Monday, October 10, 2022

ਪੱਤਰਕਾਰੀ ਦੇ ਨਾਲ ਨਾਲ ਪੱਤਰਕਾਰਾਂ ਦੇ ਹੱਕਾਂ ਲਈ ਲੜਨ ਵਾਲੇ ਪੱਤਰਕਾਰ ‘ਬਲਵਿੰਦਰ ਸਿੰਘ ਜੰਮੂ’

ਸਮਾਜ ਦੇ ਹਰ ਪੀੜਤ ਵਰਗ ਦੇ ਦੁੱਖਾਂ ਦਰਦਾਂ ਵਿਚ ਉਸ ਦੀ ਅਵਾਜ਼ ਬਣਨ ਵਾਲੇ ਪੱਤਰਕਾਰ ਹੀ ਅਸਲ ਵਿਚ ਲੋਕਤੰਤਰ ਦਾ ਚੌਥਾ ਥੰਮ੍ਹ ਹੁੰਦੇ ਹਨ। ਪੱਤਰਕਾਰ ਸਭ ਨਾਲ ਹੁੰਦੀ ਬੇਇਨਸਾਫ਼ੀ ਲਈ ਲੜਦਾ ਹੈ, ਪਰ ਪੱਤਰਕਾਰ ਨਾਲ ਹੁੰਦੀ ਬੇਇਨਸਾਫ਼ੀ ਲਈ ਕੌਣ ਲੜਦਾ ਹੈ? ਲੋਕ ਤਮਾਸ਼ਬੀਨ ਬਣੇ ਪੱਤਰਕਾਰ ਨਾਲ ਹੁੰਦੀਆਂ ਵਧੀਕੀਆਂ ਦਾ ਤਮਾਸ਼ਾ ‘ਮੂਕ ਦਰਸ਼ਕ’ ਬਣ ਕੇ ਦੇਖਦੇ ਹਨ। ਸੱਚ ਦੇ ਨਾਲ ਖੜਨ ਵਾਲੇ ਸੱਚ ਲਈ ਲੜਨ ਵਾਲੇ ਪੱਤਰਕਾਰਾਂ ਨੂੰ ਅਜੋਕੇ ਯੁੱਗ ਵਿਚ ਚਾਰੇ ਪਾਸਿਓਂ ਸੰਕਟਾਂ ਵਿਚ ਘੇਰਨ ਲਈ ਸਾਜ਼ਿਸ਼ਾਂ ਹੁੰਦੀਆਂ ਹਨ। ਕਾਰਪੋਰੇਟ ਕੁਰਹਿਤਾਂ ਅਧੀਨ ਆ ਚੁੱਕੀ ਪੱਤਰਕਾਰੀ ਕਰਦੇ ਪੱਤਰਕਾਰ ਸਿਸਕ ਰਹੇ ਹਨ, ਜਿਸ ਲਈ ਜ਼ਿੰਮੇਵਾਰ ਮੀਡੀਆ ਅਦਾਰਿਆਂ ਦੇ ਮਾਲਕ ਜਾਂ ਮੁੱਖ ਸੰਪਾਦਕ, ਸੰਪਾਦਕ ਜਾਂ ਫਿਰ ਨਿਊਜ਼ ਐਡੀਟਰ ਦੀ ਪੱਖਪਾਤੀ ਸੋਚ ਨੂੰ ਕਿਹਾ ਜਾ ਸਕਦਾ ਹੈ। ਪੱਤਰਕਾਰਾਂ ਨਾਲ ਸੱਤਾਧਾਰੀ ਧਿਰਾਂ ਵੱਲੋਂ, ਬਿਉਰੋਕਰੇਸੀ ਵੱਲੋਂ ਜਾਂ ਫਿਰ ਬੁਰਜ਼ੂਆ ਸਮਾਜ ਵੱਲੋਂ ਕੀਤੀ ਜਾਂਦੀ ਵਧੀਕੀ ਖ਼ਿਲਾਫ਼ ਤਾਂ ਖ਼ੈਰ ਆਮ ਤੌਰ ਤੇ ਪੱਤਰਕਾਰਾਂ ਦੀਆਂ ਜਥੇਬੰਦੀਆਂ ਕਦੇ ਕਦੇ ਲੜਦੀਆਂ ਵੇਖੀਆਂ ਹਨ ਪਰ ਅਦਾਰਿਆਂ ਵੱਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਵੱਲ ਨਾ ਤਾਂ ਕੋਈ ਨਜ਼ਰ ਮਾਰਦਾ ਹੈ ਨਾ ਹੀ ਕੋਈ ਉਸ ਦੇ ਵਿਰੁੱਧ ਬੋਲਦਾ ਹੈ, ਅਜਿਹੀਆਂ ਵਧੀਕੀਆਂ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲਾ ਵੀ ਹੈ ਇਕ ਪੱਤਰਕਾਰ, ਮੈਂ ਅੱਜ ਗੱਲ ਕਰ ਰਿਹਾ ਹਾਂ ਪੱਤਰਕਾਰੀ ਦੇ ਨਾਲ ਨਾਲ ਪੱਤਰਕਾਰਾਂ ਦੇ ਹੱਕਾਂ ਲਈ ਲੜਨ ਵਾਲੇ ਪੱਤਰਕਾਰ ‘ਬਲਵਿੰਦਰ ਸਿੰਘ ਜੰਮੂ’ ਦੀ। ਘੱਗਰ ਦਰਿਆ ਵਿਚ ਆਉਂਦੇ ਹੜ੍ਹਾਂ ਕਾਰਨ ਚੀਕਣੀ ਮਿੱਟੀ ਬਾਂਝ ਹੋ ਜਾਂਦੀ ਹੈ, ਪਰ ਪਟਿਆਲਾ ਜ਼ਿਲ੍ਹੇ ਦੇ ਪੁਆਧੀ ਖੇਤਰ ਵਿਚ ਪੈਂਦੇ ਪਿੰਡ ਗਗਰੌਲੀ ਦੀ ਹੜ੍ਹਾਂ ਕਾਰਨ ਹੋਈ ਚੀਕਣੀ ਮਿੱਟੀ ਵਿਚ ਜੰਮਿਆ, ਪਲ਼ਿਆ, ਵਧਿਆ, ਫੁੱਲਿਆ ਕੋਈ ਬੰਦਾ ‘ਸ਼ਬਦਾਂ ਦਾ ਫਾਸਫੋਰਸ’ ਵੀ ਸਿਰਜ ਸਕਦਾ ਹੈ। ਪਟਿਆਲਾ ਜ਼ਿਲ੍ਹੇ ਨੂੰ ਮਾਣ ਹੈ ਕਿ ਇਸ ਨੇ ਪੰਜਾਬੀ ਨੂੰ ਇਕ ਅਜਿਹਾ ਪੱਤਰਕਾਰ ਦਿੱਤਾ ਜਿਸ ਨੇ ਰਾਜਧਾਨੀ ਚੰਡੀਗੜ੍ਹ ਵਿਚ ਹੀ ਨਹੀਂ ਸਗੋਂ ਭਾਰਤ ਦੀ ਰਾਜਧਾਨੀ ਦਿਲੀ ਵਿਚ ਵੀ ਪੰਜਾਬੀ ਪੱਤਰਕਾਰੀ ਦੇ ਝੰਡੇ ਗੱਡੇ। ਬਜ਼ੁਰਗਾਂ ਦੀਆਂ ਜੜ੍ਹਾਂ ਪਾਕਿਸਤਾਨ ਦੇ ਜ਼ਿਲ੍ਹੇ ਸ਼ੇਖ਼ੂਪੁਰਾ (ਅੱਜ ਕੱਲ੍ਹ ਜ਼ਿਲ੍ਹਾ ਨਨਕਾਣਾ ਸਾਹਿਬ) ਦੇ ਪਿੰਡ ਡਿਪਟੀ ਵਾਲਾ ਨਾਲ ਜੁੜੀਆਂ ਹਨ। ਪੰਜਾਬ ਦੀ ਵੰਡ ਦਾ ਸੰਤਾਪ ‘ਜੰਮੂ’ ਪਰਿਵਾਰ ਨੇ ਵੀ ਸਿਰ ’ਤੇ ਹੰਢਾਇਆ। ਜਦੋਂ ਪੰਜਾਬੀ ਸੂਬੇ ਦੀ ਲੜਾਈ ਲੜੀ ਜਾ ਰਹੀ ਸੀ, ਲਗਭਗ ਉਹੀ ਸਮਾਂ ਸੀ ਜਦੋਂ ਬਲਵਿੰਦਰ ਸਿੰਘ ਜੰਮੂ ਦਾ ਜਨਮ ਪਿੰਡ ਗਗਰੌਲੀ (ਗਗਰੌਲਾ-ਗਗਰੌਲੀ) ਵਿਚ 15 ਅਪਰੈਲ 1960 ਨੂੰ ਪਿਤਾ ਸ. ਅਜੀਤ ਸਿੰਘ ਅਤੇ ਮਾਤਾ ਸ੍ਰੀਮਤੀ ਜੋਗਿੰਦਰ ਕੌਰ ਦੇ ਘਰ ਹੋਇਆ। ਆਮ ਕਿਸਾਨ ਪਰਿਵਾਰ ਵਿਚ ਜਨਮੇ ਹੋਣ ਕਰਕੇ ਜੰਮੂ ਨੇ ਖੇਤੀਬਾੜੀ ਵਿਚ ਖ਼ੂਬ ਦਿਲਚਸਪੀ ਦਿਖਾਈ, ਉਹ ਆਪਣੇ ਬਾਪੂ ਨਾਲ ਖੇਤੀਬਾੜੀ ਦਾ ਕੰਮ ਕਰਦੇ ਹੋਏ ‘ਹਲ਼’ ਵੀ ਚਲਾ ਲੈਂਦੇ ਤੇ ਟਰੈਕਟਰ ਵੀ ਚਲਾਉਂਦੇ ਤੇ ਕੰਬਾਈਨ ਵੀ ਚਲਾ ਲੈਂਦੇ। ਮੁਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਦ ਮੋਦੀ ਕਾਲਜ ਵਿਚ ਦਾਖਲਾ ਲਿਆ, ਪੜਾਈ ਦੇ ਨਾਲ ਨਾਲ ਵਿਦਿਆਰਥੀਆਂ ਦੇ ਹੱਕਾਂ ਲਈ ਵੀ ਲੜਾਈ ਲੜਨੀ ਸ਼ੁਰੂ ਕੀਤੀ। ਮੋਦੀ ਕਾਲਜ ਵਿਚ ‘ਸਟੂਡੈਂਟਸ ਕੌਂਸਲ’ ਦੀਆਂ ਚੋਣਾ ਲੜੀਆਂ ਜਿਸ ਦੌਰਾਨ ਉਹ ਦੋ ਵਾਰ ਪ੍ਰਧਾਨ ਬਣੇ, ਤੇ ਇਸ ਦੇ ਨਾਲ ਨਾਲ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਹੇ। 1985 ‌ਵਿਚ ਬੈਚੂਲਰ ਦੀ ਪੜਾਈ ਪੂਰੀ ਕਰਨ ਤੋਂ ਬਾਅਦ 1990 ਵਿਚ ਜਰਨਲਿਜ਼ਮ ਦੀ ਮਾਸਟਰ ਡਿੱਗਰੀ ਪੂਰੀ ਕਰ ਲਈ। ਤਿੰਨ ਐਮਏ ਕੀਤੀਆਂ। -ਪੱਤਰਕਾਰੀ ਦੀ ਸ਼ੁਰੂਆਤ- ਕਈ ਵਾਰੀ ਕਲਮ ਬੰਦੇ ਨੂੰ ਚੁਣ ਲੈਂਦੀ ਹੈ, ਸ਼ਬਦਾਂ ਦੀ ਸਿਰਜਣਾ ਲਈ ਕਲਮ ਨੇ ‘ਬਲਵਿੰਦਰ ਸਿੰਘ ਜੰਮੂ’ ਨੂੰ ਚੁਣਿਆ। ਪੱਤਰਕਾਰੀ ਦੀਆਂ ਡਿੱਗਰੀਆਂ ਪੱਤਰਕਾਰ ਨੂੰ ਨੌਕਰੀਆਂ ਕਰਨ ਲਈ ਇਕ ਸਹਾਰਾ ਤਾਂ ਦਿੰਦੀਆਂ ਹਨ ਪਰ ਮੇਰਾ ਮੰਨਣਾ ਹੈ ਕਿ ਪੱਤਰਕਾਰਤਾ ਸ਼ਬਦ ਗੁਰੂ ਵੱਲੋਂ ਕਿਸੇ ਵਿਅਕਤੀ ਨੂੰ ਬਖ਼ਸ਼ੀ ਅਨਮੋਲ ਦਾਤ ਹੈ। ਜੰਮੂ ਹੋਰਾਂ ਦਾ ਲਿਖਣ ਦਾ ਸ਼ੌਕ ਜਿਵੇਂ ਖ਼ੂਨ ਵਿਚ ਹੀ ਸੀ, ਕਾਲਜ ਵਿਚ ਪੜ੍ਹਦਿਆਂ ਹੀ ਕਾਲਜ ਦੇ ਛਪਦੇ ਮੈਗਜ਼ੀਨ ਵਿਚ ਵਿਦਿਆਰਥੀ ਮਸਲਿਆਂ ਅਤੇ ਸਿੱਖਿਆ ਦੇ ਸੰਦਰਭ ਵਿਚ ਲਿਖਦੇ ਰਹੇ। ਲਿਖਦੇ ਲਿਖਦੇ ਨਵਾਂ ਜ਼ਮਾਨਾ ਜਲੰਧਰ ਅਖ਼ਬਾਰ ਵਿਚ ਵੀ ਛਪਣ ਲੱਗ ਪਏ। ਛਪਦੇ ਛਪਦੇ ਹੋਏ ਹੀ 1990 ਵਿਚ ਨਵਾਂ ਜ਼ਮਾਨਾ ਵਿਚ ਮੁੱਖ ਸੰਪਾਦਕ ਜਗਜੀਤ ਸਿੰਘ ਅਨੰਦ ਦੀ ਅਗਵਾਈ ਵਿਚ ਡੈਸਕ ਤੇ ਚਾਰ ਮਹੀਨੇ ਕੰਮ ਕੀਤਾ,ਨਾਲ ਨਾਲ ਪੰਜਾਬੀ ਟ੍ਰਿਬਿਊਨ ਵਿਚ ਵੀ ਆਪਣੀਆਂ ਲਿਖਤਾਂ ਭੇਜ ਦਿੰਦੇ ਤੇ ਛਪ ਜਾਂਦੀਆਂ। ਉਸ ਤੋਂ ਬਾਅਦ ਪਟਿਆਲਾ ਆ ਗਏ, ਪਟਿਆਲਾ ਆਕੇ ਜੰਮੂ ਹੋਰਾਂ ਨੇ ਨਵਾਂ ਜ਼ਮਾਨਾ ਵਿਚ ਤਾਂ ਪੱਤਰਕਾਰੀ ਜਾਰੀ ਹੀ ਰੱਖੀ ਪਰ ਨਾਲ ਹੀ ਚੜ੍ਹਦੀਕਲਾ ਦੇ ਮੁੱਖ ਸੰਪਾਦਕ ਜਗਜੀਤ ਸਿੰਘ ਦਰਦੀ ਦੀ ਰਹਿਨੁਮਾਈ ਵਿਚ ਚੜ੍ਹਦੀਕਲਾ ਵਿਚ ਵੀ ਸਬ ਐਡੀਟਰ ਵਜੋਂ ਡਿਊਟੀ ਕਰਨੀ ਸ਼ੁਰੂ ਕਰ ਦਿੱਤੀ। ਸਬ ਐਡੀਟਰ ਦੇ ਨਾਲ ਨਾਲ ਉਹ ਨਵਾਂ ਜਮਾਨਾ ਤੇ ਚੜ੍ਹਦੀਕਲਾ ਵਿਚ ਪੱਤਰਕਾਰੀ ਵੀ ਕਰਦੇ ਰਹਿੰਦੇ। 1993 ਤੱਕ ਉਹ ਪਟਿਆਲਾ ਵਿਚ ਹੀ ਰਹੇ। ਪੰਜਾਬੀ ਟ੍ਰਿਬਿਊਨ ਦਾ 1992 ਵਿਚ ਇਕ ਟੈੱਸਟ ਹੋਇਆ ਸੀ ਜਿਸ ਵਿਚ ਜੰਮੂ ਹੋਰਾਂ ਨੇ ਹਿੱਸਾ ਲਿਆ। ਉਸ ਤੋਂ ਬਾਅਦ ਨਵੰਬਰ 1993 ਵਿਚ ਜੰਮੂ ਹੋਰੀਂ ਪੰਜਾਬੀ ਟ੍ਰਿਬਿਊਨ ਵਿਚ ‘ਅਪਰੈਂਟਿਸ ਸਬ ਐਡੀਟਰ’ ਵਜੋਂ ਨਿਯੁਕਤ ਹੋ ਗਏ। ਇਥੋਂ ਹੀ ਉਨ੍ਹਾਂ ਚੰਡੀਗੜ੍ਹ ਵੱਲ ਚਾਲੇ ਪਾਏ। ਜੂਨ 2000 ਵਿਚ ਪੰਜਾਬੀ ਟ੍ਰਿਬਿਊਨ ਨੇ ਬਲਵਿੰਦਰ ਸਿੰਘ ਜੰਮੂ ਨੂੰ ‘ਸਟਾਫ਼ ਰਿਪੋਰਟਰ’ ਬਣਾ ਦਿੱਤਾ। ਚੰਡੀਗੜ੍ਹ, ਹਰਿਆਣਾ, ਪੰਜਾਬ ਦੀ ਸਿੱਖਿਆ ਦੇ ਨਾਲ ਨਾਲ ਹੋਰ ਮਸਲਿਆਂ ਨਾਲ ਸਬੰਧਿਤ ਪੱਤਰਕਾਰੀ ਕੀਤੀ। -ਹੱਕਾਂ ਲਈ ਲੜਾਈ- ਜਦੋਂ ਹੱਕਾਂ ਲਈ ਲੜਾਈ ਲੜੀ ਜਾਂਦੀ ਰਹੀ ਹੋਵੇ ਤਾਂ ਕਿਤੇ ਵੀ ਬੇਇਨਸਾਫ਼ੀ ਸਹਾਰੀ ਨਹੀਂ ਜਾਂਦੀ, ਪੰਜਾਬੀ ਟ੍ਰਿਬਿਊਨ ਵਿਚ ਹੁੰਦਿਆਂ ‘ਟ੍ਰਿਬਿਊਨ ਇੰਪਲਾਈਜ਼ ਯੂਨੀਅਨ’ ਵਿਚ ਵੀ ਕੰਮ ਕਰਨਾ ਸ਼ੁਰੂ ਕੀਤਾ। ਮਹਿਲਾ ਦਿਵਸ ਵਾਲੇ ਦਿਨ ਖ਼ੂਨਦਾਨ ਕੈਂਪ ਲਗਾਇਆ ਜਾਂਦਾ ਸੀ, ਪਹਿਲਾਂ ਇਕ ਫੇਰ ਦੋ ਤੇ ਫੇਰ ਤਿੰਨ ਕੈਂਪ ਲੱਗਣੇ ਸ਼ੁਰੂ ਹੋਏ। ਇੰਪਲਾਈਜ਼ ਦੇ ਹੱਕਾਂ ਲਈ ਲੜੇ। 2011 ਵਿਚ ਜੰਮੂ ਹੋਰਾਂ ਦੇ ਨਾਲ ਨਾਲ ਕੁਝ ਹੋਰ ਆਗੂ ‌ਮੁਅੱਤਲ ਕਰ ਦਿੱਤੇ ਗਏ। ਢਾਈ ਕੁ ਮਹੀਨੇ ਬਾਦ ਪ੍ਰਬੰਧਕਾਂ ਨਾਲ ਸਮਝੌਤਾ ਹੋ ਗਿਆ ਪਰ ਬਲਵਿੰਦਰ ਸਿੰਘ ਜੰਮੂ ਨੂੰ ਦਿਲੀ ਵਿਚ ਪੱਤਰਕਾਰੀ ਕਰਨ ਲਈ ਬਦਲ ਦਿੱਤਾ ਗਿਆ। -ਦਿੱਲੀ ਦੀ ਪੱਤਰਕਾਰੀ- ਜੂਨ 2011 ਵਿਚ ਦਿੱਲੀ ਵਿਚ ਪੱਤਰਕਾਰੀ ਸ਼ੁਰੂ ਕੀਤੀ। ਜੰਮੂ ਹੋਰੀਂ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਕਹਿੰਦੇ ਹਨ ਕਿ ਦਿਲੀ ਵਿਚ ਹੋਈ ਬਦਲੀ ਦਾ ਉਸ ਨੂੰ ਬੜਾ ਲਾਭ ਹੋਇਆ। ਇਹ ਸੱਚ ਵੀ ਹੈ ਕਿ ਪੰਜਾਬ ਵਿਚ ਪੰਜਾਬੀ ਪੱਤਰਕਾਰੀ ਕਰਦੇ ਕਿਸੇ ਪੱਤਰਕਾਰ ਨੂੰ ਇਹ ਸਮਾਂ ਨਹੀਂ ਮਿਲਦਾ ਕਿ ਉਹ ਦਿਲੀ ਵਿਚ ਪਾਰਲੀਮੈਂਟ ਦੀ ਵੀ ਕਵਰੇਜ਼ ਕਰੇ। ਪੰਜਾਬ ਵਿਧਾਨ ਸਭਾ ਵਿਚ ਤਾਂ ਬਹੁਤ ਸਾਰੇ ਪੱਤਰਕਾਰ ਕਵਰੇਜ ਕਰਦੇ ਹਨ ਪਰ ਪਾਰਲੀਮੈਂਟ ਵਿਚ ਪੱਤਰਕਾਰੀ ਕਰਨ ਦਾ ਕਿਸੇ ਹੀ ਪੰਜਾਬੀ ਪੱਤਰਕਾਰ ਨੂੰ ਮੌਕਾ ਮਿਲਿਆ ਪਰ ਜੰਮੂ ਨੂੰ ਇਹ ਮੌਕਾ ਮਿਲਿਆ। ਲੋਕ ਸਭਾ ਵਿਚ ਹੁੰਦੇ ਸੈਸ਼ਨ ਦੀ ਨੇੜਿਓਂ ਪੱਤਰਕਾਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਦਿਲੀ ਦੇ ਵਿ‌ਗਿਆਨ ਭਵਨ ਦੀ ਪੱਤਰਕਾਰੀ ਵੀ ਕੀਤੀ। ਉੱਥੇ ਹੁੰਦੇ ਸੈਮੀਨਾਰਾਂ ਵਿਚ ਪੰਜਾਬ ਨਾਲ ਸਬੰਧਿਤ ਸੈਮੀਨਾਰਾਂ ਦੀ ਖ਼ਾਸ ਕਰਕੇ ਪੱਤਰਕਾਰੀ ਕੀਤੀ। -ਅੰਨ੍ਹਾ ਹਜ਼ਾਰੇ ਦਾ ਅੰਦੋਲਨ ਆਰਐਸਐਸ ਤੇ ਬੀਜੇਪੀ ਨੇ ਕਬਜ਼ਾ ਕੀਤਾ। ਬਲਵਿੰਦਰ ਸਿੰਘ ਜੰਮੂ ਹੋਰਾਂ ਨੇ ਦਿਲੀ ਵਿਚ ਪੱਤਰਕਾਰੀ ਕਰਦਿਆਂ ਅੰਨ੍ਹਾ ਹਜ਼ਾਰੇ ਦਾ ਅੰਦੋਲਨ ‘ਇੰਡੀਆ ਅਗੇਂਸਟ ਕੁਰੱਪਸ਼ਨ’ ਵੀ ਕਵਰ ਕੀਤਾ। ਜੰਮੂ ਹੋਰੀਂ ਕਹਿੰਦੇ ਹਨ ਕਿ ਉਨ੍ਹਾਂ ਅੰਨ੍ਹਾ ਹਜ਼ਾਰੇ ਦੇ ਅੰਦੋਲਨ ਨੂੰ ਬਹੁਤ ਨੇੜਿਓਂ ਤੱਕਿਆ ਤੇ ਅਖ਼ਬਾਰੀ ਕਾਲਮਾਂ ਦਾ ਹਿੱਸਾ ਬਣਾ‌ਇਆ। ਬਹੁਤ ਸਾਰੇ ਤਜਰਬਿਆਂ ਵਿਚੋਂ ਉਹ ਇਹ ਵੀ ਕਹਿੰਦੇ ਹਨ ਕਿ ਜਿਵੇਂ ਆਮ ਤੌਰ ਤੇ ਚਰਚਾ ਚੱਲਦੀ ਹੈ ਕਿ ਅੰਨ੍ਹਾ ਹਜ਼ਾਰੇ ਦਾ ਅੰਦੋਲਨ ਬੀਜੇਪੀ ਦਾ ਹੀ ਸਪਾਂਸਰ ਸੀ ਜੰਮੂ ਨੇ ਇਹ ਨੇੜਿਓਂ ਤੱਕਿਆ ਕਿ ਜਦੋਂ ਉਹ ਅੰਦੋਲਨ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਜਦੋਂ ਪੁੱਛਦੇ ਸਨ ਕਿ ਤੁਸੀਂ ਕਿੱਥੋਂ ਆਏ ਹੋ ਤਾਂ ਉਹ ਖੁੱਲ ਕੇ ਆਮ ਤੌਰ ਤੇ ਕਹਿੰਦੇ ਕਿ ਅਸੀਂ ਤਾਂ ਆਰਐਸਐਸ ਤੋਂ ਹਾਂ, ਤੇ ਨਾਲ ਹੀ ਬੀਜੇਪੀ ਵਾਲੇ ਕਹਿੰਦੇ ਕਿ ਅਸੀਂ ਤਾਂ ਬੀਜੇਪੀ ਤੋਂ ਹਾਂ। ਕਈ ਤਾਂ ਇਹ ਵੀ ਆਪਣੇ ਬਾਰੇ ਦੱਸਦੇ ਕਿ ਉਹ ਤਾਂ ਆਰਐਸਐਸ ਦੀਆਂ ਸ਼ਾਖਾਵਾਂ ਲਾਉਣ ਵਾਲੇ ਕੱਟਣ ਸੰਘੀ ਹਨ। ਉਸ ਵੇਲੇ ਦੀ ਮੀਡੀਆ ਕਵਰੇਜ ਬਾਰੇ ਸਾਂਝ ਪਾਉਂਦੇ ਹੋਏ ਜੰਮੂ ਹੋਰੀਂ ਕਹਿੰਦੇ ਹਨ ਕਿ ਉਸ ਵੇਲੇ ਮੀਡੀਆ ਦਾ ਬੜਾ ਕਹਿਰ ਭਰਿਆ ਰੰਗ ਦੇਖਿਆ, ਮੀਡੀਆ ਸਿਰਫ਼ ਅੰਨ੍ਹਾ ਹਜ਼ਾਰੇ ਦੇ ਸਟੇਜ ਨੂੰ ਹੀ ਦਿਖਾਉਂਦਾ ਸੀ, ਉਹ ਪੰਡਾਲ ਵਿਚ ਜਾਂ ਫਿਰ ਅੰਦੋਲਨ ਦੀ ਖ਼ਾਲੀ ਥਾਂ ਨਹੀਂ ਦਿਖਾਉਂਦਾ ਸੀ, ਜਿਸ ਤੋਂ ਸਪਸ਼ਟ ਹੋ ਗਿਆ ਸੀ ਕਿ ਮੀਡੀਆ ਵੀ ਸਿਰਫ਼ ਅੰਨ੍ਹਾ ਹਜ਼ਾਰੇ ਦਾ ਹੀ ਸਮਰਥਕ ਕਿਸੇ ਨੇ ਬਣਾ ਦਿੱਤਾ ਹੈ। ਇਹ ਗੱਲ ਜੰਮੂ ਹੋਰੀਂ ਤਾਂ ਇਕ ਪੱਤਰਕਾਰ ਹੋਣ ਦੇ ਨਾਤੇ ਕਹਿ ਰਹੇ ਹਨ ਪਰ ਹੁਣ ਸਚਾਈ ਵੀ ਸਾਹਮਣੇ ਹੈ ਕਿ ਮੀਡੀਆ ਦਾ ਇਕ ਹਿੱਸਾ ਸਿਰਫ਼ ਇਕ ਪਾਸੜ ਹੋ ਗਿਆ ਹੈ ਜਿਸ ਨੂੰ ਆਮ ਤੌਰ ਤੇ ‘ਗੋਦੀ ਮੀਡੀਆ’ ਵੀ ਕਿਹਾ ਜਾਣ ਲੱਗ ਪਿਆ ਹੈ। ਜੋ ਲੋਕਤੰਤਰ ਦੇ ਚੌਥੇ ਥੰਮ੍ਹ ਲਈ ਸਹੀ ਨਹੀਂ ਹੈ। -ਬਲਵਿੰਦਰ ਸਿੰਘ ਜੰਮੂ ਮੁੜ ਚੰਡੀਗੜ੍ਹ ਆਏ ਪੌਣੇ ਕੁ ਦੋ ਸਾਲ ਦਿਲੀ ਵਿਚ ਲਗਾ ਕੇ 2013 ਵਿਚ ਬਲਵਿੰਦਰ ਸਿੰਘ ਜੰਮੂ ਮੁੜ ਪੰਜਾਬੀ ਟ੍ਰਿਬਿਊਨ ਦੇ ਹੈੱਡ ਆਫ਼ਿਸ ਚੰਡੀਗੜ੍ਹ ਆ ਗਏ। ਚੰਡੀਗੜ੍ਹ ਵਿਚ ਮੁੜ ਵੱਖ ਵੱਖ ਮਸਲਿਆਂ ਤੇ ਪੱਤਰਕਾਰੀ ਕਰਨੀ ਸ਼ੁਰੂ ਕੀਤੀ। ਇੰਪਲਾਈਜ਼ ਦੇ ਹੱਕਾਂ ਲਈ ਲੜਾਈ ਜਾਰੀ ਰੱਖੀ ਤਾਂ 2014 ਵਿਚ ਟ੍ਰਿਬਿਊਨ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਬਣ ਗਏ। ਜੰਮੂ ਹੋਰੀਂ ਕਹਿੰਦੇ ਹਨ ਕਿ ਜਦੋਂ ਵੀ ਪੱਤਰਕਾਰੀ ਕਰਨ ਲਈ ਬਾਹਰ ਜਾਣਾ ਤਾਂ ਪੱਤਰਕਾਰਾਂ ਦੇ ਹੱਕਾਂ ਦੀ ਗੱਲ ਆਮ ਹੁੰਦੀ। ਕਿਸਾਨੀ ਅੰਦੋਲਨ ਵਿਚ ਵਿਸ਼ੇਸ਼ ਭੂਮਿਕਾ ਪੱਤਰਕਾਰ ਬਲਵਿੰਦਰ ਸਿੰਘ ਜੰਮੂ ਹੋਰਾਂ ਨੇ ਕੇਂਦਰ ਸਰਕਾਰ ਦੇ ਖੇਤੀ ਬਿਲਾਂ ਖ਼ਿਲਾਫ਼ ਕਿਸਾਨਾਂ ਨੇ ਅੰਦੋਲਨ ਕੀਤਾ, ਉਸ ਵੇਲੇ ਜੰਮੂ ਹੋਰਾਂ ਦੀ ਬੜੀ ਅਹਿਮ ਭੂਮਿਕਾ ਰਹੀ। ਜਦੋਂ ਇੰਡੀਅਨ ਜਰਨਲਿਸਟ ਯੂਨੀਅਨ ਦੇ ਕੁਝ ਮੈਂਬਰ ਇਹ ਗੱਲ ਕਰਦੇ ਸਨ ਕਿ ਜਦੋਂ ਕੜਕਦੀ ਠੰਢ ਆਵੇਗੀ ਤਾਂ ਕਿਸਾਨ ਆਪਣਾ ਅੰਦੋਲਨ ਛੱਡ ਕੇ ਭੱਜ ਜਾਣਗੇ। ਪਰ ਉਸ ਵੇਲੇ ਜੰਮੂ ਹੋਰਾਂ ਨੇ ਇੰਡੀਅਨ ਜਰਨਲਿਸਟ ਯੂਨੀਅਨ ਦੇ ਛਪਦੇ ਪਰਚੇ ਵਿਚ ਤਿੰਨ ਆਰਟੀਕਲ ਲਿਖੇ, ਜਿਸ ਵਿਚ ਸਪਸ਼ਟ ਕੀਤਾ ਕਿ ਉੱਤਰੀ ਭਾਰਤ ਦਾ ਕਿਸਾਨ ਕਿਸੇ ਵੀ ਮੌਸਮ ਕਰਕੇ ਅੰਦੋਲਨ ਨਹੀਂ ਛੱਡਦਾ। ਸਗੋਂ ਉਹ ਹੋਰ ਵੀ ਸਖ਼ਤੀ ਨਾਲ ਅੰਦੋਲਨ ਵਿਚ ਸ਼ਾਮਲ ਹੋਵੇਗਾ। ਇਸੇ ਤਰ੍ਹਾਂ ਹੋਇਆ, ਕਿਸਾਨ ਕੜਕਦੀ ਠੰਢ ਵਿਚ ਵੀ ਡਟੇ ਰਹੇ। -ਪੱਤਰਕਾਰਾਂ ਦੇ ਹੱਕਾਂ ਲਈ ਲੜਾਈ ਬਲਵਿੰਦਰ ਸਿੰਘ ਜੰਮੂ ਹੋਰੀਂ ਜਿਵੇਂ ਟ੍ਰਿਬਿਊਨ ਵਿਚ ਇੰਪਲਾਈਜ਼ ਦੇ ਹੱਕਾਂ ਲਈ ਲੜਾਈ ਲੜਦੇ ਰਹੇ ਉਸੇ ਤਰ੍ਹਾਂ ਪੱਤਰਕਾਰਾਂ ਦੇ ਹੱਕਾਂ ਲਈ ਵੀ ਲੜਾਈ ਜਾਰੀ ਰੱਖੀ। 2011 ਵਿਚ ਸ਼ੁਰੂ ਹੋਈ ਇੰਡੀਅਨ ਜਰਨਲਿਸਟ ਯੂਨੀਅਨ ਨਾਲ ਜੰਮੂ ਹੋਰੀਂ ਦਿਲੀ ਤੋਂ ਹੀ ਬਾ-ਵਾਸਤਾ ਹੋ ਗਏ ਸਨ। 2013 ਵਿਚ ਜੰਮੂ ਹੋਰਾਂ ਨੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਬਣਾ ਲਈ ਜੋ ਇੰਡੀਅਨ ਜਰਨਲਿਸਟ ਯੂਨੀਅਨ ਨਾਲ ਐਫੀਲੀਏਟਿਡ ਸੀ। 2014 ਵਿਚ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਕਿਸਾਨ ਭਵਨ ਵਿਚ ਕਾਨਫ਼ਰੰਸ ਕਰਵਾਈ। 2018 ਵਿਚ ਇੰਡੀਅਨ ਜਰਨਲਿਸਟ ਆਫ਼ ਯੂਨੀਅਨ ਦੀ 9ਵੀਂ ਕਾਨਫ਼ਰੰਸ ਅੰਮ੍ਰਿਤਸਰ ਵਿਚ ਕਰਵਾਈ, ਜਿਸ ਵਿਚ ਭਾਰਤ ਭਰ ਵਿਚੋਂ 300 ਤੋਂ ਵੱਧ ਜਰਨਲਿਸਟ ਡੈਲੀਗੇਟ ਸ਼ਾਮਲ ਹੋਏ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਦੀ ਕਾਨਫ਼ਰੰਸ ਜਲੰਧਰ ਤੇ ਫੇਰ ਮਈ 2022 ਵਿਚ ਮੰਡੀ ਗੋਬਿੰਦਗੜ੍ਹ ਵਿਚ ਕਰਵਾਈ। 2019 ਵਿਚ ਇੰਡੀਅਨ ਜਰਨਲਿਸਟ ਯੂਨੀਅਨ ਦੇ ਸਕੱਤਰ ਜਨਰਲ ਬਣ ਗਏ। ਮੁੜ ਫੇਰ ਜਨਰਲ ਸਕੱਤਰ ਬਣੇ। ਇਸੇ ਦੌਰਾਨ ਪ੍ਰੈੱਸ ਕਲੱਬ ਚੰਡੀਗੜ੍ਹ ਦੇ ਦੋ ਵਾਰ ਵਾਈਸ ਪ੍ਰਧਾਨ, ਦੋ ਵਾਰ ਸੀਨੀਅਰ ਵਾਈਸ ਪ੍ਰਧਾਨ ਤੇ 2015 ਵਿਚ ਪ੍ਰਧਾਨ ਬਣੇ। ਪ੍ਰੈੱਸ ਕਲੱਬ ਵਿਚ ਕਈ ਕਮੇਟੀਆਂ ਦੇ ਚੇਅਰਮੈਨ ਵੀ ਰਹੇ। ਇਸੇ ਤਰ੍ਹਾਂ ਭਾਰਤ ਭਰ ਦੀ ਪੱਤਰਕਾਰਾਂ ਦੀ ਸੰਵਿਧਾਨਕ ਜਥੇਬੰਦੀ ਪ੍ਰੈੱਸ ਕੌਂਸਲ ਆਫ਼ ਇੰਡੀਆ (ਪੀਸੀਆਈ) ਦੇ 2018 ਵਿਚ ਮੈਂਬਰ ਬਣ ਗਏ, ਜੰਮੂ ਹੋਰਾਂ ਲਈ ਇਹ ਬਹੁਤ ਵੱਡੀ ਪ੍ਰਾਪਤੀ ਆਖੀ ਜਾ ਸਕਦੀ ਹੈ ਕਿਉਂਕਿ ਵਰਕਿੰਗ ਪੰਜਾਬੀ ਪੱਤਰਕਾਰ ਨੂੰ ਸ਼ਾਇਦ ਪਹਿਲੀ ਵਾਰ ਪ੍ਰੈੱਸ ਕੌਂਸਲ ਆਫ਼ ਇੰਡੀਆ ਦਾ ਮੈਂਬਰ ਬਣਨ ਦਾ ਮਾਣ ਹਾਸਲ ਹੋਇਆ ਸੀ। -ਪੱਤਰਕਾਰਾਂ ਦੇ ਮਸਲੇ ਹੱਲ ਕਰਾਉਣ ਲਈ ਰਹੇ ਤਤਪਰ- ਪੱਤਰਕਾਰਾਂ ਦੇ ਮਸਲੇ ਹੱਲ ਕਰਾਉਣ ਬਾਰੇ ਲੰਬੀਆਂ ਕਹਾਣੀਆਂ ਸੁਣਾਈਆਂ ਜੰਮੂ ਹੋਰਾਂ ਨੇ। ਕੁਝ ਕੁ ਸਾਂਝੀਆਂ ਕਰ ਰਿਹਾ ਹਾਂ। ਜਿਵੇਂ ਕਿ ਬਿਜਲੀ ਸਮਝੌਤੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਐਮਐਲਏ ਹੋਸਟਲ ਵਿਚ ਇਕੱਠ ਕੀਤਾ। ਉਸ ਵੇਲੇ ‘ਆਪ’ ਆਗੂਆਂ ਨੂੰ ਤਿੱਤਰ-ਬਿਤਰ ਕਰਨ ਲਈ ਕੜਕਦੀ ਠੰਢ ਵਿਚ ਪਾਣੀ ਦੀਆਂ ਬੁਛਾੜ ਚੰਡੀਗੜ੍ਹ ਪੁਲੀਸ ਨੇ ਬੜੇ ਕਹਿਰ ਭਰੇ ਤਰੀਕੇ ਨਾਲ ਚਲਾਈਆਂ। ਇਸ ਵੇਲੇ ਦੋ ਪੱਤਰਕਾਰਾਂ ਤੇ ਵੀ ਪਾਣੀ ਦੀਆਂ ਬੁਛਾੜਾਂ ਲੱਗੀਆਂ। ਪੱਤਰਕਾਰਾਂ ਦੇ ਸੱਟਾਂ ਵੀ ਲੱਗੀਆਂ। ਇਸ ਮੁੱਦੇ ਨੂੰ ਜੰਮੂ ਹੋਰਾਂ ਨੇ ਜਥੇਬੰਦਕ ਤੌਰ ਤੇ ਨਿੱਜੀ ਤੌਰ ਤੇ ਚੰਡੀਗੜ੍ਹ ਪ੍ਰਸ਼ਾਸਨ ਅੱਗੇ ਚੁੱਕਿਆ। ਆਖ਼ਿਰ ਚੰਡੀਗੜ੍ਹ ਪ੍ਰਸ਼ਾਸਨ ਨੇ ਜੰਮੂ ਵੱਲੋਂ ਉਠਾਏ ਮੁੱਦੇ ਤੇ ਝੁਕਦਿਆਂ ਦੋਵਾਂ ਪੱਤਰਕਾਰਾਂ ਨੂੰ 20 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ। 2018 ਵਿਚ ਪੱਤਰਕਾਰਾਂ ਨਾਲ ਤਲਖ਼ੀ ਦਿਖਾਉਂਦਿਆਂ ਤਤਕਾਲੀ ਡੀਜੀਪੀ ਸੁਰੇਸ਼ ਅਰੋੜਾ ਨੇ ਪੁਲੀਸ ਹੈੱਡ ਕੁਆਰਟਰ ਵਿਚ ਪੱਤਰਕਾਰਾਂ ਦੀ ਐਂਟਰੀ ਬੰਦ ਕਰ ਦਿੱਤੀ, ਹੁਕਮ ਇਹ ਸੀ ਕਿ ਜੇਕਰ ਕੋਈ ਪੱਤਰਕਾਰ ਪੁਲੀਸ ਹੈੱਡ ਕੁਆਰਟਰ ਵਿਚ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਪਾਸ ਬਣਾਉਣਾ ਪਵੇਗਾ ਤੇ ਨਾਲ ਦੱਸਣਾ ਹੋਵੇਗਾ ਕਿ ਕਿਸ ਨੂੰ ਮਿਲਣਾ ਹੈ। ਇਸ ਮਾਮਲੇ ਬਾਰੇ ਬਲਵਿੰਦਰ ਸਿੰਘ ਜੰਮੂ ਨੇ ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਨੂੰ ਚਿੱਠੀ ਲਿਖੀ ਤਾਂ ਡੀਜੀਪੀ ਨੇ ਆਪਣੀ ਗ਼ਲਤੀ ਸੁਧਾਰਦਿਆਂ ਸ਼ਾਮ ਨੂੰ ਹੀ ਆਪਣੇ ਹੁਕਮ ਵਾਪਸ ਲੈ ਲਏ। ਸਟੇਟ ਇਲੈੱਕਸ਼ਨ ਕਮਿਸ਼ਨ ਦੇ ਦਫ਼ਤਰ ਵਿਚ ਪੰਚਾਇਤੀ ਚੋਣਾਂ ਦਾ ਕੰਮ ਚੱਲ ਰਿਹਾ ਸੀ। ਇਹ ਬੀਟ ਦਵਿੰਦਰ ਪਾਲ ਕੋਲ ਸੀ, ਪਰ ਉਸ ਦਿਨ ਦਵਿੰਦਰ ਪਾਲ ਛੁੱਟੀ ਦੇ ਹੋਣ ਕਰਕੇ ਬਲਵਿੰਦਰ ਸਿੰਘ ਜੰਮੂ ਹੋਰਾਂ ਨੇ ਕਵਰ ਕਰਨੀ ਸੀ। ਇੱਥੇ ਵੀ ਪੱਤਰਕਾਰਾਂ ਦੀ ਐਂਟਰੀ ਬੰਦ ਕਰ ਦਿੱਤੀ। ਜੰਮੂ ਹੋਰਾਂ ਦੀ ਅਗਵਾਈ ਵਿਚ ਪੱਤਰਕਾਰਾਂ ਨੇ ਨਾਅਰੇਬਾਜ਼ੀ ਕੀਤੀ ਤਾਂ ਇਲੈੱਕਸ਼ਨ ਕਮਿਸ਼ਨ ਪੱਤਰਕਾਰਾਂ ਅੱਗੇ ਝੁਕ ਗਿਆ ਤਾਂ ਉਸ ਨੇ ਵੀ ਆਪਣੀ ਗ਼ਲਤੀ ਸੁਧਾਰ ਲਈ। ਇਸੇ ਤਰ੍ਹਾਂ ਹੋਰ ਕਈ ਮਸਲੇ ਚੁੱਕੇ ਤੇ ਹਲ਼ ਕਰਵਾਏ। ਮੋਹਾਲੀ ਵਿਚ ਇਕ ਪੱਤਰਕਾਰ ਨੂੰ ਕੁੱਟਿਆ ਸੀ ਉਹ ਮੁੱਦਾ ਵੀ ਪ੍ਰੈੱਸ ਕੌਂਸਲ ਆਫ਼ ਇੰਡੀਆ ਕੋਲ ਚੁੱਕਿਆ। ਜਦੋਂ ਜੰਮੂ ਕਸ਼ਮੀਰ ਵਿਚ ਧਾਰਾ 370 ਤੇ 35 ਏ ਮਨਸੂਖ਼ ਕੀਤੀਆਂ ਗਈਆਂ ਤਾਂ ਉਸ ਵੇਲੇ ਜੰਮੂ ਕਸ਼ਮੀਰ ਦੇ ਪੱਤਰਕਾਰਾਂ ਲਈ ਤਾਂ ਕਰੋਨਾ ਬਿਮਾਰੀ ਹੀ ਆ ਗਈ ਸੀ। ਅਨੰਤਨਾਗ ਦੇ 42 ਦੇ ਕਰੀਬ ਪੱਤਰਕਾਰ ਬੇਰੁਜ਼ਗਾਰ ਹੋ ਗਏ ਸਨ। ਜੰਮੂ ਕਸ਼ਮੀਰ ਦੇ ਬਹੁਤ ਸਾਰੇ ਪੱਤਰਕਾਰ ਘਰ ਬੈਠ ਗਏ ਸਨ। ਉਸ ਸਬੰਧੀ ਖੋਜ ਰਿਪੋਰਟ ਵੀ ਬਲਵਿੰਦਰ ਸਿੰਘ ਜੰਮੂ ਨੇ ਪ੍ਰੈੱਸ ਕੌਂਸਲ ਆਫ਼ ਇੰਡੀਆ ਕੋਲ ਭੇਜੀ। ਉਤਰ ਪ੍ਰਦੇਸ਼ ਵਿਚ ਇਕ ਪੱਤਰਕਾਰ ਨੇ ਮਿਡ ਡੇ ਮੀਲ ਤਹਿਤ ਬੱਚਿਆਂ ਨੂੰ ਦਾਲ-ਸਬਜ਼ੀ ਦੀ ਥਾਂ ਨਮਕ ਨਾਲ ਰੋਟੀ ਖਲ਼ਾਉਣ ਦੀ ਵੀਡੀਓ ਨਸ਼ਰ ਕੀਤੀ ਸੀ, ਜਿਸ ਕਰਕੇ ਪੱਤਰਕਾਰ ਦੇ ਖ਼ਿਲਾਫ਼ ਹੀ ਸਰਕਾਰ ਨੇ ਐਕਸ਼ਨ ਲਿਆ ਸੀ। ਇਹ ਮੁੱਦਾ ਵੀ ਪ੍ਰੈੱਸ ਕੌਂਸਲ ਆਫ਼ ਇੰਡੀਆ ਕੋਲ ਚੁੱਕਿਆ। ਕਰੋਨਾ ਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ‘ਪੱਤਰਕਾਰ ਵੀ ਕਰੋਨਾ ਨਾਲ ਲੜਨ ਵਾਲੇ ਫ਼ਰੰਟ ਲਾਈਨ ਵਰਕਰ ਹਨ’ ਪਰ ਪੱਤਰਕਾਰਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ। ਇਸ ਮੁੱਦੇ ਤੇ ਦੋ ਅਕਤੂਬਰ ਨੂੰ ਦੋ ਸਾਲ ਸੰਘਰਸ਼ ਕਰਦੇ ਰਹੇ, ਆਖ਼ਿਰ ਕਰੋਨਾ ਵਿਚ ਡਿਊਟੀ ਕਰਦੇ ਆਪਣੀਆਂ ਜਾਨਾਂ ਗਵਾ ਚੁੱਕੇ ਪੱਤਰਕਾਰਾਂ ਦੇ ਵਾਰਸਾਂ ਨੂੰ ਮੁਆਵਜ਼ਾ ਦਿੱਤਾ ਜਾਣ ਲੱਗ ਪਿਆ। ਮੋਦੀ ਦੀ ਕੇਂਦਰ ਸਰਕਾਰ ਨੇ ਪੱਤਰਕਾਰਾਂ ਨਾਲ ਸਬੰਧਿਤ ‘ਵਰਕਿੰਗ ਜਰਨਲਿਸਟ ਐਕਟ’ ਹੀ ਖ਼ਤਮ ਕਰ ਦਿੱਤਾ ਜਿਸ ਕਰਕੇ ਪੱਤਰਕਾਰਾਂ ਦਾ ਵੇਜ ਬੋਰਡ ਵੀ ਖ਼ਤਮ ਹੋ ਗਿਆ। ਇਹ ਮੁੱਦਾ ਵੱਡੇ ਪੱਧਰ ਤੇ ਚੁੱਕਿਆ ਗਿਆ। ਇਸ ਸਬੰਧ ਵਿਚ ਲੇਬਰ ਮੰਤਰੀ ਭੁਪਿੰਦਰ ਯਾਦਵ ਨੂੰ ਮਿਲੇ। ਉਸ ਤੋਂ ਬਾਅਦ ਪੱਤਰਕਾਰਾਂ ਦੇ ਵਾਰਸਾਂ ਨੂੰ ਕੌਮੀ ਪੱਧਰ ਤੇ ਮੌਤ ਉਪਰੰਤ 5 ਲੱਖ ਰੁਪਏ ਮਿਲਣੇ ਸ਼ੁਰੂ ਹੋਏ, ਜੇਕਰ ਸੱਟ ਵੀ ਕਿਸੇ ਪੱਤਰਕਾਰ ਨੂੰ ਲੱਗ ਜਾਵੇ ਤਾਂ ਵੀ ਪੱਤਰਕਾਰ ਨੂੰ ਮੁਆਵਜ਼ਾ ਦੇਣਾ ਸ਼ੁਰੂ ਹੋਇਆ। ਪੰਜਾਬ ਸਰਕਾਰ ਸਿਰਫ਼ ਐਕਰੀਡੇਟਡ ਪੱਤਰਕਾਰਾਂ ਲਈ ਹੀ ਸਿਹਤ ਬੀਮਾ ਯੋਜਨਾ ਲਾਗੂ ਕਰਨਾ ਚਾਹੁੰਦੀ ਸੀ ਪਰ ਜੰਮੂ ਹੋਰਾਂ ਅਨੁਸਾਰ ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਦਬਾਅ ਪਾਇਆ ਤਾਂ ਜਿੰਨੇ ਵੀ ਪੀਲੇ ਕਾਰਡ ਦੇ ਪੱਤਰਕਾਰ ਹਨ ਸਭ ਦਾ ਸਿਹਤ ਬੀਮਾ ਯੋਜਨਾ ਵਿਚ ਨਾਮ ਪਾਇਆ ਗਿਆ। ਇਸੇ ਤਰ੍ਹਾਂ ਬੱਸ ਪਾਸ ਦੀ ਸਹੂਲਤ ਲਾਗੂ ਕਰਵਾਈ। ਐਕਰੀਡੇਟਡ ਪੱਤਰਕਾਰਾਂ ਲਈ ਪੈਨਸ਼ਨ ਯੋਜਨਾ ਲਾਗੂ ਕਰਵਾਈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਘਟਨਾਵਾਂ ਹਨ ਜਿਨ੍ਹਾਂ ਦਾ ਇੱਥੇ ਜ਼ਿਕਰ ਕਰਨਾ ਬਹੁਤ ਜ਼ਿਆਦਾ ਹੋ ਜਾਵੇਗਾ। -ਕੋਈ ਧਮਕੀਆਂ ਜਾਂ ਫਿਰ ਕੋਰਟ ਕੇਸ- ਬਲਵਿੰਦਰ ਸਿੰਘ ਜੰਮੂ ਕਹਿੰਦੇ ਹਨ ਕਿ ਧਮਕੀਆਂ ਤਾਂ ਬਹੁਤ ਆਈਆਂ, ਜਿਨ੍ਹਾਂ ਦਾ ਜ਼ਿਕਰ ਕਰਨਾ ਇੱਥੇ ਹੁਣ ਜ਼ਿਆਦਾ ਹੋਵੇਗਾ ਪਰ ਇਕ ਧਮਕੀ ਮੇਰੇ ਸੰਪਾਦਕ ਹਰਭਜਨ ਹਲਵਾਰਵੀ ਤੱਕ ਵੀ ਪੁੱਜ ਗਈ ਸੀ। ਜਦੋਂ ਰਵੀ ਸਿੱਧੂ ਦਾ ਮਾਮਲਾ ਕਾਫ਼ੀ ਚਰਚਾ ਵਿਚ ਸੀ ਤਾਂ ਉਸ ਵੇਲੇ ਇਕ ਉਮੀਦਵਾਰਾਂ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਨੰਬਰ ਦੇਣ ਦੀ ਖ਼ਬਰ ਉਨ੍ਹਾਂ ਛਾਪੀ ਸੀ, ਉਸ ਬਾਰੇ ਕਾਫ਼ੀ ਧਮਕੀਆਂ ਆਈਆਂ ਜੋ ਸ. ਹਲਵਾਰਵੀ ਤੱਕ ਵੀ ਪੁੱਜੀਆਂ ਸਨ। ਇਸ ਤੋਂ ਇਲਾਵਾ ਕੋਰਟ ਕੇਸ ਜਾਂ ਫੇਰ ਕਾਨੂੰਨੀ ਨੋਟਿਸ ਕੋਈ ਨਹੀਂ ਆਇਆ। -ਤਿਹਾੜ ਜੇਲ੍ਹ ਦਾ ਸਫ਼ਰ ਬਲਵਿੰਦਰ ਸਿੰਘ ਜੰਮੂ ਜਦੋਂ ਮਸਾਂ 21-22 ਸਾਲ ਦੇ ਹੀ ਹੋਣਗੇ ਤਾਂ 1981-82 ਵਿਚ ਉਹ ਪਾਰਲੀਮੈਂਟ ਅੱਗੇ ‘ਕੰਮ ਜਾਂ ਜੇਲ੍ਹ’ ਪ੍ਰਦਰਸ਼ਨ ਵਿਚ ਦਿਲੀ ਗਏ ਸਨ। ‘ਜੌਬ ਦਿਓ ਜਾਂ ਜੇਲ੍ਹ ਦਿਓ’ ਦੇ ਨਾਅਰੇ ਪਾਰਲੀਮੈਂਟ ਅੱਗੇ ਲੱਗ ਰਹੇ ਸਨ, ਸਰਕਾਰ ਨੌਕਰੀ ਦੇਣ ਵਿਚ ਅਸਮਰਥ ਸੀ ਤਾਂ ਕਰੀਬ 700 ਬੰਦਾ ਸਰਕਾਰ ਨੇ ਤਿਹਾੜ ਜੇਲ੍ਹ ਵਿਚ ਸੁੱਟ ਦਿੱਤਾ। ਉੱਥੇ ਕਰੀਬ ਪੰਜ ਦਿਨ ਰਹੇ, ਜਿੱਥੇ ਕਿ ਬੜੇ ਸਖ਼ਤ ਜੁਰਮ ਕਰਨ ਵਾਲੇ ਕੈਦੀਆਂ ਨਾਲ ਵੀ ਵਾਸਤਾ ਪਿਆ। ਘਰ ਦੇ ਬੜੇ ਪ੍ਰੇਸ਼ਾਨ ਸਨ ਕਿ ਮੁੰਡਾ ਨੌਕਰੀ ਲੈਣ ਗਿਆ ਸੀ ਪਰ ਜੇਲ੍ਹ ਵਿਚ ਹੀ ਚਲਾ ਗਿਆ। -ਕੌਮਾਂਤਰੀ ਪੱਧਰ ਤੇ ਪੱਤਰਕਾਰਾਂ ਨਾਲ ਰਾਬਤਾ- ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ 2002 ਵਿਚ ਬਣ ਗਏ ਸਨ। ਉਸ ਵੇਲੇ ਦਿਲੀ ਦੇ ਸਰਨਾ ਭਰਾਵਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਨਕਾਣਾ ਸਾਹਿਬ ਪਾਲਕੀ ਸਾਹਿਬ ਲੈ ਕੇ ਗਏ ਸਨ, ਉਸ ਵੇਲੇ ਜੰਮੂ ਹੋਰੀਂ ਵੀ ਨਾਲ ਗਏ ਸਨ। ਆਪਣੇ ਬਜ਼ੁਰਗਾਂ ਦਾ ਅੰਮ੍ਰਿਤਸਰ ਵਿਚ ਪਿੰਡ ਡਿਪਟੀ ਵਾਲਾ ਦੇਖਣ ਦਾ ਮੌਕਾ ਵੀ ਜੰਮੂ ਹੋਰਾਂ ਨੂੰ ਮਿਲਿਆ। ਜਿਸ ਘਰ ਵਿਚ ਜੰਮੂ ਹੋਰਾਂ ਦੇ ਬਜ਼ੁਰਗ ਰਹਿੰਦੇ ਸਨ ਉਸ ਘਰ ਵਿਚ ਇਕ ਪੁਰਾਣਾ ਬਜ਼ੁਰਗ ਵੀ ਰਹਿੰਦਾ ਸੀ, ਉਸ ਨੇ 47 ਦੇ ਕਹਿਰ ਭਰੇ ਵੇਲੇ ਦੀ ਕਹਾਣੀ ਵੀ ਸਾਂਝੀ ਕੀਤੀ। ਪਾਕਿਸਤਾਨ ਵਿਚ ਜਾਣ ਸਮੇਂ ਲਾਹੌਰ ਪ੍ਰੈੱਸ ਕਲੱਬ ਦੇ ਪੱਤਰਕਾਰਾਂ ਨਾਲ ਪੰਜਾਬ ਦੇ ਪੱਤਰਕਾਰਾਂ ਦਾ ਰਾਬਤਾ ਬਣਿਆ। ਪ੍ਰੈੱਸ ਕਲੱਬ ਚੰਡੀਗੜ੍ਹ ਦੇ ਪ੍ਰਧਾਨ ਸਰਬਜੀਤ ਪੰਧੇਰ ਸਨ। ਉਸ ਵੇਲੇ ਦੋਵਾਂ ਪ੍ਰੈੱਸ ਕਲੱਬਾਂ ਵਿਚ ਇਕ ਸਮਝੌਤਾ ਹੋਇਆ ਕਿ ਪ੍ਰੈੱਸ ਕਲੱਬ ਚੰਡੀਗੜ੍ਹ ਦੇ ਸਾਰੇ ਮੈਂਬਰ ਲਾਹੌਰ ਪ੍ਰੈੱਸ ਕਲੱਬ ਦੇ ਆਨਰੇਰੀ ਮੈਂਬਰ ਹੋਣਗੇ ਤੇ ਲਾਹੌਰ ਪ੍ਰੈੱਸ ਕਲੱਬ ਤੇ ਸਾਰੇ ਮੈਂਬਰ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਆਨਰੇਰੀ ਮੈਂਬਰ ਹੋਣਗੇ। ਉਸ ਤੋਂ ਬਾਅਦ ‘ਪੰਜ ਦਰਿਆ ਮੀਡੀਆ ਕਾਨਫ਼ਰੰਸ’ ਹੁੰਦੀ ਰਹੀ, ਜਿਸ ਵਿਚ ਪਾਕਿਸਤਾਨੀ ਪੰਜਾਬ ਦੇ ਭਾਰਤੀ ਪੰਜਾਬ ਦੇ ਪੱਤਰਕਾਰ ਸ਼ਮੂਲੀਅਤ ਕਰਦੇ ਰਹੇ। -ਬਲਵਿੰਦਰ ਸਿੰਘ ਜੰਮੂ ਦੇ ਸੰਪਾਦਕ ਜੰਮੂ ਨੇ ਨਵਾਂ ਜ਼ਮਾਨਾ ਤੋਂ ਕੰਮ ਸ਼ੁਰੂ ਕਰਕੇ ਪੰਜਾਬੀ ਟ੍ਰਿਬਿਊਨ ਤੱਕ ਪੱਤਰਕਾਰੀ ਕੀਤੀ। ਨਵਾਂ ਜ਼ਮਾਨਾ ਦੇ ਮੁੱਖ ਸੰਪਾਦਕ ਜਗਜੀਤ ਸਿੰਘ ਅਨੰਦ ਹੁੰਦੇ ਸਨ। ਜੰਮੂ ਹੋਰਾਂ ਦੇ ਜੁਆਇਨ ਕਰਨ ਤੋਂ ਕੁਝ ਦਿਨ ਪਹਿਲਾਂ ਨਵਾਂ ਜ਼ਮਾਨਾ ਵਿਚ ਜਤਿੰਦਰ ਪੰਨੂ ਹੋਰੀਂ ਵੀ ਆ ਗਏ ਸਨ। ਉਸ ਤੋਂ ਬਾਅਦ ਚੜ੍ਹਦੀਕਲਾ ਦੇ ਮੁੱਖ ਸੰਪਾਦਕ ਜਗਜੀਤ ਸਿੰਘ ਦਰਦੀ ਨਾਲ ਵੀ ਕੰਮ ਕੀਤਾ। ਉਸ ਤੋਂ ਬਾਅਦ ਪੰਜਾਬੀ ‌ਟ੍ਰਿਬਿਊਨ ਵਿਚ ਹਰਭਜਨ ਹਲਵਾਰਵੀ, ਸਿਗਾਰਾਂ ਸਿੰਘ ਭੁੱਲਰ, ਗੁਰਬਚਨ ਸਿੰਘ ਭੁੱਲਰ, ਸਿੱਧੂ ਦਮਦਮੀ, ਵਰਿੰਦਰ ਵਾਲੀਆ, ਸੁਰਿੰਦਰ ਤੇਜ਼, ਡਾ. ਸਵਰਾਜ ਵੀਰ ਨਾਲ ਵੀ ਕੰਮ ਕੀਤਾ। -ਬਲਵਿੰਦਰ ਸਿੰਘ ਜੰਮੂ ਦਾ ਪਰਿਵਾਰ ਜੰਮੂ ਹੋਰੀਂ ਅੱਜ ਕੱਲ੍ਹ ਚੰਡੀਗੜ੍ਹ ਵਿਚ ਹੀ ਰਹਿੰਦੇ ਹਨ, ਤੰਦਰੁਸਤ ਹਨ, ਇਨ੍ਹਾਂ ਦਾ ਬੇਟਾ ਗਗਨਦੀਪ ਜੰਮੂ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਐਡਵੋਕੇਟ ਹੈ ਤੇ ਧਰਮ ਪਤਨੀ ਵੀਨਾ ਜੰਮੂ ਇਕ ਸੀਨੀਅਰ ਸੈਕੰਡਰੀ ਸਕੂਲ ਵਿਚ ਸੀਨੀਅਰ ਲੈਕਚਰਾਰ ਹੈ। -ਪੱਤਰਕਾਰਾਂ ਲਈ ਸੰਦੇਸ਼ ਬਲਵਿੰਦਰ ਸਿੰਘ ਜੰਮੂ ਆਪਣੇ ਜ਼ਿੰਦਗੀ ਦੇ ਤਜਰਬੇ ਵਿਚੋਂ ਕਹਿੰਦੇ ਹਨ ਕਿ ਕੋਈ ਵੀ ਪੱਤਰਕਾਰ ਕਾਹਲੀ ਵਿਚ ਕੰਮ ਨਾ ਕਰੇ, ਹਰ ਇਕ ਖ਼ਬਰ ਨੂੰ ਬੜੇ ਹੀ ਸਹਿਜ ਨਾਲ ਤਿਆਰ ਕਰੇ, ਹਰ ਪੱਖ ਖ਼ਬਰ ਵਿਚ ਨਜ਼ਰ ਆਵੇ, ਕਿਸੇ ਦੀ ਧਿਰ ਨਾ ਬਣੇ।‌ ਇਮਾਨਦਾਰੀ ਪੱਤਰਕਾਰ ਲਈ ਆਕਸੀਜਨ ਦਾ ਕੰਮ ਕਰਦੀ ਹੈ, ਜੇਕਰ ਇਮਾਨਦਾਰ ਨਹੀਂ ਤਾਂ ਪੱਤਰਕਾਰ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਜਾਵੇਗੀ। ਅੱਜ ਕੱਲ੍ਹ ਭਾਰਤ ਵਿਚ ‘ਗੋਦੀ ਮੀਡੀਆ’ ਦੀ ਬੜਾ ਚਰਚਾ ਹੈ ਜਿਸ ਨਾਮ ਨਾਲ ਬਹੁਤ ਸਾਰੀ ਪੱਤਰਕਾਰੀ ਬਦਨਾਮੀ ਦੇ ਦਾਗ ਕਾਰਨ ਕਲੰਕਿਤ ਹੈ। ਕੋਈ ਵੀ ਪੱਤਰਕਾਰ ਅਜਿਹੇ ਟੈਗ ਆਪਣੇ ਉਪਰ ਨਾ ਲੱਗਣ ਦੇਵੇ। ਉਹ ਗੱਲ ਵੱਖ ਹੈ ਕਿ ਪੱਤਰਕਾਰ ਨੂੰ ਮੀਡੀਆ ਅਦਾਰੇ ਦੇ ਮਾਲਕਾਂ ਜਾਂ ਫਿਰ ਸੰਪਾਦਕਾਂ ਮੁੱਖ ਸੰਪਾਦਕਾਂ ਅਨੁਸਾਰ ਹੀ ਚੱਲਣਾ ਪੈਂਦਾ ਹੈ। ਪਰ ਫੇਰ ਵੀ ਲੋਕ ਹਿਤ ਵਿਚ ਕੰਮ ਕਰਨਾ ਨਾ ਛੱਡਿਆ ਜਾਵੇ। ਸਥਾਪਤੀ ਦੇ ਪੱਖ ਵਿਚ ਖੜਨ ਵਾਲੇ ਪੱਤਰਕਾਰ ਅੱਜ ਕੱਲ੍ਹ ਬਹੁਤ ਵੱਡੀ ਗਿਣਤੀ ਵਿਚ ਫਿਰਦੇ ਮਿਲਦੇ ਹਨ। ਇਕ ਆਦਰਸ਼ਵਾਦੀ ਪੱਤਰਕਾਰ ਉਹ ਹੀ ਕਿਹਾ ਜਾਵੇਗਾ ਜੋ ਲੋਕ ਅਵਾਜ਼ ਬਣਦਾ ਹੈ। ਜੰਮੂ ਹੋਰੀਂ ਕਹਿੰਦੇ ਹਨ ਕਿ ਸਾਡੀ ਜਥੇਬੰਦੀ ਬਲੈਕਮੇਲਿੰਗ ਕਰਦੇ ਪੱਤਰਕਾਰਾਂ ਨੂੰ ਆਪਣੀ ਮੈਂਬਰਸ਼ਿਪ ਵਿਚ ਥਾਂ ਨਹੀਂ ਦਿੰਦੀ। ਅੱਜ ਕੱਲ੍ਹ ਵੀ ਬਲਵਿੰਦਰ ਸਿੰਘ ਜੰਮੂ ਹੋਰੀਂ ਪੱਤਰਕਾਰੀ ਕਰ ਰਹੇ ਹਨ, ਉਹ ਅੱਜ ਕੱਲ੍ਹ ‘ਨਵਾਂ ਪੰਜਾਬ’ ਯੂ ਟਿਊਬ, ਫੇਸਬੁੱਕ ਤੇ ਵੈੱਬਸਾਈਟ ਦੇ ਸੰਪਾਦਕ ਹਨ। ਅੱਜ ਵੀ ਉਹ ਕਰੰਟ ਮੁੱਦਿਆਂ ਤੇ ਪੂਰੀ ਸਮਝ ਰੱਖਦੇ ਹੋਏ ਆਪਣੇ ਵਿਚਾਰ ਪੇਸ਼ ਕਰਦੇ ਹਨ। ਕਲਮ ਚਲਦੀ ਰਹਿਣੀ ਚਾਹੀਦੀ ਹੈ ਤੇ ਅਵਾਜ਼ ਬੁਲੰਦ ਹੀ ਹੋਣੀ ਚਾਹੀਦੀ ਹੈ। 30 ਅਪਰੈਲ 2020 ਨੂੰ ਪੰਜਾਬੀ ਟ੍ਰਿਬਿਊਨ ਵਿਚੋਂ ‌‌ਬਤੌਰ ਪ੍ਰਿੰਸੀਪਾਲ ਕੋਰਸਪੌਂਡੈਂਟ ਸੇਵਾ ਮੁਕਤ ਹੋਏ, ਸੋ ਬਲਵਿੰਦਰ ਸਿੰਘ ਜੰਮੂ ਹੋਰਾਂ ਦੀ ਪੱਤਰਕਾਰ ਦੀ ਜ਼ਿੰਦਗੀ ਵਿਚ ਬਹੁਤ ਕੁਝ ਬਾਕੀ ਹੈ, ਇਕ ਕਿਤਾਬ ਮੁਕੰਮਲ ਹੋ ਸਕਦੀ ਹੈ ਪਰ ਅੱਜ ਲਈ ਏਨਾ ਹੀ ਸਵੀਕਾਰ ਕਰਨਾ, ਮੈਂ ਅਜਿਹੇ ਪੱਤਰਕਾਰ ਦੀ ਤੰਦਰੁਸਤੀ ਭਰੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ... ਆਮੀਨ!! ਗੁਰਨਾਮ ਸਿੰਘ ਅਕੀਦਾ 8146001100

No comments:

Post a Comment

ਆਦਰਸ਼ਵਾਦੀ ਸ਼ਾਨਦਾਰ ਪੱਤਰਕਾਰਾਂ ਦੀ ਮਿੱਟੀ ਹੈ ਰਿਆਸਤੀ ਸ਼ਹਿਰ ਪਟਿਆਲਾ ਦੀ

ਪੱਤਰਕਾਰੀ ਦਾ ਇਤਿਹਾਸ ਭਾਗ-3 ਲੇਖਕ : ਗੁਰਨਾਮ ਸਿੰਘ ਅਕੀਦਾ ਸੰਪਰਕ :8146001100 ਪੱਤਰਕਾਰੀ ਮਿਸ਼ਨ ਹੁੰਦਾ ਸੀ, ਪਰ ਬਿਜ਼ਨੈੱਸ ਕਿਵੇਂ ਤੇ ਕਦੋਂ ਬਣ ਗਿਆ ਇਹ ਪੱਤਰਕਾਰਾਂ...