Thursday, September 22, 2022

ਪੱਤਰਕਾਰਤਾ ਦੀ ‘ਫੂੰ-ਫਾਂ’ ਤੋਂ ਦੂਰ ਸਹਿਜਤਾ ਦਾ ਧਨੀ ਪੱਤਰਕਾਰ ‘ਹਰਕਵਲਜੀਤ ਸਿੰਘ’

ਅੱਜ ਕੱਲ੍ਹ ਦੇ ਪੱਤਰਕਾਰਾਂ ਵਿਚ ‘ਫੂੰ-ਫਾਂ’ ਤੇ ‘ਨਾਢੂ ਖਾਂ’ ਦੀ ਬਿਰਤੀ ਘਰ ਕਰਦੀ ਜਾ ਰਹੀ ਹੈ। ਹੱਥ ਵਿਚ ਕਿਸੇ ਟੀਵੀ ਚੈਨਲ ਦੀ ‘ਆਈ ਡੀ’ ਫੜ ਕੇ ਬੰਦਾ ਪੱਤਰਕਾਰ ਨਹੀਂ ਸਗੋਂ ਕਿਸੇ ਗੈਂਗ ਵਿਚ ਕੰਮ ਕਰਦਾ ਕੋਈ ਗੈਂਗਸਟਰ ਲੱਗਦਾ ਹੈ। ਭਾਵੇਂ ਕੋਈ ਯੂ ਟਿਊਬ ’ਤੇ ਮਾਮੂਲੀ ਸਬਸਕ੍ਰਾਈਬਰ ਹੀ ਹੋਣ ਪਰ ਉਸ ਦੇ ਜ਼ਿਆਦਾਤਰ ਪੱਤਰਕਾਰ ‘ਬੱਸ ਮੈਂ ਹੀ ਹਾਂ’ ਵਾਲੀ ਬਿਰਤੀ ਲੈ ਕੇ ਘੁੰਮਦੇ ਆਮ ਨਜ਼ਰ ਆ ਜਾਂਦੇ ਹਨ। ਕੋਈ ਪ੍ਰੈੱਸ ਕਾਨਫ਼ਰੰਸ ਹੋਵੇ ਤਾਂ ਸੀਨੀਅਰ ਪੱਤਰਕਾਰ ਦਾ ਇਹ ਹਾਲ ਹੁੰਦਾ ਹੈ ਕਿ ‘ਸੀਨੀਅਰ ਪੱਤਰਕਾਰ ਤਾਂ ਵਿਚਾਰੇ ਵਾਧੂ ਜਿਹੇ ਹੀ ਹਨ’। ਅਸਲੀ ਪੱਤਰਕਾਰ ਤਾਂ ਉਹ ਹੀ ਹਨ ਜਿਨ੍ਹਾਂ ਦੇ ਹੱਥਾਂ ਵਿਚ ਟੀਵੀ ਚੈਨਲਾਂ ਦੇ ‘ਲੋਗੋ’ ਫੜੇ ਹਨ। ਜੇਕਰ ਕੋਈ ਸੀਨੀਅਰ ਪੱਤਰਕਾਰ ਕੋਈ ਸਵਾਲ ਪੁੱਛਦਾ ਵੀ ਹੈ ਤਾਂ ਉਸ ਦੇ ਸਵਾਲ ਨੂੰ ਕੱਟਣ ਵਾਲੇ ਇਹ ‘ਆਪੇ ਬਣੇ ਪੱਤਰਕਾਰ’ ਬੜਾ ਵੱਡਾ ਰੋਲ ਨਿਭਾਉਂਦੇ ਹਨ। ਪਰ ਅੱਜ ਵੀ ਪੱਤਰਕਾਰ ਹਨ, ਜੋ ਕਈਆਂ ਲਈ ਪ੍ਰੇਰਨਾ ਸਰੋਤ ਦਾ ਕੰਮ ਵੀ ਕਰਦੇ ਹਨ। ਜੋ ਸੀਨੀਅਰ ਹਨ ਤੇ ਸੀਨੀਅਰਤਾ ਦੀ ਸਭਿਅਤਾ ਵੀ ਉਨ੍ਹਾਂ ਵਿਚੋਂ ਨਜ਼ਰ ਆਉਂਦੀ ਹੈ। ਅੱਜ ਮੈਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਵੱਡੇ ਪੰਜਾਬੀ ਅਖ਼ਬਾਰ ‘ਅਜੀਤ’ ਵਿਚ ਕੰਮ ਕਰਨ ਵਾਲੇ ਸੀਨੀਅਰ ਪੱਤਰਕਾਰ ‘ਹਰਕਵਲਜੀਤ ਸਿੰਘ’ ਦੀ ਗੱਲ ਕਰ ਰਿਹਾ ਹਾਂ। ਜਿਸ ਵਿਚ ਪੱਤਰਕਾਰੀ ਨੂੰ ਲੈ ਕੇ ਕਦੇ ਹੰਕਾਰ ਦੀ ਬੂ ਨਹੀਂ ਦੇਖੀ। ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਕੋਲ ਛੋਟੀ ਜਿਹੀ ਢਾਣੀ ਦੇ ਜੰਮਪਲ ਪੱਤਰਕਾਰ ਹਰਕਵਲਜੀਤ ਸਿੰਘ ਨੇ ਪੱਤਰਕਾਰੀ ਵਿਚ ਬੜੀ ਸਹਿਜਤਾ ਵਾਲੀ ਛਾਪ ਛੱਡੀ ਹੈ, ਬੜਾ ਹੀ ਮਨ-ਮੌਜੀ ਤੇ ਅੰਤਰ ਆਤਮਾ ਨਾਲ ਮੁਹੱਬਤ ਕਰਨ ਵਾਲੇ ਹਰਕਵਲ ਅਜੋਕੇ ਪੱਤਰਕਾਰਾਂ ਲਈ ਪ੍ਰੇਰਨਾ ਸਰੋਤ ਹਨ। 23 ਜੁਲਾਈ 1954 ਨੂੰ ਜਨਮੇ ਹਰਕਵਲ ਨੇ ਪਹਿਲਾਂ ਹੀ ਤਹਿ ਕਰ ਲਿਆ ਸੀ ਕਿ ਉਹ ਪੱਤਰਕਾਰ ਹੀ ਬਣਨਗੇ, ਹਰਕਵਲ ਦੇ ਕਈ ਸਾਥੀ ਆਈ ਏ ਐੱਸ ਬਣ ਗਏ, ਕੁਝ ਜੱਜ ਬਣ ਕੇ ਹਾਈਕੋਰਟ ਤੱਕ ਵੀ ਪੁੱਜੇ, ਪਰ ਹਰਕਵਲ ਨੇ ਪੱਤਰਕਾਰੀ ਦਾ ਪੇਸ਼ਾ ਚੁਣਿਆ। ਬੇਸ਼ੱਕ ਪਿਤਾ ਸਰਦਾਰ ਸਰੂਪ ਸਿੰਘ (ਸਵਰਗਵਾਸੀ) ਨੇ ਸਿਵਲ ਸਰਵਿਸ ਵਿਚ ਸੇਵਾ ਕੀਤਾ ਤੇ ਮਾਤਾ ਪੜੇ ਲਿਖੇ (ਐਫ.ਏ.) ਸਨ ਪਰ ਉਹ ਘਰੇ ਹੀ ਕੰਮ ਕਰਦੇ ਸਨ। ਪਿਤਾ ਸਰਦਾਰ ਸਰੂਪ ਸਿੰਘ ਵੱਲੋਂ ਇਹ ਸਤਰਾਂ ਹਰਕਵਲ ਦੇ ਬੜੀਆਂ ਕੰਮ ਆਈਆਂ ‘ਕੁੱਲੀ, ਗੁੱਲੀ, ਜੁੱਲੀ (ਰੋਟੀ, ਕੱਪੜਾ, ਮਕਾਨ) ਤਾਂ ਮਿਲ ਹੀ ਜਾਂਦੀਆਂ ਹਨ। ਉਹ ਕੰਮ ਕਰੋ ਜਿਸ ਵਿਚੋਂ ਦੇਸ਼, ਕੌਮ, ਇਨਸਾਨੀਅਤ ਦੇ ਵਿਕਾਸ ਦੀਆਂ ਲਹਿਰਾਂ ਫੁੱਟਦੀਆਂ ਹੋਣ। ਸਮਾਜ ਨੂੰ ਲਾਭ ਹੋਵੇ। ਹਰਕਵਲ ਹੋਰਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਐਮਏ ਹਿਸਟਰੀ ਦੀ ਕੀਤੀ ਤੇ ਪੰਜਾਬੀ ਯੂਨੀਵਰਸਿਟੀ ਵਿਚੋਂ ਹੀ ਉਨ੍ਹਾਂ ਨੇ ਪੱਤਰਕਾਰਤਾ ਦੀ ਡਿੱਗਰੀ ਵੀ ਕੀਤੀ। 1979 ਵਿਚ ਉਨ੍ਹਾਂ ਨੇ ਪੱਤਰਕਾਰਤਾ ਵਿਚ ਪੈਰ ਧਰਿਆ। ਵੱਡੇ ਹਮਦਰਦ ਸਾਹਿਬ ਸਾਧੂ ਸਿੰਘ ਹਮਦਰਦ ਜੀ ਨੇ ਉਨ੍ਹਾਂ ਨੂੰ ਅਜੀਤ ਵਿਚ ਪੱਤਰਕਾਰ ਵਜੋਂ ਰੱਖਿਆ, ਪਰ ਸਰਦਾਰ ਸਾਧੂ ਸਿੰਘ ਹਮਦਰਦ ਹੋਰਾਂ ਨੇ ‘ਅਜੀਤ’ ਵਿਚ ਹਰਕਵਲ ਨੂੰ ਬੜੀ ਸੰਜੀਦਗੀ ਦੀ ਪੱਤਰਕਾਰਤਾ ਕਰਦਿਆਂ ਦੇਖਿਆ। ਦੋ ਸਾਲਾਂ ਬਾਅਦ ਹੀ ਹਰਕਵਲ ਨੂੰ ਸਟਾਫ਼ ਰਿਪੋਰਟਰ ਵਜੋਂ ਨਿਯੁਕਤ ਕਰ ਦਿੱਤਾ। ਪੱਤਰਕਾਰਤਾ ਕਰਦੇ ਰਹੇ, ਅਜੀਤ ਵਿਚ ਹਰਕਵਲ ਹੋਰਾਂ ਨੂੰ ਤਰੱਕੀਆਂ ਮਿਲਦੀਆਂ ਰਹੀਆਂ ਉਹ ‘ਸਟੇਟ ਬਿਊਰੋ ਚੀਫ਼’ ਤੱਕ ਪੁੱਜੇ। ਬੇਸ਼ੱਕ ਅਜੀਤ ਵਿਚ ਸੇਵਾ ਮੁਕਤੀ ਆਮ ਨਿਯਮਾਂ ਅਨੁਸਾਰ ਹੀ ਹੋ ਜਾਂਦੀ ਹੈ ਪਰ ਸਰਦਾਰ ਬਰਜਿੰਦਰ ਸਿੰਘ ਜੀ ਹਮਦਰਦ (ਭਾਅ ਜੀ) ਹੋਰਾਂ ਨੇ ਹਰਕਵਲ ਨੂੰ ਸੇਵਾ ਮੁਕਤ ਨਹੀਂ ਕੀਤਾ। ਉਹ ਅੱਜ ਵੀ ਅਜੀਤ ਵਿਚ ਚੰਡੀਗੜ੍ਹ ਤੋਂ ਕੰਮ ਕਰਦੇ ਆ ਰਹੇ ਹਨ। ਉਹ ਮੌਲਿਕ ਖ਼ਬਰਾਂ (ਰਿਪੋਰਟਾਂ) ਕਰਦੇ ਆ ਰਹੇ ਹਨ। -ਅੱਤਵਾਦ ਵੇਲੇ ਸੰਕਟਾਂ ਵਿਚ ਵੀ ਘਿਰੇ ‘ਹਰਕਵਲਜੀਤ ਸਿੰਘ’ ਅੱਤਵਾਦ ਦਾ ਸਮਾਂ ਸੀ, ਉਸ ਵੇਲੇ ਹਰਕਵਲ ਹੋਰਾਂ ਨੇ ਪੱਤਰਕਾਰਤਾ ਵਿਚ ਆਪਣਾ ਨਾਮ ਬਣਾ ਲਿਆ ਸੀ। ਖਾੜਕੂ ਖ਼ਬਰਾਂ ਦਿੰਦੇ ਸਨ, ਕਿਸੇ ਗਰੁੱਪ ਦੀ ਖ਼ਬਰ ਜ਼ਿਆਦਾ ਲੱਗ ਗਈ ਕਿਸੇ ਗਰੁੱਪ ਦੀ ਖ਼ਬਰ ਥੋੜ੍ਹੀ ਰਹਿ ਗਈ, ਖਾੜਕੂਆਂ ਦਾ ਗ਼ੁੱਸੇ ਹੋਣ ਦਾ ਕਾਰਨ ਕਈ ਵਾਰੀ ਇਹ ਵੀ ਹੁੰਦਾ ਸੀ। ਇਸ ਕਰਕੇ ਖਾੜਕੂਆਂ ਦਾ ਗ਼ੁੱਸਾ ਕਈ ਵਾਰੀ ਪੱਤਰਕਾਰ ਨੂੰ ਮੁਸ਼ਕਲਾਂ ਵਿਚ ਪਾ ਦਿੰਦਾ ਸੀ। ਹਰਕਵਲਜੀਤ ਸਿੰਘ ਹੋਰੀਂ ਕਹਿੰਦੇ ਹਨ ਕਿ ਮੇਰੇ ਕੋਲ ਇਕ ਦਿਨ ਇੰਟੈਲੀਜੈਂਸ ਵਾਲੇ ਆਏ ਤੇ ਕਹਿਣ ਲੱਗੇ ਕਿ ਤੈਨੂੰ ਮਾਰਨ ਲਈ ਖਾੜਕੂ ਆਏ ਸੀ ਪਰ ਤੂੰ ਬਚ ਗਿਆ, ਇਸ ਕਰਕੇ ਚੌਕਸ ਰਹੋ। ਪਰ ਹਰਕਵਲ ਹੋਰਾਂ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ, ਉਸ ਤੋਂ ਬਾਅਦ ਆਈ ਬੀ ਨੇ ਵੀ ਕਿਹਾ ਕਿ ਹਰਕਵਲ ਤੁਹਾਨੂੰ ਅੱਤਵਾਦੀ ਮਾਰਨਾ ਚਾਹੁੰਦੇ ਹਨ ਤੁਸੀਂ ਬਚ ਕੇ ਰਹੋ। ਫੇਰ ਵੀ ਹਰਕਵਲ ਨੇ ਪ੍ਰਵਾਹ ਨਾ ਕੀਤੀ। 1990 ਦੇ ਨੇੜੇ ਤੇੜੇ ਅੰਮ੍ਰਿਤਸਰ ਵਿਚ ਇਕ ਖਾੜਕੂ ਫੜਿਆ ਗਿਆ। ਉਸ ਤੋਂ ਪੁਲੀਸ ਨੇ ਕਾਫ਼ੀ ਖ਼ੁਲਾਸੇ ਕਰਵਾਏ ਜਿਸ ਵਿਚ ਇਹ ਵੀ ਸੀ ਕਿ ਅੱਤਵਾਦੀਆਂ ਨੇ ਭਾਅ ਜੀ ਬਰਜਿੰਦਰ ਸਿੰਘ ਹਮਦਰਦ ਹੋਰਾਂ ਨੂੰ ਮਾਰਨਾ ਸੀ ਪਰ ਉਨ੍ਹਾਂ ਕੋਲ ਸੁਰੱਖਿਆ ਗਾਰਦ ਸੀ ਤੇ ਬੁਲਟ ਪਰੂਫ਼ ਗੱਡੀ ਸੀ, ਉਨ੍ਹਾਂ ਤੱਕ ਅੱਤਵਾਦੀ ਪੁੱਜ ਨਹੀਂ ਸਕੇ ਤਾਂ ਅੱਤਵਾਦੀਆਂ ਨੇ ਇਹ ਫ਼ੈਸਲਾ ਕੀਤਾ ਕਿ ਅੱਜ ਕੱਲ੍ਹ ਹਰਕਵਲਜੀਤ ਸਿੰਘ ਵੀ ਕਾਫ਼ੀ ਚਰਚਾ ਵਿਚ ਹੈ ਇਸ ਨੂੰ ਮਾਰ ਦਿਓ। ਇਹ ਖ਼ੁਲਾਸਾ ਹੋਣ ਤੋਂ ਬਾਅਦ ਪੰਜਾਬ ਪੁਲੀਸ ਨੇ ਹਰਕਵਲਜੀਤ ਸਿੰਘ ਨੂੰ ਕਿਹਾ ਕਿ ਤੁਹਾਨੂੰ ਸੁਰੱਖਿਆ ਦੇਣੀ ਹੈ ਪਰ ਹਰਕਵਲ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ‘ਮੈਂ ਇਕ ਪੱਤਰਕਾਰ ਹਾਂ, ਪੱਤਰਕਾਰ ਦਾ ਕੰਮ ਹੁੰਦਾ ਹੈ ਲੋਕਾਂ ਵਿਚ ਰਹਿਣਾ, ਮੈਂ ਪਤਾ ਨਹੀਂ ਕਦੋਂ ਕਿੱਥੇ ਜਾਣਾ ਹੈ। ਮੈਂ ਸਰਕਾਰੀ ਗੈਰ ਸਰਕਾਰੀ ਖ਼ਬਰਾਂ ਕਰਨੀਆਂ ਹਨ। ਜੇਕਰ ਮੇਰੇ ਕੋਲ ਸੁਰੱਖਿਆ ਹੋਈ ਤਾਂ ਲੋਕ ਮੇਰੇ ਕੋਲੋਂ ਡਰਨ ਲੱਗ ਜਾਣਗੇ। ਪੱਤਰਕਾਰ ਲੋਕਾਂ ਲਈ ਲਿਖਦਾ ਹੈ, ਇਸ ਕਰਕੇ ਉਸ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ’ ਪਰ ਪੁਲੀਸ ਨਾ ਮੰਨੀ ਤਾਂ ਹਰਕਵਲਜੀਤ ਸਿੰਘ ਨੇ ਲਿਖ ਕੇ ਦਿੱਤਾ ਕਿ ਮੈਂ ਆਪਣੀ ਜਾਨ ਦਾ ਖ਼ੁਦ ਜ਼ਿੰਮੇਵਾਰ ਹਾਂ ਤਾਂ ਜਾ ਕੇ ਪੁਲੀਸ ਨੇ ਹਰਕਵਲਜੀਤ ਸਿੰਘ ਦਾ ਖਹਿੜਾ ਛੱਡਿਆ। -ਧਮਕੀਆਂ ਆਈਆਂ ਪਰ ਅਦਾਲਤਾਂ ਵਿਚ ਕਦੇ ਵੀ ਕਿਸੇ ਕੇਸ ਦਾ ਸਾਹਮਣਾ ਨਹੀਂ ਕੀਤਾ ਹਰਕਵਲਜੀਤ ਸਿੰਘ ਕਹਿੰਦੇ ਹਨ ਕਿ ਮੈਨੂੰ ਧਮਕੀਆਂ ਤਾਂ ਬਹੁਤ ਆਉਂਦੀਆਂ ਸਨ ਕਿਉਂਕਿ ਜਦੋਂ ਕੋਈ ਪੱਤਰਕਾਰ ਲੋਕ ਹਿਤ ਵਿਚ ਲਿਖਦਾ ਹੈ ਤਾਂ ਵੱਡੇ ਲੋਕ, ਸਰਕਾਰਾਂ ਉਸ ਨਾਲ ਖ਼ਫ਼ਾ ਹੋ ਜਾਂਦੀਆਂ ਹਨ। ਪਰ ਕਿਉਂਕਿ ਪੰਜਾਬੀ ਯੂਨੀਵਰਸਿਟੀ ਵਿਚ ਕੀਤੀ ਪੱਤਰਕਾਰਤਾ ਦਾ ਉਸ ਵੇਲੇ ਇਹ ਲਾਭ ਹੁੰਦਾ ਸੀ ਕਿ ਪੱਤਰਕਾਰਤਾ ਤੇ ਪਾਠਕ੍ਰਮ ਵਿਚ ਕਾਨੂੰਨ ਦੀ ਪੜਾਈ ਦਾ ਵੀ ਇਕ ਵਿਸ਼ਾ ਹੁੰਦਾ ਸੀ। ਹਰਕਵਲ ਕਹਿੰਦੇ ਹਨ ਕਿ ਲਿਹਾਜ਼ ਕਿਸੇ ਦਾ ਨਹੀਂ ਕੀਤਾ, ਮੈਂ ਖ਼ਬਰਾਂ ਲਿਖਣ ਸਮੇਂ ਪਹਿਲਾਂ ਸਬੂਤ ਆਪਣੇ ਹੱਥ ਵਿਚ ਲੈ ਲੈਂਦਾ ਸੀ। ਇਸ ਕਰਕੇ ਮੈਂ ਕਦੇ ਵੀ ਕਿਸੇ ਖ਼ਬਰ ਕਰਕੇ ਅਦਾਲਤਾਂ ਵਿਚ ਸਫ਼ਾਈ ਦੇਣ ਲਈ ਨਹੀਂ ਗਿਆ। ਹਰਕਵਲਜੀਤ ਸਿੰਘ ਕਹਿੰਦੇ ਹਨ ਕਿ ਪੱਤਰਕਾਰ ਆਪਣੇ ਜ਼ਮੀਰ ਨੂੰ ਅੱਗੇ ਰੱਖ ਕੇ ਖ਼ਬਰਾਂ ਲਿਖਣ। ਬਾਕੀ ਤਾਂ ਸੰਸਾਰ ਨੇ ਚੱਲਦੇ ਹੀ ਰਹਿਣਾ ਹੈ। ਸੋ ਅੱਜ ਲਈ ਏਨਾ ਹੀ ਸਵੀਕਾਰ ਕਰਨਾ। ਕਦੇ ਫੇਰ ਲਿਖਾਂਗੇ। ਮੈਂ ਸੀਨੀਅਰ ਪੱਤਰਕਾਰ ਹਰਕਵਲਜੀਤ ਸਿੰਘ ਹੋਰਾਂ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹੋਇਆ ਉਨ੍ਹਾਂ ਨੂੰ ਮੁਹੱਬਤ ਦੇ ਫੁੱਲ ਭੇਂਟ ਕਰਦਾ ਹਾਂ। ਉਹ ਹਮੇਸ਼ਾ ਖ਼ੁਸ਼ ਰਹੇ.. ਆਮੀਨ ਗੁਰਨਾਮ ਸਿੰਘ ਅਕੀਦਾ 8146001100

No comments:

Post a Comment