Tuesday, September 27, 2022

ਪੰਜਾਬੀ ਟ੍ਰਿਬਿਊਨ ਦੇ ਫਾਊਂਡਰ ਪੱਤਰਕਾਰ ‘ਜਗਤਾਰ ਸਿੰਘ ਸਿੱਧੂ’

ਕਈ ਵਾਰੀ ਕਲਮ ਹੀ ਬੰਦੇ ਨੂੰ ਚੁਣਦੀ ਹੈ, ਜ਼ਬਰਦਸਤੀ ਹੱਥ ਵਿਚ ਫੜੀ ਕਲਮ ਵੀ ਕਈ ਵਾਰੀ ਬੰਦੇ ਨੂੰ ਮੁਸ਼ਕਲਾਂ ਵਿਚ ਪਾ ਦਿੰਦੀ ਹੈ, ਮੈਂ ਕਲਮ ਨੂੰ ‘ਸ਼ਬਦ’ ਦੀ ‘ਮਾਂ’ ਮੰਨਦਾ ਹਾਂ, ‘ਸ਼ਬਦ’ ਨੂੰ ਗੁਰੂ। ਸੋ ਸੋਚੋ ਕਲਮ ਵਿਚ ਕਿੰਨੀ ਤਾਕਤ ਹੋਵੇਗੀ ਜੋ ਸਾਡੇ ਗੁਰੂ ਨੂੰ ਸਿਰਜਦੀ ਹੈ। ਕਲਮ ਚਲਾਉਣ ਵਾਲੇ ਹੱਥ ਕੋਈ ਮਾਮੂਲੀ ਨਹੀਂ ਹੁੰਦੇ, ਸਗੋਂ ਇਹ ਹੱਥ ਵੀ ਇਲਾਹੀ ਹੁੰਦੇ ਹਨ। ਕਲਮ ਚਲਾਉਣ ਵਾਲੇ ਹੱਥਾਂ ਨੂੰ ਹਮੇਸ਼ਾ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਮੈਂ ਅਜਿਹੇ ਸ਼ਬਦ ਸਿਰਜ ਰਿਹਾ ਹਾਂ ਜਿਸ ਨਾਲ ਸਮਾਜ, ਕੌਮ, ਦੇਸ਼ ਦੀ ਭਲਾਈ ਹੀ ਹੋਣੀ ਚਾਹੀਦੀ ਹੈ। ਗ਼ਲਤ ਸਿਰਜੇ ਗਏ ਸ਼ਬਦ ਕਲਮ ਫੜਨ ਵਾਲੇ ਹੱਥਾਂ ਨੂੰ ਨੁਕਸਾਨ ਵੀ ਪਹੁੰਚਾਉਂਦੇ ਦੇਖੇ ਗਏ ਹਨ। ਅੱਜ ਮੈਂ ਗੱਲ ਕਰ ਰਿਹਾ ਹਾਂ ਸੱਚੀ ਸੁੱਚੀ ਸੋਚ ਤੇ ਪਾਕ ਪਵਿੱਤਰ ਹੱਥਾਂ ਨਾਲ ਕਲਮ ਚਲਾਉਣ ਉੱਘੇ ਤੇ ਸੀਨੀਅਰ ਪੱਤਰਕਾਰ ‘ਜਗਤਾਰ ਸਿੰਘ ਸਿੱਧੂ’ ਹੋਰਾਂ ਦੀ। ਜਗਤਾਰ ਸਿੰਘ ਸਿੱਧੂ ਨੂੰ ਮੈਂ ਨੇੜਿਓਂ ਵੀ ਜਾਣਦਾ ਹਾਂ ਤੇ ਉਨ੍ਹਾਂ ਦੀ ਕਲਮ ਦਾ ਵੀ ਕਾਇਲ ਰਿਹਾ ਹਾਂ। ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਰੂਪਾ ਵਿਚ 4 ਦਸੰਬਰ 1952 ਨੂੰ ਜਨਮੇ ਜਗਤਾਰ ਸਿੰਘ ਸਿੱਧੂ ਨੂੰ ਵੀ ਕਲਮ ਨੇ ਚੁਣਿਆ ਤੇ ਕਲਮ ਨਾਲ ਉਸ ਨੇ ਪੂਰੀ ਇਮਾਨਦਾਰੀ ਨਿਭਾਈ ਤੇ ਸਮਾਜ ਦੇਸ਼ ਕੌਮ ਦੇ ਭਲੇ ਲਈ ਕਲਮ ਚਲਾਈ। ਬਾਪੂ ਸ. ਦਰਸ਼ਨ ਸਿੰਘ ਹੋਰੀਂ ਕਿਸਾਨੀ ਨਾਲ ਸਬੰਧਿਤ ਸਨ ਤੇ ਮਾਤਾ ਗੁਰਚਰਨ ਕੌਰ ਨੇ ਆਪਣੇ ਪੁੱਤ ਨੂੰ ਕਿਸਾਨਾਂ ਵਾਂਗ ਹੀ ਪਾਲਿਆ। ਸੱਚੇ ਕਿਸਾਨ ਦਾ ਪੁੱਤ ਜੇਕਰ ਹੱਲ੍ਹ ਫੜਦਾ ਹੈ ਤਾਂ ਵੀ ਸਮਾਜ ਦੇ ਭਲੇ ਲਈ, ਜੇਕਰ ਕਲਮ ਫੜਦਾ ਹੈ ਤਾਂ ਵੀ ਸਮਾਜ ਦੇ ਭਲੇ ਲਈ, ਉਸੇ ਤਰ੍ਹਾਂ ਕੀਤਾ ਜਗਤਾਰ ਸਿੰਘ ਸਿੱਧੂ ਨੇ। ਪੱਤਰਕਾਰੀ ਦੀ ਸ਼ੁਰੂਆਤ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਿਕਲਣ ਵਾਲੇ ‘ਚੰਗੀ ਖੇਤੀ’ ਮੈਗਜ਼ੀਨ ਰਾਹੀਂ ਕੀਤੀ। ਉੱਧਰ ਪੰਜਾਬੀ ਟ੍ਰਿਬਿਊਨ ਦੀ ਸ਼ੁਰੂਆਤ ਹੋਣੀ ਸੀ। ਸ. ਸਿੱਧੂ ਹੋਰੀਂ ਚੰਡੀਗੜ੍ਹ ਵਿਚ ਆ ਗਏ ਤੇ ਜੁਲਾਈ 1978 ਵਿਚ ਜਗਤਾਰ ਸਿੰਘ ਸਿੱਧੂ ਨੇ ਪੰਜਾਬੀ ਟ੍ਰਿਬਿਊਨ ਜੁਆਇਨ ਕਰ ਲਿਆ। ਪੰਜਾਬੀ ਟ੍ਰਿਬਿਊਨ 15 ਅਗਸਤ 1978 ਨੂੰ ਸ਼ੁਰੂ ਹੋਇਆ। ਪੰਜਾਬੀ ਟ੍ਰਿਬਿਊਨ ਦੇ ਪਹਿਲੇ ਸੰਪਾਦਕ ਸ.ਬਰਜਿੰਦਰ ਸਿੰਘ ਹਮਦਰਦ (ਅੱਜ ਅਜੀਤ ਅਖ਼ਬਾਰ ਦੇ ਮਾਲਕ) ਬਣੇ। ਉਸ ਵੇਲੇ ਟ੍ਰਿਬਿਊਨ ਸਮੂਹ ਦੇ ਮੁੱਖ ਸੰਪਾਦਕ ਸ੍ਰੀ ਪ੍ਰੇਮ ਭਾਟੀਆ ਹੋਰੀਂ ਸਨ। ਜਗਤਾਰ ਸਿੰਘ ਸਿੱਧੂ ਨੇ ਆਪਣੀ ਕਲਮ ਬੜੀ ਇਮਾਨਦਾਰੀ ਤੇ ਲੋਕ ਹਿਤ ਵਿਚ ਚਲਾਈ। ਉਨ੍ਹਾਂ ਨੇ ਗੁਲਜ਼ਾਰ ਸਿੰਘ ਸੰਧੂ, ਗੁਰਬਚਨ ਸਿੰਘ ਭੁੱਲਰ, ਹਰਭਜਨ ਸਿੰਘ ਹਲਵਾਰਵੀ, ਸ਼ਿੰਗਾਰਾ ਸਿੰਘ ਭੁੱਲਰ, ਸਿੱਧੂ ਦਮਦਮੀ ਤੇ ਵਰਿੰਦਰ ਵਾਲੀਆ ਹੋਰਾਂ ਦੇ ਸੰਪਾਦਕ ਹੁੰਦੇ ਹੋਏ ਆਪਣੀ ਕਲਮ ਚਲਾਈ ਤੇ ਉਹ ‌ਨਿਊਜ਼ ਟੀਮ ਦੇ ਸੀਨੀਅਰ ਐਡੀਟਰ (ਸੀਨੀਅਰ ਸਟਾਫ਼ ਰਿਪੋਰਟਰ) ਵਜੋਂ ਸੇਵਾ ਮੁਕਤ ਹੋਏ। -ਖਾੜਕੂਵਾਦ ਦੇ ਦੌਰ ਵਿਚ ਕੀਤੀ ਪੱਤਰਕਾਰੀ ਜਗਤਾਰ ਸਿੰਘ ਸਿੱਧੂ ਦੱਸਦੇ ਹਨ ਕਿ ਖਾੜਕੂਵਾਦ ਦੇ ਦੌਰ ਵਿਚ ਪੱਤਰਕਾਰੀ ਕਰਨਾ ਬੜਾ ਮੁਸ਼ਕਿਲ ਤੇ ਜੋਖ਼ਮ ਭਰਿਆ ਕੰਮ ਸੀ। ਪਰ ਸਾਡਾ ਧਰਮ ਸੀ ਕਿ ਪੱਤਰਕਾਰੀ ਨੂੰ ਹਰ ਹੀਲੇ ਨਿਭਾਇਆ ਜਾਵੇ। ਖਾੜਕੂਆਂ ਦਾ ਦਬਾਅ ਵੱਖਰਾ ਤੇ ਪੁਲੀਸ ਦਾ ਦਬਾਅ ਵੱਖਰਾ। ਚੱਕੀ ਦੇ ਦੋ ਪੁੜ ਸਨ ਉਸ ਵੇਲੇ ਪੱਤਰਕਾਰਾਂ ਲਈ ਖਾੜਕੂ ਤੇ ਪੁਲੀਸ ਵਾਲੇ। ਕਈ ਵਾਰੀ ਖਾੜਕੂਆਂ ਦਾ ਰਾਤ ਨੂੰ ਦੋ ਵਜੇ ਸੁਨੇਹਾ ਆ ਜਾਣਾ ਕਿ ਇਸੇ ਵੇਲੇ ਹੀ ਖ਼ਬਰ ਲਿਖੋ ਤੇ ਕੱਲ੍ਹ ਦੇ ਅਖ਼ਬਾਰ ਵਿਚ ਇਹ ਖ਼ਬਰ ਆਉਣੀ ਚਾਹੀਦੀ ਹੈ। ਖਾੜਕੂਆਂ ਦੇ ਸੁਨੇਹਾ ਸਾਡੇ ਘਰਾਂ ਤੱਕ ਵੀ ਆਉਂਦੇ ਸਨ। ਜੇਕਰ ਕੋਈ ਖਾੜਕੂਆਂ ਦਾ ਸੁਨੇਹਾ ਲੈ ਕੇ ਆਉਂਦਾ ਸੀ ਤਾਂ ਸਾਡੇ ਬੱਚੇ ਕਹਿੰਦੇ ‘ਜ਼ਿੰਮੇਵਾਰੀ ਵਾਲੇ ਆਏ ਸੀ, ਜ਼ਿੰਮੇਵਾਰੀ ਦੇ ਕੇ ਗਏ ਨੇ’ ਭਾਵ ਕਿ ਕੌਣ ਮਾਰਿਆ ਗਿਆ ਹੈ ਕਿਸ ਗਰੁੱਪ ਨੇ ਮਾਰਿਆ ਹੈ ਖਾੜਕੂ ਧਿਰਾਂ ਉਸ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਕੇ ਪੱਤਰਕਾਰਾਂ ਨੂੰ ਹੀ ਦੱਸਿਆ ਕਰਦੇ ਸਨ। ਕਈ ਵਾਰੀ ਸਾਨੂੰ ਖਾੜਕੂ ਗੁਪਤ ਰੂਪ ਵਿਚ ਲੈ ਜਾਂਦੇ ਤੇ ਪ੍ਰੈੱਸ ਕਾਨਫ਼ਰੰਸ ਕਰਦੇ, ਪ੍ਰੈੱਸ ਕਾਨਫ਼ਰੰਸ ਵੇਲੇ ਹਰ ਪੱਖੋਂ ਡਰ ਹੁੰਦਾ ਕਿ ਕਿਤੇ ਇੱਥੇ ਖਾੜਕੂਆਂ ਵੱਲੋਂ ਨਾ ਸਾਡੇ ਨਾਲ ਕੁਝ ਮਾੜਾ ਕੀਤਾ ਜਾਵੇ ਜਾਂ ਫਿਰ ਪੁਲੀਸ ਨਾ ਆ ਜਾਵੇ, ਦੋਵਾਂ ਪੱਖਾਂ ਤੋਂ ਅਸੀਂ ਬੜੇ ਪ੍ਰੇਸ਼ਾਨ ਰਹਿੰਦੇ ਸਾਂ ਪਰ ਪੱਤਰਕਾਰੀ ਕਰਨੀ ਹੈ ਤਾਂ ਕਰਨੀ ਹੀ ਹੈ। ਜਗਤਾਰ ਸਿੰਘ ਸਿੱਧੂ ਨੇ ਕਿਹਾ ਕਿ ਇਕ ਦਿਨ ਖਾੜਕੂ ਸਾਨੂੰ ਲੁਧਿਆਣਾ ਲੈ ਗਏ। ਉਸ ਵੇਲੇ ਉੱਘੇ ਪੱਤਰਕਾਰ ਬਲਜੀਤ ਬੱਲੀ ਵੀ ਸਾਡੇ ਨਾਲ ਹੀ ਸੀ। ਪਰ ਸਾਨੂੰ ਆਮ ਵਾਂਗ ਖਾੜਕੂਆਂ ਨੇ ਕਿਹਾ ਕਿ ਇਹ ਪ੍ਰੈੱਸ ਕਾਨਫ਼ਰੰਸ ਲੁਧਿਆਣਾ ਹੋਈ ਨਾ ਲਿਖਣਾ ਸਗੋਂ ਇਹ ਪ੍ਰੈੱਸ ਕਾਨਫ਼ਰੰਸ ਅੰਬਾਲਾ ਹੋਈ ਹੀ ਲਿਖਣਾ। ਇਹ ਆਮ ਹੁੰਦਾ ਸੀ ਕਿ ਪ੍ਰੈੱਸ ਕਾਨਫ਼ਰੰਸ ਹੁੰਦੀ ਕਿਤੇ ਹੋਰ ਸੀ ਪਰ ਅਖ਼ਬਾਰ ਵਿਚ ‘ਡੇਟ ਲਾਈਨ’ ਕਿਤੇ ਹੋਰ ਦੀ ਹੁੰਦੀ। ਇਹ ਇਸ ਕਰਕੇ ਹੁੰਦਾ ਸੀ ਕਿ ਖਾੜਕੂਆਂ ਦੇ ਠਿਕਾਣੇ ਦਾ ਪਤਾ ਨਾ ਲੱਗ ਜਾਵੇ। ਉਸ ਵੇਲੇ ਇੰਜ ਹੋਇਆ ਕਿ ਪੱਤਰਕਾਰ ਬਲਜੀਤ ਬੱਲੀ ਦਾ ਰਿਸ਼ਤੇਦਾਰ ਅੰਬਾਲੇ ਵਿਚ ਮਾਰ ਦਿੱਤਾ ਗਿਆ ਤਾਂ ਸਾਨੂੰ ਪੁਲੀਸ ਨੇ ਵਾਰ ਵਾਰ ਪੁੱਛਿਆ ਕਿ ਤੁਸੀਂ ਪ੍ਰੈੱਸ ਕਾਨਫ਼ਰੰਸ ਅੰਬਾਲੇ ਕਰਕੇ ਆਏ ਸੀ ਦਸੋ ਕੌਣ ਕੌਣ ਖਾੜਕੂ ਸੀ ਤਾਂ ਸਾਨੂੰ ਦੱਸਣਾ ਪਿਆ ਕਿ ਅਸੀਂ ਤਾਂ ਪ੍ਰੈੱਸ ਕਾਨਫ਼ਰੰਸ ਲੁਧਿਆਣਾ ਕਰਕੇ ਆਏ ਸੀ। ਇਕ ਦਿਨ ਕੀ ਹੋਇਆ ਕਿ ਮੇਰੇ ਘਰ ਮੈਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਦਾ ਜੌਂਗਾ ਭਰ ਕੇ ਪੁਲੀਸ ਆ ਗਈ। ਮੈਂ ਕਿਹਾ ਕਿ ਇੰਜ ਤੁਸੀਂ ਕਿਸੇ ਪੱਤਰਕਾਰ ਨੂੰ ਕਿਵੇਂ ਗ੍ਰਿਫ਼ਤਾਰ ਕਰ ਸਕਦੇ ਹੋ? ਤਾਂ ਉਹ ਜ਼ਬਰਦਸਤੀ ਕਰਨ ਲੱਗੇ ਤਾਂ ਅਸੀਂ ਗੁਆਂਢੀਆਂ ਨੂੰ ਕਹਿ ਦਿੱਤਾ ਕਿ ਜੇਕਰ ਸਾਨੂੰ ਪੁਲੀਸ ਚੁੱਕ ਕੇ ਲੈ ਜਾਂਦੀ ਹੈ ਤਾਂ ਇਸ ਬਾਰੇ ਦੱਸ ਦੇਣਾ। ਮੈਂ ਜਦੋਂ ਵਾਰ ਵਾਰ ਉਨ੍ਹਾਂ ਨੂੰ ਪੁੱਛਿਆ ਕਿ ਅਸਲ ਵਿਚ ਕੀ ਕਾਰਨ ਹੈ ਤੇ ਪੁਲੀਸ ਕਿਸ ਥਾਣੇ ਦੀ ਹੈ ਤਾਂ ਉਨ੍ਹਾਂ ਕਿਹਾ ਕਿ ਅਸੀਂ ਫਗਵਾੜਾ ਥਾਣੇ ਤੋਂ ਆਏ ਹਾਂ, ਤੁਹਾਨੂੰ ਐਸਐਚਓ ਨੇ ਬੁਲਾਇਆ ਹੈ। ਕਿਉਂਕਿ ਇਕ ਖਾੜਕੂ ਦੀ ਜੇਬ ਵਿਚੋਂ ਨਿਕਲੀ ਇਕ ਪਰਚੀ ਤੇ ਤੁਹਾਡਾ ਨਾਮ ਲਿਖਿਆ ਸੀ। ਤਾਂ ਮੈਂ ਕਿਹਾ ਕਿ ਮੇਰਾ ਨਾਮ ਤਾਂ ਕਿਸੇ ਵੀ ਖਾੜਕੂ ਕੋਲੋਂ ਮਿਲ ਸਕਦਾ ਹੈ, ਇਸ ਦਾ ਭਾਵ ਇਹ ਥੋੜ੍ਹਾ ਹੈ ਕਿ ਮੈਂ ਖਾੜਕੂਆਂ ਨਾਲ ਮਿਲਿਆ ਹੋਇਆ ਹਾਂ। ਕਾਫੀ ਸੋਚਣ ਤੇ ਕਾਫੀ ਸਮਾਂ ਵਿਚਾਰਾਂ ਕਰਨ ਤੋਂ ਬਾਅਦ ਮੈਨੂੰ ਉਹ ਛੱਡ ਗਏ, ਪਰ ਨਾਲ ਹੀ ਮੈਨੂੰ ਪੁੱਛਣ ਲੱਗੇ ਕਿ ਪੱਤਰਕਾਰ ਸੁਖਦੇਵ ਸਿੰਘ ਪਟਵਾਰੀ ਦਾ ਘਰ ਦੱਸੋ। ਮੈਂ ਕਿਹਾ ਜਿਸ ਚੌਕੀਦਾਰ ਨੇ ਮੇਰਾ ਘਰ ਦੱਸਿਆ ਸੀ ਉਸੇ ਚੌਕੀਦਾਰ ਤੋਂ ਤੁਸੀਂ ਸੁਖਦੇਵ ਸਿੰਘ ਪਟਵਾਰੀ ਦਾ ਘਰ ਵੀ ਪੁੱਛ ਲੈਣਾ। -ਬੇਅੰਤ ਸਿੰਘ ਬੰਬ ਕਾਂਡ ਮੌਕੇ ਪੁੱਜਿਆ ਪਹਿਲਾ ਪੱਤਰਕਾਰ ਜਦੋਂ ਸਕੱਤਰੇਤ ਚੰਡੀਗੜ੍ਹ ਵਿਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਨਾਲ ਉਡਾਇਆ ਗਿਆ ਤਾਂ ਉਸ ਵੇਲੇ ਸਭ ਤੋਂ ਪਹਿਲਾਂ ਮੌਕੇ ਤੇ ਪੁੱਜਣ ਵਾਲਾ ਪੱਤਰਕਾਰ ਜਗਤਾਰ ਸਿੰਘ ਸਿੱਧੂ ਹੀ ਸੀ। ਸ. ਸਿੱਧੂ ਦੱਸਦੇ ਹਨ ਕਿ ਮੈਂ ਮੌਕਾ ਦੇਖਿਆ। ਲੋਕ ਤਾਂ ਦੂਰ ਭੱਜ ਰਹੇ ਸਨ ਪਰ ਮੈਂ ਬੰਬ ਕਾਂਡ ਵਾਲੀ ਥਾਂ ਵੱਲ ਦੌੜ ਰਿਹਾ ਸਾਂ। ਮੈਂ ਬੇਅੰਤ ਸਿੰਘ ਦੀ ਲਾਸ਼ ਦੇ ਲੋਥੜੇ ਕਾਰ ਵਿਚ ਦੇਖੇ,ਜਿਵੇਂ ਕਾਰ ਵਿਚ ਲਾਲ ਰੰਗ ਦੀ ਕਰੀਮ ਪਈ ਹੁੰਦੀ ਹੈ, ਸੁਰੱਖਿਆ ਗਾਰਦਾਂ ਦੀਆਂ ਖ਼ੂਨ ਨਾਲ ਲੱਥਪੱਥ ਲਾਸ਼ਾਂ ਦੇਖੀਆਂ। ਬੇਅੰਤ ਸਿੰਘ ਦੀ ਲਾਸ਼ ਕੋਲ ਸਭ ਤੋਂ ਪਹਿਲਾਂ ਸ਼ਮਸ਼ੇਰ ਸਿੰਘ ਦੂਲੋ ਆਇਆ ਸੀ। ਦਹਿਸ਼ਤ ਦਾ ਮਾਹੌਲ ਸੀ, ਦੁਖਦਾਈ ਮਾਹੌਲ ਸੀ। ਪਰ ਮੈਂ ਪੱਤਰਕਾਰੀ ਕਰ ਰਿਹਾ ਸੀ। ਮੇਰੀ ਉਸ ਦਿਨ ਪੰਜਾਬੀ ਟ੍ਰਿਬਿਊਨ ਵਿਚ ਅੱਠ ਕਾਲਮੀ ਖ਼ਬਰ ਛਪੀ। ਸਿੱਧੂ ਇਹ ਵੀ ਕਹਿੰਦੇ ਹਨ ਕਿ ਮੈਂ ਉਹ ਵੀ ਦੇਖਿਆ ਕਿ ਕੰਧ ਦੇ ਇਕ ਪਾਸੇ ਬੇਅੰਤ ਸਿੰਘ ਦੀ ਮੌਤ ਦਾ ਸੋਗ ਪਿਆ ਸੀ ਤੇ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ, ਕੰਧ ਦੇ ਦੂਜੇ ਪਾਸੇ ਹਰਚਰਨ ਸਿੰਘ ਬਰਾੜ ਨੂੰ ਮੁੱਖ ਮੰਤਰੀ ਬਣਾਏ ਜਾਣ ਦੀਆਂ ਵਧਾਈਆਂ ਵੀ ਮਿਲ ਰਹੀਆਂ ਸਨ। -ਧਮਕੀਆਂ ਖਾੜਕੂਆਂ ਦੀਆਂ ਚਿੱਠੀਆਂ ਆਉਂਦੀਆਂ ਸਨ, ਕੁਝ ਧਮਕੀਆਂ ਦੀਆਂ ਵੀ ਹੁੰਦੀਆਂ ਸਨ। ਕਿਸੇ ਗਰੁੱਪ ਦੀ ਖ਼ਬਰ ਵੱਡੀ ਲੱਗ ਗਈ ਤਾਂ ਵੀ ਕਿਸੇ ਦੀ ਛੋਟੀ ਲੱਗ ਗਈ ਤਾਂ ਵੀ, ਧਮਕੀਆਂ ਆ ਹੀ ਜਾਂਦੀਆਂ ਸਨ, ਇਕ ਧਮਕੀ ਦਾ ਜ਼ਿਕਰ ਕਰਦਿਆਂ ਜਗਤਾਰ ਸਿੰਘ ਸਿੱਧੂ ਕਹਿੰਦੇ ਹਨ ਕਿ ਚਿੱਠੀ ਬੜੀ ਕਹਿਰ ਭਰੀ ਸੀ ਤੇ ਮੈਨੂੰ ਸਬਕ ਸਿਖਾਉਣ ਲਈ ਕਿਹਾ ਗਿਆ ਸੀ, ਮੈਨੂੰ ਕਿਹਾ ਗਿਆ ਸੀ ਕਿ ‘ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈਂ’ ਇਹ ਚਿੱਠੀ ਮੈਂ ਮੌਕੇ ਤੇ ਸੰਪਾਦਕ ਹਰਭਜਨ ਹਲਵਾਰਵੀ ਹੋਰਾਂ ਨੂੰ ਦਿਖਾਈ। ਸ. ਹਲਵਾਰਵੀ ਹੋਰੀਂ ਇਹ ਚਿੱਠੀ ਦੇਖ ਕੇ ਭੈਭੀਤ ਹੋਏ ਤਾਂ ਗੱਲ ਮੁੱਖ ਸੰਪਾਦਕ ਸ੍ਰੀ ਨਰਾਇਣਨ ਹੋਰਾਂ ਤੱਕ ਪੁੱਜੀ ਤਾਂ ਉਨ੍ਹਾਂ ਨੇ ਬਿਊਰੋ ਦੀ ਮੀਟਿੰਗ ਬੁਲਾ ਲਈ। ਸਾਨੂੰ ਸੁਰੱਖਿਆ ਲੈਣ ਲਈ ਕਿਹਾ ਗਿਆ। ਪਰ ਅਸੀਂ ਕਿਹਾ ਕਿ ਫੇਰ ਤਾਂ ਸਾਡੇ ਲਈ ਜਮਾਂ ਹੀ ਔਖਾ ਹੋ ਜਾਏਗਾ। ਅਸੀਂ ਸੁਰੱਖਿਆ ਲੈਣ ਤੋਂ ਨਾਂਹ ਕਰ ਦਿੱਤੀ। ਪਰ ਉਸ ਦਿਨ ਮੁੱਖ ਸੰਪਾਦਕ ਤੇ ਸੰਪਾਦਕ ਸਾਹਿਬਾਨ ਨੇ ਇਹ ਫ਼ੈਸਲਾ ਕੀਤਾ ਕਿ ਅੱਜ ਤੋਂ ਬਾਅਦ ‘ਬਾਇ ਲਾਈਨ’ ਖ਼ਬਰ ਤੇ ਨਹੀਂ ਦਿੱਤੀ ਜਾਵੇਗੀ। ਭਾਵ ਕੇ ਖ਼ਬਰ ਤੇ ਪੱਤਰਕਾਰ ਦਾ ਨਾਮ ਨਹੀਂ ਪਾਇਆ ਜਾਵੇਗਾ। ਉਸ ਦਿਨ ਤੋਂ ਸਾਡਾ ਨਾਮ ‘ਬਿਊਰੋ’ ਵਜੋਂ ਹੀ ਲਿਖਿਆ ਜਾਣ ਲੱਗ ਪਿਆ। -ਅਦਾਲਤੀ ਕਾਰਵਾਈ ਜਾਂ ਕਾਨੂੰਨੀ ਨੋਟਿਸ ਜਗਤਾਰ ਸਿੰਘ ਸਿੱਧੂ ਇਹ ਗੱਲ ਬੜੇ ਮਾਣ ਨਾਲ ਕਹਿੰਦੇ ਹਨ ਕਿ ਉਸ ਨੂੰ ਕਦੇ ਵੀ ਇਕ ਵੀ ਕਾਨੂੰਨੀ ਨੋਟਿਸ ਨਹੀਂ ਆਇਆ ਨਾ ਹੀ ਉਸ ਨੂੰ ਕਿਸੇ ਖ਼ਬਰ ਕਰਕੇ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ। -ਪਰਵਾਰ ਵਿਚ ਇਕ ਬੇਟਾ ਅਭੀਨਵ ਸਿੱਧੂ ਹੈ ਜੋ ਐਮਾਜ਼ੋਨ ਦੇ ਸਾਊਥ ਇੰਡੀਆ ਦੇ ਸਾਰੇ ਸੂਬਿਆਂ ਦਾ ਹੈੱਡ ਹੈ। ਬੇਟੀ ਪਟਿਆਲਾ ਵਿਚ ਜੌਬ ਕਰਦੀ ਹੈ। ਜਗਤਾਰ ਸਿੰਘ ਸਿੱਧੂ ਅੱਜ ਕੱਲ੍ਹ ਗਲੋਬਲ ਪੰਜਾਬ ਟੀਵੀ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਦੇ ਬ੍ਰੋਡਕਾਸਟਰ ਹਨ। ਸ. ਜਗਤਾਰ ਸਿੰਘ ਸਿੱਧੂ ਦੇ ਪੱਤਰਕਾਰ ਜੀਵਨ ਤੇ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ ਪਰ ਅੱਜ ਏਨਾ ਹੀ ਸਵੀਕਾਰ ਕਰਨਾ। ਮੈਂ ਅਜਿਹੀ ਸਾਫ਼ ਸੁਥਰੀ ਕਲਮ ਨੂੰ ਸਜਦਾ ਕਰਦਾ ਹਾਂ ਸਦਾ ਤੰਦਰੁਸਤ ਰਹਿਣ ਤੇ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ... ਆਮੀਨ! ਗੁਰਨਾਮ ਸਿੰਘ ਅਕੀਦਾ 8146001100

No comments:

Post a Comment