਦਾ। ਸਗੋਂ ਉਹ ਹੋਰ ਵੀ ਸਖ਼ਤੀ ਨਾਲ ਅੰਦੋਲਨ ਵਿਚ ਸ਼ਾਮਲ ਹੋਵੇਗਾ। ਇਸੇ ਤਰ੍ਹਾਂ ਹੋਇਆ, ਕਿਸਾਨ ਕੜਕਦੀ ਠੰਢ ਵਿਚ ਵੀ ਡਟੇ ਰਹੇ। -ਪੱਤਰਕਾਰਾਂ ਦੇ ਹੱਕਾਂ ਲਈ ਲੜਾਈ ਬਲਵਿੰਦਰ ਸਿੰਘ ਜੰਮੂ ਹੋਰੀਂ ਜਿਵੇਂ ਟ੍ਰਿਬਿਊਨ ਵਿਚ ਇੰਪਲਾਈਜ਼ ਦੇ ਹੱਕਾਂ ਲਈ ਲੜਾਈ ਲੜਦੇ ਰਹੇ ਉਸੇ ਤਰ੍ਹਾਂ ਪੱਤਰਕਾਰਾਂ ਦੇ ਹੱਕਾਂ ਲਈ ਵੀ ਲੜਾਈ ਜਾਰੀ ਰੱਖੀ। 2011 ਵਿਚ ਸ਼ੁਰੂ ਹੋਈ ਇੰਡੀਅਨ ਜਰਨਲਿਸਟ ਯੂਨੀਅਨ ਨਾਲ ਜੰਮੂ ਹੋਰੀਂ ਦਿਲੀ ਤੋਂ ਹੀ ਬਾ-ਵਾਸਤਾ ਹੋ ਗਏ ਸਨ। 2013 ਵਿਚ ਜੰਮੂ ਹੋਰਾਂ ਨੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਬਣਾ ਲਈ ਜੋ ਇੰਡੀਅਨ ਜਰਨਲਿਸਟ ਯੂਨੀਅਨ ਨਾਲ ਐਫੀਲੀਏਟਿਡ ਸੀ। 2014 ਵਿਚ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਕਿਸਾਨ ਭਵਨ ਵਿਚ ਕਾਨਫ਼ਰੰਸ ਕਰਵਾਈ। 2018 ਵਿਚ ਇੰਡੀਅਨ ਜਰਨਲਿਸਟ ਆਫ਼ ਯੂਨੀਅਨ ਦੀ 9ਵੀਂ ਕਾਨਫ਼ਰੰਸ ਅੰਮ੍ਰਿਤਸਰ ਵਿਚ ਕਰਵਾਈ, ਜਿਸ ਵਿਚ ਭਾਰਤ ਭਰ ਵਿਚੋਂ 300 ਤੋਂ ਵੱਧ ਜਰਨਲਿਸਟ ਡੈਲੀਗੇਟ ਸ਼ਾਮਲ ਹੋਏ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਦੀ ਕਾਨਫ਼ਰੰਸ ਜਲੰਧਰ ਤੇ ਫੇਰ ਮਈ 2022 ਵਿਚ ਮੰਡੀ ਗੋਬਿੰਦਗੜ੍ਹ ਵਿਚ ਕਰਵਾਈ। 2019 ਵਿਚ ਇੰਡੀਅਨ ਜਰਨਲਿਸਟ ਯੂਨੀਅਨ ਦੇ ਸਕੱਤਰ ਜਨਰਲ ਬਣ ਗਏ। ਮੁੜ ਫੇਰ ਜਨਰਲ ਸਕੱਤਰ ਬਣੇ। ਇਸੇ ਦੌਰਾਨ ਪ੍ਰੈੱਸ ਕਲੱਬ ਚੰਡੀਗੜ੍ਹ ਦੇ ਦੋ ਵਾਰ ਵਾਈਸ ਪ੍ਰਧਾਨ, ਦੋ ਵਾਰ ਸੀਨੀਅਰ ਵਾਈਸ ਪ੍ਰਧਾਨ ਤੇ 2015 ਵਿਚ ਪ੍ਰਧਾਨ ਬਣੇ। ਪ੍ਰੈੱਸ ਕਲੱਬ ਵਿਚ ਕਈ ਕਮੇਟੀਆਂ ਦੇ ਚੇਅਰਮੈਨ ਵੀ ਰਹੇ। ਇਸੇ ਤਰ੍ਹਾਂ ਭਾਰਤ ਭਰ ਦੀ ਪੱਤਰਕਾਰਾਂ ਦੀ ਸੰਵਿਧਾਨਕ ਜਥੇਬੰਦੀ ਪ੍ਰੈੱਸ ਕੌਂਸਲ ਆਫ਼ ਇੰਡੀਆ (ਪੀਸੀਆਈ) ਦੇ 2018 ਵਿਚ ਮੈਂਬਰ ਬਣ ਗਏ, ਜੰਮੂ ਹੋਰਾਂ ਲਈ ਇਹ ਬਹੁਤ ਵੱਡੀ ਪ੍ਰਾਪਤੀ ਆਖੀ ਜਾ ਸਕਦੀ ਹੈ ਕਿਉਂਕਿ ਵਰਕਿੰਗ ਪੰਜਾਬੀ ਪੱਤਰਕਾਰ ਨੂੰ ਸ਼ਾਇਦ ਪਹਿਲੀ ਵਾਰ ਪ੍ਰੈੱਸ ਕੌਂਸਲ ਆਫ਼ ਇੰਡੀਆ ਦਾ ਮੈਂਬਰ ਬਣਨ ਦਾ ਮਾਣ ਹਾਸਲ ਹੋਇਆ ਸੀ। -ਪੱਤਰਕਾਰਾਂ ਦੇ ਮਸਲੇ ਹੱਲ ਕਰਾਉਣ ਲਈ ਰਹੇ ਤਤਪਰ- ਪੱਤਰਕਾਰਾਂ ਦੇ ਮਸਲੇ ਹੱਲ ਕਰਾਉਣ ਬਾਰੇ ਲੰਬੀਆਂ ਕਹਾਣੀਆਂ ਸੁਣਾਈਆਂ ਜੰਮੂ ਹੋਰਾਂ ਨੇ। ਕੁਝ ਕੁ ਸਾਂਝੀਆਂ ਕਰ ਰਿਹਾ ਹਾਂ। ਜਿਵੇਂ ਕਿ ਬਿਜਲੀ ਸਮਝੌਤੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਐਮਐਲਏ ਹੋਸਟਲ ਵਿਚ ਇਕੱਠ ਕੀਤਾ। ਉਸ ਵੇਲੇ ‘ਆਪ’ ਆਗੂਆਂ ਨੂੰ ਤਿੱਤਰ-ਬਿਤਰ ਕਰਨ ਲਈ ਕੜਕਦੀ ਠੰਢ ਵਿਚ ਪਾਣੀ ਦੀਆਂ ਬੁਛਾੜ ਚੰਡੀਗੜ੍ਹ ਪੁਲੀਸ ਨੇ ਬੜੇ ਕਹਿਰ ਭਰੇ ਤਰੀਕੇ ਨਾਲ ਚਲਾਈਆਂ। ਇਸ ਵੇਲੇ ਦੋ ਪੱਤਰਕਾਰਾਂ ਤੇ ਵੀ ਪਾਣੀ ਦੀਆਂ ਬੁਛਾੜਾਂ ਲੱਗੀਆਂ। ਪੱਤਰਕਾਰਾਂ ਦੇ ਸੱਟਾਂ ਵੀ ਲੱਗੀਆਂ। ਇਸ ਮੁੱਦੇ ਨੂੰ ਜੰਮੂ ਹੋਰਾਂ ਨੇ ਜਥੇਬੰਦਕ ਤੌਰ ਤੇ ਨਿੱਜੀ ਤੌਰ ਤੇ ਚੰਡੀਗੜ੍ਹ ਪ੍ਰਸ਼ਾਸਨ ਅੱਗੇ ਚੁੱਕਿਆ। ਆਖ਼ਿਰ ਚੰਡੀਗੜ੍ਹ ਪ੍ਰਸ਼ਾਸਨ ਨੇ ਜੰਮੂ ਵੱਲੋਂ ਉਠਾਏ ਮੁੱਦੇ ਤੇ ਝੁਕਦਿਆਂ ਦੋਵਾਂ ਪੱਤਰਕਾਰਾਂ ਨੂੰ 20 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ। 2018 ਵਿਚ ਪੱਤਰਕਾਰਾਂ ਨਾਲ ਤਲਖ਼ੀ ਦਿਖਾਉਂਦਿਆਂ ਤਤਕਾਲੀ ਡੀਜੀਪੀ ਸੁਰੇਸ਼ ਅਰੋੜਾ ਨੇ ਪੁਲੀਸ ਹੈੱਡ ਕੁਆਰਟਰ ਵਿਚ ਪੱਤਰਕਾਰਾਂ ਦੀ ਐਂਟਰੀ ਬੰਦ ਕਰ ਦਿੱਤੀ, ਹੁਕਮ ਇਹ ਸੀ ਕਿ ਜੇਕਰ ਕੋਈ ਪੱਤਰਕਾਰ ਪੁਲੀਸ ਹੈੱਡ ਕੁਆਰਟਰ ਵਿਚ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਪਾਸ ਬਣਾਉਣਾ ਪਵੇਗਾ ਤੇ ਨਾਲ ਦੱਸਣਾ ਹੋਵੇਗਾ ਕਿ ਕਿਸ ਨੂੰ ਮਿਲਣਾ ਹੈ। ਇਸ ਮਾਮਲੇ ਬਾਰੇ ਬਲਵਿੰਦਰ ਸਿੰਘ ਜੰਮੂ ਨੇ ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਨੂੰ ਚਿੱਠੀ ਲਿਖੀ ਤਾਂ ਡੀਜੀਪੀ ਨੇ ਆਪਣੀ ਗ਼ਲਤੀ ਸੁਧਾਰਦਿਆਂ ਸ਼ਾਮ ਨੂੰ ਹੀ ਆਪਣੇ ਹੁਕਮ ਵਾਪਸ ਲੈ ਲਏ। ਸਟੇਟ ਇਲੈੱਕਸ਼ਨ ਕਮਿਸ਼ਨ ਦੇ ਦਫ਼ਤਰ ਵਿਚ ਪੰਚਾਇਤੀ ਚੋਣਾਂ ਦਾ ਕੰਮ ਚੱਲ ਰਿਹਾ ਸੀ। ਇਹ ਬੀਟ ਦਵਿੰਦਰ ਪਾਲ ਕੋਲ ਸੀ, ਪਰ ਉਸ ਦਿਨ ਦਵਿੰਦਰ ਪਾਲ ਛੁੱਟੀ ਦੇ ਹੋਣ ਕਰਕੇ ਬਲਵਿੰਦਰ ਸਿੰਘ ਜੰਮੂ ਹੋਰਾਂ ਨੇ ਕਵਰ ਕਰਨੀ ਸੀ। ਇੱਥੇ ਵੀ ਪੱਤਰਕਾਰਾਂ ਦੀ ਐਂਟਰੀ ਬੰਦ ਕਰ ਦਿੱਤੀ। ਜੰਮੂ ਹੋਰਾਂ ਦੀ ਅਗਵਾਈ ਵਿਚ ਪੱਤਰਕਾਰਾਂ ਨੇ ਨਾਅਰੇਬਾਜ਼ੀ ਕੀਤੀ ਤਾਂ ਇਲੈੱਕਸ਼ਨ ਕਮਿਸ਼ਨ ਪੱਤਰਕਾਰਾਂ ਅੱਗੇ ਝੁਕ ਗਿਆ ਤਾਂ ਉਸ ਨੇ ਵੀ ਆਪਣੀ ਗ਼ਲਤੀ ਸੁਧਾਰ ਲਈ। ਇਸੇ ਤਰ੍ਹਾਂ ਹੋਰ ਕਈ ਮਸਲੇ ਚੁੱਕੇ ਤੇ ਹਲ਼ ਕਰਵਾਏ। ਮੋਹਾਲੀ ਵਿਚ ਇਕ ਪੱਤਰਕਾਰ ਨੂੰ ਕੁੱਟਿਆ ਸੀ ਉਹ ਮੁੱਦਾ ਵੀ ਪ੍ਰੈੱਸ ਕੌਂਸਲ ਆਫ਼ ਇੰਡੀਆ ਕੋਲ ਚੁੱਕਿਆ। ਜਦੋਂ ਜੰਮੂ ਕਸ਼ਮੀਰ ਵਿਚ ਧਾਰਾ 370 ਤੇ 35 ਏ ਮਨਸੂਖ਼ ਕੀਤੀਆਂ ਗਈਆਂ ਤਾਂ ਉਸ ਵੇਲੇ ਜੰਮੂ ਕਸ਼ਮੀਰ ਦੇ ਪੱਤਰਕਾਰਾਂ ਲਈ ਤਾਂ ਕਰੋਨਾ ਬਿਮਾਰੀ ਹੀ ਆ ਗਈ ਸੀ। ਅਨੰਤਨਾਗ ਦੇ 42 ਦੇ ਕਰੀਬ ਪੱਤਰਕਾਰ ਬੇਰੁਜ਼ਗਾਰ ਹੋ ਗਏ ਸਨ। ਜੰਮੂ ਕਸ਼ਮੀਰ ਦੇ ਬਹੁਤ ਸਾਰੇ ਪੱਤਰਕਾਰ ਘਰ ਬੈਠ ਗਏ ਸਨ। ਉਸ ਸਬੰਧੀ ਖੋਜ ਰਿਪੋਰਟ ਵੀ ਬਲਵਿੰਦਰ ਸਿੰਘ ਜੰਮੂ ਨੇ ਪ੍ਰੈੱਸ ਕੌਂਸਲ ਆਫ਼ ਇੰਡੀਆ ਕੋਲ ਭੇਜੀ। ਉਤਰ ਪ੍ਰਦੇਸ਼ ਵਿਚ ਇਕ ਪੱਤਰਕਾਰ ਨੇ ਮਿਡ ਡੇ ਮੀਲ ਤਹਿਤ ਬੱਚਿਆਂ ਨੂੰ ਦਾਲ-ਸਬਜ਼ੀ ਦੀ ਥਾਂ ਨਮਕ ਨਾਲ ਰੋਟੀ ਖਲ਼ਾਉਣ ਦੀ ਵੀਡੀਓ ਨਸ਼ਰ ਕੀਤੀ ਸੀ, ਜਿਸ ਕਰਕੇ ਪੱਤਰਕਾਰ ਦੇ ਖ਼ਿਲਾਫ਼ ਹੀ ਸਰਕਾਰ ਨੇ ਐਕਸ਼ਨ ਲਿਆ ਸੀ। ਇਹ ਮੁੱਦਾ ਵੀ ਪ੍ਰੈੱਸ ਕੌਂਸਲ ਆਫ਼ ਇੰਡੀਆ ਕੋਲ ਚੁੱਕਿਆ। ਕਰੋਨਾ ਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ‘ਪੱਤਰਕਾਰ ਵੀ ਕਰੋਨਾ ਨਾਲ ਲੜਨ ਵਾਲੇ ਫ਼ਰੰਟ ਲਾਈਨ ਵਰਕਰ ਹਨ’ ਪਰ ਪੱਤਰਕਾਰਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ। ਇਸ ਮੁੱਦੇ ਤੇ ਦੋ ਅਕਤੂਬਰ ਨੂੰ ਦੋ ਸਾਲ ਸੰਘਰਸ਼ ਕਰਦੇ ਰਹੇ, ਆਖ਼ਿਰ ਕਰੋਨਾ ਵਿਚ ਡਿਊਟੀ ਕਰਦੇ ਆਪਣੀਆਂ ਜਾਨਾਂ ਗਵਾ ਚੁੱਕੇ ਪੱਤਰਕਾਰਾਂ ਦੇ ਵਾਰਸਾਂ ਨੂੰ ਮੁਆਵਜ਼ਾ ਦਿੱਤਾ ਜਾਣ ਲੱਗ ਪਿਆ। ਮੋਦੀ ਦੀ ਕੇਂਦਰ ਸਰਕਾਰ ਨੇ ਪੱਤਰਕਾਰਾਂ ਨਾਲ ਸਬੰਧਿਤ ‘ਵਰਕਿੰਗ ਜਰਨਲਿਸਟ ਐਕਟ’ ਹੀ ਖ਼ਤਮ ਕਰ ਦਿੱਤਾ ਜਿਸ ਕਰਕੇ ਪੱਤਰਕਾਰਾਂ ਦਾ ਵੇਜ ਬੋਰਡ ਵੀ ਖ਼ਤਮ ਹੋ ਗਿਆ। ਇਹ ਮੁੱਦਾ ਵੱਡੇ ਪੱਧਰ ਤੇ ਚੁੱਕਿਆ ਗਿਆ। ਇਸ ਸਬੰਧ ਵਿਚ ਲੇਬਰ ਮੰਤਰੀ ਭੁਪਿੰਦਰ ਯਾਦਵ ਨੂੰ ਮਿਲੇ। ਉਸ ਤੋਂ ਬਾਅਦ ਪੱਤਰਕਾਰਾਂ ਦੇ ਵਾਰਸਾਂ ਨੂੰ ਕੌਮੀ ਪੱਧਰ ਤੇ ਮੌਤ ਉਪਰੰਤ 5 ਲੱਖ ਰੁਪਏ ਮਿਲਣੇ ਸ਼ੁਰੂ ਹੋਏ, ਜੇਕਰ ਸੱਟ ਵੀ ਕਿਸੇ ਪੱਤਰਕਾਰ ਨੂੰ ਲੱਗ ਜਾਵੇ ਤਾਂ ਵੀ ਪੱਤਰਕਾਰ ਨੂੰ ਮੁਆਵਜ਼ਾ ਦੇਣਾ ਸ਼ੁਰੂ ਹੋਇਆ। ਪੰਜਾਬ ਸਰਕਾਰ ਸਿਰਫ਼ ਐਕਰੀਡੇਟਡ ਪੱਤਰਕਾਰਾਂ ਲਈ ਹੀ ਸਿਹਤ ਬੀਮਾ ਯੋਜਨਾ ਲਾਗੂ ਕਰਨਾ ਚਾਹੁੰਦੀ ਸੀ ਪਰ ਜੰਮੂ ਹੋਰਾਂ ਅਨੁਸਾਰ ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਦਬਾਅ ਪਾਇਆ ਤਾਂ ਜਿੰਨੇ ਵੀ ਪੀਲੇ ਕਾਰਡ ਦੇ ਪੱਤਰਕਾਰ ਹਨ ਸਭ ਦਾ ਸਿਹਤ ਬੀਮਾ ਯੋਜਨਾ ਵਿਚ ਨਾਮ ਪਾਇਆ ਗਿਆ। ਇਸੇ ਤਰ੍ਹਾਂ ਬੱਸ ਪਾਸ ਦੀ ਸਹੂਲਤ ਲਾਗੂ ਕਰਵਾਈ। ਐਕਰੀਡੇਟਡ ਪੱਤਰਕਾਰਾਂ ਲਈ ਪੈਨਸ਼ਨ ਯੋਜਨਾ ਲਾਗੂ ਕਰਵਾਈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਘਟਨਾਵਾਂ ਹਨ ਜਿਨ੍ਹਾਂ ਦਾ ਇੱਥੇ ਜ਼ਿਕਰ ਕਰਨਾ ਬਹੁਤ ਜ਼ਿਆਦਾ ਹੋ ਜਾਵੇਗਾ। -ਕੋਈ ਧਮਕੀਆਂ ਜਾਂ ਫਿਰ ਕੋਰਟ ਕੇਸ- ਬਲਵਿੰਦਰ ਸਿੰਘ ਜੰਮੂ ਕਹਿੰਦੇ ਹਨ ਕਿ ਧਮਕੀਆਂ ਤਾਂ ਬਹੁਤ ਆਈਆਂ, ਜਿਨ੍ਹਾਂ ਦਾ ਜ਼ਿਕਰ ਕਰਨਾ ਇੱਥੇ ਹੁਣ ਜ਼ਿਆਦਾ ਹੋਵੇਗਾ ਪਰ ਇਕ ਧਮਕੀ ਮੇਰੇ ਸੰਪਾਦਕ ਹਰਭਜਨ ਹਲਵਾਰਵੀ ਤੱਕ ਵੀ ਪੁੱਜ ਗਈ ਸੀ। ਜਦੋਂ ਰਵੀ ਸਿੱਧੂ ਦਾ ਮਾਮਲਾ ਕਾਫ਼ੀ ਚਰਚਾ ਵਿਚ ਸੀ ਤਾਂ ਉਸ ਵੇਲੇ ਇਕ ਉਮੀਦਵਾਰਾਂ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਨੰਬਰ ਦੇਣ ਦੀ ਖ਼ਬਰ ਉਨ੍ਹਾਂ ਛਾਪੀ ਸੀ, ਉਸ ਬਾਰੇ ਕਾਫ਼ੀ ਧਮਕੀਆਂ ਆਈਆਂ ਜੋ ਸ. ਹਲਵਾਰਵੀ ਤੱਕ ਵੀ ਪੁੱਜੀਆਂ ਸਨ। ਇਸ ਤੋਂ ਇਲਾਵਾ ਕੋਰਟ ਕੇਸ ਜਾਂ ਫੇਰ ਕਾਨੂੰਨੀ ਨੋਟਿਸ ਕੋਈ ਨਹੀਂ ਆਇਆ। -ਤਿਹਾੜ ਜੇਲ੍ਹ ਦਾ ਸਫ਼ਰ ਬਲਵਿੰਦਰ ਸਿੰਘ ਜੰਮੂ ਜਦੋਂ ਮਸਾਂ 21-22 ਸਾਲ ਦੇ ਹੀ ਹੋਣਗੇ ਤਾਂ 1981-82 ਵਿਚ ਉਹ ਪਾਰਲੀਮੈਂਟ ਅੱਗੇ ‘ਕੰਮ ਜਾਂ ਜੇਲ੍ਹ’ ਪ੍ਰਦਰਸ਼ਨ ਵਿਚ ਦਿਲੀ ਗਏ ਸਨ। ‘ਜੌਬ ਦਿਓ ਜਾਂ ਜੇਲ੍ਹ ਦਿਓ’ ਦੇ ਨਾਅਰੇ ਪਾਰਲੀਮੈਂਟ ਅੱਗੇ ਲੱਗ ਰਹੇ ਸਨ, ਸਰਕਾਰ ਨੌਕਰੀ ਦੇਣ ਵਿਚ ਅਸਮਰਥ ਸੀ ਤਾਂ ਕਰੀਬ 700 ਬੰਦਾ ਸਰਕਾਰ ਨੇ ਤਿਹਾੜ ਜੇਲ੍ਹ ਵਿਚ ਸੁੱਟ ਦਿੱਤਾ। ਉੱਥੇ ਕਰੀਬ ਪੰਜ ਦਿਨ ਰਹੇ, ਜਿੱਥੇ ਕਿ ਬੜੇ ਸਖ਼ਤ ਜੁਰਮ ਕਰਨ ਵਾਲੇ ਕੈਦੀਆਂ ਨਾਲ ਵੀ ਵਾਸਤਾ ਪਿਆ। ਘਰ ਦੇ ਬੜੇ ਪ੍ਰੇਸ਼ਾਨ ਸਨ ਕਿ ਮੁੰਡਾ ਨੌਕਰੀ ਲੈਣ ਗਿਆ ਸੀ ਪਰ ਜੇਲ੍ਹ ਵਿਚ ਹੀ ਚਲਾ ਗਿਆ। -ਕੌਮਾਂਤਰੀ ਪੱਧਰ ਤੇ ਪੱਤਰਕਾਰਾਂ ਨਾਲ ਰਾਬਤਾ- ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ 2002 ਵਿਚ ਬਣ ਗਏ ਸਨ। ਉਸ ਵੇਲੇ ਦਿਲੀ ਦੇ ਸਰਨਾ ਭਰਾਵਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਨਕਾਣਾ ਸਾਹਿਬ ਪਾਲਕੀ ਸਾਹਿਬ ਲੈ ਕੇ ਗਏ ਸਨ, ਉਸ ਵੇਲੇ ਜੰਮੂ ਹੋਰੀਂ ਵੀ ਨਾਲ ਗਏ ਸਨ। ਆਪਣੇ ਬਜ਼ੁਰਗਾਂ ਦਾ ਅੰਮ੍ਰਿਤਸਰ ਵਿਚ ਪਿੰਡ ਡਿਪਟੀ ਵਾਲਾ ਦੇਖਣ ਦਾ ਮੌਕਾ ਵੀ ਜੰਮੂ ਹੋਰਾਂ ਨੂੰ ਮਿਲਿਆ। ਜਿਸ ਘਰ ਵਿਚ ਜੰਮੂ ਹੋਰਾਂ ਦੇ ਬਜ਼ੁਰਗ ਰਹਿੰਦੇ ਸਨ ਉਸ ਘਰ ਵਿਚ ਇਕ ਪੁਰਾਣਾ ਬਜ਼ੁਰਗ ਵੀ ਰਹਿੰਦਾ ਸੀ, ਉਸ ਨੇ 47 ਦੇ ਕਹਿਰ ਭਰੇ ਵੇਲੇ ਦੀ ਕਹਾਣੀ ਵੀ ਸਾਂਝੀ ਕੀਤੀ। ਪਾਕਿਸਤਾਨ ਵਿਚ ਜਾਣ ਸਮੇਂ ਲਾਹੌਰ ਪ੍ਰੈੱਸ ਕਲੱਬ ਦੇ ਪੱਤਰਕਾਰਾਂ ਨਾਲ ਪੰਜਾਬ ਦੇ ਪੱਤਰਕਾਰਾਂ ਦਾ ਰਾਬਤਾ ਬਣਿਆ। ਪ੍ਰੈੱਸ ਕਲੱਬ ਚੰਡੀਗੜ੍ਹ ਦੇ ਪ੍ਰਧਾਨ ਸਰਬਜੀਤ ਪੰਧੇਰ ਸਨ। ਉਸ ਵੇਲੇ ਦੋਵਾਂ ਪ੍ਰੈੱਸ ਕਲੱਬਾਂ ਵਿਚ ਇਕ ਸਮਝੌਤਾ ਹੋਇਆ ਕਿ ਪ੍ਰੈੱਸ ਕਲੱਬ ਚੰਡੀਗੜ੍ਹ ਦੇ ਸਾਰੇ ਮੈਂਬਰ ਲਾਹੌਰ ਪ੍ਰੈੱਸ ਕਲੱਬ ਦੇ ਆਨਰੇਰੀ ਮੈਂਬਰ ਹੋਣਗੇ ਤੇ ਲਾਹੌਰ ਪ੍ਰੈੱਸ ਕਲੱਬ ਤੇ ਸਾਰੇ ਮੈਂਬਰ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਆਨਰੇਰੀ ਮੈਂਬਰ ਹੋਣਗੇ। ਉਸ ਤੋਂ ਬਾਅਦ ‘ਪੰਜ ਦਰਿਆ ਮੀਡੀਆ ਕਾਨਫ਼ਰੰਸ’ ਹੁੰਦੀ ਰਹੀ, ਜਿਸ ਵਿਚ ਪਾਕਿਸਤਾਨੀ ਪੰਜਾਬ ਦੇ ਭਾਰਤੀ ਪੰਜਾਬ ਦੇ ਪੱਤਰਕਾਰ ਸ਼ਮੂਲੀਅਤ ਕਰਦੇ ਰਹੇ। -ਬਲਵਿੰਦਰ ਸਿੰਘ ਜੰਮੂ ਦੇ ਸੰਪਾਦਕ ਜੰਮੂ ਨੇ ਨਵਾਂ ਜ਼ਮਾਨਾ ਤੋਂ ਕੰਮ ਸ਼ੁਰੂ ਕਰਕੇ ਪੰਜਾਬੀ ਟ੍ਰਿਬਿਊਨ ਤੱਕ ਪੱਤਰਕਾਰੀ ਕੀਤੀ। ਨਵਾਂ ਜ਼ਮਾਨਾ ਦੇ ਮੁੱਖ ਸੰਪਾਦਕ ਜਗਜੀਤ ਸਿੰਘ ਅਨੰਦ ਹੁੰਦੇ ਸਨ। ਜੰਮੂ ਹੋਰਾਂ ਦੇ ਜੁਆਇਨ ਕਰਨ ਤੋਂ ਕੁਝ ਦਿਨ ਪਹਿਲਾਂ ਨਵਾਂ ਜ਼ਮਾਨਾ ਵਿਚ ਜਤਿੰਦਰ ਪੰਨੂ ਹੋਰੀਂ ਵੀ ਆ ਗਏ ਸਨ। ਉਸ ਤੋਂ ਬਾਅਦ ਚੜ੍ਹਦੀਕਲਾ ਦੇ ਮੁੱਖ ਸੰਪਾਦਕ ਜਗਜੀਤ ਸਿੰਘ ਦਰਦੀ ਨਾਲ ਵੀ ਕੰਮ ਕੀਤਾ। ਉਸ ਤੋਂ ਬਾਅਦ ਪੰਜਾਬੀ ‌ਟ੍ਰਿਬਿਊਨ ਵਿਚ ਹਰਭਜਨ ਹਲਵਾਰਵੀ, ਸਿਗਾਰਾਂ ਸਿੰਘ ਭੁੱਲਰ, ਗੁਰਬਚਨ ਸਿੰਘ ਭੁੱਲਰ, ਸਿੱਧੂ ਦਮਦਮੀ, ਵਰਿੰਦਰ ਵਾਲੀਆ, ਸੁਰਿੰਦਰ ਤੇਜ਼, ਡਾ. ਸਵਰਾਜ ਵੀਰ ਨਾਲ ਵੀ ਕੰਮ ਕੀਤਾ। -ਬਲਵਿੰਦਰ ਸਿੰਘ ਜੰਮੂ ਦਾ ਪਰਿਵਾਰ ਜੰਮੂ ਹੋਰੀਂ ਅੱਜ ਕੱਲ੍ਹ ਚੰਡੀਗੜ੍ਹ ਵਿਚ ਹੀ ਰਹਿੰਦੇ ਹਨ, ਤੰਦਰੁਸਤ ਹਨ, ਇਨ੍ਹਾਂ ਦਾ ਬੇਟਾ ਗਗਨਦੀਪ ਜੰਮੂ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਐਡਵੋਕੇਟ ਹੈ ਤੇ ਧਰਮ ਪਤਨੀ ਵੀਨਾ ਜੰਮੂ ਇਕ ਸੀਨੀਅਰ ਸੈਕੰਡਰੀ ਸਕੂਲ ਵਿਚ ਸੀਨੀਅਰ ਲੈਕਚਰਾਰ ਹੈ। -ਪੱਤਰਕਾਰਾਂ ਲਈ ਸੰਦੇਸ਼ ਬਲਵਿੰਦਰ ਸਿੰਘ ਜੰਮੂ ਆਪਣੇ ਜ਼ਿੰਦਗੀ ਦੇ ਤਜਰਬੇ ਵਿਚੋਂ ਕਹਿੰਦੇ ਹਨ ਕਿ ਕੋਈ ਵੀ ਪੱਤਰਕਾਰ ਕਾਹਲੀ ਵਿਚ ਕੰਮ ਨਾ ਕਰੇ, ਹਰ ਇਕ ਖ਼ਬਰ ਨੂੰ ਬੜੇ ਹੀ ਸਹਿਜ ਨਾਲ ਤਿਆਰ ਕਰੇ, ਹਰ ਪੱਖ ਖ਼ਬਰ ਵਿਚ ਨਜ਼ਰ ਆਵੇ, ਕਿਸੇ ਦੀ ਧਿਰ ਨਾ ਬਣੇ।‌ ਇਮਾਨਦਾਰੀ ਪੱਤਰਕਾਰ ਲਈ ਆਕਸੀਜਨ ਦਾ ਕੰਮ ਕਰਦੀ ਹੈ, ਜੇਕਰ ਇਮਾਨਦਾਰ ਨਹੀਂ ਤਾਂ ਪੱਤਰਕਾਰ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਜਾਵੇਗੀ। ਅੱਜ ਕੱਲ੍ਹ ਭਾਰਤ ਵਿਚ ‘ਗੋਦੀ ਮੀਡੀਆ’ ਦੀ ਬੜਾ ਚਰਚਾ ਹੈ ਜਿਸ ਨਾਮ ਨਾਲ ਬਹੁਤ ਸਾਰੀ ਪੱਤਰਕਾਰੀ ਬਦਨਾਮੀ ਦੇ ਦਾਗ ਕਾਰਨ ਕਲੰਕਿਤ ਹੈ। ਕੋਈ ਵੀ ਪੱਤਰਕਾਰ ਅਜਿਹੇ ਟੈਗ ਆਪਣੇ ਉਪਰ ਨਾ ਲੱਗਣ ਦੇਵੇ। ਉਹ ਗੱਲ ਵੱਖ ਹੈ ਕਿ ਪੱਤਰਕਾਰ ਨੂੰ ਮੀਡੀਆ ਅਦਾਰੇ ਦੇ ਮਾਲਕਾਂ ਜਾਂ ਫਿਰ ਸੰਪਾਦਕਾਂ ਮੁੱਖ ਸੰਪਾਦਕਾਂ ਅਨੁਸਾਰ ਹੀ ਚੱਲਣਾ ਪੈਂਦਾ ਹੈ। ਪਰ ਫੇਰ ਵੀ ਲੋਕ ਹਿਤ ਵਿਚ ਕੰਮ ਕਰਨਾ ਨਾ ਛੱਡਿਆ ਜਾਵੇ। ਸਥਾਪਤੀ ਦੇ ਪੱਖ ਵਿਚ ਖੜਨ ਵਾਲੇ ਪੱਤਰਕਾਰ ਅੱਜ ਕੱਲ੍ਹ ਬਹੁਤ ਵੱਡੀ ਗਿਣਤੀ ਵਿਚ ਫਿਰਦੇ ਮਿਲਦੇ ਹਨ। ਇਕ ਆਦਰਸ਼ਵਾਦੀ ਪੱਤਰਕਾਰ ਉਹ ਹੀ ਕਿਹਾ ਜਾਵੇਗਾ ਜੋ ਲੋਕ ਅਵਾਜ਼ ਬਣਦਾ ਹੈ। ਜੰਮੂ ਹੋਰੀਂ ਕਹਿੰਦੇ ਹਨ ਕਿ ਸਾਡੀ ਜਥੇਬੰਦੀ ਬਲੈਕਮੇਲਿੰਗ ਕਰਦੇ ਪੱਤਰਕਾਰਾਂ ਨੂੰ ਆਪਣੀ ਮੈਂਬਰਸ਼ਿਪ ਵਿਚ ਥਾਂ ਨਹੀਂ ਦਿੰਦੀ। ਅੱਜ ਕੱਲ੍ਹ ਵੀ ਬਲਵਿੰਦਰ ਸਿੰਘ ਜੰਮੂ ਹੋਰੀਂ ਪੱਤਰਕਾਰੀ ਕਰ ਰਹੇ ਹਨ, ਉਹ ਅੱਜ ਕੱਲ੍ਹ ‘ਨਵਾਂ ਪੰਜਾਬ’ ਯੂ ਟਿਊਬ, ਫੇਸਬੁੱਕ ਤੇ ਵੈੱਬਸਾਈਟ ਦੇ ਸੰਪਾਦਕ ਹਨ। ਅੱਜ ਵੀ ਉਹ ਕਰੰਟ ਮੁੱਦਿਆਂ ਤੇ ਪੂਰੀ ਸਮਝ ਰੱਖਦੇ ਹੋਏ ਆਪਣੇ ਵਿਚਾਰ ਪੇਸ਼ ਕਰਦੇ ਹਨ। ਕਲਮ ਚਲਦੀ ਰਹਿਣੀ ਚਾਹੀਦੀ ਹੈ ਤੇ ਅਵਾਜ਼ ਬੁਲੰਦ ਹੀ ਹੋਣੀ ਚਾਹੀਦੀ ਹੈ। 30 ਅਪਰੈਲ 2020 ਨੂੰ ਪੰਜਾਬੀ ਟ੍ਰਿਬਿਊਨ ਵਿਚੋਂ ‌‌ਬਤੌਰ ਪ੍ਰਿੰਸੀਪਾਲ ਕੋਰਸਪੌਂਡੈਂਟ ਸੇਵਾ ਮੁਕਤ ਹੋਏ, ਸੋ ਬਲਵਿੰਦਰ ਸਿੰਘ ਜੰਮੂ ਹੋਰਾਂ ਦੀ ਪੱਤਰਕਾਰ ਦੀ ਜ਼ਿੰਦਗੀ ਵਿਚ ਬਹੁਤ ਕੁਝ ਬਾਕੀ ਹੈ, ਇਕ ਕਿਤਾਬ ਮੁਕੰਮਲ ਹੋ ਸਕਦੀ ਹੈ ਪਰ ਅੱਜ ਲਈ ਏਨਾ ਹੀ ਸਵੀਕਾਰ ਕਰਨਾ, ਮੈਂ ਅਜਿਹੇ ਪੱਤਰਕਾਰ ਦੀ ਤੰਦਰੁਸਤੀ ਭਰੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ... ਆਮੀਨ!! ਗੁਰਨਾਮ ਸਿੰਘ ਅਕੀਦਾ 8146001100

Sunday, October 09, 2022

ਔਰੰਗਜੇਬ ਦਾ ਮੁਖਬਰ ਅਬੂਉਲਾ ਤਰਾਨੀ ਗੁਰੂ ਗੋਬਿੰਦ ਸਿੰਘ ਦਾ ਸਿੰਘ ਬਣ ਕੇ ਅਜਮੇਰ ਸਿੰਘ ਕਿਵੇਂ ਬਣਿਆ?

ਸ੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਚ ਜਦੋਂ ਇਹ ਮੱਥਾ ਟੇਕ ਕੇ ਦਰਸ਼ਨ ਕਰ ਕੇ ਬਾਹਰ ਨਿਕਲ ਕੇ ਆ ਰਹੇ ਸਨ ਤਾਂ ਇਕ ਸਿੰਘ ਬੈਠੀਆਂ ਸੰਗਤਾਂ ਦੀ ਕੁੱਝ ਕੁ ਗਿਣਤੀ ਨੂੰ ਇਕ ਕਹਾਣੀ ਸੁਣਾ ਰਿਹਾ ਸੀ, ਸਾਰੀ ਸੰਗਤ ਸੁਣੀ ਜਾ ਰਹੀ ਸੀ, ਇਹ ਕਹਾਣੀ ਅੰਗਰੇਜ਼ ਡੈਨੀ, ਚਮੇਲ ਸਿੰਘ ਤੇ ਸੁਰਜਨ ਸਿੰਘ ਵੀ ਸੁਣ ਰਹੇ ਸਨ। ਸਾਧ ਸੰਗਤ ਜੀ ਔਰੰਗਜ਼ੇਬ ਦਾ ਮੁਖ਼ਬਰ ਸੀ ਅਬੂਉਲਾ ਤਰਾਨੀ, ਜੋ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਜਾਂ ਆਲ਼ੇ ਦੀ ਮੁਖ਼ਬਰੀ ਕਰਦਾ ਸੀ ਉਹ ਹਮੇਸ਼ਾ ਹੀ ਗੁਰੂ ਜੀ ਬਾਰੇ ਔਰੰਗਜ਼ੇਬ ਨੂੰ ਰਿਪੋਰਟਾਂ ਭੇਜਦਾ ਰਹਿੰਦਾ ਸੀ। ਉਸ ਨੇ ਲਿਖਿਆ ਹੈ ਸਾਧ ਸੰਗਤ ਜੀ ਜੋ ਹੂਬਹੂ ਰਿਪੋਰਟ ਤੁਹਾਨੂੰ ਪੜ੍ਹ ਦੇ ਸੁਣਾਉਂਦਾ ਹਾਂ... ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਅੰਮ੍ਰਿਤ ਤਿਆਰ ਕੀਤਾ, ਉਸ ਵਕਤ ਦੀਵਾਨ ਵਿਚ 35-40 ਹਜ਼ਾਰ ਸੰਗਤ ਦੀ ਹਾਜ਼ਰੀ ਸੀ। ਮੁਗ਼ਲਾਂ ਦੇ ਚਾਰ ਤਖਤ, ਦਿੱਲੀ, ਆਗਰਾ, ਲਾਹੌਰ, ਤੇ ਕਲਾਨੌਰ ਸਨ, ਪਰ ਗੁਰੂ ਦੇ ਦਰਬਾਰ ਦੀ ਸ਼ੋਭਾ ਨਿਰਾਲੀ ਸੀ। ਇਹ ਤਖਤ ਮੁਗਲ ਬਾਦਸ਼ਾਹ ਦੇ ਤਖਤ ਨੂੰ ਮਾਤ ਕਰਦਾ ਸੀ। ਉਸ ਦਿਨ ਗੁਰੂ ਜੀ ਦਾ, ਲਿਬਾਸ, ਚੜ੍ਹਤ, ਜਲਾਲ ਅਤੇ ਤੇਜ ਅਝੱਲਾਵਾਂ ਸੀ। ਗੁਰੂ ਜੀ ਦਰਬਾਰ ਵਿਚ ਆਏ ਅਤੇ ਕਿਰਪਾਨ ਨੂੰ ਮਿਆਨ ਵਿਚੋਂ ਕੱਢ ਕੇ ਫੜਦਿਆਂ ਬਾ-ਆਵਾਜ਼ ਬੁਲੰਦ ਕਿਹਾ,'ਮੈਨੂੰ ਇਕ ਸਿਰ ਦੀ ਲੋੜ ਹੈ।' ਬਗੈਰ ਦੇਰ, ਸੋਚ ਵਿਚਾਰ ਅਤੇ ਕਿਸੇ ਹੀਲ ਹੁੱਜਤ ਦੇ ਦਇਆ ਰਾਮ ਆ ਹਾਜ਼ਰ ਹੋਇਆ। ਗੁਰੂ ਜੀ ਨੇ ਭਰੇ ਦਰਬਾਰ ਵਿਚ, ਜਿੱਥੇ ਉਹ ਖਲੋਤੇ ਸਨ, ਸਭਨਾਂ ਦੇ ਸਾਹਮਣੇ ਇਕ ਵਾਰ ਕੀਤਾ, ਸਿਰ ਧੜ ਨਾਲੋਂ ਜੁਦਾ ਹੋ ਗਿਆ। ਦੀਵਾਨ ਵਿਚ ਸਨਸਨੀ ਫੈਲ ਗਈ ਅਤੇ ਬਹੁਤ ਆਦਮੀ ਅਵਾਕ ਰਹਿ ਗਏ। ਗੁਰੂ ਜੀ ਨੇ ਫਿਰ ਗਰਜਵੀਂ ਤੇ ਕੜਕਵੀਂ ਆਵਾਜ਼ ਵਿਚ ਕਿਹਾ,'ਮੈਨੂੰ ਹੋਰ ਸਿਰ ਦੀ ਲੋੜ ਹੈ।' ਝੱਟ ਹੀ ਧਰਮ ਚੰਦ ਉੱਠਿਆ ਅਤੇ ਜਾ ਗੁਰੂ ਜੀ ਨੂੰ ਨਮਸਕਾਰ ਕੀਤੀ। ਗੁਰੂ ਜੀ ਦੇ ਇਕੋ ਵਾਰ ਨੇ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਦੀਵਾਨ ਵਿਚ ਹਲਚਲ ਮੱਚ ਗਈ, ਭਾਜੜ ਪੈ ਗਈ। ਗੁਰੂ ਜੀ ਨੇ ਫੇਰ ਬਾ-ਆਵਾਜ਼ ਬੁਲੰਦ ਇਕ ਹੋਰ ਸਿਰ ਮੰਗਿਆ ਅਤੇ ਯਕੇ ਬਾਦ ਦੀਗਰੇ ਹਿੰਮਤ ਰਾਏ, ਮੋਹਕਮ ਚੰਦ, ਸਾਹਿਬ ਰਾਮ, ਇਨ੍ਹਾਂ ਪੰਜਾਂ ਨੂੰ ਕਤਲ ਕਰ ਦਿੱਤਾ, ਸਿਰ ਧੜਾਂ ਨਾਲੋਂ ਵੱਖ ਕਰ ਦਿੱਤੇ। ਕਈ ਆਦਮੀ ਗੁਰੂ ਜੀ ਦੀ ਮਾਤਾ ਕੋਲ ਪਹੁੰਚ ਗਏ ਅਤੇ ਸਾਰੀ ਵਿਥਿਆ ਸੁਣਾਈ। ਗੁਰੂ ਜੀ ਨੇ ਉਨ੍ਹਾਂ ਪੰਜਾਂ ਦੇ ਸਰੀਰਾਂ ਅਤੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਧੋ ਦਿੱਤਾ। ਫ਼ਰਸ਼ ਵੀ ਸਾਫ਼ ਕੀਤਾ ਅਤੇ ਖੂਨ ਦਾ ਕੋਈ ਦਾਗ ਕਿਤੇ ਵੀ ਨਾ ਰਹਿਣ ਦਿੱਤਾ। ਫਿਰ ਉਸ ਕਾਫ਼ਰਾਂ ਦੇ ਪੀਰ ਨੇ ਇਕ ਦਾ ਸਿਰ ਦੂਸਰੇ ਦੇ ਧੜ ਨਾਲ ਅਤੇ ਸਿਰ ਤੇ ਧੜ ਰਲਾ ਮਿਲਾ ਕੇ ਦੂਸਰਿਆਂ ਧੜਾਂ ਨਾਲ ਦੂਸਰੇ ਸਿਰ ਲਾ ਕੇ ਪਹਿਰ ਕੁ ਵਿਚ ਚੰਗੀ ਤਰ੍ਹਾਂ ਹਿਕਮਤ ਅਮਲੀ ਨਾਲ ਸੀਅ ਦਿੱਤੇ ਅਤੇ ਉਨ੍ਹਾਂ ਪੰਜਾਂ ਲਾਸ਼ਾਂ ਉੱਤੇ ਚਿੱਟੇ ਕੱਪੜੇ ਪਾ ਦਿੱਤੇ। ਫੇਰ ਇਕ ਪੱਥਰ ਦਾ ਕੁੰਡਾ ਮੰਗਾ ਕੇ ਅਤੇ ਉਸ ਉੱਤੇ ਇਕ ਕੜਾਹੀ, ਜਿਸ ਨੂੰ ਕੁੰਢੇ ਨਹੀਂ ਸਨ ਲੱਗੇ ਹੋਏ, ਰੱਖ ਕੇ ਪਾਣੀ ਪਾ ਆਬੇ ਹਯਾਤ ਬਣਾਉਣ ਲੱਗ ਪਿਆ। 'ਕਾਫ਼ਰਾਂ ਦਾ ਪੀਰ' ਉਸ ਕੜਾਹੀ ਵਿਚ ਤਲਵਾਰ ਫੇਰਦਾ ਰਿਹਾ ਅਤੇ ਕੋਈ ਕਲਮਾਂ ਪੜ੍ਹਦਾ ਰਿਹਾ। ਇਹ ਅਮਲ ਕੋਈ ਅੱਧਾ ਪੌਣਾ ਪਹਿਰ ਹੁੰਦਾ ਰਿਹਾ। ਇਸੇ ਸਮੇਂ 'ਕਾਫ਼ਰਾਂ ਦੇ ਪੀਰ' ਦੀ ਕਿਸੇ ਔਰਤ ਨੇ ਉਸ ਕੜਾਹੀ ਵਿਚ ਲਿਆ ਕੇ ਕੁੱਝ ਪਾ ਦਿੱਤਾ। ਹੁਣ ਆਬੋ ਹਯਾਤ ਤਿਆਰ ਹੋ ਚੁੱਕਾ ਸੀ। ਗੁਰੂ ਜੀ ਨੇ ਉਨ੍ਹਾਂ ਲਾਸ਼ਾਂ ਤੋਂ ਪੜਦਾ ਚੁੱਕ ਪਹਿਲਾਂ ਦਇਆ ਸਿੰਘ ਦੇ ਸਿਰਹਾਣੇ ਬੈਠ ਮੂੰਹ ਖੋਲ੍ਹ ਕੇ ਆਬੋ ਹਯਾਤ ਉਸ ਦੇ ਮੂੰਹ ਵਿਚ ਪਾ ਦਿੱਤਾ। ਸਿਰ ਦੇ ਵਾਲ਼ਾਂ ਵਿਚ ਪਾਇਆ ਅਤੇ ਸਰੀਰ 'ਤੇ ਛਿੜਕਿਆ ਤੇ ਕਿਹਾ, 'ਬੋਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ॥' ਇਹ ਕਹਿੰਦੇ ਸਾਰ ਹੀ ਦਇਆ ਸਿੰਘ ਉੱਠ ਕੇ ਖਲੋ ਗਿਆ ਅਤੇ ਉਚੀ ਸਾਰੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਿਆ। ਭਰੇ ਦੀਵਾਨ ਵਿਚ ਸਕਤੇ ਦਾ ਆਲਮ ਛਾ ਗਿਆ। ਹਜ਼ਾਰਾਂ ਇਨਸਾਨਾਂ ਦੇ ਹੁੰਦਿਆਂ ਵੀ ਕੋਈ ਸਾਹ ਨਹੀਂ ਸੀ ਲੈ ਰਿਹਾ ਜਾਪਦਾ। ਦੀਵਾਨ ਵਿਚ ਬੈਠੇ ਆਦਮੀ ਗੁਰੂ ਦੀ ਕਰਾਮਾਤ ਉੱਤੇ ਮੁਗਧ ਹੋਏ ਕਿਸੇ ਜਾਦੂ ਦੇ ਅਸਰ ਹੇਠ ਕੀਲੇ ਹੋਏ ਬੈਠੇ ਸਨ। ਇਸ ਤਰ੍ਹਾਂ ਉਸ ਦੇ ਯਕੇ ਬਾਅਦ ਦੀਗਰੇ ਬਾਕੀ ਦੇ ਉਨ੍ਹਾਂ ਚੌਹਾਂ ਨੂੰ ਵੀ ਆਬੇ ਹਯਾਤ ਪਿਲਾ ਕੇ ਉਸੇ ਤਰ੍ਹਾਂ ਵਾਲ਼ਾਂ ਅਤੇ ਸਰੀਰ ਉੱਤੇ ਆਬੇ ਹਯਾਤ ਛਿੜਕ ਬੋਲ 'ਵਾਹਿਗੁਰੂ ਜੀ ਕਾ ਖ਼ਾਲਸਾ,ਵਾਹਿਗੁਰੂ ਜੀ ਕੀ ਫਤਿਹ' ਬੁਲਾ ਉਨ੍ਹਾਂ ਨੂੰ ਤੰਬੂ ਵਿਚ ਲੈ ਗਿਆ। ਕੁੱਝ ਚਿਰ ਬਾਅਦ ਗੁਰੂ ਆਪ ਵੀ ਅਤੇ ਉਹ ਪੰਜੇ ਆਦਮੀ ਪਿੱਛੇ ਪਿੱਛੇ ਤੰਬੂ ਵਿਚੋਂ ਬਾਹਰ ਨਿਕਲ ਆਏ। ਹੁਣ ਉਨ੍ਹਾਂ ਨਵੇਂ ਲਿਬਾਸ ਪਾਏ ਹੋਏ ਸਨ। ਉਹ ਪੰਜੇ ਮੁੜ ਜਿੰਦਾ ਕੀਤੇ ਆਦਮੀ ਤੰਬੂ ਤੋਂ ਬਾਹਰ ਆ ਕੇ ਖਲੋ ਗਏ ਅਤੇ ਗੁਰੂ ਨੇ 'ਬੀਰ ਆਸਣ' ਕਰ ਉਨ੍ਹਾਂ ਤੋਂ ਆਪ ਆਬੇ ਹਯਾਤ ਮੰਗਿਆ। ਉਨ੍ਹਾਂ ਨੇ ਪੁੱਛਿਆ,'ਤੁਸੀਂ ਇਸ ਅਮੋਲ ਵਸਤੂ ਲਈ ਕੀ ਦਿੱਤਾ ਹੈ? ਤਦ ਗੁਰੂ ਜੀ ਨੇ ਕਿਹਾ,'ਮੈਂ ਪ੍ਰਣ ਕਰਦਾ ਹਾਂ, ਮੈਂ ਆਪਣੇ ਮਾਤਾ ਪਿਤਾ, ਔਲਾਦ, ਆਪ ਤੇ ਸਭ ਕੁੱਝ ਕੁਰਬਾਨ ਕਰ ਦਿਆਂਗਾ।' ਇਸ ਤਰ੍ਹਾਂ ਉਨ੍ਹਾਂ ਪੰਜਾਂ ਨੇ ਗੁਰੂ ਜੀ ਨੂੰ ਆਬੇ ਹਯਾਤ ਦਿੱਤਾ ਅਤੇ ਗੁਰੂ ਜੀ ਦਾ ਨਾਂਅ ਉਸ ਵਕਤ ਤੋਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋ ਗਿਆ ਅਤੇ ਉਨ੍ਹਾਂ ਦੇ ਨਾਂਅ ਨਾਲ ਵੀ ਸਿੰਘ ਜੋੜ ਦਿੱਤਾ। ਇਉਂ ਇਹ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ ਤੇ ਸਾਹਿਬ ਸਿੰਘ ਦੇ ਨਾਵਾਂ ਦੇ ਧਾਰਨੀ ਬਣੇ। ਅਬੂਉਲਾ ਤਰਾਨੀ ਲਿਖਦਾ ਹੈ ਕਿ ਮੈਂ ਬਹੁਤ ਰੋਇਆ ਤੇ ਪਛਤਾਇਆ। ਉਸ ਤੋਂ ਬਾਅਦ ਉੱਥੋਂ ਹੀ ਹਜ਼ਾਰਾਂ ਆਦਮੀਆਂ ਨੇ ਉਹ ਆਬੇ ਹਯਾਤ ਪੀਤਾ। ਮੈਥੋਂ ਵੀ ਨਾ ਰਿਹਾ ਗਿਆ ਅਤੇ ਮੈਂ ਵੀ ਆਪਣੇ ਆਪ ਨੂੰ ਧਿਰਕਾਰਦਾ ਹੋਇਆ, ਪਛਤਾਂਦਾ ਹੋਇਆ, ਉਸੇ ਵਕਤ ਹੀ ਕਿਸੇ ਮਿਕਨਾਤੀਸੀ ਕਸ਼ਸ਼ ਅਧੀਨ ਝੱਟ ਗੁਰੂ ਦੇ ਚਰਨਾਂ ਵਿਚ ਡਿੱਗਾ, ਉਸ ਤੋਂ ਆਬੇ ਹਯਾਤ ਦੀ ਦਾਤ ਮੰਗੀ। ਗੁਰੂ ਨੇ, ਜਿਹੜਾ ਜ਼ਰੂਰ ਮੇਰਾ ਪਖੰਡ ਅਤੇ ਦੰਭ ਜਾਣਦਾ ਸੀ, ਬੜੇ ਪਿਆਰ ਨਾਲ ਮੈਨੂੰ ਥਾਪੜਾ ਦੇ ਕੇ ਆਬੇ ਹਯਾਤ ਪਿਲਾ ਕੇ ਮੇਰਾ ਨਾਂਅ ਅਜਮੇਰ ਸਿੰਘ ਰੱਖ ਦਿੱਤਾ। ਇਸ ਤਰ੍ਹਾਂ ਮੇਰੇ ਜਨਮ ਜਨਮਾਂਤਰਾਂ ਦੇ ਪਾਪ ਕੱਟੇ ਗਏ। ਮੈਂ ਗੁਰੂ ਜੀ ਦੀ ਫ਼ੌਜ ਵਿਚ ਭਰਤੀ ਹੋ ਗਿਆ ਅਤੇ ਕਈ ਜੰਗਾਂ ਵਿਚ ਜ਼ੁਲਮ ਨਾਲ ਰੂ-ਬ-ਰੂ ਲੜਿਆ। ਮੈਂ ਉਸੇ ਦਿਨ ਤੋਂ ਆਪਣੀ ਜ਼ਿੰਦਗੀ ਦੀ ਆਖ਼ਰੀ ਰਿਪੋਰਟ ਔਰੰਗਜ਼ੇਬ ਨੂੰ ਘੱਲ ਦਿੱਤੀ ਤੇ ਇਸ ਦੀਵਾਨ ਵਿਚ ਵਾਪਰੀ ਤੇ ਅੱਖੀਂ ਡਿੱਠੀ ਘਟਨਾ ਦਾ ਸਾਰਾ ਹਾਲ ਵਿਸਥਾਰ ਨਾਲ ਖੋਲ੍ਹ ਕੇ ਲਿਖ ਦਿੱਤਾ। ਮੈਂ ਬੜੇ ਜ਼ੋਰਦਾਰ ਲਫ਼ਜ਼ਾਂ ਵਿਚ ਔਰੰਗਜ਼ੇਬ ਨੂੰ ਤਾੜਨਾ ਕੀਤੀ ਕਿ ਖ਼ਬਰਦਾਰ, ਰੱਬ ਨਾਲ ਜਿਊਂਦੇ ਜਾਗਦੇ ਖ਼ੁਦਾ ਨਾਲ ਮੱਥਾ ਨਾ ਲਾ, ਜ਼ੁਲਮ ਨਾ ਕਰ ਅਤੇ ਮੇਰੀ ਸਿਫ਼ਾਰਸ਼ 'ਤੇ ਅਮਲ ਨਾ ਕੀਤਾ ਤਾਂ ਖ਼ਾਨਦਾਨ, ਸਲਤਨਤ ਤਬਾਹ ਹੋ ਜਾਵੇਗੀ, ਦੁਨੀਆਂ ਦੇ ਤਖ਼ਤੇ ਉੱਤੋਂ ਨਾਮੋ ਨਿਸ਼ਾਨ ਮਿਟ ਜਾਵੇਗਾ। ਪੰਜ ਪਿਆਰਿਆਂ ਦੇ ਸੀਸ ਬਾਰੇ ਔਰੰਗਜ਼ੇਬ ਨੂੰ ਭੇਜੀ ਉਸ ਵਕਤ ਦੀ ਰਿਪੋਰਟ ਮੁਤਾਬਿਕ ਕਈ ਬਹੁਤੇ ਪੜ੍ਹੇ ਲਿਖੇ ਪਰ ਆਤਮਿਕ ਸ਼ਕਤੀਆਂ ਤੋਂ ਅਣਜਾਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅਥਾਹ ਸ਼ਕਤੀ 'ਤੇ ਇਮਾਨ ਨਾ ਰੱਖਣ ਵਾਲੇ ਅਸ਼ਰਧਾਲੂ, ਸਿੱਖ ਗੁਰੂਆਂ ਦੀ ਉਚੀ ਰੂਹਾਨੀਅਤ ਤੋਂ ਮੁਨਕਰ ਅਤੇ ਸੁੱਤੇ ਸਿੱਧ ਵਾਪਰੀਆਂ ਕਈ ਕਰਾਮਾਤਾਂ ਨੂੰ ਮੰਨਣ ਵਾਲੇ ਭਾਵੇਂ ਇਸ ਘਟਨਾ ਨਾਲ ਸਹਿਮਤ ਨਾ ਹੋਣ, ਪਰ ਇਹ ਇਕ ਸੱਚੀ ਵਾਪਰੀ ਘਟਨਾ ਜ਼ਰੂਰ ਹੈ। ਗੁਰੂ ਘਰ ਵਿਚ ਇਹੋ ਜਿਹੀਆਂ ਕਈ ਉਦਾਹਰਣਾਂ ਹਨ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖਿਆ ਹੈ:- ਸਤਿਗੁਰ ਮੇਰਾ ਸਰਬ ਪ੍ਰਤਿਪਾਲੈ॥ ਸਤਿਗੁਰ ਮੇਰਾ ਮਾਰਿ ਜੀਵਾਲੈ॥ ਸਤਿਗੁਰ ਮੇਰੇ ਕੀ ਵਡਿਆਈ॥ ਪ੍ਰਗਟ ਭਈ ਹੈ ਸਭਨੀ ਥਾਈ॥ ਗੁਰੂ ਨਾਨਕ ਸਾਹਿਬ ਜੀ ਨੇ ਦਿੱਲੀ ਵਿਚ ਮਜਨੂੰ ਟਿੱਲੇ ਹਾਥੀ ਜਿਊਂਦਾ ਕੀਤਾ। ਮ੍ਰਿਤਕ ਕਉ ਜੀਵਾਲਣਹਾਰ॥ ਬਾਬਾ ਗੁਰਦਿੱਤਾ ਜੀ ਨੇ ਅਨੰਦਪੁਰ ਸਾਹਿਬ ਗਊ ਜੀਵਾਲੀ। ਬਾਬਾ ਅਟਲ ਰਾਇ ਜੀ ਨੇ ਆਪਣੇ ਸਾਥੀ ਸੋਹਣ ਜੀ ਨੂੰ ਜਿਉਂਦੇ ਕੀਤਾ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੇ ਗਏ ਇਸ ਸਾਕੇ ਉੱਤੇ, ਜੋ ਗੁਰੂ ਜੀ ਉੱਪਰ ਵਿਸ਼ਵਾਸ ਨਹੀਂ ਕਰਦੇ ਉਨ੍ਹਾਂ ਬੇ ਪਰਤੀਤਿਆਂ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਗੁਰਬਾਣੀ ਦਾ ਫ਼ਰਮਾਨ ਹੈ, ਇਕਨਾ ਸਤਿਗੁਰ ਕੀ ਪ੍ਰਤੀਤ ਨਾ ਆਇਆ ਸ਼ਬਦ ਨਾ ਲਾਗੇ ਭਾਉ॥'' ਪੰਥ ਸਾਜਣ ਵੇਲੇ ਸ਼ੀਸ਼ ਦੇਣ ਵਾਲੇ ਪੰਜਾਂ ਪਿਆਰਿਆਂ ਵਿਚੋਂ ਭਾਈ ਦਇਆ ਸਿੰਘ ਖੱਤ੍ਰੀ ਸਨ ਜੋ ਗੁਰੂ ਕੁਲ ਵਿਚੋਂ ਸਨ। ਪਰ ਬਾਕੀ ਦੇ ਸਾਰੇ ਹੀ ਸ਼ੂਦਰ ਸਨ। ਕਹਾਣੀ ਸੁਣਾਉਣ ਵਾਲੇ ਨੇ ਫੇਰ ਅੱਗੇ ਗੱਲ ਤੋਰੀ .. ਦੇਖ ਲਓ ਭਾਈ ਫੇਰ .. ਇੱਥੇ ਫੇਰ ਪਹਾੜੀ ਰਾਜੇ ਆ ਗਏ, ਗੁਰੂ ਪਾਤਸ਼ਾਹ ਦਸਮ ਪਿਤਾ ਬਾਜਾਂ ਆਲ਼ੇ ਨੂੰ ਕਹਿੰਦੇ ਆਹ ਜੋ ਅੰਮ੍ਰਿਤ ਛਕਾਉਣ ਦੀ ਪ੍ਰਥਾ ਤੁਸੀਂ ਗੁਰੂ ਜੀ ਤੋਰੀ ਹੈ ਬਹੁਤ ਹੀ ਚੰਗੀ ਹੈ, ਅਸੀਂ ਵੀ ਅੰਮ੍ਰਿਤ ਛਕਣਾ ਚਾਹੁੰਦੇ ਹਾਂ ਪਰ ਸਾਡੀ ਇਕ ਗੱਲ ਪ੍ਰਵਾਨ ਕਰ ਲਓ ਜੀ.. ਤਾਂ ਗੁਰੂ ਜੀ ਨੇ ਕਿਹਾ ਅਜਿਹੀ ਕਿਹੜੀ ਗੱਲ ਹੈ ਜੋ ਅਸੀਂ ਪ੍ਰਵਾਨ ਨਹੀਂ ਕਰਦੇ.. ਪਹਾੜੀ ਰਾਜੇ ਕਹਿਣ ਲੱਗੇ ਜੋ ਸਾਹਮਣੇ ਸਾਰੇ ਜਣੇ ਅੰਮ੍ਰਿਤ ਛਕੀ ਜਾਂਦੇ ਆ ਉਨ੍ਹਾਂ ਤੋਂ ਵੱਖਰੇ ਤੌਰ ਤੇ ਸਾਨੂੰ ਅੰਮ੍ਰਿਤ ਛਕਾ ਦਿਓ, ਤਾਂ ਗੁਰੂ ਜੀ ਨੇ ਅੰਮ੍ਰਿਤ ਛਕਣ ਵਾਲੇ ਸਾਰੇ ਸਿੰਘਾਂ ਵੱਲ ਦੇਖਿਆ, ਉਨ੍ਹਾਂ ਵਿਚ ਕੋਈ ਬ੍ਰਾਹਮਣ ਸੀ, ਕੋਈ ਜੱਟ ਸੀ, ਕੋਈ ਮਜ਼੍ਹਬੀ ਸੀ, ਕੋਈ ਰਵੀਦਾਸੀਆ, ਰਮਦਾਸੀਆ ਸੀ, ਕੋਈ ਝਿਊਰ ਸੀ, ਕੋਈ ਘੁਮਿਆਰ ਸੀ, ਕੋਈ ਕਲਾਲ ਸੀ, ਕੋਈ ਕਿਸੇ ਜਾਤ ਦਾ ਸੀ, ਕੋਈ ਕਿਸੇ ਦਾ, ਸਾਰੀਆਂ ਜਾਤਾਂ ਦਾ ਗੁਲਦਸਤਾ ਦੇਖ ਕੇ ਗੁਰੂ ਸਾਹਿਬ ਪ੍ਰਸੰਨ ਹੋ ਗਏ ਸਨ। ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਨੇ ਪੁਛਿਆ ਕਿ ਤੁਸੀਂ ਇਨ੍ਹਾਂ ਨਾਲ ਸਾਂਝੇ ਤੌਰ ਦੇ ਅੰਮ੍ਰਿਤ ਕਿਉਂ ਨਹੀਂ ਛਕਣਾ ਚਾਹੁੰਦੇ ਤਾਂ ਰਾਜਿਆਂ ਦਾ ਜਵਾਬ ਸੀ ਕਿ ਇਹ ਸਾਰੇ ਸ਼ੂਦਰ ਹਨ, ਜੋ ਸਾਡੇ ਬਰਾਬਰ ਦੇ ਨਹੀਂ ਹਨ, ਇਸ ਕਰ ਕੇ ਸਾਨੂੰ ਵੱਖਰਾ ਅੰਮ੍ਰਿਤ ਛਕਾ ਦਿਓ ਤਾਂ ਅਸੀਂ ਸਾਰੇ ਹੀ ਅੰਮ੍ਰਿਤ ਛੱਕ ਕੇ ਆਪ ਜੀ ਦੇ ਸਿੰਘ ਬਣ ਜਾਵਾਂਗੇ, ਪਰ ਗੁਰੂ ਸਾਹਿਬ ਜੀ ਨੇ ਉਨ੍ਹਾਂ ਜਾਤ ਦੇ ਹੰਕਾਰੀ ਰਾਜਿਆਂ ਨੂੰ ਕਿਹਾ 'ਇਨ ਗਰੀਬ ਸਿਖਨ ਕੋ ਦੇਊਂ ਪਾਤਸ਼ਾਹੀ... ਇਨਹੀ ਕੋ ਸਰਦਾਰ ਬਣਾਊਂ..' ਤਾਂ ਪਹਾੜੀ ਰਾਜੇ ਮੂੰਹ ਦੀ ਖਾ ਕੇ ਉੱਥੋਂ ਖਿਸਕ ਗਏ। ਸੱਚੇ ਪਾਤਸ਼ਾਹ ਗੁਰੂ ਜੀ ਨੇ ਅਜਿਹਾ ਕੰਮ ਕੀਤਾ ਕਿ ਜੋ ਵੀ ਗੁਰੂ ਦੀ ਗੋਲਕ ਹੈ ਉਹ ਗਰੀਬ ਦਾ ਮੂੰਹ ਬਣਾ ਦਿੱਤਾ ਪਰ ਪਤਾ ਨਹੀਂ ਕਿਉਂ ਅਜ ਦੇ ਯੁੱਗ ਵਿਚ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਬਣਨ ਤੋਂ ਇਨਕਾਰ ਕਰਨ ਲੱਗ ਪਈ ਹੈ। ਇਹ ਕਹਾਣੀ ਸੁਣ ਕੇ ਚਮੇਲ ਸਿੰਘ, ਸੁਰਜਨ ਸਿੰਘ ਤਾਂ ਨਿਹਾਲ ਹੋ ਹੀ ਗਏ ਪਰ ਨਾਲੋ ਨਾਲ ਕੁੱਝ ਸਮਝ ਕੇ ਕੁੱਝ ਬੇਸਮਝੀ ਵਿਚ ਹੀ ਅੰਗਰੇਜ਼ ਵੀ ਧੰਨ ਧੰਨ ਕਰ ਰਿਹਾ ਸੀ। ਸਰੋਤ : ਕਿਤਾਬ ਹੈ ‘ਅਮ੍ਰਿਤ ਫਿਲਾਸਫੀ’ ਲੇਖਕ ਗਿਆਨੀ ਹਰਬੰਸ ਸਿੰਘ -ਗੁਰਨਾਮ ਸਿੰਘ ਅਕੀਦਾ

ਦਸਮ ਪਿਤਾ ਬਾਜਾਂ ਵਾਲੇ ਨੂੰ ਸਮਝ ਕੇ ਵੀ ਅਣਜਾਣ ਹੈ ਸਿੱਖ ਸਮਾਜ

ਦਸਮ ਪਿਤਾ, ਬਾਜਾਂ ਵਾਲੇ ਨੇ ਸਾਰੀਆਂ ਜਾਤਾਂ ਦੇ ਬੰਧਨ ਹੀ ਤੋੜ ਦਿੱਤੇ ਸਨ, ਉਨ੍ਹਾਂ ਦੀ ਮਨੋਬਿਰਤੀ ਨੂੰ ਰਤਨ ਸਿੰਘ ਭੰਗੂ ਵਰਗੇ ਕਵੀਆਂ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ । ਚੌਪਈ : ਸਤ ਸਨਾਤਿ ਔ ਬਾਰਹ ਜਾਤ, ਜਾਨ ਨਹਿ ਰਾਜਨੀਤ ਕੀ ਬਾਤ। ਜੱਟ ਬੂਟ ਕਹਿ ਜਿਹ ਜਗ ਮਾਹੀ, ਬਣੀਏ ਬਕਾਲ ਕਿਰਾੜ, ਖੱਤ੍ਰੀ ਸਦਾਈ। ਲੁਹਾਰ ਤ੍ਰਖਾਣ ਹੁਤ ਜਾਤ ਕਮੀਨੀ, ਛੀਪੋ ਕਲਾਲ ਨੀਚਨ ਪੈ ਕ੍ਰਿਪਾ ਕੀਨੀ। ਗੁੱਜਰ ਗਵਾਰ ਹੀਰ ਕਮਜਾਤ,ਕੰਬੋਇ ਸੂਦਨ ਕੋਇ ਪੁਛੈ ਨ ਬਾਤ। ਝੀਵਰ ਨਾਈ ਰੋੜੇ ਘੁਮਿਆਰ, ਸਾਇਣੀ ਸੁਨਿਆਰੇ ਚੂੜ੍ਹੇ ਚਮਿਆਰ। ਭੱਟ ਔ ਬਾਹਮਣ ਹੁਤੇ ਮੰਗਵਾਰ, ਬਹੁਰੂਪੀਏ ਲੁਬਾਣੇ ਔ ਘੁਮਿਆਰ। ਇਨ ਗ੍ਰੀਬ ਸਿੰਘਨ ਕੋ ਦਯੈ ਪਤਿਸ਼ਾਹੀ, ਏ ਯਾਦ ਰਖੈਂ ਹਮਰੀ ਗੁਰਿਆਈ। ਤੌ ਸਦਿ ਸਤਿਗੁਰ ਸਿਖ ਲਲਕਾਰੇ, ਫੜੋ ਸ਼ਸਤ੍ਰਨ ਲਿਹੁ ਤੁਰਕਨ ਮਾਰੇ। ਰਤਨ ਸਿੰਘ ਭੰਗੂ ਦੀ ਇਸ ਕ੍ਰਿਤ ਨੇ ਪੂਰਾ ਸੱਚ ਸਪਸ਼ਟ ਕਰ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਵੇਲੇ ਇੱਥੋਂ ਤੱਕ ਬ੍ਰਾਹਮਣ, ਕਸ਼ੱਤਰੀ, ਵੈਸ਼ ਤਿੰਨ ਜਾਤਾਂ ਵੀ ਸ਼ੂਦਰਾਂ ਵਰਗੀ ਜ਼ਿੰਦਗੀ ਕੱਟ ਰਹੀਆਂ ਸਨ। ਉਨ੍ਹਾਂ ਨਾਲ ਮੁਗਲ ਰਾਜਿਆਂ ਨੇ ਮਾੜਾ ਕੀਤਾ ਹੋਇਆ ਸੀ, ਉਨ੍ਹਾਂ ਦੇ ਧਰਮ ਨੂੰ ਜਬਰੀ ਇਸਲਾਮ ਵਿਚ ਤਬਦੀਲ ਕੀਤਾ ਜਾ ਰਿਹਾ ਸੀ। ਮੁਗਲ ਬਾਦਸ਼ਾਹ ਹਿੰਦੂਆਂ ਦੇ ਸਵਾ ਮਣ ਜਨੇਊ ਉਤਾਰ ਕੇ ਰਾਤ ਦਾ ਖਾਣਾ ਖਾਂਦਾ ਸੀ ਵਰਗੀਆਂ ਕਹਾਣੀਆਂ ਵੀ ਪ੍ਰਚਲਤ ਹੋ ਰਹੀਆਂ ਸਨ। ਇਨ੍ਹਾਂ ਤਿੰਨਾ ਜਾਤੀਆਂ ਤੋਂ ਇਲਾਵਾ ਬਾਕੀ ਸ਼ੂਦਰ ਜਾਤੀਆਂ ਦਾ ਹੋਰ ਵੀ ਬੁਰਾ ਹਾਲ ਸੀ, ਹਾਲਾਂ ਕਿ ਰਤਨ ਸਿੰਘ ਭੰਗੂ ਵੱਲੋਂ ਥੋੜੀ ਜਿਹੀ ਉਦਾਹਰਣ ਮਾਤਰ ਕੁੱਝ ਕੁ ਜਾਤਾਂ ਨੂੰ ਗੁਰੂ ਸਾਹਿਬ ਵੱਲੋਂ ਪਾਤਿਸ਼ਾਹੀ ਦੇਣ ਦੀ ਗੱਲ ਹੀ ਸਾਹਮਣੇ ਆਈ ਹੈ, ਇਨ੍ਹਾਂ ਸ਼ੂਦਰ ਜਾਤਾਂ ਵਿਚ ਜੱਟਾਂ ਤੋਂ ਲੈ ਕੇ ਲੁਬਾਣੇ, ਚੂਹੜੇ, ਚਮਿਆਰ ਆਦਿ ਦਰਜ ਕੀਤੇ ਗਏ ਹਨ। ਇਨ੍ਹਾਂ ਸ਼ੂਦਰਾਂ ਨੂੰ ਪਾਤਸ਼ਾਹੀ ਦੇਣ ਦੀ ਗੱਲ ਕੀਤੀ ਗਈ ਹੈ। ਇਕ ਪਾਸੇ ਮੁਗ਼ਲਾਂ ਨਾਲ ਸਿੱਧੀ ਟੱਕਰ ਸੀ ਦੂਜੇ ਪਾਸੇ ਹਿੰਦੂ ਰਵਾਇਤਾਂ ਅਨੁਸਾਰ ਉੱਚੀਆਂ ਨੀਵੀਂਆਂ ਜਾਤਾਂ ਖ਼ਤਮ ਕਰਨ ਕਰ ਕੇ ਬ੍ਰਾਹਮਣਾ ਦੀ ਨਮੋਸ਼ੀ ਵੀ ਗੁਰੂ ਸਾਹਿਬ ਨੇ ਝੱਲੀ, ਪਰ ਉਹ ਅਟੱਲ ਰਹੇ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਕਾਰਜ ਆਰੰਭਿਆ ਤਾਂ ਸ਼ੂਦਰ ਦੀ ਹਾਲਤ ਬਦ ਤੋਂ ਵੀ ਬਦਤਰ ਸੀ, ਸ਼ੂਦਰ ਭਾਵੇਂ ਰਾਜਾ ਵੀ ਬਣ ਜਾਵੇ ਪਰ ਉਹ ਸ਼ੂਦਰਾਂ ਨਾਲ ਹੁੰਦੀ ਬੇਪਤੀ ਦਾ ਹੀ ਸ਼ਿਕਾਰ ਹੁੰਦਾ ਸੀ। ਇਨਸਾਨ ਨੂੰ ਇਨਸਾਨ ਬਣਾਉਣ ਦਾ ਪੱਕਾ ਕਾਨੂੰਨ ਵਿਧਾਨ ਸਿੱਖ ਕੌਮ ਦੇ ਹਵਾਲੇ ਕੀਤਾ। ਜੋ ਗੁਰੂ ਦਾ ਸਿੱਖ ਹੈ ਉਹ ਸਿਰਫ਼ ਸਿੱਖ ਹੈ ਉਹ ਨਾ ਜੱਟ, ਨਾ ਕੰਬੋ, ਨਾ ਖੱਤਰੀ, ਨਾ ਬ੍ਰਾਹਮਣ, ਨਾ ਘੁਮਿਆਰ, ਨਾ ਝਿਊਰ, ਨਾ ਚਮਾਰ ਨਾ ਚੂਹੜਾ, ਸਗੋਂ ਸਾਰੇ ਇਨਸਾਨ, ਗੁਰੂ ਦੇ ਸਿੱਖ, ਜੋ ਜਾਤ ਮੰਨਦਾ ਹੈ ਉਹ ਗੁਰੂ ਦਾ ਸਿੱਖ ਨਹੀਂ ਹੈ, ਸ਼ੂਦਰਾਂ ਨੂੰ ਆਪਣੇ ਜਥੇਦਾਰਾਂ ਵਿਚ ਥਾਂ ਦਿੱਤੀ। ਰੰਘਰੇਟੇ ਗੁਰੂ ਕੇ ਬੇਟਿਆਂ ਨਾਲ ਜੱਟਾਂ ਦੀਆਂ ਧੀਆਂ ਦੀ ਸ਼ਾਦੀ ਤੱਕ ਕਰਾਈ ਗਈ। ਜਾਤ ਪਾਤ ਦਾ ਹੰਕਾਰ ਖ਼ਤਮ ਕਰ ਕੇ ਰੱਖ ਦਿੱਤਾ। ਹੁਣ ਸਾਰੇ ਸਿੱਖ ਸਨ, ਕੋਈ ਜਾਤ ਗੋਤ ਦੀ ਕੋਈ ਹੋਂਦ ਨਹੀਂ ਸੀ। ਇਹ ਸਭ ਪੱਕਾ ਕਰਨ ਲਈ ਗੁਰੂ ਸਾਹਿਬ ਨੇ ਆਪਣੇ ਦੋ ਸਾਹਿਬਜ਼ਾਦੇ ਚਮਕੌਰ ਦੀ ਗੜ੍ਹੀ ਵਿਚ ਤੇ ਦੋ ਸਾਹਿਬਜ਼ਾਦੇ ਸਰਹਿੰਦ ਨੀਂਹਾਂ ਵਿਚ ਸ਼ਹੀਦ ਕਰਵਾ ਦਿੱਤੇ ਪਰ ਅਕਾਲ ਪੁਰਖ ਤੇ ਰਤਾ ਜਿਨਾ ਵੀ ਮਲਾਲ ਨਾ ਕੀਤਾ। ਸਗੋਂ ਆਪਣੀ ਸਿੱਖੀ ਨੂੰ ਬਚਾਉਣ ਦਾ ਨਾਅਰਾ ਮਾਰਦੇ ਹੋਏ ਸਭ ਨੂੰ ਕਿਹਾ ਕਿ ਜੇਕਰ ਚਾਰ ਚਲੇ ਗਏ ਤਾਂ ਕੀ ਹੋ ਗਿਆ ਅਸਲ ਵਿਚ ਸਿੱਖੀ ਨੂੰ ਜਿਉਂਦਾ ਰੱਖਣ ਲਈ ਹਜ਼ਾਰਾਂ ਸਿੱਖ ਜਿਉਂਦੇ ਹਨ। ਹਿੰਦੂਆਂ ਨੇ ਵੀ ਸਿੱਖੀ ਵਿਚ ਬੜਾ ਵੱਡਾ ਕੰਮ ਕੀਤਾ, ਆਮ ਤੌਰ ਤੇ ਗੰਗੂ ਬਾਮਣ ਤੇ ਸੁੱਚਾ ਨੰਦ ਦੀ ਗੱਲ ਕਰ ਕੇ ਹਿੰਦੂਆਂ ਨੂੰ ਭੰਡਿਆ ਜਾਂਦਾ ਹੈ ਪਰ ਹਿੰਦੂਆਂ ਵਿਚੋਂ ਹੀ ਦੀਵਾਨ ਟੋਡਰ ਮੱਲ ਨੂੰ ਕਦੇ ਵੀ ਭੁਲਿਆ ਨਹੀਂ ਜਾ ਸਕਦਾ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਅਤਿੰਮ ਸੰਸਕਾਰ ਲਈ ਵਜੀਰ ਖਾਂ ਤੋਂ ਖੜੀਆਂ ਮੋਹਰਾਂ ਕਰ ਕੇ ਜ਼ਮੀਨ ਖ਼ਰੀਦੀ ਸੀ, ਜੋ ਰਹਿੰਦੀ ਦੁਨੀਆਂ ਤੱਕ ਸਭ ਤੋਂ ਮਹਿੰਗੀ ਜ਼ਮੀਨ ਕਹਿਲਾਈ ਜਾਵੇਗੀ। ਹੋਰ ਵੀ ਕਾਫੀ ਨਾਮ ਹਨ ਜਿਨ੍ਹਾਂ ਗੁਰੂ ਸਾਹਿਬ ਨਾਲ ਵਫ਼ਾਦਾਰੀ ਨਿਭਾਈ। ਪਰ ਹਿੰਦ ਉੱਤੇ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਵੱਡਾ ਅਹਿਸਾਨ ਹੈ, ਜਿਸ ਬਾਰੇ ਕਵੀਆਂ ਨੇ ਇੰਜ ਵੀ ਲਿਖਿਆ ਹੈ ' ਛਾਇ ਜਾਤੀ ਏਕਤਾ, ਅਨੇਕਤਾ ਬਲਾਇ ਜਾਤੀ। ਧਾਇ ਜਾਤੀ ਕੁਚਲਤਾ ਕਤੇਬਨ ਕੁਰਾਨ ਕੀ। ਪਾਪ ਪ੍ਰਪੱਕ ਜਾਤੇ, ਧਰਮ ਧਸਕ ਜਾਤੇ, ਵਰਨ ਗ਼ਰਕ ਜਾਤੇ ਸਾਹਿਤ ਵਿਧਾਨ ਕੀ। ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਵੇਦ ਔ ਪੁਰਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਤਿਤ ਪਾਵਨ ਸੂਰ, ਮੂਰਤੀ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ।' -ਗੁਰਨਾਮ ਸਿੰਘ ਅਕੀਦਾ

Wednesday, October 05, 2022

ਅੱਜ ਵੀ ਕਲਮ ਚੱਲਦੀ ਹੈ 89 ਸਾਲਾ ਨੌਜਵਾਨ ਪੱਤਰਕਾਰ ‘ਅਵਤਾਰ ਸਿੰਘ ਗ਼ੈਰਤ’ ਦੀ

ਕਰੀਬ ਇਕ ਦੀ ਸਦੀ ਦੀ ਉਮਰ ਲੰਘਾ ਚੁੱਕੇ ਪੱਤਰਕਾਰ ਕੋਲ ਬੜਾ ਖ਼ਜ਼ਾਨਾ ਹੁੰਦਾ ਹੈ ਸਿਆਸਤ, ਸਮਾਜਕ, ਆਰਥਿਕ ਤੇ ਹੋਰ ਵੱਖ ਵੱਖ ਮੁੱਦਿਆਂ ਦਾ। ਅਜਿਹੇ ਪੱਤਰਕਾਰ ਕੋਲੋਂ ਨਿਮਰਤਾ ਨਾਲ ਬੈਠ ਹੀ ਕੁਝ ਸਿੱਖਿਆ ਜਾ ਸਕਦਾ ਹੈ। ਕਲਮਾ ਦੇ ਕਾਫ਼ਲੇ ਬੜੇ ਛੋਟੇ ਹੁੰਦੇ ਸੀ। ਰਿਆਸਤੀ ਪੱਤਰਕਾਰੀ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਸੀ। ਅਸਲ ਵਿਚ ਰਿਆਸਤ ਵਿਚ ਪੱਤਰਕਾਰ ਮਹਾਰਾਜਿਆਂ ਦੇ ਪੱਖ ਵਿਚ ਹੀ ਲਿਖਦੇ ਸਨ। ਜੇਕਰ ਕਿਸੇ ਨੇ ਅਖ਼ਬਾਰ ਬਗੈਰਾ ਕੱਢਿਆ ਤਾਂ ਸਮਝੋ ਉਸ ਨੇ ਸਿੱਧਾ ਹੀ ਰਿਆਸਤ ਨਾਲ ਪੰਗਾ ਲੈ ਲਿਆ, ਕੁਝ ਕ੍ਰਾਂਤੀਕਾਰੀ ਯੋਧੇ ਹੁੰਦੇ ਸੀ ਜੋ ਸਮੇਂ ਅਨੁਸਾਰ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਪੈਂਫ਼ਲਿਟਾਂ ਦਾ ਸਹਾਰਾ ਲੈਂਦੇ ਸੀ, ਉਸੇ ਨੂੰ ਸੂਚਨਾ ਦਾ ਸਾਧਨ ਮੰਨਿਆ ਜਾਂਦਾ ਸੀ। ਉਂਜ ਪਟਿਆਲਾ ਰਿਆਸਤ ਵਿਚ ‘ਗੁਰੂ ਘੰਟਾਲ’ ਵਰਗੇ ਇਕਾ ਦੁੱਕਾ ਅਖ਼ਬਾਰ ਹੀ ਨਿਕਲਦੇ ਸਨ(ਵੇਰਵੇ ਕਿਤਾਬ ਵਿਚ ਮਿਲਣਗੇ)। ਉਸ ਵੇਲੇ ਉਰਦੂ ਭਾਸ਼ਾ ਦਾ ਬੋਲ ਬਾਲਾ ਸੀ, ਪੰਜਾਬੀ ਬੜੀ ਘੱਟ ਲਿਖੀ ਜਾਂਦੀ ਸੀ। ਦੇਸ਼ ਭਾਵੇਂ ਅਜ਼ਾਦ ਹੋ ਗਿਆ ਸੀ, ਦੇਸ਼ ਦੀ ਵੰਡ ਹੋ ਗਈ ਸੀ। ਉਰਦੂ ਪੜ੍ਹਨ ਲਿਖਣ ਵਾਲੇ ਜ਼ਿਆਦਾਤਰ ਲੋਕ ਪਾਕਿਸਤਾਨ ਵਿਚ ਚਲੇ ਗਏ ਸਨ। ਪਰ ਫਿਰ ਵੀ ‘ਅਜੀਤ’ ਵਰਗਾ ਅਖ਼ਬਾਰ ਵੀ ਉਸ ਵੇਲੇ ਉਰਦੂ ਵਿਚ ਹੀ ਛਪਦਾ ਸੀ। 1951 ਪੈਪਸੂ ਵੇਲੇ ਦੇ ਕੁਝ ਪੁਰਾਣੇ ਪੱਤਰਕਾਰ ਭਾਈ ਰਤਨ ਸਿੰਘ ਅਜ਼ਾਦ (ਸਟੇਟਸਮੈਨ), ਕੰਵਰ ਰਵੇਲ ਸਿੰਘ (ਸੰਗਤ ਦਰਪਣ), ਇੰਦਰ ਸਿੰਘ ਅਕਾਲੀ (ਜਨਤਾਗੱਗ ਸਰਹਿੰਦ), ਭੂਸ਼ਣ ਸਰਹਿੰਦੀ (ਟਾਈਮਜ਼ ਆਫ਼ ਇੰਡੀਆ), ਹਰੀ ਸਿੰਘ (ਖ਼ਾਲਸਾ ਸੇਵਕ), ਰਿਪੁਦਮਨ ਸਿੰਘ ਰੀਹੇਈ (ਨਵਾਂ ਵਕਤ), ਮੋਹਰ ਸਿੰਘ ਰੰਗ (ਪ੍ਰਭਾਤ), ਕੁਲਵੰਤ ਸਿੰਘ ਗੁਪਤਾ (ਬਠਿੰਡਾ), ਰਾਮ ਮੂਰਤੀ ਸ਼ਰਮਾ (ਨਯਾ ਸੰਸਾਰ), ਗੁਰਚਰਨ ਸਿੰਘ (ਪਰਕਾਸ਼), ਕੁਲਵੰਤ ਰਾਏ ਭਾਰਤੀ (ਬਠਿੰਡਾ), ਜਗਜੀਤ ਸਿੰਘ (ਖ਼ਾਲਸਾ ਸੇਵਕ), ਗਿ‌ਆਨੀ ਗੁਰਦਿੱਤ ਸਿੰਘ (ਪ੍ਰਕਾਸ਼), ਕਿਰਪਾਲ ਸਿੰਘ ਅਰਸ਼ੀ, ਵਿੱਦਿਆ ਸਾਗਰ (ਟ੍ਰਿਬਿਊਨ), ਹਰਦੀਪ ਸਿੰਘ (ਪ੍ਰਕਾਸ਼), ਰਾਜਿੰਦਰ ਸਿੰਘ (ਪੀਟੀਆਈ), ਸੁਦਰਸ਼ਨ ਭਾਟੀਆ (ਜੁਆਇੰਟ ਐਡੀਟਰ ਮਿਲਾਪ), ਬਜਰੰਗ ਬਾਲੀ ਦੁੱਗਲ (ਟ੍ਰਿ‌ਬਿਊਨ), ਜੀਐਸ ਸੇਡਾ (ਬਾਲ ਸੰਸਾਰ) ਆਦਿ ਸਨ। (ਪੱਤਰਕਾਰਾਂ ਦੀ ਫ਼ੋਟੋ ਨਾਲ ਹੈ)
ਮੈਂ ਅੱਜ 89 ਸਾਲਾ ਪੱਤਰਕਾਰ ਅਵਤਾਰ ਸਿੰਘ ਗ਼ੈਰਤ ਦੀ ਗੱਲ ਕਰ ਰਿਹਾ ਹਾਂ। ਮੈਂ ਜਦੋਂ ਉਨ੍ਹਾਂ ਨੂੰ ਮਿਲਣ ਲਈ ਗਿਆ ਤਾਂ ਉਹ ਮਹਿਜ਼ ਬਨੈਣ ਤੇ ਪਜਾਮੇ ਵਿਚ ਹੀ ਸਨ ਤੇ ਮੇਰੀ ਹਰ ਪੱਖੋਂ ਮਦਦ ਕਰ ਰਹੇ ਸਨ। ਆਪਣੀਆਂ ਫਾਈਲਾਂ ਫਰੋਲ ਕੇ ਮੈਨੂੰ ਆਪਣੇ ਨਾਲ ਸਬੰਧਿਤ ਜਾਣਕਾਰੀ ਦੇ ਰਹੇ ਸਨ। ਤੰਦਰੁਸਤ ਨਜ਼ਰ ਆਏ।
26 ਅਕਤੂਬਰ 1933 ਨੂੰ ਜਨਮੇ ਪੱਤਰਕਾਰ ਅਵਤਾਰ ਸਿੰਘ ‘ਗ਼ੈਰਤ’ ਵੀ ਉਰਦੂ ਭਾਸ਼ਾ ਦੇ ਹੀ ਗਿਆਤਾ ਸਨ। ਪੜ੍ਹਨ ਲਿਖਣ ਦਾ ਸ਼ੌਕ ਸੀ, ਇਸੇ ਕਰਕੇ ਉਨ੍ਹਾਂ ਨੂੰ ‘ਅਜੀਤ’ ਅਖ਼ਬਾਰ ਦੇ ਉਸ ਵੇਲੇ ਦੇ ਮੁੱਖ ਸੰਪਾਦਕ (ਮਾਲਕ) ਸਾਧੂ ਸਿੰਘ ਹਮਦਰਦ ਨੇ ਅਜੀਤ ਵਿਚ ਕੰਮ ਕਰਨ ਲਈ ਬੁਲਾ ਲਿਆ ਸੀ। ਜਨਵਰੀ 1952 ਤੋਂ 2 ਫਰਵਰੀ 1953 ਤੱਕ ਅਵਤਾਰ ਸਿੰਘ ਗ਼ੈਰਤ ਨੇ ਅਜੀਤ ਵਿਚ ਕੰਮ ਕੀਤਾ। ਅਜੀਤ ਵਿਚੋਂ ਹੀ ਗ਼ੈਰਤ ਹੋਰਾਂ ਪੱਤਰਕਾਰੀ ਦੇ ਗੁਰ ਸਿੱਖੇ। ਉਸ ਵੇਲੇ ਸ. ਗ਼ੈਰਤ ਦੇ ਚਾਚਾ ਸ. ਮੇਹਰ ਸਿੰਘ ਪਟਿਆਲਾ ਵਿਚ ਉਰਦੂ ਦਾ ਇਕ ਹਫ਼ਤਾਵਾਰੀ ਅਖ਼ਬਾਰ ‘ਰਣਜੀਤ’ ਪ੍ਰਕਾ‌ਸ਼ਿਤ ਕਰਦੇ ਸਨ। ਉਸ ਵੇਲੇ ਪੰਜਾਬੀ ਪੜ੍ਹਨੀ ਕਾਫ਼ੀ ਸ਼ੁਰੂ ਹੋ ਗਈ ਸੀ। ਭਾਵ ਕਿ ਪੰਜਾਬੀ ਦਾ ਬੋਲ ਬਾਲਾ ਹੋ ਗਿਆ ਸੀ। ਸ. ਮੇਹਰ ਸਿੰਘ ਨੇ ਪਟਿਆਲਾ ਤੋਂ ਨਿਕਲ ਰਹੇ ਹਫ਼ਤਾਵਾਰੀ ਅਖ਼ਬਾਰ ਨੂੰ ਪੰਜਾਬੀ ਵਿਚ ਪ੍ਰਕਾਸ਼ਿਤ ਕਰਨਾ ਫ਼ੈਸਲਾ ਕੀਤਾ ਤੇ ਨਾਲ ਹੀ ਫ਼ੈਸਲਾ ਕੀਤਾ ਕਿ ਇਹ ਅਖ਼ਬਾਰ ਰੋਜ਼ਾਨਾ ਪ੍ਰਕਾਸ਼ਿਤ ਕੀਤਾ ਜਾਵੇ। ਪਾਕਿਸਤਾਨ ਤੋਂ ਆਏ ਲੋਕ ਭਾਰਤੀ ਪੰਜਾਬ ਵਿਚ ਆਪਣੇ ਆਪ ਨੂੰ ਸਥਾਪਤ ਕਰਨ ਲਈ ਜੱਦੋ ਜਹਿਦ ਕਰ ਰਹੇ ਸਨ। ਉਸ ਵੇਲੇ ਭਾਰਤੀ ਪੰਜਾਬ ਵਿਚ ਉਰਦੂ ਦਾ ਭਵਿੱਖ ਚੰਗਾ ਨਹੀਂ ਲੱਗ ਰਿਹਾ ਸੀ ਕਿਉਂਕਿ ਸਕੂਲਾਂ ਵਿਚ ਪੜਾਈ ਦਾ ਮਾਧਿਅਮ ਉਰਦੂ ਦੀ ਥਾਂ ਪੰਜਾਬੀ ਨੂੰ ਬਣਾ ਦਿੱਤਾ ਗਿਆ ਸੀ। ਪੰਜਾਬੀ ਦੀ ਪੜਾਈ ਲਈ ਬਹੁਤ ਸਾਰੇ ਗਿਆਨੀ ਕਾਲਜ ਵਜੂਦ ਵਿਚ ਆਏ। ਅਵਤਾਰ ਸਿੰਘ ਗ਼ੈਰਤ ਹੋਰਾਂ ਨੂੰ ਉਨ੍ਹਾਂ ਦੇ ਚਾਚਾ ਮੇਹਰ ਸਿੰਘ ਨੇ ਪਟਿਆਲਾ ਵਿਚ ਆਕੇ ਪੱਤਰਕਾਰੀ ਕਰਨ ਲਈ ਕਿਹਾ। ਪਰ ਅਵਤਾਰ ਸਿੰਘ ਨੂੰ ਪੰਜਾਬੀ ਨਹੀਂ ਆਉਂਦੀ ਸੀ। ਅਵਤਾਰ ਸਿੰਘ ਗ਼ੈਰਤ ਦੱਸਦੇ ਹਨ ਕਿ ਪਹਿਲਾਂ ਉਨ੍ਹਾਂ ‘ਬੁੱਧੀਮਾਨੀ’ ਦੀ ਪੜਾਈ ਕੀਤੀ ਫੇਰ ‘ਵਿਦਵਾਨੀ’ ਦੀ ਪੜਾਈ ਕੀਤੀ ਉਸ ਤੋਂ ਬਾਅਦ ‘ਗਿਆਨੀ’ ਦੀ ਪੜਾਈ ਪੰਜਾਬੀ ਯੂਨੀਵਰਸਿਟੀ ਤੋਂ ਕਰ ਲਈ, ਹੁਣ ਅਵਤਾਰ ਸਿੰਘ ਗ਼ੈਰਤ ਪੰਜਾਬੀ ਵਿਚ ਪੂਰੀ ਤਰ੍ਹਾਂ ਨਿਪੁੰਨ ਹੋ ਗਏ ਸਨ। ਰਣਜੀਤ ਅਖ਼ਬਾਰ ਨੂੰ ਉਰਦੂ ਦੀ ਥਾਂ ਪੰਜਾਬੀ ਅਖ਼ਬਾਰ ਦਾ ਰੂਪ ਦੇ ਦਿੱਤਾ ਗਿਆ। ਅਵਤਾਰ ਸਿੰਘ ਗ਼ੈਰਤ ਨੂੰ ਪਟਿਆਲਾ ਵਿਚ ਪੰਜਾਬੀ ਪੱਤਰਕਾਰੀ ਦੀ ਨੀਂਹ ਰੱਖਣ ਦਾ ਮਾਣ ਪ੍ਰਾਪਤ ਹੋਇਆ। ਉਹ ਪੰਜਾਬੀ ਅਖ਼ਬਾਰ ਰਣਜੀਤ ਦੇ ‘ਸੀਨੀਅਰ ਅਸਿਸਟੈਂਟ ਐਡੀਟਰ’ ਬਣ ਗਏ। 1964 ਤੱਕ ਅਵਤਾਰ ਸਿੰਘ ਗ਼ੈਰਤ ਨੇ ਰਣਜੀਤ ਅਖ਼ਬਾਰ ਵਿਚ ਕੰਮ ਕੀਤਾ। ਰਣਜੀਤ ਇਕ ਅਜਿਹਾ ਅਖ਼ਬਾਰ ਸੀ ਜੋ ਬਠਿੰਡਾ ਤੋਂ ਵੀ ਛਪਦਾ ਸੀ। ਰਣਜੀਤ ਅਖ਼ਬਾਰ ਦੀ ਉਸ ਵੇਲੇ ਬੱਲੇ ਬੱਲੇ ਸੀ, ਲੋਕ ਰਣਜੀਤ ਅਖ਼ਬਾਰ ਨੂੰ ਉਡੀਕਦੇ ਹੁੰਦੇ ਸਨ। ਅਵਤਾਰ ਸਿੰਘ ਗ਼ੈਰਤ ਦੱਸਦੇ ਹਨ ਕਿ ਨਾਮਵਰ ਪੱਤਰਕਾਰਾਂ ਵਿਚ ਸਾਧੂ ਸਿੰਘ ਹਮਦਰਦ, ਮਹਾਸ਼ਾ ਕਰਿਸ਼ਨ, ਮਹਾਸ਼ਾ ਖ਼ੁਸ਼ਹਾਲ ਚੰਦ, ਨਾਨਕ ਚੰਦ ਨਾਜ਼, ਲਾਲਾ ਜਗਤ ਨਰਾਇਣ, ਅਮਰ ਸਿੰਘ ਦੁਸਾਂਝ, ਗਿਆਨੀ ਸ਼ਾਦੀ ਸਿੰਘ, ਕਰਮ ਸਿੰਘ ਜ਼ਖ਼ਮੀ, ਸੂਬਾ ਸਿੰਘ, ਗਿਆਨੀ ਗੁਰਦਿੱਤ ਸਿੰਘ ਆਦਿ ਨੂੰ ਮਿਲ ਕੇ ਉਹ ਬਹੁਤ ਸਕੂਨ ਮਹਿਸੂਸ ਕਰਦੇ ਸਨ ਤੇ ਇਨ੍ਹਾਂ ਪੱਤਰਕਾਰਾਂ ਤੋਂ ਬਹੁਤ ਕੁਝ ‌ਸਿੱਖਿਆ। ਉਹ ਥੋੜ੍ਹਾ ਅਫ਼ਸੋਸ ਜ਼ਾਹਿਰ ਕਰਦੇ ਹਨ ਕਿ ਅੱਜ ਇਨ੍ਹਾਂ ਵਿਚੋਂ ਸਰੀਰਕ ਤੌਰ ਤੇ ਕੋਈ ਵੀ ਸਾਡੇ ਵਿਚ ਨਹੀਂ ਹੈ। 1965 ਵਿਚ ਅਵਤਾਰ ਸਿੰਘ ਗ਼ੈਰਤ ਨੇ ਰਣਜੀਤ ਅਖ਼ਬਾਰ ਤੋਂ ਅਸਤੀਫ਼ਾ ਦੇ ਕੇ ਆਪਣਾ ਹਫ਼ਤਾਵਾਰੀ ਅਖ਼ਬਾਰ ‘ਗ਼ੈਰਤ’ ਸ਼ੁਰੂ ਕਰ ਲਿਆ। ਇਹ ਅਖ਼ਬਾਰ ਅੱਜ ਵੀ ਚੱਲ ਰਿਹਾ ਹੈ, ਬੇਸ਼ੱਕ ਅੱਜ ਪੰਜਾਬੀ ਦੀ ਹਫ਼ਤਾਵਾਰੀ ਜਾਂ ਮਹੀਨਾਵਾਰੀ ਪੱਤਰਕਾਰੀ ਦਾ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ। ਅਵਤਾਰ ਸਿੰਘ ਗ਼ੈਰਤ ਪੰਜਾਬੀ ਮਾਂ ਬੋਲੀ ਨੂੰ ਪ੍ਰਣਾਏ ਹੋਏ ਹਨ। 1976 ਵਿਚ ਉਨ੍ਹਾਂ ਦੀ ਪੱਤਰਕਾਰਤਾ ਵਿਚ ਕਾਬਲੀਅਤ ਕਰਕੇ ਪੰਜਾਬ ਰਾਜ ਬਿਜਲੀ ਬੋਰਡ ਨੇ ਅਵਤਾਰ ਸਿੰਘ ਗ਼ੈਰਤ ਨੂੰ ਆਪਣੇ ਲੋਕ ਸੰਪਰਕ ਵਿਭਾਗ ਵਿਚ ਸੂਚਨਾ ਅਫ਼ਸਰ ਦੀ ਨੌਕਰੀ ਦੇ ਦਿੱਤੀ। ‘ਗ਼ੈਰਤ’ ਅਖ਼ਬਾਰ ਨੂੰ ਗ਼ੈਰਤ ਵਿਚ ਕੰਮ ਕਰਦਾ ਸਟਾਫ਼ ਹੀ ਪ੍ਰਕਾਸ਼ਿਤ ਕਰਦਾ ਰਿਹਾ। ਬਿਜਲੀ ਬੋਰਡ ਦੇ ਆਪਣੇ ਛੱਪਦੇ ਪਰਚੇ ‘ਇਲੈਕਟ੍ਰਿਸਿਟੀ’ ਦਾ ਵੀ ਸ. ਗ਼ੈਰਤ ਨੇ ਸੰਪਾਦਨ ਕੀਤਾ। ਜੋ ਕਿ ਪੰਜਾਬੀ ਅਤੇ ਅੰਗਰੇਜ਼ੀ ਵਿਚ ਤਿਮਾਹੀ ਤੌਰ ਤੇ ਛਪਦਾ ਸੀ। ਇਸੇ ਦੌਰਾਨ ਮਹੀਨਾਵਾਰ ਨਿਊਜ਼ ਲੈਟਰ ‘ਪੀਐਸਈਬੀ ਨਿਊਜ਼’ ਪੰਜਾਬੀ ਵਿਚ ਸ਼ੁਰੂ ਕੀਤਾ। 31 ਅਕਤੂਬਰ 1991 ਨੂੰ ਅਵਤਾਰ ਸਿੰਘ ਗ਼ੈਰਤ ਪੰਜਾਬ ਰਾਜ ਬਿਜਲੀ ਬੋਰਡ ਤੋਂ ਬਤੌਰ ਡਿਪਟੀ ਡਾਇਰੈਕਟਰ ਲੋਕ ਸੰਪਰਕ (ਵਿਭਾਗ ਦੇ ਮੁਖੀ) ਵਜੋਂ ਸੇਵਾ ਮੁਕਤ ਹੋ ਗਏ। ਸੇਵਾ ਮੁਕਤ ਹੋਣ ਤੋਂ ਬਾਅਦ ਹੀ ਸ. ਗ਼ੈਰਤ ਨੇ ਆਪਣੇ ਗ਼ੈਰਤ ਅਖ਼ਬਾਰ ਦਾ ਸੰਪਾਦਕ ਦਾ ਅਹੁਦਾ ਸੰਭਾਲ ਲਿਆ। ਉਨ੍ਹਾਂ ਦਾ ਅਖ਼ਬਾਰ ਵਿਚ ਕਾਲਮ ‘ਮੈਂ ਦੇਖਦਾ ਚਲਾ ਗਿਆ’ ਕਾਫ਼ੀ ਚਰਚਿਤ ਹੋਇਆ। ਜੋ ਕਿ ਚਲੰਤ ਮਾਮਲਿਆਂ ਤੇ ਹੀ ਅਧਾਰਿਤ ਹੁੰਦਾ ਹੈ। ਇਨਾਮ ਸਨਮਾਨ ਕਾਫ਼ੀ ਮਿਲੇ ਹਨ, ਪ‌ਟਿਆਲਾ ਦੇ ਮਹਾਰਾਜਾ ਪਰਿਵਾਰ ਨਾਲ ਕਾਫ਼ੀ ਨੇੜਤਾ ਰਹੀ ਹੈ, ਆਪਣੇ ਘਰੇਲੂ ਸਮਾਗਮਾਂ ਵਿਚ ਵੀ ਅਵਤਾਰ ਸਿੰਘ ਨੂੰ ਮਹਾਰਾਜਾ ਪਰਿਵਾਰ ਬੁਲਾਉਂਦਾ ਰਿਹਾ ਹੈ।
ਸਿਰਜਣਾ ਵਿਚ ਵੀ ਹੱਥ ਅਜ਼ਮਾਇਆ ਹੈ ਅਵਤਾਰ ਸਿੰਘ ਗ਼ੈਰਤ ਨੇ ਅਵਤਾਰ ਸਿੰਘ ਗ਼ੈਰਤ ਨੇ ਦੋ ਪੁਸਤਕਾਂ ਵੀ ਪ੍ਰਕਾਸ਼ਿਤ ਕੀਤੀਆਂ ਹਨ ਜਿਨ੍ਹਾਂ ਵਿਚ ‘ਪੰਜਾਬ ਦੀਆਂ ਕੁਝ ਮਹਾਨ ਔਰਤਾਂ’ ਅਤੇ ਹਾਲ ਹੀ (2021) ਵਿਚ ਪ੍ਰਕਾਸ਼ਿਤ ਹੋਈ ‘ਪਟਿਆਲਾ ਸ਼ਹਿਰ ਤੇ ਇੱਥੋਂ ਦੇ ਵਸਨੀਕ’ ਚਰਚਾ ਵਿਚ ਹਨ। ਪੱਤਰਕਾਰੀ ਦੇ ਨਾਲ ਨਾਲ ਉਨ੍ਹਾਂ ਨੇ ਪੰਜਾਬੀ ਕਲਚਰ ਐਸੋਸੀਏਸ਼ਨ ਦੀ ਪ੍ਰਧਾਨਗੀ ਵੀ ਲਗਾਤਾਰ ਕੀਤੀ ਹੈ। ਅੱਜ ਵੀ ਉਹ ਲਿਖਣਾ ਤੇ ਪੜ੍ਹਨਾ ਪਸੰਦ ਕਰਦੇ ਹਨ।ਪਰਿਵਾਰ ਵਿਚ ਤਿੰਨ ਬੇਟੀਆਂ ਤੇ ਦੋ ਬੇਟੇ ਆਪੋ ਆਪਣੇ ਕਾਰੋਬਾਰ ਵਿਚ ਮਸਰੂਫ਼ ਹਨ। ਕੇਸ, ਧਮਕੀਆਂ ਆਦਿ ਅਵਤਾਰ ਸਿੰਘ ਗ਼ੈਰਤ ਦੱਸਦੇ ਹਨ ਕਿ ਖਾੜਕੂਵਾਦ ਵੇਲੇ ਮੈਂ ਅਤੇ ‘ਇੰਤਕਾਮ’ ਦੇ ਸੰਪਾਦਕ ਹਰਦੇਵ ਸਿੰਘ ਸਾਹਨੀ ਨੇ ਇਕ ਸੰਪਾਦਕੀ ਲਿਖੀ ਸੀ ਜਿਸ ਕਰਕੇ ਮੇਰੇ ਅਤੇ ਸ. ਸਾਹਨੀ ਦੇ ਵਰੰਟ ਈਸ਼ੂ ਹੋ ਗਏ ਸਨ। ਸਰਕਾਰ ਨੇ ਮੈਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਸੀ। ਵਰ ਉਸ ਵੇਲੇ ਗ੍ਰਹਿ ਮੰਤਰਾਲੇ ਦੇ ਸਕੱਤਰ ਨਾਲ ਅਸੀਂ ਰਾਬਤਾ ਕਾਇਮ ਕਰਕੇ ਸਾਰੀ ਕਹਾਣੀ ਸਮਝਾਈ ਤਾਂ ਉਨ੍ਹਾਂ ਨੇ ਉਹ ਵਰੰਟ ਰੱਦ ਕਰਵਾਏ ਸਨ। ਕਾਫ਼ੀ ਯਾਦਾਂ ਵਿਚ ਇਕ ਯਾਦ ਅਵਤਾਰ ਸਿੰਘ ਗ਼ੈਰਤ ਦੱਸਦੇ ਹਨ ਕਿ ਇਕ ਵਾਰ ਪੰਜਾਬ‌ ਵਿਚ ਸੋਵੀਅਤ ਯੂਨੀਅਨ ਦੇ ਪੀਐਮ ਖੁਸ਼ਤੋਵ ਤੇ ਪ੍ਰੈਜ਼ੀਡੈਂਟ ਬਲਗਾਰਡ ਪੰਜਾਬ ਆਏ ਸਨ। ਉਨ੍ਹਾਂ ਨੇ ਨੰਗਲ ਵਿਚ ਪ੍ਰੈੱਸ ਕਾਨਫ਼ਰੰਸ ਕਰਨੀ ਸੀ, ਪੰਜਾਬ ਦੇ ਗਿਣਵੇਂ ਪੱਤਰਕਾਰ ਹੀ ਬੁਲਾਏ ਗਏ ਸਨ ਉਨ੍ਹਾਂ ਵਿਚ ਮੈਂ ਵੀ ਸੀ। ਸਾਨੂੰ ਉਸ ਵੇਲੇ ਵਿਸਕੀ ਸਰਵ ਕੀਤੀ ਜਾ ਰਹੀ ਸੀ। ਪਰ ਨਾਲ ਹੀ ਵੋਡਕਾ ਵੀ ਸਰਵ ਹੋ ਰਹੀ ਸੀ, ਅਸੀਂ ਵੋਡਕਾ ਹੀ ਪੀਤੀ ਤਾਂ ਵੋਡਕਾ ਸਾਨੂੰ ਬਹੁਤ ਸੁਆਦ ਲੱਗੇ ਅਸੀਂ ਕਹਿਣ ਲੱਗੇ ਕਿ ਵੋਡਕਾ ਤਾਂ ਪੰਜਾਬ ਵਿਚ ਵੀ ਆਉਣੀ ਚਾਹੀਦੀ ਹੈ ਕਿਉਂਕਿ ਉਸ ਵੇਲੇ ਵੋਡਕਾ ਪੰਜਾਬ ਵਿਚ ਨਹੀਂ ਸੀ, ਉਸ ਤੋਂ ਬਾਅਦ ਵੋਡਕਾ ਵੀ ਪੰਜਾਬ ਵਿਚ ਮਿਲਣ ਲੱਗ ਪਈ ਸੀ। ਇਸੇ ਤਰ੍ਹਾਂ ਅਵਤਾਰ ਸਿੰਘ ਗ਼ੈਰਤ ਹੋਰ ਸਾਂਝਾ ਦੇ ਨਾਲ ਇਕ ਹੋਰ ਸਾਂਝ ਪਾਉਂਦੇ ਹਨ ਕਿ ਉਸ ਵੇਲੇ ਅਖ਼ਬਾਰ ਇਸ਼ਤਿਹਾਰਾਂ ਦੇ ਸਿਰ ਤੇ ਨਿਕਲਦੇ ਸੀ। ਪਰ ਇਸ਼ਤਿਹਾਰ ਵੀ ਨਹੀਂ ਮਿਲਦੇ ਸੀ ਤਾਂ ਫਿਰ ਜਾਂ ਤਾਂ ਅਖ਼ਬਾਰ ਵੇਚੇ ਜਾਣ ਜਾਂ ਫਿਰ ਕਿਤੋਂ ਰੁਪਿਆਂ ਦਾ ਜੁਗਾੜ ਬਣਾਇਆ ਜਾਵੇ। ਫੇਰ ਪੱਤਰਕਾਰ ਕਈ ਵਾਰੀ ਅਧਿਕਾਰੀਆਂ ਵਿਰੁੱਧ ਖ਼ਬਰਾਂ ਲਗਾਉਂਦੇ ਸਨ। ਤੇ ਅਧਿਕਾਰੀਆਂ ਤੋਂ ਮਦਦ ਲੈ ਲੈਂਦੇ ਸਨ। ਵੱਡੇ ਅਖ਼ਬਾਰਾਂ ਦੇ ਪੱਤਰਕਾਰ ਇਸ ਤਰ੍ਹਾਂ ਨਹੀਂ ਕਰਦੇ ਸਨ। ਪ੍ਰਸ਼ਾਸਨ ਤੇ ਸਰਕਾਰਾਂ ਪੱਤਰਕਾਰਾਂ ਦੀ ਇੱਜ਼ਤ ਬਹੁਤ ਕਰਦੀਆਂ ਸਨ। ਕੋਈ ਭੇਦ ਭਾਵ ਨਹੀਂ ਹੁੰਦਾ ਸੀ। ਡੀ ਸੀ ਤੇ ਐਸਪੀ (ਉਸ ਵੇਲੇ ਐਸਐਸਪੀ ਨਹੀਂ ਹੁੰਦਾ ਸੀ) ਪੱਤਰਕਾਰਾਂ ਦੀ ਬਹੁਤ ਇੱਜ਼ਤ ਕਰਦੇ ਸਨ। ਪੱਤਰਕਾਰਾਂ ਵਿਚ ਏਕਾ ਹੁੰਦਾ ਸੀ। ਲੋਕ ਸੰਪਰਕ ਵਿਭਾਗ ਸਿਰਫ਼ ਪੱਤਰਕਾਰਾਂ ਲਈ ਨਹੀਂ ਹੁੰਦਾ ਸੀ ਸਗੋਂ ਉਹ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਵੀ ਕਰਦਾ ਸੀ। ਪਟਿਆਲਾ ਵਿਚ ਕਾਫ਼ੀ ਚਰਚਿਤ ਪੱਤਰਕਾਰ ਰਹੇ ਹਨ ਜਿਨ੍ਹਾਂ ਵਿਚ ਭੂਸ਼ਣ ਸਰਹਿੰਦੀ, ਸ਼ੇਰ ਗੁਪਤਾ, ਤਾਰਾ ਚੰਦ ਗੁਪਤਾ ਆਦਿ ਸਨ। ਫੇਰ ਪੱਤਰਕਾਰਾਂ ਦੀ ਗਿਣਤੀ ਵਧਦੀ ਗਈ ਤੇ ਪੱਤਰਕਾਰਤਾ ਆਦਰਸ਼ਹੀਣ ਹੁੰਦੀ ਗਈ। ਉਨ੍ਹਾਂ ਦੀ ਉਮਰ ਕਾਫ਼ੀ ਹੋ ਚੁੱਕੀ ਹੈ ਪਰ ਤੰਦਰੁਸਤ ਹਨ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਹਮੇਸ਼ਾਂ ਤੰਦਰੁਸਤ ਰਹਿਣ। ਗੁਰਨਾਮ ਸਿੰਘ ਅਕੀਦਾ 8146001100

Tuesday, September 27, 2022

ਪੰਜਾਬੀ ਟ੍ਰਿਬਿਊਨ ਦੇ ਫਾਊਂਡਰ ਪੱਤਰਕਾਰ ‘ਜਗਤਾਰ ਸਿੰਘ ਸਿੱਧੂ’

ਕਈ ਵਾਰੀ ਕਲਮ ਹੀ ਬੰਦੇ ਨੂੰ ਚੁਣਦੀ ਹੈ, ਜ਼ਬਰਦਸਤੀ ਹੱਥ ਵਿਚ ਫੜੀ ਕਲਮ ਵੀ ਕਈ ਵਾਰੀ ਬੰਦੇ ਨੂੰ ਮੁਸ਼ਕਲਾਂ ਵਿਚ ਪਾ ਦਿੰਦੀ ਹੈ, ਮੈਂ ਕਲਮ ਨੂੰ ‘ਸ਼ਬਦ’ ਦੀ ‘ਮਾਂ’ ਮੰਨਦਾ ਹਾਂ, ‘ਸ਼ਬਦ’ ਨੂੰ ਗੁਰੂ। ਸੋ ਸੋਚੋ ਕਲਮ ਵਿਚ ਕਿੰਨੀ ਤਾਕਤ ਹੋਵੇਗੀ ਜੋ ਸਾਡੇ ਗੁਰੂ ਨੂੰ ਸਿਰਜਦੀ ਹੈ। ਕਲਮ ਚਲਾਉਣ ਵਾਲੇ ਹੱਥ ਕੋਈ ਮਾਮੂਲੀ ਨਹੀਂ ਹੁੰਦੇ, ਸਗੋਂ ਇਹ ਹੱਥ ਵੀ ਇਲਾਹੀ ਹੁੰਦੇ ਹਨ। ਕਲਮ ਚਲਾਉਣ ਵਾਲੇ ਹੱਥਾਂ ਨੂੰ ਹਮੇਸ਼ਾ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਮੈਂ ਅਜਿਹੇ ਸ਼ਬਦ ਸਿਰਜ ਰਿਹਾ ਹਾਂ ਜਿਸ ਨਾਲ ਸਮਾਜ, ਕੌਮ, ਦੇਸ਼ ਦੀ ਭਲਾਈ ਹੀ ਹੋਣੀ ਚਾਹੀਦੀ ਹੈ। ਗ਼ਲਤ ਸਿਰਜੇ ਗਏ ਸ਼ਬਦ ਕਲਮ ਫੜਨ ਵਾਲੇ ਹੱਥਾਂ ਨੂੰ ਨੁਕਸਾਨ ਵੀ ਪਹੁੰਚਾਉਂਦੇ ਦੇਖੇ ਗਏ ਹਨ। ਅੱਜ ਮੈਂ ਗੱਲ ਕਰ ਰਿਹਾ ਹਾਂ ਸੱਚੀ ਸੁੱਚੀ ਸੋਚ ਤੇ ਪਾਕ ਪਵਿੱਤਰ ਹੱਥਾਂ ਨਾਲ ਕਲਮ ਚਲਾਉਣ ਉੱਘੇ ਤੇ ਸੀਨੀਅਰ ਪੱਤਰਕਾਰ ‘ਜਗਤਾਰ ਸਿੰਘ ਸਿੱਧੂ’ ਹੋਰਾਂ ਦੀ। ਜਗਤਾਰ ਸਿੰਘ ਸਿੱਧੂ ਨੂੰ ਮੈਂ ਨੇੜਿਓਂ ਵੀ ਜਾਣਦਾ ਹਾਂ ਤੇ ਉਨ੍ਹਾਂ ਦੀ ਕਲਮ ਦਾ ਵੀ ਕਾਇਲ ਰਿਹਾ ਹਾਂ। ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਰੂਪਾ ਵਿਚ 4 ਦਸੰਬਰ 1952 ਨੂੰ ਜਨਮੇ ਜਗਤਾਰ ਸਿੰਘ ਸਿੱਧੂ ਨੂੰ ਵੀ ਕਲਮ ਨੇ ਚੁਣਿਆ ਤੇ ਕਲਮ ਨਾਲ ਉਸ ਨੇ ਪੂਰੀ ਇਮਾਨਦਾਰੀ ਨਿਭਾਈ ਤੇ ਸਮਾਜ ਦੇਸ਼ ਕੌਮ ਦੇ ਭਲੇ ਲਈ ਕਲਮ ਚਲਾਈ। ਬਾਪੂ ਸ. ਦਰਸ਼ਨ ਸਿੰਘ ਹੋਰੀਂ ਕਿਸਾਨੀ ਨਾਲ ਸਬੰਧਿਤ ਸਨ ਤੇ ਮਾਤਾ ਗੁਰਚਰਨ ਕੌਰ ਨੇ ਆਪਣੇ ਪੁੱਤ ਨੂੰ ਕਿਸਾਨਾਂ ਵਾਂਗ ਹੀ ਪਾਲਿਆ। ਸੱਚੇ ਕਿਸਾਨ ਦਾ ਪੁੱਤ ਜੇਕਰ ਹੱਲ੍ਹ ਫੜਦਾ ਹੈ ਤਾਂ ਵੀ ਸਮਾਜ ਦੇ ਭਲੇ ਲਈ, ਜੇਕਰ ਕਲਮ ਫੜਦਾ ਹੈ ਤਾਂ ਵੀ ਸਮਾਜ ਦੇ ਭਲੇ ਲਈ, ਉਸੇ ਤਰ੍ਹਾਂ ਕੀਤਾ ਜਗਤਾਰ ਸਿੰਘ ਸਿੱਧੂ ਨੇ। ਪੱਤਰਕਾਰੀ ਦੀ ਸ਼ੁਰੂਆਤ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਿਕਲਣ ਵਾਲੇ ‘ਚੰਗੀ ਖੇਤੀ’ ਮੈਗਜ਼ੀਨ ਰਾਹੀਂ ਕੀਤੀ। ਉੱਧਰ ਪੰਜਾਬੀ ਟ੍ਰਿਬਿਊਨ ਦੀ ਸ਼ੁਰੂਆਤ ਹੋਣੀ ਸੀ। ਸ. ਸਿੱਧੂ ਹੋਰੀਂ ਚੰਡੀਗੜ੍ਹ ਵਿਚ ਆ ਗਏ ਤੇ ਜੁਲਾਈ 1978 ਵਿਚ ਜਗਤਾਰ ਸਿੰਘ ਸਿੱਧੂ ਨੇ ਪੰਜਾਬੀ ਟ੍ਰਿਬਿਊਨ ਜੁਆਇਨ ਕਰ ਲਿਆ। ਪੰਜਾਬੀ ਟ੍ਰਿਬਿਊਨ 15 ਅਗਸਤ 1978 ਨੂੰ ਸ਼ੁਰੂ ਹੋਇਆ। ਪੰਜਾਬੀ ਟ੍ਰਿਬਿਊਨ ਦੇ ਪਹਿਲੇ ਸੰਪਾਦਕ ਸ.ਬਰਜਿੰਦਰ ਸਿੰਘ ਹਮਦਰਦ (ਅੱਜ ਅਜੀਤ ਅਖ਼ਬਾਰ ਦੇ ਮਾਲਕ) ਬਣੇ। ਉਸ ਵੇਲੇ ਟ੍ਰਿਬਿਊਨ ਸਮੂਹ ਦੇ ਮੁੱਖ ਸੰਪਾਦਕ ਸ੍ਰੀ ਪ੍ਰੇਮ ਭਾਟੀਆ ਹੋਰੀਂ ਸਨ। ਜਗਤਾਰ ਸਿੰਘ ਸਿੱਧੂ ਨੇ ਆਪਣੀ ਕਲਮ ਬੜੀ ਇਮਾਨਦਾਰੀ ਤੇ ਲੋਕ ਹਿਤ ਵਿਚ ਚਲਾਈ। ਉਨ੍ਹਾਂ ਨੇ ਗੁਲਜ਼ਾਰ ਸਿੰਘ ਸੰਧੂ, ਗੁਰਬਚਨ ਸਿੰਘ ਭੁੱਲਰ, ਹਰਭਜਨ ਸਿੰਘ ਹਲਵਾਰਵੀ, ਸ਼ਿੰਗਾਰਾ ਸਿੰਘ ਭੁੱਲਰ, ਸਿੱਧੂ ਦਮਦਮੀ ਤੇ ਵਰਿੰਦਰ ਵਾਲੀਆ ਹੋਰਾਂ ਦੇ ਸੰਪਾਦਕ ਹੁੰਦੇ ਹੋਏ ਆਪਣੀ ਕਲਮ ਚਲਾਈ ਤੇ ਉਹ ‌ਨਿਊਜ਼ ਟੀਮ ਦੇ ਸੀਨੀਅਰ ਐਡੀਟਰ (ਸੀਨੀਅਰ ਸਟਾਫ਼ ਰਿਪੋਰਟਰ) ਵਜੋਂ ਸੇਵਾ ਮੁਕਤ ਹੋਏ। -ਖਾੜਕੂਵਾਦ ਦੇ ਦੌਰ ਵਿਚ ਕੀਤੀ ਪੱਤਰਕਾਰੀ ਜਗਤਾਰ ਸਿੰਘ ਸਿੱਧੂ ਦੱਸਦੇ ਹਨ ਕਿ ਖਾੜਕੂਵਾਦ ਦੇ ਦੌਰ ਵਿਚ ਪੱਤਰਕਾਰੀ ਕਰਨਾ ਬੜਾ ਮੁਸ਼ਕਿਲ ਤੇ ਜੋਖ਼ਮ ਭਰਿਆ ਕੰਮ ਸੀ। ਪਰ ਸਾਡਾ ਧਰਮ ਸੀ ਕਿ ਪੱਤਰਕਾਰੀ ਨੂੰ ਹਰ ਹੀਲੇ ਨਿਭਾਇਆ ਜਾਵੇ। ਖਾੜਕੂਆਂ ਦਾ ਦਬਾਅ ਵੱਖਰਾ ਤੇ ਪੁਲੀਸ ਦਾ ਦਬਾਅ ਵੱਖਰਾ। ਚੱਕੀ ਦੇ ਦੋ ਪੁੜ ਸਨ ਉਸ ਵੇਲੇ ਪੱਤਰਕਾਰਾਂ ਲਈ ਖਾੜਕੂ ਤੇ ਪੁਲੀਸ ਵਾਲੇ। ਕਈ ਵਾਰੀ ਖਾੜਕੂਆਂ ਦਾ ਰਾਤ ਨੂੰ ਦੋ ਵਜੇ ਸੁਨੇਹਾ ਆ ਜਾਣਾ ਕਿ ਇਸੇ ਵੇਲੇ ਹੀ ਖ਼ਬਰ ਲਿਖੋ ਤੇ ਕੱਲ੍ਹ ਦੇ ਅਖ਼ਬਾਰ ਵਿਚ ਇਹ ਖ਼ਬਰ ਆਉਣੀ ਚਾਹੀਦੀ ਹੈ। ਖਾੜਕੂਆਂ ਦੇ ਸੁਨੇਹਾ ਸਾਡੇ ਘਰਾਂ ਤੱਕ ਵੀ ਆਉਂਦੇ ਸਨ। ਜੇਕਰ ਕੋਈ ਖਾੜਕੂਆਂ ਦਾ ਸੁਨੇਹਾ ਲੈ ਕੇ ਆਉਂਦਾ ਸੀ ਤਾਂ ਸਾਡੇ ਬੱਚੇ ਕਹਿੰਦੇ ‘ਜ਼ਿੰਮੇਵਾਰੀ ਵਾਲੇ ਆਏ ਸੀ, ਜ਼ਿੰਮੇਵਾਰੀ ਦੇ ਕੇ ਗਏ ਨੇ’ ਭਾਵ ਕਿ ਕੌਣ ਮਾਰਿਆ ਗਿਆ ਹੈ ਕਿਸ ਗਰੁੱਪ ਨੇ ਮਾਰਿਆ ਹੈ ਖਾੜਕੂ ਧਿਰਾਂ ਉਸ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਕੇ ਪੱਤਰਕਾਰਾਂ ਨੂੰ ਹੀ ਦੱਸਿਆ ਕਰਦੇ ਸਨ। ਕਈ ਵਾਰੀ ਸਾਨੂੰ ਖਾੜਕੂ ਗੁਪਤ ਰੂਪ ਵਿਚ ਲੈ ਜਾਂਦੇ ਤੇ ਪ੍ਰੈੱਸ ਕਾਨਫ਼ਰੰਸ ਕਰਦੇ, ਪ੍ਰੈੱਸ ਕਾਨਫ਼ਰੰਸ ਵੇਲੇ ਹਰ ਪੱਖੋਂ ਡਰ ਹੁੰਦਾ ਕਿ ਕਿਤੇ ਇੱਥੇ ਖਾੜਕੂਆਂ ਵੱਲੋਂ ਨਾ ਸਾਡੇ ਨਾਲ ਕੁਝ ਮਾੜਾ ਕੀਤਾ ਜਾਵੇ ਜਾਂ ਫਿਰ ਪੁਲੀਸ ਨਾ ਆ ਜਾਵੇ, ਦੋਵਾਂ ਪੱਖਾਂ ਤੋਂ ਅਸੀਂ ਬੜੇ ਪ੍ਰੇਸ਼ਾਨ ਰਹਿੰਦੇ ਸਾਂ ਪਰ ਪੱਤਰਕਾਰੀ ਕਰਨੀ ਹੈ ਤਾਂ ਕਰਨੀ ਹੀ ਹੈ। ਜਗਤਾਰ ਸਿੰਘ ਸਿੱਧੂ ਨੇ ਕਿਹਾ ਕਿ ਇਕ ਦਿਨ ਖਾੜਕੂ ਸਾਨੂੰ ਲੁਧਿਆਣਾ ਲੈ ਗਏ। ਉਸ ਵੇਲੇ ਉੱਘੇ ਪੱਤਰਕਾਰ ਬਲਜੀਤ ਬੱਲੀ ਵੀ ਸਾਡੇ ਨਾਲ ਹੀ ਸੀ। ਪਰ ਸਾਨੂੰ ਆਮ ਵਾਂਗ ਖਾੜਕੂਆਂ ਨੇ ਕਿਹਾ ਕਿ ਇਹ ਪ੍ਰੈੱਸ ਕਾਨਫ਼ਰੰਸ ਲੁਧਿਆਣਾ ਹੋਈ ਨਾ ਲਿਖਣਾ ਸਗੋਂ ਇਹ ਪ੍ਰੈੱਸ ਕਾਨਫ਼ਰੰਸ ਅੰਬਾਲਾ ਹੋਈ ਹੀ ਲਿਖਣਾ। ਇਹ ਆਮ ਹੁੰਦਾ ਸੀ ਕਿ ਪ੍ਰੈੱਸ ਕਾਨਫ਼ਰੰਸ ਹੁੰਦੀ ਕਿਤੇ ਹੋਰ ਸੀ ਪਰ ਅਖ਼ਬਾਰ ਵਿਚ ‘ਡੇਟ ਲਾਈਨ’ ਕਿਤੇ ਹੋਰ ਦੀ ਹੁੰਦੀ। ਇਹ ਇਸ ਕਰਕੇ ਹੁੰਦਾ ਸੀ ਕਿ ਖਾੜਕੂਆਂ ਦੇ ਠਿਕਾਣੇ ਦਾ ਪਤਾ ਨਾ ਲੱਗ ਜਾਵੇ। ਉਸ ਵੇਲੇ ਇੰਜ ਹੋਇਆ ਕਿ ਪੱਤਰਕਾਰ ਬਲਜੀਤ ਬੱਲੀ ਦਾ ਰਿਸ਼ਤੇਦਾਰ ਅੰਬਾਲੇ ਵਿਚ ਮਾਰ ਦਿੱਤਾ ਗਿਆ ਤਾਂ ਸਾਨੂੰ ਪੁਲੀਸ ਨੇ ਵਾਰ ਵਾਰ ਪੁੱਛਿਆ ਕਿ ਤੁਸੀਂ ਪ੍ਰੈੱਸ ਕਾਨਫ਼ਰੰਸ ਅੰਬਾਲੇ ਕਰਕੇ ਆਏ ਸੀ ਦਸੋ ਕੌਣ ਕੌਣ ਖਾੜਕੂ ਸੀ ਤਾਂ ਸਾਨੂੰ ਦੱਸਣਾ ਪਿਆ ਕਿ ਅਸੀਂ ਤਾਂ ਪ੍ਰੈੱਸ ਕਾਨਫ਼ਰੰਸ ਲੁਧਿਆਣਾ ਕਰਕੇ ਆਏ ਸੀ। ਇਕ ਦਿਨ ਕੀ ਹੋਇਆ ਕਿ ਮੇਰੇ ਘਰ ਮੈਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਦਾ ਜੌਂਗਾ ਭਰ ਕੇ ਪੁਲੀਸ ਆ ਗਈ। ਮੈਂ ਕਿਹਾ ਕਿ ਇੰਜ ਤੁਸੀਂ ਕਿਸੇ ਪੱਤਰਕਾਰ ਨੂੰ ਕਿਵੇਂ ਗ੍ਰਿਫ਼ਤਾਰ ਕਰ ਸਕਦੇ ਹੋ? ਤਾਂ ਉਹ ਜ਼ਬਰਦਸਤੀ ਕਰਨ ਲੱਗੇ ਤਾਂ ਅਸੀਂ ਗੁਆਂਢੀਆਂ ਨੂੰ ਕਹਿ ਦਿੱਤਾ ਕਿ ਜੇਕਰ ਸਾਨੂੰ ਪੁਲੀਸ ਚੁੱਕ ਕੇ ਲੈ ਜਾਂਦੀ ਹੈ ਤਾਂ ਇਸ ਬਾਰੇ ਦੱਸ ਦੇਣਾ। ਮੈਂ ਜਦੋਂ ਵਾਰ ਵਾਰ ਉਨ੍ਹਾਂ ਨੂੰ ਪੁੱਛਿਆ ਕਿ ਅਸਲ ਵਿਚ ਕੀ ਕਾਰਨ ਹੈ ਤੇ ਪੁਲੀਸ ਕਿਸ ਥਾਣੇ ਦੀ ਹੈ ਤਾਂ ਉਨ੍ਹਾਂ ਕਿਹਾ ਕਿ ਅਸੀਂ ਫਗਵਾੜਾ ਥਾਣੇ ਤੋਂ ਆਏ ਹਾਂ, ਤੁਹਾਨੂੰ ਐਸਐਚਓ ਨੇ ਬੁਲਾਇਆ ਹੈ। ਕਿਉਂਕਿ ਇਕ ਖਾੜਕੂ ਦੀ ਜੇਬ ਵਿਚੋਂ ਨਿਕਲੀ ਇਕ ਪਰਚੀ ਤੇ ਤੁਹਾਡਾ ਨਾਮ ਲਿਖਿਆ ਸੀ। ਤਾਂ ਮੈਂ ਕਿਹਾ ਕਿ ਮੇਰਾ ਨਾਮ ਤਾਂ ਕਿਸੇ ਵੀ ਖਾੜਕੂ ਕੋਲੋਂ ਮਿਲ ਸਕਦਾ ਹੈ, ਇਸ ਦਾ ਭਾਵ ਇਹ ਥੋੜ੍ਹਾ ਹੈ ਕਿ ਮੈਂ ਖਾੜਕੂਆਂ ਨਾਲ ਮਿਲਿਆ ਹੋਇਆ ਹਾਂ। ਕਾਫੀ ਸੋਚਣ ਤੇ ਕਾਫੀ ਸਮਾਂ ਵਿਚਾਰਾਂ ਕਰਨ ਤੋਂ ਬਾਅਦ ਮੈਨੂੰ ਉਹ ਛੱਡ ਗਏ, ਪਰ ਨਾਲ ਹੀ ਮੈਨੂੰ ਪੁੱਛਣ ਲੱਗੇ ਕਿ ਪੱਤਰਕਾਰ ਸੁਖਦੇਵ ਸਿੰਘ ਪਟਵਾਰੀ ਦਾ ਘਰ ਦੱਸੋ। ਮੈਂ ਕਿਹਾ ਜਿਸ ਚੌਕੀਦਾਰ ਨੇ ਮੇਰਾ ਘਰ ਦੱਸਿਆ ਸੀ ਉਸੇ ਚੌਕੀਦਾਰ ਤੋਂ ਤੁਸੀਂ ਸੁਖਦੇਵ ਸਿੰਘ ਪਟਵਾਰੀ ਦਾ ਘਰ ਵੀ ਪੁੱਛ ਲੈਣਾ। -ਬੇਅੰਤ ਸਿੰਘ ਬੰਬ ਕਾਂਡ ਮੌਕੇ ਪੁੱਜਿਆ ਪਹਿਲਾ ਪੱਤਰਕਾਰ ਜਦੋਂ ਸਕੱਤਰੇਤ ਚੰਡੀਗੜ੍ਹ ਵਿਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਨਾਲ ਉਡਾਇਆ ਗਿਆ ਤਾਂ ਉਸ ਵੇਲੇ ਸਭ ਤੋਂ ਪਹਿਲਾਂ ਮੌਕੇ ਤੇ ਪੁੱਜਣ ਵਾਲਾ ਪੱਤਰਕਾਰ ਜਗਤਾਰ ਸਿੰਘ ਸਿੱਧੂ ਹੀ ਸੀ। ਸ. ਸਿੱਧੂ ਦੱਸਦੇ ਹਨ ਕਿ ਮੈਂ ਮੌਕਾ ਦੇਖਿਆ। ਲੋਕ ਤਾਂ ਦੂਰ ਭੱਜ ਰਹੇ ਸਨ ਪਰ ਮੈਂ ਬੰਬ ਕਾਂਡ ਵਾਲੀ ਥਾਂ ਵੱਲ ਦੌੜ ਰਿਹਾ ਸਾਂ। ਮੈਂ ਬੇਅੰਤ ਸਿੰਘ ਦੀ ਲਾਸ਼ ਦੇ ਲੋਥੜੇ ਕਾਰ ਵਿਚ ਦੇਖੇ,ਜਿਵੇਂ ਕਾਰ ਵਿਚ ਲਾਲ ਰੰਗ ਦੀ ਕਰੀਮ ਪਈ ਹੁੰਦੀ ਹੈ, ਸੁਰੱਖਿਆ ਗਾਰਦਾਂ ਦੀਆਂ ਖ਼ੂਨ ਨਾਲ ਲੱਥਪੱਥ ਲਾਸ਼ਾਂ ਦੇਖੀਆਂ। ਬੇਅੰਤ ਸਿੰਘ ਦੀ ਲਾਸ਼ ਕੋਲ ਸਭ ਤੋਂ ਪਹਿਲਾਂ ਸ਼ਮਸ਼ੇਰ ਸਿੰਘ ਦੂਲੋ ਆਇਆ ਸੀ। ਦਹਿਸ਼ਤ ਦਾ ਮਾਹੌਲ ਸੀ, ਦੁਖਦਾਈ ਮਾਹੌਲ ਸੀ। ਪਰ ਮੈਂ ਪੱਤਰਕਾਰੀ ਕਰ ਰਿਹਾ ਸੀ। ਮੇਰੀ ਉਸ ਦਿਨ ਪੰਜਾਬੀ ਟ੍ਰਿਬਿਊਨ ਵਿਚ ਅੱਠ ਕਾਲਮੀ ਖ਼ਬਰ ਛਪੀ। ਸਿੱਧੂ ਇਹ ਵੀ ਕਹਿੰਦੇ ਹਨ ਕਿ ਮੈਂ ਉਹ ਵੀ ਦੇਖਿਆ ਕਿ ਕੰਧ ਦੇ ਇਕ ਪਾਸੇ ਬੇਅੰਤ ਸਿੰਘ ਦੀ ਮੌਤ ਦਾ ਸੋਗ ਪਿਆ ਸੀ ਤੇ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ, ਕੰਧ ਦੇ ਦੂਜੇ ਪਾਸੇ ਹਰਚਰਨ ਸਿੰਘ ਬਰਾੜ ਨੂੰ ਮੁੱਖ ਮੰਤਰੀ ਬਣਾਏ ਜਾਣ ਦੀਆਂ ਵਧਾਈਆਂ ਵੀ ਮਿਲ ਰਹੀਆਂ ਸਨ। -ਧਮਕੀਆਂ ਖਾੜਕੂਆਂ ਦੀਆਂ ਚਿੱਠੀਆਂ ਆਉਂਦੀਆਂ ਸਨ, ਕੁਝ ਧਮਕੀਆਂ ਦੀਆਂ ਵੀ ਹੁੰਦੀਆਂ ਸਨ। ਕਿਸੇ ਗਰੁੱਪ ਦੀ ਖ਼ਬਰ ਵੱਡੀ ਲੱਗ ਗਈ ਤਾਂ ਵੀ ਕਿਸੇ ਦੀ ਛੋਟੀ ਲੱਗ ਗਈ ਤਾਂ ਵੀ, ਧਮਕੀਆਂ ਆ ਹੀ ਜਾਂਦੀਆਂ ਸਨ, ਇਕ ਧਮਕੀ ਦਾ ਜ਼ਿਕਰ ਕਰਦਿਆਂ ਜਗਤਾਰ ਸਿੰਘ ਸਿੱਧੂ ਕਹਿੰਦੇ ਹਨ ਕਿ ਚਿੱਠੀ ਬੜੀ ਕਹਿਰ ਭਰੀ ਸੀ ਤੇ ਮੈਨੂੰ ਸਬਕ ਸਿਖਾਉਣ ਲਈ ਕਿਹਾ ਗਿਆ ਸੀ, ਮੈਨੂੰ ਕਿਹਾ ਗਿਆ ਸੀ ਕਿ ‘ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈਂ’ ਇਹ ਚਿੱਠੀ ਮੈਂ ਮੌਕੇ ਤੇ ਸੰਪਾਦਕ ਹਰਭਜਨ ਹਲਵਾਰਵੀ ਹੋਰਾਂ ਨੂੰ ਦਿਖਾਈ। ਸ. ਹਲਵਾਰਵੀ ਹੋਰੀਂ ਇਹ ਚਿੱਠੀ ਦੇਖ ਕੇ ਭੈਭੀਤ ਹੋਏ ਤਾਂ ਗੱਲ ਮੁੱਖ ਸੰਪਾਦਕ ਸ੍ਰੀ ਨਰਾਇਣਨ ਹੋਰਾਂ ਤੱਕ ਪੁੱਜੀ ਤਾਂ ਉਨ੍ਹਾਂ ਨੇ ਬਿਊਰੋ ਦੀ ਮੀਟਿੰਗ ਬੁਲਾ ਲਈ। ਸਾਨੂੰ ਸੁਰੱਖਿਆ ਲੈਣ ਲਈ ਕਿਹਾ ਗਿਆ। ਪਰ ਅਸੀਂ ਕਿਹਾ ਕਿ ਫੇਰ ਤਾਂ ਸਾਡੇ ਲਈ ਜਮਾਂ ਹੀ ਔਖਾ ਹੋ ਜਾਏਗਾ। ਅਸੀਂ ਸੁਰੱਖਿਆ ਲੈਣ ਤੋਂ ਨਾਂਹ ਕਰ ਦਿੱਤੀ। ਪਰ ਉਸ ਦਿਨ ਮੁੱਖ ਸੰਪਾਦਕ ਤੇ ਸੰਪਾਦਕ ਸਾਹਿਬਾਨ ਨੇ ਇਹ ਫ਼ੈਸਲਾ ਕੀਤਾ ਕਿ ਅੱਜ ਤੋਂ ਬਾਅਦ ‘ਬਾਇ ਲਾਈਨ’ ਖ਼ਬਰ ਤੇ ਨਹੀਂ ਦਿੱਤੀ ਜਾਵੇਗੀ। ਭਾਵ ਕੇ ਖ਼ਬਰ ਤੇ ਪੱਤਰਕਾਰ ਦਾ ਨਾਮ ਨਹੀਂ ਪਾਇਆ ਜਾਵੇਗਾ। ਉਸ ਦਿਨ ਤੋਂ ਸਾਡਾ ਨਾਮ ‘ਬਿਊਰੋ’ ਵਜੋਂ ਹੀ ਲਿਖਿਆ ਜਾਣ ਲੱਗ ਪਿਆ। -ਅਦਾਲਤੀ ਕਾਰਵਾਈ ਜਾਂ ਕਾਨੂੰਨੀ ਨੋਟਿਸ ਜਗਤਾਰ ਸਿੰਘ ਸਿੱਧੂ ਇਹ ਗੱਲ ਬੜੇ ਮਾਣ ਨਾਲ ਕਹਿੰਦੇ ਹਨ ਕਿ ਉਸ ਨੂੰ ਕਦੇ ਵੀ ਇਕ ਵੀ ਕਾਨੂੰਨੀ ਨੋਟਿਸ ਨਹੀਂ ਆਇਆ ਨਾ ਹੀ ਉਸ ਨੂੰ ਕਿਸੇ ਖ਼ਬਰ ਕਰਕੇ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ। -ਪਰਵਾਰ ਵਿਚ ਇਕ ਬੇਟਾ ਅਭੀਨਵ ਸਿੱਧੂ ਹੈ ਜੋ ਐਮਾਜ਼ੋਨ ਦੇ ਸਾਊਥ ਇੰਡੀਆ ਦੇ ਸਾਰੇ ਸੂਬਿਆਂ ਦਾ ਹੈੱਡ ਹੈ। ਬੇਟੀ ਪਟਿਆਲਾ ਵਿਚ ਜੌਬ ਕਰਦੀ ਹੈ। ਜਗਤਾਰ ਸਿੰਘ ਸਿੱਧੂ ਅੱਜ ਕੱਲ੍ਹ ਗਲੋਬਲ ਪੰਜਾਬ ਟੀਵੀ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਦੇ ਬ੍ਰੋਡਕਾਸਟਰ ਹਨ। ਸ. ਜਗਤਾਰ ਸਿੰਘ ਸਿੱਧੂ ਦੇ ਪੱਤਰਕਾਰ ਜੀਵਨ ਤੇ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ ਪਰ ਅੱਜ ਏਨਾ ਹੀ ਸਵੀਕਾਰ ਕਰਨਾ। ਮੈਂ ਅਜਿਹੀ ਸਾਫ਼ ਸੁਥਰੀ ਕਲਮ ਨੂੰ ਸਜਦਾ ਕਰਦਾ ਹਾਂ ਸਦਾ ਤੰਦਰੁਸਤ ਰਹਿਣ ਤੇ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ... ਆਮੀਨ! ਗੁਰਨਾਮ ਸਿੰਘ ਅਕੀਦਾ 8146001100

Thursday, September 22, 2022

ਪੱਤਰਕਾਰਤਾ ਦੀ ‘ਫੂੰ-ਫਾਂ’ ਤੋਂ ਦੂਰ ਸਹਿਜਤਾ ਦਾ ਧਨੀ ਪੱਤਰਕਾਰ ‘ਹਰਕਵਲਜੀਤ ਸਿੰਘ’

ਅੱਜ ਕੱਲ੍ਹ ਦੇ ਪੱਤਰਕਾਰਾਂ ਵਿਚ ‘ਫੂੰ-ਫਾਂ’ ਤੇ ‘ਨਾਢੂ ਖਾਂ’ ਦੀ ਬਿਰਤੀ ਘਰ ਕਰਦੀ ਜਾ ਰਹੀ ਹੈ। ਹੱਥ ਵਿਚ ਕਿਸੇ ਟੀਵੀ ਚੈਨਲ ਦੀ ‘ਆਈ ਡੀ’ ਫੜ ਕੇ ਬੰਦਾ ਪੱਤਰਕਾਰ ਨਹੀਂ ਸਗੋਂ ਕਿਸੇ ਗੈਂਗ ਵਿਚ ਕੰਮ ਕਰਦਾ ਕੋਈ ਗੈਂਗਸਟਰ ਲੱਗਦਾ ਹੈ। ਭਾਵੇਂ ਕੋਈ ਯੂ ਟਿਊਬ ’ਤੇ ਮਾਮੂਲੀ ਸਬਸਕ੍ਰਾਈਬਰ ਹੀ ਹੋਣ ਪਰ ਉਸ ਦੇ ਜ਼ਿਆਦਾਤਰ ਪੱਤਰਕਾਰ ‘ਬੱਸ ਮੈਂ ਹੀ ਹਾਂ’ ਵਾਲੀ ਬਿਰਤੀ ਲੈ ਕੇ ਘੁੰਮਦੇ ਆਮ ਨਜ਼ਰ ਆ ਜਾਂਦੇ ਹਨ। ਕੋਈ ਪ੍ਰੈੱਸ ਕਾਨਫ਼ਰੰਸ ਹੋਵੇ ਤਾਂ ਸੀਨੀਅਰ ਪੱਤਰਕਾਰ ਦਾ ਇਹ ਹਾਲ ਹੁੰਦਾ ਹੈ ਕਿ ‘ਸੀਨੀਅਰ ਪੱਤਰਕਾਰ ਤਾਂ ਵਿਚਾਰੇ ਵਾਧੂ ਜਿਹੇ ਹੀ ਹਨ’। ਅਸਲੀ ਪੱਤਰਕਾਰ ਤਾਂ ਉਹ ਹੀ ਹਨ ਜਿਨ੍ਹਾਂ ਦੇ ਹੱਥਾਂ ਵਿਚ ਟੀਵੀ ਚੈਨਲਾਂ ਦੇ ‘ਲੋਗੋ’ ਫੜੇ ਹਨ। ਜੇਕਰ ਕੋਈ ਸੀਨੀਅਰ ਪੱਤਰਕਾਰ ਕੋਈ ਸਵਾਲ ਪੁੱਛਦਾ ਵੀ ਹੈ ਤਾਂ ਉਸ ਦੇ ਸਵਾਲ ਨੂੰ ਕੱਟਣ ਵਾਲੇ ਇਹ ‘ਆਪੇ ਬਣੇ ਪੱਤਰਕਾਰ’ ਬੜਾ ਵੱਡਾ ਰੋਲ ਨਿਭਾਉਂਦੇ ਹਨ। ਪਰ ਅੱਜ ਵੀ ਪੱਤਰਕਾਰ ਹਨ, ਜੋ ਕਈਆਂ ਲਈ ਪ੍ਰੇਰਨਾ ਸਰੋਤ ਦਾ ਕੰਮ ਵੀ ਕਰਦੇ ਹਨ। ਜੋ ਸੀਨੀਅਰ ਹਨ ਤੇ ਸੀਨੀਅਰਤਾ ਦੀ ਸਭਿਅਤਾ ਵੀ ਉਨ੍ਹਾਂ ਵਿਚੋਂ ਨਜ਼ਰ ਆਉਂਦੀ ਹੈ। ਅੱਜ ਮੈਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਵੱਡੇ ਪੰਜਾਬੀ ਅਖ਼ਬਾਰ ‘ਅਜੀਤ’ ਵਿਚ ਕੰਮ ਕਰਨ ਵਾਲੇ ਸੀਨੀਅਰ ਪੱਤਰਕਾਰ ‘ਹਰਕਵਲਜੀਤ ਸਿੰਘ’ ਦੀ ਗੱਲ ਕਰ ਰਿਹਾ ਹਾਂ। ਜਿਸ ਵਿਚ ਪੱਤਰਕਾਰੀ ਨੂੰ ਲੈ ਕੇ ਕਦੇ ਹੰਕਾਰ ਦੀ ਬੂ ਨਹੀਂ ਦੇਖੀ। ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਕੋਲ ਛੋਟੀ ਜਿਹੀ ਢਾਣੀ ਦੇ ਜੰਮਪਲ ਪੱਤਰਕਾਰ ਹਰਕਵਲਜੀਤ ਸਿੰਘ ਨੇ ਪੱਤਰਕਾਰੀ ਵਿਚ ਬੜੀ ਸਹਿਜਤਾ ਵਾਲੀ ਛਾਪ ਛੱਡੀ ਹੈ, ਬੜਾ ਹੀ ਮਨ-ਮੌਜੀ ਤੇ ਅੰਤਰ ਆਤਮਾ ਨਾਲ ਮੁਹੱਬਤ ਕਰਨ ਵਾਲੇ ਹਰਕਵਲ ਅਜੋਕੇ ਪੱਤਰਕਾਰਾਂ ਲਈ ਪ੍ਰੇਰਨਾ ਸਰੋਤ ਹਨ। 23 ਜੁਲਾਈ 1954 ਨੂੰ ਜਨਮੇ ਹਰਕਵਲ ਨੇ ਪਹਿਲਾਂ ਹੀ ਤਹਿ ਕਰ ਲਿਆ ਸੀ ਕਿ ਉਹ ਪੱਤਰਕਾਰ ਹੀ ਬਣਨਗੇ, ਹਰਕਵਲ ਦੇ ਕਈ ਸਾਥੀ ਆਈ ਏ ਐੱਸ ਬਣ ਗਏ, ਕੁਝ ਜੱਜ ਬਣ ਕੇ ਹਾਈਕੋਰਟ ਤੱਕ ਵੀ ਪੁੱਜੇ, ਪਰ ਹਰਕਵਲ ਨੇ ਪੱਤਰਕਾਰੀ ਦਾ ਪੇਸ਼ਾ ਚੁਣਿਆ। ਬੇਸ਼ੱਕ ਪਿਤਾ ਸਰਦਾਰ ਸਰੂਪ ਸਿੰਘ (ਸਵਰਗਵਾਸੀ) ਨੇ ਸਿਵਲ ਸਰਵਿਸ ਵਿਚ ਸੇਵਾ ਕੀਤਾ ਤੇ ਮਾਤਾ ਪੜੇ ਲਿਖੇ (ਐਫ.ਏ.) ਸਨ ਪਰ ਉਹ ਘਰੇ ਹੀ ਕੰਮ ਕਰਦੇ ਸਨ। ਪਿਤਾ ਸਰਦਾਰ ਸਰੂਪ ਸਿੰਘ ਵੱਲੋਂ ਇਹ ਸਤਰਾਂ ਹਰਕਵਲ ਦੇ ਬੜੀਆਂ ਕੰਮ ਆਈਆਂ ‘ਕੁੱਲੀ, ਗੁੱਲੀ, ਜੁੱਲੀ (ਰੋਟੀ, ਕੱਪੜਾ, ਮਕਾਨ) ਤਾਂ ਮਿਲ ਹੀ ਜਾਂਦੀਆਂ ਹਨ। ਉਹ ਕੰਮ ਕਰੋ ਜਿਸ ਵਿਚੋਂ ਦੇਸ਼, ਕੌਮ, ਇਨਸਾਨੀਅਤ ਦੇ ਵਿਕਾਸ ਦੀਆਂ ਲਹਿਰਾਂ ਫੁੱਟਦੀਆਂ ਹੋਣ। ਸਮਾਜ ਨੂੰ ਲਾਭ ਹੋਵੇ। ਹਰਕਵਲ ਹੋਰਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਐਮਏ ਹਿਸਟਰੀ ਦੀ ਕੀਤੀ ਤੇ ਪੰਜਾਬੀ ਯੂਨੀਵਰਸਿਟੀ ਵਿਚੋਂ ਹੀ ਉਨ੍ਹਾਂ ਨੇ ਪੱਤਰਕਾਰਤਾ ਦੀ ਡਿੱਗਰੀ ਵੀ ਕੀਤੀ। 1979 ਵਿਚ ਉਨ੍ਹਾਂ ਨੇ ਪੱਤਰਕਾਰਤਾ ਵਿਚ ਪੈਰ ਧਰਿਆ। ਵੱਡੇ ਹਮਦਰਦ ਸਾਹਿਬ ਸਾਧੂ ਸਿੰਘ ਹਮਦਰਦ ਜੀ ਨੇ ਉਨ੍ਹਾਂ ਨੂੰ ਅਜੀਤ ਵਿਚ ਪੱਤਰਕਾਰ ਵਜੋਂ ਰੱਖਿਆ, ਪਰ ਸਰਦਾਰ ਸਾਧੂ ਸਿੰਘ ਹਮਦਰਦ ਹੋਰਾਂ ਨੇ ‘ਅਜੀਤ’ ਵਿਚ ਹਰਕਵਲ ਨੂੰ ਬੜੀ ਸੰਜੀਦਗੀ ਦੀ ਪੱਤਰਕਾਰਤਾ ਕਰਦਿਆਂ ਦੇਖਿਆ। ਦੋ ਸਾਲਾਂ ਬਾਅਦ ਹੀ ਹਰਕਵਲ ਨੂੰ ਸਟਾਫ਼ ਰਿਪੋਰਟਰ ਵਜੋਂ ਨਿਯੁਕਤ ਕਰ ਦਿੱਤਾ। ਪੱਤਰਕਾਰਤਾ ਕਰਦੇ ਰਹੇ, ਅਜੀਤ ਵਿਚ ਹਰਕਵਲ ਹੋਰਾਂ ਨੂੰ ਤਰੱਕੀਆਂ ਮਿਲਦੀਆਂ ਰਹੀਆਂ ਉਹ ‘ਸਟੇਟ ਬਿਊਰੋ ਚੀਫ਼’ ਤੱਕ ਪੁੱਜੇ। ਬੇਸ਼ੱਕ ਅਜੀਤ ਵਿਚ ਸੇਵਾ ਮੁਕਤੀ ਆਮ ਨਿਯਮਾਂ ਅਨੁਸਾਰ ਹੀ ਹੋ ਜਾਂਦੀ ਹੈ ਪਰ ਸਰਦਾਰ ਬਰਜਿੰਦਰ ਸਿੰਘ ਜੀ ਹਮਦਰਦ (ਭਾਅ ਜੀ) ਹੋਰਾਂ ਨੇ ਹਰਕਵਲ ਨੂੰ ਸੇਵਾ ਮੁਕਤ ਨਹੀਂ ਕੀਤਾ। ਉਹ ਅੱਜ ਵੀ ਅਜੀਤ ਵਿਚ ਚੰਡੀਗੜ੍ਹ ਤੋਂ ਕੰਮ ਕਰਦੇ ਆ ਰਹੇ ਹਨ। ਉਹ ਮੌਲਿਕ ਖ਼ਬਰਾਂ (ਰਿਪੋਰਟਾਂ) ਕਰਦੇ ਆ ਰਹੇ ਹਨ। -ਅੱਤਵਾਦ ਵੇਲੇ ਸੰਕਟਾਂ ਵਿਚ ਵੀ ਘਿਰੇ ‘ਹਰਕਵਲਜੀਤ ਸਿੰਘ’ ਅੱਤਵਾਦ ਦਾ ਸਮਾਂ ਸੀ, ਉਸ ਵੇਲੇ ਹਰਕਵਲ ਹੋਰਾਂ ਨੇ ਪੱਤਰਕਾਰਤਾ ਵਿਚ ਆਪਣਾ ਨਾਮ ਬਣਾ ਲਿਆ ਸੀ। ਖਾੜਕੂ ਖ਼ਬਰਾਂ ਦਿੰਦੇ ਸਨ, ਕਿਸੇ ਗਰੁੱਪ ਦੀ ਖ਼ਬਰ ਜ਼ਿਆਦਾ ਲੱਗ ਗਈ ਕਿਸੇ ਗਰੁੱਪ ਦੀ ਖ਼ਬਰ ਥੋੜ੍ਹੀ ਰਹਿ ਗਈ, ਖਾੜਕੂਆਂ ਦਾ ਗ਼ੁੱਸੇ ਹੋਣ ਦਾ ਕਾਰਨ ਕਈ ਵਾਰੀ ਇਹ ਵੀ ਹੁੰਦਾ ਸੀ। ਇਸ ਕਰਕੇ ਖਾੜਕੂਆਂ ਦਾ ਗ਼ੁੱਸਾ ਕਈ ਵਾਰੀ ਪੱਤਰਕਾਰ ਨੂੰ ਮੁਸ਼ਕਲਾਂ ਵਿਚ ਪਾ ਦਿੰਦਾ ਸੀ। ਹਰਕਵਲਜੀਤ ਸਿੰਘ ਹੋਰੀਂ ਕਹਿੰਦੇ ਹਨ ਕਿ ਮੇਰੇ ਕੋਲ ਇਕ ਦਿਨ ਇੰਟੈਲੀਜੈਂਸ ਵਾਲੇ ਆਏ ਤੇ ਕਹਿਣ ਲੱਗੇ ਕਿ ਤੈਨੂੰ ਮਾਰਨ ਲਈ ਖਾੜਕੂ ਆਏ ਸੀ ਪਰ ਤੂੰ ਬਚ ਗਿਆ, ਇਸ ਕਰਕੇ ਚੌਕਸ ਰਹੋ। ਪਰ ਹਰਕਵਲ ਹੋਰਾਂ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ, ਉਸ ਤੋਂ ਬਾਅਦ ਆਈ ਬੀ ਨੇ ਵੀ ਕਿਹਾ ਕਿ ਹਰਕਵਲ ਤੁਹਾਨੂੰ ਅੱਤਵਾਦੀ ਮਾਰਨਾ ਚਾਹੁੰਦੇ ਹਨ ਤੁਸੀਂ ਬਚ ਕੇ ਰਹੋ। ਫੇਰ ਵੀ ਹਰਕਵਲ ਨੇ ਪ੍ਰਵਾਹ ਨਾ ਕੀਤੀ। 1990 ਦੇ ਨੇੜੇ ਤੇੜੇ ਅੰਮ੍ਰਿਤਸਰ ਵਿਚ ਇਕ ਖਾੜਕੂ ਫੜਿਆ ਗਿਆ। ਉਸ ਤੋਂ ਪੁਲੀਸ ਨੇ ਕਾਫ਼ੀ ਖ਼ੁਲਾਸੇ ਕਰਵਾਏ ਜਿਸ ਵਿਚ ਇਹ ਵੀ ਸੀ ਕਿ ਅੱਤਵਾਦੀਆਂ ਨੇ ਭਾਅ ਜੀ ਬਰਜਿੰਦਰ ਸਿੰਘ ਹਮਦਰਦ ਹੋਰਾਂ ਨੂੰ ਮਾਰਨਾ ਸੀ ਪਰ ਉਨ੍ਹਾਂ ਕੋਲ ਸੁਰੱਖਿਆ ਗਾਰਦ ਸੀ ਤੇ ਬੁਲਟ ਪਰੂਫ਼ ਗੱਡੀ ਸੀ, ਉਨ੍ਹਾਂ ਤੱਕ ਅੱਤਵਾਦੀ ਪੁੱਜ ਨਹੀਂ ਸਕੇ ਤਾਂ ਅੱਤਵਾਦੀਆਂ ਨੇ ਇਹ ਫ਼ੈਸਲਾ ਕੀਤਾ ਕਿ ਅੱਜ ਕੱਲ੍ਹ ਹਰਕਵਲਜੀਤ ਸਿੰਘ ਵੀ ਕਾਫ਼ੀ ਚਰਚਾ ਵਿਚ ਹੈ ਇਸ ਨੂੰ ਮਾਰ ਦਿਓ। ਇਹ ਖ਼ੁਲਾਸਾ ਹੋਣ ਤੋਂ ਬਾਅਦ ਪੰਜਾਬ ਪੁਲੀਸ ਨੇ ਹਰਕਵਲਜੀਤ ਸਿੰਘ ਨੂੰ ਕਿਹਾ ਕਿ ਤੁਹਾਨੂੰ ਸੁਰੱਖਿਆ ਦੇਣੀ ਹੈ ਪਰ ਹਰਕਵਲ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ‘ਮੈਂ ਇਕ ਪੱਤਰਕਾਰ ਹਾਂ, ਪੱਤਰਕਾਰ ਦਾ ਕੰਮ ਹੁੰਦਾ ਹੈ ਲੋਕਾਂ ਵਿਚ ਰਹਿਣਾ, ਮੈਂ ਪਤਾ ਨਹੀਂ ਕਦੋਂ ਕਿੱਥੇ ਜਾਣਾ ਹੈ। ਮੈਂ ਸਰਕਾਰੀ ਗੈਰ ਸਰਕਾਰੀ ਖ਼ਬਰਾਂ ਕਰਨੀਆਂ ਹਨ। ਜੇਕਰ ਮੇਰੇ ਕੋਲ ਸੁਰੱਖਿਆ ਹੋਈ ਤਾਂ ਲੋਕ ਮੇਰੇ ਕੋਲੋਂ ਡਰਨ ਲੱਗ ਜਾਣਗੇ। ਪੱਤਰਕਾਰ ਲੋਕਾਂ ਲਈ ਲਿਖਦਾ ਹੈ, ਇਸ ਕਰਕੇ ਉਸ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ’ ਪਰ ਪੁਲੀਸ ਨਾ ਮੰਨੀ ਤਾਂ ਹਰਕਵਲਜੀਤ ਸਿੰਘ ਨੇ ਲਿਖ ਕੇ ਦਿੱਤਾ ਕਿ ਮੈਂ ਆਪਣੀ ਜਾਨ ਦਾ ਖ਼ੁਦ ਜ਼ਿੰਮੇਵਾਰ ਹਾਂ ਤਾਂ ਜਾ ਕੇ ਪੁਲੀਸ ਨੇ ਹਰਕਵਲਜੀਤ ਸਿੰਘ ਦਾ ਖਹਿੜਾ ਛੱਡਿਆ। -ਧਮਕੀਆਂ ਆਈਆਂ ਪਰ ਅਦਾਲਤਾਂ ਵਿਚ ਕਦੇ ਵੀ ਕਿਸੇ ਕੇਸ ਦਾ ਸਾਹਮਣਾ ਨਹੀਂ ਕੀਤਾ ਹਰਕਵਲਜੀਤ ਸਿੰਘ ਕਹਿੰਦੇ ਹਨ ਕਿ ਮੈਨੂੰ ਧਮਕੀਆਂ ਤਾਂ ਬਹੁਤ ਆਉਂਦੀਆਂ ਸਨ ਕਿਉਂਕਿ ਜਦੋਂ ਕੋਈ ਪੱਤਰਕਾਰ ਲੋਕ ਹਿਤ ਵਿਚ ਲਿਖਦਾ ਹੈ ਤਾਂ ਵੱਡੇ ਲੋਕ, ਸਰਕਾਰਾਂ ਉਸ ਨਾਲ ਖ਼ਫ਼ਾ ਹੋ ਜਾਂਦੀਆਂ ਹਨ। ਪਰ ਕਿਉਂਕਿ ਪੰਜਾਬੀ ਯੂਨੀਵਰਸਿਟੀ ਵਿਚ ਕੀਤੀ ਪੱਤਰਕਾਰਤਾ ਦਾ ਉਸ ਵੇਲੇ ਇਹ ਲਾਭ ਹੁੰਦਾ ਸੀ ਕਿ ਪੱਤਰਕਾਰਤਾ ਤੇ ਪਾਠਕ੍ਰਮ ਵਿਚ ਕਾਨੂੰਨ ਦੀ ਪੜਾਈ ਦਾ ਵੀ ਇਕ ਵਿਸ਼ਾ ਹੁੰਦਾ ਸੀ। ਹਰਕਵਲ ਕਹਿੰਦੇ ਹਨ ਕਿ ਲਿਹਾਜ਼ ਕਿਸੇ ਦਾ ਨਹੀਂ ਕੀਤਾ, ਮੈਂ ਖ਼ਬਰਾਂ ਲਿਖਣ ਸਮੇਂ ਪਹਿਲਾਂ ਸਬੂਤ ਆਪਣੇ ਹੱਥ ਵਿਚ ਲੈ ਲੈਂਦਾ ਸੀ। ਇਸ ਕਰਕੇ ਮੈਂ ਕਦੇ ਵੀ ਕਿਸੇ ਖ਼ਬਰ ਕਰਕੇ ਅਦਾਲਤਾਂ ਵਿਚ ਸਫ਼ਾਈ ਦੇਣ ਲਈ ਨਹੀਂ ਗਿਆ। ਹਰਕਵਲਜੀਤ ਸਿੰਘ ਕਹਿੰਦੇ ਹਨ ਕਿ ਪੱਤਰਕਾਰ ਆਪਣੇ ਜ਼ਮੀਰ ਨੂੰ ਅੱਗੇ ਰੱਖ ਕੇ ਖ਼ਬਰਾਂ ਲਿਖਣ। ਬਾਕੀ ਤਾਂ ਸੰਸਾਰ ਨੇ ਚੱਲਦੇ ਹੀ ਰਹਿਣਾ ਹੈ। ਸੋ ਅੱਜ ਲਈ ਏਨਾ ਹੀ ਸਵੀਕਾਰ ਕਰਨਾ। ਕਦੇ ਫੇਰ ਲਿਖਾਂਗੇ। ਮੈਂ ਸੀਨੀਅਰ ਪੱਤਰਕਾਰ ਹਰਕਵਲਜੀਤ ਸਿੰਘ ਹੋਰਾਂ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹੋਇਆ ਉਨ੍ਹਾਂ ਨੂੰ ਮੁਹੱਬਤ ਦੇ ਫੁੱਲ ਭੇਂਟ ਕਰਦਾ ਹਾਂ। ਉਹ ਹਮੇਸ਼ਾ ਖ਼ੁਸ਼ ਰਹੇ.. ਆਮੀਨ ਗੁਰਨਾਮ ਸਿੰਘ ਅਕੀਦਾ 8146001100

Monday, July 04, 2022

ਇਕ ਕੁੜੀ ਦੀ ਇੱਜ਼ਤ ਬਚਾਉਣ ਵੇਲੇ ਮੋਢੇ ਵਿਚ ਗੋਲੀ ਖਾਣ ਤੇ ਚਰਚਾ ਵਿਚ ਆਏ ਸਨ ‘ਜੋੜਾਮਾਜਰਾ’

ਪਟਿਆਲਾ ਦਿਹਾਤੀ ਦਾ ਪ੍ਰਧਾਨ ਬਣ ਕੇ ‘ਆਪ’ ਵਿਚੋਂ ਧੜੇਬੰਦੀ ਖ਼ਤਮ ਕੀਤੀ ਸੀ ਚੇਤਨ ਸਿੰਘ ਨੇ
ਗੁਰਨਾਮ ਸਿੰਘ ਅਕੀਦਾ ਪਟਿਆਲਾ ਜ਼ਿਲ੍ਹੇ ਦੇ ਪਿੰਡ ਲੁਟਕੀਮਾਜਰਾ ਵਿਚ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਜਨਮੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਬਣੇ ਚੇਤਨ ਸਿੰਘ ਜੌੜਾਮਾਜਰਾ ਤਰਨਤਾਰਨ ਵਿਚ ਇਕ ਅਣਜਾਣ ਕੁੜੀ ਨੂੰ ਅਗਵਾ ਹੋਣ ਤੋਂ ਬਚਾਉਣ ਵੇਲੇ ਮੋਢੇ ਵਿਚ ਗੋਲੀ ਲੱਗਣ ਕਰਕੇ ਕਾਫ਼ੀ ਚਰਚਾ ਵਿਚ ਆਏ ਸਨ। ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੰਤਰੀ ਤੇ ਵੱਡੇ ਨੇਤਾ ਸੁਰਜੀਤ ਸਿੰਘ ਰੱਖੜਾ ਨੂੰ 74375 ਵੋਟਾਂ ਲੈ ਕੇ 39713 ਵੋਟਾਂ ਨਾਲ ਵੱਡੇ ਫ਼ਰਕ ਨਾਲ ਹਰਾਇਆ ਸੀ। ਪਿੰਡ ਲੁਟਕੀ ਮਾਜਰਾ ਵਿਚ ਚਾਰ ਏਕੜ ਜ਼ਮੀਨ ਦੇ ਮਾਲਕ ਪਿਤਾ ਗੁਰਦੇਵ ਸਿੰਘ ਦੇ ਮੋਢੇ ਚੜ ਕੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਦੋ ਚਾਰ ਹੋਣ ਦਾ ਜੇਰਾ ਕਰਨ ਵਾਲੇ ਚੇਤਨ ਸਿੰਘ ਜੌੜਾਮਾਜਰਾ ਨੇ ਧਨੇਠਾ ਹਾਇਰ ਸੈਕੰਡਰੀ ਸਕੂਲ ਵਿਚ ਪਹਿਲੇ ਦਰਜੇ ਵਿਚ ਬਾਰ੍ਹਵੀਂ ਕਲਾਸ ਪਾਸ ਕੀਤੀ ਸੀ, ਉਹ ਆਮ ਆਦਮੀ ਪਾਰਟੀ ਦੇ ਮੁਢਲੇ ਮੈਂਬਰਾਂ ਵਿਚੋਂ ਹਨ ਜੋ ਪਟਿਆਲਾ ਦਿਹਾਤੀ ਦੇ ਉਸ ਵੇਲੇ ਪ੍ਰਧਾਨ ਬਣੇ ਜਦੋਂ ਪਟਿਆਲਾ ਵਿਚ ਧੜੇਬੰਦੀ ਨੇ ਥਾਂ ਬਣਾ ਰੱਖੀ ਸੀ, ਉਨ੍ਹਾਂ ਦੇ ਪ੍ਰਧਾਨ ਬਣਨ ਨਾਲ ਧੜੇਬੰਦੀ ਖ਼ਤਮ ਹੋ ਗਈ ਸੀ, ਉਹ ਉਦੋਂ ਪਟਿਆਲਾ ਦਿਹਾਤੀ ਦੇ ਪ੍ਰਧਾਨ ਹੀ ਸਨ ਜਦੋਂ ਉਹ ਨਿੱਜੀ ਟੂਰ ਤੇ ਤਰਨਤਾਰਨ ਵਿਚ ਗੁਰਦੁਆਰਾ ਸਾਹਿਬ ਵਿਚ ਦਰਸ਼ਨ ਕਰਨ ਲਈ ਗਏ ਸਨ ਤਾਂ ਚਾਰ ਗੈਂਗਸਟਰਾਂ ਨੇ ਇਕ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲਲਕਾਰਾ ਮਾਰ ਕੇ ਚੇਤਨ ਸਿੰਘ ਨੇ ਉਨ੍ਹਾਂ ਗੈਂਗਸਟਰਾਂ ਨੂੰ ਰੋਕਿਆ, ਤਾਂ ਉਹ ਗੈਂਗਸਟਰਾਂ ਨੇ ਚੇਤਨ ਸਿੰਘ ਦੇ ਗੋਲੀ ਮਾਰ ਦਿੱਤੀ ਜੋ ਸ੍ਰੀ ਜੌੜੇਮਾਜਰਾ ਦੇ ਮੋਢੇ ਵਿਚ ਲੱਗੀ। ਇਹ ਅੰਮ੍ਰਿਤਸਰ ਦੇ ਹਸਪਤਾਲ ਵਿਚ ਭਰਤੀ ਰਹੇ। ਇਸ ਵੇਲੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸੰਜੇ ਸਿੰਘ ਨੇ ਟਵੀਟ ਕਰਕੇ ਇਸ ਘਟਨਾ ਦਾ ਬੜਾ ਅਫ਼ਸੋਸ ਜ਼ਾਹਿਰ ਕੀਤਾ ਸੀ ਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਪੰਜਾਬ ਵਿਚ ਵੱਧ ਰਹੇ ਗੈਂਗਸਟਰਾਂ ਤੇ ਨੱਥ ਪਾਉਣ ਲਈ ਕਿਹਾ ਸੀ। ਇਨ੍ਹਾਂ ਦੀ ਪਤਨੀ ਸ਼ਰਨਜੀਤ ਕੌਰ ਇਨ੍ਹਾਂ ਨੂੰ ਹਮੇਸ਼ਾ ਹੌਸਲਾ ਦਿੰਦੇ ਹਨ, ਇਨ੍ਹਾਂ ਦੀ ਘਰ ਦੀ ਫੁਲਵਾੜੀ ਵਿਚ ਇਕ ਬੇਟਾ ਹੈ। ਤਸਵੀਰ ਚੇਤਨ ਸਿੰਘ ਜੌੜਾਮਾਜਰਾ : ਤਰਨਤਾਰਨ ਵਿਚ ਗੋਲੀ ਲੱਗਣ ਤੇ ਇਲਾਜ ਕਰਾਉਂਦੇ ਹੋਏ ਚੇਤਨ ਸਿੰਘ ਜੌੜਾਮਾਜਰਾ ਦੀ ਫਾਈਲ ਫ਼ੋਟੋ।

ਪਟਿਆਲਾ ਵਿਚ ਵਿਸ਼ਾਲ ਰੰਬਾਨੀ ਦੀ ਚੜਾਈ ਦਾ ਪਤਨ ਸ਼ੁਰੂ ਕੀਤਾ ‘ਗੁਰਪ੍ਰੀਤ ਸਿੰਘ ਚੱਠਾ’ ਗਰੁੱਪ ਨੇ

ਰਵੇਲ ਸਿੰਘ ਭਿੰਡਰ, ਅਮਨ ਸੂਦ, ਸਰਬਜੀਤ ਭੰਗੂ, ਗਗਨ ਤੇਜਾ, ਨਵਦੀਪ ਢੀਂਗਰਾ, ਪਰਮੀਤ ਸਿੰਘ ਬਣੇ ਪ੍ਰਧਾਨ ਪੱਤਰਕਾਰੀ ਦਾ ਇਤਿਹਾਸ ਭਾਗ -24 ਲੇਖਕ : ਗੁਰਨਾਮ ਸਿੰਘ ਅਕੀਦਾ ਗੁਰ...