Thursday, October 13, 2022
ਸਹਿਜਤਾ ਨਾਲ ਪੱਤਰਕਾਰੀ ਕਰਨ ਵਾਲਾ ਮਸਤ ਮੌਲਾ ਪੱਤਰਕਾਰ ‘ਜਸਵਿੰਦਰ ਸਿੰਘ ਦਾਖਾ’
ਪੱਤਰਕਾਰ ਨੂੰ ਭਾਂਤ ਭਾਂਤ ਦੀ ਦੁਨੀਆ ਮਿਲਦੀ ਹੈ, ਪੱਤਰਕਾਰ ਨੂੰ ਪ੍ਰਭਾਵ ਵਿਚ ਲੈਣ ਲਈ ਵੱਖ ਵੱਖ ਮਨਮੋਹਣੇ ਤਰੀਕੇ ਵੀ ਅਪਣਾਏ ਜਾਂਦੇ ਹਨ। ਹੋਟਲਾਂ ਵਿਚ ਪਾਰਟੀਆਂ, ਮਹਿੰਗੇ ਬਰੈਂਡ ਦੀਆਂ ਸ਼ਰਾਬਾਂ ਅਤੇ ਪੱਤਰਕਾਰ ਦੀਆਂ ਬੇਲੋੜੀਆਂ ਤਾਰੀਫ਼ਾਂ ਉਸ ਨੂੰ ਆਮ ਮਿਲਦੀਆਂ ਹਨ। ਖ਼ਬਰ ਭਾਵੇਂ ਪੜ੍ਹੀ ਵੀ ਨਾ ਹੋਵੇ ਤਾਂ ਵੀ ਪੱਤਰਕਾਰ ਕੋਲ ਉਸ ਦੀ ਖ਼ਬਰ ਦੀ ਬਿਨਾਂ ਮਤਲਬ ਤਾਰੀਫ਼ ਕਰਨਾ। ਇਹ ਆਮ ਹੈ, ਪਰ ਅਜਿਹੀਆਂ ਪਰਿਸਥਿਤੀਆਂ ਵਿਚ ਵੀ ਇਕ ਆਦਰਸ਼ਵਾਦੀ ਪੱਤਰਕਾਰ ਨਿਰਲੇਪ ਰਹਿੰਦਾ ਹੈ ‘ਕਮਲ ਦੇ ਫੁੱਲ ਵਾਂਗ’। ਜਿਵੇਂ ਚਿੱਕੜ ਵਿਚ ਜੜ੍ਹਾਂ ਫੈਲਾ ਕੇ ਪੈਦਾ ਹੋਏ ਕਮਲ ਦੇ ਫੁੱਲ ਦੀ ਆਪਣੀ ਇਕ ਦਿੱਖ ਹੁੰਦੀ ਹੈ। ਉਹ ਲੋਕਾਂ ਨੂੰ ਮਿਲੇ ਭਾਵੇਂ ਲੀਡਰਾਂ ਨੂੰ, ਪਰ ਜਦੋਂ ਉਹ ਖ਼ਬਰ ਲਿਖਣ ਬੈਠਦਾ ਹੈ ਤਾਂ ਉਸ ਉੱਤੇ ਕਿਸੇ ਦਾ ਵੀ ਪ੍ਰਭਾਵ ਹਾਵੀ ਨਹੀਂ ਹੁੰਦਾ। ਅਜਿਹੇ ਚੰਗੇ ਪੱਤਰਕਾਰਾਂ ਵਿਚੋਂ ਇਕ ਪੱਤਰਕਾਰ ਹੈ ‘ਜਸਵਿੰਦਰ ਸਿੰਘ ਦਾਖਾ’ ਜਿਸ ਨੇ ਸਹਿਜਤਾ ਵਿਚ ਰਹਿੰਦਿਆਂ ਮਸਤਮੌਲਾ ਅੰਦਾਜ਼ ਵਿਚ ਪੱਤਰਕਾਰੀ ਕੀਤੀ।
ਪਟਿਆਲਾ ਵਿਚ 16 ਨਵੰਬਰ 1959 ਨੂੰ ਜਨਮੇ ਜਸਵਿੰਦਰ ਸਿੰਘ ਦਾਖਾ ਦਾ ਪਿਛੋਕੜ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦਾਖਾ ਨਾਲ ਜੁੜਿਆ ਹੈ। ਦਾਦਾ ਸ. ਕੇਹਰ ਸਿੰਘ ਖੇਤੀਬਾੜੀ ਕਰਦੇ ਸੀ। ਪਿਤਾ ਸ. ਰਾਮ ਸਿੰਘ ਅਤੇ ਮਾਤਾ ਸ੍ਰੀਮਤੀ ਇੰਦਰਜੀਤ ਕੌਰ 1952-53 ਵਿਚ ਪਟਿਆਲਾ ਆ ਗਏ। ਪਿਤਾ ਸ. ਰਾਮ ਸਿੰਘ ਨੇ ਪਟਿਆਲਾ ਵਿਚ ਕਿਰਤ ਕਰਦਿਆਂ ਆਪਣਾ ਜੀਵਨ ਸ਼ੁਰੂ ਕੀਤਾ। ਦਾਖਾ ਹੋਰੀਂ ਇਕ ਭੈਣ ਦੇ ਤਿੰਨ ਭਰਾ ਹਨ।
-ਪੱਤਰਕਾਰੀ ਦੀ ਸ਼ੁਰੂਆਤ-
ਜਸਵਿੰਦਰ ਸਿੰਘ ਦਾਖਾ ਹੋਰੀਂ ਉਦੋਂ ਮਸਾਂ 5ਵੀਂ ਵਿਚ ਪੜ੍ਹਦੇ ਸਨ। ਉਸ ਵੇਲੇ ਇਕ ਖ਼ਬਰ ਬੜੀ ਨਸਰ ਹੋ ਰਹੀ ਸੀ ਕਿ ਦਰਸ਼ਨ ਸਿੰਘ ਫੈਰੁਮਾਨ 52 ਦਿਨਾਂ ਦੀ ਭੁੱਖ ਹੜਤਾਲ ਕਰਦੇ ਸਮੇਂ ਅਕਾਲ ਚਲਾਣਾ ਕਰ ਗਏ ਹਨ। ਅਧਿਆਪਕ ਸੁਰਿੰਦਰ ਕੌਰ ਨੇ ਕਲਾਸ ਵਿਚ ਬੱਚਿਆਂ ਨੂੰ ਆਪਣੇ ਅਨੁਸਾਰ ਲੈਕਚਰ ਦੇਣ ਲਈ ਕਿਹਾ, ਬਾਲ ਮਨ ਸੀ ਤਾਂ ਦਾਖਾ ਹੋਰਾਂ ਨੇ ਜਿਵੇਂ ਫੈਰੁਮਾਨ ਹੋਰਾਂ ਦੀ ਖ਼ਬਰ ਸੁਣੀ ਸੀ ਉਹ ਹੀ ਕਲਾਸ ਵਿਚ ਸੁਣਾ ਦਿੱਤੀ ਤਾਂ ਸੁਰਿੰਦਰ ਕੌਰ ਨੇ ਪਹਿਲੀ ਟਿੱਪਣੀ ਕੀਤੀ ਕਿ ‘ਤੂੰ ਤਾਂ ਸਾਡਾ ਰੇਡੀਓ ਹੈਂ’। ਉਸ ਤੋਂ ਬਾਅਦ ਰੇਡੀਓ ਤੇ ਇਕ ‘ਮਿਰਚ ਮਹਾਰਾਣੀ’ ਕਹਾਣੀ ਸੁਣੀ। ਉਹ ਵੀ ਦਾਖਾ ਹੋਰਾਂ ਨੇ ਆਪਣੇ ਤਰੀਕੇ ਨਾਲ ਲਿਖੀ, ਜਦੋਂ ਉਨ੍ਹਾਂ ਨੇ ਛੇਵੀਂ ਕਲਾਸ ਵਿਚ ਮਲਟੀਪਰਪਜ਼ ਸਕੂਲ ਵਿਚ ਦਾਖਲਾ ਲਿਆ ਤਾਂ ਉਸ ਵੇਲੇ ਉਹ ਸਕੂਲ ਦੇ ਮੈਗਜ਼ੀਨ ਵਿਚ ਛਪੀ।
ਪੜ੍ਹਨ ਦਾ ਸ਼ੌਕ ਹੋਣ ਕਰਕੇ ਜਿੱਥੇ ਵੀ ਕੁਝ ਅਖ਼ਬਾਰੀ ਰੂਪ ਵਿਚ ਹੁੰਦਾ ਉਹ ਪੜ੍ਹ ਲੈਂਦੇ। ਉਸ ਤੋਂ ਬਾਅਦ ਕਿਲ੍ਹਾ ਚੌਂਕ ਵਿਚ ਆਰਜੇਡੀਸੀ ਨਾਮ ਦੀ ਇਕ ਲਾਇਬ੍ਰੇਰੀ ਹੁੰਦੀ ਸੀ ਉਸ ਦੀ ਮੈਂਬਰਸ਼ਿਪ ਹਾਸਲ ਕਰ ਲਈ, ਨਾਲ ਹੀ ਸੈਂਟਰ ਸਟੇਟ ਲਾਇਬ੍ਰੇਰੀ ਪਟਿਆਲਾ ਦੀ ਮੈਂਬਰਸ਼ਿਪ ਵੀ ਹਾਸਲ ਕਰ ਲਈ। ਉਸ ਤੋਂ ਬਾਅਦ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ। ਪੜਾਈ ਦੇ ਨਾਲ ਨਾਲ ਜਾਣਕਾਰੀ ਨਾਲ ਸਬੰਧਿਤ ਤੇ ਹੋਰ ਵੱਖ ਵੱਖ ਵਿਧਾਵਾਂ ਦੀਆਂ ਕਿਤਾਬਾਂ ਪੜ੍ਹਦੇ ਰਹਿੰਦੇ।
ਜਦੋਂ ਦਾਖਾ ਹੋਰੀਂ ਬੀਏ ਭਾਗ ਪਹਿਲਾ ਵਿਚ ਸਨ ਤਾਂ ਇਕ ਮੁੰਡਾ ਰਮੇਸ਼ ਬਾਲਾ ਉਨ੍ਹਾਂ ਨੂੰ ਰਣਜੀਤ ਅਖ਼ਬਾਰ ਵਿਚ ਲੈ ਗਿਆ। ਇੱਥੇ ਸੰਪਾਦਕ ਰਣਜੀਤ ਸਿੰਘ ਮਨੀ ਨੇ ਦਾਖਾ ਹੋਰਾਂ ਨੂੰ ਬਤੌਰ ਸਬ ਐਡੀਟਰ ਰੱਖ ਲਿਆ। ਉਸ ਵੇਲੇ ਰੇਡੀਓ ਤੋਂ ‘ਧੀਮੀ ਗਤੀ ਕੇ ਸਮਾਚਾਰ’ ਹਿੰਦੀ ਵਿਚ ਆਇਆ ਕਰਦੇ ਸੀ ਤਾਂ ਉਹ ਸਮਾਚਾਰ ਦੇ ਬੁਲੇਟਿਨ ਦਾ ਪੰਜਾਬੀ ਵਿਚ ਅਨੁਵਾਦ ਕਰਕੇ ਦਾਖਾ ਹੋਰੀਂ ਅਖ਼ਬਾਰ ਵਿਚ ਦੇ ਦਿੰਦੇ, ਇਹ ਕੰਮ ਉਨ੍ਹਾਂ ਦਾ ਸਿਰਫ਼ 15 ਕੁ ਮਿੰਟ ਦਾ ਹੁੰਦਾ ਸੀ। ਇਸ ਵੇਲੇ ਰਣਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਐੱਚ ਐੱਸ ਮਿਹਰ ਸਿੰਘ ਹੁੰਦੇ ਸੀ, ਉਨ੍ਹਾਂ ਨੇ ਦਾਖਾ ਹੋਰਾਂ ਦਾ ਕੰਮ ਦੇਖਿਆ, ਉਹ ਕਹਿਣ ਲੱਗੇ ਕਿ ‘ਤੂੰ 15 ਮਿੰਟਾਂ ਵਿਚ ਆਪਣਾ ਕੰਮ ਨਬੇੜ ਕੇ ਤੇ ਤਨਖ਼ਾਹ ਪੂਰੀ ਲੈ ਲੈਂਦਾ ਹੈਂ, ਇਹ ਤਾਂ ਪ੍ਰੈੱਸ ’ਤੇ ਭਾਰ ਹੈ’ ਅਜਿਹੀ ਗੱਲ ਜਸਵਿੰਦਰ ਸਿੰਘ ਦਾਖਾ ਹੋਰਾਂ ਨੂੰ ਚੰਗੀ ਨਾ ਲੱਗੀ ਤਾਂ ਉਨ੍ਹਾਂ ਰਣਜੀਤ ਅਖ਼ਬਾਰ ਛੱਡ ਦਿੱਤੀ। ਉਸ ਤੋਂ ਬਾਅਦ ਜਗਜੀਤ ਸਿੰਘ ਦਰਦੀ ਹੋਰਾਂ ਵੱਲੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਅਖ਼ਬਾਰ ‘ਚੜ੍ਹਦੀਕਲਾ’ ਵਿਚ ਬਤੌਰ ‘ਸਬ ਐਡੀਟਰ’ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉੱਥੇ ਵੀ ਬਹੁਤਾ ਚਿਰ ਮਨ ਨਹੀਂ ਲੱਗਾ ਤਾਂ ਪਟਿਆਲਾ ਵਿਚੋਂ ਹੀ ਮੋਹਨ ਸਿੰਘ ਪ੍ਰੇਮ ਵੱਲੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ ‘ਨਵਾਂ ਸਵੇਰ’ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਇਸ ਦੇ ਨਾਲ ਹੀ ਇਕ ਰਾਮਪੁਰਾ ਫੂਲ ਦਾ ਮੁੰਡਾ ਹੁੰਦਾ ਸੀ ਜਸਬੀਰ ਸਿੰਘ ਜੱਸੀ, ਉਸ ਨੇ ਦਾਖਾ ਹੋਰਾਂ ਨੂੰ ਆਪਣੇ ਕੋਲ ਪਿਆ ਕੈਮਰਾ ਦੇ ਦਿੱਤਾ। ਉਹ ਕੈਮਰਾ ਲੈ ਕੇ ਸਨੌਰ ਜਾ ਰਹੇ ਸਨ ਕਿ ਰਸਤੇ ਵਿਚ ਗੱਡੀ ਲੋਹਾਰ ਬੈਠੇ ਸੀ, ਉੱਥੇ ਇਕ ਪੱਤਰਕਾਰ ਦੀ ਨਜ਼ਰ ਨੇ ਕੰਮ ਕੀਤਾ, ਗੱਡੀ ਲੋਹਾਰਾਂ ਦੀ ਇਕ ਔਰਤ ਹੁੱਕਾ ਪੀ ਰਹੀ ਸੀ, ਉਸ ਦਾ ਇਕ ਬੱਚਾ ਉਸ ਔਰਤ ਦੀਆਂ ਛਾਤੀਆਂ ਚੋਂ ਦੁੱਧ ਚੁੰਘ ਰਿਹਾ ਸੀ ਤੇ ਇਕ ਨੰਗਾ ਬੱਚਾ ਕੋਲ ਖੜ੍ਹਾ ਸੀ, ਇਹ ਫ਼ੋਟੋ ਆਪਣੇ ਕੈਮਰੇ ਵਿਚ ਦਾਖਾ ਹੋਰਾਂ ਨੇ ਕੈਦ ਕਰ ਲਈ ਤੇ ਉਸ ਔਰਤ ਨੂੰ ਦੋ ਰੁਪਏ ਵੀ ਦੇ ਦਿੱਤੇ। ਇਹ ਫ਼ੋਟੋ ਉਨ੍ਹਾਂ ਪੰਜਾਬੀ ਟ੍ਰਿਬਿਊਨ ਵਿਚ ਭੇਜ ਦਿੱਤੀ, ਇਹ ਫ਼ੋਟੋ ਪੰਜਾਬੀ ਟ੍ਰਿਬਿਊਨ ਦੇ ‘ਇਹੋ ਹਮਾਰਾ ਜੀਵਣਾ’ ਕਾਲਮ ਵਿਚ ਛਪੀ ਤੇ ਉਸ ਫ਼ੋਟੋ ਤੇ ਦਾਖਾ ਹੋਰਾਂ ਨੂੰ ਪੰਜਾਬੀ ਟ੍ਰਿਬਿਊਨ ਨੇ 30 ਰੁਪਏ ਵੀ ਭੇਜੇ।
ਇਸੇ ਤਰ੍ਹਾਂ ਦਸਹਿਰੇ ਤੋਂ ਪਹਿਲਾਂ ਕਈ ਸਾਰੇ ਪਿੰਡਾਂ ਵਿਚ ਨਰਾਤਿਆਂ ਨੂੰ ਦੀਵਾਰਾਂ ਦੇ ਸਾਂਝੀ ਲਗਾਈ ਜਾਂਦੀ ਹੈ। ਉਸ ਸਾਂਝੀ ਕੋਲ ਕੁਝ ਔਰਤਾਂ ਤੇ ਕੁੜੀਆਂ ਆਰਤੀ ਵਾਂਗ ਗੀਤ ਗਾ ਰਹੀਆਂ ਸਨ, ਉਹ ਸਾਰੀ ਕਹਾਣੀ ਬਣਾ ਕੇ ਦਾਖਾ ਹੋਰਾਂ ਨੇ ਪੰਜਾਬੀ ਟ੍ਰਿਬਿਊਨ ਵਿਚ ਭੇਜ ਦਿੱਤੀ। ਪੰਜਾਬੀ ਟ੍ਰਿਬਿਊਨ ਨੇ ਇਹ ਫ਼ੋਟੋ ਫ਼ਰੰਟ ਪੇਜ ਤੇ ਛਾਪੀ ਅਤੇ ਇਸ ਫ਼ੋਟੋ ਨਾਲ ਭੇਜਿਆ ਆਰਟੀਕਲ ਅੰਦਰਲੇ ਪੇਜ ਵਿਚ ਅੱਠ ਕਾਲਮਾਂ ਦਾ ਛਾਪਿਆ। ਕੈਮਰਾ ਦੇਣ ਵਾਲਾ ਜੱਸੀ ਤੇ ਦਾਖਾ ਹੋਰੀਂ ਇਕ ਦਿਨ ਪੰਜਾਬੀ ਟ੍ਰਿਬਿਊਨ ਵਿਚ ਚਲੇ ਗਏ, ਉਸ ਵੇਲੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਹੁੰਦੇ ਸਨ। ਦਾਖਾ ਹੋਰੀਂ ਚਾਹੁੰਦੇ ਸੀ ਕਿ ਉਹ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਬਣ ਜਾਣ ਪਰ ਬਰਜਿੰਦਰ ਸਿੰਘ ਹਮਦਰਦ ਦਾਖਾ ਹੋਰਾਂ ਨੂੰ ‘ਅਜੀਤ’ ਵਿਚ ਲੈ ਗਏ।
ਅਜੀਤ ਦੇ ਪੱਤਰਕਾਰ ਬਣਨ ਤੋਂ ਬਾਅਦ ਵੀ ਦਾਖਾ ਹੋਰਾਂ ਨੂੰ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ, ਇਸ ਵੇਲੇ ਪਟਿਆਲਾ ਵਿਚ ਅਜੀਤ ਦੇ ਸਥਾਪਤ ਪੱਤਰਕਾਰ ਗਿਆਨੀ ਮੋਹਰ ਸਿੰਘ ਰੰਗ ਤੇ ਆਈ ਐੱਸ ਚਾਵਲਾ ਸਨ। ਪਟਿਆਲਾ ਵਿਚ ਪੱਤਰਕਾਰੀ ਵਜੋਂ ਪੈਰ ਜਮਾਉਣ ਵਿਚ ਸਥਾਪਤ ਪੱਤਰਕਾਰਾਂ ਵੱਲੋਂ ਕਾਫ਼ੀ ਮੁਸ਼ਕਲਾਂ ਖੜੀਆਂ ਕੀਤੀਆਂ (ਇਹ ਮੇਰੇ ਨਾਲ ਵੀ ਹੋਇਆ, ਕਦੇ ਸਾਂਝਾ ਕਰਾਂਗੇ ਪੁਰੀ ਕਹਾਣੀ)
ਉਸ ਵੇਲੇ ਪੱਤਰਕਾਰੀ ਬੜੀ ਮੁਸ਼ਕਿਲ ਕੰਮ ਹੁੰਦਾ ਸੀ, ਕਿਤੇ ਕਿਤੇ ਟੈਲੀਫ਼ੋਨ ਹੁੰਦੇ ਸਨ। ਪਹਿਲਾਂ ਕਾਲ ਬੁੱਕ ਕਰਾਉਣੀ ਪੈਂਦੀ ਸੀ, ਕਾਫ਼ੀ ਸਮਾਂ ਉਡੀਕ ਕਰਨੀ ਤੇ ਫੇਰ ਕਾਲ ਲੱਗਣੀ ਤਾਂ ਡੈਸਕ ਤੇ ਗੱਲ ਹੁੰਦੀ, ਜੇਕਰ ਖ਼ਬਰ ਜ਼ਰੂਰੀ ਹੁੰਦੀ ਤਾਂ ਫ਼ੋਨ ਤੇ ਹੀ ਸਬ ਐਡੀਟਰ ਨੂੰ ਨੋਟ ਕਰਵਾ ਦੇਣੀ। ਉਸ ਤੋਂ ਬਾਅਦ ਪਟਿਆਲਾ ਦੇ ਲੀਲ੍ਹਾ ਭਵਨ ਕੋਲ ਟੈਲੀਫ਼ੋਨ ਵਿਭਾਗ ਵਿਚ ਫੈਕਸ ਲਗਾ ਦਿੱਤੀ ਗਈ, ਪਹਿਲਾਂ ਖ਼ਬਰਾਂ ਟਾਈਪ ਕਰਨੀਆਂ ਤੇ ਫੇਰ ਖ਼ਬਰਾਂ ਫੈਕਸ ਕਰਾਉਣ ਜਾਣਾ, ਇਸ ਲਈ ਕਾਫ਼ੀ ਵਾਰ ਉਨ੍ਹਾਂ ਦੀ ਮਦਦ ਗਗਨਦੀਪ ਸਿੰਘ ਅਹੂਜਾ ਕਰਿਆ ਕਰਦੇ ਸਨ।
(ਗਗਨਦੀਪ ਸਿੰਘ ਅਹੂਜਾ ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ ਹੋਰਾਂ ਦੇ ਸਪੁੱਤਰ ਹਨ, ਜਿਨ੍ਹਾਂ ਦਾ ਪਹੁ ਫੁੱਟੀ ਅਖ਼ਬਾਰ ਪਟਿਆਲਾ ਵਿਚ ਕਾਫ਼ੀ ਚਰਚਿਤ ਸੀ, ਸਾਹਿਤ ਵਿਚ ਉਹ ਸਾਹਿਤਕ ਕਹਾਣੀਆਂ ਦਾ ਮੁਕਾਬਲਾ ਵੀ ਕਰਵਾਇਆ ਕਰਦੇ ਸਨ, ਉਨ੍ਹਾਂ ਬਾਰੇ ਜੇਕਰ ਤੱਥ ਮਿਲੇ ਤਾਂ ਇਸ ਕਿਤਾਬ ਦਾ ਹਿੱਸਾ ਜ਼ਰੂਰ ਬਣਾਵਾਂਗੇ। ਗਗਨਦੀਪ ਅਹੂਜਾ ਕਈ ਸਾਰੇ ਮੀਡੀਆ ਵਿਚ ਕੰਮ ਕਰ ਚੁੱਕੇ ਹਨ, ਯੂਐਨਆਈ, ਪੀਟੀਆਈ ਵਿਚ ਵੀ ਉਹ ਕੰਮ ਕਰ ਚੁੱਕੇ ਹਨ ਅੱਜ ਕੱਲ੍ਹ ਉਹ ਪੀਟੀਸੀ ਚੈਨਲ ਵਿਚ ਹਨ।)
ਗਗਨਦੀਪ ਸਿੰਘ ਅਹੂਜਾ ਕੋਲ ਸਕੂਟਰ ਹੁੰਦਾ ਸੀ, ਆਮ ਤੌਰ ਤੇ ਟੈਲੀਫ਼ੋਨ ਵਿਭਾਗ ਵਿਚ ਫੈਕਸ ਕਰਨ ਲਈ ਇਕ ਪੇਜ ਦਾ ਰੇਟ 20-25 ਰੁਪਏ ਹੁੰਦਾ ਸੀ। ਕਈ ਵਾਰੀ ਪੇਜ ਵਿਚਕਾਰ ਹੀ ਬੰਦ ਹੋ ਜਾਂਦਾ ਸੀ, ਵਾਰ ਵਾਰ ਕਰਨਾ ਪੈਂਦਾ ਤਾਂ ਰੁਪਏ ਵੱਧ ਜਾਂਦੇ ਸਨ, ਬੇਸ਼ੱਕ ਉਹ ਰੁਪਏ ਅਜੀਤ ਵੱਲੋਂ ਵਾਪਸ ਦੇ ਦਿੱਤੇ ਜਾਂਦੇ ਸਨ।
ਮੇਰੇ ਯਾਦ ਹੈ ਦਾਖਾ ਹੋਰਾਂ ਦਾ ਦਫ਼ਤਰ ਸ਼ੇਰਾਂਵਾਲਾ ਗੇਟ ਕੋਲ ਹੁੰਦਾ ਸੀ, ਦਫ਼ਤਰ 1992 ਵਿਚ ਖੋਲ੍ਹ ਲਿਆ ਸੀ (ਅੱਜ ਕੱਲ੍ਹ ਸ਼ੇਰਾਂ ਵਾਲਾ ਗੇਟ ਮਾਲ ਰੋਡ ਤੇ ਬਣਾ ਦਿੱਤਾ ਗਿਆ ਹੈ ਪਹਿਲਾਂ ਸ਼ੇਰਾਂ ਵਾਲਾ ਗੇਟ ਮਾਲ ਰੋਡ ਤੋਂ ਅੱਧਾ ਕੁ ਕਿੱਲੋਮੀਟਰ ਅੰਦਰ ਹੁੰਦਾ ਸੀ। ਉਹ ਗੇਟ ਖ਼ਤਮ ਕਰ ਦਿੱਤਾ ਗਿਆ, ਮਾਲ ਰੋਡ ਤੇ ਇਕ ਹੋਰ ਗੇਟ ਬਣਾ ਕੇ ਉਸ ਦੇ ਨਾਲ ਦੋ ਸ਼ੇਰ ਖੜ੍ਹਾ ਦਿੱਤੇ ਗਏ ਤਾਂ ਕਿ ਲੋਕਾਂ ਵਿਚ ਇਹ ਪ੍ਰਭਾਵ ਜਾਵੇ ਕਿ ਇੱਥੇ ਸ਼ੇਰ ਹੁੰਦੇ ਸਨ।) ਦਾਖਾ ਹੋਰਾਂ ਦਾ ਦਫ਼ਤਰ ਚੁਬਾਰੇ ਉੱਤੇ ਹੁੰਦਾ ਸੀ, ਭੀੜੀ ਜਿਹੀ ਪੌੜੀ ਹੋਣੀ ਤੇ ਉਪਰ ਚੜ ਕੇ ਅੱਗੇ ਜਿਹੇ ਜਾ ਕੇ ਦੇਖਣਾ ਕਿ ਦਾਖਾ ਹੋਰੀਂ ਆਪਣੇ ਟਾਈਪ ਰਾਈਟਰ ਤੇ ਖ਼ਬਰਾਂ ਟਾਈਪ ਕਰ ਰਹੇ ਹੁੰਦੇ ਸਨ। ਕੰਮ ਸਮੇਂ ਮਤਲਬ ਦੀ ਗੱਲ ਕਰਨਾ, ਉਂਜ ਵੀ ਦਾਖਾ ਹੋਰੀਂ ਬਹੁਤ ਘੱਟ ਕਿਸੇ ਨਾਲ ਗੱਲ ਕਰਦੇ ਪਰ ਜਦੋਂ ਦਿਲ ਕਰਦਾ ਤਾਂ ਹਾਸੇ ਠੱਠੇ ਵੀ ਕਰਦੇ ਦੇਖੇ ਜਾਂਦੇ ਸਨ।
ਉਹ ਗੱਲਾਂ ਵਿਚੋਂ ਗੱਲ ਸੁਣਾਉਂਦੇ ਹਨ ਕਿ ‘ਜਦੋਂ ਮੈਂ ਟੈਲੀਫ਼ੋਨ ਦੀ ਕਾਲ ਬੁੱਕ ਕਰਾਉਣੀ ਤਾਂ ਸਥਾਪਤੀ ਵਾਲੇ ਪੱਤਰਕਾਰ ਕਈ ਵਾਰੀ ਮੇਰੀ ਕਾਲ ਨੂੰ ਰੱਦ ਵੀ ਕਰਵਾ ਦਿੰਦੇ ਸਨ ਤਾਂ ਕਿ ਮੇਰੀ ਖ਼ਬਰ ਜਾਣ ਵਿਚ ਦੇਰੀ ਹੋ ਜਾਵੇ। ਪਰ ਆਪਾਂ ਕੰਮ ਕਰਦੇ ਰਹੇ, ਕੰਮ ਕਰਨਾ ਹੀ ਮੇਰਾ ਧਰਮ ਸੀ।’
ਖ਼ਬਰਾਂ ਜਲੰਧਰ ਤੱਕ ਭੇਜਣ ਦਾ ਬੜਾ ਮਿਹਨਤ ਦਾ ਕੰਮ ਹੁੰਦਾ ਸੀ, ਸਵੇਰੇ ਹੀ ਖ਼ਬਰਾਂ ਲਿਖਣੀਆਂ ਜਾਂ ਟਾਈਪ ਕਰਨੀਆਂ ਸ਼ੁਰੂ ਕਰਨੀਆਂ, ਸਵੇਰ ਦੀਆਂ ਖ਼ਬਰਾਂ ਬੱਸ ਸਟੈਂਡ ਜਾ ਕੇ ਜਲੰਧਰ ਜਾਂਦੀ ਬੱਸ ਦੇ ਡਰਾਈਵਰ ਨੂੰ ਫੜਾ ਆਉਣੀਆਂ, ਡਰਾਈਵਰ ਨੇ ਜਲੰਧਰ ਵਿਚ ਜਾ ਕੇ ਅਖ਼ਬਾਰ ਦੇ ਲੱਗੇ ਬਕਸੇ ਵਿਚ ਖ਼ਬਰਾਂ ਪਾ ਦੇਣੀਆਂ, ਇਹੀ ਕੰਮ ਸ਼ਾਮ ਵੇਲੇ ਵੀ ਹੁੰਦਾ ਸੀ। ਉਸ ਵੇਲੇ ਖ਼ਬਰਾਂ ਛਪਾਉਣ ਵਿਚ ਡਰਾਈਵਰਾਂ ਤੇ ਕੰਡਕਟਰਾਂ ਦਾ ਬੜਾ ਯੋਗਦਾਨ ਹੁੰਦਾ ਸੀ। ਜੇਕਰ ਡਰਾਈਵਰ ਤੇ ਕੰਡਕਟਰ ਖ਼ਬਰਾਂ ਲੈ ਕੇ ਜਾਣ ਤੋਂ ਮਨਾ ਕਰ ਦਿੰਦੇ ਤਾਂ ਸ਼ਾਇਦ ਬਹੁਤ ਸਾਰੀਆਂ ਖ਼ਬਰਾਂ ਅਖ਼ਬਾਰਾਂ ਦੇ ਕਾਲਮਾਂ ਦਾ ਹਿੱਸਾ ਬਣਨ ਤੋਂ ਰਹਿ ਜਾਂਦੀਆਂ।
ਦਾਖਾ ਹੋਰੀਂ ਕਹਿੰਦੇ ਹਨ ਕਿ ‘ਇਕ ਵਾਰ ਅਸੀਂ ਫ਼ਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਤੇ ਜਾ ਰਹੇ ਸੀ ਮੇਰੇ ਨਾਲ ਗੁਰਪ੍ਰੀਤ ਸਿੰਘ ਮੰਡਿਆਣੀ (ਇਕ ਖ਼ੋਜੀ ਪੱਤਰਕਾਰ) ਤੇ ਅਮਰੀਕ ਸਿੰਘ ਮਲਕਪੁਰ ਵੀ ਸਨ। ਉਨ੍ਹਾਂ ਨੇ ਮੇਰੀ ਜਾਣ ਪਹਿਚਾਣ ਪਟਿਆਲਾ ਦੇ ਉਸ ਵੇਲੇ ਦੇ ਏਪੀਆਰਓ ਉਜਾਗਰ ਸਿੰਘ ਨਾਲ ਕਰਵਾਈ। ਗੁਰਪ੍ਰੀਤ ਸਿੰਘ ਹੋਰਾਂ ਨੇ ਮੇਰਾ ਬੜਾ ਸਾਥ ਦਿੱਤਾ, ਉਨ੍ਹਾਂ ਮੈਨੂੰ ਵਰਤਣ ਲਈ ਆਪਣਾ ਹਰੇ ਰੰਗ ਦਾ ਚੇਤਕ ਸਕੂਟਰ ਵੀ ਦਿੱਤਾ।’
ਆਮ ਪੱਤਰਕਾਰਾਂ ਵਾਂਗ ਦਾਖਾ ਹੋਰਾਂ ਨੂੰ ਵੀ ਸਰਕਾਰੀ ਮਾਨਤਾ ਲੈਣ ਲਈ ਸੰਘਰਸ਼ ਕਰਨਾ ਪਿਆ, ਸਥਾਪਤੀ ਵਾਲੇ ਪੱਤਰਕਾਰ ਨਹੀਂ ਚਾਹੁੰਦੇ ਸਨ ਕਿ ਜਸਵਿੰਦਰ ਸਿੰਘ ਦਾਖਾ ਪੱਤਰਕਾਰੀ ਵਿਚ ਆਪਣੇ ਪੈਰ ਜਮਾ ਸਕੇ। ਪਰ ਉਹ ਸਿਰੜੀ ਨਿਕਲੇ ਤੇ ਆਪਣਾ ਕੰਮ ਕਰਦੇ ਰਹੇ। ਦਾਖਾ ਹੋਰਾਂ ਨੇ ਐਕਰੀਡੇਸ਼ਨ ਕਰਾਉਣੀ ਸੀ, ਉਸ ਲਈ ਬੜੀਆਂ ਅੜਚਣਾਂ ਆ ਰਹੀਆਂ ਸਨ ਪਰ ਇਹ ਸਾਰੀਆਂ ਅੜਚਣਾਂ ਦੂਰ ਕਰਨ ਵਿਚ ਮੌਕੇ ਤੇ ਡੀਪੀਆਰਓ ਸੁਖਦੇਵ ਸਿੰਘ ਨੇ ਬੜਾ ਸਾਥ ਦਿੱਤਾ, ਉਸ ਨੇ ਦਾਖਾ ਹੋਰਾਂ ਦੀ ਐਕਰੀਡੈਸ਼ਨ ਕਰਵਾ ਕੇ ਦਿੱਤੀ।
ਕੁਝ ਸਮਾਂ ਬਾਅਦ ਦਾਖਾ ਹੋਰਾਂ ਨੂੰ ਇਕ ਟੈਲੀਫ਼ੋਨ ਵੀ ਮਿਲ ਗਿਆ ਜਿਸ ਦਾ ਨੰਬਰ ਸੀ 212117, ਘਰ ਨੇੜੇ ਹੋਣ ਕਰਕੇ ਇੱਕੋ ਨੰਬਰ ਘਰ ਵਿਚ ਵੀ ਚੱਲ ਜਾਂਦਾ ਸੀ। ਹੁਣ ਥੋੜ੍ਹਾ ਕੰਮ ਸੁਖਾਲਾ ਹੋਣ ਲੱਗ ਪਿਆ ਸੀ।
ਹੁਣ ਹੋਰ ਅਖ਼ਬਾਰਾਂ ਦੇ ਸਾਥੀ ਪੱਤਰਕਾਰ ਵੀ ਸਾਥ ਦੇਣ ਲੱਗ ਪਏ ਸਨ ਜਿਵੇਂ ਕਿ ਪੰਜਾਬੀ ਟ੍ਰਿਬਿਊਨ ਦੇ ਸਰੋਜ ਸਰਹਿੰਦ, ਜਗਬਾਣੀ ਪੰਜਾਬ ਕੇਸਰੀ ਦੇ ਭੂਸ਼ਣ ਸਰਹਿੰਦੀ, ਦਾ ਟ੍ਰਿਬਿਊਨ ਦੇ ਹਰਵੀਰ ਭੰਵਰ, ਇੰਡੀਅਨ ਐਕਸਪ੍ਰੈੱਸ ਦੇ ਵੀਰ ਚੰਦ ਹੁੰਦੇ ਸਨ। ਪੱਤਰਕਾਰ ਆਪੋ ਆਪਣਾ ਕੰਮ ਕਰਦੇ ਸਨ ਪਰ ਉਸ ਵੇਲੇ ਪੱਤਰਕਾਰ ਘੱਟ ਸਨ ਪਰ ਪੱਤਰਕਾਰਾਂ ਦੀ ਇੱਜ਼ਤ ਸੀ। ਜੋ ਵੀ ਖ਼ਬਰ ਛਪਦੀ ਸੀ ਉਸ ਦੀ ਕਾਤਰ ਡੀਪੀਆਰਓ ਵੱਲੋਂ ਡੀ ਸੀ ਨੂੰ ਭੇਜੀ ਜਾਂਦੀ ਤੇ ਡੀ ਸੀ ਨੇ ਸਬੰਧਿਤ ਵਿਭਾਗ ਨੂੰ ਖ਼ਬਰ ਸਬੰਧੀ ਕਾਰਵਾਈ ਕਰਨ ਲਈ ਲਿਖਿਆ ਜਾਂਦਾ ਤਾਂ ਖ਼ਬਰ ਦਾ ਅਸਰ ਤੁਰੰਤ ਹੀ ਹੋ ਜਾਂਦਾ ਸੀ। ਪਰ ਅੱਜ ਪੱਤਰਕਾਰ ਬਹੁਤ ਜ਼ਿਆਦਾ ਹਨ ਖ਼ਬਰਾਂ ਵੀ ਬਹੁਤ ਜ਼ਿਆਦਾ ਹੋ ਗਈਆਂ। ਪੱਤਰਕਾਰੀ ਦਾ ਮਿਆਰ ਘੱਟ ਗਿਆ। ਪਹਿਲਾਂ ਸਿਆਸੀ ਲੀਡਰ ਪੱਤਰਕਾਰਾਂ ਕੋਲ ਆ ਜਾਂਦੇ ਸਨ, ਪੱਤਰਕਾਰਾਂ ਨੂੰ ਸਵਾਲ ਕਰਨ ਦਾ ਪਤਾ ਸੀ, ਉਹ ਸਵਾਲ ਕਈ ਸਾਰੇ ਲੀਡਰਾਂ ਦੀ ਸਿਆਸਤ ਖ਼ਤਰੇ ਵਿਚ ਵੀ ਪਾਉਂਦੇ ਸਨ ਤੇ ਉਨ੍ਹਾਂ ਦੀ ਸਿਆਸਤ ਨੂੰ ਚਮਕਾਉਂਦੇ ਵੀ ਸਨ। ਪਰ ਜਦੋਂ ਲੀਡਰਾਂ ਦੇ ‘ਸਿਆਸੀ ਸਲਾਹਕਾਰ’ ਬਣੇ ਹਨ ਤਾਂ ਪੱਤਰਕਾਰਾਂ ਨਾਲੋਂ ਲੀਡਰ ਟੁੱਟ ਗਏ, ਲੀਡਰਾਂ ਦੀ ਸਿਆਸਤ ਦਾ ਮਿਆਰ ਵੀ ਨਿਰੰਤਰ ਡਿੱਗ ਰਿਹਾ ਹੈ ਤੇ ਪੱਤਰਕਾਰ ਵੀ ਹੁਣ ਖ਼ਬਰਾਂ ਦੀ ਦੌੜ ਵਿਚ ਖ਼ਬਰਾਂ ਦੀ ਰੂਹ ਦਾ ਕਤਲ ਕਰ ਰਹੇ ਹਨ। ਲੋਕਲ ਐਡੀਸ਼ਨ ਆਉਣ ਨਾਲ ਇਲਾਕੇ ਦੀਆਂ ਖ਼ਬਰਾਂ ਤਾਂ ਬਹੁਤ ਛਪਣ ਲੱਗ ਪਈਆਂ ਹਨ ਪਰ ਪੱਤਰਕਾਰ ਵੀ ਪੇਜ ਭਰਨ ਵਿਚ ਹੀ ਸਮਾਂ ਗੁਜ਼ਾਰਦੇ ਹਨ, ਖ਼ਬਰਾਂ ਦਾ ਮਿਆਰ ਕਿਤੇ ਨਜ਼ਰ ਨਹੀਂ ਆਉਂਦਾ। ਹਾਂ ਅੱਜ ਵੀ ਕੁਝ ਕੁ ਪੱਤਰਕਾਰ ਹਨ ਜਿਨ੍ਹਾਂ ਨੇ ਕੰਮ ਕਰਨ ਲਈ ਸਿਰੜ ਨੂੰ ਕਾਇਮ ਰੱਖਿਆ ਹੈ ਦਾਖਾ ਹੋਰੀਂ ਕੁਝ ਕੁ ਪੱਤਰਕਾਰਾਂ ਦਾ ਨਾਮ ਵੀ ਜ਼ਿਕਰ ਵਿਚ ਲਿਆਉਂਦੇ ਹਨ ਜਿਵੇਂ ਕਿ ਚਰਨਜੀਤ ਭੁੱਲਰ, ਦਵਿੰਦਰ ਪਾਲ, ਜੈ ਸਿੰਘ ਛਿੱਬਰ, ਨਵਦੀਪ ਢੀਂਗਰਾ ਵਰਗੇ ਪੱਤਰਕਾਰ ਅੱਜ ਵੀ ਕਾਫ਼ੀ ਗਿਣਤੀ ਵਿਚ ਹਨ ਜਿਨ੍ਹਾਂ ਦੀ ਖ਼ਬਰ ਦੀ ਚਰਚਾ ਹੁੰਦੀ ਹੈ।
ਦਾਖਾ ਹੋਰੀਂ ਬੜੀ ਸਾਦਗੀ ਵਿਚ ਦੱਸਦੇ ਹਨ ਕਿ ਮੈਨੂੰ ਉਸ ਵੇਲੇ ਬੜੀ ਖ਼ੁਸ਼ੀ ਹੁੰਦੀ ਜਦੋਂ ਮੇਰੀਆਂ ਅਜੀਤ ਵਿਚ ਲੱਗੀਆਂ ਖ਼ਬਰਾਂ ਜਲੰਧਰ ਟੀਵੀ ਤੇ ਰੇਡੀਓ ਤੇ ਪੜ੍ਹੀਆਂ ਤੇ ਬੋਲੀਆਂ ਜਾਂਦੀਆਂ। ਪਹਿਲਾਂ ਜੇਕਰ ਅਸੀਂ ਖ਼ਬਰਾਂ ਦੇ ਹੈਡਿੰਗ ਕੱਢ ਕੇ ਭੇਜ ਦਿੰਦੇ ਸਾਂ ਤਾਂ ਡੈਸਕ ਤੋਂ ਨਿਊਜ਼ ਐਡੀਟਰ ਦਾ ਫ਼ੋਨ ਆ ਜਾਂਦਾ ਸੀ ਕਿ ਅਸੀਂ ਇੱਥੇ ਕਿਸ ਲਈ ਬੈਠੇ ਹਾਂ ਤੁਹਾਡਾ ਕੰਮ ਹੈ ਖ਼ਬਰ ਭੇਜਣਾ, ਤੁਹਾਡੇ ਵੱਲੋਂ ਭੇਜੀ ਖ਼ਬਰ ’ਕੱਚੇ ਮਾਲ’ ਵਰਗੀ ਹੁੰਦੀ ਹੈ, ਉਸ ਨੂੰ ਪਕਾਉਣਾ ਤੇ ਹੈਡਿੰਗ ਕੱਢਣਾ ਸਾਡਾ ਕੰਮ ਹੈ। ਪਰ ਅੱਜ ਕੱਲ੍ਹ ਤਾਂ ਜੇਕਰ ਪੱਤਰਕਾਰ ਹੈਡਿੰਗ ਨਾ ਕੱਢ ਕੇ ਭੇਜੇ ਤਾਂ ਡੈਸਕ ਨੂੰ ਫ਼ਿਕਰਾਂ ਪੈ ਜਾਂਦੀਆਂ ਹਨ।
-ਅਦਾਲਤੀ ਕੇਸ ਜਾਂ ਧਮਕੀਆਂ-
ਜਸਵਿੰਦਰ ਸਿੰਘ ਦਾਖਾ ਹੋਰਾਂ ਖਾੜਕੂਆਂ ਦੀਆਂ ਖ਼ਬਰਾਂ ਵੀ ਲਗਾਈਆਂ, ਖਾੜਕੂ ਖ਼ਬਰਾਂ ਦੇ ਜਾਂਦੇ ਸਨ ਤੇ ਉਹ ਅਜੀਤ ਨੂੰ ਭੇਜੀਆਂ ਜਾਂਦੀਆਂ ਤੇ ਛਪ ਜਾਂਦੀਆਂ ਸਨ ਪਰ ਕਦੇ ਕਿਸੇ ਨੇ ਧਮਕੀ ਨਹੀਂ ਦਿੱਤੀ। ਦਾਖਾ ਹੋਰਾਂ ’ਤੇ ਤਿੰਨ ਮਾਣਹਾਨੀ ਦੇ ਕੇਸ ਹੋਏ, ਦੋ ਕੇਸ ਪਟਿਆਲਾ ਅਦਾਲਤ ਵਿਚ ਭੁਗਤੇ, ਪਰ ਕੇਸ ਕਰਨ ਵਾਲੇ ਖ਼ੁਦ ਹੀ ਕੇਸ ਵਾਪਸ ਲੈ ਗਏ। ਵਿਦੇਸ਼ ਭੇਜਣ ਦੇ ਮਾਮਲੇ ਵਿਚ ਇਕ ਕੇਸ ਫ਼ਤਿਹਗੜ੍ਹ ਸਾਹਿਬ ਦੀ ਅਦਾਲਤ ਵਿਚ ਹੋਇਆ। ਬੜੀ ਦਿਲਚਸਪ ਕਹਾਣੀ ਸੁਣਾਉਂਦੇ ਹੋਏ ਦਾਖਾ ਹੋਰੀਂ ਕਹਿੰਦੇ ਹਨ ਕਿ
ਜਦੋਂ ਮੇਰੇ ਤੇ ਫ਼ਤਿਹਗੜ੍ਹ ਸਾਹਿਬ ਅਦਾਲਤ ਵਿਚ ਦਾਇਰ ਹੋਏ ਕੇਸ ਦੇ ਸੰਮਨ ਮੇਰੇ ਕੋਲ ਪੁੱਜੇ ਤਾਂ ਮੈਂ ਅਖ਼ਬਾਰ ਲੈ ਕੇ ਕੇ ਸਿੱਧਾ ਹੀ ਅਦਾਲਤ ਵਿਚ ਜੱਜ ਕੋਲ ਪਹੁੰਚ ਗਿਆ, ਮੈਂ ਜੱਜ ਸਾਹਿਬ ਨੂੰ ਕਿਹਾ ਕਿ ‘ਮੇਰੇ ਤੇ ਇਹ ਕੇਸ ਹੋਇਆ ਹੈ, ਸੰਮਨ ਆਏ ਹਨ’ ਤਾਂ ਜੱਜ ਨੇ ਮੇਰੇ ਵੱਲ ਬੜਾ ਗ਼ੌਰ ਨਾਲ ਦੇਖਿਆ ਤੇ ਕਿਹਾ ਕੇ
‘ਪਹਿਲਾਂ ਨਹੀਂ ਕਦੇ ਅਦਾਲਤ ਵਿਚ ਆਏ?’ ਤਾਂ ਮੇਰਾ ਹਾਲ ਚਿੰਤਾ ਵਿਚ ਹੋ ਗਿਆ ਸੀ, ਮੈਂ ਗਰਮੀ ਗਰਮੀ ਹੋ ਗਿਆ , ਡਰ ਨੇ ਅੰਦਰ ਥਾਂ ਬਣਾ ਲਈ ਸੀ, ਮੈਂ ਕਿਹਾ
‘ਨਹੀਂ ਪਹਿਲੀ ਵਾਰ ਆਇਆ ਹਾਂ’ ਤਾਂ ਜੱਜ ਸਾਹਿਬ ਕਹਿਣ ਲੱਗੇ
‘ਤੈਨੂੰ ਪਤਾ ਇੱਥੇ ਆਉਣ ਤੋਂ ਪਹਿਲਾਂ ਵਕੀਲਾਂ ਕੋਲ ਜਾਣਾ ਹੁੰਦਾ ਹੈ’ ਤਾਂ ਮੈਂ ਡਰਦੇ ਨੇ ਅਨਜਾਣਤਾ ਪ੍ਰਗਟਾਈ ਤਾਂ ਫੇਰ ਜੱਜ ਸਾਹਿਬ ਨੇ ਕਿਹਾ ਕਿ
‘ਤੁਸੀਂ ਕਿਸੇ ਵਕੀਲ ਕੋਲ ਜਾਓ ਤੇ ਉਸ ਰਾਹੀਂ ਹੀ ਇੱਥੇ ਆਓ’ ਮੈਂ ਬਹੁਤ ਘਬਰਾ ਗਿਆ ਤੇ ਜਦੋਂ ਮੈਂ ਅਦਾਲਤ ਵਿਚੋਂ ਬਾਹਰ ਆਉਣ ਲੱਗਾ ਤਾਂ ਜੱਜ ਸਾਹਿਬ ਕਹਿਣ ਲੱਗੇ
‘ਕਾਕਾ ਤੁਸੀਂ ਅੰਡਰ ਅਰੈਸਟ ਹੋ, ਤੁਸੀਂ ਵਕੀਲ ਨੂੰ ਲੈ ਕੇ ਆਓ ਤੇ ਮੈਨੂੰ ਮਿਲ ਕੇ ਜਾਣਾ’ ਮੈਂ ਬੁਰੀ ਤਰ੍ਹਾਂ ਘਬਰਾ ਗਿਆ ਸੀ। ਉਸ ਵੇਲੇ ਮੈਂ ਉੱਘੇ ਵਕੀਲ ਅਮਰਦੀਪ ਸਿੰਘ ਧਾਰਨੀ ਕੋਲ ਗਿਆ ਤਾਂ ਉਨ੍ਹਾਂ ਨੇ ਮੇਰੀ ਜ਼ਮਾਨਤ ਕਰਵਾਈ। ਕੁਝ ਪੇਸ਼ੀਆਂ ਤੋਂ ਬਾਅਦ ਐਡਵੋਕੇਟ ਜਸਵਿੰਦਰ ਸਿੰਘ ਕੂਨਰ ਨੇ ਇਕ ਅਰਜ਼ੀ ਜੱਜ ਸਾਹਿਬ ਕੋਲ ਪਾਈ ਕਿ ਪੱਤਰਕਾਰ ਜ਼ਰੂਰੀ ਕੰਮ ਕਰਦਾ ਹੈ, ਇਸ ਨੂੰ ਪੇਸ਼ੀ ਤੋਂ ਛੋਟ ਦਿੱਤੀ ਜਾਵੇ ਤਾਂ ਇਹ ਬੇਨਤੀ ਜੱਜ ਸਾਹਿਬ ਨੇ ਪ੍ਰਵਾਨ ਲਈ। ਉਸ ਤੋਂ ਬਾਅਦ ਮੈਂ ਪੇਸ਼ੀ ਤੇ ਜਾਣ ਤੋਂ ਹਟ ਗਿਆ ਤੇ ਕੇਸ ਕਰਨ ਵਾਲੇ ਹਰ ਪੇਸ਼ੀ ਤੇ ਜਾਂਦੇ। ਆਖ਼ਿਰ ਉਹ ਵੀ ਕੇਸ ਵਾਪਸ ਲੈ ਗਏ।
-ਪੱਤਰਕਾਰੀ ਨਾਲ ਸਬੰਧਿਤ ਇਕ ਕਹਾਣੀ-
ਜਸਵਿੰਦਰ ਸਿੰਘ ਦਾਖਾ ਹੋਰੀਂ ਦੱਸਦੇ ਹਨ ਕਿ ਮੇਰੇ ਕੋਲ ਬੜੇ ਸਿਆਸੀ ਲੀਡਰ ਦੇ ਸਮਾਜਕ ਲੀਡਰ ਆਉਂਦੇ ਸਨ, ਜੋ ਹੁੰਦਾ ਹੀ ਹੈ, ਇਕ ਦਿਨ ਇਕ ਲੀਡਰ ਮੈਨੂੰ ਕਹਿੰਦਾ ਅੱਜ ਆਪਾਂ ਇਕੱਠਿਆਂ ਨੇ ਸ਼ਰਾਬ ਪੀਣੀ ਹੈ ਤਾਂ ਮੈਂ ਹਾਂ ਕਰ ਦਿੱਤੀ। ਉਹ ਕਹਿੰਦਾ ਕਿ ਸ਼ਰਾਬ ਵੀ ਪੀਨੇ ਹਾਂ ਤੇ ਨਾਲੇ ਸਾਡੀ ਇਕ ਖ਼ਬਰ ਵੀ ਭੇਜ ਦਿਓ ਤਾਂ ਉਹ ਖ਼ਬਰ ਲਿਖਾਈ ਗਏ ਤੇ ਮੈਂ ਖ਼ਬਰ ਟਾਈਪ ਕਰਦਾ ਗਿਆ। ਵੱਡੀ ਖ਼ਬਰ ਬਣਾ ਦਿੱਤੀ ਗਈ ਤਾਂ ਉਨ੍ਹਾਂ ਨੇ ਖ਼ਬਰ ਤੇ ਮੇਰੇ ਹਸਤਾਖ਼ਰ ਕਰਵਾਏ ਤੇ ਮੈਨੂੰ ਕਹਿੰਦੇ ਕਿ ਇਹ ਖ਼ਬਰ ਅਸੀਂ ਫੈਕਸ ਕਰ ਆਉਂਦੇ ਹਾਂ। ਉਹ ਖ਼ਬਰ ਫੈਕਸ ਕਰਨ ਚੱਲੇ ਗਏ, ਮੈਂ ਵੀ ਘਰ ਆਗਿਆ । ਮੈਂ ਘਰ ਆਕੇ ਡੈਸਕ ਤੇ ਫ਼ੋਨ ਕੀਤਾ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਕੋਲ ਇਕ ਖ਼ਬਰ ਆਈ ਹੈ, ਤਾਂ ਡੈਸਕ ਕਹਿਣ ਲੱਗਾ ਹਾਂ ਪਰ ਬਹੁਤ ਵੱਡੀ ਹੈ, ਤਾਂ ਮੈਂ ਕਿਹਾ ਇਹ ਖ਼ਬਰ ਨਹੀਂ ਲਗਾਉਣੀ ਕਿਉਂਕਿ ਖ਼ਬਰ ਲੱਗਣ ਵਾਲੀ ਨਹੀਂ ਹੈ। ਦਾਖਾ ਹੋਰੀਂ ਕਹਿੰਦੇ ਹਨ ਕਿ ਕਦੇ ਵੀ ਪੱਤਰਕਾਰ ਨੂੰ ਪੱਤਰਕਾਰੀ ਕਰਦੇ ਸਮੇਂ ਕਿਸੇ ਪ੍ਰਭਾਵ ਵਿਚ ਨਹੀਂ ਆਉਣਾ ਚਾਹੀਦਾ।
-ਪਟਿਆਲਾ ਦੀ ਪੱਤਰਕਾਰੀ ਅਹਿਮ ਕਿਵੇਂ?-
ਜਸਵਿੰਦਰ ਸਿੰਘ ਦਾਖਾ ਹੋਰੀਂ ਕਹਿੰਦੇ ਹਨ ਕਿ ਪਟਿਆਲਾ ਵਿਚ ਸਿੱਖਿਆ ਦੀ ਹੱਬ ਹੈ, ਇੱਥੇ ਪੰਜਾਬੀ ਯੂਨੀਵਰਸਿਟੀ, ਥਾਪਰ ਯੂਨੀਵਰਸਿਟੀ, ਆਈ ਜੀ, ਡੀਆਈਜ ਆਫ਼ਿਸ, ਚੰਡੀਗੜ੍ਹ ਦੇ ਨਾਲ ਲੱਗਦਾ ਜ਼ਿਲ੍ਹਾ, ਸੈਂਟਰਲ ਜੇਲ੍ਹ, ਪਟਿਆਲਾ ਪੈਪਸੂ ਮੌਕੇ ਤੋਂ ਰਾਜਨੀਤੀ ਵਿਚ ਅਹਿਮ ਰਿਹਾ ਹੈ। ਇੱਥੇ ਮੰਤਰੀ ਵੀ ਕਈ ਸਾਰੇ ਬਣੇ ਕਈ ਸਾਰੇ ਅਹਿਮ ਲੀਡਰ ਵੀ ਹਨ ਜਿਵੇਂ ਪਟਿਆਲਾ ਜ਼ਿਲ੍ਹੇ ਵਿਚ ਹੀ ਸਿਮਰਨਜੀਤ ਸਿੰਘ ਮਾਨ ਵੀ ਪੈਂਦੇ ਸਨ, ਗੁਰਚਰਨ ਸਿੰਘ ਟੌਹੜਾ, ਸਰਦਾਰਾ ਸਿੰਘ ਕੋਹਲੀ, ਸੁਰਜੀਤ ਸਿੰਘ ਕੋਹਲੀ, ਕੈਪਟਨ ਅਮਰਿੰਦਰ ਸਿੰਘ, ਮਨਮੋਹਨ ਸਿੰਘ ਬਜਾਜ, ਚਰਨਜੀਤ ਸਿੰਘ ਵਾਲੀਆ, ਸ਼ੰਭੂ ਪ੍ਰਸ਼ਾਦ ਜੰਨ ਸੰਘ, ਸੰਤ ਰਾਮ ਸਿੰਗਲਾ, ਸਤਪਾਲ ਕਪੂਰ, ਬ੍ਰਹਮ ਮਹਿੰਦਰਾ, ਲਾਲ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ, ਕੈਪਟਨ ਕੰਵਲਜੀਤ ਸਿੰਘ ਆਦਿ ਵੱਡੇ ਲੀਡਰ ਸਨ। ਫੇਰ ਉਸ ਵੇਲੇ ਪਟਿਆਲਾ ਜ਼ਿਲ੍ਹੇ ਕੋਲ ਡੇਰਾ ਬੱਸੀ ਤੱਕ ਫ਼ਤਿਹਗੜ੍ਹ ਸਾਹਿਬ ਤੱਕ ਦਾ ਏਰੀਆ ਹੁੰਦਾ ਸੀ।
-ਪਟਿਆਲਾ ਵਿਚ ਅਜੀਤ ਦਾ ਹਾਈਟੈੱਕ ਦਫ਼ਤਰ-
2000 ਵਿਚ ਅਜੀਤ ਦਾ ਪਟਿਆਲਾ ਵਿਚ ਹਾਈਟੈੱਕ ਦਫ਼ਤਰ ਬਣ ਗਿਆ, ਉਸ ਵੇਲੇ ਪੂਰਾ ਸਟਾਫ਼ ਆ ਗਿਆ ਤੇ ਜਸਵਿੰਦਰ ਸਿੰਘ ਦਾਖਾ ਨੇ ਪਟਿਆਲਾ ਦੇ ਇੰਚਾਰਜ ਵਜੋਂ ਕੰਮ ਸੰਭਾਲਿਆ। ਪਰ ਆਪਣੇ ਆਪ ਨੂੰ ਪੱਤਰਕਾਰੀ ਦੀ ਫੂੰ-ਫਾਂ ਦੀ ਹਵਾ ਨਹੀਂ ਲੱਗਣ ਦਿੱਤੀ।
-ਪਰਿਵਾਰ-
ਜਸਵਿੰਦਰ ਸਿੰਘ ਦਾਖਾ ਹੋਰਾਂ ਦੀ ਧਰਮ ਪਤਨੀ ਰਾਜਿੰਦਰ ਕੌਰ ਇਕ ਬੇਟੀ ਭੁਪਿੰਦਰਜੀਤ ਕੌਰ (ਸ਼ਾਦੀਸ਼ੁਦਾ) ਤੇ ਇਕ ਬੇਟਾ ਇੰਜ. ਹਰਸ਼ਵਿੰਦਰ ਸਿੰਘ ਹੈ। ਇਸ ਸਮੇਂ ਦਾਖਾ ਹੋਰੀਂ ਵੱਖ ਵੱਖ ਦੇਸ਼ ਵਿਦੇਸ਼ ਦੇ ਪੰਜਾਬੀ ਅਖ਼ਬਾਰਾਂ ਵਿਚ ਕੰਮ ਕਰ ਰਹੇ ਹਨ ਤੇ ‘ਅਲਰਟ ਪੰਜਾਬ’ ਨਾਮ ਦੇ ਯੂ ਟਿਊਬ ਚੈਨਲ ਤੇ ਵੀ ਕੰਮ ਕਰ ਰਹੇ ਹਨ।
-ਪੱਤਰਕਾਰਾਂ ਲਈ ਸੰਦੇਸ਼-
ਅੱਜ ਦੇ ਪੱਤਰਕਾਰ ਨੂੰ ਇਮਾਨਦਾਰੀ, ਲਗਨ, ਨਿਰਪੱਖਤਾ ਦੀ ਜ਼ਰੂਰਤ ਹੈ । ਚਮਕ ਦਮਕ ਤੋਂ ਆਪਣੀ ਜ਼ਿੰਦਗੀ ਨੂੰ ਬਚਾ ਕੇ ਰੱਖੋ। ਬੇਸ਼ੱਕ ਅਖ਼ਬਾਰ ਅਨੁਸਾਰ ਵੀ ਕੰਮ ਕਰਨਾ ਪਵੇਗਾ ਪਰ ਫੇਰ ਵੀ ਪੱਤਰਕਾਰ ਲੋਕ ਹਿਤ ਵਿਚ ਬਹੁਤ ਕੁਝ ਕਰਨ ਦੇ ਸਮਰੱਥ ਹੁੰਦਾ ਹੈ।
ਗੁਰਨਾਮ ਸਿੰਘ ਅਕੀਦਾ
8146001100
ਪਟਿਆਲਾ ਦੇ ਪੱਤਰਕਾਰ ਸੁਖਬੀਰ ਬਾਦਲ ਨਾਲ
ਪਟਿਆਲਾ ਦੇ ਪੱਤਰਕਾਰ ਪ੍ਰਕਾਸ਼ ਸਿੰਘ ਬਾਦਲ ਨਾਲ
ਪਟਿਆਲਾ ਦੇ ਪੱਤਰਕਾਰ ਉਘੇ ਗਾਇਕ ਜਸਬੀਰ ਜੱਸੀ ਨਾਲ
Subscribe to:
Post Comments (Atom)
ਆਦਰਸ਼ਵਾਦੀ ਸ਼ਾਨਦਾਰ ਪੱਤਰਕਾਰਾਂ ਦੀ ਮਿੱਟੀ ਹੈ ਰਿਆਸਤੀ ਸ਼ਹਿਰ ਪਟਿਆਲਾ ਦੀ
ਪੱਤਰਕਾਰੀ ਦਾ ਇਤਿਹਾਸ ਭਾਗ-3 ਲੇਖਕ : ਗੁਰਨਾਮ ਸਿੰਘ ਅਕੀਦਾ ਸੰਪਰਕ :8146001100 ਪੱਤਰਕਾਰੀ ਮਿਸ਼ਨ ਹੁੰਦਾ ਸੀ, ਪਰ ਬਿਜ਼ਨੈੱਸ ਕਿਵੇਂ ਤੇ ਕਦੋਂ ਬਣ ਗਿਆ ਇਹ ਪੱਤਰਕਾਰਾਂ...
-
ਕੁੰਮਾ ਮਾਸ਼ਕੀ ਉਰਫ਼ ਕਰਮੂ ਦੇ ਸਿੱਖ ਇਤਿਹਾਸ ਵਿਚ ਕੰਮ ਨੂੰ ਭੁਲਾ ਚੁੱਕਿਆ ਹੈ ‘ਸਰਮਾਏਦਾਰ ਸਿੱਖ ਸਮਾਜ’ ਲੇਖਕ : ਗੁਰਨਾਮ ਸਿੰਘ ਅਕੀਦਾ ਮੁਗ਼ਲ ਸਾਮਰਾਜ ਦੇ ਸਤਾਏ ਹੋਏ ਕਈ...
-
ਪੱਤਰਕਾਰੀ ਦਾ ਇਤਿਹਾਸ ਭਾਗ-3 ਲੇਖਕ : ਗੁਰਨਾਮ ਸਿੰਘ ਅਕੀਦਾ ਸੰਪਰਕ :8146001100 ਪੱਤਰਕਾਰੀ ਮਿਸ਼ਨ ਹੁੰਦਾ ਸੀ, ਪਰ ਬਿਜ਼ਨੈੱਸ ਕਿਵੇਂ ਤੇ ਕਦੋਂ ਬਣ ਗਿਆ ਇਹ ਪੱਤਰਕਾਰਾਂ...




No comments:
Post a Comment