Tuesday, October 11, 2022
-ਪੱਤਰਕਾਰੀ ਦਾ ‘ਜ਼ਿੰਦਾ ਸ਼ਹੀਦ’ ਜਿੰਦਾ ਦਿਲ ਪੱਤਰਕਾਰ ‘ਜਸਪਾਲ ਸਿੰਘ ਹੇਰਾਂ’
-ਘੱਟ ਗਿਣਤੀਆਂ ਤੇ ਪੀੜਤਾਂ ਦੇ ਪੱਖ ਵਿਚ ਲੜਦਾ ਲੜਦਾ ਅੱਜ ਵ੍ਹੀਲ ਚੇਅਰ ਤੇ ਜ਼ਿੰਦਗੀ ਬਸਰ ਰਿਹਾ ਹੈ ‘ਜਸਪਾਲ ਸਿੰਘ ਹੇਰਾਂ’
ਭਾਰਤ ਵਿਚ ਘੱਟ ਗਿਣਤੀਆਂ, ਸ਼ੂਦਰਾਂ ਅਤੇ ਖ਼ਾਸ ਕਰਕੇ ਔਰਤਾਂ ਲਈ ਵਿਸ਼ੇਸ਼ ਅਧਿਕਾਰ ਹਨ। ਪਰ ਪਰ ਇਹ ਤਿੰਨੇ ਹੀ ਵੱਡੇ ਜ਼ੁਲਮ ਦਾ ਸ਼ਿਕਾਰ ਮੁੱਢ ਕਦੀਮੋਂ ਹੁੰਦੇ ਆ ਰਹੇ ਹਨ। ਘੱਟ ਗਿਣਤੀਆਂ ਤੇ ਹੁੰਦੇ ਜ਼ੁਲਮਾਂ ਦੀਆਂ ਕਹਾਣੀਆਂ ਅਖ਼ਬਾਰਾਂ ਵਿਚ ਛਾਪਣ ਵਾਲੇ ਪੱਤਰਕਾਰ ਦੀ ਕੇਂਦਰੀ ਏਜੰਸੀਆਂ ਦੀ ਨਿਗਾਹ ਵਿਚ ਆ ਜਾਂਦੇ ਹਨ, ਅਕਾਰਨ ਉਨ੍ਹਾਂ ਨੂੰ ਕਈ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਲੋਕ ਖੁੰਬਾਂ ਵਾਂਗ ਉੱਗ ਪੈਂਦੇ ਹਨ, ਪਤਾ ਨਹੀਂ ਕਿਹੜਾ ਉਨ੍ਹਾਂ ਦਾ ਦੁਸ਼ਮਣ ਬਣ ਕੇ ਉਨ੍ਹਾਂ ਖ਼ਿਲਾਫ਼ ਕੁਝ ਵੀ ਕਹਿਰ ਵਰਤਾ ਦੇਵੇ। ਵੱਡੀਆਂ ਤਾਕਤਾਂ ਅੱਗੇ ਝੁਕਦਿਆਂ ਪੁਲੀਸ ਸਾਰੇ ਕਾਇਦੇ-ਕਾਨੂੰਨ ਭੁੱਲ ਕੇ ਘੱਟ ਗਿਣਤੀਆਂ ਦੀ ਗੱਲ ਕਰਨ ਵਾਲੇ ਪੱਤਰਕਾਰ ਨੂੰ ਪ੍ਰੇਸ਼ਾਨ ਕਰਨਾ ਜਾਰੀ ਰੱਖਦੀ ਹੈ। ਇਸੇ ਤਰੀਕੇ ਨਾਲ ਸ਼ੂਦਰਾਂ ਦੇ ਮੁੱਦੇ ਉਠਾਉਣ ਵਾਲੇ ਪੱਤਰਕਾਰ ਨੂੰ ਜਾਂ ਤਾਂ ਕੋਈ ਛਾਪਦਾ ਨਹੀਂ, ਹੈਰਾਨੀ ਹੁੰਦੀ ਹੈ ਕਈ ਅਖ਼ਬਾਰ ਸ਼ੂਦਰਾਂ ਦੀਆਂ ਬੀਤੇ ਦੀਆਂ ਕਹਾਣੀਆਂ ਸੁਣਾ ਕੇ ਉਨ੍ਹਾਂ ਦੀ ਦਸ਼ਾ ਬਿਆਨ ਤਾਂ ਕਰਦੇ ਹਨ ਪਰ ਅਜੋਕੇ ਯੁੱਗ ਵਿਚ ਸ਼ੂਦਰਾਂ ਨਾਲ ਕੀ ਕੀ ਵਾਪਰ ਰਿਹਾ ਹੈ ਉਸ ਬਾਰੇ ਅਜੋਕੇ ਅਖ਼ਬਾਰ ਚੁੱਪ ਹਨ। ਇੱਥੋਂ ਤੱਕ ਕਿ ਕਈ ਅਖ਼ਬਾਰਾਂ ਨੇ ਅੱਜ ਕੱਲ੍ਹ ਸ਼ੂਦਰਾਂ ਤੇ ਘੱਟ ਗਿਣਤੀਆਂ ਬੀਟਾਂ (ਪੱਤਰਕਾਰੀ ਦਾ ਖੇਤਰ) ਵੀ ਪੱਤਰਕਾਰਾਂ ਦੀ ਬੀਟਾਂ ਦੀ ਲਿਸਟ ਵਿਚ ਪਾਉਣੀਆਂ ਬੰਦ ਕਰ ਦਿੱਤੀਆਂ ਹਨ। ਹੁਣ ਪੱਤਰਕਾਰ ਦੀ ਮਰਜ਼ੀ ਹੈ ਕਿ ਉਹ ਸ਼ੂਦਰਾਂ ਤੇ ਜਾਂ ਘੱਟ ਗਿਣਤੀਆਂ ਦੇ ਮੁੱਦੇ ਚੁੱਕੇ ਭਾਵੇਂ ਨਾ ਚੁੱਕੇ। ਕਿਸੇ ਸ਼ੂਦਰ ਤੇ ਕੋਈ ਜ਼ਿਮੀਂਦਾਰ ਜੁਰਮ ਕਰ ਰਿਹਾ ਹੈ ਉਸ ਦੀ ਕਹਾਣੀ ਅਖ਼ਬਾਰਾਂ ਵਿਚ ਛਾਪਣ ਦੀ ਬਜਾਇ ਪੱਤਰਕਾਰ ਉਸ ਨੂੰ ਨਜ਼ਰ ਅੰਦਾਜ਼ ਕਰਕੇ ਤੁਰਦੇ ਬਣਦੇ ਹਨ, ਕਿਉਂਕਿ ਉਸ ਦੀ ਬੀਟ ਵਿਚ ਨਹੀਂ ਆਉਂਦਾ। ਇਸੇ ਤਰ੍ਹਾਂ ਔਰਤਾਂ ਦੇ ਹੱਕਾਂ ਦੀ ਗੱਲ ਕਰੀਏ ਤਾਂ ਅਮੀਰ ਦੀ ਔਰਤ ਨਾਲ ਜੇਕਰ ਕਿਤੇ ਜ਼ਿਆਦਤੀ ਹੁੰਦੀ ਹੈ ਤਾਂ ਉਸ ਲਈ ਮੋਮਬੱਤੀਆਂ ਦੇ ਮਾਰਚ ਹੁੰਦੇ ਹਨ ਤੇ ਕਾਨੂੰਨ ਬਣ ਜਾਂਦੇ ਹਨ ਪਰ ਜੇਕਰ ਗ਼ਰੀਬ ਦੀ ਜਾਂ ਸ਼ੂਦਰ ਦੀ ਔਰਤ ਨਾਲ ਜ਼ਿਆਦਤੀ ਹੁੰਦੀ ਹੈ ਤਾਂ ਉਸ ਦੀ ਕਹਾਣੀ ਲੋਕਾਂ ਲਈ ਸ਼ੁਗ਼ਲ ਬਣ ਜਾਂਦੀ ਹੈ। ਆਪਣੀ ਬੇਟੀ ਨੂੰ ਇਨਸਾਫ਼ ਦਿਵਾਉਣ ਲਈ ਉਸ ਦੇ ਮਾਂ ਬਾਪ ਦਰ ਦਰ ਧੱਕੇ ਖਾਂਦੇ ਹਨ ਪਰ ਇਨਸਾਫ਼ ਉਨ੍ਹਾਂ ਲਈ ਦਰਵਾਜ਼ੇ ਬੰਦ ਕਰ ਲੈਂਦਾ ਹੈ। ਇਨ੍ਹਾਂ ਤਿੰਨ ਧਿਰਾਂ ਦੀ ਗੱਲ ਕਰਨ ਵਾਲੇ ਪੱਤਰਕਾਰਾਂ ਨੂੰ ਹਮੇਸ਼ਾ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੀਡੀਆ ਅਦਾਰਿਆਂ ਵੱਲੋਂ ਵੀ ਤੇ ਬੁਰਜ਼ੂਆ ਸਮਾਜ ਵੱਲੋਂ ਵੀ। ਕੁਝ ਪੱਤਰਕਾਰ ਅੱਜ ਵੀ ਹਨ ਜੋ ਪੀੜਤ ਪੱਖ ਦੀ ਗੱਲ ਕਰਦੇ ਹਨ, ਘੱਟ ਗਿਣਤੀਆਂ ਦੀ ਗੱਲ ਕਰਦੇ ਕਰਦੇ ਕੇਂਦਰੀ ਏਜੰਸੀਆਂ ਦੀ ਨਰਾਜ਼ਗੀ ਸਹੇੜ ਲੈਂਦੇ ਹਨ। ਮੈਂ ਅੱਜ ਗੱਲ ਕਰਨ ਜਾ ਰਿਹਾ ਹਾਂ ਪੱਤਰਕਾਰੀ ਦੇ ‘ਜਿੰਦਾ ਸ਼ਹੀਦ’ ਜਿੰਦਾ ਦਿਲ ਪੱਤਰਕਾਰ ਜਸਪਾਲ ਸਿੰਘ ਹੇਰਾਂ ਦੀ।
ਜਸਪਾਲ ਸਿੰਘ ਹੇਰਾਂ ਪੱਤਰਕਾਰਤਾ ਦੇ ਖੇਤਰ ਵਿੱਚ ਉਨ੍ਹਾਂ ਕੁੱਝ ਗਿਣੀਆਂ ਚੁਣੀਆਂ ਸ਼ਖ਼ਸੀਅਤਾਂ ਵਿਚ ਸ਼ੁਮਾਰ ਹਨ ਜਿਨ੍ਹਾਂ ਨੇ ਖ਼ਾਸ ਮਕਸਦ ਨੂੰ ਲੈ ਕੇ ਪੱਤਰਕਾਰੀ ਸ਼ੁਰੂ ਕੀਤੀ ਅਤੇ ਅਖੀਰ ਤੱਕ ਉਸੇ ਮਕਸਦ ਨੂੰ ਲੈ ਕੇ ਜੱਦੋ ਜਹਿਦ ਜਾਰੀ ਰੱਖੀ, ਕਿਉਂਕਿ ਸਾਡੇ ਸਮਾਜ ਵਿੱਚ ਬਹੁਤੇ ਪੱਤਰਕਾਰ ਅਜਿਹੇ ਮਿਲਦੇ ਹਨ, ਜੋ ਜਿਵੇਂ ਜਿਵੇਂ ਪੱਤਰਕਾਰਤਾ ਦੇ ਖੇਤਰ ਵਿੱਚ ਅੱਗੇ ਵਧਦੇ ਜਾਂਦੇ ਹਨ, ਤਿਉਂ ਤਿਉਂ ਉਹਨਾਂ ਦੀ ਸ਼ਖ਼ਸੀਅਤ ਅਤੇ ਮਕਸਦ ਬਦਲਦੇ ਤੁਰੇ ਜਾਂਦੇ ਹਨ, ਜਸਪਾਲ ਸਿੰਘ ਹੇਰਾਂ ਪੀ ਸੀ ਐੱਸ ਬਣਦਾ ਬਣਦਾ ਇੱਕ ਖ਼ਾਸ ਮਕਸਦ ਨਾਲ ਪੱਤਰਕਾਰ ਬਣ ਗਿਆ ਅਤੇ ਫਿਰ ਪੱਤਰਕਾਰ ਤੋਂ ਡੇਲੀ ‘ਪਹਿਰੇਦਾਰ’ ਅਖ਼ਬਾਰ ਦਾ ਸੰਪਾਦਕ ਜਾ ਬਣਿਆ, ਜਿਸ ਅਖ਼ਬਾਰ ਨੇ ਸਿੱਖ ਹਲਕਿਆਂ ਵਿਚ ਤਹਿਲਕਾ ਮਚਾ ਦਿੱਤਾ, ਸਿੱਖਾਂ ’ਤੇ ਹੁੰਦੇ ਜ਼ੁਲਮ ਦੀ ਗੱਲ ਕਰਨ ਵਾਲਾ ਇਹ ਅਖ਼ਬਾਰ ਅੱਜ ਦੇਸ਼ ਵਿਦੇਸ਼ ਵਿਚ ਵੱਸਦੇ ਸਿੱਖਾਂ ਵਿਚ ਕਾਫ਼ੀ ਚਰਚਿਤ ਮੰਨਿਆਂ ਜਾਂਦਾ ਹੈ ਪਰ ਸਰਕਾਰਾਂ ਦੀਆਂ ਨਜ਼ਰਾਂ ਵਿਚ ਹਮੇਸ਼ਾ ਰੜਕਦਾ ਹੈ। ‘ਪੈਗਾਸਸ’ ਮਾਮਲੇ ਵਿਚ ਇਸ ਦੀ ਚਰਚਾ ਹੋ ਰਹੀ ਹੈ।
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹੇਰਾਂ ਵਿੱਚ ਅਕਾਲੀ ਪਰਵਾਰ ਦੇ ਮੁਖੀ ਸ੍ਰ: ਭਗਤ ਸਿੰਘ ਦੇ ਘਰ 8 ਅਪ੍ਰੈਲ 1955 ਨੂੰ ਜਨਮਿਆ ਸ੍ਰ: ਜਸਪਾਲ ਸਿੰਘ ਹੇਰਾਂ ਅੱਜ ਪੰਜਾਬੀ ਪੱਤਰਕਾਰਤਾ ਦਾ ਉਹ ਧਰੂ ਤਾਰਾ ਹੈ, ਜਿਸ ਦੀ ਪੱਤਰਕਾਰੀ ਖੇਤਰ ਵਿੱਚ ਆਪਣੀ ਵੱਖਰੀ ਚਮਕ ਹੈ।
-ਪੜਾਈ :
ਜਸਪਾਲ ਸਿੰਘ ਹੇਰਾਂ ਦੇ ਪਿਤਾ ਸ੍ਰ: ਭਗਤ ਸਿੰਘ ਟਕਸਾਲੀ ਅਕਾਲੀ ਸਨ ਅਤੇ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬੀ ਸੂਬੇ ਦੇ ਮੋਰਚੇ ਵਿੱਚ ਅਕਸਰ ਜੇਲ੍ਹਾਂ ਵਿੱਚ ਜਾਂਦੇ ਰਹਿੰਦੇ ਸਨ, ਪਰ ਘਰ ਵਿੱਚ ਗ਼ਰੀਬੀ ਹੋਣ ਦੇ ਬਾਵਜੂਦ ਹੀ ਜਸਪਾਲ ਸਿੰਘ ਹੇਰਾਂ ਨੇ ਆਪਣੀ ਪੜਾਈ ਜਾਰੀ ਰੱਖੀ। ਮੁੱਢਲੀ ਪੜਾਈ ਪਿੰਡ ਦੇ ਸਕੂਲ ਤੋਂ ਕਰਨ ਉਪਰੰਤ ਕਦੇ ਰੈਗੂਲਰ ਅਤੇ ਕਦੇ ਪ੍ਰਾਈਵੇਟ ਤੌਰ 'ਤੇ ਕਾਲਜ ਦੀ ਪੜਾਈ ਜਾਰੀ ਰੱਖੀ। ਬੀ.ਏ ਤੋਂ ਬਾਅਦ ਤਿੰਨ ਮਾਸਟਰ ਡਿਗਰੀਆਂ (ਟ੍ਰਿਪਲ ਐੱਮ.ਏ’ ਕੀਤੀਆਂ। ਇਸ ਦੇ ਨਾਲ ਹੀ ਐੱਮ.ਐਡ ਅਤੇ ਐੱਮ ਐੱਲ ਟੀ ਕੀਤੀ। ਜਸਪਾਲ ਸਿੰਘ ਹੇਰਾਂ ਦਾ ਕਾਲਜ ਦੀ ਪੜਾਈ ਦੌਰਾਨ ਸਿੱਖ ਰਾਜਨੀਤੀ ਵੱਲ ਝੁਕਾਅ ਹੋ ਗਿਆ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਪੁਨਰ ਸੁਰਜੀਤੀ ਲਈ ਸਰਗਰਮ ਹੋ ਗਏ। ਲੁਧਿਆਣਾ ਦੇ ਨੇੜੇ ਗੁਰਦੁਆਰਾ ਆਲਮਗੀਰ ਵਿਖੇ ਸਿੱਖ ਨੌਜਵਾਨੀ ਦਾ ਵੱਡਾ ਇਕੱਠ ਕਰਨ ਵਿੱਚ ਜਸਪਾਲ ਸਿੰਘ ਹੇਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਅਤੇ 1982 ਵਿੱਚ ਇਸੇ ਇਕੱਠ ਦੌਰਾਨ ਭਾਈ ਅਮਰੀਕ ਸਿੰਘ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਚੁਣਿਆ ਗਿਆ ਸੀ। ਪੜਾਈ ਪੂਰੀ ਕਰਨ ਤੋਂ ਬਾਅਦ ਕੁੱਝ ਚਿਰ ਜਸਪਾਲ ਸਿੰਘ ਹੇਰਾਂ ਪ੍ਰੋਫੈਸਰ ਦੇ ਤੌਰ 'ਤੇ ਮੋਦੀ ਕਾਲਜ ਪਟਿਆਲਾ ਵਿਖੇ ਪੜਾਉਂਦੇ ਵੀ ਰਹੇ।
-ਪੱਤਰਕਾਰੀ ਖੇਤਰ ਕਿਵੇਂ ਚੁਣਿਆ :
1978 ਵਿੱਚ ਜਸਪਾਲ ਸਿੰਘ ਹੇਰਾਂ ਨੇ ਪੀ. ਸੀ.ਐੱਸ ਦਾ ਇਮਤਿਹਾਨ ਵੀ ਦਿੱਤਾ, ਪਰ ਉਸ ਸਮੇਂ ਐੱਸ.ਐੱਸ. ਬੋਰਡ ਪੰਜਾਬ ਦੀ ਚੇਅਰਪਰਸਨ ਬੀਬੀ ਵੱਲੋਂ ਸਿਲੈੱਕਸ਼ਨ ਲਈ 70 ਹਜ਼ਾਰ ਰੁਪਏ ਦੀ ਮੰਗ ਰੱਖ ਦਿੱਤੀ ਗਈ, ਜੋ ਘਰ ਵਿੱਚ ਗ਼ਰੀਬੀ ਹੋਣ ਕਰਕੇ ਹੇਰਾਂ ਪਰਵਾਰ ਲਈ ਦੇਣੀ ਮੁਸ਼ਕਿਲ ਸੀ। ਇਸ ਤੋਂ ਬਾਅਦ ਜਸਪਾਲ ਸਿੰਘ ਹੇਰਾਂ ਨੇ ਪੱਤਰਕਾਰੀ ਖੇਤਰ ਵਿੱਚ ਜਾਣ ਦਾ ਮਨ ਬਣਾ ਲਿਆ ਅਤੇ 1980 ਵਿੱਚ 'ਜਥੇਦਾਰ' ਅਖ਼ਬਾਰ ਤੋਂ ਆਪਣੇ ਪੱਤਰਕਾਰੀ ਸਫ਼ਰ ਦੀ ਸ਼ੁਰੂਆਤ ਕਰ ਦਿੱਤੀ। ਇਸ ਤੋਂ ਬਾਅਦ ਜਸਪਾਲ ਸਿੰਘ ਹੇਰਾਂ ਨੇ 'ਜਗਬਾਣੀ ਅਤੇ ਨਵਾਂ ਜ਼ਮਾਨਾ ਅਖ਼ਬਾਰਾਂ ਨੂੰ ਛੱਡ ਕੇ ਪੰਜਾਬੀ ਦੇ ਤਕਰੀਬਨ ਸਾਰੇ ਅਖ਼ਬਾਰਾਂ ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ ਹੇਰਾਂ ਨੇ ਹਿੰਦੀ ਅਖ਼ਬਾਰ ਦੈਨਿਕ ਭਾਸਕਰ ਅਤੇ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਵਿੱਚ ਵੀ ਕੰਮ ਕੀਤਾ। ਜਦੋਂ 1998 ਵਿੱਚ ਜਸਪਾਲ ਸਿੰਘ ਹੇਰਾਂ ਅਜੀਤ ਅਖ਼ਬਾਰ ਵਿੱਚ ਕੰਮ ਕਰਦੇ ਸਨ ਤਾਂ ਉਸ ਸਮੇਂ ਪੰਜਾਬ ਵਿੱਚ ਅੰਗਰੇਜ਼ੀ ਸ਼ਰਾਬ ‘ਰਾਇਲ ਸਟਾਗ’ ਲਾਂਚ ਕਰਨ ਦਾ ਸਮਾਗਮ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਰੱਖਿਆ ਗਿਆ। ਜਸਪਾਲ ਸਿੰਘ ਹੇਰਾਂ ਨੇ ਆਪਣੀ ਕਲਮ ਨਾਲ ਵਿੱਦਿਆ ਦੇ ਮੰਦਰ ਵਿੱਚ ਸ਼ਰਾਬ ਲਾਂਚ ਕਰਨ ਦੇ ਪ੍ਰੋਗਰਾਮ ਦੀਆਂ ਧੱਜੀਆਂ ਉਡਾ ਦਿੱਤੀਆਂ। ਇਹ ਰਿਪੋਰਟ ਸਰਕਾਰ ਅਤੇ ਅਖ਼ਬਾਰ ਮਾਲਕ ਨੂੰ ਬੁਰੀ ਲੱਗੀ ਅਤੇ ਜਸਪਾਲ ਸਿੰਘ ਹੇਰਾਂ ਉਹਨਾਂ ਦੀ ਅੱਖਾਂ ਵਿੱਚ ਰੜਕਣ ਲੱਗ ਪਿਆ। ਉੱਧਰ ਉਸ ਸਮੇਂ ਦੇ ਲੁਧਿਆਣਾ ਦੇ ਐੱਸ.ਐੱਸ.ਡੀ ਹਰਜੀਤ ਸਿੰਘ ਨੇ ਤਾਰਾਬਾਰਾ ਪਿੰਡ ਦੀ 100 ਏਕੜ ਦੇ ਕਰੀਬ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਕੀਤਾ ਤਾਂ ਪਿੰਡ ਤਾਰਾਬਾਰਾ ਦੇ ਲੋਕ ਜਸਪਾਲ ਸਿੰਘ ਹੇਰਾਂ ਦੇ ਦਫ਼ਤਰ ਆ ਗਏ ਅਤੇ ਹੇਰਾਂ ਨੇ ਸਾਰੀ ਕਹਾਣੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਕਰਵਾ ਦਿੱਤੀ। ਬੱਸ ਫਿਰ ਸਰਕਾਰ ਅਤੇ ਪ੍ਰਸ਼ਾਸਨ ਨਾਲ ਪੰਗਾ ਲੈਣ ਦਾ ਖ਼ਮਿਆਜ਼ਾ ਜਸਪਾਲ ਸਿੰਘ ਹੇਰਾਂ ਨੂੰ ਭੁਗਤਣਾ ਪਿਆ। ਇੱਥੋਂ ਪੱਤਰਕਾਰੀ ਛੱਡਣ ਤੋਂ ਬਾਅਦ ਜਸਪਾਲ ਸਿੰਘ ਨੇ ਇੰਡੀਅਨ ਐਕਸਪ੍ਰੈੱਸ ਵਿੱਚ ਕੰਮ ਕਰਦਿਆਂ ਇੱਟਾਂ ਦੇ ਭੱਠਿਆਂ 'ਤੇ ਕੰਮ ਕਰਦੇ ਮਜ਼ਦੂਰਾਂ ਦੀ ਮਾੜੀ ਹਾਲਤ ਬਾਰੇ ਇੱਕ ਸਟੋਰੀ ਕੀਤੀ, ਪਰ ਜਦੋਂ ਅਖ਼ਬਾਰ ਨੇ ਉਹ ਸਟੋਰੀ ਨਾ ਛਾਪੀ ਤਾਂ ਹੇਰਾਂ ਨੇ ਅਖ਼ਬਾਰ ਦੇ ਸੰਪਾਦਕ ਨਾਲ ਗੱਲ ਕੀਤੀ। ਸੰਪਾਦਕ ਨੇ ਉਲਟਾ ਹੇਰਾਂ ਨੂੰ ਸਵਾਲ ਕੀਤਾ ਕਿ ਕੀ ਆਪਣਾ ਅਖ਼ਬਾਰ ਭੱਠੇ ਵਾਲੇ ਮਜ਼ਦੂਰ ਪੜ੍ਹਦੇ ਹਨ ? ਇਸ 'ਤੇ ਹੇਰਾਂ ਨੇ ਕਿਹਾ ਕਿ ਜਿਨ੍ਹਾਂ ਨੇ ਮਜ਼ਦੂਰਾਂ ਦੀ ਹਾਲਤ ਸੁਧਾਰਨੀ ਹੈ, ਉਹ ਤਾਂ ਪੜ੍ਹਦੇ ਹਨ, ਪਰ ਫਿਰ ਵੀ ਅਖ਼ਬਾਰ ਨੇ ਉਹ ਸਟੋਰੀ ਪ੍ਰਕਾਸ਼ਿਤ ਨਾ ਕੀਤੀ। ਇਸ ਤੋਂ ਜਸਪਾਲ ਸਿੰਘ ਹੇਰਾਂ ਨੇ ਹੋਰ ਅਖ਼ਬਾਰਾਂ ਵਿੱਚ ਪੱਤਰਕਾਰੀ ਕਰਨੀ ਛੱਡ ਕੇ ਆਪਣਾ ਅਖ਼ਬਾਰ ਕੱਢਣ ਦਾ ਮਨ ਬਣਾ ਲਿਆ।
-ਪਹਿਰੇਦਾਰ ਦੇ ਸੰਪਾਦਕ ਵਜੋਂ ਸਫ਼ਰ
ਜਸਪਾਲ ਸਿੰਘ ਹੇਰਾਂ ਨੇ ਸੰਨ 2000 ਵਿੱਚ ਆਪਣੀ ਹਫ਼ਤਾਵਾਰੀ ਅਖ਼ਬਾਰ 'ਪਹਿਰੇਦਾਰ' ਸ਼ੁਰੂ ਕੀਤਾ। ਸ੍ਰ: ਹੇਰਾਂ ਦੱਸਦੇ ਹਨ ਕਿ ਜਦੋਂ ਉਹਨਾਂ ਨੇ ਆਪਣਾ ਅਖ਼ਬਾਰ ਸ਼ੁਰੂ ਕੀਤਾ ਤਾਂ ਉਹਨਾਂ ਕੋਲ ਸਿਰਫ਼ 4000 ਰੁਪਏ ਸਨ। ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਬਹੁਤ ਰੋਕਿਆ ਕਿ ਅਖ਼ਬਾਰ ਚਲਾਉਣਾ ਪੈਸੇ ਵਾਲੇ ਲੋਕਾਂ ਦਾ ਕੰਮ ਹੈ, ਪਰ ਆਪਣੀ ਧੁੰਨ ਦੇ ਪੱਕੇ ਸ੍ਰ: ਹੇਰਾਂ ਨੇ ਕਿਸੇ ਦੀ ਇੱਕ ਨਹੀਂ ਸੁਣੀ। ਉਸ ਸਮੇਂ ਖ਼ਾਸ ਕਰਕੇ ਲੋਕਾਂ ਵਿੱਚ ਇਹ ਵੀ ਧਾਰਨਾ ਬਣੀ ਹੋਈ ਸੀ ਕਿ ਹਫ਼ਤਾਵਾਰੀ ਅਖ਼ਬਾਰਾਂ ਵਾਲੇ ਤਾਂ ਲੋਕਾਂ ਨੂੰ ਬਲੈਕਮੇਲ ਕਰਦੇ ਹੁੰਦੇ ਹਨ, ਪਰ ਸ੍ਰ: ਹੇਰਾਂ ਨੇ ਇਸ ਮਿੱਥ ਨੂੰ ਤੋੜਿਆ ਅਤੇ ਇਲਾਕੇ ਵਿੱਚ ਪਹਿਰੇਦਾਰ ਦਾ ਨਾਮ ਬਣਾਇਆ । ਸ੍ਰ: ਹੇਰਾਂ ਨੇ ਖ਼ੁਦ ਫ਼ੀਲਡ ਜਾ ਕੇ ਖ਼ਬਰਾਂ ਇਕੱਠੀਆਂ ਕਰਨੀਆਂ, ਫਿਰ ਉਹਨਾਂ ਨੂੰ ਖ਼ੁਦ ਹੀ ਲਿਖਣਾ ਅਤੇ ਟਾਈਪ ਕਰਵਾਉਣਾ, ਖ਼ੁਦ ਹੀ ਕੰਪੋਜ਼ ਕਰਵਾਉਣਾ, ਫਿਰ ਆਪਣੀ ਪੁਰਾਣੀ ਜਿਹੀ ਮਾਰੂਤੀ ਵੈਨ ਲੈ ਕੇ ਚੰਡੀਗੜ੍ਹ ਜਾਣਾ ਅਤੇ ਰਾਤ ਨੂੰ ਛਪਣ ਤੋਂ ਬਾਅਦ ਅਖ਼ਬਾਰ ਆਪਣੀ ਗੱਡੀ ਵਿੱਚ ਲੱਦ ਕੇ ਲਿਆਉਣਾ ਅਤੇ ਫਿਰ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਅੱਗੇ ਸਟਾਲਾਂ 'ਤੇ ਅੱਪੜਦਾ ਕਰਨਾ। ਇਸ ਤਰਾਂ ਦੇ ਸਿਲਸਿਲੇ ਦੌਰਾਨ ਹੀ 2006 ਤੋਂ ਵੀਕਲੀ ਪਹਿਰੇਦਾਰ ਨੂੰ ਰੋਜ਼ਾਨਾ ਪਹਿਰੇਦਾਰ ਕਰ ਦਿੱਤਾ ਗਿਆ ਅਤੇ ਹੁਣ ਵੀਕਲੀ ਦੀ ਥਾਂ ਡੇਲੀ ਅਖ਼ਬਾਰ ਹੋ ਗਿਆ, ਜੋ ਹੁਣ 22 ਸਾਲਾਂ ਦਾ ਭਰ ਜਵਾਨ ਹੋ ਚੁੱਕਿਆ ਹੈ।
-ਦਿਲੀ ਬਾਰਡਰਾਂ ਦੇ ਕਿਸਾਨੀ ਸੰਘਰਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਚੱਲ ਰਹੀ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਖੇਤੀ ਕਾਨੂੰਨ ਲਿਆਂਦੇ। ਪਹਿਰੇਦਾਰ ਅਖ਼ਬਾਰ ਨੇ ਦਿਲੀ ਬਾਰਡਰਾਂ ਤੇ ਚੱਲ ਰਹੇ ਸੰਘਰਸ਼ ਬਾਰੇ ਬਾਰੀਕੀ ਨਾਲ ਛਾਪਿਆ ਤੇ ਕਿਸਾਨਾਂ ਵਿਚ ਆਪਣਾ ਨਾਮ ਬਣਾਇਆ। ਅਸੀਂ ਮੌਕੇ ਤੇ ਦੇਖਿਆ ਕਿ ਕਿਸਾਨ ਪਹਿਰੇਦਾਰ ਅਖ਼ਬਾਰ ਨੂੰ ਸ਼ਿੱਦਤ ਨਾਲ ਪੜ੍ਹਦੇ ਸਨ। ਪਹਿਰੇਦਾਰ ਨੇ ਕਿਸਾਨੀ ਸੰਘਰਸ਼ ਦੇ ਮੁੱਦੇ ਚੁੱਕ ਕੇ ਪੰਜਾਬ ਦੇ ਕਿਸਾਨਾਂ ਨਾਲ ਹੋ ਰਹੀ ਜ਼ਿਆਦਤੀ ਨੂੰ ਆਪਣੇ ਪਾਠਕਾਂ ਤੱਕ ਪਹੁੰਚਾਇਆ। ਜਿਸ ਦੇ ਸਬੂਤ ਅੱਜ ਵੀ ਅਖ਼ਬਾਰ ਵਿਚ ਬੋਲਦੇ ਹਨ।
-ਕੇਸ ਅਤੇ ਦੁਸ਼ਵਾਰੀਆਂ
ਜਿਵੇਂ ਕਿਹਾ ਜਾਂਦਾ ਹੈ ਕਿ ਸੱਚ ਦੇ ਰਾਹ 'ਤੇ ਤੁਰਨ ਵਾਲਿਆਂ ਦੇ ਰਸਤੇ ਕੰਡਿਆਂ ਨਾਲ ਭਰੇ ਹੁੰਦੇ ਹਨ, ਇਹ ਗੱਲ ਜਸਪਾਲ ਸਿੰਘ ਹੇਰਾਂ 'ਤੇ ਪੂਰੀ ਤਰ੍ਹਾਂ ਢੁਕਦੀ ਹੈ। ਮਾਣਹਾਨੀ ਅਤੇ ਅਦਾਲਤੀ ਕੇਸਾਂ ਦੀ ਗੱਲ ਛੱਡੋ ਸ੍ਰ: ਜਸਪਾਲ ਸਿੰਘ ਹੇਰਾਂ ਦਾ ਨਾਮ ਤਾਂ ਕੇਂਦਰ ਸਰਕਾਰ ਵੱਲੋਂ ਪੱਤਰਕਾਰਾਂ ਦੀ ਕਰਵਾਈ ਪੈਗਾਸਿਸ ਜਸੂਸੀ ਵਿੱਚ ਵੀ ਸ਼ਾਮਲ ਹੈ । ਕੁੱਲ ਮਿਲਾ ਕੇ ਹੁਣ ਤੱਕ ਜਸਪਾਲ ਸਿੰਘ ਹੇਰਾਂ ਪੱਤਰਕਾਰੀ ਕਰਕੇ 17 ਅਦਾਲਤੀ ਕੇਸਾਂ ਦਾ ਸਾਹਮਣਾ ਕਰ ਚੁੱਕਿਆ ਹੈ। ਕਈ ਵਾਰ ਪੁਲਸ ਵੱਲੋਂ ਗ੍ਰਿਫ਼ਤਾਰ ਵੀ ਕੀਤਾ ਗਿਆ ਅਤੇ ਪੁਲਸ ਤਸ਼ੱਦਦ ਦਾ ਸ਼ਿਕਾਰ ਵੀ ਹੋਇਆ ਹੈ। ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਉਹਨਾਂ ਦੇ ਅਖ਼ਬਾਰ ਪਹਿਰੇਦਾਰ ਨੂੰ ਬੰਦ ਕਰਵਾਉਣ ਦੇ ਵੀ ਬਹੁਤ ਯਤਨ ਕੀਤੇ ਗਏ ਹਨ। ਸਰਕਾਰ ਭਾਵੇਂ ਕਾਂਗਰਸ ਦੀ ਰਹੀ, ਭਾਵੇਂ ਅਕਾਲੀ ਭਾਜਪਾ ਗੱਠਜੋੜ ਦੀ ਅਤੇ ਭਾਵੇਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਕਿਸੇ ਵੀ ਸਰਕਾਰ ਵੱਲੋਂ ਪਹਿਰੇਦਾਰ ਨੂੰ ਕਦੇ ਇੱਕ ਵੀ ਸਰਕਾਰੀ ਇਸ਼ਤਿਹਾਰ ਨਹੀਂ ਦਿੱਤਾ ਗਿਆ। ਇੱਥੋਂ ਤੱਕ ਕਿ ਹੁਣ ਤਾਂ ਪਹਿਰੇਦਾਰ ਦੇ ਸੰਪਾਦਕ ਸਮੇਤ ਪਹਿਰੇਦਾਰ ਲਈ ਕੰਮ ਕਰਦੇ ਪੱਤਰਕਾਰਾਂ ਦੇ ਸਰਕਾਰੀ ਸ਼ਨਾਖ਼ਤੀ ਕਾਰਡ ਵੀ ਨਹੀਂ ਬਣਾਏ ਜਾਂਦੇ। ਉੱਧਰ ਪੁਲਸ ਤਸ਼ੱਦਦ ਅਤੇ ਆਰਥਿਕ ਤੰਗੀਆਂ ਤੁਰਸੀਆਂ ਨਾਲ ਜੂਝਦੇ ਸ੍ਰ: ਜਸਪਾਲ ਸਿੰਘ ਹੇਰਾਂ ਦੀ ਸਿਹਤ ਭਾਵੇਂ ਹੁਣ ਬਹੁਤ ਵਿਗੜ ਚੁੱਕੀ ਹੈ ਅਤੇ ਉਹ ਹੁਣ ਤੁਰਨੋਂ ਫਿਰਨੋਂ ਵੀ ਲਾਚਾਰ ਹੋ ਚੁੱਕੇ ਹਨ, ਪਰ ਸਦਕੇ ਜਾਈਏ ਇਸ ਸਿਰੜੀ ਅਤੇ ਕਲਮ ਦੇ ਧਨੀ ਪੱਤਰਕਾਰ ਦੇ, ਜਿਸ ਨੇ ਵੱਡੀਆਂ ਔਕੜਾਂ ਨੂੰ ਪਾਰ ਕਰਦਿਆਂ ਅੱਜ ਪਹਿਰੇਦਾਰ ਨੂੰ ਪੰਜਾਬੀ ਦੇ ਪ੍ਰਮੁੱਖ ਅਖ਼ਬਾਰਾਂ ਵਿੱਚ ਲਿਆ ਖੜ੍ਹਾ ਕੀਤਾ ਹੈ ਅਤੇ ਪਹਿਰੇਦਾਰ ਦੇ ਫ਼ਰੰਟ ਪੇਜ 'ਤੇ ਲਿਖੀ ਜਾਂਦੀ ਆਪਣੀ ਸੰਪਾਦਕੀ ਰਾਹੀਂ ਪੰਥ ਅਤੇ ਪੰਜਾਬ ਦੇ ਦੁਸ਼ਮਣਾਂ ਦੀਆਂ ਚਾਲਾਂ ਦਾ ਮੂੰਹ ਤੋੜ ਜਵਾਬ ਦੇ ਰਿਹਾ ਹੈ।
ਪੱਤਰਕਾਰਤਾ ਦੇ ਬਦਲ ਰਹੀ ਤਕਨੀਕ ਦੇ ਨਾਲ ਚੱਲਣ ਦਾ ਦਮ ਭਰਦਿਆਂ ਜਸਪਾਲ ਸਿੰਘ ਹੇਰਾਂ ਨੇ ‘ਪਹਿਰੇਦਾਰ ਦਾ ਵੈਬ ਚੈਨਲ’ ਵੀ ਸ਼ੁਰੂ ਕਰ ਲਿਆ ਹੈ।
ਜਸਪਾਲ ਸਿੰਘ ਹੇਰਾਂ ਬਾਰੇ ਛਪ ਰਹੀ ਕਿਤਾਬ ਵਿਚ ਹੋਰ ਵੀ ਜ਼ਿਆਦਾ ਜ਼ਿਕਰ ਹੋਵੇਗਾ ਪਰ ਅੱਜ ਲਈ ਏਨਾ ਹੀ ਸਵੀਕਾਰ ਕਰਨਾ, ਅਜਿਹੇ ਜਿੰਦਾ ਦਿਲ ਜ਼ਿੰਦਾ ਸ਼ਹੀਦ ਪੱਤਰਕਾਰ ਦੀ ਤੰਦਰੁਸਤ ਸਿਹਤ ਦੀ ਮੈਂ ਵਾਹਿਗੁਰੂ ਤੋਂ ਕਾਮਨਾ ਕਰਦਾ ਹਾਂ, ਅੱਲਾ ਵਾਹਿਗੁਰੂ ਰਾਮ ਸ. ਹੇਰਾਂ ਦੀ ਕਲਮ ਨੂੰ ਹੋਰ ਤਾਕਤ ਬਖ਼ਸ਼ੇ, ਅਜਿਹੇ ਪੱਤਰਕਾਰ ਜਿੰਦਾ ਰਹਿਣੇ ਚਾਹੀਦੇ ਹਨ। ਆਮੀਨ!
ਗੁਰਨਾਮ ਸਿੰਘ ਅਕੀਦਾ
8146001100
ਜਗਸ਼ੀਰ ਸਿੰਘ ਸੰਧੂ
9876416009
Subscribe to:
Post Comments (Atom)
ਆਦਰਸ਼ਵਾਦੀ ਸ਼ਾਨਦਾਰ ਪੱਤਰਕਾਰਾਂ ਦੀ ਮਿੱਟੀ ਹੈ ਰਿਆਸਤੀ ਸ਼ਹਿਰ ਪਟਿਆਲਾ ਦੀ
ਪੱਤਰਕਾਰੀ ਦਾ ਇਤਿਹਾਸ ਭਾਗ-3 ਲੇਖਕ : ਗੁਰਨਾਮ ਸਿੰਘ ਅਕੀਦਾ ਸੰਪਰਕ :8146001100 ਪੱਤਰਕਾਰੀ ਮਿਸ਼ਨ ਹੁੰਦਾ ਸੀ, ਪਰ ਬਿਜ਼ਨੈੱਸ ਕਿਵੇਂ ਤੇ ਕਦੋਂ ਬਣ ਗਿਆ ਇਹ ਪੱਤਰਕਾਰਾਂ...
-
ਕੁੰਮਾ ਮਾਸ਼ਕੀ ਉਰਫ਼ ਕਰਮੂ ਦੇ ਸਿੱਖ ਇਤਿਹਾਸ ਵਿਚ ਕੰਮ ਨੂੰ ਭੁਲਾ ਚੁੱਕਿਆ ਹੈ ‘ਸਰਮਾਏਦਾਰ ਸਿੱਖ ਸਮਾਜ’ ਲੇਖਕ : ਗੁਰਨਾਮ ਸਿੰਘ ਅਕੀਦਾ ਮੁਗ਼ਲ ਸਾਮਰਾਜ ਦੇ ਸਤਾਏ ਹੋਏ ਕਈ...
-
ਪੱਤਰਕਾਰੀ ਦਾ ਇਤਿਹਾਸ ਭਾਗ-3 ਲੇਖਕ : ਗੁਰਨਾਮ ਸਿੰਘ ਅਕੀਦਾ ਸੰਪਰਕ :8146001100 ਪੱਤਰਕਾਰੀ ਮਿਸ਼ਨ ਹੁੰਦਾ ਸੀ, ਪਰ ਬਿਜ਼ਨੈੱਸ ਕਿਵੇਂ ਤੇ ਕਦੋਂ ਬਣ ਗਿਆ ਇਹ ਪੱਤਰਕਾਰਾਂ...


No comments:
Post a Comment